ਖੂਹੀਆਂ ਸਰਵਰ
ਸਥਿਤੀ:
ਤਹਿਸੀਲ ਅਬੋਹਰ ਦਾ ਪਿੰਡ ਖੂਹੀਆਂ ਸਰਵਰ ਅਬੋਹਰ – ਗੰਗਾ ਨਗਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਪੰਜ ਕੋਸੀ ਤੇ 4 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਖੂਹੀਆਂ ਸਰਵਰ ਦੀ ਮੋੜ੍ਹੀ ਤਕਰੀਬਨ ਦੋ ਸੌ ਸਾਲ ਪਹਿਲਾਂ ਸਰਵਰ ਤੇ ਸਾਧੂ ਨਾਂ ਦੇ ਬੋਦਲੇ ਮੁਸਲਮਾਨ ਭਰਾਵਾਂ ਨੇ ਗੱਡੀ ਸੀ। ਉਹਨਾਂ ਪਿੰਡ ਵਸਾਉਣ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਇੱਥੇ ਇੱਕ ਖੂਹ ਲੁਆਇਆ। ਉਸ ਖੂਹ ਦਾ ਪਾਣੀ ਬਹੁਤ ਮਿੱਠਾ ਨਿਕਲਿਆ ਜਿਸ ਤੋਂ ਆਲੇ ਦੁਆਲੇ ਦੇ ਦਸ ਗੁਆਂਢੀ ਪਿੰਡਾਂ ਦੇ ਵਸਨੀਕ ਪੀਣ ਲਈ ਪਾਣੀ ਲੈ ਜਾਣ ਲੱਗ ਪਏ। ਪਿੰਡ ਵਾਸੀਆਂ ਨੇ ਲੋਕਾਂ ਦੀ ਸਹੂਲਤ ਲਈ ਇੱਥੇ ਤਿੰਨ ਖੂਹ ਹੋਰ ਲੁਆਏ ਜਿਨ੍ਹਾਂ ਵਿੱਚੋਂ ਇੱਕ ਅੱਜ ਵੀ ਪੰਜਕੋਸੀ ਨੂੰ ਜਾਂਦੀ ਲਿੰਕ ਰੋਡ ਦੇ ਕਿਨਾਰੇ ਚਾਲੂ ਹਾਲਤ ਵਿੱਚ ਮੌਜੂਦ ਹੈ। ਇਸ ਇਲਾਕੇ ਦੇ ਲੋਕ ਪਿੰਡ ਨੂੰ ਸਰਵਰ ਦੀਆਂ ਖੂਹੀਆਂ ਕਹਿਣ ਲੱਗ ਪਏ ਕਿਉਂਕਿ ਸਰਵਰ ਸਾਧੂ ਤੋਂ ਵੱਡਾ ਹੋਣ ਕਰਕੇ ਪਿੰਡ ਦਾ ਮੋਹਰੀ ਸੀ। ਬੰਦੋਬਸਤ ਸਮੇਂ ਇਸ ਪਿੰਡ ਦਾ ਨਾਂ ‘ਖੂਹੀਆਂ ਸਰਵਰ’ ਹੀ ਕਾਗਜ਼ਾਂ ਵਿੱਚ ਚੜ੍ਹ ਗਿਆ। ਦੇਸ਼ ਦੀ ਵੰਡ ਸਮੇਂ ਸਮੁੱਚੀ ਮੁਸਲਮਾਨ ਅਬਾਦੀ ਪਾਕਿਸਤਾਨ ਚਲੀ ਗਈ ਅਤੇ ਉਥੋਂ ਪਾਕਪਟਨ ਤੇ ਮਿੰਟਗੁਮਰੀ ਤੋਂ ਹਿੰਦੂ ਸਿੱਖ ਅਰੋੜੇ ਇੱਥੇ ਆ ਵਸੇ। ਫੇਰ ਕੰਬੋਜ ਆਏ ਜਿਨ੍ਹਾਂ ਨੇ ਕੁੱਝ ਜ਼ਮੀਨ ਖਰੀਦ ਲਈ ਤੇ ਕੁੱਝ ਮੁਜ਼ਾਰਿਆਂ ਦੇ ਰੂਪ ਵਿੱਚ ਆਬਾਦ ਹੋਏ। ਬੇਹੱਦ ਮੇਹਨਤੀ ਹੋਣ ਕਰਕੇ ਕੰਬੋਜ ਅੱਜ ਇਸ ਪਿੰਡ ਵਿੱਚ ਦੋ ਤਿਹਾਈ ਧਰਤੀ ਦੇ ਮਾਲਕ ਬਣੇ ਹੋਏ ਹਨ। ਬਾਕੀ ਅਬਾਦੀ ਅਰੋੜੇ, ਘੁਮਿਆਰ, ਨਾਈ ਸਿੱਖ ਤੇ ਮਜ਼੍ਹਬੀ ਸਿੱਖਾਂ ਦੀ ਹੈ। ਇਸ ਪਿੰਡ ਵਿੱਚ ਮਾਲੀ ਫੂਲ ਸਹਾਇ ਦੀ ਸਮਾਧ ਤੇ 16 ਸਾਵਣ ਨੂੰ ਮੇਲਾ ਲੱਗਦਾ ਹੈ ਕਿਹਾ ਜਾਂਦਾ ਹੈ ਕਿ ਉਹ ਸੱਪਾਂ ਦੇ ਕੱਟੇ ਦਾ ਇਲਾਜ ਕਰਦਾ ਸੀ। 20 ਸਾਵਣ ਨੂੰ ਪੁਨੂੰ ਪੀਰ ਦੀ ਕਬਰ ਤੇ ਮੇਲਾ ਲੱਗਦਾ ਹੈ ਅਤੇ 26 ਸਾਵਣ ਨੂੰ ਸੰਤ ਲਾਲ ਦੀ ਕੁੱਟੀਆ ‘ਤੇ ਬਰਸੀ ਮਨਾਈ ਜਾਂਦੀ ਹੈ। ਇੱਕ ਕ੍ਰਿਸ਼ਨ ਜੀ ਦਾ ਮੰਦਰ ਤੇ ਇੱਕ ਗੁਰਦੁਆਰਾ ਹੈ ਜੋ ਮਸਜਿਦ ਵਿੱਚ ਬਣਾਇਆ ਗਿਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ