ਇਹ ਚੰਦਰਬੰਸ ਸਰੋਆ ਰਾਜਪੂਤਾਂ ਵਿਚੋਂ ਹਨ । ਇਹ ਪਸ਼ੂ ਚਾਰਦੇ- ਚਾਰਦੇ ਸਿਰਸਾ ਤੋਂ ਗੁਜਰਾਂਵਾਲਾ ਤੱਕ ਚਲੇ ਗਏ । ਸਿਆਲਕੋਟ ਗੁਰਦਾਸਪੁਰ ਤੇ ਗੁਰਜਾਂਵਾਲਾ ਖੇਤਰਾਂ ਵਿੱਚ ਇਨ੍ਹਾਂ ਦੇ ਕਾਫੀ ਪਿੰਡ ਸਨ । ਗੁਜਰਾਂਵਾਲਾ ਵਿੱਚ ਤਾਂ ਇਨ੍ਹਾਂ ਦੇ 30 ਪਿੰਡ ਸਨ । ਇਹ ਚੰਗੇ ਕਾਸ਼ਤਕਾਰ ਮੰਨੇ ਜਾਂਦੇ ਹਨ । ਇਹ ਢਿਲੋਂ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਮੰਨਦੇ ਹਨ ਕਿਉਂਕਿ ਢਿਲੋਂ ਵੀ ਸਰੋਹੀ ਰਾਜਪੂਤਾਂ ਵਿਚੋਂ ਹਨ । ਇਕ ਹੋਰ ਰਵਾਇਤ ਅਨੁਸਾਰ ਇਹ ਚੰਦਰਬੰਸੀ ਰਾਜਪੂਤ ਗੋਰਾਇਆ ਦੀ ਬੰਸ ਵਿਚੋਂ ਹਨ । ਗੋਰਾਇਆਂ ਦੀ ਬੰਸ ਵਿਚੋਂ ਮੱਲ ਲਖੀਥਲ ਤੋਂ ਉਠ ਕੇ ਆਪਣੇ ਕਬੀਲੇ ਸਮੇਤ ਪੰਜਾਬ ਵਿਚ ਵਸਿਆ । ਸਿਲਆਕੋਟ ਵਿੱਚ ਇਹ ਪੀਰ ਮੁੰਡਾ ਦੀ ਮਾਨਤਾ ਕਰਦੇ ਸਨ । ਇਸ ਕਾਰਨ ਸਿਆਲਕੋਟ ਦੇ ਇਲਾਕੇ ਵਿੱਚ ਗੋਰਾਇਆ ਜੱਟ ਹਿੰਦੂ ਵੀ ਸਨ ਤੇ ਮੁਸਲਮਾਨ ਵੀ ਸਨ । ਇਨ੍ਹਾਂ ਵਿੱਚ ਵਿਰਾਸਤ ਚੂੰਢਾ ਵੰਡ ਨਿਯਮ ਅਨੁਸਾਰ ਹੁੰਦੀ ਸੀ । ਮੁਸਲਮਾਨ ਗੋਰਾਏ ਕਈ-ਕਈ ਵਿਆਹ ਕਰਾਉਂਦੇ ਸਨ । ਮਿੰਟਗੁਮਰੀ ਦੇ ਇਲਾਕੇ ਵਿੱਚ ਗੋਰਾਏ ਰਾਜਪੂਤ, ਜੱਟ ਤੇ ਅਰਾਈ ਜਾਤੀਆਂ ਵਿੱਚ ਵੰਡ ਹੋਏ ਸਨ ਪਰ ਸ਼ਾਹਪੁਰ ਵਿੱਚ ਸਾਰੇ ਜੱਟ ਸਨ। ਸਿਆਲਕੋਟ ਦੇ ਗੋਰਾਏ ਆਪਣਾ ਵਡੇਰਾ ਬੁੱਧ ਨੂੰ ਮੰਨਦੇ ਸਨ ਜਿਸਦੇ ਗੋਰਾਏ ਸਮੇਤ 20 ਪੁੱਤਰ ਸਨ । ਪੱਛਮੀ ਪੰਜਾਬ ਵਿੱਚ ਬਹੁਤੇ ਗੋਰਾਏ ਮੁਸਲਮਾਨ ਬਣ ਗਏ ਸਨ । ਇਹ ਫਿਰੋਜ਼ਪੁਰ ਤੇ ਗੁਰਦਾਸਪੁਰ ਦੇ ਖੇਤਰ ਵਿਚੋਂ ਗਏ ਸਨ ।

ਪੂਰਬੀ ਪੰਜਾਬ ਵਿੱਚ ਬਹੁਤੇ ਗੋਰਾਏ ਸਿੱਖ ਹਨ। ਇਸ ਗੋਤ ਦੇ ਲੋਕ ਬਹੁਤੇ ਦੁਆਬੇ ਵਿੱਚ ਹੀ ਆਬਾਦ ਹਨ। ਅੱਜ ਕਲ ਗੋਰਾਏ ਕਬੀਲੇ ਦੇ ਲੋਕ ਫਿਰੋਜ਼ਪੁਰ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਾਭਾ ਆਦਿ ਖੇਤਰਾਂ ਵਿੱਚ ਵਸਦੇ ਹਨ । ਦੁਆਬੇ ਵਿਚੋਂ ਗੋਰਾਏ ਭਾਈਚਾਰੇ ਦੇ ਲੋਕ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ । ਹਰਿਆਣੇ ਵਿੱਚ ਵੀ ਕੁਝ ਗੋਰਾਏ ਵਸਦੇ ਹਨ 1881 ਈਸਵੀਂ ਦੀ ਜਨਸੰਖਿਆ ਅਨੁਸਾਰ ਪੂਰਬੀ ਤੇ ਪੱਛਮੀ ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ 17777 ਸੀ । ਗੋਰਾਏ ਗੋਤ ਦੇ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ । ਪੰਜਾਬ ਵਿੱਚ ਗੋਰਾਇਆ ਗੋਤ ਦੇ ਜੱਟ ਸਿੱਖਾਂ ਦੀ ਗਿਣਤੀ ਬਹੁਤ ਹੀ ਘੱਟ ਹੈ । ਗੋਰਾਇਆ ਵੀ ਜੱਟਾਂ ਦਾ ਬਹੁਤ ਪੁਰਾਣਾ ਗੋਤ ਹੈ। ਲੁਧਿਆਣੇ ਤੇ ਜਲੰਧਰ ਵਿਚਕਾਰ ਆਬਾਦ ਗੋਰਾਇਆ ਨਗਰ ਇਨ੍ਹਾਂ ਦਾ ਬਹੁਤ ਹੀ ਪੁਰਾਣਾ ਪਿੰਡ ਹੈ । ਗੋਰਾਏ ਵੀ ਮੱਧ ਏਸ਼ੀਆ ਤੋਂ ਈਸਵੀ ਸਨ ਤੋਂ ਪਹਿਲਾਂ ਦੇ ਆਏ ਹੋਏ ਕਬੀਲਿਆਂ ਵਿੱਚੋਂ ਹਨ । ਮੱਧ ਏਸ਼ੀਆ ਤੋਂ ਬਲਖ ਤੇ ਭਾਰਤ ਵਿੱਚ ਆਉਣ ਵਾਲੇ ਜੱਟਾਂ ਨੂੰ ਬਾਹਲੀਕ ਕਿਹਾ ਜਾਂਦਾ ਸੀ।
