ਜੱਜਲ
ਸਥਿਤੀ :
ਤਹਿਸੀਲ ਤਲਵੰਡੀ ਸਾਬੋ ਦਾ ਇਹ ਪਿੰਡ ਜੱਜਲ, ਬਠਿੰਡਾ – ਰੌੜੀ ਸੜਕ ਤੋਂ 8 ਕਿਲੋਮੀਟਰ, ਤਲਵੰਡੀ ਸਾਬੋ ਤੋਂ 3 ਕਿਲੋਮੀਟਰ ਤੇ ਰਾਮਾ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਕ ਅੰਦਾਜ਼ੇ ਮੁਤਾਬਕ ਇਸ ਪਿੰਡ ਨੂੰ 1880 ਬਿਕਰਮੀ ਦੇ ਨੇੜੇ ‘ਭੱਜਰ’ ਨਾਂ ਦੀ ਇੱਕ ਢਾਬ ਦੇ ਕੰਢੇ ਮੋੜ੍ਹੀ ਗੱਡ ਕੇ ਇੱਕ ਵਿਅਕਤੀ ਨਿਹਾਲੇ ਮਾਨ ਜੱਟ ਨੇ ਬੰਨਿਆ। ਇਸ ‘ਭੱਜਰ’ ਢਾਬ ਤੋਂ ਬਦਲਦਾ ਹੋਇਆ ਇਸ ਪਿੰਡ ਦਾ ਨਾਂ ਜੱਜਲ ਹੋ ਗਿਆ।
ਪਿੰਡ ਦੇ ਇਸ ਮੋਢੀ ਦਾ ਘਰ ਜਿਸ ਨੂੰ ਪਿੰਡ ਵਾਸੀ ‘ਬੁਰਜ’ ਕਹਿੰਦੇ ਹਨ, ਪਿੰਡ ਦੇ ਵਿਚਕਾਰ ਮੌਜੂਦ ਹੈ। ਉਸ ਦੇ ਘਰ ਨੂੰ ਲੱਗੇ ਦਰਵਾਜ਼ੇ ਦੇ ਇੱਕ ਤਖਤੇ ਨੂੰ ਇਤਿਹਾਸਕ ਵਸਤੂ ਵਾਂਗ ਪਿੰਡ ਵਾਸੀਆਂ ਨੇ ਸਾਂਭਿਆ ਹੋਇਆ ਹੈ। ਬਿਕਰਮੀ 1926 ਦੇ ਭਾਰੀ ਮੀਹਾਂ ਦੌਰਾਨ ਇਹ ਪਿੰਡ ਸਿਵਾਏ ‘ਬਾਬੇ ਨਿਹਾਲੇ’ ਦੇ ‘ਬੁਰਜ’ ਦਾ ਪੂਰਾ ਦਾ ਪੂਰਾ ਫਨਾਹ ਹੋ ਗਿਆ ਸੀ। ਪਿੱਛੋਂ ਇਹ ਪਿੰਡ ਥੇਹ ਹੋਏ ਪਿੰਡ ਉੱਪਰ ਹੀ ਦੁਬਾਰਾ ਬੱਝਿਆ। ਸ਼ੁਰੂ ਵਿੱਚ ਇਹ ਪਿੰਡ ਮਹਾਰਾਜਾ ਪਟਿਆਲਾ ਦੇ ਅਧਿਕਾਰੀਆਂ ਹੱਥੋਂ ਸਤਾਇਆ ਜਾਂਦਾ ਰਿਹਾ। ਪਿੰਡ ਦੇ ਕਿਸਾਨਾਂ ਨੇ 40 ਸਾਲ ਲੰਮਾ ਅਦਾਲਤੀ ਅਤੇ ਜਨਤਕ ਸੰਘਰਸ਼ ਵਿਸਵੇਦਾਰਾਂ ਦੇ ਖਿਲਾਫ ਜਿੱਤ ਕੇ ਆਪਣੇ ਜ਼ਮੀਨਾਂ ਦੇ ਹੱਕ ਪ੍ਰਾਪਤ ਕੀਤੇ।
ਪਿੰਡ ਵਿੱਚ ਦੇ ਧਰਮਸ਼ਾਲਾਵਾਂ ਹਨ ਜਿਨ੍ਹਾਂ ਨੂੰ “ਥਾਈਆਂ” ਕਿਹਾ ਜਾਂਦਾ ਹੈ। ਇਨ੍ਹਾਂ। ਵਿੱਚੋਂ ਇੱਕ ਸੋਕੀਆਂ ਦੀ ਥਾਈ ਅਤੇ ਦੂਜੀ ਨੂੰ ਮਾਨਾਂ ਵਾਲੀ ਥਾਈ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ।
ਪਿੰਡ ਵਿੱਚ ਹਰ ਜਾਤੀ ਦੇ ਲੋਕ ਹਨ ਤੇ ਖੇਤੀਬਾੜੀ ਤੋਂ ਇਲਾਵਾ ਸਹਾਇਕ ਕਿੱਤੇ ਪਸ਼ੂ ਪਾਲਣਾ ਵਗੈਰਾ ਵੀ ਪ੍ਰਚਲਤ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ