ਇਸ ਬੰਸ ਦਾ ਮੋਢੀ ਚੰਦਰ ਬੰਸੀ ਰਾਜੇ ਬੀਰ ਭੱਦਰ ਦਾ ਪੁੱਤਰ ਜਖੂ ਭੱਦਰ ਸੀ । ਇਹ ਬਲਖ ਤੋਂ ਕਸ਼ਮੀਰ ਖੇਤਰ ਵਿੱਚ ਆਏ ਸਨ । ਜਾਖੜ ਜੱਟਾਂ ਦਾ ਇੱਕ ਪੁਰਾਣਾ ਗੋਤ ਹੈ । ਇਹ ਮਹਾਂਭਾਰਤ ਦੇ ਸਮੇਂ ਤੋਂ ਹੀ ਭਾਰਤ ਵਿੱਚ ਰਹਿ ਰਹੇ ਹਨ। ਭਾਈ ਕਾਹਨ ਸਿੰਘ ਨਾਭਾ ਨੇ ਆਪਣੀ ਕਿਤਾਬ ‘ਮਹਾਨ ਕੋਸ਼’ ਵਿੱਚ ਲਿਖਿਆ ਹੈ ਕਿ ਮਹਾਂਭਾਰਤ ਦਾ ਯੁੱਧ 950 ਪੂਰਬ ਈਸਵੀ ਵਿੱਚ ਲੜਿਆ ਗਿਆ ਸੀ । ਬੱਲ, ਸੰਧੂ, ਕੰਗ, ਮਲ੍ਹੀ ਤੇ ਜਾਖੜ ਆਦਿ ਜੱਟ ਜਾਤੀਆਂ ਈਸਾ ਤੋਂ ਇਕ ਹਜ਼ਾਰ ਸਾਲ ਪਹਿਲਾਂ ਹੀ ਮੱਧ ਏਸ਼ੀਆਂ ਤੋਂ ਭਾਰਤ ਵਿੱਚ ਆ ਚੁੱਕੀਆਂ ਸਨ । ਜਾਖੜ ਆਪਣਾ ਸੰਬੰਧ ਉਦੇਂ ਰਾਜਪੂਤਾਂ ਨਾਲ ਜੋੜਦੇ ਹਨ। ਇਸ ਗੋਤ ਦਾ ਮੋਢੀ ਜਾਕੂ” ਸੀ । ਉਹ ਦਾਵਰਕਾ ਦੇ ਰਾਜੇ ਤੋਂ ਕਮਾਨ ਖਿੱਚਣ ਦੀ ਸ਼ਰਤ ਹਾਰ ਕੇ ਆਪਣਾ ਖੇਤਰ ਛੱਡ ਕੇ ਰਰਤਕ ਦੇ ਇਲਾਕੇ ਝੱਜਰ ਵਿੱਚ ਆ ਗਿਆ। ਜਾਖੜ, ਸੰਗਵਾਨ, ਪੀਰੂ ਤੇ ਕਾਦਿਆਨ ਚਾਰ ਭਰਾ ਸਨ । ਇਨ੍ਹਾਂ ਚਾਰਾਂ ਭਰਾਵਾਂ ਦੇ ਨਾਮ ਤੇ ਚਾਰ ਨਵੇਂ ਗੋਤ ਪ੍ਰਚਲਤ ਹੋ ਗਏ। ਜਾਖੜ ਦੀ ਬੰਸ ਦੇ ਕੁਝ ਲੋਕ ਹੁਣ ਵੀ ਬੀਕਾਨੇਰ ਦੇ ਸੀਕਰ ਖੇਤਰ ਵਿੱਚ ਰਹਿੰਦੇ ਹਨ। ਝੱਜਰ ਤੋਂ ਕੁੱਝ ਜਾਖੜ ਭਾਈਚਾਰੇ ਦੇ ਲੋਕ ਹਾਂਸੀ ਤੇ ਗੁੜਗਾਵਾਂ ਦੇ ਇਲਾਕੇ ਵਿੱਚ ਹੀ ਆਬਾਦ ਹੋ ਗਏ। ਕੁਝ ਦਿੱਲੀ ਦੇ ਖੇਤਰ ਵਲ ਚਲੇ ਗਏ। ਬਹੁਤੇ ਜਾਖੜ ਰੋਹਤਕ ਅਤੇ ਗੁੜਗਾਉਂ ਦੇ ਖੇਤਰਾਂ ਵਿੱਚ ਹੀ ਆਬਾਦ ਹਨ। ਰੋਹਤਕ ਇਲਾਕੇ ਵਿੱਚ ਜਾਖੜ ਜੱਟਾਂ ਦੇ 12 ਪਿੰਡ ਹਨ। ਹਰਿਆਣੇ ਤੇ ਰਾਜਸਤਾਨ ਵਿੱਚ ਜਾਖੜ ਹਿੰਦੂ ਜਾਟ ਹਨ। ਇਹ ਖਾੜਕੂ ਜੱਟ ਹਨ। 1881 ਈਸਵੀਂ ਦੀ ਪਹਿਲੀ ਜਨਗਣਨਾ ਤੋਂ ਕਾਫੀ ਸਮਾਂ ਪਹਿਲਾਂ ਜਾਖੜ ਗੋਤ ਦੇ ਲੋਕ ਪਟਿਆਲਾ, ਜਲੰਧਰ ਤੇ ਲੁਧਿਆਣੇ ਦੇ ਇਲਾਕਿਆਂ ਵਿੱਚ ਵੀ ਆਬਾਦ ਹੋ ਚੁੱਕੇ ਸਨ। ਸਭ ਤੋਂ ਵਧ ਦੁਆਬੇ ਵਿੱਚ ਸਨ । ਜਲੰਧਰ ਵਿੱਚ 2769 ਅਤੇ ਬਠਿੰਡੇ ਸਮੇਤ ਰਿਆਸਤ ਪਟਿਆਲੇ ਵਿੱਚ ਕੇਵਲ 168 ਸਨ।

1881 ਈਸਵੀਂ ਤੋਂ ਮਗਰੋਂ ਕੁਝ ਜਾਖੜ ਰਾਜਸਤਾਨ ਦੇ ਜ਼ਿਲ੍ਹਾ ਸੀਕਰ ਦੇ ਪਿੰਡ ਰੀੜੀ ਬੀਘਾ ਵਿੱਚੋਂ ਉੱਠਕੇ ਅਬਹੋਰ ਫਾਜ਼ਲਕਾ ਦੇ ਇਲਾਕੇ ਵਿੱਚ ਆਏ। ਇਸ ਕਬੀਲੇ ਦੇ ਕੁਝ ਜਾਖੜ ਹਿੰਦੂ ਹਨ ਅਤੇ ਕੁਝ ਸਿੱਖ ਹਨ। ਪੰਜ ਕੋਸੀ ਪਿੰਡ ਹਿੰਦੂ ਜਾਖੜਾਂ ਦਾ ਹੈ। ਕਿਲਿਆਂਵਾਲੀ, ਪੱਤਰਿਆਂ ਵਾਲੀ ਤੇ ਦਾਨੇਵਾਲਾ ਦੇ ਜਾਖੜ ਸਿੱਖ ਹਨ। ਸਾਬਕਾ ਕੇਂਦਰੀ ਮੰਤਰੀ ਸਰਦਾਰ ਇਕਬਾਲ ਸਿੰਘ ਜੀ ਕਿਲਿਆਂ ਵਾਲੀ ਜਾਖੜ ਜੱਟ ਸੀ। ਚੌਧਰੀ ਬਲਰਾਮ ਹਿੰਦੂ ਜਾਖੜ ਹੈ। ਇਨ੍ਹਾਂ ਦਾ ਪਿਛੋਕੜ ਸਾਂਝਾ ਹੈ । ਪੰਜਾਬ ਵਿੱਚ ਜਾਖੜ ਹਿੰਦੂ ਵੀ ਹਨ ਅਤੇ ਸਿੱਖ ਵੀ ਹਨ।
1881 ਈਸਵੀਂ ਦੀ ਮਰਦਮਸ਼ੁਮਾਰੀ ਅਨੁਸਾਰ ਹਰਿਆਣੇ ਤੇ ਪੰਜਾਬ ਵਿੱਚ ਜਾਖੜ ਜੱਟਾਂ ਦੀ ਗਿਣਤੀ ਕੇਵਲ 12918 ਸੀ । ਇਹ ਜਾਟ ਹਨ। ਸਰ ਇੱਬਟਸਨ ਆਪਣੀ ਕਿਤਾਬ ‘ਪੰਜਾਬ ਕਾਸਟਸ’ ਵਿੱਚ ਜਾਖੜ ਜੱਟਾਂ ਨੂੰ ਚੌਹਾਨ ਰਾਜਪੂਤਾਂ ਵਿੱਚੋਂ ਮੰਨਦਾ ਹੈ। ਇਹ ਠੀਕ ਨਹੀਂ ਹੈ । ਇਹ ਉਦੇ ਰਾਜਪੂਤਾਂ ਨਾਲ ਹੀ ਸੰਬੰਧਤ ਹਨ । ਬੀ. ਐਸ. ਦਾਹੀਆ ਵੀ ਆਪਣੀ ਕਿਤਾਬ ‘ਜਾਟਸ’ ਵਿੱਚ ਇਨ੍ਹਾਂ ਨੂੰ ਉਦੇ (Ude) ਰਾਜਪੂਤ ਕਬੀਲੇ ਵਿੱਚੋਂ ਹੀ ਮੰਨਦਾ ਹੈ । ਇਹ ਮੱਧ ਏਸ਼ੀਆ ਦੇ ਬਲਖ ਖੇਤਰ ਤੋਂ ਆਏ ਸਨ । ਘੁੰਮਦੇ ਫਿਰਦੇ ਸਿੰਧ ਤੇ ਪੰਜਾਬ ਦੇ ਕਈ ਖੇਤਰਾਂ ਵਿੱਚ ਪਹੁੰਚ ਗਏ ਸਨ । ਨਵੀਆਂ ਚਰਾਂਦਾਂ ਦੀ ਭਾਲ ਵਿੱਚ ਜੱਟ ਕਬੀਲੇ ਆਮ ਹੀ ਇੱਕ ਥਾਂ ਤੋਂ ਦੂਜੀ ਥਾਂ ਦੂਰ ਤਕ ਚਲੇ ਜਾਂਦੇ ਸਨ । ਕਈ ਵਾਰ ਸਥਾਨਕ ਕਬੀਲਿਆਂ ਨਾਲ ਲੜਾਈਆਂ ਵੀ ਹੋ ਜਾਂਦੀਆਂ ਸਨ । ਜੱਟ ਪਸ਼ੂ ਕਾਫੀ ਗਿਣਤੀ ਵਿੱਚ ਰੱਖਦੇ ਸਨ । ਕਿਸੇ ਚੰਗੇ ਇਲਾਕੇ ਵਿੱਚ ਆਬਾਦ ਹੋਣ ਲਈ ਸਥਾਨਕ ਕਬੀਲਿਆਂ ਨਾਲ ਰਿਸ਼ਤੇਦਾਰੀਆਂ ਵੀ ਪਾ ਲੈਂਦੇ ਸਨ ।
ਔਰੰਗਜ਼ੇਬ ਦੇ ਸਮੇਂ ਦੁਆਬੇ ਤੇ ਜਲੰਧਰ ਖੇਤਰ ਵਿੱਚ ਕੁਝ ਜਾਖੜ ਜੱਟ ਮੁਸਲਮਾਨ ਵੀ ਬਣ ਗਏ ਸਨ। ਜਾਖੜ ਜੱਟਾਂ ਦਾ ਬਹੁਤ ਹੀ ਪ੍ਰਾਚੀਨ ਤੇ ਉੱਘਾ ਗੋਤ ਹੈ। ਇਹ ਗੁਜਰਾਤ, ਪੰਜਾਬ, ਰਾਜਸਤਾਨ ਆਦਿ ਵਿੱਚ ਕਈ ਇਲਾਕਿਆਂ ਤੇ ਕਾਬਜ਼ ਰਹੇ ਹਨ । ਜਾਖੜ ਜੱਟਾਂ ਦਾ ਰਾਜ ਅਜਮੇਰ ਪ੍ਰਾਂਤ ਉੱਤੇ ਵੀ ਸੀ ਇਹ ਲਿਖਤ ਭਾਟ ਗ੍ਰੰਥਾਂ ਵਿੱਚ ਵੀ ਲਿਖੀ ਹੈ। ਜਾਖੜ ਬੀਕਾਨੇਕ ਦੇ ਛੋਟੇ-ਛੋਟੇ ਕਈ ਖੇਤਰਾਂ ਦੇ ਰਾਜ ਕਰਦੇ ਰਹੇ ਹਨ। ਜਾਖੜ ਜੱਟਾਂ ਦਾ ਜਗਤ ਪ੍ਰਸਿੱਧ ਗੋਤ ਹੈ। ਸਿੰਧ, ਬਲੋਚਸਤਾਨ, ਕਸ਼ਮੀਰ ਤੇ ਪੱਛਮੀ ਪੰਜਾਬ ਦੇ ਜਾਖੜ ਸਾਰੇ ਹੀ ਮੁਸਲਮਾਨ ਹਨ।
