ਜੰਡੂ ਸਿੰਘਾ
ਸਥਿਤੀ :
ਜਲੰਧਰ ਤਹਿਸੀਲ ਦਾ ਪਿੰਡ ਜੰਡੂ ਸਿੰਘਾਂ ਜਲੰਧਰ – ਹੁਸ਼ਿਆਰਪੁਰ ਸੜਕ ‘ਤੇ ਸਥਿਤ ਜਲੰਧਰ ਤੇ ਆਦਮਪੁਰ ਵਿਚਕਾਰ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕਾਲਾ ਸੰਘਿਆਂ ਤੋਂ ਉਠ ਕੇ ਆਏ ਪੰਜ ਭਰਾਵਾਂ ਦੁਆਰਾ ਬੰਨਿਆ ਗਿਆ ਦੱਸਿਆ ਜਾਂਦਾ ਹੈ। ਇਹਨਾਂ ਪੰਜਾਂ ਭਰਾਵਾਂ ਦੇ ਨਾਂ ‘ਤੇ ਪਿੰਡ ਵਿੱਚ ਪੰਜ ਪੱਤੀਆਂ ਹਨ। ਜ਼ਿਆਦਾ ਅਬਾਦੀ ਸਿੱਖਾਂ ਦੀ ਹੋਣ ਕਰਕੇ ਸੰਘਾ ਤੋਂ ਸਿੰਘਾਂ ਨਾਂ ਪੈ ਗਿਆ ਅਤੇ ਜੰਡ ਦੇ ਦਰਖਤ ਦੇ ਆਲੇ-ਦੁਆਲੇ ਵੱਸੇ ਹੋਣ ਕਰਕੇ ਪਿੰਡ ਦਾ ਨਾਂ ‘ਜੰਡੂ ਸਿੰਘਾ’ ਪੈ ਗਿਆ। ਪਿੰਡ ਦੇ ਨਾਲ ਕਿਸੇ ਵੇਲੇ ਦਰਿਆ ਵੱਗਦਾ ਸੀ ਜਿਸ ਨੇ ਇਸ ਪਿੰਡ ਨੂੰ ਦੋ ਵਾਰੀ ਉਜਾੜਿਆ। ਕਹਿੰਦੇ ਹਨ ਕਿ ਇੱਕ ਪੀਰ ਗੈਬ ਗਾਜ਼ੀ ਨੇ ਉਸ ਦਰਿਆ ਦੇ ਕੰਢੇ ‘ਤੇ ਡੇਰਾ ਲਾ ਲਿਆ ਤੇ ਉਸਦੀ ਭਗਤੀ ਨਾਲ ਦਰਿਆ ਪਰੇ ਚਲਾ ਗਿਆ। ਅੱਜ ਵੀ ਉਸ ਪੀਰ ਦੀ ਜਗ੍ਹਾ ਦੀ ਪਿੰਡ ਵਿੱਚ ਬੜੀ ਮਾਨਤਾ ਹੈ ਜਿੱਥੇ ਹਰ ਸਾਲ ਹਾੜ ਦੇ ਤੀਜੇ ਵੀਰਵਾਰ ਮੇਲਾ ਲੱਗਦਾ ਹੈ।
ਇਸ ਪਿੰਡ ਦਾ ਭਾਰਤੀ ਫੌਜ ਵਿੱਚ ਬਹੁਤ ਵੱਡਾ ਯੋਗਦਾਨ ਹੈ, ਹਰ ਘਰ ਵਿਚੋਂ ਕੋਈ ਨਾ ਕੋਈ ਫੌਜ ਵਿੱਚ ਹੁੰਦਾ ਸੀ। ਇਸ ਪਿੰਡ ਦੇ 16-17 ਬੰਦੇ ਅਜ਼ਾਦ ਹਿੰਦ ਫੌਜ ਵਿੱਚ ਸਨ। ਪਿੰਡ ਦੇ ਸ੍ਰੀ ਗੁਰਬੰਤ ਸਿੰਘ ਨੂੰ ਪਰਮਵੀਰ ਚੱਕਰ ਵਿਜੇਤਾ ਹੋਣ ਦਾ ਸਨਮਾਨ ਮਿਲਿਆ। ਅਜ਼ਾਦੀ ਦੀ ਲੜਾਈ ਵਿੱਚ ਵੀ ਇਸ ਪਿੰਡ ਦੇ ਬਹੁਤ ਲੋਕਾਂ ਨੇ ਜੇਲ੍ਹਾਂ ਕੱਟੀਆਂ। ਇਸ ਪਿੰਡ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦੁਆਰਾ, ਭੈਰੋਂ ਦਾ ਮੰਦਰ ਤੇ ਗੁਰਦੁਆਰਾ ਸ਼ਹੀਦਾਂ ਧਾਰਮਿਕ ਸਥਾਨ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ