ਗਵੱਈਏ ਗੁਲਾਮ ਮੁਹੰਮਦ ਦਾ ਪਿੰਡ : ਬਾੜੀਆਂ ਕਲਾਂ
ਮੁਸਲਮਾਨਾਂ ਦੇ ਤੇਲੀ, ਕਸਾਈ, ਮੋਚੀ, ਕੰਜਰ, ਭਰਾਈ, ਅਰਾਈ, ਪਾਲੀ,ਜੁਲਾਹੇ, ਰੰਗਰੇਜ਼, ਨਿਲਾਰੀ, ਲਲਾਰੀ ਤੇ ਮੁਗ਼ਲਾਂ ਦੇ ਨਾਲ-ਨਾਲ ਭਲੇ ਵਕਤਾਂ ਵਿੱਚ ਕਦੇ ਬਾੜੀਆਂ ਕਲਾਂ ਵਿਖੇ 36 ਬਰਾਦਰੀਆਂ ਵਸਦੀਆਂ ਸਨ, ਜੋ ਕਿਸੇ ਪਿੰਡ ਲਈ ਬਹੁਤ ਹੀ ਮਾਣ ਵਾਲੀ ਗੱਲ ਸੀ। ਇਹ ਗੱਲ ਸ਼ਾਹਦੀ ਇਹ ਵੀ ਭਰਦੀ ਹੈ ਕਿ ਇਹ ਪਿੰਡ ਇਸ ਗੱਲ ਦੇ ਸਮਰੱਥ ਸੀ ਕਿ ਉਹ ਹਰ ਕਿਸਮ ਦੀ ਬਰਾਦਰੀ ਨੂੰ ਉਸ ਦੇ ਪਿਤਰੀ ਕੰਮ ਮੁਤਾਬਿਕ ਪਹਿਲ-ਪਲੱਕੜਿਆਂ ਵਿੱਚ ਰੁਜ਼ਗਾਰ ਮੁਹੱਈਆ ਕਰਵਾਉਂਦਾ ਸੀ। ਸੰਨ ਸੰਤਾਲੀ ‘ਚ ਮੁਸਲਮਾਨ ਇਥੋਂ ਉਡਾਰੀ ਮਾਰ ਗਏ। ਪਤਾ ਨਹੀਂ ਕਿੱਥੇ ਕਿੱਥੇ ਜਾ ਵਸੇ ਨੇ ਉਹ ਲੋਕ। ਮਜ੍ਹਬੀਆਂ ਦੀ ਪੱਤੀ ਵਾਲਾ ਬਾਈ, ਚੂੜੀਆਂ ਵਾਲੀ ਤਾਈ, ਤੇਲ ਆਲੇ ਚੌਧਰੀਆਂ ਦਾ ਮੋਤੀ, ਮਾਸਟਰ ਬਖਸ਼ੀਮੌਲਵੀ ਰਫੀਕ, ਜਿਲਦਸਾਜ਼ ਨਜ਼ੀਰ ਸਾਰੇ ਦੇ ਸਾਰੇ ਹੀ ਟੁਰ ਗਏ। ਉੱਚ ਕਹਾਉਂਦੀਆਂ ਸੱਯਦ ਜਾਤਾਂ ਤਾਂ ਹੈਨ ਨਹੀਂ ਸਨ ਇਥੇ, ਪਰ ਬਹੁਤਾ ਕਰਕੇ ਇਥੇ ਜੋ ਮੁਸਲਿਮ ਵੱਸਦੇ ਸਨ, ਉਹ ਕਿਰਤੀ ਹੀ ਸਨ, ਜੋ ਕਿ ਪਿੰਡ ਦੀ ਇੱਕ ਮੁੱਖ ਪਰ ਧੜੱਲੇਦਾਰ ਧਿਰ ਸਨ ਤੇ ਇਨ੍ਹਾਂ ਵਿੱਚੋਂ ਹੀ ਇੱਕ ਸਨ ਮਰਾਸੀ। ਮਰਾਸੀ ਫਾਰਸੀ ਦੇ ਸ਼ਬਦ ਮਰਾਸ ਤੋਂ ਬਣਿਆ। ਮਰਾਸ ਦਾ ਅਰਥ ਹੈ- ਵਿਰਸਾ ਅਤੇ ਮਰਾਸੀ ਵਿਰਸਾ ਦੱਸਣ ਵਾਲਾ, ਕਲਿਆਣ ਕਰਨਾ, ਵਿਰਸਾ ਦੱਸਣਾ ਹੀ ਹੁੰਦਾ ਹੈ। ਇਨ੍ਹਾਂ ਦਾ ਕੰਮ ਤਾਂ ਸੀ ਬੂਤੀ ਕਰਨੀ ਜਜ਼ਮਾਨਾਂ ਦੇ ਰਿਸ਼ਤੇਦਾਰਾਂ ਨੂੰ ਗਮੀ ਦਾ ਸੁਨੇਹਾ ਪਹੁੰਚਾਉਣਾ। ਖੁਸ਼ੀ ਦੇ ਮੌਕਿਆਂ ਉੱਤੇ ਕਲਿਆਣ ਕਰਨਾ, ਪਰ ਗਾਉਣਾ ਤੇ ਹਸਾਉਣਾ ਵੀ ਇਨ੍ਹਾਂ ਦੇ ਹੀ ਲੇਖੇ ਆਇਆ ਹੈ। ਬਹੁਤ ਹੀ ਟੁੰਬਵੀਂ ਅਵਾਜ਼ ਤੇ ਸਾਰੰਗੀ ਨਾਲ ਗਾਉਣ ਵਾਲਾ ਕੱਦ ਵੱਲੋਂ ਕੁਝ ਪਧਰਾ ਪਰ ਅਵਾਜ਼ ਦਾ ਉੱਚਾ ਇਥੋਂ ਦਾ ਸੀ ਇੱਕ ਗੁਲਾਮ ਮੁਹੰਮਦ ਉਰਫ਼ ਗਾਮਾ ਮਰਾਸੀ। ਕਹਿੰਦੇ ਨੇ ਜੇ ਮਰਾਸੀ ਦਾ ਬੱਚਾ ਵੀ ਰੋਊ ਤਾਂ ਵੀ ਤਰਜ਼ ਨਾਲ ਪਰ ਗਾਮਾ ਤਾਂ ਉਦੋਂ ਹੀ ਗਾਉਣ ਲੱਗ ਪਿਆ, ਜਦ ਉਸ ਦੇ ਹਾਣੀ ਅਜੇ ਤੇੜੋਂ ਨੰਗੇ ਗਲੀਆਂ ‘ਚ ਖਿਦੋ-ਖੂੰਡੀ ਖੇਡਦੇ ਸਨ। ਨਿਜ਼ਾਮ ਹੈਦਰਾਬਾਦ ਦਾ ਇਹ ਸ਼ਾਹੀ ਗਵੱਈਆ ਰਿਆਸਤਾਂ ਟੁੱਟਣ ਉਪਰੰਤ ਆਲ ਇੰਡੀਆ ਰੇਡੀਓ ਉੱਤੇ ਹਾਈ ਏ ਕਲਾਸ ਅਪਰੂਵਡ ਗਵੱਈਏ ਦੇ ਤੌਰ ਉੱਤੇ ਗਾਉਣ ਲੱਗਾ। ਪਿਤਰ ਭੂਮੀ ਦੇਵ ਮੋਹ ਕਾਰਨ ਸੰਨ ਸੰਤਾਲੀ ‘ਚ ਉਹ ਇੱਧਰ ਹੀ ਟਿਕਿਆ ਰਿਹਾ, ਪ੍ਰੰਤੂ ਸੰਨ ਸਤਵੰਜਾ ਦੇ ਲਾਗੇ-ਚਾਗੇ ਉਸ ਨੂੰ ਪਾਕਿਸਤਾਨ ਤੁਰ ਗਏ ਆਪਣਿਆਂ ਦੀ ਯਾਦ ਐਨੀ ਸਤਾਈ ਕਿ ਉਹ ਭੁੱਬਾਂ ਮਾਰਦਾ ਸਦਾ ਲਈ ਬਾੜੀਆਂ ਨੂੰ ਅਲਵਿਦਾ ਆਖ ਗਿਆ। ਉਹ ਮੁੜ ਵਤਨੀਂ ਨਾ ਆਇਆ, ਪਰ ਉਸ ਦੇ ਬੋਲਾਂ ਨੂੰ ਝੂਰਦੇ ਬੁੱਢੇ-ਠੇਰੇ ਅੱਜ ਵੀ ਅਸ਼-ਅਸ਼ ਕਰ ਉਠਦੇ ਨੇ। ਗਾਮੇ ਦੀ ਗੱਲ ਕਰਦਿਆਂ ਨੀਵੀਂ ਪਾ ਕੇ ਬੈਠ ਜਾਣ ਵਾਲੇ ਇਨ੍ਹਾਂ ਬਿਰਧਾਂ ਦੀਆਂ ਅੱਖਾਂ ਚੋਂ ਸਿੰਮਦਾ ਪਾਣੀ ਕਿਸੇ ਤੋਂ ਗੁੱਝਾ ਨਹੀਂ ਰਹਿੰਦਾ। ਮੁਸਲਮਾਨਾਂ ਦੇ ਸਦਾ ਲਈ ਏਸ ਪਿੰਡੋਂ ਤੁਰ ਜਾਣ ਦੀ ਟੀਸ ਉਨ੍ਹਾਂ ਦੇ ਸਾਹਾਂ ਵਿੱਚ ਅਜੇ ਵੀ ਮਹਿਸੂਸ ਕੀਤੀ ਜਾ ਸਕਦੀ ਹੈ।
ਕਾਜੀ ਮੁਸਲਮਾਨ ਜਿਨ੍ਹਾਂ ਦਾ ਖਾਨਦਾਨੀ ਕੰਮ ਤਾਂ ਸੀ ਮੁਸਲਿਮ ਹਾਕਮਾਂ ਵੇਲੇ ਜੱਜੀ ਫੈਸਲੇ ਦੇਣੇ, ਵਿਚ ਉਹ ਸਿਰਫ ਧਰਮ-ਕਰਮ ਤੇ ਨਿਕਾਹ
ਪੜ੍ਹਾਉਣ ਦਾ ਕੰਮ ਕਰਨ ਲੱਗੇ, ‘ਮੁਹੰਮਡਨ ਵੀ ਅਖਵਾਉਂਦੇ ਸਨ। ਜਿੱਥੇ ਫਕੀਰ ਮੁਸਲਮਾਨ ਮੰਗ ਕੇ ਗੁਜਾਰਾ ਕਰਦੇ ਤੇਲੀ ਐਲ ਜੋੜ ਕੇ ਕੋਹਲੂ ਨਾਲ ਘਾਣੀਆਂ ਕੱਢਦੇ, ਪਾਲੀ ਲੋਕਾਂ ਦਾ ਮਾਲ-ਸੰਸਾਰ ਚਾਚਾਂਦੀ ਚੁਗਦਾ ਛੱਡਦੇ, ਵਸ ਇੰਜ ਹੀ ਗੁਜ਼ਰ ਵਰੇਸ ਕਰੀ ਜਾਂਦੇ ਸਨ ਇਹ ਜਾਵੇ। ਅਰਾਣੀ ਸਬਜ਼ੀਆਂ ਬੀਜਦੇ ਤੇ ਭਰਾਈ ਢੋਲ ਵਜਾਉਂਦੇ ਸਨ। ਆਵਤਾਂ, ਵਾਢੀਆਂ, ਬੀਜਾਂ, ਖੂਹਾਂ ਦੇ ਪਾੜ ਪੁੱਟਣ ਵੇਲੇ, ਧਰਮ-ਕਰਮ ਤੇ ਖੁਸ਼ੀ ਮੌਕੇ ਭਰਾਈ ਜਦ ਢੋਲ ਕੁੱਟਦੇ ਲੱਲੀਆਂ ਪਾਉਂਦੇ ਤਾਂ ਉਹ ਸਾਰੀ ਖਲਕ ਦੀ ਖੈਰ-ਸੁੱਖ ਮੰਗਦੇ ਜਾਪਦੇ ਸਨ। ਬਿਰਧ ਬੱਚਿਆਂ ਦੀ ਮੌਤ ਵੇਲੇ ਡੱਫਾ ਵਜਾਉਣੀਆਂ ਤੇ ਸਖੀ-ਸਰਵਰ ਦੇ ਦਿਨ ਟਾਹਰਾਂ ਦੇਣਾ ਵੀ ਇਨ੍ਹਾਂ ਦਾ ਹੀ ਕੰਮ ਸੀ। ਕੁਝ ਛੋਟੇ ਸਮਝੇ ਜਾਂਦੇ ਮੁਸਲਮਾਨਾਂ ਦੀ ਹੀ ਇੱਕ ਉਪ-ਜਾਤ ਰਜਿਤ ਨਾਚ-ਮੁਜਰਾ ਕਰਦੀ ਸੀ, ਉਨ੍ਹਾਂ ਦੀਆਂ ਛੈਲ-ਛਬੀਲੀਆਂ ਸੋਹਣੀਆਂ ਪਰ ਅਣਖੀ ਕੁੜੀਆਂ ਉੱਤੇ ਲੋਟੂ ਹੋਏ ਕਈਜੋਗੀ ਬਣ ਅਜਿਹੇ ਘੋਰ ਨਿਕਲੇ ਕਿ ਮੁੜ ਦਰਸ਼ਨ ਨਾ ਹੋਏ। ਹੁਣ ਮੁਸਲਮਾਨ ਕਸਾਈ ਬੱਕਰੇ ਹਲਾਲ ਕਰਕੇ ਮਾਸ ਵੇਚਦੇ ਸਨ। ਕਈ ਸਮਾਜ ਸ਼ਾਸ਼ਤਰੀ ਬਲਾਲੀ ਮੁਸਲਮਾਨਾਂ ਨੂੰ ਕੁਠੀਕ ਅਤੇ ਹਿੰਦੂ ਕਸਾਈਆਂ ਨੂੰ ਝਟਕਈ ਕਹਿ ਦਿੰਦੇ ਹਨ। ਜਿਨ੍ਹਾਂ ਦਾ ਮੁੱਖ ਕਿੱਤਾ ਬੱਕਰੇ ਵੱਢਣਾ ਹੁੰਦਾ ਸੀ। ਗੁਲਾਮ ਕਸਾਈ ਤਾਂ ਮਾਸ ਦੀ ਮਸ਼ਹੂਰੀ ਦਿੱਤੇ ਅਗਲੇ ਦਿਨ ਵੱਢੇ ਜਾਣ ਵਾਲੇ ਬੱਕਰੇ ਨੂੰ ਰੰਗਾਂ ਨਾਲ ਸ਼ਿੰਗਾਰ ਕੇ ਰਿਬਨ-ਪਰਾਂਦੇ ਬੰਨ੍ਹ ਗਲੀ-ਬਜ਼ਾਰੀ ਵੇਰਦਾ, ਜਿਵੇਂ ਮੁਕ ਹੀ ਕਹਿ ਰਿਹਾ ਹੋਵੇ, ਕਿ ਲੋਕੋ ਬਿਲਕੁਲ ਖਾਲਸ ਤੇ ਤੰਦਰੁਸਤ ਹੈ। ਗੁਲਾਮ ਹੁਰੀਂ ਬੇਸ਼ਕ ਕਰਮ ਵਜੋਂ ਕਸਾਈ ਸਨ, ਪਰ ਦਿਲ ਵਜੋਂ ਓਨੇ ਹੀ ਨਰਮ। ਮਹਿੰਦੀ ਰੰਗੇ ਸਿਰ ਵਾਲੀ ਗੁਲਾਮ ਕਸਾਈ ਦੀ ਧਰਮ-ਕਰਮ ਕਰਨ ਵਾਲੀ ਮਾਂ ਜਾਨੇ ਪਿੰਡ ਦੇ ਤਮਾਮ ਬੱਚਿਆਂ ਨੂੰ ਲਾਡ-ਦੁਲਾਰ ਕਰਦੀ, ਜਦ ਆਦਮੀਆਂ ਵਾਂਗ ਬੋਲਦੀ ਤਾਂ ਤੇਤਲੇ ਬੱਚੇ ਵੀ ਖਿੜ-ਖਿੜਾ ਕੇ ਹੱਸ ਪੈਂਦੇ। ਉਸ ਬੁੜ੍ਹੀ ਦੀਆਂ ਲੋਰੀਆਂ ਮਾਨਣ ਵਾਲੇ ਉਦੋਂ ਦੇ ਬੱਚੇ ਅੱਜ ਬੇਸ਼ਕ ਪੋਤਰਿਆਂ-ਦੋਹਤਰਿਆਂ ਵਾਲੇ ਹੋ ਚੁੱਕੇ ਹਨ, ਪਰ ਉਹ ਹੁਣ ਵੀ ਆਪਣੇ ਪਿੰਡੇ ਵਿਚੋਂ ਉਸ ਦੇ ਹੱਥਾਂ ਦੀ ਛੋਹ ਮਹਿਸੂਸ ਕਰਕੇ ਸ਼ਰਸਾਰ ਹੋ ਜਾਂਦੇ ਹਨ। ਝਾੜੀਆਂ ਸੂਤ-ਕੱਪੜਾ ਰੰਗਣ ਦੇ ਮਾਹਿਰ ਕਰੀਗਰਾਂ ਕਾਰਨ ਅੰਬਰਾਂ ਨੂੰ ਛੂੰਹਦਾ ਸੀ। ਉਸ ਨੂੰ ਇਹ ਮਾਣ ਇੱਥੋਂ ਦੇ ਲਲਾਰੀ (ਨਿਲਾਰੀ) ਤੇ ਰੰਗਰੇਜ਼ (ਰੰਗਾਈ) ਮੁਸਲਮਾਨਾਂ ਕਾਰਨ ਮਿਲਿਆ। ਰੰਗਰੇਜ਼ ਉਨ੍ਹਾਂ ਨੂੰ ਕਹਿੰਦੇ ਸਨ, ਜੋ ਨੀਲ ਤੋਂ ਬਿਨਾਂ ਸਾਰੇ ਰੰਗ ਵਰਤਦੇ ਸਨ ਤੇ ਨਿਲਾਰੀ ਉਹ ਜੋ ਸਿਰਫ ਨੀਲ ਦੀ ਹੀ ਵਰਤੋਂ ਰੰਗਾਈ ਲਈ ਕਰਦੇ। ਸੂਤ ਅਤੇ ਕੱਪੜੇ ਦਾ ਇਥੇ ਵੱਡਾ ਅਦਾਰਾ ਹੋਣ ਕਾਰਨ ਹੀ ਇਹ ਲੋਕ ਇਥੇ ਆ ਟਿਕੇ ਸਨ। ਲਲਾਰੀਆਂ ਬਾਰੇ ਕਿਆਸ ਕੀਤਾ ਜਾਂਦਾ ਕਿ ਇਹ ਛੋਟੇ ਰੈਂਕ ਦੇ ਮੁਗ਼ਲ ਸਿਪਾਹੀਆਂ ਦੇ ਇਧਰਲੀਆਂ ਫ੍ਰੀਮਤਾਂ ਨਾਲ ਕਰਾਏ ਵਿਆਹਾਂ ਦੀ ਸੰਤਾਨ ਸਨ। ਮੁੰਗੇਲੀਆ ਦੇ ਵਸਨੀਕ ਇਹ ਮੁਗ਼ਲ 14ਵੀਂ ਸਦੀ ‘ਚ ਭਾਰਤ ਵਰਸ਼ ਵਿੱਚ ਆਏ ਸਨ। ਮੁਗ਼ਲਾਂ ਦਾ ਪਿਆਰਾ ਰੰਗ ਨੀਲਾ ਸੀ। ਇਸੇ ਕਰਕੇ ਇਹ ਲਲਾਰੀ ਨੀਲ ਰੰਗ ਰੰਗਦੇ ਨਿਲਾਰੀ ਕਹਾਏ। ਇਸ ਪਿੰਡ ‘ਚ ਇਹ ਲੋਕ ਨੋਰੰਗਪੁਰ ਤੇ ਬੀਰਮਪੁਰ ਤੋਂ ਆਏ ਪਰ ਗੋਂਸ ਮੁਸਲਮਾਨ ਫਲੇਵਾਲੀ (ਜੈਜ) ਤੋਂ ਆਏ ਸਨ। ਕੁੱਤਿਆਂ ਦਾ ਪੂਰਾ ਵੇਗ ਰੱਖਣ ਵਾਲੇ ਰਹਿਮੇ ਲਲਾਰੀ ਤੋਂ ਬਿਨਾਂ ਤੂਫੇਲ, ਮੁਹੰਮਦ, ਪੇਂਡੂ, ਲੋਟਾ, ਬਸ਼ੀਰ, ਬਹਾਦਰ, ਖਰੈਤੀ, ਸੱਲਾ ਤੇ ਨੰਬੂ ਇਸ ਭਾਈਚਾਰੇ ਦੇ ਕੁਝ ਕੁ ਉੱਘੇ ਨਾਂਅ ਹਨ। ਜਿੱਥੇ ਗੁਲਾਮ ਸੀਜ਼ਨ ਉੱਤੇ ਅੰਬਾਂ ਦਾ ਵਪਾਰ ਵੀ ਕਰ ਲੈਂਦਾ ਸੀ ਉੱਥੇ ਰੰਗਾ ਲਲਾਰੀ ਮੱਝਾਂ ਦਾ ਵੀ ਸਫਲ ਵਪਾਰੀ ਸੀ। ਮੁਸਲਮਾਨ ਗੁੱਜਰ ਅੱਧ ਵਟਾਈ ਉੱਤੇ ਖੇਤੀਬਾੜੀ ਦਾ ਕੰਮ ਕਰਦੇ ਸਨ, ਪਰ ਰੰਘੜਾਂ ਦਾ ਤਾਂ ਮੁੱਖ ਕਿੱਤਾ ਹੀ ਖੇਤੀਬਾੜੀ ਸੀ। ਮੁਸਲਮਾਨ ਜੁਲਾਹੇ ਕੱਪੜਾ ਧੋਂਦੇ। ਇੱਥੋਂ ਦੇ ਦਰਵੇਸ਼ ਵੀ ਮੁਸਲਮਾਨਾਂ ‘ਚ ਹੀ ਆਉਂਦੇ ਸਨ। ਜਿਨ੍ਹਾਂ ਦਾ ਕੰਮ ਮੁੰਡਾ ਜੰਮੇ ਤੋਂ ਕਾਗਜ਼ੀ ਫੁੱਲਾਂ ਦਾ ਗੁਲਦਸਤਾ ਬਣਾ ਕੇ ਲਿਆਉਣਾ ਤੇ ਵਿਆਹਾਂ-ਸ਼ਾਦੀਆਂ ਸਮੇਂ ਬਖਸ਼ਿਸ਼ ਲੈਣੀ ਹੁੰਦੀ ਸੀ। ਅੱਜ-ਕੱਲ੍ਹ ਇਹ ਕੰਮ ਕਲਈ ਥਾਂ ਕੁਝ ਮੁਸਲਮਾਨ ਧਰਮ ਵਿੱਚ ਯਕੀਨ ਰੱਖਦੇ ਹਿੰਦੂ ਦਲਿਤਾਂ ਅਤੇ ਕੁਝ ਥਾਂ ਭੰਜੜਿਆ ਨੇ ਸਾਂਭ ਲਿਆ ਹੈ। ਭੰਜੜਿਆਂ ਦਾ ਮੁੱਖ ਕਿੱਤਾ ਵਾਜਾ ਵਜਾਉਣਾ, ਬਾਂਸਾਂ ਤੇ ਨਤਿਆਂ ਦੀਆਂ ਬੈਠਣ ਟੰਗਣ ਲਈ ਚਿਕਾਂ ਅਤੇ ਖਜੂਰ ਦੇ ਹੱਥ ਪੱਖੇ ਬਣਾਉਣਾ ਰਿਹਾ ਹੈ, ਬਾਅਦ ‘ਚ ਕੁਰਸੀਆਂ ਬੁਨਣੀਆਂ ਤੇ ਹੁਣ ਵਾਲ ਕੱਟਣੇ ਵੀ ਇਨ੍ਹਾਂ ਦਾ ਕਿੱਤਾ ਬਣ ਗਿਆ ਹੈ।
ਹੁਸ਼ਿਆਰਪੁਰ ਜ਼ਿਲੇ ਦੇ ਸੰਨ 1950 ਦੇ ਪ੍ਰਾਇਮਰੀ ਦੇ ਜੁਗਰਾਫੀਏ ਵਿੱਚ ਬਾੜੀਆਂ ਸੰਬੰਧੀ ਜ਼ਿਕਰ ਆਉਂਦਾ ਸੀ- “ਮਾਹਿਲਪੁਰ ਦੇ ਮੁਕਾਬਲੇ ਉੱਘੇ ਵਪਾਰਕ ਪਿੰਡ ਬਾੜੀਆਂ ਨੂੰ ਦੂਰ ਦੇ ਲੋਕ ਮਾਹਿਲਪੁਰ ਬਾੜੀਆਂ ਕਹਿੰਦੇ ਹਨ, ਪਰ ਬਾੜੀਆਂ ਤਾਂ ਮਾਹਿਲਪੁਰ ਤੋਂ ਦੋ ਮੀਲ ਉੱਤਰ-ਪੱਛਮ ਵੱਲ ਹੈ। ਹੱਥ ਖੱਡੀਆਂ ਦਾ ਕੱਪੜਾ ਰੇਸ਼ਮੀ ਤੇ ਸੂਤੀ ਬਣਦਾ ਹੈ ਤੇ ਦਸੋਰ ਨੂੰ ਜਾਂਦਾ ਹੈ। ਅੰਬ ਵੀ ਦਸੋਰ ਨੂੰ ਜਾਂਦੇ ਹਨ। ” ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ ਕਿ ਸੰਨ 1950 ਤੋਂ 1963 ਤੱਕ ਛਪਦੇ ਰਹੇ ਇਸ ਜੁਗਰਾਫੀਏ ਨੂੰ ਲਿਖਣ ਵਾਲਾ ਸ੍ਰੀ ਰਾਮ ਸਿੰਘ ਬੇਦੀ ਇਥੋਂ ਹੀ ਦਾ ਜੰਮਪਲ ਸੀ। ਬੇਦੀਆਂ ਦੇ ਇਸ ਵਿਦਵਾਨ ਨੇ ਸੰਨ 1954 ‘ਚ ਵਿਦਿਆਰਥੀਆਂ ਲਈ ‘ਸ਼ੁੱਧ ਪੰਜਾਬੀ ਲਿਖਾਈ’ ਤੇ 1957 ਵਿੱਚ ਚੌਥੀ ਸ਼੍ਰੇਣੀ ਲਈ ‘ਨਵਾਂ ਪੰਜਾਬ’ ਨਾਮੀ ਪੁਸਤਕ ਲਿਖੀ ਸੀ। ਆਪਣੀ ਜਵਾਨੀ ਵੇਲੇ, ਉੱਥੇ ਉਸ ਨੇ ਬੁੱਢ ਵਰੇਸ ਵਿੱਚ ਖੁਰਾਸਾਨ ਦੇਸ਼ ਦੇ ਖੋਜੀ ਹਕੀਮ ਸੁਲਤਾਨ ਅਲੀ ਜੋ ਸਮਰਕੰਦ ਦੇ ਬਾਦਸ਼ਾਹ ਅਬੂ ਉਲ-ਮੁਜੱਫਰ ਮਹਿਮੂਦ ਸ਼ਾਹ ਸੁਲਤਾਨ ਪਾਸ ਸ਼ਾਹੀ ਹਕੀਮ ਵਜੋਂ ਨੌਕਰ ਸੀ ਵੱਲੋਂ ਸੰਨ 933 ਹਿਜ਼ਰੀ (ਈਸਵੀ ਸੰਨ 1526) ਵਿੱਚ ਯੂਨਾਨੀ ਹਿਕਮਤ ਦੀਆਂ ਕਿਤਾਬਾਂ ਦਾ ਨਿਚੋੜ ਕੱਢ ਕੇ ਆਪਣੇ ਤਜਰਬਿਆਂ ਨੂੰ ਅਧਾਰ ਬਣਾ ਕੇ ਅਰਬੀ-ਫਾਰਸੀ ਵਿੱਚ ਲਿਖੀ ਇੱਕ ਵੱਡ ਅਕਾਰੀ ਜਗਤ ਪ੍ਰਸਿੱਧ ਚਕਿਤਸਾ ਪੁਸਤਕ ਆਯੁਰਵੈਦਿਕ, ਯੋਗਿਕ, ਨਬਜ਼ ਪ੍ਰਬੰਧ ਵਾਲੀ ਨਿਰੋਲ ਦੇਸੀ ਇਲਾਜ ਪ੍ਰਣਾਲੀ ਦੀ ‘ਦਸਤੂਰ-ਉਲ- ਇਲਾਜ’ ਨਾਮੀ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਕਰਕੇ ਅਜਿਹਾ ਨਾਮਣਾ ਖੱਟਿਆ ਕਿ ਉਹ ਆਪਣੇ ਨਾਂਅ ਦੇ ਨਾਲ ਬਾੜੀਆਂ ਦਾ ਨਾਂਅ ਵੀ ਮਕਬੂਲ ਕਰ ਗਿਆ। ਬੇਦੀ ਹਿਮਾਚਲ ਦੇ ਉਨਾ ਖੇਤਰ ਤੋਂ ਲੱਗਭਗ 18ਵੀਂ ਸਦੀ ਦੇ ਪਿਛਲੇ ਅੱਧ ਵਿੱਚ ਆਏ। ਉਨ੍ਹਾਂ ਦੇ ਇੱਥੇ ਆਉਣ ਵਾਲੇ ਪਹਿਲੇ ਬਜ਼ੁਰਗ ਦਾ ਨਾਂਅ ਸੀ ਬਾਬਾ ਰਾਮ ਸਿੰਘ, ਜਿਸ ਦੇ ਦੋ ਪੁੱਤਰ ਸਨ। ਬਾਲਕ ਸਿੰਘ ਤੇ ਬਾਦਲ ਸਿੰਘ। ਬਾਦਲ ਸਿੰਘ ਔਂਤ ਤੁਰ ਗਿਆ ਤੇ ਬਾਲਕ ਸਿੰਘ ਦਾ ਇੱਕ ਪੁੱਤਰ ਸੁੰਦਰ ਸਿੰਘ ਇਸ ਕਰਕੇ ਵੀ ਚਰਚਿਤ ਹੋਇਆ ਕਿ ਸੰਨ 1831 ਵਿੱਚ ਰੋਪੜ ਦੀ ਸੰਧੀ ਤੋਂ ਮੁੜਦਿਆਂ ਜਦ ਮਹਾਰਾਜਾ ਰਣਜੀਤ ਸਿੰਘ ਨੇ ਮਾਹਿਲਪੁਰ ਲਾਗਲੇ ਪੜਾਅ ਸਮੇਂ ਸਿੱਖ ਗੁਰੂਆਂ ਦੇ ਵੰਸ਼ ਵਾਲੇ ਇਨ੍ਹਾਂ ਬੇਦੀਆਂ ਦੀ ਇੱਜ਼ਤਦਾਰੀ ਲਈ, ਉਸ ਨੂੰ ਉੱਥੇ ਆ ਮਿਲਣ ਦੀ ਬੇਨਤੀ ਭੇਜੀ ਤਾਂ ਇਸ ਬੰਦੇ ਤੋਂ ਆਪਣੀ ਪਸੰਦ ਅਨੁਸਾਰ ਪੱਗ ਹੀ ਨਾ ਬੱਧੀ ਜਾਵੇ। ਇਸ ਕਾਰਨ ਹੋ ਰਹੀ ਦੇਰੀ ਉਪਰੰਤ ਜਦ ਅਹਿਲਕਾਰਾਂ ਜਲਦੀ ਕਰਨ ਲਈ ਕਿਹਾ ਤਾਂ ਪੱਗ ਸੰਵਾਰਦਾ ਸੁੰਦਰ ਸੁੰਹ ਬੋਲਿਆ- ‘ਕਾਹਲੀ ਕਾਹਦੀ, ਵੱਧ ਤੋਂ ਵੱਧ ਉਹ ਮਿੱਟੀ ਦੀ ਮੁੱਤ (ਜ਼ਮੀਨ ਦੀ ਜਾਗੀਰ) ਹੀ ਦੇ ਜਾਉ, ਆਪਾਂ ਟੋਹਰ ਵਿਹੁਣੀ ਸ਼ਮਲੇ ਵਾਲੀ ਪੱਗ ਬੰਧੇ ਬਗੈਰ ਨਹੀਂ ਤੁਰਨਾ” ਇਹ ਘਟਨਾ ਜਿੱਥੇ ਬਾੜੀਆਂ ਦੇ ਬਜ਼ੁਰਗਾਂ ਦੀ ਖੁਰਦਾਰੀ ਦਾ ਇਸ਼ਾਰਾ ਕਰਦੀ ਹੈ, ਉੱਥੇ ਗੱਲਾਂ ‘ਚੋਂ ਗੱਲ ਇਹ ਵੀ ਸਿੱਧ ਹੋਈ ਕਿ ਉਸ ਸਮੇਂ ਜਮੀਨ ਦੀ ਪੁੱਛ-ਪ੍ਰਤੀਤ ਬਹੁਤ ਹੀ ਘੱਟ ਸੀ। ਫਿਰ ਵੀ ਨਾਰਾਜ ਹੋਣ ਦੀ ਬਜਾਏ ਐਵੇਂ ਕਿਸੇ ਕਲਪਿਤ ਸਰਾਪ ਦੇ ਡਰੋਂ ਬੰਬੇਲੀ ਪਿੰਡ ਦੀ ਠਹਿਰ ਦੌਰਾਨ ਉਸ ਮਹਾਰਾਜੇ ਨੇ ਗੁਰੂ ਅੰਸ਼ ਬੇਦੀਆਂ ਪ੍ਰਤੀ ਉਦਾਰਤਾ ਵਿਖਾਉਂਦੇ ਹੋਏ, ਉਨ੍ਹਾਂ ਨੂੰ ਮਾਹਿਲਪੁਰ ਦੀ ਪੱਤੀ ਫਾਗੋ, ਕਹਾਰਪੁਰ, ਬਬੇਲੀ, ਬਿਲਾਸਪੁਰ, ਪਠਲਾਵਾ ਤੇ ਬਾੜੀਆਂ ਵਿਖੇ ਕੁਝ ਜ਼ਮੀਨਾਂ ਦੇ ਪਟੇ ਉਨ੍ਹਾਂ ਨਾਂਅ ਕਰ ਦਿੱਤੇ। ਸੰਨ 1884 ਦੇ ਬੰਦੋਬਸਤ ਵੇਲੇ ਜਦ ਅੰਗਰੇਜ਼ ਸਰਕਾਰ ਨੇ ਇਹ ਨਿਯਮ ਬਣਾਇਆ ਕਿ ਜ਼ਮੀਨ ਹਲਵਾਹਕ ਦੀ ਜਾਂ ਫਿਰ ਮਾਮਲਾ ਤਾਰਨ ਵਾਲੇ ਦੀ ਤਾਂ ਇਨ੍ਹਾਂ ਪਿੰਡਾਂ ਦੀ ਬਹੁਤੀ ਜ਼ਮੀਨ ਇਨ੍ਹਾਂ ਹੱਥੋਂ ਜਾਂਦੀ ਲੱਗੀ, ਪਰ ਪਠਲਾਵੇ ਵਾਲੀ ਜ਼ਮੀਨ ਖਿਸਕੀ ਮੁਜਾਰਾ ਘੋਲ ਦੌਰਾਨ।
ਕਿੱਸਾ ਪੂਰਨ ਭਗਤ ਲਿਖਣ ਵਾਲਾ ਇੱਕ ਪ੍ਰਸਿੱਧ ਲਿਖਾਰੀ (?) ਉਸ ਦੇ ਮੰਗਲਾਚਰਨ (ਭੂਮਿਕਾ) ਵਿੱਚ ਲਿਖਦਾ ਹੈ ਕਿ ਮੈਂ ਬਾੜੀਆਂ ਨੂੰ ਵੀ ਨਮਸਕਾਰ ਕਰਦਾ ਹਾਂ. ਜਿੱਥੇ ਮੇਰਾ ਮੀਰ-ਮੁਨਸ਼ੀ (ਗੁਰੂ) ਵੱਸਦਾ ਹੈ। ਸ਼ਾਇਦ ਉਸਦਾ ਇਸ਼ਾਰਾ ਬੇਦੀ ਸੁੰਦਰ ਸਿੰਘ ਦੇ ਪੁੱਤਰ ਨੱਥਾ ਸਿੰਘ ਦੇ ਬੇਟੇ ਨਾਨਕ ਬਖਸ਼ ਵਲ ਸੀ। ਲਿਖਾਰੀ ਦੇ ਨਾਲ-ਨਾਲ ਹਿਕਮਤ ਕਰਕੇ ਪ੍ਰਸਿੱਧ ਇਸੇ ਨਾਨਕ ਬਖਸ਼ ਦੇ ਹੀ ਇੱਕ ਪੁੱਤ ਹਰਨਾਮ ਸਿੰਘ ਦੀ ਹੀ ਇੱਕ ਔਲਾਦ ਸੀ, ਸ੍ਰੀ ਰਾਮ ਸਿੰਘ ਬੇਦੀ ਜਿਸ ਦਾ ਜ਼ਿਕਰ ਅਸੀਂ ਪਹਿਲਾਂ ਕਰ ਆਏ ਹਾਂ। ਅੰਗਰੇਜ਼ਾਂ ਸਮੇਂ ਹੀ ਫ਼ੌਜ ਦੀ ਦੂਸਰੀ ਸਫ ਦੇ ਪਹਿਲੇ 14 ਵੱਡੇ ਅਫਸਰਾਂ ਵਿੱਚੋਂ ਇੱਕ ਸੀ, ਬੇਦੀ ਨੰਦ ਸਿੰਘ। ਉਹ ਵੀ ਇਸੇ ਬਾੜੀਆਂ ਦਾ ਸੀ, ਜੋ ਬਹੁਤ ਹੀ ਡੂੰਘਾਈ ‘ਚ ਹਿਕਮਤ ਤਾਂ ਜਾਣਦਾ ਹੀ ਸੀ। ਉਤੋਂ ਨੇਕ ਦਿਲ ਐਨਾ ਕਿ ਮੇਮਾਂ ਦਾ ਇਲਾਜ ਕਰਦਾ ਕਰਦਾ ਉਹ ਆਨਰੇਰੀ ਮੈਜਿਸਟਰੇਟ ਦੀ ਪਦਵੀ ਪ੍ਰਾਪਤ ਕਰ ਗਿਆ। ਅਪਰਾਧੀਆਂ ਤੇ ਟੈਕਸ ਨਾ ਦੇਣ ਵਾਲਿਆਂ ਨੂੰ ਕਾਠ ਮਾਰਨ ਦਾ ਅਧਿਕਾਰ ਰੱਖਣ ਵਾਲਾ ਇੱਕ ਹੋਰ ਹਕੀਮ ਵੀ ਬੇਦੀ ਹੀ ਸੀ, ਬੇਸ਼ੱਕ ਅੰਗਰੇਜ਼ ਵਕਤ ਹੀ ਬੇਦੀ ਹਰਕਿਸ਼ਨ ਸਿੰਘ ਪੀ. ਐਚ. ਡੀ. ਕਰਕੇ ਖੇਤੀਬਾੜੀ ਦਾ ਵਿਗਿਆਨੀ ਬਣ ਚੁੱਕਾ ਸੀ, ਪਰ ਬੇਦੀਆਂ ਦੀ ਹਿਕਮਤ ਵਿੱਚ ਪਾਈਆਂ ਧੁੰਮਾਂ ਕਾਰਨ ਬਾੜੀਆਂ ਹਕੀਮਾਂ ਵਜੋਂ ਵੀ ਜਾਣਿਆ ਜਾਂਦਾ ਸੀ। ਬੇਦੀਆਂ ਦੇ ਨਾਲ ਹੀ ਮਿਲਦੀ-ਜੁਲਦੀ ਇੱਕ ਹੋਰ ਬਰਾਦਰੀ ਬਾਹਤੀ (ਚਾਂਘ) ਵੀ ਇਥੇ ਵੱਸਦੇ ਸਨ। ਜਿੱਥੇ ਬੇਦੀ ਬਹੁਤਾ ਕਰਕੇ ਸਿੱਖ ਸਰਦਾਰ ਹਨ, ਉੱਥੇ ਬਾਹਤੀ ਆਮ ਕਰਕੇ ਮੋਨੇ ਹਿੰਦੂ। ਬ੍ਰਾਹਮਣਾਂ ਵਰਗੇ ਸੋਹਣੇ-ਸੁਨੱਖੜੇ ਇਕਹਰੇ ਸਰੀਰ ਵਾਲੀ ਪੜ੍ਹੀ ਲਿਖੀ ਇਸ ਜਾਤ ਨੇ ਵੀ ਬਾੜੀਆਂ ਨੂੰ ਚਾਰ ਚੰਨ ਲਾਏ।
ਸੋਪੀ ਤਾਂ ਕਦੋਂ ਦੀ ਮਰ-ਮੁੱਕ ਗਈ ਹੈ, ਪਰ ਇਨ੍ਹਾਂ ਕਾਲਮਾਂ ਵਿੱਚ ਗੱਲਾਂ ਅਸੀਂ ਉਹ ਕਰਦੇ ਹਾਂ, ਜਦੋ ਇਹ ਲੋਕ ਪਿੰਡ ਦਾ ਧੁਰਾ ਹੁੰਦੇ ਸਨ ਤੇ ਇਨ੍ਹਾਂ ਬਿਨਾਂ ਬਿਲਕੁਲ ਹੀ ਨਹੀਂ ਸੀ ਸਰਦਾ ਕੋਣ ਹਨ ਫਿਰ ਇਹ ਲੋਕ? ਵੱਸ ਤਰਖਾਣ, ਲੁਹਾਰ, ਝੀਰ, ਨਾਈ, ਵਾਲਮੀਕ ਆਦਿ ਸ਼ਿਲਪੀ ਤੇ ਕਾਮਾ ਜਾਤਾਂ ਹੀ ਸਨ ਇਹ ਲੋਕ। ਇਨ੍ਹਾਂ ਦਾ ਕੰਮ ਸੇਪੀ ਕਰਨਾ ਹੁੰਦਾ ਸੀ। ਕੰਮਕਾਰ ਦੇ ਇਵਜ਼ਾਨੇ ਵਜੋਂ ਕਿਸਾਨ ਇਨ੍ਹਾਂ ਨੂੰ ਦਾਣਾ-ਫੱਕਾ ਅਤੇ ਮਹਾਜਨੀ ਕੰਮਾਂ ਟਕਾ-ਧੇਲਾ ਦਿੰਦੀਆਂ ਸਨ ਅਤੇ ਕੁਝ ਹੋਰ ਜਾਤਾਂ ਬਦਲੇ ਵਿੱਚ ਇਨ੍ਹਾਂ ਦੇ ਹੋਰ ਕੰਮ ਸੁਆਰਦੀਆਂ ਸਨ। ਆਪਣੀ ਮਿਹਨਤ ਤੇ ਹੁਨਰ ਦੇ ਬਲਬੂਤੇ ਵੱਡੇ ਰੌਲਿਆਂ ਤੋਂ ਪਹਿਲਾਂ ਹੀ ਸਥਾਪਤ ਕੀਤੇ ਗਏ ਸਰਨੇ ਲੁਹਾਰ ਦੇ ਕਾਰਖਾਨੇ ਵਿੱਚ ਖਹਾਂ ਦੀਆਂ ਟਿੰਡਾਂ ਮਾਹਲਾਂ ਤੋਂ ਬਿਨਾਂ ਖੇਤੀ ਨਾਲ ਸੰਬੰਧਿਤ ਹਰ ਤਰ੍ਹਾਂ ਦੇ ਸੰਦ ਤਿਆਰ ਹੁੰਦੇ। ਲੁਹਾਰ ਕਾਰੀਗਰਾਂ ਪਲ ਛੱਕ ਇਹੇ ਦਾ ਕੰਮ ਕਰਵਾਉਂਦੇ ਤੇ ਤਰਖਾਣਾਂ ਤੋਂ ਲੱਕੜ ਦਾ। ਬਲਦਾਂ ਦੀਆਂ ਖੁਰੀਆਂ ਤੇ ਔਰਤਿਆਂ ਦੇ ਸੰਥ ਬਣਾਉਣ ਵਿੱਚ ਸ਼ਰਨਾ ਤੇ ਉਸ ਦੇ ਹਮਜੋਲੀ ਬੜੇ ਟਕਸਾਲੀ ਸਨ ਤੇ ਦੂਰ-ਦੁਰਾਡੇ ਤੋਂ ਲੋਕ ਇਸ ਕਾਰਖਾਨੇ ‘ਚ ਲੋਹੇ ਦਾ ਕੰਮ ਕਰਵਾਉਣ ਆਉਂਦੇ, ਪਰ ਗਲੀ ਦੇ ਹੱਲਿਆਂ ਵੇਲੇ ਇੱਥੇ ਬਣੀਆਂ ਸ਼ਵੀਆਂ ਗੰਡਾਸਿਆਂ ਵਾਲੀ ਗੱਲ ਕਈ ਭਲੇ ਲੋਕਾਂ ਦੁਤਾਲੇ ਵੀ ਸੰਘ ਨਹੀਂ ਜੇ ਉਤਰੀ। ਨਾਈ ਬਰਾਦਰੀ ਬਿਨਾਂ ਕਿਸੇ ਦਾ ਤਾਂ ਉਂਜ ਹੀ ਨਹੀਂ ਸੀ ਸਰਦਾ। ਖੁਸ਼ੀ ਗਮੀ ਮੌਕੇ ਇਨ੍ਹਾਂ ਦਾ ਰੋਲ ਮੁੱਖ ਹੁੰਦਾ। ਬਾਬੂ ਰਾਮ ਵਰਗਾ ਵਾਲ ਕੱਟਣ ਵਾਲਾ ਹੁਨਰੀ ਤੇ ਜੁਗਤੀ ਬੰਦਾ ਸ਼ਾਇਦ ਹੀ ਕਿਸੇ ਹੋਰ ਪਿੰਡ ‘ਚ ਹੋਵੇ। ਛੀਂਬੇ ਜਿਨ੍ਹਾਂ ਦਾ ਮੁੱਖ ਕੰਮ ਕੱਪੜੇ ਸਿਉਣਾ ਹੁੰਦਾ ਸੀ, ਪਹਿਲਾਂ ਇਹ ਲੋਕ ਸੂਈ-ਧਾਗੇ ਨਾਲ ਹੱਥੀਂ ਕੱਪੜੇ ਸਿਉਂਦੇ ਸਨ ਤੇ ਫਿਰ ਚੱਲ ਪਈ ਮਸ਼ੀਨ। ਹੁਨਰੀ ਦਰਜੀ ਛੱਜੂ ਛੀਂਬੇ ਨੇ ਕਦੇ ਇੱਥੇ ਹੀ ਕਿਲਕਾਰੀ ਮਾਰੀ ਸੀ। ਝੀਉਰ ਬਰਾਦਰੀ ਪੁਰਾਣੇ ਸਮਿਆਂ ‘ਚ ਸਿਰਫ਼ ਜੂਠੇ ਬਰਤਨ ਹੀ ਨਹੀਂ ਸੀ ਮਾਂਜਦੀ, ਬਲਕਿ ਪਿੰਡ ‘ਚ ਖੁਸ਼ੀਆਂ ਦੇ ਇਕੱਠ ਦੇ ਸੁਨੇਹੇ ਲਾਉਣ ਤੋਂ ਬਿਨਾਂ ਇਸ ਬਰਾਦਰੀ ਨੇ ਪਾਣੀ ਦੀ ਜੋ ਸੇਵਾ ਕੀਤੀ, ਉਹ ਕਦੇ ਵੀ ਭੁੱਲਣੀ ਨਹੀਂ।
ਇਨ੍ਹਾਂ ਦੀਆਂ ਮਾਈਆਂ ਵੱਲੋਂ ਚੁੱਲ੍ਹੇ ਚੌਂਕਿਆਂ ‘ਤੇ ਓਟਿਆਂ ਉੱਤੇ ਕੋਮਲ-ਕਲਾਵਾਂ ਨਾਲ ਗੇਰੂ, ਗੋਲੂ, ਚੀਕਣੀ ਮਿੱਟੀ ਤੇ ਨੀਲ ਨਾਲ ਉਕਰੇ ਚਿੜੀਆਂ ਤੋਤੇ, ਮੋਰ-ਬ੍ਰਿਛ ਤੇ ਹਰ ਫੁੱਲ ਪੱਤੀਆਂ ਭਾਵੇਂ ਮਰ ਮਿਟ ਚੁੱਕੇ ਹਨ, ਪਰ ਜਦੋਂ ਵੀ ਕੋਈ ਪੁਰਾਣੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਛੋਹੇਗਾ ਤਾਂ ਇਹ ਕਰਮਯੋਗੀ ਹੱਥ ਫਿਰ ਉਜਾਗਰ ਹੋ ਜਾਣਗੇ। ਕਹਿਣ ਨੂੰ ਅੱਜ ਵੀ ਕਈ ਪਿਛਲੇ ਖੁਰੇ ਇਨ੍ਹਾਂ ਨੂੰ ਬੇਸ਼ਕ ਉੱਜਡ ਜਾਤ ਆਖ ਦੇਂਦੇ ਨੇ, ਪਰ ਇਸ ਮਾਣ-ਮੱਤੀ ਬਰਾਦਰੀ ‘ਚੋਂ ਹੀ ਇੱਕ ਹੋਇਆ ਸੀ- ਈਸ਼ਰ ਸਿੰਘ ਕਲਯੁੱਗ। ਔੜ ਅਰਾਪੜ ਤੋਂ ਇੱਥੇ ਆ ਵਸੇ ਇਸ ਰੌਸ਼ਨ ਦਿਮਾਗ ਮਨੁੱਖ ਨੇ ‘ਦਿਗ ਵਿਜੈ ਗ੍ਰੰਥ’ ਰਚ ਕੇ ਧਰਮ ਖੇਤਰ ਵਿੱਚ ਤਰਥੱਲੀ ਮਚਾ ਦਿੱਤੀ। ਉਹ ਕਾਸ਼ੀ-ਬਨਾਰਸ ਤੱਕ ਗਿਆਨ ਗੋਸ਼ਟੀਆਂ ਕਰਦਿਆਂ ਹਰਿਦੁਆਰ ਦੇ ਆਸ਼ਰਮਾਂ ‘ਚ ਵੀ ਐਨਾ ਚੜ੍ਹ ਮਚਿਆ ਕਿ ਸਿਰੇ ਦੀ ਹਲੀਮੀ ਵਾਲੇ ਇਸ ਯੁੱਗ ਪੁਰਸ਼ ਨੂੰ ਬਾੜੀਆਂ ਵਾਲੇ ਹੁਣ ਵੀ ਯਾਦ ਕਰਦੇ ਹਨ, ਇਸ ਕਰਕੇ ਵੀ ਕਿ ਇਸ ਨੇ ਲਾਇਬਰੇਰੀ ਬਣਾਉਣ ਦੀ ਵੀ ਇੱਕ ਵੱਖਰੀ ਪਿਰਤ ਤੋਰੀ।
ਜੱਟਾਂ ਤੋਂ ਬਿਨਾਂ ਖੇਤੀਬਾੜੀ ਕਰਨ ਵਾਲੀ ਇਥੇ ਇੱਕ ਹੋਰ ਪ੍ਰਮੁੱਖ ਧਿਰ ਸੀ, ਸੈਣੀ। ਆਬਾਦੀ ਪੱਖੋਂ ਤਾਂ ਭਾਵੇਂ ਇਹ ਉਂਗਲਾਂ ‘ਤੇ ਹੀ ਗਿਣੇ ਜਾ ਸਕਣ, ਪਰ ਹੈਨ ਸਨ ਐਨੇ ਉਦਮੀ ਕਿ ਖੇਤੀ-ਸਬਜ਼ੀਆਂ ਵਿੱਚ ਕਈਆਂ ਨੂੰ ਮਾਤ ਪਾਉਂਦੇ। ਹੁਸ਼ਿਆਰਪੁਰ ਵਾਲੇ ਸਮਾਜਵਾਦੀ ਲੀਡਰ ਚੌਧਰੀ ਬਲਬੀਰ ਸਿੰਘ ਐਮ. ਪੀ. ਦੇ ਬਜ਼ੁਰਗ ਕਦੇ ਇੱਥੇ ਹੀ ਵਸਦੇ ਸਨ। ਅੰਬਾਂ ਦੇ ਸਾਰੇ ਦੇ ਸਾਰੇ ਬਾਗ ਤਾਂ ਇੱਥੋਂ ਦਾ ਨਿਵੇਕਲਾ ਖ਼ਜ਼ਾਨਾ ਸਨ, ਪਰ ਸੈਣੀਆਂ ਦੇ ਬਾਗ ਦੀ ਆਪਣੀ ਹੀ ਪੈਂਠ ਸੀ। ਲੱਡੂ, ਛੱਲੀ, ਸੌਫੀਆਂ, ਸੰਧੂਰੀ, ਚਮਖੱਲੜ, ਅਨਾਰੀਆਂ, ਸਫੇਦਾ, ਠੂਠੀ, ਸੋਹਣ ਵਾਲਾ, ਖਰਬੂਜ਼ਾ, ਕਰੇਲਾ, ਨਿੰਬੂ, ਕਾਲਾ, ਸਿੱਪੀ, ਬੂਟੀ, ਟਾਂਸ ਅਤੇ ਭਦਵਾੜੀ ਆਦਿ ਵੰਨ-ਸਵੰਨੇ ਨਾਂਅ ਵਾਲੀਆਂ ਵਿਲੱਖਣ ਅੰਬ ਕਿਸਮਾਂ ਸਨ। ਹੁਸ਼ਿਆਰਪੁਰ ਸ਼ਹਿਰ ਦੇ ਵਕੀਲਾਂ ਬਜ਼ਾਰ ‘ਚ ਕਿਤਾਬਾਂ ਦੀਆਂ ਸੁ-ਪ੍ਰਸਿੱਧ ਦੁਕਾਨਾਂ ਕਰਨ ਵਾਲੇ ਜੋਤੀ ਸਿੰਘ-ਮੋਤੀ ਸਿੰਘ ਇਥੋਂ ਦੇ ਹੀ ਜਾਏ ਸਨ। ਚਹਿਲਕਦਮੀ ਵਾਲਾ ਵੱਡਾ ਕੇਂਦਰੀ ਵਪਾਰਕ ਪਿੰਡ ਹੋਣ ਕਰਕੇ ਬਾੜੀਆਂ ‘ਚ ਕਈ ਬਾਹਰਲੀਆਂ ਘੁਮੱਕੜ ਬਰਾਦਰੀਆਂ ਵੀ ਰੋਟੀ-ਰੋਜ਼ੀ ਖਾਤਰ ਵਕਤੀ ਤੌਰ ‘ਤੇ ਆ ਟਿਕਦੀਆਂ। ਰੂੰ ਪਿੰਜਣ ਤੇ ਰਜਾਈਆਂ ਭਰਨ ਵਾਲੇ ਧੁਨੀਆਂ ਪੇਂਜੇ। ਮਜਬੂਰੀਵਸ ਭੇਸ ਬਦਲ ਕੇ ਠੱਗੀ ਕਰਨ ਵਾਲੇ ਪਰ ਖੁਸ਼ੀ ਮੌਕੇ ਮੰਗਣ-ਗਾਉਣ ਵਾਲੇ ਰੋਲ, ਆਤਸ਼ਬਾਜ਼ੀ ਦਾ ਕੰਮ ਕਰਨ ਵਾਲੇ ਸ਼ੋਲਗਰ ਤੇ ਨਕਲਾਂ ਲਾਉਣ ਵਾਲੇ ਭੰਡ ਆਪਣਾ ਰੰਗ ਬੰਨ੍ਹ ਦਿੰਦੇ। ਜੋਕਾਂ ਲਾ ਕੇ ਗੰਦਾ ਲਹੂ ਕੱਢ ਕੇ ਕੁਦਰਤੀ ਇਲਾਜ ਕਰਨ ਵਾਲੇ ਜੋਖੇੜੇ, ਜਿਮਨਾਸਟਿਕ ਦੇ ਕਰਤੱਬ ਵਿਖਾ ਕੇ ਰੋਟੀ ਕਮਾਉਣ ਵਾਲੇ ਨੱਟ, ਦਾਣੇ ਭੁੰਨ ਕੇ ਵੇਚਣ ਤੇ ਅੱਠ ਉੱਤੇ ਮਾਤਾ ਦੀਆਂ ਭੇਟਾਂ ਗਾਉਣ ਵਾਲੇ ਭੜਭੁੰਜੇ ਜਿੱਥੇ ਆ ਡੇਰੇ ਲਾਉਂਦੇ। ਖੇਲ ਤਮਾਸ਼ਾ ਵਿਖਾ ਕੇ ਮਨੋਰੰਜਨ ਕਰਨ ਵਾਲੇ ਮਦਾਰੀ, ਸੱਪਾਂ ਵਾਲੇ ਜੋਗੀ, ਦੇਸੀ ਦਵਾ-ਦਾਰੂ ਤੇ ਸ਼ਿਲਾਜੀਤ ਵੇਚਣ ਵਾਲੇ, ਗਾਈਆਂ ਫੜਨ ਵਾਲੇ ਬੁਚੜ, ਤੇਲ ਅਤੇ ਦੇਸੀ ਘਿਓ ਪਾਉਣ ਲਈ ਚਮੜੇ ਦੇ ਕੁੱਪੇ ਤੇ ਚਰਸ-ਬੋਕੇ ਤਿਆਰ ਕਰਨ ਵਾਲੇ ਮੁਸਲਾਨ ਜਿਸਪੀ (ਘੁਮੱਕੜ) ਅਤੇ ਵੰਗਾਂ-ਚੂੜੀਆਂ ਚੜਾਉਣ ਵਾਲੇ ਹਿੰਦੂ ਘੁਮੱਕੜ (ਜਿਪਸੀ) ਵੀ ਇੱਥੇ ਆ ਵਹਿੰਦੇ। ਇਨ੍ਹਾਂ ਘੁਮੰਤਰ ਜਾਤਾਂ ਵਿਚੋਂ ਬੰਗੇੜੇ ਜੋ ਸੁਈਆਂ-ਬਕਸੂਏ, ਕੰਘੀਆਂ, ਕੰਘੇ, ਹਾਰ ਸ਼ਿੰਗਾਰ ਅਤੇ ਵੰਗਾ ਵੇਚਦੇ ਤੇ ਚੜਾਉਂਦੇ ਸਨ ਉਹ ਤਾਂ ਲਗਭੱਗ ਇਥੇ ਹੀ ਪੱਕੇ ਤੌਰ ‘ਤੇ ਟਿਕ ਗਏ। ਪੱਕੇ ਹੀ ਟਿਕਣ ਵਾਲੀ ਇੱਕ ਹੋਰ ਜਾਤ ਸੀ, ਬਾਜ਼ੀ ਪਾਉਣ ਵਾਲੇ ਬਾਜ਼ੀਗਰ । ਬਾਜ਼ੀ ਪਾਉਂਦੇ ਵਕਤ ਹੈਰਤ ਅੰਗਰੇਜ਼ ਕਰਤੱਵ ਵਿਖਾਉਂਦੇ। ਹਵਾ ’ਚ ਅਠਖੇਲੀਆਂ ਕਰਦੇ ਇਥੋਂ ਦੇ ਬਾਜ਼ੀਗਰਾਂ ਸਾਹਮਣੇ ਕੋਈ ਨਹੀਂ ਸੀ ਠਹਿਰਦਾ। ਰਤਨਾ ਬਾਜ਼ੀਗਰ ਜਿਸ ਦੀਆਂ ਮੌਤ ਨੂੰ ਟਿੱਚ ਜਾਣਦੀਆਂ ਕਲਾਬਾਜ਼ੀਆਂ ਸਾਹਮਣੇ ਇਲਾਕੇ ਦੇ ਸਾਰੇ ਬਾਜ਼ੀਗਰਾਂ ਦੀਆਂ ਪਾਈਆਂ ਬਾਜ਼ੀਆਂ ਦੀ ਧੁੰਦਲੀ ਤਸਵੀਰ ਮਨਾਂ ‘ਚ ਵਸਾਈ ਬੈਠੇ ਇੱਥੋਂ ਦੇ ਬਿਰਧ ਹੋ ਰਹੇ ਲੋਕ ਅਜੇ ਵੀ ਹੈਰਾਨਗੀ ਨਾਲ ਮੂੰਹ ਟੱਡ ਲੈਂਦੇ ਹਨ, ਜਿਵੇਂ ਕਿ ਇਹ ਬਾਜ਼ੀਗਰ ਹੁਣੇ ਹੀ ਧੁਰ-ਅੰਬਰੀਂ ਕੌਤਕ ਦਿਖਾ ਕੇ ਉਨ੍ਹਾਂ ਸਾਹਮਣਿਓਂ ਮੌਤ ਦੀ ਸੂਲੀ ਤੋਂ ਉੱਤਰੇ ਹੋਣ। ਇੱਥੋਂ ਦੀ ਇੱਕ ਹੋਰ ਕਾਮਾ ਜਾਤ ਹੈ ਬਰੜ। ਬਰੜ ਘਾਹ ਦੀਆਂ ਚਰਮਖਾਂ, ਸੁੰਵਰਨ ਵਾਲੇ ਜੁੜੇ ਵਗੈਰਾ ਬਣਾ ਕੇ ਤਾਂ ਇਹ ਵੇਚਦੇ ਹੀ ਸਨ, ਪਰ ਬਾੜੀਆਂ ਵਿੱਚ ਇਨ੍ਹਾਂ ਦਾ ਮੁੱਖ ਕੰਮ ਕਾਨ੍ਹੇ ਘੜ ਕੇ ਉਨ੍ਹਾਂ ਦੀਆਂ ਤੀਲ੍ਹਾਂ ਦੀਆਂ ਕੱਪੜਾ ਬੁਨਣ ਵਿੱਚ ਸਹਾਈ ਹੋਣ ਵਾਲੀਆਂ ਹੱਥ ਖੱਡੀਆਂ ਦੀਆਂ ਕੰਘੀਆਂ ਤਿਆਰ ਕਰਨਾ ਵੀ ਸੀ, ਜਿਸ ਕਰਕੇ ਇਹ ਕੰਘੀ ਫਰੋਸ਼ ਅਖਵਾ ਕੇ ਜ਼ਿਆਦਾ ਖੁਸ਼ ਹੁੰਦੇ ਸਨ।
ਗੱਲ ਇਹ ਉਨ੍ਹਾਂ ਵੇਲਿਆਂ ਦੀ ਹੈ, ਜਦੋਂ ਮਨੋਰੰਜਨ ਦੇ ਸਾਧਨ ਹੁਣ ਵਾਲੇ ਨਹੀਂ ਸਨ ਹੁੰਦੇ। ਇਲਾਕੇ ਦਾ ਇਹ ਇੱਕ ਅਜਿਹਾ ਕੇਂਦਰੀ ਗਰਾਂ ਸੀ, ਜਿੱਥੇ ਸਾਰਾ ਸਾਰਾ ਸਾਲ ਨਾਚ-ਮੁਜਰੇ ਹੁੰਦੇ ਰਹਿੰਦੇ, ਨਕਲਾਂ-ਰਾਸਾਂ ਪੈਂਦੀਆਂ, ਮਹੀਨਿਆਂ ਬੱਧੀ ਕਥਾਕਾਰ ਤੇ ਕਲਾਕਾਰ ਆਪੋ-ਆਪਣੀ ਵਿਦਵਤਾ ਤੇ ਕਲਾ ਦੇ ਜੌਹਰ ਵਿਖਾਉਂਦੇ। ਇਸ ਦੀਆਂ ਆਪਣੀਆਂ ਡਰਾਮਾ ਮੰਡਲੀਆਂ ਦੀ ਗੱਲ ਅੱਜ ਵੀ ਤੁਰਦੀ ਹੈ। ਸੁਨੱਖਿਆਂ ਵਿੱਚ ਵੀ ਸੁਨਖਰੇ ਖੱਤਰੀਆਂ ਦੇ ਪੁੱਤ ਬਸ਼ੇਸ਼ਰ ਦੀ ਉੱਘੀ ਡਰਾਮਾ ਪਾਰਟੀ ਵਿੱਚ ਤਾਂ ਨਿਰੋਲ ਪਿੰਡ ਦੇ ਹੀ ਮੁੰਡੇ-ਖੁੰਡੇ ਸਨ। ਪਾਂਧਿਆਂ ਦਾ ਮੋਟੂ ਹਰਬੰਸ, ਬਾਹਤੀਆਂ ਦਾ ਨਾਥ ਪਤਲੂ, ਬਿਲੂ ਨਾਈ, ਬਾਵਾ ਗੁਰਬਖਸ਼ ਚਰਚਿਤ ਵੀ ਸਨ ਤੇ ਕੁੜੀਆਂ-ਚਿੜੀਆਂ ਵੀ ਇਹੀ ਬਣਦੇ ਕਿਉਂ ਜੋ ਧੀਆਂ ਧਿਆਣੀਆਂ ਦਾ ਉਦੋਂ ਨਾਟਕਾਂ ‘ਚ ਕੰਮ ਕਰਨ ਦਾ ਰਿਵਾਜ ਨਹੀਂ ਸੀ ਪਿਆ। ਆਦਿਧਰਮੀਆਂ ਦਾ ਸੂਰਜੂ ਤੂੰਬੇ ਨਾਲ ਜਦ ਇਹ ਨੱਚ-ਟੱਪ ਰਹੇ ਕੁੜੀਆਂ ਬਣੇ ਮੁੰਡਿਆਂ ਸੰਗ ਲੋਕ-ਕਥਾਵਾਂ ਗਾਉਂਦਾ ਤਾਂ ਐਂ ਲੱਗਦਾ ਜਿਵੇਂ ਪਰੀਆਂ ਅਸਮਾਨੋਂ ਉੱਤਰ ਰਹੀਆਂ ਹੋਣ। ਫਿਰ ਠਾਕੁਰ ਦਾਸ ਬਸੀ ਕਲਾਂ ਤੋਂ ਟਰੇਨਿੰਗ ਲੈ ਕੇ ਦਲਿਤਾਂ ਨੇ ਵੀ ਆਪਣੀ ਹੋਣ ਫਿਰ ਨਾਟਕ ਮੰਡਲੀ ਬਣਾਈ, ਜਿਸ ਨੂੰ ਚੱਬੇਵਾਲੀਏ ਬੰਗਾ ਸਿੰਘ ਅਤੇ ਨੀਤਪੁਰੀਏ ਰੱਖਾ ਰਾਮ ਦੇ ਇਤਿਹਾਸਿਕ ਮਿਥਿਹਾਸਿਕ ਕਥਾਂ ਕਹਾਣੀਆਂਵਾਲੇ ਗਰੁੱਪ ਸਹਿਯੋਗ ਦੇਂਦੇ। ਵੱਡੇ ਰੋਲਿਆਂ ਤੋਂ ਬਾਅਦ ਦੁਆਬੇ ਦੀਆਂ ਡਰਾਮਾ ਮੰਡਲੀਆਂ ਦਾ ਚਹੇਤਾ ਕਲਾਕਾਰ ਬਣਿਆ ਜਾਡਲੇ ਵਾਲਾ ਮਲੂਕ ਚੰਦ ਕਦੇ ਇਨ੍ਹਾਂ ਹੀ ਨਾਟਕ ਟੀਮਾਂ ਦਾ ਨੱਚਣ-ਟੱਪਣ ਵਾਲਾ ਗੰਭਰੀਟ ਹੁੰਦਾ ਸੀ।
ਸੰਨ 1920 ਦੇ ਜੁਗਰਾਫੀਏ ਵਿੱਚ ਇੱਕ ਲੇਖ ਹੁੰਦਾ ਸੀ- ‘ਹੁਸ਼ਿਆਰਪੁਰ ਜ਼ਿਲ੍ਹੇ ਦੇ ਮੇਲੇ’ ਜਿਸ ਵਿੱਚ ਜ਼ਿਕਰ ਸੀ ਕਿ ਸਿਆਲ ਰੁੱਤੇ ਦੋ ਕੁ ਹਫ਼ਤੇ ਚੱਲਣ ਵਾਲੀ ਦੋਆਬੇ ਦੇ ਪ੍ਰਸਿੱਧ ਪਿੰਡ ਬਾੜੀਆਂ ਦੀ ਜਗਤ ਪ੍ਰਸਿੱਧ ਕ੍ਰਿਸ਼ਨ ਲੀਲਾ ਨੂੰ ਧੁਰ ਲਾਹੌਰ ਤੱਕ ਤੋਂ ਦਰਸ਼ਕ ਵੇਖਣ ਮਾਨਣ ਆਉਂਦੇ ਅਤੇ ਇਹ ਵੀ ਕਿ ਆਖਰੀ ਦਿਨ ਜ਼ਿਲ੍ਹੇ ਦਾ ਗੋਰਾ ਡੀ.ਸੀ. ਜਾਂ ਉਸ ਤੋਂ ਉਪਰਲੇ ਰੈਂਕ ਦਾ ਆਹਲਾ ਅਫ਼ਸਰ ਜਾਂ ਸਿਆਸੀ ਬੰਦਾ ਇਨਾਮ ਤਕਸੀਮ ਕਰਦਾ। ਸੰਨ 1882 ਤੋਂ ਸ਼ੁਰੂ ਕੀਤੇ ਗਏ ਇਸ ਮੇਲੇ ਦੀ ਸ਼ੁਰੂਆਤ ਤਾਂ ਕੀਤੀ ਸੀ ਚੌਧਰੀ ਦੇਵੀਆ ਜੱਟ ਨੇ, ਫਿਰ ਉਸ ਨਾਲ ਜੁੜ ਗਿਆ ਖੱਤਰੀਆਂ ਦਾ ਮਲਾਵਾ, ਬ੍ਰਾਹਮਣਾਂ ਦਾ ਰਾਮਦਾਸ ਤੇ ਬਾਅਦ ‘ਚ ਆ ਰਲਿਆ ਦਿਲਬਾਗ ਸਿੰਘ ਉਰਫ਼ ਬੱਗੂ ਜੱਟ। ਉਂਝ ਸਹਿਯੋਗ ਸਮੁੱਚੇ ਨਗਰ ਦਾ ਹੀ ਹੁੰਦਾ। ਬੇਗੂ ਸਹੋਤਾ ਜਦ ਹਿੰਦੂ ਕਥਾ-ਕਹਾਣੀਆਂ ਦਾ ਸਾਰ ਦੱਸਦਾ ਤਾਂ ਉਹ ਮੰਤਰ ਮੁਗਧ ਹੋਇਆ ਬਨਾਰਸ ਕਾਸ਼ੀ ਪੜ੍ਹਿਆ ਵਿਦਵਾਨ ਪੰਡਤ ਜਾਪਦਾ। ਤਿੰਨ-ਤਿੰਨ ਮੰਜ਼ਲਾਂ ਉੱਚੇ ਸਾਂਗ-ਝਾਕੀਆਂ ਜਿਨ੍ਹਾਂ ਉੱਤੇ ਪੰਜਾਹ ਪੰਜਾਹ ਤੱਕ ਵੰਨ-ਸੁਵੰਨੇ ਪਾਤਰ ਕਲਾਕਾਰ ਵਿਰਾਜੇ ਹੁੰਦੇ ਸਨ ਸਮੇਤ ਕ੍ਰਿਸ਼ਨ ਲੀਲਾ ਕਰਨ ਵਾਲੇ ਬਿੰਦਰਾਵਲੀਏ, ਗੁਰਦਾਸਪੁਰੀਏ, ਰਾਸਧਾਰੀਏ ਤੇ ਇਲਾਕੇ ਦੇ ਡਰਾਮੇਬਾਜ਼ ਐਸਾ ਰੰਗ ਬੰਨ੍ਹਦੇ ਕਿ ਆਸੇ-ਪਾਸੇ ਦੇ ਲਖੂਖਾ ਲੋਕ ਬਾੜੀਆਂ ਨੂੰ ਵਹੀਰਾਂ ਘੱਤ ਦਿੰਦੇ, ਜਿਵੇਂ ਸਾਰੇ ਰਾਹ ਬਾੜੀਆਂ ਨੂੰ ਹੀ ਜਾਂਦੇ ਹੋਣ। ਨਗਰ ਦੀਆਂ ਸਾਰੀਆਂ ਕੌਮਾਂ ਦੇ ਸਹਿਯੋਗ ਨਾਲ ਲੱਗਦੇ ਆ ਰਹੇ ਇਸ ਮੈਲੇ ਨੂੰ ਮਹਾਜਨਾਂ ਦੀ ਸਰਪ੍ਰਸਤੀ ਕੁਝ ਜ਼ਿਆਦਾ ਰਹੀ ਸੀ।
ਇੱਕ ਗੱਲ ਹੋਰ ਜਿਸ ਕਰਕੇ ਬਾੜੀਆਂ ਦੀਆਂ ਧੁੰਮਾਂ ਸਨ ਉਹ ਸੀ ਇੱਥੋਂ ਦੀ ਗਤਕਾਬਾਜ਼ੀ। ਢੇਰ ਸਮਾਂ ਪਹਿਲਾਂ ਜਦ ਗਤਕਾ ਬਹਾਦਰੀ ਦੇ ਜੌਹਰਾਂ ਦਾ ਚਿੰਨ੍ਹ ਤਾਂ ਸੀ ਹੀ ਉਤੇਜਕ ਮਨੋਰੰਜਨ ਦਾ ਸਾਧਨ ਵੀ ਹੁੰਦਾ ਸੀ। ਛੋਟੇ ਦਿਲ ਵਾਲੇ ਤਾਂ ਹਥਿਆਰਾਂ ਦੀ ਇਸ ਤੂਫ਼ਾਨੀ ਪੈਂਤੜੇਬਾਜ਼ੀ ਨੂੰ ਵੇਖ ਹੀ ਨਹੀਂ ਸੀ ਸਕਦੇ। ਇਲਾਕੇ ਦਾ ਕੋਈ ਵੀ ਫੰਨੇ ਖਾਂ ਗਤਕਈਆ ਵੀ ਇਨ੍ਹਾਂ ਸਾਹਮਣੇ ਨਾਬਰ ਨਾ ਹੋ ਸਕਦਾ। ਗੰਗਾ ਸੁੰਹ ਬੇਦੀ ਤੇ ਉਸ ਦੇ ਸ਼ਾਗਿਰਦ ਖੈਰਾ ਲਲਾਰੀ, ਰੰਗਰੇਜ਼ਾਂ ਦਾ ਮੇਹਰ ਤੇ ਬੇਦੀਆਂ ਦਾ ਹੀ ਇੱਕ ਰੱਖਾ ਸੁੰਹ ਹੈਰਤ-ਅੰਗੇਜ਼ ਗਤਕੇਬਾਜ਼ ਸਨ। ਸੰਨ 1880 ਦੀ ਗੱਲ ਹੈ, ਬੇਦੀ ਗੰਗਾ ਸਿੰਘ ਦੀ ਉਸ ਵਕਤ ਉਮਰ ਹੋਵੇਗੀ ਕੋਈ ਸੱਤਰ ਸਾਲ, ਗਤਕਾ ਛੱਡੇ ਨੂੰ ਵੀ ਉਸ ਨੂੰ ਇੱਕ ਅਰਸਾ ਬੀਤ ਚੁੱਕਾ ਸੀ ਕਿ ਉਸ ਦੀ ਸੋਭਾ ਸੁਣ ਕੇ ਬੰਗਿਆਂ ਦੀ ਇੱਕ ਕੰਜਰੀ ਜੋ ਸੁੰਦਰਤਾ ਦੇ ਮੁਜੱਸਮੇ ਦੇ ਨਾਲ-ਨਾਲ ਗਤਕੇ ਦੀ ਵੀ ਮਾਹਰ ਖਿਡਾਰਨ ਸੀ, ਬਿਜਲੀ ਵਰਗੀ ਫੁਰਤੀ ਰੱਖਦੀ, ਉਸ ਪਤਲੀ-ਛੀਂਟਕ ਨਾਰ ਨੇ ਗੰਗਾ ਸੁੰਹ ਨੂੰ ਆ ਚੈਲਿੰਜ ਕੀਤਾ। ਗੰਗਾ ਸਿੰਘ ਨੇ ਸੋਚਿਆ ਕਿ ਜੇ ਨਾਂਹ ਕੀਤੀ ਤਾਂ ਵੀ ਹੇਠੀ, ਜ਼ਨਾਨੀ ਹੱਥੋਂ ਹਾਰ ਗਏ ਤਾਂ ਵੀ ਹਾਨੀ, ਪਰ ਜੇ ਜਿੱਤ ਗਏ ਤਾਂ ਵੀ ਮੇਹਣਾ। ਉਸ ਆਖਿਆ ‘ਬੀਬਾ ਇੱਕ ਤਾਂ ਮੈਂ ਬਿਰਧ ਦੂਜਾ ਸਾਲ ਬੀਤ ਗਏ ਨੇ ਇਸ ਖੇਡ ਨੂੰ ਛੱਡਿਆਂ, ਤੂੰ ਤੀਵੀਂ ਮਾਨੀਆਂ ਇੱਕ ਦੂਜੇ ਨੂੰ ਸਿਰਫ਼ ਨਮਸਕਾਰ ਕਰਕੇ ਹੀ ਹਾਰ-ਜਿੱਤ ਦਾ ਭੇਦ ਮਿਟਾ ਦੇਈਏ। ਸ਼ਾਇਦ ਉਹ ਮੰਨ ਵੀ ਜਾਂਦੀ, ਪਰ ਨਾਲ ਆਏ ਭਾਰਤੀਆਂ ਤੋਂ ਕੰਠੇ ਹੋਏ ਤਮਾਸ਼ਬੀਨਾਂ ਨੇ ਇੱਕ ਨਾ ਚੱਲਣ ਦਿੱਤੀ। ਬੁੱਢੇ ਗਤਕਾਬਾਜ਼ ਨੇ ਸਚਿਆਰ ਚੁੱਕ ਲਏ। ਅਖਾੜੇ ਵਿੱਚ ਆਉਣ ‘ਤੇ ਤੈਅ ਹੋਇਆ ਕਿ ਪਹਿਲਾਂ ਲੱਕੜ ਦੀਆਂ ਸੋਟੀਆਂ ਨਾਲ ਹੀ ਕਰਤੱਵ ਵਿਖਾਏ ਜਾਣ। ਗੰਗਾ ਸੁੰਹ ਫਿਰ ਬੋਲਿਆ- ‘ਬੀਬਾ! ਦੇ ਆਪਣੇ ਸਾਰੇ ਸਰੀਰ ਦੀ ਬੇਸ਼ਕ ਪ੍ਰਵਾਹ ਨਾ ਰੱਖੀ, ਬੇਪ੍ਰਵਾਹ ਤੂੰ ਇਸ ਨੂੰ ਢਿੱਲਾ ਛੱਡ ‘ ਸੋਟੀ ਦੀ ਨੋਕ ਨਾਲ ਕੱਢ ਦੇਣਾ ਹੈ ਪਰ ਨੱਕ ਆਪਣੇ ਦਾ ਲੌਂਗ ਤੂੰ ਜ਼ਰੂਰ ਬਚਾਈਂ, ਇਹ ਮੈਂ ਸੋਟੀ ਹੈ।” ਦੋਵਾਂ ਦੇ ਕੌਤਕ ਵੇਖ ਕੇ ਦਰਸ਼ਕਾਂ ਮੂੰਹ ਟੱਡ ਲਏ। ਇੱਕ ਪਲ ਅਜਿਹਾ ਆਇਆ ਕਿ ਉਹ ਬੁੱਢਾ ਸ਼ੇਰ ਪਿਛਲੇ ਪੈਰੀਂ ਛਾਲ ਮਾਰ ਕੇ ਪੰਦਰਾਂ ਕੁ ਹੱਥ ਪਿਛਾਂਹ ਜਾ ਖੜ੍ਹਾ ਹੋਇਆ ਫੌਜਰੀ ਗੱਲ ਸਮਝ ਗਈ। ਨੱਕ ਦਾ ਲੌਂਗ ਗਾਇਬ ਸੀ। ਬਿਨਾਂ ਕੋਈ ਹੋਰ ਦਾਅ-ਪੇਚ ਤੇ ਗੜਕੇ ਦੀ ਖੇਡ ਖੇਡਿਆਂ ਉਹ ਉਸ ਬੁੱਢੇ ਯੋਧੇ ਦੇ ਪੈਰੀਂ ਹੱਥ ਲਾ ਸਮੁੱਚੇ ਬਾੜੀਆਂ ਨੂੰ ਹੀ ਸਲਾਮ ਆਖ ਕੇ ਆਪਣੇ ਗਰਾਂ ਨੂੰ ਪ੍ਰਤ ਗਈ। ਸੁਣਨ ਵਿੱਚ ਫਿਰ ਇਹ ਵੀ ਆਇਆ ਤੇ ਘਰ ਆ ਕੇ ਉਸ ਕੰਜਰੀ ਨੇ ਗਤਕੇ ਦਾ ਸਾਰਾ ਸਮਾਨ ਤੇ ਹਥਿਆਰ ਚੁੱਕ ਕੇ ਬਾਹਰ ਸੁੱਟ ਦਿੱਤੇ।
ਬਾੜੀਆਂ ਵਿੱਚ ਕੁਝ ਹੋਰ ਵੀ ਚਰਚਿਤ ਘਟਨਾਵਾਂ ਘਟੀਆਂ ਸੰਨ 1921 ਵਿੱਚ ਪਲੇਗ ਦੀ ਅਜਿਹੀ ਹਵਾ ਫੈਲੀ ਕਿ ਬਹੁਤ ਸਾਰੇ ਲੋਕ ਮਾਰੇ ਗਏ। ਆਬਾਦੀ ਐਨੀ ਘਟ ਗਈ ਕਿ ਲੋਕ ਪਿੰਡ ਛੱਡ ਡਰਦੇ ਮਾਰੇ ਚੋਅ ‘ਚ ਝੌਂਪੜੀਆਂ ਪਾ ਬੈਠੇ। ਡੇਢ ਦੋ ਸਾਲੀਂ ਉਦੋਂ ਮੁੜੇ ਜਦ ਖਤਰਾ ਬਿਲਕੁਲ ਹੀ ਟਲ ਗਿਆ। ਐਵੇਂ ਸ਼ੌਂਕ ਮੂਜਬ ਬਿਨਾਂ ਪੜਤਾਲ ਕੀਤਿਆਂ ਹੀ ਇਨਾਂ ਦੀ ਆਪਣੇ ਪਿੱਤਰੀ ਗਰਾਂ ਬੜੇ ਪਿੰਡ ਦੇ ਸਹੋਤਿਆਂ ਨਾਲ ਐਸੀ ਵਿਗੜੀ ਕਿ ਉਨ੍ਹਾਂ ਇਨ੍ਹਾਂ ਦਾ ਮੁਕੰਮਲ ਬਾਈਕਾਟ ਕਰ ਦਿੱਤਾ। ਇੱਥੋਂ ਤੱਕ ਕਿ ਬਾੜੀਆਂ ਨਾਲ ਕਿਸੇ ਵੀ ਕਿਸਮ ਦਾ ਰਾਬਤਾ ਤਾਂ ਕੀ, ਇੱਥੋਂ ਦੇ ਬਾਗਾਂ ਦੇ ਵਿਕਣ ਲਈ ਗਏ ਅੰਬ ਵੀ ਖਰੀਦਣੇ ਤੋਂ ਆਕੀ ਹੋ ਗਏ। ਵਿਗੜੀ ਇਹ ਕਿਹੜੇ ਭਰਮ ਭੁਲੇਖਿਆਂ ਕਾਰਨ ਇਸ ਬਾਰੇ ਹੁਣ ਵੀ ਅੰਡ-ਅੱਡ ਰਾਵਾਂ ਹਨ। ਇੱਕ ਇਹ ਕਿ ਰੰਘੜ ਮੁਸਲਮਾਨਾਂ ਤੇ ਬੈਂਸਾਂ ਦੇ ਸੰਭਾਵੀ ਹਮਲਿਆਂ ਦੇ ਸੰਦਰਭ ‘ਚ ਜਦ ਬੜੇ ਪਿੰਡੀਏ ਆਪਣੇ ਭਾਈਚਾਰੇ ਦੀ ਮਦਦ ਲਈ ਆਏ ਤਾਂ ਉਨ੍ਹਾਂ ਦੀ ਟਹਿਲ ਸੇਵਾ ਲਈ ਮੰਗਵਾਏ ਰਸੋਈਏ ਨੇ ਦੁਸ਼ਮਣਾਂ ਦੇ ਢਹੇ ਚੜ੍ਹ ਕੇ ਖਾਣੇ ਵਿੱਚ ਜ਼ਹਿਰ ਮਿਲਾ ਦਿੱਤੀ। ਉਨ੍ਹਾਂ ਦੇ ਆਗੂ ਨੇ ਰਿਵਾਜ ਮੂਜਬ ਕੁੱਤੇ, ਕਾਂ, ਪੰਛੀ ਤੇ ਗਊ ਲਈ ਜਦ ਰੋਟੀ ਤੇ ਹੋਰ ਖਾਣ ਪਦਾਰਥ ਕੱਢ ਕੇ ਪਾਏ ਤਾਂ ਭਲਾ ਹੋਵੇ ਉਨ੍ਹਾਂ ਜੀਵਾਂ ਦਾ ਜਿਨ੍ਹਾਂ ਦੇ ਤੁਰੰਤ ਲੁੜਕੇ ਸਰੀਰਾਂ ਨੇ ਵੇਲੇ ਸਿਰ ਹੀ ਇਨ੍ਹਾਂ ਦੀ ਜਾਨ ਬਚਾ ਲਈ, ਪਰ ਸ਼ੱਕ ਦੀ ਗੰਢ ਐਸੀ ਪੀਡੀ ਪਈ ਕਿ ਬੋਲ-ਚਾਲ ਹੀ ਬੰਦ ਹੋ ਗਈ। ਉੱਤੋਂ ਪਹਿਲੇ ਜ਼ਮੀਨ ਮਾਲਕਾਂ ਐਸੀਆਂ ਅਫਵਾਹਾਂ ਫੈਲਾਈਆਂ ਕਿ ਬੜੇ ਪਿੰਡੀਏ ਅਸਲੋਂ ਹੀ ਆਪਣੇ ਸਕੇ-ਸੋਧਰਿਆਂ ‘ਤੇ ਸ਼ੱਕ ਕਰ ਬੈਠੇ। ਦੂਸਰਾ ਕਾਰਨ ਜੋ ਦੱਸਿਆ ਜਾਂਦਾ ਹੈ ਕਿ ਬੜੇ ਪਿੰਡ ਵਾਲੇ ਇਹ ਅੰਦਾਜ਼ਾ ਲਾ ਬੈਠੇ ਕਿ ਸ਼ਾਇਦ ਬਾੜੀਆਂ ਵਾਲੇ ਉਨ੍ਹਾਂ ਦੇ ਪਿੱਤਰ ਨੂੰਹ-ਸੌਹਰੇ ਨੂੰ ਉਥੋਂ ਕੱਢ ਦੇਣ ਦਾ ਬਦਲਾ ਲੈਣਾ ਚਾਹੁੰਦੇ ਹੋਣ ਜਾਂ ਇਹ ਵੀ ਕਿ ਉਨ੍ਹਾਂ ਬੜੇ ਪਿੰਡ ਵਾਲੀ ਆਪਣੀ ਜ਼ਮੀਨ-ਜਾਇਦਾਦ ਪ੍ਰਾਪਤ ਕਰਨ ਲਈ ਇਹ ਚਾਲ ਚੱਲੀ ਹੈ। ਗੱਲ ਦੀ ਗੰਢ ਐਸੀ ਬੱਝੀ ਕਿ ਸਾਲਾਂ ਦੇ ਸਾਲ ਬੀਤ ਗਏ ਖੁਲ੍ਹਣ ‘ਚ ਹੀ ਨਾ ਆਵੇ। ਸੰਨ 48 ਵਿੱਚ ਇੱਕ ਹੋਰ ਕੋਸ਼ਿਸ਼ ਵਜੋਂ ਵੱਖ-ਵੱਖ ਬਰਾਦਰੀਆਂ ਦੇ ਮੋਹਤਬਰਾਂ ਤੇ ਦੇਸ਼ ਭਗਤਾਂ ਦੀ ਪਹਿਲਕਦਮੀ ਵਜੋਂ ਗਲਤ-ਫਹਿਮੀਆਂ ਦੂਰ ਕਰਨ ਲਈ ਸਹੋਤੇ ਜੱਟਾਂ ਦਾ ਕੱਠ ਸੱਦਿਆ ਗਿਆ, ਜਿਸ ਵਿੱਚ ਸ਼ਾਮਲ ਹੋਈਆਂ ਤਿੰਨ ਪੋਹਿਤ ਸ਼੍ਰੇਣੀਆਂ ਭੱਟ, ਮਰਾਸੀ ਤੇ ਬ੍ਰਾਹਮਣਾਂ ਨੇ ਅਜਿਹੇ ਢੰਗ ਨਾਲ ਇਨਾਂ ਦੇ ਪਿਛਲੇਰੇ ਸਾਂਝ ਭਰੇ ਇਤਿਹਾਸ ਤੇ ਬੰਸਾਵਲੀਆਂ ਨੂੰ ਫਰੋਲਿਆ ਤੇ ਰਤਆ ਦੀ ਸਾਂਝ ਨੂੰ ਟੁੰਬਿਆ ਕਿ ਇਨ੍ਹਾਂ ਧੂ-ਗਲਵਕਤੀ ਪਾ ਲਈ। ਧਾਹਾਂ ਮਾਰਦੇ ਦਰਸ਼ਸੀਲ ਹੋਏ ਇਨ੍ਹਾਂ ਭਰਾਵਾਂ ਦੇ ਮੁਖੀਆਂ ਦੀ ਹਫ਼ਤਾ ਕੁ ਭਰ ਚਲੀ ਚੁੰਝ ਚਰਚਾ ਦੀ ਸਮਾਜ ਵਰਤਾਲਾਪ ਲਿਖਤੀ ਰੂਪ ਵਿੱਚ ਰਿਕਾਰਡ ਕਰਨ ਵਾਲੇ ਅਮਰ ਚੰਦ ਸ਼ਾਹ ਦੇ ਪਹਿਰ ਪਾਸ ਅੱਜ ਵੀ ਸੁਰੱਖਿਅਤ ਹੈ।
ਇਥੋਂ ਦੇ ਨਿਵਾਸੀਆਂ ਨੂੰ ਇੱਕ ਘਟਨਾ ਹੋਰ ਵੀ ਸੱਲਦੀ ਰਹਿੰਦੀ ਹੈ ਕਿ ਲੁਹਾਰਾ ਦੀਆਂ ਤਪਦੀਆਂ ਆਹਰਨਾਂ ਮਨੁੱਖਤਾ ਦੇ ਭਲੇ ਦੀਆਂ ਵਸਤਾਂ ਤਿਆਰ ਕਰਦੀਆਂ ਸਮ ਦੀਆਸਦੀ ਵੇਲੇ ਜ਼ਹਿਰ ਉਗਲਦੀਆਂ ਗੰਡਾਸੇ-ਛਵੀਆਂ ਕਿਉਂ ਤਿਆਰ ਕਰਨ ਪਈਆਂ ਸਨ? ਪਿੰਡ ਦੇ ਮੁਸਲਮਾਨਾਂ ਨੂੰ ਤਾਂ ਇਨ੍ਹਾਂ ਬਾ-ਇੱਜ਼ਤ ਸੁਰੱਖਿਅਤ ਪਾਕਿਸਤਾ ਭਿਜਵਾ ਦਿੱਤਾ, ਪਰ ਜਦ ਕਾ. ਸਦਾ ਰਾਮ ਵਰਗਿਆਂ ਸਮੇਤ ਦੇਸ਼ ਭਗਤਾਂ ਵੱਲੋਂ ਕਾਇ ਅਮਨ ਕਮੇਟੀਆਂ ਦੇ ਰੋਕਦੇ-ਵਰਜਦਿਆਂ ਕੁਝ ਸਿਰ ਫਿਰੇ ਲਾਈਲੱਗਾਂ ਨੇ ਧਰਮ ਦੇ ਜਨੂੰਨ ਵਹਿਣ ’ਚ ਵਹਿ ਕੇ ਐਵੇਂ ਹੀ ਅਫਵਾਹਾਂ ਮਗਰ ਲੱਗ ਕੇ ਲਾਗਲੇ ਮੁਸਲਮਾਨਾਂ ਦੇ ਇਸ ਪਰਸੋਤੇ ਵਿੱਚ ਹੋਰਨਾਂ ਸੰਗ ਰਲ ਕੇ ਐਸੀ ਵੱਢ-ਟੁੱਕ ਕੀਤੀ ਕਿ ਜ਼ਮੀਨ ਕੰਬ ਗਈ ਆਸਮਾਨ ਰੋ ਉਠਿਆ। ਉਹੀ ਹਜੂਮੀ ਟੋਲਾ ਹਾਲਟੇ-ਬੱਡਲੇ ਤੱਕ ਮਾਰਾ-ਮਾਰੀ ਕਰਦਾ ਫਿਰਦਾ ਰਿਹਾ।
ਸੰਨ 1881 ਵਾਲੀ ਕਰਨਲ ਗੋਲਡਨ ਦੀ ਰਿਪੋਰਟ ਅਤੇ 1904 ਈਸਵੀ ਦੀ ਗਜ਼ਟੀਅਰ ਮੁਤਾਬਕ ਕੁਝ ਸਹੋਤੇ ਜੱਟ ਕੁੜੀਮਾਰਾਂ ਵਜੋਂ ਵੀ ਦਰਜ ਸਨ। ਪਿੰਡ ਇਹ ਇਸ ਗੱਲੋਂ ਵੀ ਬੜਾ ਯਾਦ ਆਉਂਦਾ ਹੈ ਕਿ ਖਰਾਸਾਂ ਦੇ ਵਕਤ ਹੀ ਇੱਥੇ ਇੰਜਣ ਨਾਲ ਚਰਣ ਵਾਲੀ ਇਲਾਕੇ ਦੀ ਪਹਿਲੀ ਆਟਾ ਚੱਕੀ ਲੱਗੀ ਸੀ। ਲਿਸਟਰ ਕੰਪਨੀ ਦੇ ਧੜਵੈਲ ਇੰਜਣ ਦੀ ਪਹਿਰ ਦੇ ਤੜਕੇ ਹੁੰਦੀ ਕੂ-ਕੂ-ਧੂ-ਧੂ ਇਸ ਪਿੰਡ ਦੀ ਸਾਰੇ ਇਲਾਕੇ ਉੱਤੇ ਸਰਦਾਰੀ ਜਮਾਉਂਦੀ ਜਾਪਦੀ। ਪਰ ਹਲਟਾਂ ਦੇ ਕੁੱਤਿਆਂ ਦੀ ਟਿਕ-ਟਿਕ ਅਤੇ ਬਲਦਾਂ ਦੀਆਂ ਟੋਲੀਆਂ ਦੇ ਸੰਗੀਤਮਈ ਮਾਹੌਲ ‘ਚ ਜਦੋਂ ਇੱਥੋਂ ਦੇ ਮੁੱਲਾਂ ਦੀ ਅਜ਼ਾਨ ਫਿਜ਼ਾ ‘ਚ ਗੂੰਜਦੀ ਤਾਂ ਬਾੜੀਆਂ ਦੀ ਨਿਮਰਤਾ ਜੰਗ ਜ਼ਾਹਰ ਹੋ ਜਾਂਦੀ। ਖੱਦਰ ਭੰਡਾਰ ਤਾਂ ਇਥੇ ਵੀਹਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਬਣ ਗਿਆ ਤੇ ਡੇਢ ਕੁ ਦਹਾਕਾ ਹੋ ਗਿਆ ਕਿ ਇੱਥੇ ਟੈਲੀਫੋਨ ਐਕਸਚੇਂਜ ਦੀ ਵੀ ਘੰਟੀ ਖੜਕਣ ਲੱਗ ਪਈ ਹੈ, ਪ੍ਰੰਤੂ ਡਾਕਖਾਨਾ ਸਥਾਪਤ ਹੋਇਆ ਇਥੇ ਸੰਨ 1904 ਵਿੱਚ ਉਦੋਂ ਜਦ ਕਈ ਕਸਬਿਆਂ ਵਿੱਚ ਵੀ ਇਹ ਸੇਵਾ ਅਜੇ ਨਹੀਂ ਸੀ ਪੁੱਜੀ। ਉਨ੍ਹਾਂ ਹੀ ਸਾਲਾਂ ਵਿੱਚ ਰੁਪਏ ਧੇਲੇ ਵਾਲੀਆਂ ਸਭਾ ਸੁਸਾਇਟੀਆਂ ਤੋਂ ਛੇਤੀ ਬਾਅਦ ਹੀ ਬੈਂਕ ਆ ਗਏ। ਜਦੋਂ ਹੋਰਨੀਂ ਪਿੰਡੋਂ ਕੋਈ ਵਿਰਲਾ ਟਾਵਾਂ ਹੀ ਪਾਠਸ਼ਾਲਾ ਮਦਰੱਸਾ ਚੱਲਦਾ ਸੀ ਤਾਂ ਬਾੜੀਆਂ ਦੇ ਸਿਰਫ਼ ਮਹਾਜਨ ਹੀ ਕੀ ਹੋਰ ਜਾਤ ਬਿਰਾਦਰੀਆਂ ਵਿੱਦਿਆ ਪ੍ਰਾਪਤ ਕਰਨ ਵਿੱਚ ਮੋਹਰੀ ਬਣ ਗਈਆਂ। ਕਾਰਨ ਇਹ ਵੀ ਸੀ ਕਿ ਵਿੱਦਿਆ ਦਾ ਪਸਾਰ ਇੱਥੇ 19ਵੀਂ ਸਦੀ ਦੇ ਪਹਿਲੇ ਦਹਾਕਿਆਂ ਵਿੱਚ ਹੀ ਸ਼ੁਰੂ ਹੋ ਗਿਆ ਸੀ। ਪਹਿਲਾਂ ਧਰਮਸਾਲਾ ਤੇ ਗੁਰਦਵਾਰੇ ਧਰਮ-ਅਰਥ ਵਿੱਦਿਆ ਦਿੱਤੀ ਜਾਂਦੀ। ਮੁਸਲਮਾਨਾਂ ਦਾ ਆਪਣਾ ਮਦਰੋਂਸਾ ਸੀ। ਬਾਅਦ ‘ਚ ਚੌਥੀ ਤੱਕ ਦਾ ਸਰਕਾਰੀ ਸਕੂਲ ਬਣਿਆ। ਡਿਸਟ੍ਰਿਕਟ ਬੋਰਡ ਵਾਲਾ ਮੁੰਡਿਆਂ ਦਾ ਲੋਅਰ ਮਿਡਲ ਸਕੂਲ ਚਾਲੂ ਹੋਇਆ 20ਵੀਂ ਸਦੀ ਦੇ ਐਨ ਸ਼ੁਰੂਅਤੀ ਸਾਲਾਂ ਵਿੱਚ। ਨਿਰੋਲ ਲੜਕੀਆਂ ਦਾ ਪ੍ਰਾਇਮਰੀ ਸਕੂਲ ਖੁੱਲ੍ਹਿਆ ਸੀ ਸੰਨ 1921 ਦੇ ਅਪ੍ਰੈਲ ਮਹੀਨੇ ਜਿਸ ਦੀ ਪਹਿਲੀ ਅਧਿਆਪਕ ਸੀ ਬੀਬੀ ਲੱਛਮੀ ਦੇਵੀ। ਬੇਸ਼ੱਕ ਮਿਡਲ ਤੱਕ ਸਨਾਤਨ ਧਰਮ ਸਕੂਲ ਤਾਂ ਸੰਨ 1934 ਤੋਂ ਹੀ ਚਲ ਪਿਆ ਸੀ, ਪਰ ਜਦੋਂ ਡਿਸਟ੍ਰਿਕਟ ਬੋਰਡ ਵਾਲਾ ਮਿਡਲ ਸਕੂਲ 1952 ‘ਚ ਪੂਰਾ-ਸੂਰਾ ਸਰਕਾਰੀ ਹਾਈ ਸਕੂਲ ਬਣ ਗਿਆ ਤਾਂ ਬਾੜੀਆਂ ਦੇ ਬਾਕੀ ਦੇ ਸਾਰੇ ਹੀ ਸਕੂਲ ਬੰਦ ਕਰ ਦਿੱਤੇ ਗਏ।
ਉਹ ਵੀ ਸਮਾਂ ਸੀ ਜਦ ਇਥੇ ਅੱਡ-ਅੱਡ ਸਮੁਦਾਵਾਂ ਦੀਆਂ ਡੇਢ ਕੁ ਦਰਜਨ ਸਮਾਜਿਕ ਤੇ ਧਾਰਮਿਕ ਸਭਾ ਕਮੇਟੀਆਂ ਕੰਮ ਕਰਦੀਆਂ ਸਨ। ਸਨਾਤਨ ਧਰਮ ਸਭ ਤੋਂ ਪੁਰਾਣੀ ਮੰਨੀ ਜਾਂਦੀ ਹੈ । ਸਾਰੇ ਹੀ ਲੋਕ ਬਹੁਤ ਹੀ ਭਰਾਤਰੀਭਾਵ ਨਾਲ ਰਹਿੰਦੇ ਇੱਕ ਦੂਜੇ ਦੇ ਦੁੱਖ-ਸੁੱਖ ਅਤੇ ਪ੍ਰੋਗਰਾਮਾਂ ਵਿੱਚ ਸ਼ਰੀਕ ਹੁੰਦੇ।
ਮੇਲੇ-ਮੁਸਾਵਿਆਂ ਅਤੇ ਵਿਸ਼ੇਸ਼ ਦਿਨੀਂ ਅਰਜ਼ੀ ਬਾਜ਼ਾਰ ਸੱਜਦੇ। ਬਸੰਤ ਪੰਚਮੀ ਦੀ ਰੌਣਕ ਤੇ ਕੱਟਦੇ ਪਤੰਗ ਦੇਖਣ ਵਾਲੇ ਹੁੰਦੇ। ਮੇਲਿਆਂ ਵਿੱਚ ਮੀਂਢੇ ਭਿੜਦੇ, ਕੁੱਕੜ ਲੜਦੇ, ਕੁੱਤਿਆਂ ਦੀਆਂ ਦੌੜਾਂ ਹੁੰਦੀਆਂ, ਬਲਦ ਭੱਜਦੇ ਤੇ ਮੱਲ ਘੁਲਦੇ। ਮਰਦ-ਤੀਵੀਆਂ ਤੇ ਬੱਚੇ ਸੱਜ-ਧੱਜ ਕੇ ਆਉਂਦੇ। ਬਾੜੀਆਂ ਪਿੰਡ ਕਬੂਤਰਬਾਜ਼ੀ ਪ੍ਰਤੀ ਇੱਕ ਵਿਸ਼ੇਸ਼ ਖਿੱਚ ਰੱਖਦਾ ਸੀ। ਲੋਟਨ, ਲੱਕੇ, ਨਸੋਰੇ, ਗੋਲੇ, ਕਾਲ ਨੱਕੇ, ਅਲਫ ਨੱਕੇ, ਖੁਰਦ ਨੱਕੇ, ਜੌਂ ਸਿਰੇ, ਚੁੱਪ, ਕਾਲ ਸਿਰੇ, ਗੁਲਾਬੀ ਸਿਰੇ, ਬੇਦਾਗ, ਲਾਖੇ, ਜਾਕ, ਸੁਰਖੇ, ਤਾਂਬੜੇ, ਸਾਹ ਚੀਕੇ, ਦੋਬਾਜ਼, ਜਾਲਦਾਰ, ਜ਼ੀਰੇ, ਸੱਪ ਸਿਰੇ, ਨੀਲੇ, ਸੁਹਾਕ, ਟਾਕੀਦਾਰ ਤੇ ਜਰਦ ਅੱਖੇ ਆਦਿ ਕਬੂਤਰ ਪਾਲਣ ਉਡਾਉਣ ਦਾ ਇੱਥੋਂ ਦੇ ਵਾਸ਼ਿੰਦਿਆਂ ਖਾਸ ਕਰਕੇ ਮੁਸਲਮਾਨਾਂ ਦਾ ਅਵੱਲੜਾ ਸ਼ੌਕ ਰਿਹਾ ਹੈ।
ਬਾੜੀਆਂ ਅਜ਼ਾਦੀ ਦੀ ਜੰਗੇ-ਤਹਿਰੀਕ ਦਾ ਵੀ ਅਹਿਮ ਪਿੜ ਸੀ। ਅੰਗਰੇਜ਼ ਦੀ ਸੀ. ਆਈ. ਡੀ. ਰਿਪੋਰਟ ਵਿੱਚ ਦਰਜ ਹੈ- “ਬਾੜੀਆਂ ਦੀ ਜ਼ਮੀਨ ਰੇਤਲੀ ਅਣ ਉਪਜਾਊ ਪਰ ਦਿਮਾਗ ਜਰਖੇਜ਼। ” ਵਾਇਸਰਾਏ ਟਿੱਪਣੀ ਕਰਦਾ ਹੈ- “ਮੂਵਮੈਂਟ ਇੱਥੇ ਜੰਮਦੀ ਹੈ। ਸਿਆਸੀ ਕਾਰਕੁੰਨ ਪੈਦਾ ਇਥੇ ਹੁੰਦੇ ਹਨ, ਪਰ ਫੜੋਫੜੀ ਵੇਲੇ ਸਬੂਤ ਕੋਈ ਨਹੀਂ ਥਿਆਉਂਦਾ। ” ਗੜਸ਼ੰਕਰ ਤਹਿਸੀਲ ਦਾ ਜਾਬਰ ਸੀ. ਆਈ. ਡੀ., ਅਫਸਰ ਖਾਨ ਬਹਾਦਰ ਅਬਦੁਲ ਅਜ਼ੀਜ਼ ਇਸ ਪਿੰਡ ਮਗਰ ਹੱਥ ਧੋ ਕੇ ਪਿਆ ਹੋਇਆ ਸੀ, ਪਰ ਪਿੰਡ ਦਾ ਏਕਾ ਐਡਾ ਕਿ ਇਸ ਈਨ ਨਾ ਮੰਨੀ। ਗ਼ਦਰ ਡਾਇਰੈਕਟਰੀ ਦੇ ਲੜੀ ਨੰਬਰ 21, 141, 218, 393, 691 ਅਤੇ 821 ਉੱਤੇ ਜਿਨ੍ਹਾਂ ਗ਼ਦਰੀ ਸੂਰਮਿਆਂ ਬਾਰੇ ਜਾਂ ਇਸ ਸੰਬੰਧੀ ਕੁਝ ਹੋਰ ਦਰਜ ਹੈ ਉਹ ਸਭ ਬਾੜੀਆਂ ਨਾਲ ਹੀ ਸੰਬੰਧਿਤ ਸਨ । ਜ਼ੈਲਦਾਰ, ਸਫੇਦ ਪੋਸ਼ਾਂ ਵਾਂਗ ਉਦੋਂ ਨੰਬਰਦਾਰ ਵੀ ਅੰਗਰੇਜ਼ ਸਰਕਾਰ ਦੇ ਪਿੱਠੂ ਹੁੰਦੇ ਸਨ। ਨੰਬਰਦਾਰੀ ਇੱਕ ਵੱਡਾ ਰੁਤਬਾ ਸੀ ਤੇ ਕਈ ਨੰਬਰਦਾਰ ਹੁੰਦੇ ਵੀ ਬੜੇ ਧਾਕੜ ਸਨ, ਪਰ ਇਹ ਬਾੜੀਆਂ ਪਿੰਡ ਦੇ ਹੀ ਹਿੱਸੇ ਆਇਆ ਕਿ ਵੇਲੇ ਦੇ ਨੰਬਰਦਾਰ ਰਤਨ ਸਿੰਘ ਨੇ ਹਕੂਮਤ ਤੋਂ ਬਾਗੀ ਹੋ ਕੇ ਨੰਬਰਦਾਰੀ ਨੂੰ ਹੀ ਲੱਤ ਮਾਰ ਦਿੱਤੀ। ਲਾਲਾ ਫਕੀਰ ਚੰਦ, ਗੁਰਬਚਨ ਸਿੰਘ, ਪੰਡਤ ਰਤਨ ਚੰਦ, ਬਾਬੂ ਕਿਸ਼ਨ ਗੋਪਾਲ, ਵੇਦ ਪ੍ਰਕਾਸ਼, ਪ੍ਰੀਤਮ ਸਿੰਘ ਨੰਬਰਦਾਰ, ਅਮਰ ਚੰਦ, ਬਾਬੂ ਰਾਮ, ਅਮਰ ਨਾਥ ਤੇ ਬੰਗਾ ਸਿੰਘ ਆਦਿ ਉੱਘੇ ਕਾਂਗਰਸੀ ਤੇ ਦੇਸ਼ ਭਗਤ ਸਨ। ਸੰਨ 1942 ਦੀ ਨਾ ਮਿਲਵਰਤਣ ਲਹਿਰ ‘ਤੇ ਚੈਲਿੰਜ ਕਰਕੇ ਸੰਨ 1944 ਦੀ ਦਫ਼ਾ ਚੌਤਾਲੀ ਤੋੜਨ ਵਾਲੀ ਘਟਨਾ ਵਿੱਚ ਇਹ ਪਿੰਡ ਬਾਜ਼ੀ ਮਾਰ ਗਿਆ।
ਜਲਸਾ ਕਰਨਾ, ਜਲੂਸ ਕੱਢਣਾ ਤੇ ਤਿਰੰਗਾ ਲਹਿਰਾਉਣਾ ਏਸ ਪਿੰਡ ਦਾ ਆਮ ਕ੍ਰਮ ਬਣ ਗਿਆ ਸੀ। ਇਲਾਕੇ ਦੇ ਧੱਕੜ ਜ਼ੈਲਦਾਰ ਜਡੋਲੀ ਵਾਲੇ ਕਰਤਾਰੇ ਖਿਲਾਫ਼ ਲਹਿਰ ਖੜ੍ਹੀ ਕਰਨ ਵਿੱਚ ਇਸ ਪਿੰਡ ਦਾ ਵਿਸ਼ੇਸ਼ ਯੋਗਦਾਨ ਸੀ। ਉਸ ਵਿਰੁੱਧ ਸਿਆਪਾ ਕਰਨ ਪਈ ਕਰਨ ਦੇ ਡਰਾਮੇ ਵਾਲੇ ਮੁੰਡਿਆਂ ਦੀ ਚਰਚਿਤ ਹੋਈ ਸਿਆਪਾ ਪਾਰਟੀ ਇਥੋਂ ਹੀ ਸਫ ਲਈ ਇਘਗਰ ਪਾ ਕੇ ਤੁਰੀ ਸੀ, ਜਿਸ ਦੀ ਅਗਵਾਈ ਨੰਦ ਕੌਰ ਤੇ ਚੰਦੋ ਬੁੜ੍ਹੀ ਨੇ ਕੀਤੀ ਕਾਲੇ ਜਗਰਾਸਟ ਵਲੋਂ ਗਦਾਰਾਂ ਦੀਆਂ ਪਾਈਆਂ ਅਲਾਹੁਣੀਆਂ ਸੁਣਾ ਕੇ ਲੋਕ ਅੱਜ ਵੀ ਹੱਸ ਹੱਸ ਦੂਹਰੇ ਹੋ ਜਾਂਦੇ ਹਨ। ਸੰਨ 47 ਦੀ ਅੱਧੀ ਰਾਤ ਜਦ ਮੁਲਕ ਅਜ਼ਾਦ ਹੋਇਆ ਭੀ ਰਾਏ ਰਾਤ ਅਜ਼ਾਦੀ ਸਮਾਰਕ ਬਣਾ ਕੇ ਝੰਡਾ ਲਹਿਰਾਉਣਵਾਲੇ ਪੂਰੇ ਪੰਜਾਬ ਦਾ ਇਹੀ ਇਕ ਪਿੰਡਸੀ। ਉਦੋਂ ਕਸ਼ਮੀਰ ਅਜੇ ਭਾਰਤ ‘ਚ ਸ਼ਾਮਲ ਨਹੀਂ ਸੀ ਹੋਇਆ, ਜਿਸ ਕਰਕੇ ਉਸ ਸਮਾਰਕ ਉੱਤੇ ਜੈ ਬੰਦੇ ਮਾਤਰਮ ਦੇ ਨਾਲ ਭਾਰਤ ਦੇ ਬਣਾਏ ਗਏ ਨਕਸ਼ੇ ਵਿੱਚ ਇਸ ਨੂੰ ਨਹੀਂ ਦਰਸਾਇਆ ਗਿਆ। ਕਸ਼ਮੀਰ ਤਾਂ 48 ਵਿੱਚ ਭਾਰਤ ਦਾ ਹਿੱਸਾ ਬਣ ਗਿਆ. ਪਰ ਉਹ ਨਕਸ਼ਾ ਅਜੇ ਵੀ ਜਿਓਂ ਦਾ ਤਿਓਂ ਸੰਨ ਸੰਤਾਲੀ ਵਾਲੀ ਭੂਗੋਲਿਕ ਸਥਿਤੀ ਦਰਸਾਉਂਦਾ ਇੱਕ ਇਤਿਹਾਸਿਕ ਸਚਾਈ ਸਾਂਭੀ ਬੈਠਾ ਹੈ । ਅਜ਼ਾਦੀ ਵਾਲੇ ਦਿਨ ਹੀ ਦੇਸ਼ ਭਗਤਾਂ ਦੀ ਅਗਵਾਈ ਹੇਠ ਸਨਾਤਨੀ ਹਿੰਦੂਆਂ ਨੇ ਦਲਿਤਾਂ ਦੇ ਖੂਹਾਂ ਤੋਂ ਪਾਣੀ ਪੀ ਕੇ ਜਾਤ-ਪਾਤੀ ਵਿਤਕਰੇ ਨੂੰ ਖ਼ਤਮ ਕਰਨ ਦਾ ਪ੍ਰਣ ਲਿਆ। ਆਰੀਆ ਸਮਾਜੀ ਤੇ ਗ਼ਦਰੀ ਮੰਗੂ ਰਾਮ ਦਾ ਆਦਿਧਰਮ ਪ੍ਰਚਾਰਕ ਗੇਂਦਾ ਰਾਮ ਢਾਂਡਾ ਇਹ ਬੁਰਾਈ ਖਤਮ ਕਰਨ ਲਈ ਪਹਿਲਾਂ ਹੀ ਸਰਗਰਮ ਸਨ। ਬਾੜੀਆਂ ਦੇ ਆਮ ਲੋਕਾਂ ਵਿੱਚ ਸਰਕਾਰ ਕੋਈ ਵੀ ਗਦਾਰ ਨਾ ਪੈਦਾ ਕਰ ਸਕੀ। ਪਰ ਇਤਿਹਾਸ ਫਿਰ ਵੀ ਕੁਝ ਲੋਕਾਂ ਵੱਲ ਸ਼ੱਕ ਦੀ ਉਂਗਲ ਕਰੀ ਖੜਾ ਹੈ। ਉਹ ਸਨ ਮੌਕੇ ਦਾ ਇੱਕ ਚੌਂਕੀਦਾਰ, ਬੱਬਰਾਂ ਦੇ ਕੇਸ ਵਾਲਾ ਸੁਲਤਾਨੀ ਗਵਾਹ ਕਿਸੇ ਸਮੇਂ ਦਾ ਬੱਬਰ ਕਰਤਾਰ ਸਿੰਘ ਬੂੜੇਬਾੜੀ, ਜਮਾਂਦਾਰ ਗੁਰਦਿੱਤ ਸਿੰਘ, ਗਦਰੀਆਂ ਨਾਲੋਂ ਟੁੱਟਿਆ ਅਮਰ ਸਿੰਘ ਤੇ ਉਸ ਦਾ ਭਾਈ ਗੰਗਾ ਰਾਮ। ਇਹ ਗੰਗਾ ਰਾਮ ਉਹ ਹੈ ਜਿਸ ਦੇ ਪਸਤੌਲ ਨਾਲ ਗ਼ਦਾਰ ਬੇਲਾ ਸਿੰਘ ਜਿਆਨ ਨੇ ਵੈਨਕੂਵਰ ਦੇ ਗੁਰਦਵਾਰੇ ਵਿੱਚਗਦਰੀ ਦੇਸ਼ ਭਗਤਾਂ ਉੱਤੇ ਗੋਲੀ ਚਲਾਈ ਸੀ।
ਗੰਗਾ ਰਾਮ-ਅਮਰ ਸਿੰਘ ਅਤੇ ਬੇਲਾ ਸਿੰਘ ਜਿਆਨ ਆਪਸ ਵਿੱਚ ਭੂਆ-ਮਾਮੇ ਦੇ ਪੁੱਤ ਭਰਾ ਸਨ। ਪਰ ਫਿਰ ਵੀ ਬਾੜੀਆਂ ਦੇ ਸਿਰਲੱਥ ਦੇਸ਼ ਭਗਤਾਂ ਤੋਂ ਕੌਣ ਨਾਬਰ ਹੋ ਸਕਦਾ ਹੈ। ਜਿਨ੍ਹਾਂ ਦੇ ਨਾਂਅ ਦੇਸ਼ ਭਗਤ ਇਤਿਹਾਸ ਵਿੱਚ ਦਰਜ ਹਨ, ਉਹ ਸਨ- ਗ਼ਦਰ ਪਾਰਟੀ ਦੇ ਅਮਰ ਸਿੰਘ, ਭਗਵਾਨ ਸਿੰਘ ਬੂੜੋ ਬਾੜੀ, ਦਲੀਪ ਚੰਦ ਭੂੰੜੋਬਾੜੀ, ਹਜ਼ਾਰਾ ਸਿੰਘ, ਨਗੀਨਾ ਸਿੰਘ, ਦੀਵਾਨ ਸਿੰਘ ਆਦਿ ਗ਼ਦਰੀ ਮਲਤੀਆਂ ਤੋਂ ਬਿਨਾਂ ਗ਼ਦਰ ਪਾਰਟੀ ਦੀ ਅਹਿਮ ਰੁਕਨ ਰਾਜਾ ਸਿੰਘ ਅਤੇ ਹਰਦਿਆਲ ਸਿੰਘ ਗ਼ਦਰੀ ਤੇ ਅਕਾਲੀ ਲਹਿਰ, ਦੌਲਤ ਸਿੰਘ, ਸਰਵਨ ਸਿੰਘ ਅਜ਼ਾਦ ਹਿੰਦ ਫੌਜ, ਗੁਰਦਿਆਲ ਸਿੰਘ, ਨਿਰੰਜਣ ਸਿੰਘ ਜੈਤੋਂ ਮੋਰਚਾ, ਸਰਦੂਲ ਬੱਬਰ ਅਕਾਲੀ ਤੋਂ ਬਿਨਾਂ ਯੋਰਪੀ ਮੁਲਕਾਂ ਤੇ ਸੰਨ 1912 ਤੋਂ 1915 ਦਰਮਿਆਨ ਵਤਨ ਨੂੰ ਅਜ਼ਾਦ ਕਰਵਾਉਣ ਹਿੱਤ ਗ਼ਦਰੀ ਬਾਬਿਆਂ ਸੰਗ ਮੁੜੇ ਸਨ ਇੱਥੋਂ ਦੇ ਹੀ ਭਗਵਾਨ ਸਿੰਘ, ਦਲੀਪ ਸਿੰਘ, ਹਜ਼ਾਰਾ ਸਿੰਘ, ਨਗੀਨਾ ਸਿੰਘ ਤੇ ਦਲੇਲ ਸਿੰਘ ਪ੍ਰੰਤੂ ਸਭ ਤੋਂ ਉੱਘਾ ਸੀ ਇੱਥੋਂ ਦਾ ਹੀ ਰਾਜਾ ਸਿੰਘ ਬਾੜੀਆਂ। ਪੜ੍ਹਿਆ-ਲਿਖਿਆ ਇਸ ਸ਼ਖ਼ਸ ਵੀਹਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਵਿੱਚ ਹਿੰਦੀਆਂ ਦੀ ਇੱਕ ਕੰਪਨੀ ‘ਗੁਰੂ ਨਾਨਕ ਮਾਈਨਿੰਗ ਅਤੇ ਟਰੱਸਟ ਕੰਪਨੀ’, ‘ਖਾਲਸਾ ਦੀਵਾਨ ਸੁਸਾਇਟੀ ਅਤੇ ਭਾਰਤ ਵਿੱਚ ਵਿੱਦਿਆ ਦੇ ਪਸਾਰ ਲਈ ਬਣੀ ਪ੍ਰਵਾਸੀਆਂ ਦੀ ਕਮੇਟੀ ਦਾ ਉੱਘਾ ਮੈਂਬਰ ਤਾਂ ਸੀ ਹੀ ਬਲਕਿ ਏਸ਼ੀਅਨਾਂ ਤੇ ਖਾਸ ਕਰਕੇ ਭਾਰਤੀਆਂ ਦੇ ਹੱਕਾਂ ਲਈ ਬਣਾਈ ਗਈ ਯੂਨਾਈਟਡ ਇੰਡੀਆ ਲੀਗ ਦਾ ਸਕੱਤਰ ਵੀ ਸੀ। ਉਹ ਗ਼ਦਰ ਲਹਿਰ ਦੇ ਲੁਕਵੇਂ ਪਰ ਸਿਰਕੱਢਵੇਂ ਆਗੂਆਂ ਵਿਚੋਂ ਵੀ ਇੱਕ ਸੀ। ਜਦ ਕਨੇਡਾ ਸਰਕਾਰ ਨੇ ਭਾਰਤੀਆਂ ਨੂੰ ਵੀ ਚੀਨੀਆਂ ਤੇ ਜਪਾਨੀਆਂ ਵਾਂਗ ਹਾਂਡਰਸ ਦੇ ਨਰਕੀ ਟਾਪੂ ‘ਚ ਧੱਕਣ ਦੀ ਕੋਸ਼ਿਸ਼ ਕੀਤੀ, ਮਸਲਾ ਚਾਹੇ ਸਿੱਧੇ ਸਫ਼ਰ ਦਾ ਉੱਠਿਆ, ਭਾਵੇਂ ਹਿੰਦੀਆਂ ਦੇ ਟੱਬਰ ਮੰਗਵਾਉਣ ਦਾ ਫਿਰ ਭਾਵੇਂ ਘੋਲ ਚੱਲਿਆ ਕਾਮਾਗਾਟਾ ਮਾਰੂ ਦਾ ਸਮੇਤ ਬਹੁਤ ਹੀ ਤਰਥੱਲੀ ਭਰਪੂਰ ਘਟਨਾਵਾਂ ਜੋ ਕਨੇਡਾ ਦੀ ਧਰਤ ਉੱਤੇ ਸੰਨ 1908 ਤੋਂ 1914 ਈਸਵੀ ਦਰਮਿਆਨ ਵਾਪਰੀਆਂ ਇਸ ਸੁਘੜ ਸਿਆਣੇ ਤੇ ਧੜੱਲੇਦਾਰ ਇਨਸਾਨ ਨੂੰ ਅੰਗਰੇਜ਼ ਅਧਿਕਾਰੀਆਂ ਤੇ ਸਿਆਸੀ ਆਗੂਆਂ ਨੂੰ ਕੈਨੇਡਾ, ਇੰਗਲੈਂਡ ਤੇ ਭਾਰਤ ਵਿੱਚ ਮਿਲਣ ਵਾਲੇ ਹਰ ਡੈਪੂਟੇਸ਼ਨ ਵਿੱਚ ਸ਼ਾਮਲ ਕੀਤਾ ਜਾਂਦਾ ਰਿਹਾ। ਤਕੜੇ ਬੁਲਾਰੇ ਤੇ ਲਿਖਾ-ਪੜ੍ਹੀ ਕਰਨ ਵਾਲੇ, ਛੁਪੇ ਰਹਿਣ ਦੀ ਚਾਹ ਨਾਲ ਹੀ ਦੇਸ਼ ਭਗਤੀ ਤੇ ਸਮਾਜ ਸੇਵਾ ਕਰਨ ਵਾਲੇ ਇਸ ਉੱਘੇ ਪਰ ਗੁੰਮਨਾਮ, ਸਿਰਲੱਥ ਪਰ ਸ਼ਾਂਤ, ਦਾਨੇ ਪਰ ਜਤਾਉਣ ਨਾ ਵਾਲੇ, ਆਪਾ ਵਾਰੂ ਪਰ ਨਿਸ਼ਕਾਮ ਇਸ ਕਰਮਯੋਗੀ ਰਾਜਾ ਸਿੰਘ ਦੇਸ਼ ਭਗਤ ਦੇ ਮਾਣਮੱਤੇ ਇਤਿਹਾਸਿਕ ਪਿੰਡ ਬਾੜੀਆਂ ਨੂੰ ਦੱਸੋ ਫਿਰ ਕੌਣ ਸੱਜਦਾ ਨਹੀਂ ਕਰੇਗਾ।
Credit – ਵਿਜੈ ਬੰਬੇਲੀ