ਟਾਹਲਾ ਸਾਹਿਬ
ਸਥਿਤੀ :
ਜ਼ਿਲ੍ਹੇ ਬਠਿੰਡੇ ਦਾ ਸਭ ਤੋਂ ਛੋਟਾ ਪਿੰਡ ਟਾਹਲਾ ਸਾਹਿਬ ਮੌੜ-ਤਲਵੰਡੀ ਸਾਬੋ ਸੜਕ ਦੇ ਨੇੜੇ ਮੌੜ ਮੰਡੀ ਤੋਂ ਤਿੰਨ ਕਿਲੋਮੀਟਰ ਦੂਰ ਦੱਖਣ ਵੱਲ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਨੌਵੇਂ ‘ਗੁਰੂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਇੱਥੇ 1675 ਈਸਵੀ ਵਿੱਚ ਆਏ ਸਨ। ਉਨ੍ਹਾਂ ਨੇ ਟਾਹਲੀ ਦਾ ਦਾਤਣ ਕਰਕੇ ਜ਼ਮੀਨ ਵਿੱਚ ਗੱਡ ਦਿੱਤੀ ਜਿਹੜੀ ਬਾਅਦ ਵਿੱਚ ਬਹੁਤ ਵੱਡਾ ਟਾਹਲੀ ਦਾ ਦਰਖਤ ਬਣ ਗਈ। ਇਸ ਦਰਖਤ ਦਾ ਘੇਰਾ 15 ਫੁੱਟ ਸੀ, ਇਸ ਟਾਹਲੇ ਦੇ ਆਲੇ ਦੁਆਲੇ ਵਸੋਂ ਹੋ ਗਈ ਤੇ ਪਿੰਡ ਦਾ ਨਾਂ ‘ਟਾਹਲਾ ਸਾਹਿਬ’ ਪੈ ਗਿਆ। ਟਾਹਲਾ ਬਾਅਦ ਵਿੱਚ ਸੁੱਕ ਗਿਆ ਤੇ ਉਸ ਦੀ ਲੱਕੜ ਨਾਲ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖਿੜਕੀਆਂ ਲੱਗੇ ਹਨ ਤੇ ਕੁੱਝ ਲੋਕਾਂ ਨੇ ਆਪਣੇ ਘਰ ਵਿੱਚ ਸ਼ਰਧਾ ਪੂਰਵਕ ਲੱਕੜੀ ਰੱਖੀ ਹੋਈ ਹੈ। ਗੁਰਦੁਆਰੇ ਨਾਲ ਇੱਕ ਕੱਚਾ ਸਰੋਵਰ ਵੀ ਹੈ।
ਇਸ ਪਿੰਡ ਦੀ ਆਬਾਦੀ ਬਹੁਤ ਘੱਟ ਹੈ। ਸਾਰੇ ਦੇ ਸਾਰੇ ਵਾਸੀ ਪੜ੍ਹੇ ਲਿਖੇ ਤੇ ਗੁਰਬਾਣੀ ਦੇ ਰਸੀਏ ਹਨ ਅਤੇ ਨਸ਼ਿਆਂ ਤੋਂ ਬਚੇ ਹੋਏ ਹਨ। ਇਹ ਪਿੰਡ ਸਬਜ਼ੀਆਂ ਦੀ ਪਨੀਰੀ ਲਈ ਪ੍ਰਸਿੱਧ ਹੈ। ਇੱਥੋਂ ਦੀ ਸਬਜ਼ੀਆਂ ਦੀ ਪਨੀਰੀ ਸਾਰੇ ਬਠਿੰਡੇ ਜ਼ਿਲ੍ਹੇ ਵਿੱਚ ਪਹੁੰਚਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ