ਚਣਕੋਆ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਚਣਕੋਆ, ਗੜ੍ਹਸ਼ੰਕਰ – ਬਲਾਚੌਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 19 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਇਸ ਇਲਾਕੇ ਦਾ ਸਭ ਤੋਂ ਪੁਰਾਣਾ ਪਿੰਡ ਹੈ ਜਿਸ ਨੇ ਬਹੁਤ ਘਲੂਘਾਰੇ ਵੇਖੇ ਹਨ। ਰਾਹੋਂ ਤੋਂ ਭੱਦੀ ਤੱਕ ਰਾਜਾ ਚਣਾਕਾ ਦਾ ਰਾਜ ਸੀ ਜਿਸ ਦੀ ਰਾਜਧਾਨੀ ਚਰਾਣ ਹੁੰਦੀ ਸੀ। ਚਰਾਣ ਨਾਮ ਦਾ ਇੱਕ ਉੱਚਾ ਥੇਹ ਇਸ ਦਾ ਸਬੂਤ ਹੈ। ਇਸ ਜਗ੍ਹਾ ਦਾ ਬ੍ਰਾਹਮਣ ਰਾਜਾ ਚਣਾਕਾ ਦਾ ਵਜ਼ੀਰ ਸੀ ਜਿਸ ਨੇ ਆਪਣੇ ਬਾਦਸ਼ਾਹ ਦੇ ਨਾਂ ‘ਤੇ ਇਸ ਪਿੰਡ ਦਾ ਨਾਂ ‘ਚਣਕੋਆ’ ਰੱਖਿਆ।
ਹਿੰਦੂਆਂ ਦਾ ਇਹ ਪਿੰਡ ਅਬਦਾਲੀ ਦੇ ਜ਼ੁਲਮ ਦਾ ਸ਼ਿਕਾਰ ਹੋਇਆ। ਔਰੰਗਜ਼ੇਬ ਦੇ ਸਮੇਂ ਇੱਥੋਂ ਦੇ ਬਹੁਤ ਸਾਰੇ ਰਾਜਪੂਤ ਹਿੰਦੂ ਮੁਸਲਮਾਨ ਬਣ ਗਏ। ਪ੍ਰਸਿੱਧ ਮੁਸਲਮਾਨ ਸਖਸ਼ੀਅਤਾਂ ਦੀਆਂ ਪਿੰਡ ਵਿੱਚ ਪੰਜ ਕੋਠੀਆਂ ਮੌਜੂਦ ਹਨ। ਪਿੰਡ ਵਿੱਚ ਦੋ ਮਸੀਤਾਂ ਸੁੰਨੀ ਤੇ ਸ਼ੀਆ ਮੁਸਲਮਾਨਾਂ ਦੇ ਪਿੰਡ ਵਿੱਚ ਹੋਣ ਦਾ ਸਬੂਤ ਹਨ। ਸੰਨ 1947 ਵਿੱਚ ਇੱਥੇ ਰੁੜਕੀ ਮੁਗ਼ਲਾਂ, ਖਰੋੜ, ਭੰਨੂੰ, ਰੁੜਕੀ ਕਲਾਂ, ਕਰਾਵਰ ਅਤੇ ਭੱਦੀ ਤੱਕ ਦੇ ਕੋਈ ਪੰਜਾਹ ਹਜ਼ਾਰ ਦੇ ਲਗਭਗ ਮੁਸਲਮਾਨ ਇੱਕਠੇ ਹੋ ਗਏ ਸਨ। ਹਿੰਦੂ ਸਿੱਖ ਲੋਕ ਉਹਨਾਂ ਤੋਂ ਸਹਿਮ ਗਏ। ਸਨ। ਅਗਸਤ 1947 ਵਿੱਚ ਇੱਥੇ ਹਿੰਦੂ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਕਈ ਦਿਨ ਜੰਮ ਕੇ ਲੜਾਈ ਹੋਈ। 2500 ਦੇ ਲਗਭਗ ਮੁਸਲਮਾਨ ਔਰਤਾਂ ਬੱਚੇ ਜਾਂ ਤਾਂ ਕਤਲ ਕਰ ਦਿੱਤੇ ਗਏ ਜਾਂ ਜਿਉਂਦੇ ਅੱਗ ਵਿੱਚ ਸਾੜ ਦਿੱਤੇ ਗਏ। ਇਸ ਪਿੰਡ ਵਿੱਚ ਹੁਣ ਜੱਟ, ਹਰੀਜਨ, ਬਾਲਮੀਕੀ, ਤਰਖਾਣ, ਲੁਹਾਰ, ਘੁਮਿਆਰ, ਦਰਜੀ, ਖੱਤਰੀ ਅਤੇ ਮਹਿਤੇ ਰਾਜਪੂਤਾਂ ਦਾ ਸੁਮੇਲ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ