ਚੋਹਲਾ ਸਾਹਿਬ
ਤਹਿਸੀਲ ਤਰਨਤਾਰਨ ਦਾ ਪਿੰਡ ਚੋਹਲਾ ਸਾਹਿਬ ਤਰਨਤਾਰਨ-ਚੋਹਲਾ ਸਾਹਿਬ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 22 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਪਹਿਲਾਂ ਨਾਂ ਭੈਣੀ ਸੀ। ਗੁਰੂ ਅਰਜਨ ਦੇਵ ਜੀ 1654 ਈ. ਵਿੱਚ ਅੰਮ੍ਰਿਤਸਰ ਤੋਂ ਚਲ ਕੇ ਤਰਨਤਾਰਨ ਤੋਂ ਹੁੰਦੇ ਹੋਏ ਸਰਹਾਲੀ ਪਹੁੰਚੇ। ਬੇਸ਼ੁਮਾਰ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਆਉਂਣੀਆਂ ਸ਼ੁਰੂ ਹੋ ਗਈਆਂ। ਉਥੋਂ ਦੇ ਕੰਨ ਪਾਟੇ ਜੋਗੀ ਕੁਝ ਔਖੇ ਹੋ ਗਏ ਕਿਉਂਕਿ ਉਹਨਾਂ ਦਾ ਉੱਥੇ ਡੇਰਾ ਸੀ। ਗੁਰੂ ਜੀ ਉਥੋਂ ਭੈਣੀ ਵੱਲ ਚਲੇ ਗਏ। ਉਹਨਾਂ ਨਾਲ ਮਾਤਾ ਗੰਗਾ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਵੀ ਸਨ। ਪਿੰਡ ਭੈਣੀ ਦੀ ਇੱਕ ਨੰਬਰਦਾਰਨੀ ਨੇ ਗੁਰੂ ਜੀ ਦੀ ਰਿਹਾਇਸ਼ ਲਈ ਇੱਕ ਕੋਠੜੀ ਦੇ ਦਿੱਤੀ ਜਿੱਥੇ ਅਜ ਕਲ ਗੁਰਦੁਆਰਾ ‘ਗੁਰੂ ਕੀ ਕੋਠੜੀ’ ਹੈ। ਇੱਕ ਦਿਨ ਗੁਰੂ ਜੀ ਭਜਨ ਬੰਦਗੀ ਕਰ ਰਹੇ ਸਨ ਤਾਂ ਨੰਬਰਦਾਰਨੀ ਪਿੱਤਲ ਦੀ ਬਾਟੀ ਵਿੱਚ ਘਿਉ ਸ਼ੱਕਰ ਦੀ ਚੂਰੀ ਲੈ ਕੇ ਆਈ ਅਤੇ ਗੁਰੂ ਜੀ ਅੱਗੇ ਸ਼ਰਧਾ ਨਾਲ ਰੱਖੀ। ਜਦੋਂ ਗੁਰੂ ਜੀ ਨੇ ਉਪਰੋਂ ਰੁਮਾਲ ਲਾਹਿਆ ਤਾਂ ਉਹ ਬਹੁਤ ਪ੍ਰਸੰਨ ਹੋਏ ਤੇ ਬੋਲੇ ‘ਮਾਈ ਤਾਂ ਸਾਡੇ ਵਾਸਤੇ ਚੋਹਲਾ ਬਣਾ ਕੇ ਲਿਆਈ ਹੈ। ‘ ਇਸ ਲਈ ਇਹ ਪਿੰਡ ਭੈਣੀ ਦੀ ਥਾਂ ਚੋਹਲਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ। ਪਿੰਡ ਚੋਹਲਾ ਸਾਹਿਬ ਵਿਖੇ ਹੁਣ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਬਹੁਤ ਵੱਡਾ ਗੁਰਦੁਆਰਾ ਤੇ ਸਰੋਵਰ ਹੈ। ਇਸ ਦੇ ਨਾਲ ਇੱਕ ਹੋਰ ਗੁਰਦੁਆਰਾ ਹੈ ਜਿੱਥੇ ਮਾਤਾ ਗੰਗਾ ਜੀ ਅਤੇ ਬਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਨਿਵਾਸ ਰਖਿਆ ਕਰਦੇ ਸਨ। ਚੋਹਲਾ ਸਾਹਿਬ ਦੇ ਦੂਸਰੇ ਪਾਸੇ ਬਾਬਾ ਅਦਲੀ ਜੀ ਦਾ ਗੁਰਦੁਆਰਾ ਹੈ ਜਿੱਥੇ ਬਾਬਾ ਬਿੱਧੀ ਚੰਦ ਮੱਝਾਂ ਚੁਰਾ ਕੇ ਲਿਆਏ ਸਨ ਅਤੇ ਬਾਬਾ ਅਦਲੀ ਜੀ ਨੇ ਉਹਨਾਂ ਨੂੰ ਬਚਾਇਆ ਸੀ ਅਤੇ ਬਾਅਦ ਵਿੱਚ ਉਪਦੇਸ਼ ਦੇ ਕੇ ਉਨ੍ਹਾਂ ਦੇ ਜੀਵਨ ਨੂੰ ਸਵਾਰਿਆ ਸੀ। ਪਿੰਡ ਵਿੱਚ ਬਾਬਾ ਸਾਹੂ ਸ਼ਾਹ ਦਾ ਮਕਬਰ ਹੈ ਜਿੱਥੇ ਪਿੰਡ ਵਾਸੀ ਹਰ ਵੀਰਵਾਰ ਚਰਾਗ ਬਾਲਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ