ਖੜਕ ਸਿੰਘ ਵਾਲਾ
ਸਥਿਤੀ :
ਤਹਿਸੀਲ ਮਾਨਸਾ ਦਾ ਪਿੰਡ ਖੜਕ ਸਿੰਘ ਵਾਲਾ, ਮਾਨਸਾ – ਸੁਨਾਮ ਸੜਕ ਤੇ ਮਾਨਸਾ ਤੋਂ 8 ਕਿਲੋਮੀਟਰ ਤੇ ਮੌੜ ਮੰਡੀ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਪਹਿਲਾ ਨਾਂ ਗੋਬਿੰਦਗੜ੍ਹ ਸੀ ਜੋ ਬਾਅਦ ਵਿੱਚ ਇਸ ਪਿੰਡ ਦੇ ਵੱਡੇ ਸਰਦਾਰ ਦੇ ਨਾਂ ਤੇ ‘ਖੜਕ ਸਿੰਘ ਵਾਲਾ’ ਪੈ ਗਿਆ। ਇਹ ਪਿੰਡ ਲਗਭਗ ਸਵਾ ਦੋ ਸੌ ਸਾਲ ਪੁਰਾਣਾ ਹੈ ਅਤੇ ਅੰਗਰੇਜ਼ੀ ਰਾਜ ਸਮੇਂ ਰਿਆਸਤ ਪਟਿਆਲਾ ਦਾ ਹਿੱਸਾ ਰਿਹਾ ਹੈ।
ਇਹ ਪਿੰਡ ਕਿਸੇ ਸਮੇਂ ਕਮਿਊਨਿਸ਼ਟਾਂ ਦੀ ਲਾਲ ਪਾਰਟੀ ਦਾ ਗੜ੍ਹ ਸੀ। ਪੰਜਾਬ ਵਿੱਚ ਪਰਜਾ ਮੰਡਲ ਲਹਿਰ ਦੇ ਸਮੇਂ ਇਸ ਪਿੰਡ ਦੇ ਲੋਕਾਂ ਨੇ ਵਿਸਵੇਦਾਰਾਂ ਅਤੇ ਜਗੀਰਦਾਰਾਂ ਵਿਰੁੱਧ ਲੜੇ ਜਾ ਰਹੇ ਘੋਲ ਵਿੱਚ ਵੱਧ ਚੜ੍ਹਕੇ ਹਿੱਸਾ ਲਿਆ ਸੀ। ਇਸ ਪਿੰਡ ਦੇ ਪ੍ਰਸਿੱਧ ਕਮਿਊਨਿਸ਼ਟਾਂ ਵਿੱਚ ਬਾਬਾ ਕਿਰਪਾਲ ਸਿੰਘ, ਬਾਬਾ ਭਾਨ ਸਿੰਘ ਅਤੇ ਬਾਬਾ ਚੰਦਾ ਸਿੰਘ ਦੇ ਨਾਂ ਵਰਨਣਯੋਗ ਹਨ। ਇਨ੍ਹਾਂ ਬਾਬਿਆਂ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਜਗੀਰਦਾਰਾਂ ਵਿਰੁੱਧ ਲੜਾਈ ਨੂੰ ਜਾਰੀ ਰੱਖਿਆ ਅਤੇ ਕਾਮਯਾਬੀ ਹਾਸਲ ਕੀਤੀ। ਪ੍ਰਸਿੱਧ ਕਾਮਰੇਡ ਤੇਜਾ ਸਿੰਘ ਸੁਤੰਤਰ ਵੀ ਆਪਣੇ ਅੰਡਰ ਗਰਾਊਂਡ ਸਮੇਂ ਇਸ ਪਿੰਡ ਵਿੱਚ ਆਉਂਦੇ ਰਹਿੰਦੇ ਸਨ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਸਰਕਾਰ ਨੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ। ਲਾਲ ਕਮਿਊਨਿਸ਼ਟ ਪਾਰਟੀ ਦਾ ਅੰਡਰ ਗਰਾਊਂਡ ਰਸਾਲਾ ਵੀ ਇੱਥੇ ਹੀ ਛਪਦਾ ਰਿਹਾ ਹੈ।
ਇਹ ਪਿੰਡ ਦੇਸ ਸੇਵਾ ਵਿੱਚ ਵੀ ਆਪਣੇ ਆਕਾਰ ਦੇ ਹਿਸਾਬ ਨਾਲ ਹੋਰ ਪਿੰਡਾਂ ਤੋਂ ਬਹੁਤ ਅੱਗੇ ਹੈ। ਪਿੰਡ ਦੇ ਕਾਫੀ ਫੌਜੀ ਰਿਟਾਇਰਡ ਅਤੇ ਸੇਵਾ ਵਿੱਚ ਹਨ। ਚਾਰ ਫੌਜੀ ਆਜ਼ਾਦ ਹਿੰਦ ਫੌਜ ਵਿੱਚ ਰਹਿ ਚੁੱਕੇ ਹਨ। ਇੱਕ ਘਰ ਦੇ ਇੱਕੋ ਵੇਲੇ ਚਾਰ ਮੁੰਡੇ ਫੌਜ ਵਿੱਚ ਸਨ ਅਤੇ ਸਰਕਾਰ ਨੇ ਉਨ੍ਹਾਂ ਦੇ ਮਾਪਿਆਂ ਨੂੰ ਇਨਾਮ ਵੀ ਦਿੱਤਾ ਸੀ। ਪਿੰਡ ਦੇ ਛੇ ਵਿਅਕਤੀਆਂ ਨੂੰ ਤਾਮਰ ਪੱਤਰ ਮਿਲੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ