ਘੋਲੀਆਂ ਕਲਾਂ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਇਹ ਪਿੰਡ ਘੋਲੀਆਂ ਕਲਾਂ, ਮੋਗਾ – ਚੜਿਕ – ਬਰਨਾਲਾ ਸੜਕ ਤੇ ਸਥਿਤ ਹੈ ਤੇ ਰੇਲਵੇ ਸਟੇਸ਼ਨ ਮੋਗਾ ਤੋਂ 40 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਮੁੱਢ ਬੰਨ੍ਹਣ ਬਾਰੇ ਪਿੰਡ ਵਿੱਚ ਪ੍ਰਚਲਤ ਹੈ ਕਿ ਪਿੰਡ ਚੜਿਕ ਦੇ ‘ਘੋਲੂ* ਨਾਮੀ ਗੁੱਜਰ ਨੇ ਇਹ ਪਿੰਡ ਵਸਾਇਆ ਜਿਸ ਤੋਂ ਇਸ ਦਾ ਨਾਂ ‘ਘੋਲੀਆਂ’ ਪੈ ਗਿਆ। ਥੋੜ੍ਹੀ ਦੂਰ ਘੋਲੀਆਂ ਛੋਟਾ ਵੱਸ ਗਿਆ ਤੇ ਇਸਦਾ ਨਾਂ ‘ਘੋਲੀਆਂ ਕਲਾਂ’ ਪੈ ਗਿਆ। ਪੁਰਾਣੇ ਬਜ਼ੁਰਗ ਇਸ ਨੂੰ ਘੋਲੀਆਂ ਚੁਬਾਰਾ ਵੀ ਕਹਿੰਦੇ ਹਨ। ਇਹ ਪਿੰਡ ਤਕਰੀਬਨ ਚਾਰ ਸਦੀਆਂ ਤੋਂ ਵੀ ਜ਼ਿਆਦਾ ਪੁਰਾਣਾ ਹੈ। ਪਿੰਡ ਫੂਲੇਵਾਲਾ ਇਸੇ ਪਿੰਡ ਦੀ ਹੀ ਇੱਕ ਪੱਤੀ ਫੁਲਾਂ ਤੋਂ ਬੱਝਾ ਹੈ, ਪਿੰਡ ਦੇ ਲੋਕਾਂ ਦੀਆਂ ਜ਼ਮੀਨਾਂ ਦੋਹਾਂ ਪਿੰਡਾਂ ਵਿੱਚ ਹਨ। ਪਿੰਡ ਦੀ ਬਹੁਤੀ ਵਸੋਂ ਗਿੱਲ ਗੋਤ ਦੇ ਜੱਟਾਂ ਦੀ ਹੈ। ਆਸੇ ਪਾਸੇ ਸਾਰੇ ਗਿੱਲਾਂ ਦੇ ਪਿੰਡ ਹਨ, ਰਵੀਦਾਸੀਆਂ ਤੇ ਹਰੀਜਨਾਂ ਦੀ ਵੀ ਕਾਫੀ ਵਸੋਂ ਹੈ।
ਇੱਥੋਂ ਦੇ ਬਜ਼ੁਰਗ ਸੁੱਖਾ ਸਿੰਘ ਤੇ ਸੁਹੇਲ ਸਿੰਘ ਮੁੱਦਕੀ ਦੀ ਲੜਾਈ ਵਿੱਚ ਆਪਣੇ ਘੋੜ ਸਵਾਰ ਸਾਥੀਆਂ ਸਮੇਤ ਸ਼ਹਾਦਤ ਪਾ ਗਏ ਸਨ। ਗਦਰੀ ਦੇਸ਼ ਭਗਤ ਬਾਬਾ ਰਤਨ ਸਿੰਘ ਅਮਰੀਕਾ ਵਿੱਚ ਆਪਣੀ ਸਾਰੀ ਜਾਇਦਾਦ ਗਦਰ ਪਾਰਟੀ ਦੀ ਭੇਟਾ ਕਰਕੇ ਆਪ ਆਜ਼ਾਦੀ ਦੀ ਲੜਾਈ ਵਿੱਚ ਜੁੱਟ ਗਿਆ ਸੀ। ਅੰਗਰੇਜ਼ ਸਰਕਾਰ ਨੇ ਇੱਥੇ ਵੀ ਸਾਰਾ ਘਰ ਅਤੇ ਜਾਇਦਾਦ ਕੁਰਕ ਕਰ ਲਿਆ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ