ਛੋਟੀ ਮਾਨਸਾ
ਤਹਿਸੀਲ ਮਾਨਸਾ ਦਾ ਇਹ ਪਿੰਡ ਛੋਟੀ ਮਾਨਸਾ ਜਿਸ ਨੂੰ ਮਾਨਸਾ ਖੁਰਦ ਵੀ ਕਹਿੰਦੇ ਹਨ ਮਾਨਸਾ ਬਠਿੰਡਾ ਸੜਕ ਤੋਂ 3 ਕਿਲੋਮੀਟਰ ਦੇ ਫਾਸਲੇ ‘ਤੇ ਹੈ ਅਤੇ ਮਾਨਸਾ ਤੋਂ 2 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਛੋਟੀ ਮਾਨਸਾ ਨੂੰ ਭੀਖੀ ਦੇ ਚੈਹਲ ਰਾਜੇ ਗੈਂਡੇ ਦੇ ਭਾਣਜੇ ਧਰਮੂ ਨੇ ਵਸਾਇਆ ਸੀ। ਇੱਕ ਦੰਦ ਕਥਾ ਅਨੁਸਾਰ ਪੌਣੇ ਚਾਰ ਸੌ ਸਾਲ ਪਹਿਲਾ ਭੀਖੀ ਦੇ ਚੈਹਲ ਰਾਜੇ ਗੈਂਡੇ ਦੇ ਨੇੜੇ ਦੀ ਰਿਸ਼ਤੇਦਾਰ ਬੀਬੀ ਸੰਤੋ ਕਿਸੇ ਕਾਰਨ ਤਲਵੰਡੀ ਸਾਬੋ ਦੇ ਸਿੱਧੂ ਰਾਜੇ ਵਲੋਂ ਆਪਣੇ ਪਿੰਡ ਜੋਧਪੁਰ ਵਿਖੇ ਸਾਰੀ ਜਾਇਦਾਦ ਜ਼ਬਤ ਕਰਵਾ ਕੇ ਅਤੇ ਉੱਜੜ ਕੇ ਭੀਖੀ ਪਿੰਡ ਜਾ ਰਹੀ ਸੀ ਤੇ ਮਾਨਸਾ ਕੋਲ ਉਨ੍ਹਾਂ ਦੇ ਗੱਡੇ ਦੀ ਧੁਰ ਟੁੱਟ ਗਈ। ਉਸ ਜੰਗਲ ਵਿੱਚ ਭਾਈ ਗੁਰਦਾਸ ਦੇ ਨਾਂ ਨਾਲ ਪ੍ਰਸਿੱਧ ਸੰਤ ਚੂਹੜ ਸਿੰਘ ਨੇ ਉਨ੍ਹਾਂ ਨੂੰ ਉੱਥੇ ਹੀ ਵੱਸਣ ਦੀ ਸਲਾਹ ਦਿੱਤੀ। ਕਾਫੀ ਵਾਰੀ ਮੋੜ੍ਹੀ ਗੱਡੀ ਪਰ ਹਰ ਵਾਰੀ ਉੱਥੋਂ ਦੇ ਵਸਨੀਕ ਮੋੜ੍ਹੀ ਪੁੱਟ ਦੇਂਦੇ। ਇਸ ਸੰਤ ਦੀ ਕਿਰਪਾ ਨਾਲ ਫੇਰ ਮੋੜ੍ਹੀ ਗੱਡੀ ਗਈ ਤੇ ਪਿੰਡ ਵੱਸਿਆ। ਇਹ ਪਰਿਵਾਰ ਹੁਣ ਤੱਕ ਬਾਬੇ ਭਾਈ ਗੁਰਦਾਸ (ਚੂਹੜ ਸਿੰਘ) ਦੀ ਪੂਰੀ ਮਾਨਤਾ ਕਰਦਾ ਹੈ। ਮਾਨਸਾ ਦੇ ਕੋਲ ਹੋਣ ਕਰਕੇ ‘ਛੋਟੀ ਮਾਨਸਾ’ ਜਾਂ ‘ਮਾਨਸਾ ਖੁਰਦ’ ਨਾਂ ਪੈ ਗਿਆ।
ਇੱਕ ਵਾਰੀ ਮੁਗਲ ਬਾਦਸ਼ਾਹ ਕੋਲ ਟੈਕਸ ਦੇਣ ਲਈ ਅਨਾਜ ਦੇ ਭਰੇ ਗੱਡੇ ਦਿੱਲੀ ਜਾ ਰਹੇ ਸਨ ਤੇ ਕਿਸੇ ਹੋਰ ਥਾਂ ਤੇ ਵਸਨੀਕਾਂ ਦਾ ਮਿਥੇ ਟੈਕਸ ਦੇ ਹਿਸਾਬ ਜਿਨਸ ਘੱਟ ਸੀ ਤੇ ਇਸ ਖਾਨਦਾਨ ਦੇ ਵਡੇਰਿਆਂ ਨੇ ਆਪਣੀ ਜਿਨਸ ਦੇ ਕੇ ਉਨ੍ਹਾਂ ਨੂੰ ਕੈਦ ਹੋਣ ਤੋਂ ਛੁਡਾਇਆ। ਇਸ ਲਈ ਬਾਦਸ਼ਾਹ ਅਕਬਰ ਨੇ ਇਨ੍ਹਾਂ ਨੂੰ ‘ਸ਼ਾਹ’ ਦੇ ਖਿਤਾਬ ਨਾਲ ਨਿਵਾਜਿਆ। ਮਾਨਸੇ ਵੱਸਣ ਕਰਕੇ ਇਹ ‘ਮਾਨਸ਼ਾਹੀਏ’ ਅਖਵਾਉਣ ਲੱਗ ਪਏ।
ਜਦੋਂ 1857 ਵਿੱਚ ਅਜ਼ਾਦੀ ਦੀ ਪਹਿਲੀ ਜੰਗ ਹੋਈ ਤਾਂ ਉਸ ਨੂੰ ਕੁਚਲਣ ਲਈ ਬਘੇਲ ਸਿੰਘ ਦੀ ਕਮਾਂਡ ਹੇਠ ਰਿਆਸਤ ਜੀਂਦ ਦਾ ਭਤੀਜਾ ਪੰਜਾਬ ਸਿੰਘ ਵੀ ਸੀ। ਅੰਬਾਲਾ ਵਿਖੇ ਸੁਤੰਤਰਤਾ ਸੰਗਰਾਮੀਆਂ ਨੂੰ ਕੁਚਲਣ ਉਪਰੰਤ ਜਦੋਂ ਉਹ ਦਿੱਲੀ ਗਿਆ ਤਾਂ ਸੀਸ ਗੰਜ ਗੁਰਦੁਆਰੇ ਦੇ ਸਿੰਘਾਂ ਨੇ ਸੀਸ ਗੰਜ ਵਿੱਚੋਂ ਮਸੀਤ ਹਟਵਾਉਣ ਲਈ ਬੇਨਤੀ ਕੀਤੀ। ਪੰਜਾਬ ਸਿੰਘ ਨੇ ਅੰਗਰੇਜ਼ਾਂ ਤੋਂ ਆਗਿਆ ਲੈ ਕੇ ਤੋਪਾਂ ਨਾਲ ਮਸੀਤ ਢਾਹ ਦਿੱਤੀ। ਇਸ ਢਹਾਈ ਵਿੱਚ ਵਰਤਿਆ ਪਹਿਲਾ ਤੋਪ ਦਾ ਗੋਲਾ ਇਸ ਪਿੰਡ ਦੇ ਗੁਰਦੁਆਰੇ ਦੇ ਕਲਸ ਉਪਰ ਸਜਾਇਆ ਹੋਇਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ