ਜੰਡਿਆਲਾ ਪਿੰਡ ਦਾ ਇਤਿਹਾਸ | Jandiala Village History

ਜੰਡਿਆਲਾ

ਜੰਡਿਆਲਾ ਪਿੰਡ ਦਾ ਇਤਿਹਾਸ | Jandiala Village History

ਸਥਿਤੀ :

ਤਹਿਸੀਲ ਫਿਲੌਰ ਦਾ ਪਿੰਡ ਜੰਡਿਆਲਾ, ਫਗਵਾੜਾ-ਜੰਡਿਆਲਾ ਸੜਕ ਤੇ ਨੂਰ ਮਹਿਲ ਤੋਂ 7 ਕਿਲੋਮੀਟਰ ਦੂਰ, ਜਲੰਧਰ, ਗੁਰਾਇਆ, ਫਗਵਾੜਾ ਤੇ ਨਕੋਦਰ ਸ਼ਹਿਰਾਂ ਤੋਂ ਇਕੋਂ ਜਿਹੀ ਦੂਰੀ ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ

ਜੰਡਿਆਲਾ ਦੇ ਵੱਡੇ-ਵਡੇਰੇ ਮੋਗੇ ਦੇ ਨੇੜੇ ਪਿੰਡ ਢੱਲੇ ਕੀ ਤੋਂ ਆ ਕੇ ਥਾਬਲਕੀ ਵੱਸੋ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਵਿਚੋਂ ਦੋ ਉੱਠ ਕੇ ਇਸ ਪਿੰਡ ਵਿੱਚ ਆ ਕੇ ਜੰਡ ਦੇ ਦਰਖਤ ਕੋਲ ਵੱਸ ਗਏ ਜੋ ਅੱਜ ਵੀ ਹੈ। ਪਹਿਲਾਂ ਇਸ ਪਿੰਡ ਦਾ ਨਾਂ ਜੰਡ ਵਾਲਾ ਪਿਆ ਜੋ ਹੌਲੀ-ਹੌਲੀ ਜੰਡਿਆਲਾ ਬਣ ਗਿਆ। ਇੱਕ ਹੋਰ ਮੱਤ ਅਨੁਸਾਰ ਇਸ ਪਿੰਡ ਨੂੰ ਲੱਧਾ ਨਾਮੀ ਵਿਅਕਤੀ ਦੁਆਰਾ ਵਸਾਇਆ ਗਿਆ ਤੇ ਜੰਡ ਦਾ ਦਰਖਤ ਵੀ ਉਸ ਨੇ ਹੀ ਲਾਇਆ ਸੀ। ਇੱਥੋਂ ਦੀ ਮੁਗਲ ਬਾਦਸ਼ਾਹ ਦੀ ਬਣਾਈ ਧਰਮਸ਼ਾਲਾ ਸਾਰੇ ਇਲਾਕੇ ਵਿੱਚ ਮਸ਼ਹੂਰ ਹੈ।

ਬਾਦਸ਼ਾਹ ਜਹਾਂਗੀਰ ਦੇ ਇੱਕ ਫੋੜਾ ਸੀ ਜਿਸ ਨੂੰ ਕਿਸੇ ਤੋਂ ਆਰਾਮ ਨਹੀਂ ਸੀ ਆ ਰਿਹਾ। ਉਹ ਇੱਥੋਂ ਦੇ ਇੱਕ ਦਰਵੇਸ਼ ਬਾਬਾ ਭੂਮੀਆਂ ਕੋਲ ਆਇਆ ਤੇ ਉਸਦੇ ਇਲਾਜ ਨਾਲ ਉਸਦਾ ਫੋੜਾ ਠੀਕ ਹੋ ਗਿਆ ਜਿਸ ਤੋਂ ਖੁਸ਼ ਹੋ ਕੇ ਉਸਨੇ ਪਿੰਡ ਵਿੱਚ ਇੱਕ ਧਰਮਸ਼ਾਲਾ ਬਣਵਾਈ ਤੇ ਨੇੜੇ ਦੇ ਬਾਰਾਂ ਪਿੰਡਾਂ ਦੀ ਬਾਰਾਂ-ਬਾਰਾਂ ਏਕੜ ਜ਼ਮੀਨ ਉਸ ਧਰਮਸ਼ਾਲਾ ਦੇ ਨਾਂਅ ਲਗਾ ਦਿੱਤੀ। ਜਹਾਂਗੀਰ ਦਾ ਦਿੱਤਾ ਹੋਇਆ ਪਲੰਘ ਤੇ ਇੱਕ ਟਮਕ ਅਜੇ ਵੀ ਇੱਥੇ ਪਏ ਹਨ। ਬਾਬੇ ਭੂਮੀਆਂ ਦੀ ਜਗ੍ਹਾ ਦੀ ਅਜੇ ਵੀ ਬੜੀ ਮਾਨਤਾ ਹੈ। ਪਿੰਡ ‘ਦੇ ਉੱਤਰ ਵੱਲ ਫਕੀਰ ਬਾਬਾ ਕੁਤਬ ਸ਼ਾਹ ਦੁੱਲੋ ਦੀ ਖ਼ਾਨਗਾਹ ਹੈ ਜਿੱਥੇ ਦੋ ਵਾਰੀ ਸਾਲ ਵਿੱਚ ਮੇਲਾ ਲਗਦਾ ਹੈ, ਨਕਲਾਂ ਤੇ ਕੱਵਾਲੀਆਂ ਹੁੰਦੀਆਂ ਹਨ। ਪਿੰਡ ਦੇ ਦੂਸਰੇ ਕੋਨਿਆਂ ਵਿੱਚ ਬਾਬਾ ਸਿੱਧ, ਬਾਬਾ ਮਿਆਣਾ ਤੇ ਬਾਬਾ ਹੱਦਾ ਦੀਆਂ ਥਾਵਾਂ ਹਨ। ਲੋਕਾਂ ਦਾ ਵਿਸ਼ਵਾਸ ਹੈ ਕਿ ਇਹ ਬਾਬੇ ਚਾਰੇ ਪਾਸਿਓਂ ਪਿੰਡ ਦੀ ਹਿਫ਼ਾਜਤ ਕਰਦੇ ਹਨ। ਬਾਬਾ ਗੋਪਾਲਪੁਰੀ, ਬਾਬਾ ਧਰਮ ਨਾਥ, ਬੁੱਧ ਨਾਥ ਤੇ ਹਰੀ ਦਾਸ ਇੱਥੋਂ ਦੇ ਹੋਰ ਮਹਾਨ ਪੁਰਸ਼ ਹੋਏ ਹਨ। ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵੀ ਬਾਬਾ ਗੋਪਾਲਪੁਰੀ ਕੋਲੋਂ ਅਸ਼ੀਰਵਾਦ ਲੈਣ ਆਇਆ ਕਰਦੇ ਸਨ।

ਅੰਗਰੇਜ਼ੀ ਰਾਜ ਸਮੇਂ ਇਹ ਪਿੰਡ ਰਾਜਸੀ ਜੱਦੋ-ਜਹਿਦ ਦਾ ਅਖਾੜਾ ਬਣਿਆ ਰਿਹਾ। ਤਿੰਨ ਵਾਰੀ ਪੁਲਿਸ ਚੌਂਕੀ ਬੈਠੀ ਤੇ ਪਿੰਡ ਨੂੰ 25, 000 ਰੁਪਏ ਜੁਰਮਾਨਾ ਹੋਇਆ। ਗਦਰ ਲਹਿਰ ਦੇ ਇੱਥੋਂ ਦੇ ਤਿੰਨ ਬਾਬਿਆਂ ਬਾਬਾ ਲਾਲ ਸਿੰਘ, ਬਾਬਾ ਧਿਆਨ ਸਿੰਘ ਤੇ ਬਾਬਾ ਗੁਰਦਿੱਤ ਸਿੰਘ ਨੇ ਆਪਣੀ ਜ਼ਿੰਦਗੀ ਦਾ ਹਰ ਪਲ ਆਜ਼ਾਦੀ ਦੀ ਲੜਾਈ ਦੇ ਲੇਖੇ ਲਾਇਆ। ਮੁਨਸ਼ਾ ਸਿੰਘ ਤਲਵਾਰ ਦੇ ਨਾਲ ਕਲਮ ਦੇ ਵੀ ਧਨੀ ਸਨ। ਜਦੋਂ ਪਿੰਡ ਵਿੱਚ ਪੁਲਿਸ ਆਉਂਦੀ ਸੀ ਤਾਂ ਜਹਾਂਗੀਰ ਦਾ ਨਗਾਰਾ ਧਰਮਸ਼ਾਲਾ ਵਿੱਚ ਵਜਾਇਆ ਜਾਂਦਾ ਸੀ ਤਾਂ ਸਭ ਨੂੰ ਖ਼ਬਰ ਹੋ ਜਾਂਦੀ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!