ਚੌਗਾਵਾਂ ਕੂਕਿਆਂ
ਸਥਿਤੀ :
ਤਹਿਸੀਲ ਅਜਨਾਲਾ ਦਾ ਪਿੰਡ ਚੌਗਾਵਾਂ ਕੂਕਿਆ, ਚੌਗਾਵਾਂ-ਅੰਮ੍ਰਿਤਸਰ ਸੜਕ ਤੇ ਸਥਿਤ ਅੰਮ੍ਰਿਤਸਰ ਤੋਂ 32 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਰਾਜਸਥਾਨ ਦੇ ਨੇੜਿਓਂ ਮਾਲਵਾ ਵਿਚੋਂ ਬਾਠ ਜੱਟ ਉਪਜੀਵਕਾ ਲਈ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲਿਆਂ ਵਿੱਚ ਵੱਖ ਵੱਖ 12 ਪਿੰਡ ਬਣਾ ਕੇ ਵੱਸ ਗਏ। ਉਹਨਾਂ ਵਿੱਚ ਚਾਰ ਪਿੰਡਾਂ ਦੇ ਕੁਝ ਵਸਨੀਕ ਇਸ ਪਿੰਡ ਵਾਲੀ ਜਗ੍ਹਾ ਤੇ ਆ ਕੇ ਵੱਸ ਗਏ। ਚਾਰ ਪਿੰਡ ਦੀ ਵਸੋਂ ਦਾ ਸਮੂਹ ਹੋਣ ਕਰਕੇ ਪਿੰਡ ਦਾ ਨਾਂ ਚੌਗਾਵਾਂ ਪੈ ਗਿਆ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਿੰਨ ਚੌਗਾਵਾਂ ਪਿੰਡ ਹਨ। ਇਹ ਨਾਮਧਾਰੀਆਂ ਦਾ ਪਿੰਡ ਹੋਣ ਕਰਕੇ ‘ਚੌਗਾਵਾਂ ਕੂਕਿਆਂ’ ਕਿਹਾ ਜਾਂਦਾ ਹੈ।
ਪਿੰਡ ਵਿੱਚ ਜ਼ਿਆਦਾ ਗਿਣਤੀ ਬਾਠ ਜੱਟਾਂ ਦੀ ਹੈ ਜੋ ਗੰਗਾਨਗਰ ਤੋ ਆਏ ਹਨ, ਮਜ਼੍ਹਬੀ ਸਿੱਖ ਸਹਿਕਾਰੀ ਜਾਤੀਆਂ ਵਿਚੋਂ ਹਨ। ਕੁਝ ਘਰ ਬ੍ਰਾਹਮਣ ਤੇ ਖਤਰੀਆਂ ਦੇ ਹਨ। ਇੱਥੋਂ ਦੇ ਸਾਰੇ ਸਿੱਖ ਨਾਮਧਾਰੀ ਸਤਿਗੁਰੂ ਰਾਮ ਸਿੰਘ ਦੇ ਪੈਰੋਕਾਰ ਹਨ ਅਤੇ ਗੈਰ ਸਿੱਖ ਵੀ ਬੜੇ ਸ਼ਰਧਾਲੂ ਹਨ। ਇੱਥੋਂ ਦੀ ਨਾਮਧਾਰੀ ਸੰਗਤ ਦੀ ਸ਼ਰਧਾ ਤੇ ਰਹਿਤ ਮਰਿਯਾਦਾ ਦੀ ਪਕਿਆਈ ਨੂੰ ਮੁਖ ਰੱਖ ਕੇ ਪ੍ਰਥਮ ਨਾਮਧਾਰੀ ਸਤਿਗੁਰਾਂ ਨੇ ਇਸ ਪਿੰਡ ਨੂੰ ‘ਕੂਕਿਆਂ ਦੀ ਕਾਸ਼ੀ’ ਕਿਹਾ। ਇੱਥੋਂ ਦੇ ਜੰਮ ਪਲ ਵੱਡੇ ਅਹੁਦਿਆਂ ਤੇ ਸਿਰਕੱਢੇ ਨਾਮਧਾਰੀਆਂ ਵਿਚੋਂ ਹਨ।
ਇਸ ਪਿੰਡ ਦਾ ਮਹਾਨ ਸਪੂਤ ਹਵਾਲਦਾਰ ਗੁਰਚਰਨ ਸਿੰਘ ਬਾਠ ਹੈ ਜਿਸ ਨੇ ਦੂਜੀ ਵਿਸ਼ਵ ਜੰਗ ਵਿੱਚ ਬਰਤਾਨਵੀ ਸਾਮਰਾਜ ਦਾ ਦੂਜੇ ਦੇਸ਼ਾਂ ਵਿਰੁੱਧ ਲੜਨ ਦਾ ਹੁਕਮ ਤਿੰਨ ਹੋਰ ਸਾਥੀਆਂ ਸਮੇਤ ਠੁਕਰਾ ਦਿੱਤਾ ਅਤੇ ਫਲਸਰੂਪ ਫਾਂਸੀ ਦੇ ਰੱਸੇ ਨੂੰ ਚੁੰਮਦਿਆਂ ਸ਼ਹੀਦੀ ਪ੍ਰਾਪਤ ਕੀਤੀ। ਸ਼ਹੀਦ ਗੁਰਚਰਨ ਸਿੰਘ ਦੇ ਨਾਂ ਤੇ ਪਿੰਡ ਦਾ ਹਾਈ ਸਕੂਲ ਚਲ ਰਿਹਾ ਹੈ
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ