ਗੁਮਟਾਲਾ
ਸਥਿਤੀ :
ਤਹਿਸੀਲ ਅੰਮ੍ਰਿਤਸਰ ਦਾ ਪਿੰਡ ਗੁਮਟਾਲਾ, ਅੰਮ੍ਰਿਤਸਰ-ਅਜਨਾਲਾ ਸੜਕ ਤੇ ਸਥਿੱਤ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 4 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਵੱਸਣ ਕਾਲ ਦਾ ਅੰਦਾਜ਼ਾ ਠੀਕ ਪਤਾ ਨਹੀਂ ਹੈ, ਕਿਹਾ ਜਾਂਦਾ ਹੈ ਕਿ ਇਹ 800 ਸਾਲ ਪੁਰਾਣਾ ਹੈ। ਇਸ ਥਾਂ ਤੇ ਗੁੰਮਟ ਹੁੰਦੇ ਸਨ ਜਿਸ ਤੋਂ ਇਸ ਦਾ ਨਾਂ ਗੁੰਮਟਵਾਲਾ ਅਤੇ ਫੇਰ ‘ਗੁਮਟਾਲਾ’ ਪੈ ਗਿਆ। ਕਿਸੇ ਵੇਲੇ ਇਹ ਇੱਕ ਵੱਡਾ ਅਤੇ ਮਸ਼ਹੂਰ ਪਿੰਡ ਸੀ। ਕਿਹਾ ਜਾਂਦਾ ਹੈ ਕਿ ਇੱਥੇ 7 ਵੀਹਾਂ ਕੋਹਲੂ ਵਗਦੇ ਸਨ। ਇੱਥੇ ਸਯਦ ਮੁਸਲਮਾਨ ਵੱਸਦੇ ਸਨ। ਪਿੰਡ ਢਿੱਲਵਾਂ ਦੇ ਅਮੀਰ ਨੇ ਫੌਜ ਲੈ ਕੇ ਇਸ ਪਿੰਡ ਦੇ ਸਯਦਾਂ ਨੂੰ ਹਰਾ ਦਿੱਤਾ। ਇਸ ਕਰਕੇ ਇੱਥੇ ਢਿੱਲੋਂ ਗੋਤ ਦੇ ਜੱਟ ਜ਼ਿਆਦਾ ਹਨ। ਅਮੀਰ ਦੇ ਤਿੰਨ ਪੁੱਤਰਾਂ ਸੁਲਤਾਨ, ਜਮਸ਼ੇਰ ਅਤੇ ਵਰਿਆਮ ਦੇ ਨਾਂ ਤੇ ਪਿੰਡ ਦੀਆ ਤਿੰਨ ਪੱਤੀਆਂ ਹਨ। ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਲਹਿਰਾਂ ਵਿੱਚ ਪਿੰਡ ਦੇ ਲੋਕਾਂ ਨੇ ਹਿੱਸਾ ਪਾਇਆ। ਇਸ ਪਿੰਡ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਪਲਾਹ ਸਾਹਿਬ ਹੈ। ਇੱਥੇ ਸਿੱਖਾਂ ਤੇ ਮੁਗਲਾਂ ਦੀ ਪਹਿਲੀ ਲੜਾਈ ਹੋਈ ਸੀ । ਇਸ ਪਿੰਡ ਦੇ ਕੋਲ ਗੁਰੂ ਰਾਮਦਾਸ ਜੀ ਨੇ ਇੱਕ ਤਲਾਬ ਖੁਦਵਾਇਆ ਸੀ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੂਰਾ ਕੀਤਾ ਤੇ ਇਸ ਦਾ ਨਾਂ ਸੰਤੋਖਸਰ ਰੱਖਿਆ।