ਗੁਰੂ, ਸੰਤ ਤੇ ਸੂਫ਼ੀ ਰਹੱਸਵਾਦੀ ਕਵਿ ਧਾਰਾ | Guru Sant te Suffi Kav Dhara

ਪੰਜਾਬ ਦੇ ਗੁਰੂਆਂ, ਸੰਤਾਂ, ਸੂਫ਼ੀਆਂ ਤੇ ਰਹੱਸਵਾਦੀ ਰੁਚੀਆਂ ਰੱਖਣ ਵਾਲੇ ਹੋਰ ਪੁਰਸ਼ਾਂ ਦਾ ਪੰਜਾਬੀ ਲੋਕਾਂ ਦੇ ਜੀਵਨ ਉਤੇ, ਪੰਜਾਬ ਦੇ ਇਤਿਹਾਸ ਉਤੇ, ਪੰਜਾਬੀ ਸੰਸਕ੍ਰਿਤੀ ਦੀ ਨੁਹਾਰ ਬਣਾਉਣ ਵਿਚ ਤੇ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਉਸਾਰੀ ਵਿਚ ਜੋ ਪ੍ਰਭਾਵ ਪਿਆ ਹੈ ਉਹ ਅਤਿਅੰਤ ਡੂੰਘਾ, ਸਥਾਈ ਤੇ ਨਰੋਆ ਹੈ। ਬਾਰ੍ਹਵੀਂ ਤੇਰ੍ਹਵੀਂ ਸਦੀ ਦੇ ਬਾਬਾ ਫਰੀਦ ਤੋਂ ਲੈ ਕੇ ਵਰਤਮਾਨ ਕਾਲ ਦੇ ਪ੍ਰੋਫੈਸਰ ਪੂਰਨ ਸਿੰਘ ਤੱਕ ਪੰਜਾਬ ਦੀ ਧਰਤੀ, ਇਸ ਦੇ ਲੋਕਾਂ ਤੇ ਇਥੋਂ ਦੇ ਸਭਿਆਚਾਰ ਨੂੰ ਪ੍ਰੇਮ ਕਰਨ ਵਾਲੀਆਂ ਮਹਾਨ ਵਿਅਕਤੀਆਂ ਦੀ ਇਕ ਲੜੀ ਚਲਦੀ ਆਈ ਹੈ ਜਿਨ੍ਹਾਂ ਨੇ ਪੰਜਾਬੀ ਜੀਵਨ ਨੂੰ ਭਰਪੂਰ, ਅਮੀਰ ਤੇ ਵਿਸ਼ਾਲ ਬਣਾਉਣ ਲਈ ਬਹੁਪੱਖੀ ਯਤਨ ਕੀਤੇ। ਇਨ੍ਹਾਂ ਵਿਅਕਤੀਆਂ ਦੀ ਜੋ ਦੇਣ ਪੰਜਾਬ ਨੂੰ ਪ੍ਰਾਪਤ ਹੋਈ ਜਾਂ ਇਨ੍ਹਾਂ ਦੇ ਪ੍ਰਭਾਵ ਨੇ ਪੰਜਾਬੀ ਜੀਵਨ ਨੂੰ ਜਿਸ ਤਰ੍ਹਾਂ ਦੀ ਰੂਪ-ਰੇਖਾ ਦਿੱਤੀ ਉਸ ਨੂੰ ਅੱਖੋਂ ਉਹਲੇ ਕਰਕੇ ਪੰਜਾਬੀ ਸਭਿਆਚਾਰ ਦੀ ਮੁਕੰਮਲ ਤਸਵੀਰ ਬਣਾਉਣੀ ਸੰਭਵ ਨਹੀਂ । ਬਾਬਾ ਫਰੀਦ, ਗੁਰੂ ਨਾਨਕ, ਗੁਰੂ ਅਰਜਨ, ਭਾਈ ਗੁਰਦਾਸ, ਸ਼ਾਹ ਹੁਸੈਨ, ਗੁਰੂ ਗੋਬਿੰਦ ਸਿੰਘ, ਬੁਲ੍ਹੇ ਸ਼ਾਹ, ਆਦਿ ਰਹੱਸਵਾਦੀ ਵਿਅਕਤੀਆਂ ਦੇ ਜੀਵਨਾਂ, ਕਿਰਤਾਂ ਤੇ ਕਰਤੱਵਾਂ ਨੂੰ ਵਿਚਾਰ-ਗੋਚਰੇ ਕੀਤੇ ਬਗ਼ੈਰ ਨਾ ਸਿਰਫ ਪੰਜਾਬੀ ਸਾਹਿਤ ਦਾ ਇਤਿਹਾਸ ਵਾਚਣਾ ਹੀ ਕਠਿਨ ਹੈ ਬਲਕਿ ਪੰਜਾਬ ਦੇ ਸਮਾਜਕ ਤੇ ਕਿਸੇ ਹੱਦ ਤਕ ਰਾਜਸੀ ਇਤਿਹਾਸ ਦਾ ਅਧਿਐਨ ਵੀ ਬਹੁਤ ਅਧੂਰਾ ਰਹਿ ਜਾਂਦਾ ਹੈ। ਪੰਜਾਬ ਦੀ ਹੋਣੀ ਨੂੰ ਫੈਸਲਾਕੁੰਨ ਤਰਕੀਬ ਦੇਣ ਵਾਲੀਆਂ ਇਨ੍ਹਾਂ ਪ੍ਰਭਾਵਸ਼ੀਲ ਸ਼ਖ਼ਸੀਅਤਾਂ ਨੇ ਆਪਣੇ ਸਮਕਾਲੀ ਲੋਕਾਂ ਦੀਆਂ ਮਨੋਬਿਰਤੀਆਂ, ਸੋਚਾਂ, ਸੁਭਾਵਾਂ ਤੇ ਆਚਰਣਾਂ ਨੂੰ ਹੀ ਨਵੀਂ ਸੇਧ ਨਹੀਂ ਦਿੱਤੀ ਬਲਕਿ ਇਨ੍ਹਾਂ ਦਾ ਅਸਰ ਇਨ੍ਹਾਂ ਦੇ ਸਮੇਂ ਤੋਂ ਬਹੁਤ ਬਾਅਦ ਹੀ ਜਾਰੀ ਰਿਹਾ, ਇਹ ਹੁਣ ਤਕ ਕੰਮ ਕਰ ਰਿਹਾ ਹੈ ਤੇ ਪੰਜਾਬ ਦੇ ਸਮਾਜਕ, ਸਾਹਿਤਕ ਤੇ ਸੰਸਕ੍ਰਿਤਕ ਵਿਕਾਸ ਨੂੰ ਆਉਣ ਵਾਲੇ ਸਮੇਂ ਵਿਚ ਵੀ ਕਈ ਪੱਖਾਂ ਵਿਚ ਕੀਮਤੀ ਅਗਵਾਈ ਦਿੰਦਾ ਰਹੇਗਾ। ‘ਪੰਜਾਬ ਜੀਂਦਾ ਗੁਰੂ ਦੇ ਨਾਂ ਤੇ’ ਕਹਿਣ ਵਾਲੇ ਸਿਆਣੇ ਪੰਜਾਬੀਆ ਨੇ ਇਕ ਜੀਊਂਦੀ ਸਚਾਈ ਵਰਣਨ ਕੀਤੀ ਹੈ। ਪੰਜਾਬ ਦੀ ਆਤਮਾ ਉਤੇ ਹੋਰ ਪ੍ਰਭਾਵ ਵੀ ਪੈਂਦੇ ਰਹੇ ਹਨ ਤੇ ਪੈ ਰਹੇ ਹਨ ਪਰ ਗੁਰੂਆਂ, ਸੰਤਾ ਤੇ ਸੂਫ਼ੀਆਂ ਦਾ ਪ੍ਰਭਾਵ ਹਾਲੇ ਤਕ ਸਭ ਤੋਂ ਵਧ ਗੌਰਵ ਵਾਲਾ ਸਾਬਤ ਹੋਇਆ ਹੈ ਤੇ ਨਿਕਟ ਭਵਿਖਤ ਵਿਚ ਇਸਦੇ ਜੀਉਂਦੇ ਨਾ ਰਹਿਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ, ਬਲਕਿ ਇਸ ਪ੍ਰਭਾਵ ਨੂੰ ਪੰਜਾਬ ਦੀ ਭਵਿਖਤ ਉਸਾਰੀ ਲਈ ਇਕ ਸਾਰਥਕ ਸਾਧਨ ਬਣਾ ਕੇ ਵਰਤਣ ਦੀ ਬਹੁਤ ਗੁੰਜਾਇਸ਼ ਭਾਸਦੀ ਹੈ।

ਪੰਜਾਬੀ ਜੀਵਨ ਵਿਚ ਕਾਫੀ ਕੁਝ ਅਜਿਹਾ ਵੀ ਹੈ ਜੋ ਗੁਰੂਆਂ, ਸੰਤਾਂ ਤੇ ਸੂਫ਼ੀਆਂ ਦੀ ਦੇਣ ਨਹੀਂ । ਪੰਜਾਬੀ ਆਚਰਣ ਬਾਬਤ ਪੰਜਾਬੋਂ ਬਾਹਰ ਦੇ ਲੋਕਾਂ ਦੀ ਆਲੋਚਨਾ ਕਈ ਵਾਰੀ ਬੜੀ ਕਠੋਰ ਹੁੰਦੀ ਹੈ। ਉਸ ਨੂੰ ਸਤਈ ਤੇ ਇਕ-ਪੱਖੀ ਮੰਨਦੇ ਹੋਏ ਵੀ ਉਸ ਵਿਚਲੀ ਕੁਝ ਸਚਾਈ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਜਾਬੀ ਲੋਕਾਂ ਦੇ ਆਪਣੇ ਵਿਸ਼ੇਸ਼ ਗੁਣ ਹਨ ਤੇ ਕੁਝ ਆਪਣੇ ਔਗੁਣ ਵੀ। ਜਦੋਂ ਅਸੀਂ ਪੰਜਾਬੀ ਲੋਕਾਂ ਉਤੇ ਗੁਰੂਆਂ, ਸੂਫੀਆਂ ਆਦਿ ਦੇ ਪ੍ਰਭਾਵ ਦਾ ਵਿਚਾਰ ਕਰਦੇ ਹਾਂ ਤਾਂ ਜਿਥੇ ਉਨ੍ਹਾਂ ਦੇ ਪੈਦਾ ਕੀਤੇ ਗੁਣਾਂ ਨੂੰ ਧਿਆਨ ਵਿਚ ਰੱਖਦੇ ਹਾਂ, ਉਥੇ ਪੰਜਾਬੀ ਸੁਭਾਅ ਦੇ ਕੁਝ ਅਜਿਹੇ ਪੱਖਾਂ ਨੂੰ ਵੀ ਅੱਖੋਂ ਉਹਲੇ ਨਹੀਂ ਕਰ ਸਕਦੇ ਜੋ ਪੁਰਾਣੇ ਸਮੇਂ ਤੋਂ ਪੰਜਾਬੀ ਫ਼ਿਤਰਤ ਦਾ ਅੰਗ ਚਲੇ ਆਉਂਦੇ ਸਨ ਤੇ ਹੁਣ ਤਕ ਉਸ ਵਿਚ ਮੌਜੂਦ ਹਨ। ਪੰਜਾਬ ਦੀ ਭੂਗੋਲਕ ਸਥਿਤੀ, ਨਸਲੀ ਪਿਛੋਕੜ, ਖਾਧ ਖੁਰਾਕ, ਪੌਣ ਪਾਣੀ ਤੇ ਹੋਰਨਾਂ ਲੋਕਾਂ ਨਾਲ ਮੇਲ-ਜੋਲ ਨੇ ਇਥੋਂ ਦੀ ਵਸੋਂ ਨੂੰ ਜਿਸ ਸੰਚੇ ਵਿਚ ਢਾਲਿਆ ਸੀ, ਉਸ ਦੇ ਗੁਣਾਂ ਨੂੰ ਤੀਬਰ ਕਰਨ ਤੇ ਔਗੁਣਾਂ ਨੂੰ ਮੱਧਮ ਪਾਉਣ ਦਾ ਯਤਨ ਗੁਰੂਆਂ ਤੇ ਸੂਫੀਆਂ ਨੇ ਬੜੀ ਸੂਝ ਨਾਲ ਕੀਤਾ। ਆਪਣੇ ਸਮੇਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਉਨ੍ਹਾਂ ਨੇ ਲੋਕਾਂ ਦੇ ਆਚਰਣ ਦੇ ਖ਼ਾਸ ਖ਼ਾਸ ਅੰਗਾਂ ਨੂੰ ਉਭਾਰਿਆ ਤੇ ਉਨ੍ਹਾਂ ਤੋਂ ਇਤਿਹਾਸਕ ਰੌ ਨੂੰ ਨਵੀਆਂ ਸੇਧਾਂ ਦੇਣ ਦਾ ਪ੍ਰਯੋਜਨ ਸਿੱਧ ਕੀਤਾ। ਅਜਿਹੇ ਪ੍ਰਯੋਜਨ ਸਿੱਧ ਹੋ ਜਾਣ ਬਾਅਦ ਜਦ ਉਹ ਆਦਰਸ਼ਕ ਹੁਲਾਰਾ ਜਿਸ ਹੇਠ ਆਚਰਣ ਵਿਚ ਉਭਾਰ ਆਉਂਦਾ ਰਿਹਾ, ਮੱਠਾ ਪੈਂਦਾ ਸੀ ਤਾਂ ਆਚਰਣ ਦੇ ਉਭਰੇ ਹੋਏ ਅੰਗ ਦੁਬਾਰਾ ਸਾਧਾਰਣ ਸਤਹਿ ਤੇ ਆਉਣ ਦੀ ਰੁਚੀ ਰੱਖਦੇ ਸਨ। ਫਿਰ ਵੀ ਕੁਝ ਸਥਾਈ ਅਸਰ ਉਨ੍ਹਾਂ ਉਭਾਰਾਂ ਦਾ ਬਾਕੀ ਰਹਿ ਜਾਂਦਾ ਰਿਹਾ ਹੈ ਤੇ ਹੁਣ ਤਕ ਅਜਿਹੇ ਅਸਰਾਂ ਦੇ ਕਈ ਰੰਗ ਪੰਜਾਬੀ ਸਭਿਆਚਾਰ ਦੇ ਚਿੱਤਰ ਵਿਚ ਕਾਫ਼ੀ ਚਮਕ-ਦਮਕ ਨਾਲ ਦਿੱਸ ਰਹੇ ਹਨ। ਪ੍ਰਮਾਣ ਵਜੋਂ ਗੁਰੂਆਂ ਤੇ ਸੂਫ਼ੀਆਂ ਨੇ ਲਗਾਤਾਰ ਪ੍ਰੇਰਣਾ ਦਿੱਤੀ ਕਿ ਪੰਜਾਬ ਵਿਚ ਵਸਣ ਵਾਲੇ ਵਖੋ ਵੱਖ ਮਜ਼੍ਹਬਾਂ ਦੇ ਪੈਰੋਕਾਰ ਆਪਣੇ ਅਸਲ ਹਿਤਾਂ ਦੀ ਸਾਂਝ ਨੂੰ ਮੁੱਖ ਰੱਖਦੇ ਹੋਏ ਪਰਸਪਰ ਵੈਰ-ਵਿਰੋਧਾਂ ਤੋਂ ਉਤਾਂਹ ਉਠਣ ਤੇ ਰਲ-ਮਿਲ ਕੇ ਅਮਨ ਨਾਲ ਜੀਉਣ। ਮਨੁਖੀ ਜੀਵਨ ਦੇ ਵੱਧ ਤੋਂ ਵੱਧ ਖੇਤਰਾਂ ਵਿਚ ਅਮਨ ਦੀ ਅੰਸ਼ ਦਾ ਪ੍ਰਵੇਸ਼ ਕਰਾਉਣਾ ਅਤੇ ਹਿੰਸਾ, ਨਫ਼ਰਤ, ਅਭਿਮਾਨ ਆਦਿਕ ਬਿਰਤੀਆਂ ਨੂੰ ਮਨੁੱਖੀ ਰਿਸ਼ਤਿਆਂ ਵਿੱਚੋਂ ਘਟਾਉਂਦੇ ਜਾਣਾ ਹਰ ਉੱਤਮ ਰਹੱਸਵਾਦੀ ਦਾ ਯਤਨ ਹੁੰਦਾ ਹੈ। ਇਹ ਪ੍ਰਤੱਖ ਹੈ। ਕਿ ਅਮਨ ਅਤੇ ਸਹਿਨਸ਼ੀਲਤਾ ਦੇ ਗੁਣ ਨੂੰ ਪੰਜਾਬੀ ਲੋਕਾਂ ਨੇ ਹਾਲੇ ਤਕ ਆਪਣੇ ਆਚਰਣ ਦਾ ਸਥਾਈ ਭਾਗ ਨਹੀਂ ਬਣਾਇਆ, ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਗੁਰੂਆਂ ਤੇ ਸੂਫੀਆਂ ਦੇ ਇਸ ਸਬੰਧ ਵਿਚ ਕੀਤੇ ਯਤਨਾਂ ਦੀ ਸਾਰਥਕਤਾ ਮੁੱਕ ਚੁਕੀ ਹੈ । ਪੰਜਾਬੀ ਆਚਰਣ ਦੇ ਖ਼ਮੀਰ ਵਿਚ ਅਮਨ ਤੇ ਰਵਾਦਾਰੀ ਦਾ ਜੋ ਅੰਸ਼ ਇਥੋਂ ਦੇ ਰਹੱਸਵਾਦੀਆਂ ਨੇ ਬੜੀ ਮਿਹਨਤ ਤੇ ਸੂਝ ਨਾਲ ਰਲਾਇਆ ਸੀ ਉਸ ਦਾ ਫਲ ਕਈ ਰੂਪਾਂ ਵਿਚ ਹਾਲੇ ਵੀ ਪ੍ਰਗਟ ਹੁੰਦਾ ਰਹਿੰਦਾ ਹੈ । ਪੰਜਾਬੀ ਜੀਵਨ ਦੀਆਂ ਅੰਦਰਲੀਆਂ ਤੈਹਾਂ ਵਿਚ ਅਮਨ ਦੀ ਇਕ ਡੂੰਘੀ ਧੂਹ ਪਿਛਲੀਆਂ ਕਈ ਸਦੀਆਂ ਤੋਂ ਤੁਰੀ ਆਉਂਦੀ ਹੈ, ਜਿਸ ਤੋਂ ਮੂੰਹ ਫੇਰਨ ਵਾਲੇ ਲੋਕ ਜਦ ਅਮਨ ਤੇ ਰਵਾਦਾਰੀ ਦੇ ਆਦਰਸ਼ਾਂ ਨੂੰ ਵਿਸਾਰ ਕੇ ਨਵਰਤ, ਕਠੋਰਤਾ ਤੇ ਤਸ਼ੱਦਦ ਦੇ ਰਾਹ ਉਤੇ ਚਲਦੇ ਹਨ ਤਾਂ ਕੁਝ ਦੇਰ ਬਾਅਦ ਆਪ ਹੀ ਆਪਣੇ ਕੁਕਰਮਾਂ ਉਤੇ ਸ਼ਰਮ ਜਿਹੀ ਮਹਿਸੂਸ ਕਰਦੇ ਜਾਪਦੇ ਹਨ ਤੇ ਫਿਰ ਮੇਲ ਮਿਲਾਪ, ਮਿਤੱਰਤਾ ਤੇ ਨਰੋਏ ਮਨੁੱਖੀ ਵਤੀਰੇ ਲਈ ਸਹਿਕਣ ਲਗ ਪੈਂਦੇ ਹਨ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਪੰਜ ਦਰਿਆਵਾਂ ਦੇ ਦੇਸ ਦੀ ਸਮੁੱਚੀ ਵਸੋਂ ਦਾ ਕੁਝ ਭਾਗ ਸਦੀਆਂ ਦੇ ਤਅੱਸਬਾਂ ਨੂੰ ਦਿਲ ਅੰਦਰ ਘੁੱਟ ਕੇ ਪੱਕੀ ਤਰ੍ਹਾਂ ਫੜੀ ਰੱਖਦਾ ਹੈ ਤੇ ਕਦੇ ਕਦੇ ਆਮ ਲੁਕਾਈ ਨੂੰ ਵੀ ਆਪਣੇ ਤਅੱਸਬਾਂ ਦੀ ਵਲਗਣ ਵਿਚ ਲਪੇਟ ਕੇ ਪੰਜਾਬ ਦੇ ਅਮਨ ਨੂੰ ਚਕਨਾਚੂਰ ਕਰ ਦੇਂਦਾ ਹੈ ਪਰ ਅਜਿਹੇ ਅਨਸਰ ਦਾ ਮੁਕਾਬਲਾ ਕਰਨ ਵਾਲਾ ਉੱਤਮ ਅਨਸਰ ਵੀ ਪੰਜਾਬ ਦੀ ਵਸੋਂ ਵਿਚ ਸਦਾ ਉਭਰਦਾ ਤੇ ਆਮ ਲੁਕਾਈ ਨੂੰ ਅਮਨ ਅਤੇ ਸ਼ਾਂਤੀ ਦੇ ਆਦਰਸ਼ਾਂ ਦੀ ਚੇਤਾਵਨੀ ਕਰਾਉਂਦਾ ਰਹਿੰਦਾ ਹੈ । ਅਜਿਹਾ ਮਨੁੱਖਵਾਦੀ ਅਨਸਰ ਪੰਜਾਬੀ ਜਨਤਾ ਦੀ ਅਮਨ ਦੀ ਰੀਝ ਵਿਚ ਡੂੰਘਾ ਵਿਸ਼ਵਾਸ ਰੱਖਦਾ ਰਿਹਾ ਹੈ ਤੇ ਅਮਨ-ਸਥਾਪਤੀ ਦੇ ਯਤਨਾਂ ਵਿਚ ਪੰਜਾਬ ਗੁਰੂਆਂ ਤੇ ਸੂਫ਼ੀਆਂ ਦੇ ਨਾਵਾਂ ਨੂੰ ਸਦਾ ਵਰਤਦਾ ਰਿਹਾ ਹੈ ਤੇ ਹੁਣ ਤਕ ਵਰਤ ਰਿਹਾ ਹੈ। ਦਰਅਸਲ ਦੁਨੀਆ ਭਰ ਦੇ ਉੱਤਮ ਰਹੱਸਵਾਦੀਆਂ ਦੇ ਨਾਵਾਂ ਨਾਲ ਅਮਨ ਦੇ ਭਾਵ ਅਜਿਹੀ ਡੂੰਘੀ ਤਰ੍ਹਾਂ ਸਬੰਧਤ ਹੋ ਚੁਕੇ ਹਨ ਕਿ ਅਮਨ ਦੀ ਲੋੜ ਨੂੰ ਸੱਚੇ ਦਿਲੋਂ ਮਹਿਸੂਸ ਕਰਨ ਵਾਲੇ ਹਰੇਕ ਮਨੁੱਖ- ਦਰਦੀ ਨੂੰ ਉਨ੍ਹਾਂ ਦੀ ਯਾਦ ਅਵੱਸ਼ ਆਉਂਦੀ ਹੈ। ਪੰਜਾਬੀ ਰਹੱਸਵਾਦੀਆਂ ਦੇ ਜੀਵਨਾਂ ਤੇ ਲਿਖਤਾਂ ਵਿੱਚੋਂ ਲੋਕ-ਹਿਤੈਸ਼ੀ ਨੇਤਾਵਾਂ ਨੂੰ ਬੇਅੰਤ ਐਸਾ ਮਸਾਲਾ ਮਿਲ ਜਾਂਦਾ ਹੈ, ਜਿਸ ਦੀ ਅਪੀਲ ਪੰਜਾਬੀ ਜਨਤਾ ਦੇ ਮਨਾਂ ਲਈ, ਅਮਨ ਸਥਾਪਤੀ ਦੇ ਯਤਨਾਂ ਵੇਲੇ, ਕਾਰਗਰ ਸਾਬਤ ਹੋ ਸਕਦੀ ਹੈ। ਗੁਰੂ ਤੇ ਸੂਫ਼ੀ ਆਪਣੇ ਸਮੇਂ ਦੇ ਕੱਟੜਪੰਥੀ ਲੋਕਾਂ ਦਾ, ਜਿਨ੍ਹਾਂ ਦਾ ਕਰਤੱਵ ਜਨਤਾ ਵਿਚ ਖਿੱਚੋਤਾਣ ਵਧਾ ਕੇ ਅਮਨ ਨੂੰ ਡੁਲਾਉਣਾ ਹੁੰਦਾ ਸੀ, ਅਜੇਹੇ ਜ਼ੋਰ ਤੇ ਦਲੇਰੀ ਨਾਲ ਖੰਡਨ ਕਰਦੇ ਰਹੇ ਹਨ ਕਿ ਅੱਜ ਦੇ ਕੱਟੜਪੰਥੀਆਂ ਦੀ ਨਿਖੇਧੀ ਕਰਨ ਵਾਸਤੇ ਉਨ੍ਹਾਂ ਨੂੰ ਗੁਰੂਆਂ ਤੇ ਸੂਫ਼ੀਆਂ ਦੀ ਕਸੌਟੀ ਤੇ ਪਰਖਣਾ ਉਨ੍ਹਾਂ ਦਾ ਵਕਾਰ ਘਟਾਉਣ ਵਿਚ ਨਿਹਾਇਤ ਮੁਫ਼ੀਦ ਸਾਬਤ ਹੋ ਸਕਦਾ ਹੈ । ਵਰਤਮਾਨ ਪੰਜਾਬੀ ਜੀਵਨ ਵਿਚ ਜੇ ਗੁਰੂਆਂ ਤੇ ਸੂਫੀਆਂ ਦੇ ਪ੍ਰਭਾਵ ਤੋਂ ਕੋਰਾ ਕੋਈ ਭਾਗ ਮੌਜੂਦ ਹੈ ਤਾਂ ਉਨ੍ਹਾਂ ਦੇ ਆਦਰਸ਼ਾਂ ਤੇ ਯਤਨਾਂ ਤੋਂ ਪ੍ਰੇਰਨਾ ਲੈਣ ਵਾਲਾ ਭਾਗ ਵੀ ਜ਼ਿੰਦਾ ਤੇ ਚੇਤੰਨ ਹੈ ਤੇ ਇਸ ਆਸ਼ਾ ਨਾਲ ਭਰਪੂਰ ਹੈ ਕਿ ਪੰਜਾਬੀ ਮਹਾਂਪੁਰਖਾਂ ਦੀ ਧਰਤੀ ਵਿਚ ਉਨ੍ਹਾਂ ਦੇ ਯਤਨਾਂ ਨੂੰ ਕਦੇ ਨ ਕਦੇ ਜ਼ਰੂਰ ਫਲ ਲਗਣਗੇ
ਤੇ ਪੰਜਾਬ ਸੰਪੂਰਨ ਅਮਨ, ਮਨੁੱਖੀ ਵਤੀਰੇ ਤੇ ਲਗਾਤਾਰ ਉੱਨਤੀ ਦੇ ਮਾਰਗ ਉਤੇ ਚਲੇਗਾ। ਪੰਜਾਬ ਦੇ ਗੁਰੂਆਂ ਤੇ ਸੂਫ਼ੀਆਂ ਦਾ ਪੰਜਾਬੀ ਜੀਵਨ ਉਤੇ ਪਿਆ ਅਸਰ ਸਭ ਪੱਖਾਂ ਵਿਚ ਇਕੋ ਜਿਹਾ ਨਹੀਂ ਸੀ ਕਿਉਂਕਿ ਉਨ੍ਹਾਂ ਦੇ ਕੰਮ ਕਰਨ ਦੇ ਖੇਤਰ ਕੁਝ ਵੱਖੋ ਵੱਖਰੇ ਸਨ ਪਰ ਉਨ੍ਹਾਂ ਸਾਰਿਆਂ ਦੀਆਂ ਸ਼ਖ਼ਸੀਅਤਾਂ ਟਿਕਾਅ, ਸੰਤੁਸ਼ਟਤਾ ਤੇ ਚੈਨ ਨਾਲ ਝਲ ਝਲ੍ਹ ਪੈਂਦੀਆਂ ਸਨ – ਇਸ ਅਸਲੀਅਤ ਤੋਂ ਕੋਈ ਘੱਟ ਹੀ ਇਨਆਰ ਕਸਰਤਾ ਉਨ੍ਹਾਂ ਦੇ ਮਨਾਂ ਅੰਦਰ ਦੁਬਿਧਾ, ਦੁਚਿਤੀ ਤੇ ਉੜਾਰਨ ਇਕ ਬਹੁਤ ਘੱਟ ਵਾਪਰਦੇ ਹੋਣਗੇ, ਵਿਰ ਅਨੁਮਾਨ ਬਣਾਉਣਾ ਵੀ ਬੇਵਜਾ ਨਹੀਂ। ਰਹੱਸਵਾਦੀ ਜੀਵਨ ਇਕ ਮੁਸ਼ੱਕਤ ਜਾਂ ਘਾਲ ਵੀ ਹੁੰਦੀ ਹੈ ਪਰ ਇਸ ਘਾਲ ਦਾ ਅੰਤ ਅਡੋਲ, ਨਿਸ਼ਚਿਤ ਤੇ ਇਕ-ਰਸ ਅਵਸਥਾ ਦੀ ਪ੍ਰਾਪਤੀ ਹੈ। ਬਾਹਰਮੁਖੀ ਜੀਵਨ ਵਿਚ ਕੋਈ ਗੁਰੂ ਅਰਜਨ ਵਰਗਾ ਰਹੱਸਵਾਦੀ ਸ਼ਾਂਤੀ ਦਾ ਪੁੰਜ ਹੋ ਸਕਦਾ ਹੈ ਤੇ ਕੋਈ ਗੁਰੂ ਗੋਬਿੰਦ ਸਿੰਘ ਵਰਗਾ ਸੰਤ-ਸਿਪਾਹੀ ਗੁਣਾਂ ਦਾ ਧਾਰਨੀ ਵੀ ਪਰ ਅੰਤਰਮੁਖੀ ‘ ਜੀਵਨ ਸਭ ਉਚੇ ਦਰਜੇ ਦੇ ਰਹੱਸਵਾਦੀਆਂ, ਸੰਤਾਂ ਜਾਂ ਸੂਫੀਆਂ ਦਾ ਇਕਾਰਗਤਾ, ਸੁੱਖ ਤੇ ਅਨੰਦ ਨਾਲ ਭਰਿਆ ਹੁੰਦਾ ਹੈ ਤੇ ਉਨ੍ਹਾਂ ਦੇ ਚਿਹਰਿਆਂ ਤੋਂ ਡੂੰਘੇ ਅੰਤ੍ਰੀਵ ਅਮਨ ਦਾ ਪ੍ਰਭਾਵ ਟਪਕਦਾ ਰਹਿੰਦਾ ਹੈ । ਦੁਨੀਆ ਭਰ ਦੇ ਸੱਚੇ ਰਹਸਵਾਦੀ, ਮਨੁੱਖੀ ਸ਼ਖਸੀਅਤ ਦੇ ਅਤਿ ਉੱਤਮ ਨਮੂਨੇ ਸਨ ਤੇ ਹਰ ਵਧੀਆ ਸਮਾਜ ਉਨ੍ਹਾਂ ਜਿਹੇ ਸੰਤੁਸ਼ਟ, ਸ਼ੁਧ ਤੇ ਸੁਹਿਰਦ ਪੁਰਸ਼ ਪੈਦਾ ਕਰਨ ਦੀ ਅਰਾਧਨਾ ਕਰਦਾ ਹੈ। ਇਕ ਤਰ੍ਹਾਂ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਸੰਸਾਰ ਵਿਚ ਅਮਨ ਸਥਾਪਤ ਕਰਨ ਦਾ ਮੰਤਵ ਵੀ ਐਸੇ ਹਾਲਾਤ ਪੈਦਾ ਕਰਨਾ ਹੈ ਜਿਨ੍ਹਾਂ ਵਿਚ ਮਨੁੱਖਤਾ ਦੇ ਅਜੇਹੇ ਵਧੀਆ ਨਮੂਨੇ ਟਾਵੇਂ ਟਾਵੇਂ ਹੋਣ ਦੀ ਬਜਾਏ ਵਡੀ ਗਿਣਤੀ ਵਿਚ ਪੈਦਾ ਹੋਣ । ਸੰਸਾਰ ਵਿਚ ਸਦੀਵੀ ਅਮਨ ਦਾ ਸੁਪਨਾ ਲੈਣ ਵਾਲੇ ਹਰੇਕ ਮਨੁੱਖ ਲਈ ਦੁਨੀਆ ਦੇ ਰਹੱਸਵਾਦੀ ਐਸੇ ਚਾਨਣ-ਮੁਨਾਰੇ ਹਨ ਜਿਨ੍ਹਾਂ ਨੂੰ ਵੇਖ ਕੇ ਅਮਨ ਦੀ ਮੁਹਿੰਮ ਆਪਣੀ ਮੰਜ਼ਲ ਨੂੰ ਪੂਰਾ ਕਰਨ ਲਈ ਬੇਅੰਤ ਉਤਸਾਹ ਤੇ ਸੇਧ ਪ੍ਰਾਪਤ ਕਰ ਸਕਦੀ ਹੈ । ਹੋਰ ਦੇਸਾਂ ਦੇ ਰਹੱਸਵਾਦੀ ਮਹਾਂਪੁਰਖਾਂ ਦੀ ਤਰ੍ਹਾਂ ਪੰਜਾਬ ਦੇ ਗੁਰੂ ਤੇ ਸੂਫ਼ੀ ਵੀ ਆਪਣੀਆਂ ਅਦੁਤੀ ਸ਼ਖਸੀਅਤਾਂ ਰਾਹੀਂ ਹੀ, ਅਮਨ ਦੀ ਅੰਤਮ ਮੰਜ਼ਲ ਦਾ ਤਸੱਵਰ ਅਮਨ-ਸੰਗਰਾਮੀਆਂ ਦੀਆਂ ਅੱਖਾਂ ਵਿਚ ਲਟਕਾ ਸਕਦੇ ਤੇ ਉਨ੍ਹਾਂ ਦੇ ਕਦਮਾਂ ਵਿਚ ਤੇਜ਼ੀ ਲਿਆ ਸਕਦੇ ਹਨ। ਅੰਦਰੂਨੀ ਅਮਨ ਦੀ ਪ੍ਰਾਪਤੀ ਮਨੁੱਖੀ ਕਿਰਿਆ ਦੀ ਸਿਖਰ ਹੈ, ਜਿਸ ਨੂੰ ਰਹੱਸਵਾਦੀ ਮਨੁੱਖ ਹਰ ਸਮੇਂ ਤੇ ਦੇਸ ਵਿਚ ਛੁੰਹਦੇ ਰਹੇ ਹਨ ਤੇ ਮਨੁੱਖਤਾ ਨੂੰ ਪੂਰਨਤਾ ਦੀ ਪ੍ਰਾਪਤੀ ਦਾ ਇਕਰਾਰ ਦੁਆਉਂਦੇ ਰਹੇ ਹਨ। ਪੰਜਾਬ ਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਧਰਤੀ ਉਤੇ ਮਨੁੱਖੀ ਵਿਕਾਸ ਦੀਆਂ ਉਚੀਆਂ ਸਿਖਰਾਂ ਛੂਹਣ ਵਾਲੇ ਮਨੁੱਖ ਇੱਡੀ ਵੱਡੀ ਗਿਣਤੀ ਵਿਚ ਵਿਚਰਦੇ ਰਹੇ ਹਨ ਤੇ ਪੰਜਾਬੀਆਂ ਨੂੰ ਆਪਣੀ ਹੋਣੀ ਅਤਿਅੰਤ ਉੱਚੀ ਮਹਿਸੂਸ ਕਰਨ ਦੀ ਪ੍ਰੇਰਨਾ ਦੇਣ ਦਾ ਸਦੀਵੀ ਸੋਮਾਂ ਬਣੇ ਹੋਏ ਹਨ।
ਗੁਰੂਆਂ ਤੇ ਸੂਫ਼ੀਆਂ ਦਾ ਪ੍ਰਭਾਵ, ਆਪਣੇ ਸਮੇਂ ਉਤੇ ਦੋ ਢੰਗਾਂ ਨਾਲ ਪਿਆ – ਕਰਨੀ ਰਾਹੀਂ ਤੇ ਸਾਹਿਤ ਰਾਹੀਂ। ਉਨ੍ਹਾਂ ਦੀ ਕਰਨੀ ਜ਼ਾਤੀ ਪੱਖ ਵਿਚ ਜਾਂ ਸਮਾਜਕ ਪੱਖ ਵਿਚ ਅਤਿਅੰਤ ਉਚ ਦਰਜੇ ਦੀ ਸੀ । ਜੋ ਕੋਈ ਉਨ੍ਹਾਂ ਦੇ ਨੇੜੇ ਆਉਂਦਾ ਸੀ, ਉਨ੍ਹਾਂ ਵਿਚ ਆਮ ਮਨੁੱਖਾਂ ਨਾਲੋਂ ਕੁਝ ਵਿਲੱਖਣਤਾ ਮਹਿਸੂਸ ਕਰਦਾ ਸੀ। ਉਨ੍ਹਾਂ ਦੇ ਸਾਹਿਤ ਤੋਂ ਵੀ ਉਨ੍ਹਾਂ ਦੀਆਂ ਸ਼ਖ਼ਸੀਅਤਾਂ ਬਾਬਤ ਜੋ ਪ੍ਰਭਾਵ ਪੈਂਦਾ ਹੈ, ਉਹ ਸਾਧਾਰਨ ਤੋਂ ਵਧੀਕ ਡੂੰਘੇ ਮਨਾਂ ਦਾ ਹੀ ਹੈ। ਉਨ੍ਹਾਂ ਦੇ ਪ੍ਰਭਾਵ ਵਿਚ ਜੋ ਸੰਤੁਸ਼ਟਤਾ ਤੇ ਡੂੰਘੇ ਸੁੱਖ ਦੀ ਅੰਸ਼ ਸੀ ਉਹ ਕਿਉਂਕਿ ਉਨ੍ਹਾਂ ਦੇ ਅੰਦਰਲੇ ਅਮਨ ਤੇ ਟਿਕਾਉ ਦਾ ਬਲ ਸੀ ਇਸ ਲਈ ਉਨ੍ਹਾਂ ਦੇ ਕੰਮ ਤੇ ਸਾਹਿਤ ਦੀ ਪੂਰੀ ਸਮਝ ਤਦੇ ਆ ਸਕਦੀ ਹੈ ਜੇ ਉਨ੍ਹਾਂ ਦੇ ਅੰਦਰਲੇ ਅਮਨ ਦੀ ਸਹੀ ਤਸਵੀਰ ਬਣ ਸਕੇ । ਇਹ ਅਮਨ ਚਾਹੇ ਟਿਕੀ ਹੋਈ ਅਵਸਥਾ ਸੀ ਪਰ ਇਹ ਬੇਹਰਕਤ ਦਸ਼ਾ ਵਾਲਾ ਨਹੀਂ ਸੀ, ਬਲਕਿ ਤੀਬਰ ਚਾਲ ਵਿਚ ਪਈ ਹੋਈ ਜ਼ਿੰਦਗੀ ਦੀ ਇਕ ਭਰਪੂਰ ਹਾਲਤ ਸੀ, ਜਿਵੇਂ ਤੇਜ਼ ਭੌਂ ਰਹੀ ਭੰਬੀਰੀ ਖਲੋਤੀ ਦਿਸਦੀ ਹੈ। ਸਮਾਜ ਵਿਚ ਅਜਿਹੀ ਅਮਨ ਦੀ ਅਵਸਥਾ ਜੰਗ ਤੇ ਗੜਬੜ ਤੋਂ ਅਣਹੋਂਦ ਦੀ ਹਾਲਤ ਹੋਣ ਕਰਕੇ ਇਕ ਤਰ੍ਹਾਂ ਨਾਲ ਮਨਫ਼ੀ ਅਵਸਥਾ ਹੈ ਪਰ ਦਰਅਸਲ ਅਮਨ ਜੇ ਸੰਪੂਰਨ ਅਮਨ ਹੈ ਤਾਂ ਇਹ ਜੀਵਨ ਨੂੰ ਉਸਾਰਣ ਵਾਲੀ ਕਿਰਿਆ ਦੇ ਤੇਜ਼ ਹੋ ਜਾਣ ਦੀ ਦਸ਼ਾ ਹੋਵੇਗੀ । ਅਸੀਂ ਅਮਨ ਦੀ ਚਾਹ ਕਰਦੇ ਹੀ ਇਸ ਕਰਕੇ ਹਾਂ ਕਿ ਸਾਨੂੰ ਆਪਣਾ ਜੀਵਨ ਵੱਧ ਤੋਂ ਵੱਧ ਵਿਗਸਤ ਕਰਨ ਲਈ ਅਨੁਕੂਲ ਵਾਤਾਵਰਣ ਮਿਲੇ । ਜਦੋਂ ਕੋਈ ਰਹੱਸਵਾਦੀ ਆਪਣੇ ਮਨ ਨੂੰ ਆਮ ਸੋਚਾਂ, ਰਾਹਾਂ ਤੇ ਆਸ਼ਿਆਂ ਤੋਂ ਮੁਕਤ ਕਰਦਾ ਹੈ ਤਾਂ ਕਿਸੇ ਖਲਾਅ ਵਿਚ ਪਹੁੰਚਣ ਦੀ ਖਾਤਰ ਨਹੀਂ, ਇਕ ਉਚੇਰੇ ਪਰ ਭਰਪੂਰ-ਜੀਵਨ ਨੂੰ ਮਾਣਨ ਲਈ, ਇਉਂ ਕਰਦਾ ਹੈ। ਰਹੱਸਵਾਦੀਆਂ ਦੇ ਇਕਾਗਰ ਮਨ ਵਿਚ ਵੀ ਵਿਚਾਰ, ਭਾਵ ਤੇ ਮਨੋਰਥ ਹੁੰਦੇ ਹਨ, ਕੇਵਲ ਉਨ੍ਹਾਂ ਦੀ ਦਿਸ਼ਾ ਬਦਲ ਚੁਕੀ ਹੁੰਦੀ ਹੈ । ਸਾਧਾਰਨ ਮਨੁੱਖਾਂ ਨਾਲੋਂ, ਬਲਕਿ ਬਹੁਤ ਗ਼ੈਰ ਰਹੱਸਵਾਦੀ ਬਲਵਾਨ ਸ਼ਖਸੀਅਤਾਂ ਨਾਲੋਂ ਵੀ, ਰਹੱਸਵਾਦੀਆਂ ਦੇ ਵਿਚਾਰ ਜਾਂ ਜਜ਼ਬੇ ਤੀਬਰ ਦੇ ਪ੍ਰਬਲ ਹੁੰਦੇ ਹਨ । ‘ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨ ਆਇਆ’ ਵਰਗੀ ਸਤਰ ਗੁਰੂ ਨਾਨਕ ਦੇ ਦਿਲ ਵਿਚ ਮਨੁੱਖੀ ਦਰਦ ਦੀ ਤੇਜ ਕਾਂਗ ਉਠਣ ਦੀ ਸੂਚਕ ਹੈ ਪਰ ਗੁਰੂ ਨਾਨਕ ਦੇ ਮਨ ਨੂੰ ਬਾਬਰ ਦੇ ਹੱਲੇ ਸਮੇਂ ਵੀ ਇਕਾਗਰ ਅਵਸਥਾ ਵਿਚ ਪਰਵਿਰਤ ਮੰਨਿਆ ਜਾਂਦਾ ਹੈ । ਰਹੱਸਵਾਦੀ ਇਕਾਗਰਤਾ ਨੂੰ ਜੇ ਸੁੰਨ ਅਵਸਥਾ ਕਿਹਾ ਜਾਏ ਤਾਂ ਇਸ ਦੇ ਅਰਥ ਇਕ ਪੈਂਤੜੇ ਤੋ ਦੇਖਿਆਂ ਹੀ ਅਣਹੋਂਦ ਦਾ ਸੁਝਾਅ ਦਿੰਦੇ ਹਨ, ਦੂਸਰੇ ਪੈਂਤੜੇ ਤੋਂ ਸੁੰਨ ਅਵਸਥਾ ਵੀ ਕਿਸੇ ਪ੍ਰਚੰਡ ਕੇਂਦਰ ਦੀ ਹੋਂਦ ਦੀ ਲਖਾਇਕ ਹੈ। ਸਾਧਾਰਨ ਚੇਤਨਤਾ ਜਿਸ ਕੇਂਦਰ ਦੁਆਲੇ ਘੁੰਮਦੀ ਹੈ, ਰਹੱਸਵਾਦੀ ਚੇਤਨਤਾ ਉਸ ਕੇਂਦਰ ਦਾ ਤਿਆਗ ਕਰਨ ਕਰਕੇ ਸੁੰਨ ਜਾਂ ਖਾਲੀ ਹੈ ਪਰ ਕਿਸੇ ਨਵੇਂ ਨੁਕਤੇ ਨੂੰ ਜੀਵਨ ਦਾ ਕੇਂਦਰ ਬਣਾਉਣ ਕਰਕੇ ਭਰਪੂਰ ਹੈ । ਫਰਕ ਕੇਵਲ ਦਿਸ਼ਾ ਜਾ ਕੇਂਦਰ ਦੇ ਬਦਲਣ ਦਾ ਹੈ । ਰਹੱਸਵਾਦੀ ਮਨੁੱਖਾਂ ਦਾ ਬਹੁਤ ਆਮ ਤਜਰਬਾ ਹੈ ਕਿ ਜਦੋਂ ਚੇਤਨਤਾ ਅੰਦਰਲੇ ਨਵੇਂ ਕੇਂਦਰ ਉਤੇ ਇਕਾਗਰ ਹੋਣ ਲਗ ਪਵੇ ਤਾਂ ਮਨ ਵਿਚ ਸੁੱਖ ਤੇ ਸ਼ਾਂਤੀ ਦੇ ਭਾਵ ਉਤਪੰਨ ਹੁੰਦੇ ਹਨ। ਜਿਵੇਂ ਜਿਵੇਂ ਇਕਾਗਰਤਾ ਵਧਦੀ ਹੈ ਤਿਵੇਂ ਤਿਵੇਂ ਅਮਨ ਤੇ ਸ਼ਾਂਤੀ ਦੀ ਅਵਸਥਾ ਵਿਚ ਡੂੰਘਾਈ ਆਉਂਦੀ ਹੈ । ਜਦੋਂ ਇਕਾਗਰਤਾ ਬਹੁਤ ਵੱਧ ਜਾਏ ਤਾਂ ਮਨ ਅੰਦਰ ਨਵੇਂ ਗਿਆਨ ਦਾ ਚਾਨਣ ਵੀ ਆਉਣ ਲਗ ਪੈਂਦਾ ਹੈ ਤੇ ਇਹ ਨਵਾਂ ਗਿਆਨ ਮਨੁੱਖ ਦੇ ਹਰ ਕਰਮ ਨੂੰ ਨਵੇਂ ਮੰਤਵਾਂ ਦੀ ਅਗਵਾਈ ਹੇਠ ਤੋਰਦਾ ਹੈ । ਗਿਆਨ-ਪ੍ਰਾਪਤੀ ਦੇ ਸਾਧਾਰਨ ਢੰਗਾਂ ਰਾਹੀਂ ਪ੍ਰਾਪਤ ਹੋਇਆ ਗਿਆਨ ਮਨੁੱਖ ਅੰਦਰ ਜੋ ਜਜ਼ਬੇ ਪੈਦਾ ਕਰਦਾ ਹੈ, ਉਹ ਸਾਧਾਰਣ ਮਨੋਭਾਵਾਂ ਨਾਲੋਂ ਵਧੀਕ ਸੂਖਮ, ਦੀਰਘ ਤੇ ਗੰਭੀਰ ਹੁੰਦੇ ਹਨ। ਰਹੱਸਵਾਦੀ ਸ਼ਖ਼ਸੀਅਤ ਆਪਣੇ ਅੰਦਰਲੇ ਕੇਂਦਰ ਦੁਆਲੇ ਚੇਤਨਤਾ ਨੂੰ ਇਕਾਗਰ ਕਰਕੇ ਨਵੇਂ ਗਿਆਨ, ਨਿਤ ਨਵੇਂ ਭਾਵ ਤੇ ਡੂੰਘੇ ਸੁੱਖ ਦਾ ਅਨੁਭਵ ਕਰਦੀ ਹੈ, ਕਿਸੇ ਕਲਪਨਾ ਦੇ ਖਲਾਅ ਵਿਚ ਨਿਵਾਸ ਨਹੀਂ ਕਰਦੀ। ਰਹੱਸਵਾਦੀ ਸਾਹਿਤ ਆਮ ਤੌਰ ਤੇ ਤੀਬਰ ਤੜਪ ਤੇ ਅਮੁੱਕ ਤਾਂਘ ਦਾ ਪ੍ਰਗਟਾਅ ਹੁੰਦਾ ਹੈ ਜੋ ਸਿੱਧ ਕਰਦਾ ਹੈ ਕਿ ਰਹੱਸਵਾਦੀ ਅਨੁਭਵ ਡੂੰਘੇ ਅਮਨ ਦਾ ਧਾਰਨੀ ਹੁੰਦਾ ਹੋਇਆ ਵੀ ਜ਼ਿੰਦਗੀ ਦੀ ਭਰਪੂਰਤਾ ਨਾਲ ਸਬੰਧਤ ਹੈ, ਇਹ ਜੀਵਨ-ਸੋਮਿਆਂ ਦੇ ਸੀਮਤ ਹੋ ਜਾਣ ਦੀ ਅਵਸਥਾ ਨਹੀਂ।
ਰਹੱਸਵਾਦੀ ਜੀਵਨ ਜਿਸ ਕੇਂਦਰ ਦੁਆਲੇ ਘੁੰਮਦਾ ਹੈ, ਉਸ ਦਾ ਇਕ ਵਿਸ਼ੇਸ਼ ਪ੍ਰਭਾਵ ਮਨੁੱਖ ਵਿਚ ਜ਼ਿੰਦਗੀ ਦੀ ਏਕਤਾ ਦੀ ਸੋਝੀ ਤਿੱਖੀ ਕਰਨਾ ਹੁੰਦਾ ਹੈ । ਅੰਦਰਲੇ ਕੇਂਦਰ ਦੁਆਲੇ ਇਕਾਗਰ ਹੋਈ ਚੇਤਨਤਾ ਜਦੋਂ ਬਾਹਰਲੀ ਸ੍ਰਿਸ਼ਟੀ ਉੱਤੇ ਪੈਂਦੀ ਹੈ ਤਾਂ ਇਸ ਵਿਚ ਕਿਸੇ ਡੂੰਘੀ ਏਕਤਾ ਦੀ ਹੋਂਦ ਪ੍ਰਤੀਤ ਕਰਦੀ ਹੈ। ਇਹ ਏਕਤਾ ਦੀ ਪ੍ਰਤੀਤੀ ਕਿਸੇ ਰਹੱਸਵਾਦੀ ਦੇ ਜੀਵਨ ਤੇ ਸਾਹਿਤ ਅੰਦਰ ਵਿਸ਼ਾਲ ਖੇਤਰ ਵਿਚ ਸਾਕਾਰ ਹੁੰਦੀ ਹੈ ਤੇ ਕਿਸੇ ਅੰਦਰ ਸੀਮਤ ਰੂਪ ਵਿਚ ਪਰ ਸਭ ਉੱਤਮ ਰਹੱਸਵਾਦੀਆਂ ਵਿਚ ਇਸਦਾ ਪ੍ਰਗਟਾਅ ਅਵੱਸ਼ ਹੁੰਦਾ ਹੈ। ਗੁਰੂ ਨਾਨਕ ਦੇ ਸਾਹਿਤ ਵਿਚੋਂ ਉਨ੍ਹਾਂ ਦੇ ਜੀਵਨ ਦੀ ਏਕਤਾ ਦਾ ਅਨੁਭਵ ਬਹੁਤ ਵਿਸ਼ਾਲ’ ਸਹੀ ਹੁੰਦਾ ਹੈ ਤੇ ਇਤਿਹਾਸ ਵਿੱਚੋਂ ਉਨ੍ਹਾਂ ਦਾ ਜੀਵਨ ਵੀ ਮਨੁੱਖੀ ਏਕਤਾ ਤੇ ਆਦਰਸ਼ਾਂ ਦੀ ਸੇਵਾ ਵਿਚ ਅਰਪਣ ਰਿਹਾ ਸਾਬਤ ਹੁੰਦਾ ਹੈ । ਫ਼ਰੀਦ ਦਾ ਸਾਹਿਤ ਮਨੁੱਖੀ ਏਕਤਾ’ ਦੇ ਭਾਵਾਂ ਦੀ ਕੁਝ ਝਲਕ ਮਾਰਦਾ ਹੈ ਜੋ ਬੁੱਲ੍ਹੇਸ਼ਾਹ ਦੇ ਸਾਹਿਤ ਵਿਚ ਇਹ ਭਾਵ ਵਧੇਰੇ ਪ੍ਰਪੱਕ ਹੋ ਜਾਂਦੇ ਹਨ। ਰਹੱਸਵਾਦੀ ਅਨੁਭਵ ਦੀ ਰੁਚੀ ਸਦਾ ਵਿਸ਼ਵਾਰਥੀ ਦ੍ਰਿਸ਼ਟੀ ਪੈਦਾ ਕਰਨਾ ਤੇ ਤੇਜ਼ ਕਰਨਾ ਰਹੀ ਹੈ । ਦੁਨੀਆ ਭਰ ਦੇ ਵਧੀਆ ਰਹੱਸਵਾਦੀ ਸਾਹਿਤ ਵੱਧ ਜਾਂ ਘੱਟ ਮਾਤਰਾ ਵਿਚ ਇਸ ਰੁਚੀ ਦਾ ਲਖਾਇਕ ਹੈ ਤੇ ਇਸੇ ਰੁਚੀ ਦੇ ਆਧਾਰ ਉੱਤੇ ਅਮਨ ਦੇ ਹਿਤਾਂ ਦੀ ਪਾਲਣਾ ਕਰਦਾ ਰਿਹਾ ਹੈ।
ਜ਼ਿੰਦਗੀ ਦੀ ਏਕਤਾ ਦਾ ਅਨੁਭਵ ਰਹੱਸਵਾਦੀਆਂ ਵਿਚ ਇਕ ਪਾਸੇ ਭਾਵਾਂ ਦੀ ਪੱਧਰ ਉੱਤੇ ਪ੍ਰੇਮ ਤੇ ਵਿਸਮਾਦ ਦੇ ਵਲਵਲੇ ਪੈਦਾ ਕਰਦਾ ਹੈ ਤੇ ਦੂਸਰੇ ਪਾਸੇ ਬੁੱਧੀ ਦੀ ਪੱਧਰ ਉੱਤੇ ਇਕ ਮਹਾਨ ਵਿਸ਼ਵਾਰਥੀ ਇੱਛਾ ਦੀ ਹੋਂਦ ਦਾ ਵਿਚਾਰ ਉਤਪੰਨ ਕਰਦਾ ਹੈ। ਰਹੱਸਵਾਦੀ ਏਕਤਾ ਦਾ ਇਹ ਰੂਪ ਇਸ ਦੀ ਵਿਲੱਖਣਤਾ ਹੈ। ਜਦ ਰਹੱਸਵਾਦੀ ਕੁਦਰਤ ਦੀਆਂ ਸਭ ਵਸਤਾਂ ਤੇ ਘਟਨਾਵਾਂ ਤੇ ਮਨੁੱਖਾਂ ਦੀਆਂ ਸਭ ਸ਼੍ਰੇਣੀਆਂ ਤੇ ਵੰਨਗੀਆਂ ਨੂੰ ਇਕੋ ਲੜੀ ਵਿਚ ਪ੍ਰੋਤਾ ਮਹਿਸੂਸ ਕਰਦਾ ਹੈ ਤਾਂ ਉਸ ਦੀ ਚੇਤਨਤਾ ਵਿਚ ਇਕ ਐਸੀ ਇੱਛਾ ਦਾ ਸੰਕਲਪ ਜਾਗਦਾ ਹੈ ਜੋ ਸਾਰੀ ਸ੍ਰਿਸ਼ਟੀ ਵਿਚ ਨਾ ਕੇਵਲ ਵਿਆਪਕ ਹੈ ਬਲਕਿ ਇਸ ਦੇ ਹਰ ਭਾਗ ਨੂੰ ਆਪਣੇ ਮੰਤਵਾਂ ਅਨੁਸਾਰ ਸੂਤਰ ਵਾਂਗ ਚਲਾ ਰਹੀ ਹੈ। ਕੁਦਰਤ ਦਾ ਸਰਬਤਰ ਵਿਕਾਸ ਤੇ ਮਨੁੱਖਤਾ ਦਾ ਸਮੁੱਚਾ ਇਤਿਹਾਸ ਇਸ ਮਹਾਨ ਇੱਛਾ ਦਾ ਅਮਲ ਨਜ਼ਰ ਆਉਂਦਾ ਹੈ। ਸਾਦਾ ਜੀਵਨ ਇਸ ਇੱਛਾ ਨਾਲ ਐਸੀ ਅਨੁਕੂਲਤਾ ਸਵੀਕਾਰ ਕਰਦਾ ਪ੍ਰਤੀਤ ਹੁੰਦਾ ਹੈ ਕਿ ਇਸ ਦੇ ਕਿਸੇ ਭਾਗ ਦਾ ਬਾਕੀ ਭਾਗਾਂ ਤੋਂ ਸੁਤੰਤਰ ਰਾਹ ਅਖ਼ਤਿਆਰ ਕਰਨਾ ਸੰਭਵ ਨਹੀਂ ਲੱਗਦਾ। ਸਭ ਭਾਗਾਂ ਦੀ ਪਰਸਪਰ ਇਕ-ਸੁਰਤਾ, ਇਕੋ ਇੱਛਾ ਦੇ ਮੰਤਵਾਂ ਨੂੰ ਪਰਫੁਲਿਤ ਕਰਦੀ ਹੋਈ, ਇਕ ਐਸਾ ਸੁਹਜਾਤਮਕ ਪ੍ਰਭਾਵ ਪੈਦਾ ਕਰਦੀ ਹੈ ਜਿਹੋ ਜਿਹਾ ਆਰਕੈਸਟਰਾ ਮਾਸਟਰ ਦੀਆਂ ਹਦਾਇਤਾਂ ਅਨੁਸਾਰ, ਵੱਖ ਵੱਖ ਸਾਜ਼ਾਂ ਵਿੱਚੋਂ ਉਪਜ ਰਹੀਆਂ ਧੁਨੀਆਂ ਦੇ ਇਕਸੁਰ ਹੋਏ, ਸੰਗੀਤ ਵਿੱਚੋਂ ਉਤਪੰਨ ਹੁੰਦਾ ਹੈ।
ਰਹੱਸਵਾਦੀ ਏਕਤਾ ਦਾ ਸਿਧਾਂਤ ਇੱਛਾ ਦੇ ਵਿਚਾਰ ਉੱਤੇ ਅਧਾਰਤ ਹੋਣ ਕਰ ਕੇ ਪਦਾਰਥਵਾਦੀ ਏਕਤਾ ਦੇ ਸਿਧਾਂਤ ਤੋਂ ਜੋ ਸੁਤੰਤਰ ਨਿਯਮ ਦੇ ਸੰਕਲਪ ਉੱਤੇ ਅਧਾਰਤ ਹੈ, ਰਾਹ-ਨਿਖੇੜ ਕਰ ਲੈਂਦਾ ਹੈ । ਰਹੱਸਵਾਦੀ ਏਕਤਾ ਦਾ ਅਨੁਭਵ ਜ਼ਿੰਦਗੀ ਦੇ ਬੁਨਿਆਦੀ ਤੱਤ ਨੂੰ ਮਾਨਸਿਕ ਰੂਪ ਵਿਚ ਮਹਿਸੂਸ ਕਰਵਾਉਂਦਾ ਹੈ ਜਾਂ ਦੂਸਰੇ ਸ਼ਬਦਾਂ ਵਿਚ ਸਾਰੀ ਸ੍ਰਿਸ਼ਟੀ ਪਿੱਛੇ ਕਿਸੇ ਮਹਾਨ ਮਨ ਦੀ ਹੋਂਦ ਦਾ ਗਿਆਨ ਦੇਂਦਾ ਹੈ। ਇਸ ਮਹਾਨ ਮਨ ਦੀ ਹੋਂਦ ਦਾ ਗਿਆਨ ਰਹੱਸਵਾਦੀ ਜੀਵਨ ਦੀ ਸਭ ਤੋਂ ਪ੍ਰਥਮ ਮਹੱਤਵਪੂਰਨ ਘਟਨਾ ਹੁੰਦੀ ਹੈ। ਇਸ ਮਨ ਦੀ ਇੱਛਾ ਦੇ ਵਿਆਪਕ ਵਰਤਾਰੇ ਦਾ ਗਿਆਨ ਰਹੱਸਵਾਦੀ ਜੀਵਨ ਦੇ ਵਿਕਾਸ ਦਾ ਇਕ ਹੋਰ ਵਿਸ਼ੇਸ਼ ਪੜਾਅ ਹੁੰਦਾ ਹੈ । ਰਹੱਸਵਾਦੀ ਆਪਣੀ ਇੱਛਾ ਨੂੰ ਪਹਿਲੋਂ ਇਸ ਇੱਛਾ ਦੇ ਰੂਬਰੂ ਤੁਛ ਮਹਿਸੂਸ ਕਰਦਾ ਹੈ ਪਰ ਬਾਅਦ ਵਿਚ ਉਸ ਨੂੰ ਇਸ ਦਾ ਹੀ ਇਕ ਅੰਗ ਮੰਨਦਾ ਹੈ। ਉਸਦੀਆਂ ਆਪਣੀਆਂ ਇੱਛਾਵਾਂ ਵਿਸ਼ਵਾਰਥੀ ਇੱਛਾ ਦੇ ਸਮੁੱਚੇ ਡੀਜ਼ਾਈਨ ਅਧੀਨ ਪੈਦਾ ਹੁੰਦੀਆਂ ਤੇ ਅਮਲ ਵਿਚ ਆਉਂਦੀਆਂ ਪ੍ਰਤਖ ਹੋ ਜਾਂਦੀਆਂ ਹਨ। ਜਦ ਤਕ ਰਹੱਸਵਾਦੀ ਨੂੰ ਇਸ ਅਖੀਰਲੇ ਗਿਆਨ ਜਾਂ ਪ੍ਰਤੀਤੀ ਦੀ ਪ੍ਰਾਪਤੀ ਨਹੀਂ ਹੋ ਜਾਂਦੀ, ਉਸ ਦਾ ਜੀਵਨ ਅਸੰਤੁਸ਼ਟਤਾ, ਬਿਹਬਲਤਾ ਤੇ ਤਾਂਘ ਨਾਲ ਭਰਿਆ ਰਹਿੰਦਾ ਹੈ। ਵਿਸ਼ਵਾਰਥੀ ਇੱਛਾ ਨਾਲ ਆਪਣੀ ਸੰਪੂਰਨ ਇਕਸੁਰਤਾ ਰਹੱਸਵਾਦੀ ਜੀਵਨ ਦਾ ਅੰਤਮ ਨਿਸ਼ਾਨਾ ਤੇ ਮਨੋਰਥ ਹੁੰਦਾ ਹੈ ਤੇ ਇਸੇ ਇਕਸੁਰਤਾ ਵਿੱਚੋਂ ਜ਼ਿੰਦਗੀ ਦੀ ਏਕਤਾ ਦਾ ਅਹਿਸਾਸ ਪੈਦਾ ਹੁੰਦਾ ਹੈ ਜਿਸ ਨਾਲ ਕਦੇ ਪ੍ਰੇਮ ਦੇ ਤੇ ਕਦੇ ਵਿਸਮਾਦ ਦੇ ਭਾਵ ਸਬੰਧਤ ਹੁੰਦੇ ਹਨ। ਗੁਰੂਆਂ ਤੇ ਸੂਫ਼ੀਆਂ ਦੇ ਜੀਵਨ ਅੰਦਰਲੇ ਟਿਕਾਉ, ਅਮਨ ਤੇ ਇਕਾਗਰਤਾ ਦੀ ਅਸਲ ਬੁਨਿਆਦ ਇਹ ਇਕਸੁਰਤਾ ਸੀ ਜਿਸ ਨੇ ਉਨ੍ਹਾਂ ਦੀਆਂ ਸ਼ਖ਼ਸੀਅਤਾਂ ਨੂੰ ਇੰਨਾ ਪ੍ਰਭਾਵਸ਼ਾਲੀ ਬਣਾਇਆ। ਗੁਰੂ ਨਾਨਕ ਦੇ ਜਪੁਜੀ ਵਿਚ ਹੁਕਮ ਦੇ ਸਿਧਾਂਤ ਨੂੰ ਜੋ ਪ੍ਰਧਾਨਤਾ ਮਿਲੀ ਹੈ, ਉਹ ਰਹੱਸਵਾਦੀ ਜੀਵਨ ਵਿਚ ਵਿਸ਼ਵਾਰਥੀ ਇੱਛਾ ਨਾਲ ਇਕਸੁਰ ਹੋਣ ਦੀ ਮਹੱਤਤਾ ਨੂੰ ਮੁੱਖ ਰੱਖ ਕੇ ਹੀ ਦਿੱਤੀ ਗਈ ਲਗਦੀ ਹੈ । ਬਾਕੀ ਗੁਰੂਆਂ ਸਭ ਸੂਫ਼ੀਆਂ ਤੇ ਸੰਤਾਂ ਦੇ ਜੀਵਨ ਦੀ ਸਭ ਤੋਂ ਡੂੰਘੀ ਹੂਕ ਰਜ਼ਾ ਦਾ ਜੀਵਨ ਜੀਊ ਸਕਣ ਦੀ ਲੋਚਾ ਸੀ ਤੇ ਇਸ ਲੋਚਾ ਨੇ ਹੀ ਪੰਜਾਬੀ ਸਾਹਿਤ ਦਾ ਸਭ ਤੋਂ ਸੁੰਦਰ ਭਾਗ ਉਤਪੰਨ ਕੀਤਾ । ਪ੍ਰੇਮ-ਸੰਕੇਤਾਂ ਦੇ ਰੂਪ ਵਿਚ ਇਹ ਲੋਚਾ ਰੱਬ ਦੇ ਦੀਦਾਰ ਜਾਂ ਉਸ ਨਾਲ ਅਭੇਦਤਾ ਦੀ ਤਾਂਘ ਬਣ ਜਾਂਦੀ ਹੈ। ਜੇ ਇਸ ਸਬੰਧ ਨੂੰ ਹੋਰ ਸਪਸ਼ਟ ਕਰਨਾ ਹੋਵੇ ਤਾਂ ਕਹਾਂਗੇ ਕਿ ਜਿਸ ਅਵਸਥਾ ਨੂੰ ਰੱਬ ਦਾ ਮਿਲਾਪ ਕਿਹਾ ਜਾਂਦਾ ਹੈ ਉਹ ਮੰਜ਼ਲ ਉੱਤੇ ਪੁੱਜ ਕੇ ਪੰਧ ਦੇ ਖ਼ਤਮ ਹੋ ਜਾਣ ਵਾਂਗ ਕੋਈ ਬੇਹਰਕਤ ਜਾਂ ਕਿਰਿਆਹੀਨ ਅਵਸਥਾ ਨਹੀਂ ਸਗੋਂ ਘੜੀ ਦੇ ਛੋਟੇ ਚੱਕਰ ਦੇ ਵੱਡੇ ਚੱਕਰ ਦੀ ਹਰਕਤ ਨਾਲ ਇਕਸੁਰ ਹੋ ਕੇ ਚਲਣ ਦੀ ਅਵਸਥਾ ਵਾਂਗ ਇਕ ਗਤੀ-ਸ਼ੀਲ ਕਿਰਿਆ- ਪੂਰਤ ਤੇ ਜ਼ਿੰਦਗੀ ਭਰਪੂਰ ਅਵਸਥਾ ਹੈ, ਜਿਸ ਵਿੱਚੋਂ ਰੜਕਾਂ, ਠੋਕਰਾਂ ਤੇ ਉਧੜ-ਚਿਤੀਆਂ ਖ਼ਤਮ ਹੋ ਕੇ ਇਕ ਲੈਅ, ਸਾਵਾਂਪਣ ਤੇ ਟਿਕਾਅ ਆ ਚੁੱਕਾ ਹੈ।

ਗੁਰੂਆਂ ਤੇ ਸੂਫੀਆਂ ਦੀ ਸਾਹਿਤ-ਰਚਨਾ ਦਾ ਅਸਲ ਮੰਤਵ ਹੋਰਨਾਂ ਮਨੁੱਖਾਂ ਵਿਚ ਵਿਸ਼ਵਾਰਥੀ ਇੱਛਾ ਨਾਲ ਇਕਸੁਰਤਾ ਦੀ ਚੇਤਨਤਾ ਜਾਂ ਤਾਂਘ ਪੈਦਾ ਕਰਨਾ ਸੀ। ਉਨ੍ਹਾਂ ਦੀ ਕਸੌਟੀ ਅਨੁਸਾਰ ਵਧੀਆ ਮਨੁੱਖ ਉਹ ਹੈ ਜਿਸ ਵਿਚ ਅਜਿਹੀ ਚੇਤਨਤਾ ਵੱਧ ਰਹੀ ਹੈ ਤੇ ਜਿਸ ਮਨੁੱਖ ਦੀ ਚੇਤਨਤਾ ਵਿਸ਼ਵਾਰਥੀ ਇੱਛਾ ਦੀ ਬਜਾਇ ਆਪਣੀ ਨਿੱਜੀ, ਇਕਾਂਕੀ ਤੇ ਸੀਮਤ ਇੱਛਾ ਨੂੰ ਜੀਵਨ ਦਾ ਕੇਂਦਰ ਤਸੱਵਰ ਕਰਦੀ ਹੈ ਉਹ ਵਧੀਆ ਨਹੀਂ। ਗੁਰੂ ਨਾਨਕ ਦੇ ਵਿਚਾਰ ਵਿਚ ‘ਹੁਕਮ’ ਤੇ ‘ਹਉਮੈ’ ਚੰਗਿਆਈ ਤੇ ਬੁਰਿਆਈ ਦੀਆਂ ਪੱਕੀਆਂ ਕਸੌਟੀਆਂ ਹਨ। ਆਸਾ ਦੀ ਵਾਰ ਵਿਚ ਹਉਮੈ ਦੇ ਕੇਂਦਰ ਦੁਆਲੇ ਘੁੰਮਣ ਵਾਲੇ ਪੰਡਤਾਂ, ਤਪੱਸਵੀਆਂ, ਰਾਸਧਾਰੀਆਂ, ਹਾਕਮਾਂ, ਅਹਿਲਕਾਰਾਂ, ਜਤੀਆਂ, ਸਤੀਆਂ, ਆਦਿਕ ਨੂੰ ਉਸ ਸਤਿਕਾਰ ਦੇ ਨਾਕਾਬਲ ਸਾਬਤ ਕੀਤਾ ਹੈ ਜੋ ਲੋਕਾਂ ਵਿਚ ਉਨ੍ਹਾਂ ਨੂੰ ਪ੍ਰਾਪਤ ਸੀ । ਲੋਕਾਂ ਵਿਚ ਉੱਚਾ ਨਾਮ ਪੈਦਾ ਕਰਨ ਵਾਲੀ, ਨੌ ਖੰਡਾਂ ਵਿਚ ਪ੍ਰਸਿੱਧ, ਦੀਰਘ-ਜੀਵੀ ਮਹਾਨ ਵਿਅਕਤੀ ਨੂੰ ਗੁਰੂ ਸਾਹਿਬ ਨੇ ਜਪੁਜੀ ਵਿਚ ‘ਕੀਟਾ ਅੰਦਰ ਕੀਟ’ ਦਾ’ ਦਰਜਾ ਦਿੱਤਾ ਹੈ ਜੇ ਉਹ ਹੁਕਮ ਦੀ ਕਸੌਟੀ ਉੱਤੇ ਹਲਕੀ ਉਤਰਦੀ ਹੈ। ਹਉਮੈ ਨੂੰ ਵਧਾਉਂਦੇ ਜਾਣ ਵਾਲੇ ਮਨੁੱਖਾਂ ਦੀ ਨਿਖੇਧੀ ਜਿਸ ਕਰੜਾਈ ਨਾਲ ਗੁਰੂ ਨਾਨਕ ਨੇ ਕੀਤੀ ਉਸ ਨੇ ਪੰਜਾਬ ਦੇ ਲੋਕਾਂ ਦੇ ਹੱਥਾਂ ਵਿਚ ਮਨੁੱਖੀ ਆਚਰਣ ਨੂੰ ਪਰਖਣ ਦਾ ਇਕ ਨਿਸ਼ਚਤ ਪੈਮਾਨਾ ਦੇ ਦਿੱਤਾ । ਗੁਰੂ ਨਾਨਕ ਦੀ ਲਹਿਰ ਦੇ ਪ੍ਰਭਾਵ ਨੂੰ ਸੁਚੇਤ ਤੌਰ ਤੇ ਕਬੂਲਣ ਵਾਲੇ ਪੰਜਾਬੀਆਂ ਦੀ ਦ੍ਰਿਸ਼ਟੀ ਧਾਰਮਕ ਦੰਭੀਆਂ, ਸਮਾਜਕ ਅਪਰਾਧੀਆਂ ਤੇ ਰਾਜਸੀ ਜਾਬਰਾਂ ਬਾਬਤ ਬੜੀ ਨਿਰਣਾ-ਜਨਕ ਬਣ ਗਈ। ਭਾਰਤ ਦੇ ਹੋਰ ਕਿਸੇ ਪ੍ਰਾਂਤ ਦੇ ਲੋਕਾਂ ਨੇ ਉੱਚ-ਪਦਵੀਆਂ ਤੇ ਉਚੇਰੇ ਅਧਿਕਾਰਾਂ ਦੇ ਮਾਲਕ ਪਰ ਪਦਵੀਆਂ ਤੇ ਅਧਿਕਾਰਾਂ ਨੂੰ ਸਮੂਹਿਕ ਹਿਤਾਂ ਦੀ ਬਜਾਏ ਨਿੱਜੀ ਲਾਭ ਲਈ ਵਰਤਣ ਵਾਲੇ ਮਨੁੱਖਾਂ ਨੂੰ, ਓਨੀ ਨਿਰਝੱਕਤਾ ਤੇ ਸਵੈ-ਭਰੋਸੇ ਨਾਲ ਨਹੀਂ ਪਰਖਿਆ ਹੋਣਾ, ਜਿੰਨਾ ਪੰਜਾਬੀਆਂ ਨੇ । ਗੁਰੂ ਨਾਨਕ ਨੇ ਬੜੀ ਸਪਸ਼ਟਤਾ ਤੇ ਸੂਝ ਨਾਲ ਹਰ ਸਮਕਾਲੀ ਸਤਿਕਾਰਤ ਸ਼੍ਰੇਣੀ ਨੂੰ ਆਪਣੀ ਕਸੌਟੀ ਤੇ ਲਾ ਕੇ ਦੇਖਿਆ ਤੇ ਅਤਿਅੰਤ ਦ੍ਰਿੜਤਾ ਨਾਲ ਕੱਚੇ ਪੱਕੇ ਦਾ ਦੋ-ਟੁਕ ਫੈਸਲਾ ਦਿੱਤਾ, ਜਿਵੇਂ :-
(ੳ) ਕਾਜੀ ਕੂੜ ਬੋਲ ਮਲਿ ਖਾਇ। ਬ੍ਰਾਹਮਣ ਨਾਵੈ ਜੀਆ ਘਾਇ। ।
ਜੋਗੀ ਜੁਗਤਿ ਨਾ ਜਾਣੈ ਅਧ। ਤੀਨੇ ਉਜਾੜੇ ਕਾ ਬੰਧ। ।
(ਅ) ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ।।….
ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖਦੁਆਰ । ।
ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਿਰ ਘਰ ਬਾਰੁ ।।
ਸਭੁ ਕੋ ਪੂਰਾ ਆਪੇ ਹੋਵਹਿ ਘਟਿ ਨ ਕੋਈ ਆਖੈ ।।
ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ। ।
ਜਿਸ ਸੁਗਮਤਾ ਨਾਲ ਗੁਰੂ ਨਾਨਕ ਦੀ ਦ੍ਰਿਸ਼ਟੀ ਸੋਨੇ ਤੇ ਮੁਲੰਮੇ ਦੀ ਪਰਖ ਕਰਦੀ ਜਾਂਦੀ ਹੈ, ਉਹ ਕੀਮਤਾਂ ਦੇ ਅਤਿਅੰਤ ਨਿਸ਼ਚਤ ਹੋ ਜਾਣ ਦਾ ਸਬੂਤ ਹੈ । ਰੱਬ ਦੇ ਹੁਕਮ ਨਾਲ ਇਕਸੁਰਤਾ ਜਿਸ ਨੂੰ ਗੁਰੂ ਨਾਨਕ ਨੇ ਸੰਕੇਤਕ ਸ਼ਬਦਾਂ ਵਿਚ ‘ਪਤ ਪਰਵਾਣਾ’ ਕਿਹਾ ਹੈ, ਉਨ੍ਹਾਂ ਲਈ ਸਭ ਕੀਮਤਾਂ ਦੀ ਸ਼ਿਰੋਮਣੀ ਕੀਮਤ ਸੀ ਜਿਸ ਦੀ ਪ੍ਰਧਾਨਤਾ ਹੇਠ ਆਰਥਕ, ਰਾਜਸੀ, ਸਮਾਜਕ, ਸਦਾਚਾਰਕ, ਕਲਾਤਮਕ ਤੇ ਬੌਧਕ ਕੀਮਤਾਂ ਨੂੰ ਉਹ ਉੱਚੀ ਜਾਂ ਨੀਵੀਂ ਥਾਂ ਦਿੰਦੇ ਸਨ। ਨੀਚ ਜਾਤੀਆਂ ਜਾਂ ਦੱਬੇ ਹੋਏ ਕਿਰਤੀ ਲੋਕਾਂ ਨੂੰ ਉਚਿਆਉਣਾ ਉਨ੍ਹਾਂ ਨੇ ਬੜਾ ਉੱਤਮ ਕਰਮ ਕਰਾਰ ਦਿੱਤਾ ਤੇ ਇਸ ਦੀ ਜ਼ੋਰ ਨਾਲ ਤਾਕੀਦ ਕੀਤੀ ਪਰ ਇਸ ਨੂੰ ਕਰਨ ਸਮੇਂ ਜੋ ਮੰਤਵ ਮੁੱਖ ਰੱਖਣ ਲਈ ਉਨ੍ਹਾਂ ਨੂੰ ਸੁਝਾਇਆ,
ਉਹ ‘ਪਤ ਪਰਵਾਣਾ’ ਦਾ ਹੀ ਦੂਸਰਾ ਰੂਪ ਹੈ :
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ । ।
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸੁ ।।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ । ।
‘ਪਤ’ ਜਾਂ ‘ਨਦਰਿ’ ਦੀ ਕਸੌਟੀ ਨੂੰ ਮੁੱਖ ਰੱਖਣ ਉੱਤੇ ਜਿਸ ਤਾਕੀਦ ਨਾਲ ਗੁਰੂ ਸਾਹਿਬ ਜਾਂ ਸੂਫ਼ੀ ਆਗੂ ਜ਼ੋਰ ਦੇਂਦੇ ਸਨ ਉਸ ਦਾ ਸਿੱਟਾ ਇਹ ਹੁੰਦਾ ਸੀ ਕਿ ਇਹ ਕਸੌਟੀ ਲੋਕਾਂ ਦੀ ਚੇਤੰਨਤਾ ਵਿਚ ਡੂੰਘੀ ਤਰ੍ਹਾਂ ਵਸ ਜਾਂਦੀ ਸੀ । ਪਤ ਜਾਂ ਨਦਰਿ ਸ਼ਬਦ ਪਾਤਸ਼ਾਹੀ ਦਰਬਾਰਾਂ ਨਾਲ ਆਮ ਸਬੰਧਤ ਸਨ । ਵਿਸ਼ਵਾਰਥੀ ਇੱਛਾ ਨਾਲ ਇਕਸੁਰਤਾ ਦੀ ਪ੍ਰਾਪਤੀ ਦੇ ਦਾਰਸ਼ਨਿਕ ਅਥਵਾ ਰਹੱਸਵਾਦੀ ਸੰਕਲਪ ਨੂੰ ਸਥੂਲ ਰੂਪ ਵਿਚ ਪੇਸ਼ ਕਰਨ ਲਈ ਸ਼ਾਹੀ ਦਰਬਾਰ ਦੇ ਸੰਕੇਤ ਉਸ ਸਮੇਂ ਬੜੇ ਢੁਕਵੇਂ ਹੁੰਦੇ ਸਨ। ਇਸ ਸੰਕਲਪ ਨੂੰ ਜਿੱਥੇ ਪ੍ਰਿਅ ਦੇ ਮਿਲਾਪ ਨਾਲ ਤੁਲਨਾ ਨਾ ਦੇਣੀ ਹੋਵੇ ਉੱਥੇ ਇਸ ਨੂੰ ਪਾਤਸ਼ਾਹ ਦੀ ਨਜ਼ਰ ਵਿਚ ਮਨਜੂਰ ਹੋਣ ਦੇ ਅਲੰਕਾਰ ਨਾਲ ਸਾਕਾਰਿਆ ਜਾਂਦਾ ਸੀ। ਇਸ ਅਲੰਕਾਰ ਦੀ ਵਰਤੋਂ ਦੁਹਰਾ ਪ੍ਰਭਾਵ ਪਾਉਂਦੀ ਸੀ। ਅਰਸ਼ੀ ਪਾਤਸ਼ਾਹ ਦੀ ਮਿਹਰ ਦਾ ਪਾਤਰ ਬਣਨਾ ਤੇ ਫਰਸ਼ੀ ਪਾਤਸ਼ਾਹ ਦੀ ਖੁਸ਼ਨੂਦੀ ਹਾਸਲ ਕਰਨਾ ਕੀਮਤਾਂ ਦੇ ਪੈਮਾਨੇ ਉੱਤੇ ਬਹੁਤ ਵਿਥ ਰੱਖਦੇ ਸਨ । ਰੱਬ ਦੀ ਦਰਗਾਹ ਵਿਚ ਪਤ ਪਾਉਣ ਵਾਲਾ ਦੁਨਿਆਵੀ ਪਾਤਸ਼ਾਹਾਂ ਦੀ ਮਿਹਰ ਵਲੋਂ ਬੇਪਰਵਾਹ ਹੋ ਸਕਦਾ ਸੀ । ਦੂਸਰੇ ਪਾਸਿਓਂ ਦੇਖਿਆਂ ਇਹ ਕਿਹਾ ਜਾ ਸਕਦਾ ਹੈ ਕਿ ਸੰਸਾਰੀ ਹਾਕਮਾਂ ਦਾ ਡਰ ਘਟਾਉਣ ਲਈ ਰੱਬੀ ਦਰਬਾਰ ਦੀ ਚੇਤਨਤਾ ਵਧਾਉਣੀ ਗੁਣਕਾਰੀ ਹੁੰਦੀ ਸੀ । ਗੁਰੂ ਸਾਹਿਬ ਤੇ ਸੂਫ਼ੀ ਆਪਣੇ ਕਵਿਤਾ ਰਾਹੀਂ ਰੱਬੀ ਦਰਬਾਰ ਨੂੰ ਦੂਰ, ਭਵਿਖਤ ਵਿਚ ਹੀ ਦਿਸ ਸਕਣ ਵਾਲਾ ਜਾਂ ਕਠਨ ਪਹੁੰਚ ਵਾਲਾ ਮਹਿਸੂਸ ਕਰਾਉਣ ਦੀ ਬਜਾਏ ਹਰ ਥਾਂ ਵਿਆਪਕ ਹਾਜ਼ਰ ਨਾਜ਼ਰ ਤੇ ਹਰ ਸਮੇਂ ਦਿਸ ਸਕਣ ਵਾਲਾ ਦਸਦੇ ਰਹੇ । ਗੁਰੂ ਨਾਨਕ ਜਿਸ ਤੀਬਰਤਾ ਨਾਲ ਰੱਬੀ ਦਰਬਾਰ ਵਿਚ ਪਹੁੰਚਣ ਤੇ ਪਰਵਾਨ ਹੋਣ ਦਾ ਜ਼ਿਕਰ ਕਰਦੇ ਹਨ, ਉਸ ਤੋਂ ਉਸ ਦਰਬਾਰ ਦੀ ਅਤਿਅੰਤ ਨਿਕਟਤਾ ਦਾ ਪ੍ਰਭਾਵ ਪੈਂਦਾ ਹੈ :-
ਸਾਚਾ ਸਾਹਿਬੁ ਸਾਚੁ ਨਾਇ , ਭਾਖਿਆ ਭਾਉ ਅਪਾਰੁ । ।
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ।।
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ।।
ਮੁਹੈ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ । ।
ਰੱਬੀ ਦਰਬਾਰ ਨੂੰ ਲੋਕਾਂ ਦੀ ਚੇਤਨਤਾ ਵਿਚ ਡੂੰਘਾ ਵਸਾ ਦੇਣ ਨਾਲ ਉਨ੍ਹਾਂ ਦੇ ਆਚਰਣ ਵਿਚ ਮਹੱਤਵਪੂਰਨ ਪਲਟਾ ਲਿਆਂਦਾ ਜਾਂਦਾ ਸੀ । ਜਿਸ ਮਨੁੱਖ ਲਈ ਰੱਬੀ ਦਰਬਾਰ ਦੂਰ ਦਾ ਸੰਕਲਪ ਨਾ ਰਹੇ ਉਸ ਦੇ ਹਰ ਕਰਮ ਉਤੇ ਇਹ ਪ੍ਰਭਾਵ ਪਾਉਂਦਾ ਹੈ। ਇਸ ਦਰਬਾਰ ਦੀ ਇੱਛਾ ਪਾਲਣੀ ਉਸ ਲਈ ਇਕ ਲਾਜ਼ਮੀ ਕਾਨੂੰਨ ਦੀ ਪੂਰਤੀ ਦੇ ਬਰਾਬਰ ਹੋ ਜਾਂਦੀ ਹੈ । ਇਸ ਇੱਛਾ ਦੀ ਪਾਲਣਾ ਨਾਲ ਜੇ ਕਿਸੇ ਹੋਰ ਨਿਯਮ ਜਾਂ ਇੱਛਾ ਦੀ ਟੱਕਰ ਹੋ ਜਾਏ ਤਾਂ ਉਹ ਰੱਬੀ ਦਰਬਾਰ ਵਿਚ ਸੁਰਖ਼ਰੂ ਹੋਣ ਨੂੰ ਤਰਜੀਹ ਦੇਂਦਾ ਹੈ। ਇਸ ਤਰਜੀਹ ਲਈ ਕਈ ਵਾਰੀ ਸੰਕਟਾਂ ਤੇ ਸ਼ਹੀਦੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਰੱਬੀ ਦਰਬਾਰ ਵਿਚ ਪਤ ਪਾਉਣ ਦੇ ਇੱਛੁਕ ਨੂੰ ਇਸ ਦੀ ਖ਼ਾਤਰ ਕੋਈ ਮੁੱਲ ਤਾਰਨਾ ਵੀ ਵੱਡਾ ਨਹੀਂ ਲਗਦਾ। ਅਠਾਰ੍ਹਵੀਂ ਸਦੀ ਦੇ ਸਿੱਖ ਜਦੋਂ ਮੁਗ਼ਲਾਂ ਨਾਲ ਜੰਗ ਵਿਚ ਕੁੱਦਦੇ ਸਨ ਤਾਂ ਉਨ੍ਹਾਂ ਨੂੰ ਮੌਤ ਤੋਂ ਬੇਫਿਕਰ ਕਰਨ ਵਾਲੀ ਸੋਚ ਹੁੰਦੀ ਸੀ ਕਿ ਜੇ ਉਹ ਜੰਗ ਵਿਚ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਅਰਸ਼ਾਂ ਵਿਚ ਸਜੇ ਕਲਗੀਆਂ ਵਾਲੇ ਦੇ ਦਰਬਾਰ ਵਿਚ ਉਨ੍ਹਾਂ ਨੂੰ ਮਾਨ ਮਿਲੇਗਾ । ਇਸ ਅਰਸ਼ੀ ਦਰਬਾਰ ਦਾ ਸੰਕਲਪ ਡੂੰਘੇ ਨਿਸ਼ਚੇ ਦਾ ਰੂਪ ਧਾਰਨ ਕਰ ਲੈਣ ਬਾਅਦ ਉਨਾਂ ਦੇ ਮਨੋਭਾਵਾਂ ਨੂੰ ਉਚਿਆ ਦੇਣ ਦੀ ਸਮਰੱਥਾ ਰੱਖਦਾ ਸੀ। ਜਿਹੜੇ ਮਨੁੱਖ ਰਹੱਸਵਾਦੀ ਜੀਵਨ ਦੇ ਉਚੇ ਪੜਾਵਾਂ ਉਤੇ ਪਹੁੰਚ ਜਾਂਦੇ ਸਨ ਉਨ੍ਹਾਂ ਲਈ ਤਾਂ ਰੱਬੀ ਦਰਬਾਰ ਦਾ ਸੰਕਲਪ ਇਸੇ ਜੀਵਨ ਵਿਚ ਅਨੁਭਵ ਦੇ ਦਰਜੇ ਤੇ ਪੁੱਜ ਜਾਂਦਾ ਸੀ ਤੇ ਉਹ ਜੰਗ ਵਿਚ ਲੜਨ ਸਮੇਂ ਜਾਂ ਸ਼ਹੀਦੀ ਪ੍ਰਾਪਤ ਕਰਨ ਸਮੇਂ ਵੀ ਇਸ ਦਰਬਾਰ ਵਿਚ ਆਪਣੀ ਹਾਜ਼ਰੀ ਤੇ ਸ਼ੋਭਾ ਮਹਿਸੂਸ ਕਰਦੇ ਸਨ । ਰਹੱਸਵਾਦੀਆਂ ਲਈ ਰੱਬੀ ਦਰਬਾਰ ਦੀ ਹਜੂਰੀ ਨੂੰ ਮਹਿਸੂਸ ਕਰਨਾ ਕੋਈ ਕਾਲਪਨਿਕ ਅਨੁਭਵ ਨਹੀਂ ਹੁੰਦਾ। ਉਨ੍ਹਾਂ ਨੂੰ ਇਹ ਅਨੁਭਵ ਯਥਾਰਥਵਾਦੀ ਵਸਤਾਂ ਦੇ ਇੰਦ੍ਰਿਆਂ ਰਾਹੀਂ ਹਾਸਲ ਕੀਤੇ ਗਿਆਨ ਤੋਂ ਵਧੇਰੇ ਅਸਲ ਪ੍ਰਤੀਤ ਹੁੰਦਾ ਹੈ । ਇਸ ਅਨੁਭਵ ਦੀ ਅਸਲੀਅਤ ਨੂੰ ਉਹ ਜਿਸ ਗੰਭੀਰਤਾ ਨਾਲ ਪਰਵਾਨ ਕਰਦੇ ਹਨ ਜਾਂ ਜਿਸ ਤੀਬਰਤਾ ਨਾਲ ਇਸ ਦਾ ਐਲਾਨ ਕਰਦੇ ਹਨ ਉਸ ਦਾ ਪ੍ਰਭਾਵ ਉਨ੍ਹਾਂ ਦੇ ਸਰੋਤਿਆਂ ਜਾਂ ਪਾਠਕਾਂ ਦੀ ਚੇਤਨਤਾ ਨੂੰ ਵੀ ਕਿਸੇ ਹੱਦ ਤਕ ਆਪਣੇ ਨਿਸ਼ਚੇ ਵਿਚ ਰੰਗ ਲੈਂਦਾ ਹੈ। ਕਲਪਨਾ ਜਾਂ ਸੁਪਨਿਆਂ ਦੀ ਦੁਨੀਆ ਨੂੰ ਅਸਲ ਮੰਨ ਕੇ ਕਿਸੇ ਭਰਮ-ਜਾਲ ਵਿਚ ਫਸੇ ਰਹਿਣ ਵਾਲੇ ਮਨੁੱਖ ਦੇ ਆਚਰਣ ਤੇ ਕਰਮ ਵਿਚ ਉਸ ਤਰ੍ਹਾਂ ਦੀਆਂ ਬੁਨਿਆਦੀ ਜਾਂ ਉਸਾਰੂ ਤਬਦੀਲੀਆਂ ਪੈਦਾ ਨਹੀਂ ਹੁੰਦੀਆਂ ਜਿਸ ਤਰ੍ਹਾਂ ਦੀਆਂ ਰੱਬੀ ਦਰਬਾਰ ਨੂੰ ਚੇਤਨਤਾ ਵਿਚ ਡੂੰਘਾ ਵਸਾ ਲੈਣ ਵਾਲੇ ਰਹੱਸਵਾਦੀ ਵਿਚ ਵਾਪਰਦੀਆਂ ਹਨ।
ਪੰਜਾਬ ਦੇ ਗੁਰੂਆਂ ਤੇ ਸੂਫ਼ੀਆਂ ਨੇ ਇਸ ਪ੍ਰਾਂਤ ਦੇ ਇਤਿਹਾਸ ਉਤੇ ਜੋ ਪ੍ਰਭਾਵ ਪਾਇਆ ਹੈ, ਉਸ ਦਾ ਮਨੋਵਿਗਿਆਨਕ ਵਿਸ਼ਲੇਸ਼ਨ ਕੀਤਿਆਂ ਇਹ ਪਰਤੱਖ ਹੁੰਦਾ ਹੈ ਕਿ ਪੰਜਾਬੀ ਲੋਕਾਂ ਦੇ ਮਨੋਭਾਵਾਂ ਨੂੰ ਸਨਾਤਨੀ ਵਿਚਾਰਾਂ ਦੇ ਬੋਝ ਹੇਠੋਂ ਸੁਤੰਤਰ ਕਰਨ ਲਈ ਰੱਬ ਦੀ ਸਹਾਇਤਾ ਦੀ ਓਟ ਵਿਚ ਉਨ੍ਹਾਂ ਦਾ ਭਰੋਸਾ ਅਤਿਅੰਤ ਸਾਰਥਕ ਸਾਬਤ ਹੁੰਦਾ ਰਿਹਾ ਤੇ ਉਨ੍ਹਾਂ ਨੂੰ ਜੀਵਨ-ਖੇਤਰ ਵਿਚ ਅਦੁੱਤੀ ਕਾਰਨਾਮੇ ਦਿਖਾਉਣ ਲਈ ਉਭਾਰਦਾ ਰਿਹਾ। ਜਿਹੜੇ ਲੋਕ ਪਦਵੀਆਂ ਤੇ ਅਧਿਕਾਰਾਂ ਦੇ ਸੁਆਮੀਆਂ ਦੇ ਭੈਅ ਤੇ ਰੋਅਬ ਨੂੰ ਸੁੱਤੇ-ਸਿੱਧ ਪ੍ਰਵਾਨ ਕਰੀ ਜਾਂਦੇ ਸਨ, ਉਨ੍ਹਾਂ ਨੂੰ ਬਾਰ ਬਾਰ ਹਲੂਣ ਕੇ ਸੁਚੇਤ ਕਰਵਾਇਆ ਗਿਆ ਕਿ ਉੱਚੇ ਤੋਂ ਉੱਚੇ ਅਧਿਕਾਰੀ ਜਾਂ ਨੇਤਾ ਰੱਬ ਦੇ ਦਰਬਾਰ ਵਿਚ ਦੁਰਕਾਰੇ ਜਾਂਦੇ ਹਨ ਜੇ ਉਹ ਰੱਬੀ ਇੱਛਾ ਅਨੁਸਾਰ ਜ਼ਿੰਦਗੀ ਨਹੀਂ ਬਿਤਾਉਂਦੇ। ਦੁਨੀਆ ਦੇ ਸ਼ਕਤੀਵਰ ਲੋਕਾਂ ਨੂੰ ਰੱਬ ਦੇ ਦਰਬਾਰ ਵਿਚ ਬੇਬਸ, ਲਾਚਾਰ ਤੇ ਕੋਝੇ ਰੂਪ ਵਿਚ ਦਰਸਾਉਣਾ ਉਨ੍ਹਾਂ ਦੀ ਸ਼ਾਨ-ਸ਼ੌਕਤ, ਰੋਅਬ ਦਾਬ ਤੇ ਭੈਅ ਦੀ ਅਸਲੀਅਤ ਨੂੰ ਮਿਰਗਛਲੀ ਜਿਹਾ ਫਰੇਬੀ ਮਹਿਸੂਸ ਕਰਵਾਉਣਾ ਸੀ, ਜਿਸ ਦਾ ਫਲ-ਸਰੂਪ ਲੋਕੀ ਰੱਬ ਨੂੰ ਸ਼ਕਤੀਵਰਾਂ ਦਾ ਵਿਰੋਧੀ ਤੇ ਆਪਣਾ ਪੱਖੀ ਮੰਨਣ ਲਗ ਪਏ । ਫਰੀਦ ਜੀ ਦਾ ਸਲੋਕ ‘ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ, ਅਗੈ ਗਏ ਸਿੰਞਾਪਸਨ ਚੋਟਾਂ ਖਾਸੀ ਕਉਣੁ’ ਪਦਾਰਥਾਂ ਦੀ ਬਹੁਲਤਾ ਵਿਚ ਵਿਚਰਨ ਵਾਲਿਆਂ ਦੀ ਐਸ਼-ਇਸ਼ਰਤ ਨੂੰ ਰੱਬੀ ਕਰੋਪੀ ਦਾ ਪਾਤਰ ਦਰਸਾ ਕੇ ਅਮੀਰੀ ਜੀਵਨ ਦਾ ਗੌਰਵ ਘਟਾਉਂਦਾ ਹੈ। ਗੁਰੂ ਨਾਨਕ ਦੀ ‘ਆਸਾ ਦੀ ਵਾਰ’ ਵਿਚ ਅਮੀਰੀ ਕੀਮਤਾਂ ਦਾ ਖੰਡਨ ਬਹੁਤ ਭਰਪੂਰ ਹੋਣ ਕਰ ਕੇ ਹੀ ਸ਼ਾਇਦ ਰੋਜ਼ਾਨਾ ਕੀਰਤਨ ਦੇ ਪ੍ਰੋਗਰਾਮ ਵਿਚ ਇਸ ਵਾਰ ਨੂੰ ਸ਼ਿਰੋਮਣੀ ਥਾਂ ਦਿਤੀ ਗਈ। ਰੋਜ਼ ਰੋਜ਼ ਇਸ ਦੇ ਪ੍ਰਭਾਵ ਨੂੰ ਗ੍ਰਹਿਣ ਕਰਨ ਵਾਲਿਆਂ ਦੇ ਮਨਾਂ ਵਿਚ ਉੱਚਤਾ ਤੇ ਨੀਚਤਾ ਦੀਆਂ ਆਮ ਕਸੌਟੀਆਂ ਬਦਲ ਜਾਂਦੀਆਂ ਸਨ ਤੇ ਮਨੁੱਖੀ ਕਾਨੂੰਨ ਨਾਲੋਂ ਰੱਬੀ ਕਾਨੂੰਨ ਦੀ ਪ੍ਰਬਲਤਾ ਦਾ ਨਿਸ਼ਚਾ ਪੱਕਾ ਹੋ ਜਾਂਦਾ ਸੀ ।’ ਇਸ ਵਾਰ ਦੀਆਂ ਪਹਿਲੀਆਂ ਤਿੰਨ ਪਉੜੀਆਂ ਤਾਂ ਰੱਬੀ ਦਰਬਾਰ ਦੇ ਦ੍ਰਿਸ਼ ਨੂੰ ਐਸੀ ਕਲਾ- ਪ੍ਰਬੀਨਤਾ ਨਾਲ ਉਘਾੜਦੀਆਂ ਹਨ ਕਿ ਦੁਨੀਆ ਦੇ ਵੱਡੇ ਲੋਕਾਂ ਦੀ ਤੁਛਤਾ ਇਕ ਚਿੱਤਰ ਦੀ ਤਰ੍ਹਾਂ ਸਾਕਾਰ ਹੋ ਕੇ ਅੱਖਾਂ ਸਾਹਮਣੇ ਆ ਜਾਂਦੀ ਹੈ । ਇਸ ਵਾਰ ਦਾ ਸਮੁੱਚਾ ਪ੍ਰਭਾਵ ਜਾਚਣ ਲਈ ਤੀਸਰੀ ਪਉੜੀ ਦਾ ਪ੍ਰਮਾਣ ਦੇਣਾ ਕਾਫ਼ੀ ਹੈ –
ਆਪੀਨੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ।।
ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ। ।
ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ । ।
ਥਾਉ ਨ ਹੋਵੀ ਪਉਦੀਈ ਹੁਣਿ ਸੁਣਿਐ ਕਿਆ ਰੁਆਇਆ । ।
ਮਨਿ ਅੰਧੈ ਜਨਮੁ ਗਵਾਇਆ । । ੩ । ।
ਵਿਸ਼ਵਾਰਥੀ ਇੱਛਾ ਨਾਲ ਇਕਸੁਰਤਾ ਦੀ ਪੂਰਨ ਅਵਸਥਾ ਬੜੇ ਘੱਟ ਮਨੁੱਖਾਂ ਨੂੰ ਪ੍ਰਾਪਤ ਹੁੰਦੀ ਹੈ ਪਰ ਇਸ ਇਕਸੁਰਤਾ ਦੀ ਲਗਨ ਘੱਟ ਜਾਂ ਵੱਧ ਮਾਤਰਾ ਵਿਚ, ਅਚੇਤ ਜਾਂ ਸੁਚੇਤ ਤੌਰ ਤੇ ਆਮ ਮਨੁੱਖਾਂ ਵਿਚ ਵੀ ਮੌਜੂਦ ਹੁੰਦੀ ਹੈ। ਇਸ ਲਗਨ ਦਾ ਇਕ ਸਾਧਾਰਨ ਰੂਪ ਆਤਮਾ ਦੀ ਆਵਾਜ਼ ਜਾਂ ਜ਼ਮੀਰ ਤੋਂ, ਚੌਕੰਨੇ ਹੋਣਾ ਹੈ । ਜਿਹੜੇ ਲੋਕ ਆਪਣੇ ਜੀਵਨ ਨੂੰ ਸਦਾਚਾਰਕ ਉੱਚਤਾ ਦੇ ਜ਼ਬਤ ਵਿਚ ਰੱਖਣ ਵਾਲੇ ਜਾਂ ਆਪਣੇ ਫਰਜਾਂ ਨੂੰ ਦਿਲ ਦੀ ਸਚਾਈ ਨਾਲ ਪੂਰਾ ਕਰਨ ਉਤੇ ਜ਼ੋਰ ਦੇਣ ਵਾਲੇ ਹੁੰਦੇ ਹਨ, ਉਹ ਭਾਵੇਂ ਸੁਚੇਤ ਤੌਰ ਤੇ ਵਿਸ਼ਵਾਰਥੀ ਮਨ ਦੀ ਹੋਂਦ ਵਿਚ ਯਕੀਨ ਨਾ ਕਰਦੇ ਹੋਣ ਉਨ੍ਹਾਂ ਦਾ ਝੁਕਾਅ ਵਿਸਵਾਰਥੀ ਇੱਛਾ ਦੇ ਅਨੁਕੂਲ ਚਲਣ ਵਾਲਾ ਹੁੰਦਾ ਹੈ । ਜਿਹੜਾ ਮਨੁੱਖ ਆਪਣੇ ਮਨ ਦੇ ਮੂੰਹ-ਜ਼ੋਰ ਘੋੜਿਆ ਜਾਂ ਕੁਦਰਤੀ ਰੁਚੀਆਂ ਨੂੰ ਕਿਸੇ ਤਰ੍ਹਾਂ ਵੀ ਲਗਾਮਾਂ ਪਾਉਂਦਾ ਹੈ, ਉਹ ਆਤਮਕ ਵਿਕਾਸ ਵਿਚ ਉੱਚਾ ਚੜ੍ਹਦਾ ਜਾਂਦਾ ਹੈ । ਮਨੁੱਖੀ ਕੀਮਤਾਂ ਨੂੰ ਅਪਨਾਉਣ ਵਾਲਾ ਹਰ ਮਨੁੱਖ ਆਤਮਕ ਚੇਤਨਤਾ ਦਾ ਕੁਝ ਨਾ ਕੁਝ ਅੰਸ਼ ਰੱਖਦਾ ਹੈ। ਸੂਫ਼ੀ ਸਾਹਿਤ ਵਿਚ ਮਿਜਾਜ਼ੀ ਆਸ਼ਕਾਂ ਦੀ ਵਡਿਆਈ ਜਾਂ ਗੁਰੂ ਨਾਨਕ ਦੀ ਕਵਿਤਾ ਵਿਚ ਯੋਧਿਆ, ਮਹਾਂਬਲੀ ਸੂਰਮਿਆਂ ਦਾ ਦੈਵੀ ਜਾਂ ਧਾਰਮਕ ਹਸਤੀਆਂ ਵਿਚ ਪ੍ਰਸ਼ੰਸਾ ਭਰਪੂਰ ਜ਼ਿਕਰ ਇਸ ਸਚਾਈ ਦੀ ਪ੍ਰੋੜਤਾ ਕਰਦਾ ਹੈ।’ ਵਿਸਵਾਰਥੀ ਇੱਛਾ ਦੀ ਲਗਨ ਜਿਸ ਮਨੁੱਖ ਵਿਚ ਸੁਚੇਤ ਤੇ ਤੀਬਰ ਹੋ ਜਾਵੇ, ਉਹ ਰੂਹਾਨੀ ਜੀਵਨ ਦੀਆਂ ਜੁਗਤੀਆਂ ਦਾ ਮੁਤਲਾਸ਼ੀ ਹੋ ਜਾਂਦਾ ਹੈ । ਕਈਆਂ ਮਨੁੱਖਾਂ ਵਿਚ ਰਹੱਸਵਾਦੀ ਜੀਵਨ ਦਾ ਆਰੰਭ ਕਿਸੇ ਵਿਸ਼ੇਸ਼ ਘਟਨਾ ਦੇ ਚਾਣਚਕ ਅਸਰ ਨਾਲ ਹੁੰਦਾ ਹੈ ਤੇ ਕਈਆਂ ਦੀ ਸਦਾਚਾਰਕ ਜਾਂ ਮਨੁੱਖਵਾਦੀ ਚੇਤਨਤਾ ਅਥਵਾ ਅੰਦਰਲੀ ਆਵਾਜ਼ ਦੀ ਸੋਝੀ ਦੇ ਸਹਿਜੇ ਸਹਿਜੇ ਵਿਕਾਸ ਕਰਕੇ, ਵਿਸ਼ਾਲ ਹੋ ਕੇ। ਰਹੱਸਵਾਦੀ ਜੀਵਨ ਦੀ ਤਾਂਘ ਤਦੇ ਕਿਸੇ ਮਨੁੱਖ ਨੂੰ ਪੱਕੇ ਤੌਰ ਤੇ ਆਪਣੀ ਲਪੇਟ ਵਿਚ ਲੈਂਦੀ ਹੈ ਜਦੋਂ ਉਸ ਨੂੰ ਇਹ ਸੋਝੀ ਹੋ ਜਾਵੇ ਕਿ ਬ੍ਰਹਿਮੰਡੀ ਨਿਜ਼ਾਮ ਕਿਸੇ ਚੇਤਨ ਇੱਛਾ ਦੀ ਵਿਉਂਤ ਅਧੀਨ ਵਿਕਾਸ ਕਰ ਰਿਹਾ ਹੈ। ਇਹ ਸੋਝੀ ਭਾਵੇਂ ਰਹੱਸਵਾਦੀ ਜੀਵਨ ਦਾ ਮੁੱਢ ਹੁੰਦੀ ਹੈ ਪਰ ਮਨੁੱਖੀ ਸ਼ਖਸੀਅਤ ਦੇ ਸਾਧਾਰਨ ਵਿਕਾਸ ਵਿਚ ਇਹ ਕਾਫ਼ੀ ਉੱਚੇ ਦਰਜੇ ਦੀ ਸੂਚਕ ਹੈ । ਸਭ ਰਹੱਸਵਾਦੀ ਜੁਗਤੀਆਂ ਦਾ ਫਲ ਇਸ ਸੋਝੀ ਨੂੰ ਡੂੰਘਾ ਤੇ ਸਦੀਵੀ ਬਣਾਉਣਾ ਹੁੰਦਾ ਹੈ । ਜਿਸ ਮਨੁੱਖ ਵਿਚ ਸੋਝੀ ਜਾਗ ਪਵੇ ਉਸ ਨੂੰ ਇਸ ਦੀ ਖਿੱਚ ਹਮੇਸ਼ਾਂ ਬੇਚੈਨ ਰੱਖਦੀ ਹੈ। ਮਨੁੱਖ ਦੇ ਮਨ ਅੰਦਰ ਵਿਸ਼ਵਾਰਥੀ ਇੱਛਾ ਦੀ ਹੋਂਦ ਦਾ ਖ਼ਿਆਲ ਜਾਗ ਪੈਣ ਨੂੰ ਰਹੱਸਵਾਦੀ ਸਾਹਿਤ ਵਿਚ ‘ਰੱਬ ਨਾਲ ਨੇਹੁ ਲਗ ਜਾਣਾ’ ਕਿਹਾ ਜਾਂਦਾ ਹੈ । ਇਹ ਖ਼ਿਆਲ ਨਿਰਾ ਦਿਮਾਗੀ ਮਨੌਤ ਨਹੀਂ ਹੁੰਦਾ, ਇਸ ਦਾ ਪ੍ਰਭਾਵ ਕੁਝ ਮਜ਼ਬੂਰੀ ਦੀ ਅੰਸ਼ ਰੱਖਦਾ ਹੈ, ਜਿਸ ਤਰ੍ਹਾਂ ਕਿਸੇ ਸੁੰਦਰ ਇਸਤਰੀ ਦਾ ਪ੍ਰਭਾਵ ਪੁਰਸ਼ ਮਨ ਨੂੰ ਉਸ ਵੱਲ ਝੁਕਣ ਲਈ ਮਜ਼ਬੂਰ ਕਰ ਦੇਂਦਾ ਹੈ। ਇਹ` ਮਜ਼ਬੂਰੀ ਜਾਂ ਖਿੱਚ ਜਦ ਜਾਗ ਪੈਂਦੀ ਹੈ ਤਾਂ ਇਸ ਨੂੰ ਸਿਰੇ ਚੜ੍ਹਨ ਤੋਂ ਰੋਕਣ ਵਾਲੇ ਕਈ ਵਿਘਨ ਪੈਂਦੇ ਰਹਿੰਦੇ ਹਨ। ਕੋਈ ਮਨੁੱਖ ਰਹੱਸਵਾਦੀ ਜੀਵਨ ਦੀ ਘਾਲ ਸ਼ੁਰੂ ਨਹੀਂ ਕਰਦਾ ਜਿਸ ਅੰਦਰ ਵਿਸ਼ਵਾਰਥੀ ਇੱਛਾ ਜਾਂ ਰੱਬੀ ਹੁਕਮ ਦੀ ਚੇਤਨਤਾ ਪੈਦਾ ਨਾ ਹੋਵੇ ਤੇ ਇਸ ਨਾਲ ਇਕਸੁਰਤਾ ਜੀਵਨ ਦੀ ਪ੍ਰਫੁੱਲਤਾ ਨਾ ਭਾਸੇ। ਜਿਸ ਨੂੰ ਵਿਸ਼ਵਾਰਥੀ ਇੱਛਾ ਦਾ ਮਾੜਾ-ਮੋਟਾ ਝਾਉਲਾ ਵੀ ਪੈ ਜਾਵੇ ਉਸ ਨੂੰ ਪ੍ਰਤੱਖ ਹੋ ਜਾਂਦਾ ਹੈ ਕਿ ਇਸ ਇੱਛਾ ਨਾਲ ਇਕਸੁਰਤਾ ਦਾ ਜੀਵਨ ਚੈਨ, ਅਨੰਦ, ਟਿਕਾਉ ਤੇ ਅਮਨ ਦਾ ਜੀਵਨ ਹੈ ਤੇ ਇਸ ਤੋ ਬਗ਼ੈਰ ਆਪਣੀ ਇੱਛਾ ਜਾਂ ਹਉਮੈ ਦਾ ਜੀਵਨ ਨੀਰਸ ਤੇ ਨਿਰਾਰਥਕ ਹੈ। ਪਰ ਆਪਣੀ ਇੱਛਾ ਅਨੁਸਾਰ ਜੀਵਨ ਜੀਉਣ ਦਾ ਢੰਗ ਤਿਆਗ ਕੇ ਰੱਬੀ ਹੁਕਮ ਅਨੁਸਾਰ ਜੀਵਨ ਨੂੰ ਢਾਲਣਾ ਇਕ ਦੀਰਘ ਮੁਹਿੰਮ ਫਤਹਿ ਕਰਨ ਦੇ ਤੁਲ ਹੈ । ਸਾਧਾਰਨ ਜੀਵਨ ਦੇ ਕਈ ਕੰਮ ਇਸ ਮੁਹਿੰਮ ਵਿਚ ਸਹਾਈ ਹੁੰਦੇ ਹਨ ਤੇ ਕਈ ਵਿਘਨਕਾਰੀ। ਰਹੱਸਵਾਦੀ ਸਾਧਕ ਹਰ ਕੰਮ ਨੂੰ ਬਰੀਕੀ ਨਾਲ ਵਿਸ਼ਵਾਰਥੀ ਇੱਛਾ ਦੀ ਕਸੌਟੀ ਤੇ ਪਰਖਦਾ ਰਹਿੰਦਾ ਹੈ । ਜਦੋਂ ਉਹ ਕੋਈ ਐਸਾ ਕੰਮ ਕਰਦਾ ਹੈ ਜਿਹੜਾ ਵਿਸ਼ਵਾਰਥੀ ਇੱਛਾ ਦੇ ਪ੍ਰਤਿਕੂਲ ਹੋਵੇ ਤਾਂ ਉਸ ਦੀ ਚੇਤਨਤਾ ਵਿੱਚੋਂ ਇਸ ਇੱਛਾ ਦੀ ਹੋਂਦ ਦਾ ਖ਼ਿਆਲ ਮੱਧਮ ਪੈ ਜਾਂਦਾ ਹੈ ਤੇ ਉਹ ਇਕ ਮਿੱਠੀ ਯਾਦ ਜਾਂ ਸੁੰਦਰ ਆਦਰਸ਼ ਦੀ ਤਾਂਘ ਤੋਂ ਵਾਂਝਿਆ ਗਿਆ ਮਹਿਸੂਸ ਕਰਦਾ ਹੈ। ਸਿਮਰਨ ਜਾਂ ਭਗਤੀ ਦਾ ਪ੍ਰਯੋਜਨ ਵਿਸ਼ਵਾਰਥੀ ਇੱਛਾ ਤੇ ਸੰਕਲਪ ਨੂੰ ਲਗਾਤਾਰ ਚੇਤਨਤਾ ਵਿਚ ਵਸਾਉਣਾ ਹੁੰਦਾ ਹੈ । ਹਰ ਘਟਨਾ ਰੱਬ ਦੇ ਹੁਕਮ ਵਿਚ ਹੋ ਰਹੀ ਹੈ – ਇਹ ਚੇਤਨਤਾ ਮਨੁੱਖ ਦੇ ਵਤੀਰੇ ਵਿਚ ਹਰ ਸਮੇਂ ਫਰਕ ਪਾਉਂਦੀ ਹੈ । ਜੇ ਕੋਈ ਸੁਖਦਾਈ ਘਟਨਾ ਵਾਪਰੇ ਤਾਂ ਉਹ ਸੁੱਖ ਦੀ ਪ੍ਰਾਪਤੀ ਰੱਬ ਦੀ ਇੱਛਾ ਅਨੁਸਾਰ ਹੋਈ ਮੰਨ ਕੇ ਸ਼ੁਕਰ ਦੇ ਭਾਵਾਂ ਵਿਚ ਆਉਂਦਾ ਹੈ ਜੇ ਦੁਖਦਾਈ ਘਟਨਾ ਵਾਪਰੇ ਤਾਂ ਰੱਬ ਦਾ ਹੁਕਮ ਅਟੱਲ ਸਮਝ ਕੇ ਸਬਰ ਕਰਦਾ ਹੈ। ਇਸ ਚੇਤਨਤਾ ਬਿਨਾ ਸੁੱਖ ਜਾਂ ਦੁੱਖ ਬਹੁਤੀ ਵਾਰੀ ਅਭਿਮਾਨ ਜਾਂ ਨਿੰਮੋਝੂਣਤਾ ਦੀ ਅਵਸਥਾ ਪੈਦਾ ਕਰਦੇ ਹਨ । ਖੁਦਗਰਜ਼ੀ, ਨਫਰਤ, ਈਰਖਾ, ਲੋਭ ਆਦਿਕ ਦੇ ਆਧਾਰ ਤੇ ਕੀਤੇ ਕੰਮ ਉਸ ਨੂੰ ਰੱਬ ਦੀ ਇੱਛਾ ਦੇ ਪ੍ਰਤਿਕੂਲ ਭਾਸਦੇ ਹਨ ਤੇ ਪ੍ਰੇਮ, ਪ੍ਰਸ਼ੰਸਾ, ਕੁਰਬਾਨੀ ਦੇ ਯਤਨ ਇਸ ਦੇ ਅਨੁਕੂਲ ਲਗਦੇ ਹਨ। ਪੰਜਾਬ ਦੇ ਗੁਰੂਆਂ ਤੇ ਸੂਫ਼ੀਆਂ ਨੇ ਰਹੱਸਵਾਦੀ ਜੀਵਨ ਦੀ ਸਾਧਨਾ ਨੂੰ ਬੜੀ ਸੂਝ ਨਾਲ ਪ੍ਰਚਾਰਿਆ ਸੀ। ਉਨ੍ਹਾਂ ਨੇ ਆਤਮਕ ਜੀਵਨ ਤੇ ਵਿਹਾਰਕ ਜਾਂ ਦੁਨਿਆਵੀ ਜੀਵਨ ਨੂੰ ਦੋ ਸੁਤੰਤਰ ਦਾਇਰਿਆਂ ਨਾਲ ਨਹੀਂ ਵੰਡਿਆ, ਵਿਹਾਰਕ ਜੀਵਨ ਦੀ ਹਰ ਘਟਨਾ ਜਾਂ ਕਿਰਿਆ ਨੂੰ ਆਤਮਕ ਜੀਵਨ ਦੀ ਬਿਰਤੀ ਨਾਲ ਦੇਖਣ ਜਾਂ ਨਜਿੱਠਣ ਦਾ ਉਪਦੇਸ਼ ਦਿੱਤਾ ਜਦ ਇਕ ਮਾਂ ਬੱਚੇ ਦੀ ਖੁਸ਼ੀ ਦੀ ਖ਼ਾਤਰ ਆਪਣਾ ਸਮਾਂ, ਆਰਾਮ ਜਾਂ ਸਾਮਾਨ ਕੁਰਬਾਨ ਕਰਦੀ ਹੈ ਤਾਂ ਇਕ ਤਰ੍ਹਾਂ ਆਪਣੀ ਹਉਮੈ ਨੂੰ ਪਤਲਾ ਕਰਦੀ ਹੈ। ਪਤੀ ਪਤਨੀ ਜਦ ਇਕ ਦੂਜੇ ਦੀ ਖਿੱਝ, ਵਧੀਕੀ ਤੇ ਕ੍ਰੋਧ ਨੂੰ ਸਬਰ ਨਾਲ ਬਰਦਾਸ਼ਤ ਕਰਦੇ ਹਨ ਤਾਂ ਆਪਣੇ ਹੰਕਾਰ ਨੂੰ ਵਧਣ ਤੋਂ ਰੋਕਦੇ ਹਨ। ਸਿਪਾਹੀ ਦੇਸ਼ ਦੀ ਰੱਖਿਆ ਦੀ ਖ਼ਾਤਰ ਆਪਣੀ ਜਾਨ. ਤੋਂ ਬੇਪਰਵਾਹ ਹੋ ਜੰਗ ਵਿਚ ਕੁੱਦਦਾ ਹੈ ਤਾਂ ‘ਆਪਾ ਭਾਵ’ ਨੂੰ ਪਿੱਛੇ ਸੁੱਟਦਾ ਹੈ । ਘਰੋਗੀ ਜਾਂ ਵਿਹਾਰਕ ਜੀਵਨ ਵਿਚ ਮਨੁੱਖ ਦਾ ਬੇਗਰਜ, ਉਸਾਰੂ ਜਾਂ ਮਨੁੱਖੀ ਰਵੱਈਆ ਆਤਮਕ ਗੁਣਾਂ ਦੇ ਵਿਕਾਸ ਵਿਚ ਸਹਾਈ ਹੁੰਦਾ ਹੈ ਤੇ ਵਿਅਕਤੀਵਾਦੀ ਕਠੋਰ ਜਾਂ ਜ਼ਿੱਦੀ ਵਤੀਰਾ ਬਾਧਕ । ਸਾਧਾਰਨ ਜੀਵਨ ਵਿਚ ਹਉਮੈ ਦੇ ਦਬਾਅ ਨੂੰ ਘਟਾਉਣ ਦੇ ਬਹੁਤ ਮੌਕੇ ਆਉਂਦੇ ਰਹਿੰਦੇ ਹਨ। ਜਿਹੜੇ ਮਨੁੱਖ ਸਮਾਜਕ ਚੇਤਨਤਾ ਨਾਲ ਭਰਪੂਰ ਹੁੰਦੇ ਹਨ ਤੇ ਸਮੂਹਕ ਜੀਵਨ ਨੂੰ ਨਰੋਆ ਬਣਾਉਣ ਹਿਤ ਆਪਣਾ ਜੀਵਨ ਅਰਪਣ ਕਰਦੇ ਜਾਂ ਵਾਰਦੇ ਹਨ, ਉਹ ਹਉਮੈਂ ਦੀਆਂ ਤੰਦਾਂ ਨੂੰ ਬਹੁਤ ਵੱਡੀ ਗਿਣਤੀ ਵਿਚ ਤੋੜਦੇ ਤੇ ਹੁਕਮ ਦੇ ਜੀਵਨ ਲਈ ਆਪਣੀ ਸਮਰੱਥਾ ਵਧਾਉਂਦੇ ਹਨ। ਕਲਾਤਮਕ ਜਾਂ ਸੱਭਿਆਚਾਰਕ ਜੀਵਨ ਦੀ ਸੂਖਮਤਾ ਵੀ ਹਉਮੈ ਦੇ ਗੁਬਾਰ’ ਘਟਣ ਨਾਲ ਹੀ ਸੰਭਵ ਹੁੰਦੀ ਹੈ । ਜਿਹੜਾ ਮਨੁੱਖ ਸਾਥੀਆਂ ਸੰਗੀਆਂ ਦੇ ਔਗੁਣ ਘੋਖਣ ਦੀ ਬਜਾਏ ਉਨ੍ਹਾਂ ਦੇ ਗੁਣਾਂ ਨੂੰ ਦੇਖਦਾ, ਸਲਾਹੁੰਦਾ ਤੇ ਉਭਾਰਦਾ ਹੈ ਉਹ ਉੱਤਮ ਸੱਭਿਆਚਾਰਕ ਜੀਵਨ ਦਾ ਹੀ ਨਹੀਂ, ਆਤਮਕ ਜੀਵਨ ਦਾ ਨੇੜ ਵੀ ਪ੍ਰਾਪਤ ਕਰ ਰਿਹਾ ਹੈ। ਵੰਡ ਕੇ ਖਾਣ, ਦੁੱਖ ਸੁੱਖ ਵਿਚ ਇਕ ਦੂਜੇ ਦੀ ਸੇਵਾ ਕਰਨ, ਰਲ ਕੇ ਕੰਮ ਕਰਨ ਤੇ ਸੁਚੱਜਤਾ ਨਾਲ ਸਾਂਝੇ ਫੈਸਲੇ ਕਰਨ ਦੀ ਸਿਖਲਾਈ ਸਿੱਖ ਗੁਰੂ ਆਪਣੇ ਸਮੇਂ ਦੇ ਪੰਜਾਬੀਆਂ ਨੂੰ ਬੜੀ ਮਿਹਨਤ ਨਾਲ ਦੇਂਦੇ ਰਹੇ। ਉਨ੍ਹਾਂ ਦੀ ਦ੍ਰਿਸ਼ਟੀ ਅਨੁਸਾਰ ਘਰੋਗੀ, ਵਿਹਾਰਕ ਭਾਈਚਾਰਕ ਤੇ ਸਮਾਜਕ ਜੀਵਨ ਵਿਚ ਸਹੀ ਵਤੀਰਾ ਅਖ਼ਤਿਆਰ ਕਰਨ ਵਾਲਾ ਮਨੁੱਖ ਐਸਾ ਸੰਸਾਰੀ ਜੀਵ ਨਹੀਂ ਜੋ ਆਤਮਕ ਜਗਿਆਸੂ ਤੋਂ ਉਲਟੇ ਰਾਹ ਤੇ ਚਲ ਰਿਹਾ ਹੈ – ਉਸ ਦੀ ਸੇਧ ਸਹੀ ਹੈ ਜੇ ਉਹ ਆਪਣੀ ਹਉਮੈ ਉਤੇ ਹਰ ਵਕਤ ਪਹਿਰਾ ਦੇਂਦਾ ਹੈ ਤੇ ਇਸ ਨੂੰ ਪੱਠੇ ਪਾਉਣ ਵਾਲੇ ਹਰ ਕਰਮ ਤੋਂ ਸੰਕੋਚ ਕਰਦਾ ਹੈ। ਪਰ ਹਉਮੈਂ ਤੋਂ ਪੂਰਨ ਤੌਰ ਤੇ ਮੁਕਤ ਹੋਣ ਲਈ ਗੁਰੂ ਸਾਹਿਬ ਜਾਂ ਸੂਫ਼ੀ ਸੰਸਾਰੀ ਜੀਵਨ ਦੀ ਸੁਚੱਜਤਾ ਨੂੰ ਕਾਫ਼ੀ ਨਹੀਂ ਮੰਨਦੇ । ਰੱਬੀ ਹੁਕਮ ਅਨੁਸਾਰ ਢਲਣ ਵਾਲੇ ਜੀਵਨ ਦੇ ਪੰਧ ਵਿਚ, ਹਉਮੈ ਨੂੰ ਮਾਤ ਪਾਉਣ ਵਾਲਾ ਸਦਾਚਾਰਕ ਜਾਂ ਸ਼ੁਧ ਸਮਾਜਕ ਜੀਵਨ ਮੁੱਢਲੇ ਪੜਾਵਾਂ ਉਤੇ ਜ਼ਰੂਰ ਸਹਾਇਤਾ ਕਰਦਾ ਹੈ ਪਰ ਅੰਤਲੇ ਪੜਾਵਾਂ ਵਿਚ ਹੋਰ ਵਧੀਕ ਸੂਖਮ ਸਾਧਨਾਂ ਦੀ ਸਹਾਇਤਾ ਲੈਣੀ ਜ਼ਰੂਰੀ ਹੋ ਜਾਂਦੀ ਹੈ । ਇਕ ਨੇਕ ਆਦਮੀ ਕਿਸੇ ਦੁਖੀ ਨਾਲ ਦਰਦ ਵੰਡਾਉਂਦਾ ਹੋਇਆ ਜਾਂ ਅਸੂਲ ਦੀ ਖ਼ਾਤਰ ਦੁਖ ਝੱਲਦਾ ਹੋਇਆ ਆਤਮਕ ਗੁਣਾਂ ਲਈ ਜ਼ਮੀਨ ਜ਼ਰੂਰ ਤਿਆਰ ਕਰਦਾ ਹੈ ਪਰ ਇਸ ਜ਼ਮੀਨ ਵਿਚ ਆਤਮਕ ਜੀਵਨ ਦਾ ਬੀਜ ਤਦ ਪਵੇਗਾ ਜਦ ਉਸ ਦੀ ਚੇਤਨਤਾ ਵਿਚ ਇਹ ਸਚਾਈ ਵੀ ਉਜਾਗਰ ਹੋਵੇਗੀ ਕਿ ਉਸ ਦੀ ਨੇਕੀ ਰੱਬ ਦੀ ਇੱਛਾ ਦਾ ਹੀ ਫਲ ਹੈ। ਸਦਾਚਾਰਕ ਜਾਂ ਸਮਾਜਕ ਗੁਣਾਂ ਨੂੰ ਸ੍ਵੈ-ਕਾਬੂ ਜਾਂ ਮਿਹਨਤ ਨਾਲ ਧਾਰਨ ਕਰਨ ਬਾਅਦ ਉਨ੍ਹਾਂ ਦੀ ਹੋਂਦ ਦੀ ਵਡਿਆਈ ਆਪਣੀ ਵਿਚਾਰ, ਅਕਲ ਜਾਂ ਹਿੰਮਤ ਨੂੰ ਦੇਣ ਦੀ ਬਜਾਇ ਹੁਕਮ ਨੂੰ ਦੇਣ ਵਿਚ ਜੋ ਸ੍ਵੈ-ਅਰਪਣ ਦੀ ਬਿਰਤੀ ਪ੍ਰਫੁੱਲਤ ਹੁੰਦੀ ਹੈ, ਉਹ ਆਤਮਕ ਜੀਵਨ ਦੀ ਵਿਸ਼ੇਸਤਾ ਹੈ । ਰਹੱਸਵਾਦੀ ਜੀਵਨ ਵਿਚ ਸਦਾਚਾਰਕ ਜਾਂ ਸਮਾਜਕ ਗੁਣ ਘੱਟ ਮਹੱਤਤਾ ਰੱਖਦੇ ਹਨ ਜਦ ਤਕ ਉਨ੍ਹਾਂ ਨੂੰ ਵਿਅਕਤੀਵਾਦੀ ਆਪਾ ਭਾਵ ਨਾਲੋਂ ਨਿਰਸਬੰਧਤ ਕਰਕੇ ਵਿਸ਼ਵਾਰਥੀ ਨਜ਼ਾਮ ਦਾ ਭਾਗ ਨਾ ਮੰਨਿਆ ਜਾਏ। ਗੁਰੂ ਤੇਗ਼ ਬਹਾਦਰ ਜੀ ਦਾ ਹੇਠਲਾ ਨਿਰੋਲ ਸਦਾਚਾਰ ਤੇ ਆਤਮਕ ਬਿਰਤੀ ਦੇ ਧਾਰਨੀ ਸਦਾਚਾਰ ਦਾ ਫ਼ਰਕ ਭਲੀ ਭਾਂਤ ਨਿਰੂਪਣ ਕਰਦਾ ਹੈ :-
ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ । ।
ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ।।
ਕਈ ਸੂਫ਼ੀਆਂ ਦੇ ਜੀਵਨਾਂ ਵਿਚ ਕਠਿਨ ਸਰੀਰਕ ਤਪੱਸਿਆ ਦਾ ਜ਼ਿਕਰ ਮਿਲਦਾ ਹੈ । ਕਿਹਾ ਜਾਂਦਾ ਹੈ, ਬਾਬਾ ਫਰੀਦ ਨੇ ਵਰ੍ਹਿਆਂ-ਬੱਧੀ ਬੜੇ ਸਖ਼ਤ ਜੁਹਦ ਕਮਾਏ । ਜਦ ਸੂਫ਼ੀ ਨੂੰ ਰੱਬ ਨਾਲ ਇਸ਼ਕ ਲਗ ਜਾਂਦਾ ਹੈ ਤਾਂ ਉਹ ਆਪਣੇ ਜੀਵਨ ਦੀ ਹਰ ਕਿਰਿਆ ਨੂੰ ਰੱਬੀ ਇੱਛਾ ਦੇ ਅਨੁਸਾਰੀ ਬਣਾਉਣਾ ਚਾਹੁੰਦਾ ਹੈ । ਕਈ ਵਾਰੀ ਉਸ ਦੇ ਸਰੀਰ ਦੀ ਸੁਸਤੀ ਉਸ ਨੂੰ ਅਜਿਹਾ ਨਹੀਂ ਕਰਨ ਦੇਂਦੀ ਜਾਂ ਕਦੀ ਕਾਮ ਦੀ ਖਿੱਚ ਉਸ ਨੂੰ ਰੱਬ ਤੋਂ ਮੂੰਹ ਮੋੜਨ ਲਈ ਮਜ਼ਬੂਰ ਕਰ ਦੇਂਦੀ ਹੈ। ਇਨ੍ਹਾਂ ਜਾਂ ਅਜਿਹੀਆਂ ਹੋਰ ਹਾਲਤਾਂ ਵਿਚ ਸੂਫ਼ੀ ਨੂੰ ਸੁਸਤੀ, ਕਾਮ ਜਾਂ ਕੋਈ ਹੋਰ ਕਮਜ਼ੋਰੀ ਆਪਣੇ ਇਸ਼ਕ ਦਾ ਧ੍ਰੋਹੀ ਜਾਪਣ ਲਗ ਪੈਂਦੀ ਹੈ ਤੇ ਉਹ ਇਸ ਨੂੰ ਕਰੜੇ ਹੱਥਾਂ ਨਾਲ ਖ਼ਤਮ ਕਰਨ ਦਾ ਉੱਦਮ ਕਰਦਾ ਹੈ। ਇਹ ਉੱਦਮ ਬਹੁਤ ਵਾਰੀ ਸਰੀਰ ਜਾਂ ਮਨ ਉਤੇ ਭੁੱਖ, ਗਰਮੀ, ਸਰਦੀ ਜਾਂ ਹੋਰ ਕਸ਼ਟਾਂ ਦੇ ਰੂਪ ਵਿਚ ਸਖ਼ਤੀ ਵਰਤਾਉਣ ਦਾ ਰੁਖ ਫੜਦਾ ਹੈ ਤੇ ਇਸ ਤਰ੍ਹਾਂ ਦੇ ਜੁਹਦਾਂ ਰਾਹੀਂ ਸੂਫੀ ਆਪਣੇ ਇਸ਼ਕ ਨਾਲ ਸੱਚੀ ਵਫ਼ਾ ਪਾਲਣ ਦਾ ਪ੍ਰਣ ਕਰਦਾ ਹੈ। ਜਦ ਸੂਫ਼ੀ ਦਾ ਪ੍ਰਣ ਪੂਰਾ ਹੋਣ ਲਗਦਾ ਹੈ ਤੇ ਉਹ ਆਪਣੇ ਮਨ ਦੀਆਂ ਕਮਜ਼ੋਰੀਆਂ ਨੂੰ ਜਿੱਤ ਲੈਂਦਾ ਹੈ ਤਾਂ ਰੱਬ ਦੇ ਦੀਦਾਰ ਹੋਣ ਵਿਚ ਇਕ ਹੋਰ ਰੁਕਾਵਟ ਖੜੀ ਹੋ ਜਾਂਦੀ ਹੈ । ਮਨ ਨੂੰ ਜਿੱਤਣ ਲਈ ਕਰੜੀਆਂ ਘਾਲਾਂ ਘਾਲਣ ਬਾਅਦ ਉਸ ਨੂੰ ਇਹ ਕਹਿਣਾ ਬਣਦਾ ਹੈ ਕਿ ਸਭ ਘਾਲ ਰੱਬ ਦੀ ਇੱਛਾ ਅਨੁਸਾਰ ਉਸ ਪਾਸੋਂ ਹੋਈ ਹੈ। ਜੇ ਉਸਦੇ ਮਨ ਵਿਚ ਲੇਸ਼ ਮਾਤਰ ਵੀ ਆਪਣੇ ਯਤਨ ਦਾ ਮਾਨ ਆ ਜਾਏ ਤਾਂ ਰਹੱਸਵਾਦੀ ਕਸੌਟੀ ਉਤੇ ਉਸ ਦੀ ਘਾਲ ਹੌਲੀ ਉਤਰਦੀ ਹੈ ਤੇ ਉਸ ਦਾ ਇਸ਼ਕ ਪ੍ਰਵਾਨ ਨਹੀਂ ਚੜ੍ਹਦਾ। ‘ਨੇਕੀ ਕਰ ਦਰਿਆ ਮੇਂ ਡਾਲ’ ਦੇ ਅਖਾਣ ਵਾਂਗ ਉਸ ਦੀ ਸਫਲਤਾ ਦੀ ਸ਼ਰਤ ਇਹ ਹੁੰਦੀ ਹੈ ਕਿ ਉਹ ਪਹਿਲੇ ਮਨ ਦੇ ਵਿਕਾਰਾਂ ਦਾ ਤਿਆਗ ਕਰੇ ਤੇ ਫਿਰ ਇਸ ਤਿਆਗ ਦੇ ਮਾਨ ਦਾ ਤਿਆਗ ਵੀ ਕਰੇ । ਇਹ ਤਿਆਗ ਦਾ ਤਿਆਗ ਤਪੱਸਿਆ ਨਾਲੋਂ ਵੀ ਕਠਿਨ ਪੜਾਅ ਹੁੰਦਾ ਹੈ ਤੇ ਬਹੁਤੇ ਸੂਫ਼ੀਆਂ ਦੇ ਰਹੱਸਵਾਦੀ ਵਿਕਾਸ ਨੂੰ ਵਰ੍ਹਿਆਂ-ਬੱਧੀ ਰੋਕੀ ਰੱਖਦਾ ਹੈ। ਜੁਹਦ ਦੇ ਨਾਲ ਸਵੈ-ਅਰਪਣ ਦਾ ਗੁਣ ਰਲਾਉਣ ਨਾਲ ਹੀ ਇਸ਼ਕ ਦੇ ਜੀਵਨ ਵਿਚ ਜੁਹਦ ਦਾ ਮੁਲ ਪੈਂਦਾ ਹੈ। ਗੁਰੂ ਸਾਹਿਬਾਂ ਨੇ ਸਰੀਰਕ ਜੁਹਦਾਂ ਦੀ ਬਜਾਏ ਸਮਾਜਕ ਕਰਮ ਨੂੰ ਮਾਨਸਿਕ ਵਿਕਾਰ ਜਿੱਤਣ ਦਾ ਚੰਗੇਰਾ ਸਾਧਨ ਕਰਾਰ ਦਿੱਤਾ ਪਰ ਸਮਾਜਕ ਕਰਮ ਦਾ ਵੀ ਅਭਿਮਾਨ ਤਿਆਗਣ ਦੀ ਤਾਕੀਦ ਪੂਰੇ ਜ਼ੋਰ ਨਾਲ ਕੀਤੀ। ਇਕਾਂਤ ਵਿਚ ਰਹਿ ਕੇ ਇਕੱਲੇ ਤਪ ਕਰਨ ਨਾਲੋਂ ਸੰਗਤ ਵਿਚ ਇਕ ਦੂਜੇ ਦੀ ਸੇਵਾ ਕਰਨ ਨਾਲ ਮਨ ਦਾ ਮਾਨ ਜਲਦੀ ਕਾਬੂ ਵਿਚ ਆ ਸਕਦਾ ਹੈ, ਚਾਹੇ ਚੁਕੰਨੇ ਰਹਿਣ ਦੀ ਲੋੜ ਫਿਰ ਵੀ ਰਹਿੰਦੀ ਹੈ । ਸਵੈ-ਅਰਪਣ ਜਾਂ ਨਿਰਮਾਣਤਾ ਤੋਂ ਹੀਣ ਜੁਹਦੀ ਦਰਵੇਸ਼ ਦੀ ਅਸਫਲਤਾ ਦ੍ਰਿੜ੍ਹ ਕਰਾਉਣ ਲਈ ਸ਼ਾਇਦ ਫਰੀਦ ਜੀ ਨੇ ਇਹ ਸ਼ਲੋਕ ਲਿਖਿਆ ਸੀ :-
ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ । ।
ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ । ।੩੩ । ।
ਆਪਣੇ ਯਤਨ ਦੇ ਮਾਣ ਦਾ ਸਵੈ-ਅਰਪਣ ਸੁੱਖ ਦੀ ਅਵਸਥਾ ਵਿਚ ਸ਼ੁਕਰ, ਦੁੱਖ ਸਮੇਂ ਰਜ਼ਾ ਦੇ ਭਾਵਾਂ ਹੇਠ ਸਬਰ, ਉਸ ਮਨੁੱਖ ਦੇ ਜੀਵਨ ਵੱਲ, ਵਖੋ ਵੱਖ ਵਤੀਰੇ ਹਨ ਜਿਸ ਦਾ ਨਿਸਚਾ ਬੱਝ ਜਾਂਦਾ ਹੈ ਕਿ ਸ੍ਰਿਸ਼ਟੀ ਦੀ ਰਚਨਾ ਤੇ ਵਿਕਾਸ ਰੱਬ ਦੇ ਬ੍ਰਹਿਮੰਡੀ ਹੁਕਮ ਹੇਠ ਹੁੰਦੇ ਹਨ ਤੇ ਹਰ ਵਸਤ ਤੇ ਜੀਵ ਉਸ ਹੁਕਮ ਦਾ ਪ੍ਰਕਾਸ਼ ਹਨ। ਅਜਿਹਾ ਮਨੁੱਖ ਪਹਿਲੇ ਆਪਣੇ ਜੀਵਨ ਦੀ ਹਰ ਘਟਨਾ ਨੂੰ ਹੁਕਮ ਦੀ ਤਜਵੀਜ਼ ਦਾ ਭਾਗ ਪ੍ਰਤੀਤ ਕਰਦਾ ਹੈ ਪਰ ਬਾਅਦ ਵਿਚ ਦੂਜਿਆਂ ਦੇ ਜੀਵਨ ਨੂੰ ਵੀ ਉਸੇ ਹੁਕਮ ਦੀ ਪੈਰਵੀ ਵਿਚ ਬੱਝੇ ਪ੍ਰਤੱਖ ਕਰ ਲੈਂਦਾ ਹੈ । ਆਪਣੇ ਮਨ ਤੇ ਜੀਵਨ ਨੂੰ ਰੱਬ ਦੀ ਇੱਛਾ ਦੇ ਅਨੁਕੂਲ ਬਣਾਉਣ ਸਮੇਂ ਉਸ ਅੰਦਰ ਜੋ ਅਨੁਭਵ ਜਾਗਦਾ ਹੈ, ਉਸ ਵਿਚ ਪ੍ਰਧਾਨ ਭਾਵ ਪ੍ਰੇਮ ਦਾ ਹੁੰਦਾ ਹੈ । ਰਹੱਸਵਾਦੀ ਸ਼ਬਦਾਵਲੀ ਵਿਚ ਹੁਕਮ ਦੀ ਕਾਰ ਕਰ ਕੇ ਉਹ ਰੱਬ ਦੀ ਪ੍ਰਸੰਨਤਾ ਜਿੱਤਦਾ ਹੈ ਤੇ ਉਸਦੇ ਪਿਆਰ ਦਾ ਪਾਤਰ ਬਣਦਾ ਹੈ । ਦੂਜਿਆਂ ਦੇ ਜੀਵਨ ਨੂੰ ਰੱਬ ਦੇ ਹੁਕਮ ਵਿਚ ਚਲਦਾ ਵੇਖ ਕੇ ਉਸ ਦੇ ਅੰਦਰ ਨਿਰਭੈਤਾ ਦੇ ਭਾਵ ਉਤਪੰਨ ਹੁੰਦੇ ਹਨ। ਜਿਹੜਾ ਰੱਬ ਉਸ ਉਤੇ ਪ੍ਰਸੰਨ ਹੈ, ਉਹ ਦੁਨੀਆ ਦੇ ਅਨਿਆਈ, ਧੱਕੇਖੋਰ ਤੇ ਸੀਨਾਜ਼ੋਰੀ ਕਰਨ ਵਾਲੇ ਦੁਸ਼ਟਾਂ ਤੋਂ ਵੀ ਬਲਵਾਨ ਹੈ । ਇਸ ਤੋਂ ਅਗੇ ਜਦ ਰਹੱਸਵਾਦੀ ਸਾਰੀ ਕੁਦਰਤ ਨੂੰ ਵੀ ਕਾਦਰ ਦੇ ਭੈਅ ਜਾਂ ਹੁਕਮ ਅਨੁਸਾਰ ਕੰਮ ਕਰ ਰਹੀ ਅਨੁਭਵ ਕਰਦਾ ਹੈ ਤਾਂ ਵਿਸਮਾਦਕ ਭਾਵ ਉਸਦੀ ਕਲਪਨਾ, ਬੁਧੀ ਤੇ ਹਿਰਦੇ ਨੂੰ ਚਕ੍ਰਿਤ ਕਰਦੇ ਹਨ। ਜਿਹੜਾ ਰੱਬ ਕਰੋੜਾਂ ਖੰਡਾਂ, ਬ੍ਰਹਿਮੰਡਾਂ ਨੂੰ ਆਪਣੀ ਬੇਅੰਤ ਸਕਤੀ ਨਾਲ ਪੂਰੀ ਤਰ੍ਹਾਂ ਸੂਤ ਕਰ ਕੇ ਚਲਾ ਰਿਹਾ ਹੈ, ਉਹ ਬੇਅੰਤ ਤੇ ਵਚਿੱਤਰ ਹੈ। ਪ੍ਰੇਮ ਭਾਵ ਤੇ ਵਿਸਮਾਦਕ ਭਾਵ ਰਹੱਸਵਾਦੀ ਜੀਵਨ ਦੇ ਵਿਕਾਸ ਵਿਚ ਸਭ ਤੋਂ ਵਧੀਕ ਮਾਤਰਾ ਵਿਚ ਉਤਪੰਨ ਹੋਣ ਵਾਲੇ ਭਾਵ ਹਨ । ਪੰਜਾਬ ਦੇ ਰਹੱਸਵਾਦੀ ਸਾਹਿਤ ਵਿਚ ਇਨ੍ਹਾਂ ਭਾਵਾਂ ਨੂੰ ਕਈ ਪੈਂਤੜੇ ਬਦਲ ਬਦਲ ਕੇ ਪ੍ਰਗਟਾਇਆ ਗਿਆ ਹੈ । ਗੁਰੂ ਨਾਨਕ ਸਾਹਿਬ ਦੀ ਕਵਿਤਾ ਨੂੰ ਇਸ ਸਾਹਿਤ ਵਿਚ ਜੋ ਉੱਚ ਪਦਵੀ ਪ੍ਰਾਪਤ ਹੈ, ਉਸ ਦਾ ਕਾਰਨ ਇਹੀ ਹੈ ਕਿ ਇਹ ਸਾਰੇ ਭਾਵ ਤੇ ਇਨ੍ਹਾਂ ਦਾ ਆਧਾਰ ਬਣਨ ਲਈ ਜੋ ਅਧਿਆਤਮਕ ਸਿਧਾਂਤ ਅਵੱਸ਼ ਹਨ, ਸਭ ਇਸ ਕਵਿਤਾ ਵਿਚ ਬੜੇ ਨਿਖੜਵੇਂ ਢੰਗ ਨਾਲ ਸਾਕਾਰ ਹੋਏ ਹਨ। ਵਿਸਮਾਦਕ ਭਾਵਾਂ ਦੇ ਪ੍ਰਗਟਾਅ ਵਿਚ ਤਾਂ ਗੁਰੂ ਨਾਨਕ ਨਾਲ ਤੁਲਨਾ ਬਹੁਤ ਹੀ ਘੱਟ ਕੋਈ ਹੋਰ ਕਵੀ ਕਰਦਾ ਹੈ। ਉਨ੍ਹਾਂ ਦੀ ਸਭ ਤੋਂ ਪ੍ਰਸਿੱਧ ਰਚਨਾ ਜਪੁਜੀ ਵਿਚ ਮੁੱਖ ਸਥਾਨ ਇਨ੍ਹਾਂ ਭਾਵਾਂ ਨੂੰ ਪ੍ਰਾਪਤ ਹੈ । ਗੁਰੂ ਅਰਜਨ ਨੇ ਰੱਬ ਦੀ ਓਟ ਤੇ ਸੰਸਾਰੀ ਅਧਿਕਾਰੀਆਂ ਤੋਂ ਨਿਰਭੈਤਾ ਦੇ ਭਾਵ ਉਪਜਾਉਣ ਵਾਲੀ ਕਵਿਤਾ ਵੱਡੀ ਮਾਤਰਾ ਵਿਚ ਰਚੀ। ਉਨ੍ਹਾਂ ਦੀ ਸੁਖਮਨੀ ਸਾਹਿਬ ਸਭ ਤਰ੍ਹਾਂ ਦੀਆਂ ਚਿੰਤਾਵਾਂ ਦੂਰ ਕਰ ਕੇ ਆਸ਼ਾਵਾਦੀ ਭਾਵ ਉਤਪੰਨ ਕਰਨ ਵਾਲੀ ਅਦੁਤੀ ਰਚਨਾ ਹੈ । ਪੰਜਾਬੀ ਸੂਫ਼ੀਆਂ ਦੀ ਬਹੁਤੀ ਕਵਿਤਾ ਸਮੁਚੇ ਤੌਹ ਉੱਤੇ ਪ੍ਰੇਮ-ਭਾਵਾਂ ਦੇ ਪ੍ਰਕਾਸ਼ ਲਈ ਰਚੀ ਗਈ ਹੈ ਚਾਹੇ ਕਰਮਕਾਂਡੀ ਲੋਕਾਂ ਵਿਰੁੱਧ ਵਿਦ੍ਰੋਹ ਦਾ ਵਿਸ਼ਾ ਕਿਤੇ ਕਿਤੇ ਇਸ ਵਿਚ ਨਿਰਭੈਤਾ ਦੇ ਭਾਵ ਸ਼ਾਮਲ ਕਰਦਾ ਹੈ । ਵਿਸਮਾਦਕ ਭਾਵਾਂ ਦੀ ਕਵਿਤਾ ਦੇ ਉੱਤਮ ਨਮੂਨੇ ਸੂਫ਼ੀ ਸਾਹਿਤ ਵਿਚ ਘੱਟ ਮਿਲਦੇ ਹਨ । ਗੁਰੂ ਗੋਬਿੰਦ ਸਿੰਘ ਜੀ ਦੀ ਕਵਿਤਾ ਰਹੱਸਵਾਦੀ ਭਾਵਾਂ ਤੇ ਸਿਧਾਂਤਾਂ ਨੂੰ ਵਿਸ਼ਵਾਰਥੀ ਇੱਛਾ ਨਾਲ ਇਕ-ਸੁਰਤਾ ਦੇ ਧੁਰੇ ਦੁਆਲੇ ਘੁਮਾਉਂਦੀ ਹੋਈ ਵੀ ਉਨ੍ਹਾਂ ਨੂੰ, ਸਮਾਜਕ ਮਨੋਰਥਾਂ ਦੀ ਪੂਰਤੀ ਲਈ, ਸਭ ਤੋਂ ਵੱਧ ਵਰਤੋਂ ਵਿਚ ਲਿਆਉਂਦੀ ਹੈ। ਆਧੁਨਿਕ ਯੁੱਗ ਦੇ ਰਹੱਸਵਾਦੀ ਝੁਕਾਵਾਂ ਵਾਲੇ ਕਵੀ, ਇਸ ਪੱਖ ਵਿਚ ਉਨ੍ਹਾਂ ਨਾਲ ਸਾਵੇਂ ਨਹੀਂ ਉੱਤਰ ਸਕਦੇ, ਚਾਹੇ ਉਹ ਰਹੱਸਵਾਦੀ ਭਾਵਾਂ ਤੇ ਵਿਚਾਰਾਂ ਦੀ ਵੱਧ ਤੋਂ ਵੱਧ ਵੰਨਗੀ ਆਪਣੀ ਕਵਿਤਾ ਵਿਚ ਰੂਪਮਾਨ ਕਰਦੇ ਹਨ।
ਪੰਜਾਬੀ ਗੁਰੂਆਂ, ਸੂਫ਼ੀਆਂ ਤੇ ਸੰਤਾਂ ਦਾ ਸਾਹਿਤ ਹਰ ਦੇਸ਼ ਦੇ ਗੰਭੀਰ ਸਾਹਿਤ ਦੀ ਪ੍ਰਧਾਨ ਸਮੱਸਿਆ ਮਨੁੱਖੀ ਦੁੱਖ ਦਾ ਦਾਰੂ ਕਰਨ ਦੀ ਚਾਹ ਵਿੱਚੋਂ ਪੈਦਾ ਹੋਇਆ ਹੈ । ਮਨੁੱਖੀ ਦੁੱਖ ਦੇ ਬਾਹਰਮੁੱਖੀ ਤੇ ਅੰਤਰਮੁਖੀ ਦੋਹਾਂ ਤਰ੍ਹਾਂ ਦੇ ਕਾਰਨਾਂ ਨੂੰ ਸਮਝਣ ਤੇ ਸਿੱਝਣ ਦੀ ਇਹ ਜਾਚ ਦਸਦਾ ਹੈ । ਮਨੁੱਖੀ ਦਰਦ ਦਾ ਜੋ ਡੂੰਘਾ ਅਨੁਭਵ ਇਸ ਸਾਹਿਤ ਵਿਚ ਵਰਣਨ ਕੀਤਾ ਗਿਆ ਹੈ, ਉਹ ਇਸ ਦੀ ਅਪੀਲ ਨੂੰ ਅਤਿ ਵਿਸ਼ਾਲ ਬਣਾਉਂਦਾ ਹੈ। ਮਨੁੱਖੀ ਜੀਵਨ ਦੀਆਂ ਡੂੰਘੀਆਂ ਤੈਹਾਂ ਤੇ ਸੂਖਮ ਤਲਾਂ ਨੂੰ ਜਿਸ ਨਿਪੁੰਨਤਾ ਨਾਲ ਪੰਜਾਬੀ ਰਹੱਸਵਾਦੀ ਕਵੀਆਂ ਨੇ ਸ਼ਬਦਾਂ ਦਾ ਜਾਮਾ ਦਿਤਾ ਹੈ, ਉਹ ਉਨ੍ਹਾਂ ਨੂੰ ਮਨੁੱਖੀ ਦਿਲਾਂ ਦੇ ਪ੍ਰਤੀਨਿਧ ਕਹਾਉਣ ਦਾ ਹੱਕ ਦਿੰਦਾ ਹੈ । ਇਸ਼ਕ ਦੇ ਵਿਜੋਗ ਦੀ ਕਸਕ ਤੋਂ ਲੈ ਕੇ ਰਾਜਸੀ ਜਬਰ ਦੀ ਕੁਰਲਾਹਟ ਤਕ ਇਸਤਰੀ, ਮਰਦ, ਜਵਾਨ, ਬਜੁਰਗ, ਧਨੀ, ਨਿਰਧਨ, ਓਮੀ, ਪੰਡਿਤ, ਸਭ ਦੇ ਦੁੱਖਾਂ ਦੀ ਵੰਨਗੀ ਇਸ ਸਾਹਿਤ ਵਿਚ ਮਿਲਦੀ ਹੈ। ਪੰਜਾਬੀ ਜੀਵਨ ਦੀਆਂ ਸਭ ਹੀ ਅਸਲੀਅਤਾਂ ਦੇ ਹੇਠਾਂ ਮਾਨਸਿਕ ਡੂੰਘਾਣਾਂ ਵਿਚ ਵਰਤ ਰਹੀਆਂ ਧਾਰਨਾਵਾਂ, ਮਨੋਬਿਰਤੀਆਂ ਤੇ ਸ਼ਕਤੀਆਂ ਨੂੰ ਕਿਸੇ ਨੇ ਜੇ ਹਮਦਰਦੀ ਨਾਲ ਵਾਚਣਾ ਹੋਵੇ ਤਾਂ ਇਸ ਸਾਹਿਤ ਦਾ ਅਧਿਐਨ ਕਰੇ ਪਰ ਦੁੱਖ ਦਾ ਵਰਣਨ ਅਧਿਕ ਹੋਣ ਦੇ ਬਾਵਜੂਦ ਇਹ ਸਾਹਿਤ ਨਿਰਾਸ਼ਾਵਾਦੀ ਪ੍ਰਭਾਵ ਪੈਦਾ ਨਹੀਂ ਕਰਦਾ । ਇਸ ਸਾਹਿਤ ਦੇ ਮੁੱਢਲੇ ਦਿਨਾਂ ਤੋਂ ਲੈ ਕੇ ‘ ਹੁਣ ਤਕ ਇਸ ਦਾ ਸੁਭਾਅ ਮਨੁੱਖ ਵਿਚ ਮਨੁੱਖੀ ਗੁਣਾਂ ਤੇ ਕੀਮਤਾਂ ਦਾ ਵਾਧਾ ਕਰਨਾ ਰਿਹਾ ਹੈ। ਮਨੁੱਖ ਨੂੰ ਰੱਬ ਦੇ ਨੇੜੇ ਲਿਜਾਣ ਦਾ ਯਤਨ ਕਰਦਾ ਰਿਹਾ ਮਨੁੱਖਾਂ ਨੂੰ ਇਕ ਦੂਜੇ ਤੋਂ ਦੂਰ ਨਹੀਂ ਲਿਜਾਂਦਾ । ਮਨੁੱਖਾਂ ਵਿਚ ਨਿਰੋਲ ਮਨੁੱਖੀ ਸਾਂਝ ਦਾ ਅਹਿਸਾਸ ਪੈਂਦਾ ਕਰਨ ਦਾ ਯਤਨ ਇਸ ਦੀ ਬਲਵਾਨ ਰੁਚੀ ਹੈ। ਇਕ ਰੱਬ ਦੇ ਨਾਂ ਤੇ ਹਾਰਦਿਕ ਸਚਾਈ ਨਾਲ ਮਨੁੱਖਾਂ ਨੂੰ ਅਪੀਲ ਕਰਨ ਕਰਕੇ ਇਸ ਦਾ ਅਸਰ ਸਦਾ ਮਨੁੱਖੀ ਏਕਤਾ ਦੇ ਭਾਵਾਂ ਨੂੰ ਜਗਾਉਣਾ ਤੇ ਪਾਲਣਾ ਰਿਹਾ ਹੈ । ਭਾਵੇਂ ਇਸ ਦੇ ਇਕ ਭਾਗ ਵਿੱਚੋਂ ਅਨਿਆਂ, ਜਬਰ ਤੇ ਤਸ਼ੱਦਦ ਅੱਗੇ ਸਿਰ ਨਿਵਾਉਣ ਤੋਂ ਇਨਕਾਰ ਕਰਨ ਦੀ ਪ੍ਰਬਲ ਪ੍ਰੇਰਨਾ ਮਿਲਦੀ ਹੈ ਫਿਰ ਵੀ ਇਸ ਦੇ ਸਭ ਭਾਗਾਂ ਦੀ ਨਿਸਚਿਤ ਰੁਚੀ ਮਨੁੱਖੀ ਜੀਵਨ ਵਿਚ ਮਿਲਵਰਤਨ, ਮਿਠਾਸ ਤੇ ਅਮਨ ਵਰਤਾਉਣਾ ਹੈ । ਜਿਥੇ ਗੁਰੂਆਂ, ਸੂਫ਼ੀਆਂ ਤੇ ਸੰਤਾਂ ਦੇ ਜੀਵਨ ਚੜ੍ਹਦੀਆਂ ਕਲਾ, ਆਸ਼ਾਵਾਦ ਤੇ ਉਸਾਰੂ ਬਿਰਤੀਆਂ ਦੇ ਨਮੂਨੇ ਸਨ, ਉਥੇ ਉਨ੍ਹਾਂ ਦੀਆਂ ਲਿਖਤਾਂ ਵੀ ਪਾਠਕਾਂ ਨੂੰ ਗੰਭੀਰ, ਸਚੀਆਂ ਤੇ ਉੱਤਮ ਕੀਮਤਾਂ ਅਪਣਾਉਣ ਦੀ ਪ੍ਰੇਰਣਾ ਦੇਣ ਵਾਲੀਆਂ ਸਾਬਤ ਹੋਈਆਂ ਤੇ ਅੱਜ ਵੀ ਪੰਜਾਬੀ ਜੀਵਨ-ਭੰਡਾਰੇ ਵਿਚ ਸਭ ਤੋਂ ਅਣਮੋਲ ਰਤਨ ਇਹ ਸਾਹਿਤ ਹੀ ਹੈ।
ਪਿਛਲੇ ਅੱਠ ਸੌ ਸਾਲਾਂ ਵਿਚ ਪੰਜਾਬ ਅੰਦਰ ਜਿੰਨੀ ਸਾਹਿਤ-ਰਚਨਾ ਹੋਈ ਹੈ ਉਸ ਦਾ ਉੱਤਮ ਭਾਗ ਉਹ ਹੀ ਹੈ ਜੋ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੇ ਰਹੱਸਵਾਦੀ ਮਹਾਂਪੁਰਖਾਂ ਤੋਂ ਪ੍ਰਭਾਵਿਤ ਹੋਇਆ ਹੈ । ਪੰਜਾਬੀ ਗੁਰੂਆਂ ਤੇ ਸੂਫ਼ੀਆਂ ਦੇ ਉਪਦੇਸ਼ਾਂ ਨੇ ਪੰਜਾਬੀ ਲੋਕਾਂ ਦੇ ਮਨਾਂ ਵਿਚ ਐਸੀਆਂ ਕੀਮਤਾਂ ਭਰੀਆਂ ਕਿ ਉਹ ਸਦਾ ਮਨੁੱਖੀ ਭਾਵਾਂ ਦੇ ਧਾਰਨੀ ਸਾਹਿਤ ਨੂੰ ਹੀ ਸਭ ਤੋਂ ਵੱਧ ਮਾਣਦੇ ਰਹੇ। ਦਮੋਦਰ, ਵਾਰਸਸ਼ਾਹ, ਕਾਦਰਯਾਰ, ਸ਼ਾਹ ਮੁਹੰਮਦ ਭਾਵੇਂ ਸਿੱਧੇ ਤੌਰ ਤੇ ਰਹੱਸਵਾਦੀ ਜੀਵਨ ਦਾ ਪ੍ਰਗਟਾਅ ਜਾਂ ਪ੍ਰਚਾਰ ਕਰਨ ਵਾਲੇ ਕਵੀ ਨਹੀਂ ਸਨ ਫਿਰ ਵੀ ਇਨ੍ਹਾਂ ਦੇ ਸਾਹਿਤ ਵਿਚ ਜੇ ਮਨੁੱਖੀ ਕੀਮਤਾਂ ਮੌਜੂਦ ਹਨ ਉਨ੍ਹਾਂ ਦਾ ਸਬੰਧ ਕਿਸੇ ਨਾ ਕਿਸੇ ਤਰ੍ਹਾਂ ਰਹੱਸਵਾਦੀਆਂ ਦੇ ਆਦਰਸ਼ਾਂ ਨਾਲ ਜਾ ਜੁੜਦਾ ਹੈ । ਭਾਰਤ ਦੇ ਹੋਰ ਕਈ ਪ੍ਰਾਂਤਾਂ ਦੀ ਤਰ੍ਹਾਂ ਪੰਜਾਬ ਵਿਚ ਵੀ ਬਹੁਤੀਆਂ ਮਨੁੱਖਵਾਦੀ ਧਾਰਨਾਵਾਂ ਦਾ ਜਨਮ ਤੇ ਪ੍ਰਪੱਕਤਾ ਰਹੱਸਵਾਦੀਆਂ ਦੇ ਜੀਵਨਾਂ ਤੇ ਸਾਹਿਤ ਰਾਹੀਂ ਹੀ ਹੋਏ। ਦਮੋਦਰ, ਵਾਰਸ, ਆਦਿਕ ਲਿਖਾਰੀਆਂ ਦੇ ਸਾਹਿਤ ਵਿਚ ਪੰਜਾਬ ਦੀ ਮੁਸਲਮਾਨ ਤੇ ਗੈਰ ਮੁਸਲਮਾਨ ਵਸੋਂ ਨੂੰ ਇਕ ਦੂਜੇ ਦੀਆਂ ਸਾਹਿਤਕ, ਸਮਾਜਕ, ਸਭਿਆਚਾਰਕ ਤੇ ਧਾਰਮਕ ਰਵਾਇਤਾਂ ਤੋਂ ਜਾਣੂ ਕਰਵਾਉਣ ਵਾਲਾ ਜੋ ਅੰਸ਼ ਹੈ, ਉਹ ਉਸ ਵਾਤਾਵਰਣ ਦੀ ਪੈਦਾਵਾਰ ਹੈ ਜਿਸ ਨੂੰ ਫਰੀਦ, ਗੁਰੂ ਨਾਨਕ, ਗੁਰੂ ਅਰਜਨ, ਬੁਲ੍ਹੇਸ਼ਾਹ ਵਰਗੀਆਂ ਰਹੱਸਵਾਦੀ ਵਿਅਕਤੀਆਂ ਪੈਦਾ ਕਰਨ ਦਾ ਯਤਨ ਕਰਦੀਆਂ ਰਹੀਆਂ ਸਨ । ਸਿੱਖ ਗੁਰੂ ਹਿੰਦੂ ਜਨਤਾ ਵਿਚ ਤੇ ਸੂਫ਼ੀ ਦਰਵੇਸ਼ ਮੁਸਲਮਾਨ ਜਨਤਾ ਵਿਚ ਮਾਨਵਵਾਦੀ ਵਿਚਾਰ ਤੇ ਸਹਿਨਸ਼ੀਲਤਾ ਦੇ ਭਾਵ ਫੈਲਾਉਣ ਲਈ ਕਈ ਸਦੀਆਂ ਜੁੱਟੇ ਰਹੇ । ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪੰਜਾਬ ਦੇ ਲੋਕਾਂ ਨੇ
ਕੱਟੜਪੰਥੀ ਆਗੂਆਂ ਤੋਂ ਜਿੰਨੀ ਖੁਲਾਸੀ ਪਾਈ, ਉਹ ਸ਼ਾਇਦ ਅਕਬਰ ਦੇ ਰਾਜ ਤੋਂ ਬਾਅਦ ਪਹਿਲੀ ਵਾਰੀ ਉਨ੍ਹਾਂ ਨੂੰ ਨਸੀਬ ਹੋਈ ਸੀ । ਅਕਬਰ ਦੇ ਰਵੱਈਏ ਨੂੰ ਦੇਖ ਕੇ ਆਮ ਹਿੰਦੂ ਜਨਤਾ ਨੂੰ ਵਿਸਵਾਸ ਆਇਆ ਸੀ ਕਿ ਮੁਸਲਮਾਨ ਸਾਰੇ ਹੀ ਹਿੰਦੂਆਂ ਨੂੰ ਨਫਰਤ ਕਰਨ ਵਾਲੇ ਜਾਂ ਨਿਰਾਦਰ ਕਰਨ ਵਾਲੇ ਨਹੀਂ ਹੁੰਦੇ । ਅਕਬਰ ਤੋਂ ਪਹਿਲੋਂ ਵੀ ਕਈ ਵਾਰੀ ਟਾਵੇਂ ਟਾਵੇਂ ਹਿੰਦੂ, ਮੁਸਲਮਾਨ ਫ਼ਕੀਰਾਂ ਦਰਵੇਸ਼ਾਂ ਦੀ ਸੁਹਿਰਦਤਾ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਦਾ ਸਤਿਕਾਰ ਕਰਦੇ ਆਏ ਸਨ ਪਰ ਅਜਿਹੇ ਫਕੀਰਾਂ ਦੇ ਨਿਕਟਵਰਤੀ ਕੁਝ ਹਿੰਦੂਆਂ ਤੋਂ ਛੁੱਟ ਆਮ ਹਿੰਦੂ, ਮੁਸਲਮਾਨਾਂ ਨੂੰ ਓਪਰੀ ਤੇ ਸੰਕੋਚ-ਭਰੀ ਨਜ਼ਰ ਨਾਲ ਹੀ ਦੇਖਦੇ ਸਨ । ਮੁਸਲਮਾਨ ਸੂਫ਼ੀ ਇਕ ਪਾਸੇ ਹਿੰਦੂਆਂ ਨੂੰ ਭਰੋਸਾ ਦਿਵਾਉਣ ਦਾ ਯਤਨ ਕਰਦੇ ਰਹੇ ਕਿ ਇਸਲਾਮ ਦਾ ਰੋਲ ਭਾਰਤ-ਵਾਸੀਆਂ ਦੀਆਂ ਆਤਮਕ ਤੇ ਸਮਾਜਕ ਉੱਨਤੀ ਦੀਆਂ ਧਾਰਾਂ ਨੂੰ ਸੀਮਤ ਕਰਨਾ ਨਹੀਂ, ਵਿਸ਼ਾਲ ਕਰਨਾ ਹੈ। ਦੂਸਰੇ ਪਾਸੇ ਮੁਸਲਮਾਨ ਹਾਕਮਾਂ ਤੇ ਆਪਣੇ ਹਮਮਜ਼ਹਬ ਕੱਟੜਪੰਥੀਆਂ ਨੂੰ ਉਪਦੇਸ਼ ਦੇਂਦੇ ਰਹੇ ਕਿ ਇਸਲਾਮ ਦੀ ਸਹੀ ਸਪਿਰਿਟ ਅਨੁਸਾਰ ਤਸ਼ੱਦਦ, ਤਅੱਸਬ ਤੇ ਰਾਜ-ਅਭਿਮਾਨ ਨੂੰ ਕਿਸੇ ਸੂਰਤ ਵਿਚ ਵੀ ਜਾਇਜ਼ ਕਰਾਰ ਨਹੀਂ ਦਿੱਤਾ ਜਾ ਸਕਦਾ । ਇਹ ਯਤਨ ਹੌਲੀ ਹੌਲੀ ਸਫਲ ਹੁੰਦੇ ਰਹੇ ਤੇ ਸਿੱਖ ਗੁਰੂਆਂ ਦੇ ਸਮੇਂ ਤਕ ਉਨ੍ਹਾਂ ਦੀ ਪ੍ਰੋੜ੍ਹਤਾ ਦਾ ਸਦਕਾ ਇਨ੍ਹਾਂ ਦਾ ਅਸਰ ਕਾਫੀ ਵਧ ਗਿਆ। ਅਕਬਰ ਦੀ ਸੂਝ ਤੇ ਸਿਆਸਤ ਨੇ ਇਨ੍ਹਾਂ ਅਸਰਾਂ ਦੀ ਹੌਂਸਲਾ-ਅਫ਼ਜਾਈ ਕਰਨੀ ਯੋਗ ਸਮਝੀ ਤੇ ਉਸ ਦੇ ਰਾਜ ਵਿਚ ਸੂਫ਼ੀ ਵਿਚਾਰ ਤੇ ਵਤੀਰੇ ਕਾਫ਼ੀ ਪ੍ਰਭਾਵ ਪ੍ਰਾਪਤ ਕਰ ਗਏ । ਅਕਬਰ ਤੋਂ ਬਾਅਦ ਦੇ ਮੁਗ਼ਲ ਸ਼ਹਿਨਸ਼ਾਹਾਂ ਦੇ ਰਾਜ ਵਿਚ ਕੱਟੜਪੰਥੀਆਂ ਦਾ ਹੱਥ ਬਹੁਤ ਉੱਚਾ ਹੋਣਾ ਸ਼ੁਰੂ ਹੋ ਗਿਆ ਤੇ ਸੂਫ਼ੀ ਝੁਕਾਵਾਂ ਦੀ ਹੌਂਸਲਾ-ਅਫਜ਼ਾਈ ਬੰਦ ਹੋ ਗਈ। ਬੁਲ੍ਹੇਸ਼ਾਹ ਦੇ ਸਮੇਂ ਤਕ ਇਸਲਾਮ ਵਿਚ ਕੱਟੜਪੰਥੀਆਂ ਦਾ ਜ਼ੋਰ ਬਹੁਤ ਵੱਧ ਚੁੱਕਾ ਲਗਦਾ ਹੈ ਪਰ ਸੂਫ਼ੀ ਵੀ ਆਪਣੇ ਆਦਰਸ਼ਾਂ ਦਾ ਪ੍ਰਚਾਰ ਕਰਨ ਵਿਚ ਵਧੇਰੇ ਦਲੇਰ ਹੋ ਗਏ ਸਿੱਧ ਹੁੰਦੇ ਹਨ । ਤਅੱਸਬੀ ਮੁਸਲਮਾਨਾਂ ਵਲੋਂ ਜਦ ਗ਼ੈਰ ਮੁਸਲਮਾਨਾਂ ਉਤੇ ਫ਼ਤਵੇਬਾਜ਼ੀ ਦਾ ਦੌਰ ਬਹੁਤ ਗਰਮ ਹੋ ਗਿਆ ਤਾਂ ਇਸਲਾਮ ਦੀਆਂ ਰਹੱਸਵਾਦੀ ਰਵਾਇਤਾਂ ਨੂੰ ਜੀਉਂਦਿਆਂ ਰੱਖਣ ਦੇ ਚਾਹਵਾਨ ਮੁਸਲਮਾਨ ਭਾਰਤ ਦੇ ਸਿਆਸੀ ਇਸਲਾਮ ਤੋਂ ਉਕਤਾ ਜਿਹੇ ਗਏ ਤੇ ਮੁੱਢਲੇ ਦਿਨਾਂ ਵਿਚ ਭਾਰਤ ਦੇ ਆਤਮਕ ਤੇ ਸਮਾਜਕ ਜੀਵਨ ਨੂੰ ਉਭਾਰਨ ਵਾਲਾ ਜੋ ਇਸਲਾਮ ਦਾ ਰੋਲ ਸ਼ੁਰੂ ਹੋਇਆ ਸੀ, ਉਸ ਦੀ ਸਮਰੱਥਾ ਖ਼ਤਮ ਹੋ ਗਈ ਮਹਿਸੂਸ ਕਰਨ ਲਗ ਪਏ । ਬੁਲ੍ਹੇਸ਼ਾਹ ਨਾਲ ਸਬੰਧਤ ਇਹ ਸ਼ਬਦ, ‘ਬੁਲ੍ਹਿਆ, ਤੈਨੂੰ! ਕਾਫਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ’ ਉਸ ਦੇ ਸਮੇਂ ਦੇ ਸੂਫ਼ੀਆਂ ਦੀ, ਫ਼ਤਵੇਬਾਜ਼ਾਂ ਵਿਰੁੱਧ ਦਲੇਰ ਰਾਏ ਵੱਲ ਸੰਕੇਤ ਕਰਦੇ ਹਨ। ਜੇ ਗੈਰਮੁਸਲਮਾਨਾਂ ਨਾਲ ਰਵਾਦਾਰੀ ਦਾ ਉਪਦੇਸ਼ ਦੇਣਾ ਕੁਫਰ ਸੀ ਤਾਂ ਬੁੱਲ੍ਹਾ ਕਾਫਰ ਕਹਾਉਣ ਲਈ ਤਿਆਰ ਸੀ । ਪੰਜਾਬ ਦੇ ਸੂਫ਼ੀਆਂ ਦੇ ਇਸਤਕਵਾਲ, ਘਾਲ, ਕੁਰਬਾਨੀ ਤੇ ਆਦਰਸ਼ਾਂ ਨਾਲ ਸੱਚੀ ਵਫ਼ਾ ਦਾ ਸਿੱਟਾ ਸੀ ਕਿ ਰਣਜੀਤ ਸਿੰਘ ਦੇ ਸਮੇਂ ਪੰਜਾਬੀ ਮੁਸਲਮਾਨ ਨਾ ਸਿਰਫ ਸਿੱਖਾਂ ਦੇ ਵਿਰੋਧੀ ਨ ਰਹੇ ਬਲਕਿ ਉਨ੍ਹਾਂ ਦੇ ਹਾਰਦਿਕ ਪ੍ਰਸੰਸਕ ਬਣ ਗਏ। ਕੱਟੜਪੰਥੀਆ ਦਾ ਅਸਰ ਰਸੂਖ ਮੁਸਲਮਾਨ ਹਕੂਮਤ ਦੇ ਬਲਬੋਤੇ ਤੇ ਖੜਾ ਹੋਣ ਕਰਕੇ ਉਸ ਹਕੂਮਤ ਦੇ ਡਿਗਣ ਨਾਲ ਹੀ ਖ਼ਤਮ ਹੋ ਗਿਆ ਤੇ ਸੂਫ਼ੀਆਂ ਦੀ ਪੈਦਾ ਕੀਤੀ ਸਪਿਰਿਟ ਉਭਾਰ ਵਿਚ ਆਉਣੀ ਸ਼ੁਰੂ ਹੋ ਗਈ । ਪੰਜਾਬ ਵਿਚ ਕਈ ਸਦੀਆਂ ਬਾਅਦ ਪੰਜਾਬੀ ਕੌਮੀਅਤ ਦਾ ਅਹਿਸਾਸ ਪੈਦਾ ਹੋਣਾ ਸ਼ਰੂ ਹੋਇਆ, ਜਿਸ ਨੂੰ ਜੇ ਬਰਤਾਨਵੀ ਸਾਮਰਾਜ ਦੇ ਖ਼ਤਰੇ ਦੀ ਅਗੇਤਰੀ ਸੋਝੀ ਕਰਵਾ ਕੇ ਸਮੇਂ ਸਿਰ ਪੂਰੀ ਤਰ੍ਹਾਂ ਮਜ਼ਬੂਤ ਕਰਨ ਦਾ ਹੀਲਾ ਕਰ ਲਿਆ ਜਾਂਦਾ ਤਾਂ ਸ਼ਾਇਦ ਪੰਜਾਬ ਦੀ ਸੁਤੰਤਰਤਾ ਉਸ ਸਾਮਰਾਜ ਤੋਂ ਇੰਨੀ ਜਲਦੀ ਜਿੱਤ ਨਾ ਹੁੰਦੀ । ਹਾਸਮ, ਕਾਦਰ ਯਾਰ, ਸ਼ਾਹ ਮੁਹੰਮਦ ਆਦਿਕ ਕਵੀਆਂ ਦਾ ਸਿੱਖਾਂ ਵੱਲ ਵਤੀਰਾ ਨਿਰਾ ਅਧਿਕਾਰੀ ਸ਼੍ਰੇਣੀ ਦੀ ਖੁਸ਼ਨੂਦੀ ਹਾਸਲ ਕਰਨ ਦੀ ਚਾਹ ਵਿੱਚੋਂ ਹੀ ਪੈਦਾ ਨਹੀ ਸੀ ਹੋਇਆ ਬਲਕਿ ਸੂਫ਼ੀ ਰਵਾਇਤਾਂ ਦਾ ਪ੍ਰਭਾਵ ਕਬੂਲਣ ਕਰਕੇ ਵੀ ਉਹ ਸਿੱਖਾਂ ਦੇ ਮਾਨਵਵਾਦੀ ਗੁਣਾਂ ਦੇ ਪ੍ਰਸੰਸਕ ਬਣੇ ਸਨ । ਇਹ ਪ੍ਰਭਾਵ ਭਾਵੇਂ ਉਨ੍ਹਾ ਨੇ ਚੇਤੰਨ ਹੋ ਕੇ ਕਬੂਲਿਆ ਤੇ ਭਾਵੇਂ ਆਪਣੇ ਵਾਤਾਵਰਣ ਵਿੱਚੋਂ ਸੁਭਾਵਕ ਤੌਰ ਤੇ ਗ੍ਰਹਿਣ ਕੀਤਾ, ਇਸ ਦੀ ਹੋਂਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਬਾਬਾ ਫਰੀਦ ਦੇ ਸਮੇਂ ਸੂਫ਼ੀਆਂ ਦਾ ਜੋ ਕਰਤੱਵ ਗੈਰ-ਮੁਸਲਮਾਨਾਂ ਨੂੰ ਬ੍ਰਾਹਮਣ ਕੱਟੜਪੰਥੀਆਂ ਤੇ ਕਰਮਕਾਂਡੀਆ ਦੇ ਪੰਜੇ ਵਿੱਚੋਂ ਮੁਕਤ ਕਰਕੇ, ਆਤਮਕ ਤੇ ਸਮਾਜਕ ਉੱਨਤੀ ਦੇ ਵਧੇਰੇ ਖੁਲ੍ਹੇ ਮੌਕੇ ਦੇਣ ਵਾਲੇ ਇਸਲਾਮੀ ਦਾਇਰੇ ਵਿਚ ਸ਼ਾਮਲ ਕਰਨਾ ਸੀ, ਉਸ ਦਾ ਰੂਪ ਬਦਲ ਕੇ ਹੁਣ, ਮੁਸਲਮਾਨਾਂ ਨੂੰ ਗੈਰ ਮੁਸਲਮਾਨਾਂ ਵਿਚ ਚਲ ਰਹੀ ਮਾਨਵਵਾਦੀ ਲਹਿਰ ਨਾਲ ਮਿਲਵਰਤਣ ਕਰਨ ਦੀ ਪ੍ਰੇਰਣਾ ਦੇਣਾ ਬਣ ਗਿਆ । ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੇ ਸਿੱਖ ਆਗੂ ਜੇ ਗੁਰੂ ਸਾਹਿਬਾਂ ਦੇ ਆਦਰਸ਼ਾਂ ਨਾਲ ਸੱਚੀ ਵਫ਼ਾ ਪਾਲਦੇ ਤਾਂ ਪੰਜਾਬੀ ਕੌਮੀਅਤ ਦਾ ਅਹਿਸਾਸ ਤੇ ਪੰਜਾਬੀ ਸਭਿਆਚਾਰ ਦਾ ਵਿਕਾਸ ਤੇਜ਼ੀ ਨਾਲ ਡੂੰਘਾ ਤੇ ਪੱਕਾ ਹੋ ਜਾਂਦਾ ।
ਗੁਰੂ ਨਾਨਕ ਦੇ ਜੀਵਨ ਤੇ ਸਾਹਿਤ ਦਾ ਪ੍ਰਧਾਨ ਤੇ ਬੁਨਿਆਦੀ ਪੱਖ ਰਹੱਸਵਾਦੀ ਅਨੁਭਵ ਨੂੰ ਵੱਧ ਤੋਂ ਵੱਧ ਲੋਕਾਂ ਦੀ ਪਹੁੰਚ ਵਿਚ ਲਿਆਉਣਾ ਸੀ । ਹਿੰਦੂ ਮੁਸਲਮਾਨਾਂ ਦੇ ਸਬੰਧਾਂ ਨੂੰ ਸਾਂਵਿਆਂ ਕਰਨ ਵਾਸਤੇ ਵੀ ਉਹ ਦੋਹਾਂ ਵਿਚ ਰੱਬ ਦੇ ਭੈਅ ਤੇ ਪ੍ਰੇਮ ਦਾ ਅਹਿਸਾਸ ਵਧਾਉਣ ਨੂੰ ਸਭ ਤੋਂ ਸਾਰਥਕ ਢੰਗ ਸਮਝਦੇ ਸਨ । ਸਾਧਾਰਨ ਜਨਤਾ ਸਦਾ ਰਹੱਸਵਾਦੀ ਅਨੁਭਵ ਵਾਲੀਆ ਵਿਅਕਤੀਆਂ ਨੂੰ ਆਪਣਾ ਹਿਤੂ ਤੇ ਪੱਖੀ ਮੰਨਦੀ ਰਹੀ ਹੈ ਕਿਉਂਕਿ ਜਿਥੇ ਸ਼ੋਸ਼ਕ ਸ਼੍ਰੇਣੀ ਲੋਕਾਂ ਨੂੰ ਨਰੋਏ ਵਿਚਾਰਾਂ ਤੋਂ ਵਾਂਝਿਆਂ ਰੱਖਣ ਦਾ ਯਤਨ ਕਰਦੀ ਹੈ, ਉਥੇ ਅਜਿਹੀਆਂ ਵਿਅਕਤੀਆਂ ਉਨ੍ਹਾਂ ਨੂੰ ਆਪਣੇ ਆਪ ਤੇ ਦੂਸਰੇ ਮਨੁੱਖਾਂ ਨੂੰ ਸਮਝਣ ਲਈ ਵਧੀਆ ਕਸੌਟੀਆਂ ਦੇ ਕੇ ਉਨ੍ਹਾਂ ਵਿਚ ਜਾਗਰਤੀ ਪੈਦਾ ਕਰਦੀਆਂ ਹਨ। ਰਹੱਸਵਾਦੀ ਵਿਅਕਤੀਆਂ ਦੇ ਵਿਚਾਰਾਂ ਨੂੰ ਲੋਕਾਂ ਤਕ ਪਹੁੰਚਾਉਣ ਦਾ ਇਕਰਾਰ ਕਰਕੇ, ਭੇਖੀ ਧਾਰਮਕ ਆਗੂ ਉਨ੍ਹਾਂ ਨੂੰ ਨਿਸਫਲ ਕਰਮ-ਕਾਂਡ ਵਿਚ ਰੁਝਾਈ ਰੱਖਦੇ ਹਨ । ਰਹੱਸਵਾਦੀ ਵਿਚਾਰਾਂ ਦੀ ਜੋ ਪ੍ਰਬਲ ਭੁੱਖ ਮਨੁੱਖਤਾ ਨੂੰ ਸਦਾ ਅਤ੍ਰਿਪਤ ਰੱਖਦੀ ਹੈ ਉਸਦਾ ਸਦਕਾ ਅਨੇਕ ਦੰਭੀ ਪੁਰਸ਼ ਲੋਕਾਂ ਪਾਸੋਂ ਆਪਣੀ ਸੁਆਰਥ-ਸਿੱਧੀ ਕਰਦੇ ਰਹਿੰਦੇ ਹਨ। ਅਜਿਹੇ ਪੁਰਸ਼ ਰਹੱਸਵਾਦੀ ਵਿਚਾਰਾਂ ਦਾ ਜ਼ਿਕਰ ਤਾਂ ਲੋਕਾਂ ਵਿਚ ਕਰਦੇ ਹਨ ਪਰ ਉਨ੍ਹਾਂ ਵਿਚਾਰਾਂ ਨੂੰ ਅਨੁਭਵ ਦੀ ਪੱਧਰ ਤੇ ਪਹੁੰਚਾਉਣ ਲਈ ਤੇ ਜ਼ਿੰਦਗੀ ਦਾ ਢਾਂਚਾ ਉਨ੍ਹਾਂ ਦੇ ਅਨੁਕੂਲ ਢਾਲਣ ਲਈ ਜਿਨ੍ਹਾਂ ਉਸਾਰੂ ਤੇ ਉਭਾਰੂ ਕੰਮਾਂ ਦੀ ਲੋੜ ਹੁੰਦੀ ਹੈ, ਉਨ੍ਹਾਂ ਬਾਬਤ ਜਾਣ-ਬੁਝ ਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ। ਰਹੱਸਵਾਦੀ ਵਿਅਕਤੀਆਂ ਅਜਿਹੇ ਦੰਭੀ ਪੁਰਸ਼ਾਂ ਦੇ ਭਰਮਜਾਲ ਨੂੰ ਉਘਾੜ ਕੇ ਦੁਬਾਰਾ ਆਤਮਕ ਤੇ ਸਮਾਜਕ ਜੀਵਨ ਦੀਆ ਸਹੀ ਜੁਗਤੀਆਂ ਤੇ ਸੰਸਥਾਵਾਂ ਪ੍ਰਚੱਲਿਤ ਕਰਦੀਆਂ ਹਨ। ਪੱਛਮੀ ਏਸ਼ੀਆ ਤੇ ਹਿੰਦੁਸਤਾਨ ਦੇ ਸੂਫੀ ਆਗੂਆਂ ਨੇ ਰਹੱਸਵਾਦੀ ਯੁਗਤੀਆਂ ਦੀ ਖੋਜ ਕਰਨ, ਉਨ੍ਹਾਂ ਦੇ ਤਜਰਬੇ ਕਰਨ ਤੇ ਉਨ੍ਹਾਂ ਦੀ ਸਿਖਲਾਈ ਦੇਣ ਲਈ ਜਿਸ ਲਗਨ, ਮੌਲਿਕਤਾ ਤੇ ਦ੍ਰਿੜਤਾ ਤੋਂ ਕੰਮ ਲਿਆ, ਉਹ ਰਹੱਸਵਾਦੀ ਇਤਿਹਾਸ ਵਿਚ ਇਕ ਅਸਚਰਜਤਾ ਤੇ ਪ੍ਰਸੰਸਾ-ਭਰਿਆ ਕਾਂਡ ਹੈ। ਗੁਰੂ ਨਾਨਕ ਤੇ ਉਨ੍ਹਾਂ ਤੋਂ ਬਾਅਦ ਗੁਰੂਆਂ ਨੇ ਸੂਫ਼ੀ ਆਗੂਆਂ ਤੇ ਹੋਰ ਭਾਰਤੀ ਰਹੱਸਵਾਦੀਆਂ ਦੇ ਤਜਰਬਿਆਂ ਦਾ ਡੂੰਘੀ ਸੂਝ ਨਾਲ ਮੁਤਾਲਿਆ ਕੀਤਾ ਤੇ ਆਪਣੇ ਅਭਿਆਸ ਦੀ ਕਸੋਟੀ ਤੇ ਪਰਖ ਕੇ ਨਰੋਈਆਂ, ਸਰਲ ਤੇ ਸਾਰਥਕ ਜੁਗਤੀਆਂ ਤੇ ਸੰਸਥਾਵਾਂ ਨੂੰ ਵੱਧ ਤੋਂ ਵੱਧ ਗਿਣਤੀ ਦੇ ਲੋਕਾਂ ਤਕ ਪਹੁੰਚਾਉਣ ਲਈ ਇਕ ਸਿਲਸਿਲੇਵਾਰ ਯਤਨ ਆਰੰਭ ਕੀਤਾ। ਸ਼ਾਇਦ ਪੱਛਮੀ ਏਸੀਆ ਤੇ ਭਾਰਤ ਦੇ ਕਈ ਖੰਡਾਂ ਵਿਚ, ਗੁਰੂ ਨਾਨਕ ਦੇ ਚਿਰੰਕਾਲ ਰਟਨ ਦਾ ਇਕ ਪ੍ਰਯੋਜਨ ਰਹੱਸਵਾਦੀ ਜੁਗਤੀਆਂ ਦਾ ਗਿਆਨ ਪ੍ਰਾਪਤ ਕਰਨਾ ਹੀ ਸੀ । ਪੰਜਾਬ ਦੇ ਲੋਕਾਂ ਵਿਚ ਪੱਛਮੀ ਏਸ਼ੀਆ ਦੀ ਤਰ੍ਹਾਂ ਇਕ ਚਿਰੰਜੀਵ ਰਹੱਸਵਾਦੀ ਲਹਿਰ ਵਿਆਪਕ ਕਰਨ ਲਈ ਗੁਰੂ ਸਾਹਿਬ ਨੇ ਕਈ ਵਿਉਂਤਾਂ ਵਰਤੀਆਂ ਤਾਂਕਿ ਉਨ੍ਹਾਂ ਦੇ ਯਤਨ ਚੰਦ ਲੋਕਾਂ ਨੂੰ ਕੁਝ ਸਮੇਂ ਲਈ ਪ੍ਰਭਾਵਤ ਕਰ ਕੇ ਖ਼ਤਮ ਨਾ ਹੋ ਜਾਣ ਬਲਕਿ ਸਮੁੱਚੇ ਪੰਜਾਬ ਦੀ ਜਨਤਾ ਵਿਚ ਨਵੇਂ ਜੀਵਨ ਲਈ ਉਤਸ਼ਾਹ ਪੈਦਾ ਕਰ ਸਕਣ । ਨਵੇਂ ਰਹੱਸਵਾਦੀ ਵਿਚਾਰਾਂ, ਵਿਸ਼ਵਾਸਾਂ, ਸਿਧਾਂਤਾਂ ਤੇ ਜੁਗਤੀਆਂ ਰਾਹੀਂ ਉਹ ਪੰਜਾਬੀਆਂ ਵਿਚ ਨਵਾਂ ਆਚਰਣ ਪੈਦਾ ਕਰਦੇ ਰਹੇ । ਜਿਹੜੇ ਸੂਫ਼ੀ ਰਹੱਸਵਾਦੀ ਪੰਜਾਬੀ ਜਨਤਾ ਨੂੰ ਰੂਹਾਨੀ ਜੀਵਨ ਦੀ ਸਿਖਲਾਈ ਦੇ ਰਹੇ ਸਨ ਉਹ ਸਿੱਖ ਗੁਰੂਆਂ ਨੂੰ ਆਪਣੇ ਸਾਥੀ ਤੇ ਸਹਾਇਕ ਮਹਿਸੂਸ ਹੁੰਦੇ ਸਨ ਤੇ ਉਨ੍ਹਾਂ ਦੇ ਮਿਲਵਰਤਨ ਨੂੰ ਉਹ ਸਦਾ ਜ਼ਰੂਰੀ ਸਮਝਦੇ ਰਹੇ । ਸਿੱਖ ਗੁਰੂਆਂ ਤੇ ਸੂਫ਼ੀਆਂ ਦੇ ਕੰਮ ਕਰਨ ਦੇ ਖੇਤਰਾਂ ਵਿਚ ਹੌਲੀ ਹੌਲੀ ਇਕ ਮੋਟੀ ਜਿਹੀ ਵੰਡ ਹੋ ਗਈ। ਪੰਜਾਬ ਦੇ ਮੁਸਲਮਾਨ ਬਣ ਚੁਕੇ ਲੋਕਾਂ ਵਿਚ ਜੋ ਮੌਲਵੀ, ਕਾਜ਼ੀ ਰੱਬ ਨਾਲ ਇਸ਼ਕ ਤੇ ਇਨਸਾਨਾਂ ਨਾਲ ਰਵਾਦਾਰੀ ਦੀ ਬਜਾਇ ਫੋਕਾ ਕਰਮਕਾਂਡ ਤੇ ਕੱਟੜਪੁਣਾ ਫੈਲਾ ਰਹੇ ਸਨ ਉਨ੍ਹਾਂ ਦੇ ਦੰਭ ਨੂੰ ਉਘਾੜਣ ਲਈ ਮੁਸਲਮਾਨ ਸੂਫ਼ੀ ਹੀ ਭਲੀਭਾਂਤ ਸਫਲ ਹੋ ਸਕਦੇ ਸਨ । ਦੂਜੇ ਪਾਸੇ ਹਿੰਦੂ ਧਾਰਮਕ ਅਧਿਕਾਰੀਆਂ, ਬ੍ਰਾਹਮਣਾਂ, ਜੋਗੀਆਂ, ਜੈਨੀਆਂ ਆਦਿ ਦੇ ਪੰਜਿਆਂ ਵਿਚੋਂ ਗੈਰ ਮੁਸਲਮ ਜਨਤਾ ਨੂੰ ਕੱਢਣ ਦੀ ਜ਼ਿੰਮੇਵਾਰੀ ਸਿੱਖ ਗੁਰੂਆਂ ਨੇ ਆਪਣੇ ਸਿਰ ਲਈ । ਜਨਤਾ ਦੇ ਜੀਵਨ, ਆਚਰਣ ਤੇ ਮਨੁੱਖੀ ਰਿਸ਼ਤਿਆਂ ਨੂੰ ਬਦਲਣ ਲਈ ਜਿਸ ਰਹੱਸਵਾਦੀ ਦਿਸ਼ਾ ਵੱਲ ਸੂਫ਼ੀ ਤੇ ਗੁਰੂ ਲੋਕਾਂ ਨੂੰ ਲਿਜਾਣਾ ਚਾਹੁੰਦੇ ਸਨ ਉਸ ਵੱਲ ਲੋਕ ਤਦ ਹੀ ਜਾ ਸਕਦੇ ਸਨ ਜੇ ਉਹ ਭੇਖੀ ਧਾਰਮਕ ਆਗੂਆਂ ਨੂੰ ਉਨ੍ਹਾਂ ਦੇ ਅਸਲ ਰੰਗ ਵਿਚ ਦੇਖ ਲੈਂਦੇ । ਆਪਣੀ ਅਸਲੀਅਤ ਵਲੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਜਿਹੇ ਆਗੂ ਜਨਤਾ ਦੇ ਇਕ ਭਾਗ ਨੂੰ ਦੂਜੇ ਨਾਲ ਲੜਨ-ਝਗੜਨ ਵਿਚ ਰੁਝਾਈ ਰੱਖਦੇ ਸਨ। ਹਿੰਦੂਆਂ ਮੁਸਲਮਾਨਾਂ ਦੀ ਪਰਸਪਰ ਖਿਚੋਤਾਣ ਤੇ ਤਅੱਸਬ ਦੋਹਾਂ ਸ਼੍ਰੇਣੀਆਂ ਤੇ ਆਗੂਆਂ ਦੇ ਹਿਤਾਂ ਨੂੰ ਪਾਲਦੀ ਸੀ । ਮੁਸਲਮਾਨ ਆਗੂ ਹਿੰਦੂਆਂ ਦੇ ਇਸਟਾਂ, ਰਹੁ ਰੀਤਾਂ ਤੇ ਸਮਾਜਕ ਸਬੰਧਾਂ ਨੂੰ ਪਛੜੇ ਹੋਏ, ਗੁੰਝਲਦਾਰ ਤੇ ਅਨਿਆਂ ਉਤੇ ਆਧਾਰਤ ਦਸ ਕੇ ਆਪਣੇ ਹਮ-ਮਜ਼ਹਬਾਂ ਦੇ ਅਭਿਮਾਨ-ਭਾਵਾਂ ਨੂੰ ਉਭਾਰਦੇ ਰਹਿੰਦੇ ਸਨ। ਜੇ ਬ੍ਰਾਹਮਣ, ਜੋਗੀ ਆਦਿ ਹਿੰਦੂ ਧਾਰਮਕ ਆਗੂ ਹਿੰਦੁ ਜਨਤਾ ਦੇ ਆਤਮਕ ਤੇ ਸਮਾਜਕ ਵਿਕਾਸ ਦੀ ਜ਼ਿੰਮੇਵਾਰੀ ਮਹਿਸੂਸ ਕਰਦੇ ਤਾ ਉਹ ਇਸ ਕਠੋਰ ਆਲੋਚਨਾ ਦਾ ਉਲਾਂਭਾ ਲਾਹੁਣ ਲਈ ਆਪਣੀ ਤੇ ਆਪਣੇ ਮਤਾਂ ਦੀ ਪੜਚੋਲ ਕਰ ਕੇ ਨਵੇਂ ਜੀਵਨ ਦੇ ਰਾਹ ਪੈਂਦੇ ਪਰ ਇਸ ਰਾਹੇ ਪੈਣ ਦੀ ਬਜਾਏ ਉਨ੍ਹਾਂ ਨੇ ਮੁਸਲਮਾਨ ਆਲੋਚਕਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ । ਗੁਰੂ ਸਾਹਿਬਾਂ ਨੇ ਮੁਸਲਮਾਨਾਂ ਦੀ ਨੁਕਤਾਚੀਨੀ ਦਾ ਸਹੀ ਉੱਤਰ ਹਿੰਦੂ ਜੀਵਨ ਨੂੰ ਬਦਲਣਾ ਕਰਾਰ ਦਿੱਤਾ ਤੇ ਇਸ ਤਬਦੀਲੀ ਲਈ ਨਾ ਸਿਰਫ ਆਪਣੇ ਦੇਸ ਦੀਆਂ ਪੁਰਾਤਨ ਪਰੰਪਰਾਵਾਂ ਤੇ ਸੰਸਕ੍ਰਿਤੀ ਵਿਚੋਂ ਲਾਭਦਾਇਕ ਅੰਗ ਚੁਣੇ ਬਲਕਿ ਇਸਲਾਮੀ ਦੇਸਾਂ ਦੀਆਂ ਰਵਾਇਤਾਂ ਤੇ ਸਭਿਆਚਾਰ ਤੋਂ ਵੀ ਫ਼ਾਇਦਾ ਉਠਾਉਣ ਤੋਂ ਸੰਕੋਚ ਨਾ ਕੀਤਾ । ਇਤਿਹਾਸ ਦੱਸਦਾ ਹੈ, ਮੁਸਲਮਾਨ ਕੱਟੜਪੰਥੀਆਂ ਨਾਲ ਸਿੱਝਣ ਦਾ ਇਹ ਢੰਗ ਵਧੇਰੇ ਸਫਲ ਸਾਬਤ ਹੋਇਆ। ਗੁਰੂ ਸਾਹਿਬਾਂ ਦੇ ਸਾਹਿਤ ਵਿਚ ਮੁਸਲਮਾਨ ਮਜ਼ਹਬੀ ਆਗੂਆਂ ਦੇ ਅਭਿਮਾਨ ਦਾ ਖੰਡਨ ਘੱਟ ਹੈ ਪਰ ਹਿੰਦੂ ਧਾਰਮਕ ਨੇਤਾਵਾਂ ਦੀ ਸੁਆਰਥੀ ਬਿਰਤੀ ਨੂੰ ਪੂਰੀ ਤਰ੍ਹਾਂ ਨੰਗਿਆਂ ਕੀਤਾ ਹੈ ਤਾਂ ਕਿ ਪੰਜਾਬ ਦੀ ਹਿੰਦੂ ਜਨਤਾ ਮੁਸਲਮਾਨਾਂ ਦੀ ਆਲੋਚਨਾਂ ਤੋਂ ਚਿੜਨ ਦੀ ਬਜਾਏ ਆਪਣੀ ਸਵੈ-ਪੜਚੋਲ ਕਰਨ ਵੱਲ ਵਧੇਰੇ ਧਿਆਨ ਦੇਵੇ । ਅਜਿਹਾ ਉਸਾਰੂ ਵਤੀਰਾ ਧਾਰਨ ਕਰ ਕੇ ਗੁਰੂਆਂ ਨੇ ਪੰਜਾਬ ਵਿਚ ਹਿੰਦੂ ਵਸੋਂ ਦੇ ਚੋਖੇ ਭਾਗ ਨੂੰ ਰਹੱਸਵਾਦੀ ਸਿਖਲਾਈ ਰਾਹੀਂ ਇੰਨਾਂ ਉਚਿਆ ਲਿਆ ਕਿ ਨਾ ਮੁਸਲਮਾਨ ਉਨ੍ਹਾਂ ਨੂੰ ਮਜ਼ਹਬੀ ਜਾਂ ਭਾਈਚਾਰਕ ਤੌਰ ਤੇ ਨੀਵੀਂ ਨਜ਼ਰ ਨਾਲ ਦੇਖ ਸਕਣ ਤੇ ਨਾ ਉਹ ਇਸਲਾਮੀ ਜੀਵਨ ਦੇ ਟਾਕਰੇ ਵਿਚ ਆਪਣੇ ਆਪ ਨੂੰ ਘਟੀਆ ਮਹਿਸੂਸ ਕਰਨ । ਜਦ ਗੁਰੂ ਸਾਹਿਬ ਸਾਰੇ ਪੰਜਾਬ ਦੀ ਗੈਰ ਮੁਸਲਮਾਨ ਵਸੋਂ ਨੂੰ ਇਸ ਤਰੀਕੇ ਨਾਲ ਉਚਿਆ ਤੇ ਆਪਣੇ ਪੈਰਾਂ ਉਤੇ ਖੜਾ ਕਰਨ ਦੇ ਯਤਨਾਂ ਵਿਚ ਸਫਲ ਹੁੰਦੇ ਨਜ਼ਰ ਆਉਣ ਲਗੇ ਤਾਂ ਕਈ ਪਾਸਿਆਂ ਤੋਂ ਸਖ਼ਤੀ ਨਾਲ ਉਨ੍ਹਾਂ ਦੀ ਵਿਰੋਧਤਾ ਹੋਣੀ ਸ਼ੁਰੂ ਹੋ ਗਈ । ਮੁਸਲਮਾਨ ਸੂਫ਼ੀ ਇਨ੍ਹਾਂ ਯਤਨਾਂ ਦੇ ਵਿਰੋਧੀ ਸਨ ਕਿਉਂਕਿ ਮਨੁੱਖੀ ਜੀਵਨ ਨੂੰ ਉਚਿਆਉਣ ਦਾ ਹਰ ਯਤਨ ਉਨ੍ਹਾਂ ਦੇ ਆਪਣੇ ਮੰਤਵਾਂ ਦੀ ਹੀ ਪੂਰਤੀ ਸੀ ਪਰ ਕੱਟੜਪੰਥੀ ਮੁਸਲਮਾਨਾਂ ਨੂੰ ਇਹ ਯਤਨ ਜਲਦੀ ਹੀ ਰੜਕਣ ਲਗ ਪਏ। ਜੇ ਸੂਫ਼ੀ ਪੀਰਾਂ ਦਾ ਅਸਰ ਰਸੂਖ ਮੁਸਲਮਾਨੀ ਵਸੋਂ ਵਿਚ ਕਾਇਮ ਰਹਿੰਦਾ ਤਾਂ ਪੰਜਾਬ ਦੀ ਵਸੋਂ ਦੇ ਦੋਵੇਂ ਭਾਗ ਇਕ ਦੂਜੇ ਦੇ ਬਹੁਤ ਨੇੜੇ ਆਉਂਦੇ ਜਾਂਦੇ ਤੇ ਉਨ੍ਹਾਂ ਦੀ ਮਿਲਵਰਤਣ ਨਾਲ ਪੰਜਾਬੀ ਜੀਵਨ ਦੀਆਂ ਸੰਭਾਵਨਾਵਾਂ ਬਹੁਤ ਵੱਧ ਜਾਂਦੀਆਂ । ਸੂਫ਼ੀਆਂ ਤੇ ਗੁਰੂਆਂ ਦਾ ਆਦਰਸ਼ ਇਕ ਸਾਂਝਾ, ਅਮਨ-ਭਰਪੂਰ, ਖੁਸ਼ਹਾਲ, ਉਸਾਰੂ ਰੁਚੀਆਂ ਵਾਲਾ ਤੇ ਅੰਦਰੂਨੀ ਤ੍ਰੇੜਾਂ ਤੋਂ ਰਹਿਤ ਪੰਜਾਬ ਹੋਂਦ ਵਿਚ ਲਿਆਉਣਾ ਸੀ ਤੇ ਇਸ ਆਦਰਸ਼ ਦੀ ਪੂਰਤੀ ਲਈ ਉਹ ਬੇਅੰਤ ਕਠਿਨਾਈਆਂ ਦੇ ਬਾਵਜੂਦ ਕਈ ਸਦੀਆਂ ਯਤਨ ਕਰਦੇ ਰਹੇ । ਪੰਜਾਬ ਵਿਚ ਸਾਂਝਾ, ਨਰੋਆ ਤੇ ਉਸਾਰੂ ਜੀਵਨ ਉਭਾਰਨ ਦੇ ਯਤਨ ਉਨ੍ਹਾਂ ਲੋਕਾਂ ਦੇ ਹਿਤਾਂ ਉੱਤੇ ਸਿੱਧਾ ਵਾਰ ਕਰਦੇ ਸਨ ਜੋ ਪੰਜਾਬੀ ਜਨਤਾ ਨੂੰ ਸਦਾ ਲਈ ਆਪਣੇ ਅਧੀਨ ਰੱਖਣਾ ਚਾਹੁੰਦੇ ਸਨ। ਰਹੱਸਵਾਦ ਦਾ ਪ੍ਰਚਾਰ ਲੋਕਾਂ ਵਿਚ ਜਾਗਰਿਤ ਪੈਦਾ ਕਰਨ ਦਾ ਨਿਹਾਇਤ ਕਾਮਯਾਬ ਹਥਿਆਰ ਹੋਣ ਕਰ ਕੇ ਇਸ ਦੀ ਵਿਰੋਧਤਾ ਨਾ ਕੇਵਲ ਦੰਭੀ ਧਾਰਮਕ ਆਗੂਆਂ ਵਲੋਂ ਹੁੰਦੀ ਸੀ ਬਲਕਿ ਆਰਥਕ ਤੇ ਰਾਜਸੀ ਅਧਿਕਾਰਾਂ ਦੇ ਮਾਲਕਾਂ ਵਲੋਂ ਵੀ, ਜਿਨ੍ਹਾਂ ਲਈ ਲੋਕਾਂ ਦਾ ਜਾਗਣਾ ਚਿੰਤਾਜਨਕ ਸੀ । ਜਿਵੇਂ ਜਿਵੇਂ ਸੂਫੀ ਤੇ ਗੁਰੂ ਲੋਕਾਂ ਨੂੰ ਉਭਾਰਨ ਵਿਚ ਸਫਲ ਹੁੰਦੇ ਗਏ ਤਿਵੇਂ ਤਿਵੇਂ ਧਾਰਮਕ ਅਧਿਕਾਰੀ ਤੇ ਰਾਜਸੀ ਅਥਵਾ ਆਰਥਕ ਅਧਿਕਾਰੀ, ਲੋਕ-ਹਿਤੂ ਆਗੂਆਂ ਦੀ ਵਿਰੋਧਤਾ ਦੇ ਯਤਨਾਂ ਵਿਚ ਇਕ ਦੂਜੇ ਦੇ ਨੇੜੇ ਆਉਂਦੇ ਗਏ । ਪੰਜਾਬ ਦੀ ਰਾਜਸੀ ਵਾਗ-ਡੋਰ ਮੁਗ਼ਲ ਹਕੂਮਤ ਦੇ ਹੱਥ ਹੋਣ ਕਰ ਕੇ ਇਹ ਵਿਰੋਧਤਾ ਇਸਦੀ ਛੱਤਰ-ਛਾਇਆ ਹੇਠ ਕੇਂਦਰਿਤ ਹੋਣ ਲਗ ਪਈ। ਮੁਸਲਮਾਨ ਕੱਟੜਪੰਥੀ ਵਡੀ ਗਿਣਤੀ ਵਿਚ ਤੇ ਹਿੰਦੂ ਕੱਟੜਪੰਥੀ ਥੋੜੀ ਗਿਣਤੀ ਵਿਚ ਇਸ ਹਕੂਮਤ ਨੂੰ ਸ਼ਹਿ ਜਾਂ ਸਹਾਇਤਾ ਦੇਣ ਲਈ ਮੈਦਾਨ ਵਿਚ ਆ ਗਏ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਤਕ ਮੁਗਲ ਹਕੂਮਤ ਕੱਟੜਪੰਥੀਆਂ ਦੀ ਸਹਾਇਤਾ ਦੀ ਲੋੜ ਮਹਿਸੂਸ ਨਹੀਂ ਸੀ ਕਰਦੀ ਪਰ ਬਾਅਦ ਵਿਚ ਦਿਨ-ਬਦਿਨ ਵੱਧ ਰਹੇ ਰਹੱਸਵਾਦੀ ਪ੍ਰਚਾਰ ਨੂੰ ਰੋਕਣ ਲਈ ਦੰਭੀ ਧਾਰਮਕ ਆਗੂਆਂ ਦੀ ਹੌਂਸਲਾ-ਅਫਜਾਈ ਕਰਨੀ ਹਕੂਮਤ ਲਈ ਜ਼ਰੂਰੀ ਹੋ ਗਈ ਤਾਂ ਕਿ ਜਨਤਾ ਨੂੰ ਅਸਲ ਰਹੱਸਵਾਦ ਦੀ ਬਜਾਇ, ਰਹੱਸਵਾਦੀ ਜੀਵਨ ਨਾਲ ਮਿਲਦੇ-ਜੁਲਦੇ ਪਰ ਨਿਰਾਰਥਕ, ਪੂਜਾ ਪਾਠ ਦੇ ਭੁਲੇਖਿਆਂ ਵਿਚ ਮਹੱਤਵ ਰੱਖ ਕੇ ਨਵੇਂ ਜੀਵਨ ਦੀ ਸ਼ਕਤੀ ਪ੍ਰਾਪਤ ਕਰਨ ਤੋਂ ਦੂਰ ਕੀਤਾ ਜਾਵੇ । ਮੁਗ਼ਲ ਹਕੂਮਤ ਰਹੱਸਵਾਦੀ ਪ੍ਰਚਾਰ ਦਾ ਮੁਕਾਬਲਾ ਮਜ਼ਹਬੀ ਨੇਤਾਵਾਂ ਰਾਹੀਂ ਵੀ ਤੇ ਰਾਜਸੀ ਸ਼ਕਤੀ ਦੀ ਵਰਤੋਂ ਨਾਲ ਵੀ ਕਰਨਾ ਚਾਹੁੰਦੀ ਸੀ । ਹਕੂਮਤ ਦੀ ਨਜ਼ਰ ਵਿਚ ਗੁਰੂ ਤੇ ਸੂਫ਼ੀ ਰਾਜ-ਭੈਅ ਤੋਂ ਬੇਪਰਵਾਹ ਹੋਈਆਂ ਵਿਅਕਤੀਆਂ ਹੀ ਨਹੀਂ ਸਨ ਬਲਕਿ ਉਹ ਜਾਗਰਿਤ ਹੋ ਰਹੇ ਲੋਕਾਂ ਦੇ ਲੀਡਰ ਵੀ ਸਨ ਜਿਨ੍ਹਾਂ ਵਲੋਂ ਅਵੇਸਲੇ ਹੋਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਸੀ। ਜਹਾਂਗੀਰ ਦੇ ਸਮੇਂ ਭਾਰਤੀ ਇਸਲਾਮ ਵਿਚ ਕੰਮ ਕਰ ਰਹੇ ਸੂਫ਼ੀ ਤੇ ਕਾਜ਼ੀ ਮੌਲਵੀਆਂ ਦੀ ਤੱਕੜੀ ਦਾ ਕੱਟੜਪੰਥੀ ਪਲੜਾ ਬਹੁਤ ਭਾਰਾ ਹੋਣਾ ਸ਼ੁਰੂ ਹੋਇਆ । ਜਦ ਤਕ ਮੁਗ਼ਲ ਹਕੂਮਤ ਸੂਫ਼ੀਆਂ ਦਾ ਸਤਿਕਾਰ ਕਰਦੀ ਰਹੀ ਪੰਜਾਬ ਦੇ ਲੋਕਾਂ ਦੇ ਜੀਵਨ ਦਾ ਵਿਕਾਸ ਸਰਲਤਾ ਨਾਲ ਹੁੰਦਾ ਰਿਹਾ ਪਰ ਜਦੋਂ ਹਕੂਮਤ ਨੇ ਸੂਫ਼ੀਆਂ ਵੱਲੋਂ ਮੂੰਹ ਮੋੜ ਕੇ ਕੱਟੜਪੰਥੀਆਂ ਵੱਲ ਰੁਖ਼ ਕਰ ਲਿਆ ਤਾਂ ਜਨਤਾ ਦੇ ਜੀਵਨ-ਵਿਕਾਸ ਨਾਲ ਹਕੂਮਤ ਦੀ ਹਮਦਰਦੀ ਘੱਟ ਗਈ ਤੇ ਜਨਤਾ ਦੇ ਲੀਡਰਾਂ ਉਤੇ ਰਾਜ-ਸ਼ਕਤੀ ਦੇ ਵਾਰ ਸ਼ੁਰੂ ਹੋ ਗਏ । ਸਭ ਤੋਂ ਪਹਿਲਾ ਵਾਰ ਗੁਰੂ ਅਰਜਨ ਉਤੇ ਹੋਇਆ, ਜਿਸ ਨੇ ਪੰਜਾਬ ਦੇ ਜਾਗਰਿਤ ਲੋਕਾਂ ਦੀ ਵੱਡੀ ਗਿਣਤੀ ਨੂੰ ਇਕ ਸਮਾਜਕ ਸ਼ਕਤੀ ਬਣਾਉਣ ਵਿਚ ਸਫਲਤਾ ਪ੍ਰਾਪਤ ਕਰ ਲਈ ਸੀ । ਸੰਨ 1606 ਈ: ਵਿਚ ਲਾਹੌਰ ਦੇ ਕਿਲ੍ਹੇ ਪਾਸ ਗੁਰੂ ਅਰਜਨ ਦੀ ਸ਼ਹੀਦੀ ਪੰਜਾਬ ਦੇ ਇਤਿਹਾਸ ਵਿਚ ਇਕ ਨਿਰਣਾਜਨਕ ਘਟਨਾ ਸੀ । ਇਹ ਇਸ ਗੱਲ ਦੀ ਸੂਚਨਾ ਸੀ ਕਿ ਪੰਜਾਬ ਦੇ ਰਹੱਸਵਾਦੀ ਮਹਾਂਪੁਰਖਾਂ ਨੇ ਪੰਜਾਬੀ ਲੋਕਾਂ ਦੇ ਆਤਮਕ, ਸਮਾਜਕ ਤੇ ਵਿਹਾਰਕ ਜੀਵਨ ਨੂੰ ਬਲਵਾਨ ਕਰਨ ਦੇ ਜੋ ਯਤਨ ਆਰੰਭੇ ਸਨ, ਉਹ ਕਾਫ਼ੀ ਹੱਦ ਤਕ ਸਫਲ ਹੋ ਰਹੇ ਸਨ ਤੇ ਹਕੂਮਤ ਨੂੰ ਯਕੀਨ ਹੋ ਗਿਆ ਸੀ ਕਿ ਰਹੱਸਵਾਦੀਆਂ ਦਾ ਪ੍ਰਚਾਰ ਨਿਰਾ ਲੋਕਾਂ ਦੇ ਰੂਹਾਨੀ ਜੀਵਨ ਨੂੰ ਹੀ ਪ੍ਰਫੁੱਲਤ ਨਹੀਂ ਕਰਦਾ, ਸਮਾਜਕ ਤੇ ਵਿਹਾਰਕ ਪੱਖ ਵਿਚ ਵੀ ਨਵੀਆਂ ਸ਼ਕਤੀਆਂ ਨੂੰ ਉਭਾਰਦਾ ਹੈ, ਜਿਨ੍ਹਾਂ ਦਾ ਅਹਿਸਾਸ ਲੋਕਾਂ ਵਿਚ ਮਨੁੱਖੀ ਕਸੌਟੀਆਂ ਤੇ ਪੂਰੇ ਨਾ ਉਤਰਣ ਵਾਲੇ ਹਰ ਕਾਨੂੰਨ, ਪੁਰਸ਼ ਜਾਂ ਸੰਸਥਾ ਨੂੰ ਵੰਗਾਰਣ ਦੀ ਸਮਰੱਥਾ ਪੈਦਾ ਕਰਦਾ ਹੈ । ਇਸ ਵੰਗਾਰ ਦੇ ਚਿੰਨ੍ਹ ਉਘੜਦੇ ਵੇਖ ਕੇ ਜਹਾਂਗੀਰ ਨੇ ਗੁਰੂ ਅਰਜਨ ਨੂੰ ਸਾਧਾਰਨ ਫਕੀਰ ਮੰਨਣਾ ਭੁਲੇਖਾ ਸਮਝ ਕੇ ਉਨ੍ਹਾਂ ਦੀਆ ਰਹੱਸਵਾਦੀ ਕਾਰਵਾਈਆਂ ਤੋਂ ਤੌਖਲਾ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਤੇ ਅੰਤ ਵਿਚ ਉਨ੍ਹਾਂ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ। ਜਿਸ ਜ਼ਮਾਨੇ ਵਿਚ ਹਕੂਮਤਾਂ ਨੂੰ ਆਪਣੇ ਰਾਜ ਖੁਸ ਜਾਣ ਦਾ ਖਤਰਾ ਕਿਸੇ ਹਮਲਾਵਰ ਲੁਟੇਰਾ ਫੌਜ ਜਾਂ ਗਵਾਂਢੀ ਹਾਕਮ ਤੋਂ ਹੀ ਹੁੰਦਾ ਸੀ ਜਾਂ ਕਦੀਂ-ਕਦਾਈਂ ਤਖ਼ਤ ਦੇ ਦਾਅਵੇਦਾਰ ਰਿਸ਼ਤੇਦਾਰਾਂ ਦੀ ਸਾਜ਼ਸ਼ ਤੋਂ, ਉਸ ਜ਼ਮਾਨੇ ਵਿਚ ਰਹੱਸਵਾਦੀ ਵਿਅਕਤੀਆਂ ਦੀ ਅਗਵਾਈ ਹੇਠ ਜਾਗੇ ਲੋਕਾਂ ਵਲੋਂ ਹਕੂਮਤ ਨੂੰ ਭੈਅ ਪ੍ਰਤੀਤ ਹੋਣ ਲਗ ਜਾਣਾ ਇਕ ਅਤਿਅੰਤ ਅਸਾਧਾਰਨ ਘਟਨਾ ਸੀ ਤੇ ਭਾਰਤ ਵਿਚ ਤਾਂ ਸ਼ਾਇਦ ਮੱਧ ਕਾਲ ਦੀ ਕੁੱਖ ਵਿਚ ਆਧੁਨਿਕ ਕਾਲ ਦੇ ਪ੍ਰਵੇਸ਼ ਕਰ ਚੁੱਕੇ ਹੋਣ ਦਾ ਸੰਕੇਤ ਸੀ । ਗੁਰੂ ਅਰਜਨ ਦੀ ਸ਼ਹੀਦੀ ਨੇ ਜਾਗ੍ਰਿਤ ਹੋਏ ਲੋਕਾਂ ਨੂੰ ਯਕੀਨ ਕਰਾ ਦਿੱਤਾ ਕਿ ਜੇ ਉਹ ਬਾਕਾਇਦਾ ਢੰਗ ਨਾਲ ਜਥੇਬੰਦ ਹੋ ਕੇ ਹਕੂਮਤ ਨੂੰ ਵੰਗਾਰਾਂ ਪਾਉਣੀਆਂ ਸ਼ੁਰੂ ਕਰ ਦੇਣ ਤਾਂ ਹਕੂਮਤ ਦਾ ਵਕਾਰ ਤੇ ਰੋਅਬ ਘੱਟਦਾ ਜਾਵੇਗਾ ਤੇ ਲੋਕਾਂ ਵਿਚ ਜਾਗ੍ਰਿਤੀ ਵਧਦੀ ਜਾਵੇਗੀ। ਗੁਰੂ ਹਰਿਗੋਬਿੰਦ ਦੀਆਂ ਮੁਗ਼ਲ ਫੌਜਾਂ ਨਾਲ ਲਈਆਂ ਝੜਪਾਂ ਨੇ ਪੰਜਾਬੀਆਂ ਦੇ ਹੌਂਸਲੇ ਬਹੁਤ ਵਧਾ ਦਿੱਤੇ । ਗੁਰੂ ਨਾਨਕ ਦੇ ਸਮੇਂ ਤੋਂ ਉਨ੍ਹਾਂ ਦੀ ਚਲਾਈ ਲਹਿਰ ਵਿਚ ਰਹੱਸਵਾਦੀ ਜਾਗ੍ਰਿਤੀ ਦੇ ਨਾਲ ਨਾਲ ਜਿਵੇਂ ਪੰਜਾਬ ਦੇ ਸਮਾਜਕ ਨਿਯਮਾਂ ਤੇ ਸੰਸਥਾਵਾਂ ਨੂੰ ਬਦਲਣ ਦਾ ਯਤਨ ਹੁੰਦਾ ਆ ਰਿਹਾ ਸੀ ਤਿਵੇਂ ਹੁਣ ਪੰਜਾਬ ਦੀਆਂ ਬੀਰਤਾ ਦੀਆਂ ਰੁਚੀਆਂ ਨੂੰ ਪ੍ਰਚੰਡ ਕਰਨ ਦੇ ਹੀਲੇ ਵੀ ਆਰੰਭ ਹੋ ਗਏ । ਗੁਰੂ ਗੋਬਿੰਦ ਸਿੰਘ ਨੇ ਇਨ੍ਹਾਂ ਰੁਚੀਆਂ ਨੂੰ ਪਾਲਣ, ਸਿਖਾਉਣ ਤੇ ਬਲਵਾਨ ਕਰਨ ਲਈ ਉਚੇਚਾ ਪ੍ਰੋਗ੍ਰਾਮ ਬਣਾਇਆ ਤੇ ਜਨਤਾ ਦੇ ਸ੍ਵੈ-ਭਰੋਸੇ ਨੂੰ ਸਿਖਰ ਤੇ ਪੁਚਾ ਦਿੱਤਾ । ਉਨ੍ਹਾਂ ਦੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਇਹ ਵਿਸਵਾਸ਼ ਹੋ ਗਿਆ ਕਿ ਮੁਗ਼ਲ ਹਕੂਮਤ ਨਾਲ ਸਾਵੇਂ ਤੁਲਣ ਦੀ ਸ਼ਕਤੀ ਪੰਜਾਬੀਆਂ ਵਿਚ ਪ੍ਰਵੇਸ਼ ਕਰ ਚੁੱਕੀ ਹੈ ਤੇ ਉਹ ਇਕ ਨਾ ਇਕ ਦਿਨ ਪੰਜਾਬ ਵਿਚ ਪੰਜਾਬੀ ਜਨਤਾ ਨੂੰ ਸਭ ਅਧਿਕਾਰਾਂ ਦੇ ਸੁਆਮੀ ਬਣਾਉਣ ਵਿਚ ਸਫਲ ਹੋ ਜਾਣਗੇ । ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੇ ਲੋਕ-ਲਹਿਰ ਦੇ ਬਾਲਗ ਹੋਣ ਦੀ ਸੂਚਨਾ ਤੇ ਇਸ ਨੂੰ ਰਾਜਸੀ ਸੇਧ ਦਿੱਤੀ ਸੀ । ਗੁਰੂ ਹਰਿਗੋਬਿੰਦ ਦੇ ਜੰਗੀ ਸਾਜ਼ੋ-ਸਾਮਾਨ ਇਕੱਤਰ ਕਰਨ ਤੇ ਵਰਤਣ ਦੇ ਯਤਨਾਂ ਨੇ ਲੋਕਾਂ ਨੂੰ ਜੰਗੀ ਸਿਖਲਾਈ ਦੇ ਕੇ ਇਸ ਲਹਿਰ ਨੂੰ ਇਲਕਲਾਬੀ ਸੰਗਰਾਮ ਦੇ ਰਾਹ ਪਾਇਆ। ਗੁਰੂ ਗੋਬਿੰਦ ਸਿੰਘ ਨੇ ਇਸ ਸੰਗਰਾਮ ਨੂੰ ਤਿੱਖਾ ਕਰਨ ਵਿਚ ਐਸੀ ਸਫਲਤਾ ਪ੍ਰਾਪਤ ਕੀਤੀ ਕਿ ਉਨ੍ਹਾਂ ਦੇ ਚਲਾਣੇ ਤੋਂ ਬਾਅਦ ਇਕ ਸਦੀ ਦੇ ਅੰਦਰ ਅੰਦਰ ਪੰਜਾਬੀ ਜਨਤਾ ਆਪਣੀ ਸੁਤੰਤਰਤਾ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਤਪਰ ਹੋ ਗਈ ਤੇ ਕੁਝ ਦਹਾਕਿਆਂ ਦੇ ਅੰਦਰ ਹੀ ਪੰਜਾਬੀ ਕੌਮੀਅਤ ਦੇ ਭਾਵਾਂ ਨੂੰ ਪ੍ਰਫੁਲਤ ਕਰਨ ਵਾਲੇ ਹਾਲਾਤ ਪੈਦਾ ਹੋ ਗਏ । ਪੰਜਾਬੀ ਕੌਮੀਅਤ ਦੀ ਉਸਾਰੀ ਨੂੰ ਗੁਰੂ ਅਰਜਨ ਦੇ ਆਦਰਸ਼ਾਂ ਵਿਚ ਵੱਡੀ ਥਾਂ ਪ੍ਰਾਪਤ ਸੀ । ਇਸ ਦਾ ਸਬੂਤ ਉਨ੍ਹਾਂ ਦੇ ਜੀਵਨ-ਕਰਤੱਵਾਂ ਤੋਂ ਭਲੀ ਭਾਂਤ ਲੱਗ ਜਾਂਦਾ ਹੈ । ਜਹਾਂਗੀਰ ਨੇ ਆਪਣੀ ‘ਤੋਜ਼ਕਿ ਜਹਾਂਗੀਰੀ’ ਵਿਚ ਇਸ਼ਾਰਾ ਕੀਤਾ ਹੈ ਕਿ ਗੁਰੂ ਅਰਜਨ ਦੇ ਸਬੰਧ ਪੰਜਾਬੀ ਵਸੋਂ ਦੇ ਹਿੰਦੂ ਤੇ ਮੁਸਲਮਾਨ ਦੋਹਾਂ ਭਾਗਾਂ ਨਾਲ ਸਨ। ਸੂਫ਼ੀ ਦਰਵੇਸ਼ ਮੀਆਂ ਮੀਰ ਨਾਲ ਉਨ੍ਹਾ ਦੀ ਦੋਸਤੀ ਤਾਂ ਪੰਜਾਬ ਦੇ ਬਹੁਤ ਲੋਕਾਂ ਵਿਚ ਇਕ ਪ੍ਰਸਿੱਧ ਰਵਾਇਤ ਦਾ ਦਰਜਾ ਪ੍ਰਾਪਤ ਕਰ ਚੁੱਕੀ ਹੈ । ਕਿਹਾ ਜਾਂਦਾ ਹੈ ਕਿ ਅੰਮ੍ਰਿਤਸਰ ਦੇ ਹਰਿਮੰਦਰ ਦੀ ਨੀਂਹ ਰਖਾਉਣ ਵੇਲੇ ਗੁਰੂ ਅਰਜਨ ਨੂੰ ਮੀਆਂ ਮੀਰ ਹੀ ਪੰਜਾਬ ਦੀ ਸਭ ਤੋਂ ਪਵਿੱਤਰ ਹਸਤੀ ਨਜ਼ਰ ਆਈ । ਅਜਿਹੀਆਂ ਰਵਾਇਤਾ ਤੋਂ ਇਹ ਅਨੁਮਾਨ ਬਣਾਉਣਾ ਬੇਵਜਾ ਨਹੀਂ ਕਿ ਉਸ ਸਮੇਂ ਗੁਰੂ ਅਰਜਨ ਦੇ ਸ਼ਰਧਾਲੂ ਗੈਰ ਮੁਸਲਮਾਨ ਪੰਜਾਬੀਆਂ ਤੇ ਸਾਈਂ ਮੀਆਂ ਮੀਰ ਦੇ ਸ਼ਰਧਾਲੂ ਮੁਸਲਮਾਨ ਪੰਜਾਬੀਆਂ ਵਿਚ ਨਿੱਘੇ ਰਿਸ਼ਤੇ ਪੈਦਾ ਹੋ ਚੁੱਕੇ ਸਨ । ਅਜਿਹੇ ਨਿੱਘੇ ਰਿਸ਼ਤਿਆਂ ਦਾ ਮੁੱਢ ਪੰਜਾਬੀ ਜਨਤਾ ਦੀ ਤਰੱਕੀ ਲਈ ਪੱਕੀਆਂ ਬੁਨਿਆਦਾਂ ਕਾਇਮ ਕਰ ਰਿਹਾ ਸੀ । ਇਕ ਹੋਰ ਰਵਾਇਤ ਅਨੁਸਾਰ ਜਦ ਗੁਰੂ ਅਰਜਨ ਨੂੰ ਜਹਾਂਗੀਰ ਦੇ ਹੁਕਮ ਮੁਤਾਬਕ ਸਖ਼ਤ ਤਸੀਹੇ ਦਿੱਤੇ ਜਾ ਰਹੇ ਸਨ ਤਾਂ ਮੀਆਂ ਮੀਰ ਨੇ ਉਨ੍ਹਾਂ ਨੂੰ ਮਿਲ ਕੇ ਪੁੱਛਿਆ ਸੀ ਕਿ ਜੇ ਆਗਿਆ ਦਿਓ ਤਾਂ ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂ । ਇਸ ਤੋਂ ਮੀਆਂ ਮੀਰ ਦੇ ਜਹਾਂਗੀਰ ਪ੍ਰਤੀ ਕਰੜੇ ਭਾਵਾਂ ਤੇ ਗੁਰੂ ਅਰਜਨ ਪ੍ਰਤੀ ਡੂੰਘੇ ਸਤਿਕਾਰ ਦਾ ਪਤਾ ਲਗਦਾ ਹੈ । ਇਹ ਰਵਾਇਤ ਗੁਰੂ ਅਰਜਨ ਦੀ ਮੁਗਲ ਰਾਜ ਨਾਲ ਟੱਕਰ ਵਿਚ ਸੂਫੀਆਂ ਦੀ ਉਨ੍ਹਾਂ ਨਾਲ ਹਮਦਰਦੀ ਦਾ ਪ੍ਰਤੀਕ ਹੈ । ਗੁਰੂ ਅਰਜਨ ਨੇ ਜਿਸ ਆਦਰ ਨਾਲ ਫਰੀਦ ਜੀ ਦੀ ਕਵਿਤਾ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤਾ ਸੀ, ਉਸ ਤੋਂ ਵੀ ਸੂਫ਼ੀਆਂ ਤੇ ਗੁਰੂਆਂ ਦੀ ਮਿਲਵਰਤਣ ਦੀ ਝਲਕ ਮਿਲਦੀ ਹੈ। ਉਸ ਸਮੇਂ ਦੇ ਪੰਜਾਬ ਵਿਚ ਗੁਰੂ ਤੇ ਸੂਫ਼ੀ ਹੀ ਲੋਕਾਂ ਦੇ ਧੜੇ ਦੇ ਸਨ, ਬਾਕੀ ਹਿੰਦੂ ਕਰਮਕਾਂਡੀ ਜਾਂ ਵਿਦਵਾਨ ਨੇਤਾ, ਮੁਸਲਮਾਨ ਮਜ਼ਹਬੀ ਨੇਤਾ ਜਾਂ ਆਲਮ ਤੇ ਰਾਜ ਸ਼੍ਰੇਣੀ ਦੇ ਅਧਿਕਾਰੀ ਸਭ ਲੋਕਾਂ ਦੇ ਹਿਤਾਂ ਨੂੰ ਆਪਣੇ ਹਿਤਾਂ ਤੋਂ ਵਾਰਨ ਵਾਲੇ ਸੁਆਰਥੀ ਮਨੁੱਖ ਸਨ । ਗੁਰੂ ਅਰਜਨ ਦੇ ਜਹਾਂਗੀਰ ਨਾਲ ਸਬੰਧਾਂ ਤੋਂ ਉਨ੍ਹਾਂ ਦੇ ਸਾਰੇ ਮੁਸਲਮਾਨਾਂ ਨਾਲ ਸਬੰਧਾਂ ਬਾਬਤ ਸਹੀ ਕਿਆਸ ਨਹੀਂ ਬਣਾਇਆ ਜਾ ਸਕਦਾ । ਉਹ ਜਹਾਂਗੀਰ ਦੇ ਮੁਸਲਮਾਨ ਹੋਣ ਕਰਕੇ ਉਸ ਤੋਂ ਬਾਗ਼ੀ ਨਹੀਂ ਸਨ ਹੋਏ ਭਾਵੇਂ ਜਹਾਂਗੀਰ ਦੇ ਦਿਲ ਵਿਚ ਉਨ੍ਹਾਂ ਦਾ ਗੈਰ ਮੁਸਲਮਾਨ ਹੋਣਾ ਵੀ ਉਨ੍ਹਾਂ ਪ੍ਰਤੀ ਵਿਰੋਧ-ਭਾਵ ਪੈਦਾ ਕਰਨ ਦਾ ਇਕ ਕਾਰਨ ਸੀ। ਮਜ਼੍ਹਬੀ ਤਅੱਸਬ ਦੇ ਉਹ ਸ਼ਿਕਾਰ ਤਾਂ ਬਣੇ ਪਰ ਆਪ ਇਸ ਤਅੱਸਬ ਤੋਂ ਪਾਕ ਰਹੇ । ਕਿਸੇ ਵੀ ਗੁਰੂ ਸਾਹਿਬ ਦੇ ਦਿਲ ਵਿਚ ਇਸਲਾਮ ਜਾਂ ਮੁਗ਼ਲ ਹਕੂਮਤ ਬਾਬਤ ਮਜ਼ਹਬੀ ਪੱਖਪਾਤ ਕਰਕੇ ਵਿਰੋਧ ਨਹੀਂ ਸੀ। ਇਸੇ ਕਰਕੇ ਜਿੱਥੇ ਇਕ ਪਾਸੇ ਬਹੁਤੇ ਗੁਰੂ ਸਾਹਿਬ ਮੁਗ਼ਲ ਰਾਜ ਨੂੰ ਕਮਜ਼ੋਰ ਕਰਨ ਲਈ ਕਾਰਵਾਈਆਂ ਕਰਦੇ ਰਹੇ ਉਥੇ ਦੂਜੇ ਪਾਸੇ ਸੂਫ਼ੀ ਸਪਿਰਿਟ ਨੂੰ ਪਰਵਾਨ ਕਰਨ ਵਾਲੇ ਮੁਸਲਮਾਨਾਂ ਨਾਲ ਸਾਂਝਾਂ ਵਧਾ ਕੇ ਪੰਜਾਬ ਦੇ ਸਮਾਜ ਨੂੰ ਇਕਾਗਰ ਤੇ ਮਜ਼ਬੂਤ ਬਣਾਉਣ ਵੱਲ ਵੀ ਪੂਰਾ ਧਿਆਨ ਦੇਂਦੇ ਰਹੇ । ਜਦ ਮੁਗ਼ਲ ਹਕੂਮਤ ਪੰਜਾਬ ਵਿਚੋਂ ਖ਼ਤਮ ਹੋ ਗਈ ਤਾਂ ਜਨਤਾ ਵਿਚ ਮੁਸਲਮਾਨਾਂ ਤੇ ਗੈਰ ਮੁਸਲਮਾਨਾਂ ਦੀ ਖਿਚੋਤਾਣ ਬੜੀ ਜਲਦੀ ਠੰਢੀ ਪੈ ਗਈ ਤੇ ਪੰਜਾਬ ਸਾਂਝੇ ਅਮਨ ਤੇ ਖੁਸ਼ਹਾਲੀ ਵੱਲ ਵਧਣ ਲਗ ਪਿਆ । ਸਿੱਖ ਗੁਰੂਆਂ ਤੇ ਸੂਫ਼ੀ ਦਰਵੇਸ਼ਾਂ ਦੀਆਂ ਪ੍ਰਚੱਲਿਤ ਕੀਤੀਆਂ ਰਵਾਇਤਾਂ ਪੰਜਾਬ ਦੀ ਆਤਮਾ ਨੂੰ ਮਨੁੱਖੀ ਵਤੀਰਾ ਧਾਰਨ ਕਰਨ ਲਈ ਸਦਾ ਖਿਚਦੀਆਂ ਰਹੀਆਂ ਹਨ ਤੇ ਪੰਜਾਬ ਦੇ ਸਿਹਤਮੰਦ ਭਵਿਖਤ ਦੇ ਚਾਹਵਾਨ ਪੰਜਾਬੀਆਂ ਨੂੰ ਇਹ ਰਵਾਇਤਾਂ ਸਦਾ ਉਤਸ਼ਾਹ ਦੇਂਦੀਆਂ ਰਹਿਣਗੀਆਂ। ਪੰਜਾਬੀ ਗੁਰੂਆਂ ਸੂਫ਼ੀਆਂ ਤੇ ਸੰਤਾਂ ਦਾ ਲਿਖਿਆ ਸਾਹਿਤ ਪੰਜਾਬ ਦੀ ਆਤਮਾ ਨੂੰ ਸਦਾ ਪਾਲਦਾ ਰਹੇਗਾ ਤੇ ਉਚੇਰੀ ਮਨੁੱਖਤਾ ਦੇ ਗੁਣਾਂ ਵੱਲ ਖਿੱਚਦਾ ਰਹੇਗਾ ।