ਘਰਾਂਗਣਾ
ਸਥਿਤੀ :
ਤਹਿਸੀਲ ਮਾਨਸਾ ਦਾ ਪਿੰਡ ਘਰਾਂਗਣਾ, ਮਾਨਸਾ ਸਰਸਾ ਸੜਕ ਤੋਂ 1 ਕਿਲੋਮੀਟਰ ਤੇ ਮਾਨਸਾ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸਵਾ ਚਾਰ ਸੌ ਸਾਲ ਪਹਿਲਾਂ ਨੰਗਲ ਤੋਂ ਆ ਕੇ ਸਿੱਧੂਆਂ ਦੇ ਇੱਕ ਬਜ਼ੁਰਗ ਨੇ ਬੰਨ੍ਹਿਆ ਸੀ। ਇਸ ਪਿੰਡ ਵਿੱਚ ਤਿੰਨ ਪੱਤੀਆਂ ਸਿੱਧੂਆਂ ਦੀਆਂ ਤੇ ਇੱਕ ਲੱਧੜਾ, ਚਹਿਲਾਂ ਦੀ ਸਾਂਝੀ ਪੱਤੀ ਹੈ।
ਇੱਕ ਦੰਦ ਕਥਾ ਅਨੁਸਾਰ ਇਸੇ ਪਿੰਡ ਦੇ ਕੁੱਝ ਵਿਅਕਤੀ ਪਿੰਡ ਜੋਇਆ ਤੋਂ ਲੁੱਟ-ਖੋਹ ਤੇ ਮਾਰਧਾੜ ਲਈ ਮੁਸਲਮਾਨ ਕਜ਼ਾਕਾਂ ਨੂੰ ਸੱਦ ਲਿਆਏ। ਸਿੱਧੂਆਂ ਦਾ ਇੱਕ ਬਜ਼ੁਰਗ ਠਾਕੁਰ ਸਿੰਘ ਆਪਣੇ ਘਰ ਦੇ ਵੱਡੇ ਦਰਵਾਜ਼ੇ ਦੀ ਵਿਚਕਾਰ ਵਾਲੀ ਖਿੜਕੀ ਬੰਦ ਕਰ ਰਿਹਾ ਸੀ ਤਾਂ ਮੁਸਲਿਮ ਕਜ਼ਾਕਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਦਮਤੋੜਦੇ ਠਾਕਰ ਸਿੰਘ ਨੇ ਘਰ ਦੀਆਂ ਇਸਤਰੀਆਂ ਨੂੰ ਰੌਣ ਧੌਣ ਦੀ ਬਜਾਏ ਛੱਤ ਉਪਰੋਂ ਹਮਲਾਵਰਾਂ ਦਾ ਬੰਦੂਕਾਂ ਨਾਲ ਮੁਕਾਬਲਾ ਕਰਨ ਲਈ ਆਦੇਸ਼ ਦਿੱਤਾ। ਇਸਤਰੀਆਂ ਦੇ ਅਜਿਹਾ ਕਰਨ ਤੇ ਮੁਸਲਿਮ ਕਜ਼ਾਕ ਹਾਰ ਗਏ ਤੇ ਝੋਟਾ ਲੈ ਕੇ ਰਾਜ਼ੀਨਾਮਾ ਕਰ ਲਿਆ। ਬਜ਼ੁਰਗ ਦੇ ਆਦੇਸ਼ ਅਨੁਸਾਰ ਉਸਦੀ ਔਲਾਦ ਆਪਣੇ ਘਰ ਦੇ ਵੱਡੇ ਦਰਵਾਜ਼ੇ ਵਿੱਚ ਖਿੜਕੀ ਨਹੀਂ ਰੱਖਦੀ। ਉਸ ਬਜ਼ੁਰਗ ਦੀ ਸਮਾਧ ਤੇ ਹਰ ਸਾਲ ਲੋਹੜੀ ਵਾਲੇ ਦਿਨ ਮੇਲਾ ਲਗਦਾ ਹੈ। ਘਰ ਦੀਆਂ ਇਸਤਰੀਆਂ ਦੇ ਲੜਾਈ ਵਿੱਚ ਹਿੱਸਾ ਲੈਣ ‘ਤੇ ਪਿੰਡ ਦਾ ਨਾਂ ‘ਘਰਾਂਗਣਾ’ ਪੈ ਗਿਆ।
ਇਸ ਪਿੰਡ ਦਾ ਡਾਕੂ ਮੇਹਰ ਸਿੰਘ ਸਾਰੇ ਉੱਤਰ ਭਾਰਤ ਵਿੱਚ ਪ੍ਰਸਿੱਧ ਸੀ। ਉਹ ਚਾਲ ਚੱਲਣ ਦਾ ਬਹੁਤ ਉੱਚਾ ਸੀ ਤੇ ਦਇਆਵਾਨ ਵੀ ਸੀ।
ਪ੍ਰਸਿੱਧ ਸੰਤ ਅਤਰ ਸਿੰਘ ਮਸਤੁਆਣਾ ਦੇ ਉੱਦਮ ਤੇ ਉਪਰਾਲੇ ਸਦਕਾ ਇੱਥੇ ਸ਼ਾਨਦਾਰ ਗੁਰਦੁਆਰਾ ਵੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ