ਖਿਜ਼ਰਾਬਾਦ
ਸਥਿਤੀ :
ਤਹਿਸੀਲ ਖਰੜ ਦਾ ਪਿੰਡ ਖਿਜ਼ਰਾਬਾਦ, ਕੁਰਾਲੀ – ਖਿਜ਼ਰਾਬਾਦ ਸੜਕ ‘ਤੇ ਸਥਿਤ ਕੁਰਾਲੀ ਰੇਲਵੇ ਸਟੇਸ਼ਨ ਤੋਂ 13 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਚੌਧਵੀਂ ਸਦੀ ਦੇ ਅਰੰਭ ਵਿਚ, ਖਿਲਜੀ ਕਾਲ ਸਮੇਂ, ਖਿਜ਼ਰ ਖਾਂ ਪਠਾਣ ਨੇ ਵਸਾਇਆ। ਖਿਜ਼ਰ ਖਾਂ ਦੇ ਨਾਂ ‘ਤੇ ਹੀ ਪਿੰਡ ਦਾ ਨਾਂ ਖਿਜ਼ਰਾਬਾਦ ਪਿਆ। ਬਾਬਰ ਦੇ ਹਮਲੇ ਸਮੇਂ ਰਠੌਰ ਰਾਜਪੂਤ ਵਿਜੈ ਨਗਰ ਤੋਂ ਆ ਕੇ ਇਸ ਪਿੰਡ ਵਿੱਚ ਵੱਸ ਗਏ। ਤਿੰਨ ਰਾਜਪੂਤ ਭਰਾਵਾਂ, ਰਾਣਾ ਆਸਰਾ, ਹਰਦੇਵ ਅਤੇ ਸਿੰਘਾ ਨੇ ਇੱਥੋਂ ਦੇ ਪਹਾੜੀ ਘੋੜੇਵਾਰ ਰਾਜਪੂਤਾਂ ਨੂੰ ਨਸਾ ਕੇ ਇਲਾਕੇ ਸਮੇਤ ਇਸ ਪਿੰਡ ‘ਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਇੱਥੇ ਇੱਕ ਕਿਲ੍ਹਾ ਉਸਾਰਿਆ ਅਤੇ ਪਿੰਡ ਨੇ ਹਰ ਪੱਖੋਂ ਉਨਤੀ ਕੀਤੀ। ਇਸ ਪਿੰਡ ਨੂੰ ਖਾਲਸਾ ਰਾਜ ਸਮੇਂ ਰੋਪੜ ਦੇ ਰਾਜਾ ਭੂਪ ਸਿੰਘ ਨੇ ਆਪਣੀ ਰਿਆਸਤ ਵਿੱਚ ਮਿਲਾ ਲਿਆ। ਬਾਅਦ ਵਿੱਚ ਅੰਗਰੇਜ਼ਾਂ ਨੇ ਇਸ ਪਿੰਡ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। 1852 ਦੇ ਬੰਦੋਬਸਤ ਸਮੇਂ ਉਹਨਾਂ ਨੇ ਇੱਥੇ 20 ਵਿਘੇ ਵਿੱਚ ਬਣੇ ਕਿਲ੍ਹੇ ਦੇ ‘ਬੁਰਜ ਰਾਜਪੂਤਾਂ’ ਨੂੰ 2400 ਰੁਪਏ ਮੁਆਵਜ਼ਾ ਦੇ ਕੇ ਇਸ ਦੀਆਂ ਇੱਟਾਂ ਅਤੇ ਫਾਟਕ ਖਰੜ ਤਹਿਸੀਲ ਦੀ ਪੁਰਾਣੀ ਇਮਾਰਤ ਦੀ ਉਸਾਰੀ ਵਿੱਚ ਵਰਤ ਲਏ।
ਇਸ ਪਿੰਡ ਵਿੱਚ ਲਗਭਗ ਹਰ ਜਾਤੀ ਦੇ ਲੋਕ ਵੱਸਦੇ ਹਨ, ਕੁਝ ਘਰ ਮੁਸਲਮਾਨਾਂ ਦੇ ਵੀ ਹਨ। ਪਿੰਡ ਵਿੱਚ ਚਾਰ ਮੰਦਰ ਅਤੇ ਦੋ ਇਤਿਹਾਸਕ ਗੁਰਦੁਆਰੇ ਹਨ। ਗੁਰਦੁਆਰਾ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇੱਥੇ ਗੁਰੂ ਜੀ ਇੱਕ ਵਾਰ ਭੰਗਾਣੀ ਯੁੱਧ ਨੂੰ ਜਾਂਦੇ ਹੋਏ ਅਤੇ ਦੂਜੀ ਵਾਰ ਰਾਇਪੁਰ ਰਾਣੀ ਨੂੰ ਜਾਂਦੇ ਸਮੇਂ ਪਧਾਰੇ ਸਨ । ਦੂਜਾ ਗੁਰਦੁਆਰਾ ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਬਣਿਆ ਹੈ। ਬਾਬਾ ਜੀ ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਦੇ ਹਮ ਉਮਰ ਅਤੇ ਬਚਪਨ ਦੇ ਸਾਥੀ ਸਨ। ਹੋਲੇ ਮਹੋਲੇ ਦਾ ਮੇਲਾ ਚੇਤ ਸੁਦੀ 8, 9 ਤੋਂ 10 ਨੂੰ ਇਸ ਅਸਥਾਨ ਤੋਂ ਸ਼ੁਰੂ ਹੁੰਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ