ਛਪਾਰ ਪਿੰਡ ਦਾ ਇਤਿਹਾਸ | Chhapar Pind History |

ਛਪਾਰ ਪਿੰਡ ਦਾ ਇਤਿਹਾਸ

Contents hide

ਪਿੰਡ-ਛਪਾਰ, ਬਲਾਕ-ਪੱਖੋਵਾਲ, ਜ਼ਿਲਾ-ਲੁਧਿਆਣਾ ਹਦਬਸਤ ਨੰਬਰ 340 ਪਿੰਡ ਬਾਰੇ ਵਾਕਫ਼ੀ

1. ਪਿੰਡ ਦਾ ਨਾਂ

ਛਪਾਰ

2. ਪਿੰਡ ਦਾ ਹੋਰ ਨਾਂ

ਕੋਈ ਨਹੀਂ

3. ਖੇਤਰਫਲ

1984 ਏਕੜ

4. ਵਸੋਂ

5000

5. ਥਾਣਾ

ਡੇਹਲੋਂ

6. ਤਹਿਸੀਲ

ਲੁਧਿਆਣਾ

7. ਜ਼ਿਲਾ

ਲੁਧਿਆਣਾ

8. ਨੇੜੇ ਦਾ ਸਟੇਸ਼ਨ

ਅਹਿਮਦਗੜ੍ਹ (ਫਾਸਲਾ 3 ਕਿਲੋਮੀਟਰ)

9. ਪਹੁੰਚ ਸੜਕ

ਅਹਿਮਦਗੜ੍ਹ-ਰਾਏਕੋਟ ਪੱਕੀ ਸੜਕ ਉੱਤੇ ਹੈ

ਛਪਾਰ ਇਸ ਸਮੇਂ ਪਹੁੰਚ ਸੜਕਾਂ ਰਾਹੀਂ ਆਲੇ ਦੁਆਲੇ ਦੇ ਲਗਭਗ ਸਾਰੇ ਪਿੰਡਾਂ ਨਾਲ ਜੁੜਿਆ ਹੋਇਆ ਹੈ। ਇਸ ਸਮੇਂ ਇਹ ਅਹਿਮਦਗੜ੍ਹ-ਰਛੀਨ ਲੋਹਟਬੱਦੀ ਅਤੇ ਅਹਿਮਦਗੜ੍ਹ-ਬੜੂੰਦੀ, ਰਾਏਕੋਟ ਸੜਕ ਦੇ ਉੱਪਰ ਹੈ। ਇਥੋਂ ਰਾਏਕੋਟ 21 ਕਿਲੋਮੀਟਰ ਅਤੇ ਲੋਹਟਬੱਦੀ 11 ਕਿਲੋਮੀਟਰ ਹੈ।

10. ਪੱਤੀਆਂ ਤੇ ਠੁਲ੍ਹਿਆਂ ਦੇ ਨਾਂ

ਪੱਤੀਆਂ: ਬੋਪਾਰਾਏ ਅਤੇ ਸੇਖੋਂ

ਠੁਲ੍ਹੇ: ਹੀਰਾ, ਸੁਲਤਾਨਾ, ਦਿਆਲਾ. ਹਰੀਆ, ਦਸੋਧੀ, ਲਾਲ ਸਿੰਘ, ਲੱਖਾ ਸਿੰਘ, ਤਾਰਾ, ਬੁੱਧੂ, ਬੂਟਾ ਸਿੰਘ, ਅਤੇ ਸੁੱਖਣ ਆਦਿ

11. ਜਾਤਾਂ ਗੋਤਾਂ ਦਾ ਵੇਰਵਾ

ਜੱਟ  : ਸੇਖੋਂ, ਬੋਪਾਰਾਏ, ਗਿੱਲ, ਗਰੇਵਾਲ, ਦਿਓਲ, ਉੱਪਲ,

ਬ੍ਰਾਹਮਣ : ਦੱਤ, ਬੋਲੇ, ਕਾਲੀ, ਝੱਲੀ, ਸਹਿਜਪਾਲ

ਤਰਖਾਣ : ਲੁਹਾਰ, ਧੀਮਾਣ, ਵਿਰਦੀ, ਕੈਲੇ, ਉੱਭੀ, ਜਗਦਿਓ, ਬੂਰੇ

ਸੁਨਿਆਰ : ਸੰਧੜ

ਨਾਈ : ਕਲਸੀ

ਝਿਉਰ : ਬੁਢਿਆਣ, ਕੰਗਲ

ਰਾਮਦਾਸੀਏ : ਟੂਰੇ, ਸੀਹਮਾਰ, ਗੱਡੂ

ਬਾਲਮੀਕੀ : ਗਚਲੇ

ਸਾਂਸੀ : ਮਲੀਆ

ਬਾਜ਼ੀਗਰ : ਹਰਪਾਣਾ

ਛੀਂਬੇ  : ਸਰਾਓ

ਬਾਣੀਏ : ਅੱਗਰਵਾਲ

ਖੱਤਰੀ : ਵੈਨਕ, ਬੱਤਾ, ਮਟਕਣ, ਚਕੜ, ਬੱਦੂ

12. ਪ੍ਰਚਲਤ ਵੱਖ ਵੱਖ ਕਿੱਤੇ

  1. ਵਾਹੀ ਦਾ ਮੁੱਖ ਕਿੱਤਾ ਹੈ
  2. ਮਜ਼ਦੂਰੀ, ਨੌਕਰੀ, ਲੁਹਾਰਾ, ਤਰਖਾਣਾ, ਰਾਜਗੀਰੀ, ਦੁਕਾਨਦਾਰੀ, ਡਾਕਟਰੀ- ਹਕੀਮੀ, ਲਾਗੀ ਅਤੇ ਦਰਜ਼ੀ ਸਹਾਇਕ ਕਿੱਤੇ ਹਨ।

13. ਘਰੇਲੂ ਦਸਤਕਾਰੀਆਂ

  1. ਚਮੜੇ ਦੀਆਂ ਜੁੱਤੀਆਂ ਬਣਾਉਣ ਦਾ ਕੰਮ ਹੁੰਦਾ ਹੈ।
  2. ਇਕ ਪਾਣੀ ਕੱਢਣ ਵਾਲੇ ਪੰਪਾਂ ਦੇ ਪੱਖੇ ਅਤੇ ਟੋਕਾ ਥਰੈਸ਼ਰ ਬਣਾਉਣ ਦੀ ਵਰਕਸ਼ਾਪ ਹੈ।

14. ਭੌਂ ਦੀਆਂ ਕਿਸਮਾਂ ਤੇ ਖੇਤਰਫਲ

  1. ਨਿਆਈਂ ਚਾਹੀ 269 ਏਕੜ
  2. ਖਾਲਸ ਚਾਹੀ ‘ 730 ਏਕੜ
  3. ਡਾਕਰ 19 ਏਕੜ
  4. ਰੋਸਲੀ 176 ਏਕੜ
  5. ਭੂਡ 579 ਏਕੜ
  6. ਗੈਰ ਮੁਮਕਿਨ 211 ਏਕੜ

ਕੁੱਲ : 1984 ਏਕੜ

14.  () ਸ਼ਾਮਲਾਤ ਦਾ ਰਕਬਾ ਅਤੇ ਉਸ ਦੀ ਵਰਤੋਂ

ਜੁਮਲਾ ਮਾਲਕਾਨ 130 ਏਕੜ

ਪੰਚਾਇਤ 9 ਏਕੜ

ਪੰਚਾਇਤ ਦੀ ਜ਼ਮੀਨ ਸੜਕ, ਪੰਚਾਇਤ ਘਰ, ਹਸਪਤਾਲ, ਸਕੂਲ, ਗਰਾਊਂਡ ਅਤੇ ਰਸਤਿਆਂ ਆਦਿ ਵਜੋਂ ਵਰਤੀ ਜਾਂਦੀ ਹੈ। ਜੁਮਲਾ ਮਾਲਕਾਨ ਵਿਚੋਂ 307 ਕਨਾਲ ਵਾਹੀ ਹੇਂਠ ਹੈ ਅਤੇ ਬਾਕੀ ਗੈਰ ਮਜ਼ਰੂਆ ਹੈ।

14 () ਪਰਿਵਾਰ ਦੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਜ਼ਮੀਨ

ਵੱਧ ਤੋਂ ਵੱਧ ਜ਼ਮੀਨ ਸ. ਸੰਪੂਰਨ ਸਿੰਘ ਪੁੱਤਰ ਮੰਗਲ ਸਿੰਘ ਦੀ 146 ਕਨਾਲ 2 ਮਰਲੇ ਹੈ। ਘੱਟ ਤੋਂ ਘੱਟ ਜ਼ਮੀਨ ਸ. ਤੇਜਾ ਸਿੰਘ ਪੁੱਤਰ ਲਹਿਣਾ ਸਿੰਘ ਦੀ 5 ਮਰਲੇ ਹੈ।

15. ਮੁੱਖ ਫਸਲਾਂ

ਹਾੜੀ:

ਕਣਕ, ਜੌਂ, ਛੋਲੇ, ਸਰ੍ਹੋਂ, ਬਰਸੀਮ, ਜਮੀਰਾ, ਖੰਡਾ, ਮੇਰੇ ਆਦਿ ਪਸ਼ੂਆਂ ਦੇ ਚਾਰੇ।

ਸਾਉਣੀ:

ਮੱਕੀ, ਚਾਵਲ, ਕਪਾਹ, ਨਰਮਾ, ਕਮਾਦ, ਚਰੀ, ਜੁਆਰ, ਗੁਆਰਾ, ਬਾਜਰਾ, ਮਾਂਹ, ਮੂੰਗੀ, ਮੁੰਗਫਲੀ

ਸਬਜ਼ੀਆਂ ਅਤੇ ਫਲ

ਆਲੂ, ਗੋਭੀ, ਮਿਰਚਾਂ, ਲਸਣ, ਪਿਆਜ, ਮਟਰ, ਖਰਬੂਜ਼ੇ, ਕੱਦੂ, ਬੈਗਣ, ਭਿੰਡੀ, ਟੀਂਡੇ ਆਦਿ। ਫਲਾਂ ਦੀ ਉਪਜ ਨਹੀਂ ਹੈ।`

16. ਟਿੱਬੇ ਥੇਹ

ਪਿੰਡ ਦੇ ਦੱਖਣ ਵੱਲ ਗੁੱਗਾ ਮਾੜੀ ਦੇ ਬਰਾਬਰ ਕੁਝ ਰੇਤਲੇ ਟਿੱਬੇ ਹਨ, ਜਿਨ੍ਹਾਂ ਦੇ ਨਾਂ ਹਨ

  1. ਦੇੜ ਦੇ ਟਿੱਬੇ
  2. ਖਬਾਲ ਵਾਲੇ ਟਿੱਬੇ
  3. ਭਲਾਈਆਣੇ ਵਾਲੇ ਟਿੱਬੇ
  4. ਤਲਾ ਵਾਲੇ ਟਿੱਬੇ

ਪਰ ਇਹ ਟਿੱਬੇ ਹੁਣ ਬਹੁਤੇ ਮਹੱਤਵਪੂਰਨ ਨਹੀਂ ਰਹੇ ਕਿਉਂਕਿ ਰੇਤਾ ਚੁੱਕੇ ਜਾਣ ਕਾਰਨ ਥਾਂ ਪੱਧਰ ਹੋ ਗਈ ਅਤੇ ਵਾਹੀ ਯੋਗ ਬਣਦੀ ਜਾ ਰਹੀ ਹੈ।

17. ਗੁੱਗਾ ਮਾੜੀ ਦਾ ਬੇਹ

ਪਿੰਡ ਦੇ ਦੱਖਣ ਵੱਲ ਗੁੱਗਾ ਮਾੜੀ ਦਾ ਥੇਹ ਹੈ। ਇਹ ਥੇਹ 43 ਕਨਾਲ 12 ਮਰਲੇ ਖੇਤਰ ਵਿਚ ਫੈਲਿਆ ਹੋਇਆ ਹੈ। ਇਸ ਦੀ ਉਚਾਈ ਲਗਭਗ 12 ਤੋਂ 15 ਫੁੱਟ ਦੇ ਦਰਮਿਆਨ ਹੋਵੇਗੀ। ਖੁਦਾਈ ਸਮੇਂ ਥੇਹ ਵਿਚੋਂ ਵੱਡੇ ਆਕਾਰ ਦੀਆਂ ਪੱਕੀਆਂ ਇੱਟਾਂ ਮਿਲਦੀਆਂ ਹਨ ਜਿਨ੍ਹਾਂ ਦੀ ਲੰਬਾਈ 12 ਇੰਚ, ਚੌੜਾਈ 8 ਜਾਂ 9 ਇੰਚ ਅਤੇ ਮੋਟਾਈ 2 ਇੰਚ ਹੈ। ਇਸ ਤੋਂ ਇਲਾਵਾ ਮਿੱਟੀ ਦੇ ਟੁੱਟੇ ਹੋਏ ਭਾਂਡੇ, ਕੁਜੇ ਅਤੇ ਹੱਡੀਆਂ ਦੇ ਪਿੰਜਰ ਵੀ ਮਿਲੇ ਹਨ। ਇਥੇ ਇਕ ਖੂਹੀ ਵੀ ਮਿਲੀ ਹੈ, ਜਿਸ ਦਾ ਮਹਿਲ ਵੱਡੀਆਂ ਇੱਟਾਂ ਦਾ . ਬਣਿਆ ਹੋਇਆ ਹੈ, ਮਹਿਲ ਉੱਤੇ ਪਲਸਤਰ ਨਹੀਂ ਕੀਤਾ ਹੋਇਆ। ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਸ ਥਾਂ ਕਿਸੇ ਸਮੇਂ ਇਕ ਵੱਸਦਾ ਪਿੰਡ ਹੋਵੇਗਾ। ਇਸ ਥੇਹ ਉੱਤੇ ਇਕ ਬਜੁਰਗ ਬਾਬਾ ਜਿਉਣ ਦਾਸ ਦੀ ਸਮਾਧ ਬਣੀ ਹੋਈ ਹੈ। ਸਮਾਧ ਦੀ ਪੁਰਾਣੀ ਉਸਾਰੀ ਟੁੱਟੀ ਭੱਜੀ ਹਾਲਤ ਵਿਚ ਹੋਣ ਕਾਰਨ ਥੇਹ ਕਮੇਟੀ ਨੇ ਪੁਰਾਣੀ ਉਸਾਰੀ ਦੀ ਥਾਂ ਹੀ ਨਵੀਂ ਸਮਾਧ ਬਣਾ ਦਿੱਤੀ ਹੈ। ਇਸ ਸਮਾਧ ਉੱਤੇ ਹਰ ਮਹੀਨੇ ਚਾਨਣੀ ਦਸਵੀਂ ਨੂੰ ਲੋਕ ਮੱਥਾ ਟੇਕਣ ਆਉਂਦੇ ਹਨ ਜਿਨ੍ਹਾਂ ਦੀਆਂ ਮਨਤਾਂ ਤੇ ਸੁੱਖਾਂ ਵਰ ਆਉਂਦੀਆਂ ਹਨ, ਉਹ ਘਿਓ ਦੇ ਦੀਵੇ ਬਾਲਦੇ ਹਨ ਤੇ ਪ੍ਰਸ਼ਾਦ ਵੰਡਦੇ ਹਨ। ਥੇਹ ਦੇ ਨੇੜੇ ਗੁੱਗੇ ਦੀ ਮਾੜੀ ਹੈ, ਜਿਥੇ ਹਰ ਸਾਲ 5 ਦਿਨ ਮੇਲਾ ਲਗਦਾ ਹੈ। ਥੇਹ ਦੀ ਥਾਂ ਮੇਲੇ ਦੀਆਂ ਦੁਕਾਨਾਂ ਲਈ *ਵਰਤੀ ਜਾਂਦੀ ਹੈ। ਦੁਕਾਨਦਾਰਾਂ ਤੋਂ ਪਿੰਡ ਦੀ ਥੇਹ-ਕਮੇਟੀ ਲਗਭਗ 3000 ਰੁਪਏ ਕਿਰਾਏ ਵਜੋਂ ਪਰਾਪਤ ਕਰਦੀ ਹੈ। ਇਸ ਥੇਹ ਉੱਤੇ ਹੀ 2 ਕਨਾਲ 19 ਮਰਲੇ ਥਾਂ ਵਿਚ ਬਾਬੇ ਦਾ ਡੇਰਾ ਹੈ।

18. ਟੋਭੇ, ਢਾਬਾਂ, ਛੱਪੜ, ਛੰਭ

ਘਡਿਆਣਾ ਟੋਬਾ: ਇਸ ਦਾ ਖੇਤਰਫਲ 12 ਕਨਾਲ 17 ਮਰਲੇ ਹੈ। ਇਹ ਪਿੰਡ ਦੇ ਪੱਛਮ ਵੱਲ ਹੈ। ਇਸ ਵਿਚ ਸਾਰਾ ਸਾਲ ਪਾਣੀ ਖੜਾ ਰਹਿੰਦਾ ਹੈ। ਇਸ ਉੱਤੇ ਪਿੰਡ ਦੇ ਡੰਗਰ ਖੜਦੇ ਹਨ। ਇਸ ਦੀ ਚੀਕਣੀ ਮਿੱਟੀ ਘਰਾਂ ਵਿਚ ਲਿੱਪਣ, ਚੁਲ੍ਹੇ ਹਾਰੇ ਆਦਿ ਬਣਾਉਣ ਲਈ ਵਰਤੀ ਜਾਂਦੀ ਹੈ। ਬਹੁਤੀ ਵਰਖਾ ਹੋਣ ਤੇ ਸਿਖਵਾਂ ਦੀ ਢਾਬ ਤੋਂ ਪਾਣੀ ਇਸ ਟੋਬੇ ਵੱਲ ਆਉਂਦਾ ਹੈ।

ਡੰਡਿਆਲਾ ਤੇ ਪਲਾਹਾਂ ਵਾਲੇ ਟੋਭੇ: ਇਹ ਦੋ ਟੋਭੇ ਪਿੰਡ ਦੇ ਲਹਿੰਦੇ ਪਾਸੇ ਨਾਲ ਨਾਲ ਹਨ। ਇਨ੍ਹਾਂ ਦਾ ਰਕਬਾ 25 ਕਨਾਲ 9 ਮਰਲੇ ਹੈ। ਇਨ੍ਹਾਂ ਵਿਚ ਸਾਰਾ ਸਾਲ ਪਾਣੀ ਖੜਾ ਰਹਿੰਦਾ ਹੈ। ਪਿੰਡ ਦਾ ਗੰਦਾ ਤੇ ਬਰਸਾਤੀ ਪਾਣੀ ਇਨ੍ਹਾਂ ਟੋਭਿਆਂ ਵਿਚ ਹੀ ਪੈਂਦਾ। ਹੈ। ਇਥੇ ਪਿੰਡ ਦੇ ਡੰਗਰ ਖੜਦੇ ਹਨ।

ਲੋਗੀਆਣਾ ਟੋਭਾ: ਇਹ ਪਿੰਡ ਦੇ ਪੂਰਬ ਵੱਲ ਹੈ। ਪਾਣੀ ਸਾਲ ਭਰ ਰਹਿੰਦਾ ਹੈ। ਡੰਗਰ ਪਾਣੀ ਪੀਂਦੇ ਹਨ ਪਰ ਅੱਜ ਕੱਲ ਵਰਤੋਂ ਘੱਟ ਹੀ ਹੁੰਦੀ ਹੈ। ਇਹ ਲਗਭਗ ਡੇਢ ਏਕੜ ਥਾਂ ਵਿਚ ਹੈ। ਇਸ ਨੂੰ ਸਿਖਵਾਂ ਦਾ ਢਾਬ ਵੀ. ਆਖਦੇ ਹਨ।

ਗੋਰਾਂ ਟੋਭਾ: ਇਹ ਪਿੰਡ ਦੇ ਚੜ੍ਹਦੇ ਵੱਲ ਹੈ। ਪਹਿਲੇ ਕਾਫ਼ੀ ਵੱਡਾ ਸੀ ਪਰ ਹੁਣ ਕਾਫ਼ੀ ਘੱਟ ਗਿਆ ਹੈ। ਇਹ ਲਗਭਗ ਡੇਢ ਕੁ ਏਕੜ ਥਾਂ ਵਿਚ ਹੈ।

19. ਨਦੀ, ਨਾਲਾ, ਨਹਿਰ, ਰਜਬਾਹਾ, ਤਲਾ, ਸਰੋਵਰ, ਅਤੇ ਬਾਉਲੀ

  1. ਤਲਾ ਰਾਮ ਤਲਾਈ

ਪਿੰਡ ਦੇ ਚੜ੍ਹਦੇ ਪਾਸੇ ਅੱਧਾ-ਕੁ ਕਿਲੋਮੀਟਰ ਦੇ ਫਾਸਲੇ ਤੇ ਪੱਕੀਆਂ ਇੱਟਾਂ ਦਾ ਇਕ ਵਰਗਾਕਾਰ ਤਲਾਅ ਬਣਿਆ ਹੋਇਆ ਹੈ ਜਿਸ ਨੂੰ ਰਾਮ ਤਲਾਈ ਆਖਦੇ ਹਨ। ਤਲਾਅ ਦੀ ਹਰ ਬਾਹੀ 103 ਫੁੱਟ ਲੰਬੀ ਹੈ। ਇਸਦੀਆਂ ਕੁੱਲ 14 ਪੌੜੀਆਂ ਹਨ ਹਰ ਪੌੜੀ ਦੀ ਚੌੜਾਈ 25 ਇੰਚ ਅਤੇ ਉਚਾਈ 11 ਇੰਚ ਹੈ। ਤਲਾਅ ਦੇ ਆਲੇ ਦੁਆਲੇ 121 ਫੁੱਟ ਲੰਬੀਆਂ ਅਤੇ 3 ਫੁੱਟ 8 ਇੰਚ ਉਚੀਆਂ ਬਾਹੀਆਂ ਦੀ ਕੰਧ ਬਣੀ ਹੋਈ ਹੈ। ਤਲਾਅ ਵਿਚ ਔਰਤਾਂ ਦੇ ਨਹਾਉਣ ਲਈ ਅੱਡ ਪੋਣਾਂ (ਪਰਦਾ) ਵੀ ਬਣਿਆ ਹੋਇਆ ਹੈ। ਇਹ ਤਲਾਅ ਕੇਸ਼ਵਾ ਨੰਦ ਨੇ ਬਣਵਾਇਆ ਸੀ। ਤਲਾਅ ਦੇ ਨਾਲ ਹੀ ਦੋ ਤਿੰਨ ਫੁੱਟ ਉੱਚਾ ਥੜ੍ਹਾ ਬਣਿਆ ਹੋਇਆ ਹੈ। ਇਸ ਉੱਤੇ ਚਾਰ ਰਿਹਾਇਸ਼ੀ ਕਮਰੇ ਤੇ ਇਕ ਡਿਉਢੀ ਬਣੇ ਹੋਏ ਹਨ। ਸੱਜੇ ਪਾਸੇ ਮੌਜਾ ਨੰਦ ਦੀ ਸਮਾਧ ਹੈ। ਸਮਾਧ ਉੱਤੇ ਇਕ ਛੋਟਾ ਜਿਹਾ ਕਮਰਾ ਹੈ। ਜਿਸ ਵਿਚ ਕੇਸ਼ਵਾ ਨੰਦ ਅਤੇ ਮੌਜਾ ਨੰਦ ਦੀਆਂ ਮੂਰਤੀਆਂ ਹਨ। ਤਲਾਅ ਦੇ ਨੇੜੇ ਦਰਖਤਾਂ ਦਾ ਇਕ ਵੱਡਾ ਝੁੰਡ ਹੈ ਜਿਥੇ ਮੇਲੇ ਦੇ ਦਿਨਾਂ ਵਿਚ ਢੱਡ-ਸਾਰੰਗੀਆਂ ਵਾਲੇ ਜਾਂ ਕਵੀਸ਼ਰ ਆਪਣੇ ਗਾਣੇ ਲਾਉਂਦੇ ਹਨ। ਤਲਾਅ ਦੇ ਉੱਤਰ ਵਿਚ ਪਿੰਡ ਦੀ ਸਮਸ਼ਾਨ ਭੂਮੀ ਹੈ। ਜੇ ਤਲਾਅ ਵਿਚ ਪਾਣੀ ਹੋਵੇ ਤਾਂ ਸੰਸਕਾਰ ਕਰਨ ਉਪਰੰਤ ਮਿਰਤਕ ਨਾਲ ਆਏ ਸੱਜਣ ਇਸ ਵਿਚ ਨਹਾਉਂਦੇ ਅਤੇ ਕੱਪੜੇ ਧੋਂਦੇ ਹਨ। ਅੱਜ ਕੱਲ੍ਹ ਇਹ ਤਲਾਅ ਸੁੱਕਾ ਪਿਆ ਹੈ।

ਪਿੰਡ ਦਾ ਨਾਂ ਕਿਵੇਂ ਪਿਆ

ਛਪਾਰ ਸਾਬਕਾ ਅੰਗਰੇਜ਼ੀ ਰਾਜ ਦੇ ਜ਼ਿਲਾ ਲੁਧਿਆਣਾ ਦਾ ਅੰਤਿਮ ਪਿੰਡ ਸੀ ਅਤੇ ਇਸ ਦੇ ਨਾਲ ਨਾਲ ਸਾਬਕਾ ਰਿਆਸਤਾਂ ਨਾਭਾ, ਪਟਿਆਲਾ, ਜੀਂਦ ਅਤੇ ਮਲੇਰਕੋਟਲਾ ਦੀਆਂ ਹੱਦਾਂ ਲਗਦੀਆਂ ਸਨ। ਇਨ੍ਹਾਂ ਰਿਆਸਤਾਂ ਦੇ ਪ੍ਰਸ਼ਾਸਨ ਅਲੱਗ ਅਲੱਗ ਹੋਣ ਕਾਰਨ ਲੋਕਾਂ ਦੀ ਰਾਜਸੀ ਸਾਂਝ ਬਹੁਤ ਘੱਟ ਸੀ। ਸਾਮਾਨ ਦੀ ਆਵਾਜਾਈ ਉੱਤੇ ਅਕਸਰ ਪਾਬੰਦੀਆਂ ਲਗਦੀਆਂ ਰਹਿੰਦੀਆ ਸਨ। ਇਸ ਪਿੰਡ ਵਿਚ ਮਾੜੀ ਦਾ ਮੇਲਾ ਸਥਾਪਿਤ ਹੋਣ ਤੇ ਲੋਕ ਇਥੇ ਇਕੱਠੇ ਹੋਣ ਲਗ ਪਏ। ਅੰਗਰੇਜ਼ ਸਰਕਾਰ ਨੇ ਇਸ ਦੀ ਮਹੱਤਤਾ ਨੂੰ ਸਮਝਦਿਆਂ ਪੁਹੀੜ ਤੋਂ ਮਾੜੀ ਤਕ ਸੜਕ ਬਣਾ ਕੇ ਇਸਨੂੰ ਸਿੱਧਾ ਲੁਧਿਆਣੇ ਨਾਲ ਜੋੜਿਆ। ਅਹਿਮਦਗੜ੍ਹ ਰੇਲਵੇ ਸਟੇਸ਼ਨ ਦਾ ਪਹਿਲਾ ਨਾਂ ਛਪਾਰ ਹੀ ਰੱਖਿਆ ਸੀ।

ਪਿੰਡ ਦੇ ਸਭ ਤੋਂ ਬਜ਼ੁਰਗ ਵਿਅਕਤੀ ਸ. ਭਗਤ ਸਿੰਘ ਨੇ ਦਸਿਆ ਕਿ ਇਸ ਪਿੰਡ ਦਾ ਨਾਂ ਛਾਪਾ ਰਾਣੀ ਦੇ ਨਾਂ ਉੱਤੇ ਹੈ। ਜਿਸ ਦਾ ਇਥੇ ਕਿਲ੍ਹਾ ਸੀ। ਪਿੰਡ ਤੋਂ ਬਾਹਰ ਮਾੜੀ ਦੇ ਨੇੜੇ ਜੋ ਥੇਹ ਹੈ. ਇਹ ਉਸੇ ਦਾ ਹੈ। ਇਹ ਪਿੰਡ ਪਹਿਲਾ ਇਕ ਵਾਰੀ ਉੱਜੜ ਗਿਆ ਸੀ ਤੇ ਮੁੜ ਕੇ ਦੁਬਾਰਾ ਆਬਾਦ ਹੋਇਆ ਹੈ। ਛਾਪਾ ਰਾਣੀ ਕਿਹੜੇ ਰਾਜੇ ਨਾਲ ਜ ਕਿਹੜੀ ਰਿਆਸਤ ਨਾਲ ਸਬੰਧ ਰੱਖਦੀ ਸੀ, ਇਸ ਬਾਰੇ ਕੁਝ ਪਤਾ ਨਹੀਂ ਲਗ ਸਕਿਆ

ਅੱਜ ਕੱਲ੍ਹ ਛਪਾਰ ਕਾਫ਼ੀ ਵੱਡਾ ਪਿੰਡ ਹੈ। ਮਾਡਲ ਗ੍ਰਾਮ ਹੋਣ ਕਰਕੇ ਇਸ ਦੀਅ ਗਲੀਆਂ ਚੌੜੀਆਂ ਤੇ ਪੱਕੀਆਂ ਹਨ। ਮੇਲੇ ਤੇ ਲੱਖਾਂ ਲੋਕਾਂ ਦੇ ਆਉਣ ਕਰਕੇ ਪਿੰ ਵਾਲਿਆਂ ਲਈ ਚੰਗੀ ਆਮਦਨ ਹੈ।

ਪਹਿਲਾਂ ਇਥੇ ਜੰਗਲ ਸੀ। ਡਾਕੇ ਪੈਂਦੇ ਸਨ। ਨੱਸਣ ਨੂੰ ਕਿਤੇ ਰਸਤਾ ਨਹੀਂ ਸੀ ਟਿੱਬੇ ਟੋਏ ਰੇਤਾ ਕੋਠਿਆਂ ਦੇ ਉਤੋਂ ਵਗਦਾ ਸੀ। ਧਾੜਵੀਆਂ ਨੇ ਮੇਲੇ ਤੇ ਆਏ ਲੋਕ ਸਾਫੇ ਲਾਹ ਕੇ ਲੈ ਜਾਣੇ ਤੇ ਬਦਨਾਮ ਪਿੰਡ ਵਾਲੇ ਹੁੰਦੇ। ਇਜ਼ਤ ਆਬਰੂ ਸੁਰੱਖਿਅਤ ਨ ਸੀ। ਪਿੰਡ ਰਿਆਸਤ ਨਾਭਾ ਵਿਚ ਸੀ। ਨਾਭਿਓਂ ਡਾਕ ਘੋੜਿਆਂ ਤੇ ਆਉਂਦੀ ਸੀ। ਐ ਜਾਣ ਲਈ ਘੋੜੇ ਇਥੇ ਬਦਲੇ ਜਾਂਦੇ ਸੀ। ਸਰਦਾਰ ਭਗਤ ਸਿੰਘ ਦੇ ਕਥਨ ਅਨਾ ਧੂਰੀ ਵਾਲੀ ਸੜਕ ਤੇ ਉਹ ਕੋਠੀਆਂ ਹਾਲਾਂ ਵੀ ਮੌਜੂਦ ਹਨ ਜਿਥੇ ਘੋੜੇ ਬਦਲੇ ਸਨ।

ਪਿੰਡ ਦਾ ਆਲਾ ਦੁਆਲਾ ਤੇ ਇਤਿਹਾਸਕ ਥਾਵਾਂ

  1. ਰਛੀਨ

ਲਾਗਲੇ ਪਿੰਡ ਬ੍ਰਹਮਪੁਰ ਦੀ ਰੇਸ਼ਾਂ ਨਾਂ ਦੀ ਧੀ ਇਸ ਪਿੰਡ ਵਿਚ ਵਿਆਹੀ ਹੋਈ ਸੀ। 500 ਕੁ ਸਾਲ ਪਹਿਲੋਂ ਇਹ ਪਿੰਡ ਤਬਾਹ ਹੋ ਗਿਆ। ਉਹ ਔਰਤ ਅਤੇ ਉਸਦਾ ਪੁੱਤਰ ਬਚ ਗਏ। ਉਸੇ ਦੇ ਨਾਂ ਤੇ ਹੀ ਪਿੰਡ ਦਾ ਨਾਂ ਰਛੀਨ ਪੈ ਗਿਆ। ਇਸ ਦੀਆਂ ਚਾਰ ਪੱਤੀਆਂ ਲਾਲਾ,ਦੀਪਾ,ਸਿਰੀਆ ਤੇ ਤਿਲੌਕਾ ਹਨ। ਸੁਤੰਤਰਤਾ ਸੰਗਰਾਮ ਵਿਚ ਇਸ ਪਿੰਡ ਨੇ ਕਾਫ਼ੀ ਭਾਗ ਲਿਆ ਹੈ । ਪੰਜਾਬੀ ਕਵੀ ਅਤੇ ‘ਲਲਕਾਰ’ ਦਾ ਸੰਪਾਦਕ ਸਵਰਗਵਾਸੀ ਸ੍ਰ: ਜਰਨੈਲ ਸਿੰਘ ਅਰਸ਼ੀ ਇਸੇ ਪਿੰਡ ਦਾ ਸੀ। ਪਿੰਡ ਵਿਚ ਉਦਾਸੀਆਂ ਦਾ ਇਕ ਡੇਰਾ ਹੈ ਜਿਸ ਵਿਚ 130 ਵਿੱਘੇ ਜ਼ਮੀਨ ਹੈ। ਕਹਿੰਦੇ ਹਨ ਕਿ ਇਹ ਜ਼ਮੀਨ ਰਾਏ ਕੱਲ੍ਹੇ ਨੇ ਡੇਰੇ ਨੂੰ ਦਿੱਤੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਪਿੰਡ ਦਾ ਇਕ ਵਿਅਕਤੀ ਸਾਂਈ ਦਾਸ, ਗੁਰੂ ਹਰਿਗੋਬਿੰਦ ਜੀ ਦਾ ਸ਼ਰਧਾਲੂ ਹੋਇਆ ਹੈ। ਪਿੰਡ ਵਿਚ ਸਭ ਤੋਂ ਵੱਧ ਜ਼ਮੀਨ ਜੋਗਿੰਦਰ ਸਿੰਘ ਤੇ ਰਘੁਬੀਰ ਸਿੰਘ ਪਾਸ ਹੈ।

  1. ਲਤਾਲਾ

ਕਾਫੀ ਪੁਰਾਣਾ ਤੇ ਵੱਡਾ ਪਿੰਡ ਹੈ। ਉੱਚੀ ਟਿੱਬੀ ਤੇ ਵੱਸਿਆ ਹੋਇਆ ਹੈ। ਇਸ ਪਿੰਡ ਦੀ ਆਬਾਦੀ 5500, ਘਰ 1100 ਅਤੇ 2500 ਵੋਟਾਂ ਹਨ। ਇਹ ਪਿੰਡ ਅਹਿਮਦਗੜ੍ਹ ਤੋਂ 9 ਕਿਲੋਮੀਟਰ ਛਪਾਰ ਤੋਂ 6 ਕਿਲੋਮੀਟਰ ਚੜ੍ਹਦੇ ਪਾਸੇ ਸਥਿਤ ਹੈ। ਇਸ ਪਿੰਡ ਨੇ ਸੁਤੰਤਰਤਾ ਸੰਗਰਾਮ ਵਿਚ ਬਹੁਤ ਭਾਗ ਲਿਆ ਹੈਕਰਤਾਰ ਸਿੰਘ ਦੁੱਕੀ ਇਸੇ ਪਿੰਡ ਦਾ ਸੀ ਜਿਸ ਦੀ ਦਸ ਕੁ ਸਾਲ ਪਹਿਲੋਂ 70 ਸਾਲ ਦੀ ਉਮਰ ਵਿਚ ਮੌਤ ਹੋਈ। ਪੰਡਿਤ ਬਿਸ਼ਨਦਾਸ ਦਾ ਡੇਰਾ ਸੁਤੰਤਰਤਾ ਸੰਗਰਾਮੀਆ ਦਾ ਇਕ ਖੁਫੀਆ ਅੱਡਾ ਸੀ। ਜਿਥੇ ਪੰਜਾਬ ਦੇ ਸੁਤੰਤਰਤਾ ਸੰਗਰਾਮੀਏ ਅਤੇ ਰਿਆਸਤਾਂ ਦੇ ਪ੍ਰਜਾ ਮੰਡਲ ਨੇਤਾ ਇਕੱਠੇ ਹੁੰਦੇ ਸਨ। ਇਸ ਪਿੰਡ ਵਿਚ ਆਟੇ ਦੀਆਂ ਤਿੰਨ ਚੱਕੀਆਂ, ਨੋਜਲ ਗਰਾਂਈਡ ਕਰਨ ਦਾ ਕਾਰਖਾਨਾ, ਪੰਕਚਰ ਲਾਉਣ ਦੀ ਦੁਕਾਨ ਅਤੇ ਵੈਲਡਿੰਗ ਦਾ ਪਲਾਂਟ ਵੀ ਹੈ। ਖੇਤੀ ਸੰਦਾਂ ਦੀ ਮੁਰੰਮਤ ਦਾ ਕੰਮ ਵੀ ਹੁੰਦਾ ਹੈ। ਸਭ ਤੋਂ ਵੱਧ ਜ਼ਮੀਨ ਡਾ. ਪਾਸੋ ਰਾਮ ਪਾਸ ਹੈ। ਇਥੇ ਜੱਟਾਂ ਦੇ 700 ਘਰ ਅਤੇ ਖੰਗੂੜਾਂ, ਧਾਲੀਵਾਲ, ਮਾਨ, ਗਰੇਵਾਲ ਗੋਤਾਂ ਦੀ ਗਿਣਤੀ ਵੱਧ ਹੈ। ਅਨੁਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਦੇ ਕਿਸੇ ਵੀ ਵਿਅਕਤੀ ਕੋਲ ਜ਼ਮੀਨ ਨਹੀਂ ਹੈ। ਇਸ ਪਿੰਡ ਦਾ ਨਾਮੀ ਪਹਿਲਵਾਨ ਨਾਰੰਗਾ ਸਿੰਘ ਸੀ। ਇਸ ਪਹਿਲਵਾਨ ਦੇ ਨਾਂ ਤੇ ਲਤਾਲਾ ਮਸ਼ਹੂਰ ਹੋਇਆ, ਪਿੰਡ ਦੇ ਵਿਸ਼ੇਸ਼ ਵਿਅਕਤੀ ਸਰਵਸ੍ਰੀ ਲਾਜਪਾਲ ਸਿੰਘ ਡੀ. ਐਸ. ਪੀ ਜਸਮੇਰ ਸਿੰਘ ਡੀ.ਐਸ.ਰੀਟਾਇਰਡ, ਦਲੀਪ ਸਿੰਘ ਐਸ. ਪੀ., ਬਲਵੰਤ ਸਿੰਘ, ਦਰਸ਼ਨ ਸਿੰਘ ਥਾਨੇਦਾਰ ਤੇ ਬੰਤਾ ਸਿੰਘ ਕੈਪਟਨ ਹਨ।

ਇਥੇ ਮੁੰਡਿਆਂ ਦਾ ਹਾਈ ਸਕੂਲ, ਕੁੜੀਆਂ ਵਾਸਤੇ ਵੱਖਰਾ ਮਿਡਲ ਸਕੂਲ ਅਤੇ ਪਰਾਇਮਰੀ ਸਕੂਲ ਹਨ। ਪਿੰਡ ਵਿਚ ਬੈਂਕ, ਪਿੰਡ ਦੀ ਸੁਸਾਇਟੀ ਖਰੀਦ ਕੇਂਦਰ ਹੈ। ਇਥੋਂ ਸਿਧੀ ਬੱਸ ਰਾਏਕੋਟ ਅੰਮ੍ਰਿਤਸਰ, ਬਰਨਾਲਾ, ਅਹਿਮਦਗੜ੍ਹ ਅਤੇ ਲੁਧਿਆਣਾ ਨੂੰ ਜਾਂਦੀ ਹੈ।

  1. ਮਹੇਰਨਾਂ ਕਲਾਂ

ਇਹ ਇਕ ਵੱਡਾ ਪਿੰਡ ਹੈ। ਜਿਸਦੀ ਦੇਹਲੀ ਲਗਭਗ 400 ਹੈ। ਇਹ ਲੁਧਿਆਣਾ ਤੋਂ ਸ਼ੇਰਪੁਰ ਸੜਕ ਤੇ ਸਥਿਤ ਹੈ। ਇਹ ਮੰਡੀ ਅਹਿਮਦਗੜ੍ਹ ਤੋਂ 8 ਕਿ.ਮੀ.ਛਪਾਰ ਤੋਂ 5 ਕਿ.ਮੀ. ਦੂਰੀ ਤੇ ਹੈ। ਪਿੰਡ ਮਹੇਰਨਾ ਇਕ ਬਜ਼ੁਰਗ ਮਿਹਰੂ ਦੇ ਨਾਂ ਤੇ ਵਸਿਆ। ਇਸ ਪਿੰਡ ਦੀ ਝਿੜੀ ਵਿਚ ਇਕ ਬਹੁਤ ਵੱਡਾ ਗੁਰਦੁਆਰਾ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਵਾਲਿਆਂ ਨੇ ਬਣਾਇਆ। ਇਥੇ ਇਕ ਤਲਾਬ ਹੈ। ਇਹ ਸਥਾਨ ਸੁਖਾਂ ਪੂਰੀਆਂ ਹੋਣ ਕਰਕੇ ਇਲਾਕੇ ਵਿਚ ਪ੍ਰਸਿੱਧ ਹੈ। ਇਥੇ ਸਰਕਾਰੀ ਹਾਈ ਸਕੂਲ ਹੈ। ਜਿਸਦਾ ਮੁੱਖ-ਅਧਿਆਪਕ ਤਰਸੇਮ ਲਾਲ ਹੈ। ਸਭ ਤੋਂ ਵੱਧ ਜ਼ਮੀਨ ਸਾਬਕਾ ਸਰਪੰਚ ਕ੍ਰਿਪਾਲ ਸਿੰਘ ਅਤੇ ਭਜਨ ਸਿੰਘ ਪਾਸ ਹੈ। ਜੱਟਾਂ ਦੇ ਦਿਓਲ ਗੋਤ ਦੇ ਲੋਕ ਵਧੇਰੇ ਵਸਦੇ ਹਨ ਇਥੋਂ ਦੇ ਵਧੇਰੇ ਲੋਕਾਂ ਦੀਆਂ ਆਪਣੀਆਂ ਟਰਾਂਸਪੋਰਟ ਕੰਪਨੀਆਂ ਹਨ। ਕਈ ਘਰਾਂ ਦੇ ਤਾਂ ਸਾਰੇ ਦੇ ਸਾਰੇ ਲੋਕੀ ਮੋਟਰ ਗੱਡੀਆਂ ਚਲਾਉਂਦੇ ਹਨ।

  1. ਬੜੂੰਦੀ

ਪਿੰਡ ਬੜੂੰਦੀ ਇਕ ਵੱਡਾ ਪਿੰਡ ਹੈ। ਜਿਹੜਾ ਛਪਾਰ ਤੋਂ ਤਕਰੀਬਨ 7 ਮੀਲ ਦੀ ਦੂਰੀ ਤੇ ਹੈ। ਇਹ ਅਹਿਮਦਗੜ੍ਹ, ਰਾਏਕੋਟ ਦੀ ਸੜਕ ਤੇ ਸਥਿਤ ਹੈ। ਇਹ ਪਿੰਡ ਸ਼ੁਰੂ ਤੋਂ ਹੀ ਲੁਧਿਆਣਾ ਜ਼ਿਲੇ ਵਿਚ ਆਉਂਦਾ ਹੈ। ਇਸ ਪਿੰਡ ਦੀ ਵਸੋਂ ਦੋ ਹਜ਼ਾਰ ਤੋਂ ਪੱਚੀ ਸੌ ਦੇ ਦਰਮਿਆਨ ਹੋਵੇਗੀ। ਇਥੋਂ ਦੇ ਗੁਰਦੁਆਰੇ ਦੀ ਕਾਫੀ ਮਹਾਨਤਾ ਹੈ। ਇਥੇ ਠਾਠ ਬਣੀ ਹੋਈ ਹੈ ਜਿਸ ਕਰਕੇ ਕਾਫੀ ਇਕੱਠ ਹੁੰਦਾ ਹੈ। ਇਥੇ ਤੋਂ 10,000 ਵਿਘਾ ਹੈ। ਵੱਧ ਜ਼ਮੀਨ ਗੱਜਨ ਸਿੰਘ ਪੁੱਤਰ ਗੁਰਦੇਵ ਸਿੰਘ ਪਾਸ ਹੈ। ਇਸ ਪਿੰਡ ਦੇ ਵਿਸ਼ੇਸ਼ ਵਿਅਕਤੀ  ਸਰਵਸ੍ਰੀ ਗੁਰਦੇਵ ਸਿੰਘ (ਰੇਲਵੇ ਵਿਚ ਵੱਡਾ ਅਫ਼ਸਰ), ਕੈਪਟਨ ਰਣਜੋਧ ਸਿੰਘ, ਕੈਪਟਨ ਮੇਜਰ ਸਿੰਘ ਹਨ। ਪਹਿਲਵਾਨ ਹਰੀ ਸਿੰਘ ਅਤੇ ਮਦਨ ਸਿੰਘ ਮਸ਼ਹੂਰ ਹਨ। ਪਿੰਡ ਵਿਚ ਡਿਸਪੈਨਸਰੀ, ਡੰਗਰਾਂ ਦਾ ਹਸਪਤਾਲ ਅਤੇ ਫੋਕਲ ਪੁਆਇੰਟ ਹੈ।

  1. ਰਸੂਲਪੁਰ ਤੇ ਮਜਾਰਾ

ਰਾਜੀ ਤੇ ਗਾਜ਼ੀ ਦੋ ਭਰਾ ਸਨ। ਰਾਜੀ ਨੇ ਮਜਾਰਾ ਤੇ ਗਾਜ਼ੀ ਨੇ ਰਸੂਲਪੁਰ ਵਸਾਇਆ। ਕਹਿੰਦੇ ਹਨ ਕਿ ਇਨ੍ਹਾਂ, ਪਿੰਡਾਂ ਦੇ ਮੰਜ ਰਾਜ਼ਪੁਰ ਜੈਸਲਮੇਰ ਵਲੋਂ ਆਏ ਸਨ। ਦੋਵੇਂ ਪਿੰਡ ਬਹੁਤ ਛੋਟੇ ਸਨ। ਬਟਵਾਰੇ ਪਿਛੋਂ ਮਜਾਰਾ ਪਿੰਡ ਵਿਚ ਕੁਝ ਘਰ ਆ ਵੱਸੇ ਅਤੇ ਫੇਰ ਉਹ ਲਤਾਲੇ ਚਲੇ ਗਏ। ਇਸ ਕਾਰਨ ਇਹ ਪਿੰਡ ਹੁਣ ਬੇਚਿਰਾਗ ਹੈ। ਰਸੂਲਪੁਰ ਉਸ ਸਮੇਂ ਮਲੇਰਕੋਟਲਾ ਰਿਆਸਤ ਵਿਚ ਹੋਣ ਕਾਰਨ ਅਸਲ ਵਾਸੀ ਟਿਕੇ ਰਹੇ। ਮੁਸਲਿਮ ਵਸੋਂ ਦਾ ਇਹ ਪਿੰਡ ਦਸਦੇ ਹਨ ਕਿ ਤਿੰਨ ਸੌ ਸਾਲ ਤੋਂ ਵੱਧ ਪੁਰਾਣਾ ਹੈ। ਪਿੰਡ ਵਿਚ ਈਦਗਾਹ ਤੇ ਇਕ ਸਥਾਨਕ ਮਸੀਤ,ਇਕ ਖਾਨਗਾਹ ਹੈ। ਵੀਰਵਾਰ ਨੂੰ ਨੌਬਤ ਵਜਦੀ ਹੈ ਅਤੇ ਚਿਰਾਗ ਵੀ ਕਰਦੇ ਹਨ। ਸੁੱਖਣਾ ਚੜ੍ਹਦੀਆਂ ਹਨ ਅਤੇ ਸ਼ੀਰਨੀ ਵੰਡਦੇ ਹਨ। ਇਹ ਖਾਨਗਾਹ ਸ਼ਾਹ ਵਲੀ ਦੀ ਦੱਸੀ ਜਾਂਦੀ ਹੈ। ਇਕ ਖਾਨਗਾਹ ਮਜਾਰਾ ਪਿੰਡ ਵਿਚ ਵੀ ਹੈ। ਜਿਸਨੂੰ ਗਰੀਬ ਖਾਂ ਦੀ ਖਾਨਗਾਹ ਕਹਿੰਦੇ ਹਨ।

  1. ਦਹਿਲੀਜ਼ ਕਲਾਂ

ਪਿੰਡ ਦਹਿਲੀਜ਼ ਕਲਾਂ ਪਿੰਡ ਛਪਾਰ ਤੋਂ ਤਕਰੀਬਨ 3 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਛਪਾਰ ਦੇ ਦੱਖਣ ਵੱਲ ਹੈ। ਇਥੋਂ ਦਾ ਵਿਸ਼ੇਸ਼ ਵਿਅਕਤੀ ਸ. ਬਾਰਾ ਸਿੰਘ ਹੈ। ਜੋ ਕਾਂਗਰਸ ਪਾਰਟੀ ਦਾ ਸਿਰਕੱਢ ਮੈਂਬਰ ਹੈ।

  1. ਘੁਗਰਾਣਾ

ਛਪਾਰ ਤੋਂ ਲੁਧਿਆਣਾ ਵਾਲੇ ਪਾਸੇ 4 ਕਿਲੋਮੀਟਰ ਦੀ ਦੂਰੀ ਤੇ ਹੈ। ਇਥੋਂ ਦੀ ਵਸੋਂ ਤਕਰੀਬਨ 200 ਘਰ ਹੈ।

  1. ਮਹਿਤਾਬਗੜ੍ਹ ਅਤੇ ਬਹਾਦਰਗੜ੍ਹ

ਇਹ ਪਿੰਡ ਛਪਾਰ ਤੋਂ ਛਿਪਦੇ ਵਾਲ਼ੇ ਪਾਸੇ ਹਨ। ਆਜ਼ਾਦੀ ਤੋਂ ਪਹਿਲਾਂ ਇੰਨ੍ਹਾ ਪਿੰਡਾਂ ਦੀ ਵਸੋਂ ਵਧੇਰੇ ਕਰਕੇ ਮੁਸਲਮਾਨਾਂ ਦੀ ਸੀ ਬਾਅਦ ਵਿਚ ਇਥੇ ਬਹੁਤ ਸਾਰੇ ਰਿਫੀਊਜੀ ਆ ਕੇ ਵਸੇ ਹਨ। ਇਹ ਛੋਟੇ ਪਿੰਡ ਹਨ ਇਥੋਂ ਦੀ ਵਸੋਂ ਦੋ ਦੋ ਸੌ ਦੇਹਲੀ ਦੇ ਕਰੀਬ ਹੈ। ਵਧੇਰੇ ਕਰਕੇ ਇਥੋਂ ਦੇ ਲੋਕਾਂ ਦਾ ਕਿੱਤਾ ਖੇਤੀਬਾੜੀ ਹੈ।

  1. ਰੰਗਵਾਲ

ਇਹ ਇਕ ਵੱਡਾ ਪਿੰਡ ਹੈ। ਇਥੋਂ ਦੇ ਲੋਕੀ ਕਾਫੀ ਅਗਾਂਹਵਧੂ ਹਨ। ਖਾਸ ਕਰਕੇ ਕੈਪਟਨ ਮੁਖਤਿਆਰ ਸਿੰਘ ਸਰਪੰਚ ਜੋ ਸਰਵਸੰਮਤੀ ਨਾਲ ਚੁਣੇ ਗਏ ਸਨ। ਇਨ੍ਹਾਂ ਦੀ ਸਰਪਰਸਤੀ ਹੇਠ ਪਿੰਡ ਵਿਚ ਕਾਫੀ ਤਰੱਕੀ ਹੋਈ ਹੈ। ਇਥੇ ਇਕ ਹਾਈ ਸਕੂਲ, ਪਸ਼ੂਆਂ ਦਾ ਹਸਪਤਾਲ ਤੇ ਪ੍ਰਾਇਮਰੀ ਹੈਲਥ ਸੈਂਟਰ ਮੌਜੂਦ ਹਨ। ਇਸ ਪਿੰਡ ਵਿਚ ਇਕ ਗੁਰਦੁਆਰਾ ਵੀ ਹੈ।

  1. ਲੋਹਟਬੱਧੀ

ਇਹ ਇਕ ਵੱਡਾ ਪਿੰਡ ਹੈ। ਸੰਨ 1947 ਤੋਂ ਪਹਿਲਾਂ ਇਹ ਪਿੰਡ ਨਾਭਾ ਰਿਆਸਤ ਵਿਚ ਪ੍ਰਵੇਸ਼ ਕਰਦਾ ਸੀ ਉਸ ਵੇਲੇ ਇਥੇ ਨਾਭਾ ਸਟੇਟ ਦਾ ਪੁਲਿਸ ਸਟੇਸ਼ਨ ਸੀ। ਹੁਣ ਇਹ ਪਿੰਡ ਤਹਿਸੀਲ ਮਲੇਰਕੋਟਲਾ ਜ਼ਿਲਾ ਸੰਗਰੂਰ ਵਿਚ ਆਉਂਦਾ ਹੈ। ਸਿਆਸੀ ਤੌਰ ਤੇ ਇਹ ਪਿੰਡ ਕਾਫੀ ਅੱਗੇ ਰਿਹਾ ਹੈ। ਇਸ ਪਿੰਡ ਦੇ ਪ੍ਰਜਾ ਮੰਡਲੀਏ ਬਹੁਤ ਮਸ਼ਹੂਰ ਹਨ। ਹਰਨਾਮ ਸਿੰਘ ਚਮਕ ਇਸੇ ਪਿੰਡ ਦੇ ਸਨ। ਇਸ ਪਿੰਡ ਦੀ ਵਸੋਂ ਪੰਜ ਹਜਾਰ ਦੇ ਕਰੀਬ ਹੈ। ਇਥੇ ਇਕ ਹਸਪਤਾਲ, ਗੁਰਦੁਆਰਾ, ਪੁਲਿਸ ਚੌਕੀ ਆਦਿ ਵੀ ਹਨ।

ਯਾਦਗਾਰੀ ਥਾਵਾਂ ਜਾਂ ਵਸਤਾਂ ਅਤੇ ਉਨ੍ਹਾਂ ਦਾ ਇਤਿਹਾਸ

  1. ਗੁੱਗੇ ਦੀ ਮਾੜੀ

ਮਾੜੀ ਦੇ ਅੰਦਰ ਸਿਧ ਬਾਬਾ ਜੀ ਦੀ ਪੁਰਾਤਨ ਮੂਰਤੀ ਹੈ ਜਿਸ ਤੇ ਧੂਪ ਧੁਖਾਈ ਜਾਂਦੀ ਹੈ। ਲੋਕ ਮੱਥਾ ਟੇਕਦੇ ਹਨ। ਇਸ ਦੀ ਇਟ ਜਿਸ ਨਾਲ ਨੀਂਹ ਪੱਥਰ ਰੱਖਿਆ ਗਿਆ ਸੀ, ਬੀਕਾਨੇਰ ਤੋਂ ਲਿਆਂਦੀ ਗਈ ਸੀ। ਨੀਂਹ ਪਹਿਲਾਂ ਕੱਚੀ ਸੀ ਪੱਕੀ ਉਸਾਰੀ ਮਗਰੋਂ ਹੋਈ ਹੈ। ਮੂਰਤੀ ਪੁਰਾਣੀ ਉਸਾਰੀ ਦੀ ਹੈ।

ਮੇਲੇ ਵਿਚ ਪਬਲਿਕ ਦਾ ਕੋਈ ਅੰਤ ਨਹੀਂ ਹੁੰਦਾ। ਤਿੰਨ ਤਿੰਨ ਮੀਲ ਤਕ ਮੇਲਾ ਭਰਦਾ ਹੈ। ਇਹ ਪੰਜਾਬ ਦਾ ਸਭ ਤੋਂ ਵੱਡਾ ਰਿਹਾਇਸ਼ੀ ਮੇਲਾ ਦਸਿਆ ਜਾਂਦਾ ਹੈ। ਜਿਹੜਾ ਪੰਜ ਦਿਨ ਰਹਿੰਦਾ ਹੈ। ਅੱਗੇ ਖੂਹ ਹੁੰਦੇ ਸਨ। ਜ਼ਿਮੀਦਾਰਾਂ ਦੇ ਮੁੰਡੇ ਪੁਨ ਅਰਥ ਲੋਕਾਂ ਨੂੰ ਦੂਰੋਂ ਦੂਰੋਂ ਪਾਣੀ ਲਿਆ ਕੇ ਪਿਲਾਉਂਦੇ ਸਨ। ਮਹੀਨਾ ਪਹਿਲਾਂ ਦਵਾਈ ਪਾਈ ਜਾਂਦੀ ਸੀ। ਮੇਲੇ ਦੇ ਦਿਨੀਂ ਇਕ ਇਕ ਘਰ ਵਿਚ 50 ਤੋਂ 100 ਤਕ ਬੰਦੇ ਆ ਜਾਂਦੇ ਹਨ। ਫੁੱਟਾਂ ਦੇ ਹਿਸਾਬ ਕਿਰਾਏ ਤੇ ਥਾਂ ਦਿੱਤੀ ਜਾਂਦੀ ਹੈ। ਪਿੰਡ ਵਾਲਿਆਂ ਲਈ ਇਹ ਆਮਦਨ ਦਾ ਵੱਡਾ ਵਸੀਲਾ ਹੈ।

ਪਿੰਡ ਨੂੰ ਇਸ ਮੇਲੇ ਤੋਂ ਲਗਭਗ 50,000/- ਰੁਪਏ ਦੀ ਆਮਦਨ ਹੋ ਜਾਂਦੀ ਹੈ। ਪਹਿਲਾ ਦਿਨ ਇਸਤਰੀਆਂ ਦਾ ਮੇਲਾ ਹੁੰਦਾ ਹੈ। ਫਿਰ ਮਰਦਾਂ ਦਾ ਮਰਦਾਂ ਵਾਲੇ ਦਿਨ ਕੋਈ ਔਰਤ ਨਹੀਂ ਜਾਂਦੀ। ਔਰਤਾਂ ਦੇ ਮੇਲੇ ਵਿਚ ਮਰਦ ਹੁੰਦੇ ਹਨ ਪਰ ਡਸਿਪਲਿਨ ਪੂਰਾ ਹੁੰਦਾ ਹੈ। ਪੁਲਿਸ ਦਾ ਚੰਗਾ ਪ੍ਰਬੰਧ ਹੁੰਦਾ ਹੈ। ਪੰਡਤ ਹਰਿ ਭਗਵਾਨ ਦਾਸ ਦੇ ਕਥਨ ਅਨੁਸਾਰ ਇਸ ਮੇਲੇ ਵਿਚ ਕਦੇ ਕੋਈ ਕਤਲ ਨਹੀਂ ਹੋਇਆ, ਕੋਈ ਛੇੜ-ਛਾੜ ਜਾਂ ਕੋਈ ਹੋਰ ਮਾੜੀ ਘਟਨਾ ਕਦੇ ਨਹੀਂ ਵਾਪਰੀ। ਇਹ ਇਸ ਮੇਲੇ ਦਾ ਅੱਜ ਤਕ ਦਾ ਰਿਕਾਰਡ ਹੈ।

  1. ਗੁੱਗੇ ਦੀ ਮਾੜੀ ਦਾ ਇਤਿਹਾਸ

ਮਾੜੀ ਵਾਲੀ ਥਾਂ ਤੋਂ ਅੱਠ ਰਾਹ ਫਟਦੇ ਹਨ। ਇਹ ਰਾਹ ਰਛੀਨ, ਰਸੂਲਪੁਰ, ਮਹੇਰਨਾ ਕਲਾਂ ਮਹੇਰਨਾ ਖੁਰਦ, ਦਹਲੀਜ਼ ਕਲਾਂ, ਦਹਲੀਜ਼ ਖੁਰਦ, ਅਹਿਮਦਗੜ੍ਹ, ਛਪਾਰ,ਝਰਕੋਟ, ਲਤਾਲੇ ਆਦਿ ਨੂੰ ਜਾਂਦੇ ਸਨ। ਇਕ ਪੰਡਿਤ ਇਸ ਥਾਂ ਤੇ ਰਹਿੰਦਾ ਸੀ ਕਹਿੰਦੇ ਹਨ ਕਿ ਮਹਾਰਾਜਾ ਨਾਭਾ ਇਥੋਂ ਲੰਘਿਆ। ਉਸਨੇ ਪੰਡਿਤ ਨੂੰ ਦੇਖਿਆ ਤੇ ਪੁਛਿਆ ਕਿ ਇਥੇ ਕਿਉਂ ਰਹਿੰਦਾ ਹੈ। ਪੰਡਿਤ ਨੇ ਕਿਹਾ ਕਿ ਇਹ ਗੁੱਗੇ ਦੀ ਥਾਂ ਹੈ ਇਥੋਂ ਸੁੱਖੀ ਹੋਈ ਸੁੱਖਣਾ ਪੂਰੀ ਹੋ ਜਾਂਦੀ ਹੈ। ਮਹਾਰਾਜਾ ਇਸ ਥਾਂ ਤੇ ਕੁਝ ਘੜੀ ਲਈ ਠਹਿਰਿਆ। ਉਸਨੇ ਹੀ ਇਸ ਥਾਂ ਤੇ ਮਾੜੀ ਬਣਵਾਈ ਸੀ। ਉਹ ਵਰਤਮਾਨ ਮਾੜੀ ਦੀ ਸ਼ਕਲ ਦੀ ਸੀ। ਪਰ ਇਸ ਤੋਂ ਛੋਟੀ ਸੀ। ਦੱਸਦੇ ਹਨ ਕਿ ਸੰਨ 1884 ਵਿਚ ਇਕ ਵੇਰ ਹੜ੍ਹ ਆਇਆ ਤਾਂ ਮਾੜੀ ਵਹਿ ਗਈ। ਬਾਦ ਵਿਚ ਉਗਰਾਹੀ ਕਰਕੇ ਉਸੇ ਹੀ ਥਾਂ ਤੇ ਪਹਿਲੀ ਮਾੜੀ ਦੇ ਉੱਪਰ ਨਵੀਂ ਮਾੜੀ ਬਣਾਈ ਗਈ ਜੋ ਇਸ ਸਮੇਂ ਕਾਇਮ ਹੈ। ਇਹ ਰੇਤਲੇ ਟਿੱਬੇ ਉੱਤੇ ਆਲੇ ਦੁਆਲੇ ਦੀ ਧਰਤੀ ਤੋਂ ਕਾਫ਼ੀ ਉੱਚੀ ਹੈ। ਰਛੀਨ ਨੂੰ ਜਾਂਦੀ ਸੜਕ ਦੇ ਐਨ ਉੱਪਰ ਹੈ।

  1. ਸਾਧੂ ਕੇਸ਼ਵਾਨੰਦ ਦੀ ਸਮਾਧ

ਮਾੜੀ ਤੋਂ ਅਹਿਮਦਗੜ੍ਹ ਨੂੰ ਜਾਂਦਿਆਂ ਰਾਹ ਵਿਚ ਦਰੱਖਤਾਂ ਦਾ ਇਕ ਝੁੰਡ ਹੈ ਇਥੇ ਛਪਾਰ ਪਿੰਡ ਤੋਂ ਵੀ ਆ ਕੇ ਰਾਹ ਮਿਲਦਾ ਹੈ। ਧਰਤੀ ਤੋਂ ਦੋ ਤਿੰਨ ਫੁੱਟ ਉੱਚਾ ਪੱਕਾ’ ਥੜਾ ਬਣਿਆ ਹੋਇਆ ਹੈ। ਇਸ ਉੱਤੇ ਚਾਰ ਰਿਹਾਇਸ਼ੀ ਕਮਰੇ ਹਨ ਜਿਨ੍ਹਾਂ ਦੇ ਵਿਚਕਾਰ ਡਿਉਢੀ ਹੈ। ਸੱਜੇ ਪਾਸੇ ਕੇਸ਼ਵਾਨੰਦ, ਮੇਜ਼ਾ ਨੰਦ ਦੀ ਸਮਾਧ ਹੈ। ਜਿਸ ਉਤੇ ਸਮਾਧ ਕੇਸ਼ਵਾਨੰਦ ਅਤੇ ਮੇਜ਼ਾ ਨੰਦ 2007 ਲਿਖਿਆ ਹੋਇਆ ਹੈ। ਇਹ ਸਮਾਧ ਲੋਹੇ ਦੇ ਜੰਗਲੇ ਦੇ ਵਿਚਕਾਰ ਹੈ। ਦੋਹਾਂ ਦੀਆਂ ਵੱਡੇ ਆਕਾਰ ਦੀਆਂ ਪਰ ਸਾਧਾਰਣ ਮੂਰਤੀਆਂ ਕੰਧ ਤੇ ਲੱਗੀਆਂ ਹੋਈਆਂ ਹਨ। ਸਾਹਮਣੇ ਲੱਕਾਂ ਦੁਆਲੇ ਕਪੜਾ ਲਗਿਆ ਹੋਇਆ ਹੈ ਅਤੇ ਹੱਥਾਂ ਵਿਚ ਖੂੰਡੇ ਹਨ। ਇਹ ਮੂਰਤੀਆਂ, ਦਸਦੇ ਹਨ ਕਿ ਆਗਰੇ ਤੋਂ ਬਣਵਾਈਆਂ ਗਈਆਂ ਹਨ। ਸਮਾਧ ਤਾਂ ਕਹਿੰਦੇ ਹਨ ਕਿ ਮੇਜ਼ਾ ਨੰਦ ਦੀ ਹੈ ਪਰ ਮੂਰਤੀਆਂ ਦੋਹਾਂ ਦੀਆਂ ਹਨ। ਇਥੇ ਛਾਂ ਦਾਰ ਦਰਖਤ ਅਤੇ ਇਕਾਂਤ ਹੋਣ ਕਾਰਨ ਛਪਾਰ ਦੇ ਮੇਲੇ ਸਮੇਂ ਢੱਡ ਸਾਰੰਗੀ ਗਾਉਣ ਵਾਲੇ ਅਤੇ ਕਵੀਸ਼ਰ ਅਖਾੜੇ ਲਾਉਂਦੇ ਹਨ। ਰੋਣਕ ਕਾਫ਼ੀ ਹੁੰਦੀ ਹੈ।

  1. ਸ਼ਿਵਾਲਾ

ਧਰਤੀ ਤੋਂ ਦੋ ਕੁ ਫੁੱਟ ਉੱਪਰ ਲੋਹੇ ਦੇ ਦਰਵਾਜ਼ੇ ਅੰਦਰ ਵੜਦਿਆਂ ਖੱਬੇ ਪਾਸੇ ਖੂਹੀ ਹੈ। ਜਿਸ ਉੱਤੇ ਇਕ ਕੁੰਡ ਹੈ। ਇਕ ਨਲਕਾ ਲਗਿਆ ਹੋਇਆ ਹੈ। ਇਸ ਤੋਂ ਇਕ ਫੁੱਟ ਵਿਹੜੇ ਅੰਦਰ ਵੜਦਿਆਂ ਵਿਚਾਲੇ ਸ਼ਿਵਾਲਾ ਹੈ। ਅੰਦਰ ਵਾਲੇ ਚਬੂਤਰੇ ਤੋਂ ਇਹ ਡੇਢ ਕੁ ਫੁੱਟ ਉੱਚਾ ਹੈ। ਸ਼ਿਵਾਲੇ ਉੱਪਰ ਦੇਵਨਾਗਰੀ ਵਿਚ “ਓਮ ਨਮੋ ਸ਼ਿਵਾ'” ਲਿਖਿਆ ਹੋਇਆ ਹੈ। ਬਾਹਰ ਖੱਬੀ ਕੰਧ ਤੇ ਕ੍ਰਿਸ਼ਨ ਦੀ ਮੂਰਤੀ ਵੀ ਹੈ। ਸੱਜੇ ਪਾਸੇ ਕੰਧ ਵਿਚ ਹੀ ਹਨੂਮਾਨ ਦੀ ਮੂਰਤੀ ਲੱਗੀ ਹੋਈ ਹੈ। ਬਰਾਂਡੇ ਅਤੇ ਸ਼ਿਵਾਲੇ ਉੱਪਰ ਸੁਨਹਿਰੀ ਰੰਗੇ ਕਲਸ’ ਹਨ। ਕੰਧ ਉੱਤੇ ਸੀਮਿੰਟ ਚੂਨੇ ਦੀ ਉਕਰਾਈ ਹੋਈ ਹੈ। ਅੰਦਰ ਗੁਬੰਦ ਉੱਤੇ ਫੁੱਲਦਾਰ ਸੱਜਾਵਟ ਹੈ। ਸੰਗਲ ਨਾਲ ਲਟਕਦਾ ਟੱਲ ਹੈ। ਸ਼ਿਵ ਲਿੰਗ ਦੁਆਲੇ ਚਾਰ ਮੂਰਤੀਆਂ ਹਨ। ਕੁਝ ਛੋਟੀਆਂ ਮੂਰਤੀਆਂ ਸੰਖ ਅਤੇ ਮੋਰ ਪੰਖ ਪਏ ਹਨ। ਇਸ ਦੀ ਵਰਤਮਾਨ ਉਸਾਰੀ ਪੰਜਾਹ ਸਾਲ ਪੁਰਾਣੀ ਹੈ।

ਸ਼ਿਵਾਲਾ

 

ਸ਼ਿਵਾਲਾ

 

ਗੂਗਾ ਮਾੜੀ

  1. ਗੁਰਦੁਆਰਾ ਸਾਹਿਬ

ਪਿੰਡ ਵਿਚ ਇਕ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਰਵਾਇਤ ਸੀ. ਕਿ ਛਪਾਰ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਆਏ ਸਨ ਪਰ ਸਧਾਰ ਵਾਲਿਆਂ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਇਥੇ ਨਹੀਂ, ਸਧਾਰ ਆਏ ਸਨ।

ਇਹ ਗੁਰਦੁਆਰਾ 1935 ਵਿਚ ਬਣਾਇਆ ਗਿਆ ਸੀ। ਗੁਰਦੁਆਰੇ ਨਾਲ ਤਿੰਨ ਕਿੱਲੇ ਜ਼ਮੀਨ ਪਿੰਡ ਵਲੋਂ ਲਾਈ ਗਈ ਹੈ। ਪਹਿਲਾਂ ਸ੍ਰੀ ਗੁਰਬਚਨ ਸਿੰਘ ਨੇ ਇਕ ਵਿਘਾ ਜ਼ਮੀਨ ਗੁਰਦੁਆਰੇ ਲਈ ਦਿੱਤੀ ਸੀ। ਸਵਾ ਦੋ ਵਿਘੇ ਬੀਬੀ ਅਮਰ ਕੌਰ ਨੇ ਤੇ ਬਾਕੀ ਖਰੀਦ ਲਈ ਗਈ। ਸ੍ਰੀ ਨੰਦ ਸਿੰਘ ਹੋਰਾਂ ਨੇ ਇਸ ਦੀ ਸੇਵਾ ਕੀਤੀ। ਪ੍ਰਧਾਨ ਗਿਆਨੀ ਹਰਭਜਨ ਸਿੰਘ ਜੀ ਹਨ ਜੋ ਆਪ ਕੀਰਤਨ ਕਰਦੇ ਹਨ।

ਗੁਰਦੁਆਰਾ ਸਾਹਿਬ

  1. ਕੰਧ ਚਿੱਤਰ

ਮਾੜੀ ਦੇ ਅੰਦਰ ਉੱਪਰ ਅਤੇ ਹੇਠਾਂ ਚਿੱਤਰ ਬਣੇ ਹੋਏ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:-

(ੳ) ਹੇਠਾਂ ਦੇ ਚਿੱਤਰ ਸੱਜੇ ਤੋਂ ਖੱਬੇ ਵੱਲ ਘੁੰਮ ਕੇ

1) ਰਾਮ ਚੰਦਰ ਜੀ ਤੇ ਲਛਮਣ ਜੀ ਹਿਰਨ ਤੇ ਤੀਰ ਚਲਾ ਰਹੇ ਹਨ।

2) ਰਾਵਨ ਸੀਤਾ ਜੀ ਤੋਂ ਭਿਖਿਆ ਲੈ ਰਿਹਾ ਹੈ।

3) ਅਰਜਨ ਖੜ੍ਹਾ ਵਿਖਾਇਆ ਹੈ।

4) ਭਗਤ ਗੁੱਗਾ ਪੀਰ ਘੋੜੇ ਤੇ ਸਵਾਰ ਹਨ, ਜਨ ਅਤੇ ਸੁਰਜਨ ਜੋੜੇ ਭਰਾ ਘੋੜੇ ਦੀਆਂ ਬਾਗਾਂ ਫੜੀ ਖੜੇ ਹਨ ਤੇ ਪਰੀ ਹੁਸਨ ਬਾਨੋ ਉੱਪਰ ਹੱਥ ਵਿਚ ਮਾਲਾ ਲਈ ਉੱਡੀ ਜਾ ਰਹੀ ਹੈ।

5) ਭੀਮ ਸੈਣ ਖੜੇ ਵਿਖਾਏ ਗਏ ਹਨ।

6) ਰਾਮ ਚੰਦਰ ਜੀ ਅਤੇ ਲਛਮਣ ਜੀ ਸਲੋਚਨਾ ਨੂੰ ਮੇਘ ਨਾਥ ਦਾ ਸੀਸ ਦੇ ਰਹੇ ਹਨ

7) ਦੇਵੀ ਸ਼ੇਰ ਉੱਤੇ ਬਿਰਾਜਮਾਨ ਵਿਖਾਈ ਗਈ ਹੈ।

8) ਦੀਪ ਸਿੰਘ ਸ਼ਹੀਦ ਸੀਸ ਹੱਥ ਵਿਚ ਲਈ ਜਾ ਰਹੇ ਵਿਖਾਏ ਹਨ।

9) ਹਨੂਮਾਨ ਲੰਕਾ ਫੂਕ ਕੇ ਪਰਤ ਰਿਹਾ ਵਿਖਾਇਆ ਗਿਆ ਹੈ। ਲੰਕਾ ਸੜ ਰਹੀ ਵਿਖਾਈ ਗਈ ਹੈ।

10) ਗੁਰੂ ਹਰਿ ਰਾਏ ਅਤੇ ਗੁਰੂ ਤੇਗ ਬਹਾਦਰ ਜੀ ਦੇ ਚਿੱਤਰ ਹਨ।

11) ਯੁਧਿਸ਼ਟਰ ਤੇ ਦਰੋਪਦੀ ਤਖ਼ਤ ਉੱਤੇ ਬੈਠੇ ਅਤੇ ਬਾਕੀ ਪਾਂਡੇ ਨਾਲ ਬੈਠੇ ਵਿਖਾਏ ਗਏ ਹਨ।

. 12) ਗੁਰੂ ਹਰਿਗੋਬਿੰਦ ਜੀ ਅਤੇ ਹਰਿਕ੍ਰਿਸ਼ਨ ਜੀ ਦੇ ਚਿੱਤਰ ਹਨ।

13) ਇਕ ਪਾਸੇ ਜੰਡ ਹੇਠਾਂ ਸਾਹਿਬਾਂ ਬੈਠੀ ਹੈ ਜਿਸ ਦੇ ਪੱਟ ਉੱਤੇ ਸਿਰ ਰੱਖੀ ਮਿਰਜ਼ਾ ਸੁੱਤਾ ਪਿਆ ਹੈ। ਬੱਗੀ ਕੋਲ ਖੜੀ ਹੈ। ਦੂਜੇ ਪਾਸੇ ਖਾਨ ਸ਼ਮੀਰ ਸਾਹਿਬਾਂ ਦਾ ਭਰਾ ਕੁਝ ਬੰਦਿਆਂ ਨਾਲ ਮਿਰਜ਼ੇ ਉੱਤੇ ਹੱਲਾ ਕਰਨ ਲਈ ਆ ਰਿਹਾ ਵਿਖਾਇਆ ਗਿਆ ਹੈ।

14) ਸੋਹਣੀ ਮਹੀਂਵਾਲ ਕਿਸ਼ਤੀ ਵਿਚ ਬੈਠੇ ਹਨ ਦੂਜੇ ਪਾਸੇ ਲੈਲਾ ਮਜਨੂੰ ਵਿਖਾਏ ਗਏ ਹਨ।

15) ਬਾਵਾ ਛਪਾਰੀਆ ਪਹਿਲਵਾਨ ਦਾ ਚਿੱਤਰ ਹੈ।

16) ਅੰਗਰੇਜ਼ ਦਫ਼ਤਰ ਵਿਚ ਕੁਝ ਲਿਖ ਰਹੇ ਵਿਖਾਏ ਗਏ ਹਨ।

17) ਰਾਂਝਾ ਮੱਝਾਂ ਚਾਰ ਰਿਹਾ ਹੈ ਤੇ ਹੀਰ ਕੈਦੋਂ ਦੀ ਦਾੜੀ ਫੜੀ ਖੜੀ ਹੈ।

18) ਪੁੰਨੂੰ ਦਾ ਭਾਈ ਪੁੰਨੂੰ ਨੂੰ ਡਾਚੀ ਤੇ ਬਿਠਾਈ ਲੈ ਜਾ ਰਿਹਾ ਹੈ। ਸੱਸੀ ਪੁੰਨੂੰ ਨੂੰ ਸ਼ਰਾਬ ਦੀ ਬੋਤਲ ਫੜਾ ਰਹੀ ਹੈ। ਸੱਸੀ ਦੀ ਮਾਂ ਸੱਸੀ ਨੂੰ ਮੋੜ ਰਹੀ ਹੈ।

19) ਗੁਰੂ ਅਮਰ ਦਾਸ ਤੇ ਗੁਰੂ ਅਰਜਨ ਦੇਵ ਜੀ ਦੇ ਚਿੱਤਰ ਹਨ।

20) ਰਾਮ ਅਤੇ ਰਾਵਨ ਦਾ ਬੁੱਤ ਵਿਖਾਇਆ ਗਿਆ ਹੈ।

21) ਗੁਰੂ ਅੰਗਦ ਦੇਵ ਜੀ ਅਤੇ ਗੁਰੂ ਰਾਮ ਦਾਸ ਜੀ ਦੇ ਚਿੱਤਰ ਹਨ।

22) ਸੂਰਜ ਦਾ ਰੱਥ ਵਿਖਾਇਆ ਗਿਆ ਹੈ।

23) ਦੇਵੀ ਦਾ ਚਿੱਤਰ ਹੈ।

(ਅ) ਉੱਪਰ ਦੇ ਚਿੱਤਰ ਸੱਜੇ ਤੋਂ ਖੱਬੇ ਵੱਲ ਘੁੰਮ ਕੇ

1) ਨਰ ਸਿੰਘ ਅਵਤਾਰ ਹਰਨਾਖਸ਼ ਰਾਜੇ ਨੂੰ ਮਾਰ ਰਿਹਾ ਹੈ ਅਤੇ ਪ੍ਰਹਿਲਾਦ ਭਗਤ ਤੇ ਰਾਣੀ ਪਾਸ ਹੱਥ ਜੋੜੀ ਖੜੇ ਹਨ।

2) ਕ੍ਰਿਸ਼ਨ ਜੀ ਰਾਧਕਾ ਤੇ ਗੋਪੀ ਨਾਲ ਖੜੇ ਵਿਖਾਏ ਹਨ।

3) ਸਤਿਗੁਰੂ ਨਾਨਕ ਦੇਵ ਜੀ ਦਾ ਚਿੱਤਰ ਹੈ, ਪਾਸ ਭਾਈ ਮਰਦਾਨਾ ਤੇ ਬਾਲਾ ਬੈਠੇ ਵਿਖਾਏ ਹਨ।

4) ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਚਿੱਤਰ ਹੈ।

5) ਮਛੰਦਰ ਨਾਥ ਦਾ ਚਿੱਤਰ ਹੈ, ਕੋਲ ਇਕ ਰਾਣੀ ਖੜੀ ਵਿਖਾਈ ਹੈ।

6) ਰਾਜਾ ਮੋਰ ਧੱਜ ਦਾ ਚਿੱਤਰ ਹੈ। ਰਾਜੇ ਦੇ ਸਿਰ ਨੂੰ ਆਰੇ ਨਾਲ ਚੀਰਿਆ ਜਾ ਰਿਹਾ ਵਿਖਾਇਆ ਹੈ।

7) ਸਰਸਵਤੀ ਜੀ ਦਾ ਚਿੱਤਰ ਹੈ।

8) ਗਣੇਸ਼ ਜੀ ਦਾ ਚਿੱਤਰ ਹੈ।

9) ਰਾਣੀ ਸੁੰਦਰਾਂ ਤੋਂ ਪੂਰਨ ਭਗਤ ਭਿਖਿਆ ਮੰਗਦਾ ਵਿਖਾਇਆ ਗਿਆ ਹੈ।

10) ਕ੍ਰਿਸ਼ਨ ਜੀ ਦਾ ਚਿੱਤਰ ਹੈ।

11) ਸ਼ਿਵ ਜੀ ਦਾ ਚਿੱਤਰ ਹੈ।

12) ਕਿਕਰ ਸਿੰਘ ਤੇ ਗੁਲਾਮ ਪਹਿਲਵਾਨ ਨੂੰ ਕੁਸ਼ਤੀ ਲੜਦੇ ਵਿਖਾਇਆ ਗਿਆ। ਹੈ।

13) ਰਾਣੀ ਚੰਦ ਕੌਰ ਬੈਠੀ ਵਿਖਾਈ ਗਈ ਹੈ।

14) ਹਨੂਮਾਨ ਪਹਾੜੀ ਚੁੱਕੀ ਲੈ ਜਾ ਰਿਹਾ ਵਿਖਾਇਆ ਹੈ।

15) ਇਕ ਚਿੱਤਰ ਹੈ ਜਿਸ ਵਿਚ ‘ਦੱਤਾ ਤਰਿਓ’ ਲਿਖਿਆ ਹੈ।

16) ਦੇਵੀ ਦਾ ਚਿੱਤਰ ਹੈ।

ਮਾੜੀ ਦੇ ਬਾਹਰ ਮਹਿਰਾਬਾਂ ਵਿਚ ਕੁਝ ਚਿੱਤਰ ਬਣੇ ਹਨ ਜਿਨ੍ਹਾਂ ਦੇ ਵੇਰਵੇ ਇਸ ਪ੍ਰਕਾਰ ਹਨ:-

ਦਰਵਾਜਾ ਵੜਦੇ ਸਮੇਂ ਖਬਿਓਂ ਸੱਜੇ ਪਾਸੇ ਨੂੰ ਘੁੰਮ ਕੇ।

(ਸੱਜੇ ਪਾਸੇ ਦੀ ਮਹਿਰਾਬ ਵਿਚ)

1) ਪੰਡਿਤ ਆਤਮਾ ਰਾਮ ਪੀ ਰਿਹਾ ਹੈ। ਆਤਮਾ ਰਾਮ ਪਿੰਡ ਛਪਾਰ ਦਾ ਬ੍ਰਾਹਮਣ मी।

2) ਚਾਰ ਸਿੱਖਾਂ ਦਾ ਚਿੱਤਰ ਹੈ ਪਹਿਲੇ ਸਿੱਖ ਦੇ ਹੱਥ ਵਿਚ ਝੰਡਾ ਪਕੜਿਆ ਵਿਖਾਇਆ ਹੈ।

3) ਸ੍ਰ: ਕਾਹਣ ਸਿੰਘ ਹਲ ਚਲਾਉਂਦਾ ਵਿਖਾਇਆ ਹੈ। ਕਹਿੰਦੇ ਹਨ ਕਿ ਉਹ ਪਿੰਡ ਛਪਾਰ ਦਾ ਵਧੀਆ ਹਾਲੀ ਸੀ।

4) ਇਕ ਅਕਾਲੀ ਦਾ ਚਿੱਤਰ ਹੈ।

5) ਇਕ ਨਿਹੰਗ ਖੂਹੀ ਵਿਚੋਂ ਪਾਣੀ ਖਿੱਚ ਰਿਹਾ ਹੈ। ਦੋ ਨਿਹੰਗ ਸੁੱਖਾ ਰਗੜ ਰਹੇ। ਵਿਖਾਏ ਹਨ ਇਨ੍ਹਾਂ ਦਾ ਮੁੱਖੀ ਆਪਣੇ ਹੋਰ ਸਿੱਖਾਂ ਨਾਲ ਇਕ ਪਾਸੇ ਬੈਠਾ ਵਿਖਾਇਆ ਹੈ।

6) ਸ਼ੇਸ਼ ਨਾਗ ਉੱਤੇ ਵਿਸ਼ਨੂੰ ਭਗਵਾਨ ਬਿਰਾਜਮਾਨ ਹਨ।

7) ਟਹਿਲ ਦਾਸ ਜੀ ਸਮਾਧੀ ਲਾਈ ਬੈਠੇ ਹਨ।

8) ਇਕ ਪਾਸੇ ਤਾਰੂ ਸ਼ਹੀਦ ਜੀ ਦੀ ਖੋਪੜੀ ਉਤਾਰੀ ਜਾ ਰਹੀ ਹੈ। ਦੂਜੇ ਪਾਸੇ ਯਸ਼ੋਦਾ ਦੁੱਧ ਰਿੜਕ ਰਹੀ ਹੈ ਤੇ ਕ੍ਰਿਸ਼ਨ ਜੀ ਪਾਸ ਖੜੇ ਹਨ।

(ਵਿਚਾਲੇ ਦੀ ਮਹਿਰਾਬ)

1) ਲਾਲੋ ਭਗਤ ਮੰਜਾ ਠੋਕ ਰਿਹਾ ਹੈ।

2) ਭਗਤ ਨਾਮਦੇਵ ਜੀ ਸਮਾਧੀ ਲਾਈ ਬੈਠੇ ਹਨ

3) ਵਿਸ਼ਨੂੰ ਭਗਵਾਨ ਜੀ ਗਰੁੜ ਤੇ ਬੈਠੇ ਵਿਖਾਏ ਹਨ।

4) ਸੈਨ ਭਗਤ ਜੀ ਸਮਾਧੀ ਲਾਈ ਬੈਠੇ ਹਨ।

5) ਮੁੰਡੇ ਡੰਡਾ ਡੁੱਕ ਖੇਡ ਰਹੇ ਹਨ।

6) ਭਗਤ ਰਾਮ ਦਾਸ ਜੀ ਬੈਠੇ ਹਨ।

7) ਭਗਤ ਕਬੀਰ ਜੀ ਤੇ ਉਨ੍ਹਾਂ ਦੀ ਪਤਨੀ ਲੋਈ ਤਾਣੇ ਪਾਣ ਕਰ ਰਹੇ ਵਿਖਾਏ ਹਨ। ਉਨ੍ਹਾਂ ਦੇ ਪੁੱਤਰ ਕਮਾਲਾ ਪਾਸ ਖੜੇ ਹਨ।

(ਸੱਜੇ ਪਾਸੇ ਦੀ ਮਹਿਰਾਬ)

1) ਰਾਜਾ ਗੋਪੀ ਚੰਦ ਉਨ੍ਹਾਂ ਦੀ ਮਾਤਾ ਮੈਨਾ ਦੇਵੀ ਅਤੇ ਉਨ੍ਹਾਂ ਦੀਆਂ ਰਾਣੀਆਂ ਖੜੀਆਂ ਵਿਖਾਈਆਂ ਹਨ ।

2) ਬਾਵਾ ਛਪਾਰੀਆ ਕੁਸ਼ਤੀ ਲੜ ਰਹੇ ਵਿਖਾਏ ਹਨ।

3) ਮਾੜੀ ਵਾਲੇ ਪੰਡਿਤ ਮਾੜੂ ਰਾਮ ਦਾ ਚਿੱਤਰ ਹੈ।

4) ਧੰਨੇ ਭਗਤ ਦਾ ਚਿੱਤਰ ਹੈ।

5) ਮਾਧੋ ਰਾਮ ਬ੍ਰਾਹਮਣ ਦੀ ਬ੍ਰਾਹਮਣੀ ਰੋਟੀ ਲਈ ਬੈਠੀ ਵਿਖਾਈ ਹੈ।

*6) ਪਰਬਦ ਨਾਂ ਦਾ ਇਕ ਵਿਅਕਤੀ ਸੁੱਖਾ ਪੀ ਰਿਹਾ ਹੈ।

7) ਡੋਗਰ ਛਪਾਰ ਵਾਲਾ ਗਾ ਰਿਹਾ ਵਿਖਾਇਆ ਹੈ ਅਤੇ ਰੁਲੀਆਂ ਸਿੰਘ ਜੱਟ ਕੁਰਸੀ ਤੇ ਬੈਠਾ ਗੌਣ ਸੁਣ ਰਿਹਾ ਹੈ।

 

ਗੂਗਾ ਮਾੜੀ

 

ਗੂਗਾ ਮਾੜੀ

8) ਛਪਾਰ ਦਾ ਮੋਦਨ ਬੋਤਲ ਨੂੰ ਮੂੰਹ ਲਾ ਕੇ ਸ਼ਰਾਬ ਪੀਂਦਾ ਵਿਖਾਇਆ ਹੈ। ਕਹਿੰਦੇ ਹਨ ਕਿ ਮੋਦਨ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ।

ਇਹ ਸਾਰੇ ਚਿੱਤਰ ਪਿੰਡ ਚੂਹਾਣ ਦੇ ਰਾਜ ਹਜੂਰਾ ਸਿੰਘ ਤੇ ਸੰਤਾ ਸਿੰਘ ਨੇ ਤਿਆਰ ਕੀਤੇ। ਇਨ੍ਹਾਂ ਮਾੜੀ ਦੇ ਅੰਦਰਲੇ ਹਿੱਸੇ ਦੀ ਤਿਆਰੀ ਕੀਤੀ ਸੀ। ਇਕ ਕੰਧ ਚਿੱਤਰ ਗੁਰਦੁਆਰੇ ਸਾਹਿਬ ਵਿਚ ਵੀ ਹੈ ਪਰ ਇਹ ਬਹੁਤ ਪੁਰਾਣਾ ਨਹੀਂ। ਇਹ ਅਹਿਮਦਗੜ੍ਹ ਦੇ ਚਿੱਤਰਕਾਰ ਯਸ਼ ਦਾ ਬਣਾਇਆ ਹੋਇਆ ਹੈ।

ਪ੍ਰਸਿੱਧ ਵਿਅਕਤੀ

1) ਸੰਤ ਕੇਸ਼ਵਾ ਨੰਦ

ਇਸ ਸਾਧੂ ਨੇ ਜਟਾਂ ਰੱਖੀਆਂ ਹੋਈਆਂ ਸਨ। ਕੇਵਲ ਲੰਗੋਟ ਪਹਿਨਦੇ ਸਨ। ਧੂਹਕੋਟ ਵਾਲੇ ਸੰਤ ਸਾਤਾਨੰਦ ਦੇ ਚੇਲੇ ਸਨ। ਕਹਿੰਦੇ ਹਨ ਕਿ ਤਪ ਬਹੁਤ ਕਰਦੇ ਸਨ। ਮਾਘ ਮਹੀਨੇ ਵਿਚ ਪਾਣੀ ਵਿਚ ਖੜੋ ਜਾਂਦੇ ਸਨ ਤੇ ਜੇਠ ਹਾੜ ਵਿਚ ਧੂਣੀ ਧੁਖਾਉਂਦੇ ਸਨ। ਸਰੀਰ ਭਾਰਾ ਸੀ ਅਤੇ ਕੱਦ ਉੱਚਾ ਸੀ। ਹੱਥ ਵਿਚ ਖੂੰਡਾ ਰੱਖਦੇ ਸਨ। ਇਕ ਸੇਰ ਘੀ ਅਤੇ ਪੰਜ ਸੇਰ ਦੁੱਧ ਪੀ ਲੈਂਦੇ ਸਨ। ਲਗਭਗ 35 ਸਾਲ ਪਹਿਲਾਂ 65 ਸਾਲ ਦੀ ਉਮਰ ਵਿਚ ਮੌਤ ਹੋਈ।

2) ਬਹਾਦੁਰ ਸਿੰਘ

ਇਹ ਸ਼ਾਹੂਕਾਰ-ਸ਼ੀਘਰ ਸੀ ਪਰ ਦਾਨੀ ਸੁਭਾ ਦਾ ਸੀ। ਅੱਸੀ ਕੁ ਸਾਲ ਦੀ ਉਮਰ ਵਿਚ ਮੌਤ ਹੋਈ। ਪਿੰਡ ਵਿਚ ਕਾਫ਼ੀ ਸਤਿਕਾਰ ਸੀ।

3) ਗੁਰਦਿਆਲ ਸਿੰਘ

ਦੂਜੀ ਪਲੇਗ ਵਿਚ 90 ਕੁ ਸਾਲ ਦੀ ਉਮਰ ਵਿਚ ਮੌਤ ਹੋਈ। ਪਿੰਡ ਵਿਚ ਆਉਣ ਵਾਲੇ ਮੁਸਾਫ਼ਰ ਦਰਵਾਜ਼ੇ ਵਿਚ ਠਹਿਰਦੇ ਸਨ । ਇਹ ਪਿੰਡ ਵਿਚੋਂ ਰੋਟੀ ਇਕੱਠੀ ਕਰਕੇ ਮੁਸਾਫ਼ਰਾਂ ਨੂੰ ਛਕਾਉਂਦਾ ਸੀ। ਕਾਫ਼ੀ ਪ੍ਰੇਮੀ ਸੁਭਾ ਸੀ। ਨੰਬਰਦਾਰ ਵੀ ਸੀ।

4) ਬਿਸ਼ਨ ਸਿੰਘ

ਤੀਹ ਕੁ ਸਾਲ ਪਹਿਲੋਂ 70 ਸਾਲ ਦੀ ਉਮਰ ਵਿਚ ਮੌਤ ਹੋਈ। ਇਹ ਅਨਪੜ੍ਹ ਸੀ ਪਰ ਪਿੰਡ ਵਿਚ ਕੋਈ ਝਗੜਾ ਹੋ ਜਾਏ ਤਾਂ ਇਹ ਦਖਲ ਦੇ ਕੇ ਰਾਜ਼ੀਨਾਮਾ ਕਰਵਾ ਦਿੰਦਾ ਸੀ। ਪਿੰਡ ਦੇ ਵੱਖ ਵੱਖ ਵਿਚਾਰਾਂ ਵਾਲੇ ਲੋਕੀਂ ਇਸਦਾ ਸਤਿਕਾਰ ਕਰਦੇ ਸਨ। ਹ

5) ਬਾਬਾ ਜਿਊਣ ਦਾਸ

ਬਾਬਾ ਜਿਊਣ ਦਾਸ ਕਦ ਹੋਏ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ। ਡੇਰੇ ਤੇ ਬੈਠੇ ਭਗਵਾਨ ਦਾਸ ਬ੍ਰਹਮਚਾਰੀ ਜੋ ਸਨਿਆਸ ਵਿਚ ਵਿਸ਼ਵਾਸ ਰੱਖਦੇ ਹਨ, ਨੇ ਦਸਿਆ ਕਿ ਬਾਬਾ ਜੀ 300-350 ਵਰਸ਼ ਪਹਿਲਾਂ ਹੋਏ ਸਨ ਤੇ ਉਦਾਸੀ ਸੰਤ ਤੇ ਬੜੇ ਕਰਨੀ ਵਾਲੇ ਸਨ। ਪਹਿਲਾਂ ਇਥੇ ਇਕ ਪੁਰਾਣੀ ਸਮਾਧ ਸੀ ਜੋ ਗਿਰ ਗਈ ਸੀ। ਕੋਈ ਦਸ ਸਾਲ ਹੋਏ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਨਵੀਂ ਸਮਾਧ ਬਣਾਈ ਹੈ। ਇਹ ਸਮਾਧ ਥੇਹ ਦੇ ਪਾਸ ਹੈ। ਦਸਵੀਂ ਵਾਲੇ ਦਿਨ ਲੋਕ ਮਾਨਤਾ ਲਈ ਆਉਂਦੇ ਹਨ।

ਭਗਵਾਨ ਦਾਸ ਜੀ ਦੇ ਕਥਨ ਅਨੁਸਾਰ ਇਥੇ ਪਹਿਲਾਂ ਇਕ ਜੰਗਲ ਸੀ ਤੇ ਉਜਾੜ ਇਲਾਕਾ ਸੀ। ਉਹ ਇਥੇ ਆ ਕੇ ਬੈਠ ਗਏ ਜੋ ਗੱਲ ਮੂੰਹੋਂ ਕਢਦੇ, ਉਹ ਪੂਰੀ ਹੋ ਜਾਂਦੀ ਸੀ। ਇਕ ਵੇਰ ਉਹ ਘੁੰਗਰਾਣਾ ਪਿੰਡ ਦੇ ਕਿਸੇ ਜ਼ਿਮੀਂਦਾਰ ਪਾਸ ਬਾਲਣ ਲੈਣ ਗਏ, ਪਰ ਉਸਨੇ ਇਨਕਾਰ ਕਰ ਦਿੱਤਾ। ਜਦੋਂ ਉਹ ਗੱਡਾ ਲੈ ਕੇ ਆਇਆ ਤਾਂ ਪੁੱਠਾ ਕਰ ਦਿੱਤਾ। ਜਦੋਂ ਜ਼ਿਮੀਂਦਾਰ ਆਇਆ ਤਾਂ ਉਸ ਪੁਛਿਆ ਕਿ ਮੇਰਾ ਇਥੇ ਗੱਡਾ ਸੀ ਤਾਂ ਆਪ ਨੇ ਕਿਹਾ ਕਿ ਖਾਲ ਵਿਚ ਵੇਖੋ ਤਾਂ ਉਹ ਖਾਲ ਵਿਚ ਸੀ। ਬਸ ਉਦੋਂ ਤੋਂ ਆਪ ਦੀ ਮਾਨਤਾ ਸ਼ੁਰੂ ਹੋ ਗਈ।

ਆਪ ਝਾੜਾ ਕਰਦੇ ਸਨ। ਕਿਸੇ ਨੂੰ ਤਕਲੀਫ਼ ਹੁੰਦੀ, ਪਕੜ ਹੁੰਦੀ ਆਪ ਠੀਕ ਕਰ ਦਿੰਦੇ ਸਨ। ਠਾਕੁਰ ਦਾਸ ਪਹਿਲਵਾਨ ਆਪ ਦੇ ਭਰਾ ਆਗਿਆ ਦਾਸ ਦਾ ਚੇਲਾ ਸੀ ਜਿਸ ਬਾਰੇ ਪ੍ਰਚਲਤ ਹੈ ਕਿ ਉਹ ਵੱਡੇ ਤੋਂ ਵੱਡੇ ਪਹਿਲਵਾਨ ਨੂੰ ਕੇਵਲ ਤਿੰਨ ਮਿੰਟ ਵਿਚ ਡੇਗ ਦਿੰਦਾ ਸੀ।

6) ਕਰਤਾਰ ਸਿੰਘ ਦੁੱਕੀ

ਲਤਾਲੇ ਦੇ ਇਸ ਸੁਤੰਤਰਤਾ ਸੰਗਰਾਮੀਏ ਨੇ ਗਦਰ ਲਹਿਰ ਵਿਚ ਭਾਗ ਲਿਆ। ਭਾਰਤ ਆ ਕੇ ਗਦਰ ਲਹਿਰ ਵਿਚ ਭਾਗ ਲੈਣ ਕਾਰਨ ਫੜਿਆ ਗਿਆ। ਉਸਦੇ ਇਸ ਇਲਾਕੇ ਦੇ ਸੁਤੰਤਰਤਾ ਸੰਗਰਾਮੀਆਂ ਅਤੇ ਗੁਆਂਢੀ ਰਿਆਸਤਾਂ ਦੇ ਪ੍ਰਜਾ ਮੰਡਲ ਆਗੂਆਂ ਨਾਲ ਕਾਫ਼ੀ ਗੂੜੇ ਸਬੰਧ ਰਹੇ ਸਨ। ਉਹ ਛਪਾਰ ਦੇ ਮੇਲੇ ਤੇ ਰਾਜਨੀਤਕ ਕਾਨਫਰੰਸਾਂ ਕਰਵਾਇਆ ਕਰਦਾ ਸੀ। 70 ਕੁ ਸਾਲ ਦੀ ਉਮਰ ਵਿਚ ਦਸ ਕੁ ਸਾਲ ਪਹਿਲੋਂ ਉਸਦੀ ਮੌਤ ਹੋ ਗਈ ਹੈ।

7) ਪੰਡਿਤ ਬਿਸ਼ਨ ਦਾਸ

ਲਤਾਲੇ ਦਾ ਇਹ ਮਸ਼ਹੂਰ ਵੈਦ ਡੇਰੇ ਵਿਚ ਰਹਿੰਦਾ ਸੀ। ਉਹ ਰਾਏਕੋਟ ਦੇ ਇਕ ਮਸ਼ਹੂਰ ਮੌਲਵੀ ਵੈਦ ਦਾ ਸਾਥੀ ਸੀ। ਮੁਫ਼ਤ ਇਲਾਜ ਕਰਦਾ ਸੀ। ਉਸਨੇ ਸੁਤੰਤਰਤਾ ਸੰਗਰਾਮ ਵਿਚ ਸਿੱਧੇ ਤੌਰ ਤੇ ਭਾਗ ਨਹੀਂ ਲਿਆ ਪਰ ਰਿਆਸਤਾਂ ਤੇ ਮਫ਼ਰੂਰ ਪ੍ਰਜਾਮੰਡਲ ਆਗੂਆਂ ਨੂੰ ਲੋੜ ਸਮੇਂ ਸਹਾਰਾ ਦਿੰਦਾ ਰਿਹਾ ਸੀ। ਉਸ ਦੀ 70 ਸਾਲ ਦੀ ਉਮਰ ਵਿਚ 36 ਕੁ ਸਾਲ ਪਹਿਲੋਂ ਮੌਤ ਹੋਈ।

8) ਸ੍ਰੀ ਸੁਤੰਤਰਾਨੰਦ ਤੇ ਰੂੜਾ ਰਾਮ

ਸ੍ਰੀ ਸੁਤੰਤਰਾਨੰਦ ਤੇ ਰੂੜਾ ਰਾਮ ਕਾਫ਼ੀ ਸਮੇਂ ਤਕ ਲਤਾਲੇ ਵਿਚ ਰਹੇ। ਇਨ੍ਹਾਂ ਦੋਹਾਂ ਨੇ ਰਾਜਨੀਤਕ ਅੰਦੋਲਨਾਂ ਵਿਚ ਭਾਗ ਲਿਆ। ਇਹ ਡਾ. ਸੈਫਉਦੀਨ ਕਿਚਲੂ ਦੇ ਸਾਥੀ ਸਨ। ਲੁਧਿਆਣੇ ਦੇ ਡੋਗਰਾ ਪਰਿਵਾਰ ਨਾਲ ਰਾਜਨੀਤਕ ਖੇਤਰ ਵਿਚ ਸਬੰਧਤ ਰਹੇ। ਗੁਪਤਵਾਸ ਕਰ ਰਹੇ ਸੁਤੰਤਰਤਾ ਸੰਗਰਾਮੀਏ ਇਥੇ ਇਨ੍ਹਾਂ ਕੋਲ ਆ ਕੇ ਸਲਾਹ ਮਸ਼ਵਰਾ ਕਰਿਆ ਕਰਦੇ ਸਨ। ਸ੍ਰੀ ਸੁਤੰਤਰਾਨੰਦ ਦੀ ਦਸ ਕੁ ਸਾਲ ਪਹਿਲੋਂ ਮੌਤ ਹੋਈ। ਉਸ ਸਮੇਂ ਉਸ ਦੀ ਉਮਰ ਲਗਭਗ 75 ਸਾਲ ਸੀ। ਸ੍ਰੀ ਰੂੜਾ ਰਾਮ ਜੀ ਦੀ ਮੌਤ ਵੀ 10 ਕੁ ਸਾਲ ਪਹਿਲੋਂ 65 ਸਾਲ ਦੀ ਉਮਰ ਵਿਚ ਹੋਈ। ਇਨ੍ਹਾਂ ਦੋਹਾਂ ਨੇ ਕਈ ਵੇਰ ਜ਼ੇਲ ਦੀ ਯਾਤਰਾ ਕੀਤੀ ਸੀ।

9) ਸ੍ਰੀ ਮਾਨ ਸਿੰਘ

ਇਨ੍ਹਾਂ ਨੇ 1938 ਵਿਚ ਰਛੀਨ ਪਿੰਡ ਵਿਚ ਕਾਂਗਰਸ ਕਮੇਟੀ ਬਣਾਈ। ਤਦ ਤੋਂ ਇਹ ਸਮੇਂ ਸਮੇਂ ਸਥਾਨਕ ਜਾਂ ਇਲਾਕਾ ਕਮੇਟੀ ਦੇ ਪ੍ਰਧਾਨ ਬਣੇ ਰਹੇ ਹਨ। 1937-38 ਵਿਚ ਸਵਾ ਸਾਲ ਜੇਲ੍ਹ ਵਿਚ ਰਹੇ। 1942 ਦੇ ਅਸਹਿਯੋਗ ਅੰਦੋਲਨ ਵਿਚ ਭਾਗ ਲਿਆ ਅਤੇ ਕਈ ਜੱਥੇ ਭੇਜੇ। ਆਪ ਵੀ ਤਿੰਨ ਮਹੀਨੇ ਜੇਲ੍ਹ ਯਾਤਰਾ ਕੀਤੀ। ਇਸ ਸਮੇਂ ਭਾਵੇਂ ਜਵਾਨੀ ਵਾਲੀ ਫੁਰਤੀ ਤਾਂ ਨਹੀਂ ਪਰ 70 ਸਾਲ ਦੀ ਉਮਰ ਵਿਚ ਜੋਸ਼ ਉਸੇ ਤਰ੍ਹਾਂ ਕਾਇਮ ਹੈ।

 

ਦੁਰਘਟਨਾਵਾਂ, ਭੁਚਾਲ, ਹੜ੍ਹ, ਔੜ, ਬਿਮਾਰੀ, ਡਾਕਾ ਜਾਂ ਹੋਰ ਅਭੁੱਲ ਯਾਦਾਂ

  1. ਪਲੇਗ

ਪਿੰਡ ਵਿਚ ਤੇ ਸਾਰੇ ਇਲਾਕੇ ਵਿਚ ਤਿੰਨ ਵਾਰ ਪਲੇਗ ਨੇ ਹੱਲਾ ਕੀਤਾ। ਪਲੇਗ ਦਾ ਵੱਡਾ ਕਾਰਨ ਚੂਹੇ ਸਨ ਜਿਹੜੇ ਬਿਮਾਰੀ ਦਾ ਸ਼ਿਕਾਰ ਹੋ ਕੇ ਖੁੱਡਾਂ ਵਿਚੋਂ ਬਾਹਰ ਆ ਜਾਂਦੇ ਅਤੇ ਇਸ ਨਾਮੁਰਾਦ ਵਬਾ ਨੂੰ ਫੈਲਾਉਂਦੇ ਰਹਿੰਦੇ। ਕੰਨ, ਗੱਲ ਜਾਂ ਕੁੱਲੇ ਵਿਚ ਫੋੜਾਨਿਕਲਦਾ ਸੀ ਤੇ ਬੰਦਾ ਤੜਫ਼ ਤੜਫ਼ ਕੇ ਮਰ ਜਾਂਦਾ ਸੀ। ਪਿੰਡਾਂ ਵਿਚ ਦਹਿਸ਼ਤ ਫੈਲ ਗਈ। ਪਿੰਡ ਤੋਂ ਬਾਹਰ ਜਾਣਾ ਅਤੇ ਬਾਹਰੋਂ ਪਿੰਡ ਵਿਚ ਆਉਣਾ ਬੰਦ ਹੋ ਗਿਆ ਤਾਂ ਜੋ ਵਬਾ ਦਾ ਫੈਲਾਅ ਵੱਧ ਨਾ ਹੋਵੇ। ਮਨੁੱਖ ਆਪਣੇ ਸਾਥੀ ਮਨੁੱਖ ਤੋਂ ਡਰਨ ਲਗ ਪਿਆ ਕਿ

ਮਤਾ ਉਸਨੂੰ ਵੀ ਇਸ ਨਾਲੋਂ ਛੂਤ ਰੋਗ ਨਾ ਚੰਬੜ ਜਾਵੇ। ਆਪਣੇ ਵੀ ਪਰਾਏ ਹੋ ਗਏ। ਲੋਕੀਂ ਡਰਦੇ ਮਾਰੇ ਪਿੰਡ ਛੱਡ ਕੇ ਖੇਤਾਂ ਵਿਚ ਜਾ ਵਸੇ ਅਤੇ ਕੁੱਲੀਆਂ ਬਣਾ ਕੇ ਰਹਿਣਲਗ ਪਏ। ਸਰਕਾਰ ਵੀ ਇਸ ਵਬਾ ਨੂੰ ਰੋਕਣ ਵਿਚ ਤੇ ਲੋਕਾਂ ਦੀ ਸਹਾਇਤਾ ਕਰਨ ਤੋਂ ਅਸਮਰਥ ਰਹੀ।

ਪਹਿਲੀ ਪਲੇਗ

ਪਹਿਲੀ ਪਲੇਗ 1897 ਈਸਵੀ ਵਿਚ ਪਈ। ਛਪਾਰ ਪਿੰਡ ਦੇ ਲਗਭਗ 300 ਬੰਦੇ ਇਸ ਵਬਾ ਦਾ ਸ਼ਿਕਾਰ ਹੋਏ। ਦੱਸਦੇ ਹਨ ਕਿ ਇਕੋ ਦਿਨ ਇਕ ਘਰ ਦੇ ਸੱਤ ਵਿਅਕਤੀ . ਮਰੇ। ਲੋਕੀ ਤ੍ਰਾਹ ਤ੍ਰਾਹ ਕਰਨ ਲਗੇ। ਦੱਸਦੇ ਹਨ ਕਿ ਉਸ ਵੇਲੇ ਗੁੱਜਰ ਸੱਦਰ ਪਿੰਡ ਦਾ ਚੌਕੀਦਾਰ ਸੀ। ਉਹ ਜਨਮ-ਮੌਤ ਬਾਰੇ ਰੀਪੋਰਟ ਕਰਨ ਜਾ ਰਿਹਾ ਸੀ ਤੇ ਰਸਤੇ ਵਿਚ ਕਲੀਆਂ ਗਾ ਰਿਹਾ ਸੀ। ਕਿਸੇ ਬੁੱਢੀ ਨੇ ਕਿਹਾ ਕਿ ਬੜਾ ਸੁਖੀ ਜਾਪਦਾ ਹੈ ਤਾਂ ਉਸਨੇ ਉੱਤਰ ਦਿੱਤਾ ਕਿ 25 ਤਾਂ ਪਿੰਡ ਵਿਚੋਂ ਮਰੇ ਹਨ ਅਤੇ 2 ਆਪਣੇ ਘਰ ਦੇ ਮਰੇ ਹਨ।

ਦੂਜੀ ਪਲੇਗ

ਦੂਜੀ ਪਲੇਗ 1901 ਈਸਵੀ ਵਿਚ ਪਈ। ਇਸ ਵਿਚ ਲਗਭਗ 50-60 ਮੌਤਾਂ ਹੋਈਆਂ।

ਤੀਜੀ ਪਲੇਗ

ਤੀਜੀ ਪਲੇਗ 1904 ਈਸਵੀ ਵਿਚ ਪਈ। ਇਸ ਵਾਰ ਬਹੁਤ ਘੱਟ ਮੌਤਾਂ ਹੋਈਆਂ।

  1. ਕਾਲ

1898 ਈਸਵੀ ਵਿਚ ਭਿਆਨਕ ਕਾਲ ਪਿਆ। ਮਹਿੰਗਾਈ ਬਹੁਤ ਹੋ ਗਈ। ਲੋਕਾਂ ਨੇ ਤੰਗ ਆ ਕੇ ਪਿਆਜ਼, ਗਾਜਰਾਂ, ਬੇਰ ਆਦਿ ਖਾ ਖਾ ਕੇ ਗੁਜ਼ਾਰਾ ਕੀਤਾ। ਪਿੰਡ ਦੇ ਸ. ਹਰਨਾਮ ਸਿੰਘ ਨੰਬਰਦਾਰ ਨੇ ਦਸਿਆ ਕਿ ਇਸ ਕਾਲ ਸਮੇਂ ਗਾਜਰਾਂ ਦੇ ਇਕ ਕਿਆਰੇ ਵੱਟੇ ਮੁੰਡੇ ਵਿਆਹੇ ਗਏ।

  1. ਹੜ

1923 ਈਸਵੀ ਵਿਚ ਬਹੁਤ ਵਰਖਾ ਹੋਣ ਕਾਰਨ ਬਹੁਤ ਵੱਡਾ ਹੜ੍ਹ ਆਇਆ। ਖੇੜੇ ਵਲੋਂ ਪਾਣੀ ਆ ਕੇ ਅਖਾੜੇ ਦੀ ਢਾਬ ਵੱਲ ਵਗੀ ਜਾਂਦਾ ਸੀ। ਦੁਸਿਹਰੇ ਦਾ ਦਿਨ ਸੀ। ਕਿ ਹੜ੍ਹ ਵਿਚ ਗੋੜੇ ਵੀ ਰੁੜ ਗਏ। ਬਹੁਤ ਸਾਰੇ ਮਕਾਨ ਢਹਿ ਗਏ। ਕੁਝ ਮੌਤਾਂ ਵੀ ਹੋਈਆਂ। ਫ਼ਸਲ ਉਕਾ ਹੀ ਨਾ ਹੋਈ। ਪਸ਼ੂਆਂ ਦਾ ਕਾਫ਼ੀ ਨੁਕਸਾਨ ਹੋਇਆ। 1947,53 ਅਤੇ 55 ਈਸਵੀ ਵਿਚ ਬਹੁਤ ਮੀਂਹ ਪੈਣ ਕਾਰਨ ਹੜ੍ਹ ਆਏ। ਫਸਲਾਂ ਤੇ ਮਕਾਨਾਂ ਨੂੰ ਕਾਫ਼ੀ ਹਾਨੀ ਹੋਈ ਪਰ ਜਾਨੀ ਨੁਕਸਾਨ ਨਾ ਹੋਇਆ। 1955 ਈਸਵੀ ਵਿਚ ਮਕਾਨਾਂ ਦੀ ਮੁਰੰਮਤ ਲਈ ਸਰਕਾਰ ਨੇ ਮਾਲੀ ਸਹਾਇਤਾ ਦਿੱਤੀ ਅਤੇ ਹਾੜੀ ਦੀ ਫ਼ਸਲ ਲਈ ਕਣਕ ਦੇ ਬੀਜ਼ ਤਕਾਵੀ ਕਰਜ਼ੇ ਉੱਤੇ ਦਿੱਤੇ।

  1. ਕੱਤੇ ਦੀ ਤਪਾਈ

1918 ਈਸਵੀ ਵਿਚ ਪਿੰਡ ਕੱਤੇ ਦੀ ਤਪਾਈ (ਤਾਪ) ਦੀ ਲਪੇਟ ਵਿਚ ਆ ਗਿਆ। ਇਹ ਇਕ ਅਜੀਬ ਕਿਸਮ ਦੀ ਬੀਮਾਰੀ ਸੀ। ਅਚਾਨਕ ਤਾਪ ਚੜ੍ਹਦਾ ਸੀ ਤੇ ਛਾਤੀ ਰੁਕ ਜਾਂਦੀ ਸੀ। ਬੰਦੇ ਦਾ ਸਾਹ ਰੁਕ ਜਾਂਦਾ ਸੀ ਅਤੇ ਮੌਤ ਦਾ ਸ਼ਿਕਾਰ ਹੋ ਜਾਂਦਾ ਸੀ।

  1. ਫਿਰਕੂ ਫ਼ਸਾਦ

1947 ਈਸਵੀ ਵਿਚ ਇਲਾਕੇ ਵਿਚ ਫ਼ਿਰਕੂ ਫ਼ਸਾਦ ਹੋਏ ਜਿਸ ਦੇ ਅਸਰ ਤੋਂ ਛਪਾਰ ਬਚ ਨਾ ਸਕਿਆ ਅਤੇ ਇਸ ਪਿੰਡ ਵਿਚ ਦੋ ਤਿੰਨ ਮੁਸਲਮਾਨ ਮਾਰੇ ਗਏ।

6.ਕਤਲ

1952 ਈਸਵੀ ਦੀ ਗੱਲ ਹੈ ਕਿ ਦੋ ਸਕੇ ਭਰਾਵਾਂ ਵਿਚਕਾਰ ਟਾਠੀ ਉੱਤੇ ਝਗੜਾ ਹੋ ਗਿਆ। ਜਗਨ ਸਿੰਘ ਆਖਦਾ ਸੀ ਕਿ ਟਾਠੀ ਮੇਰੀ ਹੈ, ਮੈ ਵੱਢਣੀ ਹੈ ਅਤੇ ਬਚਨ ਸਿੰਘ ਕਹਿੰਦਾ ਸੀ ਕਿ ਟਾਠੀ ਮੇਰੀ ਹੈ ਮੈਂ ਵੱਢਣੀ ਹੈ। ਅਤੇ ਬਚਨ ਸਿੰਘ ਨੇ ਗੁੱਸੇ ਵਿਚ ਆ ਕੇ ਆਪਣੇ ਵੱਡੇ ਭਰਾ ਜਗਨ ਸਿੰਘ ਨੂੰ ਗਾਤਰੇ ਵਾਲੀ ਕਿਰਪਾਨ ਖੋਬ ਕੇ ਮਾਰ ਦਿੱਤਾ। ਤੇ ਆਪ ਫ਼ਰਾਰ ਹੋ ਗਿਆ। ਉਹ ਅਜੇ ਤਕ ਫੜਿਆ ਨਹੀਂ ਗਿਆ।

ਸੰਨ 1965 ਵਿਚ ਨਿਰਮਲ ਸਿੰਘ ਤੇ ਜਰਨੈਲ ਸਿੰਘ ਪੁੱਤਰ ਸੇਵਾ ਸਿੰਘ ਨੇ ਮੇਜਰ ਸਿੰਘ ਪੁੱਤਰ ਸਰਵਣ ਸਿੰਘ ਨੂੰ ਮਾਮੂਲੀ ਦੁਸ਼ਮਣੀ ਕਰਕੇ ਕਤਲ ਕਰ ਦਿੱਤਾ। ਜਿਸ ਕਾਰਨ ਦੋਹਾਂ ਦੋਸ਼ੀਆਂ ਨੂੰ ਵੀਹ ਸਾਲ ਦੀ ਸਜ਼ਾ ਹੋਈ।

ਵਿਦਿਅਕ ਸੰਸਥਾਵਾਂ, ਲਾਇਬ੍ਰੇਰੀਆਂ

1) ਸਰਕਾਰੀ ਮਿਡਲ ਸਕੂਲ, ਛਪਾਰ

ਪਿੰਡ ਵਿਚ ਇਕੋ ਇਕ ਸਰਕਾਰੀ ਸਕੂਲ ਹੈ। ਇਹ ਅਹਿਮਦਗੜ੍ਹ ਤੋਂ ਮਾੜੀ ਵੱਲ ਜਾਣ ਵਾਲੀ ਪੁਰਾਣੀ ਸੜਕ ਉੱਤੇ ਸਥਿਤ ਹੈ। ਇਹ ਲਗਭਗ 2 ਏਕੜ ਵਿਚ ਹੈ। ਇਸ ਦੇ 12 ਕਮਰੇ ਅਤੇ ਇਕ ਖੇਡ ਦਾ ਮੈਦਾਨ ਹੈ। ਸਕੂਲ ਦੀ ਇਮਾਰਤ ਸਰਕਾਰੀ ਹੈ ਪਰ ਇਸ ਦੀ ਉਸਾਰੀ ਪਿੰਡ ਦੀ ਪੰਚਾਇਤ ਨੇ ਕਰਵਾਈ ਹੈ।

ਇਹ ਸਕੂਲ 1920 ਈ: ਵਿਚ ਡੀ. ਬੀ. ਪ੍ਰਾਇਮਰੀ ਸਕੂਲ, ਛਪਾਰ ਦੇ ਨਾਂ ਨਾਲ ਸਥਾਪਤ ਹੋਇਆ। ਪੁਰਾਣੇ ਰਿਕਾਰਡ ਅਨੁਸਾਰ ਸਕੂਲ ਦਾ ਪਹਿਲਾ ਅਧਿਆਪਕ ਸ੍ਰੀ ਹੰਸ ਰਾਜ ਅਤੇ ਪਹਿਲਾ ਦਾਖਲ ਹੋਇਆ ਵਿਦਿਆਰਥੀ ਸ. ਸੰਪੂਰਨ ਸਿੰਘ ਸੀ। ਅਪ੍ਰੈਲ, 1957 ਵਿਚ ਡੀ.ਬੀ. ਸਰਕਾਰੀ ਸਕੂਲ ਬਣ ਜਾਣ ਕਾਰਨ ਇਸ ਦਾ ਨਾਂ ਗੌਰਮਿੰਟ ਮਿਡਲ ਸਕੂਲ ਛਪਾਰ ਰੱਖਿਆ ਗਿਆ। ਮਾਲੀ ਸਾਲ 1974-75 ਦੇ ਦੌਰਾਨ ਸਕੂਲ ਵਿਚ ਪੇਸ਼ਾਵਰਾਨਾ ਸਿਖਿਆ ਚਾਲੂ ਕੀਤੀ ਗਈ ਅਤੇ ਸਿਲਾਈ, ਰੇਡੀਓ ਤੇ ਟੈਲੀਵੀਜ਼ਨ ਮਕੈਨਿਕ, ਮੋਟਰ ਮਕੈਨਿਕ, ਤਰਖਾਣਾ ਕੰਮ ਦੀ ਸਿਖਲਾਈ ਦਿੱਤੀ ਜਾਣ ਲੱਗੀ। ਛੁੱਟੀਆਂ ਦੇ ਦੌਰਾਨ ਪਿੰਡ ਦੇ ਚਾਹਵਾਨ ਬੱਚਿਆਂ ਲਈ ਉਨ੍ਹਾਂ ਦੀ ਇੱਛਾ ਅਨੁਸਾਰ ਪੇਸ਼ੇ ਦੀ ਸਿਖਿਆ ਦੇਣ ਦਾ ਪਰਬੰਧ ਵੀ ਕੀਤਾ ਜਾਂਦਾ ਹੈ।

2 ਫਰਵਰੀ, 1995 ਦੀ ਪਰਾਪਤ ਰਿਪੋਰਟ ਅਨੁਸਾਰ ਸਕੂਲ ਵਿਚ ਮੁੱਖ ਅਧਿਆਪਕ ਸ. ਈਸ਼ਰ ਸਿੰਘ ਐਮ. ਏ. ਬੀ. ਟੀ. ਹਨ। 168 ਵਿਦਿਆਰਾਥੀਆਂ ਨੂੰ ਸਿਖਿਆ ਦੇ ਰਹੇ ਹਨ। ਪ੍ਰਾਇਮਰੀ ਸਕੂਲ ਵਿਚ ਮੁਖੀ ਸ. ਸਵਰਨ ਸਿੰਘ ਹਨ, ਬੱਚਿਆਂ ਦੀ ਗਿਣਤੀ 350 ਹੈ ।

ਸਕੂਲ ਵਿਚ ਚੰਗੀ ਲਾਇਬ੍ਰੇਰੀ ਹੈ। ਇਸ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ 2375 ਪੁਸਤਕਾਂ ਹਨ। ਰੋਜ਼ਾਨਾ ਅਜੀਤ (ਪੰਜਾਬੀ) ਅਤੇ ਟ੍ਰਿਬਿਊਨ (ਅੰਗਰੇਜ਼ੀ) ਦੋ ਸਮਾਚਾਰ ਪੱਤਰ ਵੀ ਮੰਗਵਾਏ ਜਾਂਦੇ ਹਨ।

1 ਅਪ੍ਰੈਲ 1995 ਤੋਂ ਇਹ ਹਾਈ ਸਕੂਲ ਬਣ ਗਿਆ ਹੈ।

ਸਰਕਾਰੀ ਮਿਡਲ ਸਕੂਲ, ਛਪਾਰ

2) ਸ੍ਰੀ ਗੁਰੂ ਹਰਿਗੋਬਿੰਦ ਖਾਲਸਾ ਹਾਈ ਸਕੂਲ ਬਹਾਦਰਗੜ੍ਹ

ਛਪਾਰ ਤੋਂ ਦੋ ਕੁ ਕਿਲੋਮੀਟਰ ਦੀ ਵਿੱਥ ਉੱਤੇ ਅਹਿਮਦਗੜ੍ਹ ਛਪਾਰ ਸੜਕ ਉੱਤੇ ਸ੍ਰੀ ਗੁਰੂ ਗੋਬਿੰਦ ਖਾਲਸਾ ਹਾਈ ਸਕੂਲ ਬਹਾਦਰਗੜ੍ਹ ਹੈ। ਇਸ ਵਿਚ ਕੇਵਲ ਮੁੰਡੇ ਹੀ ਪੜਦੇ ਹਨ। ਛਪਾਰ ਦੇ ਮੁੰਡੇ ਅਠਵੀਂ ਪਾਸ ਕਰਨ ਤੋਂ ਬਾਅਦ ਵਧੇਰੇ ਕਰਕੇ ਇਸੇ ਸਕੂਲ ਵਿਚ ਸਿਖਿਆ ਪਰਾਪਤ ਕਰਦੇ ਹਨ। ਸਕੂਲ ਵਿਚ ਖੇਡਾਂ ਅਤੇ ਲਾਇਬ੍ਰੇਰੀ ਦਾ ਚੰਗਾ ਪ੍ਰਬੰਧ ਹੈ। ਇਹ ਸਕੂਲ ਇਕ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਵਿਚ ਚਲ ਰਿਹਾ ਹੈ।

ਇਥੇ ਇਹ ਗੱਲ ਵਰਣਨ ਯੋਗ ਹੈ ਕਿ ਸਕੂਲ ਦੇ ਮੁੱਖ ਅਧਿਆਪਕ ਦਾ ਕਮਰਾ ਜ਼ਿਲਾ ਸੰਗਰੂਰ ਵਿਚ ਹੈ ਪਰ ਉਸ ਦਾ ਬੂਹਾ ਜ਼ਿਲਾ ਲੁਧਿਆਣਾ ਵਿਚ ਖੁਲ੍ਹਦਾ ਹੈ। ਇਸੇ ਤਰ੍ਹਾਂ ਸਕੂਲ ਦੀ ਇਮਾਰਤ ਜ਼ਿਲਾ ਲੁਧਿਆਣਾ ਵਿਚ ਹੈ ਅਤੇ ਇਮਾਰਤ ਨਾਲ ਲਗਦੇ ਖੇਡਣ ਦੇ ਮੈਦਾਨ ਜ਼ਿਲਾ ਸੰਗਰੂਰ ਵਿਚ ਹਨ। ਇਹ ਸਕੂਲ ਸੰਨ 1956 ਵਿਚ ਡਾ. ਆਤਮਾ ਸਿੰਘ ਨੇ ਸਥਾਪਤ ਕੀਤਾ ਸੀ।

3) ਗੁਰੂ ਨਾਨਕ ਕੰਨਿਆਂ ਮਹਾਂ ਵਿਦਿਆਲਾ ਅਹਿਮਦਗੜ੍ਹ

ਛਪਾਰ ਤੋਂ ਢਾਈ ਕੁ ਕਿਲੋਮੀਟਰ ਦੀ ਵਿੱਥ ਉੱਤੇ ਅਹਿਮਦਗੜ੍ਹ ਵਿਖੇ ਗੁਰੂ ਨਾਨਕ ਕੰਨਿਆਂ ਮਹਾਂ ਵਿਦਿਆਲਾ ਅਹਿਮਦਗੜ੍ਹ ਹੈ। ਛਪਾਰ ਦੀਆਂ ਕੁੜੀਆਂ ਅਠਵੀਂ ਪਾਸ ਕਰਨ ਬਾਅਦ ਇਸ ਸਕੂਲ ਵਿਚ ਹੀ ਸਿਖਿਆ ਪਰਾਪਤ ਕਰਦੀਆਂ ਹਨ।

4) ਜਨਤਾ ਕਾਲਜ, ਅਹਿਮਦਗੜ੍ਹ

ਛਪਾਰ ਤੋਂ ਢਾਈ ਕੁ ਕਿਲੋਮਾਟਰ ਦੀ ਵਿੱਥ ਉੱਤੇ ਜਨਤਾ ਕਾਲਜ ਅਹਿਮਦਗੜ੍ਹ ਹੈ। ਇਸ ਕਾਲਜ ਦੀ ਸਥਾਪਨਾ ਜੁਲਾਈ, 1968 ਵਿਚ ਹੋਈ ਹੈ।

ਛਪਾਰ ਦੀਆਂ ਕੁੜੀਆਂ ਇਸ ਕਾਲਜ ਵਿਚ ਉਚੇਰੀ ਸਿਖਿਆ ਪਰਾਪਤ ਕਰਨ ਲਈ ਦਾਖਲ ਹੁੰਦੀਆਂ ਹਨ। ਉਪਰੋਕਤ ਸੰਸਥਾਵਾਂ ਤੋਂ ਇਲਾਵਾ ਐਮ.ਜੀ.ਐਨ. ਹਾਇਰ ਸੈਕੰਡਰੀ ਸਕੂਲ ਅਹਿਮਦਗੜ੍ਹ ਅਤੇ ਜੈਨ ਮੁਨੀ ਸ੍ਰੀ ਕੁੰਦਨ ਕੰਨਿਆਂ ਪਾਠਸ਼ਾਲਾ, ਅਹਿਮਦਗੜ੍ਹ ਛਪਾਰ ਦੇ ਨੇੜੇ ਦੋ ਹੋਰ ਸੰਸਥਾਵਾਂ ਹਨ ਪਰ ਇਨ੍ਹਾਂ ਦੋਹਾਂ ਸੰਸਥਾਵਾਂ ਵਿਚ ਛਪਾਰ ਪਿੰਡ ਦੇ ਬੱਚੇ ਘੱਟ ਹੀ ਦਾਖਲਾ ਪਰਾਪਤ ਕਰਦੇ ਹਨ।

ਜਨਤਾ ਕਾਲਜ, ਅਹਿਮਦਗੜ੍ਹ

5) ਲਾਇਬ੍ਰੇਰੀਆਂ

(ੳ) ਗੌਰਮਿੰਟ ਮਿਡਲ ਸਕੂਲ ਲਾਇਬ੍ਰੇਰੀ, ਛਪਾਰ

ਕੁੱਲ ਪੁਸਤਕਾਂ 4372; ਪੰਜਾਬੀ 2532, ਹਿੰਦੀ 1016 ਅਤੇ ਅੰਗਰੇਜ਼ੀ 824

ਅਖ਼ਬਾਰ ਅਤੇ ਪੱਤਰਕਾਵਾਂ

ਅਜੀਤ (ਪੰਜਾਬੀ) ਅਤੇ ਟ੍ਰਿਬਿਊਨ (ਅੰਗਰੇਜ਼ੀ)

(ਅ) ਪਿੰਡ ਪੰਚਾਇਤ ਲਾਇਬ੍ਰੇਰੀ, ਛਪਾਰ

ਕੁੱਲ ਪੁਸਤਕਾਂ 100; ਪੰਜਾਬੀ 50, ਹਿੰਦੀ 25 ਅਤੇ ਉਰਦੂ 25 ਅਖਬਾਰ ਅਤੇ ਪੱਤਰਕਾਵਾਂ ਅਜੀਤ (ਪੰਜਾਬੀ) ਅਤੇ ਹਿੰਦ ਸਮਾਚਾਰ (ਉਰਦੂ)

(ੲ) ਪਿੰਡ ਦੀ ਸਾਹਿਤ ਸਭਾ

ਇਸ ਪਿੰਡ ਵਿਚ ਕੋਈ ਸਾਹਿਤ ਸਭਾ ਨਹੀਂ ਹੈ।

ਪਿੰਡ ਦੇ ਸਾਹਿਤਕਾਰ ਤੇ ਉਨ੍ਹਾਂ ਦੀਆਂ ਰਚਨਾਵਾਂ

ਜਰਨੈਲ ਸਿੰਘ ਅਰਸ਼ੀ

ਬੋਲਾ ਜਰਨੈਲ ਸਿੰਘ ‘ਅਰਸ਼ੀ’ ਦਾ ਜਨਮ ਸੰਨ 1924 ਵਿਚ ਹੋਇਆ। ਉਹ ਛਪਾਰ ਦੇ ਲਾਗਲੇ ਪਿੰਡ ਰਛੀਨ ਦਾ ਰਹਿਣ ਵਾਲਾ ਸੀ। ਉਸਨੇ 13 ਸਾਲ ਦੀ ਉਮਰ ਵਿਚ ਸੁਤੰਤਰਤਾ ਅੰਦੋਲਨ ਵਿਚ ਭਾਗ ਲੈਣਾ ਅਰੰਭ ਕਰ ਦਿੱਤਾ। ਇਸ ਨੇ ਸੁਤੰਤਰਤਾ ਅੰਦੋਲਨ ਵਿਚ 1 ਨਿੱਜੀ ਤੌਰ ਤੇ ਭਾਗ ਹੀ ਨਹੀਂ ਲਿਆ ਸਗੋਂ ਉਹ ਆਪਣੇ ਜੋਸ਼ੀਲੇ ਭਾਸ਼ਨਾਂ ਅਤੇ ਕਵਿਤਾ ਦੀ ਗੂੰਜ ਨਾਲ ਸਰੋਤਿਆਂ ਨੂੰ ਕੀਲ ਲੈਂਦਾ ਸੀ। 1939 ਦੇ ਕਿਸਾਨ ਮੋਰਚਾ ਲਾਹੌਰ ਨੇ ਨਅਰਸ਼ੀ ਵਿਚ ਰਾਜਸੀ ਜਾਗਰਤੀ ਪੈਦਾ ਕੀਤੀ। ਉਸ ਵੇਲੇ ਉਸ ਦੀ ਉਮਰ ਪੰਦਰਾਂ ਸਾਲ ਸ੍ਰੀ। 1940 ਦੇ ਅੰਤ ਵਿਚ ਉਹ ਕਲਕੱਤੇ ਚਲਿਆ ਗਿਆ ਅਤੇ ਸ. ਨਿਰੰਜਣ ਸਿੰਘ ਤਾਲਿਬ ਦੇ ‘ਦੇਸ਼ ਦਰਪਣ’ ਅਖਬਾਰ ਵਿਚ ਕੰਮ ਕੀਤਾ। ਕਲਕੱਤੇ ਵਿਚ ਹੀ ਪੰਜਾਬ ਨੌਜਵਾਨ ਸਭਾ ਵਿਚ ਨਵਾਂ ਜੋਸ਼ ਭਰਿਆ। ਸੁਭਾਸ਼ ਦਾ ਨਿਕਟਵਰਤੀ ਹੋਣ ਕਰਕੇ ਉਸ ਨੂੰ 1942 ਵਿਚ ਗ੍ਰਿਫਤਾਰ ਕਰ ਕੇ ਬਿਨਾਂ ਮੁਕੱਦਮਾ ਚਲਾਏ ਅਲੀਪੁਰ ਸੈਂਟਰਲ ਜੇਲ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਜੇਲ ਵਿਚ ਪਹਿਲੀ ਰਾਤ ਦਾ ਵਰਨਣ ਉਸ ਨੇ ਆਪਣੀ ਪੁਸਤਕ ‘ਹੱਡਬੀਤੀਆਂ’ ਵਿਚ ਬੜੇ ਰੌਚਕ ਢੰਗ ਨਾਲ ਕੀਤਾ ਹੈ। ਕੁਝ ਮਹੀਨੇ ਬਾਦ ਉਸ ਨੂੰ ਰਿਹਾ ਕਰ ਕੇ 48 ਘੰਟੇ ਦਾ ਨੋਟਿਸ ਦੇ ਕੇ ਬੰਗਾਲ ਵਿਚੋਂ ਕੱਢ ਦਿੱਤਾ ਗਿਆ। ਅਤੇ ਜੱਦੀ ਪਿੰਡ ਰਛੀਨ, ਜ਼ਿਲਾ ਲੁਧਿਆਣਾ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਹੋਰ ‘ਪਾਬੰਦੀਆਂ ਤੋਂ ਇਲਾਵਾ ਹਰ ਹਫਤੇ ਡੇਹਲੋਂ ਥਾਣੇ ਵਿਚ ਹਾਜ਼ਰੀ ਵੀ ਦੇਣੀ ਪੈਂਦੀ ਸੀ। 1942 ਦੀ ਭਾਰਤ ਛੱਡੋ ਲਹਿਰ ਸਮੇਂ ਉਸ ਨੇ ਸਭ ਪਾਬੰਦੀਆਂ ਤੋੜ ਕੇ ਭਾਗ ਲਿਆ। ਗ੍ਰਿਫਤਾਰੀ ਉਪਰੰਤ ਸੈਂਟਰਲ ਜੇਲ ਮੁਲਤਾਨ ਭੇਜ ਦਿੱਤਾ ਗਿਆ। 1943 ਵਿਚ ਰਿਹਾਈ ਉਪਰੰਤ ਫੇਰ ਉਸੇ ਤਰ੍ਹਾਂ ਪਿੰਡ ਵਿਚ ਨਜ਼ਰਬੰਦ ਕਰ ਦਿੱਤਾ। ਇਹ ਪਾਬੰਦੀ 1945 ਤਕ ਰਹੀ। ਇਸ ਤੋਂ ਬਾਦ ਉਸ ਨੇ ਲੁਧਿਆਣਾ ਵਿਚ ਟੈਗੋਰ ਆਰਟਸ ਕਾਲਜ ਚਲਾਇਆ।

1947 ਵਿਚ ‘ਲਲਕਾਰ’ ਸਪਤਾਹਿਕ ਚਾਲੂ ਕੀਤਾ ਜੋ 1951 ਤਕ ਚਲਦਾ ਰਿਹਾ! ਰਾਜਸੀ ਤੇ ਆਰਥਕ ਵਿਸ਼ਿਆਂ ਤੇ ਚਰਚਾ ਕਰਨ ਦੇ ਨਾਲ ਨਾਲ ਸਾਹਿਤਕ ਖੇਤਰ ਨੂੰ ਵੀ ਅਰਸ਼ੀ ਨੇ ਪੂਰੀ ਮਹੱਤਤਾ ਦਿੱਤੀ। ਇਸ ਵਿਚ ਹਲਕੇ ਫੁਲਕੇ ਲੇਖ, ਕਹਾਣੀਆਂ ਆਦਿ ਛਪਣ ਤੋਂ ਇਲਾਵਾ ਹਰ ਹਫ਼ਤੇ ਇਕ ਪੰਨਾ ਅਤੇ ਇਸ ਤੋਂ ਵੀ ਵੱਧ ਕਵਿਤਾ ਲਈ ਰਾਖਵਾਂ ਹੁੰਦਾ ਸੀ। ਜਨਵਰੀ, 1951 ਵਿਚ ਅਰਸ਼ੀ ਦੀ ਟਾਈਫਾਈਡ ਨਾਲ ਲੁਧਿਆਣਾ ਵਿਖੇ ਮੌਤ ਹੋ ਗਈ।

ਅਰਸ਼ੀ ਇਕ ਸੁਤੰਤਰਤਾ ਸੰਗਰਾਮ ਦੇ ਨਾਲ ਨਾਲ ਸਾਹਿਤਕਾਰ ਵੀ ਸੀ। ਇਸ ਦੀਆਂ ਕਵਿਤਾਵਾਂ ਵਿਚ ਜੋਸ਼, ਰਵਾਨੀ ਅਤੇ ਰੌਚਕਤਾ ਹੈ। ਛੰਦਾਂ ਬੰਦੀ ਤੇ ਉਸਨੂੰ ਪੂਰਨ ਅਧਿਕਾਰ ਹੈ। ਪਹਿਲੋਂ ਉਹ ਆਪਣੇ ਆਪ ਨੂੰ ਕਵੀਸ਼ਰ ਕਹਿੰਦਾ ਸੀ। ਇਕ ਪੱਤਰਕਾਰ ਵੱਜੋਂ ਉਸਨੇ ਸਮੇਂ ਦੀਆਂ ਲੋੜਾਂ ਅਨੁਸਾਰ ਜਨਤਾ ਦੀ ਆਵਾਜ਼ ਨੂੰ ਪੇਸ਼ ਕੀਤਾ। ਉਸ ਦੀ ਵਾਰਤਕ ਵਿਚ ਕਟਾਖ ਅਤੇ ਵਿਅੰਗ ਹੈ। ਹੱਡਬੀਤੀਆਂ ਉਨ੍ਹਾਂ ਸੱਚੀਆਂ ਕਥਾਵਾਂ ਦਾ ਸੰਗ੍ਰਹਿ ਹੈ ਜੋ ਉਸ ਦੇ ਸੰਪਰਕ ਵਿਚ ਆਉਣ ਵਾਲੇ ਸੰਗੀ ਸਾਥੀਆਂ ਨਾਲ ਵਾਪਰੀਆਂ। ‘ਲਲਕਲਾਰ’ ਸਪਤਾਹਿਕ ਵਿਚ ਛਪੇ ਹਲਕੇ ਫੁਲਕੇ ਲੇਖਾਂ ਵਿਚ ਉਹ ਆਪਣੇ ਕਿੱਤੇ ਦਾ ਉਸਤਾਦ ਹੈ।

ਉਸਦੀਆਂ ਛਪ ਚੁੱਕੀਆਂ ਪੁਸਤਕਾਂ ਵਿਚ ਅਰਸ਼ੀ ਪੀਘਾਂ, ਲਲਕਾਰ ਅਤੇ ਹੱਡਬੀਤੀਆਂ ਸ਼ਾਮਲ ਹਨ। ਢੇਰ ਸਾਰੀਆਂ ਰਚਨਾਵਾਂ ਲਲਕਾਰ ਸਪਤਾਹਿਕ ਦੇ ਵੱਖ ਵੱਖ ਅੰਕਾਂ ਵਿਚ ਦੇਖੀਆਂ ਜਾ ਸਕਦੀਆਂ ਹਨ ਅਤੇ ਕੁਝ ਅਣਛਪਿਆ ਮੈਟਰ ਵੀ ਪਿਆ ਹੈ। ਇਸ ਸੁਤੰਤਰਤਾ ਸੰਗਰਾਮੀਏ, ਲੇਖਕ ਅਤੇ ਪੱਤਰਕਾਰ ਨੇ ਆਪਣੇ ਪਿੰਡ ਵਿਚਲੇ ਮਕਾਨ ਤੇ ‘ਅਜ਼ਾਦੀ ਹਰ ਵਿਅਕਤੀ ਦਾ ਇਕ ਜਮਾਂਦਰੂ ਹੱਕ ਹੈ’ ਉਸ ਸਮੇਂ ਲਿਖਿਆ ਹੋਇਆ ਸੀ ਜਦ ਆਜ਼ਾਦੀ ਦਾ ਨਾਂ ਲੈਣ ਤੋਂ ਭਾਵ ਜੇਲ ਯਾਤਰਾ ਕਰਨਾ ਹੁੰਦਾ ਸੀ। ਛੋਟੀ ਉਮਰ ਵਿਚ ਉਸ ਦੀ ਵੱਖ ਵੱਖ ਖੇਤਰਾਂ ਵਿਚ ਪਰਾਪਤੀ ਪ੍ਰਤੱਖ ਹੈ।

ਬੀਬਾ ਰਹਿਣ ਦੇ ਢਕੀਆਂ ਵੰਝਲੀਆਂ

ਬੀਬਾ ਰਹਿਣ ਦੇ ਢਕੀਆਂ ਵੰਝਲੀਆਂ,

ਨਾ ਸੁੱਤੀਆਂ ਕਲਾਂ ਜਗਾ।

ਕਿਤੇ ਡਿਗ ਨਾ ਪੈਣ ਬਿਜਲੀਆਂ,

ਨਾ ਨੈਣਾ ਨੂੰ ਮਟਕਾ।      

ਐਵੇਂ ਕਰ-ਕਰ ਜੁਲਫਾਂ ਲੰਮੀਆਂ,

ਨਾ ਦਿਨ ਦੀ ਰਾਤ ਬਣਾ।

ਅਗੇ ਥੋੜੀਆਂ ਤੇਗਾਂ ਲਿਸ਼ਕੀਆਂ,

ਨਾ ਭਵਾਂ ਨੂੰ ਹੋਰ ਚੜ੍ਹਾ।

ਸਾਥੇ ਅਗਲਾ ਸੁਰਮਾ ਨਹੀਂ ਨਿਕਲਿਆ,

ਨਾ ਹੋਰ ਸਲਾਈਆਂ ਪਾ।

ਅਸੀਂ ਪੱਟ ਵੀ ਚੀਰ ਕੇ ਵੇਖ ਲਏ,

ਅਸੀਂ ਕੰਨ ਵੀ ਲਏ ਪੜਵਾ

ਅਸੀਂ ਬਰਮੀ ਤਨ੍ਹੀ ਜਮਾ ਲਈ,

ਅਸੀਂ ਮਰ ਗਏ ਤੇਸੇ ਖਾ।

ਅਸੀਂ ਪਰਬਤ ਕੱਟ ਕੱਟ ਦੇਖ ਲਏ,

ਨਾ ਪੱਥਰ ਹੋਰ ਢੁਆ।

ਅਸੀਂ ਇਕ ਤੋਂ ਦੁਨੀਆਂ ਵਾਰਤੀ,

ਸਭ ਛੱਡ ਕੇ ਭੈਣ ਭਰਾ।

ਅਗੇ ਥੋੜੀਆਂ ਕਾਨੀਆਂ ਖਾਹਦੀਆਂ,

ਨਾ ਪੱਟ ਤੇ ਫੇਰ ਸੁਲਾ।

ਅਸੀਂ ਦੇਖ ਲਿਆ ਮਿਸਰ ਬਜ਼ਾਰ ਵੀ

ਇਸ ਅੱਟੀ ਮੁੱਲ ਪਿਆ।

ਇਹ ਢੋਲ ਸੁਹਾਉਣੇ ਦੂਰ ਦੇ,

ਅਸੀਂ ਦਿਲ ਲਿਆ ਸਮਝਾ।

ਅਗੇ ‘ਅਰਸ਼ੀ’ ਤੋਂ ਫਰਸ਼ੀ ਹੋ ਗਏ,

6 ਬੀਬਾ। ਹੋਰ ਨਾ ਕੁਝ ਬਣਾ।

8 ਬੀਬਾ! ਰਹਿਣ ਦੇ ਢਕੀਆਂ ਵੰਝਲੀਆਂ, ਨਾ ਸੁੱਤੀਆਂ ਕਲਾ ਜਗਾ।

ਪਿੰਡ ਵਿਚ ਲਗਦੇ ਮੇਲੇ, ਉਤਸਵ, ਜਲਸੇ, ਦੀਵਾਨ

1) ਛਪਾਰ ਦਾ ਮੇਲਾ

ਸੋ ਇਹ ਮੇਲਾ ਮਾਲਵੇ ਦਾ ਪ੍ਰਸਿੱਧ ਤੇ ਵਰਣਨਯੋਗ ਮੇਲਾ ਹੈ। ਇਹ ਗੁੱਗੇ ਪੀਰ ਦੀ ਯਾਦ ਵਿਚ ਭਾਦੋਂ ਸੁਦੀ ਨੂੰ ਆਰੰਭ ਹੁੰਦਾ ਹੈ। ਪਹਿਲੇ ਦਿਨ ਚੌਕੀਆਂ ਲਗਦੀਆਂ ਹਨ। ਤੇ ਮਗਰੋਂ ਤਿੰਨ ਦਿਨ ਮੇਲਾ ਲਗਦਾ ਹੈ। ਪਹਿਲੇ ਤੋਂ ਪੰਜਵੇਂ ਦਿਨ ਆਮ ਕਰਕੇ ਔਰਤਾਂ ਮੱਥਾ ਟੇਕਣ ਆਉਂਦੀਆਂ ਹਨ। ਵਿਚਕਾਰਲੇ ਤਿੰਨ ਦਿਨਾਂ ਦੌਰਾਨ ਮੇਲੇ ਵਿਚ ਆਲੇ ਦੁਆਲੇ ਤੋਂ ਦੂਰ ਦੁਰਾਡੇ ਦੇ ਪਿੰਡਾਂ ਦੇ ਗਭਰੂਆਂ ਦਾ ਜ਼ੋਰ ਹੋਣ ਕਾਰਨ ਔਰਤਾਂ ਨਹੀਂ ਆਉਂਦੀਆਂ। ਸ਼ਾਮਿਆਨਿਆਂ, ਕਨਾਤਾਂ ਤੇ ਤਰਪਾਲਾਂ ਨਾਲ ਬਣਾਈਆਂ ਦੁਕਾਨਾਂ ਦਾ ਬਜ਼ਾਰ ਇਕ ਨਵੇਂ ਕਸਬੇ ਦਾ ਦ੍ਰਿਸ਼ ਪੇਸ਼ ਕਰਦਾ ਹੈ। ਇਥੇ ਗੁੱਗੇ ਪੀਰ ਦੀ ਯਾਦ ਵਿਚ ਇਕ ਵੱਡੀ ਮਾੜੀ ਬਣੀ ਹੋਈ ਹੈ। ਜਿਥੇ ਸ਼ਰਧਾਲੂ ਲੋਕ ਆ ਕੇ ਮਿੱਟੀ ਕੱਢਦੇ, ਮੱਥਾ ਟੇਕਦੇ, ਮਨਤਾਂ ਮਨਾਉਂਦੇ, ਸੁੱਖਾਂ ਸੁਖਦੇ ਅਤੇ ਵਰ ਆਈਆਂ ਸੁੱਖਾਂ ਉਤਾਰਦੇ ਹਨ। ਦਾਣੇ, ਪੈਸੇ, ਸ਼ੀਰਨੀ ਆਦਿ ਚੜਾਉਂਦੇ ਹਨ।

. ਗੁੱਗੇ ਪੀਰ ਬਾਰੇ ਇਹ ਗੱਲ ਪ੍ਰਚਲਤ ਹੈ ਕਿ ਗੁੱਗਾ ਪੀਰ ਇਕ ਸੱਪ ਸੀ ਜਿਸ ਨੇ ਕਿਸੇ ਰਾਜਕੁਮਾਰੀ ਨਾਲ ਵਿਆਹ ਕਰਾਉਣ ਹਿਤ ਆਦਮੀ ਦਾ ਸਰੀਰ ਧਾਰਿਆ। ਥੋੜੇ ਜਿਹੇ ਸਮੇਂ ਵਿਚ ਹੀ ਇਕ ਵੱਡਾ ਰਾਜ ਸਥਾਪਤ ਕੀਤਾ ਤੇ ਪ੍ਰਸਿੱਧੀ ਪਰਾਪਤ ਕੀਤੀ ਜਿਹੜੀ ਕਿ ਹੁਣ ਤਕ ਲੋਕਾਂ ਦੀ ਜ਼ਬਾਨ ਉੱਤੇ ਚੜ੍ਹੀ ਹੋਈ ਹੈ। ਕਹਿੰਦੇ ਹਨ, ਮਗਰੋਂ ਉਸਨੇ ਮੁੜ ਸੱਪ ਦੀ ਦੇਹ ਧਾਰਨ ਕਰ ਲਈ। ਸ਼ਰਧਾਲੂ ਢਾਡੀ ਗੁੱਗੇ ਬਾਰੇ ਬਹੁਤ ਸਾਰੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਹਨ ਪਰ ਵਿਸ਼ਵਾਸ ਨਾਲ ਕੁਝ ਨਹੀਂ ਆਖਿਆ ਜਾ ਸਕਦਾ ਕਿ ਅਸਲੀਅਤ ਕੀ ਹੈ

ਮਾੜੀ 1890 ਬਿਕਰਮੀ ਦੀ ਬਣਾਈ ਦੱਸੀ ਜਾਂਦੀ ਹੈ । ਸਥਾਨਕ ਰਵਾਇਤਾਂ ਅਨੁਸਾਰ ਇਹ ਮਾੜੀ ਸਾਬਕਾ ਰਿਆਸਤ ਬੀਕਾਨੇਰ ਵਿਚ ਸਥਿਤ ਬਾਂਗਰ ਮਾੜੀ, ਜੋ ਹੁਣ ਰਾਜਸਥਾਨ ਰਾਜ ਦਾ ਭਾਗ ਹੈ ਤੋਂ ਕੁਝ ਇੱਟਾਂ ਲਿਆ ਕੇ ਉਸਾਰੀ ਗਈ ਸੀ ਤੇ ਇਸ ਮਾੜੀ ਤੋਂ ਕੁਝ ਇੱਟਾਂ ਲਿਜਾ ਕੇ ਜ਼ਿਲੇ ਦੀਆਂ ਕਈ ਥਾਵਾਂ ਤੇ ਮਾੜੀਆਂ ਉਸਾਰੀਆਂ ਗਈਆਂ ਹਨ ਜਿਵੇਂ ਕਿ ਚੀਮਾ ਮਾੜੀ ਤੇ ਮਾਨੋਪਰ ਮਾੜੀ ਆਦਿ।

ਪਿੰਡ ਅਤੇ ਇਲਾਕੇ ਵਿਚ ਇਹ ਆਮ ਵਿਸ਼ਵਾਸ ਹੈ ਕਿ ਜੇ ਕਿਸੇ ਵਿਅਕਤੀ ਨੂੰ ਸੱਪ ਦੇ ਜ਼ਹਿਰੀਲੇ ਮਾਦੇ ਦੀ ਛੁਹ ਨਾਲ ਜਾਂ ਕਿਸੇ ਹੋਰ ਕਾਰਨ ਸਰੀਰ ਦੇ ਕਿਸੇ ਅੰਗ ਉੱਤੇ ਨੀਲੇ ਰੰਗ ਦਾ ਛਾਲਾ ਹੋ ਜਾਵੇ ਜਿਸ ਨੂੰ ਮੇਹਰ ਦਾ ਛਾਲਾ ਆਖਦੇ ਹਨ ਤੇ ਬਿਮਾਰ ਵਿਅਕਤੀ ਮਾੜੀ ਤੇ ਆ ਕੇ ਬਹਿ ਜਾਵੇ, ਦਿਨ ਰਾਤ ਚੌਕੀ ਭਰੇ, ਸਵੇਰੇ ਸ਼ਾਮੀ ਦੇਸੀ ਘਿਓ ਦਾ ਹੋਮ ਦੇਵੇ ਤਾਂ ਉਹ ਛੇਤੀ ਹੀ ਰਾਜ਼ੀ ਹੋ ਜਾਂਦਾ ਹੈ। ਦੱਸਦੇ ਹਨ ਕਿ ਜਿਸ ਦਿਨ ਬਿਮਾਰੀ ਨੂੰ ਮੋੜ ਪੈਣਾ ਸ਼ੁਰੂ ਹੁੰਦਾ ਹੈ, ਉਸ ਦਿਨ ਬਿਮਾਰ ਨੂੰ ਰਾਤ ਸਮੇਂ ਕੀੜੀਆਂ ਲੜਨੀਆਂ ਸ਼ੁਰੂ ਹੋ ਜਾਂਦੀਆਂ ਹਨ ਜੋ ਕਿ ਬਿਮਾਰੀ ਨੂੰ ਪਰਤਣ ਲਈ ਕੁਦਰਤੀ ਇਸ਼ਾਰਾ चै।

ਮਾੜੀ ਦੀ ਦੇਖ ਰੇਖ ਪਿੰਡ ਦੇ ਬ੍ਰਾਹਮਣ ਕਰਦੇ ਹਨ। ਹਰ ਇਕ ਘਰ ਦੀ ਤਿੰਨ ਦਿਨ ਵਾਰੀ ਹੁੰਦੀ ਹੈ। ਰੋਜ਼ ਦਾ ਚੜ੍ਹਾਵਾ ਵਾਰੀ ਦੇਣ ਵਾਲੇ ਘਰ ਦਾ ਹੁੰਦਾ ਹੈ। ਪਰ ਮੇਲੇ * ਵਾਲੇ ਦਿਨਾਂ ਦਾ ਚੜ੍ਹਾਵਾ ਸਭ ਦਾ ਸਾਂਝਾ ਹੁੰਦਾ ਹੈ ਜਿਹੜਾ ਕਿ ਬਣਦੀ ਪੱਤੀ ਅਨੁਸਾਰ ਉਹ ਆਪੋ ਵਿਚ ਵੰਡ ਲੈਂਦੇ ਹਨ।

ਛਪਾਰ ਸਾਬਕਾ ਅੰਗਰੇਜ਼ ਰਾਜ ਦੇ ਜ਼ਿਲਾ ਲੁਧਿਆਣਾ ਦਾ ਅੰਤਮ ਪਿੰਡ ਸੀ ਅਤੇ ਇਸ ਦੇ ਨਾਲ ਨਾਲ ਸਾਬਕਾ ਰਿਆਸਤਾਂ ਨਾਭਾ, ਪਟਿਆਲਾ, ਜੀਂਦ ਅਤੇ ਮਲੇਰਕੋਟਲੇ ਦੀਆਂ ਹੱਦਾਂ ਲਗਦੀਆਂ ਹਨ। ਇਨ੍ਹਾਂ ਰਾਜਾਂ ਦੇ ਪ੍ਰਸ਼ਾਸਨ ਅਲੱਗ ਅਲੱਗ ਹੋਣ ਕਾਰਨ ਲੋਕਾਂ ਦੀ ਰਾਜਸੀ ਸਾਂਝ ਬਹੁਤ ਘੱਟ ਸੀ। ਸਾਮਾਨ ਦੀ ਆਵਾਜਾਈ ਉੱਤੇ ਅਕਸਰ ਪਾਬੰਦੀਆਂ ਲਗੀਆਂ ਹੁੰਦੀਆਂ ਸਨ। ਮਾੜੀ ਬਣਨ ਤੇ ਇਸ ਇਲਾਕੇ ਵਿਚ ਇਹ ਮਾੜੀ ਅਜਿਹੀ ਕੇਂਦਰੀ ਥਾਂ ਬਣ ਗਈ ਜਿਥੇ ਮਨੋਰੰਜਨ ਲਈ ਲੋਕ ਇਕੱਠੇ ਹੋ ਸਕਦੇ ਸਨ। ਅੰਗਰੇਜ਼ ਸਰਕਾਰ ਨੇ ਇਸ ਦੀ ਮਹੱਤਤਾ ਨੂੰ ਸਮਝਿਆ ਅਤੇ ਪੁਹੀੜ ਤੋਂ ਮਾੜੀ ਤਕ ਸੜਕ ਬਣਾ ਕੇ ਇਸ ਨੂੰ ਸਿੱਧਾ ਲੁਧਿਆਣੇ ਨਾਲ ਜੋੜਿਆ। ਅਹਿਮਦਗੜ੍ਹ ਰੇਲਵੇ ਸਟੇਸ਼ਨ ਦਾ ਪਹਿਲਾ ਨਾਂ ਛਪਾਰ ਹੀ ਰੱਖਿਆ ਗਿਆ ਸੀ। ਇਸ ਤਰ੍ਹਾਂ ਇਸ ਮੇਲੇ ਨੂੰ ਅੰਗਰੇਜ਼ ਸਰਕਾਰ ਦੀ ਸਰਪਰਸਤੀ ਪਰਾਪਤ ਹੋਈ ਅਤੇ ਮੇਲੇ ਵੇਲੇ ਫੌਜੀ ਭਰਤੀ ਵੀ ਕੀਤੀ ਜਾਂਦੀ ਸੀ ਤੇ ਘੋੜੇ, ਖੋਤੇ ਅਤੇ ਖੱਚਰਾਂ ਦੀ ਮੰਡੀ ਵੀ ਲਾਈ ਜਾਂਦੀ ਸੀ ਜੋ ਹੁਣ ਵੀ ਲਗਦੀ ਹੈ। ਸਰਕਾਰ ਦੀ ਸਰਪਰਸਤੀ ਕਾਰਨ ਛਪਾਰ ਦਾ ਮੇਲਾ ਇਲਾਕੇ ਵਿਚ ਅਜਿਹਾ ਪ੍ਰਸਿੱਧ ਹੋਇਆ ਕਿ ਦੂਰ ਦੁਰਾਡਿਉਂ ਲੋਕੀਂ ਇਸ ਮੇਲੇ ਵਿਚ ਸ਼ਾਮਲ ਹੋਣ ਲੱਗੇ।

ਭਾਵੇਂ ਇਹ ਮੇਲਾ ਹਿੰਦੂਆਂ ਦਾ ਹੈ ਪਰ ਇਸ ਵਿਚ ਮੁਸਲਮਾਨ ਅਤੇ ਸਭ ਜਾਤੀਆਂ ਦੇ ਲੋਕ ਇਕੋ ਜਿਹੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਮਲ ਹੁੰਦੇ ਹਨ। 50,000 ਤੋਂ ਉੱਤੇ ਲੋਕੀਂ ਇਸ ਮੇਲੇ ਵਿਚ ਸ਼ਾਮਲ ਹੁੰਦੇ ਹਨ।

1 ਮੇਲੇ ਦੇ ਕੁਝ ਦਿਨ ਪਹਿਲਾਂ ਆਸ ਪਾਸ ਦੇ ਪਿੰਡਾਂ ਵਿਚ ਘਰਾਂ ਦੀ ਸਫ਼ਾਈ ਅਤੇ ਲਿੱਪਣ ਪੋਚਣ ਦਾ ਕੰਮ ਮੁਕੰਮਲ ਕਰ ਲਿਆ ਜਾਂਦਾ ਹੈ ਅਤੇ ਪ੍ਰਾਹੁਣਿਆਂ ਦੀ ਉਤਸੁਕਤਾ ਨਾਲ ਉਡੀਕ ਕੀਤੀ ਜਾਂਦੀ ਹੈਜਿਸ ਘਰ ਵਿਚ ਬਹੁਤ ਪ੍ਰਾਹੁਣੇ ਆਉਣ, ਉਸ ਘਰ ਨੂੰ ਵੱਡਾ ਭਾਗਸ਼ਾਲੀ ਸਮਝਿਆ ਜਾਂਦਾ ਹੈ। ਪ੍ਰਾਹੁਣਿਆਂ ਲਈ ਸੌਣ ਵਾਸਤੇ ਕੋਠਿਆਂ ਉੱਤੇ ਦਰੀਆਂ, ਖੇਸ ਵਿਛਾ ਦਿੱਤੇ ਜਾਂਦੇ ਹਨ।

ਪਿੰਡ ਦੇ ਆਮ ਲੋਕ ਹਰ ਰੋਜ਼ ਮਾੜੀ ਤੇ ਮੱਥਾ ਟੇਕਣ ਆਉਂਦੇ ਹਨ ਪਰ ਮੇਲੇ, ਵੇਲੇ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਆ ਕੇ ਮੱਥਾ ਟੇਕਦੇ, ਮੰਨਤਾਂ ਮੰਨਦੇ, ਸੁੱਖਾਂ ਸੁੱਖਦੇ ਅਤੇ ਵਰ ਆਈਆਂ ਸੁੱਖਾਂ ਉਤਾਰਦੇ ਹਨ। ਕਈ ਤਾਂ ਆਪਣੇ ਪਸ਼ੂਆਂ ਨੂੰ ਵੀ ਨਾਲ ਲਿਆਉਂਦੇ ਹਨ। ਮੱਥਾ ਟੇਕਣ ਤੋਂ ਪਹਿਲਾਂ ਲੋਕੀਂ ਮਿੱਟੀ ਕੱਢਦੇ ਹਨ। ਇਕ ਪਾਸੇ ਤੋਂ ਸੱਤ ਵਾਰ ਮਿੱਟੀ ਦੀਆਂ ਮੁੱਠਾਂ ਭਰ ਕੇ ਦੂਜੇ ਪਾਸੇ ਸੁੱਟੀਆਂ ਜਾਂਦੀਆਂ ਹਨ। ਇਹ ਕਿਰਿਆ ਗੁੱਗੇ ਪੀਰ ਬਾਰੇ ਸ਼ਰਧਾਲੂਆਂ ਦੀ ਅਧੀਨਗੀ ਤੇ ਨਿਮਰਤਾ ਨੂੰ ਪ੍ਰਗਟਾਉਂਦੀ ਹੈ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਪਹਿਲੇ ਦਿਨ ਗੁੱਗੇ ਪੀਰ ਦੀ ਪ੍ਰਸੰਨਤਾ ਪਰਾਪਤੀ ਲਈ ਚੌਕੀਆਂ ਲਗਦੀਆਂ ਹਨ। ਜਿਨ੍ਹਾਂ ਸ਼ਰਧਾਲੂਆਂ ਨੇ ਗੁੱਗੇ ਦੀ ਚੌਕੀਂ ਭਰਨੀ ਹੋਵੇ, ਉਹ ਰਾਤ ਨੂੰ ਮਾੜੀ ਤੇ ਹੀ ਠਹਿਰਦੇ ਹਨ ਅਤੇ ਭੁੰਝੇ ਸੌਂਦੇ ਹਨ। ਕਈ ਤਾਂ ਉਸ ਰਾਤ ਆਪਣੇ ਘਰੀਂ ਵੀ ਭੁੰਝੇ ਸੌਂਦੇ ਹਨ। ਲੋਕਾਂ ਦਾ ਵਿਸ਼ਵਾਸ ਹੈ ਕਿ ਇੰਝ ਕਰਨ ਨਾਲ ਗੁੱਗੇ ਪੀਰ ਦੀ ਕ੍ਰਿਪਾ ਰਹਿੰਦੀ ਹੈ ਤੇ ਜ਼ਹਿਰੀਲੇ ਸੱਪਾਂ ਦੇ ਕਰੋਪ ਤੋਂ ਬਚਾਓ ਰਹਿੰਦਾ ਹੈ। ਪਹਿਲੇ ਦਿਨ ਇਸਤਰੀਆਂ ਦਾ ਇਕੱਠ ਬਹੁਤਾ ਹੋਣ ਕਾਰਨ ਮਨਿਆਰੀ ਦਾ ਸਾਮਾਨ, ਸ਼ੀਸ਼ੇ, ਕੰਘੇ, ਕੰਘੀਆਂ, ਡੋਰੀਆਂ, ਕਰੀਮ, ਪਾਊਡਰ, ਲੱਕੜੀ ਤੇ ਪਲਾਸਟਿਕ ਦੇ ਖਿਡਾਉਣੇ ਅਤੇ ਹੋਰ ਅਜਿਹਾ ਨਿਕ ਸੁੱਕ ਕਾਫ਼ੀ ਵਿਕਦਾ ਹੈ। ਖਾਣ ਪੀਣ ਦੀਆਂ ਚੀਜ਼ਾਂ, ਮਿਠਾਈ, ਪਕੌੜੇ, ਚਾਹ, ਚਾਟ ਅਤੇ ਫਲ ਆਦਿ ਵੀ ਕਾਫ਼ੀ ਵਿਕਦੇ ਹਨ। ਚਲਦੇ ਫਿਰਦੇ ਸਟੂਡਿਓ ਵੀ ਕਾਫ਼ੀ ਗਿਣਤੀ ਵਿਚ ਪਹੁੰਚ ਜਾਂਦੇ ਹਨ ਜਿਥੇ ਫੋਟੋ ਖਿਚਾਉਣ ਵਾਲਿਆਂ ਦੀ ਭੀੜ ਲਗੀ ਰਹਿੰਦੀ ਹੈ। ਸਰਕਸ ਵਾਲੇ ਵੀ ਮੇਲੇ ਤੋਂ ਕੁਝ ਦਿਨ ਪਹਿਲਾਂ ਆ ਡੇਰੇ ਲਾਉਂਦੇ ਹਨ। ਜੰਗਲੀ ਜਾਨਵਰਾਂ ਹਾਥੀ, ਸ਼ੇਰ, ਚੀਤੇ, ਬਾਂਦਰਾਂ ਤੇ ਪਾਲਤੂ ਜਾਨਵਰਾਂ ਘੋੜੇ, ਬੱਕਰੇ ਆਦਿ ਦੀਆਂ ਖੇਡਾਂ ਵਿਖਾਉਂਦੇ ਹਨ ਅਤੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਕੋਈ ਝੂਟੇ ਝੂਟਦਾ, ਕੋਈ ਗੌਣ ਸੁਣਦਾ ਹੈ ਤੇ ਕੋਈ ਸ਼ੀਰਣੀ ਖਾਂਦਾ ਹੈ।

ਚੌਕੀਆਂ ਤੋਂ ਅਗਲੇ ਦਿਨ ਭਾਦੋਂ ਸ਼ੁਦੀ ਚੌਦਸ਼ ਨੂੰ ਸਵੇਰ ਤੋਂ ਹੀ ਇਕੱਠ ਹੋਣਾ ਆਰੰਭ ਹੋ ਜਾਂਦਾ ਹੈ। ਯਾਤਰੂਆਂ ਨਾਲ ਭਰੇ ਟਾਂਗੇ, ਗੱਡੀਆਂ ਤੇ ਬੱਸਾਂ ਆਉਣੀਆਂ ਆਰੰਭ ਹੁੰਦੀਆਂ ਹਨ ਜਿਨ੍ਹਾਂ ਨੂੰ ਪਿੰਡ ਦੇ ਲਾਗੇ ਰੋਕ ਲਿਆ ਜਾਂਦਾ ਹੈ। ਅਗਾਂਹ ਕੇਵਲ ਪੈਦਲ ਤੇ ਸਾਈਕਲ ਸਵਾਰ ਹੀ ਲੰਘਦੇ ਹਨ। ਉੱਚੇ ਟਿੱਬੇ ਤੇ ਇਕ ਵੱਡੇ ਕਸਬੇ ਵਰਗੀ ਰੌਣਕ ਹੋ ਜਾਂਦੀ ਹੈ। ਟਿੱਬੇ ਦੇ ਆਸ ਪਾਸ ਰਾਜਨੀਤਕ ਪਾਰਟੀਆਂ ਦੇ ਜਲਸੇ ਤੇ ਕਾਨਫਰੰਸਾਂ ਆਰੰਭ ਹੁੰਦੀਆਂ। ਹਨ। ਵੱਡੇ ਵੱਡੇ ਸ਼ਾਮਿਆਨੇ ਜਿਥੇ ਰਾਜਨੀਤਕ ਪਰਚਾਰ ਲਈ ਵਰਤੇ ਜਾਂਦੇ ਹਨ, ਉਹ ਤਪਦੀ ਦੁਪਹਿਰ ਵਿਚ ਯਾਤਰੂਆਂ ਲਈ ਆਰਾਮ ਕਰਨ ਲਈ ਟਿਕਾਣਾ ਵੀ ਬਣ ਜਾਂਦੇ ਹਨ। ਇਨ੍ਹਾਂ ਜਲਸਿਆਂ ਵਿਚ ਭਾਸ਼ਨ ਦੇਣ ਲਈ ਦੂਰੋਂ ਦੂਰੋਂ ਨੇਤਾ ਬੁਲਾਏ ਜਾਂਦੇ ਹਨ। ਗੀਤ ਸੰਗੀਤ ਦਾ ਪ੍ਰੋਗਰਾਮ ਵੀ ਇਨ੍ਹਾਂ ਜਲਸਿਆਂ ਵਿਚ ਚਲਦਾ ਰਹਿੰਦਾ ਹੈ। ਅੱਜ ਕੱਲ੍ਹ ਕੁਝ ਪੇਸ਼ਾਵਰ ਗਾਇਕਾਂ ਨੂੰ ਬੁਲਾਉਣ ਦਾ ਰਿਵਾਜ ਜਿਹਾ ਹੋ ਗਿਆ ਹੈ ਅਤੇ ਰਾਤ ਸਮੇਂ ਰਾਜਨੀਤਕ ਪਾਰਟੀਆਂ ਵਲੋਂ ਮਨੋਰੰਜਨ ਲਈ ਗੀਤ ਸੰਗੀਤ ਦਾ ਪ੍ਰੋਗਰਾਮ ਚਲਦਾ ਰਹਿੰਦਾ ਹੈ।

ਪਿੰਡਾਂ ਦੇ ਗਭਰੂਆਂ ਦੀਆਂ ਟੋਲੀਆਂ ਭੰਗੜੇ ਪਾਉਂਦੀਆਂ ਹਨ ਅਤੇ ਬੋਲੀਆਂ ਪਾਉਂਦੀਆਂ ਹਨ। ਇਨ੍ਹਾਂ ਨੂੰ ਸੁਣਨ ਲਈ ਦਰਸ਼ਕਾਂ ਦੀ ਭੀੜ ਹੋ ਜਾਂਦੀ ਹੈ। ਇਹ ਟੋਲੀਆਂ ਮੇਲੇ ਵਿਚ ਥਾਂ ਥਾਂ ਘੁੰਮਦੀਆਂ ਰਹਿੰਦੀਆਂ ਹਨ ਅਤੇ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਦੀਆਂ ਹਨ। ਕਿਤੇ ਰੁੱਖਾਂ ਦੀ ਸੰਘਣੀ ਛਾਂ ਹੇਠ ਕਵੀਸ਼ਰ ਅਖਾੜਾ ਲਾਉਂਦਾ ਹੈ। ਕਵੀਸ਼ਰੀ ਗਾਉਂਦਾ ਗਾਉਂਦਾ ਵਾਰਤਕ ਵਿਚ ਭਾਸ਼ਣ ਵੀ ਦੇਈ ਜਾਂਦਾ ਹੈ ਅਤੇ ਆਪਣੀ ਕਵੀਸ਼ਰੀ ਦੇ ਵਿਸ਼ੇ ਦਾ ਪਿਛੋਕੜ ਦੱਸਦਾ ਜਾਂਦਾ ਹੈ। ਕਿਤੇ ਢਡ ਸਾਰੰਗੀਆਂ ਤੇ ਗਾਉਣ ਵਾਲੇ ਤੇ ਕਿਤੇ ਅਲਗੋਜ਼ਿਆਂ ਤੇ ਤੂੰਬੀਆਂ ਨਾਲ ਗਾਉਣ ਵਾਲੇ ਆਪਣੀਆਂ ਹੇਕਾਂ ਨਾਲ ਸਰੋਤਿਆਂ ਦੇ ਦਿਲਾਂ ਨੂੰ ਮੋਹ ਰਹੇ ਹੁੰਦੇ ਹਨ।

ਕਈ ਥਾਈ ਚੀਜ਼ਾਂ ਵੇਚਣ ਅਤੇ ਉਨ੍ਹਾਂ ਦਾ ਪ੍ਰਚਾਰ ਕਰਨ ਵਾਲਿਆਂ ਵਲੋਂ ਮਜਮੇ ਲਾਏ ਹੁੰਦੇ ਹਨ। ਲੋਕਾਂ ਨੂੰ ਆਪਣੇ ਵੱਲ ਖਿਚ ਪਾਉਣ ਲਈ ਤਾਸ਼ ਦੇ ਪੱਤਿਆਂ, ਸੱਪਾਂ ਤੇ ਜਾਦੂ ਦੇ ਖੇਡ ਵਿਖਾਉਂਦੇ ਹਨ।

ਸਰਕਾਰ ਵਲੋਂ ਇਸ ਮੇਲੇ ਉੱਤੇ ਰੱਖਿਆ ਅਤੇ ਸਿਹਤ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹੁੰਦੇ ਹਨ। ਪੁਲੀਸ ਅਤੇ ਸਿਹਤ ਵਿਭਾਗ ਦੇ ਅਮਲੇ ਦੀ ਡਿਊਟੀ ਲਗੀ ਹੁੰਦੀ ਹੈ। ਇਸ ਤਰ੍ਹਾਂ ਕਿਸੇ ਦੁਰਘਟਨਾ ਵਾਪਰਨ ਦੀ ਸੂਰਤ ਵਿਚ ਤੁਰੰਤ ਕਾਬੂ ਪਾ ਲਿਆ ਜਾਂਦਾ ਹੈ।

ਅੰਤ ਵਿਚ ਇਹ ਗੱਲ ਵੀ ਵਰਣਨਯੋਗ ਹੈ ਕਿ ਇਹ ਮੇਲਾ ਪੁਰਸ਼ ਪ੍ਰਧਾਨ ਮੇਲਾ ਹੈ। ਚੌਕੀ ਵਾਲੇ ਦਿਨ ਅਤੇ ਪੰਜਵੇਂ ਦਿਨ ਤੋਂ ਇਲਾਵਾ ਬਾਕੀ ਦਿਨਾਂ ਦੌਰਾਨ ਮੇਲੇ ਵਿਚ ਟਾਵੀਂ ਟਾਵੀਂ ਇਸਤਰੀ ਹੀ ਵੇਖੀ ਜਾ ਸਕਦੀ ਹੈ ਅਤੇ ਪੁਰਸ਼ ਹੀ ਮੇਲੇ ਦੀ ਰੌਣਕ ਹੁੰਦੇ ਹਨ।

  1. ਮਨੋਰੰਜਨ ਦੇ ਸਾਧਨ

1) ਡਰਾਮਾ ਕਲੱਬ

30 ਸਾਲ ਪਹਿਲਾਂ ਦੀ ਗੱਲ ਹੈ ਕਿ ਪਿੰਡ ਦੇ ਸਕੂਲ ਵਲੋਂ ਸ੍ਰੀ ਰਾਮਜੀ ਦਾਸ ਹੈਡਮਾਸਟਰ ਨੇ ਇਕ ਡਰਾਮਾ ਕਲੱਬ ਬਣਾਇਆ ਸੀ ਜੋ ਛਪਾਰ ਦੇ ਮੇਲੇ ਸਮੇਂ ਅਤੇ ਕਦੇ ਕਦੇ ਪਿੰਡ ਵਿਚ ਡਰਾਮਾ ਖੇਡਿਆ ਜਾਂਦਾ ਸੀ ਪਰ ਹੁਣ ਅਜਿਹਾ ਕੋਈ ਕਲੱਬ ਨਹੀਂ ਹੈ।

2) ਸਾਲਾਨਾ ਟੂਰਨਾਮੈਂਟ

ਪਿੰਡ ਪੰਚਾਇਤ ਵਲੋਂ ਹਰ ਸਾਲ ਫਰਵਰੀ ਜਾਂ ਮਾਰਚ ਦੇ ਮਹੀਨੇ ਇਕ ਟੂਰਨਾਮੈਂਟ ਕਰਾਇਆ ਜਾਂਦਾ ਹੈ ਜਿਸ ਵਿਚ ਬੈਲ ਗੱਡੀਆਂ (ਠੋਕਰਾਂ) ਦੀ ਦੌੜ, ਕਬੱਡੀ ਅਤੇ ਵਾਲੀਵਾਲ ਖੇਡਾਂ ਦੇ ਮੁਕਾਬਲੇ ਕਰਾਏ ਜਾਂਦੇ ਹਨ। ਇਹ ਟੂਰਨਾਮੈਂਟ ਆਮ ਕਰਕੇ ਤਿੰਨ ਦਿਨ ਰਹਿੰਦਾ ਹੈ ਜਿਸ ਵਿਚ ਛਪਾਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਟੀਮਾਂ ਭਾਗ ਲੈਂਦੀਆਂ ਹਨ। ਭਾਗ ਲੈਣ ਲਈ ਹਰ ਟੀਮ ਨੂੰ ਦਾਖਲਾ ਫੀਸ ਭਰਨੀ ਪੈਂਦੀ ਹੈ। ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਜੇਤੂਆਂ ਨੂੰ ਇਨਾਮ ਦਿੱਤੇ ਜਾਂਦੇ ਹਨ।

– ਇਨ੍ਹਾਂ ਮੁਕਾਬਲਿਆਂ ਵਿਚ ਬੈਲ ਗੱਡੀਆਂ (ਠੋਕਰਾਂ) ਦੀ ਦੌੜ ਦਾ ਮੁਕਾਬਲਾ ਵਰਣਨਯੋਗ ਹੈ। ਬੈਲ ਗੱਡੀ ਨੂੰ ਲਗਭਗ 8 ਕਿਲੋਮੀਟਰ ਦੌੜਾਇਆ ਜਾਂਦਾ ਹੈ ਅਤੇ ਦੌੜ ਪੂਰੀ ਕਰਨ ਦਾ ਸਮਾਂ ਨੋਟ ਕਰ ਲਿਆ ਜਾਂਦਾ ਹੈ। ਜਿਹੜੀ ਗੱਡੀ ਸਭ ਤੋਂ ਘੱਟ ਸਮੇਂ ਵਿਚ ਦੌੜ ਪੂਰੀ ਕਰਦੀ ਹੈ, ਉਸਨੂੰ ਪਹਿਲੇ ਨੰਬਰ ਉੱਤੇ ਜੇਤੂ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਦੂਜੇ ਅਤੇ ਤੀਜੇ ਨੰਬਰ ਤੇ ਘੱਟ ਸਮਾਂ ਲਾਉਣ ਵਾਲੀਆਂ ਗੱਡੀਆਂ ਨੂੰ ਦੂਜੇ ਅਤੇ ਤੀਜੇ ਨੰਬਰ ਉੱਤੇ ਜੇਤੂ ਮੰਨਿਆ ਜਾਂਦਾ ਹੈ। 1975-76 ਸਾਲ ਦੌਰਾਨ 60 ਗੱਡੀਆਂ ਨੇ ਇਸ ਮੁਕਾਬਲੇ ਵਿਚ ਭਾਗ ਲਿਆ। ਦਾਖਲਾ ਫੀਸ ਦਸ ਰੁਪਏ ਸੀ। ਪਹਿਲੇ ਨੰਬਰ ਉੱਤੇ ਜੇਤੂ ਨੂੰ ਵਨਸਪਤੀ ਘੀ ਦਾ ਪੀਪਾ ਇਨਾਮ ਵਜੋਂ ਦਿੱਤਾ ਗਿਆ। ਦੂਜੇ ਨੰਬਰ ਉੱਤੇ ਜੇਤੂ ਨੂੰ 8 ਕਿਲੋ ਘੀ ਤੀਜੇ ਨੰਬਰ ਉੱਤੇ ਜੇਤੂ ਨੂੰ 4 ਕਿਲੋ ਘੀ ਇਨਾਮ ਵਜੋਂ ਦਿੱਤਾ ਗਿਆ।

  1. ਬਾਜ਼ੀ

ਪਿੰਡ ਛਪਾਰ ਵਿਚ ਬਾਜ਼ੀ ਬਾਰਾਂ ਸਾਲ ਮਗਰੋਂ ਪੈਂਦੀ ਹੈ। ਪਿੰਡ ਦਾ ਬਾਜ਼ੀਗਰ ਸਾਧੂ ਹੈ। ਉਹ ਪਿੰਡ ਦੇ ਮੁੱਖੀਆਂ ਨਾਲ ਸਲਾਹ ਕਰਕੇ ਪਿੰਡ ਵਿਚ ਬਾਜ਼ੀ ਦਾ ਪ੍ਰਬੰਧ ਕਰਦਾ ਹੈ। ਉਹ ਚੰਗੀ ਬਾਜ਼ੀ ਪਾਣ ਵਾਲਿਆਂ ਨੂੰ ਸੱਦਾ ਪੱਤਰ ਭੇਜ ਦਿੰਦਾ ਹੈ ਅਤੇ ਬਾਜ਼ੀ ਤੋਂ ਇਕ ਦਿਨ ਪਹਿਲਾਂ ਸਾਰੇ ਬਾਜ਼ੀਗਰ ਇਕੱਠੇ ਹੋ ਜਾਂਦੇ ਹਨ। ਲੋਕੀ ਬਾਜ਼ੀ ਵੇਖਣ ਲਈ ਹੁਮ-ਹੁਮਾ ਕੇ ਆਉਂਦੇ ਹਨ। ਬਾਜ਼ੀਗਰ ਲੰਬੀਆਂ ਪੁੱਠੀਆਂ ਛਾਲਾਂ ਦੇ ਕਰਤੱਵ, ਪਟੜੀ ਦੀਆਂ ਛਾਲਾਂ ਦੇ ਕਰਤੱਵ ਵਿਖਾਉਣ ਤੋਂ ਇਲਾਵਾ ਦੰਦਾਂ ਨਾਲ ਭਾਰ ਚੁੱਕ ਕੇ, ਅੱਖ ਜਾਂ ਘੰਡੀ ਦੇ ਜ਼ੋਰ ਨਾਲ ਸਰੀਆ ਦੁਹਰਾ ਕਰਕੇ, ਭਰੇ ਹੋਏ ਗੱਡੇ ਦਾ ਭਾਰ ਸਰੀਰ ਉਪਰੋਂ ਲੰਘਾ ਕੇ, ਛੁਰੀਂ ਦੇ ਤੰਗ ਚੋਕਟੇ ਵਿਚੋਂ ਛਾਲ ਮਾਰ ਕੇ ਜਾਂ ਲੰਘ ਕੇ ਵੀ ਵਿਖਾਉਂਦੇ ਹਨ। ਇਕ ਛੋਟੇ ਜਿਹੇ ਚੱਕਰ ਉੱਤੇ ਰਸੀਆਂ ਲਪੇਟੀਆ ਜਾਂਦੀਆਂ ਹਨ ਅਤੇ ਰਸੀਆਂ ਨੂੰ ਮਿੱਟੀ ਦੇ ਤੇਲ ਨਾਲ ਭਿਉਂ ਕੇ ਅੱਗ ਲਾਈ ਜਾਂਦੀ ਹੈ ਅਤੇ ਚੱਕਰ ਵਿਚੋਂ ਬਾਜ਼ੀਗਰ ਲੰਘ ਕੇ ਵਿਖਾਉਂਦਾ ਹੈ। ਇਸ ਤਰ੍ਹਾਂ ਆਪਣੀਆਂ ਖੇਡਾਂ ਅਤੇ ਕਰਤੱਵਾਂ ਨਾਲ ਬਾਜ਼ੀਗਰ ਦਰਸ਼ਕਾਂ ਦੀ ਵਾਹ ਵਾਹ ਪਰਾਪਤ ਕਰਦੇ ਹਨ।

ਸਾਰੇ ਲੋਕ ਜਿਹੜੇ ਬਾਜ਼ੀ ਵੇਖਣ ਆਉਂਦੇ ਹਨ, ਰੁਪਏ ਆਦਿ ਦਿੰਦੇ ਹਨ। ਪਿੰਡ ਤੋਂ ਵੀ ਉਗਰਾਹੀ, ਕਪੜੇ ਅਤੇ ਅਨਾਜ ਆਦਿ ਇਕੱਠਾ ਕੀਤਾ ਜਾਂਦਾ ਹੈ ਤਾਂ ਜੋ ਬਾਜ਼ੀ ਉੱਤੇ ਹੋਏ ਖਰਚੇ ਨੂੰ ਪੂਰਾ ਕਰ ਲਿਆ ਜਾਵੇ।

4) ਹੀਜੜ ਜਾਂ ਖੁਸਰੇ

ਮੁੰਡੇ ਜੰਮੇ ਤੋਂ ਖੁਸਰੇ ਅਜੇ ਵੀ ਲਾਗ ਲੈਣ ਆ ਜਾਂਦੇ ਹਨ। ਬਹੁਤ ਘਟੀਆ ਤਰਜ਼ਾਂ ਵਿਚ ਦੋ ਚਾਰ ਫਿਲਮੀ ਗੀਤ ਗਾ ਕੇ ਅਤੇ ਨੱਚ ਕੇ ਘੜੀ ਪਲ ਪੇਂਡੂ ਲੋਕਾਂ ਦਾ ਦਿਲ ਲਵਾ ਜਾਂਦੇ ਹਨ ਅਤੇ ਆਪਣਾ ਲਾਗ ਲੈ ਕੇ ਤੁਰਦੇ ਬਣਦੇ ਹਨ।

5) ਤੀਆਂ

ਗੁਰਦੁਆਰਾ ਸਾਹਿਬ ਦੇ ਨਜ਼ਦੀਕ ਇਕ ਖੁੱਲ੍ਹੀ ਥਾਂ ਹੈ ਜਿਥੇ ਛਾਂ ਦਾਰ ਰੁੱਖ ਹਨ। ਇਸ ਥਾਂ ਤੇ ਸੌਣ ਦੀ ਤੀਜ ਨੂੰ ਤੀਆਂ ਲਗਦੀਆਂ ਹਨ ਜਿਸ ਵਿਚ ਪਿੰਡ ਦੀਆਂ ਮੁਟਿਆਰਾਂ ਨੱਚਦੀਆਂ, ਗਿੱਧੇ ਪਾਉਂਦੀਆਂ ਅਤੇ ਗਾਉਂਦੀਆਂ ਹਨ। ਰੁੱਖਾਂ ਦੀਆਂ ਟਾਹਣਿਆਂ ਉੱਤੇ ਪਾਈਆਂ ਪੀਘਾਂ ਝੂਟਦੀਆਂ ਹਨ।

 

ਕਲਾਕਾਰ

ਚਿੱਤਰਕਾਰ, ਮੂਰਤੀ ਕਾਰ ਸ਼ਿਲਪਕਾਰ ਅਤੇ ਕਾਰੀਗਰ ਸਾਜ਼ ਸੰਗੀਤ ਤੇ ਰਾਗ ਵਿਦਿਆ ਦੇ ਮਾਹਿਰ

1) ਡੋਗਰ

ਛਪਾਰ ਦਾ ਡੋਗਰ, ਢੱਡ ਸਾਰੰਗੀ ਨਾਲ ਗਾਉਂਦਾ ਸੀ। ਬਟਵਾਰੇ ਸਮੇਂ 50 ਸਾਲ ਦੀ ਉਮਰ ਵਿਚ ਪਾਕਿਸਤਾਨ ਚਲਿਆ ਗਿਆ। ਈਸੜੂ ਦਾ ਨਗੀਨਾ ਅਤੇ ਟਿੱਬੇ ਦਾ ਮੀਰਾਂ ਬਖਸ਼ ਮਰਾਸੀ ਉਸ ਦੇ ਜੱਥੇ ਵਿਚ ਹੁੰਦੇ ਸਨ। ਜਦੋਂ ਉਸਦਾ ਗਾਉਣ ਦਾ ਅਖਾੜਾ ਲਗਣ ਦਾ ਪਤਾ ਲਗਦਾ ਤਾਂ ਦਰਸ਼ਕ ਆਸ ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਪਹੁੰਚਦੇ ਸਨ। ਉਹ ਵਿਆਹਾਂ ਮੇਲਿਆਂ ਆਦਿ ਤੇ ਜਾਂਦਾ ਸੀ। ਦਸਦੇ ਹਨ ਕਿ ਹੁਣ ਵੀ ਗਾਉਂਦਾ ਹੈ ਅਤੇ ਕਹਿੰਦੇ ਹਨ ਕਿ ਰੇਡੀਓ ਪਾਕਿਸਤਾਨ ਲਾਹੌਰ ਤੋਂ ਉਸਦੇ ਪ੍ਰੋਗਰਾਮ ਸੁਣੇ ਗਏ ਹਨ।

ਡੋਗਰ ਦੀਆਂ ਕਲੀਆਂ ਦੇ ਕੁਝ ਨਮੂਨੇ ਜੋ ਲੋਕਾਂ ਤੋਂ ਸੁਣੇ ਹਨ : ਬ੍ਰਿਛਾਂ ਵਰਗੇ ਮਤੇ ਹੁੰਦੇ ਸੰਤਾਂ ਦੇ, ਸੋਈ ਵੱਢੇ ਸਾਇਆ ਜਿਸ ਨੂੰ ਕਰਦੇ। ਧੀਆਂ ਸੋਈ ਜਿਹੜੀਆਂ ਨਿਉਂ ਚਲਦੀਆਂ, ਪੁੱਤਰ ਸੋਈ ਜਿਹੜੇ ਮਾਪਿਆਂ ਤੋਂ ਡਰਦੇ। ਸ਼ਾਹੂਕਾਰ ਸੋਈ ਜਿਹੜਾ ਵਿਚ ਕਾਲ ਦੇ ਦੇਵੇ ਖਾਣ ਨੂੰ ਸਮਿਆਂ ਦੇ ਬਾਹਾਂ ਬਥੇਰੇ ਫੜੇ।

ਹੀਰ

ਹੋਈਆਂ ਖ਼ਬਰਾਂ ਰਾਂਝਾ ਆਇਆ ਰੰਗਪੁਰ ਖੇੜਿਆਂ ਤੋਂ,

ਕੁੜੀਆਂ ਇਕੱਠੀਆਂ ਹੋ ਕੇ ਸਿਆਲਾਂ ਦੀਆਂ ਆਈਆਂ।

ਬਾਹੋਂ ਫੜ ਕੇ ਮਿੱਠੀ ਨੈਣ ਨੇ ਬਿਠਾਇਆ ਚਾਕ ਨੂੰ,

ਗੱਲਾਂ ਦੱਸ ਜੋ ਡਾਢੇ ਵਰਤਾਈਆਂ।

ਹੀਰ ਕਦੋਂ ਕੁ ਆ ਜੂ ਰੰਗਪੁਰ ਖੇੜਿਆਂ ਨੂੰ,

ਰੋਂਦਾ ਹੈ ਕਿ ਇਹ ਗਈ ਤੱਤੜੀ ਦਿਆ ਸਾਈਆਂ।

ਫੜ੍ਹ ਕੇ ਕੁੜੀਆਂ ਨੇ ਚਾਕ ਸੰਭਾਲਿਆ ਤੁਲੀ ਨੂੰ

ਅਮਾਨਤਾਂ ਹੀਰ ਦੀਆਂ ਬੁੜੀਏ ਕਿਧਰੇ ਜਾਣ ਨਾ ਗਵਾਈਆਂ।

ਤੁੱਲੀ ਪੁਛੇ ਚਾਕ ਨੂੰ ਪਰ ਚਾਕ ਝਾਕੀ ਜਾਵੇ,

ਗੱਲਾਂ ਦਿਲ ਦੀਆਂ ਕਹਿੰਦਾ ਜਾਣ ਨਾ ਬਤਾਈਆਂ।

ਹਾਰ ਕੇ ਭੁੱਬ ਨਿਕਲੀ ਰਾਂਝੇ ਚਾਕ ਦੀ,

ਪਿਆਰ ਹੀਰ ਦੇ ਨੇ ਕਰਿਆ ਵਾਂਗ ਸੁਦਾਈਆਂ।

ਮੂਰਖ ਦੇਖ ਦੇਖ ਹੱਸਣ ਰਾਂਝੇ ਚਾਕ ਨੂੰ,

ਰੋਂਦੇ ਨੇ ਆਸ਼ਕ ਜਿਨ੍ਹਾਂ ਲਗੀਆਂ ਦਸਾਈਆਂ।

ਮਿਰਜ਼ੇ ਵਾਲੀ ਮਦੀਨ ਦਾ, ਨਖਰਾ ਖੋਲ ਕੇ ਦਿਓ ਦਿਖਾ,

ਦੇਖਿਓ ਨਖਰਾ ਘੋੜੀ ਦਾ ਛੁੱਟ ਨਾ ਜਾਏ, ਘੋੜੀ ਬੁਰੀ ਬਲਾ।

ਕੱਲਾ ਮਿਰਜ਼ਾ ਮਾਰਿਆ, ਪਿੰਡ ਜੱਟ ਦੇ ਚਾਰ ਭਰਾ,

ਇਹ ਨਹੀਂ ਕਿਸੇ ਦੇ ਠਲ੍ਹਣ ਦੇ, ਕਰਨਗੇ ਝਰੀਟੋਂ ਘਾਂ।

ਉਠਿਆ ਨਫ਼ਰ ਨਾਲ ਗੁੱਸੇ ਦੇ, ਬੱਕੀ ਖੋਲੀ ਕਿਲਿਓ ਉਤੇ ਝੱਲ ਵੀ ਲੈਂਦਾ ਪਾ,

ਨਫ਼ਰ ਨੇ ਅੱਡੀ ਮਾਰੀ ਜੋੜ ਕੇ, ਬੱਕੀ ਗੁੱਸੇ ਵਿਚ ਗਈ ਆ।

ਉਛਲੀ ਵਾਂਗ ਤੁਫ਼ਾਨ ਦੇ, ਕਰਮੀ ਜਾ,

ਉਤੋਂ ਨਫ਼ਰ ਘੋੜੀ ਨੇ ਲਾਹ ਲਿਆ, ਸਿਟਿਆ ਜ਼ਮੀ ਦੇ ਦਾਅ ।

ਕਸ ਕਸ ਮਾਰੇ ਟੀਰਨੇ, ਦਿੱਤੀ ਅਲਖ ਮੁਕਾ,

ਸਿੱਟ ਕੇ ਘੋੜੀ ਨਫ਼ਰ ਨੂੰ, ਪੈ ਗਈ ਬਾਰ ਦੇ ਰਾਹ।

ਬੂਟੇ ਬੂਟੇ ਫਿਰਦੀ ਭਾਲਦੀ, ਉਤੇ ਲੋਥ ਦੇ ਖੜ੍ਹ ਜਾ,

ਨਾਲ ਬੁਥੀ ਦੇ ਰੋਂਦੀ ਉਠ ਖੜ੍ਹ, ਮੱਕੇ ਦੇ ਹਾਜੀਆਂ।

ਅੱਗੇ ਦਿੰਦਾ ਨਹੀਂ ਮੰਗਵੀ,ਅੱਜ ਰੱਸਾ ਗਿਆ ਫੜਾ,

ਸੱਤ ਦਿਨ ਹੋ ਗਏ ਭੁੱਖੀ ਨੂੰ,ਦਿੱਤੇ ਪੱਠੇ ਕਿਸੇ ਨਾ ਪਾ।

ਆਖੇ ਬੇਪ੍ਰਵਾਹੀਆਂ ਤੇਰੀਆਂ, ਤੂੰ ਡਾਢਾ ਬੇ ਪ੍ਰਵਾਹ

2) ਗਿਆਨੀ ਹਰਿਭਜਨ ਸਿੰਘ

ਗੁਰਦੁਆਰਾ ਸਾਹਿਬ ਦੀ ਨਿਸ਼ਕਾਮ ਸੇਵਾ ਕਰਨ ਵਾਲੇ ਅਤੇ ਬਿਨਾਂ ਕੁਝ ਲਏ ਗੁਰਬਾਣੀ ਦਾ ਕੀਰਤਨ ਕਰਨ ਵਾਲੇ ਗਿਆਨੀ ਹਰਿਭਜਨ ਸਿੰਘ ਜੀ ਸਾਦਾ ਜੀਵਨ ਬਤੀਤ ਕਰਨ ਵਾਲੇ ਗੁਰਮੁਖ ਵਿਅਕਤੀ ਹਨ। ਆਪ ਦਾ ਜਨਮ ਭਾਵੇਂ ਪਿੰਡ ਛਪਾਰ ਵਿਚ ਹੀ ਹੋਇਆ, ਪਰ 1933 ਵਿਚ ਆਪ ਚੱਕ ਨੰ: 52 ਟੂ ਐਲ ਤਹਿਸੀਲ ਉਕਾੜਾ ਜ਼ਿਲਾ ਮਿੰਟਗੁਮਰੀ ਚਲੇ ਗਏ ਸਨ ਜਿਥੇ ਕਿ ਉਹ 14 ਸਾਲ ਰਹੇ। ਉਹ ਮਿਸਤਰੀ ਦਾ ਕੰਮ ਕਰਦੇ ਸਨ।

ਕੀਰਤਨ ਤੇ ਸੰਗੀਤ ਦੀ ਲਗਨ ਆਪ ਨੂੰ ਬਚਪਨ ਤੋਂ ਹੀ ਸੀ। ਸ਼ੁਰੂ ਵਿਚ ਹਰਮੋਨੀਅਮ ਦੀ ਸਿਖਲਾਈ ਭਾਈ ਦਸੌਂਧਾ ਸਿੰਘ ਤੋਂ ਪਰਾਪਤ ਕੀਤੀ। ਮਗਰੋਂ ਆਪੇ ਅਭਿਆਸ ਕਰਦੇ ਰਹੇ। ਸੰਤ ਨਿਰੰਜਨ ਸਿੰਘ ਜੀ ਮੋਹੀ ਤੇ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਆਪ ਨੂੰ ਆਸ਼ੀਰਵਾਦ ਦਿੱਤੀ ਅਤੇ ਕਿਹਾ ਕੀਰਤਨ ਦਾ ਮੁਆਵਜ਼ਾ ਨਹੀਂ ਲੈਣਾ। ਆਪ ਕੇਵਲ ਗੁਰਦੁਆਰੇ ਵਿਚ ਹੀ ਨਹੀਂ ਲੋਕਾਂ ਦੇ ਘਰਾਂ ਵਿਚ ਵੀ ਕੀਰਤਨ ਮੁਫ਼ਤ ਕਰਦੇ ਹਨ। ਤੇ ਪਿਛਲੇ ਕਈ ਸਾਲ ਤੋਂ ਗੁਰਦੁਆਰੇ ਦੀ ਪ੍ਰਬੰਧਕੀ ਸੇਵਾ ਵੀ ਨਿਭਾ ਰਹੇ ਹਨ।

ਗੁਰਦੁਆਰੇ ਦੇ ਗ੍ਰੰਥੀ ਸਾਹਿਬ ਨੇ ਦੱਸਿਆ ਕਿ ਇਕ ਵੇਰ ਆਪ ਰਾਤ ਨੂੰ ਕੀਰਤਨ ਕਰ ਰਹੇ ਸਨ ਕਿ ਰਾਗ ਦੀ ਆਵਾਜ਼ ਸੁਣ ਕੇ ਇਕ ਸੱਪ ਨਿਕਲ ਆਇਆ ਜੋ ਆ ਕੇ ਜੰਗਲੇ ਤੇ ਬੈਠ ਗਿਆ। ਇਕ ਸਿੱਖ ਨੇ ਮਾਮੂਲੀ ਜਿਹਾ ਕਾਨਾ ਮਾਰਿਆ ਤਾਂ ਉਸਨੇ ਪ੍ਰਾਣ ਤਿਆਗ ਦਿੱਤੇ। ਇਹ ਜਾਣ ਕੇ ਕਿ ਇਹ ਕੋਈ ਉੱਚੀ ਰੂਹ ਹੈ, ਰੁਮਾਲੇ ਵਿਚ ਲਪੇਟ ਕੇ ਜ਼ਮੀਨ ਵਿਚ ਦਬਿਆ ਗਿਆ।

ਜਦੋਂ ਆਪ ਜੀ ਨੂੰ ਬੇਨਤੀ ਕੀਤੀ ਗਈ ਕਿ ਉਹ ਆਪਣੇ ਜੀਵਨ ਦੀ ਕੋਈ ਅਭੁੱਲ ਘਟਨਾ ਸੁਣਾਉਣ ਤਾਂ ਆਪ ਨੇ ਦੋ ਘਟਨਾਵਾਂ ਅਜਿਹੀਆਂ ਸੁਣਾਈਆਂ ਜਿਨ੍ਹਾਂ ਵਿਚੋਂ ਅਰਦਾਸ ਦੀ ਸ਼ਕਤੀ ਤੇ ਵਿਸ਼ਵਾਸ ਪ੍ਰਗਟ ਹੁੰਦਾ ਹੈ। ਆਪ ਨੇ ਦਸਿਆ ਕਿ ਉਨ੍ਹਾਂ ਦੇ ਬੱਚੇ ਅਠਰਾਹ ਦੀ ਬੀਮਾਰੀ ਨਾਲ ਮਰ ਜਾਂਦੇ ਸੀ। ਦੋ ਬੱਚੇ ਇਸ ਤਰ੍ਹਾਂ ਸੁਰਗਵਾਸ ਹੋ ਗਏ। ਫਿਰ ਆਪ ਨੇ ਤੇ ਆਪ ਦੀ ਘਰ ਵਾਲੀ ਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੇ ਲੜਕਾ ਹੋਵੇ ਤਾਂ ਘੱਟੋ ਘੱਟ ਪੰਜ ਸਾਲ ਦੀ ਆਯੂ ਜ਼ਰੂਰ ਬਖਸ਼ੀਂ, ਤਾਂ ਜੋ ਇਹ ਅਠਰਾਹ ਦੀ ਬੀਮਾਰੀ ਦਾ ਵਹਿਮ ਨਿਕਲ ਜਾਵੇ।

ਜਦੋਂ ਬੱਚਾ ਸਾਢੇ ਤਿੰਨ ਸਾਲ ਦਾ ਹੋਇਆ ਤਾਂ ਇਕ ਟੋਏ ਵਿਚ ਡਿਗ ਗਿਆ। ਅਤੇ ਉਹ ਸਵਾਸ ਛੱਡ ਗਿਆ। ਸਾਰਾ ਪਿੰਡ ਇਕੱਠਾ ਹੋ ਗਿਆ ਕਿ ਭਾਈ ਦਾ ਬੱਚਾ ਮਰ ਗਿਆ ਹੈ। ਆਪ ਨੇ ਮੁੜ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੇਰੀ ਅਰਦਾਸ ਸੀ ਕਿ ਬੱਚੇ ਦੀ ਆਯੂ ਘੱਟੋ ਘੱਟ ਪੰਜ ਸਾਲ ਹੋਵੇ। ਬੱਚਾ ਇਕ ਘੰਟੇ ਬਾਦ ਮੋੜਾ ਖਾ ਗਿਆ ਤੇ ਮੁੜ ਜ਼ਿੰਦਾ ਹੋ ਗਿਆ।

ਇਕ ਵੇਰ ਦੋ ਝੋਟੇ ਆਪਸ ਵਿਚ ਟੱਕਰ ਪਏ। ਬੱਚਾ ਉਨ੍ਹਾਂ ਦੀਆਂ ਲੱਤਾਂ ਦੇ ਵਿਚਕਾਰ ਆ ਗਿਆ, ਪਰ ਵਾਹਿਗੁਰੂ ਦੀ ਬਖਸ਼ਸ਼ ਨਾਲ ਬਚ ਗਿਆ। ਇਸ ਵੇਲੇ ਇਹ ਲੜਕਾ ਜਿਉਂਦਾ ਹੈ ਤੇ ਰਾਜਗੀਰੀ ਦਾ ਕੰਮ ਕਰਦਾ ਹੈ ਤੇ ਉਸਦਾ ਨਾਂ ਸਾਧੂ ਸਿੰਘ ਹੈ।

ਦੂਜੀ ਘਟਨਾ

1947 ਵਿਚ ਅਨੂਪ ਸਿੰਘ ਤੇ ਆਪ ਮੁਸਲਮਾਨ ਧਾੜਵੀਆਂ ਵਿਚ ਘਿਰ ਗਏ ਜਿਨ੍ਹਾਂ ਨੇ ਕਿਹਾ ਕਿ ਤੁਹਾਨੂੰ ਜ਼ਿੰਦਾ ਜਾਣ ਨਹੀਂ ਦੇਣਾ। ਆਪ ਨੇ ਸੰਖੇਪ ਜਿਹੀ ਅਰਦਾਸ ਕੀਤੀ। ਚੜ੍ਹਦੇ ਸੂਰਜ ਵੱਲ ਜਦੋਂ ਨਜ਼ਰ ਕੀਤੀ ਤਾਂ ਦਸਵੀਂ ਪਾਤਸ਼ਾਹੀ ਤੇ ਪੰਜ ਪਿਆਰੇ ਹੱਥ ਕਰਦੇ ਵਿਖਾਈ ਦਿੱਤੇ ਅਤੇ ਉਨ੍ਹਾਂ ਦੀ ਰੱਖਿਆ ਕਾਰਨ ਵਾਲ ਵਿੰਗਾ ਨਾ ਹੋਇਆ। ਇਹੋ ਕਾਰਨ ਹੈ ਕਿ ਆਪ ਨਿਸ਼ਕਾਮ ਸੇਵਾ ਕਰ ਰਹੇ ਹਨ।

 

ਖੇਡਾਂ ਅਖਾੜਾ, ਵਿਆਮਸ਼ਾਲਾ ਜਾਂ ਦਾਰਾ

1) ਬਾਵਾ ਠਾਕੁਰ ਦਾਸ ਦਾ ਅਖਾੜਾ ਹੈ, ਚਾਰ ਕੁ ਵਿਸਵੇ ਥਾਂ ਵਿਚ ਹੈ।

ਇਸ ਨੂੰ ਬਾਵੇ ਦਾ ਅਖਾੜਾ ਵੀ ਕਹਿੰਦੇ ਹਨ। ਇਸ ਸਮੇਂ ਗੁਲਜ਼ਾਰ ਦੇ ਅਧੀਨ ਹੈ। ਛਪਾਰ ਅਤੇ ਮੰਡੀ ਤੋਂ ਮੁੰਡੇ ਆ ਕੇ ਜ਼ੋਰ ਕਰਦੇ ਹਨ। ਸੁਲੇਮਾਨ ਤੇ ਅਰੋੜਾ ਗੁਲਜ਼ਾਰ ਦੇ ਚੇਲੇ ਹਨ। ਸੁਲੇਮਾਨ ਮੰਡੀ ਰਹਿੰਦਾ ਹੈ।

2) ਪਹਿਲਵਾਨ ਜਾਂ ਘਲਾਟੀ ਪਹਿਲਵਾਨ ਠਾਕੁਰ ਦਾਸ

ਠਾਕੁਰ ਦਾਸ ਦੀ 50 ਸਾਲ ਦੀ ਉਮਰ ਵਿਚ 35 ਕੁ ਸਾਲ ਪਹਿਲੇ ਮੌਤ ਹੋਈ ਉਹ ਤਿੰਨ ਹਜ਼ਾਰ ਬੈਠਕਾਂ ਕੱਢਦਾ ਸੀ ਅਤੇ ਦੋ ਹਜ਼ਾਰ ਡੰਡ ਪੇਲਦਾ ਸੀ। ਲੋਹੇ ਦੇ 45 ਸੇਰ ਪੱਕੇ ਦੇ ਮੂੰਗਲ ਵੀ ਫੇਰਦਾ ਸੀ। ਆਂਡੇ ਵੀ ਖਾਂਦਾ ਸੀ। ਮਖਣੀ ਕਾਫ਼ੀ ਖਾਂਦਾ ਸੀ। ਸੇਰ ਪੱਕਾ ਘੀ, ਛੇ ਸੇਰ ਦੁੱਧ ਤੇ ਇਕ ਸੇਰ ਬਦਾਮ ਇਸ ਦੀ ਰੋਜ਼ਾਨਾ ਖ਼ੁਰਾਕ ਵਿਚ ਸ਼ਾਮਲ ਸਨ। ਕਹਿੰਦੇ ਹਨ ਕਿ ਆਪਣੇ ਤੋਂ ਡੂਢੇ ਜ਼ੋਰ ਵਾਲੇ ਨੂੰ ਵੀ ਢਾਅ ਲੈਂਦਾ ਸੀ। ਰੜੀ ਦੇ ਸੁਚੇ, ਜੰਡ ਦੇ ਸੋਢੀ ਛਾਹੜ ਦੇ ਪ੍ਰੇਮ ਛਾਜਲੀ ਦੇ ਪਿਆਰੇ ਅਤੇ ਬਾਰ ਦੇ ਲੱਖੇ ਆਦਿ ਨਾਲ ਘੁਲਿਆ।

7 ਬਾਵੇ ਦਾ ਸ਼ਗਿਰਦ ਗੁਲਜ਼ਾਰਾ ਹੈ। ਇਸ ਸਮੇਂ ਉਮਰ 50 ਸਾਲ ਦੇ ਲਗਭਗ ਹੈ। 16 ਸਾਲ ਦੀ ਉਮਰ ਵਿਚ ਘੁਲਣ ਲੱਗਿਆ, ਇਹ 2500 ਬੈਠਕਾਂ, 1500 ਡੰਡ ਰੋਜ਼ਾਨਾ ਪੇਲਦਾ ਰਿਹਾ ਹੈ। ਹਲਟੀ ਦੇ 150 ਗੇੜੇ ਵੀ ਦਿੰਦਾ ਸੀ ਅਤੇ ਸੁਹਾਗੇ ਵੀ ਫੇਰਦਾ ਰਿਹਾ ਸੀ। 30 ਕਿਲੋ ਦੇ ਡੰਬਲ ਦੋ ਸੌ ਵੇਰ ਫੇਰ ਲੈਂਦਾ ਸੀ। ਅੱਧਾ ਕਿਲੋ ਘੀ, ਅੱਧਾ ਕਿਲੋ ਬਦਾਮ, ਇਕ ਸੇਰ ਮਾਸ, ਤਿੰਨ ਕਿਲੋ ਦੁੱਧ, ਇਕ ਦਰਜਨ ਆਂਡੇ ਅਤੇ ਮੁਰੱਬੇ ਫਲ ਆਦਿ ਰੋਜ਼ਾਨਾ ਖੁਰਾਕ ਵਿਚ ਸ਼ਾਮਲ ਸੀ। ਘੁਲਣ ਸਮੇਂ ਖੁਰਾਕ ਇਨਾਮ ਵਜੋਂ ਮਿਲਦੀ ਰਹੀ ਸੀ। ਜੀਂਦ ਦੇ ਬਖਸ਼ੀਸ਼ੇ ਨੂੰ ਅੱਠ ਸਾਲ ਪਹਿਲੋਂ ਫਰੀਦਕੋਟ ਵਿਚ ਢਾਹਿਆ। ਦੁਆਬੇ ਦੇ ਨਿੰਮੇ, ਅਪਰੇ ਦੇ ਭਜੀ, ਬੜੈਜ ਦੇ ਤਾਰੇ, ਬਹਾਦਰਨਗਰ ਦੇ ਸੰਤੋਖੇ, ਪੱਖੋਂ ਦੇ ਦਾਰੇ ਆਦਿ ਅਨੇਕਾਂ ਪਹਿਲਵਾਨਾਂ ਨਾਲ ਘੁਲਿਆ ਹੈ। ਇਸ ਸਮੇਂ ਵੀ ਸਿਹਤ ਬਹੁਤ ਚੰਗੀ ਹੈ। ਕਲਾ, ਜੰਗ ਦਾਅ ਮਾਰਨ ਵਿਚ ਇਹ ਮਾਹਰ ਹੈ। ਹੋਰ ਵੀ ਕਈ ਦਾਅ ਇਸ ਨੂੰ ਚੰਗੀ ਤਰ੍ਹਾਂ ਵਰਤਣੇ ਆਉਂਦੇ ਹਨ।

ਇਲਾਕੇ ਦੇ ਹੋਰ ਕੁਝ ਪਹਿਲਵਾਨ ਕਲਿਆਣ ਦਾ ਕੇਲਾ, ਭੈਣੀ ਦਾ ਮੁਖਤਿਆਰਾ ਟਿੰਬਰਵਾਲ ਦਾ ਸੰਤ, ਆਲਮਗੀਰ ਦਾ ਸਿੰਦਰ, ਸਿਓੜੇ ਦਾ ਭਾਗ ਸਿੰਘ, ਲੋਹਟਬੱਦੀ ਦਾ ਪਾਲ, ਲੀਲਾਂ ਦਾ ਕਰਮਾ, ਪੱਖੇਵਾਲ ਦਾ ਜ਼ੈਲਾ ਆਦਿਕ ਹਨ।

3) ਖੇਡਾਂ

. ਖੇਡ ਮਨੁੱਖੀ ਸੁਭਾਓ ਵਿਚ ਇਕ ਪ੍ਰਾਕਿਰਤਕ ਕਿਰਿਆ ਹੈ। ਜਦੋਂ ਪੰਘੂੜੇ ਵਿਚ ਪਿਆ ਬਾਲ ਹੱਥ ਪੈਰ ਮਾਰ ਕੇ ਖੁਸ਼ ਹੁੰਦਾ ਹੈ ਤਾਂ ਇਹ ਉਸ ਦੇ ਖੇਡ ਦੀ ਮੁੱਢਲੀ ਕਿਰਿਆ ਹੁੰਦੀ ਹੈ।

ਖੇਡਾਂ ਬੱਚਿਆਂ ਦੇ ਸਰੀਰਕ ਵਿਕਾਸ ਲਈ ਜਿੰਨੀਆਂ ਜ਼ਰੂਰੀ ਹਨ, ਉਸ ਤੋਂ ਵੱਧ ਇਹ ਉਨ੍ਹਾਂ ਦੇ ਮਾਨਸਿਕ, ਸਮਾਜਿਕ ਅਤੇ ਮੁੱਢਲੇ ਗਿਆਨ ਦੇ ਵਿਕਾਸ ਲਈ ਜ਼ਰੂਰੀ ਹਨ। ਇਨ੍ਹਾਂ ਖੇਡਾਂ ਰਾਹੀਂ ਹੀ ਬੱਚਾ ਚਾਈਂ ਚਾਈਂ ਨਿਯਮਬੱਧ ਰਹਿ ਕੇ ਦੂਜੇ ਸਾਥੀ ਬੱਚਿਆਂ ਵਿਚ ਵਿਚਰਨ ਤੇ ਆਪਣੇ ਕਰਤੱਵਾਂ ਅਤੇ ਅਧਿਕਾਰਾਂ ਦਾ ਪਹਿਲਾ ਪਾਠ ਸਿਖਦਾ ਹੈ। ਇਨ੍ਹਾਂ ਖੇਡਾਂ ਦੀ ਰੂਪ ਰੇਖਾ ਸਦੀਆਂ ਦੇ ਲੰਮੇਰੇ ਸਮੇਂ ਵਿਚਕਾਰ ਬਣਤਰ ਵਿਚ ਆਈ ਹੈ ਜਿਹੜੀ ਕਿ ਪੀੜ੍ਹੀ ਦਰ ਪੀੜ੍ਹੀ ਬੱਚਿਆਂ ਨੂੰ ਆਪਣੇ ਵਡੇਰਿਆਂ ਤੋਂ ਵਿਰਾਸਤ ਵਿਚ ਪ੍ਰਾਪਤ ਹੁੰਦੀ ਰਹੀ ਹੈ। ਖੇਡਾਂ ਦਾ ਕਿਰਿਆ-ਕ੍ਰਮ ਇਕ ਤਰਤੀਬ ਵਿਚ ਚਲਦਾ ਹੈ ਅਤੇ ਕਿਤੇ ਵੀ ਕੋਈ ਹਿੱਸਾ ਸਮੁੱਚੀ ਖੇਡ ਤੋਂ ਵੱਖਰਾ ਜਾਂ ਓਪਰਾ ਨਹੀਂ ਜਾਪਦਾ ਸਗੋਂ ਖੇਡ ਦਾ ਹੀ ਇਕ ਅੰਗ ਜਾਪਦਾ ਹੈ।

ਜਿਵੇਂ ਕਿ ਕਿਸੇ ਇਲਾਕੇ ਦੀ ਬੋਲੀ ਥੋੜੇ ਜਿਹੇ ਅੰਤਰ ਨਾਲ ਲਗਭਗ ਇਕੋ ਹੀ ਹੁੰਦੀ ਹੈ ਇਸੇ ਤਰ੍ਹਾਂ ਕਿਸੇ ਇਲਾਕੇ ਦੇ ਬੱਚਿਆਂ ਦੀਆਂ ਖੇਡਾਂ ਲਗਭਗ ਇਕੋ ਜਿਹੀਆਂ ਹੁੰਦੀਆਂ ਹਨ, ਭਾਵੇਂ ਇਕ ਪਿੰਡ ਤੋਂ ਦੂਜੇ ਪਿੰਡ ਦੀਆਂ ਖੇਡਾਂ ਦੀ ਰੂਪ-ਰੇਖਾ ਵਿਚ ਥੋੜਾ ਜਿਹਾ ਅੰਤਰ ਜ਼ਰੂਰ ਹੁੰਦਾ ਹੈ। ਛਪਾਰ ਦੇ ਬੱਚਿਆਂ ਦੀਆਂ ਵੀ ਬਹੁਤੀਆਂ ਖੇਡਾਂ ਪੰਜਾਬ ਦੇ ਪਿੰਡਾਂ ਦੇ ਬੱਚਿਆਂ ਦੀਆਂ ਖੇਡਾਂ ਨਾਲ ਮਿਲਦੀਆਂ ਜੁਲਦੀਆਂ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:-

  1. ਕੋਟਲਾ ਛਪਾਕੀ

ਇਹ ਖੇਡ ਲਗਭਗ ਸਾਰੇ ਪੰਜਾਬ ਵਿਚ ਖੇਡੀ ਜਾਂਦੀ ਹੈ। ਇਸ ਖੇਡ ਦਾ ਦੂਜਾ ਨਾਂ ‘ਕਾਜੀ ਕੋਟਲਾ” ਹੈ।

ਬੱਚੇ ਕਿਸੇ ਕੱਪੜੇ, ਪੱਗ ਜਾਂ ਚੁੰਨੀ ਆਦਿ ਦਾ ਕੋਰੜਾ ਵੱਟ ਲੈਂਦੇ ਹਨ। ਖੇਡਣ ਵਾਲੇ ਬੱਚੇ ਇਕ ਗੋਲ ਦਾਇਰਾ ਬਣਾ ਕੇ ਥੋੜੀ ਥੋੜੀ ਵਿੱਥ ਤੇ ਬੈਠ ਜਾਂਦੇ ਹਨ ਅਤੇ ਇਕ ਬੱਚਾ ਕੋਰੜਾ ਛੁਪਾ ਕੇ ਬੱਚਿਆਂ ਦੇ ਪਿਛੇ ਪਿਛੇ ਗੋਲ ਦਾਇਰੇ ਵਿਚ ਦੌੜਦਾ ਹੈ ਅਤੇ ਹੇਠ ਲਿਖੇ ਸ਼ਬਦ ਮੂਹੋਂ ਬੋਲਦਾ ਜਾਂਦਾ ਹੈ:-

“ਕਾਜ਼ੀ ਕੋਟਲੇ ਦੀ ਮਾਰ

ਕਾਜ਼ੀ ਹੋ ਗਿਆ ਬੀਮਾਰ”

ਇਸ ਤਰ੍ਹਾਂ ਉਹ ਬੋਲਦਾ ਬੋਲਦਾ ਚੁਪਕੇ ਜਿਹੇ ਕਿਸੇ ਬੱਚੇ ਦੇ ਪਿੱਛੇ ਕੋਰੜਾ ਰੱਖ ਕੇ ਦਾਇਰੇ ਦਾ ਚੱਕਰ ਪੂਰਾ ਕਰਨ ਦਾ ਯਤਨ ਕਰਦਾ ਹੈ, ਜੇਕਰ ਉਸ ਬੱਚੇ ਨੂੰ ਪਤਾ ਲਗ ਜਾਵੇ ਜਿਸ ਦੇ ਪਿਛੇ ਕੋਰੜਾ ਰੱਖਿਆ ਜਾਂਦਾ ਹੈ ਤਾਂ ਉਹ ਕੋਰੜਾ ਚੁਕ ਕੇ ਕੋਰੜਾ ਰੱਖਣ 7 ਵਾਲੇ ਬੱਚੇ ਦੇ ਮਗਰ ਭਜਦਾ ਹੈ ਅਤੇ ਉਹ ਉਸਨੂੰ ਕੋਰੜੇ ਮਾਰਨ ਦਾ ਵੀ ਯਤਨ ਕਰਦਾ ਹੈ। ਜਦੋਂ ਤਕ ਕਿ ਪਹਿਲਾ ਬੱਚਾ ਦੂਜੇ ਬੱਚੇ ਦੀ ਛੱਡੀ ਥਾਂ ਤੇ ਨਹੀਂ ਬੈਠ ਜਾਂਦਾ, ਦੂਜਾ ਬੱਚਾ ਪਹਿਲੇ ਬੱਚੇ ਦੇ ਕੋਰੜੇ ਮਾਰ ਸਕਦਾ ਹੈ। ਜਦੋਂ ਪਹਿਲਾ ਬੱਚਾ ਦੂਜੇ ਬੱਚੇ ਦੀ ਥਾਂ ਉੱਤੇ ਬੈਠ ਜਾਂਦਾ ਹੈ ਤਾਂ ਦੂਜਾ ਬੱਚਾ ਕੋਰੜਾ ਛੁਪਾ ਕੇ ਮੁੜ ਖੇਡ-ਸ਼ੁਰੂ ਕਰਦਾ ਹੈ ਜੇਕਰ ਦੂਜੇ ਬੱਚੇ ਨੂੰ ਰੱਖੇ ਗਏ ਕੋਰੜੇ ਦਾ ਪਤਾ ਨਾ ਲਗੇ ਅਤੇ ਕੋਰੜਾ ਰੱਖਣ ਵਾਲਾ ਬੱਚਾ ਪੂਰਾ ਚੱਕਰ ਕੱਟ ਕੇ ਉਸ ਦੇ ਪਿੱਛੇ ਦੁਬਾਰਾ ਆ ਜਾਵੇ ਤਾਂ ਉਹ ਕੋਰੜਾ ਚੁਕ ਕੇ ਦੂਜੇ ਬੱਚੇ ਨੂੰ ਮਾਰਨੇ ਸ਼ੁਰੂ ਕਰਦਾ ਹੈ ਅਤੇ ਦੂਜਾ ਬੱਚਾ ਕੋਰੜੇ ਖਾਦਾਂ ਖਾਦਾਂ ਭੱਜਦਾ ਹੈ ਅਤੇ ਦਾਇਰੇ ਦਾ ਪੂਰਾ ਚੱਕਰ ਕੱਟ ਕੇ ਮੁੜ ਆਪਣੀ ਥਾਂ ਉੱਤੇ ਆ ਬੈਠਦਾ ਹੈ। ਪਹਿਲਾ ਬੱਚਾ ਮੁੜ ਕੋਰੜਾ ਛੁਪਾ ਕੇ ਖੇਡ ਨੂੰ ਸ਼ੁਰੂ ਕਰਦਾ ਹੈ। ਇਸ ਤਰ੍ਹਾਂ ਖੇਡ ਤੁਰੀ ਰਹਿੰਦੀ ਹੈ।

  1. ਡੰਡਾ ਡੁਕ ਜਾਂ ਪੀਲ੍ਹ ਪਲਾਂਗੜਾ

ਇਹ ਖੇਡ ਆਮ ਕਰਕੇ ਅਜਿਹੇ ਦਰਖ਼ਤ ਜਾਂ ਦਰਖ਼ਤਾਂ ਦੇ ਹੇਠਾਂ ਖੇਡੀ ਜਾਂਦੀ ਹੈ ਜਿਨ੍ਹਾਂ ਦੇ ਟਾਹਣ ਮਜ਼ਬੂਤ ਹੋਣ ਅਤੇ ਟਾਹਣੀਆਂ ਲਚਕਦਾਰ ਅਤੇ ਜ਼ਮੀਨ ਵੱਲ ਝੁਕੀਆਂ ਹੋਣ। ਬੱਚੇ ਦਰਖ਼ਤ ਹੇਠ ਇਕ ਗੋਲ ਦਾਇਰਾ ਖਿਚ ਲੈਂਦੇ ਹਨ ਤੇ ਉਸ ਵਿਚ ਇਕ ਡੰਡਾ ਰੱਖਦੇ ਹਨ। ਖੇਡ ਸ਼ੁਰੂ ਕਰਨ ਤੋਂ ਪਹਿਲਾਂ ਆਪੋ ਵਿਚ ਪੁੱਗਦੇ ਹਨ ਅਤੇ ਇਕ ਬੱਚੇ ਦੇ ਸਿਰ ਦਾਈ ਰਹਿ ਜਾਂਦੀ ਹੈ (ਪੁੱਗਣ ਦੀ ਵਿੱਧੀ ਪੁੱਗਣਾ ਸਿਰਲੇਖ ਹੇਠ ਦਿੱਤੀ ਗਈ ਹੈ) ਪੁੱਗੇ ਬੱਚਿਆਂ ਵਿਚੋਂ ਇਕ ਬੱਚਾ ਡੰਡਾ ਲੱਤ ਹੇਠੋਂ ਦੂਰ ਵਗਾਹ ਕੇ ਸੁੱਟਦਾ ਹੈ ਅਤੇ ਫੁਰਤੀ ਨਾਲ ਦਰਖਤ ਉੱਤੇ ਚੜ੍ਹਦਾ ਹੈ। ਬਾਕੀ ਬੱਚੇ ਪਹਿਲਾਂ ਹੀ ਦਰਖ਼ਤਾਂ ਉਤੇ ਚੜ੍ਹੇ ਹੁੰਦੇ ਹਨ। ਦਾਈ ਦੇਣ ਵਾਲਾ ਬੱਚਾ ਛੇਤੀ ਛੇਤੀ ਡੰਡਾ ਚੁੱਕ ਕੇ ਲਿਆਂਦਾ ਹੈ ਤੇ ਦਾਇਰੇ ਵਿਚ ਰੱਖਦਾ ਹੈ। ਤਦ ਡੰਡਾ ਸੁੱਟਣ ਵਾਲੇ ਬੱਚੇ ਨੂੰ ਜਾਂ ਦਰਖ਼ਤਾਂ ਉੱਤੇ ਚੜੇ ਬੱਚਿਆਂ ਨੂੰ ਛੁਹਣ ਦਾ ਯਤਨ ਕਰਦਾ ਹੈ। ਜਦੋਂ ਉਹ ਇਕ ਪਾਸੇ ਕਿਸੇ ਬੱਚੇ ਨੂੰ ਛੂਹਣ ਦਾ ਯਤਨ ਕਰਦਾ ਹੈ ਤਾਂ ਦੂਜੇ ਪਾਸੇ ਤੋਂ ਕੋਈ ਬੱਚਾ ਟਾਹਣੀਆਂ ਰਾਹੀਂ ਉਤਰਕੇ ਡੰਡੇ ਨੂੰ ਚੁੱਕਣ ਦਾ ਯਤਨ ਕਰਦਾ ਹੈ। ਜੇ ਕੋਈ ਬੱਚਾ ਬਿਨਾਂ ਛੁਹੇ ਖਾਏ ਡੰਡਾ ਚੁੱਕ ਲਵੇ ਤਾਂ ਖੇਡ ਮੁੜ ਜਾਰੀ ਹੁੰਦੀ ਹੈ ਅਤੇ ਡੰਡਾ ਚੁੱਕਣ ਵਾਲਾ ਬੱਚਾ ਲੱਤ ਹੇਠੋਂ ਡੰਡਾ ਵਗਾਹ ਦਿੰਦਾ ਹੈ ਤੇ ਪਹਿਲਾਂ ਦਾਈ ਦੇਣ ਵਾਲਾ ਬੱਚਾ ਮੁੜ ਦਾਈ ਦੇਂਦਾ ਹੈ। ਪਰ ਜੇ ਦਾਈ ਦੇਣ ਵਾਲਾ ਬੱਚਾ ਡੰਡਾ ਚੁੱਕਣ ਤੋਂ ਪਹਿਲਾਂ ਕਿਸੇ ਨੂੰ ਛੁਹ ਲਵੇ ਅਤੇ ਡੰਡਾ ਚੁੱਕ ਲਵੇ ਤਾਂ ਛੁਹੇ ਜਾਣ ਵਾਲਾ ਬੱਚਾ ਦਾਈ ਦਿੰਦਾ ਹੈ ਤੇ ਪਹਿਲਾਂ ਦਾਈ ਦੇਣ ਵਾਲਾ ਬੱਚਾ ਡੰਡਾ ਲੱਤ ਹੇਠੋਂ ਵਗਾਹ ਦਿੰਦਾ ਹੈ। ਇਸ ਤਰ੍ਹਾਂ ਖੇਡ ਉੱਨੀ ਦੇਰ ਚਲਦੀ ਰਹਿੰਦੀ ਹੈ ਜਿਨੀ ਦੇਰ ਬੱਚੇ ਖੇਡਣਾ ਚਾਹੁਣ।

  1. ਭੰਡਾ ਭੰਡਾਰੀਆ

ਇਹ ਖੇਡ ਆਮ ਕਰਕੇ ਦਸ ਬਾਰਾਂ ਸਾਲ ਦੀ ਉਮਰ ਦੇ ਬੱਚੇ ਖੇਡਦੇ ਹਨ। ਖੇਡਣ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਵੀ ਹੋ ਸਕਦੀ ਹੈ। ਸਭ ਤੋਂ ਪਹਿਲਾਂ ਬੱਚੇ ਪੁਗਦੇ ਹਨ। (ਪੁੱਗਣ ਦੀ ਵਿੱਧੀ ‘ਪੁੱਗਣ” ਸਿਰਲੇਖ ਹੇਠ ਅੰਤ ਵਿਚ ਦਿੱਤੀ ਗਈ ਹੈ)

ਦਾਈ ਦੇਣ ਵਾਲਾ ਬੱਚਾ ਪੈਰਾਂ ਭਾਰ ਬੈਠ ਕੇ ਗੋਡਿਆਂ ਤੇ ਸਿਰ ਧਰ ਲੈਂਦਾ ਹੈ ਅਤੇ ਬਾਹਵਾਂ ਅਗਾਂਹ ਨੂੰ ਕਰ ਲੈਂਦਾ ਹੈ। ਬਾਕੀ ਬੱਚੇ ਹੱਥਾਂ ਦੀਆਂ ਮੁੱਠੀਆਂ ਵੱਟ ਕੇ ਹੇਠਾਂ ਉੱਤੇ ਰਖ ਕੇ ਮੁੱਠੀਆਂ ਦਾ ਮੁਨਾਰਾ ਜਿਹਾ ਬਣਾ ਲੈਂਦੇ ਹਨ। ਜਿਸ ਬੱਚੇ ਦੀਆਂ ਮੁੱਠੀਆਂ ਸਭ ਤੋਂ ਉੱਪਰ ਹੋਣ ਉਹ ਦਾਈ ਦੇਣ ਵਾਲੇ ਬੱਚੇ ਤੋਂ ਪੁਛਦਾ ਹੈ:-

”ਭੰਡਾ ਭੰਡਾਰੀਆ ਕਿੰਨਾ ਕੁ ਭਾਰ”

ਦਾਈ ਦੇਣ ਵਾਲਾ ਬੱਚਾ ਉੱਤਰ ਦਿੰਦਾ ਹੈ:

“ਇਕ ਮੁੱਠੀ ਚੁੱਕ ਲੈ ਦੂਜੀ ਤਿਆਰ”

ਉਹ ਆਪਣੀਆਂ ਮੁੱਠੀਆਂ ਚੁੱਕ ਲੈਂਦਾ ਹੈ। ਇਸ ਤਰ੍ਹਾਂ ਸਾਰੇ ਬੱਚੇ ਸਵਾਲ ਜਵਾਬ ਕਰਦੇ ਰਹਿੰਦੇ ਹਨ ਅਤੇ ਆਪਣੀਆਂ ਆਪਣੀਆਂ ਮੁੱਠੀਆਂ ਚੁੱਕੀ ਜਾਂਦੇ ਹਨ ਜਦੋਂ ਸਭ ਤੋਂ ਅਖੀਰਲਾ ਬੱਚਾ ਮੁੱਠੀ ਚੁਕਦਾ ਹੈ ਤਾਂ ਸਾਰੇ ਬੱਚੇ ਆਪਣੇ ਆਪਣੇ ਪੈਰ ਦਾ ਅੰਗੂਠਾ ਫੜ ਕੇ ਖੜੇ ਹੋ ਜਾਂਦੇ ਹਨ ਅਤੇ ਦਾਈ ਦੇਣ ਵਾਲੇ ਬੱਚੇ ਤੋਂ ਪੁਛਦੇ ਹਨ:-

“ਘੁਮਾਰਾ ਘੁਮਾਰਾ ਤੇਰੇ ਭਾਂਡੇ ਕਿਥੇ?”

ਦਾਈ ਦੇਣ ਵਾਲਾ ਬੱਚਾ ਕੋਈ ਥਾਂ ਦਸਦਾ ਹੈ, ਤਾਂ ਸਾਰੇ ਬੱਚੇ ਅੰਗੂਠਾ ਫੜੀ ਉਸ

ਥਾਂ ਤੇ ਜਾਂਦੇ ਹਨ। ਜੇ ਕੋਈ ਬੱਚਾ ਜਾਣ ਵੇਲੇ ਡਿੱਗ ਪਵੇ ਤਾਂ ਉਸਨੂੰ ਦਾਈ ਦੇਣੀ ਪੈਂਦੀ ਹੈ ਅਤੇ ਜੇ ਸਾਰੇ ਦੱਸੀ ਥਾਂ ਤੇ ਪੁੱਜ ਜਾਣ ਤਾਂ ਫੇਰ ਉਹ ਦਾਈ ਦੇਣ ਵਾਲੇ ਬੱਚੇ ਤੋਂ ਪੁਛਦੇ ਹਨ :-

“ਘੁਮਾਰਾ ਘੁਮਾਰਾ ਤੇਰੀਆਂ ਪਾਥੀਆਂ ਕਿਥੇ?”

ਦਾਈ ਦੇਣ ਵਾਲਾ ਬੱਚਾ ਕੋਈ ਥਾਂ ਦਸਦਾ ਹੈ ਤਾਂ ਸਾਰੇ ਬੱਚੇ ਅੰਗੂਠੇ ਫੜੀ ਉਸ ਥਾਂ ਪੁਜਦੇ ਹਨ ਜਿਹੜਾ ਬੱਚਾ ਡਿਗ ਪਵੇ ਉਸਨੂੰ ਦਾਈ ਦੇਣੀ ਪੈਦੀ ਹੈ ਅਤੇ ਜੇ ਸਾਰੇ ਬੱਚੇ ਦੱਸੀ ਥਾਂ ਤੇ ਪੁਜ ਜਾਣ ਤਾਂ ਦਾਈ ਦੇਣ ਵਾਲੇ ਬੱਚੇ ਨੂੰ ਮੁੜ ਦਾਈ ਦੇਣੀ ਪੈਂਦੀ ਹੈ। ਇਸ ਤਰ੍ਹਾਂ ਇਹ ਖੇਡ ਚਲਦੀ ਰਹਿੰਦੀ ਹੈ।

  1. ਡੁੰਮਣਾ ਮਖਿਆਲ

ਇਸ ਖੇਡ ਵਿਚ ਜਿਨੇ ਬੱਚੇ ਚਾਹੁਣ, ਭਾਗ ਲੈ ਸਕਦੇ ਹਨ। ਖੇਡ ਸ਼ੁਰੂ ਹੋਣ ਤੋਂ ਪਹਿਲਾਂ ਬੱਚੇ ਆਪਸ ਵਿਚ ਪੁੱਗਦੇ ਹਨ। ( ਪੁੱਗਣ ਦੀ ਵਿੱਧੀ “ਪੁੱਗਣ” ਸਿਰਲੇਖ ਹੇਠ ਅੰਤ ਵਿਚ ਦਿੱਤੀ ਗਈ ਹੈ ) ਜਿਹੜਾ ਬੱਚਾ ਪੁੱਗਣੋਂ ਰਹਿ ਜਾਵੇ, ਉਹ ਦਾਈ ਦੇਂਦਾ ਹੈ। ਅਤੇ “ਉਕੜੂ” ਹੋ ਕੇ ਥੱਲੇ ਬੈਠ ਜਾਂਦਾ ਹੈ। ਸਾਰੇ ਬੱਚੇ ਉਸ ਦੇ ਸਿਰ ਉੱਤੇ ਇਸ ਤਰ੍ਹਾਂ ਮੁੱਠੀਆਂ ਰੱਖਦੇ ਹਨ ਜਿਵੇਂ ਕਿ ਛੱਤੇ ਉੱਤੇ ਮੱਖੀਆਂ ਬੈਠੀਆਂ ਹੋਣ। ਬੱਚਿਆਂ ਵਿਚੋਂ ਇਕ ਬੱਚਾ ਮਾਮਾ ਬਣ ਜਾਂਦਾ ਹੈ ਅਤੇ ਇਕ ਭਾਣਜੀ। ਮਾਮਾ ਭਾਣਜੀ ਦੋਵੇਂ ਫਾਸਲੇ ਤੇ ਬਹਿ ਜਾਂਦੇ ਹਨ। ਭਾਣਜੀ ਮਾਮੇ ਨੂੰ ਆਖਦੀ ਹੈ:-

“ਮਾਮਾ, ਮਾਮਾ, ਟਾਲੀ ਤੇ ਮਖਿਆਲ ਪੱਕ ਗਿਆ।”

ਮਾਮਾ ਅੱਗੋਂ ਉੱਤਰ ਦਿੰਦਾ ਹੈ:-

“ਅਜੇ ਕੱਚਾ ਹੈ।”

ਕੁਝ ਚਿਰ ਮਗਰੋਂ ਭਾਣਜੀ ਮਾਮੇ ਨੂੰ ਮੁੜ ਆਖਦੀ ਹੈ:

“ਮਾਮਾ ਸ਼ਹਿਦ ਪੱਕ ਗਿਆ ਚੋਣ ਚਲੀਏ।”

ਮਾਮਾ ਆਖਦਾ ਹੈ:- “ਅੱਜ ਦੇਖਦਾ ਹਾਂ,”

ਦੋਵੇਂ ਆ ਕੇ ਛੱਤ ਨੂੰ ਵੇਖਦੇ ਹਨ। ਮਾਮਾ ਕਹਿੰਦਾ ਹੈ ਸ਼ਹਿਦ ਅਜੇ ਕੱਚਾ ਹੈ, ਪੱਕ ਲੈਣ ਦੇ। ਉਹ ਦੋਵੇਂ ਆਪਣੀ ਥਾਂ ਮੁੜ ਜਾਂਦੇ ਹਨ।

ਫੇਰ ਦੋਵੇਂ ਮੁਖਿਆਲ ਚੋਣ ਆਉਦੇ ਹਨ, ਮਾਮਾ ਮੁਖਿਆਲ ਵਿਚ ਡੱਕਾ ਮਾਰਦਾ ਹੈ ਤਾਂ ਉਕੜੂ ਬਣਿਆ ਬੱਚਾ ਅਤੇ ਦੂਜੇ ਬੱਚੇ ਉਨ੍ਹਾ ਨੂੰ ਫੜਨ ਲਈ ਭੱਜਦੇ ਹਨ। ਮਾਮਾ ਅਤੇ ਭਾਣਜੀ ਦੋਹਾਂ ਵਿਚੋਂ ਜਿਹੜਾ ਵੀ ਪਹਿਲਾਂ ਫੜਿਆ ਜਾਵੇ, ਉਸਦੇ ਸਿਰ ਦਾਈ ਆ ਜਾਂਦੀ ਹੈ ਤੇ ਉਹ “ਉਕੜੂ” ਬਣ ਕੇ ਥੱਲੇ ਬੈਠ ਜਾਂਦਾ ਹੈ ਅਤੇ ਖੇਡ ਪਹਿਲਾਂ ਵਾਂਗ ਮੁੜ ਸ਼ੁਰੂ ਹੋ ਜਾਂਦੀ ਹੈ।

  1. ਕਿਕਲੀ ਕਲੀਰ ਦੀ

ਇਹ ਕੁੜੀਆਂ ਦੀ ਖੇਡ ਹੈ। ਇਸ ਖੇਡ ਵਿਚ ਜਿੰਨੀਆਂ ਕੁੜੀਆਂ ਚਾਹੁਣ ਭਾਗ ਲੈ ਸਕਦੀਆਂ ਹਨ। ਦੋ ਦੋ ਕੁੜੀਆਂ ਇਕ ਦੂਜੀ ਦਾ ਹੱਥ ਫੜ੍ਹ ਕੇ ਹੌਲੀ ਹੌਲੀ ਗੋਲ ਦਾਇਰੇ ਵਿਚ ਘੁੰਮਦੀਆਂ ਘੁੰਮਦੀਆਂ ਕਹਿੰਦੀਆਂ ਹਨ:- “ਕਿਕਲੀ ਕਲੀਰ ਦੀ

ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫਿੱਟੇ ਮੂੰਹ ਜਵਾਈ ਦਾ ਵੀਰ ਮੇਰਾ ਆਵੇਗਾ ਭਾਬੀ ਨੂੰ ਲਿਆਵੇਗਾ ਸਹੇਲੀਆਂ ਨੂੰ ਸੱਦਾਂਗੀ ਨੱਚਾਂਗੀ ਤੇ ਗਾਵਾਂਗੀ।”

ਜਦੋਂ ਉਹ “ਨੱਚਾਂਗੀ ਤੇ ਗਾਵਾਂਗੀ” ਕਹਿੰਦੀਆਂ ਹਨ ਤਾਂ ਉਹ ਬਹੁਤ ਛੇਤੀ ਛੇਤੀ ਭੰਬੀਰੀ ਤਰ੍ਹਾਂ ਘੁੰਮਦੀਆਂ ਹਨ ਅਤੇ ਉਤਨੀ ਛੇਤੀ ਉਕਤ ਪੰਗਤੀ ਨੂੰ ਗਾਈ ਜਾਂਦੀਆਂ ਹਨ। ਕੁਝ ਚਿਰ ਮਗਰੋਂ ਹੌਲੀ ਹੋ ਜਾਂਦੀਆਂ ਹਨ ਅਤੇ ਮੁੜ ਕੋਈ ਹੋਰ ਗੀਤ ਕਹਿ ਕੇ ਘੁੰਮਣ ਲਗ ਜਾਂਦੀਆਂ ਹਨ। ਇਸ ਤਰ੍ਹਾਂ ਇਹ ਖੇਡ ਤੁਰਦੀ ਰਹਿੰਦੀ ਹੈ, ਜਦੋਂ ਤਕ ਕੁੜੀਆਂ ਥਕ ਨਾ ਜਾਣ।

  1. ਅੱਡੀ ਛੜੱਪਾ

– ਇਸ ਖੇਡ ਵਿਚ ਕਾਫ਼ੀ ਬੱਚੇ ਹਿੱਸਾ ਲੈ ਸਕਦੇ ਹਨ। ਪਹਿਲਾਂ ਧਰਤੀ ਉੱਤੇ ਇਕ ਗੋਲ ਚੱਕਰ ਖਿਚਿਆ ਜਾਂਦਾ ਹੈ। ਚੱਕਰ ਬੱਚਿਆਂ ਦੇ ਅਨੁਸਾਰ ਹੀ ਖਿਚਿਆ ਜਾਂਦਾ ਹੈ। ਜੇਕਰ ਬੱਚੇ ਥੋੜੇ ਹੋਣ ਤਾਂ ਛੋਟਾ ਚੱਕਰ, ਜੇ ਜ਼ਿਆਦਾ ਹੋਣ ਤਾਂ ਵੱਡਾ ਚੱਕਰ, ਫਿਰ ਸਾਰੇ ਬੱਚੇ ਉਸ ਚੱਕਰ ਦੇ ਬਾਹਰਲੇ ਪਾਸੇ ਖੜੋ ਜਾਂਦੇ ਹਨ। ਇਕ ਬੱਚਾ ਰੈਫ਼ਰੀ ਬਣਦਾ ਹੈ। ਉਹ ਚੱਕਰ ਦੇ ਵਿਚ ਖੜੋ ਜਾਂਦਾ ਹੈ ਤੇ ਉੱਚੀ ਆਵਾਜ਼ ਵਿਚ ਬੋਲਦਾ ਹੈ। ਬੱਚੇ ਉਸ ਦੀ ਗੱਲ ਧਿਆਨ ਨਾਲ ਸੁਣਦੇ ਹਨ ਤੇ ਲੋੜ ਅਨੁਸਾਰ ਕਿਰਿਆ ਕਰਦੇ ਹਨ। ਸਭ ਤੋਂ ਪਹਿਲਾਂ ਰੈਫ਼ਰੀ ਕਹਿੰਦਾ ਹੈ “ਅੱਡੀ” ਤਾਂ ਉਹ ਸਾਰੇ ਬੱਚੇ ਲਾਈਨ ਤੋਂ ਤਿਆਰ ਹੋ ਕੇ ਖੜੋ ਜਾਂਦੇ ਹਨ ਫਿਰ ਰੈਫ਼ਰੀ ਕਹਿੰਦਾ ਹੈ “ਛੜੱਪਾ” ਤਾਂ ਸਾਰੇ ਬੱਚੇ ਲਾਈਨ ਟੱਪ ਕੇ ਚੱਕਰ ਵਿਚ ਆਉਂਦੇ ਹਨ ਅਤੇ ਉਹ ਅੱਡੀ ਕਹਿੰਦਾ ਹੈ ਤਾਂ ਸਾਰੇ ਬੱਚੇ ਚੱਕਰ ਤੋਂ ਬਾਹਰ ਆ ਜਾਂਦੇ ਹਨ। ਕਈ ਵਾਰੀ ਬੇਧਿਆਨੀ ਨਾਲ ਬੱਚੇ ‘ਛੱੜਪਾ’ ਕਹੇ ਤੋਂ ਉੱਥੇ ਹੀ ਖੜੇ ਰਹਿ ਜਾਂਦੇ ਹਨ। ਕਈ ਵਾਰ ਰੈਫ਼ਰੀ ਦੋ ਵਾਰ ਇਕੋ ਲਫਜ਼ ਕਹਿ ਦਿੰਦਾ ਹੈ ਜਿਵੇਂ ਜਦੋਂ ਉਹ ਛੜੱਪਾ ਕਹਿੰਦਾ ਹੈ ਬੱਚੇ ਚੱਕਰ ਵਿਚ ਆ ਜਾਂਦੇ ਹਨ ਅਤੇ ਮੁੜ ਦੂਜੀ ਵਾਰ ਰੈਫ਼ਰੀ ਭੁਲੇਖਾ ਪਾਉਣ ਲਈ ਅੱਡੀ ਦੀ ਥਾਂ “ਛੜੱਪਾ” ਹੀ ਕਹਿ ਦਿੰਦਾ ਹੈ ਪਰ ਬੱਚੇ ਭੁਲੇਖੇ ਕਾਰਨ ਚੱਕਰ ਵਿਚੋਂ ਬਾਹਰ ਆ ਜਾਂਦੇ ਹਨ, ਜਿਹੜੇ ਬੱਚੇ ਉਕਾਈ ਕਰਦੇ ਹਨ ਉਨ੍ਹਾਂ ਨੂੰ ਚੱਕਰ ਵਿੱਚੋਂ ਬਾਹਰ ਬਿਠਾ ਦਿੱਤਾ ਜਾਂਦਾ ਹੈ ਅਤੇ ਜਿਹੜਾ ਬੱਚਾ ਅਖ਼ੀਰ ਵਿਚ ਰਹਿ ਜਾਂਦਾ ਹੈ। ਉਹ ਜੇਤੂ ਗਿਣਿਆ ਜਾਂਦਾ ਹੈ। ਇਸ ਤਰ੍ਹਾਂ ਇਹ ਖੇਡ ਖ਼ਤਮ ਹੋ ਜਾਂਦੀ ਹੈ।

ਰਾਜੇ ਮੰਗੀ ਬੱਕਰੀ ਮੈਂ ਬੱਕਰੀ ਲਿਜਾਣੀ ਆ

ਇਸ ਖੇਡ ਵਿਚ ਇਕੋ ਜਿਹੀ ਉਮਰ ਦੇ ਦਸ ਪੰਦਰਾਂ ਬੱਚੇ ਹੁੰਦੇ ਹਨ। ਬੱਚੇ ਘੱਟ ਜਾਂ ਵੱਧ ਵੀ ਹੋ ਸਕਦੇ ਹਨ। ਜਿਹੜੇ ਬੱਚੇ ਸਿਆਣੇ ਤੇ ਸਮਝਦਾਰ ਹੋਣ ਉਹ ਮੋਢੀ ਬਣ ਜਾਂਦੇ ਹਨ ਤੇ ਉਨ੍ਹਾਂ ਵਿਚੋਂ ਇਕ ਬੱਚਾ ਘਾਹੀਆ ਬਣਦਾ ਹੈ। ਉਹ ਜ਼ਮੀਨ ਉੱਪਰ ਬੈਠ ਕੇ ਹੱਥਾਂ ਨਾਲ ਘਾਹ ਪੁੱਟਦਾ ਹੈ ਤੇ ਦੂਸਰੇ ਬੱਚੇ ਉਸ ਦੇ ਅੱਗੇ ਇਸ ਤਰ੍ਹਾਂ ਖੜੋਦੇਂ ਹਨ ਕਿ ਪਹਿਲਾਂ ਇਕ ਬੱਚਾ ਖਲੋਂਦਾ ਹੈ ਤੇ ਫਿਰ ਦੂਸਰਾ ਉਸ ਦੇ ਪਿਛੇ ਪਹਿਲੇ ਬੱਚੇ ਨੂੰ ਜੱਫੀ ਪਾ ਕੇ ਖੜੋਂਦਾ ਹੈ ਤਾਂ ਫਿਰ ਇਸ ਤਰ੍ਹਾਂ ਸਾਰੇ ਬੱਚੇ ਇਕ ਦੂਜੇ ਦੇ ਪਿਛੇ ਆਪਣੇ ਅਗਲੇ ਬੱਚੇ ਨੂੰ ਜੱਫੀ ਪਾ ਕੇ ਖੜੋਂਦੇ ਹਨ। ਸਭ ਤੋਂ ਪਹਿਲਾ ਬੱਚਾ ਆਪਣੇ ਅੱਗੇ ਬੈਠੇ ਘਾਹ ਖੋਤਣ

ਵਾਲੇ ਬੱਚੇ ਨੂੰ ਕਹਿੰਦਾ ਹੈ:-

ਪਹਿਲਾ ਬੱਚਾ: “ਘਾਹੀਆ ਘਾਹੀਆ ਕੀ ਖੋਤਦਾ?”

ਘਾਹੀਆ: “ਘਾਹ

ਪਹਿਲਾ ਬੱਚਾ: “ਘਾਹ ਕਿਸ ਨੂੰ ਪਾਉਣਾ?”

ਘਾਹੀਆ: “ਬੱਕਰੀਆਂ ਨੂੰ

ਪਹਿਲਾ ਬੱਚਾ: “ਬੱਕਰੀਆਂ ਤੇਰੀਆਂ ਕਿਥੇ ਹਨ?”

ਘਾਹੀਆ: “ਐਧਰ”

ਪਹਿਲਾ: “ਐਧਰ”

ਘਾਹੀਆ: “ਨਹੀਂ ਐਧਰ”

ਇਸ ਤਰ੍ਹਾਂ ਦੋਹਾਂ ਦੀ ਬਹਿਸ ਹੁੰਦੀ ਹੈ ਤੇ ਫਿਰ ਘਾਹੀਆ ਉੱਠ ਕੇ ਖੜੋ ਜਾਂਦਾ ਹੈ ਤੇ ਲਾਈਨ ਦੇ ਸਭ ਤੋਂ ਪਿਛਲੇ ਬੱਚੇ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਤੇ ਨਾਲੋ ਨਾਲ

ਬੋਲੀ ਜਾਂਦਾ ਹੈ:-

“ਰਾਜਾ ਮੰਗੇ ਬੱਕਰੀ ਮੈਂ ਬੱਕਰੀ ਲਿਜਾਣੀ ਆ”

ਦੂਸਰਾ ਬੱਚਾ ਆਪਣੇ ਦੋਵੇਂ ਹੱਥ ਖਿਲਾਰ ਕੇ ਉਸ ਤੋਂ ਬਾਕੀ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ ਕਰਦਾ ਹੈ ਤਾਂ ਜੋ ਉਹ ਪਿਛਲੇ ਬੱਚੇ ਨੂੰ ਤੋੜਕੇ ਨਾ ਲੈ ਜਾਵੇ ਤੇ ਨਾਲ ਨਾਲ ਬੋਲੀ ਜਾਂਦਾ ਹੈ:-

“ਇਕੋ ਮੇਰੀ ਬੱਕਰੀ ਮੈਂ ਕਿਹਨੂੰ ਕਿਹਨੂੰ ਦੇਵਾਂ।”

ਥੋੜੀ ਜਿਹੀ ਭੱਜ ਦੌੜ ਮਗਰੋਂ ਘਾਹੀਆ ਸਭ ਤੋਂ ਪਿਛਲੇ ਬੱਚੇ ਨੂੰ ਲਾਈਨ ਨਾਲੋਂ ਤੋੜ ਲੈਂਦਾ ਹੈ ਤੇ ਉਹ ਵੱਖ ਬੈਠ ਜਾਂਦਾ ਹੈ ਤੇ ਇਸ ਤਰ੍ਹਾਂ ਘਾਹੀਆ ਸਾਰੀ ਲਾਈਨ ਤੋੜ ਲੈਂਦਾ ਹੈ ਤੇ ਖੇਡ ਖ਼ਤਮ ਹੋ ਜਾਂਦੀ ਹੈ।

  1. ਦਾਈਆ ਦੁੱਕੜ

ਇਸ ਖੇਡ ਵਿਚ ਭਾਗ ਲੈਣ ਵਾਲੇ ਬੱਚੇ ਪਹਿਲਾਂ ਆਪੋ ਵਿਚ ਪੁੱਗਦੇ ਹਨ (ਪੁੱਗਣ’ ਦੀ ਕਿਰਿਆ ਅੰਤ ਵਿਚ ਦਿੱਤੀ ਗਈ ਹੈ) ਜਿਹੜਾ ਬੱਚਾ ਪੁੱਗਣੋਂ ਰਹਿ ਜਾਵੇ ਉਸਦੇ ਸਿਰ ਦਾਈ ਆ ਜਾਂਦੀ ਹੈ ਤੇ ਉਹ ਕੰਧ ਵੱਲ ਮੂੰਹ ਕਰਕੇ ਅੱਖਾਂ ਬੰਦ ਕਰਕੇ ਖਲੋ ਜਾਂਦਾ ਹੈ। ਉਸ ਦੇ ਉਥੇ ਖਲੋਤਿਆਂ ਬਾਕੀ ਸਾਰੇ ਬੱਚੇ ਲੁਕ ਜਾਂਦੇ ਹਨ। ਸਭ ਤੋਂ ਪਿਛੋਂ ਲੁਕਣ ਵਾਲਾ ਬੱਚਾ ਸੀਟੀ ਮਾਰਦਾ ਹੈ ਜਾਂ ਅਵਾਜ਼ ਦਿੰਦਾ ਹੈ ਤਾਂ ਦਾਈ ਦੇਣ ਵਾਲਾ ਬੱਚਾ ਲੁਕਣ ਵਾਲੇ ਬੱਚਿਆਂ ਨੂੰ ਲੱਭਣ ਤੁਰ ਪੈਂਦਾ ਹੈ। ਜਿਸਨੂੰ ਉਹ ਫੜ ਲਵੇ ਉਸ ਦੇ ਸਿਰ ਦਾਈ ਆ ਜਾਂਦੀ ਹੈ। ਇਸ ਤਰ੍ਹਾਂ ਇਹ ਖੇਡ ਉਦੋਂ ਤਕ ਚਲਦੀ ਰਹਿੰਦੀ ਹੈ ਜਦੋਂ ਤਕ ਸਾਰੇ ਬੱਚੇ ਹੰਭ ਨਾ ਜਾਣ।

  1. ਗੁੱਲੀ ਡੰਡਾ

ਇਹ ਪੰਜਾਬ ਦੀ ਪ੍ਰਸਿੱਧ ਅਤੇ ਪ੍ਰਾਚੀਨ ਖੇਡ ਹੈ। ਇਸ ਖੇਡ ਵਿਚ ਦੋ ਯੰਤਰ ਹੁੰਦੇ ਹਨ। ਇਕ ਗੁੱਲੀ ਅਤੇ ਦੂਜਾ ਡੰਡਾ। ਇਹ ਬਾਂਸ ਜਾਂ ਲੱਕੜੀ ਦੇ ਹੁੰਦੇ ਹਨ। ਗੁੱਲੀ ਦੇ ਦੋਵੇਂ ਪਾਸੇ ਖ਼ਾਸ ਢੰਗ ਨਾਲ ਤਿੱਖੇ ਕੀਤੇ ਹੁਦੇ ਹਨ ਤਾਂ ਜੋ ਗੁੱਲੀ ਦੇ ਸਿਰੇ ਉੱਤੇ ਡੰਡੇ ਦਾ ਸੱਟ ਵੱਜਣ ਨਾਲ ਉਹ ਉੱਪਰ ਨੂੰ ਬੁੜ੍ਹਕ ਸਕੇ।

ਇਹ ਖੇਡ ਦੋ ਬੱਚੇ ਵੀ ਖੇਡ ਸਕਦੇ ਹਨ ਅਤੇ ਵੀਹ ਬੱਚੇ ਵੀ। ਬੱਚਿਆਂ ਦੀਆਂ ਦੋ ਟੋਲੀਆਂ ਬਣ ਜਾਂਦੀਆਂ ਹਨ ਅਤੇ ਪਿੱਤੀਆਂ ਪਾਈਆਂ ਜਾਂਦੀਆਂ ਹਨ। ਜਿਸ ਟੋਲੀ ਦੀਆਂ ਪਿੱਤੀਆਂ ਵੱਧ ਹੋਣ ਉਹ ਪਹਿਲਾਂ ਖੇਡਦੀ ਹੈ ਅਤੇ ਦੂਜੀ ਟੋਲੀ ਦਾਈ ਦੇਂਦੀ ਹੈ।

ਧਰਤੀ ਉੱਤੇ ਇਕ ਲੰਬੀ ਸ਼ਕਲ ਦੀ ਘੁੱਤੀ ਪੁੱਟ ਲਈ ਜਾਂਦੀ ਹੈ। ਖੇਡ ਰਹੀ ਟੋਲੀ ਦਾ ਇਕ ਬੱਚਾ ਘੁੱਤੀ ਉੱਤੇ ਗੁੱਲੀ ਨੂੰ ਰੱਖ ਕੇ ਗੁੱਲੀ ਦੇ ਪਿਛੇ ਘੁੱਤੀ ਵਿਚ ਡੰਡਾ ਪਾ ਕੇ ਅੱਗੇ ਵੱਲ ਨੂੰ ਝੁਕ ਕੇ ਜ਼ੋਰ ਦੀ ਟੁਲ ਮਾਰਦਾ ਹੈ। ਦਾਈ ਦੇਣ ਵਾਲੀ ਟੋਲੀ ਜੋ ਪਹਿਲਾਂ ਹੀ ਅੱਗੇ ਖੜੀ ਹੁੰਦੀ ਹੈ, ਗੁੱਲੀ ਨੂੰ ਬੁੱਚਣ ਦਾ ਯਤਨ ਕਰਦੀ ਹੈ, ਜੇਕਰ ਗੁੱਲੀ ਧਰਤੀ ਛੁਹਣ ਤੋਂ ਪਹਿਲਾਂ ਬੁੱਚੀ ਜਾਵੇ ਤਾਂ ਉਲ ਦੇਣ ਵਾਲੇ ਖਿਡਾਰੀ ਦੀ ਵਾਰੀ ਖ਼ਤਮ ਹੋ ਜਾਂਦੀ ਹੈ ਤੇ ਇਹ ਮਰ ਗਿਆ ਮੰਨਿਆ ਜਾਂਦਾ ਹੈ। ਉਸ ਦੀ ਥਾਂ ਉਸ ਦੀ ਟੋਲੀ ਦਾ ਦੂਜਾ ਵਿਅਕਤੀ ਲੈ ਲੈਂਦਾ ਹੈ। ਜੇਕਰ ਅੱਗੇ ਖੜੀ ਟੋਲੀ ਦੇ ਕਿਸੇ ਖਿਡਾਰੀ ਤੋਂ ਗੁੱਲੀ ਨਾ ਬੁੱਚੀ ਜਾਵੇ ਅਤੇ ਗੁੱਲੀ ਧਰਤੀ ਉੱਤੇ ਡਿਗ ਪਵੇ ਤਾਂ ਦਾਈ ਦੇਣ ਵਾਲੀ ਟੋਲੀ ਦਾ ਕੋਈ ਬੱਚਾ ਜਾਵੇ ਅਤੇ ਗੁੱਲੀ ਡਿਗਣ ਵਾਲੀ ਥਾਂ ਤੋਂ ਹੀ ਘੁੱਤੀ ਉੱਤੇ ਪਏ ਡੰਡੇ ਨੂੰ ਗੁੱਲੀ ਦਾ ਨਿਸ਼ਾਨਾ ਬਣਾਉਂਦਾ ਹੈ। ਜੇਕਰ ਗੁੱਲੀ ਡੰਡੇ ਨੂੰ ਵੱਜ ਜਾਵੇ ਤਾਂ ਖੇਡ ਰਹੇ ਖਿਡਾਰੀ ਦੀ ਵਾਰੀ ਖਤਮ ਹੋ ਜਾਂਦੀ ਹੈ। ਜੇਕਰ ਗੁੱਲੀ ਡੰਡੇ ਨੂੰ ਨਾ ਵੱਜੇ ਤਾਂ ਉਹ ਉਸੇ ਡੰਡੇ ਨਾਲ ਗੁੱਲੀ ਨੂੰ ਬੁੜਕਾ ਕੇ ਡੰਡੇ ਨਾਲ ਟੁਲ ਲਾਉਂਦਾ ਹੈ। ਇਹ ਕਿਰਿਆ ਉਤਨੀ ਦੇਰ ਚੱਲੀ ਜਾਂਦੀ ਹੈ ਜਿੰਨੀ ਦੇਰ ਟੁੱਲ ਵਜਦੇ ਜਾਣ। ਇਸ ਕਿਰਿਆ ਸਮੇਂ ਵੀ ਦਾਈ ਦੇਣ ਵਾਲੇ ਗੁੱਲੀ ਨੂੰ ਬੁੱਚਣ ਦਾ ਯਤਨ ਕਰਦੇ ਹਨ, ਜੇ ਉਹ ਗੁੱਲੀ ਬੁੱਚਣ ਵਿਚ ਸਫ਼ਲ ਹੋ ਜਾਣ ਤਾਂ ਖੇਡ ਰਿਹਾ ਖਿਡਾਰੀ ਮਰਿਆ ਮੰਨਿਆ ਜਾਂਦਾ ਹੈ। ਜਿਥੋਂ ਗੁੱਲੀ ਨੂੰ ਡੰਡੇ ਨਾਲ ਟੁਲ ਨਾ ਲਗੇ ਖੇਡ ਰਿਹਾ ਖਿਡਾਰੀ ਉਸ ਥਾਂ ਤੋਂ ਘੁੱਤੀ ਤਕ ਅੰਦਾਜ਼ੇ ਅਨੁਸਾਰ ਡੰਡੇ ਮੰਗਦਾ ਹੈ ਅਤੇ ਦਾਈ ਦੇਣ ਵਾਲੀ ਟੈਲੀ ਡੰਡੇ ਦੇਣੇ ਪਰਵਾਨ ਕਰਦੀ ਹੈ। ਜੇ ਉਹ ਪਰਵਾਨ ਨਾ ਕਰੇ ਤਾਂ ਗੁੱਲੀ ਵਾਲੀ ਥਾਂ ਤੋਂ ਘੁੱਤੀ ਤਕ ਖੇਡੇ ਜਾਣ ਵਾਲੇ ਡੰਡੇ ਨਾਲ ਮਿਣਤੀ ਕੀਤੀ ਜਾਂਦੀ ਹੈ ਜੇ ਮੰਗੇ ਗਏ ਡੰਡੇ ਮਿਣਤੀ ਵਿਚ ਪੂਰੇ ਆ ਜਾਣ ਤਾਂ ਦਾਈ ਦੇਣ ਵਾਲੀ ਟੋਲੀ ਨੂੰ ਡੰਡੇ ਦੇਣੇ ਪਰਵਾਨ ਕਰਨੇ ਪੈਂਦੇ ਹਨ, ਜੇ ਨਾ ਆਉਣ ਤਾਂ ਖੇਡਣ ਵਾਲਾ ਖਿਡਾਰੀ ਮਰਿਆ ਮੰਨਿਆ ਜਾਂਦਾ। ਹੈ। ਜੇ ਖਿਡਾਰੀ ਡੰਡਿਆਂ ਦੀ ਨਿਸ਼ਚਿਤ ਗਿਣਤੀ ਬਣਾ ਲਵੇ ਤਾਂ ਉਸ ਦੇ ਬਦਲੇ ਵਿਚ ਉਹ ਆਪ ਜਾਂ ਆਪਣੇ ਕਿਸੇ ਸਾਥੀ ਨੂੰ ਮੁੜ ਖੇਡ ਦੀ ਵਾਰੀ ਦਿਵਾ ਸਕਦਾ ਹੈ। ਜਦੋਂ ਖੇਡ ਰਹੀ ਟੋਲੀ ਦੇ ਸਾਰੇ ਖਿਡਾਰੀ ਮਰ ਜਾਣ ਅਤੇ ਜਿੰਨੀਆਂ ਵਾਰੀਆਂ ਵੀ ਨਿਪਟਾ ਲੈਣ ਤਾਂ ਦਾਈ ਦੇਣ ਵਾਲੀ ਟੋਲੀ ਖੇਡਦੀ ਹੈ ਅਤੇ ਖੇਡ ਰਹੀ ਟੋਲੀ ਦੇ ਵਿਅਕਤੀ ਅਗੋਂ ਆ ਕੇ ਦਾਈ ਦੇਂਦੇ ਹਨ। ਇਸ ਤਰ੍ਹਾਂ ਇਹ ਖੇਡ ਜਾਰੀ ਰਹਿੰਦੀ ਹੈ।

  1. ਖਿੱਦੋ ਖੁੰਡੀ

ਇਹ ਖੇਡ ਪੰਜਾਬ ਵਿਚ ਆਮ ਖੇਡੀ ਜਾਂਦੀ ਹੈ, ਜਦੋਂ ਪਹਿਲੇ ਸਮਿਆਂ ਵਿਚ ਹਾਕੀ ਆਦਿ ਨਹੀਂ ਸਨ ਤਾਂ ਪਿੰਡ ਦੇ ਗੱਭਰੂ ਤੇ ਬੱਚੇ ਕਿੱਕਰਾਂ, ਟਾਲ੍ਹੀਆਂ ਆਦਿ ਦੀ ਇਕ ਸੋਟੀ ਜਿਹੜੀ ਕਿ ਅਗਿਓਂ ਥੋੜੀ ਜਿਹੀ ਮੁੜੀ ਹੁੰਦੀ ਸੀ (ਜਿਸ ਨੂੰ ਖੂੰਡੀ ਕਹਿੰਦੇ ਸਨ ) ਨੂੰ ਲੈ ਕੇ ਇਕ ਲੱਕੜ ਦੀ ਬਣੀ ਗੇਂਦ ਨਾਲ ਖੇਡਣਾ ਸ਼ੁਰੂ ਕਰ ਦਿੰਦੇ ਜਿਸ ਨੂੰ ਕਿ ਖਿੱਦੋ ਖੂੰਡੀ ਦਾ ਖੇਲ ਕਿਹਾ ਜਾਂਦਾ ਹੈ।

ਇਸ ਖੇਡ ਵਿਚ ਦੋ ਜਾਂ ਦੋ ਤੋਂ ਵੱਧ ਖਿਡਾਰੀ ਖੇਡ ਸਕਦੇ ਹਨ। ਪਹਿਲਾਂ ਪਹਿਲ ਇਹ ਖੇਡ ਬਗੈਰ ਕਿਸੇ ਅਸੁਲ ਦੇ ਖੇਡੀ ਜਾਂਦੀ ਰਹੀ ਪਰ ਹੁਣ ਇਸ ਦੇ ਵੀ ਹਾਕੀ ਵਾਂਗ ਰਲਦੇ ਮਿਲਦੇ ਕੁਝ ਅਸੂਲ ਮਿਥ ਲਏ ਗਏ ਹਨ।

ਅੱਧੇ ਅੱਧੇ ਖਿਡਾਰੀ ਦੋ (ਟੋਲੀਆਂ) ਟੀਮਾਂ ਵਿਚ ਵੰਡ ਲਏ ਜਾਂਦੇ ਹਨ ਫਿਰ ਸਿੱਕੇ ਉਛਾਲ ਕੇ ਜਾਂ ਕਿਸੇ ਹੋਰ ਢੰਗ ਨਾਲ ਪਹਿਲ, ਦੂਜ ਦਾ ਨਿਰਣਾ ਕਰਕੇ ਖੇਡਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਜਿਨ੍ਹਾਂ ਦੀ ਪਹਿਲ ਹੋਵੇ, ਉਨ੍ਹਾਂ ਦਾ ਇਕ ਖਿਡਾਰੀ ਦੋਹਾਂ ਗੋਲਾਂ ਦੇ ਵਿਚਾਲੇ ਖੜ ਕੇ ਗੇਂਦ ਨੂੰ ਆਪਣੇ ਵਿਰੋਧੀਆਂ ਵੱਲ ਨੂੰ ਹਿੱਟ ਮਾਰਦਾ ਹੈ ਅਤੇ ਉਸ ਦੇ ਸਾਥੀ ਗੇਂਦ ਨੂੰ ਖੂੰਡੀ ਦੇ ਸਹਾਰੇ ਨਾਲ ਲੈ ਜਾਣ ਦੀ ਕੋਸ਼ਿਸ਼ ਕਰਦੇ ਹਨ ਅਤੇ ਦੂਸਰੇ ਪਾਸੇ ਦੇ ਖਿਡਾਰੀ ਉਨ੍ਹਾਂ ਨੂੰ ਰੋਕਣ ਦਾ ਯਤਨ ਕਰਦੇ ਹਨ। ਜੇ ਇਕ ਮਿਥੀ ਹੋਈ ਵਿਥ ਤੇ ਦੋ ਇੱਟਾਂ ਜਾਂ ਕਿਸੇ ਹੋਰ ਚੀਜ਼ ਦੇ ਬਣਾਏ ਪੋਲਾਂ ਵਿਚੋਂ ਖਿੱਦੋ ਲੰਘ ਜਾਵੇ ਤਾਂ ਗੋਲ ਮੰਨਿਆ ਜਾਂਦਾ ਹੈ ਅਤੇ ਜੇਕਰ ਪੋਲਾਂ ਦੇ ਬਾਹਰ ਦੀ ਲੰਘ ਜਾਏ ਤਾਂ ਆਊਟ ਮੰਨਿਆ ਜਾਂਦਾ ਹੈ। ਇਸ ਵਿਚ ਹਾਕੀ ਦੀ ਤਰ੍ਹਾਂ ਕੋਈ ਫਾਉਲ ਨਹੀਂ ਮੰਨਿਆ ਜਾਂਦਾ।

  1. ਬਿੱਲੀ ਮਾਸੀ

ਇਸ ਖੇਡ ਵਿਚ ਬਹੁਤ ਸਾਰੇ ਬੱਚੇ ਭਾਗ ਲੈ ਸਕਦੇ ਹਨ। ਜੇ ਬੱਚੇ ਇਕੋ ਜਿਹੀ ਉਮਰ ਦੇ ਹੋਣ ਤਾਂ ਖੇਡ ਚੰਗੀ ਖੇਡੀ ਜਾਂਦੀ ਹੈ। ਖੇਡ ਵਿਚ ਭਾਗ ਲੈਣ ਵਾਲੇ ਬੱਚੇ ਇਕ ਦੂਜੇ ਦਾ ਹੱਥ ਫੜ੍ਹ ਕੇ ਗੋਲ ਦਾਇਰੇ ਤੋਂ ਬਾਹਰ ਰਹਿੰਦੇ ਹਨ ਜਿਨ੍ਹਾਂ ਵਿਚੋਂ ਇਕ ਬੱਚਾ “ਮਾਸੀ” ਬਣ ਜਾਂਦਾ ਹੈ ਅਤੇ ਦੂਜਾ “ਬਿੱਲੀ”। ਮਾਸੀ ਗੋਲ ਦਾਇਰੇ ਵਿਚ ਖੜੀ ਹੁੰਦੀ ਹੈ ਅਤੇ ਗੋਲ ਚੱਕਰ ਵਿਚ ਖੜੇ ਬੱਚਿਆਂ ਦੇ ਹੱਥਾਂ ਤੇ ਕੁਝ ਨਾ ਕੁਝ ਰੱਖਦੀ ਹੈ ਜਿਵੇਂ ਕਿ ਇਕ ਤੇ ਘਿਓ ਦੂਜੇ ਤੇ ਲੱਸੀ ਤੀਜੇ ਤੇ ਗੁੜ ਤੇ ਚੌਥੇ ਤੇ ਲੱਡੂ। ਆਪ ਕੱਪੜੇ ਧੋਣ ਚਲੀ ਜਾਂਦੀ ਹੈ। ਪਿਛੋਂ ਬਿੱਲੀ ਆਉਂਦੀ ਹੈ ਤੇ ਸਾਰਾ ਕੁਝ ਚੱਟ ਕਰ ਜਾਂਦੀ ਹੈ। ਜਦੋਂ ਮਾਸੀ ਕੱਪੜੇ ਧੋ ਕੇ ਪਰਤਦੀ ਹੈ ਤਾਂ ਬੱਚਿਆਂ ਤੋਂ ਗੁੜ, ਘਿਓ ਅਤੇ ਲੱਡੂ ਬਾਰੇ ਪੁਛਦੀ ਹੈ ਤਾਂ ਬੱਚੇ ਦਸਦੇ ਹਨ ਕਿ ਉਹ ਤਾਂ ਬਿੱਲੀ ਖਾ ਗਈ ਹੈ ਤਾਂ ਮਾਸੀ ਬਿੱਲੀ ਦੇ ਪਿੱਛੇ ਪਿੱਛੇ ਉਸਨੂੰ ਫੜਨ ਲਈ ਦੌੜਦੀ ਹੈ ਤੇ ਨਾਲ ਨਾਲ ਆਖੀ ਜਾਂਦੀ ਹੈ, ਬਿੱਲੀਏ, ਬਿੱਲੀਏ, ਤੂੰ ਕਿਉਂ ਖਾਧਾ?”ਬਿੱਲੀ ਅੱਗੋਂ ਉੱਤਰ ਦਿੰਦੀ ਹੈ,”ਨਾ ਨੀ ਮਾਸੀ ਮੈਂ ਨੀ ਖਾਧਾ।” ਇਸ ਤਰ੍ਹਾਂ ਮਾਸੀ ਬਿੱਲੀ ਦੇ ਪਿਛੇ ਭੱਜੀ ਜਾਂਦੀ ਹੈ। ਜਦੋਂ ਬਿੱਲੀ ਫੜੀ ਜਾਂਦੀ ਹੈ ਤਾਂ ਉਹ ਮਾਸੀ ਅਤੇ ਮਾਸੀ ਬਿੱਲੀ ਬਣ ਜਾਂਦੀ ਹੈ ਜਾਂ ਉਹ ਦੋਵੇਂ ਬੱਚੇ ਦਾਇਰੇ ਵਿਚ ਖਲੋ ਜਾਂਦੇ ਹਨ ਅਤੇ ਦਾਇਰੇ ਵਿਚੋਂ ਦੋ ਬੱਚੇ ਬਾਹਰ ਆ ਜਾਂਦੇ ਹਨ ਜਿਨ੍ਹਾਂ ਵਿਚੋਂ ਇਕ ਬੱਚਾ “ਮਾਸੀ” ਬਣ ਜਾਂਦੀ ਹੈ ਅਤੇ ਇਕ “ਬਿੱਲੀ” ਤੇ ਖੇਡ ਮੁੜ ਸ਼ੁਰੂ ਹੋ ਜਾਂਦੀ ਹੈ।

  1. ਰੁਮਾਲ ਚੁੱਕਣੀ

ਇਸ ਖੇਡ ਵਿਚ “ਟਾਂਕ” ਗਿਣਤੀ ਵਿਚ ਬੱਚੇ ਭਾਗ ਲੈ ਸਕਦੇ ਹਨ ਜਿਵੇ ਕਿ ਅੱਠ ਦੱਸ, ਬਾਰਾਂ ਜਾਂ ਚੌਦਾਂ ਆਦਿ। ਖੇਡ ਵਿਚ ਭਾਗ ਲੈ ਰਹੇ ਬੱਚਿਆਂ ਦੀਆਂ ਦੋ ਬਰਾਬਰ ਬਰਾਬਰ ਟੋਲੀਆਂ ਬਣ ਜਾਂਦੀਆਂ ਹਨ। ਜੇਕਰ ਅੱਠ ਬੱਚੇ ਖੇਡ ਵਿਚ ਭਾਗ ਲੈ ਰਹੇ ਹੋਣ ਤਾਂ ਚਾਰ ਬੱਚੇ ਇਕ ਪਾਸੇ ਅਤੇ ਚਾਰ ਬੱਚੇ ਦੂਜੇ ਪਾਸੇ ਸਿਧੀਆਂ ਲਾਈਨਾਂ ਉੱਤੇ ਆਹਮੋ ਸਾਹਮਣੇ ਖੜੋ ਜਾਂਦੇ ਹਨ। ਦੋਵੇਂ ਪਾਸੇ ਬੱਚਿਆਂ ਨੂੰ ਕ੍ਰਮਵਾਰ 1, 2, 3 ਅਤੇ 4 ਨੰਬਰ ਦਿੱਤੇ ਜਾਂਦੇ ਹਨ। ਦੋਵੇਂ ਲਾਈਨਾਂ ਦੇ ਮੱਧ ਵਿਚਕਾਰ ਬਰਾਬਰ ਦੀ ਵਿੱਥ ਉੱਤੇ ਇਕ ਗੋਲ ਚੱਕਰ ਬਣਾਇਆ ਜਾਂਦਾ ਹੈ ਜਿਸ ਵਿਚ ਇਕ ਰੁਮਾਲ ਰੱਖਿਆ ਜਾਂਦਾ ਹੈ, ਖੇਡ ਰਹੇ ਬੱਚਿਆਂ ਤੋਂ ਇਲਾਵਾ ਇਕ ਬੱਚਾ ਬਾਹਰ ਖਲੋਂਦਾ ਹੈ ਜਿਹੜਾ ਕਿ ਨੰਬਰ ਬੋਲਦਾ ਹੈ, ਜਦੋਂ ਬਾਹਰਲਾ ਬੱਚਾ ਤਿੰਨ ਆਖਦਾ ਹੈ ਤਾਂ ਦੋਵੇਂ ਪਾਸਿਆਂ ਤੋਂ ਤਿੰਨ ਨੰਬਰ ਵਾਲੇ ਬੱਚੇ ਆਪਣੀ ਥਾਂ ਤੋਂ ਭੱਜ ਕੇ ਗੋਲ ਦਾਇਰੇ ਵੱਲ ਆਉਂਦੇ ਹਨ ਅਤੇ ਰੁਮਾਲ ਚੁੱਕ ਕੇ ਆਪਣੀ ਥਾਂ ਪਰਤਣਾ ਚਾਹੁੰਦੇ ਹਨ। ਜਦੋਂ ਇਕ ਬੱਚਾ ਰੁਮਾਲ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਦੂਜਾ ਬੱਚਾ ਉਸ ਨੂੰ ਛੁਹਣ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਬੱਚਾ ਬਿਨਾਂ ਛੁਹ ਖਾਏ ਰੁਮਾਲ ਚੁੱਕ ਕੇ ਆਪਣੀ ਲਾਈਨ ਪਾਰ ਕਰ ਜਾਂਦਾ ਹੈ, ਉਹ ਇਕ ਨੰਬਰ ਜਿੱਤ ਜਾਂਦਾ ਹੈ। ਜੇ ਰੁਮਾਲ ਚੁੱਕਣ ਮਗਰੋਂ ਉਹ ਛੁਹਿਆ ਜਾਵੇ ਤਾਂ ਇਕ ਨੰਬਰ ਵਿਰੋਧੀ ਟੋਲੀ ਦੇ ਹੱਕ ਵਿਚ ਚਲਿਆ ਜਾਂਦਾ ਹੈ। ਇਸ ਤਰ੍ਹਾਂ ਜਿਹੜੀ ਟੋਲੀ ਨਿਸ਼ਚਿਤ ਨੰਬਰ ਜਿਵੇਂ ਦਸ, ਪੰਦਰਾਂ ਜਾਂ ਪੰਜੀ ਜਿਸ ਬਾਰੇ ਪਹਿਲਾਂ ਹੀ ਦੋਵੇਂ ਟੋਲੀਆਂ ਵਿਚ ਫ਼ੈਸਲਾ ਹੋਇਆ ਹੁੰਦਾ ਹੈ ਜਿੱਤ ਲਵੇ, ਉਹ ਟੋਲੀ ਖੇਡ ਵਿਚ ਜੇਤੂ ਮੰਨੀ ਜਾਂਦੀ ਹੈ। ਇਸ ਦੀ 26ਈ ਪੁੱਗਣ ਦੀ ਕਿਰਿਆ ਲਾਨ

ਬਹੁਤੀਆਂ ਖੇਡਾਂ ਵਿਚ ਇਕ ਬੱਚੇ ਨੂੰ ਹੀ ਖੇਡ ਵਿਚ ਦਾਈ ਦੇਣੀ ਪੈਦੀ ਹੈ। ਇਸ ਲਈ ਖੇਡਣ ਦੇ ਚਾਹਵਾਨ ਬੱਚੇ ਪਹਿਲਾਂ ਆਪੋ ਵਿਚ ਪੁੱਗਦੇ ਹਨ ਕਿਉਂਕਿ ਪੁੱਗਣ ਤੋਂ ਬਿਨਾ ਦਾਈ ਦੇਣ ਲਈ ਕੋਈ ਬੱਚਾ ਤਿਆਰ ਨਹੀਂ ਹੁੰਦਾ। ਇਸ ਲਈ ਹੇਠ ਪੁੱਗਣ ਦੀ ਕਿਰਿਆ ਦਾ ਵਿਸਥਾਰ ਦਿੱਤਾ ਜਾਂਦਾ ਹੈ।

ਪਹਿਲਾ ਤਿੰਨ ਬੱਚੇ ਮੁੱਠਾਂ ਮੀਚ ਕੇ ਜਾਂ ਖੁਲ੍ਹੇ ਹੱਥ ਇਕੋ ਵਾਰੀ ਹੱਥਾਂ ਨੂੰ ਉਤਾਂਹ ਲਿਜਾ ਕੇ ਆਪੋ ਆਪਣੇ ਇਕ ਸਿੱਧੇ ਹੱਥ ਉੱਤੇ ਦੂਜਾ ਹੱਥ ਪੁੱਠਾ ਜਾਂ ਸਿੱਧਾ ਰੱਖਦੇ ਹਨ। ਜੇਕਰ ਇਕ ਬੱਚੇ ਦੇ ਹੱਥ ਸਿੱਧੇ ਹੋਣ ਅਤੇ ਬਾਕੀ ਦੋ ਦੇ ਪੁੱਠੇ ਤਾਂ ਸਿੱਧੇ ਹੱਥ ਵਾਲਾ ਬੱਚਾ ਪੁੱਗ ਜਾਂਦਾ ਹੈ। ਇਸੇ ਤਰ੍ਹਾਂ ਜੇ ਇਕ ਬੱਚੇ ਦੇ ਹੱਥ ਪੁੱਠੇ ਹੋਣ ਅਤੇ ਬਾਕੀ ਦੋ ਦੇ ਸਿੱਧੇ ਤਾਂ ਪੁੱਠੇ ਹੱਥ ਵਾਲਾ ਬੱਚਾ`ਪੁੱਗ ਜਾਂਦਾ ਹੈ। ਪੁੱਗੇ ਬੱਚੇ ਦੀ ਥਾਂ ਇਕ ਹੋਰ ਨਵਾਂ ਬੱਚਾ ਲੈ ਲੈਂਦਾ ਹੈ ਅਤੇ ਕਿਰਿਆ ਚਾਲੂ ਰਹਿੰਦੀ ਹੈ। ਜਦੋਂ ਤਕ ਖੇਡ ਵਿਚ ਭਾਗ ਲੈਣ ਵਾਲੇ ਸਾਰੇ ਬੱਚੇ ਪੁੱਗ ਨਾ ਜਾਣ ਅਤੇ ਕੇਵਲ ਦੋ ਬੱਚੇ ਬਾਕੀ ਰਹਿ ਜਾਣ। ਹੁਣ ਦੋਹਾਂ ਬੱਚਿਆਂ ਵਿਚੋਂ ਇਕ ਨੂੰ ਪੁੱਗਣ ਲਈ ਇਕ ਪੁੱਗਿਆ ਬੱਚਾ ਸ਼ਾਮਲ ਹੋ ਜਾਂਦਾ ਹੈ ਅਤੇ ਕਿਰਿਆ ਮੁੜ ਦੁਹਰਾਈ ਜਾਂਦੀ ਹੈ। ਜਦੋਂ ਬਾਕੀ ਰਹੇ ਬੱਚਿਆਂ ਵਿਚੋ ਇਕ ਪੁੱਗ ਜਾਂਦਾ ਹੈ ਤਾਂ ਦੂਜੇ ਬੱਚੇ ਦੇ ਸਿਰ ਦਾਈ ਆ ਜਾਂਦੀ ਹੈ।

ਵਹਿਮ ਭਰਮ ਤੇ ਧਾਰਮਿਕ ਵਿਸ਼ਵਾਸ

  1. ਲਾਲਾਂ ਵਾਲੇ ਦੀ ਮੰਨਤ

ਮੁਸਲਮਾਨਾਂ ਦੀ ਜਾਤ ਭਰਾਈ ਦੇ ਲੋਕ ਲਾਲਾਂ ਵਾਲੇ ਨੂੰ ਮੰਨਦੇ ਸਨ। ਉਹ ਵੀਹ ਸੇਰ ਪੱਕੇ ਦਾ ਇਕ ਰੋਟ ਪਕਾਉਂਦੇ ਸਨ ਤੇ ਪਕੌੜੇ ਭਿਉਂਕੇ ਕਾਂਜੀ ਬਣਾਉਂਦੇ ਸਨ ਤੇ ਦੋ ਮਹੀਨੇ ਖਾਂਦੇ ਰਹਿੰਦੇ ਸਨ। ਜਿਸ ਸਦਕਾ ਸਾਵਣ ਭਾਦੋਂ ਵਿਚ ਫੋੜੇ ਨਿਕਲਣੇ ਤੇ ਬੀਮਾਰ ਪੈਣਾ ਤੇ ਕਹਿਣਾ ਕਿ ਬੀਮਾਰ ਲਾਗ ਨਾਲ ਹੈ। ਰੋਟ ਪਲਾਹ ਵਾਲੀ ਥਾਂ ਅਰਥਾਤ ਮੁਰਦਘਾਟ ਤੇ ਪਕਾਉਂਦੇ ਸਨ ਤੇ ਉਥੇ ਹੀ ਵੰਡਦੇ ਸਨ। ਇਹ ਕਿਸੇ ਖੁਸ਼ੀ ਸਮੇਂ ਲਾਲਾਂ ਵਾਲੇ ਦੀ ਮੰਨਤ ਦੇ ਤੌਰ ਤੇ ਕੀਤਾ ਜਾਂਦਾ ਸੀ।

  1. ਧੱਕਾ ਵੱਜਣਾ

ਪਲਾਹਾਂ ਦੇ ਟੋਬੇ ਉੱਤੇ ਪੁਲ ਦੇ ਨਾਲ ਸੜਕ ਤੇ ਕੱਚਵਾਨਾ ਨਾਂ ਦੀ ਥਾਂ ਹੈ। ਕਹਿੰਦੇ ਹਨ ਕਿ ਪਹਿਲੀ ਫਸਲ ਆਉਣ ਉੱਤੇ ਇਥੇ ਮੱਥਾ ਟੇਕਿਆ ਜਾਂਦਾ ਸੀ ਜਿਵੇਂ ਕਿ ਕਪਾਹ ਦੀ ਪਹਿਲੀ ਵਾਰੀ ‘ਚੋਂ ਫੁੱਟੀਆਂ ਦਾ ਰੁਗ, ਮੱਕੀ ਪੱਕਣ ਉੱਤੇ ਛੱਲੀਆਂ ਜਾਂ ਕੁਝ ਦਾਣੇ, ਕਣਕ ਪੱਕਣ ਉੱਤੇ ਕੁਝ ਦਾਣੇ ਇਥੇ ਸੁੱਟ ਕੇ ਮੱਥਾ ਟੇਕਿਆ ਜਾਂਦਾ ਸੀ। ਜੇ ਕੋਈ ਮੱਥਾ ਨਾ ਟੇਕਦਾ ਤਾਂ ਉਸਨੂੰ ਭੂਤਾਂ ਦਾ ਡਰ ਹੁੰਦਾ ਸੀ। ਉਸ ਦੇ ਬਲਦ ਜਾਂ ਪਰਿਵਾਰ ਦੇ ਕਿਸੇ ਵਿਅਕਤੀ ਨੂੰ ਧੱਕਾ ਵਜਦਾ ਸੀ ਅਤੇ ਉਹ ਗੇੜਾ ਖਾ ਕੇ ਡਿੱਗ ਪੈਂਦਾ ਸੀ ਤੇ ਮਰ ਜਾਂਦਾ। ਸੀ। ਦੀਵਾਲੀ ਨੂੰ ਹੁਣ ਵੀ ਲੋਕ ਇਸ ਥਾਂ ਉੱਤੇ ਦੀਵੇ ਬਾਲਦੇ ਹਨ ।

50 ਕੁ ਸਾਲ ਦੀ ਗੱਲ ਹੈ ਕਿ ਘੋੜੀ ਉਤੇ ਇਕ ਸਵਾਰ ਉਥੋਂ ਲੰਘਿਆ ਜਾਂਦਾ ਸੀ। ਉਹ ਗੇੜਾ ਖਾ ਕੇ ਡਿੱਗ ਪਿਆ। ਕਹਿੰਦੇ ਹਨ ਕਿ ਉਹ ਘੋੜੀ ਉੱਤੇ ਚੜ੍ਹ ਕੇ ਚਲਿਆ ਤਾਂ ਗਿਆ ਪਰ ਬਚਿਆ ਨਹੀਂ। ਇਸ ਸਮੇਂ ਦੀ ਇਕ ਹੋਰ ਘਟਨਾ ਦੱਸੀ ਜਾਂਦੀ ਹੈ ਕਿ ਕਿਸੇ ਪਿੰਡ ਤੋਂ ਇਕ ਪ੍ਰਦੇਸੀ ਤੁਰਿਆ ਆਉਂਦਾ ਸੀ। ਉਸਨੂੰ ਧੱਕਾ ਵਜਿਆ ਤੇ ਉਹ ਡਿੱਗ ਕੇ ਮਰ ਗਿਆ।

  1. ਗੁੱਗਾ ਪੀਰ ਮਨਾਉਣਾ

ਪਿੰਡ ਦੇ ਲੋਕੀਂ ਗੁੱਗੇ ਪੀਰ ਦੀ ਮਾਨਤਾਂ ਮੰਨਦੇ ਹਨ। ਚੜਾਵਾ ਚੜਾਉਂਦੇ ਅਤੇ ਮਿੱਟੀ ਕੱਢਦੇ ਹਨ। ਚੌਕੀਆਂ ਭਰਦੇ ਹਨ ਅਤੇ ਚੌਂਕੀ ਵਾਲੀ ਰਾਤ ਨੂੰ ਘਰੀਂ ਵੀ ਭੁੰਝੇ ਸੌਂਦੇ ਹਨ। ਲੋਕਾਂ ਦਾ ਵਿਸ਼ਵਾਸ ਹੈ ਕਿ ਇੰਝ ਕਰਨ ਨਾਲ ਗੁੱਗੇ ਪੀਰ ਦੀ ਕਿਰਪਾ ਰਹਿੰਦੀ ਹੈ ਤੇ ਜ਼ਹਿਰੀ ਸੱਪਾਂ ਦੇ ਕਰੋਪ ਤੋਂ ਬਚਾਓ ਰਹਿੰਦਾ ਹੈ।

  1. ਮੇਹਰ ਦੇ ਛਾਲੇ ਦਾ ਇਲਾਜ

ਪਿੰਡ ਅਤੇ ਇਲਾਕੇ ਵਿਚ ਇਹ ਆਮ ਵਿਸ਼ਵਾਸ ਹੈ ਕਿ ਜੇ ਕਿਸੇ ਵਿਅਕਤੀ ਨੂੰ ਸੱਪ ਦੇ ਜ਼ਹਿਰੀਲੇ ਮਾਦੇ ਦੀ ਛੁਹ ਨਾਲ ਜਾਂ ਕਿਸੇ ਹੋਰ ਕਾਰਨ ਸਰੀਰ ਦੇ ਕਿਸੇ ਅੰਗ ਉੱਤੇ ਨੀਲੇ ਰੰਗ ਦਾ ਛਾਲਾ ਹੋ ਜਾਵੇ ਜਿਸਨੂੰ ਮੇਹਰ ਦਾ ਛਾਲਾ ਆਖਦੇ ਹਨ ਤੇ ਬੀਮਾਰ ਵਿਅਕਤੀ ਮਾੜੀ ਤੇ ਆ ਕੇ ਬਹਿ ਜਾਵੇ, ਦਿਨ ਰਾਤ ਚੌਂਕੀ ਭਰਦਾ ਰਹੇ, ਸਵੇਰੇ ਸ਼ਾਮੀ ਦੇਸੀ ਘਿਓ ਦਾ ਹੋਮ ਦੇਵੇ, ਤਾਂ ਉਹ ਛੇਤੀ ਹੀ ਰਾਜੀ ਹੋ ਜਾਂਦਾ ਹੈ। ਦਸਦੇ ਹਨ ਕਿ ਜਿਸ ਦਿਨ ਬੀਮਾਰੀ ਨੂੰ ਮੋੜ ਪੈਣਾ ਸ਼ੁਰੂ ਹੁੰਦਾ ਹੈ, ਉਸ ਦਿਨ ਬੀਮਾਰ ਨੂੰ ਰਾਤ ਸਮੇਂ ਕੀੜੀਆਂ ਲੜਨੀਆਂ ਸ਼ੁਰੂ ਹੋ ਜਾਂਦੀਆਂ ਹਨ ਜੋ ਕਿ ਬੀਮਾਰ ਨੂੰ ਘਰ ਪਰਤਣ ਲਈ ਕੁਦਰਤੀ ਇਸ਼ਾਰਾ ਹੈ।

  1. ਬਾਬਾ ਜਿਊਣ ਦਾਸ ਦੀ ਮੰਨਤ ਮਨਾਉਣਾ

ਗੁੱਗਾ ਮਾੜੀ ਦੇ ਥੇਹ ਉੱਤੇ ਬਜ਼ੁਰਗ ਬਾਬਾ ਜਿਊਣ ਦਾਸ ਦੀ ਸਮਾਧ ਹੈ। ਸਮਾਧ ਦੀ ਪੁਰਾਣੀ ਇਮਾਰਤ ਖਸਤਾ ਹੋ ਜਾਣ ਕਾਰਨ ਥੇਹ ਕਮੇਟੀ ਨੇ ਉਸੇ ਥਾਂ ਨਵੀਂ ਸਮਾਹ ਬਣਾ ਦਿੱਤੀ ਹੈ। ਇਸ ਸਮਾਧ ਉੱਤੇ ਹਰ ਮਹੀਨੇ ਦੀ ਚਾਨਣੀ ਦਸਵੀਂ ਨੂੰ ਲੋਕੀਂ ਮੱਥਾ ਟੇਕਦੇ ਹਨ ਅਤੇ ਸੁੱਖਾਂ ਸੁਖਦੇ ਹਨ। ਜਿਨ੍ਹਾਂ ਦੀਆਂ ਸੁੱਖਾਂ ਵਰ ਆਉਂਦੀਆਂ ਹਨ, ਉਹ ਸਮਾਧ ਉੱਤੇ ਘਿਉ ਦੇ ਦੀਵੇ ਬਾਲਦੇ ਹਨ ਅਤੇ ਪ੍ਰਸ਼ਾਦ ਵੰਡਦੇ ਹਨ ।

  1. ਨੈਨਾ ਦੇਵੀ ਦਾ ਚਾਲਾ

ਪਿੰਡ ਦੇ ਲੋਕੀਂ ਸਾਵਨ ਅਤੇ ਚੇਤ ਦੇ ਮਹੀਨਿਆਂ ਵਿਚ ਨੈਨਾ ਦੇਵੀ ਜਾਂਦੇ ਹਨ ਜਿਸ ਨੂੰ ਨੈਨਾ ਦੇਵੀ ਦਾ ਚਾਲਾ ਆਖਿਆ ਜਾਂਦਾ ਹੈ। ਨੈਨਾ ਦੇਵੀ ਦਾ ਮੰਦਰ ਅਨੰਦਪੁਰ ਸਾਹਿਬ ਦੇ ਲਾਗੇ ਹਿਮਾਚਲ ਪ੍ਰਦੇਸ਼ ਵਿਚ ਇਕ ਪਹਾੜੀ ਉੱਤੇ ਸਥਿਤ ਹੈ। ਦੇਵੀ ਉੱਤੇ ਚੜਾਉਣ ਲਈ ਲੋਕੀਂ ਚਾਂਦੀ ਦੇ ਛੱਤਰ, ਝੰਡੇ ਆਦਿ ਨਾਲ ਲੈ ਜਾਂਦੇ ਹਨ। ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਤਰ੍ਹਾਂ ਕਰਨ ਨਾਲ ਦੇਵੀ ਪ੍ਰਸੰਨ ਰਹਿੰਦੀ ਹੈ ਅਤੇ ਘਰ ਵਿਚ ਖੁਸ਼ੀਆਂ ਦਾ ਵਰਤਾਰਾ ਰਹਿੰਦਾ ਹੈ।

 

ਰਸਮਾਂ ਰੀਤਾਂ

  1. ਜਨਮ ਸਬੰਧੀ ਰਸਮਾਂ

ਆਮ ਕਰਕੇ ਪਹਿਲਾ ਛਿਲਾ ਪੇਕੇ ਘਰ ਕਰਾਇਆ ਜਾਂਦਾ ਹੈ।ਪਰ ਇਹ ਜ਼ਰੂਰੀ ਨਹੀਂ ਕਿਸੇ ਵਹਿਮ ਜਾਂ ਮਜ਼ਬੂਰੀ ਕਾਰਨ ਪਹਿਲਾ ਛਿਲਾ ਵੀ ਸਹੁਰੇ ਘਰ ਕਰਾਇਆ ਜਾਂਦਾ ਹੈ। ਬੱਚੇ ਦੇ ਜਨਮ ਉੱਤੇ ਜੁੱਚਾ ਦੇ ਮੰਜੇ ਨਾਲ ਲੋਹੇ ਦਾ ਟੁਕੜਾ ਜਾਂ ਦਾਤੀ ਬੰਨ ਦਿੱਤੇ ਜਾਂਦੇ ਹਨ। ਕਈ ਘਰਾਂ ਵਿਚ ਜੱਚਾ ਦੇ ਸਰਾਹਣੇ ਤਿਲਾਂ ਦੀ ਡੱਬੀ, ਦਾਣਿਆਂ ਦੀ ਬਹੁਟੀ ਜਾਂ ਪਾਣੀ ਦੀ ਗੜਵੀ ਰੱਖ ਦਿੱਤੀ ਜਾਂਦੀ ਹੈ ਤਾਂ ਜੋ ਬੱਚਾ ਤੇ ਜੱਚਾ ਨੂੰ ਕਿਸੇ ਤਰ੍ਹਾਂ ਦੀ ਰੋਕ ਨਾ ਹੋ ਜਾਵੇ।

ਮੁੰਡਾ ਜੰਮਣ ਦੀ ਸੂਰਤ ਵਿਚ ਲਾਗੀ ਦੁੱਬ ਲੈ ਕੇ ਆਉਂਦੇ ਹਨ ਜਿਨ੍ਹਾਂ ਨੂੰ ਘਰ ਵਾਲੇ ਆਪਣੀ ਵਿੱਤ ਅਨੁਸਾਰ ਵਧਾਈ ਦਿੰਦੇ ਹਨ। ਉਸੇ ਦਿਨ ਪਿੰਡ ਦਾ ਝਿਊਰ ਘਰ ਦੇ ਬੂਹੇ ਅੱਗੇ ਸਰੀਂਹ ਜਾਂ ਨਿਮ ਦੇ ਪੱਤਿਆਂ ਦੀ ਬਣਾਈ ਬਨ੍ਹਦਾ ਹੈ ਜਿਹੜੀ ਕਿ ਘਰ ਵਿਚ ਮੁੰਡੇ ਜੰਮੇ ਦੀ ਖੁਸ਼ੀ ਦੀ ਸੂਚਕ ਹੁੰਦੀ ਹੈ। ਨਹਾਉਣ ਤੋਂ ਮਗਰੋਂ ਕਿਸੇ ਮੁੰਡੇ ਜਾਂ ਕਿਸੇ ਸਿਆਣੀ ਭਾਗਾਂ ਵਾਲੀ ਸੁਆਣੀ ਤੋਂ ਨਵੇਂ ਜੰਮੇ ਮੁੰਡੇ ਨੂੰ ਗੁੜਤੀ ਦੁਆਈ ਜਾਂਦੀ ਹੈ ਤੇ ਆਸ ਕੀਤੀ ਜਾਂਦੀ ਹੈ ਕਿ ਹੋਣ ਵਾਲਾ ਬੱਚਾ ਭਾਗਾਂ ਵਾਲਾ ਅਤੇ ਹੋਣਹਾਰ ਹੋਵੇਗਾ। ਕੁੜੀ ਹੋਣ ਦੀ ਸੂਰਤ ਵਿਚ ਗੁੜਤੀ ਕਿਸੇ ਵੀ ਸੁਆਣੀ ਤੋਂ ਦੁਆਈ ਜਾਂਦੀ ਹੈ।

ਜਦੋਂ ਬੱਚਾ 9 ਦਿਨਾਂ ਦਾ ਹੋ ਜਾਵੇ ਤਾਂ ਜੱਚਾ ਨੂੰ ਨਾਈ ਬਾਹਰ ਵਧਾਉਂਦਾ ਹੈ। ਨਾਈ ਪਹਿਲਾਂ ਚੌਕ ਪੂਰਦਾ ਹੈ ਫੇਰ ਜੱਚਾ ਨੂੰ ਆਪਣੀ ਜੁੱਤੀ ਪੁਆਂਦਾ ਹੈ। ਜੱਚਾ ਨਾਈ ਦੀ ਜੁੱਤੀ ਪਹਿਨਕੇ ਪੂਰੇ ਹੋਏ ਚੌਕ ਵਿਚ ਆ ਬੈਠਦੀ ਹੈ। ਥਾਲ ਵਿਚ ਕੁਝ ਚੌਲ, ਹਲਦੀ, ਦੁੱਧ, ਆਟੇ ਦਾ ਦੀਵਾ ਅਤੇ ਸਵਾ ਰੁਪਿਆ ਪਾ ਕੇ ਸ਼ਗਨਾਂ ਵਜੋਂ ਜੱਚਾ ਦੇ ਪੱਲੇ ਪਾਇਆ ਜਾਂਦਾ ਹੈ। ਮਗਰੋਂ ਇਹ ਸ਼ਗਨ ਨਾਈ ਲੈ ਜਾਂਦਾ ਹੈ। ਇਹ ਵੀ ਜੱਚਾ ਦੇ ਪੱਲੇ ਪਾਇਆ ਜਾਂਦਾ ਹੈ ਜੇ ਦਾਈ ਲੈ ਜਾਂਦੀ ਹੈ।

ਤੇਰਵੇ ਦਿਨ ਜੱਚਾ ਨੂੰ ਚੌਕੇ ਚੜਾਉਂਦੇ ਹਨ। ਇਹ ਰਸਮ ਆਮ ਕਰਕੇ ਬ੍ਰਾਹਮਣ ਕਰਾਉਦੇ ਹਨ। ਬੱਚਾ ਤੇ ਜੱਚਾ ਨੂੰ ਬ੍ਰਾਹਮਣੀ ਨਹਾਉਂਦੀ ਹੈ ਤੇ ਉਨ੍ਹਾਂ ਉੱਤੇ ਗੰਗਾ ਜਲ ਛਿੜਕ ਕੇ ਉਨ੍ਹਾਂ ਨੂੰ ਪਵਿੱਤਰ ਕੀਤਾ ਜਾਂਦਾ ਹੈ। ਪਰੋਖੇ ਅਨੁਸਾਰ ਸ਼ਰੀਕੇ ਤੇ ਮਿੱਤਰ ਪਿਆਰਿਆਂ ਨੂੰ ਰੋਟੀ ਤੇ ਸੱਦਿਆ ਜਾਂਦਾ ਹੈ। ਇਸ ਦਿਨ ਤੋਂ ਜੱਚਾ ਚੌਕੇ ਦਾ ਕੰਮ ਕਰਨ ਲਗ ਜਾਂਦੀ ਹੈ। ਇਸ ਮੌਕੇ ਤੇ ਦਾਈ ਨੂੰ ਕੁਝ ਰੁਪਏ ਅਤੇ ਸੂਟ ਆਦਿ ਦਿੱਤਾ ਜਾਂਦਾ ਹੈ। ਜਦੋਂ ਬੱਚਾ 21 ਦਿਨਾਂ ਜਾਂ ਸਵਾ ਮਹੀਨੇ ਦਾ ਹੋ ਜਾਵੇ ਤਾਂ ਜੱਚਾ ਜੇ ਪੇਕੇ ਘਰ ਹੋਵੇ ਤਾਂ ਸਹੁਰੇ ਘਰੋਂ ਅਤੇ ਜੇ ਜੱਚਾ ਸਹੁਰੇ ਘਰ ਹੋਵੇ ਤਾਂ ਪੇਕੇ ਘਰੋਂ ਉਸ ਲਈ ਪੰਜੀਰੀ, ਕੱਪੜੇ ਅਤੇ ਟੂਮ ਆਦਿ ਭੇਜੇ ਜਾਂਦੇ ਹਨ। ਬੱਚੇ ਲਈ ਵੀ ਖਡੌਣੇ ਕੱਪੜੇ ਅਤੇ ਇਕ ਅੱਧ ਟੂਮ ਭੇਜੀ ਜਾਂਦੀ ਹੈ।

ਮੁੰਡੇ ਦੇ ਜਨਮ ਦੀ ਪਹਿਲੀ ਲੋਹੜੀ ਵਿਸ਼ੇਸ਼ ਕਰਕੇ ਮਨਾਈ ਜਾਂਦੀ ਹੈ। ਪਿੰਡ ਵਿਚ ਵਿਤ ਅਤੇ ਵਰਤੋਂ ਅਨੁਸਾਰ ਗੁੜ,ਰਿਉੜੀਆਂ, ਪਤਾਸ਼ੇ ਵੰਡੇ ਜਾਂਦੇ ਹਨ। ਸਕੇ ਸਬੰਧੀਆਂ ਨੂੰ ਸੱਦਿਆ ਜਾਂਦਾ ਹੈ। ਵਿਆਹੀਆਂ ਕੁੜੀਆਂ ਨੂੰ ਟੂਮਾਂ ਕੱਪੜੇ ਆਦਿ ਦਿੱਤੇ ਜਾਂਦੇ ਹਨ।

  1. ਮੰਗਣਾ ਹੋਣਾ ਜਾਂ ਸ਼ਗਨ ਪੈਣਾ

ਇਹ ਰਸਮ ਆਮ ਕਰਕੇ ਮੁੰਡੇ ਦੀ 20,21 ਸਾਲ ਦੀ ਉਮਰ ਹੋਣ ਉੱਤੇ ਅਤੇ ਕੁੜੀ ਦੀ 17,18 ਸਾਲ ਦੀ ਉਮਰ ਹੋਣ ਉਤੇ ਅਦਾ ਕੀਤੀ ਜਾਂਦੀ ਹੈ। ਪਰ ਕਈ ਵਾਰ ਕੁੜੀ ਦੀ ਉਮਰ ਮੁੰਡੇ ਤੋਂ ਕੁਝ ਵਡੇਰੀ ਵੀ ਹੁੰਦੀ ਹੈ। ਇਸ ਰਸਮ ਦੇ ਅਦਾ ਹੋ ਜਾਣ ਮਗਰੋਂ ਮੁੰਡੇ ਅਤੇ ਕੁੜੀ ਦਾ ਰਿਸ਼ਤਾ ਪੱਕਾ ਹੋ ਜਾਂਦਾ ਹੈ। ਸ਼ਗਨ ਤੋਂ ਪਹਿਲਾਂ ਇਹ ਵੇਖ ਲਿਆ ਜਾਂਦਾ ਹੈ ਕਿ ਨਾਨਾ, ਦਾਦੀ, ਮਾਂ ਅਤੇ ਪਿਓ ਨਾਲ ਮੁੰਡੇ ਜਾਂ ਕੁੜੀ ਵਿਚੋਂ ਕਿਸੇ ਦਾ ਗੌਤ ਤਾਂ ਨਹੀਂ ਰਲਦਾ।

6 ਸ਼ਗਨ ਵੇਲੇ ਪਿੰਡ ਦੇ ਪਤਵੰਤੇ ਸੱਜਣ ਅਤੇ ਸਕੇ ਸਬੰਧੀ ਹਾਜ਼ਰ ਹੁੰਦੇ ਹਨ। ਮੁੰਡਾ ਇਨ੍ਹਾਂ ਵਿਚਕਾਰ ਇਕ ਵਿਛੀ ਹੋਈ ਚਾਦਰ ਤੇ ਆ ਬੈਠਦਾ ਹੈ ਅਤੇ ਕੁੜੀ ਵਾਲੇ ਸ਼ਗਨ ਪਾ ਦਿੰਦੇ ਹਨ। ਜਦੋਂ ਸ਼ਗਨ ਪੈ ਚੁੱਕਦਾ ਹੈ ਤਾਂ ਭਾਈਚਾਰਾ ਅਤੇ ਰਿਸ਼ਤੇਦਾਰ ਮੁੰਡੇ ਨੂੰ ਸ਼ਗਨ ਵਜੋਂ ਕੁਝ ਰੁਪਏ ਦਿੰਦੇ ਹਨ।

ਸ਼ਗਨ ਆਮ ਕਰਕੇ ਕੁੜੀ ਦਾ ਪਿਓ, ਜੇ ਪਿਓ ਨਾ ਹੋਵੇ ਤਾਂ ਕੁੜੀ ਵਾਲਿਆਂ ਵਲੋਂ ਹੋਰ ਕੋਈ ਨਜ਼ਦੀਕੀ ਸਬੰਧੀ ਪਾਉਂਦਾ ਹੈ। ਸ਼ਗਨ ਦੀ ਰਕਮ ਇਕ ਰੁਪਏ ਤੋਂ ਵੱਧ ਕੋ 51,101,201, ਜਾਂ 501 ਰੁਪਏ ਤਕ ਪੰਹੁਚ ਗਈ ਹੈ। ਸ਼ਗਨ ਵਿਚ ਮਿਠਾਈ, ਫਲਾਂ ਦੇ ਨਾਲ ਖੰਮਣੀ ਅਤੇ ਖੋਪਾ ਤੇ ਹੋਰ ਖੁਸ਼ਕ ਮੇਵੇ ਹੁੰਦੇ ਹਨ। ਅਜਿਹੇ ਮੌਕੇ ਤੇ ਲਾਊਡ ਸਪੀਕਰ ਖੂਬ ਜ਼ੋਰ ਸ਼ੋਰ ਨਾਲ ਵਜਾਇਆ ਜਾਂਦਾ ਹੈ।

ਸ਼ਗਨ ਪੈਣ ਤੋਂ ਕੁਝ ਦਿਨਾਂ ਮਗਰੋਂ ਮੁੰਡੇ ਵਾਲੇ ਕੁੜੀ ਲਈ ਵੀ ਸ਼ਗਨ ਭੇਜਦੇ ਹਨ। ਇਸ ਵਿਚ ਆਮ ਕਰਕੇ ਇਕ ਛੋਟੀ ਮੋਟੀ ਟੂਮ ਤੇ ਇਕ ਦੋ ਸੂਟ ਹੁੰਦੇ ਹਨ। ਇਹ ਰਸਮ ਕੁੜੀ ਵਾਲੇ ਬਿਨਾਂ ਕਿਸੇ ਧੂਮ ਧਾਮ ਤੋਂ ਘਰ ਦੇ ਕੁਝ ਜੀਆਂ ਦੀ ਹਾਜ਼ਰੀ ਵਿਚ ਅਦਾ ਕਰ ਲੈਂਦੇ ਹਨ।

  1. ਵਿਆਹ ਦੀਆਂ ਰਸਮਾਂ

ਸ਼ਗਨ ਦੀ ਰਸਮ ਤੋਂ ਕੁਝ ਚਿਰ ਮਗਰੋਂ ਵਿਆਹ ਦਾ ਦਿਨ ਨਿਸ਼ਚਿਤ ਕੀਤਾ ਜਾਂਦਾ ਹੈ। ਵਿਆਹ ਦਾ ਮਹੂਰਤ ਕਿਸੇ ਪੰਡਿਤ ਤੋਂ ਕਢਵਾਇਆ ਜਾਂਦਾ ਹੈ ਪਰ ਅੱਜਕੱਲ੍ਹ ਐਤਵਾਰ ਨੂੰ ਹੀ ਵਿਆਹ ਰੱਖਣ ਦਾ ਰਿਵਾਜ ਹੋ ਗਿਆ ਹੈ। ਵਿਆਹ ਦਾ ਦਿਨ ਨਿਸ਼ਚਿਤ ਹੋਣ ਤੇ ਮਗਰੋਂ ਲਾਗੀ ਰਾਹੀਂ ਜਾਂ ਚਿੱਠੀਆਂ ਲਿਖਕੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਵਿਆਹ ਵਿਚ ਸ਼ਾਮਲ ਹੋਣ ਲਈ ਤਾਕੀਦ ਕੀਤੀ ਜਾਂਦੀ ਹੈ।

ਆਮ ਕਰਕੇ ਵਿਆਹ 20,21 ਮੀਲ ਦੇ ਘੇਰੇ ਵਿਚ ਵਿਚ ਹੀ ਹੁੰਦੇ ਹਨ। ਬਰਾਤ ਸਵੇਰੇ ਜਾ ਕੇ ਸ਼ਾਮੀ ਵਾਪਸ ਆ ਜਾਂਦੀ ਹੈ। ਵਿਆਹ ਵਾਲੇ ਦਿਨ ਸਾਰੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਹਨ ਸਭ ਤੋਂ ਪਹਿਲਾਂ ਮੇਲ ਆਉਂਦਾ ਹੈ ਜਾਂ ਨਾਨਕੇ ਛੱਕ ਲੈ ਕੇ ਆਉਂਦੇ -ਹਨ।

ਨਾਈ ਮੁੰਡੇ ਨੂੰ ਵਟਣਾ ਮਲਦਾ ਹੈ ਜੋ ਹਲਦੀ ਅਤੇ ਛੋਲਿਆਂ ਦੇ ਆਟੇ ਦਾ ਬਣਿਆ ਹੁੰਦਾ ਹੈ। ਝਿਊਰ ਪਾਣੀ ਲਿਆਉਂਦਾ ਹੈ ਤੇ ਮੁੰਡੇ ਨੂੰ ਨੁਹਾ ਕੇ ਨਵੇਂ ਕੱਪੜੇ ਪੁਆਏ ਜਾਂਦੇ ਹਨ। ਭੈਣਾਂ ਮੁੰਡੇ ਦੇ ਸਿਰ ਉੱਤੇ ਗੋਟੇ ਦਾ ਬਣਾਇਆ ਸਿਹਰਾ ਬੰਨ੍ਹਦੀਆਂ ਹਨ ਅਤੇ ਗੁੱਟ ਉੱਤੇ ਪਹੁੰਚੀ ਬੰਨ੍ਹਦੀਆਂ ਹਨ। ਇਸ ਰਸਮ ਤੇ ਭੈਣਾਂ ਨੂੰ ਵਿਤ ਅਨੁਸਾਰ ਕੁਝ ਰੁਪਏ ਦਿੱਤੇ ਜਾਂਦੇ ਹਨ । ਭਰਜਾਈਆਂ ਸੁਰਮਾ ਪਾਉਂਦੀਆਂ ਹਨ ਉਨ੍ਹਾਂ ਨੂੰ ਵਿਤ ਅਨੁਸਾਰ ਰੁਪਏ ਦਿੱਤੇ ਜਾਂਦੇ ਹਨ । ਮਗਰੋਂ ਭੈਣਾਂ ਗਾਨਾ ਬੰਨ੍ਹਦੀਆਂ ਹਨ ਅਤੇ ਸ਼ੀਸ਼ਾ ਵਿਖਾ ਕੇ ਸਿਹਰੇ ਨਾਲ ਮੂੰਹ ਢੱਕ ਦਿੰਦੀਆਂ ਹਨ।

ਜਦੋਂ ਬਰਾਤ ਤਿਆਰ ਹੋ ਜਾਂਦੀ ਹੈ ਤਾਂ ਮੁੰਡੇ ਤੋਂ ਕਿਸੇ ਪੂਜਨੀਕ ਥਾਂ ਮੰਦਰ ਜਾਂ ਗੁਰਦੁਆਰੇ ਮੱਥਾ ਟਿਕਾਇਆ ਜਾਂਦਾ ਹੈ। ਇਸ ਮੌਕੇ ਤੇ ਔਰਤਾਂ ਹੀ ਮੁੰਡੇ ਦੇ ਨਾਲ ਜਾਂਦੀਆਂ ਹਨ ਅਤੇ ਮੁੰਡੇ ਨੂੰ ਗੱਡੀ ਚੜ੍ਹਾਉਂਦੀਆਂ ਹਨ।

ਜਦੋਂ ਬਰਾਤ ਕੁੜੀ ਦੇ ਪਿੰਡ ਪਹੁੰਚ ਜਾਂਦੀ ਹੈ ਤਾਂ ਅਗੋਂ ਪਿੰਡ ਦੇ ਪਤਵੰਤੇ ਬਰਾਤ ਦਾ ਸਵਾਗਤ ਕਰਦੇ ਹਨ। ਬਰਾਤ ਨੂੰ ਉਸੇ ਵੇਲੇ ਡੇਰੇ ਜਾਂ ਕੁੜੀ ਵਾਲੇ ਦੇ ਘਰ ਲਿਜਾਇਆ ਜਾਂਦਾ ਹੈ ਅਤੇ ਚਾਹ ਪਾਣੀ ਨਾਲ ਸੇਵਾ ਕੀਤੀ ਜਾਂਦੀ ਹੈ। ਇਸ ਉਪਰੰਤ ਮਿਲਣੀ ਹੁੰਦੀ ਹੈ। ਮਿਲਣੀ ਕੁੜੀ ਵਾਲੇ ਦੇ ਬੂਹੇ ਅੱਗੇ ਕੀਤੀ ਜਾਂਦੀ ਹੈ। ਮਿਲਣੀ ਦੋਹਾਂ ਕੁੜਮਾਂ, ਚਾਚਿਆਂ, ਮਾਮਿਆਂ ਅਤੇ ਜੇ ਕਿਸੇ ਹੋਰ ਰਿਸ਼ਤੇਦਾਰ ਨੂੰ ਵਡਿਆਈ ਦੇਣੀ ਹੋਵੇ, ਤਾਂ ਉਨ੍ਹਾਂ ਦੇ ਵਿਚਕਾਰ ਹੁੰਦੀ ਹੈ।

ਮਿਲਣੀ ਤੋਂ ਕੁਝ ਚਿਰ ਮਗਰੋਂ ਮੁੰਡੇ ਵਾਲਿਆਂ ਨੂੰ ਫੇਰਿਆਂ ਜਾਂ ਆਨੰਦ ਕਾਰਜ ਉੱਤੇ ਬੁਲਾਇਆ ਜਾਂਦਾ ਹੈ। ਹਿੰਦੂ ਰੀਤੀ ਅਨੁਸਾਰ ਬ੍ਰਾਹਮਣ ਮੁੰਡੇ ਅਤੇ ਕੁੜੀ ਦੇ ਫੇਰੇ ਕਰਾਉਂਦਾ ਹੈਂ। ਜੇਕਰ ਸਿੱਖ ਮਰਯਾਦਾ ਅਨੁਸਾਰ ਅਨੰਦ ਕਾਰਜ ਹੋਣੇ ਹੋਣ ਤਾਂ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਲਗਦੀ ਹੈ, ਕੀਰਤਨ ਹੁੰਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮ ਲੈ ਕੇ ਅਨੰਦ ਕਾਰਜ ਕੀਤੇ ਜਾਂਦੇ ਹਨ। ਇਹ ਰਸਮ 10 ਤੋਂ 11 ਵਜੇ ਦੇ ਦਰਮਿਆਨ ਅਦਾ ਹੋ ਜਾਂਦੀ ਹੈ। ਫੇਰੇ ਜਾਂ ਅਨੰਦ ਕਾਰਜ ਦੀ ਰਸਮ ਉਪਰੰਤ ਮੁੰਡੇ ਵਾਲੇ ਡੇਰੇ ਚਲੇ ਜਾਂਦੇ ਹਨ। ਮੁੰਡੇ ਨੂੰ ਸਹੁਰਿਆਂ ਦੇ ਘਰ ਲਿਜਾਇਆ ਜਾਂਦਾ ਹੈ ਜਿਥੇ ਲੜਕੀ ਵਾਲਿਆਂ ਦੀਆਂ ਔਰਤਾਂ ਲੜਕੇ ਨੂੰ ਸ਼ਗਨ ਪਾਉਂਦੀਆਂ ਹਨ ਅਤੇ ਸਾਲੀਆਂ ਛੇੜਛਾੜ ਦੀ ਛਹਿਬਰ ਲਾਈ ਰੱਖਦੀਆਂ ਹਨ।

ਕੁਝ ਚਿਰ ਉਪਰੰਤ ਬਰਾਤ ਨੂੰ ਰੋਟੀ ਲਈ ਸਦਿਆ ਜਾਂਦਾ ਹੈ। ਇਸ ਸਮੇਂ ਔਰਤਾਂ ਸਿਠਣੀਆਂ ਦਿੰਦੀਆਂ ਹਨ ਜਿਸ ਵਿਚ ਮੁੰਡੇ ਵਾਲਿਆਂ ਨੂੰ ਜੀ ਭਰ ਕੇ ਪੁਟਿਆ ਜਾਂਦਾ ਹੈ ਅਤੇ ਕੁੜੀ ਵਾਲਿਆਂ ਦੀ ਹੱਦੋਂ ਵਧ ਪ੍ਰਸੰਸਾ ਕੀਤੀ ਜਾਂਦੀ ਹੈ। ਬਹੁਤੇ ਬਰਾਤੀ ਸ਼ਰਾਬੀ ਹੋਏ ਹੁੰਦੇ ਹਨ। ਸ਼ਰਾਬ ਤਾਂ ਹੁਣ ਇਕ ਜ਼ਰੂਰੀ ਰਸਮ ਵਾਂਗ ਲਗਭਗ ਵਿਆਹ ਦਾ ਹਿੱਸਾ ਬਣ ਗਈ ਹੈ। ਰੋਟੀ ਦੇ ਤੁਰੰਤ ਮਗਰੋਂ ਖੱਟ ਕੀਤੀ ਜਾਂਦੀ ਹੈ। ਲਗਭਗ ਸ਼ਾਮ ਦੇ 4 ਜਾਂ 5 ਵਜੇ ਬਰਾਤ ਵਿਦਾ ਕਰ ਦਿੱਤੀ ਜਾਂਦੀ ਹੈ। ਇਸ ਸਮੇਂ ਔਰਤਾਂ ਵਿਦਾਇਗੀ ਦੇ ਬੜੇ ਦਰਦ ਭਰੇ ਗੀਤ ਗਾਉਂਦੀਆਂ ਹਨ।

ਜਦੋਂ ਬਰਾਤ ਲੜਕੇ ਵਾਲੇ ਦੇ ਪਿੰਡ ਪਰਤ ਆਉਂਦੀ ਹੈ ਤਾਂ ਲੜਕੇ ਦੀ ਮਾਂ ਜਾਂ ਸੱਸ ਆਪਣੀ ਨੂੰਹ ਨੂੰ ਸ਼ਗਨਾਂ ਸਹਿਤ ਗੱਡੀ ਤੋਂ ਲਾਹੁੰਦੀ ਹੈ। ਇਸ ਉਪਰੰਤ ਕੁੜੀ-ਅਤੇ ਮੁੰਡੇ ਦਾ ਲੜ ਬੰਨ੍ਹ ਕੇ ਘਰ ਦੀਂ ਬਰੂਹਾ ਤਕ ਲੈ ਜਾਂਦੇ ਹਨ। ਇਥੇ ਸੱਸ ਤੇਲ ਚੋਂਦੀ ਹੈਲੜਕੇ ਦੀਆਂ ਭੈਣਾਂ ਬਾਰ ਰੋਕਦੀਆਂ ਹਨ ਅਤੇ ਲੜਕਾ ਭੈਣਾਂ ਨੂੰ ਬਾਰ ਰੁਕਾਈ ਦਿੰਦਾ ਹੈ। ਸੱਸ ਜਾਂ ਰਿਸ਼ਤੇਦਾਰਾਂ ਵਿਚੋਂ ਕੋਈ ਵਡੇਰੀ ਔਰਤ ਬਹੂ ਉਤੋਂ ਪਾਣੀ ਵਾਰ ਕੇ ਪੀਂਦੀ ਹੈ ਅਤੇ ਉਹ ਲੜਕੇ ਦੇ ਰੋਕਣ ‘ਤੇ ਹੀ ਪਾਣੀ ਪੀਣ ਤੋਂ ਰੁਕਦੀ ਹੈ। ਇਹ ਰਸਮ ਨੂੰਹ ਦੇ ਘਰ ਪੈਰ ਪਾਉਣ ਉੱਤੇ ਸੱਸ ਦੀ ਅਥਾਹ ਖੁਸ਼ੀ ਦਾ ਪ੍ਰਤੀਕ ਹੈ। ਫੇਰ ਮੁੰਡੇ ਤੇ ਕੁੜੀ ਨੂੰ ਚੌਕੀ ਉੱਤੇ ਚੜਾਇਆ ਜਾਂਦਾ ਹੈ ਤੇ ਵੇਖਿਆ ਜਾਂਦਾ ਹੈ ਕਿ ਕਿਹੜਾ ਪਹਿਲਾਂ ਉਤਰਦਾ ਹੋ ਹੈ। ਜੋੜੇ ਵਿਚੋਂ ਚੌਕੀ ਤੋਂ ਪਹਿਲਾਂ ਉਤਰਨ ਵਾਲੇ ਨੂੰ ਵਧੇਰੇ ਚੁਸਤ ਮੰਨਿਆ ਜਾਂਦਾ ਹੈ। ਫੇਰ ਬਹੂ ਘਰ ਦੇ ਅੰਦਰ ਚਲੀ ਜਾਂਦੀ ਹੈ ਜਿਥੇ ਉਸ ਨੂੰ ਮੂੰਹ ਵਿਖਾਈ ਪਾਈ ਜਾਂਦੀ ਹੈ। ਭਾਈਚਾਰੇ ਤੇ ਰਿਸ਼ਤੇਦਾਰਾਂ ਵਿਚੋਂ ਆਈ ਹਰੇਕ ਔਰਤ ਬਹੂ ਦਾ ਮੂੰਹ ਵੇਖਦੀ ਹੈ ਅਤੇ ਸ਼ਗਨ ਦਿੰਦੀ ਹੈ।

ਸੂਚਕ ਨੇ ਦਸਿਆ ਹੈ ਕਿ ਹੁਣ ਪਹਿਲਾਂ ਨਾਲੋਂ ਬਹੁਤ ਸਾਰੀਆਂ ਰਸਮਾਂ ਘੱਟ ਗਈਆਂ ਹਨ। ਸ਼ਾਇਦ ਇਸ ਦਾ ਕਾਰਨ ਜੀਵਨ ਦਾ ਰੁਝੇਵਾਂ ਅਤੇ ਸਮੇਂ ਦੀ ਥੁੜ੍ਹ ਹੈ। ਅੱਗੇ ਵਿਆਹ 11-12 ਸਾਲ ਦੀ ਉਮਰ ਵਿਚ ਕਰ ਦਿੱਤਾ ਜਾਂਦਾ ਸੀ ਤੇ ਕਈ ਕਈ ਸਾਲ ਮੁਕਲਾਵਾ ਨਹੀਂ ਸੀ ਦਿੱਤਾ ਜਾਂਦਾ। ਬਰਾਤ ਰੱਥ, ਗੱਡੇ, ਗੱਡੀਆਂ, ਊਠਾਂ ਤੇ ਘੋੜੀਆਂ ਤੇ ਜਾਂਦੀ ਸੀ। ਪਰ ਹੁਣ ਰਿਵਾਜ ਬਦਲ ਗਏ ਹਨ।

  1. ਚਾਦਰ ਪਾਉਣਾ

ਜਦੋਂ ਕੋਈ ਮੁਟਿਆਰ ਜਾਂ ਅੱਧਖੜ ਉਮਰ ਦੀ ਇਸਤਰੀ ਵਿਧਵਾ ਹੋ ਜਾਵੇ ਤਾਂ ਉਸਨੂੰ ਉਸਦੇ ਅਣਵਿਆਹੇ ਕਿਸੇ ਜੇਠ ਜਾਂ ਦਿਉਰ ਦੇ ਸਿਰ ਧਰ ਦਿੱਤਾ ਜਾਂਦਾ ਹੈ। ਵਿਧਵਾ ਨੂੰ ਰੰਗਦਾਰ ਚੁੰਨੀ ਪਹਿਨਾ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਉਸਨੂੰ ਮੁੜ ਪਤੀ ਵਾਲੀ ਬਣਾ ਦਿੱਤਾ ਜਾਂਦਾ ਹੈ।

  1. ਮਰਨ ਸਮੇਂ ਦੀਆਂ ਰਸਮਾਂ

ਜਦੋਂ ਇਹ ਵਿਸ਼ਵਾਸ ਹੋ ਜਾਵੇ ਕਿ ਹੁਣ ਕਿਸੇ ਵਿਅਕਤੀ ਦੀ ਆਖਰੀ ਘੜੀ ਆ ਗਈ ਹੈ ਤੇ ਭਾਣੇ ਨੇ ਟਲਣਾ ਨਹੀਂ ਤਾਂ ਸੰਸਾਰ ਯਾਤਰਾ ਸਮਾਪਤ ਕਰਕੇ ਜਾ ਰਹੇ ਵਿਅਕਤੀ ਦੇ ਮੂੰਹ ਵਿਚ ਗੰਗਾ ਜਲ ਜਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਦਾ ਜਲ . ਪਾਇਆ ਜਾਂਦਾ ਹੈ। ਇਸ ਉਪਰੰਤ ਉਸ ਨੂੰ ਭੁਏਂ ਲਾਹ ਲਿਆ ਜਾਂਦਾ ਹੈ। ਜਦੋਂ ਸਵਾਸ ਪੂਰੇ ਹੋ ਜਾਂਦੇ ਹਨ ਤਾਂ ਰੋਣ ਪਿਟਣ ਦੀਆਂ ਆਵਾਜ਼ਾਂ ਸੁਣ ਕੇ ਪਿੰਡ ਵਾਲੇ ਇਕੱਠੇ ਹੋ ਜਾਂਦੇ ਹਨ। ਪਿੰਡ ਤੋਂ ਬਾਹਰਲੇ ਸਕੇ ਸਬੰਧੀਆਂ ਨੂੰ ਆਦਮੀ ਭੇਜ ਕੇ ਸੱਦ ਲਿਆ ਜਾਂਦਾ ਹੈ ਤਾਂ ਜੋ ਅੰਤਮ ਵਾਰ ਮਿਰਤਕ ਦੇ ਦਰਸ਼ਨ ਕਰ ਲੈਣ।

ਗੁਰਦੁਆਰੇ ਤੋਂ ਲਕੜ ਦੀ ਬਣੀ ਹੋਈ ਸੀੜ੍ਹੀ ਲਿਆਈ ਜਾਂਦੀ ਹੈ। ਮ੍ਰਿਤਕ ਦੇ ਰਿਸ਼ਤੇਦਾਰ ਉਸਨੂੰ ਨੁਹਾਉਂਦੇ ਹਨ। ਦਹੀਂ ਨਾਲ ਉਸਨੂੰ ਪੂਰਨ ਤੌਰ ਤੇ ਇਸ਼ਨਾਨ ਕਰਾਇਆ ਜਾਂਦਾ ਹੈ। ਫੇਰ ਉਸਨੂੰ ਪੂਰੇ ਕਪੜੇ ਪਾ ਕੇ ਕਫਨ ਵਿਚ ਵਲ੍ਹੇਟ ਦਿੱਤਾ ਜਾਂਦਾ ਹੈ ਅਤੇ ਸੀੜ੍ਹੀ ਉੱਤੇ ਰੱਖ ਦਿੱਤਾ ਜਾਂਦਾ ਹੈ। ਸਤਿਕਾਰ ਵਜੋਂ ਜੇ ਕਿਸੇ ਨੇ ਦੁਸ਼ਾਲਾ ਆਦਿ ਪਾਉਣਾ ਹੋਵੇ, ਪਾ ਦਿੰਦਾ ਹੈ। ਨਜ਼ਦੀਕੀ ਰਿਸ਼ਤੇਦਾਰ ਕੰਧਾ ਦਿੰਦੇ ਹਨ। ਕੁਝ ਲੋਕ ਸ਼ਮਸ਼ਾਨ ਵਿਚ ਪਹਿਲਾਂ ਹੀ ਪਹੁੰਚ ਗਏ ਹੁੰਦੇ ਹਨ। ਉਨ੍ਹਾਂ ਨੇ ਲਕੜੀਆਂ ਆਦਿ ਦਾ ਪ੍ਰਬੰਧ ਕਰ ਲਿਆ ਹੁੰਦਾ ਹੈ। ਮਿਰਤਕ ਨੂੰ ਲਕੜੀਆਂ ਵਿਚਕਾਰ ਰੱਖ ਦਿੱਤਾ ਜਾਂਦਾ ਹੈ। ਮ੍ਰਿਤਕ ਦਾ ਵੱਡਾ ਲੜਕਾ ਲਾਂਬੂ ਲਾਉਂਦਾ ਹੈ। ਜੇਕਰ ਉਸ ਦਾ ਕੋਈ ਲੜਕਾ ਨਾ ਹੋਵੇ ਤਾਂ ਪਰਵਾਰ ਦਾ ਕੋਈ ਹੋਰ ਮੈਂਬਰ ਲਾਂਬੂ ਲਾਉਂਦਾ ਹੈ। ਲਾਂਬੂ ਲਾਉਣ ਉਪਰੰਤ ਰਾਮ ਨਾਮ ਦਾ ਭਜਨ ਕੀਤਾ ਜਾਂਦਾ ਹੈ ਜਾਂ ਸ਼ਬਦ ਕੀਰਤਨ ਕੀਤਾ ਜਾਂਦਾ ਹੈ। ਜਦੋਂ ਇਹ ਵੇਖ ਲਿਆ ਜਾਵੇ ਕਿ ਸਰੀਰ ਮੁਕੰਮਲ ਤੌਰ ਤੇ ਅਗਨ ਭੇਟਾ ਹੋ ਗਿਆ ਹੈ ਤਾਂ ਅਰਦਾਸ ਕਰਨ ਉਪਰੰਤ ਲੋਕ ਵਾਪਸ ਆ ਜਾਂਦੇ ਹਨਵਾਪਸ ਆਉਣ ਤੋਂ ਪਹਿਲਾਂ ਸਾਰੇ ਹੀ ਕੋਈ ਛੋਟੀ ਮੋਟੀ ਲੱਕੜ ਚੁੱਕ ਕੇ ਸਿਵੇ ਵਿਚ ਸੁੱਟਦੇ ਹਨ ਤੇ ਸਿਵਿਆਂ ਦੇ ਨੇੜੇ ਲਗੇ ਨਲਕੇ ਉਤੇ ਹੱਥ ਪੈਰ ਧੋ ਲੈਂਦੇ ਹਨ। ਸਿਵੇ ਉਤੇ ਦੋ ਕੁ ਆਦਮੀਆਂ ਦਾ ਪਹਿਰਾ ਲਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਵੇਖਦੇ ਰਹਿਣ ਕਿ ਸਰੀਰ ਬਿਲਕੁਲ ਫੂਕ ਗਿਆ ਹੈ ਅਤੇ ਲੋੜ ਪਵੇ ਤਾਂ ਲੱਕੜੀ ਆਦਿ ਹੋਰ ਪਾ ਦੇਣ। ਫੇਰ ਸਾਰੇ ਹੀ ਉਸੇ ਘਰ ਆ ਜਾਂਦੇ ਹਨ ਜਿਥੇ ਮੌਤ ਹੋਈ ਹੁੰਦੀ ਹੈ ਕੁਝ ਦੇਰ ਉਥੇ ਬੈਠ ਕੇ ਸਾਰੇ ਆਪੋ ਆਪਣੇ ਘਰੀਂ ਚਲੇ ਜਾਂਦੇ ਹਨ।

ਫੁੱਲ ਆਮ ਕਰਕੇ ਤੀਜੇ ਦਿਨ ਚੁੱਗੇ ਜਾਂਦੇ ਹਨ। ਪਰ ਜੇ ਤੀਜੇ ਦਿਨ ਸ਼ਨਿਚਰਵਾਰ 1 ਜਾਂ ਮੰਗਲਵਾਰ ਪੈਂਦਾ ਹੋਵੇ ਤਾਂ ਫੁੱਲ ਚੌਥੇ ਦਿਨ ਚੁੱਗੇ ਜਾਂਦੇ ਹਨ। ਸ਼ਮਸ਼ਾਨ ਭੂਮੀ ਵਿਚ ਜਾ ਕੇ ਰਾਖ ਫੋਲ ਕੇ ਮਿਰਤਕ ਦੇ ਫੂਕੇ ਹੋਏ ਹੱਡਾਂ ਨੂੰ ਚੁਗਿਆ ਅਤੇ ਕੱਚੇ ਦੁੱਧ ਦੀ ਲੱਸੀ ਨਾਲ ਧੋ ਕੇ ਉਨ੍ਹਾਂ ਨੂੰ ਇਕ ਲਾਲ ਕਪੜੇ ਦੀ ਥੈਲੀ ਵਿਚ ਪਾ ਲਿਆ ਜਾਂਦਾ ਹੈ। ਥੈਲੀ ਨੂੰ ਕਿਸੇ ਰੁੱਖ ਦੇ ਟਾਹਣ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਥੈਲੀ ਨੂੰ ਭੂਮੀ ਉੱਤੇ ਨਹੀਂ ਰੱਖਿਆ ਜਾਂਦਾ। ਕੁਝ ਵਿਅਕਤੀ ਇਨ੍ਹਾਂ ਫੁੱਲਾਂ ਨੂੰ ਕੀਰਤਪੁਰ ਲਿਜਾ ਕੇ ਜਲ ਪਰਵਾਹ ਕਰਦੇ ਹਨ। ਅਤੇ ਕੁਝ ਇਨ੍ਹਾਂ ਨੂੰ ਹਰਿਦਵਾਰ ਲਿਜਾ ਕੇ ਗੰਗਾ’ ਜੀ ਵਿਚ ਜਲ ਪਰਵਾਹ ਕਰਦੇ ਹਨ।

  1. ਹੰਗਾਮੇ ਦੀ ਰਸਮ

ਪਰਿਵਾਰ ਦੇ ਕਿਸੇ ਵਡੇਰੀ ਉਮਰ ਦੇ ਵਿਅਕਤੀ ਦੇ ਅਕਾਲ ਚਲਾਣਾ ਕਰਨ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਹੰਗਾਮਾ ਕੀਤਾ ਜਾਂਦਾ ਹੈ। ਕੁੜਮਾਂ ਅਤੇ ਸਕੇ ਸਬੰਧੀਆਂ ਨੂੰ ਸਮਾਗਮ ਉੱਤੇ ਸੱਦਿਆ ਜਾਂਦਾ ਹੈ। ਲੜਕੀਆਂ ਨੂੰ ਪਰਿਵਾਰ ਵਲੋਂ ਕਪੜੇ ਆਦਿ ਦਿੱਤੇ ਜਾਂਦੇ ਹਨ। ਲੜਕਿਆਂ ਨੂੰ ਸਹੁਰੇ ਆਪਣੀ ਪੁੱਗਤ ਅਨੁਸਾਰ ਆਪਣੀ ਲੜਕੀ ਅਤੇ ਜੁਆਈ ਲਈ ਕਪੜੇ ਅਤੇ ਗਹਿਣੇ ਲਿਆਉਂਦੇ ਹਨ। ਪਿੰਡਾਂ ਵਿਚੋਂ ਵੀ ਭਾਈਚਾਰੇ ਅਤੇ ਮਿੱਤਰਾਂ ਨੂੰ ਪਰੀਤੀ ਭੋਜਨ ਉੱਤੇ ਸੱਦਿਆ ਜਾਂਦਾ ਹੈ। ਰਿਸ਼ਤੇਦਾਰ ਰੁਪਏ ਤੇ ਪੱਗਾਂ ਦਿੰਦੇ ਹਨ। ਵਡੇਰੇ ਦੇ ਮੁੰਡਿਆਂ ਨੂੰ ਉਨ੍ਹਾਂ ਦੇ ਸਹੁਰੇ ਘਰੋਂ ਆਈਆਂ ਪੱਗਾਂ ਬੰਨ੍ਹੀਆਂ ਜਾਂਦੀਆਂ ਹਨ। ਰਿਸ਼ਤੇਦਾਰਾਂ ਨੂੰ ਵਾਪਸੀ ਉਤੇ ਮਿਠਾਈ ਆਦਿ ਦਿੱਤੀ ਜਾਂਦੀ ਹੈ।

ਹੋਰ ਸਥਾਨਕ ਰਸਮਾਂ (ਜਨੇਉ, ਮੁੰਡਣ, ਕੇਸ ਗੁੰਦਣਾ, ਨਾਂ ਰਖਾਉਣਾ ਆਦਿ)

ਮੁੰਡਨ ਜਾਂ ਝੰਡ ਉਤਾਰਨ ਦੀ ਰਸਮ

ਜਦੋਂ ਮੁੰਡਾ ਤਿੰਨ, ਪੰਜ ਜਾਂ ਸੱਤ ਸਾਲਾਂ ਦਾ ਹੋ ਜਾਵੇ ਤਾਂ ਮੁੰਡਨ ਦੀ ਰਸਮ ਕੀਤੀ ਜਾਂਦੀ ਹੈ ਜਿਸ ਨੂੰ ਝੰਡ ਉਤਾਰਨ ਦੀ ਰਸਮ ਵੀ ਆਖਦੇ ਹਨ। ਇਸ ਮੌਕੇ ਉੱਤੇ ਕੱਪੜੇ ਆਮ ਕਰਕੇ ਨਾਨਕਿਆਂ ਦੇ ਪਾਏ ਜਾਂਦੇ ਹਨ। ਇਸ ਰਸਮ ਤੋਂ ਪਹਿਲਾਂ ਬੱਚੇ ਦੇ ਬਾਲ ਸੁੱਚੇ ਮੰਨੇ ਜਾਂਦੇ ਹਨ ਤੇ ਕੱਟੇ ਨਹੀਂ ਜਾਂਦੇ ਅਤੇ ਉਸਤਰਾ ਬਿਲਕੁਲ ਨਹੀਂ ਲਾਇਆ ਜਾਂਦਾ। ਮੁੰਡੇ ਨੂੰ ਮਨਸਾ ਦੇਵੀ ਦੇ ਮੇਲੇ ਉੱਤੇ ਲਿਜਾਇਆ ਜਾਂਦਾ ਹੈ। ਦੇਵੀ ਦੇ ਸਥਾਨ ਤੇ ਪਹੁੰਚ ਕੇ ਉਹਦੇ ਵਾਲ ਕਟਵਾ ਦਿੱਤੇ ਜਾਂਦੇ ਹਨ ਤੇ ਉਹਨੂੰ ਦਹੀਂ ਨਾਲ ਨੁਹਾਇਆ ਜਾਂਦਾ ਹੈ। ਦੇਵੀ ਦੀ ਚੜ੍ਹਾਈ ਕਰਵਾ ਕੇ ਤੇ ਮੱਥਾ ਟੇਕ ਕੇ ਘਰ ਪਰਤ ਆਉਂਦੇ ਹਨ।

ਲੋਕ ਕਹਾਣੀਆਂ, ਸਥਾਨਕ ਕਹਾਣੀਆਂ ਜਾਂ ਸਾਖੀਆਂ

ਗੁੱਗੇ ਦੀ ਮਾੜੀ ਬਾਰੇ ਪ੍ਰਚਲਤ ਰਵਾਇਤਾਂ :

1) ਗੁੱਗੇ ਦੀ ਮਾੜੀ ਬਾਰੇ ਕਈ ਰਵਾਇਤਾਂ ਪ੍ਰਚਲਿਤ ਹਨ:

ਸ੍ਰੀ ਹਰਿਭਗਵਾਨ ਦਾਸ ਪੰਡਿਤ ਜੋ ਕਿ ਪੜ੍ਹੇ ਲਿਖੇ ਹਨ। ਗੁੱਗੇ ਦੀ ਮਾੜੀ ਬਾਰੇ ਪ੍ਰਚਲਤ ਰਵਾਇਤ ਦੱਸੀ ਕਿ ਸ਼ੁਰੂ ਵਿਚ ਇਕ ਸਾਧ ਨੇ ਇਥੇ ਇਕ ਕਿੱਲੀ ਗੱਡੀ। ਉਹ ਕਿੱਲੀ ਸ਼ੇਸ਼ ਨਾਗ ਦੇ ਸਿਰ ਉੱਤੇ ਗੱਡੀ ਗਈ। ਜਦੋਂ ਕਿਸੇ ਵਿਅਕਤੀ ਨੇ ਉਸਨੂੰ ਕਢਿਆ ਤਾਂ ਉਸ ਉੱਤੇ ਖੂਨ ਦੇ ਨਿਸ਼ਾਨ ਸਨ ਜਿਸ ਕਰਕੇ ਫਕੀਰ ਨੇ ਉਸ ਵਿਅਕਤੀ ਨੂੰ ਕਿਹਾ ਕਿ ਉਸਨੇ ਕਿੱਲੀ ਕੱਢ ਕੇ ਬੁਰੀ ਗੱਲ ਕੀਤੀ ਹੈ। ਇਸ ਥਾਂ ਤੇ ਸ਼ਹਿਰ ਵਸਣਾ ਸੀ। ਹੁਣ ਇਹ ਸ਼ਹਿਰ ਵਸਿਆ ਕਰੇਗਾ ਪਰ ਉਜੜ ਜਾਵੇਗਾ। ਹੁਣ ਮੇਲੇ ਵਾਲੇ ਦਿਨਾਂ ਵਿਚ ਪੰਜ ਦਿਨਾਂ ਲਈ ਪੂਰਾ ਸ਼ਹਿਰ ਵਸਦਾ ਹੈ ਤੇ ਫਿਰ ਉਜੜ ਜਾਂਦਾ ਹੈ।

ਸਭ ਤੋਂ ਬਿਰਧ ਵਿਅਕਤੀ ਸ. ਭਗਤ ਸਿੰਘ ਨੇ ਦਸਿਆ ਕਿ ਇਥੇ ਹੱਲ ਚਲਦਾ ਸੀ ਤੇ ਇਕ ਆਦਮੀ ਹਲ ਚੁੱਕ ਕੇ ਚਲਾ ਗਿਆ। ਉਹ ਅੰਨ੍ਹਾ ਹੋ ਗਿਆ ਤੇ ਮੁੜ ਜਦੋਂ ਹਲ ਛਡ ਗਿਆ ਤਾਂ ਠੀਕ ਹੋ ਗਿਆ। ਗੱਲ ਜ਼ਾਹਰ ਹੋ ਗਈ। ਉਸਨੇ ਵੇਖ ਕੇ ਕਿ ਜਗ੍ਹਾ ਕਰਨੀ ਵਾਲੀ ਹੈ ਮਾੜੀ ਨੂੰ ਮੁੜ ਬਣਾਇਆ।

ਇਕ ਹੋਰ ਰਵਾਇਤ ਇਸ ਤਰ੍ਹਾਂ ਹੈ ਕਿ ਗੁੱਗਾ ਪੀਰ ਇਕ ਵੇਰ ਘੋੜੇ ਤੇ ਚੜ੍ਹ ਕੇ ਜਾ ਰਹੇ ਸਨ ਤਾਂ ਸੇਖੋਂ ਜਾਤ ਦੇ ਦੋ ਜੱਟਾਂ ਜਨ ਤੇ ਸੁਰਜਨ ਨੇ ਉਨ੍ਹਾਂ ਦੀ ਲਗਾਮ ਫੜ ਲਈ ਤੇ ਕਿਹਾ ਕਿ ਤੁਸੀਂ ਬੜੇ ਕਰਾਮਾਤੀ ਪੀਰ ਜਾਪਦੇ ਹੋ ਸਾਨੂੰ ਕੁਝ ਵਰ ਦੇ ਕੇ ਜਾਵੇ। ਉਨ੍ਹਾਂ ਕਿਹਾ ਕਿ ਕਲਜੁਗ ਵਿਚ ਸਾਡਾ ਵਾਸਾ ਨਹੀਂ ਪਰ ਉਨ੍ਹਾਂ ਨੇ ਫਿਰ ਜ਼ਿਦ ਕੀਤੀ ਤਾਂ ਆਪ ਨੇ ਕਿਹਾ ਹੈ ਕਿ ਇਸ ਥਾਂ ਉਤੇ ਅਨੰਤ ਚੌਦਸ਼ ਨੂੰ ਮੇਲਾ ਭਰਿਆ ਕਰੇਗਾ ਤੇ ਲੋਕੀ ‘ਬੜੇ ਦੂਰ ਦੂਰ ਤੋਂ ਮੰਨਤਾਂ ਮੰਨਣ ਲਈ ਆਇਆ ਕਰਨਗੇ। ਉਨ੍ਹਾਂ ਫਿਰ ਪੁਛਿਆ ਕਿ ਇਸ ਸਮੇਂ ਜੋ ਚੜਾਵਾ ਚੜੇਗਾ ਉਹ ਕੌਣ ਲਵੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਸੇਖੋਂ ਗੋਤ ਦੇ ਪ੍ਰੋਹਿਤ ਬ੍ਰਾਹਮਣ।

ਇਹੀ ਕਾਰਨ ਹੈ ਕਿ ਇਥੋਂ ਦੀ ਆਮਦਨ ਸੇਖੋਂ ਗੋਤ ਦੇ ਪ੍ਰੋਹਿਤਾਂ ਵਿਚ ਵੰਡੀ ਜਾਂਦੀ ਹੈ।

ਮਾੜੀ ਪਹਿਲਾਂ ਛੋਟੀ ਇੱਟ ਦੀ ਸੀ। ਇਹ ਕਦੋਂ ਬਣੀ ਇਸ ਬਾਰੇ ਪਤਾ ਨਹੀਂ ਪ੍ਰੰਤੂ ਨਵੀਂ ਉਸਾਰੀ ਸੰਮਤ 1988 ਬਿਕਰਮੀ ਵਿਚ ਪੰਡਿਤ ਸ਼ਰਨਾ ਰਾਮ ਤੇ ਮਾਧੋ ਰਾਮ ਦੇ ਉਦਮ ਨਾਲ ਦੁਬਾਰਾ ਹੋਈ। ਮਾੜੀ ਦੇ ਬਾਹਰ ਉਨ੍ਹਾਂ ਦੇ ਨਾਂ ਦੀ ਪੜੀ ਲਗੀ ਹੋਈ ਹੈ। ਇਸ ਦੀ ਨੀਂਹ ਰੱਖਣ ਲਈ ਪੱਥਰ ਬੀਕਾਨੇਰ ਤੋਂ ਲਿਆਂਦਾ ਗਿਆ ਜਿਥੇ ਕਿ ਗੁੱਗੇ ਪੀਰ ਦਾ ਮੁੱਖ ਸਥਾਨ ਹੈ।

87 ਸਾਲ ਦੇ ਇਕ ਬਿਰਧ ਸੰਤਾ ਸਿੰਘ ਨੇ ਦਸਿਆ ਕਿ ਇਥੇ ਬੁੱਢੀਆਂ ਮੱਥਾ ਟੇਕ ਰਹੀਆਂ ਸਨ ਤਾਂ ਸੇਖੋਂ ਗੋਤ ਦਾ ਇਕ ਵਿਅਕਤੀ ਲੰਘਿਆ। ਉਸ ਪੁਛਿਆ ਮੱਥਾ ਕਿਉਂ ਟੇਕਦੇ ਹੋ ਤਾਂ ਉਸ ਕਿਹਾ ਕਿ ਮੰਨਤ ਪੂਰੀ ਹੁੰਦੀ ਹੈ। ਉਸ ਨੇ ਮਾੜੀ ਪਾ ਦਿੱਤੀ।

2) ਗੁੱਗੇ ਪੀਰ ਬਾਰੇ ਹੋਰ ਕਥਾਵਾਂ

ਗੁੱਗੇ ਪੀਰ ਦੀਆਂ ਕਈ ਕਰਾਮਾਤਾਂ ਪ੍ਰਚਲਤ ਹਨ। ਇਕ ਗੱਲ ਜੋ ਨਵੀਨਤਮ ਹੈ ਅਤੇ ਸਾਢੇ ਤਿੰਨ ਮਹੀਨੇ ਹੋਏ ਬੀਤੀ ਹੈ ਅਤੇ ਪੁਜਾਰੀ ਸ੍ਰੀ ਹਰਿਭਗਵਾਨ ਜੀ ਦੇ ਸਾਹਮਣੇ ਹੋਈ ਹੈ, ਉਹ ਇਸ ਪ੍ਰਕਾਰ ਹੈ,ਉਹ ਦਸਦੇ ਹਨ:-

ਇਕ ਲੜਕੀ ਨੇ ਲਾਪਰਵਾਹੀ ਜਹੀ ਵਰਤੀ ਤਾਂ ਬਾਬੇ (ਸੱਪ) ਨੇ ਮੂੰਹ ਲਾ ਦਿੱਤਾ। ਜ਼ਹਿਰ ਸਾਰੇ ਸਰੀਰ ਵਿਚ ਫੈਲ ਗਈ। ਬਹੁਤ ਸਾਰੀਆਂ ਥਾਵਾਂ ਤੋਂ ਇਲਾਜ ਕਰਵਾਇਆ, ਕੋਈ ਅਸਰ ਨਾ ਹੋਇਆ। ਬਾਂਹ ਦੀ ਹਾਲਤ ਇਤਨੀ ਖਰਾਬ ਸੀ ਕਿ ਜੇ ਉਹ ਹਸਪਤਾਲ ਗਈ ਤਾਂ ਬਾਂਹ ਕੱਟ ਦਿੱਤੀ ਜਾਵੇਗੀ। ਫੇਰ ਕੁਝ ਦਿਨ ਮਗਰੋਂ ਮਾੜੀ ਤੇ ਆਈ। ਉਸ ਨੂੰ ਸਲਾਹ ਦਿੱਤੀ ਗਈ ਕਿ ਉਹ ਮਾੜੀ ਤੇ ਦੇਸੀ ਘਿਓ ਦਾ ਧੂਪ ਧੁਖਾਵੇ। ਇਸ ਤਰ੍ਹਾਂ ਕਰਨ ਨਾਲ ਉਸ ਦੇ ਸਰੀਰ ਤੇ ਮਨ ਨੂੰ ਸ਼ਾਂਤੀ ਮਿਲੇਗੀ। ਉਸਨੇ ਇਸੇ ਤਰ੍ਹਾਂ ਕੀਤਾ। ਰਾਤ ਭਰ ਉਹ ਮੰਦਰ ਵਿਚ ਰਹੀ ਤੇ ਸਵੇਰ ਹੁੰਦਿਆਂ ਹੀ ਬਾਜੂ ਵਿਚੋਂ ਜ਼ਹਿਰ ਆਪਣੇ ਆਪ ਖਾਰਜ ਹੋਣ ਲਗ ਪਿਆ। ਕੁਝ ਦਿਨ ਬਾਦ ਉਹ ਬਿਲਕੁਲ ਠੀਕ ਹੋ ਗਈ। ਉਸਨੇ ਸ਼ੁਕਰਾਨੇ ਵਜੋਂ ਲੋਕ ਸੇਵਾ ਲਈ ਇਥੇ ਇਕ ਨਲਕਾ ਲਵਾਇਆ। ਮਾੜੀ ਤੇ ਕੋਈ ਮੰਤਰ ਨਹੀਂ ਹੁੰਦਾ। ਕੋਈ ਟੂਣਾ ਨਹੀਂ ਹੁੰਦਾ ਕੇਵਲ ਸ਼ਰਧਾ ਨਾਲ ਆਸਾਂ ਪੂਰੀਆਂ ਹੁੰਦੀਆਂ ਹਨ।

3) ਪਿੰਡ ਰਛੀਨ ਦੇ ਉਜੜਨ ਤੇ ਮੁੜ ਵਸਣ ਦੀ ਕਥਾ

ਅਕਬਰ ਦੇ ਸਮੇਂ ਵਿਚ ਪਿੰਡ ਵਸਦਾ ਸੀ। ਇਥੋਂ ਦੇ ਇਕ ਬੰਦੇ ਨੇ ਰੋਹੀੜੇ ਦੇ ਫੌਜੀ ਅਫ਼ਸਰ ਨੂੰ ਰਿਸ਼ਤਾ ਕਰ ਦਿੱਤਾ। ਬਰਾਤ ਦੇ ਆਉਣ ਤੇ ਉਸ ਨੇ ਸੋਨੇ ਦੇ ਡੋਲ ਅਤੇ ਚਾਂਦੀ ਦੀ ਲੱਜ ਪਿੰਡ ਦੇ ਖੂਹ ਤੇ ਲਾ ਦਿੱਤੇ ਤਾਂ ਜੋ ਉਸ ਦੀ ਅਮੀਰੀ ਅਤੇ ਸ਼ਾਨ ਦਾ ਪ੍ਰਭਾਵ ਬਰਾਤੀਆਂ ਅਤੇ ਸਥਾਨਕ ਲੋਕਾਂ ਤੇ ਪੈ ਸਕੇ। ਪਿੰਡ ਦਾ ਇਕ ਭਾਗ ਇਸ ਵਾਧੂ ਖਰਚ ਦੇ ਵਿਰੁਧ ਸੀ। ਬਰਾਤ ਦੇ ਆਉਣ ਤੇ ਪਿੰਡ ਵਾਸੀਆਂ ਦੀ ਆਪਸ ਵਿਚ ਟੱਕਰ ਹੋ ਗਈ। ਬਰਾਤ ਉਸੇ ਦਿਨ ਵਿਦਾ ਹੋ ਗਈ। ਉਸ ਫੌਜੀ ਅਫ਼ਸਰ ਨੇ ਰੋਹੀੜੇ ਤੋਂ ਫੌਜ ਭੇਜ ਦਿੱਤੀ। ਬਹੁਤੇ ਲੋਕੀਂ ਮਾਰੇ ਗਏ ਅਤੇ ਕੁਝ ਭੱਜ ਗਏ।

ਬ੍ਰਹਮਪੁਰ ਪਿੰਡ ਦੀ ਇਕ ਧੀ ਇਸ ਪਿੰਡ ਵਿਚ ਵਿਆਹੀ ਹੋਈ ਸੀ। ਉਸ ਦਾ ਨਾਂ ਰੇਸ਼ਾ ਸੀ। ਉਹ ਮੁਕਲਾਵੇ ਤੋਂ ਬਾਦ ਇਕ ਦਿਨ ਹੀ ਇਸ ਪਿੰਡ ਵਿਚ ਰਹੀ ਸੀ। ਉਹ ਪਿੰਡ ਵਿਚ ਆ ਗਈ। ਉਸਦੇ ਸਹੁਰੇ ਘਰ ਦੇ ਕਿਸੇ ਬੰਦੇ ਦੀ ਲੋਥ ਨਾ ਮਿਲੀ। ਉਹ ਉਜੜੇ ਪਏ ਸਹੁਰੇ ਘਰ ਵਿਚ ਜਾ ਕੇ ਰੋਣ ਲਗ ਪਈ। ਉਸ ਨੂੰ ਪਾਥੀਆਂ ਵਿਚੋਂ ਕਿਸੇ ਬੱਚੇ ਦੀ ਆਵਾਜ਼ ਆਈ। ਪਾਥੀਆਂ ਫਰੋਲਣ ਤੇ ਇਕ ਘੜੇ ਵਿਚੋਂ ਬੱਚਾ ਨਿਕਲਿਆ ਜੋ ਉਸ ਦਾ ਦੇਵਰ ਸੀ। ਉਸ ਬੱਚੇ ਨੂੰ ਉਹ ਆਪਣੇ ਪੇਕੇ ਘਰ ਲੈ ਗਈ ਅਤੇ ਦਸਿਆ ਕਿ ਇਹ ਬੱਚਾ ਢੱਕੀ ਵਿਚੋਂ ਮਿਲਿਆ ਹੈ।

ਰੇਸ਼ਾ ਨੇ ਉਸ ਬੱਚੇ ਨੂੰ ਪਾਲ ਲਿਆ। ਉਹ ਜਵਾਨ ਹੋ ਗਿਆ। ਬ੍ਰਹਮਪੁਰ ਵਾਲਿਆਂ ਨੇ ਜ਼ਮੀਨ ਵਾਹੁਣੀ ਆਰੰਭ ਕੀਤੀ। ਰੇਸ਼ਾ ਨੇ ਵਿਰੋਧ ਕੀਤਾ ਅਤੇ ਸਾਰਾ ਭੇਤ ਦੱਸ ਦਿੱਤਾ। ਉਹ ਆਪਣੇ ਦੇਵਰ ਨਾਲ ਉਜੜੇ ਪਿੰਡ ਵਿਚ ਆ ਵੱਸੀ। ਉਸ ਦੇ ਨਾਂ ਤੇ ਹੀ ਪਿੰਡ ਦਾ ਨਾਂ ਰਛੀਨ ਪੈ ਗਿਆ। ਦਸਦੇ ਹਨ ਕਿ ਇਸ ਪਿੰਡ ਵਾਲੇ ਹੁਣ ਵੀ ਬ੍ਰਹਮਪੁਰ ਨੂੰ ਆਪਣਾ ਨਾਨਕਾ ਪਿੰਡ ਮੰਨਦੇ ਹਨ ਅਤੇ ਦੋਹਾਂ ਪਿੰਡਾਂ ਵਿਚ ਆਪਸੀ ਰਿਸ਼ਤੇ ਕਰਨ ਦਾ ਰਿਵਾਜ ਨਹੀਂ

ਪਿੰਡ ਵਿਚੋਂ ਪ੍ਰਾਪਤ ਹੋਰ ਸਮੱਗਰੀ ਜਾਂ ਸੂਚਨਾ

1) ਪੁਰਾਤਨ ਬੇਹ ਤੇ ਉਸ ਵਿਚੋਂ ਨਿਕਲੀਆਂ ਵਸਤੂਆਂ

ਮਾੜੀ ਨੂੰ ਜਾਂਦਿਆਂ ਸਮਾਧ ਬਾਬਾ ਜੀਊਣ ਦਾਸ ਦੇ ਪਾਸ ਇਕ ਬਹੁਤ ਵੱਡਾ ਥੇਹ ਹੈ। ਸਮਾਧ ਬਾਬਾ ਜੀਉਣ ਦਾਸ ਦੇ ਡੇਰੇ ਤੇ ਬੈਠੇ ਬਾਬਾ ਭਗਵਾਨ ਦਾਸ ਬ੍ਰਹਮਚਾਰੀ ਪਾਸ ਥੇਹ ਵਿਚੋਂ ਨਿਕਲੀਆਂ ਕੁਝ ਵਸਤੂਆਂ ਪਈਆਂ ਹਨ ਜੋ ਇਸ ਪ੍ਰਕਾਰ ਹਨ:-

1) ਕੁੱਜਾ

2) ਹਾਕੀ

3) ਧੂਪਦਾਨੀ

4) ਪਿਆਲਾ

5) ਢੱਕਣ

6) ਹੱਥ ਦੇ ਕੰਙਣ ਟੁਟੇ ਹੋਏ

7) ਕੌੜੀਆਂ ਪੱਥਰ ਮੋਤੀ ਤਾਵੀਜ਼ ਆਦਿ।

ਭਗਵਾਨ ਦਾਸ ਦੇ ਕਥਨ ਅਨੁਸਾਰ ਕੁਝ ਪੁਰਾਤਨ ਸਿੱਕੇ ਵੀ ਪਰਾਪਤ ਹੋਏ ਸਨ। ਜੋ ਸ: ਹਰਨਾਮ ਸਿੰਘ ਚਮਕ ਇਹ ਕਹਿ ਕੇ ਲੈ ਗਏ ਸਨ ਕਿ ਇਹ ਅਜਾਇਬ ਘਰ ਵਿਚ ਰੱਖੇ ਜਾਣਗੇ। ਥੇਹ 3500 ਸਾਲ ਪੁਰਾਣਾ ਦਸਿਆ ਜਾਂਦਾ ਹੈ।

2) ਪੁਰਾਤਨ ਖੂਹ

ਸਮਾਧ ਬਾਬ ਜੀਉਣ ਦਾਸ ਦੇ ਨੇੜੇ ਅਤੇ ਪੁਰਾਤਨ ਥੇਹ ਦੇ ਪਾਸ ਇਕ ਛੋਟੀਆਂ ਇੱਟਾਂ ਦਾ ਟੁੱਟਾ-ਭੱਜਾ ਪੁਰਾਤਨ ਖੂਹ ਹੈ। ਇਸ ਵਿਚ ਇਕ ਪੁਰਾਤਨ ਪੜ੍ਹੀ ਲਗੀ ਹੋਈ ਹੈ ਜਿਸ ਉੱਤੇ ਕੁਝ ਲਿਖਿਆ ਹੋਇਆ ਹੈ। ਇਹ ਪੜ੍ਹੀ ਖੂਹ ਦੇ ਅੰਦਰ ਲਗੀ ਹੋਣ ਕਾਰਨ ਇਸ ਉੱਤੇ ਕੀ ਲਿਖਿਆ ਹੋਇਆ ਹੈ, ਪੜ੍ਹਿਆ ਨਹੀਂ ਜਾ ਸਕਿਆ।

 

Credit – ਭਾਸ਼ਾ ਵਿਭਾਗ ਪੰਜਾਬ

Leave a Comment

error: Content is protected !!