ਤਲਵੰਡੀ ਫੱਤੂ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਤਲਵੰਡੀ ਫੱਤੂ, ਮੁਕੰਦਪੁਰ-ਫਗਵਾੜਾ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਮੁਗਲ ਰਾਜ ਵੇਲੇ ਇਹ ਪਿੰਡ ਉਹਨਾਂ ਦੀ ਜਾਗੀਰ ਸੀ । ਜਦੋਂ ਸਿੱਖਾਂ ਨੇ ਗੁਣਾਚੌਰ ਤੇ ਕਬਜ਼ਾ ਕਰ ਲਿਆ ਤਾਂ ਇਹ ਪਿੰਡ ਸ. ਰਾਜਾ ਸਿੰਘ ਨੂੰ ਜਾਗੀਰ ਵਜੋਂ ਦੇ ਦਿੱਤਾ ਗਿਆ ਅਤੇ ਪਿੰਡ ਦਾ ਨਾਂ ‘ਤਲਵੰਡੀ ਰਾਜਾ ਸਿੰਘ’ ਬਣ ਗਿਆ। ਜਦੋਂ ਪੰਜਾਬ ਵਿੱਚ ਅੰਗਰੇਜ਼ਾਂ ਦਾ ਰਾਜ ਆਇਆ ਤਾਂ ਉਹਨਾਂ ਨੇ ਸਿੱਖਾਂ ਨੂੰ ਜ਼ਮੀਨਾਂ ਦੇਣੀਆਂ ਚਾਹੀਆਂ ਪਰ ਅਣਖੀ ਸਿੱਖਾਂ ਨੇ ਭਿੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ। ਗੁੱਸੇ ਵਿੱਚ ਆ ਕੇ ਅੰਗਰੇਜ਼ ਅਫਸਰ ਨੇ ਇਸ ਪਿੰਡ ਦੇ ਕਿੰਨੇ ਸਿੱਖ ਮਾਰ ਦਿੱਤੇ ਅਤੇ ਉਸ ਵੇਲੇ ਇੱਕ ਮੁਸਲਮਾਨ ਫੱਤੂ ਖਾਂ ਨੇ ਅੰਗਰੇਜ਼ ਅਫਸਰ ਦੇ ਘੋੜੇ ਦੀਆਂ ਵਾਗਾਂ ਫੜ ਲਈਆ ਅਤੇ ਚਾਪਲੂਸੀ ਕੀਤੀ। ਉਸਨੇ ਖ਼ੁਸ਼ ਹੋਕੇ ਇਹ ਜਗੀਰ ਫੱਤੂ ਖਾਂ ਨੂੰ ਦੇ ਦਿੱਤੀ ਅਤੇ ਪਿੰਡ ਦਾ ਨਾਂ ਬਦਲ ਕੇ ‘ਤਲਵੰਡੀ ਫੱਤੂ ਖਾਂ’ ਰੱਖ ਦਿੱਤਾ।
ਪਿੰਡ ਵਿੱਚ ਦੋ ਗੁਰਦੁਆਰੇ ਹਨ ਅਤੇ ਪੰਜ ਹੋਰ ਪੂਜਣਯੋਗ ਸਥਾਨ ਹਨ। ਇੱਕ ਜ਼ਾਹਰ ਪੀਰ ਦੀ ਜਗ੍ਹਾ ਹੈ ਜੋ ਕਿ ਮੁਸਲਮਾਨ ਸਯਦ ਸੀ, ਦੂਜੀ ‘ਕੰਗਰਾਲਾ’ ਦੇ ਨਾਂ ਨਾਲ ਪ੍ਰਸਿੱਧ ਹੈ, ਤੀਸਰੀ ‘ਬੜਾ ਮੂਲਾ’ ਕਰ ਕੇ ਜਾਣੀ ਜਾਂਦੀ ਹੈ, ਚੌਥੀ ਜਗ੍ਹਾ ਬਾਗ ਵਾਲੇ ਸਾਈ ਦੀ ਕਹਿੰਦੇ ਹਨ ਅਤੇ ਪੰਜਵੀਂ ਜਗ੍ਹਾ ਨੂੰ ਲਗਾਣੀ ਕਹਿੰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ