ਚਕਰ
ਸਥਿਤੀ :
ਤਹਿਸੀਲ ਜਗਰਾਉਂ ਦਾ ਪਿੰਡ ਚਕਰ, ਜਗਰਾਉਂ – ਹਠੂਰ ਸੜਕ ਤੋਂ 5 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਜਗਰਾਉਂ ਤੋਂ 20 ਕਿਲੋਮੀਟਰ ਦੂਰ ਹੈ। ਜ਼ਿਲ੍ਹਾ ਮੋਗਾ ਤੇ ਲੁਧਿਆਣੇ ਦੀ ਹੱਦ ਤੇ ਪਿੰਡ ਚਕਰ ਹੈ ਜੋ ਮੋਗੇ ਤੋਂ 18 ਮੀਲ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਇਸ ਪਿੰਡ ਦਾ ਪਹਿਲਾ ਨਾਂ ਚੱਕ ਕੋਤਵਾਲ ਸੀ ਅਤੇ ਇਸ ਪਿੰਡ ਦੀ ਜ਼ਮੀਨ ਰਾਇਕੋਟੀਏ ਰਾਇ ਕੱਲੇ ਦੀ ਮਲਕੀਅਤ ਹੁੰਦੀ ਸੀ। ਹਠੂਰ ਰਹਿੰਦਾ ਕੋਤਵਾਲ ਇਸਦੀ ਨਿਗਰਾਨੀ ਕਰਦਾ ਸੀ, ਉਦੋਂ ਇੱਥੇ ਜੰਗਲ ਹੀ ਜੰਗਲ ਸੀ ਤੇ ਡੰਗਰ ਚਰਦੇ ਸਨ ਅਤੇ ਪਿੰਡ ਵਿੱਚ ਕੋਤਵਾਲ ਦਾ ਵਾੜਾ ਹੁੰਦਾ ਸੀ ਜਿੱਥੇ ਰਾਤ ਨੂੰ ਡੰਗਰਾਂ ਨੂੰ ਜੰਗਲੀ ਜਾਨਵਰਾਂ ਦੇ ਡਰੋਂ ਬੰਦ ਕਰ ਦਿੱਤਾ ਜਾਂਦਾ ਸੀ। ਪਿੰਡ ਦੇ ਚਾਰੋ ਪਾਸੇ ਚਾਰ ਥੇਹਾਂ ਤੇ ਥੋੜੀ ਥੋੜੀ ਵਸੋਂ ਸੀ। ਉਸ ਵੇਲੇ ਲੁਟੇਰਿਆਂ ਦੇ ਡਰ ਤੋਂ ਚਾਰੇ ਥੇਹਾਂ ਦੇ ਲੋਕਾਂ ਨੇ ਕੋਤਵਾਲ ਦੇ ਵਾੜੇ ਦੇ ਚਾਰ ਚੁਫੇਰੇ ਚੱਕਰ ਮਾਰ ਕੇ ਚਾਰ ਢਾਣੀਆਂ ਬਣਾ ਲਈਆਂ ਤੇ ਵੱਸ ਗਏ। ਪਿੰਡ ਦਾ ਨਾਂ ਚੱਕਰ ਰੱਖ ਦਿੱਤਾ ਗਿਆ।
ਪਿੰਡ ਦੇ ਨਾਲ ਇੱਕ ਛੰਭ ਹੁੰਦਾ ਸੀ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਲੋਪੋ ਆਏ ਤਾਂ ਉਹਨਾਂ ਦਾ ਬਾਜ ਇਸੇ ਛੰਭ ਤੇ ਪਾਣੀ ਪੀਣ ਉਤਰਿਆ। ਬਾਜ ਦੇ ਪਿੱਛੇ ਗੁਰੂ ਜੀ ਵੀ ਇੱਥੇ ਆਏ ਤੇ ਕੁਝ ਦੇਰ ਵਿਸ਼ਰਾਮ ਕੀਤਾ। ਗੁਰੂ ਗੋਬਿੰਦ ਸਿੰਘ ਜੀ ਵੀ ਇਸ ਜਗ੍ਹਾ ਤੇ ਠਹਿਰੇ। ਇੱਥੋਂ ਪੰਜ-ਛੇ ਮੀਲ ਪਿੱਛੇ ਲੰਮਿਆਂ ਵਿੱਚ ਗੁਰੂ ਜੀ ਨੂੰ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਲੱਗਾ ਸੀ। ਸਰਬੰਸ ਵਾਰ ਕੇ ਉਹ ਇਕੱਲੇ ਇਸ ਪਿੰਡ ਵਿੱਚ ਆਏ ਤੇ ਰਾਤ ਰਹਿ ਕੇ ਤਖਤੂਪੂਰੇ ਚਲੇ ਗਏ। ਇਸ ਜਗ੍ਹਾ ਤੇ ਗੁਰਦੁਆਰਾ ਸ਼ਸੋਭਿਤ ਹੈ।
ਮੁਗਲ ਰਾਜ ਦਾ ਜੋਰ ਜ਼ੁਲਮ ਮੱਠਾ ਪਿਆ ਤਾਂ ਗੁਰੂ ਦੇ ਸਿੰਘਾਂ ਨੇ ਜ਼ਮੀਨਾਂ ਤੇ ਕਬਜ਼ਾ ਕਰਨਾ ਸ਼ੁਰੂ ਕੀਤਾ। ਇਹ ਪਿੰਡ ਆਹਲੂਵਾਲੀਆ ਮਿਸਲ ਦੇ ਕਬਜ਼ੇ ਵਿੱਚ ਆ ਗਿਆ। ਮਿਸਲ ਦੇ ਸਰਦਾਰਾਂ ਨੇ ਇਸ ਦੀ ਹੱਦ ਬੰਦੀ ਕੀਤੀ । ਸਾਰੀ ਜ਼ਮੀਨ ਨੂੰ 84. ਹਲਾਂ ਵਿੱਚ ਵੰਡਿਆ ਗਿਆ। 21. ਹਲਾਂ ਦਾ ਇੱਕ ਅਗਵਾੜ ਬਣਿਆ। ਚਾਰਾਂ ਅਗਵਾੜਾਂ ਨੇ ਇੱਕ ਇੱਕ ਹੱਲ ਦੀ ਜ਼ਮੀਨ ਪੁੰਨ ਕਰਕੇ ਧਰਮ ਕਰਮ ਲਈ ਆਪੋ ਆਪਣੇ ਸਾਧ ਤੇ ਬਾਵੇ ਲਿਆਂਦੇ। ਲੋਕਾਂ ਨੇ ਆਪਣੇ ਗੋਤੀ ਰਿਸ਼ਤੇਦਾਰਾਂ ਨੂੰ ਵਸਾਇਆ। ਇਸ ਪਿੰਡ ਦੇ ਵਾਸੀਆਂ ਨੇ ਸੁਤੰਤਰਤਾ ਸੰਗਰਾਮ, ਜੈਤੋਂ ਦੇ ਮੋਰਚੇ ਸਮੇਂ ਸ਼ਹੀਦੀਆਂ ਪਾਈਆਂ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ