ਖੋਟੇ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਖੋਟੇ, ਮੋਗਾ- ਨਿਹਾਲ ਸਿੰਘ ਵਾਲਾ ਸੜਕ ‘ਤੇ ਸਥਿਤ ਹੈ ਅਤੇ ਮੋਗਾ ਤੋਂ 41 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸਵਾ ਕੁ ਦੋ ਸੌ ਸਾਲ ਪਹਿਲਾਂ ਇਹ ਪਿੰਡ ਪੱਤੋਂ ਹੀਰਾ ਸਿੰਘ ਵਿਚੋਂ ਨਿਕਲ ਕੇ ਬੱਝਿਆ ਸੀ। ਇਸ ਪਿੰਡ ਦਾ ਬਾਨੀ ਲਾਹੌਰ ਨੌਕਰੀ ਕਰਦਾ ਸੀ ਤੇ ਉਸਦੀ ਔਲਾਦ ਬਚਦੀ ਨਹੀਂ ਸੀ। ਲਾਹੌਰ ਨੌਕਰੀ ਕਰਦਿਆਂ ਉਸਨੂੰ ਉਸਦੇ ਘਰ ਮੁੰਡਾ ਹੋਣ ਦੀ ਖਬਰ ਲੈ ਕੇ ਇੱਕ ਬੰਦਾ ਆਇਆ। ਕਿਉਂਕਿ ਉਸਦੇ ਬੱਚੇ ਬਚਦੇ ਨਹੀਂ ਸਨ, ਉਸਨੂੰ ਉਸਦੇ ਬੱਚਣ ਦੀ ਵੀ ਉਮੀਦ ਘੱਟ ਸੀ ਇਸ ਕਰਕੇ ਉਸਨੇ ਉਸ ਬੱਚੇ ਦਾ ਨਾਂ ਖੋਟਾ ਰੱਖ ਦਿੱਤਾ। ਬੱਚਾ ਬਾਅਦ ਵਿੱਚ ਬੱਚ ਗਿਆ ਤੇ ਪਿੰਡ ਦਾ ਨਾਂ ਉਸਦੇ ਨਾਂ ਤੇ ‘ਖੋਟਾ’ ਪੈ ਗਿਆ। ਇਹ ਸਾਰਾ ਪਿੰਡ ਸਿੱਧੂ ਗੋਤ ਦੇ ਜੱਟਾਂ ਦਾ ਹੈ। ਕੁਝ ਘਰ ਸੋਹੀ ਤੇ ਧਾਰੀਵਾਲਾਂ ਦੇ ਹਨ।
ਇਹ ਪਿੰਡ ਕੂਕਿਆਂ ਦਾ ਗੜ੍ਹ ਰਿਹਾ ਹੈ। 1862 ਈਸਵੀ ਵਿੱਚ ਕੂਕਿਆਂ ਦੇ ਸਤਿਗੁਰੂ ਬਾਬਾ ਰਾਮ ਸਿੰਘ ਜੀ ਨੇ ਇਸ ਪਿੰਡ ਵਿੱਚ ਆਨੰਦਕਾਰਜ ਦੀ ਰਸਮ ਸ਼ੁਰੂ ਕੀਤੀ ਸੀ। ਇਸ ਕਰਕੇ ਅੰਗਰੇਜ਼ਾਂ ਨੇ ਉਹਨਾਂ ਨੂੰ ਜਲਾਵਤਨ ਕਰ ਦਿੱਤਾ ਸੀ। 1962 ਈ. ਵਿੱਚ ਕੂਕਿਆਂ ਨੇ ਸੌ ਸਾਲਾ ਆਨੰਦ ਕਾਰਜ ਸ਼ਤਾਬਦੀ ਮਨਾਈ ਤੇ 149 ਅਨੰਦਕਾਰਜ ਸਵਾ ਰੂਪਏ ਨਾਲ ਕਰਾਕੇ ਇਸ ਪਿੰਡ ਦਾ ਨਾਂ ਹਰੀਪੁਰ ਰੱਖ ਦਿੱਤਾ। ਆਨੰਦ ਕਾਰਜ ਵਾਲੀ ਜਗ੍ਹਾ ਤੇ ਨਾਮਧਾਰੀ ਗੁਰਦੁਆਰਾ ਉਸਰਿਆ ਹੋਇਆ ਹੈ।
ਕੂਕਿਆਂ ਤੋਂ ਬਾਅਦ ਇਹ ਪਿੰਡ ਸੀ ਪੀ ਆਈ ਦਾ ਗੜ੍ਹ ਬਣ ਗਿਆ ਇਸ ਪਿੰਡ ਦੇ ਤਿੰਨ ਵਿਅਕਤੀ ਅਜ਼ਾਦ ਹਿੰਦ ਫੌਜ ਵਿੱਚ ਰਹੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ