ਘੱਲ ਕਲਾਂ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਘੱਲ ਕਲਾਂ, ਮੋਗਾ – ਫਿਰੋਜ਼ਪੁਰ ਸੜਕ ਤੋਂ 1 ਕਿਲੋਮੀਟਰ ਦੂਰ ਸਥਿਤ ਹੈ, ਰੇਲਵੇ ਸਟੇਸ਼ਨ ਘੱਲ ਕਲਾਂ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਪੋਣੇ ਚਾਰ ਸੌ ਸਾਲ ਪਹਿਲਾਂ ‘ਗੈਹਲਾ’ ਨਾਮੀ ਡੋਗਰ ਨੇ ਬੰਨ੍ਹਿਆ ਸੀ। ਉਸ ਸਮੇਂ ਈਸੇ ਖਾਂ ਮੰਝ ਰਾਜਪੂਤ ਕੋਟ ਈਸੇ ਖਾਂ ਦਾ ਹਾਕਮ ਸੀ। ਉਸ ਸਮੇਂ ਸਿੱਧੂ, ਸੰਧੂ, ਧਾਲੀਵਾਲ ਤੇ ਗਰੇਵਾਲ ਜੱਟਾਂ ਦਾ ਇੱਕ ਵਹੀਰ ਜੋਧਪੁਰ ਤੇ ਜੈਪੁਰ ਤੋਂ ਉੱਠ ਕੇ ਬਠਿੰਡੇ ਪੁੱਜਾ ਅਤੇ ਰਾਜੇ ਆਣੇ ਹੁੰਦਾ ਹੋਇਆ ਗੈਰ ਆਬਾਦ ਜੰਗਲ ਵਿੱਚ ਪਿੰਡ ਵਾਲੀ ਥੇਹ ਦੇ ਕੋਲ ਗੈਹਲੋ ਡੋਗਰ ਪਾਸ ਆ ਕੇ ਠਹਿਰਿਆ। ਗੈਹਲੋ ਡੋਗਰ ਨੇ ਵਹੀਰ ਦੇ ਸਰਦਾਰਾਂ ਨਾਲ ਸਲਾਹ ਕਰਕੇ ਕਰੀਰ ਦੀ ਮੋਹੜੀ ‘ਘੱਲ’ ਨਾਮੀ ਥੇਹ ਤੇ ਗੱਡੀ। ਵਹੀਰ ਦੇ ਸਰਦਾਰਾਂ ਬਬੋਲ ਤੇ ਚੰਦੂ ਗਿੱਲ ਨੇ ਆਪਣੇ ਸੰਧੂ, ਧਾਲੀਵਾਲ, ਸਿੱਧੂ, ਵਿਰਕ ਤੇ ਗਰੇਵਾਲ ਸਾਥੀਆਂ ਨਾਲ ਉਸ ਵੇਲੇ ਦੇ ਹਾਕਮ ਈਸੇ ਖਾਂ ਤੋਂ ਆਗਿਆ ਲੈ ਕੇ ਗੈਰ ਆਬਾਦ ਜੰਗਲ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਪਿੰਡ ਦਾ ਨਾਂ ਢਾਬਵਾਲੀ ਥੇਹ ਦੇ ਨਾਂ ਤੇ ਹੀ ‘ਘੱਲ’ ਰੱਖ ਦਿੱਤਾ। ਪਿੰਡ ਦੀ ਮੈਹਰ ਪੱਤੀ ਵਿੱਚ ਬਬੋਲ ਗਿੱਲ ਦੀ ਔਲਾਦ ਵਸਦੀ ਹੈ ਅਤੇ ਦੰਦੂ ਪੱਤੀ ਤੇ ਦੰਦੂ ਗਿੱਲ ਦੀ ਔਲਾਦ ਵੱਸਦੀ ਹੈ। ਕਹਿੰਦੇ ਹਨ ਇਸ ਪਿੰਡ ਵਿਚੋਂ ਨਿਕਲ ਕੇ 25 ਪਿੰਡ ਬੱਝੇ। ਪਿੰਡ ਦੇ ਬਹੁਤੇ ਲੋਕ ਗਿੱਲ ਗੋਤ ਦੇ ਹਨ। ਇਸ ਤੋਂ ਇਲਾਵਾ ਕੁਝ ਘਰ ਬਰਾੜ, ਸੰਧੂ, ਧਾਲੀਵਾਲ, ਤੇ ਵਿਰਕ ਗੋਤ ਦੇ ਵੀ ਹਨ। ਪਿੰਡ ਦੇ ਕਾਫੀ ਲੋਕ ਬਾਹਰਲੇ ਮੁਲਕਾਂ ਵਿੱਚ ਗਏ ਹੋਏ ਹਨ।
ਪਿੰਡ ਦੇ ਪੱਛਮ ਵੱਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸਕ ਗੁਰਦੁਆਰਾ ਸੁਸ਼ੋਭਿਤ ਹੈ। ਪਿੰਡ ਦੇ ਲੋਕਾਂ ਦੇ ਅਨੁਸਾਰ ਗੁਰੂ ਜੀ ਡਰੋਲੀ ਭਾਈ ਤੋਂ ਹੁੰਦੇ ਹੋਏ ਇੱਥੇ ਕੁਝ ਸਮਾਂ ਠਹਿਰੇ ਸਨ। ਬਾਬਾ ਭੂਸ਼ ਦੀ ਸਮਾਧ ਪਿੰਡ ਦੇ ਦੱਖਣ ਪੂਰਬ ਵਾਲੇ ਪਾਸੇ ਸਥਿਤ ਹੈ ਜਿੱਥੇ ਲੋਕ ਹਲਕੇ ਕੁੱਤੇ ਦੇ ਕੱਟੇ ਇਨਸਾਨਾਂ ਦਾ ਇਲਾਜ ਕਰਦੇ ਹਨ। ਪਿੰਡ ਦੇ ਪੱਛਮ ਵੱਲ ਸਹਿੰਸੀਆਂ ਦੀ ਮੱਟੀ ਹੈ ਜਿੱਥੇ ਹਰ ਐਤਵਾਰ ਸੋਕੜੇ ਦੀ ਬਿਮਾਰੀ ਵਾਲੇ ਰੋਗੀ ਸੁੱਖਾਂ ਪੂਰਦੇ ग्ठ।
ਪਿੰਡ ਦੇ ਪ੍ਰਸਿੱਧ ਵਿਅਕਤੀਆਂ ਵਿਚੋਂ ਬਾਬਾ ਸੁੰਦਰ ਸਿੰਘ ਵਿਰਕ ਸਨ ਜੋ ਗਦਰ ਪਾਰਟੀ ਦੇ ਮੈਂਬਰ ਤੇ ਅਖਬਾਰ ਦੇ ਸੰਪਾਦਕ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ