ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਕਾਜ਼ੀਆਂ, ਬ੍ਰਾਹਮਣਾਂ, ਖੱਤਰੀਆਂ ਅਤੇ ਜਾਤ-ਪਾਤ ਦੀ ਵਿਰੋਧਤਾ ਤੋਂ ਬਿਨਾਂ ਜੋ ਹੋਰ ਮਹੱਤਵਪੂਰਨ ਜ਼ਿਕਰ ਆਇਆ ਹੈ ਉਹ ਹੈ ਸਿੱਧ ਜਾਂ ਨਾਥ ਸੰਪਰਦਾ ਦਾ। ਗੁਰੂ ਜੀ ਦੀ ਇਕ ਪੂਰੀ ਦੀ ਪੂਰੀ ਰਚਨਾ ਸਿੱਧ ਗੋਸ਼ਟ ਦੀ ਸੰਗਿਆ ਹੇਠ ਦਰਜ ਹੈ। ਇਸ ਵਿਚ ਸਿੱਧਾਂ ਨਾਲ ਵਿਚਾਰਧਾਰਕ ਗੋਸ਼ਟ ਦਾ ਵਰਨਣ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਬਦ ਹਨ ਜਿਹੜੇ ਸਿੱਧਾਂ ਬਾਰੇ ਚਾਨਣਾ ਪਾਉਂਦੇ ਹਨ । ਸਿੱਧਾਂ ਅਤੇ ਨਾਥਾਂ ਨੂੰ ਤੀਜੇ ਨਾਂ ਜੋਗੀ ਨਾਲ ਵੀ ਸੰਬੋਧਨ ਕੀਤਾ ਗਿਆ ਹੈ। ਤਿੰਨਾਂ ਦਾ ਭਾਵ ਇਕੋ ਹੀ ਸੰਪਰਦਾ ਤੋਂ ਹੈ। ਨਾਥ ਦਾ ਅਰਥ ਹੈ ਮਾਲਕ, ਸਿੱਧ ਦਾ ਅਰਥ ਹੈ ਸਰੀਰ ਨੂੰ ਪੂਰੀ ਤਰ੍ਹਾਂ ਸਾਧ ਲੈਣ ਵਾਲਾ ਮਨੁੱਖ ਅਤੇ ਜੋਗੀ ਤੋਂ ਭਾਵ ਹੈ ਹਠ ਜੋਗ ਕਰਨ ਵਾਲਾ ਵਿਅਕਤੀ। ਜੇਕਰ ਤਿੰਨਾਂ ਨਾਵਾਂ ਦੀ ਦਰਜਾਵਾਰ ਵੰਡ ਕਰਨੀ ਹੋਵੇ ਤਾਂ ਪਹਿਲੇ ਨੰਬਰ ਤੇ ਨਾਥ, ਫਿਰ ਸਿੱਧ ਤੇ ਫਿਰ ਜੋਗੀ ਹੋਵੇਗਾ।

ਇਹ ਨਾਥ ਜਾਂ ਸਿੱਧ ਸੰਪਰਦਾ ਆਪਣਾ ਆਦਿਪੁਰਖ ਸ਼ਿਵ ਜੀ ਨੂੰ ਮੰਨਦੀ ਹੈ ਅਤੇ ਇਸ ਸੰਪਰਦਾ ਦਾ ਗੁਰੂ, ਗੋਰਖ ਨਾਥ ਹੈ। ਗੋਰਖ ਨਾਥ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੱਕ ਇਸ ਸੰਪਰਦਾ ਦੇ ਨੌ ਨਾਥ ਅਤੇ 84 ਸਿੱਧ ਹੋਏ ਮੰਨੇ ਜਾਂਦੇ ਹਨ। ਜਿਨ੍ਹਾਂ ਦਾ ਭਾਵ ਹੈ ਕਿ ਇਸ ਸੰਪਰਦਾ ਵਿਚ ਨੌ ਨਾਥ ਸਭ ਤੋਂ ਸੀਨੀਅਰ ਨੇਤਾ ਹੋਏ ਹਨ ਅਤੇ ਉਨ੍ਹਾਂ ਪਿੱਛੋਂ 84 ਸਿੱਧ ਸਭ ਤੋਂ ਵੱਧ ਕਰਨੀ ਵਾਲੇ ਅਤੇ ਸਰੀਰਕ ਸਾਧਨਾ ਵਾਲੇ ਮੰਨੇ ਗਏ ਹਨ। ਗੋਰਖ ਨਾਥ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਬਾਰ੍ਹਵੀਂ ਸਦੀ ਦਾ ਜਾਂ ਇਸ ਤੋਂ ਵੀ ਪਹਿਲੇ ਸਮੇਂ ਦਾ ਹੋਇਆ ਧਾਰਮਿਕ ਨੇਤਾ ਹੈ। ਇਹ ਵੀ ਕਿਸੇ ਇਤਿਹਾਸਕ ਤੱਥ ਉਪਰ ਆਧਾਰਤ ਨਹੀਂ ਹੈ। ਇਹ ਸਿਰਫ ਅੰਦਾਜਾ ਹੀ ਹੈ। ਉਸ ਦਾ ਸਮਾਂ ਇਸ ਤੋਂ ਬਹੁਤ ਪਹਿਲਾਂ ਦਾ ਵੀ ਹੋ ਸਕਦਾ ਹੈ। ਜਾਂ ਫਿਰ ਜਿਸ ਤਰ੍ਹਾਂ ਸ਼ਿਵ ਜੀ ਹਿੰਦੂ ਮਿਥਿਹਾਸ ਅਨੁਸਾਰ ਸਿਰਫ ਇਕ ਮਿਥਿਹਾਸਕ ਪਰਤੀਕ ਹੈ, ਉਸੇ ਤਰ੍ਹਾਂ ਗੋਰਖ ਵੀ ਮਿਥਿਹਾਸਕ ਹਸਤੀ ਹੋ ਸਕਦਾ ਹੈ। ਪਰ ਇਹ ਸਾਡੇ ਇਸ ਵਿਸ਼ੇ ਦਾ ਸੰਬੰਧ ਨਹੀਂ ਹੈ । ਉਹ ਇਤਿਹਾਸਕ ਸੀ ਜਾਂ ਮਿਥਿਹਾਸਕ ਪਰ ਉਸ ਦੀ ਸੰਪਰਦਾ ਪੰਜਾਬ ਅਤੇ ਭਾਰਤ ਵਿਚ ਪੂਰੀ ਤਰ੍ਹਾਂ ਪਰਚੱਲਤ ਸੀ। ਭਾਈ ਜੋਧ ਸਿੰਘ ਅਨੁਸਾਰ ਇਹ ਗੋਸ਼ਟਾਂ ਇਹ ਦਰਸਾਉਂਦੀਆਂ ਹਨ ਕਿ “ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਪੰਜਾਬ ਵਿਚ ਆਮ ਲੋਕਾਂ ਉਪਰ ਜੋਗੀਆਂ ਦਾ ਤਕੜਾ ਪਰਭਾਵ ਸੀ । ਸਿੱਧ ਲੋਕਾਂ ਨੇ, ਆਪਣੀ ਗੈਬੀ ਸ਼ਕਤੀ ਦੁਆਰਾ, ਜੰਤਰਾਂ, ਮੰਤਰਾਂ ਅਤੇ ਤੰਤਰਾਂ ਦੀ ਵਰਤੋਂ ਦੁਆਰਾ, ਵਰ ਦੇਣ ਦੀਆਂ ਅਸੀਸਾਂ ਦੀ ਉਮੀਦ ਵਿਚ ਅਤੇ ਸ਼ਰਾਪ ਦੇ ਦੇਣ ਦੇ ਡਰ ਨੇ ਲੋਕਾਂ ਦੇ ਦਿਲਾਂ ਵਿਚ ਇਕ ਭੈ ਪੈਦਾ ਕਰ ਰੱਖਿਆ ਸੀ । ਇਸ ਕਰਕੇ ਲੋਕ ਉਨ੍ਹਾਂ ਦੇ ਚੇਲੇ ਬਣ ਜਾਂਦੇ ਸਨ।” ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚਲੇ ਵੇਰਵਿਆਂ ਤੋਂ ਇਲਾਵਾ ਦੂਜੇ ਨੰਬਰ ਤੇ ਜੇ ਕਾਫੀ ਵਿਸਥਾਰ ਨਾਲ ਇਨ੍ਹਾਂ ਨਾਥਾਂ ਜਾਂ ਸਿੱਧਾਂ ਦੀ ਸੰਪਰਦਾ ਬਾਰੇ ਕਿਸੇ ਨਿਕਟ-ਸਮਕਾਲੀ ਲਿਖਤ ਵਿਚ ਜ਼ਿਕਰ ਆਇਆ ਹੈ ਉਹ ਹਨ ਭਾਈ ਗੁਰਦਾਸ ਜੀ ਦੀਆਂ ਵਾਰਾਂ । ਇਨ੍ਹਾਂ ਵਾਰਾਂ ਵਿਚੋਂ ਜੋ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹਨ ਉਨ੍ਹਾਂ ਵਿਚ ਦੋ ਐਸੇ ਵੇਰਵੇ ਆਉਂਦੇ ਹਨ ਜਿਨ੍ਹਾਂ ਦੇ ਗਲਤ ਅਰਥ ਸਮਝ ਕੇ ਡਬਲਿਊ. ਐਚ. ਮੈਕਲੋਡਾ ਨੇ ਸਿੱਧੇ ਤੌਰ ਤੇ ਇਹ ਸਿੱਟਾ ਕੱਢਿਆ ਹੈ ਕਿ ਇਕ ਤਾਂ ਗੁਰੂ ਨਾਨਕ ਦੇਵ ਜੀ ਦੇ ਸੁਮੇਰ ਪਰਬਤ ਤੇ ਜਾਣ ਦੀ ਗੱਲ ਇਤਿਹਾਸਕ ਤੱਥ ਨਹੀਂ ਹੈ ਕਿਉਂਕਿ ਸੁਮੇਰ ਪਰਬਤ ਅਸਲ ਵਿਚ ਕੋਈ ਥਾਂ ਹੀ ਨਹੀਂ ਹੈ ਦੂਜਾ ਗੋਰਖ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਨਹੀਂ ਸੀ ਕਿਉਂਕਿ ਉਹ ਤਾਂ ਬਹੁਤ ਸਮਾਂ ਪਹਿਲਾਂ ਹੋਇਆ ਸੀ ਕਿਉਂਕਿ ਭਾਈ ਗੁਰਦਾਸ ਨੇ ਸੁਮੇਰ ਪਰਬਤ ਦੀ ਅਤੇ ਗੋਰਖ ਦੀ ਗੱਲ ਇਸ ਤਰ੍ਹਾਂ ਕੀਤੀ ਹੈ ਜਿਵੇਂ ਕਿ ਉਹ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਹੋਵੇ ਇਸ ਕਰਕੇ ਉਸ ਦਾ ਵਰਨਣ ਇਤਿਹਾਸਕ ਸੱਚਾਈ ਤੋਂ ਦੂਰ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਇਸ ਬਾਰੇ ਇਹ ਤੁਕਾਂ ਹਨ :
ਫਿਰ ਜਾ ਚੜ੍ਹੇ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ ।
ਚੌਰਾਸੀਹ ਸਿਧਿ ਗੋਰਖਾਦਿ ਮਨ ਅੰਦਰ ਗਣਤੀ ਵਰਤਾਈ ।
ਅਸਲ ਵਿਚ ਹਰ ਲੇਖਕ ਨੇ ਭਾਈ ਗੁਰਦਾਸ ਜੀ ਦੀਆਂ ਉਪਰਲੀਆਂ ਤੁਕਾਂ ਨੂੰ ਗਲਤ ਸਮਝਿਆ ਹੈ । ਸੁਮੇਰ ਨੂੰ ਸੁਮੇਰ ਪਰਬਤ ਬਣਾ ਦਿੱਤਾ ਹੈ ਜਦੋਂ ਕਿ ਸੁਮੇਰ ਦਾ ਆਪਣਾ ਅਰਥ ਹੀ ਪਰਬਤ ਹੈ। ਸੁਮੇਰ ਪਰਬਤ ਕਰਕੇ ਲਿਖਣਾ ਗਲਤ ਹੈ ਕਿਉਂਕਿ ਇਸ ਤਰ੍ਹਾਂ ਸੁਮੇਰ ਪਰਬਤ ਇਕ ਵਿਸ਼ੇਸ ਥਾਂ ਦਾ ਨਾਂ ਬਣ ਜਾਂਦਾ ਹੈ ਜਦੋਂ ਕਿ ਸੁਮੇਰ ਇਕੱਲਾ ਸ਼ਬਦ ਸਮੁੱਚੇ ਪਰਬਤੀ ਖੇਤਰ ਨੂੰ ਦਰਸਾਉਂਦਾ ਹੈ। ਸੁਮੇਰ ਪਰਬਤ ਇਕੋ ਥਾਂ ਦੇ ਦੋ ਨਾਂ ਹੋ ਗਏ ਹਨ ਜਿਹੜੇ ਕਿ ਗਲਤ ਹਨ। ਮੈਕਲਿਓਡ ਨੇ ਸੁਮੇਰ ਨੂੰ ਸੁਮੇਰ ਪਰਬਤ ਦੇ ਤੌਰ ‘ਤੇ ਲਿਆ ਹੈ ਜਿਹੜਾਂ ਕਿ ਗਲਤ ਹੈ। ਗਲਤ ਗੱਲ ਵਿਚੋਂ ਗਲਤ ਹੀ ਸਿੱਟੇ ਨਿਕਲਣੇ ਹਨ । ਸੁਮੇਰ ਦਾ ਆਪਣਾ ਅਰਥ ਹੀ ਪਰਬਤ ਹੈ ਜਿਸ ਦਾ ਭਾਵ ਹੈ ਕਿ ਗੁਰੂ ਜੀ ਪਰਬਤਾਂ ਉਪਰ ਗਏ।

ਦੂਜੀ ਗੱਲ ‘ਚੌਰਾਸੀਹ ਸਿਧਿ ਗੋਰਖਾਦਿ’ ਦੇ ਗਲਤ ਭਾਵ ਸਮਝੇ ਹਨ। ਇੱਥੇ ਗੋਰਖਾਦਿ ਤੋਂ ਭਾਵ ਗੋਰਖ ਤੋਂ ਲਿਆ ਗਿਆ ਹੈ ਜਿਹੜਾ ਕਿ ਗਲਤ ਹੈ। ਇੱਥੇ ਗੋਰਖਾਦਿ ਤੋਂ ਭਾਵ ਹੈ ਗੋਰਖ ਦਾ ਮੱਤ ਜਾਂ ਉਹ ਮੱਤ ਜਿਸ ਦਾ ਮੋਢੀ ਗੋਰਖ ਸੀ ਪਰ ਇਹ ਭਾਵ ਨਹੀਂ ਲਿਆ ਗਿਆ । ਬਿਨਾਂ ਸਮਝੇ ਅਤੇ ਬਿਨਾਂ ਕਿਸੇ ਜਾਣਨ ਦੇ ਭਾਵ ਕੱਢ ਲਏ ਗਏ ਹਨ ਕਿ ਗੋਰਖ ਸਮੇਤ ਜੋ ਚੌਰਾਸੀ ਸਿੱਧ ਸਨ। ਇਸ ਨੇ ਭਾਈ ਗੁਰਦਾਸ ਦੀਆਂ ਤੁਕਾਂ ਦੇ ਸਾਰੇ ਹੀ ਅਰਥ ਬਦਲਾ ਦਿੱਤੇ ਹਨ। ਇਸ ਤਰ੍ਹਾਂ ਪੰਜਾਬੀ ਸ਼ਬਦਾਂ ਦੇ ਠੀਕ ਗਿਆਨ ਦੇ ਨਾਂ ਹੋਣ ਕਰਕੇ ਗਲਤ ਸਿੱਟੇ ਕੱਢੇ ਗਏ ਹਨ ਜਿਨ੍ਹਾਂ ਨਾਲ ਇਕ ਤਾਂ ਇਸ ਤੱਥ ਨੂੰ ਨਕਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਗੋਰਖ ਨਾਲ ਮੁਲਾਕਾਤ ਇਤਿਹਾਸਕ ਤੱਥ ਨਹੀਂ ਹੈ। ਦੂਜਾ ਸੁਮੇਰ ਪਰਬਤ ਨਾਂ ਦੀ ਕੋਈ ਥਾਂ ਹੀ ਨਹੀਂ ਹੈ ਇਸ ਲਈ ਗੁਰੂ ਨਾਨਕ ਦੇਵ ਜੀ ਦਾ ਉੱਥੇ ਜਾਣਾ ਵੀ ਇਤਿਹਾਸਕ ਤੱਥ ਨਹੀਂ ਹੈ। ਜਿਹੜੀ ਗੱਲ ਇਤਿਹਾਸਕ ਤੱਥ ਨਹੀਂ ਹੈ ਉਸ ਦਾ ਦੂਜਾ ਭਾਵ ਇਹ ਹੁੰਦਾ ਹੈ ਕਿ ਇਹ ਗੱਲ ਮਨੋਕਲਪਿਤ ਅਤੇ ਮਿਥਿਹਾਸਕ ਹੈ ।

ਅਜਿਹੇ ਗਲਤ ਭਾਵ ਸਮਝਣ ਵਾਲੇ ਲੇਖਕ ਗੋਰਖ ਨੂੰ ਤਾਂ ਇਤਿਹਾਸਕ ਹਸਤੀ ਮੰਨ ਰਹੇ ਹਨ ਜਿਸ ਬਾਰੇ ਸਾਡੇ ਸਾਹਮਣੇ ਕੋਈ ਵੀ ਇਤਿਹਾਸਕ ਲਿਖਤ ਨਹੀਂ ਹੈ ਪਰ ਜੋ ਇਤਿਹਾਸਕ ਤੱਥ ਸਾਡੇ ਸਾਹਮਣੇ ਗੁਰੂ ਨਾਨਕ ਦੇਵ ਜੀ ਬਾਰੇ ਮੌਜੂਦ ਹਨ, ਆਪਣੀ ਅਧੂਰੀ ਜਾਣਕਾਰੀ ਦੇ ਕਾਰਣ ਉਨ੍ਹਾਂ ਨੂੰ ਇਤਿਹਾਸਕ ਤੱਥ ਨਹੀਂ ਮੰਨ ਰਹੇ । ਸੁਮੇਰ ਸ਼ਬਦ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਵੀ ਆਇਆ ਹੈ। ਜਿਵੇਂ ਕਿ :
ਕੇਤੀਆ ਕਰਮ ਭੂਮੀ ਮੇਰ ਕੇਤੇ ……. (ਜਪੁਜੀ ਸਾਹਿਬ, ਪੰਨਾ ੭)
ਇੱਥੇ ਮੇਰ ਦੇ ਅਰਥ ਪਹਾੜਾਂ ਤੋਂ ਹਨ । ਦੂਜਾ ਜ਼ਿਕਰ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਆਇਆ ਹੈ। ਇਹ ਇਉਂ ਹੈ :
ਅਨਿਕ ਬਰਨ ਅਨਿਕ ਕਨਿਕ ਸੁਮੇਰ। (ਗੁਰੂ ਗ੍ਰੰਥ ਸਾਹਿਬ, ਪੰਨਾ ੧੨੩੬)
ਇੱਥੇ ਵੀ ਇਸ ਦੇ ਅਰਥ ਪਹਾੜ ਦੇ ਹੀ ਹਨ । ਪਰ ਉਕਤ ਕਿਸਮ ਦੇ ਲੇਖਕਾਂ ਨੂੰ ਇਸ ਦਾ ਗਿਆਨ ਨਹੀਂ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਨੇ ਵੀ ਆਪਣੀ ਰਚਨਾ ਵਿਚ ਆਦਿ ਸ਼ਬਦ ਕਈ ਸ਼ਬਦਾਂ ਨਾਲ ਜੋੜ ਕੇ ਜਾਂ ਅਲੱਗ ਅਲੱਗ ਕਰਕੇ ਲਿਖਿਆ ਹੈ। ਜਿਵੇਂ ਕਿ :
ਸਿਧ ਆਸਣ ਸਭਿ ਜਗਤ ਦੇ ਨਾਨਕ ਆਦਿ ਮਤੇ ਜੋ ਕੋਆ (ਪਹਿਲੀ ਵਾਰ ਦੀ 27ਵੀਂ ਪਉੜੀ)
ਇੱਥੇ ਨਾਨਕ ਆਦਿ ਦਾ ਭਾਵ ਹੈ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ। ਇਸੇ ਤਰ੍ਹਾਂ ਪਿੱਛੇ ਵਰਨਣ ਕੀਤੀ ਤੁਕ ‘ਚੌਰਾਸੀਹ ਸਿਧਿ ਗੋਰਖਾਦਿ’ ਦੇ ਭਾਵ ਹਨ ਕਿ ‘ਗੋਰਖ ਮੱਤ ਦੇ ਚਉਰਾਸੀਹ ਸਿੱਧ’।
ਨਾਥ ਜਾਂ ਸਿੱਧ ਸੰਪਰਦਾ ਦਾ ਅਸੂਲ ਸੀ ਸੰਸਾਰ ਨੂੰ ਤਿਆਗਣਾ, ਸਰੀਰ ਨੂੰ ਵੱਧ ਤੋਂ ਵੱਧ ਕਸ਼ਟ ਦੇ ਕੇ ਉਸ ਨੂੰ ਸਾਧਨਾ, ਇਹ ਕਸ਼ਟ ਤੱਪ ਕਰਕੇ, ਜੋਗ ਆਸਣ ਕਰਕੇ ਜਾਂ ਭੁੱਖੇ ਰਹਿ ਕੇ ਦਿੱਤੇ ਜਾਂਦੇ ਸਨ । ਮੰਗ ਕੇ ਖਾਣਾ, ਔਰਤ ਤੋਂ ਦੂਰ ਰਹਿਣਾ ਅਤੇ ਸ਼ਿਵ ਨੂੰ ਆਪਣਾ ਦੇਵਤਾ ਮੰਨਣਾ। ਅਸਲ ਵਿਚ ਸ਼ਿਵ ਦਾ ਜਿਨ੍ਹਾਂ ਵੀ ਡਰਾਉਣਾ ਰੂਪ ਬਣਾਇਆ ਜਾ ਸਕਦਾ ਹੈ ਉਹ ਸਭ ਨਾਥਾਂ ਜਾਂ ਸਿੱਧਾਂ ਦੀ ਸੰਪਰਦਾ ਦਾ ਹੀ ਪਰਤੀਕ ਹੈ। ਇਸ ਸੰਪਰਦਾ ਵਿਚੋਂ ਸਿੱਧਾਂ ਜਾਂ ਜੋਗੀਆਂ ਦੇ ਅੱਗੇ ਹੋਰ ਅਨੇਕਾਂ ਰੂਪ ਬਣ ਜਾਂਦੇ ਹਨ। ਜਿਵੇਂ ਕਿ ਕੰਨ ਪੜਵਾ ਕੇ ਮੁੰਦਰਾਂ ਪਾਉਣੀਆਂ, ਸਿਰ ‘ਤੇ ਲੰਮੀਆਂ ਲੰਮੀਆਂ ਤੇ ਭਾਰੀ ਜਟਾਂ ਲਮਕਾਉਣੀਆਂ, ਸਰੀਰ ਤੇ ਸੁਆਹ ਮੱਲ ਕੇ ਰੱਖਣਾ ਆਦਿ। ਕਈ ਸਿੱਧ ਜਿਹੜੇ ਆਪਣ ਆਪ ਨੂੰ ਸਭ ਤੋਂ ਵੱਧ ਕਰਾਮਾਤੀ ਜਾਂ ਸਾਧਨਾ ਵਾਲੇ ਸਮਝਦੇ ਸਨ ਉਹ ਮੁਰਦਿਆਂ ਨੂੰ ਵੀ ਖਾਣਾ ਆਪਣਾ ਧਰਮ ਸਮਝਦੇ ਸਨ । ਮੁਰਦੇ ਆਦਮੀ ਦੀ ਸਿਰ ਦੀ ਖੋਪੜੀ ਚੁੱਕ ਕੇ, ਉਸ ਨੂੰ ਬਰਤਨ ਵਾਂਗ ਤਿਆਰ ਕਰਕੇ, ਫਿਰ ਉਸ ਵਿਚ ਪਾ ਕੇ ਹੀ ਸ਼ਰਾਬ ਆਦਿ ਪੀਣਾ ਆਪਣਾ ਧਰਮ ਸਮਝਦੇ ਸਨ । ਇਸ ਤਰ੍ਹਾਂ ਕਈ ਸਿੱਧ ਉਨ੍ਹਾਂ ਥਾਵਾਂ ਉਪਰ ਸਮਾਧੀਆਂ ਲਾ ਕੇ ਬੈਠਦੇ ਸਨ ਜਿੱਥੇ ਮੁਰਦਾ ਵਿਅਕਤੀਆਂ ਨੂੰ ਫੂਕਿਆਂ ਜਾਂਦਾ ਸੀ ਜਾਂ ਮੁਰਦੇ ਵਿਅਕਤੀ ਦੇ ਸਰੀਰ ਦੀ ਹੱਡੀਆਂ ਦੀ ਮਾਲਾ ਗਲ ਵਿਚ ਪਾ ਕੇ ਰੱਖਣੀ ਵੀ ਆਪਣਾ ਧਰਮ ਸਮਝਦੇ ਸਨ। ਗੱਲ ਕੀ ਜਿੰਨੀ ਵੀ ਸੰਸਾਰਕ ਜੀਵਾਂ ਵੱਲੋਂ ਕੋਈ ਧਿਰਕਾਰੀ ਜਾਣ ਵਾਲੀ ਗੱਲ ਸੀ, ਸਿੱਧ ਲੋਕ ਉਸ ਨੂੰ ਕਰਨਾ ਆਪਣਾ ਮਾਣ ਸਮਝਦੇ ਸਨ । ਸਿੱਖ ਧਰਮ ਮਨੁੱਖ ਲਈ ਗਰਿਹਸਤੀ ਜੀਵਨ ਜ਼ਰੂਰੀ ਸਮਝਦਾ ਹੈ। ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਪਰਮਾਤਮਾ ਦਾ ਗਿਆਨ ਜਾਣਨ ਲਈ ਸ਼ਬਦ ਦੀ ਮਹੱਤਤਾ ‘ਤੇ ਜ਼ੋਰ ਦਿੰਦਾ ਹੈ ਅਤੇ ਇਕ ਅਕਾਲ ਪੁਰਖ ਦੀ ਹੋਂਦ ਮੰਨ ਕੇ ਚੱਲਦਾ ਹੈ। ਇਹ ਅਕਾਲ ਪੁਰਖ ਵੀ ਕਿਸੇ ਵਿਸ਼ੇਸ ਸ਼ਕਲ-ਸੂਰਤ ਜੈਸਾ ਨਹੀਂ ਸਗੋਂ ਰੰਗ-ਰਹਿਤ, ਸਰੀਰ-ਰਹਿਤ ਅਤੇ ਕਾਲ-ਰਹਿਤ ਹੈ। ਜੋਗੀ ਜਾਂ ਸਿੱਧ ਲੋਕ ਸ਼ਿਵ ਨੂੰ ਰੱਬ ਮੰਨ ਕੇ ਚਲਦੇ ਹਨ ਅਤੇ ਇਸ ਮਕਸਦ ਲਈ ਉਹ ਸ਼ਿਵ ਦੀ ਇਕ ਵਿਸ਼ੇਸ਼ ਸ਼ਕਲ ਵਾਲੀ ਮੂਰਤ ਬਣਾਉਂਦੇ ਹਨ। ਇਹ ਮੂਰਤ ਅਤੀ ਡਰਾਉਣੀ ਅਤੇ ਬਿਕਰਾਲ ਸੀ । ਸਿੱਧ ਲੋਕ ਤਿਆਗ ਅਤੇ ਸੰਸਾਰਿਕ ਵਸਤੂਆਂ ਤੋਂ ਪਰੇ ਰਹਿ ਕੇ ਆਪਣੇ ਸਰੀਰ ਨੂੰ ਦੁੱਖ ਦੇ ਕੇ ਰੱਬ ਅਤੇ ਸਿੱਧੀ ਹਾਸਲ ਕਰਨ ਵਿਚ ਵਿਸ਼ਵਾਸ ਰੱਖਦੇ ਸੀ । ਗੁਰੂ ਨਾਨਕ ਦਾ ਮਿਸ਼ਨ ਸਿੱਧਾਂ ਦੇ ਬਿਲਕੁਲ ਉਲਟ, ਵਿਅਕਤੀ ਨੂੰ ਇਹ ਨਸੀਹਤ ਕਰਦਾ ਹੈ ਕਿ ਉਹ ਦੁਨੀਆਦਾਰੀ ਦੇ ਵਿਚ ਹੀ ਇਕ ਕਮਲ ਦੇ ਫੁੱਲ ਵਾਂਗ ਅਤੇ ਮੁਰਗਾਬੀ ਦੀ ਤਰ੍ਹਾਂ ਆਪਣੇ ਆਪ ਨੂੰ ਨਿਰਲੇਪ ਰੱਖਦਾ ਹੋਇਆ ਵਿਚਰੇ। ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਵਿਚ ਉੱਗ ਕੇ ਵੀ ਆਪਣੇ ਆਪ ਨੂੰ ਪਾਣੀ ਤੋਂ ਰਹਿਤ ਰੱਖਦਾ ਹੈ ਅਤੇ ਜਿਸ ਤਰ੍ਹਾਂ ਇਕ ਮੁਰਗਾਬੀ ਨਦੀ ਵਿਚ ਤੈਰਦੀ ਹੋਈ ਵੀ ਆਪਣੇ ਖੰਭਾਂ ਨੂੰ ਪਾਣੀ ਨਾਲ ਗਿੱਲਾ ਨਹੀਂ ਹੋਣ ਦਿੰਦੀ ਉਸੇ ਤਰ੍ਹਾਂ ਇਕ ਵਿਅਕਤੀ ਨੂੰ ਵੀ ਸੰਸਾਰ ਵਿਚ ਰਹਿਣ ਦੇ ਬਾਵਜੂਦ ਆਪਣੇ ਆਪ ਨੂੰ ਸੰਸਾਰਿਕ ਬੰਧਨਾਂ ਵਿਚ ਜਕੜਨਾ ਨਹੀਂ ਚਾਹੀਂਦਾ। ਸ਼ਾਇਦ ਇਸੇ ਵਿਚਾਰਧਾਰਕ ਵਿਰੋਧਤਾ ਕਾਰਣ ਗੁਰੂ ਜੀ ਨੇ ਸਿੱਧਾਂ ਅਤੇ ਜੋਗੀਆਂ ਦੇ ਮੱਤ ਨੂੰ ਖੰਡਤ ਕਰਨ ਲਈ, ਆਪਣੀ ਬਾਣੀ ਵਿਚ ਜ਼ਿਆਦਾ ਥਾਂ ਦਿੱਤੀ ਹੈ। ਨਾਥਾਂ ਅਤੇ ਜੋਗੀਆਂ ਨੂੰ ਵੀ ਗੁਰੂ ਨਾਨਕ ਦੇ ਮਿਸ਼ਨ ਤੋਂ ਸਭ ਤੋਂ ਵੱਧ ਖਤਰਾ ਦਿੱਸਦਾ ਸੀ । ਇਹੀ ਕਾਰਣ ਸੀ ਕਈ ਥਾਈਂ ਗੁਰੂ ਜੀ ਅਤੇ ਜੋਗੀਆਂ ਦੀ ਬਹਿਸ ਤਿੱਖਾ ਰੂਪ ਵੀ ਧਾਰਨ ਕਰ ਜਾਂਦੀ ਰਹੀ ਸੀ ਜਿਸ ਦੇ ਸਿੱਟੇ ਵਜੋਂ ਦੋਵੇਂ ਧਿਰਾਂ ਹੀ ਇਕ ਦੂਜੇ ਨੂੰ ਸਖਤ ਸ਼ਬਦ ਕਹਿ ਜਾਂਦੀਆਂ ਸਨ । ਡਾ. ਗਰੇਵਾਲ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜੋਗੀਆਂ ਨਾਲ ਵਿਰੋਧ ਵਿਸ਼ਵਾਸ ਅਤੇ ਅਮਲ ਦੋਹਾਂ ਮਾਮਲਿਆਂ ਵਿਚ ਹੀ ਬੁਨਿਆਦੀ ਕਿਸਮ ਦਾ ਸੀ । ਇਸੇ ਕਰਕੇ ਉਨ੍ਹਾਂ ਨੇ ਜੋਗੀਆਂ ਨੂੰ भाथला मड हैं टँडा हिठेयी मभक्षिभा मी । (Guru Nanak’s differences with the Jogis were fundamental in matter both of belief and of practical. Guru Nanak looked upon the Jogis as his most formidable opponents. ) ਗੁਰੂ ਜੀ ਦੀ ਇਕ ਪੂਰੀ ਬਾਣੀ ਸਿੱਧ ਗੋਸ਼ਟ ਇਸੇ ਹੀ ਸੰਪਰਦਾ ਦੇ ਸਿੱਧਾਂ ਨਾਲ ਹੋਈ ਵਿਚਾਰਧਾਰਕ ਬਹਿਸ ਦੀ ਹੈ। ਇਸ ਬਹਿਸ ਵਿਚ ਸਿੱਧ ਗੁਰੂ ਜੀ ਦੀ ਸੰਸਾਰ ਵਿਚ ਰਹਿ ਕੇ ਵਿਚਰਨ ਦੀ ਵਿਚਾਰਧਾਰਾ ਨੂੰ ਚੈਲਿੰਜ ਕਰਦੇ ਹਨ ਜਦੋਂ ਕਿ ਗੁਰੂ ਜੀ ਉਨ੍ਹਾਂ ਦੀ ਸੰਸਾਰ ਨੂੰ ਤਿਆਗਣ ਦੀ ਵਿਚਾਰਧਾਰਾ ਨੂੰ ਰੱਦ ਕਰਦੇ ਹਨ। ਇਸ ਬਹਿਸ ਦਾ ਸਾਰ-ਅੰਸ਼ ਇਸ ਤਰ੍ਹਾਂ ਹੈ :
ਸਿੱਧਾਂ ਦਾ ਵੱਡਾ ਸਿੱਧ ਅਵਧੂਤ ਚਰਪਟ ਗੁਰੂ ਨਾਨਕ ਦੇਵ ਜੀ ਤੋਂ ਪੁੱਛਦਾ ਹੈ ਕਿ ਇਸ ਸਮੁੰਦਰ ਰੂਪੀ ਸੰਸਾਰ ਨੂੰ ਕਿਸ ਤਰ੍ਹਾਂ ਤਰਿਆ ਜਾਵੇ? ਇਸ ਦੇ ਜਵਾਬ ਵਿਚ ਗੁਰੂ ਜੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਤਾਂ ਬਹਿਸ ਹੀ ਨਹੀਂ ਕਰਨੀ ਆਉਂਦੀ। ਆਪ ਹੀ ਸਵਾਲ ਕਰਕੇ ਆਪ ਹੀ ਉਸ ਦਾ ਉੱਤਰ ਦੇ ਦਿੰਦੇ ਹਨ। ਅਜਿਹੀਆਂ ਗੱਲਾਂ ਦਾ ਉਹ ਕੀ ਜਵਾਬ ਦੇਣ । ਅਸਲ ਵਿਚ ਤੁਸੀਂ ਆਪਣੇ ਆਪ ਨੂੰ ਇਸ ਬਹਿਸ ਦੇ ਕਾਬਲ ਹੀ ਨਹੀਂ ਸਮਝਦੇ ਇਸ ਕਰਕੇ ਤੁਹਾਡੇ ਨਾਲ ਬਹਿਸ ਕਿਵੇਂ ਕੀਤੀ ਜਾਵੇ ? ਜੇ ਜਵਾਬ ਸੁਣਨਾ ਹੀ ਚਾਹੁੰਦੇ ਹੋ ਤਾਂ ਸੁਣੋ : ਜਿਵੇਂ ਕਮਲ ਦਾ ਫੁੱਲ ਪਾਣੀ ਵਿਚ ਹੀ ਉੱਗ ਕੇ ਪਾਣੀ ਤੋਂ ਨਿਰਲੇਪ ਰਹਿੰਦਾ ਹੈ ਅਤੇ ਜਿਸ ਤਰ੍ਹਾਂ ਮੁਰਗਾਬੀ ਨਦੀ ਵਿਚ ਤੈਰਦੀ ਹੋਈ ਵੀ ਆਪਣੇ ਖੰਭਾਂ ਨੂੰ ਪਾਣੀ ਨਾਲ ਭਿੱਜਣ ਤੋਂ ਬਚਾ ਕੇ ਰੱਖਦੀ ਹੈ ਬਿਲਕੁਲ ਉਸੇ ਤਰ੍ਹਾਂ ਮਨੁੱਖ ਨੂੰ ਵੀ ਦੁਨੀਆਂਦਾਰੀ ਵਿਚ ਵਿਚਰਦੇ ਹੋਇਆਂ ਆਪਣੇ ਆਪ ਨੂੰ ਦੁਨਿਆਵੀ ਲਾਲਚਾਂ ਤੋਂ ਉਪਰ ਰੱਖਣਾ ਚਾਹੀਂਦਾ ਹੈ। ਇਸ ਦਾ ਤਰੀਕਾ ਇਹ ਹੈ ਕਿ ਆਪਣੇ ਮਨ ਨੂੰ ਸ਼ਬਦ ਦੇ ਸਾਰ ਦੀ ਸੂਰਤ ਵਿਚ ਟਿਕਾ ਕੇ ਵਾਹਿਗੁਰੂ ਦਾ ਨਾਮ ਜਪਣਾ ਚਾਹੀਂਦਾ ਹੈ। ਇਸ ਤਰ੍ਹਾਂ ਸਮੁੰਦਰ ਰੂਪੀ ਇਸ ਸੰਸਾਰ ਤੋਂ ਨਿਰਲੇਪ ਰਿਹਾ ਜਾ ਸਕਦਾ ਹੈ। ਅਸਲ ਇਕਾਂਤ ਉਹ ਹੀ ਹੈ ਜਦੋਂ ਮਨ ਵਿਚ ਇਕੋ ਅਕਾਲ ਪੁਰਖ ਦਾ ਨਾਮ ਵਸਿਆ ਪਿਆ ਹੋਵੇ । ਅਜਿਹੀ ਸਥਿਤੀ ‘ਤੇ ਪਹੁੰਚਿਆ ਵਿਅਕਤੀ ਨਿਰਲਾਲਚ ਹੋ ਜਾਂਦਾ ਹੈ । ਉਸ ਲਈ ਆਸ਼ਾ ਅਤੇ ਨਿਰਾਸ਼ਾ ਕੋਈ ਮਹੱਤਤਾ ਨਹੀਂ ਰੱਖਦੀ। ਜਿਸ ਵਿਅਕਤੀ ਨੇ ਅਕਾਲ ਪੁਰਖ ਦੀ ਹੋਂਦ ਨੂੰ ਸਮਝ ਲਿਆ ਹੈ ਨਾਨਕ ਤਾਂ ਉਸ ਦਾ ਦਾਸ ਹੈ।

ਸਿੱਧਾਂ ਵਿਚੋਂ ਹੀ ਇਕ ਹੋਰ ਲੁਹਾਰੀਪਾ ਨਾਂ ਦਾ ਸਿੱਧ ਜੋ ਗੋਰਖ ਦਾ ਚੇਲਾ ਅਖਵਾਉਂਦਾ ਹੈ ਗੁਰੂ ਜੀ ਨੂੰ ਆਪਣੀ ਵਿਚਾਰਧਾਰਾ ਬਾਰੇ ਦੱਸਦਾ ਹੋਇਆ ਕਹਿੰਦਾ ਹੈ ਕਿ ਸਿੱਧ ਲੋਕ ਸ਼ਹਿਰਾਂ, ਬਜਾਰਾਂ ਅਤੇ ਹੋਰ ਆਮ ਰਿਹਾਇਸ਼ੀ ਥਾਵਾਂ ਤੋਂ ਪਰੇ ਜਾ ਕੇ ਜੰਗਲਾਂ ਅਤੇ ਬਣਾਂ ਵਿਚ ਆਪਣਾ ਵਸੇਬਾ ਕਰਦੇ ਹਨ; ਉੱਥੇ ਜੜ੍ਹਾਂ ਬੂਟੀਆਂ ਖਾ ਕੇ ਆਪਣਾ ਗੁਜਾਰਾ ਕਰਦੇ ਹਨ; ਸਦਾ ਗਯਾਨ ਦੀ ਗੱਲ ਕਰਦੇ ਹਨ; ਤੀਰਥਾਂ ‘ਤੇ ਇਸ਼ਨਾਨ ਕਰਦੇ ਹਨ ਕਿਉਂਕਿ ਇਸ ਤਰ੍ਹਾਂ ਸੁੱਖ ਦੀ ਪਰਾਪਤੀ ਵੀ ਹੁੰਦੀ ਹੈ ਅਤੇ ਤਨ ਦੀ ਮੈਲ ਵੀ ਉਤਰਦੀ ਹੈ। ਇਹੋ ਹੀ ਸਿੱਧਾਂ ਦਾ ਵਿਸ਼ਵਾਸ ਹੈ। ਇਸ ਦੇ ਜਵਾਬ ਵਿਚ ਗੁਰੂ ਨਾਨਕ ਦੇਵ ਜੀ ਆਪਣਾ ਮੱਤ ਰੱਖਦੇ ਹੋਏ ਕਹਿੰਦੇ ਹਨ ਕਿ ਵਿਅਕਤੀ ਨੂੰ ਸ਼ਹਿਰਾਂ ਅਤੇ ਬਾਜਾਰਾਂ ਵਿਚ ਰਹਿ ਕੇ ਹੀ ਇਸ ਦੀਆਂ ਲਾਲਸਾਵਾਂ ਤੋਂ ਖਬਰਦਾਰ ਰਹਿਣਾ ਚਾਹੀਂਦਾ ਹੈ। ਜਿਵੇਂ ਕਿ ਪਰਾਈ ਇਸਤਰੀ ਵੱਲ ਭੈੜੀ ਨਜ਼ਰ ਨਾਲ ਨਾ ਦੇਖਣਾ। ਅਕਾਲ ਪੁਰਖ ਦੇ ਨਾਮ ਤੋਂ ਬਿਨਾਂ, ਕਿਸੇ ਹੋਰ ਆਸਰੇ ਨਾਲ ਮਨ ਟਿਕਦਾ ਨਹੀਂ ਹੈ ਨਾ ਹੀ ਇਸ ਦੀ ਤਰਿਸ਼ਨਾ ਦੂਰ ਹੁੰਦੀ ਹੈ । ਅਸਲੀ ਬਾਜ਼ਾਰ ਅਤੇ ਸ਼ਹਿਰ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਗੁਰੂ ਨੇ ਦਿਖਾ ਦਿੱਤੇ ਹਨ। ਇੱਥੇ ਸਿਰਫ ਸੱਚ ਦਾ ਵਪਾਰ ਹੁੰਦਾ ਹੈ। ਇਹ ਅਵਸਥਾ ਹੈ ਬੰਦੇਜ ਵਿਚ ਰਹਿ ਕੇ ਅਸਲੀਅਤ ਨੂੰ ਵਿਚਾਰਨ ਦੀ ।
ਵੱਡਾ ਜੋਗੀ ਆਪਣਾ ਮੱਤ ਰੱਖਦਾ ਹੋਇਆ ਕਹਿੰਦਾ ਹੈ ਕਿ ਇਸ ਸੰਸਾਰ ਤੋਂ ਮੁਕਤੀ ਸਿਰਫ ਉਨ੍ਹਾਂ ਵਰਗਾ ਵੇਸ਼ ਧਾਰਨ ਕਰਨ ਨਾਲ ਹੀ ਮਿਲਦੀ ਹੈ। ਇਹ ਵੇਸ਼ ਹੈ ਕੰਨਾਂ ਵਿਚ ਮੁੰਦਰਾਂ ਪਾਉਣੀਆਂ, ਗਲ ਵਿਚ ਝੋਲੀ ਦਾ ਪਾਉਣਾ ਅਤੇ ਗੋਦੜੀ ਰੱਖਣਾ। ਸਾਰੇ ਬਾਰਾਂ ਮੁਕਤੀ ਮਾਰਗਾਂ ਵਿਚੋਂ ਇਹੀ ਇਕ ਮਾਰਗ ਹੈ ਜੋ ਸਭ ਤੋਂ ਸਰੇਸ਼ਟ ਹੈ। ਛੇ ਫਿਲਾਸਫੀਆਂ ਵਿਚੋਂ ਇਸੇ ਮਾਰਗ ਦੀ ਫਿਲਾਸਫੀ ਸਰੇਸ਼ਟ ਹੈ। ਇਸ ਨੂੰ ਧਾਰਨ ਕਰੋ ਤਾਂ ਹੀ ਮੁਕਤੀ ਪਰਾਪਤ ਕੀਤੀ ਜਾ ਸਕਦੀ ਹੈ। ਇਸ ਦਾ ਜਵਾਬ ਗੁਰੂ ਜੀ ਇਉਂ ਦਿੰਦੇ ਹਨ ਕਿ ਜੋ ਕੁਝ ਉਹ ਦੱਸ ਰਹੇ ਹਨ ਉਨ੍ਹਾਂ ਦੇ ਗੁਰਮੁਖ ਲੋਕ ਇਸ ਨੂੰ ਸਮਝ ਵੀ ਰਹੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਅਸਲ ਮੁਕਤੀ ਕਿਵੇਂ ਪਰਾਪਤ ਹੋਣੀ ਹੈ। ਹਰ ਸਮੇਂ ਆਪਣੇ ਮਨ ਵਿਚ ਅਕਾਲ ਪਰਖ ਦੇ ਨਾਮ ਨੂੰ ਵਸਾ ਕੇ ਰੱਖੇ ਅਤੇ ਆਪਣੀ ਹਉਮੈ ਅਤੇ ਮਮਤਾ ਨੂੰ ਬਿਲਕੁਲ ਖ਼ਤਮ ਕਰ ਦਿਓ । ਇਸ ਤਰ੍ਹਾਂ ਆਪਣੇ ਗੁਰੂ ਦੀ ਸਿੱਖਿਆ ਲੈ ਕੇ ਮਨੁੱਖ ਕਾਮ, ਕਰੋਧ ਅਤੇ ਹੰਕਾਰ ਨੂੰ ਨਿਵਾਰ ਦਿੰਦਾ ਹੈ। ਇਹ ਵਿਚਾਰ ਹਮੇਸ਼ਾਂ ਮਨ ਵਿਚ ਵਸਾ ਲਓ ਕਿ ਅਕਾਲ ਪੁਰਖ ਸਰਬ ਵਿਆਪਕ ਹੈ, ਸਦਾ ਰਹਿਣ ਵਾਲਾ ਹੈ ਅਤੇ ਉਸ ਦੀ ਵਡਿਆਈ ਵੀ ਸਦਾ ਰਹਿਣ ਵਾਲੀ ਹੈ। ਇਹ ਅਸਲੀਅਤ ਹੈ। ਜਿਹੜਾ ਤੁਸੀਂ ਖੱਪਰ ਪਕੜ ਰੱਖਿਆ ਹੈ ਇਸ ਨੂੰ ਸੰਸਾਰਕ ਲਾਲਸਾਵਾਂ ਤੋਂ ਉਪਰ ਉਠਣ ਵਿਚ ਸਹਾਇਕ ਬਣਾਓ। ਆਪਣੀ ਟੋਪੀ ਨੂੰ ਪੰਜਾਂ ਤੱਤਾਂ ਦੇ ਗੁਣ ਧਾਰਨ ਕਰਨ ਵਿਚ ਸਹਾਇਕ ਬਣਾਓ । ਜਿਹੜੀ ਹਿਰਨ ਦੀ ਖੱਲ ਨਾਲ ਤੁਸੀਂ ਆਪਣਾ ਸਰੀਰ ਢੱਕਦੇ ਹੋ ਅਤੇ ਜਿਨ੍ਹਾਂ ਰੱਸੀਆਂ ਨਾਲ ਇਸ ਨੂੰ ਲੱਕ ਦੁਆਲੇ ਬੰਨਦੇ ਹੋ ਇਨ੍ਹਾਂ ਤੋਂ ਦਇਆ, ਸੰਤੋਖ ਅਤੇ ਸੰਜਮ ਦੇ ਗੁਣ ਧਾਰਨ ਕਰਨਾ ਸਿੱਖੋ । ਇਸ ਤਰ੍ਹਾਂ ਆਪਣੇ ਗੁਰੂ ਤੋਂ ਸਿੱਖਿਆ ਲੈ ਕੇ ਅਕਾਲ ਪੁਰਖ ਦਾ ਨਾਮ ਆਪਣੇ ਹਿਰਦੇ ਵਿਚ ਵਸਾਓ।” ਇਸ ਸਮੁੱਚੀ ਬਹਿਸ ਵਿਚੋਂ ਸਿੱਟਾ ਕੱਢਦੇ ਹੋਏ ਕਿਹਾ ਗਿਆ ਹੈ ਕਿ ਜੋਗ ਦੀ ਪਰਾਪਤੀ ਅਰਥਾਤ ਮੁਕਤੀ ਦੀ ਪਰਾਪਤੀ ਨਾ ਹੀ ਗੋਦੜੀ ਪਹਿਨਣ ਨਾਲ, ਨਾ ਹੀ ਡੰਡਾ ਹੱਥ ਵਿਚ ਪਕੜ ਕੇ ਰੱਖਣ ਨਾਲ, ਨਾ ਹੀ ਪਿੰਡੇ ‘ਤੇ ਸਵਾਹ ਮਲਣ ਨਾਲ, ਨਾ ਹੀ ਕੰਨਾਂ ਵਿਚ ਮੁੰਦਰਾਂ ਪਾ ਲੈਣ ਨਾਲ, ਨਾ ਹੀ ਸਿਰ ਮੁਨਾ ਲੈਣ ਨਾਲ, ਨਾ ਹੀ ਸਿੰਙੀ (ਨਾਦ) ਵਜਾਉਣ ਨਾਲ, ਨਾ ਹੀ ਮੜੀਆਂ ਮਸਾਣਾਂ ਵਿਚ ਬੈਠ ਕੇ ਸਮਾਧੀ ਲਗਾਉਣ ਨਾਲ, ਨਾ ਹੀ ਦੇਸ਼-ਦੇਸ਼ਾਂਤਰਾਂ ਵਿਚ ਘੁੰਮਣ-ਫਿਰਨ ਨਾਲ, ਅਤੇ ਨਾ ਹੀ ਤੀਰਥਾਂ ਉਪਰ ਨਹਾਉਣ ਨਾਲ ਹੁੰਦੀ ਹੈ। ਇਹ ਤਾਂ ਦੁਨੀਆਂਦਾਰੀ ਵਿਚ ਰਹਿੰਦਿਆਂ ਹੋਇਆਂ ਵੀ ਇਸ ਦੀਆਂ ਲਾਲਸਾਵਾਂ ਤੋਂ ਉਪਰ ਉਠ ਕੇ ਰਹਿਣ ਨਾਲ, ਅਤੇ ਸਭ ਲੋਕਾਈ ਨੂੰ ਇਕੋ ਨਜ਼ਰ ਨਾਲ ਇਕ ਸਮਾਨ ਤੱਕ ਕੇ ਹੀ ਪਰਾਪਤ ਕੀਤੀ ਜਾ ਸਕਦੀ ਹੈ । ਅਕਾਲ ਪੁਰਖ ਦਾ ਗਯਾਨ ਹੋ ਜਾਣ ਨਾਲ ਹੀ ਮਨ ਦੀ ਦੁਬਿਧਾ ਖਤਮ ਹੁੰਦੀ ਹੈ। ਤਾਂ ਹੀ ਭਟਕਦੇ ਮਨ ਨੂੰ ਸਭ ਪਾਸਿਆਂ ਤੋਂ ਰੋਕ ਕੇ ਇਕ ਨਾਮ ‘ਤੇ ਕੇਂਦਰਤ ਕੀਤਾ ਜਾ ਸਕਦਾ ਹੈ। ਜਦੋਂ ਮਨ ਇਕਾਗਰ ਹੋਇਆ, ਸ਼ਬਦ ਵਿਚ ਦੱਸੇ ਗਯਾਨ ਨੂੰ ਸਮਝਣ ਵਿਚ ਲੱਗ ਜਾਵੇਗਾ ਤਾਂ ਹੀ ਇਸ ਨੂੰ ਅਸਲ ਸੋਝੀ ਆਵੇਗੀ ਅਤੇ ਇਉਂ ਇਹ ਲਗਾਤਾਰ ਆਨੰਦਮਈ ਅਵਸਥਾ ਵਿਚ ਲੱਗਿਆ ਰਹੇਗਾ। ਜਦੋਂ ਵਿਅਕਤੀ ਅਜਿਹੀ ਅਵਸਥਾ ਪਰਾਪਤ ਕਰ ਲੈਂਦਾ ਹੈ ਤਾਂ ਉਸ ਨੂੰ ਜੀਵਨ ਅਤੇ ਅਜੀਵਨ ਵਿਚ ਕੋਈ ਫਰਕ ਮਹਿਸੂਸ ਨਹੀਂ ਹੁੰਦਾ ਅਤੇ ਉਸ ਦੇ ਮਨ ਅੰਦਰ ਆਪਣੇ ਆਪ ਹੀ ਲਗਾਤਾਰ ਗਿਆਨ ਦੀ ਜੋਤ ਜਗਦੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਮੁਕਤੀ ਦੀ ਜੁਗਤ ਪਰਾਪਤ ਕੀਤੀ ਜਾ ਸਕਦੀ ਹੈ।
ਭਾਈ ਗੁਰਦਾਸ ਨੇ ਇਨ੍ਹਾਂ ਗੋਸ਼ਟਾਂ ਨੂੰ ਜਿਆਦਾ ਸਪਸ਼ਟਤਾ ਨਾਲ ਬਿਆਨ ਕੀਤਾ ਹੈ । ਇਸ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਸੁਮੇਰ ‘ਤੇ ਪਹੁੰਚ ਕੇ ਉੱਥੇ ਰਹਿ ਰਹੇ ਸਿੱਧਾਂ ਨਾਲ ਗੋਸ਼ਟ ਕੀਤੀ । ਇਸ ਗੋਸ਼ਟ ਵਿਚ ਗੋਰਖ ਦੀ ਸੰਪਰਦਾ ਦੇ 84 ਸਿੱਧ ਸ਼ਾਮਲ ਹੋਏ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿ ਉਸ ਨੂੰ ਕਿਹੜੀ ਸ਼ਕਤੀ ਇੱਥੇ ਲੈ ਕੇ ਆਈ ਹੈ? ਉਨ੍ਹਾਂ ਅਨੁਸਾਰ ਸੁਮੇਰ ‘ਤੇ ਆਉਣਾ ਹਰ ਸਾਧਾਰਨ ਮਨੁੱਖ ਦਾ ਕੰਮ ਨਹੀਂ ਸੀ। ਇੱਥੇ ਤੱਕ ਕੋਈ ਹਠੀ ਵਿਅਕਤੀ ਹੀ ਪਹੁੰਚ ਸਕਦਾ ਸੀ । ਗੁਰੂ ਨਾਨਕ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੈ ਅਤੇ ਪੂਰੇ ਪਰੇਮ ਸਹਿਤ ਉਸ ਦੇ ਨਾਮ ਦਾ ਧਿਆਨ ਧਰਿਆ ਹੈ। ਇਹੀ ਸ਼ਕਤੀ ਉਸ ਨੂੰ ਇੱਥੇ ਤੱਕ ਲੈ ਕੇ ਆਈ ਹੈ। ਫਿਰ ਸਿੱਧਾਂ ਨੇ ਗੁਰੂ ਜੀ ਦਾ ਨਾਂ ਪੁੱਛਿਆ । ਗੁਰੂ ਜੀ ਨੇ ਦੱਸਿਆ ਕਿ, “ਉਨ੍ਹਾਂ ਦਾ ਨਾਂ ਨਾਨਕ ਹੈ, ਨਾਮ ਜਪ ਕੇ ਹੀ ਉਨ੍ਹਾਂ ਨੇ ਆਤਮਿਕ ਸ਼ਕਤੀ ਪਰਾਪਤ ਕੀਤੀ ਹੈ ਅਤੇ ਇਉਂ ਉਨ੍ਹਾਂ ਨੇ ਉਚੇ ਕੁਲ ਵਿਚ ਜਨਮ ਲੈ ਕੇ ਵੀ ਨੀਚ ਲੋਕਾਂ ਦਾ ਸਾਥੀ ਅਖਵਾਇਆ ਹੈ।”
ਸਭ ਸਿੱਧਾਂ ਨੇ ਸੁਣਿਆ ਹੋਇਆ ਸੀ ਕਿ ਕਿਸੇ ਨਾਨਕ ਨਾਂ ਦੇ ਗੁਰੂ ਨੇ ਇਸ ਸੰਸਾਰ ਅੰਦਰ ਆ ਕੇ ਨਵਾਂ ਪਰਚਾਰ ਸ਼ੁਰੂ ਕੀਤਾ ਹੈ। ਇਸ ਲਈ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਕਿ ਸੰਸਾਰ ਵਿਚ ਕਿਸ ਤਰ੍ਹਾਂ ਦਾ ਅਮਲ ਚਲ ਰਿਹਾ ਹੈ। ਗੁਰੂ ਜੀ ਨੇ ਜਵਾਬ ਦਿੱਤਾ ਕਿ ਸੰਸਾਰ ਵਿਚ ਸੱਚ ਨਾਂ ਦੀ ਕੋਈ ਚੀਜ਼ ਨਹੀਂ ਹੈ। ਸਾਰੇ ਪਾਸੇ ਝੂਠ ਦਾ ਹੀ ਬੋਲਬਾਲਾ ਹੈ । ਉਹ ਸੱਚ ਦੀ ਪਰਾਪਤੀ ਲਈ ਹੀ ਸੰਸਾਰ ਦੇ ਦੌਰਿਆਂ ‘ਤੇ ਚਲੇ ਹਨ । ਸਾਰੀ ਪਿਰਥਵੀ ਪਾਪ ਵਿਚ ਇਸ ਤਰ੍ਹਾਂ ਜਕੜੀ ਪਈ ਹੈ ਕਿ ਇਸ ਦੇ ਹੇਠਲਾ ਧੌਲਰੂਪੀ ਸਿਧਾਂਤ ਪੁਕਾਰ ਉਠਿਆ ਹੈ । ਤੁਸੀਂ ਸਿੱਧ ਲੋਕ ਤਾਂ ਦੁਨੀਆਂ ਨੂੰ ਤਿਆਗ ਕੇ ਪਰਬਤਾਂ ਵਿਚ ਛੁਪ ਕੇ ਬੈਠ ਗਏ ਹੋ । ਜਗਤ ਦੀ ਕੌਣ ਬਾਂਹ ਪਕੜੇਗਾ? ਜੋਗੀ ਲੋਕ ਜਿਹੜੇ ਗਿਆਨ-ਰਹਿਤ ਹਨ ਉਹ ਦਿਨ-ਰਾਤ ਆਪਣੇ ਸਰੀਰਾਂ ਨਾਲ ਸਵਾਹ ਮਲਣ ਵਿਚ ਹੀ ਰੁੱਝੇ ਰਹਿੰਦੇ ਹਨ। ਬਿਨਾਂ ਗੁਰੂ ਤੋਂ ਸਾਰਾ ਜਗਤ ਡੁੱਬ ਰਿਹਾ ਹੈ।
ਇਸ ਚਰਚਾ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਦਲੀਲਾਂ ਤੋਂ ਕਾਇਲ ਹੋ ਕੇ ਸਿੱਧਾਂ ਨੇ ਸੋਚਿਆ ਕਿ ਜੇ ਕਿਤੇ ਗੁਰੂ ਨਾਨਕ ਸਿੱਧਾਂ ਦੀ ਸੰਪਰਦਾ ਵਿਚ ਹੀ ਸ਼ਾਮਲ ਹੋ ਜਾਵੇ ਤਾਂ ਉਨ੍ਹਾਂ ਦਾ ਪੰਥ ਸਾਰੇ ਜਗਤ ਵਿਚ ਮਸ਼ਹੂਰ ਹੋ ਜਾਵੇਗਾ । ਇਹ ਸੋਚ ਕੇ ਸਿੱਧਾਂ ਦੇ ਵੱਡੇ ਨਾਥ ਨੇ ਆਪਣਾ ਖੱਪਰ ਗੁਰੂ ਨਾਨਕ ਦੇਵ ਜੀ ਨੂੰ ਪਕੜਾਇਆ ਅਤੇ ਹਦਾਇਤ ਕੀਤੀ ਕਿ ਉਹ ਇਸ ਵਿਚ ਪਾਣੀ ਭਰ ਕੇ ਲੈ ਆਵੇ ਤਾਂ ਕਿ ਉਸ ਨੂੰ ਸਿੱਧ ਸੰਪਰਦਾ ਦਾ ਚੇਲਾ ਬਣਾਇਆ ਜਾ ਸਕੇ । ਇਸ ਦੇ ਜਵਾਬ ਵਿਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਉਸ ਨੂੰ ਤਾਂ ਇਸ ਪਾਣੀ ਵਿਚ ਰਤਨ ਜਵਾਹਰ ਦਿੱਸ ਰਹੇ ਹਨ। ਇਸ ਕਰਕੇ ਇਹ ਪਾਣੀ ਸਿੱਧਾਂ ਦੇ ਵਰਤਯੋਗ ਨਹੀਂ ਹੈ। ਰਤਨ ਜਵਾਹਰਾਂ ਦੀ ਗੱਲ ਸੁਣ ਕੇ ਨਾਥ ਖੁਦ ਪਾਣੀ ਲੈਣ ਗਿਆ ਤਾਂ ਉਸ ਨੇ ਦੇਖ ਕੇ ਕਿਹਾ ਕਿ ਤੁਸੀਂ ਤਾਂ ਉੱਥੇ ਰਤਨ ਜਵਾਹਰਾਂ ਦੀ ਗੱਲ ਕਰਦੇ ਹੋਂ ਪਰ ਉੱਥੇ ਤਾਂ ਪਾਣੀ ਵੀ ਬਹੁਤਾ ਨਹੀਂ ਹੈ । ਭਾਈ ਗੁਰਦਾਸ ਜੀ ਕਹਿੰਦੇ ਹਨ ਕਿ, “ਸਿੱਧ ਲੋਕ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਸਮਝਣ ਦੇ ਸਮਰਥ ਨਹੀਂ ਸਨ। ਇਸ ਤਰ੍ਹਾਂ ਗੁਰੂ ਜੀ ਨੇ ਸਾਰੀ ਸਿੱਧ ਮੰਡਲੀ ਨੂੰ ਚਰਚਾ ਵਿਚ ਜਿੱਤ ਲਿਆ ਅਤੇ ਆਪਣੇ ਵੱਲੋਂ ਧਾਰਨ ਕੀਤੇ ਗਏ ਮਾਰਗ ਨੂੰ ਹੋਰ ਨਿਖਾਰਿਆ।
ਇਕ ਹੋਰ, ਅਚੱਲ ਬਟਾਲੇ ਵਿਖੇ ਸ਼ਿਵਰਾਤਰੀ ਦੇ ਸਮੇਂ ਗੁਰੂ ਜੀ ਦੀ ਸਿੱਧਾਂ ਤੇ ਜੋਗੀਆਂ ਨਾਲ ਹੋਈ ਬਹਿਸ ਦੀ ਜਾਣਕਾਰੀ ਦਿੰਦਿਆਂ ਭਾਈ ਗੁਰਦਾਸ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਸ਼ਿਵਰਾਤਰੀ ਦੇ ਮੇਲੇ ‘ਤੇ ਅਚੱਲ ਬਟਾਲੇ ਪਹੁੰਚੇ । ਉਨ੍ਹਾਂ ਦਾ ਆਉਣਾ ਸੁਣ ਕੇ ਸਾਰੀ ਖਲਕਤ ਗੁਰੂ ਜੀ ਦੇ ਦਰਸ਼ਨ ਕਰਨ ਲਈ ਉਮੱਡ ਪਈ। ਲੋਕ ਗੁਰੂ ਜੀ ਦੇ ਦਰਸ਼ਨ ਕਰਨ ਸਮੇਂ ਸ਼ਰਧਾ ਵਜੋਂ ਚੜ੍ਹਾਵਾ ਵੀ ਚੜ੍ਹਾਉਂਦੇ ਸਨ । ਇਸ ਤਰ੍ਹਾਂ ਥੋੜੇ ਚਿਰ ਵਿਚ ਹੀ ਮਾਇਆ ਦੇ ਢੇਰ ਲੱਗ ਗਏ। ਇਹ ਵੇਖ ਕੇ ਜੋਗੀਆਂ ਦੇ ਮਨਾਂ ਵਿੱਚ ਈਰਖਾ ਜਾਗ ਉਠੀ । ਇਸੇ ਕਾਰਵਾਈ ਵਿਚ ਹੀ ਜੋਗੀਆਂ ਨੇ ਉਸ ਇਕੱਠੀ ਹੋਈ ਮਾਇਆ ਵਿਚੋਂ ਇਕ ਲੋਟਾ ਭਰ ਕੇ ਚੁੱਕ ਲਿਆ ਜਿਸ ਨੂੰ ਦੇਖ ਕੇ ਉੱਥੇ ਹਾਜਰ ਹੋਰ ਭਗਤਾਂ ਨੂੰ ਵੀ ਭਗਤੀ ਦਾ ਖਿਆਲ ਭੁੱਲ ਕੇ ਇਸੇ ਲੋਟੇ ਦੀ ਕਾਰਵਾਈ ਵਿਚ ਹੀ ਸੁਰਤ ਲੱਗ ਗਈ। ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਵੱਲੋਂ ਭਰ ਕੇ ਚੁੱਕੇ ਲੋਟੇ ਬਾਰੇ ਲੋਕਾਂ ਨੂੰ ਦੱਸਿਆ ਅਤੇ ਇਉਂ ਉਨ੍ਹਾਂ ਦੀ ਖੋਟੀ ਨੀਤ ਨੰਗੀ ਹੋ ਗਈ। ਇਸ ਗੱਲ ’ਤੇ ਗੁੱਸਾ ਖਾ ਕੇ ਜੋਗੀਆਂ ਦਾ ਗੁਰੂ ਭੰਗਰਨਾਥ ਬੜੇ ਕਰੋਧ ਵਿਚ ਆ ਕੇ ਗੁਰੂ ਜੀ ਨੂੰ ਕਹਿਣ ਲੱਗਿਆ ਕਿ ਉਸ ਨੇ ਕਿਉਂ ਇੱਥੇ ਆ ਕੇ ਉਨ੍ਹਾਂ ਬਾਰੇ ਚੁਗਲੀ ਕੀਤੀ ਹੈ? ਜਿਸ ਫਲਸਫੇ ਦੀ ਗੱਲ ਤੂੰ ਕਰਦਾ ਹੈਂ ਉਸ ਵਿਚੋਂ ਕੁਝ ਵੀ ਨਹੀਂ ਨਿਕਲਣਾ । ਉਸ ਨੇ ਉਦਾਸੀ ਦੀ ਰੀਤ ਛੱਡ ਕੇ ਜੋ ਗਰਿਹਸਤੀ ਜੀਵਨ ਦੀ ਰੀਤ ਤੋਰੀ ਹੈ ਇਹ ਬਹੁਤ ਮਾੜੀ ਗੱਲ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਸ ਵਿਚ ਤੁਹਾਡਾ ਕੋਈ ਦੋਸ਼ ਨਹੀਂ। ਦੋਸ਼ ਤਾਂ ਤੁਹਾਡੀ ਮਾਂ ਦਾ ਹੈ ਜਿਸ ਨੇ ਤੁਹਾਨੂੰ ਕੁਝ ਵੀ ਨਹੀਂ ਸਿਖਾਇਆ । ਤੁਸੀਂ ਲੋਕ, ਨਾਲੇ ਤਾਂ ਦੁਨੀਆਂ ਨੂੰ ਤਿਆਗਦੇ ਹੋ ਤੇ ਨਾਲੇ ਗਰਿਹਸਤੀਆਂ ਦੇ ਘਰਾਂ ਵਿਚ ਮੰਗਣ ਜਾਂਦੇ ਹੋ ।
ਨਾਨਕ ਆਖੇ ਭੰਗਰਨਾਥ ਤੇਰੀ ਮਾਉਂ ਕੁਚੱਜੀ ਆਈ।
ਭਾਂਡਾ ਧੋਇ ਨ ਜਾਤਿਓਨ ਭਾਇ ਕੁਚੱਜੇ ਫੁੱਲ ਸੜਾਈ।
ਹੋਇ ਅਤੀਤ ਗ੍ਰਹਿਸਤ ਤਜ ਫਿਰ ਉਨਹੂੰ ਕੇ ਘਰ ਮੰਗਣ ਜਾਈ।
“ਅਜਿਹੀਆਂ ਦੋ ਟੁੱਕ ਗੱਲਾਂ ਸੁਣ ਕੇ ਜੋਗੀਆਂ ਨੂੰ ਬੜਾ ਕਰੋਧ ਚੜ੍ਹ ਗਿਆ ਅਤੇ ਉਨ੍ਹਾਂ ਨੇ ਭਾਂਤ ਭਾਂਤ ਦੀਆਂ ਆਵਾਜ਼ਾਂ ਕੱਢ ਕੇ ਗੁਰੂ ਨਾਨਕ ਦੇਵ ਜੀ ਨੂੰ ਡਰਾਉਣਾ ਤੇ ਧਮਕਾਉਣਾ ਚਾਹਿਆ। ਇਸ ਮਕਸਦ ਲਈ ਉਹ ਕਦੇ ਬਘਿਆੜਾਂ ਵਾਂਗ ਦਹਾੜਦੇ ਸਨ; ਕਦੇ ਪੰਛੀਆਂ ਵਾਂਗ ਉੱਡ ਕੇ ਝਪਟਣ ਦੀਆਂ ਗੱਲਾਂ ਕਰਦੇ ਸਨ; ਕਦੇ ਜ਼ਹਿਰੀ ਨਾਗ ਵਾਂਗ ਡੰਗ ਮਾਰ ਕੇ ਮਾਰ ਦੇਣ ਦੀਆਂ ਗੱਲਾਂ ਕਰਦੇ ਸਨ; ਕਦੇ ਅਸਮਾਨ ਤੋਂ ਅੰਗਿਆਰਾਂ ਦੀ ਵਰਖਾ ਕਰਨ ਦੇ ਦਮਗਜੇ ਮਾਰਦੇ ਸਨ; ਕਦੇ ਭੰਗਰਨਾਥ ਅਸਮਾਨ ਵਿਚੋਂ ਤਾਰੇ ਤੋੜ ਕੇ ਲਿਆਉਣ ਦੀ ਕਰਾਮਾਤ ਦਿਖਾਉਣ ਦੀ ਗੱਲ ਕਰਦਾ ਸੀ ਅਤੇ ਕਦੇ ਮਿਰਗਾਂ ਦੀ ਤਰ੍ਹਾਂ ਜਲ ਉਪਰ ਤੈਰਨ ਦੀਆਂ ਗੱਲਾਂ ਕਰਦੇ ਸਨ । ਪਰ ਗੁਰੂ ਨਾਨਕ ਦੇਵ ਜੀ ਅਡੋਲ ਰਹੇ। ਇਸ ਅਡੋਲਤਾ ਨੂੰ ਦੇਖ ਕੇ ਸਿੱਧ ਕਹਿਣ ਲੱਗੇ ਕਿ ਉਹ ਵੀ ਉਨ੍ਹਾਂ ਨੂੰ ਕੋਈ ਕਰਾਮਾਤ ਦਿਖਾਵੇ । ਪਰ ਗੁਰੂ ਜੀ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਹੈ ਹੋਰ ਦੂਜਾ ਕੋਈ ਆਸਰਾ ਨਹੀਂ ਹੈ । ਸਿੱਧ ਇਸ ਤਰ੍ਹਾਂ ਦੇ ਕਰਾਮਾਤੀ ਦਮਗਜੇ ਮਾਰ ਕੇ ਅਖੀਰ ਨੂੰ ਛਿੱਥੇ ਪੈ ਗਏ । ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਉਪਦੇਸ਼ ਦਿੰਦੇ ਹੋਏ ਆਖਿਆ ਕਿ ਉਹ ਸਿਰਫ ਪਰਮਾਤਮਾ ਦੀ ਉਸਤਤ ਦੇ ਸ਼ਬਦ ਸੁਣਨ ਤੇ ਸੱਚ ਬੋਲਣ । ਬਿਨਾਂ ਸੱਚੇ ਨਾਮ ਦੇ ਸਿਮਰਨ ਦੇ ਹੋਰ ਕੋਈ ਕਰਾਮਾਤ ਨਹੀਂ ਹੈ। ਸਾਰੀ ਧਰਤੀ ਨੂੰ ਜੇਕਰ ਆਪਣੇ ਅਧੀਨ ਕਰਕੇ ਸਿਰਫ ਲੋਹੇ ਨੂੰ ਆਪਣੀ ਭੁੱਖ ਦੀ ਖੁਰਾਕ ਬਣਾ ਲਵਾਂ, ਜਾਂ ਅੱਗ ਦੇ ਬਸਤਰ ਪਹਿਨ ਕੇ ਬਰਫਾਂ ਭਰੇ ਪਰਬਤਾਂ ਨੂੰ ਆਪਣੀ ਰਿਹਾਇਸ਼ ਬਣਾ ਲਵਾਂ, ਜਾਂ ਸਾਰੀ ਸਰਿਸ਼ਟੀ ਉਪਰ ਆਪਣੇ ਹੁਕਮ ਦਾ ਪਰਸਾਰ ਕਰ ਲਵਾਂ ਜਾਂ ਥੋੜੇ ਜਿਹੇ ਤਾਂਬੇ ਦੇ ਮੁਕਾਬਲੇ ‘ਤੇ ਧਰਤੀ ਤੇ ਅਕਾਸ਼ ਦੋਵਾਂ ਨੂੰ ਤੋਲ ਦਿਆਂ, ਅਜਿਹੀ ਤਾਕਤ ਰੱਖਣ ਦੇ ਬਾਵਜੂਦ ਵੀ, ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਬੱਦਲ ਦੀ ਛਾਂ ਜੈਸੀ ਛੇਤੀ ਖ਼ਤਮ ਹੋਣ ਵਾਲੀ ਵਸਤੂ ਮੰਨੀ ਜਾਵੇਗੀ।”132 ਇਸ ਕਰਕੇ ਉਨ੍ਹਾਂ ਨੂੰ ਸਿਰਫ ਇਕ ਅਕਾਲ ਪੁਰਖ ਦਾ ਹੀ ਨਾਮ ਜਪਣਾ ਚਾਹੀਂਦਾ ਹੈ । ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈਆਂ ਗੋਸ਼ਟੀਆਂ ਦਾ ਇਹ ਸੰਖੇਪ ਅਤੇ ਭਾਵਪੂਰਨ ਵਰਨਣ ਹੈ। ਇਨ੍ਹਾਂ ਤੋਂ ਇਲਾਵਾ ਭਾਵੇਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਸਿੱਧਾਂ, ਨਾਥਾਂ ਅਤੇ ਜੋਗੀਆਂ ਬਾਰੇ ਹੋਰ ਵੀ ਵੇਰਵੇ ਹਨ ਪਰ ਉਨ੍ਹਾਂ ਦਾ ਭਾਵਅਰਥ ਵੀ ਇਹੋ ਹੀ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰੂ ਜੀ ਨੇ ਪੂਰੀ ਦਿਰੜਤਾ ਨਾਲ ਗੋਰਖ ਸੰਪਰਦਾ ਦੀ ਵਿਚਾਰਧਾਰਾ ਦੀ ਵਿਰੋਧਤਾ ਕੀਤੀ ਸੀ ਅਤੇ ਉਸ ਦੇ ਮੁਕਾਬਲੇ ‘ਤੇ ਆਪਣੀ ਵਿਚਾਰਧਾਰਾ ਸਥਾਪਤ ਕੀਤੀ ਸੀ । ਏ. ਸੀ. ਬੈਨਰਜੀ ਇਸ ਬਾਰੇ ਲਿਖਦਾ ਹੈ ਕਿ “ਇਨ੍ਹਾਂ ਸ਼ਬਦਾਂ ਤੋਂ ਜੋਗੀਆਂ ਦੇ ਵਿਚਾਰਾਂ ਅਤੇ ਅਮਲਾਂ ਬਾਰੇ ਅਵੱਸ਼ ਰੂਪ ਵਿਚ ਕੁਝ ਜਾਣਕਾਰੀ ਮਿਲ ਜਾਂਦੀ ਹੈ । ਗੁਰੂ ਨਾਨਕ ਨੇ ਇਨ੍ਹਾਂ ਨਾਲ ਬਹਿਸ ਕਰਨ ਨੂੰ ਮਹੱਤਤਾ ਇਸ ਕਰਕੇ ਦਿੱਤੀ ਸੀ ਕਿਉਂਕਿ ਇਨ੍ਹਾਂ ਦੀ ਗ਼ੈਬੀ ਸ਼ਕਤੀ ਦਾ ਆਮ ਲੋਕਾਂ ਉਪਰ ਕਾਫੀ ਤਕੜਾ ਪਰਭਾਵ ਸੀ । ਗੁਰੂ ਨਾਨਕ ਨੇ ਧਰਮ ਦੀ ਦੁਨੀਆਂ ਵਿਚ ਉਨ੍ਹਾਂ ਦੇ ਸਿਧਾਂਤ ਦੇ ਖੋਖਲੇਪਣ ਨੂੰ ਅਤੇ ਚਮਤਕਾਰਾਂ ਦੇ ਫਜ਼ੂਲ ਦੇ ਦਿਖਾਵੇ ਨੂੰ ਨੰਗਾ ਕਰਨਾ ਜ਼ਰੂਰੀ ਸਮਝਿਆ ਸੀ । ਕਿਸ ਹੱਦ ਤੱਕ ਇਨ੍ਹਾਂ ਸਿੱਧਾਂ ਨੂੰ ਗੁਰੂ ਜੀ ਨੇ ਜਿੱਤਿਆ ਇਹ ਤਾਂ ਸਹੀ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਨ੍ਹਾਂ ਵੱਲੋਂ ਕਰਾਮਾਤੀ ਕਾਰਵਾਈਆਂ ਦੀ ਲਗਾਤਾਰ ਕੀਤੀ ਗਈ ਵਿਰੋਧਤਾ ਨੇ ਆਮ ਲੋਕਾਂ ਦੇ ਦਿਲਾਂ ‘ਤੇ ਆਪਣਾ ਪਰਭਾਵ ਜਰੂਰ ਪਾਇਆ ਸੀ ।
