ਥੇੜ੍ਹੀ ਭਾਈ ਕੇ
ਸਥਿਤੀ :
ਤਹਿਸੀਲ ਗਿੱਦੜਬਾਹਾ ਦਾ ਪਿੰਡ ਥੇੜ੍ਹੀ ਭਾਈ ਕੇ, ਬਠਿੰਡਾ – ਮਲੋਟ ਸੜਕ ਤੋਂ । ਕਿਲੋਮੀਟਰ ਦੂਰ ਹੈ ਅਤੇ ਰੇਲਵੇ ਸਟੇਸ਼ਨ ਫਕਰਸਰ ਤੋਂ 2 ਕਿਲੋਮੀਟਰ ਦੀ ਦੂਰੀ ਤੇ ਹੈ
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ ਸਵਾ ਤਿੰਨ ਸੌ ਸਾਲ ਪਹਿਲਾਂ ਚੱਕ ‘ਭੁੱਚੋ ਭਾਈਕੇ’ ਤੋਂ ਭਾਈ ਬਾਗ ਸਿੰਘ ਅਤੇ ਉਸਦਾ ਭਰਾ ਨਵਾਂ ਪਿੰਡ ਵਸਾਉਣ ਦੇ ਖਿਆਲ ਨਾਲ ਇੱਧਰ ਆਏ। ਦੋਹਾਂ ਨੇ ਜ਼ਮੀਨ ਵਿੱਚ ਬਰਛਾ ਮਾਰਿਆ। ਭਾਈ ਬਾਗ ਸਿੰਘ ਦੇ ਭਰਾ ਦਾ ਬਰਛਾ ਕਿਸੇ ਪੱਥਰ ਨੂੰ ਲੱਗਾ ਜਿਸ ਨੂੰ ਉਸਨੇ ਚੰਗਾ ਨਹੀਂ ਸਮਝਿਆ ਅਤੇ ਉਸਨੇ ਇੱਥੋਂ ਜਾ ਕੇ ਪਿੰਡ ਝੱਬੇ ਨੂੰ ਬੰਨ੍ਹਿਆ ਜਿਹੜਾ ਕਿ ਜ਼ਿਲ੍ਹੇ ਬਠਿੰਡੇ ਵਿੱਚ ਹੈ। ਬਾਗ ਸਿੰਘ ਨੇ ਆਪਣਾ ਟੀਚਾ ਪੂਰਾ ਕਰਦਿਆਂ ਇੱਥੋਂ ਦੇ ਥੇਹ ਤੇ ਪਿੰਡ ਦੀ ਬੁਨਿਆਦ ਰੱਖੀ। ਇਸ ਥੇਹ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਕਦੀ ਬੁੱਢਾ ਦਰਿਆ ਵਗਦਾ ਹੁੰਦਾ ਸੀ ਅਤੇ ਇੱਥੇ ‘ਲਧੋਆ’ ਨਾਂ ਦਾ ਇੱਕ ਸ਼ਹਿਰ ਵੱਸਦਾ ਸੀ, ਪਰ ਕੁਦਰਤ ਦੀ ਕਿਸੇ ਆਫਤ ਕਰਕੇ ਥੇਹ ਬਣ ਗਿਆ। ਉਸ ਸ਼ਹਿਰ ਦੀਆਂ ਵੱਡੀਆਂ ਵੱਡੀਆਂ ਇੱਟਾਂ, ਸਿੱਕੇ ਤੇ ਹੋਰ ਸਮਾਨ ਅਜੇ ਵੀ ਜ਼ਮੀਨ ਵਿੱਚੋਂ ਨਿਕਲਦਾ ਹੈ। ਇਸ ਬੇਰ ਤੇ ਪਿੰਡ ਬੱਝਣ ਕਾਰਨ ਇਸ ਦਾ ਨਾਂ ‘ਥੇੜੀ’ ਜਾਂ ‘ਥੇੜ੍ਹੀ ਭਾਈ ਕੇ’ ਪੈ ਗਿਆ। ਭਾਈ ਬਾਗ ਸਿੰਘ ਚੌਥੀ ਪਾਤਸ਼ਾਹੀ ਦੀ ਔਲਾਦ ਵਿੱਚੋਂ ਕਿਹਾ ਜਾਂਦਾ ਹੈ।
ਪਿੰਡ ਬੱਝਣ ਤੋਂ ਪਹਿਲਾਂ ਇੱਥੇ ਦੀਨੇ ਕਾਂਗੜ ਦਾ ਡੇਰਾ ਹੁੰਦਾ ਸੀ। ਉਸ ਨਾਥ ਜੋਗੀ ਦਾ ਇੱਕ ਚੇਲਾ ਮੁਕਤਸਰ ਦੀ ਲੜਾਈ ਦੇ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਿਆ। ਤੇ ਕਿਹਾ ਕਿ ਜਾਂ ਤਾਂ ਉਹ ਨਾਂਥ ਦੇ ਡੇਰੇ ਆ ਕੇ ਉਸਦੀ ਕਰਾਮਾਤ ਵੇਖਣ ਜਾਂ ਆਪਣੀ ਕਰਾਮਾਤ ਵਿਖਾਉਣ। ਗੁਰੂ ਜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਪ੍ਰਦਰਸ਼ਨ ਦੇ ਵਿਰੁੱਧ ਸਨ। ਜੰਗ ਖਤਮ ਹੋਣ ਪਿੱਛੋਂ ਉਹ ਰੁਪਾਣਾ, ਗੁਰੂਸਰ ਹੁੰਦੇ ਹੋਏ ਇੱਥੇ ਆਏ। ਗੁਰੂ ਜੀ ਦੇ ਆਉਣ ਤੇ ਨਾਥ ਦੇ ਚਮਤਕਾਰ ਹੋਣੇ ਬੰਦ ਹੋ ਗਏ ਉਹ ਡੇਰਾ ਛੱਡ ਕੇ ਚਲਾ ਗਿਆ।
ਦੱਸਿਆ ਜਾਂਦਾ ਹੈ ਕਿ ਡੇਰੇ ਕੋਲ ਕਾਸਮ ਭੱਟੀ ਦੀ ਕਬਰ ਸੀ ਜਿਸਨੂੰ ਗੁਰੂ ਜੀ ਨੇ ਤੀਰ ਦੀ ਨੋਕ ਨਾਲ ਛੋਹਿਆ ਜਿਸ ਤੇ ਸਿੱਖਾਂ ਨੇ ਗੁਰੂ ਜੀ ਦਾ ਵਿਰੋਧ ਕੀਤਾ ਤੇ ਕਿਹਾ ਕਿ ਮੜ੍ਹੀਆਂ ਮਸਾਣਾਂ ਨੂੰ ਪੁੱਜਣਾ ਮਨ੍ਹਾ ਹੈ। ਇਸ ਕਾਰਨ ਗੁਰੂ ਸਾਹਿਬ ਨੂੰ ਤਨਖਾਹੀਆ ਕਰਾਰ ਦੇ ਕੇ ਪੱਚੀ ਰੁਪਏ ਤਨਖਾਹ ਲੈ ਕੇ ਉਸਦਾ ਪ੍ਰਸ਼ਾਦ ਵੰਡਿਆ ਗਿਆ। ਇੱਥੇ ਪਹੁੰਚਣ ਤੇ ਗੁਰੂ ਜੀ ਨੇ ਇੱਕ ਨਿੱਕੇ ਜਿਹੇ ਜੰਡ ‘ਤੇ ਕਮਰਕੱਸਾ ਲਟਕਾ ਦਿੱਤਾ । ਸਿੱਖਾਂ ਨੇ ਕਿਹਾ ਕਿ ਇਸ ਦਰਖਤ ਦੀਆਂ ਟਾਹਣੀਆਂ ਪਤਲੀਆਂ ਹਨ ਟੁੱਟ ਜਾਣਗੀਆਂ। ਪਰ ਗੁਰੂ ਜੀ ਨੇ ਕਿਹਾ ਕਿ ਇਹ ਅਟੱਲ ਰਹੇਗਾ ਅਤੇ ਲੋਕਾਂ ਦੀਆਂ ਅਰਦਾਸਾਂ ਪੂਰੀਆਂ ਕਰੇਗਾ। ਇਸ ਜੰਡ ਦੇ ਦਰਖਤ ਉਪਰ ਨਿਸ਼ਾਨ ਸ਼ਾਹਿਬ ਲੱਗਾ ਹੋਇਆ ਹੈ ਤੇ ਨਾਲ ਹੀ ਗੁਰਦੁਆਰਾ ‘ਥੇੜ੍ਹੀ ਸਾਹਿਬ’ ਹੈ।
ਇੱਥੇ ਇੱਕ ‘ਭਾਈ ਮੁਖਤਿਆਰ ਦਾਸ’ ਦਾ ਡੇਰਾ ਹੈ ਜਿੱਥੇ ਸਾਲ ਵਿੱਚ ਇੱਕ ਵਾਰੀ ਮੇਲਾ ਲੱਗਦਾ ਹੈ। ਥੇੜ੍ਹੀ ਸਾਹਿਬ ਗੁਰਦੁਆਰੇ ਵਲੋਂ 29 – 30 ਮਘਰ ਅਤੇ ਪੋਹ ਨੂੰ ਜੋੜ ਮੇਲਾ ਲੱਗਦਾ ਹੈ, ਉੱਘੇ ਖਿਡਾਰੀਆਂ ਨੂੰ ਇਨਾਮ ਵੀ ਦਿੱਤੇ ਜਾਂਦੇ ਹਨ।
ਪਿੰਡ ਵਿੱਚ ਇੱਕ ਭਾਈ ਪ੍ਰੀਤਮ ਸਿੰਘ ਦੀ ਸਮਾਧ ਹੈ ਜਿਨ੍ਹਾਂ ਨੂੰ ਚੁਬਾਰੇ ਵਾਲੇ ਸੰਤ ਕਹਿੰਦੇ ਹਨ ਜਿਨ੍ਹਾਂ ਦੀ ਆਸਥਾ ਕੂਕਾ ਬਾਬਾ ਰਾਮ ਸਿੰਘ ਨਾਮਧਾਰੀ ਵਿੱਚ ਸੀ। ਦੇਸ਼ ਦੀ ਅਜ਼ਾਦੀ ਲਈ ਲੜਣ ਵਾਲੇ ਵੀਰ ਕ੍ਰਾਂਤੀਕਾਰੀ ਸੰਤ ਰਣਧੀਰ ਸਿੰਘ ਦੇ ਨਾਨਕੇ ਇਸ ਪਿੰਡ ਵਿੱਚ ਹਨ। ਇਸ ਪਿੰਡ ਵਿੱਚ ਦੋ ਮਿਸਤਰੀਆਂ ਦੀ ਸਮਾਧ ਹੈ ਜਿਨ੍ਹਾਂ ਨੇ ਜੀਉਂਦੇ ਹੀ ਸਮਾਧੀ ਲੈ ਲਈ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ