ਤਲਵਣ ਪਿੰਡ ਦਾ ਇਤਿਹਾਸ | Talwan Village History

ਤਲਵਣ

ਤਲਵਣ ਪਿੰਡ ਦਾ ਇਤਿਹਾਸ | Talwan Village History

ਸਥਿਤੀ :

ਤਹਿਸੀਲ ਫਿਲੌਰ ਦਾ ਪਿੰਡ ਤਲਵਣ, ਨੂਰ ਮਹਿਲ – ਤਲਵਣ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਨੂਰ ਮਹਿਲ ਤੋਂ 9 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਸਾਢੇ ਚਾਰ ਸੌ ਸਾਲ ਪਹਿਲਾਂ ਵਸਿਆ ਦੱਸਿਆ ਜਾਂਦਾ ਹੈ। ਇਹ ਪਹਿਲੇ ਕਿਸੇ ਵਿਕਸਤ ਸ਼ਹਿਰ ਦੀ ਥੇਹ ਤੇ ਵਸਿਆ ਹੋਇਆ ਪ੍ਰਤੀਤ ਹੁੰਦਾ ਹੈ। ਸਤਲੁਜ ਦਰਿਆ ਕਿਸੇ ਵੇਲੇ ਇਸ ਦੇ ਨਾਲ ਲੰਘਦਾ ਸੀ ਜਿਸ ਕਰਕੇ ਇਹ ਪਿੰਡ ਕਈ ਵਾਰੀ ਉਜੜਿਆ। ਇਸ ਦੇ ਨਾਂ ਸੰਬੰਧੀ ਦੋ ਮੱਤ ਹਨ। ਇੱਕ ਇਹ ਹੈ ਕਿ ਬਿਲਗਾ ਵਸਾਉਣ ਵਾਲੇ ਬੇਗੇ ਦੇ ਭਰਾ ਤੁਲੇ ਨੇ ਇਹ ਪਿੰਡ ਵਸਾਇਆ ਜਿਸਦੇ ਨਾਂ ਤੇ ਪਿੰਡ ਦਾ ਨਾਂ ‘ਤਲਵਣ’ ਪੈ ਗਿਆ। ਦੂਜਾ ਇਹ ਕਿ ਦਰਿਆ ਦੇ ਕੰਢੇ ਤੇ ਲੰਬਾ ਚੌੜਾ ਵਣ ਸੀ । ਜਿਸ ਵਿੱਚ ਰਹਿੰਦੇ ਸਾਧੂ ਆਪਣੇ ਰਹਿਣ ਵਾਲੇ ਸਥਾਨ ਨੂੰ ‘ਤਲੇਵਣ’ ਆਖਦੇ ਸਨ ‘ਵਣ ਦੇ ਹੇਠਾਂ ‘। ਜਿਸ ਤੋਂ ਪਿੰਡ ਦਾ ਨਾਂ ‘ਤਲਵਣ’ ਪੈ ਗਿਆ।

ਤਲਵਣ ਉੱਤੇ ਬਹੁਤਾ ਸਮਾਂ ਮੰਝ ਰਾਜਪੂਤਾਂ ਦਾ ਕਬਜ਼ਾ ਰਿਹਾ। ਤਲਵਣ ਦੇ ਆਸ ਪਾਸ ਦੇ ਇਲਾਕੇ ਵਿੱਚ ਵੀ ਉਹਨਾਂ ਦਾ ਦਬ ਦਬਾ ਸੀ ਅਤੇ ਉਹਨਾਂ ਕਰਕੇ ਇਸ ਇਲਾਕੇ ਨੂੰ ‘ਮੰਜਕੀ’ ਕਿਹਾ ਜਾਂਦਾ ਹੈ। ਜ਼ਿਆਦਾ ਰਾਜਪੂਤ ਮੁਸਲਮਾਨ ਬਣ ਗਏ ਅਤੇ ਉਹਨਾਂ ਨੂੰ ਜ਼ਮੀਨਾਂ ਦੀਆਂ ਮਾਲਕੀਆਂ ਵੀ ਮਿਲ ਗਈਆਂ। ਅਜ਼ਾਦੀ ਤੋਂ ਬਾਅਦ ਪਿੰਡ ਵਿੱਚ ਜ਼ਿਆਦਾ ਵਸੋਂ ਲਾਇਲਪੁਰ ਤੋਂ ਆਏ ਜੱਟ ਸਿੱਖਾਂ ਦੀ ਹੈ।

ਤਲਵਣ ਦੇ ਆਲੇ-ਦੁਆਲੇ 240 ਖੰਡਰਾਤ, ਮਸਜਿਦਾਂ ਅਤੇ ਮੜ੍ਹੀਆਂ ਹਨ। ਵੱਖ-ਵੱਖ ਮੁਸਲਮਾਨ ਜਾਤੀਆਂ ਦੀਆਂ ਇੱਥੇ 14 ਮਸਜਿਦਾਂ ਸਨ ਜਿਹਨਾਂ ਵਿਚੋਂ ਕੁਝ ਵਿੱਚ ਗੁਰਦੁਆਰੇ ਹਨ ਤੇ ਕੁਝ ਢੱਠ ਗਈਆਂ ਹਨ। ਕਾਜ਼ੀਆ ਦੀ ਮਸਜਿਦ ਬਾਬਰ ਵੇਲੇ ਦੀ ਬਣੀ ਹੋਈ ਦੱਸੀ ਜਾਂਦੀ ਹੈ। ਕਨ੍ਹਈਆ ਲਾਲ ਦਾ ਮੰਦਰ, ਮਕਾਨ ਤੇ ਬਾਗ ਵੇਖਣ ਯੋਗ ਸਨ ਪਰ ਹੁਣ ਢਹਿ ਢੇਰੀ ਹੋ ਗਏ ਹਨ। ਨੂਰ ਮਹਿਲ ਵਾਲੇ ਪਾਸੇ ਬੀਬੀ ਦੀਪ ਕੌਰ ਦੀ ਜਗ੍ਹਾ, ਕੁਟੀਆ ਦੇ ਨਾਂ ਨਾਲ ਮਸ਼ਹੂਰ ਹੈ ਬੀਬੀ ਦੀਪ ਕੌਰ ਸਿੱਖ ਇਤਿਹਾਸ ਕੀ ਉਹ ਵੀਰਾਂਗਣ ਹੈ ਜਿਸ ਨੇ ਮੁਗਲਾਂ ਨਾਲ ਡੱਟ ਕੇ ਮੁਕਾਬਲਾ ਕੀਤਾ। ਮਹਾਸਤੀ ਦੇ ਨਾਂ ਨਾਲ ਪ੍ਰਸਿੱਧ ਥਾਂ ਉੱਤੇ ਬਹੁਤ ਸਾਰੀਆਂ ਔਰਤਾਂ ਸਤੀ ਹੋਈਆਂ ਸਨ। ਵੱਖ-ਵੱਖ ਜਾਤੀਆਂ ਦੀਆਂ ਸਤੀ ਹੋਈਆਂ ਔਰਤਾਂ ਦੀਆਂ ਵੱਖ-ਵੱਖ ਥਾਵਾਂ ਹਨ। ਇੱਥੇ ਨਵੇਂ ਵਿਆਹੇ ਜੋੜੇ ਮੱਥਾ ਟੇਕਦੇ ਹਨ। ਤਲਵਣ ਵਿੱਚ ਚੌਕੀਆਂ ਦਾ ਮੇਲਾ ਤੇ ਅਗਲੇ ਦਿਨ ਸਿਰਫ ਔਰਤਾਂ ਦਾ ਮੇਲਾ ਜੋ ਸ਼ਾਹ ਜਮਾਲ ਦੀ ਜਗ੍ਹਾ ਤੇ ਲਗਦਾ ਸੀ ਬਹੁਤ ਮਸ਼ਹੂਰ ਸੀ । ਹਾਜੀ ਪੀਰ ਦੀ ਜਗ੍ਹਾ ਦੀ ਵੀ ਬਹੁਤ ਮਾਨਤਾ ਹੈ। ਇੱਥੇ ਬਘੇਲ ਸਿੰਘ ਨੇ ਇੱਕ ਸਿੱਖਾਂ ਦਾ ਕਿਲ੍ਹਾ ਬਣਵਾਇਆ ਸੀ ਜੋ ਹੁਣ ਰਾਮ ਤਲਾਈ ਦੇ ਨਾਂ ਤੇ ਜਾਣਿਆ ਜਾਂਦਾ ਹੈ।

ਹਬੀਬ ਉਲਾ, ਇਨਾਇਤ ਉਲਾ ਖਾਂ ਅਤੇ ਨਿਗੇ ਦਾਦ ਖਾਂ ਪਿੰਡ ਦੀਆਂ ਪ੍ਰਸਿੱਧ ਮੁਸਲਮਾਨ ਹਸਤੀਆਂ ਸਨ। ਅਜ਼ਾਦੀ ਦੇ ਘੁਲਾਟੀਏ ਸੁਆਸੀ ਸ਼ਰਧਾ ਨੰਦ ਤਲਵਣ ਦੀ ਪ੍ਰਸਿੱਧ ਹਸਤੀ ਹੋਏ ਹਨ। ਅਜ਼ਾਦੀ ਵੇਲੇ ਪਿੰਡ ਵਿੱਚ ਬਹੁਤ ਭਾਰੀ ਮੁਸਲਮਾਨਾਂ ਦਾ ਕਤਲਿਆਮ ਹੋਇਆ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!