ਘੁੜਕਾ
ਸਥਿਤੀ :
ਤਹਿਸੀਲ ਫਿਲੌਰ ਦਾ ਇਹ ਪਿੰਡ ਘੁੜਕਾ, ਜੰਡਿਆਲਾ-ਗੁਰਾਇਆ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਗੁਰਾਇਆ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਪਿਛੋਕੜ ਸਿੱਖ ਰਾਜ ਵੇਲੇ ਤੋਂ ਸ਼ੁਰੂ ਹੁੰਦਾ ਹੈ। ਇਸ ਤੋਂ ਪਹਿਲਾਂ ਦਾ ਪਿਛੋਕੜ ਕਾਫੀ ਧੁੰਧਲਾ ਹੈ ਜਿਸ ਬਾਰੇ ਪਿੰਡ ਵਾਲਿਆਂ ਵਿਚੋਂ ਕਿਸੇ ਨੂੰ ਕੁਝ ਪਤਾ ਨਹੀਂ ਹੈ। ਸਿੱਖਾਂ ਦੇ ਰਾਜ ਵੇਲੇ ਇਹ ਥਾਂ ਕਿਸੇ ਯੋਧੇ ਨੂੰ ਮਾਰੂਸੀ ਮਿਲੀ ਸੀ ਅਰਥਾਤ ਉਹ ਇਸ ਜਗੀਰ ਦਾ ਮਾਲਕ ਨਹੀਂ ਸੀ ਸਿਰਫ ਵਾਹ ਖਾਹ ਸਕਦਾ ਸੀ। ਉਸਦੇ ਕੋਲ ਇੱਥੇ ਇੱਕ ਬਹੁਤ ਵੱਡਾ ਘੋੜਿਆਂ ਦਾ ਤਬੇਲਾ ਸੀ ਜਿਸ ਕਰਕੇ ਪਿੰਡ ਦਾ ਨਾਂ ‘ਘੋੜਕਾ ਤੇ ਫੇਰਾ ਘੁੜਕਾ’ ਪੈ ਗਿਆ।
ਪਿੰਡ ਦੇ ਬਾਹਰ ਇੱਕ ਜਗ੍ਹਾ ਹੈ ਲਾਲੋ ਭੀਲੇ ਦੀ। ਲਾਲੋ ਭੀਲੋ ਜੱਖੂ ਗੋਤ ਵਾਲੇ ਰਾਮਗੜ੍ਹੀਏ ਦੇ ਵੱਡੇ ਵਡੇਰੇ ਸਨ। ਇਸ ਕਰਕੇ ਇਸ ਥਾਂ ਹਰ ਵਿਸਾਖੀ ਵਾਲੇ ਦਿਨ ਜੱਖੂ ਗੋਤ ਵਾਲਿਆਂ ਦਾ ਬੜਾ ਮੇਲਾ ਲੱਗਦਾ ਹੈ। ਇਸ ਪਿੰਡ ਵਿੱਚ ਜੌਹਲ, ਘੋੜੇਵਾਹ, ਸੰਧੂ, ਕੁਨਰ ਗੋਤਾਂ ਦੇ ਲੋਕ ਰਹਿੰਦੇ ਹਨ। ਇੱਥੇ ਹਰੀਜਨ ਮੱਹਲੇ ਵੀ ਹਨ। ਕਈ ਲੋਕਾਂ ਦਾ ਖਿਆਲ ਹੈ ਕਿ ਰਹਿਣ ਵਾਲੇ ਘੋੜੇਵਾਹ ਗੋਤ ਤੋਂ ਪਿੰਡਾ ਦਾ ਨਾਂ ਘੁੜਕਾ ਪਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ