ਚਪੜ
ਤਹਿਸੀਲ ਰਾਜਪੁਰਾ ਦਾ ਪਿੰਡ ਚਪੜ, ਪਟਿਆਲਾ-ਘਨੌਰ ਸੜਕ ਤੋਂ । ਕਿਲੋਮੀਟਰ ਤੇ ਰੇਲਵੇ ਸਟੇਸ਼ਨ ਦੌਣ ਕਲਾਂ ਤੋਂ 9 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਜਦੋਂ ਬਾਹਰਵੀਂ ਸਦੀ ਵਿੱਚ ਮੁਹੰਮਦ ਗੌਰੀ ਨੇ ਭਾਰਤ ਤੇ ਹਮਲੇ ਕੀਤੇ ਅਤੇ ਦਿੱਲੀ ਤੇ ਕਬਜ਼ਾ ਕਰਨ ਲਈ ਜਾਣ ਦੀ ਤਿਆਰੀ ਵਿੱਚ ਰਾਹ ਵਿੱਚ ਆਉਣ ਵਾਲੇ ਨਗਰਾਂ ਤੇ ਹਮਲਾ ਕੀਤਾ, ਉਸ ਸਮੇਂ ਇਹ ਨਗਰ ਗੌਰੀ ਦੀਆਂ ਫੌਜਾਂ ਦੀ ਕੌੜੀ ਨਿਗਾਹ ਦਾ ਨਿਸ਼ਾਨਾ ਬਣਿਆ ਸੀ ਉਦੋਂ ਇਹ ਪਿੰਡ ਵੱਡਾ ਨਗਰ ਹੁੰਦਾ ਸੀ ਜਿਸ ਦਾ ਨਾਂ ਚਪੜਾਉਣ ਸੀ। ਇਸ ਪਿੰਡ ਦੇ ਬਾਹਰ ਇੱਕ ਵੱਡਾ ਤਲਾਅ ਹੈ ਜਿਸ ‘ਤੇ ਇਸਤਰੀਆਂ ਤੇ ਪੁਰਸ਼ਾਂ ਦੇ ਨਹਾਉਣ ਲਈ ਵੱਖ-ਵੱਖ ਘਾਟ ਬਣੇ ਹੋਏ ਹਨ ਜੋ ਅੱਜ ਵੀ ਟੁੱਟੀ-ਫੁੱਟੀ ਹਾਲਤ ਵਿੱਚ ਮੌਜੂਦ ਹਨ। ਸ਼ਹਿਰ ਦੇ ਚਾਰ ਦਰਵਾਜ਼ੇ ਸਨ ਜਿਨ੍ਹਾਂ ਵਿੱਚੋਂ ਇੱਕ ਹੀ ਦਰਵਾਜ਼ਾ ਬਾਕੀ ਹੈ। ਕਿਹਾ ਜਾਂਦਾ ਹੈ ਕਿ ਜਦੋਂ ਗੌਰੀ ਦੀਆਂ ਫੌਜਾਂ ਇਸ ਸ਼ਹਿਰ ‘ਤੇ ਹਮਲਾ ਕਰਨ ਲਈ ਅੱਗੇ ਵਧੀਆਂ ਤਾਂ ਇੱਥੋਂ ਦੇ ਇੱਕ ਲੁਹਾਰ ਭੁੱਟਾ ਨੇ ਬੜੀ ਚਤੁਰਾਈ ਨਾਲ ਲੁਹਾਰੀ ਔਜ਼ਾਰ ਚਪਰਾਉਣੀ ਮਾਰ ਕੇ ਫੌਜ ਦੇ ਜਰਨੈਲ ਦੀ ਹਥਣੀ ਨੂੰ ਮਾਰ ਦਿੱਤਾ ਜਿਸ ਤੋਂ ਹਮਲਾਵਰ ਘਬਰਾ ਕੇ ਪਿੱਛੇ ਹੀ ਮੁੜ ਗਏ ਤੇ ਸ਼ਹਿਰ ‘ਤੇ ਹਮਲਾ ਕਰਨ ਤੋਂ ਬਿਨਾਂ ਹੀ ਅੱਗੇ ਲੰਘ ਗਏ। ਉਸੇ ਚਪਰਾਉਣੀ ਦੇ ਨਾਂ ‘ਤੇ ਇਸ ਦਾ ਨਾਂ ‘ਚਪਰ’ ਜਾਂ ‘ਚਪੜ’ ਪੈ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ