ਜਤੌਲੀ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਜਤੌਲੀ ਨੂਰਪੁਰ ਬੇਦੀ – ਗੜ੍ਹ ਸ਼ੰਕਰ ਸੜਕ ਤੋਂ 2 ਕਿਲੋਮੀਟਰ ਅਤੇ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ 18 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਜਤੌਲੀ ਪਿੰਡ ਇੱਕ ਚੋਏ ਦੇ ਦੋ ਕਿਨਾਰਿਆਂ ‘ਤੇ ਆਬਾਦ ਹੈ। ਇਸ ਪਿੰਡ ਦਾ ਪਹਿਲਾ ਨਾਂ ਮਨਕੌਲੀ ਹੁੰਦਾ ਸੀ। ਅਨੰਦਪੁਰ ਦੀ ਦੂਜੀ ਲੜਾਈ ਸਮੇਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਤੋਂ ਨਿਰਮੋਹਗੜ੍ਹ ਆ ਗਏ। ਉੱਥੇ ਦਰਿਆ ਸਤਲੁਜ ਟੱਪ ਕੇ ਬਸਾਲੀ ਪਹੁੰਚੇ ਜਿੱਥੇ ਮੁਗ਼ਲ ਫ਼ੌਜਾਂ ਨੇ ਉਹਨਾਂ ਦਾ ਪਿੱਛਾ ਨਾ ਛੱਡਿਆ । ਬਸਾਲੀ ਤੋਂ ਮਨਕੌਲੀ ਢਾਈ ਕਿਲੋਮੀਟਰ ਹੈ। ਗੁਰੂ ਜੀ ਇਸ ਪਿੰਡ ਦੇ ਚੋਏ ਦੇ ਪਰਲੇ ਹਿੱਸੇ ਵਿੱਚ ਪਹੁੰਚੇ, ਉੱਥੇ ਲੋਕਾਂ ਨੇ ਕੋਈ ਆਓ-ਭਗਤ ਨਾ ਕੀਤੀ ਅਤੇ ਜੰਗ ਦੀ ਸਹਾਇਤਾ ਲਈ ਵੀ ਟੇਡਾ ਜੁਆਬ ਦਿੱਤਾ। ਉਦੋਂ ਤੋਂ ਪਿੰਡ ਦੇ ਇਸ ਹਿੱਸੇ ਨੂੰ ‘ਟੇਡੇਵਾਲ’ ਕਿਹਾ ਜਾਂਦਾ ਹੈ। ਚੋਏ ਤੋਂ ਪਾਰ ਦੂਜੇ ਪਾਸੇ ਦੇ ਪਿੰਡ ਵਾਸੀਆਂ ਨੇ ਗੁਰੂ ਜੀ ਦਾ ਸੁਆਗਤ ਕੀਤਾ ਅਤੇ ਪਿੰਡ ਦੇ ਵਿਚਕਾਰ ਉੱਚੀ ਥਾਂ ਇੱਕ ਨਿੰਮ ਦੇ ਰੁੱਖ ਹੇਠ ਬਿਠਾਇਆ। ਲੜਾਈ ਵਿੱਚ ਵੀ ਸਹਾਇਤਾ ਕੀਤੀ। ਮੁਗ਼ਲ ਤੇ ਪਹਾੜੀ ਫੌਜਾਂ ਹਾਰ ਖਾ ਕੇ ਪਿਛਾਂਹ ਮੁੜ ਗਈਆਂ। ਜਿੱਤ ਉਪਰੰਤ ਗੁਰੂ ਜੀ ਨੇ ਖੁਸ਼ ਹੋ ਕੇ ਕਿਹਾ ਕਿ ਇਸ ਪਿੰਡ ਦਾ ‘ ਨਾਂ ਮਨਕੌਲੀ ਨਹੀਂ ‘ਜਤੌਲੀ’ ਹੋਇਆ। ਨਿੰਮ ਵਾਲੀ ਥਾਂ ‘ਤੇ ਗੁਰਦੁਆਰਾ ਦਮਦਮਾ ਸਾਹਿਬ ਦੀ ਸੁੰਦਰ ਇਮਾਰਤ ਬਣੀ ਹੈ।
ਗੁਰਦੁਆਰੇ ਤੋਂ ਇਲਾਵਾ ਇੱਥੇ ਬਾਬਾ ਬਾਲਕ ਨਾਥ ਤੇ ਦੇਵੀ ਦਾ ਮੰਦਰ ਹੈ। ਮੁੱਖ ਵਸੋਂ ਇੱਥੇ ਗੁਜਰਾਂ ਦੀ ਹੈ। ਜਿਹਨਾਂ ਵਿਚੋਂ ਜ਼ਿਆਦਾ ਹਿੰਦੂ ਗੁੱਜਰ ਹਨ ਤੇ ਕੁਝ ਘਰ ਸਿੱਖ ਗੁੱਜਰਾਂ ਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ