ਗ਼ਦਰੀ ਸ਼ਹੀਦਾਂ ਦਾ ਪਿੰਡ : ਖੁਰਦਪੁਰ
ਗ਼ਦਰ ਲਹਿਰ ਹਿੰਦੋਸਤਾਨ ਦੀਆਂ ਕੌਮੀ ਮੁਕਤੀ ਲਹਿਰਾਂ ਅਤੇ ਜੰਗ-ਏ-ਅਜ਼ਾਦੀ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ ਇਸ ਲਹਿਰ ਨੇ ਸਿਰਲੱਥ ਆਗੂਆਂ ਅਤੇ ਯੋਧਿਆਂ ਦੇ ਪਿੰਡਾਂ ਨੂੰ ਵੀ ਅੰਬਰਾਂ ਦੇ ਧਰੂ ਤਾਰੇ ਬਣਾ ਦਿੱਤਾ ਹੈ ਤੇ ਅਜਿਹਾ ਹੀ ਇੱਕ ਸ਼ਾਨਾਂਮੱਤਾ ਪਿੰਡ ਹੈ ਖੁਰਦਪੁਰ। ਇਸ ਪਿੰਡ ਦੇ ਦੋ ਗ਼ਦਰੀ ਸ਼ਹੀਦਾਂ ਸਮੇਤ ਕੁਝ ਹੋਰ ਘੁਲਾਟੀਆਂ ਅਤੇ ਲਹਿਰਾਂ ਨੇ ਇਸ ਖੇੜੇ ਨੂੰ ਅਜਿਹੇ ਚਾਰ ਚੰਨ ਲਾਏ ਕਿ ਹੁਣ ਇਹ ਜੰਗ-ਏ-ਅਜ਼ਾਦੀ ਲਹਿਰਾਂ ਦੇ ਸਿਰਮੌਰ ਪਿੰਡਾਂ ਵਿੱਚੋਂ ਇੱਕ ਹੋਣ ਦਾ ਮਾਣ ਰੱਖਦਾ ਹੈ। ਆਦਮਪੁਰ ਦੋਆਬਾ ਨਾਲ ਜੁੜਵਾਂ ਜਲੰਧਰ ਜ਼ਿਲ੍ਹੇ ਦਾ ਹੁਸ਼ਿਆਰਪੁਰ-ਜਲੰਧਰ ਸ਼ਾਹ ਮਾਰਗ ਉੱਤੇ ਬਿਲਕੁਲ ਅੱਧ-ਵਿਚਕਾਰ ਸਥਿਤ ਇਹ ਪਿੰਡ ਜੋ ਹੁਣ ਆਪਣੀ ਹਿੱਕ ‘ਤੇ ਵੱਗਦੀ ਬਿਸਤ ਦੋਆਬ ਨਹਿਰ ਨੂੰ ਟੱਪ ਕੇ ਆਦਮਪੁਰ ਸ਼ਹਿਰ ਨੂੰ ਗਲਵੱਕੜੀ ਪਾਈ ਬੈਠਾ ਹੈ, ਨੂੰ ਤਕਰੀਬਨ ਚਾਰ ਕੁ ਸਦੀਆਂ ਪਹਿਲਾਂ ਅਟਵਾਲ ਜੱਟਾਂ ਨੇ ਵਸਾਇਆ ਸੀ। ਜਿਸ ਦਾ ਹੁਣ ਰਕਬਾ 239 ਹੈਕਟੇਅਰ, ਆਬਾਦੀ 2568 ਹੈ।
ਸੰਸਾਰ ਪ੍ਰਸਿੱਧ ਅੰਗਰੇਜ਼ ਇਤਿਹਾਸਿਕਾਰ ਸਰ ਡੇਂਜਲਸ ਇਬਟਸਨ ਅਸਲ ਵਿੱਚ ਅਟਵਾਲ ਜੱਟਾਂ ਨੂੰ ਪਹਿਲ ਪਲੱਕੜਿਆਂ ਦੇ ਇੱਠਵਾਲ ਜਾਂ ਉੱਠਵਾਲ ਮੰਨਦਾ ਹੈ। ਉਸ ਅਨੁਸਾਰ ਇੱਠਵਾਲ ਜਾਂ ਉੱਠਵਾਲ ਮੁੱਖ ਤੌਰ ‘ਤੇ ਅੰਬਾਲਾ, ਜਲੰਧਰ ਅਤੇ ਪਟਿਆਲੇ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮਿਲਦੇ ਹਨ। ਪਰ ਜਿੱਥੋਂ ਤੱਕ ਖਿਆਲ ਹੈ ਇੱਥੇ ਇਹ ਦੋਵੇਂ ਨਾਂਅ ਗੜਬੜ ਕਰਦੇ ਹਨ। ਇੱਠਵਾਲਾਂ ਦੀ ਦਿੱਲੀ ਵਿੱਚ ਖਾਸ ਬਸਤੀ ਹੈ ਜੋ ਅੰਬਾਲੇ ਦੇ ਇੱਠਵਾਲਾਂ ਤੋਂ ਕਈ ਵਿਲੱਖਣ ਕਾਰਨਾਂ ਤੇ ਰਸਮੋ-ਰਿਵਾਜਾਂ ਕਰਕੇ ਵੱਖ ਹਨ। ਅੰਬਾਲਾ, ਜਲੰਧਰ ਤੇ ਪਟਿਆਲਾ ਵੱਲ ਦੇ ਉੱਠਵਾਲ ਹਨ। ਉਹ ਸੂਰਜਬੰਸੀ ਰਾਜਪੂਤ, ਜਿਸ ਨੂੰ ਮਹਿਰਾਜ ਕਹਿੰਦੇ ਹਨ, ਦੇ ਵਾਰਸ ਹੋਣ ਦਾ ਦਾਅਵਾ ਕਰਦੇ ਹਨ, ਜਿਸ ਨੂੰ ਊਠ (ਬੋਤਾ) ਦੀ ਸਵਾਰੀ ਕਰਨ ਦੇ ਸ਼ੌਕ ਕਾਰਨ ਉੱਠਵਾਲ ਦਾ ਨਾਂਅ ਮਿਲਿਆ ਸੀ।” ਹੌਲੀ-ਹੌਲੀ ਬੋਲ-ਚਾਲ ਤੇ ਬਦਲਦੀ ਰਹੀ ਸ਼ਬਦ ਬਣਤਰ ਅਧੀਨ ਉਨ੍ਹਾਂ ਨੂੰ ਉੱਠਵਾਲ ਤੋਂ ਉੱਟਵਾਲ ਤੇ ਫਿਰ ਅਟਵਾਲ ਆਖਿਆ ਜਾਣ ਲੱਗ ਪਿਆ ਹੋਵੇਗਾ। ਇੱਕ ਦੰਦ ਕਥਾ ਇਹ ਵੀ ਤੁਰੀ ਆਉਂਦੀ ਹੈ ਕਿ ਇਸ ਕਬੀਲੇ ਦੇ ਲੋਕ ਸਮੇਂ ਮੂਜਬ ਮਾਰ-ਧਾੜ ਵੀ ਕਰ ਲਿਆ ਕਰਦੇ ਸਨ। ਇੱਕ ਵਾਰ ਇਹਨਾਂ ਅਕਬਰ ਬਾਦਸ਼ਾਹ ਦੇ ਕਿਸੇ ਅਹਿਲਕਾਰ ਦਾ ਕਾਫਲਾ ਲੁੱਟ ਲਿਆ। ਫੜੇ ਜਾਣ ਉੱਤੇ ਇਸ ਕਬੀਲੇ ਦੇ ਆਗੂਆਂ ਨੇ ਕਿਹਾ ਕਿ ਉਹ ਤਾਂ ਊਟ ਪਾਲਕ ਹਨ, ਊਂਟਾ ਦੇ ਵਪਾਰੀ ਯਾਨੀ ਕਿ ਊਂਟਾ ਵਲੇ। ਜਿਸ ਤੋਂ ਵਿਗੜਦਾ-ਸੰਵਰਦਾ ਇਸ ਕਬੀਲੇ ਦਾ ਨਾਂਅ ਅਟਵਾਲ ਪੈ ਗਿਆ।
ਇਤਿਹਾਸਿਕਾਰ ਹੁਸ਼ਿਆਰ ਸਿੰਘ ਦੁਲੇਹ ਅਟਵਾਲ ਜੱਟਾਂ ਬਾਰੇ ਹੋਰ ਵਿਸਥਾਰ ਇਵੇਂ ਕਰਦਾ ਹੈ- ‘ਇਹ ਮਹਾਂਭਾਰਤ ਦੇ ਸਮੇਂ ਤੋਂ ਹੀ ਪੰਜਾਬ ਵਿੱਚ ਵੱਸੇ ਪੁਰਾਣੇ ਜੱਟ ਕਬੀਲਿਆਂ ਵਿੱਚੋਂ ਹਨ। ਇਬਟਸਨ ਅਟਵਾਲ ਜੱਟਾਂ ਨੂੰ ਪ੍ਰਮਾਣਾਂ ਸਹਿਤ ਸੂਰਜਵੰਸ਼ੀ ਵਿੱਚੋਂ ਮੰਨਦਾ ਹੈ।ਇਸ ਗੋਤ ਦਾ ਮੋਢੀ ਮਹਿਰਾਜ ਸੀ। ਇਹ ਊਠਾਂ ਦਾ ਵਪਾਰ ਕਰਦੇ ਸਨ। ਇਸ ਕਾਰਨ ਇਹਨਾਂ ਨੂੰ ਪਹਿਲਾਂ ਉਂਠ ਵਾਲਾ ਕਿਹਾ ਜਾਂਦਾ ਸੀ। ਫਿਰ ਅਟਵਾਲ ਨਾਂਅ ਪ੍ਰਚੱਲਿਤ ਹੋ ਗਿਆ। ਇਹ ਬਹੁਤੇ ਅੰਬਾਲਾ, ਜਲੰਧਰ ਤੇ ਪਟਿਆਲਾ ਆਦਿ ਖੇਤਰਾਂ ਵਿੱਚ ਵੱਸਦੇ ਹਨ। ਕੁਝ ਪੱਛਮੀ ਪੰਜਾਬ ਵੱਲ ਸਿਆਲਕੋਟ, ਮੁਲਤਾਨ, ਝੰਗ, ਮਿੰਟਗੁਮਰੀ, ਮੁਜ਼ੱਫਰਗੜ੍ਹ ਤੇ ਬਹਾਵਲਪੁਰ ਆਦਿ ਖੇਤਰਾਂ ਵਿੱਚ ਚਲੇ ਗਏ ਸਨ। ਪੱਛਮੀ ਪੰਜਾਬ ਵਿੱਚ ਜਾ ਕੇ ਬਹੁਤੇ ਅਟਵਾਲ ਜੱਟ ਇਤਿਹਾਸਿਕ ਅਤੇ ਨਿੱਜੀ ਕਾਰਨਾਂ ਕਰਕੇ ਮੁਸਲਮਾਨ ਬਣ ਗਏ ਸਨ। ਮਾਝੇ ਦੇ ਅੰਮ੍ਰਿਤਸਰ ਤੇ ਗੁਰਦਾਸਪੁਰ ਖੇਤਰ ਵਿੱਚ ਵੀ ਅਟਵਾਲ ਕਾਫੀ ਗਿਣਤੀ ਵਿੱਚ ਵੱਸਦੇ ਹਨ। ਵਿਦਿਵਾਨ ਐਚ.ਏ. ਰੋਜ਼ ਅਟਵਾਲਾਂ ਨੂੰ ਪਵਾਰ ਬੰਸੀ ਮੰਨਦਾ ਹੈ ਅਤੇ ਇਨ੍ਹਾਂ ਨੂੰ ਮੁਲਤਾਨ ਵੱਲੋਂ ਪੂਰਬੀ ਪੰਜਾਬ ਵਿੱਚ ਆਏ ਮੰਨਦਾ ਹੈ। ਇਹ ਬਹੁਤੇ ਮੱਧ ਏਸ਼ੀਆ ਤੋਂ ਵੱਖ-ਵੱਖ ਸਮੇਂ ਭਾਰਤ ਵਿੱਚ ਆਏ ਹੋਏ ਆਰੀਆ ਕਬੀਲਿਆਂ ਦੀ ਵੰਸ਼ ਹੀ ਹਨ। ਪੰਜਾਬ ਦੇ ਆਦਿਵਾਸੀ ਤਾਂ ਆਰੀਆ ਤੋਂ ਹਾਰ ਕੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਚਲੇ ਗਏ ਸਨ। ਪੰਜਾਬ ਵਿੱਚ ਮੂਲ ਕਬੀਲੇ ਬਹੁਤ ਹੀ ਘੱਟ ਹਨ।”
ਇੱਕ ਗੱਲ ਤਾਂ ਸਪੱਸ਼ਟ ਹੀ ਹੈ ਕਿ ਇਲਾਕਾ, ਮਿੱਥਾਂ, ਅੱਲਾਂ, ਪੇਸ਼ਿਆਂ ਜਾਂ ਨਾਮਵਰ ਬਜ਼ੁਰਗਾਂ ਦੇ ਨਾਂਅ ਤੋਂ ਹੀ ਗੋਤ ਪ੍ਰਚੱਲਿਤ ਹੋਏ। ਪੀੜ੍ਹੀ ਦਰ ਪੀੜ੍ਹੀ ਤੁਰੀ ਆਉਂਦੀ ਇੱਕ ਹੋਰ ਦੰਦ ਕਥਾ ਅਨੁਸਾਰ ਪ੍ਰਾਚੀਨ ਸਮਿਆਂ ਵਿੱਚ ਜਿਹੜੇ ਰਾਜਪੂਤ ਘਾਟਾਂ ਤੋਂ ਆਮਦਨ ਪ੍ਰਾਪਤ ਕਰਦੇ ਸਨ ਉਨ੍ਹਾਂ ਘਾਟਵਾਲੇ ਰਾਜਪੂਤਾਂ ਤੋਂ ਹੀ ਜੱਟਾਂ ਵਿੱਚ ਤਬਦੀਲ ਹੋਏ ਇੱਕ ਕਬੀਲੇ ਤੋਂ ਵਿਗੜਦਾ ਸੰਵਰਦਾ ਇਹ ਗੋਤ ਪ੍ਰਚਲੱਤ ਹੋਇਆ। ਕੁਝ ਇਤਿਹਾਸਿਕਾਰਾਂ ਅਨੁਸਾਰ ਦੱਖਣੀ ਪੂਰਬੀ ਇਲਾਕੇ ਦੇ ਜੱਟਾਂ ਦਾ ਇਹ ਵੀ ਇੱਕ ਪ੍ਰਾਚੀਨ ਗੋਤ (ਘਾਟਵਾਲ) ਹੈ। ਉਨ੍ਹਾਂ ਅਨੁਸਾਰ ਘੱਟਵਾਲਾ ਦਾ ਮੁੱਢਲਾ ਟਿਕਾਣਾ ਗੜ੍ਹਗਜ਼ਨੀ ਹੈ। ਉਨ੍ਹਾਂ ਦਾ ਇਹ ਸ਼ਹਿਰ ਦੱਖਣ ਭਾਰਤ ਵਿੱਚ ਹੈ, ਨਾ ਕਿ ਪੱਛਮ ਵਿੱਚ ਅਫਗਾਨਿਸਤਾਨ ਵਾਲਾ ਗਜ਼ਨੀ। ਉਹ ਸਰੋਜਾ ਜਾਂ ਸਰੋਹੀ ਰਾਜਪੂਤ ਵੰਸ਼ਜ ਹੋਣ ਦਾ ਦਾਅਵਾ ਕਰਦੇ ਹਨ। ਉਨ੍ਹਾਂ ਦਾ ਫਿਰ ਮੁੱਖ ਟਿਕਾਣਾ ਰੋਹਤਕ ਦੀ ਤਹਿਸੀਲ ਗੋਹਾਣਾ ਵਿੱਚ ਅਹੁਲਾਣਾ ਨਗਰ ਬਣਿਆ। ਇਸ ਇਲਾਕੇ ਵਿੱਚ ਉਹ ਜਮੁਨਾ ਤੀਕ ਕਾਬਜ਼ ਹੋਏ। ਉਨ੍ਹਾਂ ਦੀ ਬਹੁਗਿਣਤੀ ਦਿੱਲੀ ਦੇ ਉੱਤਰ ਵੱਲ ਅਤੇ ਕਰਨਾਲ ਦੇ ਦੱਖਣ ਵੱਲ ਹੈ।
ਖੁਰਦਪੁਰ ਦੇ ਕੁਝ ਬਜ਼ੁਰਗ ਵੀ ਆਪਣਾ ਉਥਾਨ ਸਰੋਹੀ ਰਾਜਪੂਤਾਂ ‘ਚੋਂ ਹੋਇਆ ਮੰਨਦੇ ਹਨ। ਕਿਹਾ ਜਾਂਦਾ ਹੈ ਕਿ ਪੰਝੀ ਕੁ ਪੀੜ੍ਹੀਆਂ ਪਹਿਲਾਂ ਅਹੁਲਾਣਾ ਨਗਰ ਦੀ ਸਥਾਪਨਾ ਹੋਈ ਸੀ। ਇਹ ਨਾਂਅ ਘਾਟਵਾਲਾ ਦੇ ਅਹੁਲਾਣਾ ਦੇ ਅਹੁਲਾਣਾ ਧੜੇ ਨੇ ਦਿੱਤਾ ਸੀ। ਅਹੁਲਾਣਾ ਤੇ ਘਾਟਵਾਲਾ ਦੇ ਆਪਸੀ ਸ਼ਬਦ ਜੋੜ ਤੋਂ ਹੀ ਸ਼ਾਇਦ ਅਟਵਾਲ ਲਫਜ਼ ਬਣਿਆ। ਮਿ. ਫਾਨਸੇਵ ਅਤੇ ਮਿ. ਡੈਜਿੰਲ ਇਸ ਬਾਰੇ ਕਾਫੀ ਵਿਆਖਿਆ ਕਰਦੇ ਹਨ। ਡੂੰਘੀ ਖੋਜ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ ਕੁਝ ਹਿੱਸਿਆਂ ਵਿੱਚ ਖਾਸ ਤੌਰ ‘ਤੇ ਮੋਘੀਰ ਦੇ ਆਲੇ ਦੁਆਲੇ ਦੇ ਨਿਮਨ ਰਾਜਪੂਤ ਘੱਟਵਾਲ ਸਦਾਉਂਦੇ ਸਨ, ਜਿਨ੍ਹਾਂ ਦੇ ਜ਼ਿੰਮੇ ਕਦੇ ਘਾਟਾਂ ਤੋਂ ਆਮਦਨ ਪ੍ਰਾਪਤ ਕਰਨ ਦਾ ਕੰਮ ਸੀ, ਜਾਂ ਉਹ ਉਨ੍ਹਾਂ ਪਹਾੜੀ ਲੁਟੇਰਿਆਂ ਤੋਂ ਕਰ ਵਸੂਲਦੇ ਸਨ ਜੋ ਪਹਾੜੀਆਂ ਜਾਂ ਹੇਠਲੇ ਮੈਦਾਨਾਂ ਵਿੱਚ ਡਾਕੇ ਮਾਰਦੇ ਸਨ। ਹੋ ਸਕਦਾ ਹੈ ਇਹਨਾਂ ਵਿੱਚੋਂ ਹੀ ਕਿਸੇ ਨੇ ਅਕਬਰ ਦਾ ਕਾਫਲਾ ਲੁੱਟਿਆ ਹੋਵੇ ਅਤੇ ਘਾਟਵਾਲਾਂ ਨੇ ਉਨ੍ਹਾਂ ਤੋਂ ਕਰ ਵਸੂਲਿਆ ਹੋਵੇ ਤੇ ਘਾਟਵਾਲਾਂ ਨੇ ਅਕਬਰ ਨੂੰ ਅਸਲੀਅਤ ਜਾਂ ਉਠਾਵਾਲੇ ਜਾਂ ਘਾਟਵਾਲੇ ਦੱਸ ਕੇ ਖਲਾਸੀ ਕਰਵਾਈ ਹੋਵੇ। ਫਿਰ ਉਹ ਅਟਵਾਲ ਸਦਾਏ ਹੋਣ।
ਖੁਰਦਪੁਰ ਦੇ ਅਟਵਾਲ ਜੱਟ ਵੀ ਆਪਣੇ ਆਪ ਨੂੰ ਮਹਿਰਾਜਾ (ਮਹਾਰਾਜ) ਦੀ ਸੰਤਾਨ ਦੱਸਦੇ ਹਨ ਜਿਸ ਦੇ ਬਜ਼ੁਰਗ ਮੱਧ ਏਸ਼ੀਆ ਤੋਂ ਸਿੰਧ ਰਾਜਸਥਾਨ ਹੁੰਦੇ ਹੋਏ ਮਾਲਵਾ ਖਿੱਤੇ ਵਿੱਚ ਆ ਟਿਕੇ ਸਨ। ਮਹਿਰਾਜਾ ਮਾਲਵੇ ਵਿੱਚ ਹੀ ਹੋਇਆ ਸੀ, ਜੋ ਕਿ ਅਟਵਾਲ ਜੱਟਾਂ ਦਾ ਇੱਕ ਵੱਡੇ ਰੁਤਬੇ ਵਾਲਾ ਆਗੂ ਸੀ। ਕਈ ਲੋਕ ਮਾਲਵੇ ਦੇ ਮਸ਼ਹੂਰ ਪਿੰਡ ਮਹਿਰਾਜ ਨੂੰ ਵੀ ਇਸੇ ਮਹਿਰਾਜੇ ਦਾ ਵਸਾਇਆ ਹੋਇਆ ਦੱਸਦੇ ਹਨ ਜਿਸ ਨੂੰ ਕਿਸੇ ਕਾਰਨ ਅਟਵਾਲਾਂ ਨੂੰ ਛੱਡਣਾ ਪਿਆ, ਪਰ ਉੱਥੇ ਅਟਵਾਲ ਜੱਟਾਂ ਦੀ ਕਨਸੋਅ ਨਹੀਂ ਮਿਲਦੀ।
ਸਮੇਂ ਮੁਤਾਬਿਕ ਅਟਵਾਲ ਜੱਟ ਵੀ ਜਲ ਸੋਮਿਆਂ ਅਤੇ ਚਰਗਾਹਾਂ ਆਦਿ ਖਾਤਰ ਦੋਆਬੇ ਵੱਲ ਆਏ। ਪਹਿਲਾਂ ਉਨ੍ਹਾਂ ਨੇ ਸੰਧਵਾਂ-ਫਰਾਲਾ (ਫਗਵਾੜਾ-ਮਾਹਿਲਪੁਰ ਸੜਕ) ਵਿਖੇ ਟਿਕਵਾਂ ਵਸੇਬਾ ਕੀਤਾ। ਉਨ੍ਹਾਂ ਦੀ ਇੱਕ ਪੂਰ ਜਲੰਧਰ ਜ਼ਿਲ੍ਹੇ ਦੇ ਚਿੱਟੀ ਪਿੰਡ ਨੂੰ ਧਾਹ ਗਈ। ਸੰਧਵਾਂ ਤੋਂ ਹੀ ਅਟਵਾਲ ਜੱਟਾਂ ਦੀ ਇੱਕ ਹੋਰ ਧਿਰ ਪਹਿਲਾਂ ਇਸ ਖੁਰਦਪੁਰ ਲਾਗਲੇ ਧੀਰੋਵਾਲ ਕੋਲ ਆ ਬੈਠੀ, ਜਿਨ੍ਹਾਂ ਬਾਅਦ ’ਚ ਖੁਰਦਪੁਰ ਨੂੰ ਆਪਣਾ ਪੱਕਾ ਵਸੇਬਾ ਬਣਾ ਲਿਆ। ਖੁਰਦਪੁਰੀਏ ਅੱਜ ਵੀ ਆਪਣੇ ਜਠੇਰੇ ਘੀਰੋਵਾਲ ਤੇ ਨੋਲੀ ਦੇ ਵਿਚਕਾਰ ਮੰਨਦੇ ਹਨ। ਅਟਵਾਲਾਂ ਦੀ ਖੁਰਦਪੁਰ ਆ ਟਿਕਣ ਵਾਲੀ ਧਿਰ ਦੇ ਬਜ਼ੁਰਗਾਂ ਦਾ ਨਾਂਅ ਹਰੀਆਂ ਅਤੇ ਭੰਗਾ ਸੀ। ਭੰਗਾ ਬੇਔਲਾਦ ਫੌਤ ਹੋ ਗਿਆ। ਹਰੀਏ ਦੀ ਅਗਲੀ ਪੀੜ੍ਹੀ ਵਿੱਚੋਂ ਹੋਏ ਸੱਤ ਪੁੱਤਰਾਂ ਦੇ ਨਾਂਅ ਉਤੇ ਇਸ ਵਿਸ਼ਾਲ ਪਿੰਡ ਦੀਆਂ ਸੱਤ ਪੱਤੀਆਂ ਬਣੀਆਂ। ਸਿੱਖ ਮਿਸਲਾਂ ਵੇਲੇ ਇੱਥੇ ਇੱਕ ਕੱਚੀ ਗੜ੍ਹੀ ਵੀ ਹੁੰਦੀ ਸੀ, ਜੋ ਕਿ ਇਸ ਪਿੰਡ ਦੀ ਮਹੱਤਤਾ ਉਜਾਗਰ ਕਰਦੀ ਹੈ। ਦਰਅਸਲ ਕੋਲ ਵੱਸਦੇ ਆਦਮਪੁਰ ਦੇ ਅਫ਼ਗਾਨਾਂ (ਪਠਾਣਾਂ) ਕਾਰਨ ਵੀ ਜੰਗੀ ਮਹੱਤਤਾ ਤਹਿਤ ਇਸ ਦੀ ਉਸਾਰੀ ਕਰਵਾਈ ਗਈ ਸੀ। ਪਹਿਲਾਂ-ਪਹਿਲ ਇੱਥੇ ਸਿਰਫ਼ ਕਾਮਿਆਂ ਦੀ ਧਿਰ ਵਜੋਂ ਗੰਗੜ ਆਦਿਧਰਮੀਆਂ ਦਾ ਵਸੇਬਾ ਹੋਇਆ। ਫਿਰ ਬੈਂਸ ਆਦਿਧਰਮੀ ਵੀ ਆ ਵੱਸੇ। ਵੰਡ ਤੋਂ ਪਹਿਲਾਂ ਮਰਾਸੀ ਤੇ ਗੁੱਜਰ ਮੁਸਲਮਾਨ ਵੀ ਵੱਸਦੇ ਹਨ। ਸ਼ਿਲਪੀ ਜਾਤਾਂ ਵਜੋਂ ਸਿਰਫ਼ ਰਾਮਗੜ੍ਹੀਏ (ਲੁਹਾਰ-ਤਰਖਾਣ) ਹੀ ਸਨ ਭਾਵੇਂ ਕਿ ਗੰਗੜ ਆਦਿਧਰਮੀ ਹੱਥਖੱਡੀ ਦਾ ਕੰਮ ਵੀ ਕਰਦੇ ਸਨ। ਪਰ ਬਹੁਤੀਆਂ ਸ਼ਿਲਪੀ ਜਾਂ ਕਾਰੀਗਰ ਬਰਾਦਰੀਆਂ ਨੇ ਇੱਥੇ ਵਸੇਬਾ ਨਾ ਕੀਤਾ। ਇਸ ਦਾ ਵੱਡਾ ਕਾਰਨ ਇਸ ਪਿੰਡ ਦੇ ਨਾਲ ਜੁੜਵੇਂ ਆਦਮਪੁਰ ਵਰਗੇ ਬਹੁਭਾਂਤੀ ਵੱਡੇ ਪਿੰਡ ਦਾ ਹੋਣਾ ਵੀ ਸੀ, ਜਿਸ ਦੇ ਕਿਰਤੀਆਂ ਕਾਰੀਗਰਾਂ ਦੀਆਂ ਸੇਵਾਵਾਂ ਲਾਗਲੇ ਪਿੰਡਾਂ ਲਈ ਹਾਜ਼ਰ ਸਨ। ਇਹੀ ਕਾਰਨ ਮਹਾਜਨੀ ਜਾਤਾਂ ਦੇ ਇੱਥੇ ਨਾ ਵੱਸਣ ਦਾ ਸੀ। ਨਿਰੋਲ ਜੱਟ ਪਿੰਡ ਹੋਣ ਕਾਰਨ ਵੀ ਮਹਾਜਨੀ ਧਿਰ ਇੱਥੇ ਨਾ ਆਈ। ਜੋ ਦੋ ਕੁ ਘਰ ਬ੍ਰਾਹਮਣਾਂ ਦੇ ਇੱਥੇ ਸਨ, ਉਹ ਵੀ ਬਾਅਦ ‘ਚ ਸ਼ਹਿਰੀਂ ਜਾ ਵੱਸੇ। ਹੁਣ ਵੀ ਹੱਦਬਸਤ ਨੰਬਰ 54 ਦੇ 435 ਏਕੜ ਮਾਲਕੀ ਵਾਲੇ ਇਸ ਪਿੰਡ ਵਿੱਚ ਤਿੰਨ ਸੌ ਘੁਮਾਂ ਦੀ ਮਰੂਸ ਵੀ ਹੈ, ਵਿਖੇ ਸੱਠ ਪ੍ਰਤੀਸ਼ਤ ਜੱਟ, ਅਠੱਤੀ ਫੀਸਦੀ ਆਦਿਧਰਮੀ ਅਤੇ ਦੋ ਫੀਸਦੀ ਹੋਰ ਰਲਵੀਆਂ ਜਾਤਾਂ ਵੀ ਸੁਖੀ ਵੱਸਦੀਆਂ ਹਨ।
ਪਹਿਲੇ ਸਮਿਆਂ ਵਿੱਚ ਸਾਰਾ ਪਿੰਡ ਨਿਰੋਲ ਖੇਤੀ ਉੱਤੇ ਹੀ ਮੁਨੱਸਰ ਸੀ। ਦਰਮਿਆਨੀ ਧਰਤ ਹੋਣ ਦੇ ‘ ਬਾਵਜੂਦ ਭਰਪੂਰ तल ‘ਤੱਗੀਆ ਅਤੇ ਸਾਵੇਂ ਵਾਤਾਵਰਣ ਕਾਰਣ ਜ਼ਮੀਨ ਜਰਖੇਜ਼ ਸੀ। ਮਾਰੂ ਫਸਲਾਂ ਵੀ ਢੁੱਕਵਾਂ ਝਾੜ ਦਿੰਦੀਆਂ। ਇੱਥੋਂ ਦਾ ਮਾਰੂ ਗੁੜ ਬੜਾ ਮਸ਼ਹੂਰ ਸੀ ਅਤੇ ਧਾਂਕ ਇੱਥੋਂ ਦੇ ਗੁੜ ਨੇ ਹੁਣ ਵੀ ਨਹੀਂ ਛੱਡੀ। ਜਲੰਧਰ ਫਰਮਾਂ ਵਾਲੇ ਇੱਥੋਂ ਦੇ ਠਾਕੁਰ ਸਿਹੁੰ, ਸੰਤਾਂ ਸਿਹੁੰ ਅਤੇ ਕਰਮ ਸਿਹੁੰ ਵਗੈਰਾ ਦੇ ਮਸ਼ਹੂਰ ਵੇਲਣਿਆਂ ਤੋਂ ਸਿੱਧਾ ਹੀ ਗੁੜ ਖਰੀਦਦੇ ਅਤੇ ਟੋਕਰਿਆਂ ਉੱਤੇ ਖੁਰਦਪੁਰ ਦਾ ਗੁੜ ਵਾਲਾ ਲੈਵਲ ਲਾਇਆ ਜਾਂਦਾ ਸੀ। ਪਹਿਲਾਂ ਢੀਂਗਲੀਆਂ ਨਾਲ ਸਿੰਚਾਈ ਹੁੰਦੀ ਸੀ। ਫਿਰ ਕੱਚੀਆਂ ਘੁਮਾਰੀ ਟਿੰਡਾਂ ਵਾਲੇ ਲੱਕੜ ਦੇ ਜੂੜਾ ਬੇੜਾ ਵਾਲੇ ਹਰਟ ਚੱਲ ਪਏ। ਓਪਰਾ ਪਾਣੀ ਹੋਣ ਕਾਰਨ ਬੋਕੇ-ਚਰਸਾਂ ਦਾ ਬਹੁਤਾ ਰਿਵਾਜ ਨਾ ਪਿਆ। ਸਮਾਂ ਪਾ ਕੇ ਲੋਹ ਟਿੰਡਾਂ ਤੇ ਲੋਹੇ ਦੇ ਹੋਰ ਜੁਗਾੜਾਂ ਵਾਲੇ ਹਲਟ ਤੁਰ ਪਏ। ਇੱਥੋਂ ਹੀ ਇੱਟਾਂ ਦੀ ਖੂਹ ਕੰਧ ਵਿੱਚ ਮੋਰਾ ਕੱਢ ਕੇ ਪਾਰ ਮਿੱਟੀ ਵਿੱਚ ਫਿਲਟਰ ਲਾ ਕੇ ਪਾਣੀ ਵਧਾਉਣ ਦਾ ਰਿਵਾਜ ਤੁਰਿਆ, ਜਿਸ ਬਾਰੇ ਰਸਾਲਦਾਰ ਗੰਢਾ ਸਿੰਘ ਬਾਹਰਲੇ ਇਲਾਕਿਆਂ ਤੋਂ ਸਿਖ-ਸਮਝ ਕੇ ਆਇਆ ਸੀ। ਸਿੱਧਾ ਹਲ (ਰਾਜਾ ਹਲ) ਵਾਹੁਣ ਵਿੱਚ ਸ਼ਿਵ ਸਿਹੁੰ ਨੇ ਗੋਰਿਆਂ ਦਾ ਇਨਾਮ ਜਿੱਤਿਆ। ਨਰੈਣ ਸਿੰਘ ਅਤੇ ਅਰਜਨ ਸਿੰਘ ਦਾ ਭਾਰ ਚੁੱਕਣ ਦਾ ਕੋਈ ਸਾਨੀ ਨਹੀਂ ਸੀ, ਜਿਨ੍ਹਾਂ ਅੰਗਰੇਜ਼ ਅਫਸਰ ਤੋਂ ਭਾਰ ਚੁੱਕਣ ਵਜੋਂ ਉਸ ਵਕਤ ਦਾ ਕਹਿੰਦਾ ਕਹਾਉਂਦਾ ਪੰਜ ਰੁਪਏ ਦਾ ਨਗਦ ਇਨਾਮ-ਸਨਮਾਨ ਜਿੱਤਿਆ ਸੀ। ਦਿੱਲੀ ਵਾਲੇ ਊਧਮ ਸਿੰਘ ਦਾ ਪੁੱਤਰ ਕਰਤਾਰ ਸਿੰਘ ਤਿੰਨ ਮਣ (ਸੋਲਾਂ ਸੇਰ) ਦੀਆਂ ਮੂੰਗਲੀਆਂ ਫੇਰਦਾ।
ਮੁਸਲਮਾਨ, ਜੋ ਇੱਥੋਂ ਵੱਡੇ ਰੌਲਿਆਂ ਵੇਲੇ ਪਾਕਿਸਤਾਨ ਤੁਰ ਗਏ, ਨੂੰ ਯਾਦ ਕਰਕੇ ਅੱਜ ਵੀ ਬਜ਼ੁਰਗ ਹੁਬਕੀ ਰੋ ਪੈਂਦੇ ਹਨ। ਦੂਰ ਦੁਮੇਲ ਕੰਨੀ ਖਲਾਅ ਵੱਲ ਝਾਕਦਿਆਂ ਨਮ ਅੱਖਾਂ ਨਾਲ ਉਹ ਦੱਸਦੇ ਹਨ ਕਿ ਹੁਣ ਵੀ ਕਦੇ-ਕਦੇ ਚੰਦਰੀਆਂ ਹਵਾਵਾਂ ਦੇ ਵਗ ਤੁਰਨ ਦਾ ਝਾਉਲਾ ਉਨ੍ਹਾਂ ਨੂੰ ਡਾਢੇ ਫਿਕਰਾਂ ਵਿੱਚ ਪਾ ਦਿੰਦਾ ਹੈ। ਅਟਵਾਲਾਂ ਦਾ ਅਤਿਅੰਤ ਗੁਣਵਾਨ ਮਰਾਸੀ ਨੱਥਾ ਇੱਥੇ ਹੀ ਰੈਣ ਬਸੇਰਾ ਰੱਖਦਾ ਸੀ। ਪਿਛਲੀਆਂ ਪੀੜ੍ਹੀਆਂ, ਜ਼ਮੀਨ ਮਾਲਕੀ ਤੇ ਬੰਸ਼ਾਵਲੀਆਂ ਅਤੇ ਪੁਸ਼ਤਾਂ ਦਾ ਮੂੰਹ ਜ਼ੁਬਾਨੀ ਤੇ ਬਹੀਆਂ ਉੱਤੇ ਰਿਕਾਰਡ ਰੱਖਣ ਵਾਲਾ ਇਹ ਮਰਾਸੀ ਕਈ ਹਿੰਦੂ ਭੱਟਾਂ ਤੋਂ ਵੀ ਉੱਚ ਦਰਜੇ ਦਾ ਵਿਦਵਾਨ ਸੀ। ਜਿਸ ਦਾ ਇਥੇ ਰਹਿਣ ਨੂੰ ਖੁਰਦਪੁਰੀਆਂ ਦੀ ਇੱਕ ਸ਼ਾਨ ਸਮਝਿਆ ਜਾਂਦਾ ਸੀ। ਹਰਿਦੁਆਰ ਦੀਆਂ ਪੇਂਡੂ ਬਹੀਆਂ ਅਤੇ ਨੱਥੇ ਮਰਾਸੀ ਦੀ ਕਥਨਾਵਲੀ ਇੱਕੋ ਜਿੰਨੀਆਂ ਹੀ ਗਵਾਹੀ ਵਜ਼ਨ ਰੱਖਦੀਆਂ। ਇਲਾਕੇ ਦੇ ਅਟਵਾਲਾਂ ਦਾ ਉਹ ਕਲਗੀ ਪ੍ਰੋਹਿਤ ਸੀ। ਫਰਾਲੇ ਵਾਲੇ ਆਪਣੇ ਮਸ਼ਹੂਰ ਜ਼ਮੀਨੀ ਝਗੜੇ ਝੇੜੇ ਨੂੰ ਇਸ ਦੀ ਪੁਖਤਾ ਗਵਾਹੀ ਸਿਰੇ ਹੀ ਨਿਬੇੜ ਸਕੇ ਸਨ। ਨਕਲਾਂ ਲਾਉਣ ਵਿੱਚ ਫੱਜਾ ਮਰਾਸੀ ਤੇ ਤਬਲਾਵਾਦਨ ਵਿੱਚ ਮਲੰਗ ਦਾ ਕੋਈ ਸਾਨੀ ਨਹੀਂ ਸੀ। ਮਗਰੋਂ ਮਗਰੋਂ ਉਹ ਲਾਹੌਰ ਰੇਡੀਓ ‘ਤੇ ਤਬਲਾ ਵਜਾਉਣ ਲੱਗਾ, ਜਿਸ ਦੀ ਕਨਸੋਅ ਪਾ ਕੇ ਖੁਰਦਪੁਰੀਏ ਲਾਹੌਰ ਜ਼ਰੂਰ ਸੁਣਦੇ।
ਕਦੇ ਇੱਥੋਂ ਦਾ ਇੱਕ ਨਚਾਰ ਮੌਲਾ (ਕੰਜਰ ਬਰਾਦਰੀ) ਮੁਲਤਾਨ ਵਿਖੇ ਅਮੀਰ ਲੋਕਾਂ ਦੇ ਸੁਹਜ-ਸੁਆਦ ਲਈ ਕੰਜਰੀਆਂ ਨਚਾਉਂਦਾ ਰਿਹਾ ਸੀ। ਪਿੰਡ ਗੇੜਾ ਮਾਰਨ ਆਏ ਉਸ ਨਚਾਰ ਦੀਆਂ ਚੁਸਕੀਆਂ ਗੱਲਾਂ ਸੁਣਨ ਲਈ ਛੜੇ ਛਰਾਂਟ ਨੇੜੇ ਹੋ ਹੋ ਬਹਿੰਦੇ, ਫਿਰ ਵੀ ਉਹ ਆਪਣੇ ਧੰਦੇ ਦੀ ਮਰਿਆਦਾ ਬਣਾਈ ਰੱਖਦਾ। ਖੁਰਦਪੁਰੀ ਬਿਰਧ ਹੋਂਕਾ ਭਰਕੇ ਕਹਿੰਦੇ ਹਨ ਕਿ ਇਹਨਾਂ ਮੁਸਲਿਮ ਭਰਾਵਾਂ ਨਾਲ ਹੀ ਸਾਡਾ ਪਿਛੋਕੜ ਨਾਮਾ, ਸੁਰ-ਤਾਲਾਂ ਅਤੇ ਰਾਸਾਂ-ਮੁਜਰੇ ਵੀ ਉਡਾਰੀ ਮਾਰ ਗਏ। ਅਟਵਾਲਾਂ ਦੀ ਇਸ ਪਿੰਡ ‘ਚ ਹੁਣ ਵੀ ਸਰਦਾਰੀ ਹੈ ਭਾਵੇਂ ਕਿ ਬਾਹੀਆਂ, ਮੋਇਲੇ, ਦਿਓਲ ਤੇ ਜੱਖ ਜੱਟਾਂ ਦੇ ਕੁਝ ਘਰ ਵੀ ਕਿਸੇ ਨਾ ਕਿਸੇ ਕਾਰਨ ਇੱਥੇ ਆ ਵਸੇ ਹਨ। ਖੂਹ ਲਾਉਣ ਵਾਲੇ ਬਕਲਿਆ, ਲੂਣ ਦੇ ਵਪਾਰੀ ਲਵਾਣਿਆਂ ਨੇ ਵੀ ਕਦੇ ਇੱਥੇ ਵਾਸਾ ਕੀਤਾ ਸੀ। ਇੱਥੋਂ ਦੀ ਉਪਜਾਊ ਜ਼ਮੀਨ ਅਤੇ ਕੰਡਿਆਣੇ ਦੀ ਮਰੂਸ ਸਮੇਤ ਚੜ੍ਹਦੇ ਪਾਸੇ 45 ਹਲਾਂ ਤੇ ਲਹਿੰਦੇ ਪਾਸੇ 32 ਹਲਾਂ ਦੀ ਵਾਹੀ ਹੁੰਦੀ ਸੀ, ਪਰ ਹੁਣ ਇਹ ਸਭ ਬੀਤੇ ਦੀਆਂ ਬਾਤਾਂ ਹੋ ਗਈਆਂ ਹਨ। ਖੁਰਦਪੁਰ ਪਹਿਲਾਂ ਤੋਂ ਹੀ ਅਗਾਂਹਵਧੂ ਖੇੜਾ ਰਿਹਾ ਹੈ। ਆਰੀਆ ਸਮਾਜੀ ਲਹਿਰ ਦੇ ਪ੍ਰਭਾਵ ਦੇ ਨਾਲ-ਨਾਲ ਇਹ ਸਿੰਘ ਸਭਾ ਲਹਿਰ ਦਾ ਭਰੋਸੇਯੋਗ ਥੰਮ ਸੀ। ਦਰਅਸਲ ਸਿੰਘ ਸਭਾ ਲਹਿਰ ਦਾ ਜ਼ਿਲ੍ਹਾ ਜਲੰਧਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਸਦਰ ਮੁਕਾਮ ਹੀ ਸੀ ਇਹ। ਸਿੰਘ ਸਭੀਆ ਗਿਆਨੀ ਗੁਰਦਿੱਤ ਸਿੰਘ ਇੱਥੇ ਆਮ ਹੀ ਆਉਂਦਾ। ਇਸੇ ਲਹਿਰ ਕਾਰਨ ਇੱਥੋਂ ਦੇ ਲੋਕਾਂ ਨੇ ਕਈ ਪਿਛਾਂਹਖਿੱਚੂ ਖਿਆਲਾਂ ਤੇ ਰਿਵਾਜਾਂ ਨੂੰ ਤੱਜ ਦਿੱਤਾ ਸੀ। ਇਹੀ ਕਾਰਨ ਹੈ ਕਿ ਇੱਥੇ ਕੁੜੀਆਂ ਦੀ ਪੜ੍ਹਾਈ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਗਏ।
ਇੱਥੋਂ ਦੇ ਲਛਮਣ ਸਿੰਘ ਕਨੇਡੀਅਨ ਦੇ ਉੱਦਮ ਨਾਲ ਕੁੜੀਆਂ ਦਾ ਵਿਸ਼ੇਸ਼ ਕਰਕੇ ਸਕੂਲ ਖੋਲ੍ਹਿਆ ਗਿਆ, ਜਿਸ ਨੂੰ ਅਮਰੀਕਾ-ਕੈਨੇਡਾ ਦੇਸ਼ ਭਗਤਾਂ ਵਲੋਂ ਮਦਦ ਆਉਂਦੀ ਸੀ। ਉਨ੍ਹਾਂ ਵਕਤਾਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਨਿਰੋਲ ਲੜਕੀਆਂ ਦੇ ਚਾਰ ਹੀ ਵੱਡੇ ਸਕੂਲ ਸਨ। ਜਿਨ੍ਹਾਂ ਵਿੱਚੋਂ ਦੋ ਮਾਲਵੇ ਵਿੱਚ, ਇੱਕ ਵੱਡਾ ਨੰਗਲ (ਹੁਸ਼ਿਆਰਪੁਰ) ਤੇ ਇੱਕ ਖੁਰਦਪੁਰ (ਜਲੰਧਰ) ਸੀ। ਇੱਥੋਂ ਦੇ ਬਸ਼ਿੰਦੇ ਪਹਿਲਾਂ ਤੋਂ ਹੀ ਪੜਾਕੂ ਰਹੇ ਹਨ। ਪਹਿਲਾਂ-ਪਹਿਲਾਂ ਨਿਰਮਲਾ ਸੰਪਰਦਾ ਦੇ ਗਿਆਨੀ ਸ਼ਮੀਰ ਸਿੰਘ ਅਤੇ ਅਰੁੜ ਸਿੰਘ ਵਗੈਰਾ ਮੁੱਢਲੀ ਪੜ੍ਹਾਈ ਕਰਵਾਉਂਦੇ ਰਹੇ ਤੇ ਫਿਰ ਇੱਕ ਮੁਸਲਮਾਨ ਮੌਲਵੀਂ ਵੀ ਅੱਖਰ ਗਿਆਨ ਦਿੰਦਾ ਰਿਹਾ। ਕੁੜੀਆਂ ਦਾ ਸਕੂਲ ਪਹਿਲਾਂ ਵਰਿਆਮ ਸਿੰਘ ਦੇ ਘਰ ਸ਼ੁਰੂ ਹੋਇਆ ਸੀ। ਮਨੁੱਖੀ ਅਧਿਕਾਰਾਂ ਵਾਲੇ ਜਸਟਿਸ ਅਜੀਤ ਸਿੰਘ ਵੀ ਵੱਡੀ ਭੈਣ ਬੀਬੀ ਗੁਰਮੀਤ ਕੌਰ ਇੱਥੇ ਮਾਸਟਰਨੀ ਲੱਗੀ। ਗਿਆਨੀ ਵਤਨ ਸਿੰਘ ਸਮੇਤ ਕੁਝ ਹੋਰ ਲੋਕਾਂ ਨੇ ਵੀ ਸਕੂਲ ‘ਚ ਦਿਲਚਸਪੀ ਲਈ। ਬੱਬਰ ਲਹਿਰ ਵਾਲੇ ਠਾਕਰ ਸਿੰਘ ਭੋਜੋਵਾਲ ਜਿਹੜਾ ਕਿ ਮਾਸਟਰ ਮੋਤਾ ਸਿੰਘ ਦਾ ਸਜ਼ਾ-ਜ਼ਾਫਤਾ ਨਜ਼ਦੀਕੀ ਸਾਥੀ ਸੀ, ਨੇ ਇੱਥੇ ਅਲਾਟ ਹੋਈ ਆਪਣੀ ਜ਼ਮੀਨ ਦੇਸ਼ ਭਗਤਾਂ ਦੇ ਸ਼ਹੀਦਾਂ ਦੇ ਨਾਂਅ ਉੱਤੇ ਸਕੂਲ ਖੋਲ੍ਹਣ ਹਿੱਤ ਦੇ ਦਿੱਤੀ। ਸ. ਪ੍ਰਤਾਪ ਸਿੰਘ ਕੈਰੋਂ ਅਤੇ ਮਹਿੰਦਰ ਸਿੰਘ ਰੰਧਾਵਾ ਦੇ ਵਿਸ਼ੇਸ਼ ਯਤਨਾਂ ਨਾਲ ਇਸ ਜਗ੍ਹਾ ਖੁੱਲ੍ਹਾ ਸਕੂਲ ਹੁਣ ਇੱਕ ਪ੍ਰਫੁੱਲਤ ਬੂਟਾ ਬਣ ਚੁੱਕਾ ਹੈ ਅਤੇ ਇਸ ਦਾ ਨਾਂਅ ਸ਼ਹੀਦ ਬਲਵੰਤ ਸਿੰਘ ਸ਼ਹੀਦ ਰੰਗਾ ਸਿੰਘ ਖੁਰਦਪੁਰ ਸਕੂਲ ਹੈ।
ਅਜ਼ਾਦੀ ਸੰਗਰਾਮ ਦੇ ਇਤਿਹਾਸ ਵਿੱਚ ਖੁਰਦਪੁਰ ਪਿੰਡ ਦੀ ਮਹੱਤਵਪੂਰਨ ਭੂਮਿਕਾ ਹੈ। ਸੰਨ 1914-15 ਦੀ ਗ਼ਦਰ ਲਹਿਰ ਸਮੇਂ ਇੱਥੋਂ ਦੇ ਦੋ ਦੇਸ਼ ਭਗਤ ਬਲਵੰਤ ਸਿੰਘ ਤੇ ਸ਼ਹੀਦ ਰੰਗਾ ਸਿੰਘ ਵਤਨ ਖਾਤਰ ਫਾਂਸੀ ਚੜੇ ਸਨ। ਲਛਮਣ ਸਿੰਘ ਇੱਕ ਹੋਰ ਗ਼ਦਰੀ ਦੇਸ਼ ਭਗਤ ਸੀ। ਗੁਰਦੁਆਰਾ ਸੁਧਾਰ ਲਹਿਰ ਵਿੱਚ ਵੀ ਇਸ ਨਗਰ ਨੇ ਉੱਘਾ ਯੋਗਦਾਨ ਪਾਇਆ। ਬੱਬਰ ਅਕਾਲੀ ਲਹਿਰ ਦਾ ਇਹ ਇੱਕ ਭਰੋਸੇਯੋਗ ਅੱਡਾ ਸੀ। ਇੱਥੋਂ ਦਾ ਹੀ ਜੋਗਿੰਦਰ ਸਿੰਘ ਉਨ੍ਹਾਂ ਦਾ ਸਿੱਕੇਬੰਦ ਮਦਦਗਾਰ ਸੀ ਜਿਸ ਨੂੰ ਦੇਸ਼ ਭਗਤ ਬੱਬਰ ਅਕਾਲੀਆਂ ਕਾਰਨ ਸਾਢੇ ਤਿੰਨ ਸਾਲ ਕੈਦ ਵੀ ਹੋਈ। ਸੰਨ 1922 ਵਿੱਚ ਪੰਜਾਬ ਵਿੱਚ ਕਾਂਗਰਸ ਵੱਲੋਂ ਆਪਣੇ ਪ੍ਰਭਾਵ ਨੂੰ ਸਰਗਰਮੀ ਨਾਲ ਫੈਲਾਇਆ ਜਾ ਰਿਹਾ ਸੀ, ਤਾਂ ਜਲੰਧਰ ਤੋਂ ਹੁਸ਼ਿਆਰਪੁਰ ਜਾਣ ਵਾਲਾ ਹਰ ਛੋਟਾ-ਵੱਡਾ ਲੀਡਰ ਖੁਰਦਪੁਰ ਵਿਖੇ ਗ਼ਦਰੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਹੀ ਅੱਗੇ ਜਾਂਦਾ ਸੀ। ਇਸ ਤੋਂ ਪਹਿਲਾਂ ਇੱਥੋਂ ਦੇ ਕਾਮਾਗਾਟਾਮਾਰੂ ਦੇ ਮੁਸਾਫਰਾਂ ਉੱਤੇ ਵੀ ਤਸ਼ੱਦਦ ਤੇ ਕੈਦ ਹੋਈ। ਬੱਬਰਾਂ ਦਾ ਇੱਕ ਹੋਰ ਹਮਾਇਤੀ ਊਧਮ ਸਿੰਘ ਖੁਰਦਪੁਰ ਆਖਰੀ ਦਮ ਤੱਕ ਕਮਿਊਨਿਸਟਾਂ ਦਾ ਹਿਤੈਸ਼ੀ ਬਣਿਆ ਰਿਹਾ। ਸ. ਚੰਨਣ ਸਿੰਘ ਖੁਰਦਪੁਰ ਆਦਿ ਨੇ ਦੇਸ਼ ਭਗਤਾਂ ਦੀ ਮਦਦ ਨਾਲ ਤੇ ਉਨ੍ਹਾਂ ਦੀ ਮਦਦ ਕਰਨ ਹਿੱਤ ਦੋਆਬਾ ਰੋਡਵੇਜ ਟਰਾਂਸਪੋਰਟ ਸ਼ੁਰੂ ਕੀਤੀ। ਇੱਥੋਂ ਦੇ ਲੋਕ ਆਦਮਪੁਰ ਦੇ ਹਰ ਕੌਮੀ ਜਲਸੇ ਵਿੱਚ ਹਿੱਸਾ ਲੈਂਦੇ। ਅੰਗਰੇਜ਼ਾਂ ਨੇ ਇੱਥੇ ਲੰਮਾ ਸਮਾਂ ਤਜ਼ੀਰੀ ਚੌਂਕੀ ਬਿਠਾਈ ਰੱਖੀ। ਇਹ ਲੋਕ ਤਸ਼ੱਦਦ ਸਹਿੰਦੇ, ਜੁਰਮਾਨੇ ਭੁਗਤਦੇ, ਪਰ ਨਾ ਝੁਕਦੇ ਅਤੇ ਨਾ ਹੀ ਵਗਾਰ ਭਰਦੇ। ਲਾਹੌਰ ਵਿਖੇ ਕਾਂਗਰਸ ਸੈਸ਼ਨ ਸਮੇਂ ਪੂਰਨ ਅਜ਼ਾਦੀ ਦੀ ਤਹਿਰੀਕ ਦੌਰਾਨ ਇੱਥੋਂ ਦੇ ਵਲੰਟੀਅਰਾਂ ਨੇ ਵਿਲੱਖਣ ਭੂਮਿਕਾ ਨਿਭਾਈ। ਨਿਯਮਾਂ ਦੀ ਉਲੰਘਣਾ ਕਾਰਨ ਇਨ੍ਹਾਂ ਜਵਾਹਰ ਲਾਲ ਨਹਿਰੂ ਤੱਕ ਨੂੰ ਰੋਕ ਲਿਆ, ਜਿਸ ਦੀ ਲੰਮਾ ਸਮਾਂ ਚਰਚਾ ਹੁੰਦੀ ਰਹੀ। ਗੁਰਦੁਆਰਾ ਸੁਧਾਰ ਲਹਿਰ ਤਹਿਤ ਇੱਥੋਂ ਦਾ ਊਧਮ ਸਿੰਘ ਆਨੰਦਪੁਰ ਤੋਂ ਸੱਤ ਸੌ ਮੈਂਬਰਾਂ ਦਾ ਸਭ ਤੋਂ ਵੱਡਾ ਸ਼ਹੀਦੀ ਜਥਾ ਲੈ ਕੇ ਗਿਆ ਸੀ। ਆਪਣੇ ਆਪ ਨੂੰ ਅਜ਼ਾਦ ਘੋਸ਼ਿਤ ਕਰ ਦੇਣਾ, ਅੰਗਰੇਜ਼ ਵਿਰੋਧ ਵਜੋਂ ਕਾਲੀ ਪੱਗੜੀ ਬੰਨ੍ਹਣਾ, ਬਦੇਸ਼ੀ ਵਸਤਾਂ ਦਾ ਬਾਈਕਾਟ ਤੇ ਉਨ੍ਹਾਂ ਦੀ ਹੋਲੀ ਜਲਾਉਣਾ ਵੀ ਖੁਰਦਪੁਰ ਦਾ ਇੱਕ ਹਾਸਲ ਸੀ। ਖੁਰਦਪੁਰ ਸਿਰਮੌਰ ਜੰਗੀ ਘੁਲਾਟੀਆਂ ਦੀ ਭਰਮਣ-ਭੂਮੀ ਵੀ ਰਿਹਾ ਹੈ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ ਕਾਂਗਰਸ ਦੇ ਮਹਾਤਮਾ ਗਾਂਧੀ, ਸ੍ਰੀ ਸੀ.ਆਰ.ਦਾਸ, ਸਵਾਮੀ ਸਤਿਆਦੇਵ, ਹੰਸ ਰਾਜ ਜਲੰਧਰੀ, ਸ੍ਰੀਮਤੀ ਲੱਜਿਆ ਦੇਵੀ ਤੇ ਜਲੰਧਰ-ਹੁਸ਼ਿਆਰਪੁਰ ਦੇ ਕਾਂਗਰਸੀ ਆਗੂ, ਬੱਬਰ ਅਕਾਲੀ ਕਿਸ਼ਨ ਸਿੰਘ ਗੜਗੱਜ, ਮਾਸਟਰ ਮੋਤਾ ਸਿੰਘ ਪਤਾਰਾ ਅਤੇ ਪੰਡੋਰੀ ਨਿੱਜਰਾਂ ਦੇ ਬੱਬਰ ਅਕਾਲੀ, ਅਕਾਲੀ ਆਗੂ ਬਾਬਾ ਖੜਕ ਸਿੰਘ, ਦੇਸ਼ ਭਗਤ ਰਣਧੀਰ ਸਿੰਘ ਨਾਰੰਗਵਾਲ ਸਿੰਘ ਸਭੀਆ, ਗਿਆਨੀ ਗੁਰਦਿੱਤ ਸਿੰਘ ਤੇ ਗ਼ਦਰੀ ਆਗੂਆਂ ਦੇ ਸਾਥੀ। ਅੱਜ ਵੀ ਖੁਰਦਪੁਰ ਨੂੰ 52 ਕੌਮੀ ਪਰਵਾਨਿਆਂ ਦਾ ਨਗਰ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਸੰਖੇਪ ਸੂਚੀ ਹੇਠਾਂ ਲਿਖੇ ਅਨੁਸਾਰ ਹੈ-
- ਗ਼ਦਰ ਪਾਰਟੀ-1 ਸ਼ਹੀਦ ਬਲਵੰਤ ਸਿੰਘ 2. ਸ਼ਹੀਦ ਰੰਗਾ ਸਿੰਘ 3. ਲਛਮਣ ਸਿੰਘ ਕੈਨੇਡੀਅਨ।
- ਕਾਮਾਗਾਟਾਮਾਰੂ-1. ਬਿਧੀ ਸਿੰਘ 2. ਊਧਮ ਸਿੰਘ 3. ਮੇਲਾ ਸਿੰਘ 4. ਸਰੂਪ ਸਿੰਘ। 3. ਆਜ਼ਾਦ ਹਿੰਦ ਫੌਜ-1. ਸ਼ਹੀਦ ਜਗਤ ਸਿੰਘ 2. ਗੁਰਚਰਨ ਸਿੰਘ 3. ਊਧਮ ਸਿੰਘ 4. ਹਰਦਿਆਲ ਸਿੰਘ 5. ਲਛਮਣ ਸਿੰਘ।
- ਬਾਰਾਂ ਪੱਥਰ- ਫੌਜਦਾਰ ਪਿਸ਼ੌਰਾ ਸਿੰਘ।
- ਗੁਰੂ ਕਾ ਬਾਗ ਮੋਰਚਾ-1. ਭਾਈ ਸੰਤਾ ਸਿੰਘ 2. ਹਜ਼ਾਰਾ ਸਿੰਘ, 3. ਹਰੀ ਸਿੰਘ, 4. ਬੋਘ ਸਿੰਘ, 5. ਲਾਲ ਸਿੰਘ 6. ਪ੍ਰਿਥੀਪਾਲ ਸਿੰਘ 7. ਬਾਵਾ ਸਿੰਘ 8. ਮੋਹਣ ਸਿੰਘ।
- ਜੈਤੋ ਮੋਰਚਾ-1. ਜਥੇਦਾਰ ਪ੍ਰਤਾਪ ਸਿੰਘ, 2. ਭਾਈ ਵਰਿਆਮ ਸਿੰਘ 3. ਕਰਤਾਰ ਸਿੰਘ, 4. ਦਲੀਪ ਸਿੰਘ 5. ਪ੍ਰੀਤਮ ਸਿੰਘ 6. ਖੜਕ ਸਿੰਘ 7. ਠਾਕੁਰ ਸਿੰਘ, 8. ਅੱਛਰ ਸਿੰਘ 9. ਲਛਮਣ ਸਿੰਘ, 10. ਦਰਸ਼ਨ ਸਿੰਘ 11. ਹਜ਼ਾਰਾ ਸਿੰਘ 12. ਬੋਧ ਸਿੰਘ
- ਬੱਬਰ ਅਕਾਲੀ ਸਾਥੀ-1. ਜੋਗਿੰਦਰ ਸਿੰਘ 2. ਅੱਛਰ ਸਿੰਘ
- ਕਮਿਊਨਿਸਟ ਇਨਕਲਾਬੀ-1. ਊਧਮ ਸਿੰਘ
- ਪੰਜਾਬੀ ਸੂਬਾ ਮੋਰਚਾ-1. ਹਜ਼ਾਰਾ ਸਿੰਘ, 2. ਬਲਵੰਤ ਸਿੰਘ, 3. ਸ਼ਿੰਗਾਰਾ ਸਿੰਘ, 4. ਭਗਤ ਸਿੰਘ, 5. ਸੋਹਣ ਸਿੰਘ
- ਐਮਰਜੈਂਸੀ-1. ਬਲਵੰਤ ਸਿੰਘ, 2. ਸੰਤਾ ਸਿੰਘ
- ਬਲਿਊ ਸਟਾਰ-1. ਰਾਜੀਵ ਸਿੰਘ
- ਜੰਗੀ ਸ਼ਹੀਦ-1. ਨਾਇਕ ਮਹਿੰਦਰ ਸਿੰਘ 1962, 2. ਸਿਪਾਹੀ ਪਰਜੀਤ ਸਿੰਘ 1967, 3. ਸੂਬੇਦਾਰ ਗੁਰਦਿਆਲ ਸਿੰਘ 1971
- ਸੈਨਾ ਮੈਡਲ-1. ਵੀਰ ਚੱਕਰ ਵਿਜੇਤਾ ਕੈਪਟਨ ਹਰਭਜਨ ਸਿੰਘ, 2. ਨਾਇਬ ਸੂਬੇਦਾਰ ਬਲਦੇਵ ਸਿੰਘ, 3. ਗੁਰਦਿਆਲ ਸਿੰਘ ਫੌਜੀ
- ਜੰਗੀ ਜ਼ਖਮੀ-1. ਆਰ ਟੀ. ਬਚਨ ਸਿੰਘ 1965
- ਵਸ਼ਿਸ਼ਟ ਫੌਜੀ ਸੇਵਾ-1. ਫਲਾਈਟ ਲੈਫਟੀਨੈਂਟ ਦਰਬਾਰਾ ਸਿੰਘ
ਉਕਤ ਵਿੱਚ ਜਿਨ੍ਹਾਂ ਨੇ ਦੇਸ਼ ਦੀ ਜੰਗ-ਏ-ਅਜ਼ਾਦੀ ਵਿੱਚ ਅਤੇ ਹੋਰ ਦੇਸ਼ ਭਗਤ ਤੇ ਕੌਮੀ ਤਹਿਰੀਕਾਂ ਵਿੱਚ ਹਿੱਸਾ ਲਿਆ ਸੀ, ਵਿੱਚ ਉਨ੍ਹਾਂ ਨੂੰ ਤਸ਼ੱਦਦ ਅਤੇ ਸਜ਼ਾਵਾਂ ਦਾ ਸਾਹਮਣਾ ਕਰਨਾ ਪਿਆ।
ਇੱਥੇ ਸਿਰਫ਼ ਗਦਰ ਪਾਰਟੀ ਦੇ ਨਾਇਕਾਂ ਨੂੰ ਹੀ ਸੰਖੇਪ ਥਾਂ ਦਿੱਤੀ ਜਾ ਰਹੀ ਹੈ:-
- ਗ਼ਦਰੀ ਲਛਮਣ ਸਿੰਘ ਖੁਰਦਪੁਰ (ਲਛਮਣ • ਸਿੰਘ ਕੈਨੇਡੀਅਨ) ਸਕਰੂਲੀ ਦੇ ਗ਼ਦਰੀਆਂ ਅਮਰ ਸਿੰਘ ਬਾਵਾ ਸਿੰਘ ਦੀ ਭੂਆ ਦਾ ਪੁੱਤ ਭਰਾ ਸੀ। ਉੱਘੇ ਗ਼ਦਰੀ ਰੁਕਨ ਪੰਡਤ ਬਾਲ ਮੁਕੰਦ ਦਾ ਪਿੰਡ ਵੀ ਸਕਰੂਲੀ (ਹੁਸ਼ਿਆਰਪੁਰ) ਹੀ ਸੀ। ਇਸ ਲਈ ਇਨ੍ਹਾਂ ਦਾ ਜੋੜ ਹੋਣਾ ਸੁਭਾਵਿਕ ਵੀ ਸੀ। ਲਛਮਣ ਸਿੰਘ ਤੇ ਬਾਲ ਮੁਕੰਦ ਉਂਝ ਵੀ 1906 ਵਿੱਚ ਇਕੱਠੇ ਕੈਨੇਡਾ ਆਏ ਸਨ । ਖੁਰਦਪੁਰ ਦਾ ਉੱਘਾ ਇਨਕਲਾਬੀ ਬਲਵੰਤ ਸਿੰਘ ਜੋ ਖਾਲਸਾ ਦੀਵਾਨ ਕੈਨੇਡਾ ਰਾਹੀਂ ਗ਼ਦਰੀ ਤਹਿਰੀਕ ਵਿੱਚ ਸ਼ਾਮਲ ਹੋਇਆ ਸੀ, ਦੇ ਵੀ ਇਹ ਨੇੜੇ ਸਨ। ਪਿੱਛੋਂ ਗ਼ਦਰੀ ਅਮਰ ਸਿੰਘ ਸੰਘਾ ਸਕਰੂਲੀ ਵੀ ਬਾਲ ਮੁਕੰਦ ਸਕਰੂਲੀ ਤੇ ਲਛਮਣ ਸਿੰਘ ਖੁਰਦਪੁਰ ਦੇ ਜਥੇ ਵਿੱਚ ਰਹਿਣ ਲੱਗਾ।
ਲਛਮਣ ਸਿੰਘ ਤੇ ਬਾਲ ਮੁਕੰਦ ਹੁਰੀਂ ਭਾਈ ਭਾਗ ਸਿੰਘ ਭੀਖੀਵਿੰਡ ਤੇ ਬਲਵੰਤ ਸਿੰਘ ਖੁਰਦਪੁਰ ਤੇ ਹੋਰ ਦੇਸ਼ ਭਗਤ ਆਗੂਆਂ ਦੇ ਸਾਥੀ ਸਨ। 1914 ਤੱਕ ਬਹੁਤ ਸਾਰੇ ਦੇਸ਼ ਭਗਤ ਗ਼ਦਰ ਪਾਰਟੀ ਦੀ ਲਲਕਾਰ ਉੱਤੇ ਕਈ ਮੁਲਕਾਂ ਤੋਂ ਭਾਰਤ ਵਿੱਚ ਚਲੇ ਆਏ। ਬੇਲਾ ਸਿੰਘ ਜਿਆਨ ਨੇ ਜਸੂਸ ਹਾਪਕਿਨਸਨ ਅਤੇ ਗੋਰੀ ਸਰਕਾਰ ਦੀ ਸ਼ਹਿ ‘ਤੇ ਵੈਨਕੂਵਰ ਰਹਿ ਕੇ ਦੇਸ਼ ਭਗਤਾਂ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਕੀਮ ਬਣਾ ਲਈ। 6 ਸਤੰਬਰ 1914 ਵਾਲੇ ਦਿਨ ਵੇਲਾ ਸਿੰਘ ਨੇ ਭਾਗ ਸਿੰਘ ਤੇ ਬਤਨ ਸਿੰਘ (ਦਲੇਲ ਸਿੰਘ ਵਾਲਾ) ਨੂੰ ਗੁਰਦੁਆਰੇ ‘ਚ ਸ਼ਹੀਦ ਕਰ ਦਿੱਤਾ। ਅਕਤੂਬਰ 1914 ਨੂੰ ਮੇਵਾ ਸਿੰਘ ਗ਼ਦਰੀ ਨੇ ਹਾਪਕਿਨਸਨ ਨੂੰ ਕੋਰਟ ਵਿੱਚ ਹੀ ਗੋਲੀ ਮਾਰ ਦਿੱਤੀ ਜਿਸ ਕਾਰਨ 11 ਜਨਵਰੀ 1915 ਨੂੰ ਮੇਵਾ ਸਿੰਘ ਨੂੰ ਸ਼ਹੀਦੀ ਫਾਂਸੀ ਦੇ ਦਿੱਤੀ ਗਈ। ਬਲਵੰਤ ਸਿੰਘ ਖੁਰਦਪੁਰ ਵੀ ਭਾਰਤ ਕੂਚ ਕਰ ਚੁੱਕਾ ਸੀ। ਲਛਮਣ ਸਿੰਘ ਦੇਸ਼ ਭਗਤਾਂ ਵਿੱਚੋਂ ਰਹਿ ਗਿਆ ਸੀ। ਇਸ ਉੱਤੇ ਬੈਲਾ ਸਿੰਘ ਤੇ ਉਸ ਦੇ ਹੱਥ ਠੋਕਿਆਂ ਨੇ 16 ਅਪ੍ਰੈਲ 1915 ਨੂੰ ਵੈਨਕੂਵਰ ਵਿੱਚ ਇੱਕ ਜਾਨਲੇਵਾ ਹਮਲਾ ਕੀਤਾ ਸੀ, ਪਰ ਉਹ ਬਚ ਗਿਆ। ਬੇਲਾ ਸਿੰਘ ਨੂੰ ਭਾਗ ਸਿੰਘ ਤੇ ਵਤਨ ਸਿੰਘ ਨੂੰ ਕਤਲ ਕਰਨ ਦੇ ਕੇਸ ਵਿੱਚ ਸਰਕਾਰੀ ਘੁਣਤਰਾਂ ਕਾਰਨ ਕੋਈ ਸਜ਼ਾ ਨਹੀਂ ਸੀ ਹੋਈ, ਪਰ ਲਛਮਣ ਸਿੰਘ ਖੁਰਦਪੁਰ ਨੂੰ ਮਾਰ ਮੁਕਾਉਣ ਦੇ ਕੇਸ ਵਿੱਚ 12 ਜੂਨ 1915 ਨੂੰ ਬੇਲਾ ਸਿੰਘ ਤੇ ਭਗਤ ਸਿੰਘ ਨੂੰ ਇੱਕ ਸਾਲ ਦੀ ਸਜ਼ਾ ਹੋਈ। ਨੈਣਾ ਸਿੰਘ ਤੇ ਸੇਵਾ ਸਿੰਘ ਨੂੰ ਛੇ ਮਹੀਨੇ ਦੀ ਕੈਦ ਹੋਈ। ਬਾਅਦ ਵਿੱਚ ਬੇਲਾ ਸਿੰਘ ਨੂੰ ਡਿਪੋਰਟ ਕਰ ਦਿੱਤਾ ਗਿਆ। ਲਛਮਣ ਸਿੰਘ ਉਸ ਵਕਤ ਤੱਕ ਦੂਜੀ ਕਤਾਰ ਦਾ ਆਗੂ ਸੀ, ਪਰ ਗ਼ਦਰੀ ਆਗੂਆਂ ਦੇ ਭਾਰਤ ਨੂੰ ਇਨਕਲਾਬ ਕਰਨ ਲਈ ਚਲੇ ਜਾਣ ਕਾਰਨ ਪੈਦਾ ਹੋਏ ਖਲਾਅ ਤਹਿਤ ਅਤੇ ਬੇਲਾ ਸਿੰਘ ਗੈਂਗ ਦੀਆਂ ਕਰਤੂਤਾਂ ਕਾਰਨ ਗ਼ਦਰ ਪਾਰਟੀ ਨੂੰ ਮੁੜ ਸਰਗਰਮ ਕਰਨ ਲਈ ਜੂਝਣਾ ਪਿਆ, ਜਿਸ ਵਿੱਚ ਉਸ ਦਾ ਸਕਰੂਲੀ ਭਰਾਵਾਂ ਨੇ ਵੀ ਸਾਥ ਦਿੱਤਾ। ਗ਼ਦਰ ਤਹਿਰੀਕ ਫੇਲ੍ਹ ਹੋ ਜਾਣ ਉਪਰੰਤ ਵੀ ਲਛਮਣ ਸਿੰਘ ਖੁਰਦਪੁਰ ਪੰਜਾਬ ਗੇੜਾ ਮਾਰਨ ਲੱਗਾ, ਜਿੱਥੇ ਉਸ ਦਾ ਮੇਲ-ਜੋਲ ਨੈਸ਼ਨਲ ਤਹਿਰੀਕ ਨਾਲ ਜੁੜ ਗਿਆ। ਉਸ ਨੇ ਵਿੱਦਿਆ ਦੇ ਪ੍ਰਸਾਰ ਵਿੱਚ ਅਤੇ ਗ਼ਦਰੀ ਸ਼ਹੀਦ ਸੂਰਮਿਆਂ ਦੇ ਪਰਿਵਾਰਾਂ ਵਿੱਚ ਵੀ ਦਿਲਚਸਪੀ ਲਈ, ਕਿਹਾ ਜਾਂਦਾ ਹੈ ਕਿ 1936 ਵਿੱਚ ਗ਼ਦਾਰ ਬੇਲਾ ਸਿੰਘ ਜਿਆਨ ਨੂੰ ਕਤਲ ਕਰਨ ਵਾਲੇ ਸੂਰਮਿਆਂ ਮਗਰ ਟੇਢੇ ਢੰਗ ਨਾਲ ਉਸ ਦਾ ਵੀ ਹੱਥ ਸੀ। ਜਦ ਵੀ ਉਹ ਆਉਂਦਾ ਅੰਗਰੇਜ਼ ਪੁਲਿਸ ਦੀ ਸੂਹੀਆ ਨਿਗਰਾਨੀ ਹੇਠ ਹੁੰਦਾ। ਅਕਸਰ ਹੀ ਬਹੁਤੇ ਕੌਮੀ ਆਗੂ ਜੂਹਬੰਦ ਕਰ ਦਿੱਤੇ ਜਾਂਦੇ, ਪਰ ਲਛਮਣ ਸਿੰਘ ਨੂੰ ਕਮਰ ਬੰਦ ਕੀਤਾ ਗਿਆ ਅਰਥਾਤ ਹਰ ਵਕਤ ਇੱਕ ਤੇਜ਼ ਤਰਾਰ ਸਿਪਾਹੀ ਉਸ ਨਾਲ ਲਾਇਆ ਜਾਂਦਾ। ਭਾਵੇਂ ਗ਼ਦਰੀ ਤਹਿਰੀਕ ਉਪਰੰਤ ਉਸ ਦਾ ਹਥਿਆਰਬੰਦ ਇਨਕਲਾਬ ਤੋਂ ਮੋਹ ਭੰਗ ਹੋ ਗਿਆ, ਪਰ ਉਹ ਅਜ਼ਾਦੀ ਤਹਿਰੀਕ ਦੀ ਹਰ ਸੰਭਵ ਢੰਗ ਨਾਲ ਮਦਦ ਕਰਦਾ ਰਿਹਾ। ਯੋਰਪੀਅਨ ਹੋ ਜਾਣ ਦੇ ਬਾਵਜੂਦ ਉਹ ਸਾਰੀ ਉਮਰ ਖੱਦਰਧਾਰੀ ਰਿਹਾ ਜੋ ਕਿ ਨੈਸ਼ਨਲ ਕਰੈਕਟਰ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ।
- ਸ਼ਹੀਦ ਰੰਗਾ ਸਿੰਘ ਉਰਫ਼ ਰੋਡਾ ਸਿੰਘ- ਉੱਘੇ ਦੇਸ਼ ਭਗਤ ਤੇ ਲੰਮੀ ਸਜ਼ਾਜ਼ਾਫਤਾ ਸਾਥੀ ਹਰਭਜਨ ਸਿੰਘ ਚਮਿੰਡਾ (ਲੁਧਿਆਣਾ) ਲਿਖਦੇ ਹਨ-
“ਰੰਗਾ ਰੰਗ ਦੇ ਹੈਨ ਇਨਸਾਨ ਭਾਵੇਂ, ਰੰਗਾ ਸਿੰਘ ਅਨੋਖੜੀ ਸ਼ਾਨ ਦਾ ਸੀ। ਸ਼ੇਰੇ-ਮਰਦ ਕਹਿੰਦੇ ਇਹਨੂੰ ਪੁਲਿਸ ਵਾਲੇ ਭੌ ਰੱਖਦਾ ਨਾ ਕਿਸੇ ਖਾਨ ਦਾ ਸੀ। ਦੋ ਚਾਰ ਛੇ ਸਾਲ ਦੀ ਕੈਦ ਤਾਂਈ, ਹੱਤਕ ਆਪਦੀ ਇਹ ਸੋਹਣਾ ਜਾਣਦਾ ਸੀ। ਦਿਨੇ ਰਾਤ ਸਾਥੀ ਇਹਦੇ ਦਿਲ ਅੰਦਰ, ਰਹੇ ਚਉ ਸ਼ਹੀਦੀਆਂ ਪਾਉਣ ਦਾ ਸੀ, ਹੋਰ ਵਿਸਥਾਰ ‘ਚ ਉਹ ਲਿਖਦੇ ਹਨ ਕਿ ਭਾਵੇਂ ਇਹ ਵੀਰ ਦੁਆਬੇ ਦੇ ਸਨ, ਪਰ ਇਨ੍ਹਾਂ ਦਾ ਜੁੱਟ ਭਾਈ ਉੱਤਮ ਸਿੰਘ ਹਾਂਸ (ਲੁਧਿਆਣਾ) ਤੇ ਭਾਈ ਈਸ਼ਰ ਸਿੰਘ ਢੁੱਡੀਕੇ (ਮੋਗਾ) ਦੇ ਨਾਲ ਰਿਹਾ ਹੈ। ਇਹ ਸੱਜਣ ਬਹੁਤ ਦਲੇਰ ਤੇ ਦ੍ਰਿੜ ਵਿਸ਼ਵਾਸ਼ੀ ਸੀ, ਜਿਸ ਦੀ ਤਾਰੀਫ਼ ਭਰੀ ਕਚਹਿਰੀ ਵਿੱਚ ਹਕੀਮ ਇਕਰਅਲ ਹੱਕ ਇੰਸਪੈਕਟਰ ਸੀ. ਆਈ. ਡੀ. ਨੇ ਵੀ ਕੀਤੀ। ਰੋਡਾ ਸਿੰਘ ਉਰਫ਼ ਰੰਗਾ ਸਿੰਘ ਖੁਰਦਪੁਰ ਵਤਨ ਪਰਤਿਆ ਪ੍ਰਵਾਸੀ ਸੀ, ਜਿਹੜਾ ਕੁਝ ਵਰ੍ਹੇ ਕੈਲੇਫੋਰਨੀਆ (ਅਮਰੀਕਾ) ਵਿੱਚ ਰਿਹਾ। ਪੰਜਾਬ ਆ ਕੇ ਉਸ ਨੇ ਬਹੁਤ ਸਾਰੀਆਂ ਇਨਕਲਾਬੀ ਮੀਟਿੰਗਾਂ ਵਿੱਚ ਹਿੱਸਾ ਲਿਆ। ਉਸ ਨੇ ਜ਼ੈਲਦਾਰ ਚੰਦਾ ਸਿੰਘ ਨੰਗਲ ਕਲਾਂ (ਹੁਸ਼ਿਆਰਪੁਰ) ਨੂੰ, ਜਿਸ ਉੱਤੇ ਗ਼ਦਰੀ ਪਿਆਰਾ ਸਿੰਘ ਲੰਗੇਰੀ ਨੂੰ ਫੜਵਾਉਣ ਦਾ ਵੀ ਦੋਸ਼ ਸੀ, ਨੂੰ ਆਪਦੇ ਸਾਥੀਆਂ (ਸ. ਜਵੰਦ ਸਿੰਘ ਨੰਗਲ ਕਲਾਂ, ਬੰਤਾ ਸਿੰਘ ਸੰਘਾਵਾ, ਬੂਟਾ ਸਿੰਘ ਅਕਾਲਗੜ੍ਹ ਆਦਿ) ਨਾਲ ਕਤਲ ਕਰਨ ਦਾ ਦੋਸ਼ ਲੱਗਾ। ਉਹ ਕਪੂਰਥਲੇ ਦੇ ਅਸਲਾਖਾਨਾ ਦੇ ਉੱਤੇ 6 ਜੂਨ 1915 ਦੇ ਹਮਲੇ ਵਿੱਚ ਵੀ ਸ਼ਾਮਲ ਸੀ, ਜਿੱਥੋਂ ਗਦਰ ਲਈ ਹਥਿਅਰ ਲੁੱਟਣੇ ਸਨ। ਉਸ ਨੂੰ ਵੱਲਾ ਪੁਲ (ਅੰਮ੍ਰਿਤਸਰ) ਸਾਕੇ ਵਿੱਚ ਵੀ ਹਥਿਆਰ ਲੁੱਟਣ ਲਈ ਪੁੱਲ ਉੱਤੇ ਤਾਇਨਾਤ ਫੌਜੀ ਟੁਕੜੀ ਉੱਤੇ ਹਮਲਾ ਕਰਨ ਦਾ ਦੋਸ਼ੀ ਮੰਨਿਆ ਗਿਆ। ਦਰਅਸਲ ਉਸ ਵਿੱਚ ਉਹ ਸ਼ਾਮਲ ਨਹੀਂ ਸੀ, ਪਰ ਉਸ ਦੇ ਗ਼ਦਰੀ ਸਾਥੀ ਚੰਨਣ ਸਿੰਘ ਬੂੜਚੰਦ, ਆਤਮਾ ਸਿੰਘ ਤੇ ਹਰਨਾਮ ਸਿੰਘ ਠੱਠੀਖਾਰਾ, ਬੰਤਾ ਸਿੰਘ ਸੰਘਵਾਲ, ਜਾਵੰਦ ਸਿੰਘ ਨੰਗਲ ਕਲਾਂ ਤੇ ਕਾਲਾ ਸਿੰਘ ਜਗਤਪੁਰ, ਬਚਨ ਸਿੰਘ ਢੁੱਡੀਕੇ, ਰੂੜ ਸਿੰਘ ਤਲਵੰਡੀ ਦੁਸਾਂਝ ਤੇ ਪਰੇਮ ਸਿੰਘ ਸ਼ਾਮਲ ਸਨ। ਹਾਂ ਕਪੂਰਥਲੇ ਦੇ ਹਮਲੇ ਸਮੇਂ ਉਹ ਪਰੇਮ ਸਿੰਘ, ਬੰਤਾ ਸਿੰਘ ਸੰਘਵਾਲ, ਜਵੰਦ ਸਿੰਘ ਨੰਗਲ ਕਲਾ, ਨਿਰੰਜਣ ਸਿੰਘ ਪੰਡੋਰੀ ਲੱਧਾ ਸਿੰਘ, ਅਮਰ ਸਿੰਘ ਉਸਮਾਨਪੁਰ, ਉੱਤਮ ਸਿੰਘ ਹਾਂਸ, ਬੂਟਾ ਸਿੰਘ ਅਕਾਲਗੜ੍ਹ, ਕਾਲਾ ਸਿੰਘ ਜਗਤਪੁਰ, ਚੰਨਣ ਸਿੰਘ ਬੂੜਚੰਦ, ਰੂੜ ਸਿੰਘ ਤਲਵੰਡੀ ਦੁਸਾਂਝ, ਰਿਸ਼ਨ ਸਿੰਘ ਵਰਪਾਲ, ਮਹਿੰਦਰ ਸਿੰਘ, ਈਸ਼ਰ ਸਿੰਘ ਤੇ ਸ਼ਾਮ ਸਿੰਘ ਢੁੱਡੀਕੇ, ਰਾਮ ਸਿੰਘ ਫੁਲੈਵਾਲ, ਅਰਜਨ ਸਿੰਘ ਸਹਿਜਭਾਈ, ਹਰੀਦੱਤ ਸਿੰਘ, ਅਰਜਨ ਸਿੰਘ ਸਲੋਤਰੀ ਅਤੇ ਬੀਰ ਸਿੰਘ ਬਾਹੋਵਾਲ ਆਦਿ ਸਮੇਤ ਸ਼ਾਮਲ ਸੀ। ਰੰਗਾ ਸਿੰਘ ਹੋਰ ਵੀ ਬਹੁਤ ਸਾਰੀਆਂ ਦਲੇਰਾਨਾ ਕਾਰਵਾਈਆਂ ਅਤੇ ਪ੍ਰਚਾਰ ਪ੍ਰਸਾਰ ਮੁਹਿੰਮਾਂ ‘ਚ ਸ਼ਾਮਲ ਰਿਹਾ। ਇਹ ਮਹਾਂ ਗ਼ਦਰੀ ਹੋਤੀ ਮਰਦਾਨ (ਹੁਣ ਪਾਕਿਸਤਾਨ) ਵਿੱਚ ਹਥਿਆਰਾਂ ਸਮੇਤ ਫੜਿਆ ਗਿਆ। ਉਨ੍ਹਾਂ ਉੱਤੇ ਪਹਿਲੇ ਲਾਹੌਰ ਸਪਲੀਮੈਂਟ ਸਾਜ਼ਿਸ਼ ਕੇਸ ਤਹਿਤ ਮੁਕੱਦਮਾ 925 ਅਕਤੂਬਰ 1915 ਤੋਂ 30 ਮਾਰਚ 1916 ਤੱਕ) ਚਲਾ ਕੇ 18 ਜੂਨ 1916 ਨੂੰ ਸਾਥੀਆਂ ਸਮੇਤ ਭਾਈ ਬੀਰ ਸਿੰਘ ਬਾਹੋਵਾਲ, ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਰੂੜ ਸਿੰਘ ਤਲਵੰਡੀ ਦੁਸਾਂਝ ਭਾਈ ਉੱਤਮ ਸਿੰਘ ਹਾਂਸ ਅਤੇ ਕੁਝ ਇਤਿਹਾਸਕਾਰਾਂ ਮੁਤਾਬਕ ਭਾਈ ਹੀਰਾ ਸਿੰਘ ਚਰੜ ਵੀ) ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
- ਵੀਰਾਂਗਣਾ ਬੀਬੀ ਕਰਤਾਰ ਕੌਰ ਖੁਰਦਪੁਰ : ਕੈਨੇਡਾ ਵਿੱਚ ਟੱਬਰ ਮੰਗਵਾਉਣ ਦੇ ਸੰਘਰਸ਼ ਦੇ ਹਿੱਸੇ ਵਜੋਂ ਖਾਲਸਾ ਦੀਵਾਨ ਸੁਸਾਇਟੀ ਦੇ ਕਰਤਾ ਧਰਤਾ ਭਾਈ ਭਾਗ ਸਿੰਘ ਭੀਖੀਵਿੰਡ ਤੇ ਭਾਈ ਬਲਵੰਤ ਸਿੰਘ ਖੁਰਦਪੁਰ 1909 ਦੇ ਅਖੀਰ ਤੇ 1910 ਦੇ ਸ਼ੁਰੂ ‘ਚ ਆਪਣੇ ਟੱਬਰ ਲਿਆਉਣ ਵਾਸਤੇ ਭਾਰਤ ਗਏ ਸਨ। ਕਾਫੀ ਦੇਰ ਦੀ ਖੱਜਲ-ਖੁਆਰੀ ਉਪਰੰਤ 21 ਜਨਵਰੀ 1912 ਨੂੰ ਭਾਈ ਖੁਰਦਪੁਰ ਦੀ ਜੀਵਨ ਸੰਗਣੀ ਬੀਬੀ ਕਰਤਾਰ ਕੌਰ ਆਪਣੀਆਂ ਦੋ ਨਿੱਕੜੀਆਂ ਧੀਆਂ ਊਧਮ ਕੌਰ ਤੇ ਨਿਰੰਜਣ ਕੌਰ ਵਰਾਸਤਾ ਹਾਂਗਕਾਂਗ ਵੈਨਕੂਵਰ ਪੁੱਜੀ। ਉਨ੍ਹਾਂ ਦੇ ਨਾਲ ਭਾਈ ਭਿੱਖੀਵਿੰਡ ਦੀ ਪਤਨੀ ਬੀਬੀ ਹਰਨਾਮ ਕੌਰ ਆਪਣੇ ਲੜਕੇ ਜੋਗਿੰਦਰ ਸਿੰਘ ਜੋ ਹਾਂਗਕਾਂਗ ਮੁਕਾਮ ਸਮੇਂ ਪੈਦਾ ਹੋਇਆ ਸੀ, ਸਮੇਤ ਪੁੱਜੀ। ਇਨ੍ਹਾਂ ਦੋਹਾਂ ਔਰਤਾਂ ਨੂੰ ਕੈਨੇਡਾ ਵਿੱਚ ਰੱਖਣ ਲਈ ਬਹੁਤ ਜੱਦੋ-ਜਹਿਦ ਕਰਨੀ ਪਈ। ਸਰਕਾਰ ਨੇ ਰਹਿਮਦਿਲੀ ਕਹਿ ਕੇ ਠਹਿਰਣ ਦੀ ਆਗਿਆ ਤਾਂ ਦੇ ਦਿੱਤੀ ਪਰ ਕਾਨੂੰਨ ਨਹੀਂ ਸੀ ਟੁੱਟਾ। ਬਾਅਦ ਵਿੱਚ ਭਾਈ ਹੀਰਾ ਸਿੰਘ ਆਪਣੀ ਬੀਵੀ ਅਤੇ ਤਿੰਨ ਸਾਲਾਂ ਬੱਚੀ ਨਿਰੰਜਣ ਕੌਰ ਸਮੇਤ ਉੱਥੇ ਪਹੁੰਚਿਆ। ਖੁਰਦਪੁਰ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੀ ਇੱਕ ਨੂੰਹ ਧੀ ਨੇ ਸਭ ਤੋਂ ਪਹਿਲਾਂ ਗੈਰ ਮਨੁੱਖੀ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਕੈਨੇਡਾ ਦੀ ਧਰਤੀ ਉੱਤੇ ਪਹਿਲੀ ਭਾਰਤੀ ਔਰਤ ਵਜੋਂ ਪੈਰ ਧਰਿਆ। ਇਹੀ ਨਹੀਂ ਉਸ ਦੇ ਪੇਟੋਂ ਉੱਥੇ ਜਨਮ ਲੈਣ ਵਾਲਾ ਹਰਦਿਆਲ ਸਿੰਘ ਅਟਵਾਲ ਵੀ ਅਜਿਹਾ ਪਹਿਲਾ ਭਾਰਤੀ ਮਰਦ ਸੀ। ਜਿਸ ਨੂੰ ਅਕਸਰ ਭਾਰਤੀ ਇਕੱਠਾਂ ਵਿੱਚ ਸਿਰਫ਼ ਇਸ ਕਰਕੇ ਹੀ ਨਹੀਂ ਸੀ ਲਿਜਾਇਆ ਜਾਂਦਾ ਕਿ ਉਹ ਗ਼ਦਰੀ ਸ਼ਹੀਦ ਬਲਵੰਤ ਸਿੰਘ ਖੁਰਦਪੁਰ ਦਾ ਬੇਟਾ ਹੈ, ਬਲਕਿ ਇਸ ਕਰਕੇ ਵੀ ਕਿ ਉਹ ਉੱਥੇ ਜਨਮ ਲੈਣ ਵਾਲਾ ਪਹਿਲਾ ਭਾਰਤੀ ਸੀ।
ਬੀਬੀ ਕਰਤਾਰ ਕੌਰ ਤੋਂ ਕਿਤੇ ਪਹਿਲਾਂ ਬੀਬੀ ਧੰਨ ਕੌਰ ਪਤਨੀ ਬੰਤਾ ਸਿੰਘ ਰਿਆਇਤੀ ਕਾਨੂੰਨ ਤਹਿਤ 1906 ਵਿੱਚ ਕੈਨੇਡਾ ਦੀ ਧਰਤੀ ਉੱਤੇ ਪੈਰ ਧਰ ਚੁੱਕੀ ਸੀ ਅਤੇ ਫਿਰ ਕਿਤੇ ਬਾਅਦ ‘ਚ ਹਾਕਮ ਸਿੰਘ ਹੁੰਦਲ ਦੀ ਮਾਤਾ ਬਿਸ਼ਨ ਕੌਰ ਉਸ ਦੇ ਚਾਰ ਬੱਚਿਆਂ ਸਮੇਤ ਜੁਲਾਈ 1913 ਨੂੰ ਵੈਨਕੁਵਰ ਪੁੱਜੀ।
30 ਜਨਵਰੀ 1914 ਨੂੰ ਬੀਬੀ ਹਰਨਾਮ ਕੌਰ ਦਾ ਇੱਕ ਬੱਚੀ ਕਰਮ ਕੌਰ ਨੂੰ ਜਨਮ ਤੋਂ ਹਫ਼ਤਾ ਕੁ ਬਾਅਦ ਹੀ ਦੇਹਾਂਤ ਹੋ ਗਿਆ। ਹਸਨ ਰਹੀਮ ਨੇ ਆਪਣੇ ਪਰਚੇ ‘ਦਿ ਹਿੰਦੋਸਤਾਨੀ’ ਦੇ ਪਹਿਲੀ ਮਾਰਚ 1914 ਦੇ ਮਾਸਿਕ ਅੰਕ ਵਿੱਚ ਇਸ ਦੁਖਾਂ ਦੀ ਮਾਰਮਿਕ ਖ਼ਬਰ ਛਾਪਦੇ ਹੋਏ ਮਾਣ ਜ਼ਾਹਰ ਕੀਤਾ ਕਿ ਭਾਈ ਭਾਗ ਸਿੰਘ ਦੀ ਇਸ ਮਸ਼ੋਰ ਬੱਚੀ ਸਮੇਤ ਉਸ ਦੇ ਪਹਿਲੇ ਬੇਟੇ ਦੀ ਪਾਲਣਾ-ਪੋਸ਼ਣਾ ਦਾ ਜਿੰਮਾ ਬੀਬੀ ਕਰਤਾਰ ਕੌਰ ਖੁਰਦਪੁਰ ਨੇ ਆਪਣੇ ਜ਼ਿੰਮੇ ਲੈ ਕੇ ਇੱਕ ਬਹੁਤ ਹੀ ਨੇਕ ਕਾਰਜ ਕੀਤਾ ਹੈ। ਗੁਰਦੁਆਰਾ ਵੈਨਕੂਵਰ ਦੇ ਕਾਰਵਾਈ ਰਜਿਸਟਰ ਵਿੱਚ ਬੀਬੀ ਹਰਨਾਮ ਕੌਰ ਦੀ ਮੌਤ, ਉਸ ਦੀ ਇਤਿਹਾਸਿਕ ਵਸੀਅਤ ਸਮੇਤ ਇਹ ਮਤਾ ਵੀ ਦਰਜ ਹੈ ਕਿ ਖਾਲਸਾ ਦੀਵਾਨ ਸੁਸਾਇਟੀ ਭਾਈ ਭਾਗ ਸਿੰਘ ਦੇ ਦੋਵੇਂ ਬੱਚਿਆਂ ਦੇ ਪਾਲਣ-ਪੋਸ਼ਣ ਦਾ ਬੰਦੋਬਸਤ ਕਰੇਗੀ, ਪਰ ਭਾਈ ਖੁਰਦਪੁਰ ਦੀ ਪਤਨੀ ਬੀਬੀ ਕਰਤਾਰ ਕੌਰ ਨੇ ਸਵੈ ਇੱਛਾ ਨਾਲ ਹੀ ਇਹ ਜ਼ਿੰਮੇਵਾਰੀ ਚੁੱਕ ਲਈ ਸੀ, ਜਿਸ ਨੂੰ ਭਾਈ ਭਿੱਖੀਵਿੰਡ ਨੇ ਵੀ ਪ੍ਰਵਾਨ ਕਰ ਲਿਆ ਸੀ।
ਪਤੀ ਭਾਈ ਬਲਵੰਤ ਸਿੰਘ ਖੁਰਦਪੁਰ ਦੀ ਸ਼ਹੀਦੀ ਵੇਲੇ ਉਹ ਭਾਰਤ ਵਿੱਚ ਸੀ, ਪਰ ਇਹ ਵੀਰਾਂਗਣ ਬਿਲਕੁਲ ਨਾ ਡੋਲੀ ਅਤੇ ਨਾ ਹੀ ਆਪਣੇ ਮਾਰਗ ਤੋਂ ਥਿੜਕੀ। ਮੁੜ ਕੈਨੇਡਾ ਪਹੁੰਚਣ ਉਪਰੰਤ ਉਹ ਫਿਰ ਹਰ ਸੰਭਵ ਮਦਦ ਨਾਲ ਸਾਂਝੀਆਂ ਲਹਿਰਾਂ ਅਤੇ ਵਤਨ ਦੀ ਅਜ਼ਾਦੀ ਵਿੱਚ ਹਿੱਸਾ ਪਾਉਣ ਲੱਗੀ।
- ਭਾਈ ਬਲਵੰਤ ਸਿੰਘ : ਜਦ ਉੱਤਰੀ ਅਮਰੀਕਾ ਵਿੱਚ ਗ਼ਦਰ ਪਾਰਟੀ ਬਣੀ
ਤਾਂ ਕੈਨੇਡਾ ਦੇ ਹਿੰਦੋਸਤਾਨ ਵੀ ਰੂਸ ਦੇ ਸੱਦੇ ਉੱਤੇ ਆਪਣੀਆਂ ਜਾਇਦਾਦਾਂ ਤੇ ਕੰਮਾਂ ਕਾਰਾਂ ਨੂੰ ਸਮੇਟ ਕੇ ਬਰਤਾਨਵੀਂ ਸਾਮਰਾਜ ਵਿਰੁੱਧ ਹਿੰਦੋਸਤਾਨ ਦੀ ਅਜ਼ਾਦੀ ਲਈ ਵਿੱਢੀ ਜੰਗ ਵਿੱਚ ਕੁੱਦ ਪਏ। ਉਨ੍ਹਾਂ ਵਿੱਚੋਂ ਇੱਕ ਸਿਰਮੋਰ ਆਗੂ ਤੇ ਕਾਰਕੁੰਨ ਸੀ ਸ. ਬਲਵੰਤ ਸਿੰਘ ਖੁਰਦਪੁਰ।
ਹੋਰਨਾਂ ਵਾਂਗ ਬਲਵੰਤ ਸਿੰਘ ਖੁਰਦਪੁਰ ਵੀ ਆਪਣੀ ਪਰਿਵਾਰ ਦੀ ਬੇਹਤਰ ਜ਼ਿੰਦਗੀ ਅਤੇ ਰੋਜ਼ੀ-ਰੋਟੀ ਦੀ ਭਾਲ ਵਿੱਚ 1906 ਵਿੱਚ ਕੈਨੇਡਾ ਪਹੁੰਚਿਆ। ਥੋੜ੍ਹੇ ਸਮੇਂ ਵਿੱਚ ਹੀ ਉਹ ਵੀਹਵੀਂ ਸਦੀ ਦੇ ਸ਼ੁਰੂ ‘ਚ ਸਥਾਪਿਤ ਕੈਨੇਡੀਅਨ ਗੁਰਦੁਆਰੇ ਅਤੇ ਖਾਲਸਾ ਦੀਵਾਨ ਸੁਸਾਇਟੀ ਵਿੱਚ ਆਪਣੀ ਸੂਝ, ਸਿਆਣਪ ਅਤੇ ਮਨੁੱਖੀ ਦਰਦ ਤਹਿਤ ਮੁੱਖ ਗ੍ਰੰਥੀ ਅਤੇ ਮੀਤ ਸੇਵਕ ਥਾਪਿਆ ਗਿਆ।
ਵੈਨਕੂਵਰ ਸਥਿਤ ਇਹ ਗੁਰਦੁਆਰਾ ਵਤਨਪ੍ਰਸਤਾਂ ਦਾ ਗੜ੍ਹ ਵੀ ਬਣਨ ਲੱਗਾ, ਜਿਸ ਕਰਕੇ ਬਲਵੰਤ ਸਿੰਘ ਦਾ ਮੇਲ-ਜੋਲ ਹੋਰ ਕੌਮੀ ਪ੍ਰਵਾਨਿਆਂ ਤੇ ਆਗੂਆਂ ਨਾਲ ਜੁੜਿਆ। ਸੰਨ 1906-1907 ਵਿੱਚ ਉਸ ਦਾ ਸੰਬੰਧ ਸ੍ਰੀ ਰਾਮ ਨਾਥ ਪੁਰੀ ਦੀ ਵੱਲੋਂ ਹਿੰਦੋਸਤਾਨ ਐਸੋਸੀਏਸ਼ਨ ਨਾਲ ਜੁੜਿਆ, ਜਿਹੜੀ ਕਿ ‘ਸਰਕੂਲਰ-ਇ-ਅਜ਼ਾਦੀ’ ਨਾਮਕ ਛੋਟੀ ਹਫਤਾਵਾਰ ਅਖ਼ਬਾਰ ਵੀ ਕੱਢਦੀ ਸੀ। ਅਸੀਂ ਬਾਦਸ਼ਾਹ ਨੂੰ ਰੱਬ ਦਾ ਭੇਜਿਆ ਨੁਮਾਇੰਦਾ ਨਹੀਂ ਮੰਨਦੇ। ਸਾਨੂੰ ਇਸ ਗੱਲ ਦਾ ਗਿਆਨ ਹੋ ਗਿਆ ਹੈ ਕਿ ਬਾਦਸ਼ਾਹ ਨੂੰ ਤਖ਼ਤ ਉੱਤੇ ਬਿਠਾਉਣ ਜਾਂ ਲਾਹੁਣ ਦਾ ਹੱਕ ਲੋਕਾਂ ਕੋਲ ਹੈ ਆਦਿ ਦੀ ਵੰਨਗੀ ਵਾਲੇ ਛਪੇ ਲੇਖ ਖੁਰਦਪੁਰੀ ਨੂੰ ਬਹੁਤ ਟੁੰਬਦੇ। ਫਿਰ ਉਸ ਦਾ ਸਾਥ ਇਨਕਲਾਬੀ ਤਾਰਕ ਨਾਥ ਦਾਸ ਦੇ ਯੂਨਾਈਟਡ ਇੰਡੀਆ ਹਾਊਸ ਨਾਲ ਵੀ ਜੁੜਿਆ, ਜਿਹੜੀ ਕਿ ‘ਫਰੀ ਹਿੰਦੋਸਤਾਨ’ ਨਾਮਕ ਮਾਸਕ ਕਿਤਾਬਚਾ ਵੀ ਛਾਪਦਾ ਸੀ। 1907-08 ਵਿੱਚ ਉਸ ਵਿੱਚ ਛਪਦੇ ਰਹੇ ਲੇਖਾਂ ਕਿ “ਹਥਿਆਰਾਂ ਦੀ ਵਰਤੋਂ ਦਾ ਖੁਸ਼ੀ ਨਾਲ ਸਵਾਗਤ ਕੀਤਾ ਜਾਂਦਾ ਹੈ, ਜੇ ਇਹ ਕੌਮੀ ਜਾਗਰੂਕਤਾ ਦੀ ਨਿਸ਼ਾਨੀ ਹੈ। ਪਰ ਹਿੰਦੋਸਤਾਨੀ ਅਜ਼ਾਦੀ ਇੱਕਾ-ਦੁੱਕਾ ਕਤਲਾਂ ਨਾਲ ਨਹੀਂ ਮਿਲਣੀ। ਇਸ ਲਈ ਜਥੇਬੰਦ ਇਨਕਲਾਬ ਜ਼ਰੂਰੀ ਹੈ, ਜਿਸ ਵਾਸਤੇ ਸਾਰੇ ਹਿੰਦੋਸਤਾਨ ਵਿੱਚ ਇਨਕਲਾਬੀ ਜਥੇਬੰਦੀਆਂ ਦੀ ਲੋੜ ਹੈ। ” ਅਜਿਹੇ ਮਜ਼ਮੂਨਾਂ ਨੇ ਬਲਵੰਤ ਸਿੰਘ ਦਾ ਸੋਚਣ ਢੰਗ ਬਦਲ ਦਿੱਤਾ ਅਤੇ ਉਹ ਖੁਦ ਵੀ ਇਨਕਲਾਬੀ ਜਥੇਬੰਦੀ ਦੀ ਸਥਾਪਨਾ ਲਈ ਅਹੁਲਣ ਲੱਗਾ। ਸੰਨ 1908-09 ਵਿੱਚ ਉਸ ਦਾ ਤਾਲਮੇਲ ਸ੍ਰੀ ਜੀ.ਡੀ. ਕੁਮਾਰ ਅਤੇ ਸ. ਹਰਨਾਮ ਸਿੰਘ ਸਾਹਰੀ ਵਲੋਂ ਸਥਾਪਿਤ ਹਿੰਦੋਸਤਾਨ ਐਸੋਸੀਏਸ਼ਨ ਨਾਲ ਵੀ ਹੋ ਗਿਆ, ਜੋ ਕਿ ‘ਸਵਦੇਸ਼ ਸੈਨਿਕ’ ਨਾਮੀ ਪੇਪਰ ਛਾਪਦੀ ਸੀ।
ਇਸ ਤੋਂ ਬਿਨਾਂ ਯੌਰਪ ਤੋਂ ਛਪਦੀ ‘ਤਲਵਾਰ ਅਖਬਾਰ’ ਅਤੇ ਮੈਡਮ ਕਾਮਾ ਦਾ ‘ਬੰਦੇ ਮਾਤਰਮ’ ਵੀ ਇੰਗਲੈਂਡ ਤੋਂ ਉਨ੍ਹਾਂ ਪਾਸ ਪਹੁੰਚਦਾ। ਜਦੋਂ ਛਗਨ ਨਾਥ ਵਰਮਾ ਉਰਫ਼ ਹਸਨ ਰਹੀਮ ਵਰਗੇ ਮਹਾਂ ਇਨਕਲਾਬੀਆਂ ਨੇ ਯੂਨਾਇਟਡ ਇੰਡੀਅਨ ਲੀਗ 1913-14 ਵਿੱਚ ਬਣਾ ਕੇ ‘ਹਿੰਦੋਸਤਾਨੀ’ ਨਾਮਕ ਪੇਪਰ ਵੀ ਸ਼ੁਰੂ ਕੀਤਾ ਤਾਂ ਬਲਵੰਤ ਸਿੰਘ ਖੁਰਦਪੁਰ ਨੂੰ ਇਸ ਦਾ ਐਗਜ਼ੈਕਟਿਵ ਮੈਂਬਰ ਵੀ ਲਿਆ ਬਲਵੰਤ ਸਿੰਘ ਖੁਰਦਪੁਰ ਇੱਕ ਹੋਰ ਵਤਨਪ੍ਰਸਤ ਅਖ਼ਬਾਰ ‘ਸੰਸਾਰ’ ਦਾ ਵੀ ਪਾਠਕ ਸੀ, ਜਿਸ ਦੇ ਸੰਪਾਦਕ ਡਾ. ਸੁੰਦਰ ਸਿੰਘ ਤੇ ਸਹਿਕਾਮਾ ਪਿਆਰਾ ਸਿੰਘ ਲੰਗੇਰੀ ਸੀ ਜੋ ਸੁੱਤੇ ਪਏ ਹਿੰਦੋਸਤਾਨੀਆਂ ਨੂੰ ਜਗਾਉਣ ਦਾ ਨਾਅਰਾ ਉਛਾਲਦਾ। ਇਨ੍ਹਾਂ ਸਾਰੀਆਂ ਜਥੇਬੰਦੀਆਂ ਅਤੇ ਅਖ਼ਬਾਰਾਂ ਨਾਲ ਬਲਵੰਤ ਸਿੰਘ ਖੁਰਦਪੁਰ ਦਾ ਬੜਾ ਨੇੜਲਾ ਸੰਪਰਕ ਹੋ ਗਿਆ ਸੀ, ਜਦਕਿ 1907-08 ਵਿੱਚ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕੀ ਉਸ ਦੀ ਆਪਣੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦਾ ਮੁੱਖ ਨਾਅਰਾ ਹੀ, “ਸਰਬਤ ਦਾ ਭਲਾ, ਕਿਰਤ ਕਰਨਾ, ਵੰਡ ਛਕਣਾ, ਬਰਾਬਰਤਾ ਅਤੇ ਸਾਂਝੀਵਾਲਤਾ ਸੀ।” ਹੌਲੀ-ਹੌਲੀ ਬਲਵੰਤ ਸਿੰਘ ਖੁਰਦਪੁਰ ਮੂਹਰਲੀ ਕਤਾਰ ਦੇ ਸਰਬ ਸਾਂਝੇ ਤੇ ਪ੍ਰਵਾਨਤ ਆਗੂਆਂ ਵਿੱਚ ਸ਼ੁਮਾਰ ਹੋ ਗਏ।
ਜੋ ਮੁੱਖ ਸਰਗਰਮੀ ਕੀਤੀ (1) ਭਾਰਤੀਆਂ ਨੂੰ ਕੈਨੇਡਾ ਤੋਂ ਹਾਂਡਰਸ ਭੇਜੇ ਜਾਣ ਦੇ ਵਿਰੁੱਧ ਘੋਲ (1908), (2) ਮੈਡਲਾ ਅਤੇ ਵਰਦੀਆਂ ਦੀ ਲੋਹੜੀ ਬਾਰੇ ਸਰਗਰਮੀ (1909), (3) ਮਈ 1911 ਨੂੰ ਟੱਬਰ ਲਿਆਉਣ ਦੀ ਮਨਾਹੀ ਦੇ ਬਾਵਜੂਦ ਵਰਾਸਤਾ ਹਾਂਗਕਾਂਗ ਆਪਣਾ ਪਰਿਵਾਰ ਕੈਨੇਡਾ ਦੀ ਧਰਤੀ ਉੱਤੇ ਸਭ ਤੋਂ ਪਹਿਲਾਂ ਫਰਵਰੀ 1912 ਵਿੱਚ ਉਤਾਰਨ ਵਿੱਚ ਸਫਲਤਾ ਪ੍ਰਾਪਤ ਕਰਕੇ ਹੋਰਨਾਂ ਲਈ ਰਾਹ ਖੋਲ੍ਹਣਾ। (4) ਬਾਦਸ਼ਾਹ ਜਾਰਜ ਪੰਜਵੇਂ ਦੇ ਤਾਜਪੋਸ਼ੀ ਜਸ਼ਨਾਂ ਦਾ ਵਿਰੋਧ (1912) (5) ਨਸਲੀ ਵਿਤਕਰੇ ਵਿਰੁੱਧ ਘੋਲ ਅਤੇ ਡੈਪੂਟੇਸ਼ਨ ਲੰਡਨ 1912 (6) ਪਰਿਵਾਰਾਂ ਨੂੰ ਕੈਨੇਡਾ ਮੰਗਵਾਉਣ ਦਾ ਘੋਲ (1913), (7) ਕਾਮਾਗਾਟਾਮਾਰੂ ਘੋਲ 1914 ਅਤੇ (8) ਗ਼ਦਰ ਲਹਿਰ ਵਿੱਚ ਹਿੱਸਾ 1914-151
ਸ. ਬਲਵੰਤ ਸਿੰਘ ਖੁਰਦਪੁਰ ਦੀ ਅਗਵਾਈ ਹੇਠ ਸ. ਨੰਦ ਸਿੰਘ ਸੀਹਰਾ ਅਤੇ ਸ. ਨਰਾਇਣ ਸਿੰਘ ਚੋਭਦਾਰ ਅਧਾਰਿਤ ਤਿੰਨ ਮੈਂਬਰੀ ਵਫਦ ਮਾਰਚ 1912 ਨੂੰ ਪਹਿਲਾਂ ਲੰਡਨ ਵਿਖੇ ਅਤੇ ਫਿਰ ਜੂਨ 1913 ਨੂੰ ਭਾਰਤ ਵਿੱਚ ਭੇਜਿਆ ਗਿਆ। ਜਿੱਥੇ ਇਸ ਨੇ ਭਾਰਤ ਪਹੁੰਚ ਕੇ ਕੌਮੀ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ, ਉੱਥੇ ਉਸ ਨੇ ਭਾਰਤ ਦੇ ਕਈ ਸ਼ਹਿਰਾਂ ਵਿਸ਼ੇਸ਼ ਕਰਕੇ ਦਿੱਲੀ, ਅੰਮ੍ਰਿਤਸਰ ਅਤੇ ਲਾਹੌਰ ਵਿੱਚ ਭਾਸ਼ਣ ਵੀ ਦਿੱਤੇ ਤੇ ਅਸਲ ਨਿਸ਼ਾਨਿਆਂ ‘ਤੇ ਉਨ੍ਹਾਂ ਦੀ ਪੂਰਤੀ ਲਈ ਪ੍ਰਚਾਰ-ਪਾਸਾਰ ਵੀ ਕੀਤਾ। ਉਹ ਧੁਰ ਪਿਸ਼ਾਵਰ ਤੱਕ ਵੀ ਗਏ, ਤਾਂ ਜੋ ਅਫਗਾਨਿਸਤਾਨ ਦੇ ਅਮੀਰ ਰਾਹੀਂ ਹੋਰ ਮੁਲਕਾਂ ਤੱਕ ਵੀ ਅਵਾਜ਼ ਪਹੁੰਚ ਸਕੇ। ਇਹ ਵਫਦ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਅਡਵਾਇਰ ਅਤੇ ਬਾਅਦ ‘ਚ ਹਿੰਦੋਸਤਾਨ ਦੇ ਵਾਇਸਰਾਏ ਲਾਰਡ ਹਾਰਡਿੰਗ ਨੂੰ ਵੀ ਆਪਣੇ ਕਾਜਾਂ ਤੇ ਮੰਗਾਂ ਬਾਰੇ ਮਿਲਿਆ। ਅਡਵਾਇਰ ਨਾਲ ਮੁਲਾਕਾਤ ਵੇਲੇ ਭਾਈ ਬਲਵੰਤ ਸਿੰਘ ਜੀ ਸਿਰ ਉਠਾ ਕੇ ਅਤੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲਬਾਤ ਕਰਦੇ ਸਨ। (ਅਡਵਾਇਰ ਨੂੰ ਭਾਈ ਬਲਵੰਤ ਸਿੰਘ ਤੋਂ ਅੰਤਰੀਵੀਂ ਸੀ। ਉਹ ਆਪਣੀ ਪੁਸਤਕ “ਦਾ ਇੰਡੀਆ ਐਜ਼ ਆਈ ਨੋਅ ਇਟ” ਵਿੱਚ ਲਿਖਦਾ ਹੈ ਕਿ ਇਸ ਤੀਸਰੇ ਬੰਦੇ ਦੇ ਤੌਰ ਤਰੀਕੇ ਇੱਕ ਖਤਰਨਾਕ ਇਨਕਲਾਬੀ ਵਰਗੇ ਜਾਪਦੇ ਸਨ। ਉਹ ਵਾਇਰਸਰਾਏ ਨੂੰ ਮਿਲਣਾ ਚਾਹੁੰਦੇ ਸਨ। ਉਨ੍ਹਾਂ ਨੂੰ ਵਾਇਸਰਾਏ ਕੋਲ ਭੇਜਦਿਆਂ ਮੈਂ ਵਾਇਸਰਾਏ ਨੂੰ ਇਸ ਤੀਸਰੇ ਬੰਦੇ ਤੋਂ ਖਾਸ ਤੌਰ ‘ਤੇ ਸਾਵਧਾਨ ਰਹਿਣ ਲਈ ਆਖਿਆ ਸੀ…।” ਅਡਵਾਇਰ ਅਗਾਂਹ ਕਿਤੇ ਲਿਖਦਾ ਹੈ… “ਭਾਵੇਂ ਸਾਨੂੰ ਉਸ ਵਕਤ ਨਹੀਂ ਸੀ ਪਤਾ, ਪਰ ਉਹ ਗ਼ਦਰ ਪਾਰਟੀ ਦੇ ਐਡਵਾਂਸ ਏਜੰਟ ਸਨ…।” ਬਲਵੰਤ ਸਿੰਘ ਇਸ ਤੋਂ ਪਹਿਲਾਂ ਵੀ 1910 ਵਿੱਚ ਪ੍ਰਚਾਰ ਲਈ ਹਿੰਦੋਸਤਾਨ ਆਇਆ ਸੀ ਤੇ ਸੰਨ 1911 ਵਿੱਚ ਟੱਬਰ ਸਮੇਤ ਕੈਨੇਡਾ ਵਾਪਸ ਮੁੜਿਆ।
21 ਅਪ੍ਰੈਲ 1913 ਨੂੰ ਓਰਗਨ ਸਟੇਟ (ਅਮਰੀਕਾ) ਦੇ ਸ਼ਹਿਰ ਅਸਟੇਰੀਆ ਵਿੱਚ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ। ਪਹਿਲੀ ਸੰਸਾਰ ਜੰਗ, ਜੋ 4 ਅਗਸਤ 1914 ਨੂੰ ਸ਼ੁਰੂ ਹੋਈ, ਵਿੱਚ ਅੰਗਰੇਜ਼ ਉਲਝਣ ਦਾ ਲਾਭ ਉਠਾਉਣ ਲਈ ਕੈਨੇਡਾ ਤੋਂ ਗ਼ਦਰੀਆਂ ਦਾ 22 ਅਗਸਤ 1914 ਨੂੰ ਪਹਿਲਾਂ ਜਹਾਜ਼ ਤੁਰਿਆ, ਫਿਰ ਚੱਲ ਸੋ ਚੱਲ। ਬਲਵੰਤ ਸਿੰਘ ਵੀ ਭਾਰਤ ਨੂੰ ਹੋ ਤੁਰਿਆ, ਪਰ ਆਪਣੇ ਜ਼ਿੰਮੇ ਲੱਗੀ ਇੱਕ ਮਹੱਤਵਪੂਰਨ ਡਿਊਟੀ ਭੁਗਤਾਉਣ ਤੇ ਪ੍ਰਚਾਰ ਪਾਸਾਰ ਲਈ ਉਸ ਨੂੰ ਰਾਹ ਵਿੱਚ ਉਤਾਰਿਆ ਗਿਆ। ਗ਼ਦਰ ਦੀ ਤਰੀਕ 21 ਫਰਵਰੀ 1915 ਰੱਖੀ ਜੋ ਗ਼ਦਾਰਾਂ ਦੀ ਸੂਹ ਕਾਰਨ ਬਦਲ ਕੇ 19 ਫਰਵਰੀ 1915 ਰੱਖੀ ਗਈ। ਵੱਡੀ ਪੱਧਰ ‘ਤੇ ਗ੍ਰਿਫਤਾਰੀਆਂ ਹੋਈਆਂ, ਪਰ ਸੰਘਰਸ਼ ਵੀ ਆਪਣੀ ਤੋਰੇ ਤੁਰਿਆ ਰਿਹਾ। ਤਸ਼ੱਦਦ ਤੇ ਫੜੋ-ਫੜੀ ਵੀ ਜਾਰੀ ਸੀ। ਗ਼ਦਰੀ ਫਿਰ ਵੀ ਨਾ ਡੋਲੇ। ਕੈਨੇਡਾ ਵਿੱਚ ਹਿੰਦੋਸਤਾਨ ਇਨਕਲਾਬੀ ਲਹਿਰ ਦੇ ਪ੍ਰਮੁੱਖ ਨੇਤਾ ਬਣ ਚੁੱਕੇ ਸ੍ਰੀ ਬਲਵੰਤ ਸਿੰਘ ਖੁਰਦਪੁਰ ਨੂੰ ਵੀ ਬੈਂਕਾਕ ਹਸਪਤਾਲ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ। ਸਿਆਸੀ ਸਰਕਾਰ ਨੇ ਉਨ੍ਹਾਂ ਨੂੰ ਸਿੰਘਾਪੁਰ ਦੀ ਅੰਗਰੇਜ਼ ਪੁਲਿਸ ਹਵਾਲੇ ਕਰ ਦਿੱਤਾ। ਉਨ੍ਹਾਂ ਉੱਤੇ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ । ਲਾਹੌਰ ਲਿਆ ਕੇ ਦੂਜਾ ਸਪਲੀਮੈਂਟਰੀ (ਤੀਸਰੇ ਸਾਜ਼ਿਸ਼) ਕੇਸ ਵਿੱਚ ਸ਼ਾਮਲ ਕਰ ਦਿੱਤਾ ਗਿਆ। ਉਨ੍ਹਾਂ ਦੇ ਪਰਿਵਾਰ ਨੂੰ ਖੁਰਦਪੁਰ ਪਹੁੰਚਾਉਣ ਵਾਲੇ ਭਾਈ ਕਰਤਾਰ ਸਿੰਘ ਨਵਾਂ ਚੰਦ (ਮੋਗਾ) ਨੂੰ ਵੀ ਵਿੱਚ ਧਰ ਲਿਆ ਗਿਆ। ਕੈਨੇਡਾ ਤੋਂ ਆਏ ਹੁਸ਼ਿਆਰਪੁਰ (ਫਤਿਹਗੜ੍ਹ) ਦੇ ਹਰਨਾਮ ਸਿੰਘ ਸੈਣੀ ਅਤੇ ਸ੍ਰੀ ਬਾਬੂ ਰਾਮ ਨੂੰ ਵੀ ਤੀਸਰੇ ਲਾਹੌਰ ਸਾਜਿਸ਼ ਕੇਸ ਵਿੱਚ ਬੰਨ੍ਹ ਲਿਆ ਗਿਆ। ਬਾਬੂ ਰਾਮ ਉੱਤੇ ਮੰਡੀ ਰਿਆਸਤ ਦੇ ਰਾਜੇ ਦੇ ਭਤੀਜੇ ਠਾਕੁਰ ਜਵਾਹਰ ਸਿੰਘ ਨੂੰ ਗ਼ਦਰੀ ਪਾਰਟੀ ਨਾਲ ਜੋੜਨ ਦਾ ਇਲਜ਼ਾਮ ਸੀ। ਇਹਨਾਂ ਨਾਲ ਹੀ ਭਾਈ ਰੂੜ ਸਿੰਘ ਸੰਘਵਾਲ ਅਤੇ ਭਾਈ ਹਾਫਿਜ਼ ਅਬਦੁੱਲਾ ਮਨੀਲਾ ਜਗਰਾਓਂ ਆਦਿ ਵੀ ਵਿੱਚ ਸ਼ਾਮਲ ਕੀਤੇ ਗਏ ਜਿਨ੍ਹਾਂ ਸਭ ਨੂੰ 16 ਮਾਰਚ 1917 ਨੂੰ ਲਾਹੌਰ ਵਿਖੇ ਫਾਂਸੀ ਚੜ੍ਹਾ ਦਿੱਤਾ ਗਿਆ, ਪਰ ਕਰਤਾਰ ਸਿੰਘ ਨਵਾਂ ਚੰਦ ਨੂੰ ਉਮਰ ਕੈਦ ਕੀਤੀ ਗਈ। ਸਿੱਤਮ ਵੇਖੋ ਕਿ ਭਾਈ ਬਲਵੰਤ ਸਿੰਘ ਖੁਰਦਪੁਰ ਨੇ ਸਿੱਧੇ ਤੌਰ ‘ਤੇ ਕਿਸੇ ਵੀ ਕਤਲ ਵਿੱਚ ਹਿੱਸਾ ਨਹੀਂ ਸੀ ਲਿਆ, ਪਰ ਉਸ ਦੀ ਸਮਰੱਥਾ ਅਤੇ ਸਰਗਰਮੀ ਤੋਂ ਭੈ-ਭੀਤ ਅੰਗਰੇਜ਼ ਹਕੂਮਤ ਉਨ੍ਹਾਂ ਤੋਂ ਸਦਾ-ਸਦਾ ਲਈ ਛੁਟਕਾਰਾ ਚਾਹੁੰਦੀ ਸੀ।
Credit – ਵਿਜੈ ਬੰਬੇਲੀ