ਖਾਈ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ‘ਖਾਈ’ ਮੋਗਾ – ਬਠਿੰਡਾ ਸੜਕ ‘ਤੇ ਸਥਿਤ ਹੈ ਅਤੇ ਨਿਹਾਲ ਸਿੰਘ ਵਾਲਾ ਤੋਂ 17 ਕਿਲੋਮੀਟਰ ਅਤੇ ਮੋਗਾ ਤੋਂ 41 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਪੁਰਾਣਾ ਨਾਂ ‘ਕਰਮ ਸਿੰਘ ਵਾਲਾ ਕੋਟਲਾ’ ਸੀ ਜੋ ਮੀਏ ਕਰਮੇ ਨੇ ਬੱਧਾ ਸੀ। ਮੀਏ ਦਾ ਪੁਰਾਣਾ ਨਾਂ ਕਮਨੇ ਦੇ ਦੋ ਪੁੱਤਰਾਂ ਰਾਈਆ ਤੇ ਰਜਾਦਾ ਨੇ ਇਸ ਪਿੰਡ ਤੇ ਆ ਕੇ ਕਬਜ਼ਾ ਕਰ ਲਿਆ। ਉਨ੍ਹਾਂ ਦਿਨਾਂ ਵਿੱਚ ਮਾਰਾਂ ਧਾੜਾਂ ਆਮ ਹੋਣ ਕਰਕੇ ਰਾਤ ਸਮੇਂ ਹਮਲਾਵਰਾਂ ਤੋਂ ਬਚਣ ਲਈ ਉਹਨਾਂ ਨੇ ਪਿੰਡ ਦੇ ਆਲੇ ਦੁਆਲੇ ਡੂੰਘੀ ਖਾਈ ਪੁੱਟ ਕੇ ਪਾਣੀ ਭਰ ਲਿਆ। ਇਸ ਖਾਈ ਕਰਕੇ ਪਿੰਡ ਦਾ ਨਾਂ ਹੌਲੀ ਹੌਲੀ ‘ਖਾਈ’ ਪੱਕ ਗਿਆ।
ਇਸ ਪਿੰਡ ਵਿੱਚ ਰਾਈਆ ਤੇ ਰਜਾਦਾ ਪੱਤੀਆਂ ਸਿੱਧੂ ਬਰਾੜਾਂ ਦੀਆਂ ਹਨ ਤੇ ਤੀਜੀ ਪੱਤੀ ਕਾਂਗੜ ਤੋਂ ਆਏ ਧਾਲੀਵਾਲ ਦੀ ਹੈ। ਪਿੰਡ ਵਿੱਚ ਹਰ ਇੱਕ ਕੋਲ ਜ਼ਮੀਨ ਦੀ ਮਾਲਕੀ ਹੈ। ਪਿੰਡ ਵਿੱਚ ਚਾਰ ਧਰਮਸ਼ਾਲਾਂ, ਇੱਕ ਗੁਰਦੁਆਰਾ ਤੇ ਦੋ ਪ੍ਰਸਿੱਧ ਡੇਰੇ ਹਨ, ਜਿਨ੍ਹਾਂ ਵਿਚੋਂ ਇੱਕ ਸੰਨਿਆਸੀ ਰੋਟੀ ਰਾਮ ਦਾ ਡੇਰਾ ਹੈ ਤੇ ਦੂਸਰਾ ਡੇਰਾ ਉਦਾਸੀ 108 ਬਾਬਾ ਦਿਆਲ ਦਾਸ ਦਾ ਹੈ। ਪਿੰਡ ਵਿੱਚ ਬਾਬਾ ਦਿਆਲ ਦਾਸ, ਬਾਬਾ ਸੁੰਦਰ ਦਾਸ ਤੇ ਬਾਬਾ ਹੀਰਾ ਨੰਦ ਜੀ ਦੀਆਂ ਸਮਾਧਾਂ ਹਨ ਤੇ ਲੋਕੀ ਸ਼ਰਧਾ ਪੂਰਵਕ ਸੁਖਾਂ ਸੁੱਖਦੇ ਹਨ। ਇੱਕ ਹੋਰ ਸਮਾਧ ਸ਼ਹੀਦ ਤਾਰਾ ਸਿੰਘ ਦੀ ਹੈ, ਇਹ ਮਹਾਰਾਜਾ ਪਟਿਆਲਾ ਦੀ ਫੌਜ ਦਾ ਵਧੀਆ ਨਿਸ਼ਾਨਚੀ ਸੀ, ਇੱਕ ਜੰਗ ਵਿੱਚ ਸ਼ਹੀਦ ਹੋਣ ਉਪਰੰਤ ਉਸਦੀ ਸਮਾਧ ਇਸ ਪਿੰਡ ਵਿੱਚ ਹੈ ਅਤੇ ਲੋਕੀ ਇੱਥੇ ਵੀ ਸੁੱਖਣਾ ਸੁਖਦੇ ਹਨ।
ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀਨੇ ਜਾਂਦਿਆਂ ਇਸ ਪਿੰਡ ਵਿੱਚ ਠਹਿਰੇ ਸਨ ਪਰ ਉਹਨਾਂ ਦੀ ਕੋਈ ਯਾਦਗਾਰ ਇਸ ਪਿੰਡ ਵਿੱਚ ਨਹੀਂ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ