ਗੋਲੇਵਾਲਾ ਪਿੰਡ ਦਾ ਇਤਿਹਾਸ | Golewala Village History

ਗੋਲੇਵਾਲਾ

ਗੋਲੇਵਾਲਾ ਪਿੰਡ ਦਾ ਇਤਿਹਾਸ | Golewala Village History

ਸਥਿਤੀ :

ਤਹਿਸੀਲ ਫਰੀਦਕੋਟ ਦਾ ਪਿੰਡ ਗੋਲੇਵਾਲ, ਫਿਰੋਜਪੁਰ – ਫਰੀਦਕੋਟ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਗੋਲੇਵਾਲਾ ਪਿੰਡ ਦੇ ਨੇੜੇ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਪਿੰਡ ਵਿੱਚ ਸਭ ਤੋਂ ਪਹਿਲਾਂ ਗੋਲੇ ਨਾਂ ਦਾ ਜ਼ੈਲ ਪਠਾਣ ਆ ਕੇ ਵੱਸਿਆ। ਪਿੰਡ ਦੇ ਪਿਛੋਕੜ ਬਾਰੇ ਪ੍ਰਚਲਤ ਕਹਾਣੀ ਇਸ ਤਰ੍ਹਾਂ ਹੈ ਕਿ ਤਕਰੀਬਨ 500 ਸਾਲ ਪਹਿਲਾਂ ਭਦੌੜ ਵਾਲੇ ਰਾਜੇ ਦੀ ਉੱਥੋਂ ਦੇ ਹਾਕਮ ਭਰਾਵਾਂ ਚੂੜ ਸਿੰਘ ਤੇ ਦਲ ਸਿੰਘ ਨਾਲ ਲੜਾਈ ਹੋ ਗਈ। ਜਿਸ ਕਰਕੇ ਚੂੜ ਸਿੰਘ ਤੇ ਦਲ ਸਿੰਘ ਦੋਹਾਂ ਨੂੰ ਸਾੜ ਦਿੱਤਾ ਗਿਆ। ਜਦੋਂ ਇਸ ਗਲ ਦਾ ਪਤਾ ਲੱਗਾ ਤਾਂ ਉਹਨਾਂ ਦੇ ਹਿਮਾਇਤੀਆਂ ਨੇ ਭਦੌੜ ਵਾਲੇ ਰਾਜੇ ਦੇ ਸਿਪਾਹੀਆਂ ਨੂੰ ਘੇਰਾ ਪਾ ਲਿਆ। ਕਿਹਾ ਜਾਂਦਾ ਹੈ ਕਿ ਉਹਨਾਂ ਕੋਲ ਗੁਰੂ ਜੀ ਦੀ ਬਖਸ਼ਸ਼ ਵਜੋਂ ਉਹਨਾਂ ਦੇ ਸ਼ਸਤਰ ਸਨ ਜਿਨ੍ਹਾਂ ਨੂੰ ਧੂਫ ਦੇ ਕੇ ਉਹਨਾਂ ਅਰਦਾਸ ਕੀਤੀ ਤੇ ਉਹ ਘੇਰੇ ਵਿੱਚੋਂ ਨਿਕਲ ਆਏ ਤੇ ਕੋਟਕਪੂਰੇ ਪਹੁੰਚ ਗਏ। ਫਰੀਦਕੋਟ ਦੇ ਮਹਾਰਾਜੇ ਨੂੰ ਜਦੋਂ ਪਤਾ ਲੱਗਾ ਤਾਂ ਉਸਨੇ ਆਪਣੇ ਅਹਿਲਕਾਰਾਂ ਨੂੰ ਹੁਕਮ ਦਿੱਤਾ ਕਿ ਇਹਨਾਂ ਸਿਪਾਹੀਆਂ ਨੂੰ ਗੋਲੇ ਭੇਜ ਦਿੱਤਾ ਜਾਵੇ ਤਾਂ ਜੋ ਪਠਾਣਾਂ ਨਾਲ ਲੜਕੇ ਆਪੇ ਖਤਮ ਹੋ ਜਾਣਗੇ। ਉੱਥੇ ਜਾ ਕੇ ਪਠਾਣਾਂ ਤੇ ਉਹਨਾਂ ਸਿਪਾਹੀਆਂ ਵਿੱਚ ਕਈ ਲੜਾਈਆਂ ਹੋਈਆਂ। ਇੱਕ ਆਦਮੀ ਜੋ ਪਠਾਣਾਂ ਦੀ ਬੜੀ ਦੇਰ ਤੋਂ ਨੌਕਰੀ ਕਰ ਚੁੱਕਾ ਸੀ, ਨੇ ਦੱਸਿਆ ਕਿ ਪਠਾਣਾਂ ਨੂੰ ਖਤਮ ਕਰਨ ਲਈ ਇਹਨਾਂ ਦੇ ਘੋੜੇ ਮਾਰਨੇ ਚਾਹੀਦੇ ਹਨ। ਬੜੀਆਂ ਲੜਾਈਆਂ ਹੋਈਆਂ ਫੇਰ ਭਦੌੜ ਦੇ ਸਿਪਾਹੀਆਂ ਨੇ ਪਠਾਣਾਂ ਦੀਆਂ ਘੋੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਤਰ੍ਹਾਂ ਇਹ ਲੋਕ ਪਠਾਣਾ ਤੇ ਹਾਵੀ ਹੋ ਗਏ ਤੇ ਇਹਨਾਂ ਨੇ ‘ਗੋਲਾ ਜ਼ੈਲ ਸਿੰਘ’ ਦੇ ਨਾਂ ਤੇ ਪਿੰਡ ‘ਗੋਲੇ ਵਾਲਾ’ ਬੰਨ੍ਹਿਆ। ਇਸ ਪਿੰਡ ਦੇ ਸ. ਤਾਰਾ ਸਿੰਘ ਜੈਤੋਂ ਦੇ ਮੋਰਚੇ ਵਿੱਚ ਸ਼ਹੀਦ ਹੋਏ । ਇਸ ਪਿੰਡ ਦੇ ਜ਼ਿਮੀਦਾਰਾਂ ਨੇ ਪਿੰਡ ਤੋਂ ਬਾਹਰ ਹੋਰ ਸੂਬਿਆਂ ਵਿੱਚ ਬਹੁਤ ਜ਼ਮੀਨ ਖਰੀਦੀ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!