ਰਾਜਨੀਤਕ ਹਾਲਾਤ : ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਗੱਦੀ ਹਾਸਲ ਕਰਨ ਸਮੇਂ ਪੰਜਾਬ ਦੇ ਰਾਜਨੀਤਕ ਹਾਲਾਤ ਬਹੁਤ ਹੀ ਸੰਕਟਮਈ ਅਤੇ ਪੂਰੀ ਫਿਰਕੂ ਨੀਤੀ ਵਾਲੇ ਸਨ ਉਨ੍ਹਾਂ ਦੇ ਗੁਰਿਆਈ ਧਾਰਨ ਕਰਨ ਤੋਂ ਸਿਰਫ਼ ਦੋ ਸਾਲ ਪਹਿਲਾਂ ਹੀ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਤਖਤ ਹਾਸਲ ਕੀਤਾ ਸੀ ਅਤੇ ਬਾਦਸ਼ਾਹ ਬਣਨ ਉਪਰੰਤ ਉਸ ਦਾ ਸਾਰਾ ਧਿਆਨ ਪੰਜਾਬ ਵਿਚ ਆਪਣੇ ਪੁੱਤਰ ਖੁਸਰੋ ਦੀ ਬਗ਼ਾਵਤ ਨੂੰ ਕੁਚਲਣ ਵਿਚ ਹੀ ਲੱਗਿਆ ਹੋਇਆ ਸੀ ਸ਼ਹਿਜਾਦਾ ਖੁਸਰੋ ਸਭ ਪਾਸਿਓਂ ਹਾਰ ਖਾ ਕੇ ਪੰਜਾਬ ਵਿਚ ਪਹੁੰਚਿਆ ਹੋਇਆ ਸੀ ਨਿਰਸੰਦੇਹ ਉਹ ਪੰਜਾਬੀਆਂ ਵਿਚ ਬਹੁਤ ਹਰਮਨ-ਪਿਆਰਾ ਸੀ। ਸਿੱਖ ਜਗਤ ਵਿਚ ਉਹ ਸਤਿਕਾਰਿਆ ਜਾਂਦਾ ਸੀ । ਇਹੀ ਗੱਲਾਂ ਉਸ ਦੇ ਲਈ ਹਾਰ ਦਾ ਕਾਰਣ ਬਣ ਗਈਆਂ ਸਨ। ਕਿਉਂਕਿ ਖੁਸਰੋ ਦੇ ਧਰਮ ਨਿਰਪੱਖ ਜਾਂ ਗੈਰ-ਮੁਸਲਿਮ ਸਮਾਜ ਵਿਚ ਹਰਮਨ-ਪਿਆਰਾ ਹੋਣ ਕਰਕੇ ਪੰਜਾਬ ਦਾ ਕੱਟੜ ਮੁਸਲਿਮ ਜਗਤ ਉਸ ਦੇ ਖਿਲਾਫ਼ ਹੋ ਗਿਆ ਸੀ। ਇਸ ਕਰਕੇ ਖੁਸਰੋ ਪੰਜਾਬ ਵਿਚ ਵੀ ਆਪਣੇ ਪੈਰ ਨਹੀਂ ਜਮਾ ਸਕਿਆ। ਜਹਾਂਗੀਰ ਨੇ ਇਥੇ ਪਹੁੰਚ ਕੇ ਖੁਸਰੋ ਦੀਆਂ ਫ਼ੌਜਾਂ ਨੂੰ ਹਰਾ ਦਿੱਤਾ ਸੀ ਅਤੇ ਖੁਸਰੋ ਨੂੰ ਪਕੜ ਕੇ ਉਸ ਦੇ ਸਾਹਮਣੇ ਹੀ ਉਸ ਦੇ ਸਭ ਹਮਾਇਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਤਰ੍ਹਾਂ ਪੰਜਾਬ ਜਹਾਂਗੀਰ ਦੀਆਂ ਨਿਗਾਹਾਂ ਵਿਚ ਸਭ ਤੋਂ ਪਹਿਲੇ ਨੰਬਰ ‘ਤੇ ਸੀ। ਸਾਰਾ ਕੱਟੜ ਮੁਸਲਿਮ ਜਗਤ ਜਹਾਂਗੀਰ ਨਾਲ ਸੀ, ਇਸ ਮਾਹੌਲ ਅੰਦਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਚੁੱਕੀ ਸੀ । ਸਿੱਖ ਜਗਤ ਲਈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤਾਂ ਮਾਰੂ ਸੱਟ ਹੈ ਹੀ ਸੀ, ਸ਼ਹਿਜ਼ਾਦਾ ਖੁਸਰੋ ਦਾ ਪਕੜਿਆ ਜਾਣਾ ਵੀ ਸਿੱਖਾਂ ਲਈ ਇਕ ਮਾਰੂ ਸੱਟ ਦੇ ਬਰਾਬਰ ਹੀ ਸੀ। ਇਨ੍ਹਾਂ ਘਟਨਾਵਾਂ ਨੇ ਸਿੱਖਾਂ ਨੂੰ ਇਕ ਜ਼ਖ਼ਮੀ ਹੋ ਚੁੱਕੇ ਸ਼ੇਰ ਦੀ ਹਾਲਤ ਦੀ ਸਥਿਤੀ ਵਿਚ ਪਹੁੰਚਾ ਦਿੱਤਾ ਸੀ । ਮਾਹੌਲ ਅਜਿਹਾ ਸੀ ਕਿ ਸਭ ਪਾਸੇ ਸ਼ੱਕ ਦੀਆਂ ਹੀ ਨਜ਼ਰਾਂ ਸਨ । ਥੋੜੀ ਜਿਹੀ ਅੰਗਿਆਰੀ ਸੁੱਟਣ ਦੀ ਹੀ ਦੇਰ ਸੀ ਕਿ ਭਾਂਬੜ ਬਲ ਸਕਦਾ ਸੀ ਅਜਿਹੇ ਹਾਲਾਤ ਦੇ ਅੰਦਰ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ ਧਾਰਨ ਕੀਤੀ ਸੀ ।
ਜਹਾਂਗੀਰ ਨੇ ਬਾਦਸ਼ਾਹ ਬਣਦਿਆਂ ਅਤੇ ਖੁਸਰੋ ਨੂੰ ਪਕੜਦਿਆਂ ਹੀ ਪੰਜਾਬ ਦਾ ਸਾਰਾ ਪਰਬੰਧ ਬਦਲ ਸੁੱਟਿਆ ਸੀ। ਜਿੱਥੇ ਸ਼ਹਿਜ਼ਾਦਾ ਖੁਸਰੋ ਦੇ ਪੱਖੀ ਅਧਿਕਾਰੀ ਅਤੇ ਜਰਨੈਲ ਪਕੜ ਕੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ ਉੱਥੇ ਕੱਟੜਵਾਦੀ ਅਧਿਕਾਰੀਆਂ ਨੂੰ ਪੰਜਾਬ ਦਾ ਰਾਜ ਪਰਬੰਧ ਸੌਂਪ ਦਿੱਤਾ ਗਿਆ ਸੀ । ਮੁਰਤਜ਼ਾ ਖ਼ਾਨ ਨੂੰ ਲਾਹੌਰ ਦਾ ਗਵਰਨਰ ਬਣਾਇਆ ਗਿਆ ਸੀ । ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮੁਰਤਜਾ ਖ਼ਾਨ ਦੀ ਸੂਬੇਦਾਰੀ ਸਮੇਂ ਹੋਈ ਸੀ। ਇਸ ਨੂੰ ਇਹ ਵੀ ਹੁਕਮ ਦਿੱਤਾ ਹੋਇਆ ਸੀ ਕਿ ਉਹ ਗੁਰੂ ਜੀ ਦੇ ਪਰਿਵਾਰ ਨੂੰ ਵੀ, ਸਮੇਤ ਬਾਲ ਹਰਿਗੋਬਿੰਦ ਦੇ, ਗਰਿਫਤਾਰ ਕਰ ਲਵੇ ਅਤੇ ਉਨ੍ਹਾਂ ਦੀ ਸਾਰੀ ਜਾਇਦਾਦ ਜ਼ਬਤ ਕਰ ਲਵੇ ਪਰ ਪਤਾ ਨਹੀਂ ਕਿਨ੍ਹਾਂ ਕਾਰਣਾਂ ਕਰਕੇ ਇਹ ਹੁਕਮ ਅਮਲੀ ਰੂਪ ਨਹੀਂ ਧਾਰਨ ਕਰ ਸਕੇ । ਪਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਕੁਝ ਦੇਰ ਬਾਅਦ ਹੀ ਮੁਰਤਜ਼ਾ ਖ਼ਾਨ ਨੂੰ ਬਦਲ ਕੇ ਗੁਜਰਾਤ ਭੇਜ ਦਿੱਤਾ ਗਿਆ ਸੀ ਅਤੇ ਸੈਦ ਖ਼ਾਨ ਨੂੰ ਲਾਹੌਰ ਦਾ ਗਵਰਨਰ ਬਣਾਇਆ ਗਿਆ ਸੀ । ਕੁਝ ਹੀ ਅਰਸੇ ਬਾਅਦ ਅਰਥਾਤ 1607 ਈ. ਵਿਚ ਸੈਦ ਖ਼ਾਨ ਨੂੰ ਵੀ ਹਟਾ ਦਿੱਤਾ ਗਿਆ ਸੀ । ਇਸ ਦੀ ਥਾਂ ਕੁਲੰਜ ਖ਼ਾਨ ਲਾਹੌਰ ਦਾ ਗਵਰਨਰ ਬਣਿਆ। 1610 ਈ. ਵਿਚ ਕੁਲੰਜ ਖ਼ਾਨ ਨੂੰ ਹਟਾ ਕੇ ਫਿਰ ਮੁੜ ਤੋਂ ਮੁਰਤਜ਼ਾ ਖ਼ਾਨ ਨੂੰ ਲਾਹੌਰ ਦਾ ਗਵਰਨਰ ਬਣਾਇਆ ਗਿਆ ਅਤੇ ਇਹ 1617 ਈ. ਤੱਕ ਰਿਹਾ। ਸੰਭਵ ਹੈ ਕਿ ਗੁਰੂ ਜੀ ਦੀ ਗਰਿਫਤਾਰੀ ਮੁਰਤਜ਼ਾ ਖ਼ਾਨ ਦੇ ਦੂਜੀ ਵਾਰ ਗਵਰਨਰ ਬਣਨ ਸਮੇਂ ਹੋਈ ਹੋਵੇ। ਇਸ ਤਰ੍ਹਾਂ ਪੂਰੀ ਅਨਿਸ਼ਚਿਤਤਾ ਵਾਲੇ ਮਾਹੌਲ ਵਿਚ ਗੁਰੂ ਹਰਿਗੋਬਿੰਦ ਸਾਹਿਬ ਸਿੱਖਾਂ ਦੇ ਛੇਵੇਂ ਪਾਤਸ਼ਾਹ ਬਣੇ ਸਨ।
ਜਨਮ :

ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਪਰਚੱਲਤ ਰਵਾਇਤ ਅਨੁਸਾਰ 9 ਜੂਨ, 1595 ਈ. ਨੂੰ ਹੋਇਆ ਮੰਨਿਆ ਜਾਂਦਾ ਹੈ। ਆਧੁਨਿਕ ਸਿੱਖ ਇਤਿਹਾਸਕਾਰ ਵੀ ਇਸੇ ਤਿਥੀ ਨੂੰ ਅਪਣਾ ਕੇ ਚਲਦੇ ਹਨ। ਪਰ ਭੱਟ ਵਹੀਆਂ ਵਿਚ ਗੁਰੂ ਜੀ ਦਾ ਜਨਮ ਇੱਕੀ ਹਾੜ, ਸੰਮਤ ਸਤਾਰਾਂ ਸੋ ਸੰਤਾਲੀ ਬਿ. ਮੁਤਾਬਕ ਜੁਲਾਈ-ਅਗਸਤ 1690 ਈ. ਵਿਚ ਹੋਇਆ ਦੱਸਿਆ ਗਿਆ ਹੈ :
“ਬਧਾਈ ਲੀ ਸ੍ਰੀ ਹਰਿਗੋਬਿੰਦ ਜੀ ਕੀ ਬੇਟਾ ਗੁਰੂ ਅਰਜਨ ਜੀ ਮਹਲ ਪੰਚਮ ਕਾ, ਪੋਤਾ ਗੁਰੂ ਰਾਮ ਦਾਸ ਜੀ ਕਾ…..,ਸੰਬਤ ਸੱਤਰਾਂ ਮੈ ਸੰਤਾਲੀਸ ਮਾਹ ਅਸਾਢ ਦਿਹੁੰ ਇਕੀਸ ਗਿਆ, ਸਵਾ ਪਹਿਰ ਰੈਣ ਰਹੀ ਮਾਤਾ ਗੰਗਾ ਜੀ ਕੇ ਉਦਰ ਥੀਂ ਗਾਮ ਬਡਾਲੀ ਪਰਗਣਾ ਗੁਰੂ ਚੱਕ ਮੈਂ ਏਕ ਚਮਤਕਾਰੀ ਬਾਲ ਪੈਦਾ ਹੂਆ, ਨਾਉਂ ਸ੍ਰੀ ਹਰਿਗੋਬਿੰਦ ਜੀ ਰਾਖਾ ਕੁਲ ਪਰੋਹਤ ਸਿੰਘਾਂ ਕੋ ਮਾਨਾ। ਗੁਰੂ ਕੀ ਕੜਾਹੀ ਕੀ। ਅਤਿਸ ਗਰੀਬ ਗੁਰਬੇ ਕੋ ਦਾਨ ਦੀਆ।”
ਇਨ੍ਹਾਂ ਦੋਹਾਂ ਮਿਤੀਆਂ ਵਿਚ ਛੇ ਸਾਲ ਦਾ ਫਰਕ ਹੈ। ਭੱਟ ਵਹੀਆਂ ਵਿਚ ਦਿੱਤੀਆਂ ਗਈਆਂ ਮਿਤੀਆਂ ਆਮ ਤੌਰ ‘ਤੇ ਸਾਡੇ ਇਤਿਹਾਸਕਾਰਾਂ ਵੱਲੋਂ ਠੀਕ ਹੀ ਮੰਨੀਆਂ ਗਈਆਂ ਹਨ। ਅਗਲੀ ਕੋਈ ਹੋਰ ਭਰੋਸੇਯੋਗ ਗਵਾਹੀ ਮਿਲਣ ਦੀ ਉਡੀਕ ਵਿਚ ਇਸ ਬਾਰੇ ਫੈਸਲਾ ਖੁੱਲ੍ਹਾ ਰੱਖਦੇ ਹਾਂ । ਬਾਲ ਹਰਿਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਵਿਚ ਗੁਰੂ ਅਰਜਨ ਦੇਵ ਜੀ ਦਾ ਇਕ ਸਲੋਕ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਸ ਦਾ ਸਮੁੱਚਾ ਭਾਵ ਹੈ “ਅਕਾਲ ਪੁਰਖ ਨੇ ਬੱਚਾ ਭੇਜਿਆ ਹੈ। ਜਦੋਂ ਇਸ ਨੇ ਆਪਣੀ ਮਾਂ ਦੇ ਪੇਟ ਵਿਚ ਪਰਕਾਸ਼ ਧਾਰਨ ਕੀਤਾ ਸੀ ਤਾਂ ਮਾਤਾ ਬਹੁਤ ਖੁਸ਼ ਹੋਈ ਸੀ । ਇਹ ਸਾਰੀ ਸ਼ਰਿਸ਼ਟੀ ਦਾ ਸੰਤ ਪੁੱਤਰ ਹੈ। ਵਾਹਿਗੁਰੂ ਦਾ ਹੁਕਮ ਸਭ ਵਿਚ ਜਾਹਿਰ ਹੋ ਗਿਆ ਹੈ। ਬਾਲਕ ਨੇ ਦੱਸ ਮਹੀਨਿਆਂ ਬਾਅਦ ਜਨਮ ਲਿਆ ਹੈ। ਇਸ ਨਾਲ ਪਰਿਵਾਰ ਵਿਚ ਸਭ ਸੋਗ ਖ਼ਤਮ ਹੋ ਕੇ ਖੁਸ਼ੀਆਂ ਫੈਲ ਗਈਆਂ ਹਨ । ਸਭ ਲੋਕ ਵਾਹਿਗੁਰੂ ਦੇ ਸ਼ੁਕਰਾਨੇ ਵਿਚ ਗੁਰਬਾਣੀ ਦਾ ਸਿਮਰਨ ਕਰ ਰਹੇ ਹਨ। ਬੱਚੇ ਦੇ ਪੈਦਾ ਹੋਣ ਨਾਲ ਪਰਿਵਾਰ ਦੀ ਵੇਲ ਵਧੀ ਹੈ। ਬੱਚੇ ਦੇ ਰੂਪ ਵਿਚ ਸਤਿਗੁਰਾਂ ਨੇ ਐਸੀ ਦਾਤ ਬਖ਼ਸ਼ ਦਿੱਤੀ ਹੈ ਕਿ ਜਿਸ ਦੀ ਉਨ੍ਹਾਂ ਨੂੰ ਲੋਚਾ ਸੀ । ਜਿਵੇਂ ਕਿ ਬਾਲਕ ਆਪਣੇ ਪਿਤਾ ਉੱਪਰ ਬਹੁਤ ਮਾਣ ਕਰਦਾ ਹੈ ਉਸੇ ਤਰ੍ਹਾਂ ਉਹ (ਗੁਰੂ ਅਰਜਨ) ਵੀ ਵਾਹਿਗੁਰੂ ਦੇ ਹੁਕਮ ਮੁਤਾਬਕ ਹੀ ਸਭ ਕੁਝ ਬਿਆਨ ਕਰ ਰਹੇ ਹਨ । ਇਹ ਕੋਈ ਲੁਕੀ ਛੁਪੀ ਗੱਲ ਨਹੀਂ ਹੈ ਸਗੋਂ ਗੁਰੂ ਨਾਨਕ ਨੇ ਪਰਮ ਪਰਸੰਨ ਹੋ ਕੇ ਇਹ ਦਾਤ ਬਖ਼ਸ਼ੀ ਹੈ।” ਸ਼ਬਦ ਇਸ ਤਰ੍ਹਾਂ ਹੈ :
ਸਤਿਗੁਰ ਸਾਚੈ ਦੀਆ ਭੇਜਿ । ਚਿਰੁ ਜੀਵਨੁ ਉਪਜਿਆ ਸੰਜੋਗਿ ।
ਗੁਝੀ ਛੰਨੀ ਨਾਹੀ ਬਾਤ । ਗੁਰੁ ਨਾਨਕੁ ਤੁਠਾ ਕੀਨੀ ਦਾਤਿ ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਲ ਹਰਿਗੋਬਿੰਦ ਜੀ ਦੇ ਬਚਪਨ ਦੇ ਸਮੇਂ ਦੌਰਾਨ ਵਾਪਰੀਆਂ ਕੁਝ ਕੁ ਘਟਨਾਵਾਂ ਦਾ ਵੀ ਜ਼ਿਕਰ ਹੈ। ਇਹ ਜਾਣਕਾਰੀ ਮੌਲਿਕ ਜਾਣਕਾਰੀ ਹੈ ਜਿਸ ਨੂੰ ਜ਼ਰੂਰ ਹੀ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ। ਇਕ ਘਟਨਾ ਬਾਲ ਹਰਿਗੋਬਿੰਦ ਜੀ ਦੇ ਚੇਚਕ ਨਿਕਲਣ ਦੀ ਹੈ ਅਤੇ ਦੂਜੀ ਘਟਨਾ ਬਾਲ ਹਰਿਗੋਬਿੰਦ ਨੂੰ ਕਿਸੇ ਬਰਾਹਮਣ ਵੱਲੋਂ ਜ਼ਹਿਰ ਦਿੱਤੇ ਜਾਣ ਦੀ ਹੈ । ਚੇਚਕ ਨਿਕਲਣ ਬਾਰੇ ਅਤੇ ਇਸ ਦੇ ਆਰਾਮ ਆਉਣ ਬਾਰੇ ਗੁਰੂ ਅਰਜਨ ਦੇਵ ਜੀ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਦਾ ਭਾਵ ਅਰਥ ਇਉਂ ਹੈ “ਬੱਚੇ ਨੂੰ ਚੇਚਕ ਦੀ ਬਿਮਾਰੀ ਤੋਂ ਅਕਾਲ ਪੁਰਖ ਨੇ ਆਪਣੀ ਅਪਾਰ ਕ੍ਰਿਪਾ ਕਰਕੇ ਬਚਾਇਆ ਹੈ। ਨੇਤਰਾਂ ਦਾ
ਪਰਕਾਸ਼ ਵਾਹਿਗੁਰੂ ਨੇ ਕਾਇਮ ਰੱਖਿਆ ਹੈ ਅਤੇ ਉਨ੍ਹਾਂ ਦੇ ਸਭ ਸ਼ੰਕੇ ਦੂਰ ਹੋ ਗਏ ਹਨ। ਉਨ੍ਹਾਂ ਦੀ ਸੇਵਾ ਪੂਰਨ ਹੋ ਗਈ ਹੈ। ਹਮੇਸ਼ਾਂ ਵਾਹਿਗੁਰੂ ਦਾ ਜਾਪ ਕਰੋ । ਬਾਲਕ ਨੂੰ ਪ੍ਰਭੂ ਨੇ ਆਪ ਰੱਖਿਆ ਹੈ। ਸੀਤਲਾ ਠੀਕ ਹੋ ਗਈ ਹੈ। ਵਾਹਿਗੁਰੂ ਦਾ ਨਾਮ ਜਪਣ ਕਾਰਣ ਸਭ ਬਿਘਨ ਦੂਰ ਹੋ ਗਏ ਹਨ। ਉਨ੍ਹਾਂ ਦਾ ਵਾਹਿਗੁਰੂ ਹਮੇਸ਼ਾਂ ਦਿਆਲ ਰਹਿੰਦਾ ਹੈ । ਉਸ ਨੇ ਆਪਣੇ ਭਗਤ ਦੀ ਅਰਦਾਸ ਸੁਣ ਲਈ ਹੈ । ਪਰਿਵਾਰ ਦੇ ਸਭ ਜੀਅ ਬਹੁਤ ਖੁਸ਼ ਹਨ
ਬਾਲ ਹਰਿਗੋਬਿੰਦ ਨੂੰ ਕਿਸੇ ਬਰਾਹਮਣ ਵੱਲੋਂ ਜ਼ਹਿਰ ਦਿੱਤੇ ਜਾਣ ਦੀ ਘਟਨਾ ਦਾ ਜਿਕਰ ਇਸ ਤਰ੍ਹਾਂ ਹੈ ਕਿ ਜਿਸ ਬਰਾਹਮਣ ਨੇ ਬਾਲ ਹਰਿਗੋਬਿੰਦ ਜੀ ਨੂੰ ਜ਼ਹਿਰ ਦਿੱਤੀ ਸੀ ਉਹ ਬਰਾਹਮਣ ਖੁਦ ਹੀ ਆਪਣੇ ਪੇਟ ਵਿਚ ਸੂਲ ਉਠਣ ਨਾਲ ਮਰ ਗਿਆ ਸੀ । ਬੱਚੇ ਉੱਪਰ ਜ਼ਹਿਰ ਦਾ ਕੋਈ ਅਸਰ ਨਹੀਂ ਹੋਇਆ। ਇਹ ਸਭ ਕੁਝ ਵਾਹਿਗੁਰੂ ਦੀ ਮਿਹਰ ਨਾਲ ਹੀ ਹੋਇਆ ਸੀ।
ਸੰਭਵ ਤੌਰ ‘ਤੇ ਇਹ ਜਹਿਰ ਦਿਵਾਉਣ ਦੀ ਘਟਨਾ ਪਿਰਥੀ ਚੰਦ ਜੈਸੇ ਗੁਰੂ ਘਰ ਦੇ ਦੋਖੀਆਂ ਵੱਲੋਂ ਵਰਤਾਈ ਗਈ ਹੋਵੇ ਕਿਉਂਕਿ ਪਿਰਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਬਹੁਤ ਤਕੜਾ ਵਿਰੋਧੀ ਸੀ । ਪਰ ਇਹ ਕਿਸੇ ਹੋਰ ਵਿਰੋਧੀ ਵੱਲੋਂ ਵੀ ਦਿਵਾਈ ਗਈ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸਿਰਫ਼ ਜਹਿਰ ਦੇਣ ਵਾਲੇ ਦੀ ਸ਼ਨਾਖ਼ਤ ਕੀਤੀ ਗਈ ਹੈ ਜਹਿਰ ਦਿਵਾਉਣ ਵਾਲੇ ਦੀ ਨਹੀਂ। ਗੁਰਬਿਲਾਸ ਛੇਵੀਂ ਪਾਤਸ਼ਾਹੀ ਜੈਸੀਆਂ ਗੁਰਮੁਖੀ ਦੀਆਂ ਮੁੱਢਲੀਆਂ ਲਿਖਤਾਂ ਵਿਚ ਦਿੱਤੀ ਗਈ ਇਸ ਤਰ੍ਹਾਂ ਦੀ ਜਾਣਕਾਰੀ ਭਰੋਸੇਯੋਗ ਨਹੀਂ ਹੈ।
ਜਾਪਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਬਾਲ ਹਰਿਗੋਬਿੰਦ ਦੀ ਮੁੱਢਲੀ ਵਿੱਦਿਆ ਦਾ ਅਤੇ ਘੋੜ-ਸੁਆਰੀ ਦਾ ਬਹੁਤ ਅੱਛਾ ਪਰਬੰਧ ਕੀਤਾ ਹੋਇਆ ਸੀ । ਇਸ ਮਕਸਦ ਲਈ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਜੈਸੇ ਮਹਾਨ ਵਿਦਵਾਨ ਗੁਰੂ ਘਰ ਵਿਚ ਸਨ । ਬਾਲ ਹਰਿਗੋਬਿੰਦ ਜੀ ਦਾ ਵਿਆਹ ਵੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੀ ਹੋ ਗਿਆ ਜਾਪਦਾ ਹੈ। ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਤੁਰੰਤ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਆਪਣੇ ਸਾਰੇ ਪਰਿਵਾਰ ਸਮੇਤ ਆਪਣੇ ਸਾਂਢੂ ਸਾਂਈ ਦਾਸ ਦੇ ਕੋਲ ਡਰੌਲੀ ਭਾਈ ਕੀ ਵਿਖੇ ਚਲੇ ਗਏ ਸਨ। ਭੱਟ ਵਹੀ ਮੁਲਤਾਨੀ ਸਿੰਧੀ ਅਨੁਸਾਰ, “ਗੁਰੂ ਹਰਿਗੋਬਿੰਦ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਬਾਸੀ ਗੁਰੂ ਕਾ ਚੱਕ ਪਰਗਨਾ ਨਿਝਰਆਲਾ ਸੰਮਤ ਸੋਲਾਂ ਸੈ ਤ੍ਰੈਸ਼ਠ ਜੇਠ ਮਾਸੇ ਸੁਦੀ ਅਸ਼ਟਮੀ ਕੈ ਦਿਹੁੰ ਗੋਇੰਦਵਾਲ ਸੇ ਜੰਗਲ ਦੇਸ ਗਾਮ ਡਰੌਲੀ ਪਰਗਣਾ ਡਗਰੂ ਭਾਈ ਸਾਂਈਦਾਸ ਕੇ ਗ੍ਰਹਿ ਮੇ ਆਇ । ਗੈਲੋਂ ਮਾਤਾ ਗੰਗਾ ਦੇਈ ਤੇ ਇਸਤਰੀ ਦਮੋਦਰੀ ਜੀ ਆਈ । ਏਕ ਬਰਖ ਛੇ ਮਾਸ ਡਰੋਲੀ ਗੋਇੰਦਵਾਲ ਆਏ।”
ਗੁਰਗੱਦੀ ਦੀ ਪਰਾਪਤੀ:
ਗੁਰੂ ਅਰਜਨ ਦੇਵ ਜੀ ਜੇਠ ਸੁਦੀ ਚੌਥ, ਸੰਮਤ 1663 ਬਿ. ਮੁਤਾਬਕ 30 ਮਈ, 1606 ਗਾਮ ਮੈ ਬਾਸ ਕਰ ਈ. ਨੂੰ ਸ਼ਹੀਦ ਹੋ ਗਏ ਸਨ । ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਲਹਿਰ ਲਈ ਇਕ ਬਹੁਤ ਵੱਡੀ ਚੁਣੌਤੀ ਸੀ। ਬਾਲ ਹਰਿਗੋਬਿੰਦ ਨੇ ਇਸ ਚੁਣੌਤੀ ਨੂੰ ਮਨਜੂਰ ਕੀਤਾ। ਮਨਜੂਰ ਕਰਨ ਦੇ ਪਰਤੀਕ ਵੱਜੋਂ ਬਾਲ ਹਰਿਗੋਬਿੰਦ ਨੇ ਆਪਣਾ ਗੁਰਿਆਈ ਤਿਲਕ ਤਖਤ ਉੱਪਰ ਬੈਠ ਕੇ ਧਾਰਨ ਕੀਤਾ। ਤਖਤ ਉੱਪਰ ਬੈਠ ਕੇ ਗੁਰਿਆਈ ਤਿਲਕ ਧਾਰਨ ਕਰਨ ਦਾ ਭਾਵ ਸੀ ਕਿ ਹਕੂਮਤ ਦੀ ਕਾਰਵਾਈ ਦਾ ਜਵਾਬ ਉਸ ਦੀ ਆਪਣੀ ਹੀ ਬੋਲੀ ਵਿਚ ਦਿੱਤਾ ਜਾਵੇ । ਜੇ ਹਕੂਮਤ ਨੇ ਇਹ ਸੋਚਿਆ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸਿੱਖ ਲਹਿਰ ਦੱਬ ਜਾਵੇਗੀ ਤਾਂ ਗੁਰੂ ਹਰਿਗੋਬਿੰਦ ਦਾ ਜਵਾਬ ਸੀ ਕਿ ਅੱਗੇ ਤੋਂ ਸਿੱਖ ਲਹਿਰ ਧਾਰਮਿਕ ਸ਼ਕਤੀ ਦੇ ਨਾਲ ਨਾਲ ਸਿੱਖ ਸਮਾਜ ਦੇ ਆਤਮਨਿਰਣੈ ਦੀ ਸ਼ਕਤੀ ਵੀ ਧਾਰਨ ਕਰੇਗੀ। ਇਸ ਆਤਮਨਿਰਣੈ ਦੀ ਸ਼ਕਤੀ ਨੂੰ ਦੋ ਕਿਰਪਾਨਾਂ ਧਾਰਨ ਕਰਕੇ ਦਰਸਾਇਆ ਗਿਆ ਸੀ । ਇਕ ਕਿਰਪਾਨ ਧਾਰਮਿਕ ਸ਼ਕਤੀ ਦੀ ਅਤੇ ਦੂਜੀ ਆਤਮਨਿਰਣੈ ਦੀ। ਇਸ ਨੂੰ ਸਿੱਖ ਸ਼ਬਦਾਵਲੀ ਵਿਚ ਮੀਰੀ ਅਤੇ ਪੀਰੀ ਦਾ ਧਾਰਨ ਕਰਨਾ ਦੱਸਿਆ ਗਿਆ ਹੈ। ਇਸ ਮਨੋਰਥ ਨੂੰ ਦੇ ਕਿਰਪਾਨਾਂ ਤੋਂ ਇਲਾਵਾ ਕੁਝ ਹੋਰ ਚਿੰਨ ਵੀ ਦਰਸਾ ਰਹੇ ਸਨ । ਜਿਵੇਂ ਕਿ ਸੀਸ ਉੱਪਰ ਕਲਗੀਆਂ ਵਾਲੀ ਪੱਗ ਪਹਿਨਣਾ; ਸੀਸ ਉੱਪਰ ਛਤਰ ਝੁਲਾਉਣਾ; ਹਥਿਆਰਬੰਦ ਸਿੱਖ ਘੋੜ-ਸੁਆਰ ਖੜੇ ਕਰਨਾ: ਨਗਾਰਾ ਬਜਾਉਣਾ: ਅਕਾਲ ਤਖਤ ਸਾਹਿਬ ਦੇ ਸਾਹਮਣੇ ਦੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣਾ ਆਦਿ। ਆਦਿ ।।
ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ :
ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਦੀ ਮਿਤੀ ਬਾਰੇ ਇਤਿਹਾਸਕਾਰਾਂ ਵਿਚ ਕਾਫ਼ੀ ਮੱਤ ਭੇਦ ਹਨ। ਗਯਾਨੀ ਗਯਾਨ ਸਿੰਘ ਇਸ ਦੀ ਸਥਾਪਨਾ ਪੰਜ ਹਾੜ, ਸੰਮਤ 1666 ਬਿ. ਮੁਤਾਬਕ ਮਈ, 1909 ਈ. ਨੂੰ ਹੋਈ ਮੰਨਦਾ ਹੈ। ਗਯਾਨੀ ਲਾਲ ਸਿੰਘ ਸਥਾਪਨਾ ਦਾ ਸਾਲ ਸੰਨ 1608 ਈ. ਦਾ ਦੱਸਦਾ ਹੈ। ਭਾਈ ਕਾਨ੍ਹ ਸਿੰਘ ਨਾਭਾ 1608 ਈ. ਲਿਖਦੇ ਹਨ। ਤੇਜਾ ਸਿੰਘ ਗੰਡਾ ਸਿੰਘ 1609 ਈ. ਦਾ ਸਾਲ ਲਿਖਦੇ ਹਨ। ਪਰ ਇਨ੍ਹਾਂ ਵਿਚੋਂ ਕੋਈ ਵੀ ਸਾਲ ਦਰੁਸਤ ਨਹੀਂ ਹੈ ਕਿਉਂਕਿ ਕਿਸੇ ਵੀ ਲੇਖਕ ਜਾਂ ਇਤਿਹਾਸਕਾਰ ਨੇ ਆਪਣੇ ਵੱਲੋਂ ਦਿੱਤੇ ਗਏ ਸੰਨ ਸੰਮਤ ਦਾ ਕੋਈ ਆਧਾਰ ਨਹੀਂ ਦਿੱਤਾ । ਗੁਰਬਿਲਾਸ ਛੇਵੀਂ ਪਾਤਸ਼ਾਹੀ, ਜੋ ਗੁਰਮੁਖੀ ਦੀ ਮੁੱਢਲੀ ਲਿਖਤ ਹੈ, ਵਿਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹਾੜ ਸੁਦੀ ਪੰਚਮੀ, ਸੰਮਤ 1763 ਬਿ. ਮੁਤਾਬਕ 15 ਜੂਨ, 1606 ਈ. ਵਿਚ ਹੋਈ ਦੱਸੀ ਗਈ ਹੈ। ਅਜੇ ਤੱਕ ਇਸ ਲਿਖਤ ਤੋਂ ਵੱਧ ਭਰੋਸੇਯੋਗ ਲਿਖਤ ਕੋਈ ਹੋਰ ਨਹੀਂ ਮਿਲੀ ਜਿਹੜੀ ਸਿਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਬਾਰੇ ਇਸ ਤਰ੍ਹਾਂ ਪੂਰੀ ਸਪਸ਼ਟਤਾ ਨਾਲ ਚਾਨਣਾ ਪਾਉਂਦੀ ਹੋਵੇ । ਇਸ ਲਈ ਇਸ ਵਿਚ ਦਿੱਤੀ ਗਈ ਮਿਤੀ ਨੂੰ ਹੀ ਠੀਕ ਮੰਨਿਆ ਗਿਆ ਹੈ। ਇਸ ਮਹਾਨ ਸੰਸਥਾ ਦੀ ਨੀਂਹ ਰੱਖਣ ਦੀ ਰਸਮ ਅਤੇ ਇਸ ਦੀ ਸਾਰੀ ਉਸਾਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਖ਼ੁਦ ਹੀ ਕੀਤੀ । ਉਨ੍ਹਾਂ ਨਾਲ ਸਹਾਇਤਾ ਕਰਨ ਵਾਲੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਸਨ। ਕਿਸੇ ਮਿਸਤਰੀ ਜਾਂ ਕਾਰੀਗਰ ਤੋਂ ਇਸ ਦੀ ਉਸਾਰੀ ਨਹੀਂ ਕਰਵਾਈ ਗਈ।
ਰਵਾਇਤ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀਆਂ ਅੰਤਮ ਰਸਮਾਂ (ਭੋਗ) ਅਦਾ ਕੀਤੀਆਂ ਜਾਣੀਆਂ ਸਨ ਤਾਂ ਉਸ ਸਮੇਂ ਹੀ ਬਾਲ ਹਰਿਗੋਬਿੰਦ ਨੂੰ ਗੁਰਿਆਈ ਤਿਲਕ ਲਗਾਇਆ ਜਾਣਾ ਸੀ । ਗੁਰਿਆਈ ਤਿਲਕ ਦੀ ਤਿਆਰੀ ਲਈ, ਬਾਲ ਹਰਿਗੋਬਿੰਦ ਜੀ ਦੀਆਂ ਹਦਾਇਤਾਂ ਮੁਤਾਬਕ ਇਕ ਉੱਚੇ ਥੜ੍ਹੇ ਦੀ ਸਥਾਪਨਾ ਕੀਤੀ ਗਈ। ਹਦਾਇਤਾਂ ਸਨ ਕਿ ਗੁਰਿਆਈ ਤਿਲਕ ਤਖਤ ਉੱਪਰ ਬੈਠ ਕੇ ਅਤੇ ਸ਼ਾਹੀ ਪਰੰਪਰਾਵਾਂ ਨਾਲ ਮਿਲਦੀਆਂ ਜੁਲਦੀਆਂ ਰਸਮਾਂ ਅਪਣਾ ਕੇ ਹੀ ਧਾਰਨ ਕਰਨਾ ਹੈ ਤਾਂ ਕਿ ਹਕੂਮਤ ਨੂੰ ਉਸ ਦੇ ਆਪਣੇ ਵੱਲੋਂ ਦਿੱਤੀ ਗਈ ਚੁਣੌਤੀ ਦਾ ਪੂਰਾ ਪੂਰਾ ਉੱਤਰ ਦਿੱਤਾ ਜਾ ਸਕੇ । ਇਸ ਥੜ੍ਹੇ ਦਾ ਨਾਂ ਰੱਖਿਆ ਗਿਆ, ਸਿਰੀ ਅਕਾਲ ਤਖਤ ਸਾਹਿਬ । ਇਸ ਨੂੰ ਦੂਜੇ ਅਰਥਾਂ ਵਿਚ ਦੁਨਿਆਵੀ ਤਖਤਾਂ ਦੇ ਮੁਕਾਬਲੇ ਲੋਕ ਸ਼ਕਤੀ ਦਾ ਪਰਤੀਕ ਅਤੇ ਧਾਰਮਿਕ ਅਕੀਦਿਆਂ ਦੀ ਸੁਤੰਤਰਤਾ ਦਾ ਪਰਤੀਕ ਤਖਤ ਸਮਝਿਆ ਗਿਆ ਸੀ।
ਇਸ ਤਖਤ ਉੱਪਰ ਬੈਠ ਕੇ ਸਭ ਤੋਂ ਪਹਿਲਾ ਐਲਾਨ ਇਹ ਕੀਤਾ ਗਿਆ ਕਿ ਜੋ ਵੀ ਸਿੱਖ ਗੁਰੂ ਜੀ ਦੇ ਦਰਸ਼ਨਾਂ ਨੂੰ ਆਵੇ ਉਹ ਹਥਿਆਰਬੰਦ ਅਤੇ ਘੋੜਸੁਆਰ ਹੋ ਕੇ ਹੀ ਆਵੇ।” ਇਸ ਹੁਕਮ ਦੀ ਤਾਮੀਲ ਕਰਦੇ ਹੋਏ ਛੇਤੀ ਹੀ ਸੈਂਕੜਿਆਂ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਗੁਰੂ ਜੀ ਦੇ ਦੁਆਲੇ ਇਕੱਠੇ ਹੋ ਗਏ। ਸਮੁੱਚੇ ਹਥਿਆਰਬੰਦ ਸਿੱਖਾਂ ਨੂੰ ਚਾਰ ਜੱਥਿਆਂ ਵਿਚ ਜੱਥੇਬੰਦ ਕੀਤਾ ਗਿਆ। ਇਨ੍ਹਾਂ ਚਾਰ ਜੱਥਿਆਂ ਦੇ ਜੱਥੇਦਾਰ ਸਨ : ਭਾਈ ਬਿਧੀ ਚੰਦ, ਪੈਂਦੇ ਖਾਂ, ਭਾਈ ਪਿਰਾਨਾ ਅਤੇ ਭਾਈ ਜੇਠਾ । 2 ਕੁਝ ਲਿਖਤਾਂ ਵਿਚ ਇਨ੍ਹਾਂ ਜੱਥਿਆਂ ਦੀ ਗਿਣਤੀ ਪੰਜ ਦੱਸੀ ਗਈ ਹੈ। ਪੰਜਵੇਂ ਜੱਥੇ ਦੀ ਜੱਥੇਦਾਰੀ ਭਾਈ ਲੰਗਾਹਾ ਕੋਲ ਸੀ। ਸਿਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੋ ਕੇਸਰੀ ਨਿਸ਼ਾਨ ਸਾਹਿਬ ਲਹਿਰਾਏ ਗਏ ਜਿਹੜੇ ਧਾਰਨ ਕੀਤੀਆਂ ਗਈਆਂ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਵਾਂਗ ਹੀ ਅਧਿਆਤਮਿਕ ਅਤੇ ਸੰਸਾਰਿਕ ਸ਼ਕਤੀ ਦੀ ਸੁਮੇਲਤਾ ਅਤੇ ਅੰਤਰ ਸੰਬੰਧਤਾ ਦੇ ਪਰਤੀਕ ਸਨ । ਸਿੱਖ ਸੰਗਤਾਂ ਦੇ ਸਵੇਰੇ ਸ਼ਾਮ ਦਰਬਾਰ ਲਗਾਉਣੇ ਸ਼ੁਰੂ ਕੀਤੇ ਗਏ। ਇਨ੍ਹਾਂ ਦਰਬਾਰਾਂ ਵਿਚ ਸਿੱਖਾਂ ਦੇ ਆਪਣੇ ਮਸਲੇ ਸੁਣੇ ਜਾਂਦੇ ਸਨ ਅਤੇ ਨਿਬੇੜੇ ਜਾਂਦੇ ਸਨ; ਬੀਰ-ਰਸ ਭਰਪੂਰ ਵਾਰਾਂ ਸੁਣਾਈਆਂ ਜਾਂਦੀਆਂ: ਬਾਹਰਲੇ ਰਾਜਿਆਂ ਮਹਾਰਾਜਿਆਂ ਵੱਲੋਂ ਭੇਜੇ ਗਏ ਦੂਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਆ ਜਾਂਦਾ ਅਤੇ ਸਿੱਖਾਂ ਨੂੰ ਜ਼ੁਲਮ ਅਤੇ ਜਬਰ ਦੇ ਖ਼ਿਲਾਫ਼ ਡਟਣ ਦੀਆਂ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਸਨ । ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਸਿੱਖਾਂ ਦੇ ਸਰਬਉੱਚ ਨੇਤਾ ਦੇ ਰੂਪ ਵਿਚ ਸਾਹਮਣੇ ਆਏ ਅਤੇ ਸਿਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਰਬਉੱਚ ਅਦਾਲਤੀ ਅਸਥਾਨ ਬਣ ਕੇ ਸਾਹਮਣੇ ਆਇਆ। ਇਸ ਨਾਲ ਸਿੱਖ ਜਗਤ ਦੇ ਮਨਾਂ ਵਿਚ ਆਤਮ ਸ਼ਾਸਨ ਦਾ ਗਯਾਨ ਹੋਣਾ ਸ਼ੁਰੂ ਹੋ ਗਿਆ ਅਤੇ ਦਿੱਲੀ ਤਖ਼ਤ ਦੇ ਮੁਕਾਬਲੇ ‘ਤੇ ਇਕ ਵਿਸ਼ੇਸ਼ ਕਿਸਮ ਦੀ ਰਾਜਨੀਤਕ ਚੇਤੰਨਤਾ ਆਉਣੀ ਸ਼ੁਰੂ ਹੋ ਗਈ। ਉਨੀਵੀਂ ਸਦੀ ਦੇ ਇਕ ਗੁਰਮੁੱਖੀ ਲਿਖਤ ਦੇ ਲੇਖਕ ਵੀਰ ਸਿੰਘ ਬਲ ਨੇ ਲਿਖਿਆ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਦਿੱਲੀ ਅਤੇ ਲਾਹੌਰ ਦੇ ਤਖ਼ਤਾਂ ਦੀ ਸ਼ਕਤੀ ਨੂੰ ਰੱਦ ਕਰਕੇ ਅੰਮ੍ਰਿਤਸਰ ਵਿਖੇ ਇਕ ਸਿਰਮੌਰ ਤਖਤ ਦੀ ਸਥਾਪਨਾ ਕੀਤੀ। ਭਾਵੇਂ ਇਸ ਕਥਨ ਨੂੰ ਇੰਨ-ਬਿੰਨ ਅਰਥਾਂ ਵਿਚ ਨਾ ਵੀ ਲਿਆ ਜਾਵੇ ਪਰ ਇਸ ਨਾਲ ਸਿੱਖ ਹਿਰਦਿਆਂ ਵਿਚ ਆਈ ਇਕ ਵਿਸ਼ੇਸ਼ ਕਿਸਮ ਦੀ ਚੇਤੰਨਤਾ ਦਾ ਪਰਗਟਾਵਾ ਜਰੂਰ ਹੋਇਆ।
ਅੰਮ੍ਰਿਤਸਰ ਨਗਰ ਦੀ ਚਹੁੰ ਤਰਫੋਂ-ਕਿਲਾਬੰਦੀ ਕੀਤੀ ਗਈ ਤਾਂ ਕਿ ਕੋਈ ਗੁਰੂ ਘਰ ਦਾ ਦੋਖੀ ਨਗਰ ਉੱਪਰ ਅਚਾਨਕ ਹਮਲਾ ਨਾ ਕਰ ਸਕੇ । ਲੋਹਗੜ੍ਹ ਨਾਮੀ ਇੱਕ ਕਿਲਾ ਤਿਆਰ ਕੀਤਾ ਗਿਆ ਜਿੱਥੇ ਗੁਰੂ ਜੀ ਦੇ ਘੋੜ ਸੁਆਰ ਸਿੱਖ ਰਿਹਾ ਕਰਦੇ ਸਨ। ਇਹ ਸਭ ਤਿਆਰੀਆਂ ਗੁਰਿਆਈ ਤਿਲਕ ਧਾਰਨ ਕਰਨ ਦੇ ਤੁਰੰਤ ਬਾਅਦ ਹੀ ਕੀਤੀਆਂ ਗਈਆਂ ਸਨ।
ਗੁਰੂ ਜੀ ਦੀ ਗਰਿਫ਼ਤਾਰੀ :
ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਪਿੱਛੋਂ ਜੋ ਜੰਗੀ ਤਿਆਰੀਆਂ ਗੁਰੂ ਹਰਿਗੋਬਿੰਦ ਸਾਹਿਬ ਨੇ ਕੀਤੀਆਂ ਸਨ ਇਸ ਨਾਲ ਹਕੂਮਤ ਦੇ ਕਰਿੰਦਿਆਂ ਵਿਚ ਅਤੇ ਗੁਰੂ ਘਰ ਦੇ ਦੋਖੀਆਂ ਵਿਚ ਇਕ ਡਰ ਫੈਲ ਜਾਣਾ ਕੁਦਰਤੀ ਗੱਲ ਸੀ । ਗੁਰੂ ਘਰ ਦੇ ਦੋਖੀ ਤਾਂ ਗੁਰੂ ਜੀ ਦੀ ਹਰ ਗੱਲ ਨੂੰ ਵਧਾ ਚੜਾ ਕੇ ਪੇਸ਼ ਕਰਦੇ ਸਨ । ਹਕੂਮਤ ਦੇ ਕਰਿੰਦਿਆਂ ਨੂੰ ਇਸ ਕਰਕੇ ਡਰ ਸੀ ਕਿ ਕਿਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਪਰੱਤੀਕਰਮ ਵੱਜੋਂ ਸਿੱਖ ਗੁਰੂ ਹਰਿਗੋਬਿੰਦ ਸਾਹਿਬ ਦੀ ਅਗਵਾਈ ਹੇਠ ਬਗ਼ਾਵਤ ਕਰਨ ‘ਤੇ ਨਾ ਆ ਜਾਣ । ਗੁਰੂ ਘਰ ਦੇ ਵਿਰੋਧੀ ਲੋਕ, ਖਾਸ ਕਰਕੇ ਪਿਰਥੀ ਚੰਦੀਏ ਤਾਂ ਗੁਰੂ ਜੀ ਦੇ ਹਥਿਆਰਬੰਦ ਹੋਣ ਨੂੰ ਹੋਰ ਪੱਖੋਂ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲੇ ਗੁਰੂ ਤਾਂ ਧਰਮ ਦਾ ਪਰਚਾਰ ਕਰਦੇ ਸਨ ਪਰ ਇਹ ਉਨ੍ਹਾਂ ਦਾ ਮਾਰਗ ਛੱਡ ਕੇ ਜੰਗੀ ਤਿਆਰੀਆਂ ਕਰਨ ਲੱਗਾ ਹੈ; ਬਾਦਸ਼ਾਹ ਨੂੰ ਵੰਗਾਰਣ ਲੱਗਿਆ ਹੈ; ਸ਼ਿਕਾਰ ਖੇਡਣ ਲੱਗਿਆ ਹੈ, ਚੋਰਾਂ ਡਾਕੂਆਂ ਆਦਿ ਨੂੰ ਆਪਣੇ ਨਾਲ ਰਲਾਉਣ ਲੱਗਿਆ ਹੈ; ਆਦਿ, ਆਦਿ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ ਕੁੱਝ ਪਉੜੀਆਂ ਇਸ ਤਰ੍ਹਾਂ ਦੇ ਪਰਚਾਰ ‘ਤੇ ਚਾਨਣਾ ਪਾਉਂਦੀਆਂ ਹਨ । ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਗੁਰੂ ਜੀ ਦੇ ਸਿੱਖ ਅਜਿਹਾ ਪਰਚਾਰ ਹੋਣ ਦੇ ਬਾਵਜੂਦ ਵੀ ਆਪਣੇ ਗੁਰੂ ਨਾਲ ਜੁੜੇ ਹੋਏ ਸਨ। ਗੁਰੂ ਸਾਹਿਬ ਦਾ ਸਮਕਾਲੀ ਲੇਖਕ ਜੁਲਿਫ਼ਕਾਰ ਅਰਧਿਸਤਾਨੀ ਲਿਖਦਾ ਹੈ ਕਿ “ਉਸ (ਗੁਰੂ ਜੀ) ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਇਨ੍ਹਾਂ ਵਿਚੋਂ ਇਕ ਇਹ ਸੀ ਕਿ ਉਸ ਨੇ ਇਕ ਸਿਪਾਹੀ ਦਾ ਜੀਵਨ ਅਪਣਾ ਲਿਆ ਸੀ । ਆਪਣੇ ਪਿਤਾ ਦੀ ਨੀਤੀ ਦੇ ਉਲਟ ਤਲਵਾਰ ਪਹਿਨ ਲਈ ਸੀ । ਹਥਿਆਰਬੰਦ ਸੈਨਿਕ ਰੱਖ ਲਏ ਸਨ ਅਤੇ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ ਸੀ।”$ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰੂ ਜੀ ਦੇ ਮੁੱਢਲੇ ਸਾਲ ਪੂਰੇ ਸੰਕਟਮਈ ਸਨ ਬੇਸ਼ੱਕ ਉਨ੍ਹਾਂ ਨੇ ਹਥਿਆਰਬੰਦ ਨੀਤੀ ਅਪਣਾਈ ਹੋਈ ਸੀ ਪਰ ਹਕੂਮਤ ਦੇ ਅਧਿਕਾਰੀਆਂ ਨੇ ਉਨ੍ਹਾਂ ਉੱਪਰ ਸਖ਼ਤ ਨਿਗਰਾਨੀ ਰੱਖੀ ਹੋਈ ਸੀ। ਵੈਸੇ ਤਾਂ ਗੁਰੂ ਅਰਜਨ ਦੇਵ ਜੀ ਦੀ ਗਰਿਫ਼ਤਾਰੀ ਸਮੇਂ ਹੀ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ, ਸਮੇਤ ਬਾਲ ਹਰਿਗੋਬਿੰਦ ਦੇ, ਲਾਹੌਰ ਦੇ ਗਵਰਨਰ ਮੁਰਤਜ਼ਾ ਖ਼ਾਨ ਦੇ ਹਵਾਲੇ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਸਨ ਭਾਵੇਂ ਕਿ ਇਨ੍ਹਾਂ ਦੀ ਸ਼ਾਇਦ ਅਮਲੀ ਰੂਪ ਵਿਚ ਵਰਤੋਂ ਨਹੀਂ ਹੋਈ ਸੀ । ਪਰ ਹੁਣ ਗੁਰੂ ਜੀ ਦੀਆਂ ਜੰਗੀ ਤਿਆਰੀਆਂ ਨੂੰ ਅਤੇ ਸਿਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਨੂੰ ਦੇਖ ਕੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਨੂੰ ਗਰਿਫ਼ਤਾਰ ਕਰਨ ਦਾ ਮਨ ਬਣਾ ਲਿਆ ਸੀ।
ਗੁਰੂ ਜੀ ਦੀ ਗਰਿਫ਼ਤਾਰੀ ਨਾਲ ਸੰਬੰਧਤ ਦੋ ਮੁੱਖ ਮੁੱਦੇ ਸਾਡੇ ਸਾਹਮਣੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਕ ਇਹ ਕਿ ਗਰਿਫ਼ਤਾਰੀ ਦੇ ਕਾਰਣ ਕੀ ਸਨ ਅਤੇ ਦੂਜਾ ਇਹ ਕਿ ਗਰਿਫ਼ਤਾਰੀ ਕਿੰਨੇ ਸਮੇਂ ਦੀ ਸੀ। ਜਿੱਥੋਂ ਤੱਕ ਪਹਿਲੇ ਵਿਸ਼ੇ ਦਾ ਸਵਾਲ ਹੈ ਉਸ ਦਾ ਇਕੋ ਇਕ ਸਿੱਟਾ ਇਹ ਹੀ ਹੈ ਕਿ ਗੁਰੂ ਜੀ ਨੂੰ ਜੰਗੀ ਤਿਆਰੀਆਂ ਕਰਨ ਕਰਕੇ ਹੀ ਗਰਿਫ਼ਤਾਰ ਕੀਤਾ ਗਿਆ ਸੀ ਭਾਵੇਂ ਕਿ ਗੁਰਮੁੱਖੀ ਦੀਆਂ ਕੁਝ ਕੁ ਮੁੱਢਲੀਆਂ ਲਿਖਤਾਂ ਵਿਚ ਅਨੇਕਾਂ ਤਰ੍ਹਾਂ ਦੇ ਬੇ-ਸਿਰ ਪੈਰ ਜਿਹੇ ਕਾਰਣ ਦਿੱਤੇ ਹੋਏ ਹਨ ਪਰ ਉਨ੍ਹਾਂ ਦਾ ਇਤਿਹਾਸਕ ਤੌਰ ‘ਤੇ ਕੋਈ ਮਹੱਤਵ ਨਹੀਂ ਹੈ। ਜੁਲਿਫ਼ਕਾਰ ਅਰਧਿਸਤਾਨੀ ਦੀ ਲਿਖਤ ਦਾ ਵੇਰਵਾ ਪਹਿਲੋਂ ਆ ਚੁੱਕਾ ਹੈ। ਉਸ ਕਥਨ ਦੇ ਨਾਲ ਹੀ ਇਹ ਵੀ ਲਿਖਿਆ ਹੈ ਕਿ “ਬਾਦਸ਼ਾਹ ਨੇ (ਗੁਰੂ) ਅਰਜਨ ਮੱਲ ਵੱਲ ਰਹਿੰਦਾ ਜੁਰਮਾਨੇ ਦਾ ਬਕਾਇਆ ਲੈਣ ਲਈ ਉਸ (ਗੁਰੂ) ਨੂੰ ਗਵਾਲੀਅਰ ਭੇਜ ਦਿੱਤਾ ।” ਕਨਿੰਘਮ ਨੇ ਲਿਖਿਆ ਹੈ ਕਿ “ਗੁਰੂ ਜੀ ਦਾ ਅਲਬੇਲਾ ਸੁਭਾਅ ਤੇ ਜੰਗੀ ਝੁਕਾਅ ਗਰਿਫ਼ਤਾਰੀ ਦਾ ਕਾਰਣ ਬਣੇ ਸਨ।” ਸੀ. ਐਚ. ਪੇਨ ਲਿਖਦਾ ਹੈ ਕਿ “ਗੁਰੂ ਜੀ ਦੇ ਸ਼ਾਹੀ ਤੌਰ ਤਰੀਕੇ ਅਤੇ ਫ਼ੌਜ ਨੇ ਜਹਾਂਗੀਰ ਨੂੰ ਖ਼ਬਰਦਾਰ ਕਰ ਦਿੱਤਾ ਸੀ ਅਤੇ ਉਸ ਨੇ ਹੁਕਮ ਕਰ ਦਿੱਤਾ ਸੀ ਕਿ ਗੁਰੂ ਨੂੰ ਗਰਿਫ਼ਤਾਰ ਕਰਕੇ ਗਵਾਲੀਅਰ ਦੇ ਕਿਲ੍ਹੇ ਵਿਚ ਭੇਜ ਦਿੱਤਾ ਜਾਵੇ ।” ਮੁਹੰਮਦ ਲਤੀਫ਼ ਵੀ ਇਸੇ ਧਾਰਨਾ ਨੂੰ ਮੰਨਦਾ ਹੋਇਆ ਲਿਖਦਾ ਹੈ ਕਿ “ਗੁਰੂ ਜੀ ਦਾ ਗੜ੍ਹ ਅਤੇ ਤਖ਼ਤ ਬਣਾਉਣਾ ਹਕੂਮਤ ਨੂੰ ਸਿੱਧਾ ਸੱਦਾ ਸੀ ਕਿ ਉਹ ਕੋਈ ਕਾਰਵਾਈ ਕਰੇ। ਉਨ੍ਹਾਂ ਦੀ ਸ਼ਾਨ ਅਤੇ ਸ਼ਾਹੀ ਠਾਠ ਬਾਠ ਹੀ ਉਨ੍ਹਾਂ ਦੀ ਗਰਿਫ਼ਤਾਰੀ ਦਾ ਕਾਰਣ ਬਣਿਆ।” ਇਨ੍ਹਾਂ ਕਥਨਾਂ ਦੀ ਰੌਸ਼ਨੀ ਵਿਚ ਗੁਰੂ ਜੀ ਕੋਲੋਂ ਪਿਛਲਾ ਜੁਰਮਾਨਾ ਵਸੂਲਣ ਦੀ ਥਾਂ ‘ਤੇ ਜੰਗੀ ਤਿਆਰੀਆਂ ਕਰਨ ਕਰ ਕੇ ਗਰਿਫ਼ਤਾਰ ਕਰਨਾ ਜਿਆਦਾ ਠੀਕ ਹੈ।
ਦੂਜਾ ਮੁੱਦਾ ਹੈ ਗੁਰੂ ਜੀ ਦੀ ਕੈਦ ਤੇ ਅਰਸੇ ਦਾ । ਜੁਲਿਫ਼ਕਾਰ ਅਰਧਿਸਤਾਨੀ ਦਾ ਕਹਿਣਾ ਹੈ ਕਿ ਗੁਰੂ ਜੀ ਬਾਰਾਂ ਸਾਲ ਕੈਦ ਵਿਚ ਰਹੇ ਪਰ ਗੁਰਮੁੱਖੀ ਦੀਆਂ ਮੁੱਢਲੀਆਂ ਲਿਖਤਾਂ ਵਿਚ ਬਹੁਤ ਘੱਟ ਅਰਸਾ ਕੈਦ ਦਾ ਦੱਸਿਆ ਹੋਇਆ ਹੈ। ਭਾਵੇਂ ਕਿ ਇਸ ਘੱਟ ਅਰਸੇ ਬਾਰੇ ਵੀ ਸਾਰੀਆਂ ਲਿਖਤਾਂ ਵਿਚ ਇੱਕ ਮਤ ਨਹੀਂ ਹੈ। ਕਈ ਆਧੁਨਿਕ ਲੇਖਕ ਵੀ ਬਾਰਾਂ ਸਾਲ ਦੀ ਕੈਦ ਨੂੰ, ਗੁਰੂ ਜੀ ਦੇ ਸਾਹਿਬਜ਼ਾਦਿਆਂ ਦੇ ਜਨਮ ਦੀਆਂ ਮਿਤੀਆਂ ਨੂੰ ਲੈ ਕੇ, ਮੰਨਣ ਨੂੰ ਤਿਆਰ ਨਹੀਂ ਹਨ। ਇਸ ਬਾਰੇ ਦੋਵੇਂ ਗੱਲਾਂ ਨੂੰ ਹੀ ਨਜ਼ਰ-ਅੰਦਾਜ ਕਰਨਾ ਔਖਾ ਹੈ। ਇਕ ਸਮਕਾਲੀ ਲੇਖਕ ਦੀ ਗਵਾਹੀ ਨੂੰ ਪਿਛਲੀਆਂ ਗੁਰਮੁੱਖੀ ਦੀਆਂ ਲਿਖਤਾਂ ਦੇ ਆਧਾਰ ‘ਤੇ ਤਾਂ ਰੱਦ ਨਹੀਂ ਕੀਤਾ ਜਾ ਸਕਦਾ। ਜਦੋਂ ਤੱਕ ਸਾਡੇ ਪਾਸ ਦਬੇਸਤਾਨ-ਏ-ਮਜਾਹਿਬ ਵਰਗੀ ਕੋਈ ਹੋਰ ਸਮਕਾਲੀ ਲਿਖਤ ਪੂਰੀ ਸਪਸ਼ਟ ਕਰਨ ਵਾਲੀ ਗਵਾਹੀ ਨਹੀਂ ਦਿੰਦੀ ਉਦੋਂ ਤੱਕ ਬਾਰਾਂ ਸਾਲ ਦੀ ਕੈਦ ਦਾ ਅਰਸਾ ਰੱਦ ਨਹੀਂ ਕੀਤਾ ਜਾ ਸਕਦਾ । ਹਾਂ ਦੂਜੇ ਪਾਸੇ ਸਾਹਿਬਜਾਦਿਆਂ ਦੇ ਜਨਮਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ । ਇਸ ਦਾ ਇੱਕ ਜਵਾਬ ਤਾਂ ਇਹ ਹੈ ਕਿ ਗੁਰੂ ਜੀ ਦੀ ਕੈਦ ਦਾ ਅਰਸਾ ਕਿਲੇ ਦੀ ਚਾਰ ਦਿਵਾਰੀ ਵਾਲੀ ਕੈਦ ਦਾ ਤਾਂ ਬਹੁਤ ਘੱਟ ਹੈ, ਪਰ ਖੁੱਲ੍ਹੀ ਨਜਰਬੰਦੀ ਦਾ ਜ਼ਿਆਦਾ ਹੈ। ਖੁੱਲ੍ਹੀ ਨਜਰਬੰਦੀ ਘਰ ਦੀ ਚਾਰ ਦਿਵਾਰੀ ਵਿਚ ਵੀ ਹੋ ਸਕਦੀ ਸੀ ਅਤੇ ਗੁਰੂ ਜੀ ਨੂੰ ਬਾਦਸ਼ਾਹ ਦੇ ਸ਼ਾਹੀ ਕੈਂਪ ਨਾਲ ਇਕ ਅਲੱਗ ਕੈਂਪ ਵਿਚ ਵੀ ਰੱਖਿਆ ਜਾ ਸਕਦਾ ਸੀ । ਜਦੋਂ ਜੁਲਿਫ਼ਕਾਰ ਅਰਧਿਸਤਾਨੀ ਇਹ ਲਿਖਦਾ ਹੈ ਕਿ “ਉਹ (ਗੁਰੂ ਜੀ) ਹਮੇਸ਼ਾਂ ਜਹਾਂਗੀਰ ਦੇ ਜੇਤੂ ਦਲ ਨਾਲ ਜੁੜੇ ਰਹਿੰਦੇ ਸਨ । ਜਹਾਂਗੀਰ ਦੀ ਮੌਤ ਪਿੱਛੋਂ ਉਹ ਜੇਤੂ ਬਾਦਸ਼ਾਹ ਸ਼ਾਹ ਜਹਾਨ ਦੀ ਸੇਵਾ ਵਿਚ ਸ਼ਾਮਲ ਹੋ ਗਏ ।” ਤਾਂ ਵੀ ਇਸ ਦਾ ਇਹੋ ਮਤਲਬ ਹੀ ਨਿਕਲਦਾ ਹੈ ਕਿ ਹੋ ਸਕਦਾ ਹੈ ਕਿ ਇਹ ਕਥਨ ਗੁਰੂ ਜੀ ਦੀ ਖੁੱਲ੍ਹੀ ਨਜ਼ਰਬੰਦੀ ਦਾ ਹੀ ਭਾਵ ਦਰਸਾਉਂਦਾ ਹੋਵੇ ਹੋਰ ਤਾਂ ਇਸ ਦਾ ਕੋਈ ਭਾਵ ਨਿਕਲ ਨਹੀਂ ਸਕਦਾ । ਗੁਰਮੁੱਖੀ ਦੀ ਇੱਕ ਮੁੱਢਲੀ ਲਿਖਤ ਇਸ ਗੱਲ ਨੂੰ ਹੋਰ ਸਪਸ਼ਟ ਕਰਦੀ ਹੈ। ਇਹ ਲਿਖਤ ਹੈ ਸਰੂਪ ਦਾਸ ਭੱਲਾ ਦੀ । ਇਸ ਦੀਆਂ ਇਹ ਪੰਕਤੀਆਂ ਇਹੋ ਭਾਵ ਦਰਸਾ ਰਹੀਆਂ ਹਨ:
ਪੂਛਾ ਬਾਦਸ਼ਾਹ ਵਜੀਰ ਬੁਲਾਏ। ਗੁਰੂ ਹਰਿਗੋਬਿੰਦ ਕਾ ਕਹੋ ਉਪਾਇ।
ਨਜ਼ਰਬੰਦ ਚੌਂਕੀ ਕਰ ਦੀਜੈ। ਹਜ਼ਰਤ ਲਸ਼ਕਰ ਸੰਗ ਰਖੀਜੈ।
ਸੁਨ ਬਾਦਸ਼ਾਹ ਪਸੰਦ ਯਹ ਕੀਆ। ਚੌਂਕੀ ਤਾਇਨਾਤ ਕਰ ਦੀਆ “
ਇਸ ਤੋਂ ਇਲਾਵਾ ਗੁਰੂ ਜੀ ਦੀਆਂ ਲਾਹੌਰ ਵਾਲੇ ਪਾਸੇ ਦੀਆਂ ਅਤੇ ਕਸ਼ਮੀਰ ਵਿਚਲੀਆਂ ਥਾਵਾਂ ਦੀਆਂ ਯਾਤਰਾਵਾਂ ਨਾਲ ਵੀ ਕੁਝ ਇਸ ਤਰ੍ਹਾਂ ਦੀਆਂ ਰਵਾਇਤਾਂ ਜੁੜੀਆਂ ਹੋਈਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਇੱਧਰ ਬਾਦਸ਼ਾਹ ਜਹਾਂਗੀਰ ਨਾਲ ਆਏ ਸਨ । ਇਸ ਦਾ ਭਾਵ ਵੀ ਇਹ ਹੀ ਹੈ ਕਿ ਗੁਰੂ ਜੀ ਇੱਕ ਵੱਖਰੇ ਕੈਂਪ ਵਿਚ ਨਜ਼ਰਬੰਦ ਕੀਤੇ ਹੋਏ ਸਨ ਅਤੇ ਇਹ ਕੈਂਪ ਬਾਦਸ਼ਾਹ ਦੇ ਨਾਲ ਨਾਲ ਰਹਿੰਦਾ ਸੀ । ਭੱਟ ਵਹੀ ਤਲੋਂਡਾ ਪਰਗਣਾ ਜੀਂਦ ਦੀ ਟੂਕ ਅਨੁਸਾਰ ਗੁਰੂ ਜੀ ਸੰਮਤ 1676 ਬਿ. ਮੁਤਾਬਕ ਸੰਨ 1619 ਈ. ਵਿਚ ਬਟਾਲੇ ਨੇੜੇ ਕਲਾਨੌਰ ਦੇ ਅਸਥਾਨ ‘ਤੇ ਬਾਦਸ਼ਾਹ ਦੀ ਕੈਦ ਵਿਚੋਂ ਬੰਧਨ ਮੁਕਤ ਹੋਏ ਸਨ। ਇੱਥੇ ਹੀ ਬਾਬਾ ਬੁੱਢਾ ਜੀ ਸਮੇਤ ਮੁੱਖੀ ਸਿੱਖ ਗੁਰੂ ਜੀ ਨੂੰ ਅੱਗੋਂ ਲੈਣ ਲਈ ਆਏ ਸਨ। ਇਹ ਟੂਕ ਇਸ ਤਰ੍ਹਾਂ ਹੈ :
“ਗੁਰੂ ਹਰਿਗੋਬਿੰਦ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਬਾਸੀ ਚੱਕ ਗੁਰੂ ਪਰਗਣਾ ਨਿਝਰਿਆਲਾ ਗੜ੍ਹ ਗੁਆਲੀਅਰ ਸੇ ਬੰਧਨ ਮੁਕਤ ਹੋਇ ਗਾਮ ਨਾਰਨੋਲ (ਕਲਾਨੌਰ) ਪਰਗਣਾ ਬਟਾਲਾ ਮੈਂ ਆਏ । ਬਾਦਸ਼ਾਹ ਜਹਾਂਗੀਰ ਕੇ ਗੈਲ ਸੰਮਤ ਸੋਲਾਂ ਸੌ ਛਿਹੱਤਰ ਫਲਗੁਨ ਪ੍ਰਵਿਸ਼ਟੇ ਪਹਿਲੀ ਸੰਗਰਾਂਦ ਕੇ ਦਿਹੁੰ । ਗੁਰੂ ਜੀ ਕਾ ਆਨਾ ਸੁਣਿ ਬਾਬਾ ਬੁੱਢਾ ਬੇਟਾ ਬਾਬਾ ਸੁੰਘਾ ਰੰਧਾਵੇ ਕਾ ਗੁਰਦਾਸ ਬੇਟਾ ਈਸਰਦਾਸ ਭੱਲੇ ਕਾ, ਬੁੱਲੂ ਰਾਇ ਬੇਟਾ ਜਲ੍ਹਾਨੇ ਕਾ, ਪਦਮ ਰਾਇ ਬੇਟਾ ਕੌਲ ਦਾਸ ਜਹਾਵਤ ਕਾ ਹੋਰ ਸਿੱਖ ਫ਼ਕੀਰ ਆਏ।”
ਇਸ ਤਰ੍ਹਾਂ ਇਹ ਗੱਲ ਸਾਬਤ ਹੀ ਹੈ ਕਿ ਗੁਰੂ ਜੀ ਨੂੰ ਖੁੱਲ੍ਹੀ ਨਜਰਬੰਦੀ ਵਿਚ ਰੱਖਿਆ ਗਿਆ ਸੀ । ਖੁੱਲ੍ਹੀ ਨਜ਼ਰਬੰਦੀ ਵਿਚ ਗੁਰੂ ਜੀ ਆਪਣੇ ਪਰਿਵਾਰ ਸਮੇਤ ਰਹਿ ਸਕਦੇ ਸਨ ਅਤੇ ਕੁਝ ਹੱਦ ਤੱਕ ਬਾਦਸ਼ਾਹ ਦੇ ਕੈਂਪ ਤੋਂ ਉਰਾਂ-ਪਰਾਂ ਵੀ ਆਪਣੀ ਇੱਛਾ ਅਨੁਸਾਰ ਆ ਜਾ ਸਕਦੇ ਸਨ। ਗਵਾਲੀਅਰ ਦੇ ਕਿਲੇ ਦੀ ਕੈਦ ਬਹੁਤ ਘੱਟ ਸੀ । ਜੁਲਿਫ਼ਕਾਰ ਅਰਧਿਸਤਾਨੀ ਦਾ ਲਿਖਣਾ ਹੈ ਕਿ “ਇਸ ਸਮੇਂ (ਜੇਲ੍ਹ ਦੌਰਾਨ) ਮਸੰਦ ਅਤੇ ਸਿੱਖ ਉੱਥੇ (ਗਵਾਲੀਅਰ) ਜਾਂਦੇ ਸਨ ਅਤੇ ਕਿਲੇ ਦੀਆਂ ਦੀਵਾਰਾਂ ਨੂੰ ਨਮਸਕਾਰ ਕਰਦੇ ਸਨ । ਆਖਰ ਬਾਦਸ਼ਾਹ ਨੇ ਤਰਸ ਕਰ ਕੇ ਗੁਰੂ ਨੂੰ ਰਿਹਾ ਕਰ ਦਿੱਤਾ ।” ਅਰਧਿਸਤਾਨੀ ਦੀ ਲਿਖਤ ਨੂੰ ਉਸ ਦੇ ਅੱਖਰੀ ਅਰਥਾਂ ਵਿਚ ਨਾ ਲੈ ਕੇ ਉਸ ਦੇ ਭਾਵ ਅਰਥਾਂ ਵਿਚ ਸਮਝਣਾ ਚਾਹੀਦਾ ਹੈ। ਭੱਟ ਵਹੀਆਂ ਵਲੋਂ ਰਿਹਾ ਹੋਣ ਦਾ ਸਾਲ 1619 ਈ. ਦਿੱਤਾ ਗਿਆ ਹੈ। ਆਮ ਤੌਰ ‘ਤੇ ਗੁਰੂ ਜੀ ਦੀ ਗਰਿਫ਼ਤਾਰੀ ਉਨ੍ਹਾਂ ਵੱਲੋਂ ਗੁਰਗੱਦੀ ਧਾਰਨ ਕਰਨ ਦੇ ਕੁਝ ਹੀ ਸਾਲ ਪਿੱਛੋਂ ਹੋਈ ਮੰਨੀ ਜਾਂਦੀ ਹੈ । 1619 ਈ. ਸਾਲ ਮੁਤਾਬਕ ਉਨ੍ਹਾਂ ਦੇ ਬਾਰਾਂ ਸਾਲ 1608 ਈ. ਤੋਂ ਲੈ ਕੇ 1619 ਈ. ਤੱਕ ਪੂਰੇ ਹੁੰਦੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਜੀ ਨੂੰ ਸੰਨ 1608 ਈ. ਵਿਚ ਗਰਿਫ਼ਤਾਰ ਕੀਤਾ ਅਤੇ 1619 ਈ. ਵਿਚ ਰਿਹਾ ਕੀਤਾ ਗਿਆ ਸੀ।
ਗੁਰੂ ਹਰਿਗੋਬਿੰਦ ਸਾਹਿਬ ਨੂੰ ਆਪਣੇ ਜੀਵਨ ਕਾਲ ਵਿਚ ਅਨੇਕਾਂ ਲੜਾਈਆਂ ਦਾ ਵੀ ਸਾਹਮਣਾ ਕਰਨਾ ਪਿਆ ਸੀ । ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਲੜਾਈਆਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਤੁਰੰਤ ਪਿੱਛੋਂ ਨਹੀਂ ਹੋਈਆਂ ਸਗੋਂ ਉਸ ਸਮੇਂ ਹੋਈਆਂ ਸਨ ਜਦੋਂ ਸਿੱਖ ਜਗਤ ਆਪਣੇ ਸ਼ਹੀਦ ਗੁਰੂ ਦੀ ਸ਼ਹਾਦਤ ਦੇ ਗ਼ਮ ਵਿਚੋਂ ਸੰਭਲ ਕੇ ਧਰਮ ਪਰਚਾਰ ਵਿਚ ਲੱਗਾ ਹੋਇਆ ਸੀ। ਬਾਦਸ਼ਾਹ ਜਹਾਂਗੀਰ ਦਾ ਪਿਛਲਾ ਸਾਰਾ ਸਮਾਂ ਗੁਰੂ ਘਰ ਪਰਤੀ ਦੋਸਤਾਨਾ ਸੀ । ਪਰ ਉਸ ਦੀ ਮੌਤ ਬਾਅਦ ਜਦੋਂ ਉਸ ਦਾ ਪੁੱਤਰ ਸ਼ਾਹ ਜਹਾਨ ਬਾਦਸ਼ਾਹ ਬਣਿਆ ਤਾਂ ਗੁਰੂ ਸਾਹਿਬ ਨੂੰ ਲੜਾਈਆਂ ਦਾ ਸਮਾਂ ਦੇਖਣਾ ਪਿਆ। ਇਹ ਲੜਾਈਆਂ ਉਸ ਦੇ ਮੁੱਢਲੇ ਸਮੇਂ ਵਿਚ ਹੀ ਹੋਈਆਂ ਸਨ । ਸ਼ਾਹ ਜਹਾਨ 1627 ਈ. ਵਿਚ ਗੱਦੀ ‘ਤੇ ਬੈਠਾ ਸੀ ਅਤੇ ਗੁਰੂ ਜੀ ਨੂੰ ਪਹਿਲੀ ਲੜਾਈ 1629 ਈ. ਵਿਚ ਕਰਨੀ ਪਈ ਸੀ । ਬਾਦਸ਼ਾਹ ਪੰਜਾਬ ਤੋਂ ਦੂਰ ਸੀ ਅਤੇ ਪੰਜਾਬ ਦੇ ਅਧਿਕਾਰੀ ਆਪਣੀ ਮਨਮਾਨੀ ਕਰਦੇ ਸਨ । ਜਦੋਂ ਬਾਦਸ਼ਾਹ ਪੰਜਾਬ ਵਿਚ ਆਇਆ ਸੀ ਤਾਂ ਗੁਰੂ ਜੀ ਨੂੰ ਵੀ ਕੋਈ ਲੜਾਈ ਨਹੀਂ ਕਰਨੀ ਪਈ ਸੀ । ਇਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:
ਪਹਿਲੀ ਲੜਾਈ :
1629 : ਨਵੇਂ ਬਣੇ ਬਾਦਸ਼ਾਹ ਸ਼ਾਹ ਜਹਾਨ ਨੇ ਕਿਉਂਕਿ ਨੂਰ ਜਹਾਂ ਨੂੰ ਕੈਦ ਕਰਕੇ ਅਤੇ ਆਪਣੇ ਭਰਾਵਾਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਕਤਲ ਕਰਕੇ, ਆਪਣੇ ਸਹੁਰਾ ਆਸਿਫ਼ ਖ਼ਾਨ ਦੀ ਮਦਦ ਨਾਲ ਰਾਜ-ਭਾਗ ਸੰਭਾਲਿਆ ਸੀ । ਇਸ ਕਰਕੇ ਉਹ ਮੁਸਲਿਮ ਜਗਤ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ । ਇਸ ਮਨੋਰਥ ਦੀ ਪੂਰਤੀ ਲਈ ਉਸ ਨੇ ਨਵੀਂ ਧਾਰਮਿਕ ਨੀਤੀ ਦਾ ਐਲਾਨ ਕੀਤਾ। ਇਸ ਤਹਿਤ ਮੁਸਲਮਾਨਾਂ ਵੱਲੋਂ ਧਰਮ ਬਦਲਣ ‘ਤੇ ਪਾਬੰਦੀ ਲਾਈ ਗਈ ਸੀ। ਹਿੰਦੂਆਂ ਦਾ ਕੋਈ ਨਵਾਂ ਮੰਦਰ ਨਹੀਂ ਬਣ ਸਕਦਾ ਸੀ । ਇਉਂ ਇਸ ਨੀਤੀ ਤੋਂ ਹੱਲਾਸ਼ੇਰੀ ਲੈ ਕੇ ਮੁਸਲਮਾਨ ਜਗਤ ਦੇ ਕੱਟੜ ਪੈਰੋਕਾਰ ਗੈਰ-ਮੁਸਲਮਾਨਾਂ ਪਰੱਤੀ ਹਮਲਾ ਕਰੂ ਨੀਤੀ ਅਪਣਾਉਣ ਲੱਗ ਪਏ ਸਨ । ਇਸ ਦਾ ਅਸਰ ਪੰਜਾਬ ਵਿਚ ਵੀ ਹੋਇਆ। ਸਿੱਖ ਧਰਮ ਦੀ ਵਿਰੋਧਤਾ ਕਰਨ ਵਾਲੇ ਮੁਸਲਿਮ ਕੱਟੜਪੰਥੀ ਮੌਲਾਣੇ ਅਤੇ ਅਧਿਕਾਰੀ ਗੁਰੂ ਹਰਿਗੋਬਿੰਦ ਸਾਹਿਬ ਪਰੱਤੀ ਅਤੇ ਸਿੱਖ ਗੁਰਦੁਆਰਿਆਂ ਪਰੱਤੀ ਹਮਲਾ ਕਰੂ ਰੁੱਖ ਅਖਤਿਆਰ ਕਰਨ ਲੱਗ ਪਏ ਸਨ । ਲਾਹੌਰ ਵਿਚ ਗੁਰੂ ਰਾਮਦਾਸ ਜੀ ਵੱਲੋਂ ਲਗਵਾਈ ਗਈ ਬਾਉਲੀ ਸਾਹਿਬ ਨੂੰ ਮਿੱਟੀ ਨਾਲ ਭਰ ਦਿੱਤਾ ਗਿਆ ਸੀ ਅਤੇ ਉੱਥੇ ਉਸਾਰੇ ਗਏ ਧਾਰਮਿਕ ਅਸਥਾਨ ਨੂੰ ਢਾਹ ਦਿੱਤਾ ਗਿਆ ਸੀ ।” ਗੁਰੂ ਘਰ ਦੇ ਵਿਰੋਧੀ ਸੈਨਿਕ ਅਧਿਕਾਰੀ ਗੁਰੂ ਜੀ ਉੱਪਰ ਹਮਲਾ ਕਰਨ ਦੇ ਮਨਸੂਬੇ ਬਣਾਉਣ ਲੱਗ ਪਏ ਸਨ ।
ਲਾਹੌਰ ਦਾ ਗਵਰਨਰ ਕੁਲੀਜ਼ ਖ਼ਾਨ ਸੀ । ਉਸ ਨੇ ਆਪਣੇ ਇਕ ਫ਼ੌਜਦਾਰ ਮੁਖਲਿਸ ਖ਼ਾਨ ਨੂੰ ਅੰਮ੍ਰਿਤਸਰ ਗੁਰੂ ਜੀ ਉੱਪਰ ਹਮਲਾ ਕਰਨ ਲਈ ਭੇਜਿਆ ਤਾਂ ਕਿ ਗੁਰੂ ਜੀ ਨੂੰ ਅੰਮ੍ਰਿਤਸਰ ਤੋਂ ਕੱਢ ਦਿੱਤਾ ਜਾਵੇ । ਇਹ ਗੱਲ ਅਪਰੈਲ, 1629 ਈ. ਦੀ ਹੈ। ” ਉਧਰ ਗੁਰੂ ਜੀ ਆਪਣੀ ਬੇਟੀ ਬੀਬੀ ਵੀਰੋ ਜੀ ਦੇ ਵਿਆਹ ਦੀਆਂ ਰਸਮਾਂ ਵਿਚ ਰੁੱਝੇ ਹੋਏ ਸਨ। ਅਚਨਚੇਤ ਗੁਰੂ ਜੀ ਉੱਪਰ ਹਮਲਾ ਕੀਤਾ ਗਿਆ । ਜਿੰਨੀਆਂ ਕੁ ਸਿੱਖ ਸੰਗਤਾਂ ਅੰਮ੍ਰਿਤਸਰ ਵਿਖੇ ਸਨ ਉਨ੍ਹਾਂ ਨੇ ਪੂਰੀ ਦਿਰੜਤਾ ਨਾਲ ਹਮਲਾਵਰ ਫ਼ੌਜ ਦਾ ਮੁਕਾਬਲਾ ਕੀਤਾ । ਇਸ ਝੜੱਪ ਵਿਚ ਗੁਰੂ ਜੀ ਦਾ ਘਰਬਾਰ ਲੁੱਟ ਲਿਆ ਗਿਆ ਸੀ; ਲੜਕੀ ਦੀ ਸ਼ਾਦੀ ਲਈ ਤਿਆਰ ਕੀਤਾ ਸਮਾਨ ਲੁੱਟ ਲਿਆ ਗਿਆ ਸੀ; ਬਰਾਤ ਲਈ ਤਿਆਰ ਕੀਤੀ ਮਠਿਆਈ ਲੁੱਟ ਲਈ ਗਈ ਸੀ। ਜੁਲਿਫ਼ਕਾਰ ਅਰਧਿਸਤਾਨੀ ਲਿਖਦਾ ਹੈ ਕਿ: “ਉਸ (ਗੁਰੂ ਜੀ) ਦਾ ਸ਼ਹਿਨਸ਼ਾਹੀ ਗਮਾਸ਼ਤਿਆਂ ਦੀ ਫ਼ੌਜ ਅਤੇ ਸ਼ਾਹਜਹਾਨ ਦੇ ਨੌਕਰਾਂ ਨਾਲ, ਜੋ ਬਾਦਸ਼ਾਹੀ ਫੁਰਮਾਨ ਅਨੁਸਾਰ ਉਸ ਦੇ ਉੱਪਰ ਚੜ੍ਹਕੇ ਗਏ ਸੀ, ਟਾਕਰਾ ਹੋ ਗਿਆ। ਗੁਰੂ ਦਾ ਘਰ ਬਾਰ ਲੁੱਟਿਆ ਗਿਆ। ਪਰ ਇੱਥੇ ਇਕ ਗੱਲ ਨੋਟ ਕਰਨ ਵਾਲੀ ਹੈ ਕਿ ਗੁਰੂ ਜੀ ਉੱਪਰ ਹਮਲਾ ਕਰਨ ਬਾਰੇ ਬਾਦਸਾਹ ਦਾ ਸ਼ਾਹੀ ਫੁਰਮਾਨ ਕੋਈ ਨਹੀਂ ਸੀ ਅਤੇ ਨਾ ਹੀ ਬਾਦਸ਼ਾਹ ਦੀ ਗੁਰੂ ਜੀ ਉੱਪਰ ਹਮਲਾ ਕਰਨ ਵਿਚ ਕੋਈ ਦਿਲਚਸਪੀ ਹੀ ਸੀ। ਇਹ ਹਮਲਾ ਨਿਰੋਲ ਸਥਾਨਕ ਅਧਿਕਾਰੀਆਂ ਵੱਲੋਂ ਸੀ ਅਤੇ ਇਹ ਵੀ ਸਿਰਫ਼ ਸੀਮਤ ਹੱਦ ਤੱਕ ਹੀ ਸੀ। ਪੰਜਾਬ ਦੀ ਸਮੁੱਚੀ ਹਕੂਮਤ ਦੀ ਵੀ ਇਸ ਵਿਚ ਕੋਈ ਦਿਲਚਸਪੀ ਨਹੀਂ ਸੀ ।
ਗੁਰੂ ਜੀ ਦੇ ਸਿੱਖਾਂ ਵੱਲੋਂ ਜੋ ਸਿੱਖ ਸ਼ਹੀਦ ਹੋਏ ਸਨ ਉਨ੍ਹਾਂ ਦੀ ਗਿਣਤੀ ਤੇਰ੍ਹਾਂ ਦੱਸੀ ਗਈ ਹੈ ਅਤੇ ਇਨ੍ਹਾਂ ਦੇ ਨਾਂ ਇਉਂ ਹਨ : ਭਾਈ ਨੰਦ ਜੀ, ਭਾਈ ਜੈਤਾ ਜੀ, ਭਾਈ ਪਿਰਾਣਾ, ਭਾਈ ਤੋਤਾ, ਭਾਈ ਤਿਲੋਕਾ, ਭਾਈ ਸਾਂਈਂ ਦਾਸ, ਭਾਈ ਪੈੜਾ, ਭਾਈ ਭਗਤੂ, ਭਾਈ ਅਨੰਤਾ, ਭਾਈ ਨਿਹਾਲਾ, ਭਾਈ ਤਖ਼ਤੂ, ਭਾਈ ਮੋਹਨ ਅਤੇ ਭਾਈ ਗੋਪਾਲ ਜੀ ।
ਅੰਮ੍ਰਿਤਸਰ ਦੇ ਨੇੜੇ ਹੀ ਝੁਬਾਲ ਪਿੰਡ ਹੈ। ਝੁਬਾਲ ਦਾ ਚੌਧਰੀ ਲੰਗਾਹ ਸੀ ਜੋ ਗੁਰੂ ਅਰਜਨ ਦੇਵ ਜੀ ਦੇ ਮੁੱਖੀ ਸਿੱਖਾਂ ਵਿਚੋਂ ਸੀ। ਇਸ ਲੜਾਈ ਵਿਚ ਚੌਧਰੀ ਲੰਗਾਹਾ ਵੀ ਗੁਰੂ ਜੀ ਦੀ ਮਦਦ ਕਰਨ ਲਈ ਆਇਆ ਸੀ । ਲੜਾਈ ਦਾ ਮੁਕਾਬਲਾ ਕਰਦੇ ਹੋਏ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਝੁਬਾਲ ਵਿਖੇ, ਚੌਧਰੀ ਲੰਗਾਹ ਦੀ ਨਿਗਰਾਨੀ ਹੇਠ ਤੋਰ ਦਿੱਤਾ ਸੀ। ਹਮਲਾ ਕਰਨ ਆਏ ਅਧਿਕਾਰੀ ਚੌਧਰੀ ਲੰਗਾਹ ਦੀ ਜਾਗੀਰ ਵਿਚ ਨਹੀਂ ਜਾ ਸਕਦੇ ਸਨ । ਝੱਟਪੱਟ ਦੇ ਹਮਲੇ ਵਿਚ ਦੁਸ਼ਮਣ ਜਿੰਨਾਂ ਕੁ ਨੁਕਸਾਨ ਗੁਰੂ ਜੀ ਦਾ ਕਰ ਸਕਦਾ ਸੀ ਉਤਨਾ ਕੁ ਕਰ ਦਿੱਤਾ । ਉਪਰੰਤ ਉਹ ਜਿਧਰੋਂ ਆਏ ਸਨ ਉਧਰ ਹੀ ਤੇਜ਼ੀ ਨਾਲ ਮੁੜ ਗਏ ਸਨ । ਗੁਰੂ ਜੀ ਝੁਬਾਲ ਵਿਖੇ ਪਹੁੰਚੇ ਅਤੇ ਉੱਥੇ ਜਾ ਕੇ ਆਪਣੀ ਪੁੱਤਰੀ ਬੀਬੀ ਵੀਰੋ ਜੀ ਦੀ ਸ਼ਾਦੀ ਕੀਤੀ। ਸ਼ਾਦੀ ਕਰਨ ਉਪਰੰਤ ਗੁਰੂ ਜੀ ਉੱਥੇ ਨਹੀਂ ਠਹਿਰੇ ਅਤੇ ਆਪਣੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਕਰਤਾਰਪੁਰ ਵੱਲ ਆ ਗਏ।
ਅੰਮ੍ਰਿਤਸਰ ਦੀ ਲੜਾਈ ਸਿੱਖ ਇਤਿਹਾਸ ਵਿਚ ਪਹਿਲੀ ਲੜਾਈ ਹੈ ਜੋ ਸਿੱਖਾਂ ਨੇ ਗੁਰੂ ਜੀ ਦੀ ਅਗਵਾਈ ਹੇਠ ਮੁਗ਼ਲ ਹਕੂਮਤ ਦੇ ਸਥਾਨਕ ਅਧਿਕਾਰੀਆਂ ਨਾਲ ਕੀਤੀ ਸੀ । ਸਿੱਖਾਂ ਨੇ ਆਪਣੀ ਸਵੈ-ਰੱਖਿਆ ਲਈ ਤਲਵਾਰ ਚੁੱਕੀ ਸੀ ਅਤੇ ਦੁਸ਼ਮਣ ਨੂੰ ਦੱਸ ਦਿੱਤਾ ਗਿਆ ਸੀ ਕਿ ਸਿੱਖ ਨਿਰੋਲ ਭਾਣਾ ਮਿੱਠਾ ਕਰਕੇ ਮੰਨਣ ਵਾਲੇ ਭਗਤ ਨਹੀਂ ਹਨ ਸਗੋਂ ਉਹ ਲੋੜ ਪੈਣ ‘ਤੇ ਜੰਗ ਦੇ ਮੈਦਾਨ ਵਿਚ ਵੀ ਖੜੋ ਸਕਦੇ ਹਨ। ਅਹਿਮੀਅਤ ਇਸ ਗੱਲ ਦੀ ਨਹੀਂ ਹੈ ਕਿ ਇਸ ਲੜਾਈ ਵਿਚ ਸਿੱਖ ਜਿੱਤੇ ਜਾਂ ਹਾਰੇ, ਸਗੋਂ ਦੇਖਣ ਵਾਲੀ ਗੱਲ ਇਹ ਹੈ ਕਿ ਜਿਸ ਸਿਧਾਂਤ ਲਈ ਗੁਰੂ ਸਾਹਿਬ ਜੂਝ ਰਹੇ ਸਨ ਕੀ ਇਸ ਲੜਾਈ ਬਾਅਦ ਉਸ ਸਿਧਾਂਤ ਨੂੰ ਛੱਡ ਤਾਂ ਨਹੀਂ ਦਿੱਤਾ ਗਿਆ ਸੀ? ਗੁਰੂ ਜੀ ਸਿੱਖਾਂ ਦੀ ਸੁਤੰਤਰਤਾ ਲਈ ਜੂਝ ਰਹੇ ਸਨ। ਉਨ੍ਹਾਂ ਨੇ ਇਸ ਸੁਤੰਤਰਤਾ ਦੀ ਕੀਮਤ ‘ਤੇ ਆਪਣੇ ਦੁਸ਼ਮਣਾਂ ਨਾਲ ਸੋਦਾ ਨਹੀਂ ਕੀਤਾ । ਇਸ ਸੁਤੰਤਰਤਾ ਦੀ ਰਾਖੀ ਲਈ ਉਨ੍ਹਾਂ ਨੂੰ ਜੇ ਤਲਵਾਰ ਵੀ ਚੁੱਕਣੀ ਪਈ ਤਾਂ ਇਸ ਤੋਂ ਸੰਕੋਚ ਨਹੀਂ ਕੀਤਾ । ਦੁਸਮਣ ਨੂੰ ਪਤਾ ਲੱਗ ਗਿਆ ਸੀ ਕਿ ਗੁਰੂ ਕਮਜ਼ੋਰ ਨਹੀਂ ਹੈ ਸਗੋਂ ਹਮਲਾਵਰਾਂ ਦੇ ਦੰਦ ਖੱਟੇ ਕਰਨ ਵਾਲਾ ਹੈ । ਇਸ ਲੜਾਈ ਦਾ ਪੰਜਾਬ ਦੇ ਮੁਗ਼ਲ ਅਧਿਕਾਰੀਆਂ ‘ਤੇ ਵੀ ਬੁਰਾ ਅਸਰ ਹੋਇਆ। ਜਦੋਂ ਵਜੀਰੇ ਆਜ਼ਮ ਆਸਿਫ਼ ਖ਼ਾਨ ਨੂੰ ਇਸ ਘਟਨਾ ਦਾ ਪਤਾ ਲੱਗਿਆ ਕਿ ਲਾਹੌਰ ਦੇ ਹਾਕਮਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਨਾਲ ਬਿਨਾਂ ਵਜਾਹ ਲੜਾਈ ਕੀਤੀ ਹੈ ਤਾਂ ਉਸ ਨੇ ਲਾਹੌਰ ਦੇ ਗਵਰਨਰ ਕੁਲੀਜ ਖ਼ਾਨ ਨੂੰ ਹਟਾ ਦਿੱਤਾ ਸੀ ਅਤੇ ਉਸ ਦੀ ਥਾਂ ਅਨਾਇਤ-ਉਲਾ ਏਜ਼ਦੀ ਨੂੰ ਨਵਾਂ ਗਵਰਨਰ ਥਾਪ ਦਿੱਤਾ ਸੀ ।° ਇਸ ਤੋਂ ਵੀ ਸਾਬਤ ਹੁੰਦਾ ਹੈ ਕਿ ਲਾਹੌਰ ਦੇ ਹਾਕਮਾਂ ਨੇ ਸ਼ਾਹੀ ਮਨਜੂਰੀ ਤੋਂ ਬਿਨਾਂ ਹੀ ਗੁਰੂ ਜੀ ਉੱਪਰ ਹਮਲਾ ਕੀਤਾ ਸੀ ।
ਇਹ ਲੜਾਈ ਅੰਮ੍ਰਿਤਸਰ ਵਿਖੇ, ਜਿੱਥੇ ਹੁਣ ਖਾਲਸਾ ਕਾਲਜ ਹੈ ਉਸ ਅਸਥਾਨ ‘ਤੇ ਲੜੀ ਗਈ ਸੀ ।” ਭਾਵੇਂ ਗੋਕਲ ਚੰਦ ਨਾਰੰਗ ਨੇ ਇਸ ਲੜਾਈ ਦਾ ਅਸਥਾਨ ਵਡਾਲੀ ਪਿੰਡ ਦੱਸਿਆ ਹੈ।” ਪਰ ਵਡਾਲੀ ਦਾ ਵੀ ਖਾਲਸਾ ਕਾਲਜ ਵਾਲੀ ਥਾਂ ਤੋਂ ਕੋਈ ਜਿਆਦਾ ਫ਼ਰਕ ਨਹੀਂ ਹੈ।

ਦੂਜੀ ਲੜਾਈ :
ਗੁਰੂ ਹਰਿਗੋਬਿੰਦ ਸਾਹਿਬ ਅੰਮ੍ਰਿਤਸਰ ਦੀ ਲੜਾਈ ਪਿੱਛੋਂ, ਝੁਬਾਲ ਵਿਖੇ ਆਪਣੀ ਪੁੱਤਰੀ ਦੀ ਸ਼ਾਦੀ ਦਾ ਕੰਮ ਨਿਬੇੜ ਕੇ, ਸਿੱਖ ਸੰਗਤਾਂ ਸਮੇਤ ਕਰਤਾਰਪੁਰ (ਦੁਆਬੇ) ਵਿਚ ਆ ਗਏ ਸਨ । ਉਹ ਨਹੀਂ ਚਾਹੁੰਦੇ ਸਨ ਕਿ ਦੁਸ਼ਮਣਾਂ ਨੂੰ ਹੋਰ ਹਮਲਾ ਕਰਨ ਦਾ ਸਮਾਂ ਦਿੱਤਾ ਜਾਵੇ । ਕਰਤਾਰਪੁਰ ਦੇ ਨੇੜੇ ਹੀ ਦਰਿਆ ਬਿਆਸ ਦੇ ਇਕ ਕਿਨਾਰੇ ਉੱਪਰ ਗੁਰੂ ਅਰਜਨ ਦੇਵ ਜੀ ਦਾ ਵਸਾਇਆ ਹੋਇਆ ਨਗਰ ਸ੍ਰੀ ਗੋਬਿੰਦਪੁਰ ਸੀ ।” ਇਹ ਇਕ ਵਿਸ਼ਾਲ ਖਾਲੀ ਜਗਾਹ ਸੀ ਅਤੇ ਦਰਿਆ ਬਿਆਸ ਦੇ ਨੇੜੇ ਹੋਣ ਕਰਕੇ ਰਮਣੀਕ ਵੀ ਸੀ । ਗੁਰੂ ਜੀ ਨੇ ਇੱਥੇ ਹੀ ਆਪਣਾ ਠਹਿਰਾ ਕਰਨ ਦਾ ਫ਼ੈਸਲਾ ਕੀਤਾ। ਸਿੱਖ ਸੰਗਤਾਂ ਨੇ ਇੱਥੇ ਕੈਂਪ ਲਗਾ ਕੇ ਇਸ ਥਾਂ ਦੀ ਨਵੀਂ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਨਗਰ ਦੇ ਆਲੇ-ਦੁਆਲੇ ਕੋਟ ਵਗਲ ਕੇ ਸਾਧਾਰਨ ਕਿਲਾਬੰਦੀ ਦਾ ਰੂਪ ਦੇਣਾ ਸ਼ੁਰੂ ਕਰ ਦਿੱਤਾ। ਪਿੰਡਾਂ ਦੇ ਦੁਆਲੇ ਕੋਟ ਵਗਲ ਕੇ ਕਿਲਾਬੰਦੀ ਦਾ ਰੂਪ ਦੇਣਾ ਉਨ੍ਹੀਂ ਦਿਨੀ ਕੋਈ ਵੱਡੀ ਗੱਲ ਨਹੀਂ ਸੀ ਸਮਝੀ ਜਾਂਦੀ ਸਗੋਂ ਇਹ ਪਿੰਡ ਦੀ, ਬਾਹਰਲੇ ਹਮਲਾਵਰਾਂ ਜਾਂ ਡਾਕੂਆਂ ਤੋਂ ਬਚਾਓ ਕਰਨ ਲਈ ਜ਼ਰੂਰੀ ਵੀ ਹੁੰਦਾ ਸੀ। ਜਿੱਥੇ ਵੀ ਕੋਈ ਸਰਦਾ-ਪੁਜਦਾ ਚੌਧਰੀ ਰਹਿੰਦਾ ਸੀ ਉਸ ਦਾ ਪਿੰਡ ਕੋਟ-ਨੁਮਾਂ ਦੀਵਾਰ ਨਾਲ ਵਗਲਿਆ ਹੁੰਦਾ ਸੀ। ਇਸ ਕਰਕੇ ਜੇਕਰ ਗੁਰੂ ਸਾਹਿਬ ਨੇ ਸ੍ਰੀ ਗੋਬਿੰਦਪੁਰ ਨੂੰ ਕੋਟ ਵਗਲ ਕੇ ਆਪਣੀ ਸਵੈ-ਰੱਖਿਆ ਲਈ ਮਜ਼ਬੂਤ ਕਰ ਲਿਆ ਸੀ ਤਾਂ ਇਹ ਹਕੂਮਤ ਦੇ ਖਿਲਾਫ਼ ਕੋਈ ਜੰਗੀ ਤਿਆਰੀ ਨਹੀਂ ਸੀ । ਸਿੱਖ ਸੰਗਤਾਂ ਨੇ ਇੱਥੇ ਰਹਿਣ ਸਮੇਂ ਇਸ ਨਗਰ ਦਾ ਪਹਿਲਾ ਨਾਂ ਸ੍ਰੀ ਗੋਬਿੰਦਪੁਰ ਤੋਂ ਬਦਲ ਕੇ ਸ੍ਰੀ ਹਰਿਗੋਬਿੰਦਪੁਰ ਸਾਹਿਬ ਕਹਿਣਾ ਸ਼ੁਰੂ ਕਰ ਦਿੱਤਾ ਸੀ।
ਇਹ ਇਲਾਕਾ ਕਿਸੇ ਭਗਵਾਨ ਦਾਸ ਘੇਰੜ ਦੀ ਜਾਗੀਰ ਵਿਚ ਸੀ । ਗੁਰੂ ਜੀ ਦੇ ਇੱਥੇ ਠਹਿਰਾ ਕਰਨ ਨਾਲ ਉਸ ਨੇ ਆਪਣੇ ਆਪ ਨੂੰ ਖਤਰਾ ਸਮਝਿਆ। ਪਹਿਲਾਂ ਪਹਿਲਾਂ ਉਸ ਨੇ ਇੱਥੇ ਗੁਰੂ ਜੀ ਲਈ ਕਈ ਮੁਸ਼ਕਲਾਂ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਗੁਰੂ ਜੀ ਇੱਥੋਂ ਚਲੇ ਜਾਣ । ਪਰ ਜਦੋਂ ਗੁਰੂ ਜੀ ਨੇ ਉਸ ਦੀ ਕੋਈ ਪਰਵਾਹ ਨਾ ਕੀਤੀ ਤਾਂ ਉਸ ਨੇ ਸਿੱਧੀ ਦਖ਼ਲ-ਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇੱਕ ਦਿਨ ਇਸੇ ਤਰ੍ਹਾਂ ਦੀ ਦਖ਼ਲ ਅੰਦਾਜੀ ਕਰਦਾ ਹੋਇਆ ਉਹ ਸਿੱਖ ਸੰਗਤਾਂ ਦੁਆਰਾ ਮਾਰਿਆ ਗਿਆ । ਇਸ ਗੱਲ ਨੇ ਸਾਰੇ ਝਗੜੇ ਨੂੰ ਵਧਾ ਦਿੱਤਾ ਸੀ । ਉਸ ਦਾ ਪੁੱਤਰ ਰਤਨ ਚੰਦ ਜਲੰਧਰ ਦੇ ਹਾਕਮ ਕੋਲ ਜਾ ਫਰਿਆਦੀ ਹੋਇਆ। ਜਲੰਧਰ ਦਾ ਹਾਕਮ ਉਸ ਵੇਲੇ ਅਬਦੁੱਲਾ ਖ਼ਾਨ ਸੀ । ਉਹ ਵੀ ਗੁਰੂ ਜੀ ਦੇ ਦੁਆਬੇ ਵਿਚ ਆ ਕੇ ਵਸਣ ਕਰਕੇ ਖਤਰਾ ਮਹਿਸੂਸ ਕਰ ਰਿਹਾ ਸੀ। ਇਕ ਹੋਰ ਕਰਮ ਚੰਦ, ਜੋ ਚੰਦੂ ਸ਼ਾਹ ਦਾ ਪੁੱਤਰ ਸੀ, ਰਤਨ ਚੰਦ ਨਾਲ ਮਿਲ ਗਿਆ ਸੀ। ਸਭ ਨੇ ਮਿਲ ਕੇ ਜਲੰਧਰ ਦੇ ਹਾਕਮ ਨੂੰ ਸੈਨਿਕ ਮਦਦ ਕਰਨ ਲਈ ਉਕਸਾਇਆ। ਇਸ ਤਰ੍ਹਾਂ ਤਕਰੀਬਨ ਚਾਰ ਹਜ਼ਾਰ ਦੀ ਗਿਣਤੀ ਵਿਚ ਸੈਨਾ ਅਤੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਗੁਰੂ ਸਾਹਿਬ ਉੱਪਰ ਚੜ੍ਹ ਕੇ ਆ ਗਏ। ਸਿੱਖ ਸੰਗਤਾਂ ਨੇ ਇਨ੍ਹਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਪਿੱਛੇ ਮੁੜਨ ਲਈ ਮਜਬੂਰ ਕਰ ਦਿੱਤਾ । ਅਬਦੁੱਲਾ ਖ਼ਾਨ ਮਾਰਿਆ ਗਿਆ ਸੀ । ਬਾਕੀ ਦੇ ਧਾੜਵੀਂ ਭੱਜ ਗਏ ਸਨ । ਸਿੱਖ ਸੰਗਤਾਂ ਨੇ ਪੂਰੀ ਕਾਮਯਾਬੀ ਨਾਲ ਹਮਲਾਵਰਾਂ ਨੂੰ ਨਸਾ ਦਿੱਤਾ ਸੀ। ਇਹ ਗੱਲ ਸਤੰਬਰ, 1630 ਈ. ਦੀ ਹੈ ।
ਇੱਕ ਗੱਲ ਵਿਚਾਰਯੋਗ ਹੈ ਕਿ ਜਿੱਥੇ ਕੋਈ ਲੜਾਈ ਲੋਕ-ਸਮੂਹ ਨਾਲ ਹੁੰਦੀ ਹੈ ਉੱਥੇ ਜਿੱਤ ਵੀ ਲੋਕ-ਸਮੂਹ ਦੀ ਹੀ ਹੁੰਦੀ ਹੈ। ਹਮਲਾਵਰ ਜਾਗੀਰਦਾਰ ਸਨ ਜਾਂ ਫ਼ੌਜਦਾਰ । ਇਹ ਤਨਖ਼ਾਹਦਾਰ ਜਾਂ ਕਿਰਾਏ ਦੇ ਲੋਕਾਂ ਦੀ ਧਾੜ ਸੀ । ਗੁਰੂ ਜੀ ਲੋਕ-ਨੇਤਾ ਸਨ ਅਤੇ ਲੋਕ-ਸਮੂਹ ਉਨ੍ਹਾਂ ਦੀ ਮਦਦ ‘ਤੇ ਸੀ । ਜਦੋਂ ਕਿਰਾਏ ਦੇ ਧਾੜਵੀ ਹਮਲਾ ਕਰ ਕੇ ਆਏ ਤਾਂ ਅੱਗੋਂ ਸਿੱਖ ਸੰਗਤਾਂ ਦੇ ਰੂਪ ਵਿਚ ਲੋਕ-ਸਮੂਹ ਇਕੱਠਾ ਹੋ ਕੇ ਇਨ੍ਹਾਂ ਧਾੜਵੀਆਂ ਦੇ ਵਿਰੁੱਧ ਡੱਟ ਕੇ ਖੜ੍ਹਾ ਹੋ ਗਿਆ ਸੀ । ਧਾੜਵੀ ਆਪਣੇ ਸੁਆਰਥਾਂ ਲਈ ਲੜਦੇ ਸਨ ਜਦੋਂ ਕਿ ਗੁਰੂ ਜੀ ਆਪਣੀ ਰੱਖਿਆ ਲਈ ਮੁਕਾਬਲਾ ਕਰਦੇ ਸਨ । ਆਪਣੀ ਸੁਰੱਖਿਆ ਲਈ ਲੜਾਈ ਕਰਨਾ ਸ਼ਹੀਦ ਹੋਣ ਲਈ ਪਰੇਰਨਾ ਸਰੋਤ ਘਟਨਾ ਹੁੰਦੀ ਹੈ। ਸਿੱਖਾਂ ਲਈ ਜੂਝਦੇ ਹੋਏ ਸ਼ਹੀਦੀ ਪਰਾਪਤ ਕਰਨਾ ਇਕ ਮਾਣ ਵਾਲੀ ਗੱਲ ਸੀ । ਇਸ ਕਰਕੇ ਹਮਲਾਵਰ ਦੁਸ਼ਮਣ, ਸੁਸਿੱਖਿਅਤ ਫ਼ੌਜ ਦੀ ਮਦਦ ਨਾਲ ਵੀ ਲੋਕ-ਸਮੂਹ ਦੇ ਵਿਸ਼ਾਲ ਇਕੱਠ ਸਾਹਮਣੇ ਖੜੋ ਨਹੀਂ ਸਕਿਆ । ਇੰਦੂ ਭੂਸ਼ਨ ਬੈਨਰਜੀ ਲਿਖਦਾ ਹੈ: “ਹਰਿਗੋਬਿੰਦ ਨੇ ਇਨ੍ਹਾਂ ਨੂੰ ਕਾਮਯਾਬੀ ਨਾਲ ਕੁੱਟ ਕੇ ਭਜਾ ਦਿੱਤਾ ਸੀ ਅਤੇ ਸ੍ਰੀ ਹਰਿਗੋਬਿੰਦਪੁਰ, ਜਿਵੇਂ ਕਿ ਇਸ ਥਾਂ ਨੂੰ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਸੀ, ਦੀ ਸਥਾਪਨਾ ਬਿਨਾਂ ਕਿਸੇ ਹੋਰ ਬਿਘਨ ਦੇ ਚਲਦੀ ਰਹੀ ।
ਗਯਾਨ ਸਿੰਘ ਅਨੁਸਾਰ ਲੜਾਈ ਪਿੱਛੋਂ ਗੁਰੂ ਸਾਹਿਬ ਕਾਫ਼ੀ ਸਮਾਂ ਸ੍ਰੀ ਹਰਿਗੋਬਿੰਦਪੁਰ ਸਾਹਿਬ ਵਿਖੇ ਹੀ ਰਹਿੰਦੇ ਰਹੇ ਸਨ ਅਤੇ ਇੱਥੇ ਹੀ ਉਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਬੁਲਾ ਲਿਆ ਸੀ । ਇਕ ਮਸੀਤ ਵੀ ਇੱਥੇ ਉਸਰਵਾਈ ਗਈ ਸੀ ਤਾਂ ਕਿ ਗੁਰੂ ਜੀ ਦੇ ਮੁਸਲਿਮ ਪੈਰੋਕਾਰ ਆਪਣੇ ਧਾਰਮਿਕ ਅਕੀਦੇ ਪੂਰੇ ਕਰ ਸਕਣ ।
ਤੀਜੀ ਲੜਾਈ :
ਗੁਰੂ ਹਰਿਗੋਬਿੰਦ ਸਾਹਿਬ ਵਧੀਆ ਤੋਂ ਵਧੀਆ ਘੋੜੇ ਰੱਖਣ ਦੇ ਸ਼ੌਕੀਨ ਸਨ । ਇਸ ਮਕਸਦ ਲਈ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਮੱਧ ਏਸ਼ੀਆ ਦੇ ਦੇਸ਼ਾਂ ਵਿਚ ਘੋੜੇ ਖਰੀਦਣ ਲਈ ਵੀ ਭੇਜਿਆ ਸੀ । ਇਸ ਤਰ੍ਹਾਂ ਹੀ ਜਦੋਂ ਮੱਧ ਏਸ਼ੀਆ ਦੇ ਮੁਲਕਾਂ ਵਿਚੋਂ ਖਰੀਦੇ ਹੋਏ ਦੋ ਅਤੀ ਸੁੰਦਰ ਘੋੜੇ, ਸਿੱਖ ਸੰਗਤਾਂ ਗੁਰੂ ਜੀ ਦੀ ਹਜੂਰੀ ਵਿਚ ਲਿਆ ਰਹੀਆਂ ਸਨ ਤਾਂ ਉਨ੍ਹਾਂ ਨੂੰ ਰਸਤੇ ਵਿਚ ਲਾਹੌਰ ਦੇ ਅਧਿਕਾਰੀਆਂ ਨੇ ਜਬਰਦਸਤੀ ਖੋਹ ਲਿਆ ਸੀ । ਇਹ ਗੱਲ ਗੁਰੂ ਜੀ ਨੂੰ ਸ੍ਰੀ ਹਰਿ-ਗੋਬਿੰਦਪੁਰ ਵਿਖੇ ਆ ਕੇ ਦੱਸੀ ਗਈ । ਗੁਰੂ ਜੀ ਨੇ ਆਪਣੇ ਸਿੱਖਾਂ ਰਾਹੀਂ ਭਾਈ ਬਿਧੀ ਚੰਦ ਦੀ ਅਗਵਾਈ ਹੇਠ ਇਨ੍ਹਾਂ ਘੋੜਿਆਂ ਨੂੰ ਵਾਪਸ ਖੋਹ ਲਿਆ ਸੀ। ਇੰਜ ਘੋੜੇ ਵਾਪਸ ਖੋਹ ਲੈਣ ਨਾਲ ਲਾਹੌਰ ਦੇ ਅਧਿਕਾਰੀਆਂ ਦੀ ਬੇਇੱਜਤੀ ਹੋਈ ਸਮਝੀ ਗਈ ਸੀ। ਇਸ ਬੇਇੱਜਤੀ ਦਾ ਬਦਲਾ ਲੈਣ ਲਈ ਉਨ੍ਹਾਂ ਨੇ ਗੁਰੂ ਜੀ ਉੱਪਰ ਹਮਲਾ ਕਰਨ ਦਾ ਫ਼ੈਸਲਾ ਕੀਤਾ ।
ਗੁਰੂ ਸਾਹਿਬ ਨੇ ਭਾਂਪ ਲਿਆ ਸੀ ਕਿ ਉਨ੍ਹਾਂ ‘ਤੇ ਜ਼ਰੂਰ ਹਮਲਾ ਹੋਵੇਗਾ। ਇਸ ਲਈ ਉਹ ਸ੍ਰੀ ਹਰਿਗੋਬਿੰਦਪੁਰ ਤੋਂ ਸਿੱਖ ਸੰਗਤਾਂ ਸਮੇਤ ਪੰਜਾਬ ਦੇ ਮਾਲਵੇ ਖੇਤਰ ਵੱਲ ਨੂੰ ਰਵਾਨਾ ਹੋ ਗਏ। ਮਾਲਵਾ ਸਾਰਾ ਹੀ ਗੁਰੂ-ਘਰ ਦਾ ਸ਼ਰਧਾਲੂ ਸੀ । ਮਾਲਵੇ ਵਿਚਲੇ ਸਾਰੇ ਹੀ ਜੱਟ ਕਬੀਲੇ ਗੁਰੂ ਜੀ ਲਈ ਮਰ ਮਿਟਣ ਨੂੰ ਤਿਆਰ ਸਨ । ਲਾਹੌਰ ਵੱਲੋਂ ਬਹੁਤ ਵੱਡੀ ਵਿਸ਼ਾਲ ਫ਼ੌਜ ਨਾਲ ਗੁਰੂ ਜੀ ਉੱਪਰ ਹਮਲਾ ਕੀਤਾ ਗਿਆ । ਇਤਿਹਾਸਕਾਰਾਂ ਨੇ ਭਾਵੇਂ ਇਸ ਫ਼ੌਜ ਦੀ ਗਿਣਤੀ 20-22 ਹਜ਼ਾਰ ਤੱਕ ਦੀ ਦੱਸੀ ਹੈ । ਇਤਨੀ ਫ਼ੌਜ ਭਾਵੇਂ ਨਾ ਵੀ ਹੋਵੇ ਪਰ ਇਹ ਹਮਲਾਵਰ ਫ਼ੌਜ ਬਹੁਤ ਵੱਡੀ ਗਿਣਤੀ ਵਿਚ ਸੀ। ਇਸੇ ਕਰ ਕੇ ਗੁਰੂ ਸਾਹਿਬ ਆਪਣੀ ਰਿਹਾਇਸ਼ ਛੱਡ ਕੇ ਮਾਲਵੇ ਵੱਲ ਰਵਾਨਾ ਹੋਏ ਸਨ। ਮਾਲਵੇ ਵਿਚ ਜੱਟ ਕਬੀਲਿਆਂ ਦੇ ਭਰਵੇਂ ਸਹਿਯੋਗ ਤੋਂ ਇਲਾਵਾ ਉੱਥੋਂ ਦਾ ਰੇਤਲਾ ਅਤੇ ਜੰਗਲੀ ਇਲਾਕਾ ਗੁਰੂ ਜੀ ਲਈ ਫਾਇਦੇਮੰਦ ਸੀ । ਮਾਲਵੇ ਦੇ ਜੱਟ ਕਬੀਲਿਆਂ ਦੀ ਮਦਦ ਨਾਲ ਗੁਰੂ ਜੀ ਨਥਾਣੇ ਦੇ ਇਲਾਕੇ ਵਿਚ ਇੱਕੋ-ਇੱਕ ਪਾਣੀ ਵਾਲੀ ਢਾਬ ਰੋਕ ਕੇ ਡੱਟ ਗਏ। ਆਲੇ ਦੁਆਲੇ ਰੇਤੀਲੇ ਟਿੱਬੇ ਸਨ ਅਤੇ ਕੰਡੀਲੇ ਝਾੜ ਸਨ । ਜੇਕਰ ਦੁਸ਼ਮਣ ਇੱਥੇ ਆ ਕੇ ਗੁਰੂ ਜੀ ਉੱਪਰ ਹਮਲਾ ਕਰਦਾ ਸੀ ਤਾਂ ਆਲੇ ਦੁਆਲੇ ਟਿੱਬਿਆਂ ਦੀ ਓਟ ਵਿਚ ਬੈਠੇ ਸਿੱਖ ਉਸ ਉੱਪਰ ਚਾਰੇ ਪਾਸਿਆਂ ਤੋਂ ਹਮਲਾ ਕਰਨ ਲਈ ਤਿਆਰ ਸਨ । ਆਲੇ ਦੁਆਲੇ ਕਿਤੇ ਵੀ ਪਾਣੀ ਨਾ ਹੋਣ ਕਾਰਣ ਦੁਸ਼ਮਣ ਜਿਆਦਾ ਸਮਾਂ ਸਿੱਖਾਂ ਦੀ ਮਿਲਵੀਂ ਤਾਕਤ ਸਾਹਮਣੇ ਠਹਿਰ ਨਹੀਂ ਸਕਦਾ ਸੀ । ਗਯਾਨ ਸਿੰਘ ਲਿਖਦਾ ਹੈ :
“ਏਧਰ ਕਾਂਗੜ, ਧੋਲੇ ਦੇਸ ਮਾਲਵੇ ਦੇ ਸਬ ਬਹਾਦਰ ਸਿੱਖ ਗੁਰੂ ਸਾਹਿਬ ਵੱਲ ਭੀ ਆ ਗਏ। ਰਾਇ ਜੋਧ, ਸਲੇਮ ਦੋਵੇਂ ਭਾਈ, ਭੱਲਣ, ਭੂਪਾ, ਸੂਰਾ, ਕਰਮਾ ਫੱਤਾ, ਆਕਲ, ਬੀਰਾ, ਸਾਗਰ, ਤਖਤਾ, ਕਾਲਾ ਦੁੱਲਟ, ਕਾਲਾ ਕਰਮ ਚੰਦ ਆਦਿਕ ਇਹ ਸਬ ਢੋਲ ਵਜਾਉਂਦੇ ਹੋਏ ਆਪਣੇ ਨਾਲ ਬਹੁਤ ਬਹੁਤ ਆਦਮੀ ਲੈ ਕੇ ਗਏ । ਗੁਰੂ ਸਾਹਿਬ ਨੇ ਏਨਾਂ ਨੂੰ ਨਾਲ ਲੈ ਕੇ ਬੜੇ ਭਾਰੀ ਜੰਗਲ ਵਿਚ (ਜਿੱਥੇ ਹੁਣ ਲਹਿਰਾ ਪਿੰਡ ਤੇ ਗੁਰੂ ਸਰ ਤਲਾਉ ਹੈ) ਪਾਣੀ ਦੀ ਢਾਬ ਦੇ ਕਿਨਾਰੇ 17 ਪੋਹ ਸੰਮਤ 1690 ਬਿ. ਮੁਤਾਬਕ ਜਨਵਰੀ, 1633 ਈ. ਨੂੰ ਮੋਰਚਾ ਬੰਨ੍ਹ ਕੇ ਲੜਾਈ ਸ਼ੁਰੂ ਕਰ ਦਿੱਤੀ । ”
ਹਮਲਾਵਰ ਦੁਸ਼ਮਣ ਦੀ ਫ਼ੌਜ ਦੇ ਪਾਸ ਪਾਣੀ ਦਾ ਕੋਈ ਸੋਮਾ ਨਹੀਂ ਸੀ। ਮਾਲਵੇ ਦੇ ਜੱਟ ਕਬੀਲੇ ਆਪਣੇ ਜੰਗਲਾਂ ਦੇ ਭੇਤੀ ਸਨ। ਸਭ ਪਿੰਡਾਂ ਦੇ ਲੋਕ ਦੁਸ਼ਮਣ ਉੱਪਰ ਚਹੁੰ ਪਾਸਿਆਂ ਤੋਂ ਟੁੱਟ ਕੇ ਪੈ ਗਏ । ਸਾਰਾ ਦਿਨ ਲੜਾਈ ਹੋਈ। ਦੁਸ਼ਮਣ ਪਾਣੀ ਤੋਂ ਬਿਨਾਂ ਪਿਆਸ ਨਾਲ ਵਿਆਕੁਲ ਹੋਇਆ, ਆਪਣਾ ਜਾਨੀ ਨੁਕਸਾਨ ਕਰਵਾ ਕੇ ਵਾਪਸ ਨੱਸ ਆਇਆ। ਗੁਰੂ ਜੀ ਦੀ ਪੂਰਨ ਫਤਿਹ ਹੋਈ। ਮੈਕਾਲਿਫ ਅਨੁਸਾਰ, ਗੁਰੂ ਜੀ ਦੀ ਫ਼ੌਜ ਪਾਣੀ ਦੇ ਇੱਕੋ-ਇੱਕ ਤਲਾਅ ਦੁਆਲੇ ਇਸ ਤਰ੍ਹਾਂ ਘੇਰਾ ਘੱਤੀਂ ਖੜੀ ਸੀ ਕਿ ਦੁਸ਼ਮਣ ਪਾਣੀ ਤੱਕ ਪਹੁੰਚ ਹੀ ਨਹੀਂ ਸਕਿਆ । ਇਸ ਤਰ੍ਹਾਂ ਤਰੇਹ ਨਾਲ ਵਿਆਕੁਲ ਹੋਇਆ ਭੱਜ ਗਿਆ । ਭਾਵੇਂ ਇਸ ਲੜਾਈ ਦਾ ਜੁਲਿਫ਼ਕਾਰ ਅਰਧਿਸਤਾਨੀ ਨੇ ਕੋਈ ਉਲੇਖ ਨਹੀਂ ਕੀਤਾ ਪਰ ਗੁਰਮੁੱਖੀ ਦੀਆਂ ਸਾਰੀਆਂ ਹੀ ਮੁੱਢਲੀਆਂ ਲਿਖਤਾਂ ਅਤੇ ਆਧੁਨਿਕ ਇਤਿਹਾਸਕਾਰ ਇਸ ਮੱਤ ਨਾਲ ਸਹਿਮਤ ਹਨ ਕਿ ਗੁਰੂ ਸਾਹਿਬ ਨੂੰ ਨਥਾਣੇ ਜਾਂ ਲਹਿਰਾ ਮੁਹੱਬਤ ਦੇ ਅਸਥਾਨ ‘ਤੇ ਦੁਸ਼ਮਣ ਨਾਲ ਫੈਸਲਾਕੁਨ ਲੜਾਈ ਲੜਨੀ ਪਈ ਸੀ । ਇੰਦੂ ਭੂਸ਼ਣ ਬੈਨਰਜ਼ੀ ਲਿਖਦਾ ਹੈ ਕਿ ਇਉਂ ਪਰਤੀਤ ਹੁੰਦਾ ਹੈ ਕਿ ਸ਼ਾਹੀ ਅਧਿਕਾਰੀ ਸਥਿਤੀ ਦੀਆਂ ਕੁਦਰਤੀ ਮੁਸ਼ਕਲਾਂ ਦਾ ਮੁਕਾਬਲਾ ਨਹੀਂ ਕਰ ਸਕੇ ਅਤੇ ਗੁਰੂ ਹਰਗੋਬਿੰਦ ਸਾਹਿਬ ਲਈ ਉਨ੍ਹਾਂ ਨੂੰ ਕੁੱਟ ਕੇ ਵਾਪਸ ਭਜਾਉਣ ਵਿਚ ਕੋਈ ਜ਼ਿਆਦਾ ਮੁਸ਼ਕਲ ਦਾਸਾਹਮਣਾ ਨਹੀਂ ਕਰਨਾ ਪਿਆ ਸੀ । 0 ਭਾਵੇਂ ਇਸ ਲੜਾਈ ਵਿਚ ਸਿੱਖਾਂ ਦਾ ਵੀ ਬਹੁਤ ਜਾਨੀ ਨੁਕਸਾਨ ਹੋਇਆ ਸੀ ਪਰ ਲੜਾਈ ਇਹ ਫੈਸਲਾਕੁਨ ਸੀ । ਗੁਰੂ ਜੀ ਨੇ ਸਭ ਸ਼ਹੀਦ ਹੋਏ ਸਿਪਾਹੀਆਂ ਨੂੰ ਉਨ੍ਹਾਂ ਦੀਆਂ ਧਾਰਮਿਕ ਰਸਮਾਂ ਮੁਤਾਬਕ ਦਫ਼ਨਾਇਆ। ਜਿਸ ਥਾਂ ‘ਤੇ ਲੜਾਈ ਹੋਈ ਸੀ ਉੱਥੇ ਅੱਜ ਕਲ੍ਹ ਗੁਰਦੁਆਰਾ ਗੁਰੂਸਰ ਸੁਸੋਭਤ ਹੈ।

ਚੌਥੀ ਲੜਾਈ :
ਨਥਾਣਾ ਗੁਰੂਸਰ ਵਿਖੇ ਦੁਸ਼ਮਣ ਨੂੰ ਹਰਾਉਣ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਦੁਆਬੇ ਵਿਚ ਕਰਤਾਰਪੁਰ ਵਿਖੇ ਆ ਗਏ ਸਨ । ਇੱਥੇ ਕੁੱਝ ਸਮਾਂ ਸ਼ਾਂਤੀ ਨਾਲ ਬਤੀਤ ਹੋਇਆ । ਪਰ ਛੇਤੀ ਹੀ ਗੁਰੂ ਜੀ ਦੇ ਆਪਣੇ ਹੀ ਇਕ ਮੁਖੀ ਜਰਨੈਲ ਪੈਂਦੇ ਖ਼ਾਨ ਨਾਲ ਕੁਝ ਮੱਤਭੇਦ ਪੈਦਾ ਹੋ ਗਏ ਸਨ । ਪੈਂਦੇ ਖ਼ਾਨ ਫਤਿਹ ਖ਼ਾਨ ਗਨੈਦਾ ਪਠਾਣ ਦਾ ਪੁੱਤਰ ਸੀ । ਇਸ ਦੀ ਮਾਂ ਗੁਰੂ ਹਰਿਗੋਬਿੰਦ ਸਾਹਿਬ ਦੀ ਪਾਲਣਾ ਪੋਸ਼ਣਾ ਕਰਨ ਵਾਲੀ ਮਾਈ ਸੀ । ਪੈਦੇ ਖ਼ਾਨ ਅਤੇ ਗੁਰੂ ਜੀ ਤਕਰੀਬਨ ਹਮਉਮਰ ਹੀ ਸਨ । ਗੁਰੂ-ਘਰ ਵਿਚ ਪੈਂਦੇ ਖ਼ਾਨ ਗੁਰੂ ਜੀ ਦੇ ਸਭ ਤੋਂ ਵੱਧ ਵਿਸ਼ਵਾਸ ਪਾਤਰ ਸਿੱਖਾਂ ਵਿਚੋਂ ਸੀ। ਗੁਰਮੁਖੀ ਲਿਖਤਾਂ ਵਿਚ, ਗੁਰੂ ਸਾਹਿਬ ਅਤੇ ਪੈਂਦੇ ਖ਼ਾਨ ਵਿਚਕਾਰ ਮੱਤ-ਭੇਦ ਪੈਦਾ ਹੋਣ ਦੇ ਜੋ ਕਾਰਣ ਲਿਖੇ ਗਏ ਹਨ ਉਹ ਯਕੀਨ ਕਰਨ ਵਾਲੇ ਨਹੀਂ ਜਾਪਦੇ । ਇਉਂ ਲੱਗਦਾ ਹੈ ਕਿ ਜਾਂ ਤਾਂ ਪੈਂਦੇ ਖ਼ਾਨ ਨੂੰ ਦੁਸ਼ਮਣਾਂ ਨੇ ਕਿਸੇ ਤਰ੍ਹਾਂ ਕੋਈ ਯਕੀਨ ਦਿਵਾ ਕੇ ਆਪਣੇ ਨਾਲ ਰਲਾ ਲਿਆ ਹੋਵੇਗਾ ਅਤੇ ਜਾਂ ਫਿਰ ਪੈਂਦੇ ਖ਼ਾਨ ਕੋਈ ਮੁਗ਼ਲ ਅਧਿਕਾਰੀ ਹੋਵੇਗਾ। ਜੁਲਿਫ਼ਕਾਰ ਅਰਧਿਸਤਾਨੀ ਨੇ ਲਿਖਿਆ ਹੈ ਕਿ ਕਰਤਾਰਪੁਰ ਵਿਖੇ ਮੀਰ ਬਡੈਹਰਾ ਅਤੇ ਪੈਂਦੇ ਖ਼ਾਨ ਦੀ ਕਮਾਂਡ ਹੇਠ ਹਮਲਾ ਕੀਤਾ ਗਿਆ। ਇਰਵਿਨ ਵੀ ਉਸ ਨੂੰ ਸ਼ਾਹੀ ਕਮਾਂਡਰ ਹੀ ਲਿਖਦਾ ਹੈ। ਇਸ ਲਈ ਇਸ ਗੱਲ ਵਿਚ ਕੁਝ ਵਜਨ ਹੋ ਸਕਦਾ ਹੈ ਕਿ ਪੈਂਦਾ ਖ਼ਾਨ ਮੁਗ਼ਲ ਹਕੂਮਤ ਦਾ ਹੀ ਕੋਈ ਅਧਿਕਾਰੀ ਹੋਵੇ । ਗੁਰੂ ਜੀ ਦੇ ਘਰ ਵਿਚ ਪਲਣ ਵਾਲਾ ਪੈਂਦੇ ਖ਼ਾਨ ਕੋਈ ਹੋਰ ਹੋਵੇ । ਗੁਰੂ ਜੀ ਉੱਪਰ ਹਮਲਾ ਕੀਤਾ ਗਿਆ। ਪਰ ਇਹ ਹਮਲਾ ਸੌਖਿਆਂ ਹੀ ਪਛਾੜ ਦਿੱਤਾ ਗਿਆ । ਮੀਰ ਬਡੈਹਰਾ ਅਤੇ ਪੈਂਦੇ ਖ਼ਾਨ ਦੋਵੇਂ ਹੀ ਮਾਰੇ ਗਏ ਸਨ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਇਸ ਲੜਾਈ ਨੂੰ ਗੁਰੂ ਜੀ ਦੇ ਪਰਿਵਾਰਾਂ ਨੇ ਵੀ ਆਪਣੇ ਮਕਾਨਾਂ ਦੀਆਂ ਛੱਤਾਂ ਜਾਂ ਬਾਰੀਆਂ ਵਿਚੋਂ ਦੀ ਖੜੋ ਕੇ ਦੇਖਿਆ ਸੀ ਅਤੇ ਬਾਲ ਤੇਗ ਬਹਾਦੁਰ ਜੀ ਨੇ ਇਸ ਵਿਚ ਕੁਝ ਭਾਗ ਲਿਆ ਸੀ ਇਸ ਤੋਂ ਜਾਪਦਾ ਹੈ ਕਿ ਇਹ ਹਮਲਾ ਸਥਾਨਕ ਪੱਧਰ ਦਾ ਅਤੇ ਬਹੁਤਾ ਭਿਆਨਕ ਨਹੀਂ ਸੀ । ਸਿੱਖ ਸੰਗਤਾਂ ਨੇ ਇਸ ਨੂੰ ਸੋਖਿਆਂ ਹੀ ਪਛਾੜ ਦਿੱਤਾ ਸੀ । ਇਸੇ ਝੜੱਪ ਵਿਚ ਹੀ ਕਿਸੇ ਕਾਲੇ ਖ਼ਾਨ ਕਮਾਂਡਰ ਦਾ ਵੀ ਜ਼ਿਕਰ ਆਉਂਦਾ ਹੈ ਜਿਸ ਨੂੰ ਗੁਰੂ ਸਾਹਿਬ ਨੇ ਬੜੇ ਆਰਾਮ ਅਤੇ ਠਰੰਮੇ ਨਾਲ ਆਹਮੋ ਸਾਹਮਣੇ ਦੀ ਲੜਾਈ ਕਰਕੇ ਮਾਰ ਦਿੱਤਾ ਸੀ । ਜਦ ਕਾਲੇ ਖ਼ਾਨ ਦਾ ਵਾਰ ਖਾਲੀ ਗਿਆ ਸੀ ਤਾਂ ਗੁਰੂ ਜੀ ਨੇ ਆਪਣਾ ਵਾਰ ਕਰਨ ਸਮੇਂ ਉਸ ਨੂੰ ਕਿਹਾ ਸੀ ਕਿ “ਤਲਵਾਰ ਇਸ ਤਰ੍ਹਾਂ ਨਹੀਂ ਸਗੋਂ ਇਉਂ ਚਲਾਈਂਦੀ ਹੈ।” ਇਹ ਕਹਿ ਕੇ ਇਕੋ ਵਾਰ ਨਾਲ ਕਾਲੇ ਖ਼ਾਨ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਸੀ।
ਇਸ ਲੜਾਈ ਵਿਚ ਗੁਰੂ ਜੀ ਦੀ ਭਾਵੇਂ ਜਿੱਤ ਹੋਈ ਸੀ ਪਰ ਉਹ ਜ਼ਿਆਦਾ ਸਮਾਂ ਕਰਤਾਰਪੁਰ ਵਿਖੇ ਨਹੀਂ ਠਹਿਰੇ। ਗੁਰੂ ਜੀ ਪੂਰੇ ਲਾਓ ਲਸ਼ਕਰ ਸਮੇਤ ਫਗਵਾੜੇ ਵੱਲ ਨੂੰ ਚੱਲ ਪਏ ਸਨ । ਫਗਵਾੜੇ ਵਿਖੇ ਪਲਾਹੀ ਸਾਹਿਬ ਦੇ ਅਸਥਾਨ ‘ਤੇ ਅਚਨਚੇਤ ਹੀ ਦੁਸ਼ਮਣ ਵੱਲੋਂ ਗੁਰੂ ਜੀ ਉੱਪਰ ਲੁਕਵਾਂ ਹਮਲਾ ਕੀਤਾ ਗਿਆ ਸੀ ਜਿਸ ਨੂੰ ਪਛਾੜ ਦਿੱਤਾ ਗਿਆ ਸੀ । ਗੁਰੂ ਜੀ ਅੱਗੇ ਚਲਦੇ ਗਏ ਅਤੇ ਕੀਰਤਪੁਰ ਪਹੁੰਚ ਕੇ ਆਪਣਾ ਠਿਕਾਣਾ ਕੀਤਾ । ਜੁਲਿਫ਼ਕਾਰ ਅਰਧਿਸਤਾਨੀ ਨੇ ਲਿਖਿਆ ਹੈ ਕਿ ਆਖਰਕਾਰ ਗੁਰੂ ਹਰਿਗੋਬਿੰਦ ਸਾਹਿਬ ਕਰਤਾਰਪੁਰ ਤੋਂ ਫਗਵਾੜੇ ਵੱਲ ਨੂੰ ਚੱਲ ਪਏ ਸਨ ਅਤੇ ਕਿਉਂਕਿ ਇਹ ਲਾਹੌਰ ਦੇ ਨੇੜੇ ਸੀ, ਇਸ ਲਈ ਉਨ੍ਹਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ । ਫਿਰ ਉਹ ਛੇਤੀ ਹੀ ਕੀਰਤਪੁਰ ਵੱਲ ਨੂੰ ਰਵਾਨਾ ਹੋ ਗਏ।

ਲੜਾਈਆਂ ਦਾ ਮੁੱਲ-ਅੰਕਣ :
ਦੇਖਿਆ ਗਿਆ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੂੰ ਛੋਟੀਆਂ ਜਾਂ ਵੱਡੀਆਂ ਤਕਰੀਬਨ ਚਾਰ ਲੜਾਈਆਂ ਕਰਨੀਆਂ ਪਈਆਂ ਸਨ । ਭਾਵੇਂ ਹਰੀ ਰਾਮ ਗੁਪਤਾ ਨੇ ਇਨ੍ਹਾਂ ਦੀ ਤਾਦਾਦ ਕਾਫ਼ੀ ਵਧਾ ਕੇ ਲਿਖੀ ਹੈ ਕਿਉਂਕਿ ਉਸ ਨੇ ਹਰ ਇੱਕ ਨਿੱਕੀ-ਮੋਟੀ ਘਟਨਾ ਨੂੰ ਸੁਤੰਤਰ ਲੜਾਈ ਦਾ ਰੂਪ ਦਿੱਤਾ ਹੈ। ਮਿਸਾਲ ਦੇ ਤੌਰ ‘ਤੇ ਉਹ ਪਹਿਲੀ ਲੜਾਈ ਜੱਲੋ ਦੇ ਅਸਥਾਨ ‘ਤੇ ਹੋਈ ਦੱਸਦਾ ਹੈ। ਇਹ ਜੱਲੋ ਦਾ ਥਾਂ ਕਿੱਥੇ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ । ਫਿਰ ਉਹ ਫਗਵਾੜੇ ਨੇੜੇ ਹੋਈ ਝੜੱਪ ਨੂੰ ਅਲੱਗ ਲੜਾਈ ਦਾ ਰੂਪ ਦਿੰਦਾ ਹੈ। ਇਹ ਠੀਕ ਨਹੀਂ ਹੈ। ਫਗਵਾੜੇ ਦੀ ਝੜੱਪ ਨੂੰ ਕਰਤਾਰਪੁਰ ਦੀ ਲੜਾਈ ਦੇ ਨਾਲ ਹੀ ਰਲਾ ਕੇ ਦੇਖਣਾ ਚਾਹੀਂਦਾ ਹੈ। ਸਭ ਇਤਿਹਾਸਕਾਰਾਂ ਨੇ ਕੁੱਲ ਲੜਾਈਆਂ ਚਾਰ ਹੀ ਵਰਨਣ ਕੀਤੀਆਂ ਹਨ।
ਇਨ੍ਹਾਂ ਲੜਾਈਆਂ ਦਾ ਨਿਰਣਾ ਕਰਦੇ ਸਮੇਂ ਸਾਨੂੰ ਚਾਰ ਪੱਖਾਂ ਦਾ ਜ਼ਰੂਰ ਹੀ ਅਧਿਐਨ ਕਰਨਾ ਚਾਹੀਦਾ ਹੈ। ਪਹਿਲਾ, ਇਨ੍ਹਾਂ ਲੜਾਈਆਂ ਦੀਆਂ ਮਿਤੀਆਂ ਦਾ, ਦੂਸਰਾ ਇਨ੍ਹਾਂ ਲੜਾਈਆਂ ਦੇ ਕਾਰਣਾਂ ਦਾ ਅਤੇ ਤੀਜਾ ਇਨ੍ਹਾਂ ਲੜਾਈਆਂ ਦੇ ਮਨੋਰਥਾਂ ਦਾ ਅਤੇ ਚੌਥਾ ਇਹ ਕਿ ਕੀ ਬਾਦਸ਼ਾਹ ਇਨ੍ਹਾਂ ਵਿਚ ਖੁਦ ਸ਼ਾਮਲ ਸੀ? ਜਿੰਨੇ ਵੀ ਇਤਿਹਾਸਕਾਰਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਲੜਾਈਆਂ ਬਾਰੇ ਲਿਖਿਆ ਹੈ ਉਨ੍ਹਾਂ ਸਭ ਵਿਚ ਉਪਰੋਕਤ ਚਾਰ ਪੱਖਾਂ ਬਾਰੇ ਇਕ ਮੱਤ ਨਹੀਂ ਹੈ। ਸਭ ਤੋਂ ਪਹਿਲਾਂ ਅਸੀਂ ਲੜਾਈਆਂ ਦੀਆਂ ਮਿਤੀਆਂ ਬਾਰੇ ਗੱਲ ਕਰਦੇ ਹਾਂ।
ਸਾਰੇ ਇਤਿਹਾਸਕਾਰਾਂ ਨੇ ਮਿਤੀਆਂ ਵੱਖ ਵੱਖ ਦਿੱਤੀਆਂ ਹਨ ਜਾਂ ਉਹ ਇਨ੍ਹਾਂ ਬਾਰੇ ਚੁੱਪ ਹਨ । ਇੰਦੂ ਭੂਸ਼ਣ ਬੈਨਰਜੀ ਨੇ ਸਿਵਾਏ ਕਰਤਾਰਪੁਰ ਦੀ ਲੜਾਈ ਤੋਂ ਹੋਰ ਕਿਸੇ ਵੀ ਲੜਾਈ ਦੀ ਮਿਤੀ ਨਹੀਂ ਦਿੱਤੀ । ਵੈਸੇ ਗਲਤ ਮਿਤੀ ਦੇਣ ਨਾਲੋਂ ਚੁੱਪ ਰਹਿਣਾ ਹੀ ਠੀਕ ਹੈ। ਹਰੀ ਰਾਮ ਗੁਪਤਾ ਨੇ ਜੋ ਮਿਤੀਆਂ ਦਿੱਤੀਆਂ ਹਨ ਉਨ੍ਹਾਂ ਦਾ ਕੋਈ ਸਰੋਤ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਹ ਬਾਕੀ ਦੇ ਇਤਿਹਾਸਕਾਰਾਂ ਵੱਲੋਂ ਅਪਣਾਈਆਂ ਹੀ ਗਈਆਂ ਹਨ। ਇਸ ਅਨੁਸਾਰ ਅੰਮ੍ਰਿਤਸਰ ਦੀ ਲੜਾਈ 14 ਅਪਰੈਲ, 1634 ਈ. ਨੂੰ; ਗੁਰੂਸਰ ਦੀ ਲੜਾਈ ਦਸੰਬਰ, 1634 ਨੂੰ; ਕਰਤਾਰਪੁਰ ਦੀ ਲੜਾਈ 26 ਅਪਰੈਲ, 1635 ਨੂੰ;] ਫਗਵਾੜੇ ਦੀ ਲੜਾਈ 29 ਅਪਰੈਲ, 1635 ਨੂੰ ਹੋਈ ਦੱਸੀ ਹੈ।” ਇੰਦੂ ਭੂਸ਼ਣ ਬੈਨਰਜੀ ਨੇ ਅੰਮ੍ਰਿਤਸਰ ਦੀ ਲੜਾਈ ਦੀ ਮਿਤੀ 1628 ਈ.; ਲਹਿਰਾ ਮੁਹੱਬਤ ਜਾਂ ਨਥਾਣਾਂ ਦੀ ਲੜਾਈ ਦੀ 1631 ਈ.; ਅਤੇ ਕਰਤਾਰਪੁਰ ਦੀ ਲੜਾਈ ਦੀ 1634 ਈ. ਦਿੱਤੀ ਹੈ ।4 ਤੇਜਾ ਸਿੰਘ ਗੰਡਾ ਸਿੰਘ ਨੇ ਅੰਮ੍ਰਿਤਸਰ ਦੀ ਲੜਾਈ 1628 ਈ.; ਸ੍ਰੀ ਹਰਿਗੋਬਿੰਦਪੁਰ ਦੀ 1630; ਅਤੇ ਕਰਤਾਰਪੁਰ ਦੀ 1634 ਵਿਚ ਹੋਈ ਦੱਸੀ ਹੈ।’ ਸਤਿਬੀਰ ਸਿੰਘ ਨੇ ਇਨ੍ਹਾਂ ਲੜਾਈਆਂ ਦੀਆਂ ਮਿਤੀਆਂ ਇਉਂ ਦਿੱਤੀਆਂ ਹਨ : ਅੰਮ੍ਰਿਤਸਰ ਦੀ ਲੜਾਈ ਦੀ 15 ਮਈ, 1629; ਸ੍ਰੀ ਹਰਿਗੋਬਿੰਦ ਸਾਹਿਬ ਵਿਖੇ ਹੋਈ ਲੜਾਈ ਦੀ ਸਤੰਬਰ, 1629; ਨਥਾਣਾ ਵਿਖੇ ਹੋਈ ਲੜਾਈ ਦੀ ਨਵੰਬਰ, 1631; ਕਰਤਾਰਪੁਰ ਵਿਖੇ ਹੋਈ ਲੜਾਈ ਦੀ (ਅੰਦਾਜ਼ਨ) 1633 ਈ. ਲਿਖਿਆ ਹੈ। ਗਯਾਨੀ ਗਯਾਨ ਸਿੰਘ ਨੇ ਇਹ ਮਿਤੀਆਂ ਇਉਂ ਦਿੱਤੀਆਂ ਹਨ : ਅੰਮ੍ਰਿਤਸਰ ਦੀ ਲੜਾਈ ਦੀ ਬਿਸਾਖ, ਸੰਮਤ 1687 ਮੁਤਾਬਕ ਅਪਰੈਲ 1629, ਸ੍ਰੀ ਹਰਿਗੋਬਿੰਦਪੁਰ ਦੀ ਲੜਾਈ ਦੀ ਸਤੰਬਰ, 1630; ਨਥਾਣਾ ਸਾਹਿਬ ਦੀ ਲੜਾਈ ਦੀ 17 ਪੋਹ, ਸੰਮਤ 1690 ਬਿ. ਮੁਤਾਬਿਕ ਜਨਵਰੀ, 1633 ਈ. । ਗਯਾਨ ਸਿੰਘ ਪਹਿਲਾ ਸਿੱਖ ਇਤਿਹਾਸਕਾਰ ਹੈ ਜਿਸ ਨੇ ਸਿੱਖ ਇਤਿਹਾਸ ਨੂੰ ਖੋਜ ਦੇ ਨੁਕਤਾ ਨਿਗਾਹ ਤੋਂ ਲਿਖਿਆ ਹੈ। ਉਸ ਵੱਲੋਂ ਦਿੱਤੀਆਂ ਗਈਆਂ ਮਿਤੀਆਂ ਆਮ ਤੌਰ ‘ਤੇ ਆਧੁਨਿਕ ਇਤਿਹਾਸਕਾਰਾਂ ਵੱਲੋਂ ਪਰਵਾਣ ਕੀਤੀਆਂ ਗਈਆਂ ਹਨ। ਉਹ ਅੱਜ ਦੇ ਯੁੱਗ ਤੋਂ 100 ਸਾਲ ਤੋਂ ਵੱਧ ਸਮਾਂ ਪਹਿਲਾਂ ਹੋਇਆ ਹੈ। ਇਸ ਲਈ ਉਸ ਵੱਲੋਂ ਦਿੱਤੀਆਂ ਗਈਆਂ ਮਿਤੀਆਂ ਇਤਿਹਾਸਕ ਸਚਾਈ ਦੇ ਜ਼ਿਆਦਾ ਨੇੜੇ ਹਨ । ਇਸ ਲਿਖਿਤ ਵਿਚ ਗਯਾਨ ਸਿੰਘ ਵੱਲੋਂ ਦਿੱਤੀਆਂ ਗਈਆਂ ਮਿਤੀਆਂ ਨੂੰ ਹੀ ਅਪਣਾਇਆ ਗਿਆ ਹੈ।
ਜਿੱਥੋਂ ਤੱਕ ਲੜਾਈਆ ਦੇ ਕਾਰਣਾਂ ਦਾ ਸੰਬੰਧ ਹੈ ਇਨ੍ਹਾਂ ਦਾ ਜੋ ਵੇਰਵਾ ਗੁਰਮੁੱਖੀ ਦੀਆ ਮੁੱਢਲੀਆਂ ਲਿਖਤਾਂ ਵਿਚ ਦਿੱਤਾ ਗਿਆ ਹੈ ਉਹ ਯਕੀਨ ਕਰਨ ਯੋਗ ਨਹੀਂ ਹੈ। ਮਿਸਾਲ ਦੇ ਤੌਰ ‘ਤੇ ਪਹਿਲੀ ਅੰਮ੍ਰਿਤਸਰ ਦੀ ਲੜਾਈ ਬਾਜ ਨਾ ਮੋੜਨ ਦੇ ਕਾਰਣ ਹੋਈ ਸੀ। ਇਸ ਅਨੁਸਾਰ ਬਾਦਸ਼ਾਹ ਸ਼ਾਹ ਜਹਾਨ ਅੰਮ੍ਰਿਤਸਰ ਦੇ ਨੇੜੇ ਗੁਮਟਾਲੇ ਪਿੰਡ ਦੇ ਜੰਗਲਾਂ ਵਿਚ ਸ਼ਿਕਾਰ ਖੇਡਦਾ ਫਿਰਦਾ ਸੀ। ਉੱਥੇ ਹੀ ਗੁਰੂ ਜੀ ਸਿੱਖਾਂ ਸਮੇਤ ਸ਼ਿਕਾਰ ਖੇਡ ਰਹੇ ਸਨ । ਗੁਰੂ ਜੀ ਦੇ ਬਾਜ ਨੇ ਬਾਦਸ਼ਾਹ ਦੇ ਬਾਜ ਨੂੰ ਮਾਰ ਗਿਰਾਇਆ । ਪਿੱਛੋਂ ਬਾਦਸ਼ਾਹ ਦੇ ਅਧਿਕਾਰੀਆਂ ਵੱਲੋਂ ਬਾਜ ਦੀ ਮੰਗ ਕਰਨ ‘ਤੇ ਬਾਜ ਨੂੰ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਿੱਟੇ ਵੱਜੋਂ ਅੰਮ੍ਰਿਤਸਰ ਦੀ ਲੜਾਈ ਹੋਈ ਅਤੇ ਗੁਰੂ ਜੀ ਨੂੰ ਸਭ ਕੁਝ ਲੁਟਾ ਕੇ ਇਸ ਥਾਂ ਨੂੰ ਛੱਡ ਕੇ ਜਾਣਾ ਪਿਆ। ਇਨ੍ਹਾਂ ਕਥਨਾਂ ਨੂੰ ਇਤਿਹਾਸ ਦੀ ਕਸਵੱਟੀ ਉੱਪਰ ਪਰਖਿਆ ਜਾਵੇ, ਜਾਂ ਦਲੀਲ ਦੇ ਜੋਰ ਨਾਲ ਪੜਚੋਲਿਆ ਜਾਵੇ ਜਾਂ ਸਿੱਖ ਧਰਮ ਦੇ ਆਸ਼ੇ ਅਤੇ ਉਦੇਸ਼ਾਂ ਨਾਲ ਤੁਲਨਾਇਆ ਜਾਵੇ ਤਾਂ ਇਹ ਗੱਲਾਂ ਇਕ ਦਮ ਗਲਤ ਹੋ ਜਾਂਦੀਆਂ ਹਨ। ਬਾਦਸ਼ਾਹ ਸ਼ਾਹ ਜਹਾਨ 1638 ਈ. ਤੀਕ ਪੰਜਾਬ ਵਿਚ ਨਹੀਂ ਆਇਆ ਇਸ ਕਰਕੇ ਬਾਦਸ਼ਾਹ ਦੇ ਸ਼ਿਕਾਰ ਖੇਡਣ ਵਾਲੀ ਗੱਲ ਆਪਣੇ ਆਪ ਹੀ ਗਲਤ ਹੋ ਜਾਂਦੀ ਹੈ। ਜੇਕਰ ਦੋ ਪਾਰਟੀਆਂ ਸ਼ਿਕਾਰ ਖੇਡਦੀਆਂ ਫਿਰਦੀਆਂ ਹਨ ਅਤੇ ਇਕ ਧਿਰ ਦਾ ਸ਼ਿਕਾਰੀ ਜਾਨਵਰ ਜੇ ਦੂਜੀ ਧਿਰ ਦੇ ਹੱਥ ਆ ਗਿਆ ਤਾਂ ਕੀ ਉਸ ਨੂੰ ਪਹਿਲੀ ਧਿਰ ਵੱਲੋਂ ਮੰਗਣ ‘ਤੇ ਵਾਪਸ ਕਰਨਾ ਸਦਾਚਾਰ ਦੀ ਗੱਲ ਨਹੀਂ ਹੈ ? ਬਾਜ ਵਾਪਸ ਨਾ ਕਰਨ ਵਿਚ ਕੀ ਵਡਿਆਈ ਸੀ? ਸਿਰਫ ਬਾਜ ਨਾ ਵਾਪਸ ਕਰਨ ਕਰ ਕੇ ਸਿੱਖ ਸੰਗਤਾਂ ਦਾ ਖਾਹਮੁਖਾਹ ਘਾਣ ਕਰਵਾਇਆ ਅਤੇ ਆਪਣੀ ਰਿਹਾਇਸ਼ਗਾਹ ਅਤੇ ਹਰਿਮੰਦਰ ਸਾਹਿਬ ਜੈਸੇ ਮਹਾਨ ਧਾਰਮਿਕ ਅਸਥਾਨ ਦੀ ਲੁੱਟ ਪੁੱਟ ਕਰਵਾ ਲੈਣਾ ਕਿਹੜੀ ਸਿਆਣਪ ਵਾਲੀ ਗੱਲ ਸੀ? ਮਹਾਨ ਧਾਰਮਿਕ ਆਗੂ ਤਾਂ ਮਨੁੱਖਾਂ ਦਾ ਖੂਨ ਡੁੱਲ੍ਹਣ ਤੋਂ ਰੋਕਣ ਲਈ ਛੋਟੇ ਛੋਟੇ ਕਾਰਣਾਂ ਨੂੰ ਵੈਸੇ ਹੀ ਅੱਗੇ ਨਹੀਂ ਆਉਣ ਦਿੰਦੇ । ਸਿੱਖ ਧਰਮ ਦੇ ਆਸ਼ੇ ਅਤੇ ਉਦੇਸ਼ ਤਾਂ ਵੈਸੇ ਹੀ ਦੂਸਰੇ ਦੀ ਵਸਤੂ ਖੋਹਣ ਤੋਂ ਵਰਜਦੇ ਹਨ। ਇਸ ਕਰਕੇ ਬਾਜ ਦੇ ਖੋਹਣ ਦੀ ਗੱਲ ਜਾਂ ਬਾਜ ਨੂੰ ਵਾਪਸ ਨਾ ਕਰਨ ਦੀ ਗੱਲ ਠੀਕ ਨਹੀਂ ਹੈ। ਇਕ ਪਾਸੇ ਤਾਂ ਅਸੀਂ ਇਹ ਸਿੱਧ ਕਰਨ ‘ਤੇ ਜੋਰ ਲਾ ਰਹੇ ਹਾਂ ਕਿ ਗੁਰੂ ਜੀ ਆਪਣੇ ਬਚਾਓ ਦੀ ਲੜਾਈ ਲੜ ਰਹੇ ਸਨ ਪਰ ਦੂਜੇ ਪਾਸੇ ਅਸੀਂ ਅਚੇਤ ਤੌਰ ‘ਤੇ ਗੁਰੂ ਜੀ ਵੱਲੋਂ ਖੋਹਿਆ ਗਿਆ ਬਾਜ ਵਾਪਸ ਨਾ ਕਰਕੇ ਖਾਹਮੁਖਾਹ ਦੁਸ਼ਮਣ ਨੂੰ ਹਮਲਾ ਕਰਨ ਲਈ ਉਕਸਾਹਟ ਵਿਚ ਲਿਆਉਣ ਦੀਆਂ ਗੱਲਾਂ ਕਰ ਰਹੇ ਹਾਂ । ਇਹ ਨਾ ਹੀ ਤਾਂ ਇਤਿਹਾਸਕ ਦਰਿਸ਼ਟੀਕੋਣ ਤੋਂ ਠੀਕ ਹੈ ਅਤੇ ਨਾ ਹੀ ਇਸ ਤਰ੍ਹਾਂ ਅਸੀਂ ਗੁਰੂ ਸਾਹਿਬ ਦੇ ਮਿਸ਼ਨ ਨਾਲ ਹੀ ਇਨਸਾਫ਼ ਕਰ ਰਹੇ ਹਾਂ। ਇਸੇ ਤਰ੍ਹਾਂ ਹੀ ਕੌਲਾਂ ਦੇ ਨਾਂ ‘ਤੇ ਲੜਾਈ ਦੀ ਨੌਬਤ ਲੈ ਆਉਣਾ, ਜਾਂ ਪੈਂਦੇ ਖ਼ਾਨ ਜੈਸੇ ਵਫ਼ਾਦਾਰ ਯੋਧੇ ਨੂੰ ਸਿਰਫ ਬਖ਼ਸ਼ੀ ਹੋਈ ਖਿੱਲਤ ਨਾ ਪਹਿਨਣ ਕਰਕੇ ਬਾਗੀ ਕਰਵਾ ਦੇਣ ਵਾਲੀਆਂ ਗੱਲਾਂ ਵੀ ਨਿਰਆਧਾਰ ਹਨ । ਗੁਰੂ ਜੀ ਨਾਲ ਲੜਾਈ ਕਰਨ ਵਾਲਾ ਪੈਂਦੇ ਖ਼ਾਨ ਜਰੂਰ ਹੀ ਹੋਰ ਪੈਂਦੇ ਖ਼ਾਨ ਹੋਣਾ ਹੈ । ਗੁਰੂ ਜੀ ਦੇ ਘਰ ਵਿਚ ਪਲਣ ਵਾਲਾ ਪੈਂਦੇ ਖ਼ਾਨ ਨਹੀਂ ਹੋ ਸਕਦਾ।
ਲੜਾਈਆਂ ਦੀ ਅਸਲ ਵਿਚ ਗੱਲ ਇਹ ਸੀ ਕਿ ਸ਼ਾਹਜਹਾਨ ਜਿਸ ਤਰ੍ਹਾਂ ਗੱਦੀ ਉੱਪਰ ਬੈਠਾ ਸੀ ਉਸ ਨਾਲ ਉਸ ਨੇ ਸ਼ਾਹੀ ਖ਼ਾਨਦਾਨ ਦੇ ਅਨੇਕਾਂ ਵਿਅਕਤੀਆਂ ਦਾ ਖੂਨ ਡੋਲ੍ਹਿਆ ਸੀ। ਆਪਣੇ ਪਿਤਾ ਦੀ ਅਤੀ ਪਿਆਰੀ ਬੇਗਮ ਨੂਰਜਹਾਂ ਨੂੰ ਕੈਦ ਕਰ ਦਿੱਤਾ ਗਿਆ ਸੀ; ਉਸ ਦੇ ਜਵਾਈ ਸਹਰਯਾਰ ਨੂੰ ਮਰਵਾ ਦਿੱਤਾ ਗਿਆ ਸੀ; ਸਵਰਗਵਾਸੀ ਸ਼ਹਿਜ਼ਾਦਾ ਖੁਸਰੋ ਦੇ ਪੁੱਤਰ ਦਵਾਰ ਬਖ਼ਸ਼ ਨੂੰ ਵੀ ਮਰਵਾ ਦਿੱਤਾ ਗਿਆ ਸੀ, ਜਿਸ ਦਾ ਬਾਦਸ਼ਾਹ ਬਣਨ ਲਈ ਜ਼ਿਆਦਾ ਅਧਿਕਾਰ ਬਣਦਾ ਸੀ ਆਦਿ, ਆਦਿ । ਅਜਿਹੇ ਖੂਨ-ਖਰਾਬੇ ਵਿਚ ਸ਼ਾਹਜਹਾਨ ਨੇ ਬਾਦਸ਼ਾਹ ਬਣ ਕੇ ਮੁਸਲਿਮ ਜਗਤ ਨੂੰ ਖ਼ੁਸ਼ ਕਰਨ ਲਈ ਨਵੀਂ ਧਾਰਮਿਕ ਨੀਤੀ ਨੂੰ ਧਾਰਨ ਕਰਨ ਦਾ ਐਲਾਨ ਕੀਤਾ ਸੀ । ਇਸ ਨੀਤੀ ਅਨੁਸਾਰ ਮੁਸਲਮਾਨਾਂ ਵੱਲੋਂ ਧਰਮ ਬਦਲਣ ਦੀ ਅਤੇ ਨਵੇਂ ਹਿੰਦੂ ਮੰਦਰ ਉਸਾਰੇ ਜਾਣ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਸੀ । ਇਸ ਨੀਤੀ ਦਾ ਸਹਾਰਾ ਲੈ ਕੇ ਪੰਜਾਬ ਵਿਚ ਵੀ ਉਹ ਲੋਕ ਸਿੱਖ ਧਰਮ ਦੇ ਵਿਰੁੱਧ ਖੜ੍ਹੇ ਹੋ ਗਏ ਸਨ ਜੋ ਸਿੱਖ ਧਰਮ ਦੀ ਵਿਰੋਧਤਾ ਕਰਦੇ ਸਨ ਪਰ ਅਕਬਰ ਅਤੇ ਜਹਾਂਗੀਰ ਵੱਲੋਂ ਸਹਿਯੋਗ ਨਾ ਮਿਲਣ ਕਾਰਣ ਦੱਬੇ ਬੈਠੇ ਸਨ । ਹੁਣ ਇਨ੍ਹਾਂ ਲੋਕਾਂ ਜਾਂ ਅਧਿਕਾਰੀਆਂ ਨੂੰ ਗੁਰੂ ਜੀ ਦੇ ਖਿਲਾਫ਼ ਉੱਠਣ ਦਾ ਬਹਾਨਾ ਮਿਲ ਗਿਆ ਸੀ । ਇਸੇ ਬਹਾਨੇ ਰਾਹੀਂ ਪਹਿਲਾਂ ਲਾਹੌਰ ਵਿਚ ਬਣਿਆਂ ਸਿੱਖ ਧਾਰਮਿਕ ਅਸਥਾਨ ਢਾਹ ਦਿੱਤਾ ਗਿਆ ਸੀ ਫਿਰ ਅੰਮ੍ਰਿਤਸਰ ਉੱਪਰ ਹਮਲਾ ਕਰਨ ਦੇ ਮਨਸੂਬੇ ਬਣਨ ਲੱਗ ਪਏ ਸਨ । ਅੰਮ੍ਰਿਤਸਰ ਦੀ ਲੜਾਈ ਉਦੋਂ ਹੋਈ ਸੀ ਜਦੋਂ ਗੁਰੂ ਸਾਹਿਬ ਆਪਣੀ ਬੇਟੀ ਦੀ ਸ਼ਾਦੀ ਕਰਨ ਵਿਚ ਰੁੱਝੇ ਹੋਏ ਸਨ । ਇਕ ਪਾਸੇ ਬੇਟੀ ਦੀ ਸ਼ਾਦੀ ਦੀਆਂ ਤਿਆਰੀਆਂ ਹੋ ਰਹੀਆਂ ਹੋਣ ਤੇ ਦੂਜੇ ਪਾਸੇ ਗੁਰੂ ਸਾਹਿਬ ਦੁਸ਼ਮਣ ਦਾ ਬਾਜ਼ ਖੋਹ ਕੇ ਉਸ ਨੂੰ ਖਾਹਮੁਖਾਹ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹੋਣ, ਇਹ ਗੱਲ ਹੋ ਨਹੀਂ ਸਕਦੀ ਸੀ । ਦੁਸ਼ਮਣਾਂ ਨੇ ਗੁਰੂ ਸਾਹਿਬ ਨੂੰ ਘਰੇਲੂ ਮਾਮਲਿਆਂ ਵਿਚ ਰੁੱਝਿਆ ਹੋਇਆ ਦੇਖ ਕੇ ਅੰਮ੍ਰਿਤਸਰ ‘ਤੇ ਹਮਲਾ ਕਰ ਦਿੱਤਾ ਅਤੇ ਸ਼ਾਦੀ ਲਈ ਤਿਆਰ ਕੀਤੇ ਸਾਮਾਨ ਨੂੰ ਲੁੱਟ ਲਿਆ ਗਿਆ ਸੀ । ਗੁਰੂ ਜੀ ਨੂੰ ਆਪਣੀ ਬੇਟੀ ਦੀ ਸ਼ਾਦੀ ਵੀ ਅੰਮ੍ਰਿਤਸਰ ਤੋਂ ਦੂਰ ਝੁਬਾਲ ਜਾ ਕੇ ਕਰਨੀ ਪਈ ਸੀ । ਇਹ ਸਭ ਕੁੱਝ ਸਿੱਖ ਧਰਮ ਦੇ ਦੁਸ਼ਮਣਾਂ ਵੱਲੋਂ ਨਵੇਂ ਬਣੇ ਬਾਦਸ਼ਾਹ ਵੱਲੋਂ ਸਿੱਖ ਜਗਤ ਪੱਰਤੀ ਕੱਟੜ ਰਵੱਈਆ ਅਖਤਿਆਰ ਕਰਨ ਦੀ ਓਟ ਵਿਚ ਕੀਤਾ ਗਿਆ ਸੀ।
ਗੁਰੂ ਸਾਹਿਬ ਦਾ ਮਨੋਰਥ ਜਾਂ ਉਦੇਸ਼ ਆਪਣੇ ਸਮਾਜ ਦੀ ਸੁਤੰਤਰ ਹੋਂਦ ਬਣਾ ਕੇ ਰੱਖਣ ਦਾ ਸੀ। ਇਸੇ ਮਨੋਰਥ ਦੀ ਪੂਰਤੀ ਲਈ ਪਹਿਲਾਂ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ ਅਤੇ ਗਵਾਲੀਅਰ ਦੇ ਕਿਲੇ ਵਿਚ ਕੈਦ ਵੀ ਭੁਗਤਣੀ ਪਈ ਸੀ । ਇਹ ਸੁਤੰਤਰ ਹੋਂਦ ਰਾਜਨੀਤਕ ਤਾਕਤ ਹਾਸਲ ਕਰਨ ਦੀ ਗੱਲ ਨਹੀਂ ਸੀ ਅਤੇ ਨਾ ਹੀ ਰਾਜਨੀਤਕ ਬਗ਼ਾਵਤ ਸੀ । ਇਹ ਨਿਰੋਲ ਮੁਗ਼ਲ ਹਕੂਮਤ ਦੇ ਪਰਬੰਧ ਹੇਠ ਸਿੱਖ ਸਮਾਜ ਦੀ ਅੰਦਰੂਨੀ ਖੁਦਮੁਖਤਿਆਰੀ ਦੀ ਭਾਵਨਾ ਸੀ । ਜਦੋਂ ਜਹਾਂਗੀਰ ਨੂੰ ਇਸ ਬਾਰੇ ਯਕੀਨ ਹੋ ਗਿਆ ਸੀ ਤਾਂ ਉਸ ਦਾ ਰਵੱਈਆ ਵੀ ਗੁਰੂ ਜੀ ਪਰੱਤੀ ਦੋਸਤਾਨਾ ਹੋ ਗਿਆ ਸੀ । ਕੁਝ ਸਮੇਂ ਬਾਅਦ ਜਦੋਂ ਸ਼ਾਹ ਜਹਾਨ ਵੀ ਆਪਣੇ ਪੈਰਾਂ ‘ਤੇ ਪੱਕਾ ਹੋ ਗਿਆ ਸੀ ਤਾਂ ਉਸ ਨੇ ਵੀ ਧਾਰਮਿਕ ਕੱਟੜਤਾ ਛੱਡ ਦਿੱਤੀ ਸੀ ਅਤੇ ਇਸ ਸਮੇਂ ਕਿਸੇ ਮੁਗ਼ਲ ਅਧਿਕਾਰੀ ਦੀ ਵੀ ਗੁਰੂ ਜੀ ਉੱਪਰ ਹਮਲਾ ਕਰਨ ਦੀ ਹਿੰਮਤ ਨਹੀਂ ਪਈ ਸੀ । ਬਾਦਸ਼ਾਹ ਸ਼ਾਹ ਜਹਾਨ ਵੱਲੋਂ ਨਵੀਂ ਧਾਰਮਿਕ ਨੀਤੀ ਧਾਰਨ ਕਰ ਲੈਣ ਦੇ ਬਾਵਜੂਦ ਵੀ ਉਸ ਦਾ ਗੁਰੂ ਹਰਿਗੋਬਿੰਦ ਸਾਹਿਬ ਵਿਰੁੱਧ ਕੋਈ ਫੁਰਮਾਨ ਜਾਰੀ ਨਹੀਂ ਹੋਇਆ। ਜਿੰਨੀਆਂ ਵੀ ਗੁਰੂ ਜੀ ਨੂੰ ਲੜਾਈਆਂ ਕਰਨੀਆਂ ਪਈਆਂ ਸਨ ਉਨ੍ਹਾਂ ਵਿਚੋਂ ਕੋਈ ਵੀ ਬਾਦਸ਼ਾਹ ਦੇ ਹੁਕਮ ਨਾਲ ਨਹੀਂ ਹੋਈ। ਇਹ ਸਭ ਸਥਾਨਕ ਅਧਿਕਾਰੀਆਂ ਦੀ ਨਿੱਜੀ ਈਰਖਾ ਕਾਰਣ ਹੋਈਆਂ ਸਨ। ਸਗੋਂ ਕੁਝ ਹੱਦ ਤੱਕ ਸ਼ਾਹ ਜਹਾਨ ਨੇ ਅਜਿਹੇ ਅਧਿਕਾਰੀਆਂ ਨੂੰ ਝਿੜਕਿਆ ਵੀ ਸੀ । ਤੇਜਾ ਸਿੰਘ ਗੰਡਾ ਸਿੰਘ ਲਿਖਦੇ ਹਨ ਕਿ ਜਦੋਂ ਸ੍ਰੀ ਹਰਿਗੋਬਿੰਦਪੁਰ ਦੀ ਲੜਾਈ ਪਿੱਛੋਂ “ਅਬਦੁੱਲਾ ਦੇ ਪੁੱਤਰ ਨੇ ਮਦਦ ਲਈ ਬਾਦਸ਼ਾਹ ਪਾਸ ਬੇਨਤੀ ਕੀਤੀ ਪਰ ਉਸ ਨੂੰ ਦੱਸਿਆ ਗਿਆ ਕਿ ਉਸ ਦੇ ਪਿਤਾ ਦੀ ਮੁਹਿੰਮ ਬਿਨਾਂ ਆਗਿਆ ਦੇ ਸੀ । ਇਸ ਲਈ ਉਸ ਸੰਬੰਧ ਵਿਚ ਕੁਝ ਵੀ ਨਹੀਂ ਕੀਤਾ ਜਾ ਸਕਦਾ ਸੀ ।” ਸ਼ਾਹ ਜਹਾਨ ਦਾ ਵਜੀਰੇ ਆਜ਼ਮ ਆਸਿਫ ਖ਼ਾਨ, ਜਿਹੜਾ ਕਿ ਰਿਸ਼ਤੇ ਵਿਚ ਉਸ ਦਾ ਸਹੁਰਾ ਲੱਗਦਾ ਸੀ, ਗੁਰੂ ਹਰਿਗੋਬਿੰਦ ਸਾਹਿਬ ਦਾ ਸ਼ੁੱਭ ਚਿੰਤਕ ਸੀ। ਉਸ ਨੇ ਅੰਮ੍ਰਿਤਸਰ ਦੀ ਲੜਾਈ ਤੋਂ ਤੁਰੰਤ ਬਾਅਦ, ਪਤਾ ਲੱਗਣ ‘ਤੇ, ਲਾਹੌਰ ਦੇ ਗਵਰਨਰ ਕੁਲੀਜ ਖ਼ਾਨ ਨੂੰ ਹਟਾ ਦਿੱਤਾ ਸੀ । 8 ਹਰਿਗੋਬਿੰਦਪੁਰ ਦੀ ਝੜੱਪ ਹੋਣ ਪਿੱਛੋਂ ਆਸਿਫ ਖ਼ਾਨ ਨੇ ਪੂਰੀ ਰਿਪੋਰਟ ਮੰਗੀ ਅਤੇ ਇਹ ਪਤਾ ਲੱਗਣ ‘ਤੇ ਕਿ ਗੁਰੂ ਜੀ ਨੇ ਸ੍ਰੀ ਹਰਿਗੋਬਿੰਦਪੁਰ ਵਿਖੇ ਮੁਸਲਮਾਨਾਂ ਲਈ ਇਕ ਮਸੀਤ ਵੀ ਬਣਵਾਈ ਹੈ, ਗੁਰੂ ਜੀ ਦੀ ਪਰਸੰਸਾ ਵੀ ਕੀਤੀ ਸੀ।
ਤੇਜਾ ਸਿੰਘ ਗੰਡਾ ਸਿੰਘ ਅਨੁਸਾਰ, “ਗੁਰੂ ਹਰਿਗੋਬਿੰਦ ਜੀ ਨੇ ਚਾਰ ਲੜਾਈਆਂ ਜਿੱਤੀਆਂ ਪਰ ਕਿਉਂਕਿ ਉਨ੍ਹਾਂ ਦਾ ਮਨੋਰਥ ਸਦਾ ਆਪਣੇ ਬਚਾਅ ਵਿਚ ਲੜਨ ਦਾ ਰਿਹਾ ਸੀ, ਇਸ ਲਈ ਉਨ੍ਹਾਂ ਨੇ ਇਨ੍ਹਾਂ ਜਿੱਤਾਂ ਦੇ ਫਲਸਰੂਪ ਇਕ ਇੰਚ ਭਰ ਵੀ ਇਲਾਕੇ ਉੱਤੇ ਕਬਜ਼ਾ ਨਹੀਂ ਸੀ ਕੀਤਾ। ਇਨ੍ਹਾਂ ਲੜਾਈਆਂ ਦੇ ਪਿੱਛੇ ਨਿਰੇ ਬਾਜ਼ ਜਾਂ ਘੋੜੇ ਦੇ ਝਗੜੇ ਨਾਲੋਂ ਕਿਤੇ ਡੂੰਘਾ ਮਸਲਾ ਸੀ । ਪੰਜਾਬ ਦੀ ਧਰਤੀ ‘ਤੇ ਇਕ ਨਵੀਂ ਬੀਰਤਾ ਦਾ ਜਨਮ ਹੋ ਰਿਹਾ ਸੀ।”
ਏ. ਸੀ. ਬੈਨਰਜ਼ੀ ਨੇ ਆਪਣੇ ਸ਼ਬਦਾਂ ਵਿਚ ਗੁਰੂ ਸਾਹਿਬ ਦੀਆਂ ਲੜਾਈਆਂ ਅਤੇ ਮੁਗ਼ਲ ਹਕੂਮਤ ਦੇ ਰਵਈਏ ਦਾ ਪੱਖ ਇਸ ਤਰ੍ਹਾਂ ਪੇਸ ਕੀਤਾ ਹੈ। ਇਸ ਅਨੁਸਾਰ, “ਜਿਵੇਂ ਕਿ ਉੱਪਰ ਦਿੱਤੇ ਵਿਸਥਾਰ ਤੋਂ ਸਪਸ਼ਟ ਦਿਖਾਈ ਦਿੰਦਾ ਹੈ ਕਿ ਗੁਰੂ ਜੀ ਦੀਆਂ ਲੜਾਈਆਂ ਨਿਰੋਲ ਸਥਾਨਕ ਮਸਲੇ ਸਨ । ਭੜਕਾਹਟ ਪੰਜਾਬ ਦੇ ਅਧਿਕਾਰੀਆਂ ਵੱਲੋਂ ਪੈਦਾ ਕੀਤੀ ਗਈ ਸੀ । ਸਿੱਖ ਲਿਖਤਾਂ ਵਿਚ ਬਾਦਸ਼ਾਹ ਦਾ ਜ਼ਿਕਰ ਵਾਰ ਵਾਰ ਆਉਣ ਦੇ ਬਾਵਜੂਦ ਵੀ ਇਹ ਮੰਨਣਾ ਮੁਸ਼ਕਿਲ ਹੈ ਕਿ ਕੀ ਕੇਂਦਰ ਦੀ ਸ਼ਾਹੀ ਹਕੂਮਤ ਦਾ ਇਨ੍ਹਾਂ ਛੋਟੇ ਛੋਟੇ ਮਸਲਿਆਂ ਨਾਲ ਸਚਮੁੱਚ ਹੀ ਕੋਈ ਸੰਬੰਧ ਸੀ? ਗੁਰੂ ਜੀ ਨੇ ਆਤਮ ਰੱਖਿਆ ਲਈ ਸਭ ਕੁਝ ਕੀਤਾ ਸੀ। ਉਨ੍ਹਾਂ ਨੇ ਕੋਈ ਬਾਕਾਇਦਾ ਬਗ਼ਾਵਤ ਨਹੀਂ ਕੀਤੀ ਸੀ । ਗੁਰੂ ਸਾਹਿਬ ਵੱਲੋਂ ਜਿੱਤੀਆਂ ਗਈਆਂ ਲੜਾਈਆਂ ਦਾ ਨਾ ਹੀ ਤਾਂ ਪੰਜਾਬ ਦੇ ਰਾਜ ਪਰਬੰਧ ‘ਤੇ ਕੋਈ ਅਸਰ ਹੋਇਆ ਸੀ ਅਤੇ ਨਾ ਹੀ ਬਾਦਸ਼ਾਹ ਦੀ ਆਪਣੀ ਹਕੂਮਤ ਤੇ।
ਇਸ ਲਈ ਅਸੀਂ ਸਿੱਟੇ ਦੇ ਤੌਰ ਤੇ ਕਹਿ ਸਕਦੇ ਹਾਂ ਕਿ ਗੁਰੂ ਜੀ ਦੀਆਂ ਲੜਾਈਆਂ ਨਾਲ ਸ਼ਾਹ ਜਹਾਨ ਦਾ ਕੋਈ ਸੰਬੰਧ ਨਹੀਂ ਸੀ। ਇਹ ਨਿਰੋਲ ਸਥਾਨਕ ਅਧਿਕਾਰੀਆਂ ਜਾਂ ਚੌਧਰੀਆਂ ਵੱਲੋਂ ਆਪਣੀ ਈਰਖਾ ਕਾਰਣ ਕੀਤੀਆਂ ਗਈਆਂ ਸਨ । ਗੁਰੂ ਜੀ ਨੇ ਸਿਰਫ਼ ਆਤਮ ਰੱਖਿਆ ਲਈ ਤਲਵਾਰ ਚੁੱਕੀ ਸੀ ਅਤੇ ਜਦੋਂ ਹੀ ਉਨ੍ਹਾਂ ਦੀ ਆਤਮ ਰੱਖਿਆ ਯਕੀਨੀ ਹੋ ਗਈ ਤਾਂ ਉਨ੍ਹਾਂ ਨੇ ਵੀ ਤਲਵਾਰ ਨੂੰ ਰੱਖ ਕੇ ਧਰਮ ਦਾ ਪਰਚਾਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ।

ਮੁੱਲ-ਅੰਕਣ :
ਦਸ ਸਿੱਖ ਗੁਰੂ ਸਾਹਿਬਾਨ ਵਿਚੋਂ ਛੇਵੇਂ ਪਾਤਸ਼ਾਹ ਸਾਹਿਬ ਗੁਰੂ ਹਰਿਗੋਬਿੰਦ ਸਾਹਿਬ ਦੇ ਸੰਬੰਧ ਵਿਚ ਸਿੱਖ ਇਤਿਹਾਸ ਦੇ ਲੇਖਕਾਂ ਵੱਲੋਂ ਸਭ ਤੋਂ ਵੱਧ ਭੁਲੇਖੇ ਪਾਏ ਗਏ ਹਨ ਅਤੇ ਆਪਾ-ਵਿਰੋਧੀ ਕਥਨ ਬਿਆਨ ਕੀਤੇ ਗਏ ਹਨ। ਉਨ੍ਹਾਂ ਨੂੰ ਪਹਿਲੇ ਪੰਜ ਗੁਰੂ ਸਾਹਿਬਾਨ ਦੇ ਮਾਰਗ ਨੂੰ ਤਿਆਗ ਕੇ ਨਵੇਂ ਮਾਰਗ ਦਾ ਧਾਰਨੀ ਵੀ ਕਿਹਾ ਗਿਆ ਹੈ। ਇਹ ਨਵਾਂ ਮਾਰਗ, ਸਿੱਖਾਂ ਨੂੰ ਹਥਿਆਰ ਚੁਕਵਾ ਕੇ ਲੜਾਈ ਵਾਲੇ ਪਾਸੇ ਪਾਉਣ ਦਾ ਦੱਸਿਆ ਗਿਆ ਹੈ । ਉਨ੍ਹਾਂ ਨੂੰ ਸਰਕਾਰੀ ਅਧਿਕਾਰੀਆਂ ਹੇਠ ਸਰਕਾਰੀ ਅਹੁਦਾ ਕਬੂਲਦਿਆਂ ਹੋਇਆਂ ਵੀ ਦਰਸਾਇਆ ਗਿਆ ਹੈ ਅਤੇ ਮੁਗ਼ਲ ਹਕੂਮਤ ਨਾਲ ਟੱਕਰ ਲੈਣ ਲਈ ਤਨਖਾਹਦਾਰ ਅਤੇ ਭਗੌੜੇ ਪਠਾਣ ਸਿਪਾਹੀ ਵੀ ਭਰਤੀ ਕਰਦਿਆਂ ਦਰਸਾਇਆ ਗਿਆ ਹੈ। ਉਨ੍ਹਾਂ ਵੱਲੋਂ ਸਿੱਖਾਂ ਨੂੰ ਮਾਸ ਖਾਣ ਦੀ ਖੁੱਲ ਦੇਣ ਬਾਰੇ ਵੀ ਕਿਹਾ ਗਿਆ ਹੈ। ਇਹ ਸਭ ਗੱਲਾਂ ਐਸੀਆਂ ਹਨ ਜੋ ਸਿੱਖ ਵਿਚਾਰਧਾਰਾ, ਸਿੱਖ ਵਿਸ਼ਵਾਸ ਜਾਂ ਸਿੱਖ ਰਵਾਇਤਾਂ ਨਾਲ ਮੇਲ ਨਹੀਂ ਖਾਂਦੀਆਂ। ਇਨ੍ਹਾਂ ਤੋਂ ਇਲਾਵਾ ਕੁੱਝ ਗੱਲਾਂ ਐਸੀਆਂ ਵੀ ਉਨ੍ਹਾਂ ਨਾਲ ਜੋੜੀਆਂ ਗਈਆਂ ਹਨ ਜਿਨ੍ਹਾਂ ਦੀ ਇਤਿਹਾਸਕ ਤੌਰ ‘ਤੇ ਕੋਈ ਪਰਮਾਣੀਕਤਾ ਹੀ ਨਹੀਂ ਹੈ ।
ਇਨ੍ਹਾਂ ਸਭ ਭੁਲੇਖਿਆਂ ਦਾ ਅਤੇ ਇਤਿਹਾਸਕ ਪਰਮਾਣੀਕਤਾ ਨਾ ਰੱਖਣ ਵਾਲੀਆਂ ਗੱਲਾਂ ਦਾ ਨਿਬੇੜਾ ਕਰਨ ਲਈ ਜ਼ਰੂਰੀ ਹੈ ਕਿ ਪਹਿਲਾਂ ਇਸ ਗੱਲ ਦਾ ਫੈਸਲਾ ਕਰਕੇ ਚੱਲਿਆ ਜਾਵੇ ਕਿ ਗੁਰੂ ਹਰਿਗੋਬਿੰਦ ਸਾਹਿਬ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਹੀ ਲੜੀ ਵਿਚ ਖੜੇ ਹੋਏ ਸਨ ਅਤੇ ਉਹ ਗੁਰੂ ਨਾਨਕ ਦੇਵ ਜੀ ਦਾ ਹੀ ਛੇਵਾਂ ਸਰੂਪ ਸਨ । ਇਸ ਗੱਲ ਵਿਚ ਕੋਈ ਵੀ ਦੂਜਾ ਮੱਤ ਨਹੀਂ ਹੈ। ਇਹ ਗੱਲ ਇੱਕ ਤੋਂ ਵੱਧ ਮੌਲਿਕ ਸਰੋਤਾਂ ਤੋਂ ਵੀ ਸਾਬਤ ਹੋ ਜਾਂਦੀ ਹੈ ਅਤੇ ਸਿੱਖ ਰਵਾਇਤ ਵੀ ਇਸ ਨੂੰ ਪਰਵਾਣ ਕਰਦੀ ਹੈ। ਇਸ ਕਰਕੇ ਜਦੋਂ ਅਸੀਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰੂ ਨਾਨਕ ਦੇਵ ਜੀ ਦਾ ਛੇਵਾਂ ਸਰੂਪ ਮੰਨ ਕੇ ਚਲਦੇ ਹਾਂ ਤਾਂ ਉਨ੍ਹਾਂ ਨਾਲ ਉਕਤ ਗੱਲਾਂ ਜੋੜਨ ਦੀ ਕੋਈ ਤੁਕ ਨਹੀਂ ਬਣਦੀ ਅਤੇ ਜੇ ਅਸੀਂ ਗੁਰੂ ਸਾਹਿਬ ਨੂੰ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਲੜੀ ਵਿਚ ਵੀ ਖੜਿਆਂ ਕਰਦੇ ਹਾਂ ਅਤੇ ਉਕਤ ਗੱਲਾਂ ਵੀ ਜੋੜਦੇ ਹਾਂ ਤਾਂ ਸਾਡੇ ਕਥਨ ਆਪਾ-ਵਿਰੋਧੀ ਵੀ ਹੁੰਦੇ ਹਨ ਅਤੇ ਇਤਿਹਾਸਕ ਪਰਮਾਣੀਕਤਾ ਤੋਂ ਵੀ ਕੋਰੇ ਹੁੰਦੇ ਹਨ।
ਆਓ ਸਭ ਤੋਂ ਪਹਿਲਾਂ ਉਨ੍ਹਾਂ ਸਮਕਾਲੀ ਗਵਾਹੀਆਂ ਦਾ ਵਰਨਣ ਕਰੀਏ ਜਿਹੜੀਆਂ ਦਸੇ ਗੁਰੂ ਸਾਹਿਬਾਨ ਨੂੰ ਇਕੋ ਜੋਤ ਜਾਂ ਗੁਰੂ ਨਾਨਕ ਸਾਹਿਬ ਦਾ ਹੀ ਸਰੂਪ ਬਿਆਨ ਕਰਦੀਆਂ ਹਨ। ਭਾਈ ਗੁਰਦਾਸ ਜੀ ਲਿਖਦੇ ਹਨ :
ਨਿਰੰਕਾਰੁ ਨਾਨਕ ਦੇਉ ਨਿਰੰਕਾਰਿ ਆਕਾਰ ਬਣਾਇਆ।
ਗੁਰੁ ਅੰਗਦੁ ਗੁਰੁ ਅੰਗ ਤੇ ਗੰਗਹੁ ਜਾਣੁ ਤਰੰਗ ਉਠਾਇਆ।
ਅਮਰ ਦਾਸੁ ਗੁਰੁ ਅੰਗਦਹੁ ਜੋਤਿ ਸਰੂਪ ਚਲਤੁ ਵਰਤਾਇਆ।
ਗੁਰੁ ਅਮਰਹੁ ਗੁਰੁ ਰਾਮਦਾਸੁ ਅਨਹਦ ਨਾਦਹੁ ਸਬਦੁ ਸੁਣਾਇਆ।
ਰਾਮ ਦਾਸਹੁ ਅਰਜਨੁ ਗੁਰੁ ਦਰਸਨੁ ਦਰਪਨਿ ਵਿਚਿ ਦਿਖਾਇਆ।
ਹਰਿਗੋਬਿੰਦ ਗੁਰ ਅਰਜਨਹੁ ਗੁਰੁ ਗੋਬਿੰਦ ਨਾਉ ਸਦਵਾਇਆ।
ਗੁਰ ਮੂਰਤਿ ਗੁਰ ਸ਼ਬਦੁ ਹੈ ਸਾਧ ਸੰਗਤਿ ਵਿਚਿ ਪਰਗਟੀ ਆਇਆ।
ਪੈਰੀ ਪਾਇ ਸਭ ਜਗਤੁ ਤਰਾਇਆ।”
‘ਬਚਿੱਤ੍ਰ ਨਾਟਕ” ਵਿਚ ਤਾਂ ਇਸ ਗੱਲ ਨੂੰ ਇਤਨਾ ਵਧੇਰੇ ਸਪਸ਼ਟਤਾ ਨਾਲ ਲਿਖਦਿਆਂ ਸਿੱਧੀ ਤਰ੍ਹਾਂ ਹੀ ਕਹਿ ਦਿੱਤਾ ਗਿਆ ਹੈ ਕਿ ਜੋ ਲੋਕ ਦਸਾਂ ਗੁਰੂ ਸਾਹਿਬਾਨ ਨੂੰ ਇਕੋ ਹੀ ਜੋਤ ਨਹੀਂ ਸਮਝਦੇ ਉਹ ਮੂਰਖ ਹਨ।
ਸ੍ਰੀ ਨਾਨਕ ਅੰਗਦ ਕਰ ਜਾਣਾ। ਅਮਰਦਾਸ ਅੰਗਦ ਪਹਿਚਾਣਾ।
ਅਮਰਦਾਸ ਰਾਮਦਾਸ ਕਹਾਯੋ। ਸਾਧਨ ਲਖਾ ਮੂੜ ਨਾ ਪਾਯੋ।
ਜਿਨ ਜਾਨਾ ਤਿਨ ਹੀ ਸਿਧ ਪਾਈ।
ਗੁਰੂ ਹਰਿਗੋਬਿੰਦ ਸਾਹਿਬ ਦੇ ਸਮਕਾਲੀ ਲੇਖਕ ਜੁਲਿਫ਼ਕਾਰ ਅਰਧਿਸਤਾਨੀ ਨੇ ਵੀ ਲਿਖਿਆ ਹੈ ਕਿ ਗੁਰੂ ਜੀ ਆਪਣੇ ਖਤੋ-ਖ਼ਿਤਾਬਤ ਵਿਚ ਆਪਣੇ ਆਪ ਨੂੰ ਨਾਨਕ ਹੀ ਲਿਖਦੇ ਹੁੰਦੇ ਸਨ।” ਇਉਂ ਅਸੀਂ ਇਤਨੀਆਂ ਠੋਸ ਗਵਾਹੀਆਂ ਦੇ ਆਧਾਰ ‘ਤੇ ਇਹ ਨਿਰਣਾ ਕਰ ਕੇ ਚਲਦੇ ਹਾਂ ਕਿ ਗੁਰੂ ਹਰਿ ਗੋਬਿੰਦ ਸਾਹਿਬ ਗਰੂ ਨਾਨਕ ਦੇਵ ਜੀ ਦਾ ਹੀ ਛੇਵਾਂ ਆਤਮਿਕ ਰੂਪ ਸਨ ਅਤੇ ਉਨ੍ਹਾਂ ਨੂੰ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਲਾਈਨ ਵਿਚ ਖੜ੍ਹਿਆਂ ਕਰ ਕੇ ਹੀ ਅਧਿਐਨ ਕੀਤਾ ਜਾਣਾ ਚਾਹੀਦਾ ਹੈ।
ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕੋਈ ਵੀ ਲਿਖਤ ਭਾਵੇਂ ਕਿੰਨੀ ਵੀ ਸਮਕਾਲੀ ਕਿਉਂ ਨਾ ਹੋਵੇ ਜਦੋਂ ਤੱਕ ਉਸ ਵਿਚਲਾ ਕਥਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ, ਸਿੱਖ ਵਿਸ਼ਵਾਸ਼ ਦੇ ਅਤੇ ਸਿੱਖ ਰਵਾਇਤ ਦੇ ਅਨੁਕੂਲ ਨਹੀਂ ਹੋਵੇਗਾ, ਉਸ ਕਥਨ ਦਾ ਸਾਡੇ ਲਈ ਕੋਈ ਇਤਿਹਾਸਕ ਮਹੱਤਵ ਨਹੀਂ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਵਿਚੋਂ ਸਿੱਖ ਗੁਰੂ ਸਾਹਿਬਾਨ ਪਰੱਤੀ ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਇਸੇ ਵਿਸ਼ਵਾਸ਼ ਵਿਚੋਂ ਹੀ ਉਨ੍ਹਾਂ ਪਰੱਤੀ ਕੋਈ ਰਵਾਇਤ ਪਰਚੱਲਤ ਹੁੰਦੀ ਹੈ। ਦੂਜੇ ਸ਼ਬਦਾਂ ਵਿਚ ਰਵਾਇਤ ਵਿਸ਼ਵਾਸ਼ ਵਿਚੋਂ ਜਨਮ ਲੈਂਦੀ ਹੈ ਅਤੇ ਵਿਸ਼ਵਾਸ ਵਿਚਾਰਧਾਰਾ ਵਿਚੋਂ ਵਿਗਸਦਾ ਹੈ। ਸਿੱਖ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਹੈ। ਇਸੇ ਕਰ ਕੇ ਸਿੱਖ ਇਤਿਹਾਸ ਦੇ ਸੰਦਰਭ ਵਿਚ ਕਿਸੇ ਵੀ ਲਿਖਤ ਦੀ ਪਰਮਾਣੀਕਤਾ ਉਕਤ ਤਿੰਨ ਨੁਕਤਿਆਂ ‘ਤੇ ਪੂਰੀ ਉਤਰ ਕੇ ਹੀ ਸਥਾਪਤ ਹੋ ਸਕਦੀ ਹੈ । ਜੇਕਰ ਕੋਈ ਲਿਖਤ ਉਕਤ ਪੜਚੋਲ ਅਨੁਸਾਰ ਪੂਰੀ ਨਹੀਂ ਉਤਰਦੀ ਉਸ ਦੀ ਸਿੱਖ ਇਤਿਹਾਸ ਲਈ ਕੋਈ ਪਰਮਾਣੀਕਤਾ ਨਹੀਂ ਹੋ ਸਕਦੀ।
ਗੁਰੂ ਹਰਿ ਗੋਬਿੰਦ ਸਾਹਿਬ ਦੇ ਜੀਵਨ ਬਿਰਤਾਂਤ ਬਾਰੇ ਸਾਨੂੰ ਸੰਖੇਪ ਜਾਂ ਵਿਸਥਾਰ ਵਿਚ ਕਈ ਮੌਲਿਕ ਅਤੇ ਸਮਕਾਲੀ ਸਰੋਤ ਪਰਾਪਤ ਹਨ। ਇਨ੍ਹਾਂ ਵਿਚ ਦੇ ਮੌਲਿਕ ਸਰੋਤ ਹਨ ਅਤੇ ਦੋ ਸਮਕਾਲੀ । ਮੌਲਿਕ ਸਰੋਤ ਉਹ ਹੁੰਦੇ ਹਨ ਜੋ ਪਹਿਲੀ ਅਤੇ ਸਿੱਧੀ ਜਾਣਕਾਰੀ ਦੇਣ ਵਾਲੇ ਹੁੰਦੇ ਹਨ। ਇਨ੍ਹਾਂ ਵਿਚ ਸ਼ਾਮਲ ਹਨ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਗੁਰੂ ਅਰਜਨ ਦੇਵ ਜੀ ਦੇ ਉਹ ਸ਼ਬਦ ਜੋ ਉਨ੍ਹਾਂ ਨੇ ਬਾਲ ਹਰਿਗੋਬਿੰਦ ਜੀ ਦੇ ਜਨਮ ਬਾਰੇ, ਬਚਪਨ ਵਿਚ ਆਈ ਕਿਸੇ ਭਿਆਨਕ ਬਿਮਾਰੀ ਬਾਰੇ ਅਤੇ ਦੋਖੀਆਂ ਵੱਲੋਂ ਬਾਲ ਹਰਿਗੋਬਿੰਦ ਜੀ ਨੂੰ ਜ਼ਹਿਰ ਦੇਣ ਦੇ ਸੰਬੰਧ ਵਿਚ, ਲਿਖੇ ਹਨ। ਇਹ ਗੁਰੂ ਹਰਿਗੋਬਿੰਦ ਸਾਹਿਬ ਦੇ ਪਿਤਾ ਵੱਲੋਂ ਦਿੱਤੀ ਗਈ ਸਿੱਧੀ ਜਾਣਕਾਰੀ ਹੈ। ਦੂਜੇ ਹਨ ਗੁਰੂ ਹਰਿਗੋਬਿੰਦ ਸਾਹਿਬ ਦੇ ਆਪਣੇ ਹੁਕਮਨਾਮੇ । ਇਨ੍ਹਾਂ ਵਿਚ ਖੁਦ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਆਪਣੀਆਂ ਲਿਖੀਆਂ ਹੋਈਆਂ ਗੱਲਾਂ ਦੀ ਸਿੱਧੀ ਜਾਣਕਾਰੀ ਮਿਲਦੀ ਹੈ। ਦੂਸਰੇ ਦੋ ਸਮਕਾਲੀ ਸਰੋਤ ਹਨ : ਭਾਈ ਗੁਰਦਾਸ ਦੀਆਂ ਵਾਰਾਂ ਅਤੇ ਜੁਲਿਫ਼ਕਾਰ ਅਰਧਿਸਤਾਨੀ ਦੀ ਲਿਖਤ ਦਬੇਸਤਾਨ-ਏ-ਮਜ਼ਾਹਿਬ। ਭਾਈ ਗੁਰਦਾਸ ਗੁਰੂ ਸਾਹਿਬ ਦੇ ਮੁੱਖੀ ਸਿੱਖਾਂ ਵਿਚੋਂ ਵਿਦਵਾਨ ਸਿੱਖ ਸਨ ਅਤੇ ਉਹ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਸਮਕਾਲੀ ਸਨ । ਭਾਵੇਂ ਉਸ ਦੀਆਂ ਵਾਰਾਂ ਵਿਚੋਂ ਗੁਰੂ ਜੀ ਪਰੱਤੀ ਉਤਨੀ ਜਾਣਕਾਰੀ ਨਹੀਂ ਮਿਲਦੀ ਜਿਤਨੀ ਕਿ ਉਨ੍ਹਾਂ ਕੋਲੋਂ ਆਸ ਕੀਤੀ ਜਾ ਸਕਦੀ ਸੀ । ਇਹ ਜਾਣਕਾਰੀ ਬਹੁਤ ਹੀ ਸੰਖੇਪ ਹੈ ਪਰ ਹੈ ਨਿਰਣੈ-ਜਨਕ । ਇਸ ਜਾਣਕਾਰੀ ਵਿਚ ਕੋਈ ਵੀ ਐਸੀ ਗੱਲ ਨਹੀਂ ਜਿਸ ਨੂੰ ਅਸੀਂ ਅਣਗੋਲਿਆਂ ਕਰ ਸਕੀਏ। ਇਸ ਕਰਕੇ ਇਹ ਵੀ ਗੁਰੂ ਸਾਹਿਬ ਬਾਰੇ ਇਕ ਪਰਮਾਣੀਕ ਸਮਕਾਲੀ ਸਰੋਤ ਹੈ। ਜੁਲਿਫ਼ਕਾਰ ਅਰਧਿਸਤਾਨੀ ਗੁਰੂ ਸਾਹਿਬ ਦਾ ਗੈਰ-ਸਿੱਖ ਸਮਕਾਲੀ ਲੇਖਕ ਹੈ। ਉਹ ਗੁਰੂ ਸਾਹਿਬ ਦਾ ਦੋਸਤ ਸੀ ਅਤੇ ਉਹ ਕਾਫ਼ੀ ਸਮਾਂ ਗੁਰੂ ਸਾਹਿਬ ਦੇ ਪਾਸ ਵੀ ਰਿਹਾ ਸੀ। ਪਰ ਉਸ ਦੀ ਲਿਖਤ ਉਤਨੀ ਪਰਮਾਣੀਕ ਨਹੀਂ ਹੋ ਸਕੀ ਜਿਤਨੀ ਇਸ ਤਰ੍ਹਾਂ ਦੇ ਲੇਖਕ ਦੀ ਹੋਣੀ ਚਾਹੀਦੀ ਸੀ। ਇਸ ਦੀਆਂ ਕੁਝ ਗੱਲਾਂ ਤਾਂ ਉਕਾ ਹੀ ਮੰਨਣਯੋਗ ਨਹੀਂ ਹਨ ਕਿਉਂਕਿ ਉਹ ਸਿੱਖ ਵਿਚਾਰਧਾਰਾ, ਸਿੱਖ ਵਿਸ਼ਵਾਸ਼ ਅਤੇ ਸਿੱਖ ਰਵਾਇਤਾਂ ਦੇ ਹੀ ਉਲਟ ਹਨ। ਕੁਝ ਗੱਲਾਂ ਸਪਸ਼ਟ ਨਹੀਂ ਹਨ ਜਿਨ੍ਹਾਂ ਨੂੰ ਕੁਝ ਕਿੰਤੂ-ਪਰੰਤੂ ਕੀਤੇ ਬਿਨਾਂ ਮੰਨਿਆਂ ਨਹੀਂ ਜਾ ਸਕਦਾ । ਹਾਂ ਕੁਝ ਗੱਲਾਂ ਗੁਰੂ ਸਾਹਿਬ ਦੇ ਸੰਬੰਧ ਵਿਚ ਬਹੁਤ ਨਿਰਣਈ ਕਿਸਮ ਦੀਆਂ ਹੋ ਨਿਬੜਦੀਆਂ ਹਨ। ਇਨ੍ਹਾਂ ਦਾ ਸਿਲਸਿਲੇਵਾਰ ਵੇਰਵਾ ਪਾਠ ਦੇ ਅੱਗੇ ਜਾ ਕੇ ਦਿੱਤਾ ਜਾਵੇਗਾ।
ਸਭ ਤੋਂ ਪਹਿਲਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਿੱਤੀ ਗਈ ਜਾਣਕਾਰੀ ਸਾਹਮਣੇ ਲਿਆਉਂਦੇ ਹਾਂ। ਗੁਰੂ ਅਰਜਨ ਦੇਵ ਜੀ ਨੇ ਬਾਲ ਹਰਿਗੋਬਿੰਦ ਦੇ ਜਨਮ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਅਕਾਲ ਪੁਰਖ ਨੇ ਬੱਚਾ ਭੇਜਿਆ ਹੈ। ਜਦੋਂ ਇਸ ਨੇ ਆਪਣੀ ਮਾਤਾ ਦੇ ਪੇਟ ਵਿਚ ਪਰਕਾਸ਼ ਧਾਰਿਆ ਸੀ ਤਾਂ ਮਾਂ ਬਹੁਤ ਖੁਸ਼ ਹੋਈ ਸੀ। ਇਹ ਸਾਰੀ ਸਰਿਸ਼ਟੀ ਦਾ ਸੰਤ ਪੁੱਤਰ ਹੈ। ਵਾਹਿਗੁਰੂ ਦਾ ਹੁਕਮ ਸਭ ਵਿਚ ਜ਼ਾਹਿਰ ਹੋ ਗਿਆ ਹੈ। ਬਾਲਕ ਨੇ ਦਸ ਮਹੀਨਿਆਂ ਬਾਅਦ ਜਨਮ ਲਿਆ ਹੈ। ਇਸ ਨਾਲ ਪਰਿਵਾਰ ਵਿਚ ਸਭ ਸੋਗ ਖਤਮ ਹੋ ਕੇ ਖ਼ੁਸ਼ੀਆਂ ਫੈਲ ਗਈਆਂ ਹਨ। ਸਭ ਵਾਹਿਗੁਰੂ ਦੇ ਸ਼ੁਕਰਾਨੇ ਵਿਚ ਗੁਰਬਾਣੀ ਦਾ ਸਿਮਰਨ ਕਰ ਰਹੇ ਹਨ । ਬੱਚੇ ਦੇ ਪੈਦਾ ਹੋਣ ਨਾਲ ਪਰਿਵਾਰ ਦੀ ਵੈਲ ਵਧੀ ਹੈ। ਬੱਚੇ ਦੇ ਰੂਪ ਵਿਚ ਸਤਿਗੁਰਾਂ ਨੇ ਐਸੀ ਦਾਤ ਬਖ਼ਸ਼ ਦਿੱਤੀ ਹੈ ਜਿਸ ਦੀ ਉਨ੍ਹਾਂ ਨੂੰ ਲੋਚਾ ਸੀ । ਜਿਵੇਂ ਬਾਲਕ ਆਪਣੇ ਪਿਤਾ ਉੱਪਰ ਬਹੁਤ ਮਾਣ ਕਰਦਾ ਹੈ ਉਸੇ ਤਰ੍ਹਾਂ ਉਹ ਵੀ ਵਾਹਿਗੁਰੂ ਦੇ ਹੁਕਮ ਮੁਤਾਬਕ ਹੀ ਸਭ ਕੁਝ ਬਿਆਨ ਕਰ ਰਹੇ ਹਨ। ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ ਸਗੋਂ ਗੁਰੂ ਨਾਨਕ ਨੇ ਪਰਮ ਪਰਸੰਨ ਹੋ ਕੇ ਇਹ ਦਾਤ ਬਖ਼ਸ਼ੀ ਹੈ। ਸ਼ਬਦ ਇਸ ਤਰ੍ਹਾਂ ਹੈ :
ਸਤਿਗੁਰ ਸਾਚੈ ਦੀਆ ਭੇਜਿ । ਚਿਰੁ ਜੀਵਨੁ ਊਪਜਿਆ ਸੰਜੋਗਿ ॥
ਉਦਰੈ ਮਾਹਿ ਆਇ ਕੀਆ ਨਿਵਾਸੁ। ਮਾਤਾ ਕੈ ਮਨਿ ਬਹੁਤੁ ਬਿਗਾਸੁ ॥
ਜੰਮਿਆ ਪੂਤੁ ਭਗਤੁ ਗੋਬਿੰਦ ਕਾ । ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥
ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥
ਮਿਟਿਆ ਸੋਗੁ ਮਹਾ ਆਨੰਦੁ ਥੀਆ ॥
ਗੁਰਬਾਣੀ ਸਖੀ ਆਨੰਦੁ ਗਾਵੈ । ਸਾਚੇ ਸਾਹਿਬ ਕੈ ਮਨਿ ਭਾਵੈ ॥
ਵਧੀ ਵੇਲਿ ਬਹੁ ਪੀੜੀ ਚਾਲੀ । ਧਰਮ ਕਲਾ ਹਰਿ ਬੰਧਿ ਬਹਾਲੀ॥
ਮਨ ਚਿੰਦਿਆ ਸਤਿਗੁਰੂ ਦਿਵਾਇਆ। ਭਏ ਅਚਿੰਤ ਏਕ ਲਿਵ ਲਾਇਆ ॥
ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣ ॥
ਬੁਲਾਇਆ ਬੋਲੈ ਗੁਰੂ ਕੈ ਭਾਣਿ॥
ਗੁਝੀ ਛੰਨੀ ਨਾਹੀ ਬਾਤ । ਗੁਰੂ ਨਾਨਕ ਤੁਠਾ ਕੀਨੀ ਦਾਤ ॥
ਇਸੇ ਗੱਲ ਨੂੰ ਗੁਰਬਿਲਾਸ ਛੇਵੀਂ ਪਾਤਸ਼ਾਹੀ, ਜਿਸ ਨੂੰ ਸਿੱਖ ਇਤਿਹਾਸਕਾਰਾਂ ਵੱਲੋਂ ਗੁਰਮੁੱਖੀ ਦੀ ਮੁੱਢਲੀ ਲਿਖਤ ਮੰਨ ਕੇ, ਸਿੱਖ ਇਤਿਹਾਸ ਦਾ ਪਰਮੁੱਖ ਸਰੋਤ ਮੰਨਿਆ ਗਿਆ ਹੈ, ਵਿਚ ਕਿਸ ਤਰ੍ਹਾਂ ਗਲਤ ਰੰਗਤ ਦਿੱਤੀ ਗਈ ਹੈ। ਗੁਰੂ ਅਰਜਨ ਦੇਵ ਜੀ ਦੇ ਇਸ ਵਾਕ “ਗੁਝੀ ਛੰਨੀ ਨਾਹੀ ਬਾਤ । ਗੁਰੂ ਨਾਨਕ ਤੁਠਾ ਕੀਨੀ ਦਾਤਿ ।” ਨੂੰ ਆਪਣੀ ਮਨਮਤ ਵਿਚ ਰੰਗ ਕੇ ਲਿਖ ਦਿੱਤਾ ਹੈ : “ਗੁੱਝੀ ਛੰਨੀ ਨਾਹੀ ਬਾਤ । ਗੁਰੂ ਨਾਨਕ ਬੁਢੇ ਸਤ ਕਰ ਦਾਤ ।” ਇਕ ਹੋਰ ਥਾਂ ‘ਤੇ ਗੁਰੂ ਅਰਜਨ ਦੇਵ ਜੀ ਦੇ ਇਹ ਵਾਕ :
ਸਗਲ ਆਨੰਦੁ ਕੀਆ ਪਰਮੇਸਰਿ ਆਪਣਾ ਬਿਰਦੁ ਸਮਾਰਿਆ।
ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ 1
ਨੂੰ ਇਸ ਤਰ੍ਹਾਂ ਬਦਲ ਕੇ ਸਾਰੇ ਭਾਵ ਅਰਥ ਹੀ ਬਿਗਾੜ ਦਿੱਤੇ ਹਨ :
ਸਗਲ ਆਨੰਦ ਪਰਮੇਸ਼ਰ ਕੀਨੋ। ਅਪਨਾ ਬਿਰਦ ਰਾਖ ਜਿਨ ਲੀਨੋ ।
ਸਾਹਿਬ ਬੁੱਢਾ ਭਏ ਕ੍ਰਿਪਾਲ । ਸੁਤ ਦੇ ਕੀਓ ਪ੍ਰਵਾਰ ਨਿਹਾਲ ।
ਗੁਰੂ ਅਰਜਨ ਦੇਵ ਜੀ ਨੇ ਤਾਂ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਪੁੱਤਰ ਪੈਦਾ ਹੋਣ ਦੀ ਦਾਤ ਅਕਾਲ ਪੁਰਖ ਦੀ ਮਿਹਰ ਨਾਲ ਪਰਾਪਤ ਹੋਈ ਹੈ ਪਰ ਗੁਰਬਿਲਾਸ ਛੇਵੀਂ ਪਾਤਸ਼ਾਹੀ ਦਾ ਕਰਤਾ ਆਪਣੀਆਂ ਮਨਮਤੀ ਗੱਲਾਂ ਕਰਦਾ ਹੋਇਆ ਇਸ ਨੂੰ ਬਿਗਾੜ ਕੇ ਦੱਸਦਾ ਹੈ ਕਿ ਗੁਰੂ ਅਰਜਨ ਦੇ ਘਰ ਪੁੱਤਰ ਦੀ ਦਾਤ ਬਾਬਾ ਬੁੱਢਾ ਜੀ ਦੀ ਬਖ਼ਸ਼ਿਸ਼ ਕਾਰਣ ਹੋਈ। ਇਹ ਵਿਚਾਰ ਇਤਿਹਾਸਕ ਦਰਿਸ਼ਟੀਕੋਣ ਤੋਂ ਤਾਂ ਗਲਤ ਹੈ ਹੀ ਸਗੋਂ ਸਿੱਖ ਵਿਚਾਰਧਾਰਾ ਦੇ ਵੀ ਉਲਟ ਹੈ। ਇਸ ਲਈ ਸਾਡੇ ਲਈ ਗੁਰਬਿਲਾਸ ਛੇਵੀਂ ਪਾਤਸ਼ਾਹੀ ਦੀ ਲਿਖਤ ਦੀ ਕੋਈ ਮਹੱਤਤਾ ਨਹੀਂ ਹੈ। ਬਾਲ ਹਰਿਗੋਬਿੰਦ ਦੇ ਬਚਪਨ ਦੀ ਦੂਜੀ ਘਟਨਾ ਹੈ ਉਨ੍ਹਾਂ ਦੇ ਚੇਚਕ ਨਿਕਲਣ ਦੀ। ਇਹ ਬੜੀ ਹੀ ਖਤਰਨਾਕ ਕਿਸਮ ਦੀ ਬੀਮਾਰੀ ਹੈ ਅਤੇ ਕਈ ਵਾਰ ਤਾਂ ਬੱਚੇ ਲਈ ਜਾਨ-ਲੇਵਾ ਵੀ ਸਾਬਤ ਹੋ ਜਾਂਦੀ ਹੈ। ਇਸ ਨਾਲ ਅੱਖਾਂ ਦੀ ਰੋਸ਼ਨੀ ਦਾ ਖਤਮ ਹੋ ਜਾਣਾ ਜਾਂ ਚੇਹਰੇ ਦੀ ਸੁੰਦਰਤਾ ਦਾ ਖਤਮ ਹੋ ਜਾਣਾ ਆਮ ਜਿਹੀ ਗੱਲ ਹੈ। ਇਸ ਲਈ ਇਸ ਬਿਮਾਰੀ ਦੀ ਚਿੰਤਾ ਹੋਣੀ ਸੁਭਾਵਕ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਬਾਰੇ ਸਾਰੀ ਜਾਣਕਾਰੀ ਇਸ ਸ਼ਬਦ ਰਾਹੀਂ ਦਿੱਤੀ ਹੈ
ਨੇਤ੍ਰ ਪ੍ਰਗਾਸੁ ਕੀਆ ਗੁਰਦੇਵ । ਭਰਮ ਗਏ ਪੂਰਨ ਭਈ ਸੇਵ ॥ ਰਹਾਉ ॥
ਸੀਤਲਾ ਤੇ ਰਖਿਆ ਬਿਹਾਰੀ। ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥
ਸਦਾ ਸਦਾ ਹਰਿ ਜਾਪੇ। ਪ੍ਰਭ ਬਾਲਕ ਰਾਖੇ ਆਪੇ ॥
ਸੀਤਲਾ ਠਾਕਿ ਰਹਾਈ। ਬਿਘਨ ਗਏ ਹਰਿ ਨਾਈ ॥
ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥
ਅਰਦਾਸਿ ਸੁਣੀ ਭਗਤ ਅਪੁਨੇ ਕੀ ॥
ਸਭ ਜੀਅ ਭਇਆ ਕਿਰਪਾਲਾ ॥”
ਵਾਰਤਕ ਵਿਚ ਇਸ ਸ਼ਬਦ ਦਾ ਸੰਖੇਪ ਭਾਵ ਇਉਂ ਬਣਦਾ ਹੈ ਕਿ ਬੱਚੇ ਨੂੰ ਚੇਚਕ ਦੀ ਬਿਮਾਰੀ ਤੋਂ ਅਕਾਲ ਪੁਰਖ ਨੇ ਆਪਣੀ ਅਪਾਰ ਕਿਰਪਾ ਕਰਕੇ ਬਚਾਇਆ ਹੈ। ਨੇਤਰਾਂ ਦਾ ਪਰਕਾਸ਼ ਵਾਹਿਗੁਰੂ ਨੇ ਕਾਇਮ ਰੱਖਿਆ ਹੈ। ਉਨ੍ਹਾਂ ਦੇ ਸਭ ਸ਼ੰਕੇ ਦੂਰ ਹੋ ਗਏ ਹਨ ਤੇ ਉਨ੍ਹਾਂ ਦੀ ਸੇਵਾ ਪੂਰੀ ਹੋ ਗਈ ਹੈ। ਹਮੇਸ਼ਾਂ ਹੀ ਵਾਹਿਗੁਰੂ ਦਾ ਜਾਪ ਕਰੋ । ਬਾਲਕ ਨੂੰ ਆਪੇ ਹੀ ਵਾਹਿਗੁਰੂ ਰੱਖੇਗਾ। ਸੀਤਲਾ (ਚੇਚਕ) ਠੀਕ ਹੋ ਗਈ ਹੈ। ਵਾਹਿਗੁਰੂ ਦੇ ਨਾਮ ਜਪਣ ਨਾਲ ਸਭ ਬਿਘਨ ਦੂਰ ਹੋ ਗਏ ਹਨ। ਉਨ੍ਹਾਂ ਦਾ ਵਾਹਿਗੁਰੂ ਹਮੇਸ਼ਾਂ ਦਿਆਲ ਰਹਿੰਦਾ ਹੈ। ਉਸ ਨੇ ਆਪਣੇ ਭਗਤ ਦੀ ਅਰਦਾਸ ਸੁਣ ਲਈ ਹੈ। ਪਰਿਵਾਰ ਦੇ ਸਭ ਜੀਅ ਬਹੁਤ ਖੁਸ਼ ਹਨ। ਪਹਿਲਾਂ ਦੀ ਤਰ੍ਹਾਂ ਹੀ ਗੁਰ ਬਿਲਾਸ ਛੇਵੀਂ ਪਾਤਸ਼ਾਹੀ ਵੱਲੋਂ ਇਸ ਸ਼ਬਦ ਨੂੰ ਇਸ ਤਰ੍ਹਾਂ ਬਿਗਾੜਿਆ ਗਿਆ ਹੈ :
“ਜਦੋਂ ਬਾਲ ਹਰਿ ਗੋਬਿੰਦ ਪੰਜ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਚੇਚਕ ਨਿਕਲ ਆਈ। ਗੁਰੂ ਅਰਜਨ ਨੇ ਤੁਰੰਤ ਹੀ ਬਰਾਹਮਣਾਂ ਨੂੰ ਬੁਲਾ ਕੇ ਕਿਹਾ ਕੇ ਸਾਰੇ ਇਕ ਮਨ ਹੋ ਕੇ ਦੇਵੀ ਦੀ ਪੂਜਾ ਕਰੋ। ਪੰਜ ਦਿਨਾਂ ਉਪਰੰਤ ਬੱਚੇ ਨੂੰ ਚੇਚਕ ਤੋਂ ਆਰਾਮ ਆ ਗਿਆ। ਗੁਰੂ ਅਰਜਨ ਹਰ ਰੋਜ ਦੇਵੀ ਨੂੰ ਭੇਟਾਵਾਂ ਚੜਾਉਂਦੇ ਸਨ; ਹਵਨ ਕਰਦੇ ਸਨ ਅਤੇ ਕੁਆਰੀਆਂ ਲੜਕੀਆਂ ਨੂੰ ਭੋਜਨ ਖੁਆਉਂਦੇ ਸਨ । ਦੇਵੀ ਦਾ ਸ਼ੁਕਰਾਨਾ ਕਰਨ ਲਈ ਗੁਰੂ ਅਰਜਨ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਅੰਮ੍ਰਿਤਸਰ ਅਤੇ ਦੁਰਗਿਆਣਾ ਮੰਦਰ ਗਏ ਅਤੇ ਉੱਥੇ ਦੇਵੀ ਦੀ ਪੂਜਾ ਕੀਤੀ।”
ਦੇਖੋ ਕਿਤਨਾ ਫ਼ਰਕ ਹੈ ਗੁਰੂ ਅਰਜਨ ਦੇਵ ਜੀ ਦੀ ਆਪਣੀ ਲਿਖਤ ਵਿਚ ਅਤੇ ਗੁਰਬਿਲਾਸ ਛੇਵੀਂ ਪਾਤਸ਼ਾਹੀ ਦੀ ਲਿਖਤ ਵਿਚ । ਜੇਕਰ ਸਾਡੇ ਇਤਿਹਾਸਕਾਰ ਇਸ ਲਿਖਤ ਤੋਂ, ਜਿਹੜੀ ਕਿ ਗੁਰਮੁੱਖੀ ਦੀ ਮੁੱਢਲੀ ਲਿਖਤ ਮੰਨੀ ਗਈ ਹੈ, ਜਾਣਕਾਰੀ ਲੈ ਕੇ, ਗੁਰੂ ਅਰਜਨ ਦੇਵ ਜੀ ਨੂੰ ਦੇਵੀ ਦਾ ਜਾਂ ਬਰਾਹਮਣਾਂ ਦਾ ਪੁਜਾਰੀ ਸਾਬਤ ਕਰਨਗੇ ਤਾਂ ਉਹ ਸਿੱਖ ਇਤਿਹਾਸ ਨਾਲ ਕਿੰਨੀ ਬੇਇਨਸਾਫੀ ਕਰ ਰਹੇ ਹੋਣਗੇ । ਜਿੱਥੇ ਇਹ ਵੇਰਵਾ ਇਤਿਹਾਸਕ ਤੌਰ ‘ਤੇ ਗ਼ਲਤ ਹੈ ਉੱਥੇ ਸਿੱਖ ਵਿਚਾਰਧਾਰਾ ਦੇ ਵੀ ਉਲਟ ਹੈ।
ਇਸ ਤਰ੍ਹਾਂ ਬਾਲ ਹਰਿਗੋਬਿੰਦ ਦੇ ਬਚਪਨ ਦੀ ਇਕ ਹੋਰ ਘਟਨਾ ਦਾ ਵੇਰਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਸ ਅਨੁਸਾਰ ਬਾਲ ਹਰਿਗੋਬਿੰਦ ਜੀ ਨੂੰ ਉਸ ਦੇ ਕਿਸੇ ਦੋਖੀ ਵੱਲੋਂ ਜਹਿਰ ਦਿੱਤੇ ਜਾਣ ਦੀ ਜਾਣਕਾਰੀ ਮਿਲਦੀ ਹੈ। ਪਰ ਇਸ ਜ਼ਹਿਰ ਦਾ ਕੋਈ ਅਸਰ ਨਾ ਹੋਇਆ ਅਤੇ ਬੱਚਾ ਬਚ ਗਿਆ । ਜਹਿਰ ਦੇਣ ਵਾਲਾ ਕੋਈ ਬਰਾਹਮਣ ਸੀ । ਬੱਚੇ ਨੂੰ ਮਾਰਦਾ ਮਾਰਦਾ ਉਲਟਾ ਬਰਾਹਮਣ ਖੁਦ ਹੀ ਪੇਟ ਵਿਚ ਦਰਦ ਹੋਣ ਨਾਲ ਮਰ ਗਿਆ । ਗੁਰੂ ਅਰਜਨ ਦੇਵ ਜੀ ਇਸ ਸਭ ਕੁਝ ਤੋਂ ਬੱਚੇ ਦੇ ਬਚ ਜਾਣ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਹ ਸਭ ਅਕਾਲ ਪੁਰਖ ਦੀ ਮਿਹਰ ਨਾਲ ਹੋਇਆ ਹੈ। ਸ਼ਬਦ ਇਸ ਤਰ੍ਹਾਂ ਹੈ:
ਲੇਪੁ ਨ ਲਾਗੋ ਤਿਲ ਕਾ ਮੂਲਿ ॥ ਦੁਸਟੁ ਬ੍ਰਾਹਮਣੁ ਮੂਆ ਹੋਇ ਕੇ ਸੂਲ ॥
ਹਰਿ ਜਨ ਰਾਖੇ ਪਾਰਬ੍ਰਹਮਿ ਆਪਿ। ਪਾਪੀ ਮੂਆ ਗੁਰ ਪ੍ਰਤਾਪਿ ॥
……….. …………… ……………. ………….
ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ।
ਮਲੇਛੁ ਪਾਪੀ ਪਚਿਆ ਭਇਆ ਨਿਰਾਸੁ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਇਹ ਵੇਰਵੇ ਭਾਵੇਂ ਬਹੁਤ ਥੋੜ੍ਹੇ ਅਤੇ ਸੰਖੇਪ ਹਨ ਪਰ ਬਾਲ ਹਰਿਗੋਬਿੰਦ ਦੇ ਬਚਪਨ ਦੇ ਜੀਵਨ ਬਾਰੇ ਇਹ ਅਤੀ ਭਰੋਸੇਯੋਗ ਅਤੇ ਬਹੁਤ ਹੀ ਮਹੱਤਵਪੂਰਨ ਮੌਲਿਕ ਜਾਣਕਾਰੀ ਮੁਹੱਈਆ ਕਰਦੇ ਹਨ। ਇਸ ਮੌਲਿਕ ਜਾਣਕਾਰੀ ਦੇ ਉੱਪਰ ਦੀ ਹੋਰ ਕੋਈ ਜਾਣਕਾਰੀ ਨਹੀਂ ਹੋ ਸਕਦੀ। ਗੁਰੂ ਹਰਿਗੋਬਿੰਦ ਸਾਹਿਬ ਬਾਰੇ ਦੂਜਾ ਮੌਲਿਕ ਸਰੋਤ ਗੁਰੂ ਜੀ ਦੇ ਆਪਣੇ ਕੁਝ ਹੁਕਮਨਾਮੇ ਹਨ ਜਿਨ੍ਹਾਂ ਤੋਂ ਭਾਵੇਂ ਥੋੜ੍ਹੀ ਹੀ ਜਾਣਕਾਰੀ ਮਿਲਦੀ ਹੈ ਪਰ ਇਹ ਜਿੰਨੀ ਵੀ ਹੈ ਬਹੁਤ ਮਹੱਤਵਪੂਰਨ ਹੈ। ਇਹ ਹੁਕਮਨਾਮੇ ਦੋ ਹਨ। ਇਹ ਦੋਵੇਂ ਹੀ ਪੂਰਬੀ ਭਾਰਤ ਦੀ ਸਿੱਖ ਸੰਗਤ ਦੇ ਨਾਂ ਹਨ। ਇਨ੍ਹਾਂ ਦੋਵਾਂ ਹੁਕਮਨਾਮਿਆਂ ਵਿਚ ਹੀ ਗੁਰੂ ਜੀ ਨੇ ਸਿੱਖ ਸੰਗਤਾਂ ਨੂੰ ਮਾਸ-ਮੱਛੀ ਖਾਣ ਤੋਂ ਵਰਜਿਆ ਹੈ। ਸਿੱਖ ਸੰਗਤਾਂ ਨੂੰ ਇਕੋ ਅਕਾਲ ਪੁਰਖ ਵਾਹਿਗੁਰੂ ਵਿਚ ਵਿਸ਼ਵਾਸ਼ ਰੱਖਣ ਲਈ ਹੁਕਮ’ ( ਦਿੱਤਾ ਹੈ। ਪੂਰਬ ਦੀ ਸੰਗਤ ਨੂੰ ਗੁਰੂ ਦਾ ਖਾਲਸਾ ਕਿਹਾ ਹੈ ਜਿਸ ਦਾ ਭਾਵ ਹੈ ਕਿ ਪੂਰਬ ਦੀਆਂ ਸੰਗਤਾਂ ਮਸੰਦਾਂ ਦੇ ਅਧੀਨ ਨਹੀਂ ਹਨ ਸਗੋਂ ਸਿੱਧਾ ਹੀ ਗੁਰੂ ਜੀ ਨਾਲ ਸੰਬੰਧਤ ਹਨ। ਇਨ੍ਹਾਂ ਦੀ ਇਬਾਰਤ ਇਸ ਤਰ੍ਹਾਂ ਹੈ :
“ਸਰਬਤ ਸੰਗਤਿ ਪਟਣੇ ਕੀ ਤਥਾ ਆਲਮ ਰਜਿ ਦੀ॥ ਸੇਰਪੁਰ ਕੀ॥
ਬੀਨੈ ॥ ਮੁੰਗੇਰ ਕੀ ਸੰਗਤ ਪਰਮਾਨੰਦ ਕੇ ਵਾੜੇ ਪਾਸੇ ਲਿਖਤੇ ਗੁਰੂ ਹਰਿ ਗੋਬਿੰਦ ॥
ਕਰਤਾਰ ਕਰਤਾਰ ਵਾਚਣੀ ਗੁਰੂ ਤੁਸਾਡੀ ਲਾਜ ਰਖਗੁ ਗੁਰੂ ਗੁਰੂ ਜਪਣਾ ਜਨਮੁ
ਸਵਰੂ ਸੰਗਤ ਦੀ ਕਾਮਨਾ ਗੁਰੂ ਪੂਰੀ ਕਰੈਗੋ ਸੰਗਤੀ ਦਾ
ਰੁਜਗਾਰ ਹੋਗੁ ਇਕ ਦਾਸੀ ਰਹਿਣਾ ਮਾਸੂ ਮਛੀ ਦੇ ਨੇੜੇ
ਨਹੀਂ ਆਵਣਾ ਸੰਗਤਿ ਦੀ ਚਿਠੀ ਪਹੁਤੀ ਹਕੀਕਤਿ ਸਭ ਮਾਲੂਮ
ਦੀ ਹੋਈ ਸੰਗਤ ਦੀ ਮਨਸਾ ਪੂਰੀ ਹੋਗੁ ਗੁਰੂ ਦੀ ਆਗਿਆ ਹੋਇ ਸੰਗਤਿ
ਸਰਬਤਿ ਇਕ ਮਜਤਿ ਹੋਹਿ ਤਿਵੇਂ ਰਹਣਾ ਜਾਪੇ ਗੁਰਦਾਸ ਨਾਲ ਲਾਗ
ਰਹਣਾ ਕਾਰਵਾਰ ਇਨ੍ਹਾਂ ਨੇ ਦਿੰਦਿਆਂ ਰਹਣਾ ਸੰਗਤੀ
ਉਪਰਿ ਗੁਰੂ ਦੀ ਖਰੀ ਖੁਸੀ ਹੋਇ ਸੰਗਤੀ ਦਾ ਰੁਜ਼ਗਾਰ ਹੋਗਾ
ਸੰਗਤਿ ਆਪ ਵਿਚਿ ਇਕਤੁ ਕਰਣਾ ਸੰਗਤੀ ਦੀ ਖਰੀ ਖੁਸੀ ਗੁਰੂ
ਦੀਨਾ ਦੇ ਹੋਂਦੇ ਹੋਇ ਸਭ ਮੇਰੇ ਪੁਤ ਹੈਨ ਸਭਨਾ ਇਕਤੇ ਜੀਐ ਹੋਣਾ……..ਧਨਾ “ן
ਦੂਜਾ ਹੁਕਮਨਾਮਾ ਇਸ ਤਰ੍ਹਾਂ ਹੈ:
“ਦਇ ਜੁੜੀ ਕੂਕੋ ਖਰੇ ਭਾਲਿ ਬਹੁਤ ਦਮ ਪਕੜਦੇ ਹੋਨ ਉਹ ਟੋਲ ਕੇ
ਭੇਜਣੇ ਜਹ ਕਹਾ ਤੇ ਭੇਜਣੇ ਚੰਗੇ ਟੋਲ ਕੇ ਭੇਜਣੇ । ਭਾਈ ਜਾਪੁ
ਭਾਈ ਗੁਰਦਾਸ ਭਾਈ ਮੁਰਾਰੀ ਭਾਈ ਜੈਤਾ ਭਾਈ ਦਿਆਲਾ ਗੁਰੂ
ਗੁਰੂ ਜਪਣਾ ਜਨਮੁ ਸਵਰੇ । ਸੰਗਤਿ ਦੀ ਕਾਮਨਾ ਪੂਰੀ ਹੋਗੁ
ਸੰਗਤੀ ਦਾ ਰੁਜ਼ਗਾਰੁ ਹੋਗੁ ਸੰਗਤਿ ਕੀ ਕਾਰ ਜੁ ਲੇਹਗੁ ਗੁਰੂ
ਦੀ ਆਗਿਆ ਹੇਇ ਕੀਰਤਨੁ ਕਰਣਾ ਇਕ ਦਾਸ ਭਲੀ ਜੁਗਤਿ
ਰਹਣਾ ਮਾਸੂ ਮਛੀ ਦੇ ਨੇੜੇ ਨਹੀਂ ਆਵਣਾ। ਪੂਰਬ ਦੀ ਸੰਗਤਿ
ਗੁਰੂ ਦਾ ਖਾਲਸਾ ਹੈਇ ਉਪਰੰਤ ਗੁਰੂ ਦੀ ਆਗਿਆ ਹੈਇ.. ।
ਇਨ੍ਹਾਂ ਹੁਕਮਨਾਮਿਆਂ ਵਿਚ ਦਰਜ ਸਾਫ ਅਤੇ ਸਪਸ਼ਟ ਗੱਲਾਂ ਦੇ ਬਿਲਕੁੱਲ ਉਲਟ ਸਾਡੇ ਇਤਿਹਾਸਕਾਰਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਦੇ ਸੰਬੰਧ ਵਿਚ ਬਿਨਾਂ ਕਿਸੇ ਸੋਚ ਵਿਚਾਰ ਦੇ ਇਹ ਗੱਲ ਜੋੜ ਰੱਖੀ ਹੈ ਕਿ ਉਨ੍ਹਾਂ ਨੇ ਸਿੱਖਾਂ ਨੂੰ ਮਾਸ ਖਾਣ ਦੀ ਖੁੱਲ੍ਹ ਦੇ ਰੱਖੀ ਸੀ । ਗੋਕਲ ਚੰਦ ਨਾਰੰਗ ਨੇ ਲਿਖਿਆ ਹੈ :
“ਉਦੇਸ਼ਾਂ ਦੇ ਬਦਲਣ ਨਾਲ ਪੇਸ਼ਾ ਵੀ ਬਦਲ ਗਿਆ ਸੀ ਅਤੇ ਪੇਸ਼ੇ ਦੇ ਬਦਲਣ ਨਾਲ ਖਾਣੇ ਦੇ ਸੁਆਦਾਂ ਵਿਚ ਵੀ ਤਬਦੀਲੀ ਆ ਗਈ । ਜਾਨਵਰਾਂ ਦਾ ਮਾਸ ਖਾਣ ਲਈ ਨਾ ਸਿਰਫ ਇਜਾਜ਼ਤ ਹੀ ਦੇ ਦਿੱਤੀ ਗਈ ਸੀ ਸਗੋਂ ਇਸ ਨੂੰ ਉਤਸ਼ਾਹਤ ਵੀ ਕੀਤਾ ਜਾਂਦਾ ਸੀ।
ਇਹੀ ਗੱਲਾਂ ਇੰਦੂ ਭੂਸ਼ਣ ਬੈਨਰਜੀ ਅਤੇ ਹਰੀ ਰਾਮ ਗੁਪਤਾ ਨੇ ਵੀ ਲਿਖ ਦਿੱਤੀਆਂ ਹਨ :
ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ ਬਿਰਤਾਂਤ ਬਾਰੇ ਲਿਖਣ ਵਾਲੇ ਇਹ ਪਰਮੁੱਖ ਇਤਿਹਾਸਕਾਰ ਮੰਨੇ ਗਏ ਹਨ ਅਤੇ ਇਨ੍ਹਾਂ ਸਭ ਨੇ ਹੀ ਬਿਨਾਂ ਕਿਸੇ ਸੋਚ ਵਿਚਾਰ ਦੇ ਇਹ ਗੱਲ ਲਿਖ ਛੱਡੀ ਹੈ। ਗੁਰੂ ਸਾਹਿਬ ਦੇ ਆਪਣੇ ਹੁਕਮਨਾਮਿਆਂ ਦੇ ਸਾਹਮਣੇ ਇਨ੍ਹਾਂ ਇਤਿਹਾਸਕਾਰਾਂ ਦੇ ਨਿਰਣਿਆਂ ਦਾ ਕੀ ਮਹੱਤਵ ਹੈ? ਹੁਕਮਨਾਮਿਆਂ ਵਿਚ ਸਾਫ ਲਿਖਿਆ ਗਿਆ ਹੈ ਕਿ “ਮਾਸ-ਮੱਛੀ ਦੇ ਨੇੜੇ ਨਹੀਂ ਜਾਣਾ।” ਪਰ ਇਹ ਇਤਿਹਾਸਕਾਰ ਅਤੀ ਭਰੋਸੇਯੋਗ ਮੌਲਿਕ ਸਰੋਤ ਨੂੰ ਅੱਖੋਂ-ਓਹਲੇ ਕਰਕੇ ਗਲਤ ਨਿਰਣੇ ਦੇ ਰਹੇ ਹਨ । ਇਸ ਤਰ੍ਹਾਂ ਇਹ ਗੱਲ ਬਿਲਕੁੱਲ ਗਲਤ ਹੈ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਮਾਸ ਖਾਣ ਦੀ ਖੁੱਲ੍ਹ ਦੇ ਦਿੱਤੀ ਸੀ । ਸ਼ਿਕਾਰ ਖੇਡਣਾ ਬਿਲਕੁੱਲ ਹੀ ਵੱਖਰੀ ਗੱਲ ਹੈ। ਸ਼ਿਕਾਰ ਖੇਡਣ ਤੋਂ ਭਾਵ ਮਾਸ ਮੱਛੀ ਖਾਣ ਦੀ ਖੁੱਲ੍ਹ ਦੇਣ ਦਾ ਨਹੀਂ ਹੋ ਸਕਦਾ। ਸ਼ਿਕਾਰ ਖੇਡਣਾ, ਸਿੱਖਾਂ ਨੂੰ ਇਕ ਟਰੇਨਿੰਗ ਦੇਣ ਦਾ ਵੀ ਸਾਧਨ ਹੋ ਸਕਦਾ ਹੈ ਅਤੇ ਜੰਗਲੀ ਇਲਾਕਿਆਂ ਦੀ ਭੂਗੋਲਿਕ ਜਾਣਕਾਰੀ ਲੈਣ ਦਾ ਇਕ ਤਰੀਕਾ ਵੀ।
ਇਨ੍ਹਾਂ ਦੋ ਮੌਲਿਕ ਸਰੋਤਾਂ ਤੋਂ ਪਿੱਛੋਂ ਸਮਕਾਲੀ ਸਰੋਤ ਆਉਂਦੇ ਹਨ ਜਿਨ੍ਹਾਂ ਵਿਚ ਪਹਿਲਾ ਦਰਜਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਹੈ। ਇਹ ਕੁੱਲ ਵਾਰਾਂ ਭਾਵੇਂ 40 ਹਨ ਅਤੇ ਇਨ੍ਹਾਂ ਵਿਚੋਂ ਸਿੱਧੇ ਤੌਰ ‘ਤੇ ਸਿਰਫ਼ ਦੋ ਹੀ ਪਉੜੀਆਂ ਗੁਰੂ ਜੀ ਦੇ ਜੀਵਨ ਬਿਰਤਾਂਤ ਬਾਰੇ ਚਾਨਣਾ ਪਾਉਣ ਵਾਲੀਆਂ ਹਨ। ਭਾਵੇਂ ਖਿੰਡਵੀਆਂ ਇਕੜ-ਦੁੱਕੜ ਲਾਈਨਾਂ ਕਈ ਹਨ।
1) ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ ॥
ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆਂ ਰੂਪ ਦਿਖਾਵਣਿ ਵਾਰੋ ਵਾਰੀ।
ਦਲਿ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।
ਪੁਛਨਿ ਸਿਖ ਅਰਦਾਸਿ ਕਰਿ ਛਿਅ ਮਹਲਾਂ ਤਕਿ ਦਰਸੁ ਨਿਹਾਰੀ।
ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ।
ਕਲਜੁਗੁ ਪੀੜੀ ਸੋਢੀਆਂ ਨਿਹਚਲ ਨੀਂਵ ਉਸਾਰਿ ਖਲਾਰੀ।
ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ ।
2) ਧਰਮਸਾਲ ਕਰਿ ਬਹੀਂਦਾ ਇਕਤ ਥਾਉਂ ਨ ਟਿਕੈ ਟਿਕਾਇਆ।
ਪਾਤਿਸਾਹ ਘਰਿ ਆਵਦੇ ਗੜਿ ਚੜਿਆ ਪਾਤਿਸਾਹ ਚੜਾਇਆ।
ਉਮਤਿ ਮਹਲੁ ਨ ਪਾਵਈ ਨਠਾ ਫਿਰੈ ਨ ਡਰੈ ਡਰਾਇਆ।
ਮੰਜੀ ਬਹਿ ਸੰਤੋਖ ਦਾ ਕੁਤੇ ਰਖਿ ਸਿਕਾਰੁ ਖਿਲਾਇਆ।
ਬਾਣੀ ਕਰਿ ਸੁਣਿ ਗਾਂਵਦਾ ਕਥੈ ਨ ਸੁਣੇ ਨ ਗਾਵਿ ਸੁਣਾਇਆ।
ਸੇਵਕ ਪਾਸ ਨ ਰਖੀਅਨਿ ਦੋਖੀ ਦੁਸਟ ਆਗੂ ਮੁਹਿ ਲਾਇਆ।
ਸਚੁ ਨ ਲੁਕੈ ਲੁਕਾਇਆ ਚਰਣ ਕਵਲ ਸਿਖ ਭਵਰ ਲੁਭਾਇਆ।
ਆਜਰੁ ਜਰੈ ਨ ਆਪੁ ਜਣਾਇਆ ।
ਇਹ ਤਾਂ ਦੋ ਪਉੜੀਆਂ ਸਿੱਧੀਆਂ ਹੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਬੰਧਤ ਹਨ ਜਿਨ੍ਹਾਂ ਤੋਂ ਸਾਨੂੰ ਗੁਰੂ ਸਾਹਿਬ ਦੇ ਮਹਾਨ ਜੋਧਾ ਹੋਣ ਦਾ, ਉਨ੍ਹਾਂ ਵੱਲੋਂ ਹਥਿਆਰਬੰਦ ਨੀਤੀ ਧਾਰਨ ਕਰਨ ਦਾ ਅਤੇ ਨਿਰਭਉ ਹੋ ਕੇ ਵਿਚਰਨ ਦਾ ਪਰਤੱਖ ਸਬੂਤ ਮਿਲਦਾ ਹੈ। 26ਵੀਂ ਵਾਰ ਦੀ 25ਵੀਂ ਪਉੜੀ “ਖੇਤੀ ਵਾੜਸ ਫਿੰਗਰੀ ਕਿਕਰ ਆਸ ਪਾਸ ਜਿਉ ਬਾਗੈ…ਪਿਰਮ ਪਿਆਲੇ ਦੁਤਰ ਝਾਗੇ।” ਤੋਂ ਇਸ ਹਥਿਆਰਬੰਦ ਨੀਤੀ ਦਾ ਅਸਲ ਮਨੋਰਥ ਦਰਸਾਇਆ ਗਿਆ ਹੈ ਜਿਸ ਦਾ ਮਤਲਬ ਹੈ ਕਿ ਧਰਮ ਦੀ ਰੱਖਿਆ ਵੀ ਤਲਵਾਰ ਤੋਂ ਬਿਨਾਂ ਨਹੀਂ ਹੋ ਸਕਦੀ। ਕੁਝ ਇਕੜ-ਦੁੱਕੜ ਹੋਰ ਵੀ ਲਾਈਨਾਂ ਗੁਰੂ ਸਾਹਿਬ ਦੀ ਨੀਤੀ ਦੀਆਂ ਲਖਾਇਕ ਹਨ ਜਿਵੇਂ ਕਿ ਪਹਿਲੀ ਵਾਰ ਦੀ 47ਵੀਂ ਪਉੜੀ ਦੀ ਇਕ ਲਾਈਨ ਹੈ :
ਫਿਰਿ ਆਈ ਘਰ ਅਰਜਣੇ ਪੁਤੁ ਸੰਸਾਰੀ ਗੁਰੂ ਕਹਾਵੈ।
ਜਿਸ ਤੋਂ ਭਾਵ ਹੈ ਕਿ ਗੁਰੂ ਜੀ ਨੇ ਧਾਰਮਿਕ ਸ਼ਕਤੀ ਦੇ ਨਾਲ ਨਾਲ ਸਿੱਖਾਂ ਦੇ ਆਤਮ-ਨਿਰਣੇ ਦੀ ਸ਼ਕਤੀ ਵੀ ਧਾਰਨ ਕਰ ਲਈ ਸੀ। ਕੁਝ ਇਕ ਪਉੜੀਆਂ ਵਿਚ ਦਰਸਾਇਆ ਗਿਆ ਹੈ ਕਿ ਸਭ ਗੁਰੂ ਇਕ ਹੀ ਜੋਤ ਹਨ ਅਤੇ ਇਕੋ ਹੀ ਵਿਚਾਰਧਾਰਾ ਨੂੰ ਮੰਨਣ ਵਾਲੇ ਹਨ।
ਦੂਸਰਾ ਸਮਕਾਲੀ ਸਰੋਤ ਜੁਲਿਫ਼ਕਾਰ ਅਰਧਿਸਤਾਨੀ ਦੀ ਲਿਖਤ ਦਬੇਸਤਾਨ-ਏ-ਮਜਾਹਿਬ ਹੈ। ਇਤਿਹਾਸਕ ਤੌਰ ‘ਤੇ ਇਸ ਦੀ ਬੜੀ ਮਹੱਤਤਾ ਹੋਣੀ ਚਾਹੀਦੀ ਸੀ, ਪਰ ਉਸ ਦੀ ਲਿਖਤ ਵਿਚ ਕੁਝ ਤੱਥ ਐਸੇ ਹਨ ਜਿਹੜੇ ਇਕ ਦਮ ਗਲਤ ਹਨ ਕਿਉਂਕਿ ਇਨ੍ਹਾਂ ਦੀ ਸਿੱਖ ਵਿਚਾਰਧਾਰਾ, ਸਿੱਖ ਵਿਸ਼ਵਾਸ਼ ਅਤੇ ਸਿੱਖ ਰਵਾਇਤ ਨਾਲ ਮੇਲਤਾ ਨਹੀਂ ਹੋ ਸਕਦੀ। ਕੁਝ ਤੱਥ ਐਸੇ ਹਨ ਜਿਹੜੇ ਸਪਸ਼ਟ ਨਹੀਂ ਹਨ ਅਜਿਹੇ ਤੱਥਾਂ ਨੂੰ ਅਨੇਕਾਂ ਕਿੰਤੂ-ਪਰੰਤੂ ਕਰਨ ਪਿੱਛੋਂ ਹੀ ਮੰਨਿਆ ਜਾ ਸਕਦਾ ਹੈ। ਜੁਲਿਫ਼ਕਾਰ ਅਰਧਿਸਤਾਨੀ ਦੀ ਲਿਖਤ ਜਿੰਨੀ ਕੁ ਗੁਰੂ ਹਰਿ ਗੋਬਿੰਦ ਸਾਹਿਬ ਨਾਲ ਸੰਬੰਧਤ ਹੈ ਉਹ ਇਸ ਤਰ੍ਹਾਂ ਹੈ:
- ਸਿੱਖਾਂ ਦਾ ਵਿਸ਼ਵਾਸ਼ ਹੈ ਕਿ ਸਾਰੇ ਗੁਰੂ, ਨਾਨਕ ਹੀ ਹਨ (ਗੁਰੂ) ਹਰਿਗੋਬਿੰਦ ਆਪਣੇ ਖਤੋ-ਖਿਤਾਬਤ ਵਿਚ ਆਪਣੇ ਆਪ ਨੂੰ ਨਾਨਕ ਹੀ ਲਿਖਦੇ ਹਨ। ਗੁਰੂ ਦੇ ਮੁਖੀ ਮਸੰਦ ਸਭ ਜੱਟ ਹਨ।
- ਕਿਉਂਕਿ ਸਿੱਖ, ਗੁਰੂਆਂ ਨੂੰ ਸੱਚੇ ਪਾਤਸ਼ਾਹ ਮੰਨਦੇ ਹਨ ਇਸ ਲਈ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਮਸੰਦ ਕਿਹਾ ਜਾਂਦਾ ਹੈ।
- ਉਸ ਨੂੰ (ਗੁਰੂ) ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਇਨ੍ਹਾਂ ਵਿਚੋਂ ਇਕ ਇਹ ਸੀ ਕਿ ਉਸ ਨੇ ਸਿਪਾਹੀ ਦਾ ਜੀਵਨ ਅਪਣਾ ਲਿਆ ਸੀ, ਆਪਣੇ ਪਿਤਾ ਦੀ ਨੀਤੀ ਦੇ ਉਲਟ ਤਲਵਾਰ ਪਹਿਨ ਲਈ ਸੀ, ਹਥਿਆਰਬੰਦ ਸੈਨਿਕ ਰੱਖ ਲਏ ਅਤੇ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ ਸੀ । ਬਾਦਸ਼ਾਹ (ਜਹਾਂਗੀਰ) ਨੇ ਗੁਰੂ ਅਰਜਨ ਦੇਵ ਜੀ ਵੱਲ ਰਹਿੰਦਾ ਜੁਰਮਾਨੇ ਦਾ ਬਕਾਇਆ ਲੈਣ ਲਈ ਉਸ (ਗੁਰੂ) ਨੂੰ ਗਵਾਲੀਅਰ ਭੇਜ ਦਿੱਤਾ ਜਿੱਥੇ ਕਿ ਉਹ ਬਾਰਾਂ ਸਾਲ ਰਹੇ। ਉੱਥੇ ਉਨ੍ਹਾਂ ਨੂੰ ਲੂਣ ਅਤੇ ਰੋਟੀ ਵੀ ਨਹੀਂ ਦਿੱਤੀ ਜਾਂਦੀ ਸੀ।
- ਇਸ ਸਮੇਂ (ਜੇਲ ਦੌਰਾਨ) ਮਸੰਦ ਅਤੇ ਸਿੱਖ ਉੱਥੇ (ਗਵਾਲੀਅਰ) ਜਾਂਦੇ ਸਨ ਅਤੇ ਕਿਲ੍ਹੇ ਦੀਆਂ ਦੀਵਾਰਾਂ ਨੂੰ ਨਮਸਕਾਰ ਕਰਦੇ ਸਨ। ਆਖੀਰ ਨੂੰ ਬਾਦਸ਼ਾਹ ਨੇ ਤਰਸ ਕਰਕੇ ਗੁਰੂ ਨੂੰ ਰਿਹਾ ਕਰ ਦਿੱਤਾ।
- ਉਹ (ਗੁਰੂ) ਰਿਹਾ ਹੋਣ ਉਪਰੰਤ ਰਾਮਦਾਸਪੁਰ ਵਾਪਸ ਆ ਗਏ ਜਿੱਥੇ ਕਿ ਗੁਰੂ ਰਾਮਦਾਸ ਅਤੇ ਅਰਜਨ ਮੱਲ ਨੇ ਬਹੁਤ ਆਲੀਸ਼ਾਨ ਇਮਾਰਤਾਂ ਅਤੇ ਸੁੰਦਰ ਸਰੋਵਰ ਬਣਵਾਏ ਹੋਏ ਸਨ । ਉੱਥੇ ਉਸ ਉੱਪਰ ਸ਼ਾਹ ਜਹਾਨ ਦੇ ਹੁਕਮ ਨਾਲ ਸ਼ਾਹੀ ਫ਼ੌਜ ਦੇ ਅਧਿਕਾਰੀਆਂ ਦੁਆਰਾ ਹਮਲਾ ਕੀਤਾ ਗਿਆ ਅਤੇ ਗੁਰੂ ਜੀ ਦੀ ਜਾਇਦਾਦ ਨੂੰ ਲੁੱਟ ਲਿਆ ਗਿਆ।
- ਇਸ ਥਾਂ (ਅੰਮ੍ਰਿਤਸਰ) ਤੋਂ ਉਹ ਛੇਤੀ ਨਾਲ ਕਰਤਾਰਪੁਰ ਵੱਲ ਆ ਗਏ। ਜਿਸ
- ਇਸ ਥਾਂ ‘ਤੇ ਵੀ ਉਨ੍ਹਾਂ ਨੂੰ ਲੜਾਈ ਕਰਨੀ ਪਈ ।……ਇਸ ਲੜਾਈ ਵਿਚ ਇਕ ਸਿਪਾਹੀ ਨੇ ਉਨ੍ਹਾਂ ਵੱਲ ਤਲਵਾਰ ਚਲਾਈ ਜੋ ਖਾਲੀ ਗਈ। ਗੁਰੂ ਨੇ ਉਸ ਨੂੰ ਆਪਣੀ ਤਲਵਾਰ ਦਾ ਵਾਰ ਕਰਦੇ ਹੋਏ ਕਿਹਾ ਕਿ “ਤਲਵਾਰ ਚਲਾਉਣ ਦਾ ਇਹ ਤਰੀਕਾ ਨਹੀਂ ਹੈ ਇਹ ਤਾਂ ਇਸ ਤਰ੍ਹਾਂ ਚਲਾਈਂਦੀ ਹੈ।” ਇਹ ਕਹਿੰਦਿਆਂ ਹੋਇਆਂ ਉਨ੍ਹਾਂ ਨੇ ਇਕੋ ਵਾਰ ਨਾਲ ਉਸ ਦੇ ਜੀਵਨ ਨੂੰ ਖ਼ਤਮ ਕਰ ਦਿੱਤਾ ।
- ਕਰਤਾਰਪੁਰ ਦੀ ਲੜਾਈ ਪਿੱਛੋਂ ਉਹ ਫਗਵਾੜੇ ਚਲੇ ਗਏ ਕਿਉਂਕਿ ਉਨ੍ਹਾਂ ਦੀ ਇਹ ਰਿਹਾਇਸ਼ ਲਾਹੌਰ ਦੇ ਨੇੜੇ ਸੀ ਜੋ ਖਤਰੇ ਤੋਂ ਖਾਲੀ ਨਹੀਂ ਸੀ । ਇਸ ਲਈ ਉਹ ਜਲਦੀ ਕੀਰਤਪੁਰ ਚਲੇ ਗਏ ਜਿਹੜਾ ਕਿ ਪੰਜਾਬ ਦੀਆਂ ਪਹਾੜੀਆਂ ਵਿਚ ਸਥਿਤ ਸੀ।
- ਗੁਰੂ ਕੋਲ 700 ਘੋੜੇ, 300 ਸਵਾਰ ਜੁਆਨ ਅਤੇ 60 ਤੋਪਚੀ ਸਨ ਜੋ ਹਰ ਸਮੇਂ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਰਹਿੰਦੇ ਸਨ ।
- (ਮੁਗ਼ਲ) ਸੈਨਾ ਵਿਚੋਂ ਹਰ ਭਗੌੜਾ ਸਿਪਾਹੀ ਉਨ੍ਹਾਂ ਕੋਲ ਆ ਕੇ ਸ਼ਰਨ ਲੈ ਸਕਦਾ ਸੀ।
- ਉਹ (ਗੁਰੂ) ਹਮੇਸ਼ਾਂ ਜਹਾਂਗੀਰ ਦੇ ਜੇਤੂ ਲਸ਼ਕਰ ਨਾਲ ਜੁੜੇ ਰਹਿੰਦੇ ਸਨ । ਜਹਾਂਗੀਰ ਦੀ ਮੌਤ ਪਿੱਛੋਂ ਉਹ (ਗੁਰੂ) ਜੇਤੂ ਬਾਦਸ਼ਾਹ ਸ਼ਾਹ ਜਹਾਨ ਦੀ ਸੇਵਾ ਵਿਚ ਸ਼ਾਮਲ ਹੋ ਗਏ । ਪਿੱਛੋਂ ਕੁਝ ਸਮੇਂ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਪੰਜਾਬ ਦੀ ਨਵਾਬੀ ਦੀ ਉਪਾਧੀ ਵਾਲੇ ਇਕ ਹੀਜੜੇ ਜਰਨੈਲ ਯਾਰ ਖ਼ਾਨ ਨਾਲ ਜੋੜ ਲਿਆ ਜਿਸ ਨੂੰ ਉਹ ਰਾਜ-ਪਰਬੰਧ ਦੇ ਕੰਮਾਂ ਵਿਚ ਸਹਾਇਤਾ ਦਿੰਦੇ ਸਨ ।
- ਜਦੋਂ (ਅੰਤਮ ਸਮੇਂ) ਉਨ੍ਹਾਂ ਦੀ ਦੇਹ ਨੂੰ ਚਿਖਾ ਉੱਪਰ ਰੱਖਿਆ ਗਿਆ ਸੀ ਅਤੇ ਅੱਗ ਲਗਾਈ ਗਈ ਸੀ ਤਾਂ ਅੱਗ ਦੀਆਂ ਬਲਦੀਆਂ ਲਾਟਾਂ ਵਿਚ ਉਨ੍ਹਾਂ ਦੇ ਇਕ ਰਾਜਪੂਤ ਨੌਕਰ ਨੇ ਤੁਰੰਤ ਆਪਣੇ ਆਪ ਨੂੰ ਅੱਗ ਵਿਚ ਸੁੱਟ ਦਿੱਤਾ ਅਤੇ ਕੁਝ ਕਦਮ ਹੋਰ ਅੱਗੇ ਜਾ ਕੇ ਗੁਰੂ ਜੀ ਦੀ ਦੇਹ ਦੇ ਚਰਨ ਪਕੜ ਲਏ ਸਨ । ਉਸ ਨੇ ਆਪਣਾ ਮੂੰਹ ਗੁਰੂ ਜੀ ਦੇ ਚਰਨਾਂ ਵਿਚ ਛੁਪਾ ਲਿਆ ਸੀ ਜਦੋਂ ਤੱਕ ਉਹ ਜਲ ਨਹੀਂ ਗਿਆ ਸੀ ਉਹ ਬਿਲਕੁਲ ਹੀ ਨਹੀਂ ਹਿੱਲਿਆ ਸੀ, ਉਸ ਦੇ ਪਿੱਛੋਂ ਇਕ ਜੱਟ ਦਾ ਪੁੱਤਰ, ਜਿਹੜਾ ਕਿ ਗੁਰੂ ਜੀ ਦੇ ਜੁਆਈ ਦੀ ਸੇਵਾ ਵਿਚ ਸੀ, ਅੱਗ ਦੀਆਂ ਲਪਟਾਂ ਵਿਚ ਕੁੱਦ ਪਿਆ। ਇਸ ਪਿੱਛੋਂ ਹੋਰ ਵੀ ਬਹੁਤ ਸਾਰੇ ਵਿਅਕਤੀਆਂ ਨੇ ਇਸ ਤਰ੍ਹਾਂ ਕਰਨਾ ਚਾਹਿਆ ਸੀ ਪਰ ਇਸ ਵਾਰ ਉਨ੍ਹਾਂ ਨੂੰ ਗੁਰੂ ਹਰਿ ਰਾਇ ਜੀ ਨੇ ਮਨ੍ਹਾਂ ਕਰ ਦਿੱਤਾ ।”
ਉਪਰੋਕਤ ਵਰਨਣ ਕੀਤੇ ਨੁਕਤਿਆਂ ਵਿਚੋਂ ਕੁਝ ਨੁਕਤੇ ਐਸੇ ਹਨ ਜਿਵੇਂ ਕਿ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਬਾਦਸ਼ਾਹ ਦੀ ਨੌਕਰੀ ਕਰ ਲੈਣਾ ; ਹਰ ਫ਼ੌਜੀ ਭਗੋੜੇ ਨੂੰ ਸ਼ਰਣ ਦੇਣਾ, ਆਦਿ। ਇਹ ਗੱਲਾਂ ਸਿੱਖ ਧਰਮ ਦੀ ਵਿਚਾਰਧਾਰਾ, ਵਿਸ਼ਵਾਸ਼ ਅਤੇ ਰਵਾਇਤਾਂ ਦੇ ਬਿਲਕੁਲ ਉਲਟ ਹਨ। ਜੇਕਰ ਇਨ੍ਹਾਂ ਨੁਕਤਿਆਂ ਨੂੰ ਮੰਨ ਲਿਆ ਜਾਂਦਾ ਹੈ ਤਾਂ ਗੁਰੂ ਹਰਿਗੋਬਿੰਦ ਸਾਹਿਬ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਲਾਈਨ ਵਿਚ ਨਹੀਂ ਰੱਖੇ ਜਾ ਸਕਦੇ ਜਦੋਂ ਕਿ ਇਹ ਗੱਲ ਪਰਪੱਕ ਤੌਰ ‘ਤੇ ਮੰਨੀ ਜਾ ਚੁੱਕੀ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਗੁਰੂ ਨਾਨਕ ਦਾ ਹੀ ਛੇਵਾਂ ਰੂਪ ਸਨ । ਇਸ ਲਈ ਭਾਈ ਗੁਰਦਾਸ ਜੀ ਦੀ ਗਵਾਹੀ ਸਾਹਮਣੇ, ਸਿੱਖ ਵਿਸ਼ਵਾਸ਼ ਦੇ ਸੰਦਰਭ ਵਿਚ ਅਤੇ ਸਿੱਖ ਰਵਾਇਤ ਦੀ ਰੌਸ਼ਨੀ ਵਿਚ ਦਬਿਸਤਾਨ ਜੈਸੀ ਸਮਕਾਲੀ ਲਿਖਤ ਦਾ ਇਹ ਕਥਨ ਕੋਈ ਮਾਅਣੇ ਨਹੀਂ ਰੱਖਦਾ। ਵੈਸੇ ਤਾਂ ਦਬਿਸਤਾਨ-ਏ-ਮਜ਼ਾਹਿਬ ਵਿਚ ਹਰ ਲਿਖੀ ਗਈ ਗੱਲ ਇੰਨ ਬਿੰਨ ਨਹੀਂ ਮੰਨੀ ਜਾ ਸਕਦੀ ਫਿਰ ਵੀ ਕੁਝ ਗੱਲਾਂ ਬਾਰੇ ਅਸੀਂ ਆਪਣੇ ਵੱਲੋਂ ਕੁਝ ਸਪਸ਼ਟੀਕਰਨ ਦੇ ਕੇ ਮੰਨ ਲੈਂਦੇ ਹਾਂ ਪਰ ਇਹ ਗੱਲ ਤਾਂ ਉਕਾ ਹੀ ਮੰਨਣਯੋਗ ਨਹੀਂ ਹੈ ਕਿ ਗੁਰੂ ਹਰਿਗੋਬਿੰਦ ਜੈਸਾ, ਸਿੱਖਾਂ ਦਾ ਛੇਵਾਂ ਪਾਤਸ਼ਾਹ ਸਰਕਾਰ ਦੀ ਨੌਕਰੀ ਕਰਦਾ ਰਿਹਾ ਹੋਵੇ। ਇਕ ਪਾਸੇ ਤਾਂ ਗੁਰੂ ਸਾਹਿਬ ਅਕਾਲ ਤਖਤ ਦੀ ਸਿਰਜਣਾ ਕਰਦੇ ਹਨ, ਖ਼ੁਦ ਬਾਦਸ਼ਾਹਾਂ ਵਾਂਗ ਵਿਚਰ ਕੇ ਸਿੱਖਾਂ ਵਿਚ ਆਤਮ ਸ਼ਾਸ਼ਨ ਅਤੇ ਆਤਮ-ਵਿਸ਼ਵਾਸ਼ ਦੀ ਭਾਵਨਾ ਭਰ ਰਹੇ ਹਨ ਅਤੇ ਸਿੱਖਾਂ ਵਿਚ ਸੱਚੇ ਪਾਤਸ਼ਾਹ ਦਾ ਸੰਕਲਪ ਉਜਾਗਰ ਕਰ ਰਹੇ ਹਨ। ਇਸ ਦੇ ਬਿਲਕੁਲ ਉਲਟ ਦਬੇਸਤਾਨ-ਏ-ਮਜਾਹਿਬ ਵਿਚ ਉਨ੍ਹਾਂ ਬਾਰੇ ਸਰਕਾਰੀ ਨੌਕਰ ਹੋਣ ਦੀ ਗੱਲ ਕਹੀ ਜਾਂਦੀ ਹੈ। ਇਸ ਲਈ ਅਜਿਹੀਆਂ ਗੱਲਾਂ ਭਾਵੇਂ ਕਿਹੋ ਜਿਹੇ ਹੀ ਸਮਕਾਲੀ ਤੱਥਾਂ ਰਾਹੀਂ ਦੱਸੀਆਂ ਗਈਆਂ ਹੋਣ ਲੇਕਿਨ ਉਹ ਅਕਾਲ ਤਖਤ ਦੀ ਸਥਾਪਨਾ ਸਾਹਮਣੇ ਅਤੇ ਸੱਚੇ ਪਾਤਸ਼ਾਹ ਦੇ ਸੰਕਲਪ ਸਾਹਮਣੇ ਨਿਰਾਰਥਕ ਹਨ । ਦੂਜੀ ਗੱਲ ਕਿ ਗੁਰੂ ਹਰਿਗੋਬਿੰਦ ਸਾਹਿਬ ਕੋਲ ਮੁਗ਼ਲ ਸੈਨਾ ਦਾ ਹਰ ਭਗੌੜਾ ਸਿਪਾਹੀ ਸ਼ਰਨ ਲੈ ਸਕਦਾ ਸੀ। ਇਹ ਗੱਲ ਉੱਕਾ ਹੀ ਮੰਨੀ ਨਹੀਂ ਜਾ ਸਕਦੀ । ਗੁਰੂ ਹਰਿਗੋਬਿੰਦ ਸਾਹਿਬ ਬਾਰੇ ਲਿਖਣ ਵਾਲੇ ਇਤਿਹਾਸਕਾਰਾਂ ਨੇ ਇਸ ਤੋਂ ਵੀ ਦੋ ਕਦਮ ਹੋਰ ਅੱਗੇ ਜਾ ਕੇ ਇਹ ਸਿੱਟਾ ਕੱਢ ਦਿੱਤਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੀ ਫ਼ੌਜ ਵਿਚ ਹਰ ਪਰਕਾਰ ਦਾ ਸਮਾਜ ਵਿਰੋਧੀ ਅਨਸਰ ਭਰਤੀ ਕਰ ਰੱਖਿਆ ਸੀ ਅਤੇ ਅਨੇਕਾਂ ਹੀ ਅਪਰਾਧੀ ਕਿਸਮ ਦੇ ਡਾਕੂਆਂ ਤੇ ਅਵਾਰਾ ਬੰਦਿਆਂ ਨੂੰ ਇਕੱਠੇ ਕੀਤਾ ਹੋਇਆ ਸੀ । ਮਿਸਾਲ ਦੇ ਤੌਰ ‘ਤੇ ਕਨਿੰਘਮ ਲਿਖਦਾ ਹੈ :
“ਹਰਿਗੋਬਿੰਦ ਬਾਰੇ ਇਹ ਜਾਪਦਾ ਹੈ ਕਿ ਉਨ੍ਹਾਂ ਨੇ ਆਪਣੇ ਪੈਰੋਕਾਰਾਂ ਵਿਚ ਜਰਾਇਮ ਪੇਸ਼ਾ ਲੋਕ ਅਤੇ ਸਰਕਾਰ ਦੇ ਭਗੌੜਿਆਂ ਨੂੰ ਵੀ ਭਰਤੀ ਕਰ ਰੱਖਿਆ ਸੀ।”
ਗੋਕਲ ਚੰਦ ਨਾਰੰਗ ਲਿਖਦਾ ਹੈ ਕਿ, “ਉਨ੍ਹਾਂ ਨੇ ਆਪਣੇ ਪੈਰੋਕਾਰਾਂ ਵਿਚ ਹਰ ਕਿਸਮ ਦਾ ਮਾੜਾ ਅਨਸਰ ਅਤੇ ਭਗੌੜੇ ਕਿਸਮ ਦੇ ਲੋਕਾਂ ਨੂੰ ਭਰਤੀ ਕਰ ਲਿਆ ਸੀ । ਉਸ ਨੇ ਬਹੁਤ ਸਾਰੇ ਡਾਕੂ ਅਤੇ ਅਵਾਰਾ ਬੰਦਿਆਂ ਨੂੰ ਆਪਣੀ ਸੇਵਾ ਵਿਚ ਰੱਖਿਆ ਹੋਇਆ ਸੀ ।”
ਇਹ ਗੱਲ ਨਾ ਹੀ ਕਿਸੇ ਮੌਲਿਕ ਸਰੋਤ ਵਿਚ ਅਤੇ ਨਾ ਹੀ ਕਿਸੇ ਸਮਕਾਲੀ ਸਰੋਤ ਵਿਚ ਦਰਜ ਹੈ। ਬਿਨਾਂ ਕਿਸੇ ਸਰੋਤ ਦੇ ਹੀ ਸਾਡੇ ਇਤਿਹਾਸਕਾਰਾਂ ਨੇ ਇਹ ਗੱਲਾਂ ਗੁਰੂ ਹਰਿਗੋਬਿੰਦ ਸਾਹਿਬ ਨਾਲ ਜੋੜ ਰੱਖੀਆਂ ਹਨ। ਭਾਈ ਗੁਰਦਾਸ ਜੀ ਦੀ ਵਾਰ, ਜਿਸ ਵਿਚ ਲਿਖਿਆ ਗਿਆ ਹੈ ਕਿ “ਸੇਵਕ ਪਾਸ ਨਾ ਰਖਅਨਿ ਦੋਖੀ ਦੁਸਟ ਆਗੂ ਮੁਹਿ ਲਾਇਆ” ਇਹ ਵੀ ਇਸ ਗੱਲ ਦਾ ਆਧਾਰ ਨਹੀਂ ਬਣ ਸਕਦੀ ਕਿਉਂਕਿ ਇਸ ਵਾਰ ਰਾਹੀਂ ਭਾਈ ਗੁਰਦਾਸ ਜੀ ਉਨ੍ਹਾਂ ਗੁਰੂ-ਨਿੰਦਕਾਂ ਵੱਲੋਂ ਕਹੀਆਂ ਜਾ ਰਹੀਆਂ ਗੱਲਾਂ ਨੂੰ ਕਲਮਬੰਦ ਕਰ ਰਹੇ ਹਨ ਜਿਹੜੇ ਗੁਰੂ ਹਰਿਗੋਬਿੰਦ ਸਾਹਿਬ ਦੇ ਸੰਬੰਧ ਵਿਚ ਗਲਤ ਪਰਚਾਰ ਕਰਦੇ ਹਨ। ਇਨ੍ਹਾਂ ਗੱਲਾਂ ਦਾ ਖੰਡਨ ਭਾਈ ਸਾਹਿਬ ਇਸ ਪਉੜੀ ਦੇ ਅਖੀਰ ਵਿਚ ਇਹ ਕਹਿ ਕੇ ਖੁਦ ਹੀ ਕਰ ਦਿੰਦੇ ਹਨ :
“ਸੱਚ ਨ ਲੁਕੇ ਲੁਕਾਇਆ ਚਰਣ ਕਵਲ ਸਿਖ ਭਵਰ ਲੁਭਾਇਆ।
ਅਜਰੁ ਜਰੈ ਨ ਆਪੁ ਜਣਾਇਆ।”
ਕਿੰਨੀ ਬੇਇਨਸਾਫੀ ਹੈ ਜਿਹੜੀ ਸਾਡੇ ਇਤਿਹਾਸਕਾਰਾਂ ਨੇ ਇਹ ਗੱਲ ਲਿਖ ਕੇ ਗੁਰੂ ਸਾਹਿਬ ਨਾਲ ਕੀਤੀ ਹੈ। ਜੇਕਰ ਦਲੀਲ ਦੇ ਤੌਰ ‘ਤੇ ਵੀ ਇਸ ਗੱਲ ਨੂੰ ਵਿਚਾਰਿਆ ਜਾਵੇ ਤਾਂ ਵੀ ਇਹ ਗੱਲ ਠੀਕ ਨਹੀਂ ਉਤਰਦੀ। ਇਹ ਗੱਲ ਇਤਿਹਾਸਕ ਪਰਮਾਣਾਂ ਸਹਿਤ ਮੰਨੀ ਜਾ ਚੁੱਕੀ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿਰਫ਼ ਜਹਾਂਗੀਰ ਦੇ ਧਾਰਮਿਕ ਸਾੜੇ ਕਾਰਣ ਹੀ ਹੋਈ ਸੀ ਜਿਵੇਂ ਕਿ ਉਸ ਦੀ ਆਪਣੀ ਲਿਖਤ ਤੋਂ ਵੀ ਸਾਬਤ ਹੁੰਦਾ ਹੈ। ਇਹ ਵੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਹਰ ਸਿੱਖ ਨੂੰ ਅਤੇ ਖੁਦ ਗੁਰੂ ਹਰਿਗੋਬਿੰਦ ਸਾਹਿਬ ਨੂੰ ਸਖ਼ਤ ਗੁੱਸਾ ਸੀ। ਇਸ ਗੁੱਸੇ ਵੱਜੋਂ ਹੀ ਸਿੱਖ, ਗੁਰੂ ਹਰਿਗੋਬਿੰਦ ਸਾਹਿਬ ਦੀ ਅਗਵਾਈ ਹੇਠ ਹਕੂਮਤ ਨਾਲ ਹਥਿਆਰਬੰਦ ਟੱਕਰ ਲੈਣ ਲਈ ਤਿਆਰ ਹੋ ਗਏ ਸਨ । ਕੀ ਹਥਿਆਰਬੰਦ ਟੱਕਰ ਸਿਰਫ਼ ਚੋਰ ਜਾਂ ਡਾਕੂ ਕਿਸਮ ਦੇ ਲੋਕ ਹੀ ਲੈਣਗੇ? ਜਾਂ ਮੁਗ਼ਲ ਹਕੂਮਤ ਵਿਚੋਂ ਭਗੌੜਾ ਹੋ ਚੁੱਕਿਆ ਸਿਪਾਹੀ ਲਵੇਗਾ? ਕੀ ਹਕੂਮਤ ਨਾਲ ਟੱਕਰ ਉੱਚ-ਆਚਰਣ ਵਾਲੇ ਅਤੇ ਸੱਚ ‘ਤੇ ਪਹਿਰਾ ਦੇਣ ਵਾਲੇ ਲੋਕ ਲੈ ਸਕਦੇ ਹਨ ਜਾਂ ਭੈੜੀ ਬਿਰਤੀ ਵਾਲੇ ਚੋਰ ਜਾਂ ਡਾਕੂ? ਇਹ ਗੱਲ ਇਕ ਪਰਤੱਖ ਸੱਚਾਈ ਹੈ ਕਿ ਹੁਣ ਤੱਕ ਦੁਨੀਆਂ ਵਿਚ ਜਿੰਨੇ ਵੀ ਇਨਕਲਾਬ ਆਏ ਨੇ ਉਹ ਸਭ ਸੱਚ ‘ਤੇ ਪਹਿਰਾ ਦੇਣ ਵਾਲੇ ਲੋਕਾਂ ਦੀ ਹਿੰਮਤ ਦੇ ਕਾਰਣ ਹੀ ਆਏ ਹਨ। ਕੀ ਕਦੇ ਸੁਣਿਆ ਹੈ ਕਿ ਚੋਰਾਂ ਜਾਂ ਡਾਕੂਆਂ ਨੇ ਇਕੱਠੇ ਹੋ ਕੇ ਸਮਾਜਿਕ ਕਰਾਂਤੀ ਲਿਆਂਦੀ ਹੋਵੇ? ਫਿਰ ਕਿਉਂ ਗੁਰੂ ਹਰਿਗੋਬਿੰਦ ਸਾਹਿਬ ਦੀ ਕਰਾਂਤੀਕਾਰੀ ਸੋਚ ਨਾਲ ਚੋਰ ਜਾਂ ਡਾਕੂਆਂ ਦੇ ਜਾਂ ਸ਼ਾਹੀ ਫ਼ੌਜ ਵਿਚੋਂ ਭਗੌੜੇ ਹੋਏ ਸਿਪਾਹੀ ਭਰਤੀ ਕਰਨ ਦੀ ਗੱਲ ਜੋੜ ਰੱਖੀ ਹੈ? ਅਜਿਹੇ ਸੋਚਹੀਣ ਇਤਿਹਾਸਕਾਰਾਂ ਨੇ ਸਿਰਫ਼ ਇਹੀ ਗੱਲ ਹੀ ਨਹੀਂ ਲਿਖੀ ਸਗੋਂ ਇਹ ਵੀ ਇਤਿਹਾਸਕ ਨਿਰਣਾ ਦੇ ਦਿੱਤਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਭਵਿੱਖ ਵਿਚ ਮਾੜੇ ਦਿਨਾਂ ਦਾ ਮੁਕਾਬਲਾ ਕਰਨ ਲਈ ਚੋਰਾਂ ਤੇ ਡਾਕੂਆਂ ਨੂੰ ਸਿੱਖ ਧਰਮ ਵਿਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਸੀ। ਕੀ ਚੋਰ ਤੇ ਡਾਕੂ ਹੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਮਾੜੇ ਦਿਨਾਂ ਦੇ ਖਤਰੇ ਤੋਂ ਬਚਾ ਸਕਦੇ ਸਨ? ਚੋਰ ਤੇ ਡਾਕੂਆਂ ਨੂੰ ਸ਼ੁੱਧ ਰਸਤੇ ਉੱਪਰ ਤੋਰਨ ਲਈ ਤਾਂ ਉਨ੍ਹਾਂ ਦਾ ਦਿਲ-ਪਰਿਵਰਤਨ ਕੀਤਾ ਜਾਣਾ ਕੁਦਰਤੀ ਗੱਲ ਹੈ ਪਰ ਇਹ ਕਹਿਣਾ ਕਿ ਚੋਰ ਤੇ ਡਾਕੂਆਂ ਨੂੰ ਸਿਰਫ ਇਸੇ ਲਈ ਸਿੱਖ ਧਰਮ ਵਿਚ ਲਿਆਂਦਾ ਗਿਆ ਸੀ ਕਿ ਉਹ ਹਕੂਮਤ ਨਾਲ ਲੜ ਕੇ ਸਿੱਖ ਧਰਮ ਜਾਂ ਸਿੱਖ ਗੁਰੂ ਨੂੰ ਬਚਾਉਣਗੇ, ਇਕ ਥੋਥੀ ਅਤੇ ਤਰਕ-ਰਹਿਤ ਦਲੀਲ ਹੈ । ਅਜਿਹੇ ਇਤਿਹਾਸਕਾਰ ਲੈ ਦੇ ਕੇ ਇਕੱਲੇ ਭਾਈ ਬਿਧੀ ਚੰਦ ਦੀ ਮਿਸਾਲ ਦੇਣ ‘ਤੇ ਜ਼ੋਰ ਲਾ ਦਿੰਦੇ ਹਨ। ਕੀ ਇਕੱਲੇ ਬਿਧੀ ਚੰਦ ਦੇ ਭਰਤੀ ਹੋਣ ਨਾਲ ਹੀ ਸਾਰੇ ਸਿੱਖ ਧਰਮ ਦਾ ਜਾਂ ਸਮੁੱਚੀ ਸਿੱਖ ਲਹਿਰ ਦਾ ਪਰੋਗਰਾਮ ਬਦਲ ਗਿਆ ਸੀ? ਵੈਸੇ ਇਸ ਗੱਲ ਦਾ ਵੀ ਕੋਈ ਪਤਾ ਨਹੀਂ ਹੈ ਕਿ ਕੀ ਬਿਧੀ ਚੰਦ ਡਾਕੂ ਸੀ ਵੀ ਜਾਂ ਨਹੀਂ ਕਿਉਂਕਿ ਇਹ ਗੱਲ ਸਿਰਫ਼ ਉਨ੍ਹਾਂ ਗੁਰਮੁੱਖੀ ਦੀਆਂ ਲਿਖਤਾਂ ਦੀ ਹੀ ਦੇਣ ਹੈ ਜਿਹੜੀਆਂ ਫਜ਼ੂਲ ਦੀਆਂ ਗੱਲਾਂ ਵਿਚ ਸਿੱਖ ਧਰਮ ਦੇ ਵਿਕਾਸ ਨੂੰ ਉਲਝਾ ਰਹੀਆਂ ਹਨ । ਪਰ ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਬਿਧੀ ਚੰਦ ਪਹਿਲਾਂ ਚੋਰ ਜਾਂ ਡਾਕੂ ਰਹਿ ਚੁੱਕਿਆ ਸੀ ਤਾਂ ਵੀ ਇਸ ਗੱਲ ਦੀ ਕੋਈ ਅਹਿਮੀਅਤ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਜੈਸੇ ਲੋਕਾਂ ਨੂੰ ਸਿੱਖ ਧਰਮ ਵਿਚ ਲਿਆਂਦਾ ਸੀ ਤਾਂ ਕੀ ਇਸ ਗੱਲ ਤੋਂ ਇਹ ਸਮਝ ਲੈਣਾ ਚਾਹੀਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਠੱਗਾਂ ਦੇ ਟੋਲਿਆਂ ਨੂੰ ਇਸ ਕਰਕੇ ਸਿੱਖ ਧਰਮ ਵਿਚ ਲਿਆਂਦਾ ਸੀ ਕਿ ਉਹ ਹਕੂਮਤ ਨਾਲ ਲੜਾਈ ਕਰਨਗੇ ?
ਉਪਰੋਕਤ ਵਿਚਾਰ ਕੀਤੀਆਂ ਗੱਲਾਂ ਤੋਂ ਇਲਾਵਾ ਇਕ ਹੋਰ ਬਿਆਨ ਸਾਡੇ ਇਤਿਹਾਸਕਾਰਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਦੇ ਮੁੱਖ ਅਖਵਾਇਆ ਹੈ ਕਿ ਗੁਰੂ ਜੀ ਨੇ ਗੁਰਗੱਦੀ ਧਾਰਨ ਕਰਨ ਸਮੇਂ ਐਲਾਨ ਕੀਤਾ ਸੀ ਕਿ ਉਹ ਹੁਣ ਕਲਗੀਆਂ ਵਾਲੀ ਪੱਗ ਅਤੇ ਗਾਤਰੇ ਤਲਵਾਰ ਪਹਿਨ ਕੇ ਬਾਬਾ ਬੁੱਢਾ ਜੀ ਦੀ ਉਸ ਭਵਿੱਖਬਾਣੀ ਨੂੰ ਪੂਰਾ ਕਰਨਗੇ ਜੋ ਉਨ੍ਹਾਂ ਨੇ ਉਨ੍ਹਾਂ ਦੇ ਪੈਦਾ ਹੋਣ ਦੀ ਆਸ਼ੀਰਵਾਦ ਦੇਣ ਸਮੇਂ ਕਰੀ ਸੀ ।
ਮੈਕਾਲਿਫ ਨੂੰ ਆਧਾਰ ਬਣਾ ਕੇ ਬੈਨਰਜੀ ਲਿਖਦਾ ਹੈ :
ਆਪਣੇ ਗੁਰਿਆਈ-ਕਾਲ ਦੇ ਬਿਲਕੁਲ ਸ਼ੁਰੂ ਵਿਚ ਹੀ ਉਸ (ਗੁਰੂ) ਵੱਲੋਂ ਭਾਈ ਬੁੱਢਾ ਜੀ ਨੂੰ ਇਹ ਕਹਿੰਦਿਆਂ ਦੱਸਿਆ ਜਾਂਦਾ ਹੈ ਕਿ ਮੇਰੀ ਕੋਸ਼ਿਸ਼ ਉਨ੍ਹਾਂ (ਬੁੱਢਾ) ਵੱਲੋਂ ਕੀਤੀ ਗਈ ਭਵਿੱਖਬਾਣੀ ਨੂੰ ਪੂਰਾ ਕਰਨ ਦੀ ਹੋਵੇਗੀ। ਮੇਰੀ ਸੇਲੀ ਮੇਰੇ ਗਾਤਰੇ ਵਾਲੀ ਕਿਰਪਾਨ ਹੋਵੇਗੀ ਅਤੇ ਮੈਂ ਸ਼ਾਹੀ ਨਿਸ਼ਾਨੀਆਂ ਵਾਲੀ ਪੱਗ ਪਹਿਨਾਂਗਾ।
ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਨੂੰ ਆਮ ਤੌਰ ‘ਤੇ ਇਸ ਗੱਲ ਨਾਲ ਜੋੜਿਆ ਜਾਂਦਾ ਹੈ ਕਿ ਜਦੋਂ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਜੀ ਸਾਹਮਣੇ ਆਪਣੇ ਘਰ ਇਕ ਪੁੱਤਰ ਹੋਣ ਦੀ ਖਾਹਸ਼ ਰੱਖੀ ਸੀ ਤਾਂ ਗੁਰੂ ਅਰਜਨ ਜੀ ਨੇ ਕਿਹਾ ਸੀ ਕਿ ਉਹ ਬਾਬਾ ਬੁੱਢਾ ਜੀ ਕੋਲ ਜਾ ਕੇ ਪੁੱਤਰ ਹੋਣ ਦਾ ਵਰ ਪਰਾਪਤ ਕਰੇ । ਇਸ ਵਰ ਪਰਾਪਤੀ ਦੇ ਸੰਬੰਧ ਵਿਚ ਜਦੋਂ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਪਾਸ ਦੂਜੀ ਵਾਰ ਪੂਰੀ ਨਿਮਰਤਾ ਸਹਿਤ ਗਏ ਸਨ ਤਾਂ ਬਾਬਾ ਜੀ ਨੇ ਆਸ਼ੀਰਵਾਦ ਦਿੰਦਿਆਂ ਭਵਿੱਖਬਾਣੀ ਕੀਤੀ ਸੀ ਕਿ ਤੇਰੇ ਘਰ ਪੈਦਾ ਹੋਣ ਵਾਲਾ ਪੁੱਤਰ ਵੱਡੇ ਵੱਡੇ ਦਲਾਂ ਨੂੰ ਨਾਸ਼ ਕਰ ਦੇਵੇਗਾ ਜਾਂ ਦੁਸ਼ਮਣਾਂ ਦਾ ਖਾਤਮਾ ਕਰ ਦੇਵੇਗਾ। ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਤਖਤ ਉੱਪਰ ਬੈਠ ਕੇ ਅਤੇ ਦੋ ਤਲਵਾਰਾਂ ਧਾਰਨ ਕਰਕੇ ਕੀਤੇ ਇਸ ਐਲਾਨ ਨੂੰ ਕਿ ਉਹ ਬਾਬਾ ਬੁੱਢਾ ਜੀ ਦੀ ਭਵਿੱਖ ਬਾਣੀ ਨੂੰ ਪੂਰਿਆਂ ਕਰਨ ਲਈ ਹੀ ਇਹ ਸਭ ਕੁਝ ਕਰ ਰਹੇ ਹਨ, ਅਸਲ ਵਿਚ ਅਸਿੱਧੇ ਤੌਰ ‘ਤੇ ਮਾਤਾ ਗੰਗਾ ਜੀ ਵੱਲੋਂ ਬਾਬਾ ਬੁੱਢਾ ਜੀ ਤੋਂ ਪੁੱਤਰ ਹੋਣ ਦਾ ਵਰ ਪਰਾਪਤ ਕਰਨ ਵਾਲੀ ਗੱਲ ਨਾਲ ਜੋੜਿਆ ਜਾਂਦਾ ਹੈ। ਇਸ ਬਿਆਨ ਦੀ ਜਾਂ ਇਸ ਤੱਥ ਦੀ ਇਤਿਹਾਸਕ ਤੌਰ ‘ਤੇ ਕੋਈ ਮਹੱਤਤਾ ਨਹੀਂ ਹੈ ਕਿਉਂਕਿ ਇਸ ਗੱਲ ਦੀ ਹੋਂਦ ਗੁਰੂ ਅਰਜਨ ਦੇਵ ਜੀ ਦੇ ਉਸ ਸ਼ਬਦ ਨਾਲ ਹੀ ਖਤਮ ਹੋ ਜਾਂਦੀ ਹੈ ਜਿਹੜਾ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ, ਹਰਿਗੋਬਿੰਦ ਦੇ ਜਨਮ ਧਾਰਨ ਦੀ ਖੁਸ਼ੀ ਵਿਚ ਲਿਖਿਆ ਸੀ ਅਤੇ ਜਿਸ ਦੀ ਚਰਚਾ ਅਸੀਂ ਪਿੱਛੇ ਕਰ ਆਏ ਹਾਂ । ਗੁਰੂ ਅਰਜਨ ਦੇਵ ਜੀ ਤਾਂ ਸਪਸ਼ਟ ਰੂਪ ਵਿਚ ਲਿਖ ਰਹੇ ਹਨ ਕਿ ਉਨ੍ਹਾਂ ਦੇ ਘਰ ਪੁੱਤਰ ਦੀ ਦਾਤ ਗੁਰੂ ਨਾਨਕ ਦੇਵ ਜੀ ਵੱਲੋਂ ਅਪਾਰ ਬਖ਼ਸ਼ਿਸ਼ ਕਾਰਣ ਹੋਈ ਹੈ। ਸ਼ਬਦ ਦੀਆਂ ਅਖੀਰਲੀਆਂ ਦੋ ਤੁਕਾਂ ਬਿਲਕੁੱਲ ਸਪਸ਼ਟ ਹਨ। “ਗੁਝੀ ਛੰਨੀ ਨਾਹੀ ਬਾਤ। ਗੁਰੂ ਨਾਨਕ ਤੁਠਾ ਕੀਨੀ ਦਾਤ।” ਇਤਨੀ ਵੱਡੀ ਭਰੋਸੇਯੋਗ ਗਵਾਹੀ ਨੂੰ ਨਜ਼ਰਅੰਦਾਜ਼ ਕਰ ਕੇ ਸਿਰਫ਼ ਇਕ ਗੁਰਮੁੱਖੀ ਦੀ ਉਸ ਲਿਖਤ ਦੇ ਆਧਾਰ ‘ਤੇ ਹੀ ਇਹ ਸਿੱਟਾ ਕੱਢ ਦੇਣਾ, ਜਿਸ ਬਾਰੇ ਇਹ ਵੀ ਪਤਾ ਨਹੀਂ ਹੈ ਕਿ ਇਹ ਲਿਖਤ ਕਦੋਂ ਅਤੇ ਕਿਸ ਨੇ ਲਿਖੀ ਹੈ, ਇਤਿਹਾਸਕ ਤੌਰ ‘ਤੇ ਅਗਿਆਨਤਾ ਦੀ ਨਿਸ਼ਾਨੀ ਹੈ। ਇਸੇ ਤਰ੍ਹਾਂ ਇਕ ਹੋਰ ਕਥਨ ਬਿਨਾਂ ਕਿਸੇ ਆਧਾਰ ’ਤੇ ਗੁਰੂ ਅਰਜਨ ਦੇਵ ਜੀ ਨਾਲ ਜੋੜ ਕੇ ਉਨ੍ਹਾਂ ਦੇ ਮੁਖਾਰਬਿੰਦ ਵਿਚੋਂ ਹੀ ਉਨ੍ਹਾਂ ਦਾ ਹੀ ਇਕ ਜਾਰੀ ਕੀਤਾ ਗਿਆ ਹੁਕਮ ਬਣਾ ਦਿੱਤਾ ਗਿਆ ਹੈ। ਇਹ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਅੰਤਮ ਸਮੇਂ ਕਿਸੇ ਸਿੱਖ ਦੇ ਹੱਥ ਗੁਰੂ ਹਰਿਗੋਬਿੰਦ ਸਾਹਿਬ ਨੂੰ ਸੁਨੇਹਾ ਭੇਜ ਕੇ ਕਿਹਾ ਸੀ ਕਿ “ਹਰਿਗੋਬਿੰਦ ਨੂੰ ਕਹੋ ਕਿ ਉਹ ਪੂਰੀ ਤਰ੍ਹਾਂ ਹਥਿਆਰਬੰਦ ਹੋ ਕੇ ਹੀ ਤਖਤ ਉੱਪਰ ਬੈਠੇ ਅਤੇ दृयीभा डें दृपीभा हैन उठडी बने।” “Let him sit fully armed on his throne and maintain an army to the best of his ability. ”
ਅਸਲ ਵਿਚ ਇਹ ਅੰਗਰੇਜੀ ਤਰਜਮਾ ਸਿੱਖਾਂ ਦੀ ਭਗਤਮਾਲਾ ਦੀਆਂ ਇਨ੍ਹਾਂ ਲਾਈਨਾਂ ਦਾ ਹੀ ਸਾਰ ਰੂਪ ਹੈ : “ਅਸਾਂ ਜੋ ਸ਼ਸ਼ਤਰ ਪਕੜਨੇ ਹੈਨਿ ਸੋ ਹਰਿਗੋਬਿੰਦ ਦਾ ਰੂਪ ਧਾਰ ਕਰ ਪਕੜਨੇ ਹੈਨ। ਸਮਾਂ ਕਲਜੁਗ ਦਾ ਵਰਤਣਾ ਹੈ। ਸ਼ਸ਼ਤਰਾਂ ਦੀ ਵਿਦਿਆ ਕਰ ਮੀਰ ਦੀ ਮੀਰੀ ਖਿੱਚ ਲੈਣੀ ਹੈ ’ਤੇ ਸ਼ਬਦ ਦੀ ਪ੍ਰੀਤ ਕਰ ਪੀਰ ਦੀ ਪੀਰੀ ਲੈ ਲੈਣੀ ਹੈ।”1 ਇਹ ਉਕਤ ਦੋਵੇਂ ਬਿਆਨਾਂ ਨੂੰ ਇਤਿਹਾਸਕ ਕਸਵੱਟੀ ‘ਤੇ ਪਰਖੀਏ ਤਾਂ ਇਨ੍ਹਾਂ ਦੀ ਕਿਸੇ ਵੀ ਮੌਲਿਕ ਜਾਂ ਸਮਕਾਲੀ ਸਰੋਤ ਤੋਂ ਪੁਸ਼ਟੀ ਨਹੀਂ ਹੁੰਦੀ। ਗੁਰੂ ਅਰਜਨ ਦੇਵ ਜੀ ਦੀ ਇਤਨੀ ਵਿਸ਼ਾਲ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਪਰ ਉਨ੍ਹਾਂ ਦੀ ਅਜਿਹੀ ਇਕ ਵੀ ਤੁਕ ਨਹੀਂ ਜਿਸ ਰਾਹੀਂ ਉਨ੍ਹਾਂ ਨੇ ਮਨੁੱਖ ਨੂੰ ਹਥਿਆਰਬੰਦ ਹੋਣ ਲਈ ਪਰੇਰਿਆ ਹੋਵੇ । ਸਗੋਂ ਗੁਰੂ ਅਰਜਨ ਦੇਵ ਜੀ ਦੀਆਂ ਐਸੀਆਂ ਅਨੇਕਾਂ ਤੁਕਾਂ ਦਰਜ਼ ਹਨ ਜਿਨ੍ਹਾਂ ਤੋਂ ਮਨੁੱਖ ਨੂੰ ਅਕਾਲ ਪੁਰਖ ਦਾ ਭਾਣਾ ਮਿੱਠਾ ਕਰਕੇ ਮੰਨਣ ਦੀ ਪਰੇਰਨਾ ਮਿਲਦੀ ਹੈ। ਗੁਰੂ ਅਰਜਨ ਦੇਵ ਜੀ ਦੀ ਬਾਣੀ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਨਾਲੋਂ ਜ਼ਿਆਦਾ ਸ਼ਾਂਤੀ, ਪਿਆਰ ਅਤੇ ਸਬਰ ਸੰਤੋਖ ਦੀ ਪਰੇਰਨਾ ਦਿੰਦੀ ਹੈ। ਹੋਰ ਤਾਂ ਹੋਰ ਗੁਰੂ ਅਰਜਨ ਦੇਵ ਜੀ ਨਾਲ ਰਵਾਇਤਾਂ ਵੀ ਐਸੀਆਂ ਸੰਬੰਧਤ ਹਨ ਜਿਹੜੀਆਂ ਹਥਿਆਰਬੰਦ ਹੋਣ ਤੋਂ ਬਿਲਕੁਲ ਉਲਟ ਭਾਵ ਦਰਸਾਉਂਦੀਆਂ ਹਨ। ਜਿਵੇਂ ਕਿ ਰਵਾਇਤ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਨੂੰ ਆਪਣੀ ਸ਼ਹਾਦਤ ਸਮੇਂ ਇਹੀ ਉਪਦੇਸ਼ ਦਿੱਤਾ ਸੀ ਕਿ ਉਸ (ਵਾਹਿਗੁਰੂ) ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ। ਸ਼ਹਾਦਤ ਸਮੇਂ ਐਸੀ ਸ਼ਾਂਤੀ ਅਤੇ ਦਿਰੜਤਾ ਦਿਖਾਉਣ ਵਾਲਾ ਗੁਰੂ ਆਪਣੇ ਛੋਟੇ ਜਿਹੇ ਪੁੱਤਰ, ਜਿਨ੍ਹਾਂ ਦੀ ਉਮਰ ਅਜੇ ਮਸਾਂ ਗਿਆਰਾਂ ਸਾਲ ਦੀ ਹੀ ਸੀ ਨੂੰ ਇਹ ਸਲਾਹ ਦੇਵੇਗਾ ਕਿ ਉਹ ਗੁਰਗੱਦੀ ਧਾਰਨ ਕਰਨ ਸਮੇਂ ਹੀ ਦੁਸ਼ਮਣ ਨਾਲ ਲੜਾਈ ਵਿਚ ਉਲਝ ਪਵੇ? ਜਿਸ ਤਰ੍ਹਾਂ ਦੀ ਸਥਿਤੀ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਸੀ ਉਸ ਤਰ੍ਹਾਂ ਦੀ ਸਥਿਤੀ ਵਿਚ ਤਾਂ ਆਪਣੇ ਉੱਤਰ-ਅਧਿਕਾਰੀ ਪੁੱਤਰ ਨੂੰ ਸਗੋਂ ਦੁਸ਼ਮਣ ਤੋਂ ਬਚਾਅ ਕਰਕੇ ਰੱਖਣ ਦੀ ਅਤੇ ਲੜਾਈ ਤੋਂ ਗੁਰੇਜ਼ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਜੈਸਾ ਪਿਤਾ, ਜਿਹੜਾ ਆਪਣੇ ਪੁੱਤਰ ਦੀ ਚੇਚਕ ਦੀ ਬਿਮਾਰੀ ਤੋਂ ਹੀ ਬਹੁਤ ਚਿੰਤਤ ਸੀ ਭਲਾ ਆਪਣੇ ਛੋਟੀ ਉਮਰ ਦੇ ਪੁੱਤਰ ਨੂੰ ਸ਼ੁਰੂ ਵਿਚ ਹੀ ਦੁਸ਼ਮਣ ਨਾਲ ਉਲਝ ਪੈਣ ਦੀ ਸਲਾਹ ਕਿਵੇਂ ਦੇ ਸਕਦਾ ਹੈ? ਮੁਗ਼ਲ ਹਕੂਮਤ ਦੀ ਵਿਸ਼ਾਲ ਸੈਨਿਕ ਸ਼ਕਤੀ ਨਾਲ ਮੱਥਾ ਲਾਉਣ ਲਈ ਉਸ ਸਮੇਂ ਦਾ ਸਿੱਖ ਜਗਤ ਸੋਚ ਵੀ ਨਹੀਂ ਸਕਦਾ ਸੀ । ਆਪਣੇ ਆਪ ਨੂੰ ਹਥਿਆਰਬੰਦ ਕਰਨ ਦੀ ਨੀਤੀ ਅਪਣਾਉਣੀ ਇਕ ਵੱਖਰੀ ਗੱਲ ਹੈ ਪਰ ਹਕੂਮਤ ਨੂੰ ਸੈਨਿਕ ਸ਼ਕਤੀ ਨਾਲ ਉਲਟਾਉਣ ਦੀ ਤਿਆਰੀ ਕਰਨੀ ਹੋਰ ਗੱਲ ਹੈ। ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਤਖਤ ਸਥਾਪਤ ਕਰਨਾ, ਪੀਰੀ ਨਾਲ ਮੀਰੀ ਦਾ ਅਧਿਕਾਰ ਪਰਾਪਤ ਕਰ ਲੈਣ ਦਾ ਐਲਾਨ ਕਰਨਾ, ਹਥਿਆਰਬੰਦ ਤੇ ਘੋੜਸੁਆਰ ਸਿੱਖ ਖੜ੍ਹੇ ਕਰਨਾ ਆਪਣੇ ਸਵੈ-ਨਿਰਣੇ ਦੇ ਅਧਿਕਾਰਾਂ ਦੀ ਰੱਖਿਆ ਦਾ ਅਤੇ ਦੁਸ਼ਮਣਾਂ ਤੋਂ ਆਪਣੇ ਬਚਾਉ ਦੀ ਨੀਤੀ ਦਾ ਪਰਗਟਾਵਾ ਸੀ। ਹਕੂਮਤ ਕੋਲੋਂ ਸੈਨਿਕ ਸ਼ਕਤੀ ਨਾਲ ਰਾਜਨੀਤਕ ਤਾਕਤ ਖੋਹਣ ਦਾ ਐਲਾਨ ਨਹੀਂ ਸੀ। ਸਿੱਖਾਂ ਦੀ ਭਗਤ ਮਾਲਾ ਵਿਚਲੀ ਪਿੱਛੇ ਦਿੱਤੀ ਗਈ ਟੂਕ ਕਿ “ਸ਼ਸ਼ਤਰਾਂ ਦੀ ਵਿੱਦਿਆ ਕਰ ਮੀਰ ਦੀ ਮੀਰੀ ਖਿੱਚ ਲੈਣੀ ਹੈ।” ਇਸ ਦਾ ਸਿੱਧਾ ਭਾਵ ਰਾਜਨੀਤਕ ਤਾਕਤ ਨੂੰ ਤਾਕਤ ਨਾਲ ਖੋਹਣ ਤੋਂ ਹੈ। ਇਹ ਸਿੱਧਾ ਰਾਜਨੀਤਕ ਨਿਸ਼ਾਨਾ ਹੈ। ਅਜਿਹੀ ਗੱਲ ਨਾ ਹੀ ਤਾਂ ਕਿਸੇ ਗੁਰੂ ਸਾਹਿਬਾਨ ਨੇ ਸੋਚੀ ਸੀ ਅਤੇ ਨਾ ਹੀ ਕਿਸੇ ਗੁਰੂ ਸਾਹਿਬ ਨਾਲ ਅਜਿਹੀ ਗੱਲ ਜੋੜਣੀ ਸਿੱਖ ਇਤਿਹਾਸ ਨਾਲ ਇਨਸਾਫ਼ ਹੀ ਕਰਦੀ ਹੈ। ਇਹ ਟੂਕ ਗੁਰੂ ਅਰਜਨ ਦੇਵ ਜੀ ਦੀ ਨਹੀਂ ਹੈ ਅਤੇ ਨਾ ਹੀ ਇਸ ਦੀ ਕੋਈ ਪਰਮਾਣੀਕਤਾ ਹੈ। ਸਿੱਖਾਂ ਦੀ ਭਗਤਮਾਲਾ ਅਠਾਰਵੀਂ ਸਦੀ ਦੀ ਰਚਨਾ ਹੈ ਅਤੇ ਇਹ ਟੂਕ ਇਸ ਲਿਖਤ ਦੇ ਲਿਖਾਰੀ ਦੀ ਆਪਣੀ ਵਿਚਾਰਧਾਰਾ ਹੈ ਜਿਸ ਨੂੰ ਮੰਨਿਆ ਨਹੀਂ ਜਾ ਸਕਦਾ । ਗੁਰੂ ਹਰਿਗੋਬਿੰਦ ਸਾਹਿਬ ਦੀ ਜੰਗੀ ਨੀਤੀ ਇਕ ਬਚਾਓ-ਸਾਧਨ ਸੀ। ਉਹ ਕਿਸੇ ਵੀ ਸਮੇਂ ਹਮਲਾਵਰ ਨਹੀਂ ਹੋਏ। ਉਨ੍ਹਾਂ ਨੇ ਜੋ ਵੀ ਲੜਾਈਆਂ ਕੀਤੀਆਂ ਆਪਣੇ ਬਚਾਓ ਲਈ ਹੀ ਕੀਤੀਆਂ ਸਨ । ਕੁਝ ਇਕ ਲੜਾਈਆਂ ਵਿਚ ਗੁਰੂ ਜੀ ਦੀ ਜਿੱਤ ਵੀ ਹੋਈ ਸੀ ਪਰ ਜਿੱਤਣ ਦੇ ਬਾਵਜੂਦ ਵੀ ਗੁਰੂ ਸਾਹਿਬ ਲੜਾਈ ਵਾਲੀ ਥਾਂ ਕੋਲੋਂ ਪਰੇ ਚਲੇ ਜਾਂਦੇ ਸਨ ਤਾਂ ਕਿ ਉੱਥੇ ਰਹਿੰਦਿਆਂ ਦੁਸ਼ਮਣ ਨੂੰ ਦੁਬਾਰਾ ਫਿਰ ਹਮਲਾਵਰ ਹੋ ਕੇ ਆਉਣ ਦਾ ਬਹਾਨਾ ਨਾ ਮਿਲ ਸਕੇ । ਗੁਰੂ ਸਾਹਿਬ ਦੀਆਂ ਲੜਾਈਆਂ ਕਿਸੇ ਇਕ ਥਾਂ ‘ਤੇ ਹੀ ਨਹੀਂ ਹੋਈਆਂ ਸਨ ਸਗੋਂ ਇਹ ਵੱਖਰੀ ਵੱਖਰੀ ਥਾਂ ’ਤੇ ਹੋਈਆਂ ਸਨ । ਇਹ ਇਕ ਬਹੁਤ ਤਕੜਾ ਸਬੂਤ ਹੈ ਇਸ ਗੱਲ ਦਾ ਕਿ ਗੁਰੂ ਸਾਹਿਬ ਨੇ ਹਮੇਸ਼ਾਂ ਆਪਣਾ ਬਚਾਓ ਕਰਨ ਲਈ ਹੀ ਲੜਾਈਆਂ ਕੀਤੀਆਂ ਸਨ।
ਗੁਰੂ ਸਾਹਿਬ ਦੇ ਹਥਿਆਰਬੰਦ ਸਿੱਖਾਂ ਦੀ ਗਿਣਤੀ ਕਿਸੇ ਵੀ ਤਰੀਕੇ ਨਾਲ, ਸਮੇਤ ਪੈਦਲ ਅਤੇ ਘੋੜ ਸਵਾਰ ਦੇ ਗਿਆਰਾਂ-ਬਾਰਾਂ ਸੌ ਤੋਂ ਵੱਧ ਨਹੀਂ ਸੀ। ਦਬਿਸਤਾਨ-ਏ-ਮਜ਼ਾਹਿਬ ਵਿਚ ਜੋ ਗਿਣਤੀ ਦਿੱਤੀ ਗਈ ਹੈ ਉਸ ਅਨੁਸਾਰ ਗੁਰੂ ਸਾਹਿਬ ਕੋਲ 700 ਘੋੜੇ, 300 ਘੋੜਸੁਆਰ ਨੌਜੁਆਨ ਸਨ ਅਤੇ ਸੱਠ ਬੰਦੂਕਚੀਆਂ ਦੀ ਗੱਲ ਹੀ ਦੱਸੀ ਹੈ।62 ਇਹ ਗਿਣਤੀ ਮੁਗ਼ਲ ਹਕੂਮਤ ਦੀ ਵਿਸ਼ਾਲ ਸੈਨਿਕ ਸ਼ਕਤੀ ਦੇ ਸਾਹਮਣੇ ਬਹੁਤ ਹੀ ਥੋੜ੍ਹੀ ਹੈ। ਇਤਨੀ ਥੋੜ੍ਹੀ ਕਿ ਇਸ ਨਾਲ ਰਾਜਨੀਤਕ ਤਾਕਤ ਖੋਹ ਲੈਣ ਦੀ ਗੱਲ ਵੀ ਸੋਚ ਵਿਚ ਨਹੀਂ ਆ ਸਕਦੀ।
ਇਸ ਤਰ੍ਹਾਂ ਉਕਤ ਲਿਖੀ ਗਈ ਟੂਕ ਜਿਹੜੀ ਦੱਸਦੀ ਹੈ ਕਿ : “ਸ਼ਸ਼ਤਰਾਂ ਦੀ ਵਿੱਦਿਆ ਕਰ ਮੀਰ ਦੀ ਮੀਰੀ ਖਿੱਚ ਲੈਣੀ ਹੈ”—ਬਿਲਕੁੱਲ ਗਲਤ ਸਾਬਤ ਹੋ ਜਾਂਦੀ ਹੈ । ਗੁਰੂ ਅਰਜਨ ਦੇਵ ਜੀ ਦੀ ਸਾਰੀ ਗੁਰਬਾਣੀ ਵਿਚ ਅਜਿਹੇ ਭਾਵ ਦੀ ਇਕ ਵੀ ਤੁਕ ਨਹੀਂ ਹੈ । ਇਸ ਲਈ ਇਹ ਗੱਲਾਂ ਠੀਕ ਨਹੀਂ ਹਨ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੇ ਅੰਤਮ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਹਥਿਆਰਬੰਦ ਹੋ ਕੇ ਤਖਤ ‘ਤੇ ਬੈਠਣ ਦਾ ਤੇ ਟਰੇਂਡ ਫ਼ੌਜਾਂ ਖੜ੍ਹੀਆਂ ਕਰਨ ਦਾ ਕੋਈ ਸੁਨੇਹਾ ਭੇਜਿਆ ਸੀ ਜਾਂ ਹਥਿਆਰਾਂ ਦੇ ਜ਼ੋਰ ਨਾਲ ਕਿਸੇ ਦੀ ਰਾਜਨੀਤਕ ਤਾਕਤ ਖੋਹ ਲੈਣ ਦਾ ਐਲਾਨ ਕੀਤਾ ਸੀ। ਇਹ ਵੀ ਕਿ ਇਹੋ ਜਿਹੇ ਸੁਨੇਹੇ ਹਨ ਕਿੱਥੇ? ਜਿਨ੍ਹਾਂ ਲਿਖਤਾਂ ਵਿਚ ਅਜਿਹੇ ਵੇਰਵੇ ਮਿਲਦੇ ਹਨ ਉਹ ਅਠਾਰਵੀਂ ਜਾਂ ਉਨ੍ਹੀਂਵੀ ਸਦੀ ਦੀਆਂ ਲਿਖਤਾਂ ਹਨ ਜਿਨ੍ਹਾਂ ਵਿਚ ਇਤਿਹਾਸਕ ਸੱਚਾਈ ਬਹੁਤ ਘੱਟ ਹੈ।
ਇਸ ਲਈ ਅਸੀਂ ਸਿੱਟੇ ਦੇ ਤੌਰ ‘ਤੇ ਕਹਿ ਸਕਦੇ ਹਾਂ ਕਿ ਇਹ ਬਿਲੁਕੱਲ ਗਲਤ ਤੱਥ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਬਾਦਸ਼ਾਹ ਜਹਾਂਗੀਰ ਜਾਂ ਸ਼ਾਹਜਹਾਨ ਜਾਂ ਇਨ੍ਹਾਂ ਦੇ ਕਿਸੇ ਜਰਨੈਲ ਅਧੀਨ ਕਿਸੇ ਕਿਸਮ ਦਾ ਕੋਈ ਆਹੁਦਾ ਕਬੂਲਿਆ ਹੋਵੇ । ਇਹ ਵੀ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਮਾਸ ਖਾਣ ਦੀ ਖੁੱਲ੍ਹ ਦਿੱਤੀ ਹੋਵੇ । ਇਹ ਵੀ ਗਲਤ ਹੈ ਕਿ ਉਨ੍ਹਾਂ ਨੇ ਹਕੂਮਤ ਨਾਲ ਹਥਿਆਰਬੰਦ ਟੱਕਰ ਲੈਣ ਲਈ ਚੋਰ, ਡਾਕੂਆਂ ਅਤੇ ਧਾੜਵੀਆਂ ਨੂੰ ਭਰਤੀ ਕੀਤਾ ਸੀ ਜਾਂ ਸਰਕਾਰੀ ਫ਼ੌਜ ਦਾ ਹਰ ਭਗੌੜਾ ਸਿਪਾਹੀ ਗੁਰੂ ਜੀ ਕੋਲ ਸ਼ਰਨ ਲੈ ਲੈਂਦਾ ਸੀ । ਗੁਰੂ ਜੀ ਨੇ ਨਾ ਹੀ ਕੋਈ ਤਨਖਾਹਦਾਰ ਸੈਨਿਕ ਭਰਤੀ ਕੀਤੇ ਸਨ ਅਤੇ ਨਾ ਹੀ ਉਨ੍ਹਾਂ ਦਾ ਰੁੱਖ ਹਮਲਾਵਰਾਂ ਵਾਲਾ ਸੀ । ਗੁਰੂ ਹਰਿਗੋਬਿੰਦ ਦਾ ਇਕੋ ਇਕ ਮਨੋਰਥ ਸਿੱਖਾਂ ਵਿਚ ਆਤਮ-ਵਿਸ਼ਵਾਸ ਪੈਦਾ ਕਰਨ ਦਾ ਸੀ । ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਹਿਰਦਿਆਂ ਨੂੰ ਹਲੂਣ ਦੇਣ ਵਾਲੀ ਸੀ । ਜੇਕਰ ਇਸ ਸਮੇਂ ਸਿੱਖ ਸਮਾਜ ਨੂੰ ਪੂਰੀ ਦਰਿੜ੍ਹਤਾ ਅਤੇ ਦਲੇਰੀ ਨਾਲ ਨਾ ਸੰਭਾਲਿਆ ਜਾਂਦਾ ਤਾਂ ਹੋ ਸਕਦਾ ਸੀ ਕਿ ਸਿੱਖ ਸਮਾਜ ਹੌਂਸਲਾਹੀਣ ਹੋ ਕੇ ਅਤਿ ਨਿਰਾਸ਼ਾ ਦੀ ਖੱਡ ਵਿਚ ਜਾ ਡਿੱਗਦਾ। ਇਹ ਗੱਲ ਸਾਡੇ ਇਤਿਹਾਸਕਾਰਾਂ ਨੇ ਮੰਨੀ ਵੀ है।
ਗੁਰੂ ਹਰਿਗੋਬਿੰਦ ਸਾਹਿਬ ਦੀ ਹਥਿਆਰਬੰਦ ਨੀਤੀ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬੇਦਿਲ ਹੋਏ ਸਿੱਖ ਸਮਾਜ ਵਿਚ ਆਤਮ-ਵਿਸ਼ਵਾਸ ਭਰਨ ਲਈ ਅਤੇ ਆਤਮ-ਨਿਰਣੈ ਦੇ ਸੰਕਲਪ ਨੂੰ ਉਜਾਗਰ ਕਰਨ ਲਈ ਸੀ। ਗੁਰੂ ਸਾਹਿਬ ਦੀ ਹਥਿਆਰਬੰਦ ਨੀਤੀ ਨਾਲ ਨਾ ਹੀ ਤਾਂ ਵਿਸ਼ਾਲ ਮੁਗ਼ਲ ਹਕੂਮਤ ਨੂੰ ਕੋਈ ਫਰਕ ਪੈ ਸਕਦਾ ਸੀ ਅਤੇ ਨਾ ਹੀ ਸਿੱਖ ਸਮਾਜ ਵਿਚ ਇਤਨੀ ਤਾਕਤ ਹੀ ਸੀ ਕਿ ਉਹ ਮੁਗ਼ਲ ਹਕੂਮਤ ਦੀਆਂ ਵਿਸ਼ਾਲ ਫ਼ੌਜਾਂ ਨੂੰ ਹਰਾ ਸਕਦਾ । ਪੰਜਾਬ ਦੇ ਵਿਚ ਅਨੇਕਾਂ ਐਸੀਆਂ ਸਿੱਖ ਵਿਰੋਧੀ ਤਾਕਤਾਂ ਸਨ ਜਿਹੜੀਆਂ ਸਿੱਖ ਧਰਮ ਦੇ ਵਿਕਾਸ ਨੂੰ ਕਹਿਰੀ ਨਿਗਾਹ ਨਾਲ ਦੇਖਦੀਆਂ ਸਨ। ਜਿਵੇਂ ਕਿ ਸਰਵਰੀਏ ਜਾਂ ਸੁਲਤਾਨੀਏ; ਕੱਟੜਪੰਥੀ ਮੌਲਾਣੇ ਅਤੇ ਕਾਜੀ, ਪਿਰਥੀ ਚੰਦ ਜਾਂ ਮੀਣੇ; ਕੁਝ ਸਥਾਨਕ ਤਪੇ ਜਾਂ ਸਾਧ-ਸੰਤ । ਇਨ੍ਹਾਂ ਸਿੱਖ ਵਿਰੋਧੀ ਤਾਕਤਾਂ ਦਾ ਟਕਰਾਅ ਸਮੇਂ ਸਮੇਂ ਅਨੁਸਾਰ ਪਹਿਲੇ ਸਿੱਖ ਗੁਰੂ ਸਾਹਿਬਾਨ ਨਾਲ ਅਕਸਰ ਹੁੰਦਾ ਰਿਹਾ ਸੀ ਪਰ ਉਸ ਸਮੇਂ ਦੇਸ਼ ਵਿਚ ਅਕਬਰ ਜੈਸੇ ਸ਼ਹਿਣਸ਼ੀਲ ਬਾਦਸ਼ਾਹ ਦਾ ਰਾਜ ਸੀ ਜਿਸ ਕਰਕੇ ਸਰਕਾਰੀ ਨੀਤੀ ਅਜਿਹੀਆਂ ਸਿੱਖ ਵਿਰੋਧੀ ਤਾਕਤਾਂ ਦਾ ਸਹਾਰਾ ਨਹੀਂ ਬਣ ਸਕਦੀ ਸੀ। ਉਸ ਸਮੇਂ ਸਿੱਖ ਗੁਰੂ ਸਾਹਿਬਾਨ ਸਿੱਖ ਵਿਰੋਧੀ ਸਥਾਨਕ ਤਾਕਤਾਂ ਦਾ ਟਕਰਾਅ ਆਪਣੇ ਸਬਰ-ਸੰਤੋਖ ਨਾਲ ਕਰਦੇ ਰਹੇ ਸਨ ਕਿਉਂਕਿ ਉਸ ਤਰ੍ਹਾਂ ਦੀਆਂ ਪਰਸਥਿਤੀਆਂ ਵਿਚ ਸਬਰ-ਸੰਤੋਖ ਹੀ ਇਕੋ ਇਕ ਵਧੀਆ ਹਥਿਆਰ ਸੀ । ਹੁਣ ਜਦੋਂ ਕਿ ਮੁਲਕ ਦਾ ਬਾਦਸ਼ਾਹ ਹੀ ਸਿੱਖ ਵਿਰੋਧੀ ਨੀਤੀ ਧਾਰਨ ਕਰੀ ਬੈਠਾ ਸੀ ਤਾਂ ਸੰਭਵ ਸੀ ਕਿ ਅਜਿਹੇ ਮਾਹੌਲ ਅੰਦਰ ਸਿੱਖ ਵਿਰੋਧੀ ਤਾਕਤਾਂ, ਸਰਕਾਰੀ ਨੀਤੀ ਤੋਂ ਹੱਲਾਸ਼ੇਰੀ ਲੈ ਕੇ ਸਿੱਖਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਕੁੱਟ ਸੁੱਟਦੀਆਂ। ਅਜਿਹੀ ਸਥਿਤੀ ਦਾ ਟਕਰਾ ਕਰਨ ਲਈ ਜ਼ਰੂਰੀ ਸੀ ਕਿ ਸਿੱਖਾਂ ਨੂੰ ਹਥਿਆਰਬੰਦ ਕੀਤਾ ਜਾਂਦਾ ਤਾਂ ਕਿ ਘੱਟੋ ਘੱਟ ਉਹ ਸਥਾਨਕ ਵਿਰੋਧੀ ਤਾਕਤਾਂ ਦਾ ਤਾਂ ਮੁਕਾਬਲਾ ਕਰ ਸਕਦੇ ਸੀ। ਇਸ ਦੀ ਪੂਰਤੀ ਲਈ ਗੁਰੂ ਸਾਹਿਬ ਨੇ ਗੁਰਿਆਈ ਧਾਰਨ ਹੀ ਐਸੇ ਤਰੀਕੇ ਨਾਲ ਕੀਤੀ ਸੀ ਕਿ ਸਥਾਨਕ ਵਿਰੋਧੀ ਤਾਕਤਾਂ ਸਮਝ ਸਕਣ ਕਿ ਗੁਰੂ ਅਰਜਨ ਦੇਵ ਜੀ ਦੇ ਉੱਤਰਅਧਿਕਾਰੀ ਨੂੰ ਹੱਥ ਪਾਉਣਾ ਇਤਨਾ ਸੌਖਾ ਨਹੀਂ ਸੀ ਜਿਤਨਾ ਕਿ ਉਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪਿੱਛੋਂ ਸੋਚ ਰਹੇ ਸਨ।
ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ, ਤਖਤ ‘ਤੇ ਬੈਠ ਕੇ ਧਾਰਨ ਕੀਤੀ; ਸਭ ਕੁਝ ਬਾਦਸ਼ਾਹਾਂ ਵਾਂਗ ਕਰਕੇ ਦਿਖਾਇਆ, ਸਿੱਖਾਂ ਨੂੰ ਹਥਿਆਰਬੰਦ ਹੋ ਕੇ ਅਤੇ ਘੋੜਸੁਆਰ ਹੋ ਕੇ ਆਉਣ ਦੇ ਖੁੱਲ੍ਹੇ ਐਲਾਨ ਕੀਤੇ; ਵੀਰ-ਰਸ ਭਰਪੂਰ ਵਾਰਾਂ ਗਵਾਉਣੀਆਂ ਸ਼ੁਰੂ ਕੀਤੀਆਂ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ। ਅਕਾਲ ਤਖਤ ਸਾਹਿਬ ਉੱਪਰ ਸ਼ਾਹੀ ਠਾਠਬਾਠ ਨਾਲ ਦਰਬਾਰ ਲਗਾ ਕੇ ਸਿੱਖਾਂ ਦੇ ਮਸਲੇ ਨਜਿੱਠਣੇ ਸ਼ੁਰੂ ਕੀਤੇ ਆਦਿ। ਆਦਿ॥ ਇਸ ਸਭ ਕੁਝ ਨਾਲ ਸਿੱਖਾਂ ਦੇ ਮਨਾਂ ‘ਤੇ ਇਹ ਪਰਭਾਵ ਪਿਆ ਕਿ ਉਹ ਸਮਝਣ ਲੱਗ ਪਏ ਸਨ ਕਿ ਗੁਰੂ ਅਰਜਨ ਦਾ ਉੱਤਰਅਧਿਕਾਰੀ ਇਕ ਮਹਾਂਬਲੀ ਅਤੇ ਵਧੇਰੇ ਸ਼ਕਤੀਸ਼ਾਲੀ ਨੇਤਾ ਹੈ । ਇਸ ਨਾਲ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿਚੋਂ ਉਪਜੀ ਨਿਰਾਸ਼ਾ ਇਕ ਉਤਸ਼ਾਹ ਅਤੇ ਦਲੇਰੀ ਵਿਚ ਬਦਲ ਗਈ ਸੀ । ਇਸ ਨਾਲ ਸਥਾਨਕ ਸਿੱਖਾਂ ਵਿਰੋਧੀ ਤਾਕਤਾਂ ਨੂੰ ਵੀ ਕੰਨ ਹੋ ਗਏ ਸਨ। ਜਦੋਂ ਕਿਸੇ ਲਹਿਰ ਦੇ ਪੈਰੋਕਾਰਾਂ ਵਿਚ ਆਪਣੇ ਨੇਤਾ ਪਰੱਤੀ ਇਹ ਵਿਸ਼ਵਾਸ਼ ਪੈਦਾ ਹੋ ਜਾਵੇ ਕਿ ਉਹ ਬਾਦਸ਼ਾਹਾਂ ਦੇ ਨਾਲ ਟੱਕਰ ਲੈਣ ਵਾਲਾ ਹੈ ਜਾਂ ਫ਼ੌਜਾਂ ਦੇ ਹੰਕਾਰ ਤੋੜਨ ਵਾਲਾ ਹੈ ਤਾਂ ਇਹੀ ਇਕ ਨਿਸ਼ਾਨੀ ਹੈ ਜਿਸ ਤੋਂ ਉਸ ਲਹਿਰ ਦੇ ਪੈਰੋਕਾਰਾਂ ਦੀ ਚੜ੍ਹਦੀ ਕਲਾ ਪਰਖੀ ਜਾਂਦੀ ਹੈ । ਜਦੋਂ ਭਾਈ ਗੁਰਦਾਸ ਇਹ ਲਿਖਦੇ ਹਨ :
ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਦਲਿ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰ ਉਪਕਾਰੀ ॥
ਇਸ ਦਾ ਮਤਲਬ ਸੀ ਕਿ ਗੁਰੂ ਹਰਿਗੋਬਿੰਦ ਸਾਹਿਬ ਦੇ ਨਵੇਂ ਧਾਰਨ ਕੀਤੇ ਗਏ ਢੰਗ-ਤਰੀਕਿਆਂ ਰਾਹੀਂ ਸਿੱਖਾਂ ਵਿਚ ਵਿਸ਼ਵਾਸ਼ ਪੈਦਾ ਹੋ ਗਿਆ ਸੀ ਕਿ ਉਨ੍ਹਾਂ ਦਾ ਗੁਰੂ, ਬਾਦਸ਼ਾਹਾਂ ਨਾਲ ਟੱਕਰ ਲੈਣ ਦੇ ਕਾਬਲ ਹੈ ਅਤੇ ਇਹੀ ਅਹਿਸਾਸ ਗੁਰੂ ਹਰਿਗੋਬਿੰਦ ਸਾਹਿਬ ਆਪਣੇ ਸਿੱਖਾਂ ਨੂੰ ਕਰਵਾਉਣਾ ਚਾਹੁੰਦੇ ਸਨ ਅਜਿਹਾ ਅਹਿਸਾਸ ਚੋਰਾਂ, ਡਾਕੂਆਂ ਜਾਂ ਧਾੜਵੀਆਂ ਨੂੰ ਜਾਂ ਤਨਖਾਹਦਾਰ ਪਠਾਣਾਂ ਨੂੰ ਭਰਤੀ ਕਰਕੇ ਨਹੀਂ ਸੀ ਹੋਣਾ, ਸਗੋਂ ਉਸ ਗੁਰਮੁੱਖ ਨੂੰ ਹਥਿਆਰਬੰਦ ਕਰਕੇ ਹੋਣਾ ਸੀ ਜਿਸ ਨੂੰ ਪਹਿਲੇ ਪੰਜ ਗੁਰੂ ਸਾਹਿਬਾਨ ਨੇ ਸਿਰਜਿਆ ਸੀ ।