ਢੰਗਰਾਲੀ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਢੰਗਰਾਲੀ, ਕੁਰਾਲੀ – ਮੌਰਿੰਡਾ ਸੜਕ ਤੋਂ 7 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 4 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕੁਰਾਲੀ ਦੇ ਚੜ੍ਹਦੇ ਪਾਸੇ ਵਗਣ ਵਾਲੀ ਨਦੀ ਪਹਿਲੇ ਕੁਰਾਲੀ ਦੇ ਲਹਿੰਦੇ ਪਾਸੇ ਵਗਦੀ ਹੁੰਦੀ ਸੀ। ਇਹ ਪਿੰਡ ਇਸ ਨਦੀ ਦੀ ਢਾਂਗ ਤੇ ਵਸਾਇਆ ਗਿਆ ਸੀ। ਇਸੇ ਕਾਰਨ ਇਸ ਪਿੰਡ ਦਾ ਨਾਂ ‘ਢੰਗਰਾਲੀ’ ਪੈ ਗਿਆ। ਇਹ ਪਿੰਡ ਦੋ ਸਕੇ ਭਰਾਵਾਂ ਨੇ ਵਸਾਇਆ ਸੀ। ਨਦੀ ਦਾ ਵਹਾਅ ਹੌਲੀ ਹੌਲੀ ਬਦਲਦਾ ਹੁਣ ਕਾਫੀ ਦੂਰ ਜਾ ਚੁੱਕਾ ਹੈ। ਇਹ ਪਿੰਡ ਹੌਲੀ ਹੌਲੀ ਵੱਧਦਾ ਗਿਆ ਅਤੇ ਇਸ ਪਿੰਡ ਤੋਂ ਲੋਕਾਂ ਨੇ 12 ਪਿੰਡ ਹੋਰ ਵਸਾਏ ਜਿਨ੍ਹਾਂ ਦੇ ਨਾਂ ਹਨ – ਧਿਆਨਪੁਰਾ, ਹਮੇਸ਼ ਪੁਰ, ਬਾਠਾਂ ਵੱਡੀਆਂ, ਬਾਠਾਂ ਛੋਟੀਆਂ, ਪਨੈਚਾਂ, ਰਾਵਣਾ, ਸੰਗਤਪੁਰਾ, ਨੱਤੇ ਬੀੜ, ਘੁਮੰਡ ਪੁਰਾ ਆਦਿ।
ਪਿੰਡ ਵਿੱਚ ਜ਼ਿਆਦਾ ਅਬਾਦੀ ਜੱਟਾਂ ਦੀ ਹੈ ਪਰ ਹੋਰ ਜਾਤਾਂ ਦੇ ਲੋਕ ਜਿਵੇਂ ਛੀਂਬੇ, ਜੁਲਾਹੇ, ਤਰਖਾਣ, ਮਜ਼੍ਹਬੀ ਆਦਿ ਵੀ ਰਹਿੰਦੇ ਹਨ।
ਪਿੰਡ ਦੇ ਲਹਿੰਦੇ ਪਾਸੇ ਸ਼ੇਖ ਚਮਾਲ ਦੀ ਜਗ੍ਹਾ ਦੀ ਕਾਫੀ ਮਾਨਤਾ ਹੈ। ਇੱਥੇ ਲੋਕ ਵੀਰਵਾਰ ਨੂੰ ਚੂਰਮਾ ਦਿੰਦੇ ਹਨ। ਦੱਸਿਆ ਜਾਂਦਾ ਹੈ ਕਿ ਕਿਸੇ ਵਿਅਕਤੀ ਦੇ ਜੂੰਆਂ ਪੈ ਜਾਣ ਤਾਂ ਇੱਥੇ ਆਉਣ ਨਾਲ ਹੱਟ ਜਾਂਦੀਆਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ