ਝਿੰਗੜਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਝਿੰਗੜਾ, ਮੁਕੰਦਪੁਰ-ਫਗਵਾੜਾ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 8 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਸਵਾ ਦੋ ਸੌ ਸਾਲ ਪਹਿਲਾਂ ਪਿੰਡ ਮਾਲਵੇ ਤੋਂ ਆਏ ਝਿੰਗੜ ਨਾਂ ਦੇ ਇੱਕ ਬਜ਼ੁਰਗ ਨੇ ਵਸਾਇਆ ਅਤੇ ਉਸਦੇ ਨਾਂ ਤੇ ਹੀ ਪਿੰਡ ਦਾ ਨਾਂ ‘ਝਿੰਗੜ’ ਪੈ ਗਿਆ। ਬੱਬਰ ਲਹਿਰ ਦੇ ਬਾਨੀ ਬੱਬਰ ਕਰਮ ਸਿੰਘ ਇਸ ਪਿੰਡ ਦੀ ਮਹਾਨ ਹਸਤੀ ਸਨ। ਅੰਗਰੇਜ਼ ਹਕੂਮਤ ਵਿਰੁੱਧ ਪਹਿਲੀ ਸਿੰਘ ਸਭਾ ਜ਼ਿਲ੍ਹਾ ਜਲੰਧਰ ਵਿੱਚ ਇਸ ਪਿੰਡ ਵਿੱਚ ਹੋਈ ਸੀ ਜਿਸ ਦੇ ਫਲਸਰੂਪ ਅੰਗਰੇਜ਼ ਸਰਕਾਰ ਨੇ ਪਿੰਡ ਨੂੰ ਜੁਰਮਾਨਾ ਕੀਤਾ ਸੀ। ਇਸ ਪਿੰਡ ਦੇ ਬਾਬਾ ਗੁਰਦਿੱਤ ਸਿੰਘ ਦੇ ਕਾਮਾਗਾਟਾਮਾਰੂ ਜ਼ਹਾਜ਼ ਵਿਚੋਂ ਵਾਪਸ ਆਣ ਤੇ ਅੰਗਰੇਜ਼ ਸਰਕਾਰ ਨੇ ਇਹਨਾਂ ਨੂੰ ਮੁਲਤਾਨ ਜੇਲ਼ ਵਿੱਚ ਕੈਦ ਕਰ ਦਿੱਤਾ ਅਤੇ ਤਸੀਹੇ ਦੇ ਕੇ ਇਸ ਮਹਾਨ ਦੇਸ਼ ਭਗਤ ਨੂੰ ਸ਼ਹੀਦ ਕਰ ਦਿੱਤਾ ਗਿਆ।
ਇਸ ਪਿੰਡ ਦੇ ਜੰਮਪਲ ਇੱਕ ਹੋਰ ਮਹਾਨ ਹਸਤੀ, ਬਾਬਾ ਜਵਾਹਰ ਸਿੰਘ ਜੀ ਇੱਕ ਮਹਾਤਮਾ ਲੋਕ ਹੋਏ ਹਨ ਜਿਨ੍ਹਾਂ ਦੀ ਸਮਾਧ ਪਿੰਡ ਦੇ ਪੂਰਬ ਵੱਲ ਹੈ। ਇੱਥੇ ਇੱਕ ਖੂਹੀ ਉਹਨਾਂ ਦੇ ਹੱਥਾਂ ਦੀ ਲਗਾਈ ਹੋਈ ਹੈ। ਜਿਸ ਵਿਚੋਂ ਲੋਕੀ ਅੰਮ੍ਰਿਤ ਸਮਝ ਕੇ ਪਾਣੀ ਲਿਜਾਂਦੇ ਹਨ। ਪਿੰਡ ਵਿੱਚ ਇੱਕ ‘ਗੁਰਦੁਆਰਾ ਰਾਜਾ ਸਾਹਿਬ ਨਾਭ ਕੰਵਲ’ ਹੈ ਜੋ ਭਗਵਾਨ ਦਾਸ ਜਿਹਨਾਂ ਨੂੰ ਰਾਜਾ ਸਾਹਿਬ ਨਾਭ ਕੰਵਲ ਕਰਕੇ ਜਾਣਿਆ ਜਾਂਦਾ ਹੈ ਦੀ ਯਾਦ ਵਿੱਚ ਹੈ। ਉਹਨਾਂ ਨੇ ਝੰਡੀ ਵਾਲੇ ਹਮੀਰ ਸਾਹਿਬ ਚੰਦ ਦੀ ਖਾਨਗਾਹ ਤੋਂ ਆ ਕੇ ਬਾਬਾ ਜਵਾਹਰ ਸਿੰਘ ਜੀ ਨੂੰ ਆਪਣਾ ਗੁਰੂ ਧਾਰਿਆ ਸੀ। ਗੁਰਦੁਆਰਾ ਨਾਭ ਕੰਵਲ ਦੇ ਦੂਸਰੇ ਪਾਸੇ ਦਮਦਮਾ ਸਾਹਿਬ ਸਥਾਨ ਹੈ ਜਿੱਥੇ ਨਾਥ ਲੋਕ ਆ ਕੇ ਠਹਿਰਿਆ ਕਰਦੇ ਸਨ। ਪਿੰਡ ਵਿੱਚ ਸ਼ੇਰਗਿੱਲ ਲੋਕਾਂ ਦੀ ਗਿਣਤੀ ਜ਼ਿਆਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ