ਢੁੱਡੀ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਢੁੱਡੀ, ਫਰੀਦਕੋਟ – ਪੰਜ ਗਰਾਈਂ ਸੜਕ ‘ਤੇ ਸਥਿਤ ਹੈ ਅਤੇ ਫਰੀਦਕੋਟ ਤੋਂ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤਲਵੰਡੀ ਸੜਕ ਉੱਤੇ ਕਲੇਰਾਂ ਤੋਂ ਲਗਭਗ ਪੰਜ ਕਿਲੋਮੀਟਰ ਸੱਜੇ ਪਾਸੇ ਦੂਰ ਇਹ ਪਿੰਡ ਕਪੂਰੇਕਿਆਂ (ਬਰਾੜਾਂ) ਦੇ ਬਾਰਾਂ ਪਿੰਡਾਂ ਵਿੱਚੋਂ ਇੱਕ ਹੈ ਅਤੇ ਇਹ ਕੋਟਕਪੂਰੇ ਵਿੱਚੋਂ ਹੀ ਬੱਝਿਆ ਦੱਸਿਆ ਜਾਂਦਾ ਹੈ।
ਪਿੰਡ ਦੇ ਨਾਮਕਰਨ ਬਾਰੇ ਇੱਕ ਪ੍ਰਚਲਤ ਰਵਾਇਤ ਦੱਸੀ ਜਾਂਦੀ ਹੈ ਕਿ ਕੋਟਕਪੂਰੇ ਦੇ ਹਾਕਮ ਦੇ ਚਾਰ ਕੰਵਰ ਏਥੇ ਜ਼ਮੀਨ ਉੱਤੇ ਕਬਜ਼ਾ ਕਰਕੇ ਵਾਹੀ ਕਰਨ ਲਈ ਆਏ ਅਤੇ ਤਪਿਆਂ ਦੇ ਡੇਰੇ ਰਾਤ ਰਹੇ। ਰਾਤ ਨੂੰ ਡੇਰੇ ਵਿੱਚ ਭੇਡ ਸੂਈ। ਉਸਨੇ ਇੱਕ ਬਘਿਆੜ ਨੂੰ ਕਈ ਵੇਰ ਢੁੱਡ ਮਾਰ ਮਾਰ ਕੇ ਉੱਥੋਂ ਭਜਾ ਦਿੱਤਾ । ਕੰਵਰ ਇਸ ਗੱਲ ਤੇ ਬਹੁਤ ਪ੍ਰਭਾਵਤ ਹੋਏ ਕਿ ਇਸ ਡੇਰੇ ਵਿੱਚ ਜ਼ਰੂਰ ਕੋਈ ਅਦੁੱਤੀ ਸ਼ਕਤੀ ਹੈ ਜਿੱਥੇ ਰਹਿ ਕੇ ਭੇਡ ਵੀ ਬਘਿਆੜ ਨੂੰ ਢੁੱਡ ਮਾਰ ਸਕਦੀ ਹੈ। ਉਹਨਾਂ ਉੱਥੇ ਹੀ ਰਹਿਣ ਦਾ ਫੈਸਲਾ ਕੀਤਾ ਤੇ ਭੇਡ ਦੀਆਂ ਢੁੱਡਾਂ ਤੋਂ ਪਿੰਡ ਦਾ ਨਾਂ ‘ਢੁੱਡੀ’ ਰੱਖ ਦਿੱਤਾ।
ਤਪਿਆਂ ਦੇ ਡੇਰੇ ਦੀ ਪਿੰਡ ਵਿੱਚ ਹਾਲੇ ਵੀ ਬਹੁਤ ਮਾਨਤਾ ਹੈ। ਇੱਥੇ ਇਹਨਾਂ ਤਪਿਆਂ ਦੀਆਂ ਲਾਈਨ ਵਾਰ 22 ਸਮਾਧਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਬਾਰੇ ਪ੍ਰਸਿੱਧ ਹੈ ਕਿ ਉਹ ਇੱਥੇ ਤਪ ਕਰਦੇ ਸਮਾਧੀ ਵਿੱਚ ਲੀਨ ਹੋ ਕੇ ਰੱਬ ਨੂੰ ਪਿਆਰੇ ਹੋ ਗਏ।
ਪਿੰਡ ਵਿੱਚ ਵੱਡਾ ਡੇਰਾ ਸੰਤ ਸੁੰਦਰ ਦਾਸ ਦਾ ਹੈ ਜਿਸ ਦੇ ਪ੍ਰੋਸੇ (ਬਰਸੀ) ਵੇਲੇ 9 ਮਾਘ ਨੂੰ 3 ਦਿਨਾਂ ਲਈ ਮੇਲਾ ਲੱਗਦਾ ਹੈ। ਇਸ ਸਮੇਂ ਦੌਰਾਨ ਅਖੰਡ ਪਾਠ ਦੇ ਨਾਲ ਨਾਲ ਕਵੀਸਰੀ ਜਥੇ ਲੋਕਾਂ ਦਾ ਮਨੋਰੰਜਨ ਕਰਦੇ ਹਨ। ਮਾਨ ਦਾਸ ਤੇ ਸੰਧਿਆ ਦਾਸ ਦੇ ਦੋ ਹੋਰ ਡੇਰੇ ਵੀ ਪਿੰਡ ਵਿੱਚ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ