ਜਿੰਦਬੜੀ ਪਿੰਡ ਦਾ ਇਤਿਹਾਸ | Jindbari Village History

ਜਿੰਦਬੜੀ

ਜਿੰਦਬੜੀ ਪਿੰਡ ਦਾ ਇਤਿਹਾਸ | Jindbari Village History

ਸਥਿਤੀ :

ਤਹਿਸੀਲ ਨੰਗਲ ਦਾ ਪਿੰਡ ਜਿੰਦਬੜੀ, ਰੂਪ ਨਗਰ ਨੰਗਲ ਸੜਕ ਤੋਂ 2 ਕਿਲੋਮੀਟਰ ਦੂਰ ਹੈ ਅਤੇ ਰੇਲਵੇ ਸਟੇਸ਼ਨ ਭਨਪੁਲੀ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਦੱਸਿਆ ਜਾਂਦਾ ਹੈ ਕਿ ਇਹ ਪਿੰਡ ਤਕਰੀਬਨ 300 ਸਾਲ ਪਹਿਲਾਂ ਹੋਂਦ ਵਿੱਚ ਆਇਆ। ਪਹਿਲਾਂ ਇਸ ਪਿੰਡ ਦਾ ਨਾਂ ਬੜੀਵਾਲਾ ਸੀ। ਕਿਹਾ ਜਾਂਦਾ ਹੈ ਕਿ ਅਨੰਦਪੁਰ ਦੇ ਆਸ ਪਾਸ ਕਿਧਰੇ ਬਹੁਤ ਦੇਰ ਪਹਿਲਾਂ ਦੇ ਦੋ ਘੜੇ ਦੱਬੇ ਹੋਏ ਸਨ। ਇਨ੍ਹਾਂ ਵਿਚੋਂ ਇੱਕ ਅੰਮ੍ਰਿਤ ਦਾ ਅਤੇ ਦੂਸਰਾ ਸ਼ਰਾਬ ਦਾ ਘੜਾ ਸੀ। ਰਾਖਸ਼ਾਂ ਨੇ ਉਹ ਦੋਵੇਂ ਘੜੇ ਕੱਢ ਲਏ। ਉਹਨਾਂ ਨੇ ਸਿੰਘਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ । ਰਾਖਸ਼ ਦਿਨ ਨੂੰ ਸ਼ਰਾਬ ਪੀ ਕੇ ਲੜਦੇ ਸਨ ਅਤੇ ਰਾਤ ਨੂੰ ਅੰਮ੍ਰਿਤ ਦਾ ਛੱਟਾ ਦੇ ਕੇ ਮਰੇ ਹੋਏ ਰਾਖਸ਼ ਫਿਰ ਜਿਉਂਦੇ ਹੋ ਜਾਂਦੇ ਸਨ। ਸਿੰਘਾਂ ਨੇ ਬਾਬਾ ਗੁਰਦਿੱਤਾ ਜੀ ਨੂੰ ਸਾਰੀ ਗੱਲ ਦੱਸੀ। ਬਾਬਾ ਜੀ ਨੇ ਰਾਖਸ਼ਾਂ ਨਾਲ ਲੜਾਈ ਕਰਕੇ ਅੰਮ੍ਰਿਤ ਦਾ ਘੜਾ ਉਹਨਾਂ ਤੋਂ ਖੋਹ ਲਿਆ ਅਤੇ ਪਿੰਡ ਵਾਲੀ ਥਾਂ ‘ਤੇ ਦੱਬ ਦਿੱਤਾ। ਬਾਬਾ ਜੀ ਨੇ ਇੱਕ ਦਿਨ ਸਿੰਘਾਂ ਨੂੰ ਸ਼ਿਕਾਰ ਲਈ ਜਾਣ ਨੂੰ ਕਿਹਾ। ਸਿੰਘ ਇਸ ਪਿੰਡ ਵਾਲੀ ਥਾਂ ‘ਤੇ ਪਹੁੰਚ ਗਏ ਅਤੇ ਗਲਤੀ ਨਾਲ ਇੱਕ ਬ੍ਰਾਹਮਣੀ ਦੀ ਗਉ ਮਾਰੀ ਗਈ । ਬ੍ਰਾਹਮਣੀ ਨੂੰ ਗਊ ਦਾ ਮੁੱਲ ਜਾਂ ਗਊ ਬਦਲੇ ਦੋ ਗਊਆਂ ਵੀ ਦੇਣ ਨੂੰ ਕਿਹਾ ਗਿਆ ਪਰ ਉਹ ਆਪਣੀ ਗਊ ਹੀ ਵਾਪਸ ਚਾਹੁੰਦੀ ਸੀ । ਬਾਬਾ ਜੀ ਨੇ ਸਿੰਘਾਂ ਨੂੰ ਦੱਬੇ ਹੋਏ ਘੜੇ ਦੀ ਜਗ੍ਹਾ ਦੱਸੀ ਤੇ ਉਸ ਵਿਚੋਂ ਪਾਣੀ ਲਿਆਉਣ ਲਈ ਕਿਹਾ ਬਾਬਾ ਜੀ ਨੇ ਜਪਜੀ ਸਾਹਿਬ ਦਾ ਸਲੋਕ ਪੜਿਆ ਤੇ ਉਸ ਪਾਣੀ ਦੇ ਛਿੱਟੇ ਮਾਰੇ ਤੇ ਗਊ ਜਿਉਂਦੀ ਹੋ ਗਈ। ਮਰੀ ਹੋਈ ਗਊ ‘ਜਿੰਦ ਪੜੀ’ ਇਸ ਤੋਂ ਪਿੰਡ ਦਾ ਨਾਂ ‘ਜਿੰਦ ਪੜੀ’ ਪੈ ਗਿਆ ਜੋ ਹੌਲੀ ਹੌਲੀ ‘ਜਿੰਦ ਬੜੀ’ ਬਣ ਗਿਆ। ਜਿੱਥੇ ਅੰਮ੍ਰਿਤ ਦਾ ਘੜਾ ਦੱਬਿਆ ਸੀ ਉਸ ਥਾਂ ‘ਤੇ ਬਾਬਾ ਗੁਰਦਿੱਤਾ ਜੀ ਦਾ ਗੁਰਦੁਆਰਾ ਹੈ। ਪਿੰਡ ਵਿੱਚ ਇੱਕ ਹੋਰ ਸ਼ਹੀਦਾਂ ਦਾ ਗੁਰਦੁਆਰਾ ਹੈ।

ਪਿੰਡ ਵਿੱਚ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਖੂਹ ਵੀ ਹੈ। ਇਸ ਵਿੱਚ ਹਥਿਆਰ ਦੱਬੇ ਹੋਏ ਸਨ ਤੇ ਪੂਰਿਆ ਹੋਇਆ ਸੀ, ਇੱਥੇ ਸਿੰਘਾਂ ਦੇ ਘੋੜੇ ਪਾਣੀ ਪੀਂਦੇ ਸਨ। ਪਿੰਡ ਵਿੱਚ ਤਿੰਨ ਮੰਦਰ ਹਨ ਜਿਨ੍ਹਾਂ ਵਿਚੋਂ ਇੱਕ ਮੰਦਰ ਰਾਣੀ ਨਾਗਰ ਦੇਵੀ ਦਾ ਹੈ। ਇਸ ਰਾਣੀ ਨੇ ਇੱਕ ਤਲਾਬ ਬਣਵਾਇਆ ਹੋਇਆ ਸੀ ਜਿਸ ਦੇ ਖੰਡਰ ਪਿੰਡ ਵਿੱਚ ਮੌਜੂਦ ਹਨ। ਸਿੰਘਾਂ ਨੇ ਉਸ ਕੋਲੋਂ ਰਾਜ ਖੋਹਿਆ ਸੀ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!