ਜੈਜੋਂ ਪਿੰਡ | Jaijon Village

ਉੱਜੜੇ ਸ਼ਹਿਰ ਦੇ ਮਾਤਮ ਦਾ ਨਾਂਅ ਹੈ : ਜੈਜੋਂ

ਕਦੇ ਘੁੱਗ ਵਸਦੇ ਮਾਣਮੱਤੇ ਸ਼ਹਿਰ ਦਾ ਇਸ ਨਾਲੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ. ਹੈ ਕਿ ਜੋ ਕਦੇ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਸੀ. ਦਾ ਨਾਂਅ ਕੁਝ ਦੁਕੀਆਨੂਸੀ ਕਿਸਮ ਦੇ ਲੋਕ ਸਵੇਰੇ ਉੱਠਦਿਆਂ ਇਸ ਕਰਕੇ ਹੀ ਨਾ ਲੈਣ ਕਿ ਇੰਜ ਕਰਿਆਂ ਸਾਰਾ ਦਿਨ ਰੋਟੀ ਨਸੀਬ ਨਹੀਂ ਜੇ ਹੋਣੀ। ਕੁਝ ਹੋਰਾਂ ਅਨੁਸਾਰ ਜੇਕਰ ਕੁਝ ਖਾ ਪੀ ਕੇ ਜਾਂ ਸੂਰਜ ਮੱਥੇ ਲੱਗਦਿਆਂ ਉਸ ਦਾ ਨਾਂਅ ਲੈਣਗੇ ਵੀ ਤਾਂ ਜੈਜੋਂ ਨਹੀਂ, ਬਲਕਿ ਆਖਣਗੇ ਪੱਥਰਾਂਵਾਲੀ। ਜੈਜੋਂ ਸ਼ਹਿਰ ਜੋ ਕਦੇ ਉੱਤਰੀ ਭਾਰਤ ਦਾ ਇੱਕ ਪ੍ਰਸਿੱਧ ਤਿਜਾਰਤੀ ਕੇਂਦਰ ਹੋਇਆ ਕਰਦਾ ਸੀ, ਹੁਣ ਢਹਿ-ਢੇਰੀ ਹੋ ਚੁੱਕਾ ਹੈ। ਆਪਣੀ ਪੁਰਾਤਨਤਾ ਉੱਤੇ ਖੂਨ ਦੇ ਅੱਥਰੂ ਵਹਾਉਂਦੇ ਸ਼ਹਿਰ ਦੀ ਇੱਕ ਗੌਰਵਮਈ ਗਾਥਾ ਹੈ। ਇੱਥੋਂ ਦੇ ਖੰਡਰਾਤ ਉੱਥੇ ਕਦੇ ਹਿੱਕ ਠਾਣ ਕੇ ਖੜੀਆਂ ਖੂਬਸੂਰਤ ਇਮਾਰਤਾਂ ਦੀਆਂ ਬਾਤਾਂ ਹੀ ਨਹੀਂ ਪਾਉਂਦੇ, ਸਦੀਆਂ ਬੀਤ ਜਾਣ ਦੇ ਬਾਵਜੂਦ ਵੱਡੇ-ਵੱਡੇ ਮਹੱਲਾਂ ਵਾਂਗ ਅੰਬਰਾਂ ਨੂੰ ਛੂੰਹਦੀਆਂ ਖ਼ੂਬਸੂਰਤੀ ਦੀਆਂ ਮੁਜੱਸਮਾਂ ਇਹ ਬਿਲਡਿੰਗਾਂ ਦੱਸਦੀਆਂ ਹਨ ਕਿ ਇੱਥੇ ਵੀ ਕਦੇ ਹੁਸਨ-ਕਲਾ, ਖ਼ਜ਼ਾਨੇ ਅਤੇ ਸੱਭਿਆਚਾਰਿਕ ਰਵਾਇਤਾਂ ਦੀਆਂ ਹਵਾਵਾਂ ਵਗਦੀਆਂ ਸਨ। ਕਦੇ ਬੜੀਆਂ ਰੌਣਕਾਂ ਹੁੰਦੀਆਂ ਸਨ, ਇਸ ਦੀਆਂ ਗਲੀਆਂ-ਬਾਜ਼ਾਰਾਂ ‘ਚ। ਇੱਥੋਂ ਦੇ ਕਿਸੇ ਮੁਹੱਲੇ ‘ਚ ਵਸਦੇ ਕੰਜਰ ਵੀ ਵੇਸਵਾਗਮਨੀ ਨਹੀਂ, ਬਲਕਿ ਸਰਸਵਤੀ ਦੇ ਰਾਗ ਅਲਾਪਦੇ ਸਨ, ਤਾਂ ਫਿਰ ਹੋਰ ਲੋਕ ਵੀ ਕਿੰਨੇ ਭਲੇ ਹੋਣਗੇ। ਬਸਰੇ-ਬਗਦਾਦ ਦੀਆਂ ਹੂਰਾਂ ਦੇ ਹੁਸਨ ਨੂੰ ਮਾਤ ਪਾਉਂਦੀਆਂ ਮੁਟਿਆਰਾਂ ਜਦ ਫਬਵੀਂ ਵੇਸ਼-ਭੂਸ਼ਾ ਅਤੇ ਗਹਿਣਿਆਂ ਨਾਲ ਲੱਦੀਆਂ ਬਾਜ਼ਾਰੀਂ ਗੇੜਾ ਮਾਰਦੀਆਂ ਸਨ ਤਾਂ ਕਹਿੰਦੇ ਨੇ ਜੰਗਲੀ ਜਾਨਵਰ ਵੀ ਪਹਾੜੋਂ ਸ਼ਹਿਰ ਨੂੰ ਚਾਲੇ ਪਾ ਦਿੰਦੇ ਸਨ। ਸਮੇਂ ਦੇ ਕਹਿਰ ਦਾ ਸ਼ਿਕਾਰ ਹੋਏ ਇਸ ਸ਼ਹਿਰ ਦੇ ਉਜਾੜੇ ਦੀ ਗੱਲ ਤੋਰਦਿਆਂ ਬਜ਼ੁਰਗ ਪੁਰਾਣੇ ਸਮਿਆਂ ਨੂੰ ਯਾਦ ਕਰਦਿਆਂ ਹੁਬਕੀਂ ਰੋ ਪੈਂਦੇ ਨੇ।

ਬਹੁਤਾ ਸ਼ਹਿਰ ਢਹਿ-ਢੇਰੀ ਹੋ ਚੁੱਕਾ ਹੈ, ਪਰ ਯੋਜਨਾਬੱਧ ਆਬਾਦੀਆਂ, ਬਾਜ਼ਾਰ, ਪੱਕੀਆਂ ਗਲੀਆਂ, ਪਖ਼ਾਨੇ, ਜਲ-ਸਪਲਾਈ ਅਤੇ ਜਲ ਨਿਕਾਸੀ ਦੇ ਉੱਚਤਮ ਪ੍ਰਬੰਧ ਦੇ ਚਿੰਨ ਇਸ ਦੇ ਗੌਰਵਮਈ ਇਤਿਹਾਸ ਕੰਨੀ ਇਸ਼ਾਰਾ ਕਰਦੇ ਹਨ। ਜੈਜੋਂ ਜੋ ਕਦੇ ਹੁਣ ਦੇ ਹਿਮਾਚਲੀ ਇਲਾਕੇ ਨੂੰ ਜੋੜਨ ਵਾਲਾ ਇੱਧਰੋਂ ਇੱਕੋ-ਇੱਕ ਦਰਾ (ਖੱਡ ਰਾਹ) ਸੀ, ਜਿਸ ਕਰਕੇ ਇਹ ਵਪਾਰਕ ਵਸਤਾਂ ਦੇ ਡੰਪ ਕੇਂਦਰ (ਸੰਗ੍ਰਹਿ ਸਥਾਨ) ਅਤੇ ਵਪਾਰਕ ਸ਼ਹਿਰ ਦੇ ਤੌਰ ‘ਤੇ ਵਿਕਸਿਤ ਹੋਇਆ ਕਈ ਸਦੀਆਂ ਪਹਿਲਾਂ ਹੀ ਹੋਂਦ ਵਿੱਚ ਆ ਚੁੱਕਾ ਸੀ। ਦੱਸਣ ਵਾਲੇ ਇਸ ਦੀ ਉਮਰ ਹਜ਼ਾਰਾਂ ਵਰ੍ਹੇ ਪੁਰਾਣੀ ਆਂਕਦੇ ਹਨ। ਇੱਕ ਦੰਦ ਕਥਾ ਕਿ ਬਜਵਾੜਿਓਂ ਕੋਠੇ ਚੜ੍ਹੀ ਬੱਕਰੀ, ਕੋਠੇ ਦਰ ਕੋਠੇ ਹੁੰਦੇ ਹੋਏ ਜੈਜੋਂ ਜਾ ਉੱਤਰਦੀ ਸੀ। ਯਾਨੀ ਕਿ ਇਸ ਖਿੱਤੇ ‘ਚ ਭਰਪੂਰ ਸੰਘਦੀ ਵੱਸੋਂ ਸੀ ਤੋਂ ਸਿੱਟਾ ਨਿਕਲਦਾ ਹੈ ਕਿ ਜੈਜੋਂ ਸ਼ਹਿਰ ਬਜਵਾੜੇ ਦੇ ਬਚਪਨ ਦਾ ਸਮਕਾਲੀ ਤੁਰਿਆ ਅਉਂਦਾ ਹੈ। ਬਜਵਾੜੇ ਦਾ ਜ਼ਿਕਰ ਪ੍ਰਸਿੱਧ ਚੀਨੀ ਯਾਤਰੀ ਹਿਊਨਸਾਂਗ ਇੱਕ ਵਿਕਸਿਤ ਖੇਤਰ ਦੇ ਤੌਰ ‘ਤੇ ਆਪਣੀ 7ਵੀਂ ਸਦੀ ਦੇ ਸ਼ੁਰੂ ‘ਚ ਇਸ ਖੇਤਰ ‘ਚ ਕੀਤੀਆਂ ਯਾਤਰਾਵਾਂ ‘ਚ ਕਰਦਾ ਹੈ। ਹਿਊਨਸਾਂਗ ਇਸ ਖਿੱਤੇ ਵਿੱਚ ਵੀ ਬੁੱਧ ਅਤੇ ਜੈਨ ਧਰਮਾਂ ਦੇ ਉਗਮਣ ਦੀ ਬਾਤ ਪਾਉਂਦਾ ਹੈ, ਜੋ ਕਿ ਇਨ੍ਹਾਂ ਸ਼ਹਿਰਾਂ ਦੇ ਵੱਸਣ ਦੀ ਗੱਲ ਹੋਰ ਵੀ ਪਹਿਲੇ ਵਰ੍ਹਿਆਂ ਵੇਲੇ ਤੋਂ ਤੋਰਦੀਆਂ ਹਨ, ਉਂਜ ਬਜਵਾੜੇ ਵਾਲੇ ਹੁਸ਼ਿਆਰ ਖਾਨ ਹਾਕਮ ਤੋਂ ਹੁਸ਼ਿਆਰਪੁਰ ਸ਼ਹਿਰ ਦੇ ਵਸਾਏ ਜਾਣ ਦੀ ਜੇ ਗੱਲ ਕਰੀਏ ਤਾਂ ਇਨ੍ਹਾਂ ਨੂੰ ਵਸਿਆਂ ਇੱਕ ਹਜ਼ਾਰ ਤੋਂ ਵੱਧ ਵਰ੍ਹੇ ਹੋ ਗਏ ਹਨ। ਪ੍ਰਸਿੱਧ ਲੋਕ ਹਿਤੁ ਹਾਕਮ ਸ਼ੇਰ ਸ਼ਾਹ ਸੂਰੀ ਉਰਫ਼ ਫਰੀਦ ਬਜਵਾੜੇ ਪੈਦਾ ਹੁੰਦਾ ਹੈ। 1472 ਈ. ਵਿੱਚ ਤਾਂ ਸਿੱਧਾ ਜਿਹਾ ਅਰਥ ਹੈ ਕਿ ਜੈਜ ਦਾ ਵਜੂਦ ਵੀ ਉਦੋਂ ਹੋਵੇਗਾ ਹੀ। ਕੁਝ ਹੋਰ ਤੱਥ ਵੀ ਇਸ਼ਾਰਾ ਕਰਦੇ ਹਨ ਕਿ 5ਵੀਂ ਸਦੀ ਵੇਲੇ ਜੈਜੋਂ ਸ਼ਹਿਰ ਧਰਤੀ ਦੀ ਹਿੱਕ ਉੱਤੇ ਅਠਖੇਲੀਆਂ ਕਰਦਾ ਹੀ ਸੀ, ਉਂਜ ਵੀ ਆਦਿ ਮਨੁੱਖ ਨੇ ਆਪਣਾ ਰੈਣ-ਬਸੇਰਾ ਵਧੇਰੇ ਕਰਕੇ ਉੱਥੇ ਹੀ ਕੀਤਾ, ਜਿੱਥੇ ਉਸ ਨੂੰ ਸਿਰ ਢਕਣ ਅਤੇ ਛੁਪਣ ਲਈ ਪਹਾੜੀ ਕੁੰਦਰਾਂ, ਖਾਣ ਲਈ ਕੰਦਮੂਲ ਅਤੇ ਪਾਣੀ ਪੀਣ ਦੇ ਸਰੋਤ (ਚਸ਼ਮੇ) ਆਦਿ ਉਪਲੱਬਧ ਹੋਏ। ਖੂਹ ਟੋਭੇ ਉਹ ਪੁੱਟਣਾ ਨਹੀਂ ਸੀ ਜਾਣਦਾ, ਖੇਤੀ ਦੇ ਵਿਕਾਸ ਦੀ ਤੰਦ ਅਜੇ ਪਈ ਨਹੀਂ ਸੀ, ਸ਼ਿਕਾਰ ਅਤੇ ਪਾਲਤੂ ਜਾਨਵਰਾਂ ਲਈ ਉਪਜਾਊ ਖਿੱਤੇ ਵੀ ਬਹੁਤਾ ਕਰਕੇ ਪਹਾੜੀਆਂ ਜਾਂ ਉਸ ਦੇ ਪੈਰਾਂ ‘ਚ ਸਨ ਅਤੇ ਅਜਿਹੇ ਹੀ ਕਾਰਨ ਸਨ ਕਿ ਮਨੁੱਖੀ ਸੱਭਿਆਤਾਵਾਂ ਪਹਿਲਾਂ-ਪਹਿਲਾਂ ਦਰਿਆਵਾਂ ਜਾਂ ਪਹਾੜਾਂ ‘ਚ ਪਨਪੀਆਂ।

ਜੈਜੋਂ ਪਿੰਡ | Jaijon Village

ਜ਼ਿਲ੍ਹਾ ਹੁਸ਼ਿਆਰਪੁਰ ਦੇ ਮਸ਼ਹੂਰ ਕਸਬੇ ਮਾਹਿਲਪੁਰ ਤੋਂ ਚੜ੍ਹਦੇ ਪਾਸੇ 15 ਕੁ ਕਿਲੋਮੀਟਰ ਦੀ ਦੂਰੀ ਉੱਤੇ ਵਸਿਆ, ਇੱਕ ਪਾਸੇ ਦਾ ਇਹ ਪੰਜਾਬ ਦਾ ਆਖਰੀ ਪਿੰਡ ਕਿਸੇ ਵਕਤ ਬਹੁਤ ਹੀ ਗਹਿਮਾ-ਗਹਿਮੀ ਵਾਲਾ ਵਪਾਰਕ ਕੇਂਦਰ ਸੀ। ਕਦੇ ਇੱਥੇ ਜਸਵਾਲ ਰਾਜਿਆਂ ਦਾ ਰਾਜ ਹੁੰਦਾ ਸੀ। ਰਾਜਾ ਰਾਮ ਸਿੰਘ ਨੇ 1701 ਈਸਵੀ ਵਿੱਚ ਇੱਥੇ ਇੱਕ ਕਿਲ੍ਹਾ ਵੀ ਬਣਵਾਇਆ ਸੀ। 1814 ਈ. ਤੱਕ ਰਾਜਪੂਤਾਂ ਦਾ ਇੱਥੇ ਰਾਜ ਕਿਹਾ। ਮਹਾਰਾਜਾ ਰਣਜੀਤ ਸਿੰਘ ਨੇ ਇਸ ਕਿਲ੍ਹੇ ਉੱਤੇ ਕਬਜ਼ਾ ਕੀਤਾ। 1815 ਈ. ਵਿੱਚ ਅਤੇ ਬਾਅਦ ‘ਚ ਇਹ ਖੇਤਰ ਅੰਗਰੇਜ਼ਾਂ ਅਧੀਨ ਆ ਗਿਆ, ਜਿਨ੍ਹਾਂ ਇਨ੍ਹਾਂ ਕਿਲ੍ਹਾ ਢਹਿ-ਢੇਰੀ ਕਰ ਦਿੱਤਾ, ਕਿਉਂਕਿ ਖੇਤਰ ਦੇ ਬਹਾਦਰ ਲੋਕ ਸਹਿਜੇ ਕੀਤਿਆਂ ਉਨ੍ਹਾਂ ਦੀ ਈਨ ਨਹੀਂ ਸਨ ਮੰਨ ਰਹੇ। ਕਿਲ੍ਹਾ ਸ਼ਹਿਰ ਨਾਲ ਕਿਸੇ ਸਮੇਂ ਜੁੜਵੀਂ ਇੱਕ ਉੱਚੀ ਪਹਾੜੀ ਉੱਤੇ ਸਥਿਤ ਸੀ। ਸ਼ਹਿਰ ਅਤੇ ਉਸ ਪਹਾੜੀ ਦਰਮਿਆਨ ਪੈਂਦੀ ਖੱਡ ਨੂੰ ਛਾਲ ਮਾਰ ਕੇ ਟੱਪਿਆ ਜਾ ਸਕਦਾ ਸੀ, ਪਰ ਮੁਨਾਫ਼ੇ ਦੀ ਹੋੜ, ਗੈਰ-ਯੋਜਨਾਬੱਧ ਵਿਕਾਸ ਅਤੇ ਦਰੱਖਤਾਂ ਦੀ ਕਟਾਈ ਨਾਲ ਵੱਡੀ ਪੱਧਰ ਤੇ ਹੋਈ ਭੋਂ-ਖੋਰ ਨਾਲ ਉਹੀ ਖੱਡ ਹੁਣ ਅੱਧਕੁ ਕਿਲੋਮੀਟਰ ਚੌੜਾਈ ਅਤੇ ਡੂੰਘਾਈ ਦਾ ਰੂਪ ਧਾਰਨ ਕਰ ਚੁੱਕੀ ਹੈ। ਕੁਝ ਨਾਲ ਹੋਰ ਜੁੜਵੀਆਂ ਪਹਾੜੀਆਂ ਉੱਤੇ ਰਾਜਮਹੱਲ ਅਤੇ ਕਚਹਿਰੀ ਦੇ ਦਫ਼ਤਰ ਸਨ। ਇਸ ਸਾਰੇ ਕੁਝ ਦੇ ਹੁਣ ਖੰਡਰ ਅਤੇ ਕੁਝ-ਕੁਝ ਚਿੰਨ੍ਹ ਹੀ ਨਜ਼ਰ ਆਉਂਦੇ ਹਨ, ਸਭ ਕੁਝ ਢਹਿ ਢੇਰੀ ਹੋ ਰਿਹਾ ਹੈ, ਪਰ ਇੱਕ ਹੋਰ ਪਹਾੜੀ ਦੇ ਸਿਖਰ ਉੱਤੇ ਜਲ-ਸਪਲਾਈ ਲਈ ਬਣਾਇਆ ਗਿਆ ਇੱਕ ਵੱਡਾ ਅਤੇ ਡੂੰਘਾ ਪੱਕਾ ਖੂਹ ਅਜੇ ਵੀ ਕਾਇਮ ਹੈ। ਸ਼ਹਿਰ ਦੇ ਪੱਛੋਂ ਵਾਲੇ ਪਾਸੇ ਡੇਰਾ ਰਤਨਪੁਰੀ ਦੇ ਲਹਿੰਦੇ ਉਹ 1 ਤਿੱਖੀ ਕਾਟਵੀਂ ਢਲਾਣ ਵਾਲੀ ਪਹਾੜੀ ਖੱਡ ਅਜੇ ਵੀ ਮੌਜੂਦ ਹੈ, ਜਿਸ ਨੂੰ ਖੂਨੀ ਟਿੱਬਾ ਆਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇੱਥੋਂ ਦੇ ਰਾਜੇ ਆਪਣੇ ਵਿਰੋਧੀ ਜਾਂ ਦੋਸ਼ੀ ਨੂੰ ਮੁਸ਼ਕਾਂ ਬੰਨ੍ਹ ਕੇ ਉਪਰੋਂ ਥੱਲੇ ਨੂੰ ਰੋੜ੍ਹ ਕੇ ਸਜ਼ਾ-ਏ-ਮੌਤ ਦਿੰਦੇ ਸਨ । ਮਾਹਿਲਪੁਰ ਇਲਾਕੇ ਦੇ ਇੱਕ ਬਾਗੀ ਰਾਮ ਰਾਏ ਨੂੰ ਵੀ ਇਸੇ ਖੂਨੀ ਟਿੱਬੇ ਤੋਂ ਰੋੜ੍ਹ ਕੇ ਮਾਰਿਆ ਗਿਆ ਸੀ।

ਇਸ ਕਸਬੇ ਨੂੰ ਹੁਣ ਦੇ ਪੰਜਾਬ ਵਾਲੇ ਪਾਸਿਓਂ, ਕੇਵਲ ਇੱਕ ਹੀ ਰਾਹ ਸੀ, ਜਿਸ ਨੂੰ ਫਲ (ਮਜ਼ਬੂਤ ਲੱਕੜ ਦਾ ਗੋਟ) ਲਾ ਕੇ ਰਾਤ ਸਮੇਂ ਬੰਦ ਕਰ ਦਿੱਤਾ ਜਾਂਦਾ ਸੀ। ਫਲਾ ਸਤੰਭ ਪੱਕੇ ਪੱਥਰਾਂ ਦੇ ਬਣੇ ਹੋਏ ਸਨ, ਜਿਸ ਦੇ ਸੜਨ ਅਜੇ ਵੀ ਮੌਜੂਦ ਹਨ। ਇਸ ਕਾਰਨ ਇਸ ਪਿੰਡ ਨੂੰ ਫਲ੍ਹਵਾਲੀ ਵੀ ਕਹਿਣ ਲੱਗ ਪਏ। ਇੱਥੇ ਬਹੁਤ ਪੱਥਰ ਹੋਣ ਕਾਰਨ ਇਸ ਨੂੰ ਪੱਥਰਾਂਵਾਲੀ ਵੀ ਕਿਹਾ ਜਾਣ ਲੱਗ ਪਿਆ ਹੈ, ਕਿਉਂਕਿ ਸ਼ਹਿਰ ਦੇ ਉੱਜੜਨ ਬਾਅਦ ਜੈਜੈ ਸ਼ਬਦ ਦੀ ਮਨਹੂਸਤਾ ਬਾਰੇ ਐਵੇਂ ਕੁਝ ਲੋਕਾਂ ਭਰਮ ਪਾਲ ਲਿਆ ਹੈ, ਪਰ ਅਸਲ ਵਿੱਚ ਸ਼ਹਿਰ ਦਾ ਨਾਂਅ ਜੈਜੋਂ ਪਿਆ ਸੀ ਇੱਥੋਂ ਦੇ ਪੁਰਾਣੇ ਵੇਲੇ ਦੇ ਹੋਏ ਇੱਕ ਬਹੁਤ ਹੀ ਸਤਿਕਾਰਤ ਬਜ਼ੁਰਗ ਜੇਜੂ ਸ਼ਾਹ ਦੇ ਨਾਂਅ ਉੱਤੇ। ਉਂਜ ਜੇਜੂਸ਼ਾਹ ਤੋਂ ਬਿਨਾਂ ਬਾਬਾ ਓਗਤ, ਬਾਬਾ ਮਨੋਹਰ, ਬਾਬਾ ਜਵਾਲਾਪੁਰੀ ਅਤੇ ਸਾਈਂ ਖਾਕੀ ਸ਼ਾਹ ਵੀ ਪੁਰਾਣੇ ਸਮਿਆਂ ਦੇ ਸਤਿਕਾਰਤ ਪੁਰਸ਼ ਸਨ, ਜਿਨ੍ਹਾਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਹਨ। ਉਪਾਸਰਾ ਜੈਨ ਮੰਦਰ, ਰੋਟੀ ਰਾਮ ਦਾ ਡੇਰਾ, ਡੇਰਾ ਰਤਨਪੁਰੀ ਅਤੇ ਕੁਝ ਹੋਰ ਵੀ ਜ਼ਿਕਰਯੋਗ ਅਸਥਾਨ ਇੱਥੇ ਵਾਕਿਆ ਹਨ। ਗਊਸ਼ਾਲਾ ਨੂੰ ਬਣਿਆ ਜੋ ਅਜੇ ਵੀ ਕਾਰਜਸ਼ੀਲ ਹੈ, ਦੋ ਸਦੀਆਂ ਬੀਤ ਗਈਆਂ ਹਨ।

ਇੱਕੋ-ਇੱਕ ਹਿਮਾਚਲ ਦਾ ਦਰਾ ਹੋਣ ਕਾਰਨ ਇਹ ਮੈਦਾਨੀ ਅਤੇ ਪਹਾੜੀ ਇਲਾਕੇ ਦੇ ਵਪਾਰ ਲਈ ਵਪਾਰਕ ਕੇਂਦਰ ਦੇ ਤੌਰ ਉੱਤੇ ਉੱਭਰਿਆ। ਇਸੇ ਕਾਰਨ ਇਸ ਨੂੰ ਗੇਟ ਵੇਅ ਆਫ਼ ਕਾਂਗੜਾ ਵੀ ਕਿਹਾ ਜਾਣ ਲੱਗ ਪਿਆ ਸੀ। ਹੌਲੀ-ਹੌਲੀ ਇਹ ਉੱਤਰੀ ਭਾਰਤ ਦੀ ਨਾਮਵਰ ਵਪਾਰਕ ਮੰਡੀ ਬਣ ਗਿਆ। ਕਾਂਗੜੇ ਤੋਂ ਬਿਨਾਂ ਕੁੱਲੂ, ਭੁੰਤਰ, ਪਾਲਮਪੁਰ, ਸ਼ਿਮਲਾ, ਜੰਤੋਗ, ਲੇਹ ਲਦਾਖ ਅਤੇ ਹਿਮਾਚਲ ਦੇ ਹੋਰ ਵੀ ਦੂਰ ਦੁਰੇਡੇ ਕਬਾਇਲੀ ਇਲਾਕਿਆਂ ਤੱਕ ਨੂੰ ਮਾਲ ਸਪਲਾਈ ਕਰਦਾ ਸੀ ਅਤੇ ਪਹਾੜੀ ਵਸਤਾਂ ਅਤੇ ਕੱਚਾ ਮਾਲ ਉਥੋਂ ਮੰਗਵਾਉਂਦਾ ਸੀ। ਅਫ਼ਗਾਨਿਸਤਾਨ, ਸਮਰਕੰਦ, ਸਾਰਕੰਦ ਅਤੇ ਤਾਸ਼ਕੰਦ ਤੱਕ ਵਪਾਰ ਇੱਥੋਂ ਹੁੰਦਾ ਸੀ। ਸ਼ਹਿਰ ਦੇ ਜ਼ਿਆਦਾ ਤਰੱਕੀ ਕਰਨ ਅਤੇ ਵਿਕਸਤ ਹੋਣ ਦਾ ਇੱਕ ਹੋਰ ਵੱਡਾ ਕਾਰਨ ਇੱਥੇ ਇੱਕ ਅਜਿਹੀ ਕਿਸਮ ਦੀ ਚਿੱਟੀ ਬਾਰੀਕ ਰੇਤ ਅਤੇ ਚਿੱਟਾ ਪੱਥਰ ਜੋ ਬਹੁਤ ਅਸਾਨੀ ਨਾਲ ਤੋੜਿਆ ਜਾ ਸਕਦਾ ਸੀ, ਜਿਸ ਨੂੰ ਸੋਢਾ ਸਿਲਕਾਨ ਜਾਂ ਸਿਲਕਾ ਪੱਥਰ ਕਿਹਾ ਜਾਂਦਾ ਹੈ, ਦੇ ਵਪਾਰੀਕਰਨ ਦਾ ਵੀ ਸੀ। ਇਸ ਪੱਥਰ ਤੋਂ ਸ਼ੀਸ਼ੇ ਦਾ ਉਤਪਾਦ ਹੁੰਦਾ ਹੈ। ਉਸ ਵਕਤ ਇਸ ਨੂੰ ਕੱਚੇ ਮਾਲ ਦੇ ਤੌਰ ‘ਤੇ ਸ਼ੀਸ਼ੇ ਦੇ ਕਾਰਖਾਨਿਆਂ ਲਈ ਬਾਹਰਲੇ ਸੂਬਿਆਂ ਨੂੰ ਭੇਜਿਆ ਜਾਂਦਾ ਸੀ । ਬਰਸਾਤੀ ਹੜ੍ਹਾਂ ਨਾਲ ਉੱਪਰਲੇ ਖਿੱਤਿਆਂ ਤੋਂ ਇਹ ਪੱਥਰ ਰੁੜ੍ਹ ਕੇ ਮੁੱਖ ਚੋਆਂ ‘ਚ ਆ ਜਾਂਦਾ ਸੀ। ਬੇਸ਼ੱਕ 1913-14 ਵਿੱਚ ਅੰਗਰੇਜ਼ਾਂ ਨੇ ਇੱਥੇ ਰੇਲ ਲਾਈਨ ਲੈ ਆਂਦੀ ਸੀ, ਪਰ ਉਸ ਤੋਂ ਪਹਿਲਾਂ ਅਤੇ ਬਾਅਦ ‘ਚ ਵੀ ਪਹਾੜੀ ਖਿੱਤਿਆਂ ਕਾਰਨ ਬਹੁਤਾ ਵਪਾਰ ਉਠਾਂ ਖੱਚਰਾਂ ਨਾਲ ਹੀ ਹੁੰਦਾ ਸੀ। ਕਿਹਾ ਜਾਂਦਾ ਹੈ ਕਿ ਹਰ ਰੋਜ਼ ਦੋ ਤੋਂ ਤਿੰਨ ਹਜ਼ਾਰ ਤੱਕ ਊਠਾਂ ਖੱਚਰਾਂ ਉੱਤੇ ਮਾਲ ਦੀ ਲੱਦਾਈ-ਉੱਤਰਾਈ ਹੁੰਦੀ ਸੀ। ਰੋਜ਼ਾਨਾ ਹਰੀ ਘਾਹ ਦੀਆਂ ਹਜ਼ਾਰਾ ਗੰਢਾਂ ਇੱਥੇ ਪਸ਼ੂ-ਚਾਰੇ ਲਈ ਵਿਕਣ ਆਉਂਦੀਆਂ ਸਨ। ਸਾਰੀ-ਸਾਰੀ ਰਾਤ ਹੀ ਊਠ ਬੱਕਦੇ ਰਹਿੰਦੇ ਸਨ ਅਤੇ ਬਾਜ਼ਾਰ ਸਾਰੀ ਰਾਤ ਹੀ ਖੁੱਲ੍ਹੇ ਰਹਿੰਦੇ ਸਨ। ਵਪਾਰਕ ਗਤੀਵਿਧੀਆਂ ਦਾ ਅੰਦਾਜ਼ਾ ਇਸ ਗੱਲੋਂ ਵੀ ਲਾਇਆ ਜਾ ਸਕਦਾ ਹੈ ਕ ਨਿੱਤ ਦੋ-ਤਿੰਨ ਗੱਡੀਆਂ ਤੇਲ-ਨਮਕ, ਕਰਿਆਨਾ ਅਤੇ ਹੋਰ ਮਾਲ ਦੀਆਂ ਇੱਥੇ ਪਹੁੰਚਦੀਆਂ ਸਨ ਅਤੇ ਅਨਾਜ ਆਉਂਦਾ ਹੁੰਦਾ ਸੀ ਉਦੋਂ ਦੇ ਬਾਰ (ਹੁਣ ਦੇ ਪਾਕਿਸਤਾਨ) ਦੇ ਇਲਾਕੇ ਵਿੱਚੋਂ।

 

ਇਥੋਂ ਦੇ ਪੇੜੇ ਬਹੁਤ ਹੀ ਮਸ਼ਹੂਰ ਸਨ/ਹਨ। ਅੱਜ ਵੀ ਲੋਕ ਸ਼ਾਹਰਲੇ ਮੁਲਖੀ ਵਸ ਆਪਣੇ ਸਕੇ-ਸੰਬੰਧੀਆਂ ਨੂੰ ਇਹ ਪੇਜ ਭੇਜਦੇ ਹਨ। ਦੇਸੀ ਜੁੱਤੀਆਂ, ਸੂਤੀ ਕੱਪੜਾ, ਇਕ ਅਧਰਤਿਆਂ ਦੀਆਂ ਹੱਥੀਂ ਬਣਾਈਆਂ ਵੰਗਾਂ ਆਦਿ ਦੀਆਂ ਐਨੀਆਂ ਚਰਾਂ ਸਨ ਕਿ ਪੂਰੇ ਭਾਰਤ ਵਿੱਚੋਂ ਆਰਡਰ ਇੱਥੇ ਪਹੁੰਚਦੇ ਸਨ। ਦੇਸੀ ਅੰਬਾਂ ਦੀ ਬਾਣ-ਬਗਰ ਅਤੇ ਖਾਰਸ਼ ਘਾਹ ਦਾ ਵਪਾਰ ਇੱਥੋਂ ਦੀ ਇੱਕ ਹੋਰ ਵਿਸ਼ੇਸ਼ਤਾਈ ਸੀ। ਸੂਤਰ (ਧਾਗਾ) ਅਤੇ ਭਾਰੀ ਕੱਪੜੇ ਦਾ ਤਾਂ ਇਹ ਐਡਾ ਵੱਡਾ ਤਿਜਾਰਤੀ ਕੇਂਦਰ ਬਣ ਗਿਆ ਸੀ ਕਿ ਉਸ ਵਕਤ ਦੋਆਬਾ, ਖਾਸ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਟੋਟਲ ਸੂਤੀ ਯਾਰਨ ਦਾ ਕੋਟਾ-ਕੇਂਦਰ ਵਜੋਂ ਹੀ ਬਣਾ ਦਿੱਤਾ ਗਿਆ। ਦੂਰ-ਦੂਰ ਤੋਂ ਵਪਾਰੀ ਅਤੇ ਜੁਲਾਹੇ ਸੂਤੀ ਪਰਮਿਟ ਲੈਣ ਇੱਥੇ ਆਉਂਦੇ ਸਨ। ਬਾਹਰਲੇ ਵਪਾਰੀਆਂ ਅਤੇ ਕਾਰਿੰਦਿਆਂ ਦੀ ਗਹਿਮਾ-ਗਹਿਮੀ ਐਨੀ ਰਹਿੰਦੀ ਸੀ ਕਿ ਪ੍ਰਾਈਵੇਟ ਰਿਹਾਇਸ਼ਾਂ, ਸਰਾਵਾਂ ਤੋਂ ਬਿਨਾਂ ਇੱਕ ਸਰਾਂ ਸਰਕਾਰੀ (ਡਿਸਟ੍ਰਿਕਟ ਬੋਰਡ) ਵੀ ਸੀ। ਅਜ਼ਾਦੀ ਤੋਂ ਕਿਤੇ ਪਹਿਲਾਂ ਤੱਕ ਇੱਥੇ ਟਾਊਨ ਕਮੇਟੀ ਦੇ ਬਣ ਜਾਣ ਦਾ ਸਬੂਤ ਇਹ ਦੱਸਦਾ ਹੈ ਕਿ ਉਸ ਵਕਤ ਦਾ ਇੱਕ ਬੜਾ ਤਰੱਕੀ ਯਾਫਤਾ ਅਤੇ ਵਿਕਸਤ ਅਸਥਾਨ ਸੀ। ਮਿਉਂਸੀਪਲ ਕਮੇਟੀ ਇੱਥੇ 60ਵੇਂ ਦਹਾਕੇ ਤੱਕ ਵੀ ਰਹੀ, ਸ਼ਹਿਰ ਉੱਜੜ ਗਿਆ, ਇਸ ਕਰਕੇ ਇਥੇ ਹੁਣ ਪੰਚਾਇਤ ਹੀ ਹੈ। ਰੇਲਵੇ ਦਾ ਕੰਮ ਵੀ ਬਹੁਤ ਹੀ ਘੱਟ ਚੁੱਕਾ ਹੈ, ਉਦੋਂ ਤਾਂ ਰਾਤ ਦੇ ਬਾਰਾਂ ਵਜੇ ਤੱਕ ਇੱਥੇ ਗੱਡੀਆਂ ਦੀ ਆਮਦ ਰਹਿੰਦੀ ਸੀ। ਪਹਾੜੀ ਲੋਕ (ਹਿਮਾਚਲੀ) ਇੱਥੋਂ ਆ ਕੇ ਚੜ੍ਹਦੇ ਉੱਤਰਦੇ ਸਨ, ਬਹੁਤ ਫ਼ੌਜੀ ਭਰਤੀ ਹੋਣ ਜਾਂ ਮੈਦਾਨੀ ਇਲਾਕਿਆਂ ਨੂੰ ਰੁਜ਼ਗਾਰ ਦੀ ਭਾਲ ‘ਚ ਜਾਂਦੇ ਸਨ। ਉਸ ਵਕਤ ਇਹ ਉੱਤਰੀ-ਪੱਛਮੀ ਭਾਰਤ ਦੇ ਸਭ ਤੋਂ ਵੱਧ ਗਹਿਮਾ-ਗਹਿਮੀ ਵਾਲੇ ਸਟੇਸ਼ਨਾਂ ‘ਚੋਂ ਇੱਕ ਸੀ। ਮੈਸਰਜ਼ ਸ਼ੰਕਰਦਾਸ ਮਥਰਾ ਦਾਸ (ਜੈਜੋਂ) ਇੱਥੋਂ ਦੀ ਇੱਕ ਬਹੁਤ ਹੀ ਮਸ਼ਹੂਰ ਫਰਮ ਸਿਲਕਾ ਸੈਂਡ (ਸ਼ੀਸ਼ਾ) ਦੀ ਸਪਲਾਈ ਅੰਬਾਲੇ ਅਤੇ ਹੋਰ ਖਿੱਤਿਆਂ ਨੂੰ ਅਤੇ ਮੈਸਰਜ਼ ਨਾਦੂ ਸ਼ਾਹ ਕਪੂਰ (ਜਲੰਧਰ) ਦੀ ਫ਼ਰਮ ਪੰਜਾਬ ਦੀਆਂ ਰੇਲ ਲਾਈਨਾਂ ਲਈ ਗਟਕਾ ਪੱਥਰ ਜਾਂ ਤੋੜਿਆ ਹੋਇਆ ਪੱਥਰ ਇਸੇ ਰੇਲ ਸਟੇਸ਼ਨ ਰਾਹੀਂ ਕਰਦੇ ਸਨ। ਢੁਆਈ ਦੀ ਯੋਜਨਾਬੰਦੀ ਐਨੀ ਸੀ ਕਿ ਧੁਰ ਜੰਗਲ-ਪਹਾੜ ਤੱਕ ਰੇਲਵੇ ਸਟੇਸ਼ਨ ਤੋਂ 4-5 ਕਿਲੋਮੀਟਰ ਲੰਬੀ ਇੱਕ ਨੈਰੋ-ਗੰਜ ਲਾਈਨ ਵੀ ਵਿਛਾਈ ਗਈ ਸੀ ਤਾਂ ਕਿ ਮੁੱਖ ਸਟੇਸ਼ਨ ਦੀ ਵੱਡੀ ਲਾਈਨ ਤੱਕ ਮਾਲ ਠੇਲ੍ਹਿਆਂ ਵਿੱਚ ਲਿਆਂਦਾ ਜਾ ਸਕੇ। ਉਦੋਂ ਇਨ੍ਹਾਂ ਠੇਲ੍ਹਿਆਂ ਨੂੰ ਇਕੱਲਾ ਆਦਮੀ ਰੇਲ ਲਾਈਨ ਉੱਤੇ ਦੌੜਾ (ਨੱਠਾ) ਸਕਦਾ ਸੀ, ਜਦੋਂ ਉੱਪਰ ਨੂੰ ਜਾਣਾ ਹੁੰਦਾ ਸੀ ਤਾਂ ਠੇਲ੍ਹੇ ਖਾਲੀ ਹੁੰਦੇ ਸਨ ਅਤੇ ਜਦੋਂ ਭਰ ਲਏ ਜਾਂਦੇ ਸਨ ਤਾਂ ਸਟੇਸ਼ਨ ਤੱਕ ਉਂਝ ਢਲਾਣ ਸੀ। ਠੇਲ੍ਹਾ ਇੱਕ ਛੋਟੇ ਲੋਹੇ ਦਾ ਡੱਬਾ ਹੁੰਦਾ ਸੀ, ਜਿਸ ਨੂੰ ਛੋਟੇ ਰੇਲ ਪਹੀਏ ਲੱਗੇ ਹੋਏ ਹੁੰਦੇ मह।

1947 ਤੋਂ ਪਹਿਲਾਂ ਤੱਕ ਇੱਥੇ ਵੱਡੇ-ਵੱਡੇ ਅਮੀਰ ਵਪਾਰੀ ਵਾਸ ਕਰਦੇ ਸਨ। 1929-30 ਵਿੱਚ ਇਥੇ ਦੇਸ਼ ਭਗਤਾਂ ਨੇ ਆਪਣੀਆਂ ਕੁਝ ਲੋੜਾਂ ਲਈ ਡਾਕਾ ਮਾਰਿਆ। ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਬੱਬਰ ਅਕਾਲੀ ਰਤਨ ਸਿੰਘ ਬਾਲੀਵਾਲ (ਹਿਮਾਚਲ) ਨੇ ਇਸ ਦੀ ਅਗਵਾਈ ਕੀਤੀ ਸੀ। ਉਸ ਤੋਂ ਪਹਿਲਾਂ ਇੱਕ ਭਿਆਨਕ ਡਾਕਾ ਜੈਬੇ-ਚਿੰਤੂ ਦੀ ਸਰਦਾਰੀ ਵਾਲੇ ਡਾਕੂਆਂ ਮਾਰਿਆ। ਸ਼ਹਿਰੀਆਂ ਅਤੇ ਡਾਕੂਆਂ ਵਿਚਾਲੇ ਹੋਈ ਗੋਲਾਬਾਰੀ ਸਮੇਂ ਲਾਲਾ ਪ੍ਰਭਦਿਆਲ, ਲਾਲਾ ਭਾਗਮੱਲ, ਵਿਸ਼ਨੂੰ ਪੰਡਤ ਤੇ ਰਾਮ ਰੱਖੇ ਸਮੇਤ 7-8 ਮੌਤਾਂ

ਵੀ ਹੋਈਆਂ ਸਨ। ਫ਼ੌਜੀ ਭਗੌੜਿਆਂ ਵੱਲੋਂ ਮਾਰੇ ਗਏ ਇੱਕ ਹੋਰ ਡਾਕੇ ਦੀ ਘਟਨਾ ਵੀ ਕਾਫ਼ੀ ਚਰਚਿਤ ਹੈ, ਉਂਝ ਛਿੱਟ-ਪੁੱਟ ਘਟਨਾਵਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਸਨ। ਬ੍ਰਾਹਮਣ, ਖੱਤਰੀ ਅਤੇ ਜੈਨੀ (ਭਾਬੜੇ) ਹੋਰਨਾਂ ਤੋਂ ਬਿਨਾਂ ਇੱਥੋਂ ਦੀ ਮੁੱਖ ਵਪਾਰੀ ਜਮਾਤ ਸੀ, ਪਰ ਫਸਵਾਂ ਵਪਾਰਕ ਮੁਕਾਬਲਾ ਖੱਤਰੀਆਂ ਅਤੇ ਜੈਨੀਆਂ ਵਿਚਾਲੇ ਸੀ। ਜਿਨ੍ਹਾਂ ਦੇ ਦੋ ਮੁੱਖ ਬਾਜ਼ਾਰ, ਬਾਜ਼ਾਰ ਖੰਨਾ (ਖੱਤਰੀਆਂ) ਅਤੇ ਬਾਜ਼ਾਰ ਜੈਨੀਆਂ (ਭਾਬੜੇ) ਸੀ। ਇੱਕ ਹੋਰ ਪ੍ਰਮੁੱਖ ਬਾਜ਼ਾਰ ਦਾ ਨਾਂਅ ਕਸ਼ਮੀਰੀ ਬਾਜ਼ਾਰ ਸੀ। ਵੈਸੇ ਵੀ ਬ੍ਰਾਹਮਣਾਂ ਦਾ ਮੁੱਖ ਕਿੱਤਾ ਵਿੱਦਿਆ ਪੜ੍ਹਾਉਣਾ ਸੀ। ਪੜ੍ਹਾਈ ਦਾ ਕੰਮ ਬਿਲਕੁਲ ਮੁਫ਼ਤ ਸਮੇਤ ਕਿਤਾਬਾਂ ਹੁੰਦਾ ਸੀ, ਇਸ ਕੰਮ ਲਈ ਲੋਕ ਦਿਲ ਖੋਲ੍ਹ ਕੇ ਦਾਨ ਦਿੰਦੇ ਸਨ। ਬ੍ਰਾਹਮਣਾਂ ਨੂੰ ਵਿੱਦਿਅਕ ਇਵਜ਼ ਦੇ ਤੌਰ ‘ਤੇ ਸ਼ਹਿਰੀਆਂ ਨੇ ਜਗੀਰਾਂ ਦਿੱਤੀਆਂ ਹੋਈਆਂ ਸਨ। ਲੋਕ ਪੜ੍ਹਾਈ ‘ਚ ਕਾਫ਼ੀ ਰੁਚੀ ਲੈਂਦੇ ਸਨ। ਪਹਿਲੇ ਸਮਿਆਂ ਵਿੱਚ ਹੀ ਸਨਾਤਨੀਆਂ ਅਤੇ ਆਰੀਆ ਸਮਾਜੀਆਂ ਦੇ ਅੱਡ-ਅੱਡ ਮਿਡਲ ਤੱਕ ਸਕੂਲ ਸਨ, ਜਿਨ੍ਹਾਂ ਨੂੰ 1942 ਵਿੱਚ ਇਕੱਠਾ ਕਰਕੇ ਸਰਕਾਰੀ ਅਪਰੂਵਡ ਤੌਰ ਉੱਤੇ ਹਿੰਦੂ ਹਾਈ ਸਕੂਲ ਬਣਾ ਦਿੱਤਾ ਗਿਆ। ਫਿਰ ਇਹ ਹਾਇਰ ਸੈਕੰਡਰੀ ਬਣਿਆ ਅਤੇ ਜੋ ਹੁਣ ਹੈਗਾ ਸੀਨੀਅਰ ਸੈਕੰਡਰੀ ਸਕੂਲ ਪਰ ਕਾਲਜੀ ਪੜ੍ਹਾਈ ਲਈ ਇਸ ਇਲਾਕੇ ਦੇ ਵਿਦਿਆਰਥੀ ਨੂੰ ਦੂਰ-ਦੁਰਾਡੇ ਜਾਣਾ ਪੈਂਦਾ ਹੈ। ਖੱਡਾਂ ਚੋਆਂ ਉੱਤੇ ਪੁਲ ਨਾ ਹੋਣ ਕਾਰਨ, ਆਵਾਜਾਈ ਵਿੱਚ ਵਿਘਨ ਉਨ੍ਹਾਂ ਦੀ ਪੜ੍ਹਾਈ ਨੂੰ ਬਹੁਤ ਹਰਜਾ ਪਹੁੰਚਾਉਂਦਾ ਹੈ।

ਜੈਜੋਂ ਵੱਸਿਆਂ ਬੜੀਆਂ ਸਦੀਆਂ ਬੀਤ ਗਈਆਂ, ਪਰ ਲੱਗਦਾ ਇੱਕ ਖਾਸ ਸਮੇਂ ਬਾਅਦ ਇਸ ਸ਼ਹਿਰ ਨੂੰ ਬਕਾਇਦਾ ਯੋਜਨਾਬੱਧ ਢੰਗ ਨਾਲ ਵਿਕਸਿਤ ਕੀਤਾ ਗਿਆ ਸੀ। ਖੁੱਲ੍ਹੇ ਬਾਜ਼ਾਰ, ਪੱਕੀਆਂ ਗਲੀਆਂ, ਪਾਣੀ ਦਾ ਉਚਿਤ ਪ੍ਰਬੰਧ, ਜਲ ਨਿਕਾਸੀ ਦੇ ਚਿੰਨ੍ਹ ਅੱਜ ਵੀ ਆਪਣੀ ਮਾਣਮੱਤੀ ਗਾਥਾ ਦੀ ਬਾਤ ਪਾਉਂਦੇ ਹਨ, ਕਲਾਤਮਿਕ ਮਜ਼ਬੂਤ ਦਰਵਾਜ਼ੇ ਤਾਕੀਆਂ ਵਾਲੀਆਂ ਇਹ ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈਸ ਵੱਡੀਆਂ-ਵੱਡੀਆਂ ਮਹੱਲਨੁਮਾ ਇਮਾਰਤਾਂ ਬੜੀ ਯੋਜਨਾਮਈ ਧੁੱਪ-ਪ੍ਰਕਾਸ਼, ਹਵਾ ਅਤੇ ਕਲਾਤਮਿਕਤਾ ਦਾ ਮੁਜੱਸਮਾ ਹਨ। ਛੱਤਾਂ ਆਮ ਕਰਕੇ ਲੱਕੜ ਦੀਆਂ ਹਨ, ਜੋ ਉੱਪਰ ਇੱਟਾਂ-ਪੱਥਰਾਂ ਨਾਲ ਲੈਸ ਹਨ। ਆਮ ਕਰਕੇ ਥੱਲੇ ਦੁਕਾਨਾਂ-ਵਪਾਰਕ ਸਥਾਨ, ਉਪਰਲੀ ਮੰਜ਼ਿਲ ਆਏ-ਗਏ ਲਈ ਰਾਖਵੀਂ ਅਤੇ ਉਸ ਤੋਂ ਉੱਪਰਲੀ ਆਪਣਾ ਰਿਹਾਇਸ਼ੀ ਅਸਥਾਨ। ਮੀਨਾਕਾਰੀ-ਚਿੱਤਰਕਲਾ ਅਤੇ ਤਰਾਸ਼ ਕੇ ਕੀਤੀ ਗਈ ਡਿਜ਼ਾਇਨਿੰਗ ਵੇਲ ਬੂਟੇ ਇਨ੍ਹਾਂ ਇਮਾਰਤਾਂ ਦਾ ਕਦੇ ਜ਼ਰੂਰ ਗੌਰਵਮਈ ਗਹਿਣਾ ਹੁੰਦਾ ਹੋਵੇਗਾ, ਉੱਥੇ ਕਾਰੀਗਰਾਂ ਦੀ ਦਾਦ ਦੇਣੀ ਤਾਂ ਬਣਦੀ ਹੀ ਹੈ, ਲੋਕ ਵੀ ਕਿੰਨੇ ਕਲਾ ਪ੍ਰੇਮੀ ਅਤੇ ਸੁਹਜਮਈ ਹੋਣਗੇ, ਵੇਖਿਆਂ ਹੀ ਪਤਾ ਲੱਗਦਾ ਹੈ। ਰਿਹਾਇਸ਼ੀ ਅਣਹੋਂਦ ਅਤੇ ਸਮੇਂ ਦੀ ਮਾਰ ਨੇ ਬੇਸ਼ੱਕ ਬਹੁਤੀਆਂ ਇਮਾਰਤਾਂ ਨੂੰ ਨਿਗਲ ਲਿਆ ਹੈ, ਪਰ ਉਨ੍ਹਾਂ ਦੇ ਖੜ੍ਹੇ ਖੰਡਰਾਂ ਨੂੰ ਦੇਖ ਕੇ ਹੀ ਕਿਸੇ ਸ਼ਾਇਰ ਨੇ ਇਹ ਸ਼ੇਅਰ ਗੁਣਗੁਣਾਇਆ ਹੋਵੇਗਾ ਕਿ “ਖੰਡਰਾਤ ਹੀ ਬਤਾਤੇ ਹੈ, ਕਿ ਇਮਾਰਤ ਖੂਬਸੂਰਤ ਥੀ”, ਪਰ ਇਹ ਤਾਂ ਸਮੁੱਚਾ ਸ਼ਹਿਰ ਹੀ ਕਦੇ ਬੜਾ ਖੂਬਸੂਰਤ ਹੁੰਦਾ ਹੋਣਾ । ਹੁਣ ਵੀ ਸਾਬਤ ਸਬੂਤੀਆਂ ਖੜੀਆਂ ਇਮਾਰਤਾਂ ਦੀ ਕੀਮਤ ਕਿਸੇ ਚੰਗੇ ਸ਼ਹਿਰ ਦੇ ਮੁਕਾਬਲੇ ਕਰੋੜਾਂ ਰੁਪਏ ‘ਚ ਆਂਕੀ ਜਾ ਸਕਦੀ ਹੈ। ਵੱਡੇ ਵਪਾਰਕ ਸ਼ਹਿਰਾਂ ‘ਚ ਅਜਿਹੀਆਂ ਇਮਾਰਤਾਂ ਦੀ ਉਸਾਰੀ ਲਈ ਤਾਂ ਅਰਬਾਂ ਰੁਪਏ ਦੀ ਲੋੜ ਪੈ ਜਾਏ। ਬਹੁਤੀਆਂ ਪੁਰਾਣੀਆਂ ਇਮਾਰਤਾਂ ਤਰਾਸ਼ੇ ਹੋਏ ਸਿੱਲ-ਪੱਥਰਾਂ (ਸੈਲਾਂ) ਦੀਆਂ, ਉਸ ਤੋਂ ਬਾਅਦ ਦੇ ਸਮੇਂ ਦੀਆਂ ਨਾਨਕਸ਼ਾਹੀ ਇੱਟਾਂ ਦੀਆਂ ਅਤੇ 20ਵੀ ਸਦੀ ਦੇ ਸ਼ੁਰੂ ਵਾਲੇ ਦੌਰ ਦੀਆਂ ਵੱਡੀਆਂ ਇੱਟਾਂ ਦੀਆਂ ਬਣੀਆਂ ਹੋਈਆਂ ਹਨ। ਮੀਨਾਕਾਰੀ ਨਾਲ ਸਜੀਆਂ ਇਨ੍ਹਾਂ ਦੀ ਉਸਾਰੀ ਚੂਨੇ ਦੇ ਮਸਾਲੇ ਨਾਲ ਕੀਤੀ ਹੋਈ ਹੈ। ਵਧੀਆ ਅਤੇ ਚਿਕਨਾਈ ਯੁਕਤ ਮਸਾਲੇ ਨੂੰ ਤਿਆਰ ਕਰਨ ਲਈ ਪਹਿਲਾਂ ਚੂਨਾ (ਕਲੀ), ਰੋੜੇ, ਨਰਮ ਪੱਥਰ, ਸਣ ਅਤੇ ਮਾਹਾਂ (ਦਾਲ) ਦੀ ਵਰਤੋਂ ਕੀਤੀ ਜਾਂਦੀ ਸੀ। ਪਹਿਲਾਂ ਇਨ੍ਹਾਂ ਨੂੰ ਬਰੀਕ ਵੱਢ-ਟੁੱਕ ਅਤੇ ਕੁੱਟ ਕੇ, ਫਿਰ ਚੱਕੀ ‘ਚ ਲੰਘਾ ਕੇ ਦੁਬਾਰਾ ਪਾਣੀ ਮਿਲਾ ਕੇ ਓਨਾ ਚਿਰ ਚੱਕੀ ਵਾਲੀ ਪ੍ਰਕਿਰਿਆ ਕੀਤੀ ਜਾਂਦੀ ਸੀ, ਜਦ ਤੱਕ ਇਹ ਮਸਾਲਾ ਮਿਆਰੀ-ਪਕੜਾਈ ਦੀ ਪੱਧਰ ਤੱਕ ਨਾ ਪਹੁੰਚ ਜਾਂਦਾ। ਇਮਾਰਤਾਂ ਦੀ ਉਸਾਰੀ ਵਰ੍ਹਿਆਂਬੱਧੀ ਚੱਲਦੀ ਰਹਿੰਦੀ ਸੀ, ਜੋ ਨੇੜਲੇ ਖੇਤਰਾਂ ਦੇ ਮਜਦੂਰਾਂ, ਕਾਰੀਗਰਾਂ ਲਈ ਬਹੁਤ ਵੱਡਾ ਰੁਜ਼ਗਾਰ ਸਾਧਨ ਸੀ। ਇਮਾਰਤਾਂ ਇੰਨੀਆਂ ਸਫਾਈ ਅਤੇ ਗੁਣੀਏ ਵਿੱਚ ਬਣੀਆਂ ਹੁੰਦੀਆਂ ਸਨ ਕਿ ਅੱਜ ਦੀਆਂ ਉੱਚ ਵਿਗਿਆਨਿਕ ਤਕਨੀਕ ਨਾਲ ਬਣ ਰਹੀਆਂ ਇਮਾਰਤਾਂ ਵੀ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਖੰਡਰ ਬਣੀਆਂ ਕਈ ਇਮਾਰਤਾਂ ਵਿੱਚ ਵੱਡੀਆਂ-ਵੱਡੀਆਂ ਲੋਹ-ਸੇਫਾਂ (ਪੈਸੇ ਆਦਿ ਲਈ) ਅਜੇ ਵੀ ਪਈਆਂ ਹੋਈਆਂ ਹਨ। ਪੁਰਾਣੇ ਸਮਿਆਂ ਦੇ ਪਹਾੜੀ ਸਿਖਰ ਉੱਤੇ ਬਣੇ ਖੂਹਾਂ ਦਾ ਪਾਣੀ ਅਜੇ ਵੀ ਦੋ ਚਾਰ ਹੱਥ ਹੀ ਨੀਵਾਂ ਹੈ। ਬਾਉਲੀਆਂ ਵੀ ਕਾਇਮ ਹਨ। ਕੁਝ ਮੀਨਾਕਾਰੀ ਦਾ ਕੰਮ ਮੁਸਲਿਮ ਕਰਦੇ ਸਨ।

ਜੈਜੋਂ ਪਿੰਡ | Jaijon Village

ਵੱਡੇ ਰੌਲਿਆਂ ਤੋਂ ਪਹਿਲਾਂ ਇੱਥੋਂ ਹਰ ਜਾਤ-ਧਰਮ ਦੇ ਘਰ ਵਸਦੇ ਸਨ, ਜਿਨ੍ਹਾਂ ਵਿੱਚ ਖੱਤਰੀ, ਭਾਵੜੇ (ਜੈਨੀ), ਬ੍ਰਾਹਮਣ, ਗੁੱਜਰ (ਮੁਸਲਮਾਨ), ਜੁਲਾਹੇ, ਮਰਾਸੀ, ਬਰੇੜੇ (ਵੰਗਾਂ ਦਾ ਕੰਮ ਕਰਨ ਵਾਲੇ), ਰਾਜਪੂਤ, ਬਾਲਮੀਕ, ਘੁਮਿਆਰ ਅਤੇ ਆਦਿ ਧਰਮੀ ਪ੍ਰਮੁੱਖ ਸਨ। ਇਨ੍ਹਾਂ ਸਭ ਦੇ ਅੱਡ-ਅੱਡ ਮੁਹੱਲੇ ਸਨ, ਜਿਨ੍ਹਾਂ ਦਾ ਇੱਕ ਮੁੱਖ ਦੁਆਰ ਹੁੰਦਾ ਸੀ। ਮੁਸਲਮਾਨ ਦੋ ਕਿਸਮ ਦੇ ਸਨ, ਇੱਕ ਜੋ ਗਊ ਮਾਸ ਦਾ ਸੇਵਨ ਵੀ ਕਦੇ-ਕਦੇ ਕਰ ਲੈਂਦੇ ਸਨ, ਉਨ੍ਹਾਂ ਦਾ ਮੁਹੱਲਾ ਬਿਲਕੁਲ ਅੱਡਰਾ ਸੀ, ਪਰ ਗੁੱਜਰ ਮੁਸਲਮਾਨ ਬੁਰਕਾਫਰੋਸ਼ ਨਹੀਂ ਸਨ। ਇੱਕ ਮੁਹੱਲਾ ਅਤੇ ਬਾਜ਼ਾਰ ਕੰਜਰਾਂ ਦਾ ਸੀ, ਪਰ ਉਨ੍ਹਾਂ ਦਾ ਵੀ ਮੁੱਖ ਪੇਸ਼ਾ ਗਾਉਣ-ਵਜਾਉਣ ਦਾ ਸੀ। ਬਹੁਤ ਦੁਰੇਡੀਆਂ ਥਾਵਾਂ ਦੇ ਵਪਾਰੀ ਲੋਕਾਂ ਨੂੰ ਕੰਮ-ਕਾਰਾਂ ਅਤੇ ਦੂਰੀ ਕਾਰਨ ਇਥੇ ਕਈ-ਕਈ ਦਿਨ ਰੁਕਣਾ ਪੈਂਦਾ ਸੀ ਉਨ੍ਹਾਂ ਦੇ ਸੁਹਜ-ਸੁਆਦ ਅਤੇ ਦਿਲ-ਖੁਸ਼ ਯਾਨੀ ਮਨੋਰੰਜਨ ਲਈ ਵੀ ਇੱਕ ਕੋਮ ਵਸਾਈ ਗਈ ਸੀ। ਅੱਡ-ਅੱਡ ਵੰਨਗੀ ਦੇ ਧਾਰਮਿਕ ਸਥਾਨ ਲੋਕਾਂ ਦੀ ਧਾਰਮਿਕ ਆਸਥਾ ਦੀ ਪੁਸ਼ਟੀ ਕਰਦੇ ਹਨ, ਪਰ ਸਭ ਦਾ ਆਪਸੀ ਪਿਆਰ ਬਹੁਤ ਸੀ। ਮੁਸਲਮਾਨ 1947 ‘ਚ ਪਾਕਿਸਤਾਨ ਚਲੇ ਗਏ, ਪਰ ਕੁਝ ਘਰ ਲਾਗਲੇ ਖੇਤਰਾਂ ‘ਚ ਅਜੇ ਵੀ ਹਨ। ਲੋਕ ਰਾਗ-ਕਲਾ ਦੇ ਵੀ ਬੜੇ ਸ਼ੌਕੀਨ ਸਨ। ਮਨੋਰੰਜਨ ਲਈ ਸ਼ਾਸਤਰੀ ਗਾਨ, ਰਾਮ ਅਤੇ ਕ੍ਰਿਸ਼ਨ ਲੀਲ੍ਹਾਵਾਂ ਤੋਂ ਬਿਨਾਂ ਨੱਕਾਲਾਂ ਦੀਆਂ ਨਕਲਾਂ ਅਤੇ ਸਾਰੀ-ਸਾਰੀ ਰਾਤ ਪੈਂਦੀਆਂ ਰਾਸਾਂ ਦੀਆਂ ਬਾਤਾਂ ਦਾ ਜ਼ਿਕਰ ਅਜੇ ਵੀ ਵਡੇਰੇ ਕਰਦੇ ਹਨ। ਹੁਣ ਨਾ ਤਾਂ ਪਹਿਲਾਂ ਵਾਲੀਆਂ ਰੌਣਕਾਂ ਰਹੀਆਂ ਅਤੇ ਨਾ ਹੀ ਪਹਿਲੀਆਂ ਗੱਲਾਂ। ਸ਼ਹਿਰ ਭਾਂ-ਭਾਂ ਕਰ ਰਿਹਾ ਹੈ। ਹਰ ਸ਼ੈਅ ਉਦਾਸ ਹੈ। ਬਾਜ਼ਾਰਾਂ ‘ਚ ਅਠਖੇਲੀਆਂ ਕਰਦੇ ਬਾਂਦਰ ਵੀ ਹੁਣ ਢਿੱਡੋ-ਭੁੱਖੇ ਜਾਪਦੇ ਨੇ। ਸ਼ਹਿਰ ਦੇ ਉਜੜਨ ਦੇ ਚਾਰ ਪ੍ਰਮੁੱਖ ਕਾਰਨ ਹਨ। ਦੱਸਦੇ ਨੇ ਕਿ ਪਹਿਲਾਂ ਇਸ ਨੂੰ ਢਾਹ ਉਦੋਂ ਲੱਗੀ, ਜਦ ਸੰਨ 1933 ‘ਚ ਜੋਗਿੰਦਰ ਨਗਰ ਵੈਲੀ ਰੇਲਵੇ ਲਾਈਨ (ਅੰਮ੍ਰਿਤਸਰ-ਪਠਾਨਕੋਟ-ਨਗਰੋਟਾ ਆਦਿ) ਬਣਨ ਨਾਲ ਹਿਮਾਚਲ ਦੇ ਉਸ ਪਾਸੇ ਦੇ ਦੁਰੇਡੇ ਅਤੇ ਕਬਾਇਲੀ ਖੇਤਰਾਂ ਨਾਲ ਹੁੰਦਾ ਵਪਾਰ ਠੱਪ ਹੋ ਗਿਆ। ਉਸ ਸਾਈਡ ਵੱਲੋਂ ਹੋਣ ਵਾਲੀ ਆਵਾਜਾਈ ਅਤੇ ਵਪਾਰਕ ਗਤੀਵਿਧੀਆਂ ਨੇ ਨੁਕਸਾਨ ਕੀਤਾ, ਪਰ ਸ਼ਹਿਰ ਫਿਰ ਵੀ ਕੁਝ ਸੰਭਲਿਆ ਰਿਹਾ। ਦੂਜੀ ਵਾਰ 1947 ਦੀ ਵੰਡ ਅਤੇ ਹਿਜਰਤ ਨੇ ਲੱਕ ਹੀ ਤੋੜ ਕੇ ਰੱਖ ਦਿੱਤਾ। ਪਾਕਿਸਤਾਨੀ ਸਾਈਡ ਤੋਂ ਵਪਾਰ ਬੰਦ ਹੋ ਗਿਆ। ਤੀਸਰਾ ਜਦੋਂ ਅਜ਼ਾਦ ਭਾਰਤ ‘ਚ ਸੜਕਾਂ ਤੋਂ ਕਿਤੇ ਪਾਸੇ ਰਹਿ ਜਾਣ ਕਾਰਨ ਧਰਾਤਲੀ ਆਵਾਜਾਈ ਕਾਰਨ ਇਸਨੂੰ ਨੁਕਸਾਨ ਪਹੁੰਚਾ, ਕਿਉਂਕਿ ਨਵੇਂ ਸ਼ਹਿਰ-ਕਸਬੇ ਵਿਕਸਿਤ ਹੋ ਗਏ। ਚੌਥਾ ਇਸ ਦੇ ਨਾਲ ਲੱਗਦੇ ਪੰਜਾਬ ਦੇ ਪਹਾੜੀ ਇਲਾਕਿਆਂ ਦਾ ਹਿਮਾਚਲ ‘ਚ ਚਲੇ ਜਾਣਾ। ਉਸ ਪਾਸੇ ਹੋਰ ਸ਼ਹਿਰ-ਸੜਕਾਂ ਅਤੇ ਸੰਪਰਕਾਂ ਦਾ ਜੁੜ ਜਾਣਾ। ਫਿਰ ਕੀ ਹੋ ਸਕਦਾ ਸੀ, ਸਰਕਾਰਾਂ ਨੇ ਵੀ ਧਿਆਨ ਨਾ ਦਿੱਤਾ. ਮਜਬੂਰਨ ਵਪਾਰੀਆਂ ਨੇ ਹੋਰ ਸ਼ਹਿਰਾਂ ਨੂੰ ਰੁਖ ਕਰ ਲਿਅ ਅਤੇ ਸ਼ਹਿਰ ਨੇ ਇੱਕ ਵੱਡੇ ਖੰਡਰਾਤ ਅਤੇ ਥੇਹ ਦੀ ਸ਼ਕਲ ਅਖਤਿਆਰ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਹੀ ਸਾਂਭ ਸੰਭਾਲ ਅਤੇ ਬਹਾਰਾਂ ਹੁੰਦੀਆਂ ਨੇ । ਅਰਬਾਂ ਦੀ ਜਾਇਦਾਦ ਮਿੱਟੀ ਬਣ ਰਹੀ ਹੈ। ਬਰਕਤਾਂ ਵਸਦੇ ਘਰਾਂ ‘ਚ ਹੀ ਹੁੰਦੀਆਂ ਨੇ।

ਪਰ ਅਜੇ ਵੀ ਖੰਡਰ ਬਣਨ ਜਾ ਰਹੇ ਇਸ ਸ਼ਹਿਰ ਦੇ ਸਾਬਤ-ਸਬੂਤ ਹਿੱਸੇ ਨੂੰ ਸਾਂਭਿਆ ਜਾ ਸਕਦਾ ਹੈ। ਰਿਪੇਅਰਯੋਗ ਦੀ ਮੁਰੰਮਤ ਕੀਤੀ ਜਾ ਸਕਦੀ ਹੈ। ਨਿੱਜੀ ਮਾਲਕੀ ਨੂੰ ਪ੍ਰੇਰ ਕੇ ਜਾਂ ਕੋਈ ਕਾਨੂੰਨ ਪਾਸ ਕਰਕੇ ਨਵੀਆਂ ਕਾਲੋਨੀਆਂ ਦੀ ਥਾਂ, ਬੇਘਰਿਆਂ ਲਈ ਕਿਸੇ ਸਰਕਾਰੀ ਸੰਸਥਾ, ਖੋਜ ਕੇਂਦਰਾਂ ਜਾਂ ਵੱਡੇ ਵਿੱਦਿਅਕ ਅਦਾਰਿਆਂ ਲਈ ਇਨ੍ਹਾਂ ਨੂੰ ਵਰਤ ਲਿਆ ਜਾਵੇ । ਉਂਜ ਸਾਡਾ ਦੁਖਾਂਤ ਹੈ ਕਿ ਅਸੀਂ ਨਾ ਤਾਂ ਆਪਣਾ ਵਿਰਸਾ ਸਾਂਭਦੇ ਹਾਂ ਅਤੇ ਨਾ ਹੀ ਪੁਰਾਤਨਤਾ ਨੂੰ। ਨਵਿਆਂ ਉੱਤੇ ਖਰਚੀਲੀ ਦੌੜ ਲਾ ਕੇ ਹੀਰੋ ਨੂੰ ਜ਼ੀਰੋ ਬਣਦਾ ਵੇਖ ਕੇ ਕਬੂਤਰੀ ਅੱਖਾਂ ਮੀਟ ਰੱਖਦੇ ਹਨ। ਇੱਥੇ ਰੇਲਵੇ ਸਟੇਸ਼ਨ ਹੈਗਾ, ਸਰਕਾਰੀ ਇਮਾਰਤਾਂ ਵੀ ਹਨ। ਜੈਜੋਂ ਸ਼ਹਿਰ ਜੋ ਉੱਚੀ ਜਗ੍ਹਾ ਆਬਾਦ ਕੀਤਾ ਸੀ ਦੇ ਚੁਫੇਰਲੀਆਂ ਖੱਡਾਂ ਇਸ ਦੀ ਰੱਖਿਆ ਪੰਗਤੀ ਦਾ ਕੰਮ ਕਰਦੀਆਂ ਸਨ। ਫਿਰ ਇਹ ਖੱਡਾਂ ਭੌਂ-ਖੋਰ ਨਾਲ ਹੋਰ ਡੂੰਘੀਆਂ ਡੂੰਘੇਰੀਆਂ ਅਤੇ ਚੌੜੀਆਂ ਹੁੰਦੀਆਂ ਗਈਆਂ। ਚਸ਼ਮਿਆਂ ਵਾਲੀ ਮੁੱਖ ਖੱਡ ‘ਚ ਉਤਰਨ ਲਈ ਇੱਕ ਵੱਡੀ ਚੌੜਾਈ ਵਾਲੀ ਪੌੜੀ ਤਾਮੀਰ ਕਰਵਾਈ ਗਈ ਸੀ, ਜਿਸ ਨੂੰ (ਪੌੜ-ਸਾਂਗ ਕਹਿੰਦੇ ਸਨ। ਉਸਦੇ ਥੇਹ ਹੁਣ ਵੀ ਦੇਖੇ ਜਾ ਸਕਦੇ ਹਨ। ਜੈਜੋਂ ‘ਚ ਦਾਖਲੇ ਲਈ ਇੱਕ ਮਜ਼ਬੂਤ ਗੇਟ ਲੰਘਣਾ ਪੈਂਦਾ ਸੀ। ਰਾਜਿਆਂ ਵੇਲੇ ਇਹ ਪੁੱਛ-ਗਿੱਛ ਦਾ ਕੇਂਦਰ ਸੀ। ਬਾਹਰਲੇ ਲੋਕ ਕਲਾਤਮਿਕ ਵਸਤਾਂ ਲਈ ਜਾਂਦੇ ਹਨ। ਵਰ੍ਹਿਆਂ ਪੁਰਾਣੀ ਲੱਕੜ ਦੀ ਇੱਕ ਚੁਗਾਠ ਲੁਧਿਆਣੇ ਦਾ ਇੱਕ ਬੰਦਾ ਤੀਹ ਹਜ਼ਾਰ ਨੂੰ ਲੈ ਗਿਆ ਜਿਸ ਤੇ ਆਹਲਾ ਮੀਨਾਕਾਰੀ ਕੀਤੀ ਹੋਈ ਸੀ।

ਸਥਾਨ ਵੀ ਇਕਾਂਤਮਈ ਅਤੇ ਸ਼ਾਂਤ ਹੈ। ਸ਼ਿਵਾਲਿਕ ਦੇ ਪੈਰਾਂ, ਚਸ਼ਮਿਆਂ ਕੰਢੇ ਅਤੇ ਕੁਦਰਤ ਦੀ ਗੋਂਦ ‘ਚ ਖਾਲੀ ਸੁੰਨ-ਮਸੁੰਨਾ ਪਿਆ ਇਹ ਸ਼ਹਿਰ ਕਿਸੇ ਉੱਦਮੀ ਪੁਰਸ਼ ਦੀ ਰਾਹ ਤੱਕ ਰਿਹਾ ਹੈ। ਚਲੋ ਜੇ ਐਨਾ ਹੀ ਕਰ ਲਿਆ ਜਾਵੇ ਕਿ ਸ਼ਹਿਰ ਦੁਆਲੇ ਖਾਲੀ ਗ਼ੈਰ-ਆਬਾਦ (ਬਰਾਨੀ-ਜੰਗਲੀ) ਇਲਾਕੇ ਵਿੱਚ ਕੋਈ ਉਦਯੋਗ ਸਥਾਪਤ ਹੋ ਜਾਵੇ, ਪੰਜਾਬ ਵਿੱਚ ਹੁਣ ਸੈਰ-ਸਪਾਟੇ ਦੀਆਂ ਥਾਵਾਂ ਦੀ ਬੜੀ ਘਾਟ ਹੋ ਗਈ ਹੈ, ਇਸ ਨੂੰ ਟੂਰਿਜ਼ਮ ਵਿਭਾਗ ਵਿਕਸਤ ਕਰ ਲਵੇ, ਰੇਲਵੇ ਲਾਈਨ ਨੂੰ ਇੱਕ ਪਾਸੇ ਸ਼ਿਵਾਲਿਕ ਦੇ ਪੈਰਾਂ ਦੇ ਨਾਲ-ਨਾਲ ਤਲਵਾੜੇ ਤੱਕ, ਦੂਜੇ ਪਾਸੇ ਨੰਗਲ-ਆਨੰਦਪੁਰ ਸਾਹਿਬ ਨਾਲ ਜੋੜ ਦਿੱਤਾ ਜਾਵੇ ਤਾਂ ਪੰਧ ਤਾਂ ਘਟੇਗਾ, ਸਗੋਂ ਹੋਰ ਵੀ ਬਹੁਪੱਖੀ ਲਾਭ ਹੋਣਗੇ। ਜੰਗਲ ਅਤੇ ਪੱਥਰ ਉਦਯੋਗ ਅਧਾਰਤ ਸਨਅਤਾਂ ਦੀ ਉਸਾਰੀ ਵੀ ਕੀਤੀ ਜਾ ਸਕਦੀ ਹੈ। ਐਵੇਂ ਮਹਿੰਗੇ ਥਾਵੀਂ ਵੱਡੇ ਵਿੱਦਿਅਕ ਅਦਾਰੇ ਸਥਾਪਤ ਕਰਨ ਦੇ ਬਜਾਏ ਕੀ ਇੱਥੇ ਸ਼ਾਂਤੀ ਨਿਕੇਤਨ ਟਾਈਪ ਕੋਈ ਯੂਨੀਵਰਸਿਟੀ ਨਹੀਂ ਚਾਲੂ ਕੀਤੀ ਜਾ ਸਕਦੀ? ਮਹਿਕਮਾ ਜੰਗਲਾਤ, ਖੇਤੀਬਾੜੀ, ਪਸ਼ੂ ਪਾਲਣ, ਬਾਗਬਾਨੀ, ਸੈਰ-ਸਪਾਟਾ ਅਤੇ ਉਦਯੋਗ ਇੱਥੇ ਸਿਰ ਜੋੜ ਕੇ ਕੁਝ ਕਰਨ ਲਈ ਵਿਉਂਤੇ ਤਾਂ ਬੜੇ ਸਕੋਪ ਹੈਗੇ ਨੇ। ਪਿੱਛੇ ਜਿਹੇ ਭੂਮੀ ਤੇ ਜਲ ਸੰਭਾਲ ਮਹਿਕਮੇ ਨੇ ਇੱਥੇ ਦੀ ਇੱਕ ਸਦਾ ਬਹਾਰ ਖੰਡ ਉੱਤੇ ਬਿਨਾਂ ਕਿਸੇ ਕਿਸਮ ਦੀ ਊਰਜਾ ਤੋਂ ਚੱਲਣ ਵਾਲਾ ਸਿੰਚਾਈ ਪ੍ਰੋਜੈਕਟ ਉਸਨਿਰਆ, ਬੜਾ ਫਾਇਦਾ ਹੋਇਆ ਉਸ ਮਹਿਕਮੇ ਵੱਲੋਂ ਭੂਮੀ ਤੇ ਜਲ ਸੰਭਾਲ ਸੰਬੰਧੀ ਬੜੇ ਕਾਰਜ ਹੋਰ ਵੀ ਕੀਤੇ ਜਾ ਸਕਦੇ ਹਨ। ਕੰਢੀ ਵਿਕਾਸ ਬੋਰਡ ਵੀ ਕੁਝ ਵਿਉਂਤੇ। ਇਹ ਬੜਾ ਰਮਣੀਕ ਪਹਾੜੀ ਖਿੱਤਾ ਹੈ, ਪਰ ਲੋਕ ਤੰਗ ਹਨ, ਸ਼ਹਿਰ ਖਾਲੀ ਪਿਆ ਹੈ, ਬੱਸ ਤੁਹਾਡੀ ਰਾਹ ਉਡੀਕਦੇ। ਪੁਰਾਤੱਤਵ ਵਿਭਾਗ ਦੁਆਰਾ ਇਨ੍ਹਾਂ ਕਲਾਤਮਿਕ ਇਮਾਰਤਾਂ ਨੂੰ ਸਾਂਭਣ ਦੀ ਬੜੀ ਲੋੜ ਹੈ। ਸ਼ਹਿਰ ਦੀ ਗਾਥਾ ਦਾ ਫਿਲਮਆਂਕਣ ਕਰਕੇ ਲੋਕਾਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਉਣ ਦੀ ਬੜੀ ਲੋੜ ਹੈ। ਤੁਹਾਨੂੰ ਸਭ ਨੂੰ ਵੀ ਇਹ ਲਹੂ ਦੇ ਅੱਥਰੂ ਕੇਰਦੇ ਦੁਖਾਂਤਮਿਕ ਸ਼ਹਿਰ ਦਾ ਗੇੜਾ ਮਾਰਨ ਦਾ ਸੱਦਾ ਹੈ।

 

 

 

 

 

Credit – ਵਿਜੈ ਬੰਬੇਲੀ

Leave a Comment

error: Content is protected !!