ਦਿਲ ਦੇ ਭੇਤ ਖ਼ਲੀਲ ਜਿਬਰਾਨ

ਜ਼ਿੰਦਗੀ ਦੇ ਰੂਬਰੂ-ਖ਼ਲੀਲ ਜਿਬਰਾਨ

‘ਭੇਟ ਕਰਦਾ ਹਾਂ ਇਹ ਪੁਸਤਕ-ਮੇਰੇ ਜੀਵਨ ਦੇ ਤੂਫ਼ਾਨ ਵਿਚ ਆਏ ਹਵਾ ਦੇ ਪਹਿਲੇ ਝੋਕੇ ਨੂੰ—ਉਸ ਸਾਊ ਰੂਹ ਨੂੰ ਜੋ ਤੂਫ਼ਾਨ ਦੇ ਨਾਲ ਨਾਲ ਕਦਮ ਮਿਲਾ ਕੇ ਤੁਰਦੀ ਤੇ ਉਸ ਹਵਾ ਦੇ ਝੋਕੇ ਨੂੰ ਪਿਆਰ ਕਰਦੀ ਹੈ।’

—ਖ਼ਲੀਲ ਜਿਬਰਾਨ

ਇਹ ਅਚੰਭੇ ਵਾਲੀ ਗੱਲ ਹੈ ਕਿ ਖ਼ਲੀਲ ਜਿਬਰਾਨ ਦੇ ਜੀਵਨ ਵਿਚ ਆਏ ਤੂਫ਼ਾਨ ਸਮੇਂ ਹਵਾ ਦਾ ਪਹਿਲਾ ਝੋਕਾ ਪ੍ਰਗਟਾ ਰੂਪ ਹੈ ਇਤਿਹਾਸਕ ਪ੍ਰਭਾਵ, ਪ੍ਰਬਲ ਦਾਰਸ਼ਨਿਕ ਵਿਚਾਰਧਾਰਾ, ਰਹੱਸਵਾਦੀ ਸੂਝਬੂਝ ਤੇ ਜੀਵਨ ਬਾਰੇ ਪਰਪੱਕ ਸੋਚ ਤੇ ਉਚੇਰੀਆਂ ਕਦਰਾਂ-ਕੀਮਤਾਂ ਦਾ, ਜੋ ਉਸਦੀਆਂ ਰਚਨਾਵਾਂ ਵਿਚੋਂ ਉਭਰ ਕੇ ਸਾਹਮਣੇ ਆਇਆ ਅਤੇ ਉਹ ਰਚਨਾਵਾਂ ਦੇਣ ਹਨ ਉਸ ਉਮਰ ਦੀ ਜਦੋਂ ਉਹ ਮਸਾਂ ਵੀਹ ਸਾਲ ਦਾ ਸੀ। ਇਸ ਉਮਰ ਵਿਚ ਵਿਚਾਰਾਂ ਦੀ ਏਨੀ ਪਰਪੱਕਤਾ ਖ਼ੁਦਾਈ ਤੋਹਫ਼ਾ ਹੀ ਕਿਹਾ ਜਾ ਸਕਦਾ ਹੈ ਜੋ ਸਮਾਂ ਪਾ ਕੇ ਉਸਦਾ ਜੀਵਨ ਫ਼ਲਸਫ਼ਾ ਹੋ ਨਿਬੜਿਆ।

‘ਫ਼ਿਲਾਸਫ਼ੀ’ ਸ਼ਬਦ ਯੂਨਾਨੀ ਹੈ ਜਿਸਦਾ ਅਰਥ ਹੈ ‘ਬੌਧਿਕਤਾ ਦਾ ਪਿਆਰ’ ਜਾਂ ਇਹ ਕਹਿ ਲਈਏ ਕਿ ਇਹ ਸੋਚ ਵਿਚਾਰ ਕਰਨ ਦਾ ਅਨੋਖਾ ਸਿਰੜੀ ਯਤਨ ਹੈ। ਇਹ ਜੀਵਨ ਦੇ ਤੱਥਾਂ ਅਤੇ ਘਟਨਾਵਾਂ ਨੂੰ ਮਾਨਸਿਕ ਤੇ ਸਰੀਰਕ ਵਿਹਾਰ ਦੋਹਾਂ ਪੱਖਾਂ ਤੋਂ ਪ੍ਰੇਖਣ ਕਰਨ ਦੀ ਕਾਰਜ ਵਿਧੀ ਹੈ, ਉਨ੍ਹਾਂ ਦੇ ਕਾਰਣਾਂ ਅਤੇ ਪ੍ਰਭਾਵਾਂ ਦਾ ਬੌਧਿਕ ਪੱਧਰ ‘ਤੇ ਵਿਸ਼ਲੇਸ਼ਣ ਹੈ। ਇਕ ਫ਼ਿਲਾਸਫ਼ਰ ਸਾਧਾਰਨ ਇਨਸਾਨ ਹੁੰਦਾ ਹੈ ਪਰ ਉਹ ਦੂਸਰਿਆਂ ਨਾਲੋਂ ਵਧੇਰੇ ਡੂੰਘਾਈ ਤੇ ਦ੍ਰਿੜ੍ਹਤਾ ਨਾਲ ਸੋਚਦਾ ਹੈ। ਜਿਬਰਾਨ ਜੋ ਲੈਬਨਾਨ ਦਾ ਜੰਮਪਲ ਸੀ ਪਰ ਹਾਲਾਤ ਵੱਸ ਆਪਣੀ ਜੁਆਨੀ ਦੀ ਉਮਰੇ ਹੀ ਅਮਰੀਕਾ ਜਾ ਵੱਸਿਆ, ਨੇ ਫ਼ਿਲਾਸਫ਼ੀ ਬਾਰੇ ਕੋਈ ਪੁਸਤਕ ਨਹੀਂ ਲਿਖੀ ਪਰ ਉਸਦੀਆਂ ਲਿਖੀਆਂ ਲਗਭਗ ਅਠਾਰਾਂ ਸਾਹਿਤਕ ਕਿਰਤਾਂ ਵਿੱਚੋਂ ਉਸਦੇ ਦਿਲ ਦੇ ਭੇਦ, ਉਸਦਾ ਜੀਵਨ ਫ਼ਲਸਫ਼ਾ ਆਪ-ਮੁਹਾਰੇ ਉਭਰ ਕੇ ਸਾਹਮਣੇ ਆ ਜਾਂਦਾ ਹੈ। ਜਦੋਂ ਉਹ ਲਿਖਦਾ ਹੈ : “ਮਨੁੱਖ ਦੇ ਬਣਾਏ ਕਾਨੂੰਨ ਮੈਨੂੰ ਪਸੰਦ ਨਹੀਂ ਅਤੇ ਆਪਣੇ ਪਿਤਾ ਪਿਤਾਮਿਆਂ ਰਾਹੀਂ ਕਾਇਮ ਕੀਤੀਆਂ ਰਵਾਇਤਾਂ ਤੋਂ ਮੈਂ ਕੋਹਾਂ ਦੂਰ ਹਾਂ।” ਤਾਂ ਉਹ ਅਧਿਆਤਮਵਾਦੀਆਂ ਦੀ ਕਤਾਰ ਵਿਚ ਆ ਖੜਾ ਹੁੰਦਾ ਹੈ ਅਤੇ ਉਸਦਾ ਸਿਧਾਂਤ ਸੇਂਟ ਆਗਸਟਾਇਨ ਦੇ ਸਿਧਾਂਤ ਨਾਲ ਜਾ ਮੇਲ ਖਾਂਦਾ ਹੈ : ਮਨੁੱਖ ਜਦ ਤਕ ਜਿਉਂਦਾ ਹੈ ਉਸਨੂੰ ਆਪਣੀ ਹੋਂਦ ਬਾਰੇ ਕੋਈ ਸ਼ੰਕਾ ਨਹੀਂ, ਉਹ ਇਸ ਬਾਰੇ ਸੋਚਦਾ ਤੇ ਚੇਤੰਨ ਹੈ, ਇਹੀ ਹਕੀਕਤ ਹੈ।

ਖ਼ਲੀਲ ਜਿਬਰਾਨ ਨੇ ਉਸ ਸਮੇਂ ਦੇ ਸਮਾਜ ਵਿਚ ਪ੍ਰਚਲਿਤ ਹਰ ਤਰ੍ਹਾਂ ਦੀਆਂ ਬੋਸੀਦਾ ਪਰੰਪਰਾਵਾਂ ਨੂੰ ਨਕਾਰਿਆ ਤੇ ਖੁੱਲ੍ਹ ਕੇ ਸੰਕੀਰਣ ਤੇ ਰੂੜ੍ਹੀਵਾਦੀ ਬਿਰਤੀ ਦੇ ਆਗੂਆਂ ਤੇ ਪਾਦਰੀਆਂ ਦਾ ਵਿਰੋਧ ਕੀਤਾ। ਉਸਦੀਆਂ ਲਿਖੀਆਂ ਲੇਖ ਤੇ ਕਹਾਣੀਆਂ ‘ਖ਼ਲੀਲ—ਇਕ ਕਾਫ਼ਰ’ ਤੇ ‘ਪਾਗਲ ਜੋਹਨ’ ਇਸਦਾ ਮੂੰਹ- ਬੋਲਦਾ ਪ੍ਰਮਾਣ ਹਨ। ਉਹ ਪਾਦਰੀ ਤੇ ਚੇਲਿਆਂ ਨੂੰ ਸਹੀ ਅਗਵਾਈ ਦੇਂਦਾ ਹੋਇਆ ਲਿਖਦਾ ਹੈ : “ਆਓ, ਆਪਣੀ ਵਿਸ਼ਾਲ ਭੋਂ ਲੋੜਵੰਦਾਂ ਨੂੰ ਵਾਪਿਸ ਕਰ ਦੇਈਏ। ਉਨ੍ਹਾਂ ਨੂੰ ਉਹ ਖ਼ੁਸ਼ੀਆਂ ਤੇ ਧਨ ਮੋੜੀਏ ਜੋ ਉਨ੍ਹਾਂ ਕੋਲੋਂ ਖੋਹਿਆ ਗਿਆ ਹੈ। ਉਨ੍ਹਾਂ ਨੂੰ ਹੱਸਣਾ ਸਿਖਾਈਏ, ਜੀਵਨ ਜੀਉਣ ਦਾ ਹੱਕ ਦੇਈਏ। ਖ਼ੁਦਾ ਦੇ ਘਰ ਕੀਤੀਆਂ ਲੰਮੀਆਂ ਅਰਦਾਸਾਂ ਨਾਲੋਂ ਕਮਜ਼ੋਰ ਤੇ ਗ਼ਰੀਬ ਲਈ ਪਿਆਰ ਦੇ ਦੋ ਬੋਲ ਵਧੇਰੇ ਮਾਇਨੇ ਰੱਖਦੇ ਹਨ।” ਪਰ ਪਾਦਰੀਆਂ ਦਾ ਤਾਂ ਮੰਡਾ ਬੰਦ ਹੁੰਦਾ ਸੀ, ਸੋ ਉਨ੍ਹਾਂ ਨੇ ਖ਼ਲੀਲ ਨੂੰ ਮੱਠ ਵਿੱਚੋਂ ਤੇ ਅੰਤ ਦੇਸ਼ ਵਿੱਚੋਂ ਹੀ ਕੱਢ ਕੇ ਸਾਹ ਲਿਆ ਕਿਉਂਕਿ ਉਨ੍ਹਾਂ ਦਾ ਇਹ ਵਿਚਾਰ ਸੀ ਕਿ ਖ਼ਲੀਲ ਦੀਆਂ ਲਿਖਤਾਂ ਨਵੀਂ ਪੀੜ੍ਹੀ ਨੂੰ ਕੁਰਾਹੇ ਪਾ ਰਹੀਆਂ ਹਨ ਤੇ ਰਾਜ ਲਈ ਖ਼ਤਰਾ ਹਨ। ‘ਪਾਗਲ ਜੋਹਨ’ ਵਿਚ ਉਸਨੂੰ ਬਾਈਬਲ ਪੜ੍ਹਨ ਦੀ ਮਨਾਹੀ ਸੀ ਤੇ ਜਦੋਂ ਉਹ ਚੇਲਿਆਂ ਰਾਹੀਂ ਰੰਗੇ ਹੱਥੀਂ ਬਾਈਬਲ ਪੜ੍ਹਦਾ ਫੜਿਆ ਜਾਂਦਾ ਹੈ ਤਾਂ ਪਾਦਰੀਆਂ ਦੀ ਲੁੱਟ- ਖਸੁੱਟ ਤੋਂ ਦੁਖੀ ਹੋ ਕੇ ਬਗ਼ਾਵਤ ਕਰਦਾ ਹੋਇਆ ਬੇਨਤੀ ਕਰਦਾ ਹੈ :

“ਫਿਰ ਜਨਮ ਲਓ, ਓ ਈਸਾ ਮਸੀਹ, ਤਾਂ ਕਿ ਤੇਰੇ ਘਰ ਦੀ ਪਵਿੱਤਰ ਥਾਂ ਤੋਂ ਪਾਪੀਆਂ ਨੂੰ ਬਾਹਰ ਕੱਢਿਆ ਜਾ ਸਕੇ…..ਉਹ ਧੂਫ਼ ਤੇ ਮੋਮਬੱਤੀਆਂ ਦੇ ਧੂੰਏਂ ਨਾਲ ਅਸਮਾਨ ਨੂੰ ਧੁੰਦਲਾ ਕਰ ਰਹੇ ਹਨ, ਪਰ ਗ਼ਰੀਬ ਤੇ ਤੇਰੇ ਚਾਹਵਾਨ ਭੁੱਖੇ ਤੜਫ਼ਦੇ ਹਨ।” ਖ਼ਲੀਲ ਜਿਬਰਾਨ ਧੁਰ ਅੰਦਰ ਤੋਂ ਧਾਰਮਿਕ ਸੀ ਪਰ ਉਸਨੂੰ ਬਾਹਰੀ ਭੇਖ, ਪਾਖੰਡ, ਦਿਖਾਵਾ ਤੇ ਪੂਜਾ ਅਰਚਨਾ ਪਸੰਦ ਨਹੀਂ ਸੀ। ਉਸਨੂੰ ਤਾਂ ਸੱਚੇ ਧਰਮ ਆਪਣੇ ਮੂਲ ਸਰੋਤ ਪਰਮਾਤਮਾ ਨਾਲ ਪਿਆਰ ਸੀ ਇਸ ਲਈ ਉਸ ਨੇ ਸੂਝ- ਬੂਝ, ਸਹਿਨਸ਼ੀਲਤਾ, ਹੌਂਸਲਾ, ਨਿਆਂ, ਪਿਆਰ, ਦਇਆ ਤੇ ਸ੍ਵੈ-ਕਾਬੂ ਉੱਤੇ ਜ਼ੋਰ ਦਿੱਤਾ। ਉਹ ‘ਓ ਸੋਲ’ ਕਵਿਤਾ ਵਿਚ ਆਪ ਲਿਖਦਾ ਹੈ : “ਕੀ ਧਰਮ ਨੂੰ ਮੰਨੇ ਬਗ਼ੈਰ ਇਹ ਸੰਭਵ ਹੈ ਕਿ ਖ਼ੁਦਾ ਨੂੰ ਮੰਨੀਏ, ਧਰਮ ਦੀਆਂ ਨੀਤੀਆਂ ਉੱਤੇ ਅਮਲ ਕਰੀਏ ਅਤੇ ਮੁਕਤੀ ਪ੍ਰਾਪਤ ਕਰੀਏ?” ਆਪਣੀ ਪੁਸਤਕ ਗਾਰਡਨ ਆਫ਼ ਦਾ ਪ੍ਰੋਫ਼ੈਟ’ਵਿਚ ਉਹ ਖ਼ੁਦਾ ਦੀ ਹੋਂਦ ਬਾਰੇ ਦੱਸਦਾ ਹੈ : “ਮੇਰੇ ਦੋਸਤੋ, ਸੋਚੋ ਉਸ ਦਿਲ ਬਾਰੇ ਜਿਸ ਵਿਚ ਤੁਹਾਡੇ ਸਭ ਦੇ ਦਿਲ ਵੱਸਦੇ ਹਨ, ਉਸ ਆਤਮਾ ਬਾਰੇ ਜਿਸ ਵਿਚ ਤੁਹਾਡੀਆਂ ਸਭ ਦੀਆਂ ਆਤਮਾਵਾਂ ਸਮਾਈਆਂ ਹੋਈਆਂ ਹਨ। ਉਸ ਚੁੱਪ ਬਾਰੇ ਜੋ ਤੁਹਾਡੀ ਸਾਰਿਆਂ ਦੀ ਚੁੱਪ ਨਾਲੋਂ ਡੂੰਘੀ ਤੇ ਅਸੀਮ ਹੈ। ਫਿਰ ਵੀ ਮੈਂ ਦੱਸਾਂਗਾ ਕਿ ਅਸੀਂ ਖ਼ੁਦਾ ਦੇ ਸਾਹ ਤੇ ਸੁਗੰਧੀ ਹਾਂ। ਹਰ ਪੱਤੇ ਫੁੱਲ ਤੇ ਫਲ ਵਿਚ ਖ਼ੁਦਾ ਦੀ ਹੋਂਦ ਹੈ।” ਅਜਿਹੇ ਵਿਚਾਰਾਂ ਵਾਲਾ ਇਨਸਾਨ ਨਾਸਤਿਕ ਕਿਵੇਂ ਹੋ ਸਕਦਾ ਹੈ, ਜੋ ਇਲਜ਼ਾਮ ਉਸ ਉੱਤੇ ਲਾਇਆ ਗਿਆ ਸੀ।

ਖ਼ਲੀਲ ਜਿਬਰਾਨ ਦਾ ਖ਼ੁਦਾ ਤੇ ਆਤਮਾ ਦੀ ਹੋਂਦ ਦੇ ਨਾਲ-ਨਾਲ ਪੁਨਰਜਨਮ ਵਿਚ ਵੀ ਵਿਸ਼ਵਾਸ ਸੀ ਪਰ ਨਿਰਵਾਣ ਦੇ ਸਿਧਾਂਤ ਮੁਤਾਬਕ ਨਹੀਂ। ਉਸਦਾ ਵਿਸ਼ਵਾਸ ਸੀ ਕਿ ਆਤਮਾ ਮਨੁੱਖ ਦੇ ਮਰਨ ਉਪਰੰਤ, ਜੋ ਕੁਝ ਕੰਮ ਉਹ ਪਿੱਛੇ ਛੱਡ ਜਾਂਦਾ ਹੈ, ਨੂੰ ਨੇਪਰੇ ਚਾੜ੍ਹਨ ਲਈ ਵਾਪਿਸ ਪਰਤ ਆਉਂਦੀ ਹੈ। ‘ਦਾ ਪੋਇਟ ਫਰਾਮ ਬਾਲਬੈਕ’ ਰਚਨਾ ਆਤਮਾ ਦੀ ਇਸੇ ਮੁੜ ਵਾਪਸੀ ਨੂੰ ਦਰਸਾਉਂਦੀ ਹੈ। ਸਭ ਤੋਂ ਉੱਚ ਪਾਏ ਦੀ ਰਚਨਾ ‘ਦਾ ਪ੍ਰੋਫ਼ੈਟ’ ਵਿਚ ਉਹ ਲਿਖਦਾ ਹੈ : “ਇਹ ਨਾ ਭੁੱਲੋ ਮੈਂ ਤੁਹਾਡੇ ਵਿਚ ਵਾਪਿਸ ਪਰਤਾਂਗਾ। ਥੋੜ੍ਹੀ ਦੇਰ ਬਾਅਦ ਮੇਰੀ ਇੱਛਾ ਸ਼ਕਤੀ ਇਕ ਹੋਰ ਜਿਸਮ ਲਈ ਰੇਤ ਤੇ ਝੱਗ ਇਕੱਠੀ ਕਰੇਗੀ। ਥੋੜ੍ਹੀ ਦੇਰ ਬਾਅਦ ਹਵਾ ਵਿਚ ਕੁਝ ਪਲ ਆਰਾਮ ਕਰਨ ਪਿੱਛੋਂ ਇਕ ਹੋਰ ਔਰਤ ਮੈਨੂੰ ਜਨਮ ਦੇਵੇਗੀ।”

ਇਸ ਪੁਨਰਜਨਮ ਦੀ ਫ਼ਿਲਾਸਫ਼ੀ ਨੂੰ ਉਸਨੇ ਬਾਰ-ਬਾਰ ਦ੍ਰਿੜਾਇਆ ਹੈ। ‘ਗਾਰਡਨ ਆਫ਼ ਦਾ ਪ੍ਰੋਫ਼ੈਟ’ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਨੂੰ ਦਰਸਾਉਂਦੇ ਹੋਏ ਅੰਤ ਵਿਚ ਉਹ ਲਿਖਦਾ ਹੈ :

“ਓ ਧੁੰਦ, ਮੇਰੀ ਭੈਣ, ਮੇਰੀ ਭੈਣ ਧੁੰਦ,

ਦੀਵਾਰਾਂ ਡਿੱਗ ਪਈਆਂ ਹਨ,

ਜ਼ੰਜੀਰਾਂ ਟੁੱਟ ਚੁੱਕੀਆਂ ਹਨ,

ਮੈਂ ਤੇਰੇ ਵੱਲ ਆ ਰਿਹਾ ਹਾਂ ਧੁੰਦ,

ਅਤੇ ਦੁਬਾਰਾ ਜਨਮ ਲੈਣ ਤਕ ਅਸੀਂ ਇਕੱਠੇ,

ਸਮੁੰਦਰ ਦੀ ਸਤਹ ‘ਤੇ ਉਡਾਨ ਭਰਾਂਗੇ,

ਜਦੋਂ ਪ੍ਰਭਾਤ ਤ੍ਰੇਲ ਤੁਪਕੇ ਬਾਗ਼ ਵਿਚ ਖਿਲਾਰ ਦੇਵੇਗੀ,

ਅਤੇ ਮੈਂ ਜਿਵੇਂ ਇਕ ਮਾਂ ਦੀ ਛਾਤੀ ‘ਤੇ ਪਿਆ ਇਕ ਬੱਚਾ ਹੋਵਾਂਗਾ।”

ਪਿਆਰ, ਖ਼ਲੀਲ ਜਿਬਰਾਨ ਦੀ ਰਚਨਾ ਦਾ ਮੂਲ ਧੁਰਾ ਹੈ ਅਤੇ ਪਿਆਰ ਦੀ ਗੱਲ ਕਰਦਿਆਂ ਉਸਦੀ ਭਾਵੁਕਤਾ ਇਸ ਹੱਦ ਤਕ ਸਿਖਰਾਂ ਛੁਹ ਜਾਂਦੀ ਹੈ ਕਿ ਉਸਦੇ ਸ਼ਬਦ ਪਿਆਰ ਨੂੰ ਸਮੂਰਤ ਬਣਾ ਦੇਂਦੇ ਹਨ। ਉਸਦੀਆਂ ਨਜ਼ਰਾਂ ਵਿਚ ਪਿਆਰ ਕੇਵਲ ਮਜਾਜ਼ੀ ਨਹੀਂ ਸਗੋਂ ਹਕੀਕੀ ਜਜ਼ਬਾ ਹੈ। ‘ਪਿਆਰ ਚਾਨਣ ਦਾ ਸ਼ਬਦ ਹੈ, ਚਾਨਣ ਦੇ ਹੱਥਾਂ ਦੁਆਰਾ ਚਾਨਣ ਦੇ ਪੰਨੇ ‘ਤੇ ਲਿਖਿਆ ਹੋਇਆ।’ ਪਿਆਰ ਜ਼ਿੰਦਗੀ ਦਾ ਮੂਲ ਹੈ। ਉਸਦਾ ਨਾਵਲਿਟ ‘ਟੁੱਟੇ ਖੰਭ’ ਜੋ ਬਹੁਤ ਹੀ ਖ਼ੂਬਸੂਰਤ ਤੇ ਸੁਪ੍ਰਸਿੱਧ ਰਚਨਾ ਹੈ, ਇਸ ਵਿਚ ਪਿਆਰ ਦੀ ਧਾਰਨਾ ਨੂੰ ਸਾਕਾਰ ਕਰਨ ਦਾ ਯਤਨ ਕੀਤਾ ਹੈ। ਨਾਵਲ ਦੀ ਨਾਇਕਾ ਸਲਮਾ ਖ਼ਲੀਲ ਜਿਬਰਾਨ ਦਾ ਪਹਿਲਾ ਤੇ ਅੰਤਮ ਪਿਆਰ ਸੀ, ਅਟੁੱਟ ਪਿਆਰ ਜੋ ਸਿਰੇ ਨਾ ਚੜ੍ਹ ਸਕਿਆ। ਇਸ ਦੇ ਪਿੱਛੇ ਵੱਡਾ ਹੱਥ ਸੀ ਸਮੇਂ ਦੇ ਧਾਰਮਿਕ ਆਗੂ ਪਾਦਰੀ ਦਾ ਜਿਸਨੇ ਇਕ ਬੇਬੱਸ ਪਰ ਅਮੀਰ ਲੜਕੀ ਦਾ ਹੱਥ ਆਪਣੇ ਅਯਾਸ਼ ਭਤੀਜੇ ਲਈ ਮੰਗ ਲਿਆ ਤੇ ਖ਼ਲੀਲ ਤੇ ਉਸਦੀ ਪ੍ਰੇਮਿਕਾ ਟੁੱਟੇ ਖੰਭਾਂ ਵਾਲੇ ਪੰਛੀਆਂ ਵਾਂਗ ਤੜਫ਼ ਕੇ ਰਹਿ ਗਏ, ਬਗ਼ਾਵਤ ਨਾ ਕਰ ਸਕੇ ਪਾਦਰੀ ਦੀ ਵਧੀਕੀ ਅੱਗੇ। ਲੇਖਕ ਇਸ ਸਥਿਤੀ ਨੂੰ ਬਿਆਨ ਕਰਦਾ ਹੋਇਆ ਲਿਖਦਾ ਹੈ : “ਉਸ ਸ਼ਾਮ ਮੇਰਾ ਉਥੋਂ ਆਉਣਾ ਇੰਜ ਸੀ ਜਿਵੇਂ ‘ਆਦਮ’ ਦਾ ਸਵਰਗ ‘ਚੋਂ ਆਉਣਾ, ਪਰ ਮੇਰੇ ਦਿਲ ਦੀ ਮਲਿਕਾ ‘ਹਵਾ’ ਸਾਰੇ ਸੰਸਾਰ ਨੂੰ ‘ਅਦਨ’ ਬਣਾਉਣ ਲਈ ਮੇਰੇ ਨਾਲ ਨਹੀਂ ਸੀ। ਉਸ ਰਾਤ ਜਦੋਂ ਮੇਰਾ ਦੁਬਾਰਾ ਜਨਮ ਹੋਇਆ ਤਾਂ ਮੈਂ ਮਹਿਸੂਸ ਕੀਤਾ ਕਿ ਮੈਂ ਮੌਤ ਦੇ ਪਹਿਲੀ ਵਾਰ ਦਰਸ਼ਨ ਕੀਤੇ ਹਨ।” ਉਸਦੀਆਂ ਨਜ਼ਰਾਂ ਵਿਚ ਪਿਆਰ ਅਜਿਹਾ ਫੁੱਲ ਹੈ ਜੋ ਬਿਨਾਂ ਮੌਸਮ ਤੋਂ ਵੀ ਉੱਗਦਾ ਤੇ ਖਿੜਦਾ ਹੈ। ਪ੍ਰੇਮੀਆਂ ਲਈ ਰਾਤ ਦਾ ਹਨੇਰਾ ਕੋਈ ਮਾਇਨੇ ਨਹੀਂ ਰੱਖਦਾ ਕਿਉਂਕਿ ਉਨ੍ਹਾਂ ਅਨੁਸਾਰ, “ਕੀ ਹੋਇਆ ਜੇ ਹਨੇਰਾ ਦਰੱਖ਼ਤਾਂ ਤੇ ਫੁੱਲਾਂ ਨੂੰ ਸਾਡੀਆਂ ਨਜ਼ਰਾਂ ਤੋਂ ਛੁਪਾ ਲੈਂਦਾ ਹੈ ਪਰ ਇਹ ਸਾਡੇ ਦਿਲਾਂ ਵਿਚਲੇ ਪਿਆਰ ਨੂੰ ਨਹੀਂ ਛੁਪਾ ਸਕੇਗਾ।” ਇਕ ਦਿਨ ਅਜਿਹਾ ਆਇਆ ਜਦੋਂ ਪ੍ਰੇਮਿਕਾ ਦੀ ਲਾਸ਼ ਨੂੰ ਪ੍ਰੇਮੀ ਨੂੰ ਆਪਣੇ ਹੱਥਾਂ ਨਾਲ ਦਫ਼ਨਾਉਣਾ ਪਿਆ, ਪਰ ਪਿਆਰ ਤਾਂ ਸਦਾ ਅਮਰ ਹੈ ਤੇ ਰਹੇਗਾ ਤੇ ਇਹ ਜ਼ਰੂਰੀ ਨਹੀਂ ਕਿ ਦੋ ਪਿਆਰ ਕਰਨ ਵਾਲੇ ਹਰ ਵੇਲੇ ਨੇੜੇ ਰਹਿਣ। ਪਿਆਰ ਵਿਚ ਦੂਰੀ ਜਾਂ ਵਿੱਥ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਦਰਗਾਹ ਦੇ ਥੰਮ ਦੂਰੀ ‘ਤੇ ਵੀ ਸੋਹੰਦੇ ਹਨ। ਪਿਆਰ ਰੱਬ ਦੀ ਰਜ਼ਾ ਵਰਗਾ ਤੇ ਜ਼ਿੰਦਗੀ ਦੀ ਸ਼ਾਹ ਰਗ ਵਰਗਾ ਹੈ।

ਖ਼ਲੀਲ ਜਿਬਰਾਨ ਨੂੰ ਮਨੁੱਖਤਾ ਨਾਲ ਅਥਾਹ ਪਿਆਰ ਸੀ। ਉਹ ਆਪ ਲਿਖਦਾ ਹੈ : “ਮਨੁੱਖਤਾ ਰੌਸ਼ਨੀ ਦਾ ਦਰਿਆ ਹੈ ਜੋ ਅਸਦੀਵਤਾ ਤੋਂ ਸਦੀਵਤਾ ਵੱਲ ਵਹਿੰਦਾ ਹੈ।” ਮਨੁੱਖਤਾ ਨਿਰੰਤਰ ਗਤੀਸ਼ੀਲ ਰਹਿੰਦੀ ਹੈ ਜੋ ਅਮਰਤਵਾ ਵੱਲ ਨੂੰ ਵਧਦੀ ਤੇ ਵਿਗਸਦੀ ਹੈ। ਉਹ ਅੰਧਕਾਰ ਤੋਂ ਪ੍ਰਕਾਸ਼ ਵੱਲ, ਅਗਿਆਨ ਤੋਂ ਗਿਆਨ ਵੱਲ ਤੇ ਮੌਤ ਤੋਂ ਅਮਰਤਵਾ ਵੱਲ ਜਾਣ ਦਾ ਚਾਹਵਾਨ ਰਿਹਾ। ਉਸ ਦਾ ਵਿਸ਼ਵਾਸ ਸੀ ਕਿ ਮਨੁੱਖ ਦੀ ਆਤਮਾ ਚੋਲਾ ਬਦਲਦੀ ਹੈ। ਉਸਨੇ ਸਵਰਗ ਦੀ ਹੋਂਦ ਨੂੰ ਵੀ ਮੰਨਿਆ ਪਰ ਉਸਦਾ ਸਵਰਗ ਤਾਂ ਇਥੇ ਹੀ ਹੈ ਦਰਵਾਜ਼ੇ ਪਿੱਛੇ ਤੇ ਅਗਲੇ ਕਮਰੇ ਵਿਚ ਪਰ ਉਸਨੇ ਤਾਂ ਚਾਬੀਆਂ ਹੀ ਗਵਾ ਲਈਆਂ ਨੇ । ਸ਼ਾਇਦ ਕਿਤੇ ਗ਼ਲਤ ਥਾਂ ਰੱਖ ਦਿੱਤੀਆਂ ਨੇ। ਉਸਦਾ ਸਵਰਗ ਲੋਟੂ ਪੁਜਾਰੀ ਵਰਗ ਨਾਲੋਂ ਅੱਡਰਾ ਹੈ।

ਯੂਕੇ ਖ਼ਲੀਲ ਜਿਬਰਾਨ ਦੀਆਂ ਵੱਖ-ਵੱਖ ਪੁਸਤਕਾਂ ਵਿੱਚੋਂ ਇਨ੍ਹਾਂ ਵਿਚਾਰਾਂ ਤੋਂ ਇਲਾਵਾ ਹੋਰ ਵਿਚਾਰਧਾਰਾਵਾਂ ਵੀ ਉਭਰ ਕੇ ਸਾਹਮਣੇ ਆਉਂਦੀਆਂ ਹਨ ਜਿਵੇਂ ਕਿ ਮਨੁੱਖ ਪੈਸਾ ਉਤਨਾ ਹੀ ਜਮ੍ਹਾ ਕਰੇ ਜਿਤਨਾ ਰੋਜ਼ਾਨਾ ਲੋੜਾਂ ਲਈ ਜ਼ਰੂਰੀ ਹੈ ਨਹੀਂ ਤਾਂ ਹਾਲਤ ਹਾਜੀਆਂ ਦੇ ਉਸ ਕੁੱਤੇ ਵਰਗੀ ਹੋਵੇਗੀ ਜੋ ਹੱਜ ਜਾਂਦਿਆਂ ਰੋਟੀ ਮਾਰੂਥਲ ਵਿਚ ਦੱਬ ਜਾਵੇ ਕਿ ਵਾਪਸੀ ’ਤੇ ਖਾ ਲਵਾਂਗਾ, ਜੋ ਸੰਭਵ ਨਹੀਂ। ਜਮ੍ਹਾ ਰਾਸ ਪੂੰਜੀ ਸਾਡੀ ਨਹੀਂ। ਉਹ ਇਕ ਵਧੀਆ ਸਮਾਜ ਦੀ ਸਿਰਜਣਾ ਦਾ ਚਾਹਵਾਨ ਸੀ ਜਿਥੇ ਲੁੱਟ-ਖਸੁੱਟ, ਵਿਚਾਰਾਂ ਦੀ ਗੰਦਗੀ, ਗ਼ੁਲਾਮੀ ਤੇ ਨਫ਼ਰਤ ਨਾ ਹੋਵੇ ਕਿਉਂਕਿ ਉਹ ਆਪ ਇਨ੍ਹਾਂ ਸਮਾਜਕ ਅਲਾਮਤਾਂ ਦਾ ਸ਼ਿਕਾਰ ਰਿਹਾ ਸੀ। ਉਸਦੀ ਧਾਰਨਾ ਸੀ ਕਿ ਜ਼ਿੰਦਗੀ ਲੋਕਾਂ ਦੇ ਮਨਾਂ ਦੀਆਂ ਡੂੰਘਾਈਆਂ ਵਿਚ ਜਾ ਕੇ ਉਨ੍ਹਾਂ ਦੀ ਗੰਦਗੀ ਵੇਖਣ ਦਾ ਨਾਂ ਨਹੀਂ ਸਗੋਂ ਪਰਮਾਤਮਾ ਰਾਹੀਂ ਸਿਰਜੇ ਸੁਹੱਪਣ ਨੂੰ ਦੇਖਣ ਦਾ, ਮਾਨਣ ਦਾ ਨਾਂ ਹੈ। ਗ਼ੁਲਾਮੀ ਪ੍ਰਤੀ ਖ਼ਲੀਲ ਦੇ ਵਿਚਾਰ ‘ਅਹਿਸਾਸ’ ਨਾਂ ਦੀ ਕਹਾਣੀ ਵਿੱਚੋਂ ਉਭਰ ਕੇ ਸਾਹਮਣੇ ਆਇਆ।

ਤੂਫ਼ਾਨ 

ਯੂਸਫ਼-ਅਲ-ਫ਼ਖ਼ਰੀ ਉਦੋਂ ਮਸਾਂ ਤੀਹਾਂ ਕੁ ਸਾਲਾਂ ਦਾ ਸੀ ਜਦੋਂ ਉਸਨੇ ਸੰਸਾਰ ਤੋਂ ਸੰਨਿਆਸ ਲੈ ਲਿਆ ਅਤੇ ਉੱਤਰੀ ਲੈਬਨਾਨ ਵਿਚ ਕਾਦੀਸ਼ਾ ਘਾਟੀ ਦੇ ਨੇੜੇ ਇਕ ਵੀਰਾਨ ਖਾਨਗਾਹ ਵਿਚ ਰਹਿਣਾ ਸ਼ੁਰੂ ਕਰ ਦਿੱਤਾ। ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਉਸ ਦੇ ਘਰ-ਬਾਰ ਤਿਆਗਣ ਬਾਰੇ ਆਮ ਪ੍ਰਚਲਿਤ ਕਈ ਕਹਾਣੀਆਂ ਸੁਣੀਆਂ। ਕੁਝ ਦਾ ਕਹਿਣਾ ਸੀ ਕਿ ਉਹ ਬੜੇ ਵੱਡੇ ਅਮੀਰ ਘਰਾਣੇ ਦਾ ਸੀ ਅਤੇ ਕਿਸੇ ਔਰਤ ਨੂੰ ਪਿਆਰ ਕਰਦਾ ਸੀ ਜੋ ਉਸਨੂੰ ਧੋਖਾ ਦੇ ਗਈ, ਇਸ ਕਰਕੇ ਉਹ ਇਕਾਂਤ ਜੀਵਨ ਬਿਤਾਉਣ ਲਈ ਵੀਰਾਨ ਥਾਂ ’ਤੇ ਆ ਟਿਕਿਆ। ਜਦੋਂ ਕਿ ਦੂਸਰਿਆਂ ਦਾ ਕਹਿਣਾ ਸੀ ਕਿ ਉਹ ਇਕ ਕਵੀ ਸੀ ਜੋ ਸ਼ਹਿਰ ਦੇ ਰੌਲੇ ਰੱਪੇ ਨੂੰ ਛੱਡ ਕੇ, ਆਪਣੇ ਵਿਚਾਰਾਂ ਨੂੰ ਕਲਮ ਸਪੁਰਦ ਕਰਨ ਅਤੇ ਪ੍ਰਕ੍ਰਿਤਕ ਪ੍ਰੇਰਨਾ ਸ੍ਰੋਤਾਂ ਦਾ ਲਾਹਾ ਲੈਣ ਲਈ ਉਸ ਥਾਂ ‘ਤੇ ਆ ਵੱਸਿਆ ਸੀ; ਅਤੇ ਕਈਆਂ ਨੂੰ ਤਾਂ ਇਹ ਯਕੀਨ ਸੀ ਕਿ ਉਹ ਰਹੱਸਵਾਦੀ ਸੀ ਜੋ ਆਤਮਕ ਸੰਸਾਰ ਨਾਲ ਸੰਤੁਸ਼ਟ ਸੀ, ਭਾਵੇਂ ਬਹੁਤੇ ਲੋਕ ਇਸ ਗੱਲ ਦੀ ਹਾਮੀ ਭਰਦੇ ਕਿ ਉਹ ਪਾਗਲ ਸੀ।

ਜਿਥੋਂ ਤਕ ਮੇਰੇ ਵਿਚਾਰਾਂ ਦਾ ਸੰਬੰਧ ਹੈ, ਮੈਂ ਉਸ ਆਦਮੀ ਬਾਰੇ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਸਕਿਆ ਸਾਂ ਕਿਉਂਕਿ ਮੈਂ ਜਾਣਦਾ ਸਾਂ ਕਿ ਉਸ ਦੇ ਦਿਲ ਵਿਚ ਜ਼ਰੂਰ ਕੋਈ ਗਹਿਰਾ ਭੇਦ ਹੋਵੇਗਾ ਜਿਸ ਨੂੰ ਕੇਵਲ ਕਿਆਸਅਰਾਂਈ ਦੇ ਆਧਾਰ ਉੱਤੇ ਖੋਲ੍ਹਣਾ ਉੱਚਿਤ ਨਹੀਂ ਹੋਵੇਗਾ। ਮੈਂ ਇਸ ਅਜਨਬੀ ਨੂੰ ਮਿਲਣ ਲਈ ਲੰਮੇ ਸਮੇਂ ਤੋਂ ਮੌਕੇ ਦੀ ਭਾਲ ਵਿਚ ਸਾਂ। ਮੈਂ ਕਈ ਤਰ੍ਹਾਂ ਨਾਲ ਉਸ ਨਾਲ ਦੋਸਤੀ ਗੰਢਣ ਦੇ ਯਤਨ ਕੀਤੇ ਤਾਂ ਕਿ ਉਸਦੀ ਅਸਲੀਅਤ ਬਾਰੇ, ਉਸਦੇ ਜੀਵਨ ਮੰਤਵ ਬਾਰੇ ਤੇ ਉਸਦੀ ਹੱਡ-ਬੀਤੀ ਤੋਂ ਜਾਣੂ ਹੋ ਸਕਾਂ। ਪਰ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ। ਜਦੋਂ ਮੈਂ ਉਸਨੂੰ ਪਹਿਲੀ ਵਾਰੀ ਮਿਲਿਆ ਉਹ ਲੈਬਨਾਨ ਦੇ ਪਵਿੱਤਰ ਦਿਆਰ ਦੇ ਜੰਗਲ ਵਿਚ ਘੁੰਮ ਰਿਹਾ ਸੀ।

ਬੜੇ ਸਤਿਕਾਰ ਤੇ ਸੁਚੱਜੇ ਢੰਗ ਨਾਲ ਨਮਸਕਾਰ ਕੀਤੀ, ਪਰ ਉਸਨੇ ਮੇਰੀ ਇਸ ਨਮਸਕਾਰ ਦਾ ਉੱਤਰ ਕੇਵਲ ਸਿਰ ਹਿਲਾ ਕੇ ਦਿੱਤਾ ਅਤੇ ਲੰਮੀਆਂ ਪੁਲਾਂਘਾਂ ਪੁੱਟਦਾ ਹੋਇਆ ਅੱਗੇ ਚਲਾ ਗਿਆ।

ਇਕ ਹੋਰ ਮੌਕੇ ‘ਤੇ ਮੈਂ ਉਸਨੂੰ ਮੱਠ ਦੇ ਨੇੜੇ ਅੰਗੂਰਾਂ ਦੇ ਛੋਟੇ ਜਿਹੇ ਬਾਗ਼ ਵਿਚ ਖੜਾ ਦੇਖਿਆ। ਫਿਰ ਮੈਂ ਉਸ ਦੇ ਨੇੜੇ ਹੋ ਕੇ ਪੁੱਛਿਆ, “ਪਿੰਡ ਵਾਲੇ ਕਹਿੰਦੇ ਨੇ ਕਿ ਇਸ ਮੱਠ ਦੀ ਉਸਾਰੀ ਚੌਦ੍ਰਵੀਂ ਸਦੀ ਵਿਚ ਸੀਰੀਆ ਦੇ ਇਕ ਸਾਮੀ ਕਬੀਲੇ ਨੇ ਕੀਤੀ ਸੀ, ਕੀ ਤੁਹਾਨੂੰ ਇਸਦੇ ਇਤਿਹਾਸ ਬਾਰੇ ਕੁਝ ਪਤਾ ਹੈ ?” ਉਸ ਨੇ ਬੇਰੁਖ਼ੀ ਨਾਲ ਉੱਤਰ ਦਿੱਤਾ, “ਮੈਨੂੰ ਨਹੀਂ ਪਤਾ ਕਿ ਇਹ ਮੱਠ ਕਿਸਨੇ ਬਣਾਇਆ, ਨਾ ਹੀ ਮੈਂ ਜਾਣਨਾ ਚਾਹੁੰਦਾ ਹਾਂ।” ਅਤੇ ਉਸਨੇ ਮੇਰੇ ਵੱਲੋਂ ਮੂੰਹ ਮੋੜ ਕੇ ਕਿਹਾ, “ਤੂੰ ਇਸ ਬਾਰੇ ਆਪਣੇ ਦਾਦੇ-ਪੜਦਾਦਿਆਂ ਕੋਲੋਂ ਕਿਉਂ ਨਹੀਂ ਪੁੱਛਦਾ, ਜਿਹੜੇ ਮੇਰੇ ਨਾਲੋਂ ਉਮਰ ਵਿਚ ਵਡੇਰੇ ਹਨ ਅਤੇ ਮੇਰੇ ਨਾਲੋਂ ਕਿਤੇ ਵਧੇਰੇ ਇਨ੍ਹਾਂ ਘਾਟੀਆਂ ਦੇ ਇਤਿਹਾਸ ਬਾਰੇ ਜਾਣਦੇ ਹਨ ?” ਆਪਣੀ ਇਸ ਜ਼ਬਰਦਸਤ ਹਾਰ ਨੂੰ ਮਹਿਸੂਸ ਕਰਦਿਆਂ ਹੋਇਆਂ ਮੈਂ ਉਥੋਂ ਚਲਾ ਗਿਆ। ਇਸ ਤਰ੍ਹਾਂ ਦੋ ਸਾਲ ਬੀਤ ਗਏ ਪਰ ਇਸ ਅਜਨਬੀ ਦੇ ਸਾਦੇ ਜੀਵਨ ਤੇ ਅਜਿਹੇ ਨਿਰਮੋਹੇ ਜੀਵਨ ਢੰਗ ਨੇ ਮੇਰੀ ਨੀਂਦ ਹਰਾਮ ਕਰ ਰੱਖੀ ਸੀ।

ਭਾਗ ਦੂਜਾ

ਪੱਤਝੜ ਦੀ ਰੁੱਤੇ, ਇਕ ਦਿਨ ਜਦੋਂ ਮੈਂ ਯੂਸਫ਼-ਅਲ-ਫ਼ਖ਼ਰੀ ਦੇ ਟਿਕਾਣੇ ਦੇ ਨੇੜੇ ਦੀਆਂ ਪਹਾੜੀਆਂ ਤੇ ਟਿੱਬਿਆਂ ਉੱਤੇ ਘੁੰਮ ਫਿਰ ਰਿਹਾ ਸਾਂ ਕਿ ਅਚਾਨਕ ਜ਼ਬਰਦਸਤ ਝੱਖੜ ਤੇ ਮੂਸਲਾਧਾਰ ਮੀਂਹ ਵਿਚ ਘਿਰ ਗਿਆ ਅਤੇ ਤੂਫ਼ਾਨ ਨੇ ਮੈਨੂੰ ਉਸ ਕਿਸ਼ਤੀ ਵਾਂਗ ਇੰਜ ਇਧਰ ਉਧਰ ਪਟਕਾ ਮਾਰਿਆ ਜਿਸਦੀ ਪਤਵਾਰ ਟੁੱਟ ਚੁੱਕੀ ਹੋਵੇ ਅਤੇ ਸਮੁੰਦਰੀ ਤੂਫ਼ਾਨ ਨੇ ਜਿਸਦੇ ਮਸਤੂਲ ਟੁੱਕੜੇ-ਟੁੱਕੜੇ ਕਰ ਦਿੱਤੇ ਹੋਣ। ਮੈਂ ਆਪਣੇ ਮਨ ਵਿਚ ਇਹ ਸੋਚ ਕੇ ਬੜੀ ਮੁਸ਼ਕਿਲ ਨਾਲ ਆਪਣੇ ਕਦਮ ਯੂਸਫ਼ ਦੇ ਟਿਕਾਣੇ ਵਲ ਮੋੜੇ, “ਇਹ ਉਹ ਸੁਨਹਿਰੀ ਮੌਕਾ ਹੈ ਜਿਸਦੀ ਮੈਨੂੰ ਲੰਮੇ ਸਮੇਂ ਤੋਂ ਉਡੀਕ ਸੀ ਅਤੇ ਉਸ ਕੋਲ ਪੁੱਜਣ ਲਈ ਤੂਫ਼ਾਨ ਇਕ ਬਹਾਨਾ ਸਾਬਤ ਹੋਵੇਗਾ ਜਦੋਂ ਕਿ ਮੇਰੇ ਗਿੱਲੇ ਕੱਪੜੇ ਉਸ ਨਾਲ ਚੱਲਦੀ ਗੱਲਬਾਤ ਨੂੰ ਅੱਗੇ ਵਧਾਉਣ ਤੇ ਲੰਮੇਰਾ ਕਰਨ ਦਾ ਵਧੀਆ ਕਾਰਨ ਸਾਬਤ ਹੋਣਗੇ।”

ਉਸਦੇ ਟਿਕਾਣੇ ਤਕ ਪੁੱਜਦਿਆਂ ਮੇਰੀ ਹਾਲਤ ਬੜੀ ਤਰਸਯੋਗ ਹੋ ਚੁੱਕੀ ਸੀ ਅਤੇ ਜਿਉਂ ਹੀ ਮੈਂ ਉਸਦਾ ਦਰਵਾਜ਼ਾ ਖੜਕਾਇਆ, ਜਿਸ ਵਿਅਕਤੀ ਨੂੰ ਮਿਲਣ ਲਈ ਮੈਂ ਉਤਾਵਲਾ ਸਾਂ, ਉਸ ਨੇ ਹੀ ਦਰਵਾਜ਼ਾ ਖੋਲ੍ਹਿਆ। ਉਸ ਦੇ ਇਕ ਹੱਥ ਵਿਚ ਮਰਨ ਕਿਨਾਰੇ ਪਿਆ ਇਕ ਪੰਛੀ ਸੀ ਜਿਸਦਾ ਸਿਰ ਜ਼ਖ਼ਮੀ ਅਤੇ ਖੰਭ ਟੁੱਟੇ ਹੋਏ ਸਨ। ਮੈਂ ਬੇਨਤੀ ਕੀਤੀ, “ਬਿਨਾਂ ਆਗਿਆ ਤੋਂ ਤੁਹਾਡੇ ਕੰਮ ਵਿਚ ਰੁਕਾਵਟ ਪਾਉਣ ਲਈ ਮੁਆਫ਼ੀ ਚਾਹੁੰਦਾ ਹਾਂ। ਮੈਂ ਆਪਣੇ ਘਰ ਤੋਂ ਦੂਰ ਸਾਂ ਕਿ ਜ਼ਬਰਦਸਤ ਤੂਫ਼ਾਨ ਨੇ ਮੈਨੂੰ ਘੇਰ ਲਿਆ।” ਉਸ ਨੇ ਮੱਥੇ ’ਤੇ ਤਿਉੜੀਆਂ ਪਾਉਂਦੇ ਹੋਏ ਕਿਹਾ, “ਇਸ ਜੰਗਲ ਬੀਆਬਾਨ ਵਿਚ ਹੋਰ ਅਨੇਕਾਂ ਗੁਫ਼ਾਵਾਂ ਹਨ ਜਿਥੇ ਤੁਸੀਂ ਸ਼ਰਨ ਲੈ ਸਕਦੇ ਸੀ ?” ਪਰ ਉਸ ਨੇ ਦਰਵਾਜ਼ਾ ਬੰਦ ਨਾ ਕੀਤਾ ਅਤੇ ਇਹ ਮਹਿਸੂਸ ਕਰਕੇ ਮੇਰੇ ਦਿਲ ਦੀ ਧੜਕਣ ਹੋਰ ਤੇਜ਼ ਹੋ ਗਈ ਕਿ ਮੇਰੀ ਚਿਰਾਂ ਦੀ ਇੱਛਾ ਪੁੱਗਣ ਹੀ ਵਾਲੀ ਹੈ। ਉਸਨੇ ਬੜੇ ਪਿਆਰ ਤੇ ਹਮਦਰਦੀ ਨਾਲ ਪੰਛੀ ਦੇ ਸਿਰ ਨੂੰ ਪਲੋਸਣਾ ਸ਼ੁਰੂ ਕਰ ਦਿੱਤਾ, ਉਸਦੀ ਇਹ ਅਦਾ ਮੇਰੇ ਦਿਲ ਨੂੰ ਭਾਅ ਗਈ। ਇੱਕੋ ਹੀ ਵਿਅਕਤੀ ਵਿਚ ਦਇਆ ਅਤੇ ਨਿਰਦਈ-ਪੁਣਾ ਦੋਵੇਂ ਉਲਟ ਗੱਲਾਂ ਵੇਖ ਕੇ ਮੈਂ ਹੈਰਾਨ ਰਹਿ ਗਿਆ। ਸਾਨੂੰ ਦੋਹਾਂ ਨੂੰ ਇਸ ਤਣਾਓ ਭਰੀ ਚੁੱਪ ਦਾ ਅਹਿਸਾਸ ਹੋ ਗਿਆ। ਉਸਨੂੰ ਮੇਰੀ ਮੌਜੂਦਗੀ ਅਖਰ ਰਹੀ ਸੀ ਪਰ ਮੈਂ ਉਥੇ ਠਹਿਰਣਾ ਚਾਹੁੰਦਾ ਸਾਂ।

ਇੰਝ ਜਾਪਿਆ ਜਿਵੇਂ ਉਸਨੇ ਮੇਰੇ ਅੰਦਰ ਦੀ ਗੱਲ ਭਾਂਪ ਲਈ ਹੋਵੇ, ਇਸ ਲਈ ਮੇਰੇ ਵੱਲ ਵੇਖਦਿਆਂ ਬੋਲਿਆ, “ਤੂਫ਼ਾਨ ਜ਼ੋਰਾਂ ‘ਤੇ ਹੈ ਪਰ ਤੂੰ ਇਸ ਤੋਂ ਕਿਉਂ ਬਚਣਾ ਚਾਹੁੰਦਾ ਹੈਂ ?” ਸਹਿਜੇ ਹੀ ਮੈਂ ਉੱਤਰ ਦਿੱਤਾ, “ਜੇ ਮੈਂ ਉਸ ਵਿਚ ਫਸ ਗਿਆ ਤਾਂ ਉਹ ਮੈਨੂੰ ਮਾਰ ਹੀ ਸੁੱਟੇਗਾ।” ਉਸਨੇ ਕੁਰੱਖਤ ਆਵਾਜ਼ ਵਿਚ ਅੱਗੋਂ ਕਿਹਾ, “ਤੂਫ਼ਾਨ ਜੇ ਤੈਨੂੰ ਨਿਗਲ ਜਾਂਦਾ ਤਾਂ ਇਹ ਉਸਦਾ ਤੇਰੇ ’ਤੇ ਬੜਾ ਅਹਿਸਾਨ ਹੁੰਦਾ ਜਿਸਦੇ ਤੂੰ ਕਾਬਲ ਨਹੀਂ ਹੈਂ।” ਮੈਂ ਮੰਨ ਗਿਆ, “ਹਾਂ ਜਨਾਬ, ਮੈਂ ਇਸੇ ਲਈ ਤੂਫ਼ਾਨ ਤੋਂ ਭੱਜਿਆ ਹਾਂ ਤਾਂ ਕਿ ਕਿਧਰੇ ਮੈਨੂੰ ਉਹ ਮਾਣ ਨਾ ਮਿਲ ਜਾਏ ਜਿਸਦਾ ਮੈਂ ਹੱਕਦਾਰ ਨਹੀਂ ਹਾਂ।” ਉਸਨੇ ਆਪਣੀ ਮੁਸਕਰਾਹਟ ਨੂੰ ਦਬਾਉਣ ਲਈ ਆਪਣਾ ਮੂੰਹ ਦੂਸਰੇ ਪਾਸੇ ਕਰ ਲਿਆ ਅਤੇ ਅੰਗੀਠੀ ਦੇ ਨੇੜੇ ਪਏ ਬੈਂਚ ਵੱਲ ਇਸ਼ਾਰਾ ਕੀਤਾ ਕਿ ਮੈਂ ਉਥੇ ਬੈਠ ਕੇ ਆਰਾਮ ਕਰ ਸਕਾਂ ਤੇ ਆਪਣੇ ਕੱਪੜੇ ਸੁਕਾ ਲਵਾਂ। ਉਸ ਸਮੇਂ ਮੈਂ ਮੁਸ਼ਕਿਲ ਨਾਲ ਆਪਣੀ ਖ਼ੁਸ਼ੀ ਛੁਪਾ ਸਕਿਆ।

ਉਸਦਾ ਧੰਨਵਾਦ ਕਰ ਕੇ ਮੈਂ ਬੈਂਚ ‘ਤੇ ਬਹਿ ਗਿਆ ਅਤੇ ਉਹ ਚਟਾਨ ਤੋਂ ਬਣੇ ਇਕ ਬੈਂਚ ਉੱਤੇ ਮੇਰੇ ਸਾਹਮਣੇ ਬੈਠਾ ਸੀ। ਉਸਨੇ ਮਿੱਟੀ ਦੇ ਇਕ ਪਿਆਲੇ ਜਿਸ ਵਿਚ ਇਕ ਤਰ੍ਹਾਂ ਦਾ ਤੇਲ ਪਿਆ ਸੀ, ਵਿਚ ਆਪਣੀਆਂ ਉਂਗਲੀਆਂ ਦੇ ਪੋਟੇ ਡੁਬੋ ਕੇ, ਪੰਛੀ ਦੇ ਸਿਰ ਤੇ ਖੰਭਾਂ ਉੱਤੇ ਹੌਲੀ-ਹੌਲੀ ਲਗਾਉਣਾ ਸ਼ੁਰੂ ਕਰ ਦਿੱਤਾ। ਮੂੰਹ ਉਪਰ ਚੁੱਕੇ ਬਿਨਾਂ ਹੀ ਉਹ ਬੋਲਿਆ, ‘ਤੇਜ਼ ਹਵਾਵਾਂ ਨੇ ਇਸ ਪੰਛੀ ਨੂੰ ਚਟਾਨਾਂ ’ਤੇ ਪਟਕਾ ਮਾਰਿਆ ਹੈ ਤੇ ਇਹ ਜ਼ਿੰਦਗੀ ਤੇ ਮੌਤ ਵਿਚਕਾਰ ਲਟਕ ਰਿਹਾ ਹੈ।” ਪੰਛੀ ਦੇ ਨਾਲ ਆਪਣੀ ਤੁਲਨਾ ਕਰਦਿਆਂ ਮੈਂ ਮਨ ਹੀ ਮਨ ਸੋਚਿਆ ਕਿ ਤੇਜ਼ ਹਵਾਵਾਂ ਨੇ ਮੈਨੂੰ ਨਿਥਾਵੇਂ ਨੂੰ ਐਨ ਸਮੇਂ ਸਿਰ ਤੇਰੇ ਦਰ ’ਤੇ ਲਿਆ ਖੜਾ ਕੀਤਾ ਹੈ ਤਾਂ ਕਿ ਮੇਰਾ ਸਿਰ ਫੁੱਟਣ ਤੇ ਖੰਭ ਟੁੱਟਣ ਤੋਂ ਬਚ ਸਕਣ।

ਉਸਨੇ ਗੰਭੀਰਤਾ ਨਾਲ ਮੇਰੇ ਵੱਲ ਵੇਖਿਆ ਤੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਮਨੁੱਖ ਵਿਚ ਪੰਛੀ ਵਾਲੀ ਸਹਿਜ ਪਰਵਿਰਤੀ ਹੋਵੇ ਅਤੇ ਇਹ ਮੇਰੀ ਇੱਛਾ ਹੈ ਕਿ ਤੂਫ਼ਾਨ ਲੋਕਾਂ ਦੇ ਖੰਭ ਤੋੜ ਦੇਵੇ ਕਿਉਂਕਿ ਮਨੁੱਖ ਡਰਪੋਕ ਹੈ, ਜਿਉਂ ਹੀ ਉਸਨੂੰ ਤੂਫ਼ਾਨ ਆਉਣ ਦੀ ਸੰਭਾਵਨਾ ਹੁੰਦੀ ਹੈ ਉਹ ਕੰਦਰਾਵਾਂ ਅਤੇ ਗੁਫ਼ਾਵਾਂ ਵਿਚ ਆਪਣਾ ਸਿਰ ਛੁਪਾਉਂਦਾ ਫਿਰਦਾ ਹੈ।”

ਮੇਰਾ ਮਨਸ਼ਾ ਉਸਦੀ ਆਪ ਸਹੇੜੀ ਜਲਾਵਤਨੀ ਦੀ ਕਹਾਣੀ ਸੁਣਨ ਤੋਂ ਸੀ, ਮੈਂ ਉਸਨੂੰ ਉਕਸਾਇਆ, “ਹਾਂ ਜਿਹੋ ਜਿਹਾ ਮਾਣ ਅਤੇ ਹੌਂਸਲਾ ਪੰਛੀਆਂ ਕੋਲ ਹੁੰਦਾ ਹੈ, ਮਨੁੱਖ ਕੋਲ ਨਹੀਂ ਹੁੰਦਾ…..ਮਨੁੱਖ ਆਪਣੇ ਲਈ ਆਪ ਬਣਾਏ ਕਾਨੂੰਨਾਂ ਤੇ ਰਸਮ-ਰਿਵਾਜਾਂ ਦੇ ਪਰਛਾਵੇਂ ਹੇਠ ਜਿਉਂਦਾ ਹੈ ਪਰ ਪੰਛੀ ਕੁਦਰਤ ਦੇ ਸਦੀਵੀ ਕਾਨੂੰਨ ਅਨੁਸਾਰ ਜਿਉਂਦੇ ਹਨ ਜਿਸ ਅਧੀਨ ਧਰਤੀ ਸੂਰਜ ਦੁਆਲੇ ਚੱਕਰ ਕੱਟਦੀ ਹੈ।” ਉਸ ਦੀਆਂ ਅੱਖਾਂ ਤੇ ਚਿਹਰੇ ਉੱਤੇ ਚਮਕ ਆ ਗਈ ਜਿਵੇਂ ਕਿ ਉਸਨੂੰ ਮੇਰੇ ਵਿੱਚੋਂ ਇਕ ਸਮਝਦਾਰ ਚੇਲੇ ਦੀ ਝਲਕ ਪਈ ਹੋਵੇ ਅਤੇ ਉਸਨੇ ਕਿਹਾ, “ਵਾਹ! ਜੇ ਤੇਰੀ ਕਥਨੀ ਤੇ ਕਰਨੀ ਵਿਚ ਫ਼ਰਕ ਨਹੀਂ ਤਾਂ ਤੈਨੂੰ ਇਹ ਸਭਿਅਤਾ, ਇਸਦੇ ਭ੍ਰਿਸ਼ਟ ਕਾਨੂੰਨ ਅਤੇ ਰਸਮ-ਰਿਵਾਜ ਨੂੰ ਤਿਆਗ ਕੇ, ਕਿਸੇ ਅਜਿਹੀ ਥਾਂ ਪੰਛੀਆਂ ਵਾਂਗ ਆਜ਼ਾਦ ਜੀਵਨ ਜਿਉਣਾ ਚਾਹੀਦਾ ਹੈ, ਜਿਥੇ ਸਿਵਾਇ ਆਕਾਸ਼ ਅਤੇ ਧਰਤੀ ਦੇ ਅਦੁੱਤੀ ਕਾਨੂੰਨਾਂ ਤੋਂ ਕੋਈ ਨਾ ਹੋਵੇ। ਵਿਸ਼ਵਾਸ ਕਰਨਾ ਚੰਗੀ ਗੱਲ ਹੈ ਪਰ ਉਨ੍ਹਾਂ ਵਿਸ਼ਵਾਸਾਂ ਨੂੰ ਅਮਲ ਵਿਚ ਲਿਆਉਣਾ ਇੱਛਾ ਸ਼ਕਤੀ ਦਾ ਇਮਤਿਹਾਨ ਹੈ। ਕਈ ਵਿਅਕਤੀ ਅਜਿਹੇ ਵੀ ਹੁੰਦੇ ਹਨ ਜਿਹੜੇ ਫੜ੍ਹਾਂ ਤਾਂ ਵੱਡੀਆਂ-ਵੱਡੀਆਂ ਮਾਰਦੇ ਹਨ ਪਰ ਉਨ੍ਹਾਂ ਦੇ ਜੀਵਨ ਗਲ-ਸੜ ਰਹੀ ਦਲਦਲ ਵਾਂਗ ਹੁੰਦੇ ਹਨ। ਕੁਝ ਅਜਿਹੇ ਵੀ ਹਨ ਜੋ ਆਪਣੇ ਸਿਰ ਤਾਂ ਪਹਾੜੀ ਚੋਟੀਆਂ ਤੋਂ ਵੀ ਉੱਚੇ ਚੁੱਕਦੇ ਹਨ ਪਰ ਉਨ੍ਹਾਂ ਦੀਆਂ ਆਤਮਾਵਾਂ ਗੁਫ਼ਾਵਾਂ ਦੇ ਹਨੇਰੇ ਵਿਚ ਸੁੱਤੀਆਂ ਪਈਆਂ ਹੁੰਦੀਆਂ ਹਨ।” ਉਹ ਕੰਬਦਾ-ਕੰਬਦਾ ਆਪਣੀ ਜਗ੍ਹਾ ਤੋਂ ਉਠਿਆ ਅਤੇ ਉਸਨੇ ਪੰਛੀ ਨੂੰ ਖਿੜਕੀ ਕੋਲ ਤਹਿ ਲੱਗੇ ਕੱਪੜੇ ਉੱਤੇ ਟਿਕਾ ਦਿੱਤਾ।

ਅੱਗ ਵਿਚ ਸੁੱਕੀਆਂ ਲੱਕੜਾਂ ਪਾਉਂਦਿਆਂ ਉਸ ਕਿਹਾ, “ਬੂਟ ਉਤਾਰ ਕੇ ਪੈਰ ਨਿੱਘੇ ਕਰ ਲੈ, ਕਿਉਂਕਿ ਸਿਲ੍ਹ ਸਿਹਤ ਲਈ ਠੀਕ ਨਹੀਂ ਹੁੰਦੀ। ਆਪਣੇ ਕੱਪੜੇ ਚੰਗੀ ਤਰ੍ਹਾਂ ਸੁਕਾ ਕੇ ਆਰਾਮ ਨਾਲ ਬੈਠ।”

ਯੂਸਫ਼ ਦੀ ਇਸ ਮਹਿਮਾਨ ਨਿਵਾਜ਼ੀ ਨੇ ਮੇਰੀਆਂ ਉਮੀਦਾਂ ਨੂੰ ਕਾਇਮ ਰੱਖਿਆ। ਅੱਗ ਦੇ ਨੇੜੇ ਹੁੰਦਿਆਂ ਹੀ ਮੇਰੇ ਸਿਲ੍ਹੇ ਕੱਪੜਿਆਂ ਵਿੱਚੋਂ ਭਾਫ਼ ਨਿਕਲਣ ਲੱਗ ਪਈ। ਜਿਸ ਵੇਲੇ ਉਹ ਦਰਵਾਜ਼ੇ ਵਿਚ ਖੜਾ ਨੀਲੇ ਆਕਾਸ਼ ਵੱਲ ਵੇਖ ਰਿਹਾ ਸੀ ਤਾਂ ਮੇਰਾ ਮਨ ਉਸਦੇ ਪਿਛੋਕੜ ਦੀਆਂ ਤਹਿਆਂ ਨੂੰ ਫਰੋਲਣ ਲਈ ਉਤਾਵਲਾ ਹੋ ਰਿਹਾ ਸੀ। ਮੈਂ ਅਣਭੋਲ ਜਿਹੇ ਪੁੱਛਿਆ, “ਤੁਸੀਂ ਚੋਖੇ ਸਮੇਂ ਤੋਂ ਇਥੇ ਹੋ ?”

ਮੇਰੇ ਵੱਲ ਵੇਖੇ ਬਿਨਾਂ ਹੀ ਉਸਨੇ ਸ਼ਾਂਤ ਲਹਿਜੇ ਵਿਚ ਜਵਾਬ ਦਿੱਤਾ, “ਮੈਂ ਇਥੇ ਉਦੋਂ ਆਇਆ ਸਾਂ ਜਦੋਂ ਧਰਤੀ ਦਾ ਕੋਈ ਰੂਪ ਨਹੀਂ ਸੀ, ਹਰ ਪਾਸੇ ਅਰਬਦ ਨਰਬਦ ਧੁੰਦੂਕਾਰਾ ਸੀ ਅਤੇ ਅਥਾਹ ਸਾਗਰਾਂ ਉੱਤੇ ਪਰਮਾਤਮਾ ਦਾ ਪਸਾਰਾ ਸੀ।”

ਉਸਦੇ ਇਹ ਲਫ਼ਜ਼ ਸੁਣ ਕੇ ਮੈਂ ਡੌਰ-ਭੌਰ ਹੋ ਗਿਆ। ਆਪਣੇ ਹੋਸ਼ ਹਵਾਸ ਟਿਕਾਣੇ ਲਿਆਉਂਦਿਆਂ ਮੈਂ ਆਪਣੇ ਆਪ ਨੂੰ ਕਿਹਾ, “ਕਿੰਨਾ ਅਜੀਬ ਹੈ ਇਹ ਇਨਸਾਨ ਅਤੇ ਸੱਚ ਦਾ ਰਸਤਾ ਕਿੰਨਾ ਔਕੜਾਂ ਭਰਿਆ ਹੈ ? ਪਰ ਮੈਂ ਬੜੇ ਧਿਆਨ ਨਾਲ ਧੀਮੇ ਜਿਹੇ ਅਤੇ ਸਬਰ ਨਾਲ ਉਦੋਂ ਤੱਕ ਉਸਨੂੰ ਕੁਰੇਦਦਾ ਰਹਾਂਗਾ ਜਦੋਂ ਤੀਕ ਕਿ ਉਸਦੀ ਚੁੱਪੀ ਟੁੱਟ ਨਹੀਂ ਜਾਂਦੀ ਅਤੇ ਉਸਦੀ ਬੇਰੁਖ਼ੀ ਮਿਲਣਸਾਰੀ ਵਿਚ ਬਦਲ ਨਹੀਂ ਜਾਂਦੀ।”

ਭਾਗ ਤੀਜਾ

ਰਾਤ ਦਾ ਹਨੇਰਾ ਉਨ੍ਹਾਂ ਘਾਟੀਆਂ ਨੂੰ ਆਪਣੀ ਕਾਲੀ ਪੁਸ਼ਾਕ ਹੇਠ ਕੱਜ ਰਿਹਾ ਸੀ, ਹਨੇਰੀ ਤੂਫ਼ਾਨ ਦੀਆਂ ਚੀਕਦੀਆਂ ਗੁੰਜਦੀਆਂ ਆਵਾਜ਼ਾਂ ਆ ਰਹੀਆਂ ਸਨ ਅਤੇ ਬਾਰਸ਼ ਪਲੋ-ਪਲੀ ਵੱਧਦੀ ਜਾ ਰਹੀ ਸੀ। ਮੈਨੂੰ ਇਉਂ ਜਾਪਿਆ ਜਿਵੇਂ ਅੰਜੀਲ ਵਾਲੀ ਪਰਲੋ ਇਕ ਵਾਰ ਫਿਰ ਜੀਵਨ ਨੂੰ ਖ਼ਤਮ ਕਰਨ ਅਤੇ ਰੱਬ ਦੀ ਇਸ ਧਰਤੀ ਤੋਂ ਮਨੁੱਖੀ ਗੰਦ-ਮੰਦ ਧੋ ਕੇ ਇਸਨੂੰ ਪਵਿੱਤਰ ਕਰਨ ਆ ਰਹੀ ਹੋਵੇ।

ਇਸ ਤਰ੍ਹਾਂ ਲੱਗਿਆ ਜਿਵੇਂ ਤੂਫ਼ਾਨ ਦੀ ਘੁੰਮਣ-ਘੇਰੀ ਨੇ ਯੂਸਫ਼ ਦੇ ਦਿਲ ਵਿਚ ਅਜਿਹੀ ਸ਼ਾਂਤੀ ਨੂੰ ਜਨਮ ਦਿੱਤਾ ਜੋ ਅਕਸਰ ਸੁਭਾਅ ‘ਤੇ ਆਪਣਾ ਅਸਰ ਛੱਡ ਜਾਂਦੀ ਹੈ ਅਤੇ ਇਕੱਲ ਨੂੰ ਮੌਜ ਮੇਲੇ ਵਿਚ ਬਦਲ ਦਿੰਦੀ ਹੈ। ਉਸਨੇ ਦੋ ਮੋਮਬੱਤੀਆਂ ਜਗਾਈਆਂ ਅਤੇ ਮੇਰੇ ਸਾਹਮਣੇ ਸ਼ਰਾਬ ਦਾ ਪਿਆਲਾ ਤੇ ਟਰੇਅ ਵਿਚ ਡਬਲ ਰੋਟੀ, ਪਨੀਰ, ਜੈਤੂਨ, ਸ਼ਹਿਦ ਅਤੇ ਕੁਝ ਹੋਰ ਸੁੱਕਾ ਮੇਵਾ ਖਾਣ ਪੀਣ ਲਈ ਰੱਖ ਦਿੱਤੇ, ਫਿਰ ਮੇਰੇ ਨੇੜੇ ਬਹਿ ਕੇ ਖਾਣ ਪੀਣ ਦਾ ਸਮਾਨ ਥੋੜ੍ਹਾ ਹੋਣ ਕਾਰਨ ਖਿਮਾ ਮੰਗਦਿਆਂ ਆਪਣੇ ਨਾਲ ਖਾਣੇ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ।

ਅਸੀਂ ਚੁੱਪ-ਚਾਪ ਖਾਣਾ ਖਾਣ ਲੱਗੇ ਪਰ ਤੂਫ਼ਾਨੀ ਹਵਾ ਦੀ ਸ਼ੂਕਦੀ ਤੇ ਵਰਖਾ ਦੀ ਵਿਰਲਾਪ ਭਰੀ ਆਵਾਜ਼ ਨਿਰੰਤਰ ਸੁਣਾਈ ਦੇ ਰਹੀ ਸੀ। ਮੈਂ ਉਸਦੇ ਚਿਹਰੇ ਵੱਲ ਗ਼ੌਰ ਨਾਲ ਵੇਖਿਆ ਕਿਉਂਕਿ ਮੈਂ ਉਸਦੇ ਦਿਲ ਦੇ ਭੇਤ, ਉਸਦੀ ਅਸਾਧਾਰਨ ਹੋਂਦ ਦੇ ਪਿੱਛੇ ਛੁਪੇ ਰਹੱਸ ਨੂੰ ਧਿਆਨ ਮਗਨ ਹੋ ਕੇ ਜਾਣਨ ਦੇ ਯਤਨ ਵਿਚ ਸਾਂ। ਖਾਣਾ ਖਾ ਚੁੱਕਣ ਮਗਰੋਂ ਉਸਨੇ ਅੰਗੀਠੀ ਤੋਂ ਪਿੱਤਲ ਦੀ ਕੇਤਲੀ ਚੁੱਕੀ ਅਤੇ ਦੋ ਕੱਪਾਂ ਵਿਚ ਖ਼ੁਸ਼ਬੂਦਾਰ ਕੌਫ਼ੀ ਪਾਈ, ਫਿਰ ਉਸ ਇਕ ਛੋਟਾ ਜਿਹਾ ਬਕਸਾ ਖੋਲ੍ਹਿਆ ਅਤੇ ਮੈਨੂੰ ਭਰਾ ਕਹਿੰਦਿਆਂ ਸਿਗਰਟ ਪੇਸ਼ ਕੀਤੀ। ਕੌਫ਼ੀ ਪੀਂਦੇ ਹੋਏ ਮੈਂ ਇਕ ਸਿਗਰਟ ਫੜ ਲਈ ਪਰ ਅਜਿਹਾ ਕਰਦਿਆਂ ਮੈਨੂੰ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਸੀ ਆ ਰਿਹਾ। ਉਸਨੇ ਮੁਸਕਰਾਉਂਦੇ ਹੋਏ ਮੇਰੇ ਵੱਲ ਵੇਖਿਆ ਅਤੇ ਸਿਗਰਟ ਦਾ ਡੂੰਘਾ ਕਸ਼ ਖਿੱਚਦੇ ਹੋਏ ਤੇ ਕੌਫ਼ੀ ਦਾ ਘੁੱਟ ਭਰਦਿਆਂ ਕਿਹਾ, “ਬਿਨਾਂ ਸ਼ੱਕ ਤੁਸੀਂ ਏਥੇ ਸ਼ਰਾਬ, ਤਮਾਕੂ ਤੇ ਕੌਫ਼ੀ ਦੇ ਮੌਜੂਦ ਹੋਣ ਬਾਰੇ ਅਤੇ ਮੇਰੀ ਖਾਣ ਪੀਣ ਤੇ ਸੁੱਖ ਸੁਵਿਧਾ ਬਾਰੇ ਵੀ ਸੋਚ ਰਹੇ ਹੋਵੋਗੇ। ਤੁਹਾਡੀ ਇਹ ਉਤਸੁਕਤਾ ਹਰ ਪੱਖੋਂ ਜਾਇਜ਼ ਹੈ ਕਿਉਂਕਿ ਤੁਸੀਂ ਉਨ੍ਹਾਂ ਵਿੱਚੋਂ ਇਕ ਹੋ ਜੋ ਇਹ ਸਮਝਦੇ ਹਨ ਕਿ ਲੋਕਾਂ ਦੀ ਭੀੜ ਤੋਂ ਦੂਰ ਰਹਿ ਕੇ ਮਨੁੱਖ ਜੀਵਨ ਦੇ ਸੁੱਖ ਆਰਾਮ ਤੋਂ ਵੀ ਦੂਰ ਹੁੰਦਾ ਹੈ ਅਤੇ ਉਸਨੂੰ ਜੀਵਨ ਦੀਆਂ ਸੁਖ-ਸੁਵਿਧਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ।” ਛੇਤੀ ਹੀ ਮੈਂ ਉਸਦੀ ਗੱਲਬਾਤ ਨਾਲ ਸਹਿਮਤ ਹੋ ਗਿਆ, “ਹਾਂ ਸਿਆਣੇ ਕਹਿੰਦੇ ਹਨ ਕਿ ਜੋ ਵੀ ਪਰਮਾਤਮਾ ਦੀ ਪੂਜਾ ਅਰਾਧਨਾ ਲਈ ਸੰਸਾਰ ਤਿਆਗਦਾ ਹੈ ਉਹ ਜੀਵਨ ਦੇ ਸਾਰੇ ਸੁੱਖ ਤੇ ਆਰਾਮ ਵੀ ਪਿੱਛੇ ਛੱਡ ਦਿੰਦਾ ਹੈ ਅਤੇ ਉਸਨੂੰ ਪਰਮਾਤਮਾ ਦੀਆਂ ਕੁਦਰਤੀ ਦਾਤਾਂ ਨਾਲ ਜਿਵੇਂ ਫਲ-ਫੁੱਲ ਖਾ ਕੇ ਤੇ ਪਾਣੀ ਪੀ ਕੇ ਗੁਜ਼ਾਰਾ ਕਰਨਾ ਚਾਹੀਦਾ 쿱।”

ਧਰੀ ਪਲ ਕੁ ਠਹਿਰ ਕੇ ਉਸ ਸੋਚਾਂ ਵਿਚ ਡੁੱਬੇ ਨੇ ਭਾਰੀ ਮਨ ਨਾਲ ਕਿਹਾ, “ਉਸ ਪਰਮਾਤਮਾ ਦੇ ਜੀਵਾਂ ਵਿਚ ਵਿਚਰਦਿਆਂ ਮੈਂ ਉਸ ਰੱਬ ਦੀ ਪੂਜਾ ਅਰਾਧਨਾ ਕਰ ਸਕਦਾ ਸਾਂ ਕਿਉਂਕਿ ਪਰਮਾਤਮਾ ਦਾ ਨਾਂ ਲੈਣ ਲਈ ਇਕਾਂਤ ਦੀ ਲੋੜ ਨਹੀਂ ਹੁੰਦੀ। ਉਸ ਨੂੰ ਪ੍ਰਾਪਤ ਕਰਨ ਲਈ ਮੈਂ ਲੋਕਾਂ ਨੂੰ ਨਹੀਂ ਸੀ ਤਿਆਗਿਆ ਕਿਉਂਕਿ ਮੈਂ ਉਸਨੂੰ ਸਦਾ ਆਪਣੇ ਮਾਪਿਆਂ ਦੇ ਘਰ ਵਿਚ ਹਾਜ਼ਰ ਨਾਜ਼ਰ ਵੇਖਿਆ ਸੀ। ਮੈਂ ਉਨ੍ਹਾਂ ਲੋਕਾਂ ਨੂੰ ਇਸ ਕਰਕੇ ਤਿਆਗਿਆ ਸੀ ਕਿਉਂਕਿ ਉਨ੍ਹਾਂ ਦੇ ਸੁਭਾਅ ਮੇਰੇ ਸੁਭਾਅ ਨਾਲ ਮੇਲ ਨਹੀਂ ਸਨ ਖਾਂਦੇ ਅਤੇ ਉਨ੍ਹਾਂ ਦੇ ਸੁਪਨੇ ਮੇਰੇ ਸੁਪਨਿਆਂ ਤੋਂ ਅੱਡ ਸਨ। ਮੈਂ ਮਨੁੱਖ ਤੋਂ ਲਾਂਭੇ ਇਸ ਲਈ ਚਲਾ ਆਇਆ ਕਿਉਂਕਿ ਮੈਂ ਮਹਿਸੂਸ ਕੀਤਾ ਕਿ ਮੇਰੀ ਸੋਚਣੀ ਦੂਜੇ ਲੋਕਾਂ ਦੀ ਸੋਚ ਤੋਂ ਬਿਲਕੁਲ ਵੱਖਰੀ ਸੀ, ਦੋਹਾਂ ਦੀ ਸੋਚਣੀ ਵਿਚ ਟਕਰਾਓ ਸੀ। ਮੈਂ ਉਸ ਸਮਾਜ ਨੂੰ ਇਸ ਲਈ ਤਿਆਗਿਆ ਕਿਉਂਕਿ ਇਹ ਜਰਜਰ ਅਤੇ ਨਾਪਾਕ ਪਰ ਮਜ਼ਬੂਤ ਅਤੇ ਡਰਾਉਣੇ ਦਰੱਖ਼ਤ ਦੀ ਨਿਆਈਂ ਸੀ ਜਿਸ ਦੀਆਂ ਜੜ੍ਹਾਂ ਧਰਤੀ ਦੇ ਧੁਰ ਅੰਦਰ ਤੱਕ ਧੱਸੀਆਂ ਹੋਈਆਂ ਸਨ ਅਤੇ ਇਸ ਦੀਆਂ ਟਾਹਣੀਆਂ ਬੱਦਲਾਂ ਤੋਂ ਵੀ ਉਪਰ ਪਹੁੰਚ ਚੁੱਕੀਆਂ ਸਨ ਤੇ ਜਿਸ ਨੂੰ ਲਾਲਚ, ਬੁਰਾਈ ਅਤੇ ਅਪਰਾਧ ਰੂਪੀ ਫਲ ਅਤੇ ਦੁੱਖ-ਸੰਤਾਪ ਤੇ ਡਰ ਰੂਪੀ ਫਲ ਲੱਗੇ ਹੋਏ ਸਨ। ਧਰਮੀ ਯੋਧਿਆਂ ਨੇ ਬੀੜਾ ਚੁੱਕਿਆ ਤੇ ਇਸ ਚੰਗਿਆਈ ਦਾ ਸੰਚਾਰ ਕਰ ਕੇ ਇਸਦੇ ਸੁਭਾਅ ਨੂੰ ਬਦਲਣ ਦੇ ਉਪਰਾਲੇ ਕੀਤੇ ਪਰ ਉਨ੍ਹਾਂ ਨੂੰ ਇਸ ਵਿਚ ਸਫ਼ਲਤਾ ਨਾ ਮਿਲੀ। ਉਹ ਨਿਰਾਸ ਤੇ ਪਰੇਸ਼ਾਨ ਹਾਰ ਹੁੱਟ ਕੇ ਇਸ ਜਹਾਨ ਤੋਂ ਚੱਲ ਵੱਸੇ।”

ਯੂਸਫ਼ ਅੰਗੀਠੀ ਵੱਲ ਇਕ ਪਾਸੇ ਨੂੰ ਝੁਕਿਆ ਜਿਵੇਂ ਆਪਣੇ ਕਹੇ ਸ਼ਬਦਾਂ ਦਾ ਮੇਰੇ ਦਿਲ ‘ਤੇ ਪਏ ਪ੍ਰਭਾਵ ਨੂੰ ਜਾਣਨ ਦੀ ਉਡੀਕ ਕਰ ਰਿਹਾ ਹੋਵੇ। ਮੈਂ ਇਕ ਸਰੋਤਾ ਬਣਿਆ ਰਹਿਣਾ ਹੀ ਉਚਿਤ ਸਮਝਿਆ। ਉਸਨੇ ਕਹਿਣਾ ਜਾਰੀ ਰੱਖਿਆ, “ਨਹੀਂ, ਮੈਂ ਭਗਤੀ ਕਰਨ ਜਾਂ ਤਪੱਸਵੀ ਜੀਵਨ ਜਿਉਣ ਲਈ ਇਕਾਂਤ ਨਹੀਂ ਭਾਲੀ…..ਕਿਉਂਕਿ ਪ੍ਰਾਰਥਨਾ, ਜੋ ਧੁਰ ਅੰਦਰ ਦਾ ਗੀਤ ਹੈ ਪਰਮਾਤਮਾ ਦੇ ਕੰਨਾਂ ਤੱਕ ਉਦੋਂ ਵੀ ਪਹੁੰਚ ਸਕਦਾ ਹੈ ਜਦੋਂ ਹਜ਼ਾਰਹਾਂ ਆਵਾਜ਼ਾਂ ਦਾ ਚੀਕ-ਚਿਹਾੜਾ ਤੇ ਸ਼ੋਰ-ਸ਼ਰਾਬਾ ਉਸ ਨਾਲ ਮਿਲਿਆ ਹੋਵੇ। ਸੰਨਿਆਸੀ ਦਾ ਜੀਵਨ ਬਿਤਾਉਣਾ ਸਰੀਰ ਤੇ ਆਤਮਾ ਨੂੰ ਤਸੀਹੇ ਦੇਣ ਤੇ ਇੱਛਾਵਾਂ ਦਾ ਦਮਨ ਕਰਨ ਦੇ ਤੁਲ ਹੈ। ਅਜਿਹੀ ਕਿਸਮ ਦੀ ਹੋਂਦ ਮੇਰੇ ਸੁਭਾਅ ਦੇ ਉਲਟ ਹੈ, ਕਿਉਂਕਿ ਪਰਮਾਤਮਾ ਨੇ ਮਨੁੱਖੀ ਸਰੀਰਾਂ ਨੂੰ ਅਜਿਹੇ ਮੰਦਰਾਂ ਦੇ ਰੂਪ ਵਿਚ ਸਿਰਜਿਆ ਹੈ ਜਿਨ੍ਹਾਂ ਵਿਚ ਆਤਮਾਵਾਂ ਦਾ ਨਿਵਾਸ ਹੁੰਦਾ ਹੈ ਅਤੇ ਇਹੀ ਸਾਡਾ ਮੰਤਵ ਹੈ ਕਿ ਪਰਮਾਤਮਾ ਰਾਹੀਂ ਸੌਂਪੇ ਗਏ ਇਸ ਵਿਸ਼ਵਾਸ ਦੇ ਕਾਬਲ ਬਣ ਕੇ ਇਸ ਨੂੰ ਕਾਇਮ ਰੱਖੀਏ।

“ਨਹੀਂ, ਮੇਰੇ ਵੀਰ, ਧਾਰਮਿਕ ਕੰਮਾਂ ਲਈ ਮੈਂ ਇਕਾਂਤਵਾਸ ਕਬੂਲ ਨਹੀਂ ਕੀਤਾ, ਸਗੋਂ ਲੋਕਾਂ, ਉਨ੍ਹਾਂ ਦੇ ਕਾਨੂੰਨਾਂ ਅਤੇ ਉਨ੍ਹਾਂ ਦੀਆਂ ਪਰੰਪਰਾਵਾਂ ਤੇ ਵਿਚਾਰਾਂ, ਉਨ੍ਹਾਂ ਦੇ ਸ਼ੋਰ-ਸ਼ਰਾਬੇ ਤੇ ਰੋਣ-ਧੋਣ ਤੋਂ ਬਚਣ ਲਈ ਅਜਿਹਾ ਕੀਤਾ ਹੈ ।

“ਮੈਂ ਇਸ ਲਈ ਇਕਾਂਤਵਾਸ ਚਾਹਿਆ ਹੈ ਤਾਂ ਕਿ ਉਨ੍ਹਾਂ ਵਿਅਕਤੀਆਂ ਦੇ ਮੂੰਹ ਨਾ ਵੇਖ ਸਕਾਂ ਜੋ ਆਪਣੇ ਆਪ ਨੂੰ ਵੇਚਦੇ ਹਨ ਅਤੇ ਫਿਰ ਉਸੇ ਕੀਮਤ ਨਾਲ ਉਹ ਵਸਤਾਂ ਖ਼ਰੀਦਦੇ ਹਨ ਜੋ ਉਨ੍ਹਾਂ ਦੀ ਅਸਲ ਆਤਮਕ ਤੇ ਦੁਨਿਆਵੀ ਕੀਮਤ ਤੋਂ ਬਹੁਤ ਘਟੀਆ ਹਨ।

“ਮੈਂ ਇਸ ਲਈ ਇਕਾਂਤਵਾਸ ਚਾਹਿਆ ਤਾਂ ਕਿ ਉਨ੍ਹਾਂ ਇਸਤਰੀਆਂ ਨੂੰ ਨਾ ਵੇਖਾਂ ਜੋ ਬੜੇ ਮਾਣ ਨਾਲ ਆਪਣੇ ਚਿਹਰਿਆਂ ’ਤੇ ਹਜ਼ਾਰਹਾਂ ਮੁਸਕਾਨਾਂ ਲਈ ਫਿਰਦੀਆਂ ਹਨ ਪਰ ਉਨ੍ਹਾਂ ਹਜ਼ਾਰਹਾਂ ਦਿਲਾਂ ਦੀ ਗਹਿਰਾਈ ਵਿਚ ਕੇਵਲ ਇੱਕੋ ਹੀ ਮੰਤਵ ਹੁੰਦਾ ਹੈ।

“ਮੈਂ ਇਕਾਂਤਵਾਸ ਇਸ ਲਈ ਧਾਰਨ ਕੀਤਾ ਤਾਂ ਕਿ ਉਹਨਾਂ ਸ੍ਵੈ-ਸੰਤੁਸ਼ਟ ਵਿਅਕਤੀਆਂ ਕੋਲੋਂ ਆਪਣਾ ਆਪ ਛੁਪਾ ਸਕਾਂ ਜੋ ਆਪਣੇ ਸੁਪਨਿਆਂ ਵਿਚ ਗਿਆਨ ਦਾ ਪਰਛਾਵਾਂ ਮਾਤਰ ਵੇਖ ਕੇ ਇਹ ਸਮਝ ਬੈਠਦੇ ਹਨ ਕਿ ਉਨ੍ਹਾਂ ਨੇ ਆਪਣਾ ਟੀਚਾ ਪ੍ਰਾਪਤ ਕਰ ਲਿਆ ਹੈ।

“ਮੈਂ ਸਮਾਜ ਤੋਂ ਇਸ ਲਈ ਭੱਜਿਆ ਸਾਂ ਤਾਂ ਕਿ ਉਨ੍ਹਾਂ ਤੋਂ ਬਚ ਸਕਾਂ ਜੋ ਚੇਤੰਨ ਰੂਪ ਵਿਚ ਸੱਚਾਈ ਦੇ ਸਾਏ ਨੂੰ ਵੇਖ ਕੇ ਚੀਕ-ਚੀਕ ਕੇ ਦੁਨੀਆ ਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਸੱਚ ਦੇ ਸਾਰ ਨੂੰ ਪੂਰੀ ਤਰ੍ਹਾਂ ਪਾ ਲਿਆ ਹੈ।

“ਮੈਂ ਦੁਨੀਆ ਇਸ ਲਈ ਤਿਆਗੀ ਅਤੇ ਇਕਾਂਤਵਾਸ ਧਾਰਨ ਕੀਤਾ ਕਿਉਂਕਿ ਮੈਂ ਉਨ੍ਹਾਂ ਲੋਕਾਂ ਪ੍ਰਤਿ ਲੋਕਾਚਾਰੀ ਜ਼ਾਹਰ ਕਰ ਕਰ ਕੇ ਅੱਕ ਗਿਆ ਸਾਂ ਜੋ ਇਹ ਸਮਝਦੇ ਹਨ ਕਿ ਨਿਮਰਤਾ ਇਕ ਕਿਸਮ ਦੀ ਕਮਜ਼ੋਰੀ ਤੇ ਦਇਆ ਕਾਇਰਤਾ ਹੈ ਅਤੇ ਜ਼ੁਲਮ ਹੀ ਤਾਕਤ ਦਾ ਦੂਜਾ ਰੂਪ ਹੈ।

“ਮੈਂ ਇਕਾਂਤਵਾਸ ਇਸ ਲਈ ਚਾਹਿਆ ਕਿਉਂਕਿ ਮੇਰੀ ਆਤਮਾ ਉਨ੍ਹਾਂ ਲੋਕਾਂ ਦੇ ਸਾਥ ਤੋਂ ਤੰਗ ਆ ਗਈ ਸੀ ਜਿਨ੍ਹਾਂ ਦਾ ਇਹ ਵਿਸ਼ਵਾਸ ਹੈ ਕਿ ਸੂਰਜ, ਚੰਦਰਮਾ ਤੇ ਤਾਰੇ ਉਨ੍ਹਾਂ ਦੇ ਖ਼ਜ਼ਾਨਿਆਂ ਤੋਂ ਬਿਨਾਂ ਹੋਰ ਕਿਧਰੋਂ ਨਿਕਲਦੇ ਹੀ ਨਹੀਂ ਅਤੇ ਉਨ੍ਹਾਂ ਦੇ ਬਾਗ਼ਾਂ ਤੋਂ ਬਿਨਾਂ ਹੋਰ ਕਿਧਰੇ ਡੁੱਬਦੇ ਹੀ ਨਹੀਂ।

“ਮੈਂ ਉਨ੍ਹਾਂ ਅਹੁਦਿਆਂ ਦੇ ਭੁੱਖੇ ਵਿਅਕਤੀਆਂ ਦੇ ਸਾਥ ਤੋਂ ਦੂਰ ਭੱਜਿਆ ਹਾਂ ਜਿਹੜੇ ਲੋਕਾਂ ਨੂੰ ਸੁਨਹਿਰੇ ਸੁਪਨੇ ਦਿਖਾ ਕੇ ਅਤੇ ਉਨ੍ਹਾਂ ਨਾਲ ਲਾਰੇ ਲੱਪੇ ਲਾ ਕੇ ਉਨ੍ਹਾਂ ਦੀ ਕਿਸਮਤ ਨਾਲ ਖਿਲਵਾੜ ਕਰਦੇ ਹਨ।

“ਮੈਂ ਉਨ੍ਹਾਂ ਧਰਮ ਦੇ ਠੇਕੇਦਾਰਾਂ ਤੋਂ ਇਸ ਲਈ ਦੂਰ ਹੋਇਆ ਕਿ ਉਨ੍ਹਾਂ ਦੀ ਕਥਨੀ ਤੇ ਕਰਨੀ ਵਿਚ ਵੱਡਾ ਅੰਤਰ ਸੀ। ਉਹ ਹੋਰ ਲੋਕਾਂ ਤੋਂ ਅਜਿਹੇ ਆਚਰਨ ਦੀ ਮੰਗ ਕਰਦੇ ਜਿਸ ਤੋਂ ਉਹ ਆਪ ਕੋਹਾਂ ਦੂਰ ਸਨ।

“ਮੈਂ ਇਕਾਂਤਵਾਸ ਇਸ ਲਈ ਭਾਲਿਆ ਕਿਉਂਕਿ ਮੈਨੂੰ ਤਨੋਂ ਮਨੋਂ ਪੂਰੀ ਕੀਮਤ ਤਾਰੇ ਬਿਨਾਂ ਕਿਸੇ ਮਨੁੱਖ ਕੋਲੋਂ ਕਦੇ ਦਇਆ ਭਾਵਨਾ ਨਹੀਂ ਮਿਲੀ।

“ਮੈਂ ਇਕਾਂਤਵਾਸੀ ਇਸ ਲਈ ਹੋਇਆ ਕਿਉਂਕਿ ਮੈਨੂੰ ਸਭਿਅਤਾ ਨਾਂ ਦੀ ਸੰਸਥਾ ਤੋਂ ਸਖ਼ਤ ਨਫ਼ਰਤ ਹੈ; ਅਜਿਹੀ ਸੰਸਥਾ ਜੋ ਮਨੁੱਖਤਾ ਉੱਤੇ ਹੋਏ ਜ਼ੁਲਮਾਂ ਦੇ ਸਹਾਰੇ ਟਿਕੀ ਹੋਈ ਹੈ।

“ਮੈਂ ਇਸ ਲਈ ਇਕਾਂਤਵਾਸੀ ਹੋਇਆ ਕਿਉਂਕਿ ਇਸ ਥਾਂ ‘ਤੇ ਤਨ, ਮਨ ਅਤੇ ਆਤਮਾ ਤਿੰਨਾਂ ਲਈ ਭਰਪੂਰ ਖੁੱਲ੍ਹ ਹੈ, ਆਜ਼ਾਦ ਜੀਵਨ ਹੈ। ਇਥੇ ਮੈਨੂੰ ਵਿਸ਼ਾਲ ਖੁੱਲ੍ਹੇ ਮੈਦਾਨ ਨਜ਼ਰੀਂ ਪਏ ਜਿਥੇ ਸੂਰਜ ਦੀਆਂ ਰਿਸ਼ਮਾਂ ਟਿਕਾਣਾ ਕਰਦੀਆਂ ਹਨ; ਜਿਥੇ ਫੁੱਲ ਆਪਣੀ ਸੁਗੰਧੀ ਦੂਰ-ਦੂਰ ਤਕ ਖਿਲਾਰਦੇ ਹਨ; ਜਿਥੇ ਨਦੀਆਂ ਗੀਤ ਗਾਉਂਦੀਆਂ ਸਮੁੰਦਰ ਵਿਚ ਜਾ ਮਿਲਦੀਆਂ ਹਨ। ਮੈਂ ਉਹ ਪਹਾੜ ਵੀ ਗਾਹੇ ਜਿਥੇ ਬਹਾਰ ਦਾ ਨਵ-ਆਗਮਨ ਅਤੇ ਹੁਨਾਲ ਦੀ ਰੰਗੀਨ ਤਾਂਘ, ਖ਼ਿਜ਼ਾਂ ਦੇ ਸੁਰੀਲੇ ਗੀਤ ਅਤੇ ਸਿਆਲ ਦਾ ਮਨਮੋਹਨਾ ਰਹੱਸ ਮੌਜੂਦ ਸੀ। ਮੈਂ ਖ਼ੁਦਾ ਦੀ ਧਰਤੀ ਦੇ ਇਸ ਦੂਰ ਦਰਾਜ ਕੋਨੇ ਵਿਚ ਇਸ ਕਰਕੇ ਆਇਆ ਹਾਂ ਕਿਉਂਕਿ ਮੈਂ ਬ੍ਰਹਿਮੰਡ ਦੇ ਭੇਦਾਂ ਦਾ ਰਹੱਸ ਪਾ ਕੇ ਪਰਮਾਤਮਾ ਦੇ ਹੋਰ ਨੇੜੇ ਹੋਣਾ ਚਾਹੁੰਦਾ ਸਾਂ।”

X X X X X X

ਯੂਸਫ਼ ਨੇ ਡੂੰਘਾ ਸਾਹ ਲਿਆ ਜਿਵੇਂ ਕਿ ਉਸਦੇ ਦਿਲ ਤੋਂ ਮਣਾਂ-ਮੂੰਹੀਂ ਭਾਰ ਉਤਰ ਗਿਆ ਹੋਵੇ। ਉਸਦੀਆਂ ਅੱਖਾਂ ਵਿਚ ਅਜੀਬ ਜਿਹੀ ਜਾਦੂਈ ਚਮਕ ਸੀ ਅਤੇ ਉਸਦੇ ਜਲਾਲ ਭਰੇ ਚਿਹਰੇ ਉੱਤੇ ਮਾਣ, ਇੱਛਾ ਸ਼ਕਤੀ ਅਤੇ ਸੰਤੁਸ਼ਟੀ ਦੇ ਚਿੰਨ੍ਹ ਨਜ਼ਰ ਆਉਣ ਲੱਗ ਪਏ।

ਕੁਝ ਮਿੰਟ ਗੁਜ਼ਰ ਗਏ, ਮੈਂ ਧਿਆਨ ਮਗਨ ਉਸ ਵੱਲ ਵੇਖ ਰਿਹਾ ਸਾਂ ਅਤੇ ਜੋ ਕੁਝ ਮੇਰੇ ਕੋਲੋਂ ਛੁਪਿਆ ਹੋਇਆ ਸੀ ਉਸ ਉੱਤੋਂ ਹੌਲੀ ਹੌਲੀ ਪਰਦਾ ਹਟ ਰਿਹਾ ਸੀ। ਮੈਂ ਉਸਨੂੰ ਸੰਬੋਧਨ ਕਰਦਿਆਂ ਕਿਹਾ, “ਜੋ ਕੁਝ ਤੁਸੀਂ ਕਿਹਾ ਹੈ, ਬਿਨਾਂ ਸ਼ੱਕ ਉਨ੍ਹਾਂ ਵਿੱਚੋਂ ਤੁਹਾਡੀਆਂ ਬਹੁਤੀਆਂ ਗੱਲਾਂ ਠੀਕ ਹਨ, ਪਰ ਸਮਾਜਕ ਬੁਰਾਈਆਂ ਦਾ ਜ਼ਿਕਰ ਕਰਦਿਆਂ, ਨਾਲ ਹੀ ਤੁਸੀਂ ਇਸ ਗੱਲ ਦਾ ਸਬੂਤ ਵੀ ਦਿੱਤਾ ਹੈ ਕਿ ਤੁਸੀਂ ਇਕ ਸਿਆਣੇ ਡਾਕਟਰ ਵੀ ਹੋ। ਮੈਨੂੰ ਯਕੀਨ ਹੈ ਕਿ ਇਸ ਤਰ੍ਹਾਂ ਦੇ ਬੋਦੇ ਸਮਾਜ ਨੂੰ ਅਜਿਹੇ ਡਾਕਟਰ ਦੀ ਸਖ਼ਤ ਲੋੜ ਹੈ ਜੋ ਜਾਂ ਤਾਂ ਇਸ ਦਾ ਇਲਾਜ ਕਰ ਸਕੇ ਜਾਂ ਇਸਨੂੰ ਖ਼ਤਮ ਕਰ ਸਕੇ। ਇਸ ਦੁਖੀ ਸੰਸਾਰ ਨੂੰ ਤੁਹਾਡੀ ਸੇਵਾ ਦੀ ਲੌੜ ਹੈ। ਕੀ ਬੀਮਾਰ ਮਰੀਜ਼ ਤੋਂ ਦੂਰ ਭੱਜਣ ਜਾਂ ਉਸਨੂੰ ਇਲਾਜ ਤੋਂ ਵਾਂਝੇ ਰੱਖਣ ਨੂੰ ਦਇਆ ਜਾਂ ਨਿਆਂ ਕਹਾਂਗੇ ?”

ਉਸਨੇ ਕੁੱਝ ਪਲ ਸੋਚਿਆ ਤੇ ਫਿਰ ਮੇਰੇ ਵੱਲ ਇਕ ਟਕ ਵੇਖਦਿਆਂ ਨਿਰਾਸਾ ਭਰੀ ਆਵਾਜ਼ ਵਿਚ ਕਹਿਣ ਲੱਗਾ, “ਸੰਸਾਰ ਦੇ ਆਰੰਭ ਤੋਂ ਹੀ ਡਾਕਟਰ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਉਣ ਦਾ ਯਤਨ ਕਰਦੇ ਆ ਰਹੇ ਹਨ, ਇਸ ਮੰਤਵ ਲਈ ਕਈਆਂ ਨੇ ਨਸ਼ਤਰ ਤੇ ਕਈਆਂ ਨੇ ਦਵਾਈਆਂ ਦੀ ਵਰਤੋਂ ਕੀਤੀ ਪਰ ਬੀਮਾਰੀਆਂ ਜ਼ੋਰ-ਸ਼ੋਰ ਨਾਲ ਫੈਲਦੀਆਂ ਰਹੀਆਂ। ਮੇਰਾ ਇਹ ਵਿਚਾਰ ਹੈ ਕਿ ਜੇ ਮਰੀਜ਼ ਮਾਮੂਲੀ ਗੋਦੜੀ ਵਿਚ ਪਿਆ ਰਹਿਣ ਵਿਚ ਹੀ ਸੰਤੁਸ਼ਟ ਹੈ ਅਤੇ ਚਿਰਾਂ ਦੀ ਲੰਮੀ ਬਿਮਾਰੀ ਬਾਰੇ ਵਿਚਾਰ ਕਰਦਾ ਹੈ ਤਾਂ ਠੀਕ ਹੈ। ਪਰ ਇਸਦੇ ਉਲਟ ਹੁੰਦਾ ਕੀ ਹੈ ਕਿ ਉਹ ਮਰੀਜ਼ ਕੱਪੜਿਆਂ ਹੇਠੋਂ ਆਪਣੇ ਹੱਥ ਬਾਹਰ ਕੱਢ ਕੇ, ਹਰ ਮਿਲਣ ਆਉਣ ਵਾਲੇ ਦੀ ਗਰਦਨ ਦਬੋਚ ਲੈਂਦਾ ਤੇ ਗਲ ਘੁੱਟ ਕੇ ਉਸਨੂੰ ਮਾਰ ਦੇਂਦਾ ਹੈ। ਕਿਹੀ ਵਚਿਤਰ ਅਵਸਥਾ ਹੈ ਇਹ! ਸ਼ੈਤਾਨ ਮਰੀਜ਼ ਡਾਕਟਰ ਨੂੰ ਮਾਰ ਦੇਂਦਾ ਹੈ ਅਤੇ ਫਿਰ ਅੱਖਾਂ ਬੰਦ ਕਰ ਕੇ ਆਪਣੇ ਆਪ ਨੂੰ ਕਹਿੰਦਾ ਹੈ, ‘ਉਹ ਬਹੁਤ ਵੱਡਾ ਡਾਕਟਰ ਸੀ।’ ਨਾ ਵੀਰਾ, ਧਰਤੀ ਉੱਤੇ ਕੋਈ ਵੀ ਮਨੁੱਖਤਾ ਦਾ ਭਲਾ ਨਹੀਂ ਕਰ ਸਕਦਾ। ਕਿਸਾਨ ਭਾਵੇਂ ਕਿੰਨਾ ਵੀ ਸਿਆਣਾ ਤੇ ਮਾਹਿਰ ਕਿਉਂ ਨਾ ਹੋਵੇ, ਸਿਆਲ ਵਿਚ ਖੇਤ ਨੂੰ ਪੁੰਗਰਾ ਨਹੀਂ ਸਕਦਾ।” ਓ ਪਰ ਮੈਂ ਦਲੀਲ ਦਿੱਤੀ, “ਲੋਕਾਂ ਦਾ ਸਿਆਲ ਕਦੇ ਤਾਂ ਬੀਤ ਹੀ ਜਾਵੇਗਾ। ਫਿਰ ਬਸੰਤ ਬਹਾਰ ਆਵੇਗੀ ਅਤੇ ਖੇਤ ਯਕੀਨਨ ਫੁੱਲਾਂ ਨਾਲ ਲਹਿਲਹਾ ਉਠਣਗੇ ਅਤੇ ਘਾਟੀਆਂ ਦੇ ਨਦੀ ਨਾਲਿਆਂ ਵਿਚ ਛੱਲਾਂ ਉਛਾਲੇ ਮਾਰਨਗੀਆਂ।”

ਉਸਨੇ ਮੱਥੇ ‘ਤੇ ਤਿਊੜੀਆਂ ਪਾਈਆਂ ਅਤੇ ਚੁੱਭਵੀਂ ਆਵਾਜ਼ ਵਿਚ ਬੋਲਿਆ, “ਉਫ਼! ਕੀ ਪਰਮਾਤਮਾ ਨੇ ਜੀਵਨ, ਜੋ ਉਸਦੀ ਹੀ ਸਿਰਜਨਾ ਹੈ ਵਿਚ ਵੀ ਸਾਲ ਦੇ ਮੌਸਮਾਂ ਵਾਂਗ ਵੰਡੀਆਂ ਪਾ ਰੱਖੀਆਂ ਨੇ ? ਕੀ ਪਰਮਾਤਮਾ ਦੀ ਸਚਾਈ ਅਤੇ ਆਤਮਾ ਵਿਚ ਵਿਸ਼ਵਾਸ ਕਰ ਕੇ ਜੀਉਣ ਵਾਲਾ ਕੋਈ ਮਨੁੱਖੀ ਕਬੀਲਾ ਕਦੇ ਇਸ ਧਰਤੀ ਉੱਤੇ ਮੁੜ ਜਨਮ ਲੈਣ ਦੀ ਇੱਛਾ ਕਰੇਗਾ ? ਕੀ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਮਨੁੱਖ ਜ਼ਿੰਦਗੀ ਦੀ ਬਾਂਹ ਫੜ ਕੇ ਟਿਕੇ ਰਹਿਣਾ ਤੇ ਵੱਸਣਾ ਅਤੇ ਦਿਨ ਦੀ ਤੇਜ਼ ਰੌਸ਼ਨੀ ਅਤੇ ਰਾਤ ਦੀ ਸੁੰਨਸਾਨ ਚੁੱਪ ਨੂੰ ਮਾਣਨ ਦੀ ਖ਼ੁਸ਼ੀ ਹਾਸਲ ਕਰ ਸਕੇਗਾ। ਕੀ ਉਹ ਸੁਪਨਾ ਸਾਕਾਰ ਹੋ ਸਕੇਗਾ ? ਕੀ ਇਹ ਗੱਲ ਉਦੋਂ ਸਾਕਾਰ ਹੋਵੇਗੀ ਜਦੋਂ ਧਰਤੀ ਮਨੁੱਖੀ ਲਾਸ਼ਾਂ ਨਾਲ ਢੱਕੀ ਤੇ ਮਨੁੱਖੀ ਖੂਨ ਨਾਲ ਗੜੁੱਚ ਹੋਵੇਗੀ ?”

ਯੂਸਫ਼ ਖੜਾ ਹੋ ਗਿਆ, ਉਸਨੇ ਆਪਣਾ ਹੱਥ ਆਕਾਸ਼ ਵੱਲ ਇਸ ਤਰ੍ਹਾਂ ਚੁੱਕਿਆ ਜਿਵੇਂ ਕਿਸੇ ਹੋਰ ਹੀ ਦੁਨੀਆ ਵੱਲ ਇਸ਼ਾਰਾ ਕਰ ਰਿਹਾ ਹੋਵੇ, ਉਸਨੇ ਕਹਿਣਾ ਜਾਰੀ ਰੱਖਿਆ, “ਅਜਿਹਾ ਕੁਝ ਵੀ ਨਹੀਂ ਹੋ ਸਕਦਾ, ਕੇਵਲ ਸੰਸਾਰ ਲਈ ਲਿਆ ਵਾਧੂ ਸੁਪਨਾ ਹੈ, ਪਰ ਮੈਂ ਆਪਣੇ ਲਈ ਇਸਦੀ ਪੂਰਤੀ ਦੀ ਭਾਲ ਵਿਚ ਹਾਂ ਅਤੇ ਜਿਸ ਚੀਜ਼ ਦੀ ਮੈਨੂੰ ਖੋਜ ਹੈ ਉਸਨੇ ਮੇਰੇ ਦਿਲ ਦੇ ਕੋਨੇ-ਕੋਨੇ, ਵਾਦੀਆਂ ਅਤੇ ਪਰਬਤਾਂ ਨੂੰ ਮੱਲ ਰੱਖਿਆ ਹੈ।” ਉਸਨੇ ਤੇਜ਼ ਆਵਾਜ਼ ਵਿਚ ਹੋਰ ਉੱਚਾ ਬੋਲਦੇ ਹੋਏ ਕਿਹਾ, “ਜਿਸ ਗੱਲ ਨੂੰ ਮੈਂ ਸੱਚ ਕਰਕੇ ਮੰਨਦਾ ਹਾਂ ਉਹ ਮੇਰੇ ਧੁਰ ਅੰਦਰ ਦੀ ਪੁਕਾਰ ਹੈ। ਮੈਂ ਇਥੇ ਰਹਿ ਰਿਹਾ ਹਾਂ ਅਤੇ ਮੇਰੀ ਹੋਂਦ ਦੀ ਗਹਿਰਾਈ ਵਿਚ ਇਕ ਭੁੱਖ ਹੈ, ਇਕ ਪਿਆਸ ਹੈ ਅਤੇ ਮੈਨੂੰ ਉਨ੍ਹਾਂ ਭਾਂਡਿਆਂ ਵਿਚ ਜੀਵਨ ਦੀ ਖ਼ੁਰਾਕ ਖਾਣ ਤੇ ਸ਼ਰਾਬ ਪੀਣ ਵਿਚ ਆਨੰਦ ਮਿਲਦਾ ਹੈ ਜੋ ਮੈਂ ਆਪਣੇ ਹੱਥਾਂ ਨਾਲ ਮਰਜ਼ੀ ਮੁਤਾਬਕ ਘੜੇ ਹਨ। ਇਸੇ ਕਰਕੇ ਮੈਂ ਲੋਕਾਂ ਦਾ ਸਾਥ ਛੱਡ ਕੇ ਇਥੇ ਆਇਆ ਹਾਂ ਅਤੇ ਆਖ਼ਰੀ ਦਮ ਤਕ ਇਥੇ ਹੀ ਰਹਾਂਗਾ।”

ਜਦੋਂ ਮੈਂ ਉਸਦੇ ਲਫ਼ਜ਼ਾਂ ਬਾਰੇ ਵਿਚਾਰ ਕਰ ਰਿਹਾ ਸਾਂ ਅਤੇ ਸਮਾਜ ਦੇ ਖੁੱਲ੍ਹੇ ਜ਼ਖ਼ਮਾਂ ਦੇ ਲੇਖੇ-ਜੋਖੇ ਬਾਰੇ ਸੋਚ ਰਿਹਾ ਸਾਂ, ਉਦੋਂ ਘਬਰਾਹਟ ਦੀ ਹਾਲਤ ਵਿਚ ਉਸਨੇ ਕਮਰੇ ਵਿਚ ਇਧਰ ਉਧਰ ਚੱਕਰ ਕੱਟਣੇ ਸ਼ੁਰੂ ਕਰ ਦਿੱਤੇ। ਮੈਂ ਢੰਗ ਸਿਰ ਗੱਲ ਨੂੰ ਕੱਟਿਆ, “ਮੈਂ ਤੁਹਾਡੇ ਖ਼ਿਆਲਾਂ ਅਤੇ ਵਿਚਾਰਾਂ ਦਾ ਪੂਰਾ ਸਤਿਕਾਰ ਕਰਦਾ ਹਾਂ ਅਤੇ ਤੁਹਾਡੇ ਇਕਾਂਤਵਾਸ ਤੇ ਇਕੱਲ ਪ੍ਰਤਿ ਮੇਰੇ ਮਨ ਵਿਚ ਰਸ਼ਕ ਵੀ ਹੈ ਤੇ ਸਤਿਕਾਰ ਵੀ, ਪਰ ਮੈਂ ਜਾਣਦਾ ਹਾਂ ਕਿ ਇਸ ਦੁਖੀ ਕੌਮ ਨੂੰ ਤੁਹਾਡੇ ਪਰਵਾਸ ਕਾਰਨ ਬੜਾ ਵੱਡਾ ਘਾਟਾ ਪਿਆ ਹੈ ਕਿਉਂਕਿ ਕੌਮ ਨੂੰ ਔਕੜ ਵਿੱਚੋਂ ਉਭਾਰਨ ਅਤੇ ਉਸਦੀ ਸੁੱਤੀ ਆਤਮਾ ਨੂੰ ਜਗਾਉਣ ਲਈ ਇਕ ਸਿਆਣੇ ਡਾਕਟਰ ਦੀ ਲੋੜ ਹੈ।”

ਉਸਨੇ ਹੌਲੀ ਜਿਹੀ ਆਪਣਾ ਸਿਰ ਹਿਲਾਇਆ ਤੇ ਕਿਹਾ, “ਇਹ ਕੌਮ ਵੀ ਬਾਕੀ ਕੌਮਾਂ ਵਾਂਗ ਹੀ ਹੈ ਅਤੇ ਲੋਕ ਉਸੇ ਮਿੱਟੀ ਦੇ ਬਣੇ ਹੋਏ ਹਨ, ਉਨ੍ਹਾਂ ਵਿਚ ਸਿਵਾਇ ਬਾਹਰੀ ਦਿੱਖ ਤੋਂ ਹੋਰ ਕੋਈ ਫ਼ਰਕ ਨਹੀਂ ਅਤੇ ਇਹ ਗੱਲ ਮਾਇਨੇ ਨਹੀਂ ਰੱਖਦੀ। ਸਾਡੀਆਂ ਪੂਰਬੀ ਕੌਮਾਂ ਦਾ ਦੁੱਖ ਸਾਰੇ ਸੰਸਾਰ ਦਾ ਦੁੱਖ ਹੈ ਅਤੇ ਪੱਛਮ ਵਿਚ ਜਿਸਨੂੰ ਤੁਸੀਂ ਸਭਿਅਤਾ ਕਹਿੰਦੇ ਹੋ, ਕੁਝ ਵੀ ਨਹੀਂ ਸਗੋਂ ਦੁੱਖ ਭਰੇ ਕਪਟ ਦੇ ਛਲਾਵਾ ਮਾਤਰ ਦਾ ਹੀ ਇਕ ਹੋਰ ਰੂਪ ਹੈ।

“ਪਾਖੰਡ ਹਮੇਸ਼ਾ ਕਾਇਮ ਰਹੇਗਾ, ਭਾਵੇਂ ਇਸਦਾ ਪੋਟਾ ਪੋਟਾ ਰੰਗਿਆ ਅਤੇ ਓਪਰੀ ਪਾਲਿਸ਼ ਕੀਤਾ ਹੀ ਕਿਉਂ ਨਾ ਹੋਵੇ; ਧੋਖਾ ਕਦੇ ਨਹੀਂ ਬਦਲ ਸਕਦਾ ਭਾਵੇਂ ਉਸਦੀ ਛੁਹ ਕਿੰਨੀ ਨਰਮ ਤੇ ਨਾਜ਼ੁਕ ਕਿਉਂ ਨਾ ਹੋਵੇ; ਝੂਠ ਕਦੇ ਸੱਚ ਵਿਚ ਨਹੀਂ ਬਦਲ ਸਕਦਾ ਭਾਵੇਂ ਉਸਨੂੰ ਤੁਸੀਂ ਰੇਸ਼ਮੀ ਕੱਪੜੇ ਪੁਆ ਕੇ ਮਹਿਲ ਵਿਚ ਬਿਠਾ ਦਿਓ ਅਤੇ ਲਾਲਚ ਕਦੇ ਸਬਰ ਸੰਤੋਖ ਦੀ ਥਾਂ ਨਹੀਂ ਲੈ ਸਕਦਾ, ਨਾ ਹੀ ਅਪਰਾਧ ਸਦਗੁਣ ਬਣ ਸਕਦਾ ਹੈ। ਉਪਦੇਸ਼, ਰਸਮ-ਰਿਵਾਜ ਅਤੇ ਇਤਿਹਾਸ ਦੀ ਸਦੀਵੀ ਗ਼ੁਲਾਮੀ ਹਮੇਸ਼ਾ ਗ਼ੁਲਾਮੀ ਹੀ ਰਹੇਗੀ ਭਾਵੇਂ ਉਹ ਆਪਣੇ ਚਿਹਰੇ ਨੂੰ ਪਾਲਿਸ਼ ਕਿਉਂ ਨਾ ਕਰ ਲਵੇ ਅਤੇ ਆਵਾਜ਼ ਨੂੰ ਕਿਉਂ ਨਾ ਬਦਲ ਲਵੇ । ਗ਼ੁਲਾਮੀ ਹਰ ਹਾਲ ਵਿਚ ਗ਼ੁਲਾਮੀ ਹੀ ਰਹੇਗੀ ਭਾਵੇਂ ਉਹ ਆਪਣੇ ਆਪ ਨੂੰ ਆਜ਼ਾਦੀ ਦਾ ਨਾਂ ਹੀ ਕਿਉਂ ਨਾ ਦੇ ਲਵੇ।

“ਨਹੀਂ, ਮੇਰੇ ਵੀਰ, ਪੱਛਮ ਪੂਰਬ ਨਾਲੋਂ ਨਾ ਚੰਗਾ ਹੈ ਅਤੇ ਨਾ ਮਾੜਾ ਅਤੇ ਦੋਹਾਂ ਵਿਚਲਾ ਅੰਤਰ ਸ਼ੇਰ ਅਤੇ ਬੱਬਰ ਸ਼ੇਰ ਦੇ ਅੰਤਰ ਨਾਲੋਂ ਵਧੇਰੇ ਨਹੀਂ। ਇਥੇ ਇਕ ਨਿਆਂ ਭਰਿਆ ਅਤੇ ਸੰਪੂਰਨ ਕਾਨੂੰਨ ਹੈ ਜੋ ਮੈਂ ਸਮਾਜ ਦੇ ਬਾਹਰੀ ਰੂਪ ਦੇ ਪਿਛੋਕੜ ਵਿਚ ਵੇਖਿਆ ਹੈ। ਇਹ ਕਾਨੂੰਨ ਦੁੱਖ, ਖ਼ੁਸ਼ਹਾਲੀ ਅਤੇ ਅਗਿਆਨਤਾ ਨੂੰ ਇੱਕੋ ਜਿਹਾ ਰੱਖਦਾ ਹੈ, ਇਹ ਇਕ ਕੌਮ ਦੀ ਖ਼ਾਤਰ ਦੂਸਰੇ ਨੂੰ ਪਹਿਲ ਨਹੀਂ ਦੇਂਦਾ ਤੇ ਨਾ ਹੀ ਇਹ ਇਕ ਕਬੀਲੇ ਨੂੰ ਖ਼ੁਸ਼ਹਾਲ ਬਣਾਉਣ ਖ਼ਾਤਰ ਦੂਸਰੇ ਦਾ ਗਲਾ ਘੁੱਟਦਾ ਹੈ।”

ਮੈਂ ਹੈਰਾਨ ਹੋ ਕੇ ਇਕਦਮ ਬੋਲ ਪਿਆ, “ਫਿਰ ਸਭਿਅਤਾ ਇਕ ਫੋਕੀ ਸ਼ਾਨ ਹੈ ਅਤੇ ਇਸ ਵਿਚਲਾ ਸਭ ਕੁਝ ਦਿਖਾਵਾ ਮਾਤਰ।” ਉਸਨੇ ਝੱਟ ਉੱਤਰ ਦਿੱਤਾ, “ਹਾਂ ਸਭਿਅਤਾ ਫੋਕੀ ਸ਼ਾਨ ਹੈ ਅਤੇ ਇਸ ਵਿਚ ਸਭ ਕੁਝ ਦਿਖਾਵਾ ਹੈ…..ਕਾਢਾਂ ਅਤੇ ਖੋਜਾਂ, ਥੱਕੇ ਅਤੇ ਅੱਕੇ ਹੋਏ ਸਰੀਰ ਲਈ ਮਨੋਰੰਜਨ ਅਤੇ ਆਰਾਮ ਦਾ ਸਾਧਨ ਹਨ। ਫ਼ਾਸਲਿਆਂ ਦੀ ਦੂਰੀ ਘਟਾਉਣੀ ਅਤੇ ਸਮੁੰਦਰਾਂ ਉੱਤੇ ਜਿੱਤਾਂ ਹਾਸਲ ਕਰਨੀਆਂ ਇਕ ਮਿਥਿਆ ਪ੍ਰਾਪਤੀ ਹੈ ਜੋ ਨਾ ਤਾਂ ਆਤਮਾ ਨੂੰ ਤ੍ਰਿਪਤ ਕਰਦੀ ਤੇ ਨਾ ਹੀ ਦਿਲ ਨੂੰ ਧਰਵਾਸ ਦੇਂਦੀ ਹੈ। ਕਿਉਂਕਿ ਉਹ ਜਿੱਤਾਂ ਮਨੁੱਖ ਨੂੰ ਕੁਦਰਤ ਤੋਂ ਬਹੁਤ ਦੂਰ ਰੱਖਦੀਆਂ ਹਨ। ਉਨ੍ਹਾਂ ਰੂਪਮਾਨ ਵਸਤਾਂ ਅਤੇ ਸਿਧਾਂਤਾਂ, ਜਿਨ੍ਹਾਂ ਨੂੰ ਮਨੁੱਖ ਗਿਆਨ ਤੇ ਕਲਾ ਦਾ ਨਾਂ ਦਿੰਦਾ ਹੈ ਕੁਝ ਵੀ ਨਹੀਂ ਕੇਵਲ ਬੇੜੀਆਂ ਅਤੇ ਸੁਨਹਿਰੀ ਜ਼ੰਜੀਰਾਂ ਹਨ ਜਿਨ੍ਹਾਂ ਨੂੰ ਮਨੁੱਖ ਖਿੱਚਦਾ

ਗੱਲ ਦਾ ਚਿਤ ਚੇਤਾ ਵੀ ਨਹੀਂ ਸੀ ਕਿ ਇਹ ਪਿੰਜਰਾ ਉਹ ਅੰਦਰ ਖੜਾ ਹੋ ਕੇ ਬਣਾ ਰਿਹਾ ਸੀ ਅਤੇ ਉਹ ਆਪ ਸਦਾ ਲਈ ਇਸ ਵਿਚ ਕੈਦੀ ਬਣ ਕੇ ਰਹਿ ਜਾਏਗਾ। ਹਾਂ, ਮਨੁੱਖ ਦੇ ਕੰਮ ਫ਼ਜ਼ੂਲ ਹਨ, ਉਸਦੇ ਮੰਤਵ ਫ਼ਜ਼ੂਲ ਹਨ ਅਤੇ ਧਰਤੀ ‘ਤੇ ਸਭ ਕੁਝ ਹੀ ਫ਼ਜ਼ੂਲ ਹੈ।” ਉਹ ਥੋੜ੍ਹੀ ਦੇਰ ਲਈ ਰੁਕਿਆ ਤੇ ਫਿਰ ਹੌਲੀ ਜਿਹੀ ਬੋਲਿਆ, “ਜੀਵਨ ਦੇ ਸਾਰੇ ਪਾਖੰਡਾਂ ਵਿਚ ਕੇਵਲ ਇਕ ਚੀਜ਼ ਹੈ ਜਿਸਨੂੰ ਆਤਮਾ ਪਿਆਰਦੀ ਤੇ ਤਾਂਘਦੀ ਹੈ ਤੇ ਇੱਕੋ ਇਕ ਹੀ ਮਨ ਨੂੰ ਧੂਹ ਪਾਉਣ ਵਾਲੀ ਚੀਜ਼ ਹੈ।”

“ਇਹ ਕੀ ਹੈ ?” ਮੈਂ ਕੰਬਦੀ ਆਵਾਜ਼ ਵਿਚ ਪੁੱਛਿਆ। ਉਹ ਕਾਫ਼ੀ ਦੇਰ ਮੇਰੇ ਵੱਲ ਵੇਖਦਾ ਰਿਹਾ ਅਤੇ ਫਿਰ ਆਪਣੀਆਂ ਪਲਕਾਂ ਬੰਦ ਕਰ ਲਈਆਂ। ਉਸਨੇ ਹੱਥ ਆਪਣੀ ਛਾਤੀ ਉੱਤੇ ਟਿਕਾ ਦਿੱਤੇ, ਉਸਦੇ ਚਿਹਰੇ ਉੱਤੇ ਚਮਕ ਸੀ, ਉਸਨੇ ਸ਼ਾਂਤ ਆਵਾਜ਼ ਵਿਚ ਕਿਹਾ, “ਇਹ ਆਤਮਾ ਦੀ ਜਾਗ੍ਰਤੀ ਹੈ, ਇਹ ਦਿਲ ਦੀ ਧੁਰ ਅੰਦਰ ਦੀ ਗਹਿਰਾਈ ਦੀ ਜਾਗ੍ਰਤੀ ਹੈ, ਇਹ ਇਕ ਬੜੀ ਵਿਆਪਕ ਅਤੇ ਉਚੇਰੀ ਸ਼ਕਤੀ ਹੈ ਜੋ ਮਨੁੱਖ ਦੀ ਅੰਤਰਆਤਮਾ ਉੱਤੇ ਜਦ ਅਚਾਨਕ ਨਾਜ਼ਲ ਹੁੰਦੀ ਹੈ ਉਸਦੀਆਂ ਅੱਖਾਂ ਖੋਹਲ ਦੇਂਦੀ ਹੈ ਜਿਸ ਸਦਕਾ ਮਹਾਨ ਸੰਗੀਤ ਦੀ ਚੁੰਧਿਆ ਦੇਣ ਵਾਲੀ ਫੁਹਾਰ ਦੇ ਦਰਮਿਆਨ ਉਸਨੂੰ ਜ਼ਿੰਦਗੀ ਖੜੀ ਨਜ਼ਰ ਆਉਂਦੀ ਹੈ ਤੇ ਉਸਦੇ ਆਲੇ-ਦੁਆਲੇ ਰੌਸ਼ਨੀ ਦਾ ਘੇਰਾ ਹੁੰਦਾ ਹੈ, ਅਤੇ ਧਰਤੀ ਤੇ ਆਕਾਸ਼ ਦੇ ਵਿਚਕਾਰ ਮਨੁੱਖ ਇਕ ਥੰਮ੍ਹ ਵਾਂਗ ਖੜਾ ਹੁੰਦਾ ਹੈ। ਇਹ ਅਜਿਹਾ ਸ਼ੋਅਲਾ ਹੈ ਜੋ ਆਤਮਾ ਦੇ ਅੰਦਰ ਭੜਕਦਾ ਹੈ ਤੇ ਦਿਲ ਨੂੰ ਦਾਗ਼ ਕੇ ਪਵਿੱਤਰ ਕਰ ਦੇਂਦਾ ਹੈ ਅਤੇ ਧਰਤੀ ਤੋਂ ਉਪਰ ਉਠ ਕੇ ਖੁੱਲ੍ਹੇ ਅਸਮਾਨ ਵਿਚ ਮੰਡਰਾਉਂਦਾ ਰਹਿੰਦਾ ਹੈ। ਇਹ ਇਕ ਤਰ੍ਹਾਂ ਦੀ ਦਇਆ ਹੈ ਜੋ ਮਨੁੱਖੀ ਦਿਲ ਉੱਤੇ ਹਾਵੀ ਹੋ ਜਾਂਦੀ ਹੈ ਜਿਸ ਕਰਕੇ ਉਹ ਉਨ੍ਹਾਂ ਸਾਰਿਆਂ ਨੂੰ ਜੋ ਉਸਦਾ ਵਿਰੋਧ ਕਰਨਗੇ, ਚਕਰਾ ਦੇਵੇਗੀ ਅਤੇ ਉਨ੍ਹਾਂ ਵਿਰੁੱਧ ਬਗ਼ਾਵਤ ਕਰੇਗੀ ਜੋ ਇਸਦੇ ਮਹਾਨ ਅਰਥਾਂ ਨੂੰ ਸਮਝਣ ਤੋਂ ਇਨਕਾਰੀ ਹੋਣਗੇ। ਇਹ ਮੇਰਾ ਦਿਲੀ ਭੇਤ ਹੈ, ਜਿਸਨੇ ਮੇਰੀਆਂ ਅੱਖਾਂ ਤੋਂ ਉਦੋਂ ਅਗਿਆਨਤਾ ਦਾ ਪਰਦਾ ਚੁੱਕਿਆ ਜਦੋਂ ਮੈਂ ਪਰਿਵਾਰ, ਆਪਣੇ ਮਿੱਤਰਾਂ ਅਤੇ ਆਪਣੇ ਦੇਸ਼ ਵਾਸੀਆਂ ਨਾਲ ਇਸ ਸਮਾਜ ਦਾ ਮੈਂਬਰ ਸਾਂ।

“ਅਨੇਕਾਂ ਵਾਰ ਮੈਂ ਹੈਰਾਨ ਹੋਇਆ ਅਤੇ ਆਪਣੇ ਆਪ ਨੂੰ ਸੁਆਲ ਕੀਤਾ, ਇਹ ਬ੍ਰਹਿਮੰਡ ਕੀ ਹੈ ਅਤੇ ਮੈਂ ਉਨ੍ਹਾਂ ਲੋਕਾਂ ਨਾਲੋਂ ਅੱਡ ਕਿਉਂ ਹਾਂ ਜੋ ਮੇਰੇ ਵੱਲ ਵੇਖਦੇ ਹਨ ? ਮੈਂ ਉਨ੍ਹਾਂ ਨੂੰ ਕਿਵੇਂ ਜਾਣਦਾ ਹਾਂ, ਮੈਂ ਉਨ੍ਹਾਂ ਨੂੰ ਕਿਥੇ ਮਿਲਿਆ ਸਾਂ, ਮੈਂ ਉਨ੍ਹਾਂ ਦੇ ਦਰਮਿਆਨ ਕਿਉਂ ਰਹਿ ਰਿਹਾ ਹਾਂ ? ਕੀ ਮੈਂ ਉਨ੍ਹਾਂ ਵਿਚਕਾਰ ਅਜਨਬੀ ਹਾਂ, ਜਾਂ ਕੀ ਅਜਿਹੀ ਗੱਲ ਹੈ ਕਿ ਉਹ ਇਸ ਧਰਤੀ ’ਤੇ ਅਜਨਬੀ ਹਨ ਅਜਿਹੇ ਸੰਸਾਰ ਲਈ ਜੋ ਦੈਵੀ ਚੇਤਨਾ ਤੋਂ ਹੋਂਦ ਵਿਚ ਆਇਆ ਅਤੇ ਜਿਸ ਉੱਤੇ ਮੈਨੂੰ ਪੂਰਾ ਵਿਸ਼ਵਾਸ ਹੈ ?”

ਉਹ ਇਕਦਮ ਚੁੱਪ ਕਰ ਗਿਆ ਜਿਵੇਂ ਕਿ ਉਹ ਬਹੁਤ ਪਹਿਲਾਂ ਬੀਤੀ ਕਿਸੇ ਘਟਨਾ ਨੂੰ ਯਾਦ ਕਰ ਰਿਹਾ ਹੋਵੇ ਪਰ ਦੱਸਣ ਤੋਂ ਇਨਕਾਰੀ ਹੋਵੇ। ਫਿਰ ਉਸਨੇ ਆਪਣੀਆਂ ਬਾਹਵਾਂ ਅੱਗੇ ਫੈਲਾਉਂਦਿਆਂ, ਧੀਮੀ ਆਵਾਜ਼ ਵਿਚ ਕਿਹਾ, “ਇਹ ਘਟਨਾ ਮੇਰੇ ਨਾਲ ਚਾਰ ਸਾਲ ਪਹਿਲਾਂ ਵਾਪਰੀ ਸੀ, ਜਦੋਂ ਮੈਂ ਦੁਨੀਆ ਤਿਆਗ ਕੇ ਜੀਵਨ ਦੀ ਚੇਤਨੰਤਾ ਅਤੇ ਮਹਾਨ ਵਿਚਾਰਾਂ ਤੇ ਖ਼ੂਬਸੂਰਤ ਚੁੱਪ ਦਾ ਜੀਵਨ ਬਿਤਾਉਣ ਲਈ ਇਸ ਵੀਰਾਨ ਥਾਂ ‘ਤੇ ਆਇਆ ਸਾਂ।”

ਕਰੋ ਅਤੇ ਉਹ ਹਨੇਰੇ ਦੀਆਂ ਗਹਿਰਾਈਆਂ ਵੱਲ ਝਾਕਦਾ ਤੂਫ਼ਾਨ ਨੂੰ ਸੰਬੋਧਨ ਕਰਨ ਦੀ ਤਿਆਰੀ ਵਿਚ ਦਰਵਾਜ਼ੇ ਵਲ ਤੁਰ ਪਿਆ। ਅਤੇ ਉਹ ਥਰਥਰਾਉਂਦੀ ਆਵਾਜ਼ ਵਿਚ ਬੋਲਿਆ, “ਇਹ ਆਤਮਾ ਦੇ ਅੰਦਰ ਦੀ ਜਾਤੀ ਹੈ। ਜਿਸਨੂੰ ਇਸਦਾ ਗਿਆਨ ਹੈ ਉਹ ਇਸਨੂੰ ਸ਼ਬਦਾਂ ਰਾਹੀਂ ਦੱਸਣ ਤੋਂ ਅਸਮਰਥ ਹੁੰਦਾ ਹੈ ਅਤੇ ਜਿਸਨੂੰ ਇਸਦਾ ਗਿਆਨ ਹੀ ਨਹੀਂ, ਉਹ ਹੋਂਦ ਦੇ ਪ੍ਰੇਰਕ ਅਤੇ ਖ਼ੂਬਸੂਰਤ ਰਹੱਸ ਬਾਰੇ ਕਦੇ ਸੋਚੇਗਾ ਹੀ ਨਹੀਂ।”

ਭਾਗ ਚੌਥਾ

ਇਕ ਘੰਟਾ ਬੀਤ ਚੁੱਕਿਆ ਸੀ ਅਤੇ ਯੂਸਫ਼-ਅਲ-ਫ਼ਖ਼ਰੀ ਕਮਰੇ ਵਿਚ ਘੁੰਮਦਾ, ਲੰਮੇ ਲੰਮੇ ਕਦਮ ਪੁੱਟਦਾ, ਕਿਧਰੇ-ਕਿਧਰੇ ਰੁਕਦਾ ਇੰਜ ਜਾਪਦਾ ਜਿਵੇਂ ਕਦੀ ਕਦੀ ਤੂਫ਼ਾਨ ਕਾਰਨ ਅਤਿਅੰਤ ਭੂਰੇ ਵਿਸ਼ਾਲ ਆਕਾਸ਼ ਵੱਲ ਘੂਰ ਰਿਹਾ ਹੋਵੇ। ਮੈਂ ਚੁੱਪ ਰਿਹਾ, ਉਸਦੇ ਇਕਾਂਤ ਜੀਵਨ ਦੇ ਸੁੱਖ-ਦੁੱਖ ਦੇ ਅਜੀਬ ਸੁਮੇਲ ਬਾਰੇ ਸੋਚਦਾ ਰਿਹਾ।

ਚੋਖੀ ਰਾਤ ਬੀਤ ਗਈ ਸੀ ਜਦੋਂ ਉਹ ਮੇਰੇ ਕੋਲ ਆਇਆ ਅਤੇ ਮੇਰੇ ਚਿਹਰੇ ਵੱਲ ਟਿਕਟਿਕੀ ਲਗਾ ਕੇ ਵੇਖਦਾ ਰਿਹਾ ਜਿਵੇਂ ਕਿ ਉਹ ਉਸ ਵਿਅਕਤੀ ਦੇ ਚਿਹਰੇ ਮੁਹਰੇ ਨੂੰ ਮਨ ਵਿਚ ਵਸਾ ਰਿਹਾ ਹੋਵੇ ਜਿਸ ਅੱਗੇ ਉਸਨੇ ਆਪਣੇ ਜੀਵਨ ਦੇ ਗਹਿਰੇ ਭੇਦ ਖੋਲ੍ਹ ਕੇ ਰੱਖ ਦਿੱਤੇ ਸਨ। ਮੇਰਾ ਮਨ ਵਿਚਾਰਾਂ ਦੀ ਅੰਦਰੂਨੀ ਉੱਥਲ ਪੁੱਥਲ ਨਾਲ ਭਾਰੀ ਅਤੇ ਤੂਫ਼ਾਨ ਦੀ ਧੁੰਦ ਕਾਰਨ ਅੱਖਾਂ ਧੁੰਦਲੀਆਂ ਤੇ ਬੋਝਲ ਹੋ ਰਹੀਆਂ ਸਨ। ਉਸਨੇ ਹੌਲੀ ਜਿਹੀ ਸ਼ਾਂਤ ਆਵਾਜ਼ ਵਿਚ ਕਿਹਾ, “ਕੁਦਰਤ ਦੀ ਨੇੜਤਾ ਨੂੰ ਮਹਿਸੂਸ ਕਰਨ ਲਈ ਮੈਂ ਹੁਣ ਤੂਫ਼ਾਨੀ ਰਾਤ ਦੇ ਹਨੇਰੇ ਵਿਚ ਵਿਚਰਨ ਜਾ ਰਿਹਾ ਹਾਂ। ਇਹ ਅਜਿਹਾ ਅਭਿਆਸ ਹੈ ਜਿਸਦਾ ਆਨੰਦ ਮੈਂ ਪੱਤਝੜ ਅਤੇ ਸਰਦੀਆਂ ਵਿਚ ਮਾਣਦਾ ਹਾਂ। ਆਹ ਪਈ ਹੈ ਸ਼ਰਾਬ ਤੇ ਔਹ ਪਿਆ ਹੈ ਤੰਬਾਕੂ, ਕਿਰਪਾ ਕਰਕੇ ਅੱਜ ਦੀ ਰਾਤ ਇਸ ਘਰ ਨੂੰ ਆਪਣਾ ਹੀ ਘਰ ਜਾਣ।”

ਉਸਨੇ ਆਪਣੇ ਦੁਆਲੇ ਕਾਲਾ ਲਬਾਦਾ ਜਿਹਾ ਲਪੇਟ ਲਿਆ ਅਤੇ ਮੁਸਕਰਾਉਂਦੇ ਹੋਏ ਕਿਹਾ, “ਮੇਰੀ ਬੇਨਤੀ ਹੈ ਕਿ ਜਦੋਂ ਤੁਸੀਂ ਸਵੇਰੇ ਇਥੋਂ ਜਾਓ ਤਾਂ ਹੋਰ ਮਨੁੱਖਾਂ ਨੂੰ ਅੰਦਰ ਆਉਣ ਤੋਂ ਰੋਕਣ ਲਈ ਕਿਰਪਾ ਕਰਕੇ ਦਰਵਾਜ਼ਾ ਬੰਦ ਕਰ ਜਾਣਾ ਕਿਉਂਕਿ ਅੱਜ ਮੇਰਾ ਇਰਾਦਾ ਪਵਿੱਤਰ ਚੀਲ ਦੇ ਜੰਗਲ ਵਿਚ ਦਿਨ ਬਿਤਾਉਣ ਦਾ ਹੈ।” ਫਿਰ ਉਹ ਲੰਬੀ ਛੜੀ ਹੱਥ ਵਿਚ ਫੜ ਕੇ ਦਰਵਾਜ਼ੇ ਵੱਲ ਵਧਿਆ ਅਤੇ ਕਹਿਣ ਲੱਗਾ, “ਫਿਰ ਕਦੇ ਜਦੋਂ ਤੁਸੀਂ ਨੇੜੇ-ਤੇੜੇ ਹੁੰਦਿਆਂ ਅਚਾਨਕ ਆਏ ਤੂਫ਼ਾਨ ਵਿਚ ਘਿਰ ਜਾਓ ਤਾਂ ਇਸ ਕੁਟੀਆ ਵਿਚ ਪਨਾਹ ਲੈਣ ਤੋਂ ਨਾ ਸੰਗਿਓ…..ਮੈਨੂੰ ਆਸ ਹੈ ਤੁਸੀਂ ਆਪਣੇ ਆਪ ਨੂੰ ਤੂਫ਼ਾਨ ਨੂੰ ਪਿਆਰ ਕਰਨਾ ਸਿਖਾ ਲਵੋਗੇ, ਇਸ ਤੋਂ ਡਰੋਗੇ ਨਹੀਂ…..ਮੇਰੇ ਵੀਰ, ਸ਼ੁਭ ਰਾਤ।”

ਉਸਨੇ ਦਰਵਾਜ਼ਾ ਖੋਹਲਿਆ ਅਤੇ ਹਨੇਰੇ ਵਿਚ ਬੜੇ ਮਾਣ ਨਾਲ ਬਾਹਰ ਨੂੰ ਚਲਾ ਗਿਆ। ਮੈਂ ਦਰਵਾਜ਼ੇ ‘ਤੇ ਖੜਾ ਇਹ ਵੇਖ ਰਿਹਾ ਸੀ ਕਿ ਉਹ ਕਿਸ ਰਾਹ ਗਿਆ ਹੈ, ਪਰ ਏਨੀ ਦੇਰ ਵਿਚ ਉਹ ਅੱਖੋਂ ਉਹਲੇ ਹੋ ਗਿਆ। ਕੁਝ ਪਲ ਮੈਨੂੰ ਘਾਟੀ ਦੇ ਪੱਥਰਾਂ ਗੀਟਿਆਂ ਉੱਤੇ ਉਸਦੀ ਪੈੜ-ਚਾਪ ਸੁਣਾਈ ਦੇਂਦੀ ਰਹੀ।

ਭਾਗ ਪੰਜਵਾਂ

ਰਾਤ ਭਰ ਦੀ ਡੂੰਘੀ ਵਿਚਾਰ ਪਿੱਛੋਂ ਪ੍ਰਭਾਤ ਹੋਈ, ਤੂਫ਼ਾਨ ਥੰਮ੍ਹ ਗਿਆ ਸੀ, ਹੁਣ ਅਸਮਾਨ ਸਾਫ਼ ਸੀ, ਪਹਾੜ ਅਤੇ ਮੈਦਾਨ ਸੂਰਜ ਦੀਆਂ ਨਿੱਘੀਆਂ ਕਿਰਨਾਂ ਵਿਚ ਚਮਕ ਰਹੇ ਸਨ। ਸ਼ਹਿਰ ਵੱਲ ਪਰਤਦੇ ਹੋਏ ਮੈਂ ਉਸ ਆਤਮਕ ਖ਼ੁਸ਼ੀ ਤੇ ਜਾਗ੍ਰਤੀ ਨੂੰ ਮਹਿਸੂਸ ਕਰ ਰਿਹਾ ਸਾਂ ਜਿਸਦੀ ਯੂਸਫ਼-ਅਲ-ਫ਼ਖ਼ਰੀ ਨੇ ਗੱਲ ਕੀਤੀ ਸੀ, ਜਿਸਦਾ ਅਹਿਸਾਸ ਬੜੀ ਸ਼ਿੱਦਤ ਨਾਲ ਮੇਰੇ ਜਿਸਮ ਦੀ ਨਸ- ਨਸ ਵਿਚ ਹੋ ਰਿਹਾ ਸੀ। ਇੰਜ ਜਾਪਿਆ ਜਿਵੇਂ ਮੈਂ ਕੰਬ ਰਿਹਾ ਹੋਵਾਂ ਅਤੇ ਜਦੋਂ ਮੈਂ ਸ਼ਾਂਤ ਹੋਇਆ ਤਾਂ ਵੇਖਿਆ ਮੇਰੇ ਆਲੇ-ਦੁਆਲੇ ਸੁੰਦਰਤਾ ਤੇ ਪੂਰਨਤਾ ਦਾ ਰਾਜ ਸੀ।

ਜਿਉਂ ਹੀ ਮੈਂ ਫਿਰ ਦੁਨੀਆਵੀ ਸ਼ੋਰ-ਸ਼ਰਾਬੇ ਭਰੇ ਨਗਰ ਵਿਚ ਪਰਤਿਆ ਤੇ ਚੀਕ ਪੁਕਾਰ ਦੀਆਂ ਆਵਾਜ਼ਾਂ ਮੇਰੇ ਕੰਨਾਂ ਨਾਲ ਟਕਰਾਈਆਂ, ਮੈਂ ਲੋਕਾਂ ਦੀਆਂ ਕਰਤੂਤਾਂ ਵੇਖੀਆਂ ਤਾਂ ਮੈਂ ਰੁਕਿਆ ਤੇ ਮਨ ਹੀ ਮਨ ਸੋਚਿਆ, “ਹਾਂ ਮਨੁੱਖੀ ਜੀਵਨ ਵਿਚ ਅਧਿਆਤਮਕ ਚੇਤੰਨਤਾ ਬਹੁਤ ਜ਼ਰੂਰੀ ਹੈ ਅਤੇ ਇਹ ਮਨੁੱਖੀ ਜੀਵਨ ਦਾ ਮਕਸਦ ਹੈ। ਕੀ ਸਭਿਅਤਾ ਆਪਣੇ ਸਾਰੇ ਦੁਖਾਂਤ ਰੂਪ ਵਿਚ ਆਤਮਕ ਜਾਗ੍ਰਤੀ ਲਈ ਮਹਾਨ ਪ੍ਰੇਰਕ ਨਹੀਂ ? ਫਿਰ ਅਸੀਂ ਮੌਜੂਦਾ ਹਾਲਾਤ ਤੋਂ ਕਿਵੇਂ ਮੁਨਕਰ ਹੋ ਸਕਦੇ ਹਾਂ ਜਦੋਂ ਕਿ ਇਸਦੀ ਮਾਮੂਲੀ ਹੋਂਦ ਹੀ ਮਨਚਾਹੇ ਉਦੇਸ਼ ਦੇ ਇਸਦੇ ਅਨੁਕੂਲ ਹੋਣ ਦਾ ਪੱਕਾ ਸਬੂਤ ਹੈ ? ਮੌਜੂਦਾ ਸਭਿਅਤਾ ਦਾ ਤਾਂ ਮੰਤਵ ਫ਼ਾਨੀ ਹੋਣਾ ਹੈ ਪਰ ਰੱਬੀ ਕਾਨੂੰਨ ਨੇ ਉਸ ਮੰਤਵ ਦੀ ਪ੍ਰਾਪਤੀ ਲਈ ਅਜਿਹੀ ਪੌੜੀ ਮੁਹਈਆ ਕੀਤੀ ਹੈ ਜਿਸਦੇ ਡੰਡਿਆਂ ਦਾ ਮੂੰਹ ਆਜ਼ਾਦ ਹੋਂਦ ਤੇ ਮੁਕਤੀ ਦੇ ਰਾਹ ਵੱਲ ਹੈ।”

ਮੈਨੂੰ ਮੁੜ ਕਦੇ ਵੀ ਯੂਸਫ਼-ਅਲ-ਫ਼ਖ਼ਰੀ ਦੇ ਦਰਸ਼ਨ ਨਹੀਂ ਹੋਏ, ਕਿਉਂਕਿ ਸਭਿਅਤਾ ਦੀਆਂ ਬੁਰਾਈਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿਚ, ਜ਼ਿੰਦਗੀ ਨੇ ਮੈਨੂੰ ਉਸੇ ਸਾਲ ਪੱਤਝੜ ਦੇ ਅਖ਼ੀਰ ਵਿਚ ਉੱਤਰੀ ਲੈਬਨਾਨ ਵਿੱਚੋਂ ਬਾਹਰ ਧੱਕ ਮਾਰਿਆ ਤੇ ਇਕ ਅਜਿਹੇ ਦੂਰ ਦੇਸ਼ ਵਿਚ ਜਲਾਵਤਨੀ ਦੀ ਜ਼ਿੰਦਗੀ ਗੁਜ਼ਾਰਨੀ ਪਈ ਜਿਥੇ ਤੂਫ਼ਾਨ ਆਉਂਦੇ ਹੀ ਰਹਿੰਦੇ ਹਨ ਅਤੇ ਉਸ ਦੇਸ਼ ਵਿਚ ਸੰਨਿਆਸੀ ਦਾ ਜੀਵਨ ਬਿਤਾਉਣਾ ਵੀ ਇਕ ਤਰ੍ਹਾਂ ਨਾਲ ਵਧੀਆ ਪਾਗਲ-ਪਨ ਹੈ, ਕਿਉਂਕਿ ਉਥੋਂ ਦਾ ਸਮਾਜ ਵੀ ਬੀਮਾਰ ਹੈ।

ਗ਼ੁਲਾਮੀ

ਮਨੁੱਖ ਜ਼ਿੰਦਗੀ ਦੇ ਗ਼ੁਲਾਮ ਹਨ ਅਤੇ ਇਹ ਗ਼ੁਲਾਮੀ ਹੀ ਹੈ ਜੋ ਉਨ੍ਹਾਂ ਦੇ ਦਿਨਾਂ ਦੀ ਝੋਲੀ ਵਿਚ ਦੁੱਖ ਅਤੇ ਨਿਰਾਸਾ ਪਾਉਂਦੀ ਅਤੇ ਰਾਤਾਂ ਹੰਝੂਆਂ ਤੇ ਪੀੜਾਂ ਨਾਲ ਭਰ ਦੇਂਦੀ ਹੈ।

ਸੱਤ ਹਜ਼ਾਰ ਸਾਲ ਹੋਏ ਜਦੋਂ ਮੇਰਾ ਪਹਿਲੀ ਵਾਰੀ ਜਨਮ ਹੋਇਆ ਸੀ ਅਤੇ ਉਸ ਦਿਨ ਤੋਂ ਲੈ ਕੇ ਹੁਣ ਤਕ ਮੈਂ ਜ਼ਿੰਦਗੀ ਦੇ ਗ਼ੁਲਾਮਾਂ ਨੂੰ ਭਾਰੀ ਜ਼ੰਜੀਰਾਂ ਨੂੰ ਧੂੰਹਦਿਆਂ ਵੇਖਦਾ ਆ ਰਿਹਾ ਹਾਂ।

ਮੈਂ ਇਸ ਧਰਤੀ ਉੱਤੇ ਪੂਰਬ ਅਤੇ ਪੱਛਮ ਨੂੰ ਗਾਹਿਆ ਹੈ ਅਤੇ ਜ਼ਿੰਦਗੀ ਦੇ ਰੌਸ਼ਨ ਤੇ ਹਨੇਰੇ ਪੱਖ ਵੇਖੇ ਹਨ। ਮੈਂ ਸਭਿਅਤਾ ਦੇ ਜਲੂਸ ਨੂੰ ਰੌਸ਼ਨੀ ਤੋਂ ਹਨੇਰੇ ਵੱਲ ਜਾਂਦੇ ਤੱਕਿਆ ਹੈ ਅਤੇ ਉਨ੍ਹਾਂ ਵਿੱਚੋਂ ਹਰ ਇਕ ਨੂੰ ਗ਼ੁਲਾਮੀ ਦੀਆਂ ਜੂਲਾਂ ਵਿਚ ਜਕੜੀਆਂ, ਅਪਮਾਨਿਤ ਆਤਮਾਵਾਂ ਰਾਹੀਂ ਨਰਕ ਵਿਚ ਧੱਕਿਆ ਗਿਆ ਸੀ। ਤਾਕਤਵਰ ਨੂੰ ਤਾਂ ਬੇੜੀਆਂ ਪਈਆਂ ਹਨ ਅਤੇ ਸ਼ਰਧਾਲੂ ਗੋਡਿਆਂ ਭਾਰ ਬੈਠੇ ਦੇਵਤਿਆਂ ਦੀ ਪੂਜਾ ਵਿਚ ਮਗਨ ਹਨ। ਮੈਂ ਬੇਬਲੋਨ ਤੋਂ ਲੈ ਕੇ ਕਾਹਿਰਾ ਤਕ ਅਤੇ ਐਨਦੋਰ ਤੋਂ ਬਗ਼ਦਾਦ ਤਕ ਦੀਆਂ ਸਭਿਅਤਾਵਾਂ ਵੇਖੀਆਂ ਹਨ, ਮਨੁੱਖ ਦਾ ਪਿੱਛਾ ਕੀਤਾ ਹੈ ਅਤੇ ਰੇਤ ਉੱਤੇ ਪਈਆਂ ਬੇੜੀਆਂ ਦੀਆਂ ਲੀਹਾਂ ਤੇ ਨਿਸ਼ਾਨਾਂ ਨੂੰ ਗਹੁ ਨਾਲ ਤੱਕਿਆ ਹੈ। ਮੈਂ ਬਦਲਦੇ ਯੁੱਗਾਂ ਦੀਆਂ ਗੂੰਜਦੀਆਂ ਉਦਾਸ ਆਵਾਜ਼ਾਂ ਨੂੰ ਸੁਣਿਆ ਹੈ ਜਿਹੜੀਆਂ ਵਿਸ਼ਾਲ ਖੁੱਲ੍ਹੇ ਮੈਦਾਨਾਂ ਅਤੇ ਘਾਟੀਆਂ ਨਾਲ ਟਕਰਾ ਕੇ ਮੁੜ-ਮੁੜ ਮੇਰੇ ਕੰਨਾਂ ਵਿਚ ਪਈਆਂ ਹਨ।

ਮੈਂ ਮੰਦਰ ਅਤੇ ਬਲੀ ਵੇਦੀਆਂ ਵੇਖੀਆਂ, ਮਹਿਲਾਂ ਵਿਚ ਵੀ ਗਿਆ ਅਤੇ ਸ਼ਾਹੀ ਤਖ਼ਤਾਂ ਸਾਹਮਣੇ ਬੈਠ ਵੇਖਿਆ ਹੈ ਅਤੇ ਮੈਂ ਸਿਖਾਂਦਰੂਆਂ ਨੂੰ ਕਾਰੀਗਰ ਦੀ, ਕਾਰੀਗਰ ਨੂੰ ਮਾਲਕ ਦੀ, ਮਾਲਕ ਨੂੰ ਸਿਪਾਹੀ ਦੀ, ਸਿਪਾਹੀ ਨੂੰ ਹਾਕਮ ਦੀ ਅਤੇ ਹਾਕਮ ਨੂੰ ਰਾਜੇ ਦੀ, ਰਾਜੇ ਨੂੰ ਪਾਦਰੀ ਦੀ, ਤੇ ਪਾਦਰੀ ਨੂੰ ਦੇਵਤੇ ਦੀ ਮੂਰਤੀ ਦੀ ਗ਼ੁਲਾਮੀ ਕਰਦਿਆਂ ਵੇਖਿਆ…..ਅਤੇ ਦੇਵਤੇ ਦੀ ਮੂਰਤੀ ਹੈ

ਵੀ ਕੀ? ਕੁਝ ਵੀ ਨਹੀਂ। ਕੇਵਲ ਸ਼ੈਤਾਨ ਰਾਹੀਂ ਬਣਾਇਆ ਮਿੱਟੀ ਦਾ ਬੁੱਤ ਜੋ ਖੋਪੜੀਆਂ ਦੇ ਬਣੇ ਚਬੂਤਰੇ ਉੱਤੇ ਰੱਖਿਆ ਹੁੰਦਾ ਹੈ।

ਮੈਂ ਅਮੀਰਾਂ ਦੀਆਂ ਮਹਿਲ ਮਾੜੀਆਂ ਵਿਚ ਵੀ ਗਿਆ ਅਤੇ ਗ਼ਰੀਬਾਂ ਦੀਆਂ ਝੁੱਗੀਆਂ ਝੌਂਪੜੀਆਂ ਵਿਚ ਵੀ। ਮੈਂ ਨਿੱਕੇ-ਨਿੱਕੇ ਬਾਲਾਂ ਨੂੰ ਮਾਂ ਦੀ ਛਾਤੀ ਤੋਂ ਗ਼ੁਲਾਮੀ ਦਾ ਦੁੱਧ ਚੁੰਘਦਿਆਂ ਵੀ ਵੇਖਿਆ ਅਤੇ ਬੱਚਿਆਂ ਨੂੰ ਮੁਹਾਰਨੀ ਦੇ ਨਾਲ-ਨਾਲ ‘ਜੀ ਹਜ਼ੂਰੀ’ ਦਾ ਪਾਠ ਪੜ੍ਹਦਿਆਂ ਵੀ ਵੇਖਿਆ।

ਮੁਟਿਆਰਾਂ ਨੂੰ ਮਰਿਆਦਾ, ਸੰਜਮ ਅਤੇ ਸੰਕੋਚ ਦਾ ਜਾਮਾ ਪਹਿਨਿਆ ਵੇਖਿਆ ਅਤੇ ਪਤਨੀਆਂ ਨੂੰ ਕਾਨੂੰਨੀ ਬੰਧਨਾਂ ਵਿਚ ਬੱਝਿਆਂ ਅੱਖਾਂ ਵਿਚ ਹੰਝੂ ਭਰ ਕੇ ਪਤੀ ਦੀ ਆਗਿਆ ਪਾਲਣ ਕਰਦੇ ਹੋਏ ਬਿਸਤਰਿਆਂ ’ਤੇ ਪੈਂਦੇ ਵੇਖਿਆ।

ਮੈਂ ਸਦੀਆਂ ਸਦੀਆਂ ਤੋਂ ਦਰਿਆ ਕਾਂਗੋ ਦੇ ਕਿਨਾਰਿਆਂ ਤੋਂ ਇਫ਼ਰਾਤ ਦੇ ਤਟ ਤਕ, ਨੀਲ ਘਾਟੀ ਦੇ ਮੁਹਾਣੇ ਤੋਂ ਅਸੀਰੀਆ ਦੇ ਮੈਦਾਨਾਂ, ਐਥਨਜ਼ ਦੇ ਅਖਾੜਿਆਂ ਤੋਂ ਰੋਮ ਦੇ ਗਿਰਜਾਘਰਾਂ, ਸਿਕੰਦਰੀਆ ਦੇ ਮਹਿਲਾਂ ਤੋਂ ਕੁਸਤੁਨਤੁਨੀਆਂ ਦੀਆਂ ਗੰਦੀਆਂ ਬਸਤੀਆਂ ਤਕ ਸਮੇਂ ਦਾ ਹਾਣੀ ਰਿਹਾ ਹਾਂ…..ਫਿਰ ਵੀ ਮੈਂ ਗ਼ੁਲਾਮੀ ਨੂੰ ਅਂਗਿਆਨਤਾ ਦੇ ਜਲੂਸ ਵਿਚ ਪੂਰੇ ਜਾਹੋ- ਜਲਾਲ ਨਾਲ ਸਮੁੱਚੇ ਸੰਸਾਰ ਵਿਚ ਵਿਚਰਦਿਆਂ ਵੇਖਿਆ ਹੈ। ਮੈਂ ਵੇਖਿਆ ਲੋਕ ਗ਼ੁਲਾਮੀ ਨੂੰ ਪਰਮਾਤਮਾ ਕਹਿ ਕੇ ਬੁੱਤਾਂ ਦੇ ਕਦਮਾਂ ਵਿਚ ਜੁਆਨਾਂ ਅਤੇ ਕੰਜ ਕੁਆਰੀਆਂ ਦੀ ਬਲੀ ਦੇਂਦੇ, ਉਸਦੇ ਕਦਮਾਂ ਉੱਤੇ ਸ਼ਰਾਬ ਤੇ ਸੁਗੰਧੀ ਭੇਟਾ ਕਰਦੇ, ਉਸਨੂੰ ਮਹਾਂਦੇਵੀ ਕਹਿ ਕੇ ਬੁਲਾਉਂਦੇ, ਉਸਦੇ ਬੁੱਤ ਅੱਗੇ ਧੂਫ਼ ਧੁਖਾਉਂਦੇ ਤੇ ਉਸਨੂੰ ਪੈਗ਼ੰਬਰ ਕਹਿੰਦਿਆਂ, ਉਸ ਅੱਗੇ ਗੋਡੇ ਟੇਕ ਕੇ ਪੂਜਾ ਕਰਦਿਆਂ ਤੇ ਉਸਨੂੰ ਦੈਵੀ ਕਾਨੂੰਨ ਕਹਿੰਦੇ; ਉਸ ਲਈ ਲੜਦੇ ਹੋਏ ਜਾਨ ਵਾਰਦਿਆਂ ਤੇ ਇਸਨੂੰ ਦੇਸ਼ ਭਗਤੀ ਦਾ ਨਾਂ ਦਿੰਦਿਆਂ; ਉਸਦੀ ਇੱਛਾ ਅੱਗੇ ਸਿਰ ਝੁਕਾਉਂਦਿਆਂ ਤੇ ਉਸਨੂੰ ਧਰਤੀ ਉੱਤੇ ਰੱਬ ਦਾ ਰੂਪ ਸਮਝਦਿਆਂ; ਉਸਦੀ ਖ਼ਾਤਰ ਘਰ ਅਤੇ ਸੰਸਥਾਵਾਂ ਤਬਾਹ ਕਰਦਿਆਂ ਤੇ ਉਸਨੂੰ ਭਰਾਤਰੀ-ਭਾਵ ਕਹਿੰਦਿਆਂ; ਉਸਦੀ ਖ਼ਾਤਰ ਸੰਘਰਸ਼, ਚੋਰੀ ਤੇ ਕੰਮ ਕਰਨ ਨੂੰ ਖ਼ੁਸ਼ਕਿਸਮਤੀ ਤੇ ਮਾਣ ਸਮਝਦਿਆਂ, ਉਸਦੀ ਖ਼ਾਤਰ ਕਤਲ ਕਰਦਿਆਂ ਤੇ ਇਸਨੂੰ ਬਰਾਬਰੀ ਦਾ ਨਾਂ ਦੇਂਦਿਆ ਵੇਖਿਆ।

ਉਸਦੇ ਅਨੇਕਾਂ ਨਾਂ ਹਨ ਪਰ ਉਨ੍ਹਾਂ ਸਾਰਿਆਂ ਦੀ ਅਸਲੀਅਤ ਇੱਕੋ ਹੈ।

ਉਸਦੇ ਅਨੇਕਾਂ ਰੂਪ ਹਨ ਪਰ ਉਹ ਇੱਕੋ ਤੱਤ ਦੀ ਬਣੀ ਹੋਈ ਹੈ। ਸੱਚ ਪੁੱਛੋ ਤਾਂ ਇਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਇਕ ਅਸਾਧ ਰੋਗ ਹੈ। ਜੋ ਇਕ ਪੀੜ੍ਹੀ ਦੂਸਰੀ ਪੀੜ੍ਹੀ ਦੇ ਉਤਰਾਧਿਕਾਰੀਆਂ ਦੀ ਝੋਲੀ ਵਿਚ ਪਾ ਜਾਂਦੀ ਹੈ।

ਮੈਂ ਅਜਿਹੀ ਅੰਨ੍ਹੀ ਗ਼ੁਲਾਮੀ ਵੇਖੀ ਜਿਹੜੀ ਮਨੁੱਖਾਂ ਦੇ ਵਰਤਮਾਨ ਨੂੰ ਉਨ੍ਹਾਂ ਦੇ ਪੁਰਖਿਆਂ ਦੇ ਅਤੀਤ ਨਾਲ ਜੋੜਦੀ ਹੈ ਅਤੇ ਨਵੇਂ ਸਰੀਰਾਂ ਵਿਚ ਪੁਰਾਣੀਆਂ ਜੀਵ-ਆਤਮਾਵਾਂ ਦਾ ਸੰਚਾਰ ਕਰਕੇ ਉਨ੍ਹਾਂ ਨੂੰ ਪੁਰਾਤਨ ਰਸਮਾਂ ਤੇ ਰਵਾਇਤਾਂ ਅੱਗੇ ਝੁਕਣ ਲਈ ਪ੍ਰੇਰਦੀ ਹੈ।

ਮੈਂ ਉਹ ਗੂੰਗੀ ਗ਼ੁਲਾਮੀ ਵੀ ਵੇਖੀ ਜੋ ਉਸ ਆਦਮੀ ਨੂੰ ਅਜਿਹੀ ਪਤਨੀ ਦੇ ਜੀਵਨ ਨਾਲ ਜੋੜਦੀ ਹੈ ਜਿਸ ਨੂੰ ਉਹ ਨਫ਼ਰਤ ਕਰਦਾ ਹੈ ਅਤੇ ਉਸ ਔਰਤ ਦੇ ਜਿਸਮ ਨੂੰ ਨਫ਼ਰਤ ਕਰਨ ਵਾਲੇ ਪਤੀ ਦੇ ਆਗੋਸ਼ ਵਿਚ ਲਿਆ ਸੁੱਟਦੀ ਹੈ ਅਤੇ ਇਸ ਤਰ੍ਹਾਂ ਦੋਹਾਂ ਦੀ ਆਤਮਕ ਤੌਰ ‘ਤੇ ਮੌਤ ਹੋ ਜਾਂਦੀ ਹੈ।

ਮੈਂ ਉਹ ਕੰਨਾਂ ਤੋਂ ਬੋਲ਼ੀ ਗ਼ੁਲਾਮੀ ਵੇਖੀ ਜੋ ਦਿਲ ਅਤੇ ਆਤਮਾ ਨੂੰ ਕੁਚਲ ਦੇਂਦੀ ਹੈ ਅਤੇ ਮਨੁੱਖ ਕੇਵਲ ਆਵਾਜ਼ ਦੀ ਖੋਖਲੀ ਗੂੰਜ ਅਤੇ ਸਰੀਰ ਦਾ ਪਰਛਾਵਾਂ ਬਣ ਕੇ ਰਹਿ ਜਾਂਦਾ ਹੈ।

ਮੈਂ ਲੰਗੜੀ ਗ਼ੁਲਾਮੀ ਨੂੰ ਤੱਕਿਆ ਜੋ ਮਨੁੱਖ ਦੀ ਗਰਦਨ ਨੂੰ ਜਰਵਾਣਿਆਂ ਦੇ ਸ਼ਿਕੰਜੇ ਵਿਚ ਜਕੜ ਕੇ ਨਰੋਏ ਸਰੀਰ ਤੇ ਕਮਜ਼ੋਰ ਮਨਾਂ ਵਾਲੇ ਮਨੁੱਖਾਂ ਨੂੰ ਲਾਲਚ ਦੇ ਪੁਤਲਿਆਂ ਸਾਹਮਣੇ ਸੌਂਪ ਕੇ ਬੇਵੱਸ ਕਰ ਦੇਂਦੀ ਹੈ ਤਾਂ ਕਿ ਉਹ ਉਨ੍ਹਾਂ ਨੂੰ ਆਪਣੀ ਤਾਕਤ ਦੇ ਸਾਧਨ ਵਜੋਂ ਵਰਤ ਸਕਣ।

ਮੈਂ ਉਹ ਕੋਝੀ ਗ਼ੁਲਾਮੀ ਵੀ ਤੱਕੀ ਜੋ ਵਿਸ਼ਾਲ ਆਕਾਸ਼ ਤੋਂ ਅਭਾਗੇ ਘਰਾਣਿਆਂ ਵਿਚ ਮਾਸੂਮ ਆਤਮਾਵਾਂ ਦੇ ਰੂਪ ਵਿਚ ਉਭਰਦੀ ਹੈ ਜਿਥੇ ਜ਼ਰੂਰਤ ਅਗਿਆਨਤਾ ਦੇ ਨੇੜੇ ਰਹਿੰਦੀ ਤੇ ਦੁੱਖਾਂ ਦੇ ਘੇਰੇ ਵਿਚ ਘਿਰੀ ਹੁੰਦੀ ਹੈ। ਜਿਥੇ ਲੋੜਾਂ, ਅਗਿਆਨਤਾ, ਨਿਰਾਦਰੀ ਅਤੇ ਦੁੱਖਾਂ ਦਾ ਬੋਲਬਾਲਾ ਹੈ ਅਤੇ ਅਜਿਹੀ ਹਾਲਤ ਵਿਚ ਮੰਦਭਾਗੇ ਬੱਚੇ ਮੁਜਰਮਾਂ ਵਾਂਗ ਜੀਉਂਦੇ ਤੇ ਨਫ਼ਰਤ ਦਾ ਸ਼ਿਕਾਰ ਹੋਏ ਅਣਹੋਇਆਂ ਵਾਂਗ ਮਰ ਜਾਂਦੇ ਹਨ।

ਮੂਰਖ ਤੇ ਸੂਖਮ ਕਿਸਮ ਦੀ ਗ਼ੁਲਾਮੀ ਵੀ ਮੇਰੇ ਵੇਖਣ ਵਿਚ ਆਈ ਜੋ ਵਸਤਾਂ ਨੂੰ ਉਨ੍ਹਾਂ ਦੇ ਅਸਲ ਨਾਵਾਂ ਦੀ ਬਜਾਏ ਹੋਰ ਨਾਂ ਦੇਂਦੀ ਹੈ ਜਿਵੇਂ ਮੱਕਾਰੀ ਨੂੰ ਬੁੱਧੀਮਾਨੀ, ਖੋਖਲੇਪਨ ਨੂੰ ਗਿਆਨ, ਕਮਜ਼ੋਰੀ ਨੂੰ ਨਾਜ਼ੁਕਤਾ ਅਤੇ ਬੁਜ਼ਦਿਲੀ ਨੂੰ ਸਾਫ਼ ਇਨਕਾਰਦਾ।

ਮੈਂ ਜਕੜੀ ਹੋਈ ਗ਼ੁਲਾਮੀ ਨੂੰ ਵੀ ਵੇਖਿਆ ਜਿਸ ਕਰਕੇ ਨਿਤਾਣੇ ਡਰ ਨਾਲ ਆਪਣੇ ਵਿਚਾਰਾਂ ਦੇ ਉਲਟ ਬੋਲਦੇ ਹਨ ਅਤੇ ਇੰਜ ਜਾਪਦਾ ਹੈ ਕਿ ਉਹ ਆਪਣੀ ਅਵਸਥਾ ਵਿਚ ਧਿਆਨ ਮਗਨ ਹੋਣ ਦਾ ਬਹਾਨਾ ਕਰਦੇ ਹੋਣ ਜਦੋਂ ਕਿ ਉਹ ਖ਼ਾਲੀ ਬੋਰੇ ਵਾਂਗ ਹੁੰਦੇ ਹਨ ਜਿਨ੍ਹਾਂ ਨੂੰ ਬੱਚਾ ਵੀ ਤੋੜ ਮਰੋੜ ਸਕਦਾ है।

ਮੈਂ ਉਹ ਝੁਕੀ ਹੋਈ ਗ਼ੁਲਾਮੀ ਵੀ ਵੇਖੀ ਜੋ ਇਕ ਕੌਮ ਨੂੰ ਦੂਸਰੀ ਕੌਮ ਦੇ ਕਾਨੂੰਨਾਂ ਦੇ ਨਿਯਮਾਂ ਦੀ ਪਾਲਨਾ ਕਰਨ ਲਈ ਮਜਬੂਰ ਕਰ ਦੇਂਦੀ ਹੈ ਅਤੇ ਇਹ ਝੁਕਣਾ ਦਿਨੋ-ਦਿਨ ਵਧਦਾ ਹੀ ਜਾਂਦਾ ਹੈ।

ਮੈਂ ਸਦੀਵੀ ਗ਼ੁਲਾਮੀ ਵੀ ਵੇਖੀ ਜੋ ਰਾਜ ਕੁਮਾਰਾਂ ਨੂੰ ਹੀ ਤਾਜ ਪਹਿਨਾਉਂਦੀ ਹੈ ਪਰ ਕਾਬਲੀਅਤ ਦਾ ਧਿਆਨ ਨਹੀਂ ਰੱਖਦੀ।

ਮੈਂ ਉਹ ਗ਼ੈਰ ਕਾਨੂੰਨੀ ਤੇ ਭਿਅੰਕਰ ਗ਼ੁਲਾਮੀ ਵੀ ਵੇਖੀ ਜਿਸ ਵਿਚ ਮੁਜਰਮਾਂ ਦੇ ਨਿਰਦੋਸ਼ ਬੱਚਿਆਂ ਨੂੰ ਹਮੇਸ਼ਾ ਲਈ ਬਦਨਾਮੀ ਤੇ ਨਿਰਾਦਰ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਗ਼ੁਲਾਮੀ ਬਾਰੇ ਵਿਚਾਰ ਕਰਦੇ ਹੋਏ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਹ ਕਦੇ ਨਾ ਮੁੱਕਣ ਵਾਲੀ ਤੇ ਛੂਤ ਦੇ ਰੋਗਾਂ ਦੀ ਧਾਰਨੀ ਹੈ।

X X X X X X X

ਜਦੋਂ ਮੈਂ ਇਨ੍ਹਾਂ ਦੁਰਾਚਾਰੀ ਯੁੱਗਾਂ ਵਿਚ ਵਿਚਰਦਾ ਥੱਕ ਟੁੱਟ ਗਿਆ ਅਤੇ ਪੱਥਰ-ਦਿਲ ਲੋਕਾਂ ਦੇ ਜਲਸੇ ਜਲੂਸ ਵੇਖ-ਵੇਖ ਅੱਕ ਗਿਆ ਤਾਂ ਮੈਂ ਕੱਲ-ਮੁਕੱਲੇ ਹੀ ਜੀਵਨ ਦੀ ਛਾਂ ਦੀ ਘਾਟੀ ਦੇ ਰਾਹ ਵੱਲ ਮੁਹਾਰਾਂ ਮੋੜ ਲਈਆਂ ਜਿਥੇ ਬੀਤਿਆ ਸਮਾਂ ਆਪਣੇ ਆਪ ਨੂੰ ਪਾਪ ਦੇ ਪਰਦੇ ਹੇਠ ਛੁਪਾਉਣ ਦਾ ਯਤਨ ਕਰਦਾ ਅਤੇ ਭਵਿੱਖ ਦੀ ਆਤਮਾ ਲੰਮੇ ਸਮੇਂ ਤੋਂ ਸਿਮਟੀ ਹੋਈ ਆਰਾਮ ਕਰ ਰਹੀ ਹੈ। ਉਥੇ ਲਹੂ ਤੇ ਹੰਝੂਆਂ ਦੇ ਦਰਿਆ ਕੰਢੇ, ਜੋ ਕਿਸੇ ਜ਼ਹਿਰੀਲੇ ਨਾਗ ਵਾਂਗ ਰੀਂਗਦਾ ਅਤੇ ਮੁਜਰਮ ਦੇ ਸੁਪਨਿਆਂ ਵਾਂਗ ਵਿਗਸਦਾ ਹੈ, ਮੈਂ ਗ਼ੁਲਾਮਾਂ ਦੇ ਪ੍ਰੇਤਾਂ ਦੀ ਡਰਾਉਣੀ ਜਿਹੀ ਕਾਨਾਫ਼ੂਸੀ ਸੁਣੀ ਅਤੇ ਖ਼ਲਾਅ ਵੱਲ ਘੂਰਿਆ।

ਅੱਧੀ ਰਾਤ ਨੂੰ ਜਦੋਂ ਪ੍ਰੇਤ ਆਤਮਾਵਾਂ ਆਪਣੀਆਂ ਆਰਾਮਗਾਹਾਂ ਤੋਂ ਬਾਹਰ ਨਿਕਲ ਆਈਆਂ ਤਾਂ ਮੈਂ ਵੇਖਿਆ ਕਿ ਇਕ ਨਿਰਦੋਸ਼ ਨਾਰੀ ਦੀ ਲਾਸ਼ ਦੀ ਪਰਛਾਈ ਗੋਡਿਆਂ ਪਰਨੇ ਹੋਈ ਚੰਨ ਨੂੰ ਨਿਹਾਰ ਰਹੀ ਸੀ। ਮੈਂ ਉਸ ਕੋਲ ਗਿਆ ਤੇ ਪੁੱਛਿਆ, “ਤੇਰਾ ਨਾਂ ਕੀ ਹੈ ?”

“ਮੇਰਾ ਨਾਂ ਆਜ਼ਾਦੀ ਹੈ,” ਇਕ ਮ੍ਰਿਤਕ ਦੀ ਡਰਾਉਣੀ ਪਰਛਾਈ ਬੋਲੀ। ਮੈਂ ਅੱਗੋਂ ਪੁੱਛਿਆ, “ਤੇਰੇ ਬੱਚੇ ਕਿੱਥੇ ਹਨ ?”

ਆਜ਼ਾਦੀ ਨੇ ਅੱਖਾਂ ਵਿਚ ਹੰਝੂ ਭਰੀ ਨਿਤਾਣੀ ਜਿਹੀ ਆਵਾਜ਼ ਵਿਚ ਕਿਹਾ, “ਇਕ ਬੱਚੇ ਨੂੰ ਸੂਲੀ ਚੜ੍ਹਾ ਦਿੱਤਾ ਗਿਆ, ਦੂਸਰਾ ਪਾਗਲ ਹੋ ਕੇ ਮਰ ਗਿਆ ਅਤੇ ਤੀਸਰਾ ਹਾਲਾਂ ਜੰਮਿਆ ਹੀ ਨਹੀਂ।”

ਉਹ ਕੁਝ ਹੋਰ ਬੁੜਬੁੜਾਉਂਦੀ ਤੇ ਲੰਗੜਾਉਂਦੀ ਹੋਈ ਅੱਗੇ ਨੂੰ ਤੁਰ ਗਈ ਪਰ ਮੇਰੀਆਂ ਅੱਖਾਂ ਧੁੰਦਲਾ ਗਈਆਂ ਅਤੇ ਦਿਲ ਦੀ ਪੀੜ ਨੇ ਮੈਨੂੰ ਕੁਝ ਹੋਰ ਵੇਖਣ ਸੁਣਨ ਤੋਂ ਨਕਾਰਾ ਕਰ ਦਿੱਤਾ।

ਸ਼ੈਤਾਨ

ਲੋਕ ਫ਼ਾਦਰ ਏਸਮਾਨ ਨੂੰ ਅਧਿਆਤਮਕ ਖੇਤਰ ਵਿਚ, ਪਰਮਾਰਥਕ ਮਸਲਿਆਂ ਲਈ ਆਪਣਾ ਰਹਿਨੁਮਾ ਸਮਝਦੇ ਸਨ ਕਿਉਂਕਿ ਉਹ ਇਕ ਵਿਦਵਾਨ ਸੀ ਅਤੇ ਖਿਮਾਯੋਗ ਤੇ ਜਾਨ-ਲੇਵਾ ਪਾਪਾਂ ਬਾਰੇ ਗੂੜ੍ਹ ਗਿਆਨ ਦਾ ਸੋਮਾ ਵੀ ਸੀ। ਸਵਰਗ, ਨਰਕ ਅਤੇ ਪ੍ਰਾਸ਼ਚਿਤ ਦੇ ਭੇਦਾਂ ਤੋਂ ਉਹ ਪੂਰੀ ਤਰ੍ਹਾਂ ਜਾਣੂ ਸੀ।

ਉੱਤਰੀ ਲੈਬਨਾਨ ਵਿਖੇ ਰਹਿੰਦਿਆਂ ਫ਼ਾਦਰ ਏਸਮਾਨ ਦਾ ਜੀਵਨ ਉਦੇਸ਼ ਸੀ ਇਕ ਪਿੰਡ ਤੋਂ ਦੂਸਰੇ ਪਿੰਡ ਤਕ ਜਾਣਾ, ਲੋਕਾਂ ਵਿਚ ਪਾਪ ਵਰਗੀ ਅਧਿਆਤਮਕ ਬੁਰਾਈ ਵਿਰੁੱਧ ਪ੍ਰਚਾਰ ਕਰਨਾ, ਉਸਦਾ ਇਲਾਜ ਕਰਨਾ ਅਤੇ ਉਨ੍ਹਾਂ ਨੂੰ ਸ਼ੈਤਾਨ ਦੇ ਭਿਆਨਕ ਸ਼ਿਕੰਜੇ ‘ਚੋਂ ਬਚਾਉਣਾ। ਸਤਿਕਾਰਤ ਫ਼ਾਦਰ ਦੀ ਸ਼ੈਤਾਨ ਵਿਰੁੱਧ ਨਿਰੰਤਰ ਜੰਗ ਜਾਰੀ ਰਹਿੰਦੀ। ਕਿਸਾਨ, ਪਾਦਰੀ ਦੀ ਬੜੀ ਇੱਜ਼ਤ ਤੇ ਮਾਣ ਕਰਦੇ ਤੇ ਹਮੇਸ਼ਾ ਸੋਨੇ ਚਾਂਦੀ ਦੇ ਸਿੱਕਿਆਂ ਬਦਲੇ ਉਸਦਾ ਸਲਾਹ ਮਸ਼ਵਰਾ ਲੈਣ ਲਈ ਉਤਸੁਕ ਰਹਿੰਦੇ ਅਤੇ ਹਰ ਫ਼ਸਲ ਦੀ ਕਟਾਈ ‘ਤੇ ਉਸਨੂੰ ਆਪਣੇ ਬਾਗ਼ਾਂ ਦੇ ਵਧੀਆ ਫਲ ਤੋਹਫ਼ੇ ਵਜੋਂ ਭੇਜਦੇ।

ਪੱਤਝੜ ਦੀ ਇਕ ਸ਼ਾਮ ਨੂੰ ਜਦੋਂ ਫ਼ਾਦਰ ਏਸਮਾਨ ਘਾਟੀਆਂ ਅਤੇ ਪਹਾੜੀਆਂ ਪਾਰ ਕਰਦਾ ਹੋਇਆ ਦੂਰ-ਦੁਰਾਡੇ ਪਿੰਡ ਵੱਲ ਜਾ ਰਿਹਾ ਸੀ ਤਾਂ ਉਸਨੂੰ ਸੜਕ ਦੇ ਇਕ ਪਾਸੇ ਖੱਡ ਵੱਲੋਂ ਆਉਂਦੀ ਦਰਦਨਾਕ ਆਵਾਜ਼ ਸੁਣਾਈ ਦਿੱਤੀ। ਉਹ ਖਲੋ ਗਿਆ ਅਤੇ ਆਵਾਜ਼ ਵਾਲੇ ਪਾਸੇ ਵੇਖਿਆ ਜਿਥੇ ਇਕ ਮਨੁੱਖ ਨੰਗ ਧੜੰਗਾ ਜ਼ਮੀਨ ‘ਤੇ ਪਿਆ ਸੀ। ਉਸਦੇ ਸਿਰ ਅਤੇ ਛਾਤੀ ਵਿਚਲੇ ਜ਼ਖ਼ਮਾਂ ‘ਚੋਂ ਖੂਨ ਦੀਆਂ ਤਤੀਰੀਆਂ ਵਹਿ ਰਹੀਆਂ ਸਨ ਤੇ ਉਹ ਦਰਦ ਭਰੀ ਆਵਾਜ਼

ਵਿਚ ਮਦਦ ਲਈ ਪੁਕਾਰ ਰਿਹਾ ਸੀ :

“ਮੈਨੂੰ ਬਚਾਓ, ਮੇਰੀ ਮਦਦ ਕਰੋ। ਮੇਰੇ ‘ਤੇ ਦਇਆ ਕਰੋ, ਮੈਂ ਮਰ ਰਿਹਾ ਹਾਂ।” ਫ਼ਾਦਰ ਏਸਮਾਨ ਨੇ ਉਸ ਵੱਲ ਹੈਰਾਨੀ ਨਾਲ ਦੇਖਿਆ ਅਤੇ ਆਪਣੇ ਮਨ ਵਿਚ ਸੋਚਿਆ, “ਇਹ ਮਨੁੱਖ ਜ਼ਰੂਰ ਕੋਈ ਚੋਰ ਹੋਵੇਗਾ…..ਇਹ ਜ਼ਰੂਰ ਰਾਹ ਚੱਲਦਿਆਂ ਨੂੰ ਲੁੱਟਣ ਵਿਚ ਕਾਮਯਾਬ ਰਿਹਾ ਹੋਵੇਗਾ। ਕਿਸੇ ਨੇ ਇਸਨੂੰ ਜ਼ਖ਼ਮੀ ਕੀਤਾ ਹੈ ਅਤੇ ਮੈਨੂੰ ਡਰ ਹੈ ਕਿ ਜੇ ਇਹ ਮਰ ਗਿਆ ਤਾਂ ਇਸਦੀ ਮੌਤ ਦਾ ਜਿੰਮੇਵਾਰ ਮੈਨੂੰ ਸਮਝਿਆ ਜਾਏਗਾ।”

ਫ਼ਾਦਰ ਨੇ ਹਾਲਾਤ ਦਾ ਜਾਇਜ਼ਾ ਲੈਣ ਪਿੱਛੋਂ ਆਪਣਾ ਰਾਹ ਫੜਿਆ।

ਪਰ ਮਰ ਰਹੇ ਮਨੁੱਖ ਨੇ ਉਸਨੂੰ ਰੁਕਣ ਲਈ ਵਾਸਤਾ ਪਾਇਆ ਅਤੇ ਕਿਹਾ, “ਮੈਨੂੰ ਛੱਡ ਕੇ ਨਾ ਜਾਹ। ਮੈਂ ਮਰਨ ਕਿਨਾਰੇ ਹਾਂ।” ਫ਼ਾਦਰ ਏਸਮਾਨ ਨੇ ਫਿਰ ਸੋਚਿਆ ਅਤੇ ਇਹ ਸੋਚ ਕੇ ਉਸਦਾ ਰੰਗ ਫੱਕ ਹੋ ਗਿਆ ਕਿ ਉਹ ਉਸਦੀ ਮਦਦ ਕਰਨ ਤੋਂ ਇਨਕਾਰੀ ਸੀ। ਉਸਦੇ ਹੋਂਠ ਕੰਬੇ, ਪਰ ਉਸਨੇ ਫਿਰ ਆਪਣੇ ਦਿਲ ਵਿਚ ਸੋਚਿਆ, “ਇਹ ਜ਼ਰੂਰ ਕੋਈ ਪਾਗਲ ਹੋਵੇਗਾ ਜੋ ਜੰਗਲ ਵਿਚ ਘੁੰਮ ਰਿਹਾ ਹੈ। ਇਸਦੇ ਜ਼ਖ਼ਮਾਂ ਨੂੰ ਦੇਖ ਕੇ ਮੈਨੂੰ ਡਰ ਲੱਗਦਾ ਹੈ, ਮੈਂ ਕੀ ਕਰਾਂ ? ਯਕੀਨਨ ਇਕ ਅਧਿਆਤਮਕ ਡਾਕਟਰ ਸਰੀਰਕ ਜ਼ਖ਼ਮਾਂ ਦਾ ਇਲਾਜ ਕਰਨ ਤੋਂ ਅਸਮਰਥ ਹੈ।” ਫ਼ਾਦਰ ਏਸਮਾਨ ਨੇ ਹਾਲਾਂ ਕੁਝ ਹੀ ਕਦਮ ਅੱਗੇ ਪੁੱਟੇ ਹੋਣਗੇ ਕਿ ਮਰਨ ਕੰਢੇ ਪਏ ਵਿਅਕਤੀ ਨੇ ਦਰਦ ਭਰੀ ਆਵਾਜ਼ ਵਿਚ ਕੁਝ ਕਿਹਾ। ਉਸਦੀ ਆਵਾਜ਼ ਨਾਲ ਪੱਥਰ ਵੀ ਪਿਘਲ ਗਏ, ਉਸਨੇ ਕਿਹਾ, “ਮੇਰੇ ਨੇੜੇ ਆ! ਆ ਜਾ, ਅਸੀਂ ਬਹੁਤ ਦੇਰ ਪਹਿਲਾਂ ਤੋਂ ਦੋਸਤ ਰਹਿ ਚੁੱਕੇ ਹਾਂ। …..ਤੂੰ ਫ਼ਾਦਰ ਏਸਮਾਨ ਹੈਂ ਇਕ ਚੰਗਾ ਚਰਵਾਹਾ ਅਤੇ ਮੈਂ ਨਾ ਹੀ ਚੋਰ ਹਾਂ ਨਾ ਹੀ ਪਾਗਲ ਆਦਮੀ…..ਨੇੜੇ ਆ ਅਤੇ ਮੈਨੂੰ ਇਸ ਉਜਾੜ ਥਾਂ ‘ਤੇ ਮਰਨ ਲਈ ਛੱਡ ਕੇ ਨਾ ਜਾਹ। ਆ ਮੈਂ ਤੈਨੂੰ ਆਪਣੇ ਬਾਰੇ ਸਭ ਕੁਝ ਦੱਸਦਾ ਹਾਂ।”

ਫ਼ਾਦਰ ਏਸਮਾਨ ਉਸ ਆਦਮੀ ਦੇ ਨੇੜੇ ਆਇਆ, ਝੁਕਿਆ ਅਤੇ ਇਕ ਟੱਕ ਉਸ ਵੱਲ ਵੇਖਿਆ ਪਰ ਉਸਨੂੰ ਉਸ ਵਿਅਕਤੀ ਦੇ ਅਜੀਬ ਜਿਹੇ ਚਿਹਰੇ ਉੱਤੇ ਕੁਝ ਹੋਰ ਹੀ ਚਿੰਨ੍ਹ ਨਜ਼ਰ ਆਏ। ਉਸਨੂੰ ਉਸ ਵਿਚ ਸਿਆਣਪ ਦੇ ਨਾਲ ਦਗ਼ੇਬਾਜ਼ੀ, ਬਦਸੂਰਤੀ ਦੇ ਨਾਲ ਖ਼ੂਬਸੂਰਤੀ ਅਤੇ ਦੁਸ਼ਟਤਾ ਦੇ ਨਾਲ ਨਿਮਰਤਾ ਨਜ਼ਰ ਆਈ। ਉਹ ਉਲਟੇ ਪੈਰ ਉਸ ਕੋਲੋਂ ਤੇਜ਼ੀ ਨਾਲ ਪਿੱਛੇ ਹਟ ਗਿਆ ਅਤੇ ਹੈਰਾਨ ਹੋ ਕੇ ਪੁੱਛਿਆ, “ਤੂੰ ਕੌਣ ਏਂ ?”

ਕਮਜ਼ੋਰ ਜਿਹੀ ਆਵਾਜ਼ ਵਿਚ ਮਰ ਰਹੇ ਵਿਅਕਤੀ ਨੇ ਕਿਹਾ, “ਮੇਰੇ ਕੋਲੋਂ ਡਰ ਨਾ, ਫ਼ਾਦਰ। ਅਸੀਂ ਬਹੁਤ ਪਹਿਲਾਂ ਤੋਂ ਪੱਕੇ ਮਿੱਤਰ ਰਹੇ ਹਾਂ। ਮੈਨੂੰ ਹੱਥ ਦੇ ਕੇ ਖੜਾ ਕਰਨ ਵਿਚ ਮੇਰੀ ਮਦਦ ਕਰ, ਮੈਨੂੰ ਨੇੜੇ ਦੇ ਝਰਨੇ ਕੋਲ ਲੈ ਚੱਲ ਤੇ ਕਿਸੇ ਕੱਪੜੇ ਨਾਲ ਜ਼ਖ਼ਮ ਸਾਫ਼ ਕਰ ਦੇਹ।”

ਯੂਰੂ ਪਰ ਫ਼ਾਦਰ ਨੇ ਪੁੱਛ-ਗਿੱਛ ਕੀਤੀ, “ਮੈਨੂੰ ਦੱਸ ਤੂੰ ਕੌਣ ਹੈਂ, ਕਿਉਂਕਿ ਮੈਂ ਤੈਨੂੰ ਨਹੀਂ ਜਾਣਦਾ, ਨਾ ਹੀ ਮੈਨੂੰ ਯਾਦ ਹੈ ਕਦੇ ਤੈਨੂੰ ਮੈਂ ਦੇਖਿਆ ਹੋਵੇ।”

ਵਿਅਕਤੀ ਨੇ ਤੜਫ਼ਦੀ ਹੋਈ ਆਵਾਜ਼ ਵਿਚ ਕਿਹਾ, “ਤੂੰ ਮੇਰੀ ਸ਼ਖ਼ਸੀਅਤ ਤੋਂ ਜਾਣੂ ਏਂ, ਤੂੰ ਮੈਨੂੰ ਹਜ਼ਾਰ ਵਾਰ ਵੇਖਿਆ ਏ ਅਤੇ ਹਰ ਰੋਜ਼ ਤੂੰ ਮੇਰੀਆਂ ਗੱਲਾਂ ਕਰਦਾ ਏਂ, ਮੈਂ ਤੈਨੂੰ ਤੇਰੇ ਆਪਣੇ ਜੀਵਨ ਤੋਂ ਵੀ ਵੱਧ ਪਿਆਰਾ ਹਾਂ।” ਫ਼ਾਦਰ ਨੇ ਉਸ ਨੂੰ ਫਿਟਕਾਰ ਪਾਈ, “ਤੂੰ ਇਕ ਝੂਠਾ ਪਾਖੰਡੀ ਹੈਂ, ਇਕ ਮਰ ਰਹੇ ਵਿਅਕਤੀ ਨੂੰ ਸੱਚ ਬੋਲਣਾ ਚਾਹੀਦਾ ਹੈ…..ਮੈਂ ਆਪਣੇ ਸਾਰੇ ਜੀਵਨ ਵਿਚ ਤੇਰਾ ਇਹ ਕਰੂਪ ਚਿਹਰਾ ਕਦੀ ਨਹੀਂ ਦੇਖਿਆ। ਮੈਨੂੰ ਦੱਸ ਤੂੰ ਕੌਣ ਏਂ, ਨਹੀਂ ਤਾਂ ਮੈਂ ਤੈਨੂੰ ਤੜਪ-ਤੜਪ ਕੇ ਮਰਨ ਲਈ ਛੱਡ ਦਿਆਂਗਾ, ਜੀਵਨ ਦੇ ਬਚਦੇ ਸਾਹਵਾਂ ਲਈ ਵੀ ਤੜਫ਼ਦਾ ਰਹੇਂਗਾ।” ਜ਼ਖ਼ਮੀ ਵਿਅਕਤੀ ਹੌਲੀ ਜਿਹੀ ਹਿੱਲਿਆ ਤੇ ਉਸਨੇ ਪਾਦਰੀ ਦੀਆਂ ਅੱਖਾਂ ਵਿਚ ਝਾਕਿਆ, ਉਸ ਦੇ ਹੋਠਾਂ ‘ਤੇ ਖਚਰੀ ਜਿਹੀ ਮੁਸਕਾਨ ਆਈ ਅਤੇ ਉਸ ਨੇ ਸ਼ਾਂਤ, ਗੰਭੀਰ ਅਤੇ ਠਹਿਰੀ ਹੋਈ ਆਵਾਜ਼ ਵਿਚ ਕਿਹਾ, “ਮੈਂ ਸ਼ੈਤਾਨ ਹਾਂ।”

ਰੋ ‘ਸ਼ੈਤਾਨ’ ਸ਼ਬਦ ਸੁਣ ਕੇ ਫ਼ਾਦਰ ਏਸਮਾਨ ਦੇ ਮੂੰਹੋਂ ਭਿਆਨਕ ਚੀਕ ਨਿਕਲੀ ਜੋ ਘਾਟੀ ਦੇ ਦੂਰ ਕੋਨਿਆਂ ਤਕ ਗੂੰਜ ਗਈ ਤੇ ਉਹ ਨਿਰੰਤਰ ਵੇਖਦਾ ਰਿਹਾ ਅਤੇ ਉਸ ਤਸੱਵਰ ਕੀਤਾ ਕਿ ਮਰ ਰਹੇ ਵਿਅਕਤੀ ਦੇ ਸਰੀਰ ਦਾ ਵਿਗੜਿਆ ਰੂਪ ਉਸ ਸ਼ੈਤਾਨ ਨਾਲ ਮਿਲਦਾ ਜੁਲਦਾ ਸੀ ਜੋ ਉਸ ਨੇ ਪਿੰਡ ਦੇ ਚਰਚ ਦੀ ਦੀਵਾਰ ਉੱਤੇ ਟੰਗੀ ਤਸਵੀਰ ਵਿੱਚੋਂ ਵੇਖਿਆ ਸੀ। ਉਹ ਕੰਬ ਉਠਿਆ ਤੇ ਚੀਕ ਕੇ ਕਿਹਾ, “ਪਰਮਾਤਮਾ ਨੇ ਮੈਨੂੰ ਤੇਰੀ ਨਰਕੀ ਸ਼ਕਲ ਵਿਖਾ ਦਿੱਤੀ ਹੈ ਅਤੇ ਮੇਰੇ ਦਿਲ ਵਿਚ ਤੇਰੇ ਲਈ ਨਫ਼ਰਤ ਪੈਦਾ ਹੋ ਗਈ ਹੈ। ਮੈਂ ਤੈਨੂੰ ਹਮੇਸ਼ਾ ਫਿਟਕਾਰਾਂਗਾ। ਬਿਮਾਰ ਭੇਡ ਚਰਵਾਹੇ ਦੇ ਹੱਥੋਂ ਖ਼ਤਮ ਹੋ ਜਾਣੀ ਚਾਹੀਦੀ ਹੈ ਤਾਂ ਕਿ ਸਾਰੇ ਵੱਗ ਵਿਚ ਬੀਮਾਰੀ ਨਾ ਫੈਲਾਏ।”

ਸ਼ੈਤਾਨ ਨੇ ਉੱਤਰ ਦਿੱਤਾ, “ਕਾਹਲੀ ਨਾ ਕਰ, ਫ਼ਾਦਰ ! ਖੋਖਲੀਆਂ ਗੱਲਾਂ ਕਰਕੇ ਥੋੜ੍ਹੇ ਜਿਹੇ ਸਮੇਂ ਨੂੰ ਹੱਥੋਂ ਗਵਾ ਨਾ…ਆ ਅਤੇ ਇਸ ਤੋਂ ਪਹਿਲਾਂ ਕਿ ਮੇਰੇ ਸਰੀਰ ਵਿੱਚੋਂ ਮੇਰੇ ਪ੍ਰਾਣ ਨਿਕਲਣ, ਮੇਰੇ ਜ਼ਖ਼ਮਾਂ ਉੱਤੇ ਮਲ੍ਹਮ ਪੱਟੀ ਕਰ ਦੇਹ।” ਤੇ ਪਾਦਰੀ ਨੇ ਤੁਰੰਤ ਉੱਤਰ ਦਿੱਤਾ, “ਉਹ ਹੱਥ ਜਿਹੜੇ ਰੋਜ਼ ਪ੍ਰਾਰਥਨਾ ਲਈ ਜੁੜਦੇ ਹਨ, ਤੇਰੇ ਨਰਕੀ ਸਰੀਰ ਨੂੰ ਨਹੀਂ ਛੁਹਣਗੇ…..ਤੈਨੂੰ ਲੋਕਾਂ ਦੇ ਸਰਾਪ ਅਤੇ ਇਨਸਾਨੀਅਤ ਦੀਆਂ ਬਦ-ਦੁਆਵਾਂ ਲੱਗਣ ਕਾਰਨ ਮਰ ਜਾਣਾ ਚਾਹੀਦਾ ਹੈ, ਕਿਉਂਕਿ ਤੂੰ ਮਨੁੱਖਤਾ ਦਾ ਦੁਸ਼ਮਣ ਹੈਂ ਅਤੇ ਤੂੰ ਇਹ ਫ਼ੈਸਲਾ ਕੀਤਾ ਹੋਇਆ ਹੈ ਕਿ ਚੰਗਿਆਈ ਨੂੰ ਖ਼ਤਮ ਕਰਨਾ ਹੈ।”

ਸ਼ੈਤਾਨ ਦਰਦ ਅਤੇ ਗ਼ੁੱਸੇ ਵਿਚ ਹਿੱਲਿਆ ਅਤੇ ਇਕ ਕੁਹਣੀ ਦੇ ਭਾਰ ਉੱਠਦੇ ਹੋਏ ਕਹਿਣ ਲੱਗਾ, “ਤੈਨੂੰ ਸ਼ਾਇਦ ਪਤਾ ਨਹੀਂ ਕਿ ਤੂੰ ਕੀ ਕਹਿ ਰਿਹਾ ਏਂ, ਨਾ ਹੀ ਸਮਝਦਾ ਏਂ ਕਿ ਤੂੰ ਕਿੱਡਾ ਵੱਡਾ ਗੁਨਾਹ ਕਰ ਰਿਹਾ ਏਂ। ਧਿਆਨ ਨਾਲ ਸੁਣ। ਮੈਂ ਆਪਣੀ ਜੀਵਨ ਕਥਾ ਤੈਨੂੰ ਸੁਣਾਉਂਦਾ ਹਾਂ, “ਅੱਜ ਮੈਂ ਇਸ ਸੁੰਨਸਾਨ ਵਾਦੀ ਵਿਚ ਇਕੱਲਾ ਘੁੰਮ ਰਿਹਾ ਸਾਂ। ਜਦੋਂ ਮੈਂ ਇਸ ਜਗ੍ਹਾ ‘ਤੇ ਪੁੱਜਾ, ਦੈਵੀ ਦਿੱਖ ਵਾਲੇ ਇਕ ਗਰੁੱਪ ਨੇ ਮੇਰੇ ‘ਤੇ ਹਮਲਾ ਕਰ ਕੇ ਮੈਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਉਹਨਾਂ ਵਿੱਚੋਂ ਇਕ ਕੋਲ, ਜੇ ਦੋਧਾਰੀ ਤਿੱਖੀ ਚਮਕਦੀ ਤਲਵਾਰ ਨਾ ਹੁੰਦੀ ਤਾਂ ਮੈਂ ਉਨ੍ਹਾਂ ਨੂੰ ਦੂਰ ਭਜਾ ਦਿੰਦਾ, ਪਰ ਚਮਕਦੀ ਤਲਵਾਰ ਅੱਗੇ ਮੇਰੀ ਕੋਈ ਪੇਸ਼ ਨਹੀਂ ਜਾਂਦੀ।” ਅਤੇ ਸ਼ੈਤਾਨ ਗੱਲਾਂ ਕਰਦਾ ਕਰਦਾ ਥੋੜ੍ਹੀ ਦੇਰ ਲਈ ਰੁਕਿਆ ਤੇ ਆਪਣੇ ਇਕ ਪਾਸੇ ਵੱਲ ਹੋਏ ਡੂੰਘੇ ਜ਼ਖ਼ਮ ਨੂੰ ਕੰਬਦਾ ਹੱਥ ਰੱਖ ਕੇ ਦਬਾਇਆ। ਉਸਨੇ ਫਿਰ ਬੋਲਣਾ ਜਾਰੀ ਰੱਖਿਆ, “ਉਹ ਹਥਿਆਰ ਵਾਲਾ ਦੇਵਤਾ…..ਮੇਰਾ ਖ਼ਿਆਲ ਹੈ ਮੀਚੇਲ ਸੀ…..ਜੋ ਕਿ ਮਾਹਿਰ ਤਲਵਾਰਬਾਜ਼ ਸੀ। ਜੇ ਮੈਂ ਉਸ ਵੇਲੇ ਧਰਤੀ ਉੱਤੇ ਡਿੱਗ ਕੇ ਮਰੇ ਹੋਣ ਦਾ ਬਹਾਨਾ ਨਾ ਕਰਦਾ ਤਾਂ ਉਹ ਮੈਨੂੰ ਕੁੱਤੇ ਦੀ ਮੌਤ ਮਾਰ ਦਿੰਦਾ।”

ਜੇਤੂ ਆਵਾਜ਼ ਵਿਚ ਆਕਾਸ਼ ਵੱਲ ਵੇਖਦੇ ਹੋਏ ਫ਼ਾਦਰ ਨੇ ਪ੍ਰਾਰਥਨਾ ਕੀਤੀ, “ਜਿਉਂਦਾ ਰਹੇ ਮੀਚੇਲ ਜਿਸ ਨੇ ਤੇਰੇ ਜਿਹੇ ਜ਼ਾਲਮ ਦੁਸ਼ਮਣ ਹੱਥੋਂ ਮਨੁੱਖਤਾ ਦੀ ਰੱਖਿਆ ਕੀਤੀ ਹੈ।”

ਪਰ ਸ਼ੈਤਾਨ ਨੇ ਉਸਦੀ ਗੱਲ ਨੂੰ ਵਿੱਚੋਂ ਕੱਟਿਆ, “ਮਨੁੱਖਤਾ ਲਈ ਮੇਰੀ ਨਫ਼ਰਤ ਇਸ ਤੋਂ ਵਧੇਰੇ ਨਹੀਂ ਜੋ ਤੇਰੀ ਤੇਰੇ ਆਪਣੇ ਪ੍ਰਤੀ ਹੈ…..ਤੂੰ ਉਸ ਮੀਚੇਲ ਦਾ ਧੰਨਵਾਦ ਕਰ ਰਿਹਾ ਏਂ ਜੋ ਕਦੇ ਵੀ ਤੇਰੇ ਬਚਾਅ ਲਈ ਅੱਗੇ ਨਹੀਂ ਵਧਿਆ…..ਤੂੰ ਮੈਨੂੰ ਔਕੜ ਦੀ ਘੜੀ ਵਿਚ ਕੋਸ ਰਿਹਾ ਏਂ, ਭਾਵੇਂ ਕਿ ਮੈਂ ਪਹਿਲਾਂ ਵੀ ਅਤੇ ਹੁਣ ਵੀ ਤੇਰੇ ਲਈ ਸਾਂਰੀ ਤੇ ਪਾਪੀ ਦਾ ਹਾ ਇਸ ਹਾਂ ਮਦਦ ਦੇਣ ਤੋਂ ਇਨਕਾਰੀ ਏਂ ਅਤੇ ਮੈਨੂੰ ਆਪਣੀ ਹਮਦਰਦੀ ਦਾ ਪਾਤਰ ਵੀ ਨਹੀਂ ਬਣਾ ਰਿਹਾ ਪਰ ਤੂੰ ਮੇਰੀ ਹੋਂਦ ਦੀ ਛਤਰ-ਛਾਇਆ ਹੇਠ ਜੀਉਂਦਾ ਤੇ ਵੱਧ ਫੁਲ ਰਿਹਾ ਏਂ। …..ਤੂੰ ਮੇਰੀ ਹੋਂਦ ਨੂੰ ਇਕ ਬਹਾਨੇ ਆਪਣੀ ਸਫ਼ਲਤਾ ਲਈ ਹਥਿਆਰ ਵੱਜੋਂ ਅਪਣਾਇਆ ਹੈ ਅਤੇ ਆਪਣੇ ਕੰਮ ਕਰਵਾਉਣ ਲਈ ਤੂੰ ਮੇਰਾ ਨਾਂ ਵਰਤਦਾ ਏਂ। ਕੀ ਮੇਰੇ ਬੀਤੇ ਸਮੇਂ ਨੇ ਤੈਨੂੰ ਇਹ ਅਹਿਸਾਸ ਕਰਵਾਇਆ ਏ ਕਿ ਵਰਤਮਾਨ ਅਤੇ ਭਵਿੱਖ ਵਿਚ ਤੈਨੂੰ ਮੇਰੀ ਲੋੜ ਹੈ ? ਕੀ ਤੂੰ ਲੋੜੀਂਦਾ ਧਨ ਇਕੱਠਾ ਕਰਨ ਵਿਚ ਮਿਥਿਆ ਟੀਚਾ ਪੂਰਾ ਕਰ ਲਿਆ ਏ ? ਕੀ ਤੈਨੂੰ ਮੇਰੇ ਨਾਂ ਦੀ ਧਮਕੀ ਦੇਣ ਤੋਂ ਬਿਨਾ ਆਪਣੇ ਚੇਲੇ ਚਾਟੜਿਆਂ ਤੋਂ ਹੋਰ ਸੋਨਾ, ਚਾਂਦੀ ਇਕੱਠਾ ਕਰਨਾ ਅਸੰਭਵ ਨਹੀਂ ਜਾਪਦਾ ?

“ਕੀ ਤੂੰ ਇਹ ਅਨੁਭਵ ਨਹੀਂ ਕਰਦਾ ਕਿ ਜੇ ਮੈਂ ਮਰ ਗਿਆ ਤਾਂ ਤੂੰ ਭੁੱਖ ਨਾਲ ਸਹਿਕ-ਸਹਿਕ ਕੇ ਮਰ ਜਾਵੇਂਗਾ? ਜੇ ਤੂੰ ਮੈਨੂੰ ਮਰਨ ਲਈ ਛੱਡ ਦੇਵੇਂਗਾ ਤਾਂ ਤੇਰੇ ਆਉਣ ਵਾਲੇ ਕਲ੍ਹ ਦਾ ਕੀ ਬਣੇਗਾ ? ਜੇ ਮੇਰਾ ਨਾਂ ਹੀ ਧਰਤੀ ਤੋਂ ਮਿੱਟ ਗਿਆ ਤਾਂ ਤੂੰ ਰੁਜ਼ਗਾਰ ਦਾ ਹੋਰ ਕਿਹੜਾ ਸਾਧਨ ਲੱਭੇਂਗਾ ?

ਸਦੀਆਂ ਤੋਂ ਤੂੰ ਇਨ੍ਹਾਂ ਪਿੰਡਾਂ ਵਿਚ ਘੁੰਮਦਾ ਫਿਰਦਾ ਇਹੋ ਪਰਚਾਰ ਲੋਕਾਂ ਵਿਚ ਕਰ ਰਿਹਾ ਏਂ ਕਿ ਇਹ ਮੇਰੇ ਕੋਲੋਂ ਬਚ ਕੇ ਰਹਿਣ, ਉਹ ਆਪਣੀ ਜ਼ਮੀਨ ਤੋਂ ਪੈਦਾ ਕੀਤੀਆਂ ਫ਼ਸਲਾਂ ਵਿਚੋਂ ਹਿੱਸਾ ਦੇ ਕੇ, ਗ਼ਰੀਬੀ ਦਾਅਵੇ ਦਾ ਦਾਨ ਕਰਕੇ, ਤੇਰੀ ਨਸੀਹਤ ਉੱਤੇ ਅਮਲ ਕਰਦੇ ਹਨ। ਜੇ ਉਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਉਹਨਾਂ ਦਾ ਬਦਮਾਸ਼ ਜਾਨੀ ਦੁਸ਼ਮਣ ਹੁਣ ਨਹੀਂ ਰਿਹਾ ਤਾਂ ਉਹ ਕੱਲ੍ਹ ਨੂੰ ਤੇਰੇ ਕੋਲੋਂ ਸਲਾਹ ਮਸ਼ਵਰਾ ਲੈਣ ਕਿਉਂ ਆਉਣਗੇ ? ਤੇਰਾ ਰੁਜ਼ਗਾਰ ਮੇਰੇ ਨਾਲ ਹੀ ਖ਼ਤਮ ਹੋ ਜਾਵੇਗਾ ਕਿਉਂਕਿ ਉਹਨਾਂ ਨੂੰ ਪਾਪ ਕਰਨ ਦੇ ਭੈਅ ਤੋਂ ਛੁਟਕਾਰਾ ਮਿਲ ਜਾਏਗਾ। ਇਕ ਪਾਦਰੀ ਦੇ ਨਾਤੇ ਕੀ ਤੂੰ ਇਹ ਮਹਿਸੂਸ ਨਹੀਂ ਕਰਦਾ ਕਿ ਕੇਵਲ ਇਕ ਸ਼ੈਤਾਨ ਦੀ ਹੋਂਦ ਕਾਰਨ ਹੀ ਉਸ ਦੇ ਦੁਸ਼ਮਣ ‘ਚਰਚ’ ਦੀ ਹੋਂਦ ਹੈ ? ਪ੍ਰਾਚੀਨ ਸਮੇਂ ਤੋਂ ਚਲੀ ਆਉਂਦੀ ਕਸ਼ਮਕਸ਼ ਹੀ ਇੱਕੋ ਰਹੱਸ ਹੈ ਜੋ ਸਿੱਧੇ-ਸਾਦੇ ਸ਼ਰਧਾਲੂਆਂ ਦੀ ਜੇਬ ਵਿੱਚੋਂ ਸੋਨਾ ਚਾਂਦੀ ਕਢਵਾਉਂਦਾ ਅਤੇ ਉਪਦੇਸ਼ਕਾਂ ਤੇ ਪਾਦਰੀਆਂ ਦੀਆਂ ਤਿਜੌਰੀਆਂ ਵਿੱਚ ਭਰਦਾ ਹੈ। ਤੂੰ ਮੈਨੂੰ ਕਿਵੇਂ ਮੌਤ ਦੇ ਹਵਾਲੇ ਕਰ ਸਕਦਾ ਏਂ ਜਦੋਂ ਕਿ ਤੂੰ ਜਾਣਦਾ ਏਂ ਕਿ ਯਕੀਨਨ ਹੈ। ਪਤੀ ਹਿੱਤ ਦਰਦ ਘਰ ਅਤੇ ਸ਼ੈਤਾਨ ਇਕ ਪਲ ਲਈ ਚੁੱਪ ਹੋ ਗਿਆ ਅਤੇ ਉਸਦੀ ਦੀਨਤਾ ਨੇ ਹੁਣ ਪੱਕੇ ਵਿਸ਼ਵਾਸ ਤੇ ਪੂਰਨ ਆਜ਼ਾਦੀ ਦਾ ਰੂਪ ਧਾਰ ਲਿਆ ਅਤੇ ਉਸ ਨੇ ਕਹਿਣਾ ਜਾਰੀ ਰੱਖਿਆ, “ਫ਼ਾਦਰ ਤੂੰ ਅਭਿਮਾਨੀ ਹੈਂ ਪਰ ਬੇ-ਸਮਝ। ਮੈਂ ਤੇਰੇ ਸਾਹਮਣੇ ‘ਵਿਸ਼ਵਾਸ’ ਦਾ ਇਤਿਹਾਸ ਖੋਲ੍ਹ ਕੇ ਰੱਖਾਂਗਾ, ਜਿਸ ਤੋਂ ਤੈਨੂੰ ਉਸ ਸੱਚਾਈ ਦਾ ਭੇਦ ਪਤਾ ਲੱਗੇਗਾ ਜੋ ਸਾਡੇ ਦੋਹਾਂ ਦੀ ਹੋਂਦ ਨੂੰ ਆਪਸ ਵਿਚ ਜੋੜਦਾ ਅਤੇ ਮੇਰੀ ਹੋਂਦ ਨੂੰ ਤੇਰੀ ਆਤਮਾ ਨਾਲ ਬੰਨ੍ਹਦਾ ਹੈ।

“ਯੁੱਗ ਦੇ ਆਰੰਭ ਤੋਂ ਹੀ ਮਨੁੱਖ ਸੂਰਜ ਦੇ ਸਾਹਮਣੇ ਆਪਣੀਆਂ ਬਾਹਵਾਂ ਫੈਲਾ ਕੇ ਖੜਾ ਹੋ ਗਿਆ ਅਤੇ ਪਹਿਲੀ ਵਾਰੀ ਚੀਕ ਕੇ ਕਿਹਾ, ‘ਦਿੱਸਦੇ ਆਕਾਸ਼ ਦੇ ਪਰਦੇ ਪਿੱਛੇ ਮਹਾਨ, ਸਨੇਹੀ ਅਤੇ ਦਇਆਲੂ ਪਰਮਾਤਮਾ ਦਾ ਵਾਸਾ ਹੈ।’ ਫਿਰ ਮਨੁੱਖ ਨੇ ਰੌਸ਼ਨੀ ਦੇ ਦਾਇਰੇ ਵੱਲ ਆਪਣੀ ਪਿੱਠ ਕਰ ਲਈ ਅਤੇ ਆਪਣਾ ਪਰਛਾਵਾਂ ਧਰਤੀ ਉੱਤੇ ਪਿਆ ਵੇਖਿਆ ਅਤੇ ਧੰਨ-ਧੰਨ ਕਰਦਿਆਂ ਕਿਹਾ, ‘ਧਰਤੀ ਦੀ ਗਹਿਰਾਈ ਵਿਚ ਕਾਲਾ ਭੂਤ ਸ਼ੈਤਾਨ ਰਹਿੰਦਾ ਹੈ ਜੋ ਸ਼ੈਤਾਨੀਅਤ ਦਾ ਪੁਜਾਰੀ ਹੈ।’

“ਅਤੇ ਮਨੁੱਖ ਆਪਣੇ ਆਪ ਵਿਚ ਇਹ ਬੁੜ-ਬੁੜਾਉਂਦਾ ਹੋਇਆ ਆਪਣੀ ਗੁਫ਼ਾ ਵੱਲ ਚਲਾ ਗਿਆ, ‘ਮੈਂ ਦੋ ਜ਼ਬਰਦਸਤ ਤਾਕਤਾਂ ਵਿਚਕਾਰ ਫਸ ਗਿਆ ਹਾਂ, ਇਕ ਉਹ ਜਿਸ ਕੋਲ ਮੈਂ ਸ਼ਰਨ ਲੈਣੀ ਹੈ, ਦੂਸਰੀ ਜਿਸ ਵਿਰੁੱਧ ਮੈਨੂੰ ਜੱਦੋ-ਜਹਿਦ ਕਰਨੀ ਪਵੇਗੀ।’ ਯੁੱਗ ਬਦਲਦੇ ਗਏ ਅਤੇ ਮਨੁੱਖ ਇਨ੍ਹਾਂ ਦੋਵਾਂ ਤਾਕਤਾਂ ਵਿਚ ਡਟਿਆ ਰਿਹਾ। ਇਕ ਉਹ ਜਿਸਨੇ ਉਸਨੂੰ ਆਸ਼ੀਰਵਾਦ ਤੇ ਖ਼ੁਸ਼ੀ ਦਿੱਤੀ ਕਿਉਂਕਿ ਇਸ ਵਿਚ ਉਸਦੀ ਭਲਾਈ ਸੀ ਅਤੇ ਇਕ ਉਹ ਜਿਸਦੀ ਉਹ ਨਿੰਦਿਆ ਕਰਦਾ ਸੀ, ਕਿਉਂਕਿ ਉਹ ਉਸ ਲਈ ਡਰਾਉਣੀ ਸਾਬਤ ਹੋਈ ਸੀ ਪਰ ਉਸ ਨੂੰ ਕਦੇ ਅਸੀਸ ਜਾਂ ਬਦ-ਅਸੀਸ ਦੇ ਅਰਥਾਂ ਦਾ ਪਤਾ ਨਾ ਲੱਗ ਸਕਿਆ। ਉਹ ਦੋਹਾਂ ਤਾਕਤਾਂ ਦੇ ਵਿਚਕਾਰ ਉਸ ਦਰੱਖ਼ਤ ਵਾਂਗ ਖੜਾ ਸੀ ਜੋ ਗਰਮੀਆਂ ਵਿਚ ਫਲਦਾ ਫੁਲਦਾ ਹੈ ਅਤੇ ਸਰਦੀਆਂ ਵਿਚ ਰੁੰਡ-ਮੁੰਡ ਹੋਇਆ ਕੰਬਦਾ ਹੈ।

“ਜਦੋਂ ਮਨੁੱਖ ਨੇ ਸਭਿਅਤਾ ਦਾ ਮੂੰਹ ਵੇਖਿਆ ਜੋ ਮਨੁੱਖ ਦੀ ਸੋਝੀ ਦਾ ਸਬੂਤ ਸੀ, ਪਰਿਵਾਰ ਇਕ ਇਕਾਈ ਵਜੋਂ ਹੋਂਦ ਵਿਚ ਆਇਆ। ਫਿਰ ਕਬੀਲੇ ਬਣੇ ਜਦੋਂ ਕਿ ਮਜ਼ਦੂਰੀ ਦੀ ਵੰਡ ਯੋਗਤਾ ਤੇ ਰੁਚੀ ਅਨੁਸਾਰ ਕੀਤੀ ਗਈ ਸੀ।

ਇਕ ਕਬੀਲਾ ਜ਼ਮੀਨ ਉਪਜਾਊ ਬਣਾਉਂਦਾ, ਦੂਸਰਾ ਰਹਿਣ ਲਈ ਮਕਾਨ, ਤੀਸਰਾ ਕੱਪੜੇ ਬੁਣਦਾ ਜਾਂ ਖ਼ੁਰਾਕ ਦੀ ਭਾਲ ਕਰਦਾ। ਬਾਅਦ ਵਿਚ ਦੈਵੀ ਸ਼ਕਤੀ ਧਰਤੀ ‘ਤੇ ਪ੍ਰਗਟ ਹੋਈ ਅਤੇ ਭਵਿੱਖ ਬਾਣੀ ਕਰਨ ਵਾਲਿਆਂ ਨੇ ਆਪਣਾ ਰੂਪ ਦਿਖਾਇਆ। ਇਹ ਮਨੁੱਖ ਰਾਹੀਂ ਅਪਣਾਇਆ ਰੋਜ਼ੀ ਦਾ ਪਹਿਲਾ ਸਾਧਨ ਸੀ ਜੋ ਦੁਨੀਆ ਦੀ ਹੋਰ ਕਿਸੇ ਵੀ ਜ਼ਰੂਰੀ ਚੀਜ਼ ਨਾਲੋਂ ਪ੍ਰਮੁੱਖ ਲੋੜ मी।”

ਸ਼ੈਤਾਨ ਕੁਝ ਦੇਰ ਲਈ ਚੁੱਪ ਹੋ ਗਿਆ। ਫਿਰ ਉਹ ਹੱਸਿਆ, ਉਸ ਦੇ ਭੱਦੇ ਹਾਸੇ ਕਾਰਨ ਦੂਰ ਦੂਰ ਤਕ ਸਾਰੀ ਘਾਟੀ ਗੂੰਜ ਉੱਠੀ, ਪਰ ਉਸ ਦੇ ਹਾਸੇ ਨੇ ਉਸਦੇ ਆਪਣੇ ਜ਼ਖ਼ਮਾਂ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ ਅਤੇ ਉਸ ਨੇ ਦਰਦ ਵਾਲੀ ਥਾਂ ‘ਤੇ ਹੱਥ ਰੱਖਿਆ। ਉਸ ਨੇ ਆਪਣੇ ਆਪ ਨੂੰ ਇਕਾਗਰਚਿਤ ਕੀਤਾ ਅਤੇ ਬੋਲਣਾ ਜਾਰੀ ਰੱਖਿਆ, “ਜੋਤਿਸ਼ ਸ਼ਕਤੀ ਧਰਤੀ ਉੱਤੇ ਬੜੇ ਅਜੀਬ ਜਿਹੇ ਢੰਗ ਨਾਲ ਪ੍ਰਗਟ ਹੋਈ ਅਤੇ ਫਿਰ ਵਧੀ ਫੁੱਲੀ।

“ਪਹਿਲੇ ਕਬੀਲੇ ਵਿਚ ਇਕ ‘ਲਾ ਵਿਸ’ ਨਾਂ ਦਾ ਮਨੁੱਖ ਸੀ। ਉਸ ਦੇ ਨਾਂ ਦਾ ਆਰੰਭ ਕਿਵੇਂ ਹੋਇਆ ਮੈਂ ਨਹੀਂ ਜਾਣਦਾ। ਉਹ ਬੜਾ ਬੁੱਧੀਮਾਨ ਸੀ ਪਰ ਬਹੁਤ ਹੀ ਆਲਸੀ ਸੀ ਅਤੇ ਉਹ ਕਾਸ਼ਤਕਾਰੀ, ਸਿਰ ਛੁਪਾਉਣ ਲਈ ਮਕਾਨ ਬਣਾਉਣ, ਪਸ਼ੂ ਚਾਰਣ ਜਾਂ ਕੋਈ ਵੀ ਅਜਿਹੇ ਕੰਮ ਨਹੀਂ ਸੀ ਕਰ ਸਕਦਾ ਜਿਸ ਵਾਸਤੇ ਸਰੀਰਕ ਬਲ ਜਾਂ ਮਿਹਨਤ ਕਰਨ ਦੀ ਲੋੜ ਪਵੇ । ਪਰ ਉਸ ਸਮੇਂ ਕਰੜੀ ਮੁਸ਼ੱਕਤ ਕਰਨ ਤੋਂ ਬਿਨਾਂ ਰੋਟੀ ਮਿਲਣੀ ਮੁਸ਼ਕਲ ਸੀ ਇਸ ਲਈ ਲਾ ਵਿਸ ਨੂੰ ਕਈ ਰਾਤਾਂ ਖ਼ਾਲੀ ਪੇਟ ਸੌਂ ਕੇ ਗੁਜ਼ਾਰਨੀਆਂ ਪੈਂਦੀਆਂ।

“ਗਰਮੀਆਂ ਦੀ ਇਕ ਰਾਤ ਨੂੰ ਜਦੋਂ ਕਿ ਉਸ ਕਬੀਲੇ ਦੇ ਸਾਰੇ ਲੋਕ ਆਪਣੇ ਮੁਖੀ ਦੀ ਝੁੱਗੀ ਦੁਆਲੇ ਇਕੱਠੇ ਹੋਏ ਸਾਰੇ ਦਿਨ ਦੀ ਹੋਈ ਬੀਤੀ ਤੇ ਪ੍ਰਾਪਤੀ ਬਾਰੇ ਗੱਲਾਂ ਕਰਦੇ ਹੋਏ ਸੌਣ ਦੀਆਂ ਤਿਆਰੀਆਂ ਵਿਚ ਸਨ ਕਿ ਇਕ ਆਦਮੀ ਛਾਲ਼ ਮਾਰ ਕੇ ਉੱਠ ਖੜਾ ਹੋਇਆ ਅਤੇ ਚੰਦਰਮਾ ਵੱਲ ਇਸ਼ਾਰਾ ਕਰਦੇ ਹੋਏ ਚੀਕ ਕੇ ਕਹਿਣ ਲੱਗਾ, ‘ਰਾਤ ਦੇ ਦੇਵਤਾ ਵੱਲ ਦੇਖੋ। ਉਸ ਦੇ ਚਿਹਰੇ ਉੱਤੇ ਹਨੇਰਾ ਛਾ ਗਿਆ ਹੈ ਅਤੇ ਉਸਦੀ ਸੁੰਦਰਤਾ ਖ਼ਤਮ ਹੋ ਗਈ ਹੈ, ਉਹ ਆਕਾਸ਼ ਦੀ ਛੱਤ ਉੱਤੇ ਲਟਕਦਾ ਹੋਇਆ ਕਾਲਾ ਪੱਥਰ ਜਿਹਾ ਪਿਆ ਹੋਇਆ ਜਾਪਦਾ ਹੈ ।’ ਇਕੱਠੀ ਹੋਈ ਭੀੜ ਨੇ ਚੰਦ ਵੱਲ ਵੇਖਿਆ, ਭੈ-ਭੀਤ ਹੋ ਕੇ ਚੀਕ ਪਏ ਅਤੇ ਡਰ ਨਾਲ ਕੰਬਣ ਲੱਗੇ ਜਿਵੇਂ ਕਿ ਹਨੇਰੇ ਦੇ ਪੰਜਿਆਂ ਨੇ ਉਨ੍ਹਾਂ ਦੇ ਦਿਲਾਂ ਨੂੰ ਸ਼ਿਕੰਜੇ ਵਿਚ ਜਕੜ ਲਿਆ ਹੋਵੇ। ਉਨ੍ਹਾਂ ਨੇ ਦੇਖਿਆ ਕਿ ਰਾਤ ਦਾ ਦੇਵਤਾ ਹੌਲੀ-ਹੌਲੀ ਕਾਲੇ ਗੇਂਦ ਦੇ ਰੂਪ ਵਿਚ ਬਦਲ ਕੇ, ਧਰਤੀ ਦੇ ਚਮਕਦਾਰ ਮੂੰਹ-ਮੁਹਾਂਦਰੇ ਨੂੰ ਢੱਕ ਕੇ ਕਾਲੇ ਪਰਦੇ ਹੇਠ ਘਾਟੀਆਂ ਤੇ ਚੋਟੀਆਂ ਨੂੰ ਅੱਖੋਂ ਉਹਲੇ ਕਰ ਰਿਹਾ ਹੈ।

“ਉਸੇ ਵੇਲੇ ਲਾ ਵਿਸ, ਜਿਸ ਨੇ ਗ੍ਰਹਿਣ ਲੱਗਦਾ ਪਹਿਲਾਂ ਵੀ ਵੇਖਿਆ ਸੀ ਅਤੇ ਇਸਦਾ ਕਾਰਨ ਜਾਣਦਾ ਸੀ, ਇਸ ਮੌਕੇ ਦਾ ਫ਼ਾਇਦਾ ਉਠਾਉਣ ਲਈ ਅੱਗੇ ਵਧਿਆ। ਉਹ ਭੀੜ ਦੇ ਵਿਚਕਾਰ ਖੜਾ ਹੋ ਗਿਆ ਅਤੇ ਆਪਣੇ ਹੱਥ ਆਕਾਸ਼ ਵੱਲ ਕਰ ਕੇ ਉੱਚੀ ਆਵਾਜ਼ ਵਿਚ ਉਹਨਾਂ ਨੂੰ ਸੰਬੋਧਨ ਕਰਦਿਆਂ ਕਹਿਣ ਲੱਗਾ, “ਗੋਡਿਆਂ ਭਾਰ ਬੈਠ ਕੇ ਪ੍ਰਾਰਥਨਾ ਕਰੋ ਕਿਉਂਕਿ ਬੁਰਾਈ ਦਾ ਦੇਵਤਾ ਚਮਕਦਾਰ ਰਾਤ ਦੇ ਦੇਵਤੇ ਨਾਲ ਉਲਝ ਗਿਆ ਹੈ, ਜੇ ਬੁਰਾਈ ਦਾ ਦੇਵਤਾ ਜਿੱਤ ਜਾਂਦਾ ਹੈ ਤਾਂ ਅਸੀਂ ਸਾਰੇ ਤਬਾਹ ਹੋ ਜਾਵਾਂਗੇ, ਪਰ ਜੇ ਰਾਤ ਦਾ ਦੇਵਤਾ ਉਸ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਤਾਂ ਅਸੀਂ ਸਾਰੇ ਜਿਉਂਦੇ ਰਹਿ ਸਕਾਂਗੇ…..ਪ੍ਰਥਨਾ ਤੇ ਪੂਜਾ ਕਰੋ…..ਆਪਣੇ ਚਿਹਰੇ ਢੱਕ ਲਵੋ….. ਆਪਣੀਆਂ ਅੱਖਾਂ ਬੰਦ ਕਰ ਲਵੋ ਅਤੇ ਆਪਣੇ ਸਿਰ ਆਕਾਸ਼ ਵੱਲ ਨਾ ਚੁੱਕੋ ਕਿਉਂਕਿ ਜਿਸ ਨੇ ਵੀ ਦੋਹਾਂ ਦੇਵਤਿਆਂ ਨੂੰ ਉਲਝਦਿਆਂ ਦੇਖ ਲਿਆ, ਉਹ ਆਪਣੀਆਂ ਅੱਖਾਂ ਦੀ ਜੋਤ ਤੇ ਸੋਚ ਸ਼ਕਤੀ ਗਵਾ ਲਵੇਗਾ ਅਤੇ ਸਾਰੀ ਜ਼ਿੰਦਗੀ ਅੰਨ੍ਹਾ ਤੇ ਪਾਗਲ ਹੋ ਜਾਏਗਾ। ਆਪਣੇ ਸਿਰ ਝੁਕਾ ਲਵੋ ਅਤੇ ਰਾਤ ਦੇ ਦੇਵਤਾ ਲਈ ਉਸ ਦੇ ਦੁਸ਼ਮਣ ਦੇ ਵਿਰੁੱਧ ਦਿਲੋਂ ਅਰਦਾਸ ਕਰੋ ਜਿਹੜਾ ਕਿ ਸਾਡਾ ਜਾਨੀ ਦੁਸ਼ਮਣ ਹੈ। ਰਾਤ ਦੇ ਦੇਵਤਾ ਦੀ ਸ਼ਕਤੀ ਲਈ ਪ੍ਰਾਰਥਨਾ ਕਰੋ।

“ਅਜਿਹਾ ਕਰਦੇ ਹੋਏ ਲਾ ਵਿਸ ਨੇ ਬੋਲਣਾ ਜਾਰੀ ਰੱਖਿਆ ਅਤੇ ਅਜਿਹੇ ਮਨਘੜਤ ਸ਼ਬਦ ਵਰਤਣ ਲੱਗਾ ਜੋ ਉਨ੍ਹਾਂ ਨੇ ਪਹਿਲਾਂ ਸੁਣੇ ਹੀ ਨਹੀਂ ਸਨ।

ਅਜਿਹੀਆਂ ਚਾਲਬਾਜ਼, ਧੋਖੇ ਵਾਲੀਆਂ ਗੱਲਾਂ ਕਰਦਿਆਂ ਹੋਇਆਂ ਜਿਉਂ ਹੀ ਚੰਦਰਮਾ ਆਪਣੀ ਸ਼ਾਨੋ-ਸ਼ੌਕਤ ਵਿਚ ਵਾਪਸ ਆਇਆ, ਲਾ ਵਿਸ ਨੇ ਪਹਿਲਾਂ ਨਾਲੋਂ ਵੀ ਉੱਚੀ ਆਵਾਜ਼ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਕਿਹਾ, ‘ਹੁਣ ਉੱਠੋ ! ਰਾਤ ਦੇ ਦੇਵਤਾ ਨੇ ਆਪਣੇ ਜ਼ਾਲਮ ਦੁਸ਼ਮਣ ਉੱਤੇ ਜਿੱਤ ਪ੍ਰਾਪਤ ਕਰ ਲਈ ਹੈ। ਉਸ ਨੇ ਤਾਰਿਆਂ ਦੀ ਦੁਨੀਆ ਵਿਚ ਆਪਣਾ ਸਫ਼ਰ ਆਰੰਭ ਕਰ ਦਿੱਤਾ ਹੈ।

ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਰਾਹੀਂ ਉਸ ਨੇ ਬੁਰਾਈ ਦੇ ਸ਼ੈਤਾਨ ਉੱਤੇ ਕਾਬੂ ਪਾਉਣ ਵਿਚ ਸਫਲਤਾ ਪ੍ਰਾਪਤ ਕਰ ਲਈ ਹੈ।

ਹੁਣ ਉਹ ਬਹੁਤ ਖ਼ੁਸ਼ ਅਤੇ ਪਹਿਲਾਂ ਨਾਲੋਂ ਵਧੇਰੇ ਉਜਲਾ ਚਮਕਦਾ ਹੈ।’

“ਭੀੜ ਉੱਠੀ ਅਤੇ ਉਹਨਾਂ ਚੰਦ ਵੱਲ ਵੇਖਿਆ ਜੋ ਆਪਣੇ ਪੂਰੇ ਜਾਹੋ- ਜਲਾਲ ’ਤੇ ਸੀ। ਉਹਨਾਂ ਦਾ ਡਰ ਕੁਝ ਘਟਿਆ ਅਤੇ ਉਹਨਾਂ ਦੀ ਮਾਨਸਿਕ ਉਲਝਣ ਹੁਣ ਖ਼ੁਸ਼ੀ ਵਿਚ ਬਦਲ ਗਈ ਸੀ। ਉਨ੍ਹਾਂ ਨੇ ਨੱਚਣਾ, ਗਾਉਣਾ ਅਤੇ ਢੋਲ ਢਮੱਕਾ ਵਜਾਉਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਦੀਆਂ ਕਿਲਕਾਰੀਆਂ ਤੇ ਰੌਲੇ ਰੱਪੇ ਦੀ ਆਵਾਜ਼ ਨਾਲ ਘਾਟੀਆਂ ਗੂੰਜ ਉੱਠੀਆਂ।

“ਉਸ ਰਾਤ ਕਬੀਲੇ ਦੇ ਮੁਖੀ ਨੇ ਲਾ ਵਿਸ ਨੂੰ ਬੁਲਾਇਆ ਅਤੇ ਕਿਹਾ, ‘ਤੂੰ ਉਹ ਕੰਮ ਕਰ ਦਿਖਾਇਆ ਹੈ ਜਿਹੜਾ ਕਿਸੇ ਹੋਰ ਆਦਮੀ ਨੇ ਪਹਿਲਾਂ ਨਹੀਂ ਕੀਤਾ…..ਤੂੰ ਅਜਿਹੇ ਛੁਪੇ ਰਹੱਸ ਦੇ ਗਿਆਨ ਨੂੰ ਪੇਸ਼ ਕੀਤਾ ਹੈ ਜਿਸ ਦੀ ਸਾਡੇ ਵਿੱਚੋਂ ਕਿਸੇ ਨੂੰ ਸਮਝ ਨਹੀਂ ਸੀ। ਮੇਰੇ ਕਬੀਲੇ ਦੇ ਲੋਕਾਂ ਦੀ ਇੱਛਾ ਨੂੰ ਸਮਝਿਆ ਹੈ, ਇਸ ਲਈ ਮੇਰੇ ਪਿੱਛੋਂ ਇਸ ਕਬੀਲੇ ਦਾ ਤੂੰ ਉੱਚ ਦਰਜੇ ਦਾ ਮੈਂਬਰ ਹੋਵੇਂਗਾ। ਮੈਂ ਸਭ ਤੋਂ ਤਾਕਤਵਰ ਹਾਂ; ਤੂੰ ਸਭ ਤੋਂ ਵੱਧ ਬੁੱਧੀਮਾਨ ਅਤੇ ਵਿਦਵਾਨ ਵਿਅਕਤੀ ਹੈਂ…..ਤੂੰ ਇਨ੍ਹਾਂ ਲੋਕਾਂ ਅਤੇ ਦੇਵਤਿਆਂ ਵਿਚ ਸੰਪਰਕ ਕਾਇਮ ਕਰਨ ਲਈ ਇਕ ਵਿਚੋਲਾ ਹੈਂ ਜਿਨ੍ਹਾਂ ਦੀਆਂ ਇੱਛਾਵਾਂ ਤੇ ਕੰਮਾਂ ਦੀ ਸਪੱਸ਼ਟ ਤੌਰ ‘ਤੇ ਵਿਆਖਿਆ ਤੂੰ ਕਰਨੀ ਹੈ। ਅਤੇ ਤੂੰ ਸਾਨੂੰ ਉਹ ਜ਼ਰੂਰੀ ਗੱਲਾਂ ਸਮਝਾਉਣੀਆਂ ਹਨ ਜਿਸ ਰਾਹੀਂ ਅਸੀਂ ਦੇਵਤਿਆਂ ਦਾ ਪਿਆਰ ਤੇ ਅਸ਼ੀਰਵਾਦ ਹਾਸਲ ਕਰ ਸਕੀਏ।’

“ਅਤੇ ਲਾ ਵਿਸ ਨੇ ਖਚਰੇ ਜਿਹੇ ਬਣ ਕੇ ਯਕੀਨ ਦਿਵਾਇਆ, ‘ਮੇਰੇ ਦੈਵੀ ਸੁਪਨਿਆਂ ਵਿਚ ਮਨੁੱਖੀ ਦੇਵਤੇ ਜੋ ਵੀ ਮੈਨੂੰ ਦੱਸਣਗੇ ਮੈਂ ਤੁਹਾਡੇ ਤਕ ਜਾਤ ਅਵਸਥਾ ਵਿਚ ਪਹੁੰਚਾ ਦਿਆਂਗਾ ਅਤੇ ਤੁਸੀਂ ਭਰੋਸਾ ਰੱਖੋ ਕਿ ਮੈਂ ਤੁਹਾਡੇ ਅਤੇ ਦੇਵਤਿਆਂ ਵਿਚ ਸਿੱਧਾ ਸੰਪਰਕ ਕਾਇਮ ਕਰਾਂਗਾ।’ ਮੁਖੀ ਨੂੰ ਉਸ ਉੱਤੇ ਯਕੀਨ ਆ ਗਿਆ ਅਤੇ ਉਸਨੇ ਲਾ ਵਿਸ ਨੂੰ ਦੋ ਸ਼ਿਕਾਰੀ ਕੁੱਤੇ, ਸੱਤ ਵੱਛੇ, ਸੱਤਰ ਭੇਡਾਂ ਅਤੇ ਲੇਲੇ ਭੇਟ ਕੀਤੇ ਅਤੇ ਉਸਨੂੰ ਕਿਹਾ, ‘ਇਸ ਕਬੀਲੇ ਦੇ ਆਦਮੀ ਤੇਰੇ ਲਈ ਬੜਾ ਵਧੀਆ ਤੇ ਪੱਕਾ ਮਕਾਨ ਬਣਾਉਣਗੇ ਅਤੇ ਹਰ ਫ਼ਸਲ ਦੀ ਕਟਾਈ ਪਿੱਛੋਂ ਤੈਨੂੰ ਫ਼ਸਲ ਦਾ ਕੁਝ ਹਿੱਸਾ ਦੇਣਗੇ ਤਾਂ ਕਿ ਤੂੰ ਇਕ ਮਾਨ ਤੇ ਤਿਕਾਰਯੋਗ ਮਾਲਕ ਵਾਂਗ ਰਹੇਂ।’

“ਲਾ ਵਿਸ ਉੱਠਿਆ ਅਤੇ ਜਾਣ ਹੀ ਲੱਗਾ ਸੀ ਕਿ ਮੁਖੀ ਨੇ ਉਸਨੂੰ ਰੋਕਿਆ ਅਤੇ ਕਿਹਾ, ‘ਉਹ ਇੱਕੋ ਇਕ ਕੀ ਅਤੇ ਕੌਣ ਹੈ ਤੂੰ ਜਿਸ ਨੂੰ ਮਨੁੱਖੀ ਦੇਵਤਾ ਕਹਿੰਦਾ ਹੈਂ ? ਉਹ ਕਿਹੜਾ ਨਿਡਰ ਦੇਵਤਾ ਹੈ ਜਿਹੜਾ ਸ਼ਾਨਦਾਰ ਰਾਤ ਦੇ ਦੇਵਤੇ ਨਾਲੋਂ ਮਹਾਨ ਹੈ ? ਅਸੀਂ ਪਹਿਲਾਂ ਉਸਨੂੰ ਕਦੇ ਗਹੁ ਨਾਲ ਨਹੀਂ ਦੇਖਿਆ ?’ ਲਾ ਵਿਸ ਨੇ ਸਿਰ ਨੂੰ ਝਟਕਦਿਆਂ ਹੋਇਆਂ ਉੱਤਰ ਦਿੱਤਾ, ‘ਮੇਰੇ ਸਤਿਕਾਰਯੋਗ ਮਾਲਕ, ਪ੍ਰਾਚੀਨ ਕਾਲ ਵਿਚ ਮਨੁੱਖ ਦੀ ਹੋਂਦ ਤੋਂ ਵੀ ਪਹਿਲਾਂ ਸਾਰੇ ਹੀ ਦੇਵਤਾ ਸਿਤਾਰਿਆਂ ਤੋਂ ਪਰ੍ਹੇ ਓਪਰੇ ਅਦਿੱਖ ਸੰਸਾਰ ਵਿਚ ਸ਼ਾਂਤੀ ਨਾਲ ਇਕੱਠੇ ਰਹਿੰਦੇ ਸਨ। ਦੇਵਤਿਆਂ ਦਾ ਦੇਵਤਾ ਉਨ੍ਹਾਂ ਦਾ ਪਿਤਾ ਸੀ ਅਤੇ ਉਹ ਅਜਿਹਾ ਕੁਝ ਜਾਣਦਾ ਸੀ ਜੋ ਹੋਰ ਦੇਵਤਾ ਨਹੀਂ ਸਨ ਜਾਣਦੇ ਅਤੇ ਉਹ ਅਜਿਹਾ ਕੁਝ ਕਰ ਸਕਦਾ ਸੀ ਜੋ ਹੋਰ ਨਹੀਂ ਸਨ ਕਰ ਸਕਦੇ। ਉਸਨੇ ਉਹ ਦੈਵੀ ਰਹੱਸ ਆਪਣੇ ਤਕ ਸੀਮਿਤ ਰੱਖੇ ਹੋਏ ਸਨ ਜੋ ਸਦੀਵੀ ਕਾਨੂੰਨਾਂ ਤੋਂ ਪਰ੍ਹੇ ਹੋਂਦ ਵਿਚ ਸਨ। ਬਾਰ੍ਹਵੀਂ ਸਦੀ ਦੇ ਸਤਵੇਂ ਯੁੱਗ ਦੇ ਸ਼ੁਰੂ ਹੋਣ ਦੌਰਾਨ ‘ਬਾਹਤਾਰ’ ਦੀ ਰੂਹ, ਜੋ ਵੱਡੇ ਦੇਵਤਾ ਨੂੰ ਨਫ਼ਰਤ ਕਰਦਾ ਸੀ, ਨੇ ਬਗ਼ਾਵਤ ਕਰ ਦਿੱਤੀ ਅਤੇ ਆਪਣੇ ਪਿਤਾ ਸਾਹਮਣੇ, ਖੜੇ ਹੋ ਕੇ ਕਹਿਣ ਲੱਗਾ, ‘ਤੁਸੀਂ ਸਾਰੇ ਜੀਵਾਂ ਉੱਤੇ ਆਪਣੀ ਤਾਕਤ ਕਾਇਮ ਕਰਨ ਨੂੰ ਆਪਣੇ ਤਕ ਸੀਮਤ ਕਿਉਂ ਕਰ ਲਿਆ ਹੈ ? ਸਾਡੇ ਕੋਲੋਂ ਬ੍ਰਹਿਮੰਡ ਦੇ ਰਹੱਸ ਤੇ ਕਾਨੂੰਨ ਛੁਪਾ ਕੇ ਕਿਉਂ ਰੱਖੇ ਹਨ ? ਕੀ ਅਸੀਂ ਤੁਹਾਡੇ ਬੱਚੇ ਨਹੀਂ ਜੋ ਤੁਹਾਡੇ ਵਿਚ ਵਿਸ਼ਵਾਸ ਰੱਖਦੇ ਅਤੇ ਤੁਹਾਡੇ ਨਾਲ ਦੁੱਖ ਸੁੱਖ, ਮਹਾਨ ਸੱਤਾ ਤੇ ਅਨੰਤ ਗਿਆਨ ਦੇ ਸਾਂਝੀਵਾਲ ਹਾਂ ?’

“ਦੇਵਤਿਆਂ ਦੇ ਦੇਵਤਾ ਨੂੰ ਗ਼ੁੱਸਾ ਆ ਗਿਆ ਅਤੇ ਉਸ ਨੇ ਕਿਹਾ, ‘ਮੈਂ ਸਾਰੀਆਂ ਤਾਕਤਾਂ, ਅਧਿਕਾਰ ਅਤੇ ਮਹੱਤਵਪੂਰਨ ਰਹੱਸ ਆਪਣੇ ਤਕ ਸੀਮਤ ਰੱਖਾਂਗਾ ਕਿਉਂਕਿ ਮੈਂ ਹੀ ਆਦਿ ਅਤੇ ਮੈਂ ਹੀ ਅੰਤ ਹਾਂ।’

“ਬਾਹਤਾਰ ਨੇ ਉਸ ਨੂੰ ਉੱਤਰ ਦਿੱਤਾ, ‘ਜਦੋਂ ਤਕ ਤੁਸੀਂ ਆਪਣੀ ਤਾਕਤ ਤੇ ਅਧਿਕਾਰਾਂ ਵਿਚ ਸਾਨੂੰ ਸਾਂਝੀਵਾਲ ਨਹੀਂ ਬਣਾਉਂਦੇ, ਮੈਂ, ਮੇਰੇ ਬੱਚੇ ਅਤੇ ਮੇਰੇ ਬੱਚਿਆਂ ਦੇ ਬੱਚੇ ਤੇਰੇ ਵਿਰੁੱਧ ਬਗ਼ਾਵਤ ਕਰਨਗੇ।’ ਉਸ ਵੇਲੇ ਦੇਵਤਿਆਂ ਦਾ ਦੇਵਤਾ ਸਵਰਗ ਵਿਚ ਆਪਣੇ ਤਖ਼ਤ ਤੋਂ ਉੱਠ ਖੜਾ ਹੋਇਆ। ਉਸ ਨੇ ਆਪਣੀ ਤਲਵਾਰ ਕੱਢੀ ਤੇ ਸੂਰਜ ਨੂੰ ਢਾਲ ਬਣਾ ਕੇ ਹੱਥ ਵਿਚ ਫੜ ਲਿਆ, ਜਿਸ ਦੀ ਆਵਾਜ਼ ਨਾਲ ਬ੍ਰਹਿਮੰਡ ਦੇ ਚਾਰੇ ਕੋਨੇ ਹਿਲ ਉੱਠੇ। ਉਸ ਨੇ ਚੀਕ ਕੇ ਕਿਹਾ, ‘ਓ, ਦੁਸ਼ਟ ਬਾਗ਼ੀ ਤੂੰ ਹੇਠਲੇ ਦੁਖੀ ਸੰਸਾਰ ਵਿਚ ਚਲਾ ਜਾਹ, ਜਿਥੇ ਹਨੇਰੇ ਅਤੇ ਦੁੱਖਾਂ ਦਾ ਵਾਸਾ ਹੈ, ਉਥੇ ਤੂੰ ਬਨਵਾਸ ਵਿਚ ਉਦੋਂ ਤਕ ਚੱਕਰ ਕੱਢਦਾ ਰਹੇਂਗਾ ਜਦੋਂ ਤਕ ਸੂਰਜ ਸੜ ਕੇ ਸੁਆਹ ਨਹੀਂ ਹੋ ਜਾਂਦਾ ਅਤੇ ਤਾਰੇ ਟੁੱਟ ਕੇ ਟੋਟੇ-ਟੋਟੇ ਨਹੀਂ ਹੋ ਜਾਂਦੇ। ਉਸ ਸਮੇਂ ਬਾਹਤਾਰ ਉਪਰਲੇ ਬ੍ਰਹਿਮੰਡ ਤੋਂ ਹੇਠਲੀ ਦੁਨੀਆ ਵਿਚ ਡਿੱਗ ਪਿਆ ਜਿਥੇ ਸਾਰੀਆਂ ਭੈੜੀਆਂ ਰੂਹਾਂ ਲੜਦੀਆਂ ਝਗੜਦੀਆਂ ਰਹਿੰਦੀਆਂ ਸਨ। ਉਸ ਵੇਲੇ, ਉਸ ਨੇ ਜੀਵਨ ਦੇ ਰਹੱਸਾਂ ਦੀ ਸੌਂਹ ਖਾਧੀ ਕਿ ਉਹ ਹਰ ਉਸ ਮਨੁੱਖ ਨੂੰ, ਜੋ ਦੇਵਤਾ ਨੂੰ ਪਿਆਰ ਕਰੇਗਾ ਸ਼ਿਕੰਜੇ ਵਿਚ ਜਕੜ ਲਏਗਾ ਅਤੇ ਆਪਣੇ ਪਿਉ ਅਤੇ ਭਰਾਵਾਂ ਵਿਰੁੱਧ ਸੰਘਰਸ਼ ਕਰੇਗਾ।’

“ਜਿਉਂ ਹੀ ਮੁਖੀ ਨੇ ਇਹ ਸੁਣਿਆ ਉਸ ਦੇ ਮੱਥੇ ‘ਤੇ ਤਿਊੜੀਆਂ ਪੈ ਗਈਆਂ ਅਤੇ ਚਿਹਰਾ ਡਰ ਨਾਲ ਪੀਲਾ ਹੋ ਗਿਆ। ਉਸ ਨੇ ਹੌਂਸਲਾ ਕਰ ਕੇ ਕਿਹਾ, ‘ਇਸ ਦਾ ਮਤਲਬ ਉਸ ਬੁਰਾਈ ਦੇ ਦੇਵਤਾ ਦਾ ਨਾਂ ਬਾਹਤਾਰ ਹੈ।’ ਲਾ ਵਿਸ ਨੇ ਉੱਤਰ ਦਿੱਤਾ, ‘ਉਸ ਦਾ ਨਾਂ ਉਦੋਂ ਬਾਹਤਾਰ ਸੀ ਜਦੋਂ ਉਹ ਉਪਰ ਬ੍ਰਹਿਮੰਡ ਵਿਚ ਵੱਸਦਾ ਸੀ ਪਰ ਜਦੋਂ ਉਹ ਹੇਠਲੇ ਸੰਸਾਰ ਵਿਚ ਦਾਖ਼ਲ ਹੋਇਆ ਉਸ ਨੇ ਸ਼ਾਨ ਨਾਲ ਕ੍ਰਮ ਵਾਰ ਕਈ ਨਾਂ ਰੱਖੇ…..ਬਾਲਜਾਬੂਲ, ਸ਼ੈਤਾਨੇਲ, ਬਲਿਆਲ, ਜਾਮੀਲ, ਆਹਰੀਮਨ, ਮਾਰਾ, ਐਬਡੌਨ ਅਤੇ ਅਖ਼ੀਰ ਵਿਚ ਸਾਟਨ ‘ਸ਼ੈਤਾਨ’ ਜੋ ਬਹੁਤ ਪ੍ਰਸਿੱਧ ਹੈ।’

“ਮੁਖੀ ਨੇ ‘ਸ਼ੈਤਾਨ’ ਸ਼ਬਦ ਕੰਬਦੀ ਆਵਾਜ਼ ਵਿਚ ਕਈ ਵਾਰ ਦੁਹਰਾਇਆ ਅਤੇ ਉਸ ਦੀ ਆਵਾਜ਼ ਇਸ ਤਰ੍ਹਾਂ ਨਿਕਲ ਰਹੀ ਸੀ ਜਿਵੇਂ ਹਵਾ ਚੱਲਣ ਨਾਲ ਸੁੱਕੀਆਂ ਟਾਹਣੀਆਂ ਖੜਕਦੀਆਂ ਹੋਣ। ਉਸਨੇ ਫਿਰ ਕਿਹਾ, ‘ਕੀ ਸ਼ੈਤਾਨ ਆਦਮੀ ਨੂੰ ਵੀ ਉਤਨੀ ਨਫ਼ਰਤ ਕਿਉਂ ਕਰਦਾ ਹੈ ਜਿਤਨੀ ਦੇਵਤਿਆਂ ਨੂੰ ?’

“ਲਾ ਵਿਸ ਨੇ ਛੇਤੀ ਨਾਲ ਉੱਤਰ ਦਿੱਤਾ, ‘ਉਹ ਮਨੁੱਖ ਨੂੰ ਨਫ਼ਰਤ ਇਸ ਲਈ ਕਰਦਾ ਹੈ ਕਿਉਂਕਿ ਉਹ ਸ਼ੈਤਾਨ ਦੇ ਭਰਾਵਾਂ ਭੈਣਾਂ ਦੀ ਔਲਾਦ ਹੀ ਹੈ।’ ਮੁਖੀ ਨੇ ਹੈਰਾਨ ਹੋ ਕੇ ਕਿਹਾ, ‘ਤਾਂ ਫਿਰ ਸ਼ੈਤਾਨ ਆਦਮੀ ਦਾ ਚਚੇਰਾ ਭਰਾ ਹੈ ?’ ਘਬਰਾਹਟ ਅਤੇ ਗ਼ੁੱਸੇ ਭਰੀ ਰਲੀ ਮਿਲੀ ਆਵਾਜ਼ ਵਿਚ ਇਸ ਨੇ ਮੂੰਹ ਤੋੜਵਾਂ ਜਵਾਬ ਦਿੱਤਾ, ‘ਹਾਂ, ਮਾਲਕ ਉਹ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਜੋ ਤੁਹਾਡੇ ਦਿਨ ਦੁੱਖਾਂ ਨਾਲ ਅਤੇ ਰਾਤਾਂ ਡਰਾਉਣੇ ਸੁਪਨਿਆਂ ਨਾਲ ਭਰ ਦਿੰਦਾ ਹੈ। ਉਸ ਕੋਲ ਅਜਿਹੀ ਤਾਕਤ ਹੈ, ਜਿਹੜੀ ਤੂਫ਼ਾਨ ਦਾ ਰੁਖ਼ ਉਹਨਾਂ ਮਨੁੱਖਾਂ ਦੀਆਂ ਝੁੱਗੀਆਂ ਵੱਲ ਕਰਦੀ ਹੈ, ਰੁੱਖਾਂ ਨੂੰ ਕਾਲ ਦਾ ਨਿਸ਼ਾਨਾ ਬਣਾ ਦਿੰਦੀ ਹੈ ਅਤੇ ਉਹਨਾਂ ਤੇ ਉਹਨਾਂ ਦੇ ਪਸ਼ੂਆਂ ਨੂੰ ਬੀਮਾਰੀ ਦਾ ਸ਼ਿਕਾਰ ਬਣਾ ਦਿੰਦੀ ਹੈ। ਉਹ ਇਕ ਦੁਸ਼ਟ ਪਰ ਤਾਕਤਵਰ ਦੇਵਤਾ ਹੈ: ਉਹ ਬਹੁਤ ਹੀ ਦੁਰਾਚਾਰੀ ਹੈ, ਜਦੋਂ ਅਸੀਂ ਦੁਖੀ ਹੁੰਦੇ ਹਾਂ ਉਹ ਖ਼ੁਸ਼ੀ ਮਨਾਉਂਦਾ ਹੈ ਪਰ ਜਦੋਂ ਅਸੀਂ ਖ਼ੁਸ਼ ਹੁੰਦੇ ਹਾਂ ਉਹ ਮਾਤਮ ਮਨਾਉਂਦਾ ਹੈ। ਮੇਰੇ ਖ਼ਿਆਲ ਮੁਤਾਬਕ ਤੁਹਾਨੂੰ ਸਾਰਿਆਂ ਨੂੰ ਮੇਰੀ ਯੋਗਤਾ ਦੀ ਸਹਾਇਤਾ ਨਾਲ ਉਸਦੀ ਚੰਗੀ ਤਰ੍ਹਾਂ ਜਾਂਚ- ਪੜਤਾਲ ਕਰਨੀ ਚਾਹੀਦੀ ਹੈ ਤਾਂ ਕਿ ਉਸ ਦੀ ਦੁਸ਼ਟਤਾ ਤੋਂ ਬਚ ਸਕੀਏ। ਸਾਨੂੰ ਉਸ ਦੇ ਚਾਲ-ਚਲਣ ਤੇ ਸੁਭਾਅ ਦਾ ਜਾਇਜ਼ਾ ਲੈਣਾ ਚਾਹੀਦਾ ਹੈ ਤਾਂ ਕਿ ਅਸੀਂ ਉਸਦੇ ਕੰਡਿਆਲੇ ਰਾਹ ਉੱਤੇ ਚੱਲਣ ਤੋਂ ਬਚ ਸਕੀਏ।’

“ਮੁਖੀ ਨੇ ਆਪਣੀ ਮੋਟੀ ਛੜੀ ਦੇ ਸਹਾਰੇ ਗਰਦਨ ਹੇਠਾਂ ਕਰ ਲਈ ਅਤੇ ਹੌਲੀ ਜਿਹੀ ਬੋਲਿਆ, ‘ਮੈਨੂੰ ਉਸ ਅਨੌਖੀ ਤਾਕਤ ਦਾ ਅੰਦਰੂਨੀ ਰਹੱਸ ਹੁਣ ਪਤਾ ਲਗਿਆ ਹੈ ਜਿਹੜੀ ਤੂਫ਼ਾਨਾਂ ਦਾ ਰੁਖ਼ ਸਾਡੇ ਘਰਾਂ ਵੱਲ ਮੋੜਦੀ ਹੈ ਅਤੇ ਸਾਨੂੰ ਤੇ ਸਾਡੇ ਪਸ਼ੂਆਂ ਨੂੰ ਪਲੇਗ ਦਾ ਸ਼ਿਕਾਰ ਬਣਾਉਂਦੀ ਹੈ। ਸਾਰੇ ਲੋਕਾਂ ਨੂੰ ਹੁਣ ਉਨ੍ਹਾਂ ਸਾਰੀਆਂ ਗੱਲਾਂ ਦਾ ਪਤਾ ਲੱਗੇਗਾ ਜਿਨ੍ਹਾਂ ਦਾ ਮੈਨੂੰ ਹੁਣ ਪਤਾ ਲੱਗਾ ਹੈ ਅਤੇ ਲਾ ਵਿਸ ਸਾਡੇ ਧੰਨਵਾਦ, ਮਾਨ ਅਤੇ ਸ਼ਾਨ ਦਾ ਹੱਕਦਾਰ ਹੈ ਜਿਸਨੇ ਸਾਡੇ ਤਾਕਤਵਰ ਦੁਸ਼ਮਣ ਦੇ ਰਹੱਸਾਂ ਨੂੰ ਖੋਹਲਿਆ ਹੈ ਅਤੇ ਅਧਰਮ ਦੇ ਰਾਹ ‘ਤੇ ਚੱਲਣ ਤੋਂ ਬਚਾਇਆ ਹੈ।’

“ਅਤੇ ਲਾ ਵਿਸ ਕਬੀਲੇ ਦੇ ਮੁਖੀ ਨੂੰ ਉੱਥੇ ਹੀ ਛੱਡ ਕੇ ਆਪ ਆਰਾਮ- ਗਾਹ ਵੱਲ ਚਲਾ ਗਿਆ, ਉਹ ਆਪਣੀ ਚਲਾਕੀ ਉੱਤੇ ਖ਼ੁਸ਼ ਅਤੇ ਖ਼ੁਸ਼ੀ ਤੇ ਚਲਾਕੀ ਦੇ ਨਸ਼ੇ ਵਿਚ ਚੂਰ ਸੀ। ਪਹਿਲੀ ਵਾਰ ਲਾ ਵਿਸ ਤੋਂ ਇਲਾਵਾ ਮੁਖੀ ਅਤੇ ਉਸਦੇ ਕਬੀਲੇ ਨੇ ਰਾਤ ਭਿਆਨਕ ਭੂਤਾਂ, ਪ੍ਰੇਤਾਂ ਅਤੇ ਵਿਆਕਲ ਸੁਪਨਿਆਂ ਵਿਚ ਊਂਘਦੇ ਹੋਏ ਗੁਜ਼ਾਰੀ।”

X X X X X X

ਸ਼ੈਤਾਨ ਨੇ ਥੋੜ੍ਹੀ ਦੇਰ ਲਈ ਬੋਲਣਾ ਬੰਦ ਕੀਤਾ, ਫ਼ਾਦਰ ਏਸਮਾਨ ਨੇ ਉਸ ਵੱਲ ਇਕ ਟੱਕ ਵੇਖਿਆ ਜਿਵੇਂ ਉਹ ਘਬਰਾਇਆ ਹੋਇਆ ਹੋਵੇ ਅਤੇ ਫ਼ਾਦਰ ਦੇ ਹੋਠਾਂ ਉੱਤੇ ਮੌਤ ਵਰਗੀ ਭਿਆਨਕ ਮੁਸਕਾਣ ਉਭਰੀ। ਸ਼ੈਤਾਨ ਨੇ ਫਿਰ ਕਹਿਣਾ ਜਾਰੀ ਰੱਖਿਆ, “ਇਸ ਤਰ੍ਹਾਂ ਭਵਿੱਖਬਾਣੀ ਦਾ ਧਰਤੀ ਉੱਤੇ ਜਨਮ ਹੋਇਆ ਅਤੇ ਮੇਰਾ ਹੋਂਦ ਵਿਚ ਆਉਣਾ ਉਸਦੇ ਜਨਮ ਦਾ ਵੀ ਕਾਰਨ ਬਣਿਆ। ਲਾ ਵਿਸ ਪਹਿਲਾ ਵਿਅਕਤੀ ਸੀ ਜਿਸ ਨੇ ਮੇਰੀ ਸ਼ੈਤਾਨੀਅਤ ਨੂੰ ਧੰਦੇ ਵਜੋਂ ਅਪਣਾਇਆ। ਲਾ ਵਿਸ ਦੀ ਮੌਤ ਮਗਰੋਂ ਇਸ ਪੇਸ਼ੇ ਦਾ ਪ੍ਰਚਾਰ ਉਸਦੀ ਸੰਤਾਨ ਰਾਹੀਂ ਹੁੰਦਾ ਰਿਹਾ ਅਤੇ ਉਦੋਂ ਤਕ ਵਧਿਆ ਫੁੱਲਿਆ• ਜਦੋਂ ਤਕ ਇਹ ਪੂਰਨ ਅਤੇ ਪਵਿੱਤਰ ਧੰਦਾ ਨਾ ਹੋ ਨਿਬੜਿਆ ਅਤੇ ਇਹ ਧੰਦਾ ਉਨ੍ਹਾਂ ਵਿਅਕਤੀਆਂ ਰਾਹੀਂ ਅਪਣਾਇਆ ਜਾਂਦਾ ਰਿਹਾ ਹੈ ਜਿਨ੍ਹਾਂ ਕੋਲ ਭਰਪੂਰ ਦਿਮਾਗ਼ੀ ਗਿਆਨ ਹੈ ਅਤੇ ਜਿਨ੍ਹਾਂ ਦੀਆਂ ਮਹਾਨ ਆਤਮਾਵਾਂ ਸ੍ਰੇਸ਼ਟ, ਦਿਲ ਪਵਿੱਤਰ ਅਤੇ ਕਲਪਨਾ ਸ਼ਕਤੀ ਅਨੰਤ ਤੇ ਵਿਸ਼ਾਲ ਹੈ।

“ਬੇਬੀਲੋਨ ਵਿਚ ਲੋਕੀ ਪੂਜਾ ਕਰਦੇ ਹੋਏ ਪਾਦਰੀ ਅੱਗੇ ਸੱਤ ਵਾਰੀ ਸਿਰ ਝੁਕਾਉਂਦੇ ਹਨ ਜਿਸ ਦਾ ਆਪਣੇ ਭਜਨਾਂ ਰਾਹੀਂ ਮੇਰੇ ਨਾਲ ਸੰਘਰਸ਼ ਚੱਲ ਰਿਹਾ ਹੈ…..ਨਿੰਨੇਵਾਹ ਵਿਚ ਲੋਕ ਉਸ ਵਿਅਕਤੀ ਨੂੰ ਸਨਮਾਨ ਨਾਲ ਵੇਖਦੇ ਹਨ ਜੋ ਮੇਰੇ ਅੰਦਰੂਨੀ ਭੇਤਾਂ ਨੂੰ ਜਾਣਦਾ ਹੋਇਆ ਮੈਨੂੰ ਪਰਮਾਤਮਾ ਅਤੇ ਮਨੁੱਖ ਵਿਚਕਾਰ ਸੁਨਹਿਰੀ ਕੜੀ ਸਮਝਦਾ ਹੈ…..ਤਿੱਬਤ ਵਿਚ ਉਹ ਉਸ ਵਿਅਕਤੀ ਨੂੰ, ਜੋ ਮੇਰੇ ਨਾਲ ਇਕ ਵਾਰੀ ਆਪਣੀ ਤਾਕਤ ਅਜ਼ਮਾ ਚੁੱਕਾ ਹੋਵੇ, ਨੂੰ ਸੂਰਜ ਤੇ ਚੰਦਰਮਾ ਦੇ ਪੁੱਤਰ ਦੇ ਨਾਂ ਨਾਲ ਬੁਲਾਉਂਦੇ ਹਨ…..ਬਾਈਬਲੌਸ ਵਿਚ ਐਫ਼ਸਸ ਅਤੇ ਐਂਟੀਓਚ ਵਿਚ ਉਨ੍ਹਾਂ ਨੇ ਮੇਰੇ ਵਿਰੋਧੀਆਂ ਦੇ ਲਈ ਆਪਣੇ ਬੱਚਿਆਂ ਦੀ ਬਲੀ ਦੇ ਦਿੱਤੀ…..ਯੂਰੋਸ਼ਲਮ ਅਤੇ ਰੋਮ ਵਿਚ ਲੋਕਾਂ ਆਪਣਾ ਜੀਵਨ ਉਨ੍ਹਾਂ ਦੇ ਹੱਥਾਂ ਵਿਚ ਸੌਂਪ ਦਿੱਤਾ, ਜੋ ਮੇਰੇ ਵਿਰੋਧੀ ਹੋਣ ਦਾ ਦਾਅਵਾ ਕਰਦੇ ਤੇ ਮੈਨੂੰ ਨਫ਼ਰਤ ਕਰਦੇ ਅਤੇ ਆਪਣੀ ਪੂਰੀ ਸ਼ਕਤੀ ਨਾਲ ਮੇਰੇ ਵਿਰੁੱਧ ਲੜਨ ਲਈ ਰੁੱਝੇ ਹੋਏ ਹਨ।

“ਇਸ ਧਰਤੀ ਉੱਤੇ ਹਰ ਸ਼ਹਿਰ ਵਿਚ ਮੇਰਾ ਨਾਂ ਧਾਰਮਿਕ ਸਿਖਿਆ, ਕਲਾਵਾਂ ਅਤੇ ਦਰਸ਼ਨ ਦੇ ਵਿਦਿਅਕ ਖੇਤਰ ਦਾ ਦਾ ਹੈ ਹਾਂ ਜੋ ਭਾਵਨਾਵਾਂ ਦੀ ਮੌਲਿਕਤਾ ਨੂੰ ਉਕਸਾਂਦਾ ਹੈ। ਮੈਂ ਅਮਰ ਸ਼ੈਤਾਨ ਹਾਂ, ਮੈਂ ਸ਼ੈਤਾਨ ਹਾਂ ਜਿਸ ਵਿਰੁੱਧ ਲੋਕ ਜ਼ਿੰਦਾ ਰਹਿਣ ਲਈ ਲੜਦੇ ਹਨ। ਜੇ ਉਹ ਮੇਰੇ ਵਿਰੁੱਧ ਸੰਘਰਸ਼ ਕਰਨਾ ਬੰਦ ਕਰ ਦੇਣ ਤਾਂ ਉਨ੍ਹਾਂ ਦੀਆਂ ਪੌਰਾਣਿਕ ਕਥਾਵਾਂ ਦੀ ਭਿਆਨਕਤਾ ਦੇ ਅਨੁਸਾਰ ਆਲਸ ਉਨ੍ਹਾਂ ਦੇ ਦਿਮਾਗ਼, ਦਿਲ ਤੇ ਆਤਮਾਵਾਂ ਨੂੰ ਮੁਰਦਾ ਬਣਾ ਦੇਵੇਗਾ।

“ਮੈਂ ਉਹ ਮੂਕ ਪਰ ਗ਼ੁੱਸੇ ਵਾਲਾ ਤੂਫ਼ਾਨ ਹਾਂ ਜੋ ਆਦਮੀ ਦੇ ਵਿਸ਼ਵਾਸ ਤੇ ਔਰਤਾਂ ਦੇ ਦਿਲਾਂ ਨੂੰ ਝੰਜੋੜ ਦੇਂਦਾ ਹੈ। ਅਤੇ ਮੇਰੇ ਡਰ ਤੋਂ ਉਹ ਮੈਨੂੰ ਭੰਡਣ ਲਈ ਪੂਜਾ ਸਥਾਨਾਂ ‘ਤੇ ਜਾਂਦੇ ਜਾਂ ਫਿਰ ਮੇਰੀ ਇੱਛਾ ਅੱਗੇ ਹਥਿਆਰ ਸੁੱਟਦੇ ਹੋਏ ਮੈਨੂੰ ਖ਼ੁਸ਼ ਕਰਨ ਲਈ ਪਾਪ ਵਾਲੀਆਂ ਥਾਵਾਂ ‘ਤੇ ਜਾਣਗੇ। ਸੰਨਿਆਸੀ ਜੋ ਰਾਤ ਦੀ ਚੁੱਪ-ਚਾਂ ਵਿਚ ਮੈਨੂੰ ਆਪਣੇ ਤੋਂ ਦੂਰ ਰੱਖਣ ਲਈ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਹਨ, ਉਸ ਵੇਸਵਾ ਵਾਂਗ ਹਨ ਜੋ ਮੈਨੂੰ ਆਪਣੇ ਘਰ ਬੁਲਾਉਂਦੀ ਹੈ। ਮੈਂ ਸ਼ੈਤਾਨ ਅਮਰ ਅਤੇ ਸਦੀਵੀ ਹਾਂ।

“ਮੈਂ ਹੀ ਡਰ ਦੀਆਂ ਨੀਹਾਂ ਉੱਤੇ ਮੱਠ ਅਤੇ ਆਸ਼ਰਮ ਉਸਾਰਨ ਵਾਲਾ ਹਾਂ। ਮੈਂ ਹੀ ਲਾਲਚ ਅਤੇ ਕਾਮ-ਤ੍ਰਿਪਤੀ ਦੀਆਂ ਲੀਹਾਂ ਉੱਤੇ ਸ਼ਰਾਬਖ਼ਾਨੇ ਅਤੇ ਵੇਸਵਾਘਰ ਉਸਾਰਦਾ ਹਾਂ। ਜੇ ਮੇਰੀ ਹੋਂਦ ਨਾ ਰਹੇ, ਡਰ ਅਤੇ ਐਸ਼-ਪ੍ਰਸਤੀ ਦੁਨੀਆ ਵਿੱਚੋਂ ਖ਼ਤਮ ਹੋ ਜਾਵੇਗੀ ਅਤੇ ਇਨ੍ਹਾਂ ਚੀਜ਼ਾਂ ਦੀ ਹੋਂਦ ਕਾਰਨ ਮਨੁੱਖ ਦੀਆਂ ਇੱਛਾਵਾਂ ਅਤੇ ਆਸ਼ਾਵਾਂ ਵੀ ਖ਼ਤਮ ਹੋ ਜਾਣਗੀਆਂ। ਜ਼ਿੰਦਗੀ ਉਸ ਸਿਤਾਰ ਵਾਂਗ ਖੋਖਲੀ ਤੇ ਬੇਆਵਾਜ਼ ਹੋ ਜਾਏਗੀ ਜਿਸ ਦੀਆਂ ਤਾਰਾਂ ਟੁੱਟੀਆਂ ਹੋਣ। ਮੈਂ ਸਦੀਵੀ ਸ਼ੈਤਾਨ ਹਾਂ! ਮੈਂ ਝੂਠ, ਬਦਨਾਮੀ, ਧੋਖੇਬਾਜ਼ੀ, ਕਪਟ ਅਤੇ ਛਲਾਵੇ ਲਈ ਪ੍ਰੇਰਨਾ ਸਰੋਤ ਹਾਂ, ਜੇ ਇਹ ਤੱਤ ਦੁਨੀਆ ਵਿੱਚੋਂ ਖ਼ਤਮ ਕਰ ਦਿੱਤੇ ਜਾਣ ਤਾਂ ਮਨੁੱਖੀ ਸਮਾਜ ਉਸ ਉਜੜੇ ਖੇਤ ਵਰਗਾ ਹੋਵੇਗਾ ਜਿਸ ਵਿਚ ਕੁਝ ਵੀ ਪੈਦਾ ਨਹੀਂ ਹੁੰਦਾ ਸਿਰਫ਼ ਨੈਤਿਕਤਾ ਦੇ ਕੰਡਿਆਂ ਤੋਂ। ਮੈਂ ਦੀਰਘ ਜੀਵੀ ਸੈਤਾਨ ਹਾਂ।

“ਮੈਂ ਪਾਪ ਦਾ ਮਾਈ ਬਾਪ ਹਾਂ ਅਤੇ ਜੇ ਪਾਪ ਖ਼ਤਮ ਹੋ ਗਿਆ ਤਾਂ ਪਾਪ ਦੇ ਘੁਲਾਟੀਏ ਖ਼ਤਮ ਹੋ ਜਾਣਗੇ ਅਤੇ ਨਾਲ ਹੀ ਉਹਨਾਂ ਦੇ ਟੱਬਰ ਵੀ।

“ਮੈਂ ਸਾਰੀਆਂ ਬੁਰਾਈਆਂ ਦੀ ਜਿੰਦ ਜਾਨ ਹਾਂ। ਕੀ ਤੁਸੀਂ ਚਾਹੋਗੇ ਕਿ ਮੇਰੀ ਧੜਕਣ ਬੰਦ ਹੋ ਜਾਣ ਨਾਲ ਮਨੁੱਖੀ ਗਤੀ ਵੀ ਰੁਕ ਜਾਵੇ ? ਕਾਰਨ ਨੂੰ ਖ਼ਤਮ ਕਰਨ ਮਗਰੋਂ ਕੀ ਤੁਸੀਂ ਅੰਜਾਮ ਨੂੰ ਸਵੀਕਾਰ ਕਰੋਗੇ ? ਮੈਂ ਹੀ ਕਾਰਨ ਹਾਂ। ਕੀ ਤੁਸੀਂ ਚਾਹੋਗੇ ਕਿ ਮੈਂ ਇਸ ਵੀਰਾਨੇ ਜੰਗਲ ਵਿਚ ਮਰ ਜਾਵਾਂ ? ਕੀ ਤੁਸੀਂ ਉਸ ਕੜੀ ਨੂੰ ਤੋੜਨਾ ਚਾਹੁੰਦੇ ਹੋ ਜੋ ਤੁਹਾਡੇ ਤੇ ਮੇਰੇ ਵਿਚਕਾਰ ਹੈ ? ਮਿਸਟਰ ਪਾਦਰੀ ਜਵਾਬ ਦਿਓ !”

ਇਹ ਕਹਿ ਕੇ ਸ਼ੈਤਾਨ ਨੇ ਬਾਹਵਾਂ ਫੈਲਾਈਆਂ, ਆਪਣਾ ਸਿਰ ਅੱਗੇ ਝੁਕਾਇਆ ਅਤੇ ਡੂੰਘਾ ਸਾਹ ਭਰਿਆ। ਉਸਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਅਤੇ ਉਹ ਉਨ੍ਹਾਂ ਯੂਨਾਨੀ ਬੁੱਤਾਂ ਵਾਂਗਰ ਜਾਪਣ ਲੱਗਾ ਜੋ ਸਦੀਆਂ ਤੋਂ ਨੀਲ ਘਾਟੀ ਦੇ ਕੰਢੇ ‘ਤੇ ਬੇਕਾਰ ਠੁਕਰਾਏ ਪਏ ਹੋਣ। ਫਿਰ ਉਸ ਨੇ ਆਪਣੀ ਚਮਕਦੀ ਨਜ਼ਰ ਫ਼ਾਦਰ ਏਸਮਾਨ ਦੇ ਚਿਹਰੇ ਉੱਤੇ ਟਿਕਾ ਦਿੱਤੀ ਅਤੇ ਥਿੜਕਦੀ ਆਵਾਜ਼ ਵਿਚ ਕਿਹਾ, “ਮੈਂ ਬਹੁਤ ਥੱਕਿਆ ਹੋਇਆ ਅਤੇ ਕਮਜ਼ੋਰ ਹੋ ਗਿਆ ਹਾਂ। ਮੈਂ ਉਨ੍ਹਾਂ ਗੱਲਾਂ ਨੂੰ ਦੱਸ ਕੇ ਆਪਣੀ ਘੱਟ ਰਹੀ ਤਾਕਤ ਨੂੰ ਹੋਰ ਗਵਾਇਆ ਤੇ ਗ਼ਲਤੀ ਕੀਤੀ ਹੈ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਹੀ ਜਾਣਦੇ ਸੀ। ਹੁਣ ਤੇਰਾ ਜੋ ਦਿਲ ਕਰੇ…..ਭਾਵੇਂ ਮੈਨੂੰ ਆਪਣੇ ਘਰ ਲਿਜਾ ਕੇ ਮੇਰੇ ਜ਼ਖ਼ਮਾਂ ਦਾ ਇਲਾਜ ਕਰ ਜਾਂ ਮੈਨੂੰ ਇਸੇ ਥਾਂ ‘ਤੇ ਮਰਨ ਲਈ ਛੱਡ ਜਾਹ।”

ਫ਼ਾਦਰ ਏਸਮਾਨ ਕੰਬ ਉੱਠਿਆ ਅਤੇ ਘਬਰਾ ਕੇ ਆਪਣੇ ਹੱਥ ਮਲੇ, ਉਸਨੇ ਮੁਆਫ਼ੀ ਮੰਗਦੇ ਹੋਏ ਕਿਹਾ, “ਮੈਨੂੰ ਹੁਣ ਉਸ ਗੱਲ ਦਾ ਪਤਾ ਲੱਗਾ ਹੈ ਜਿਸਦਾ ਇਕ ਘੰਟਾ ਪਹਿਲਾਂ ਪਤਾ ਨਹੀਂ ਸੀ। ਮੇਰੀ ਅਗਿਆਨਤਾ ਨੂੰ ਮੁਆਫ਼ ਕਰੀਂ। ਮੈਂ ਜਾਣਦਾ ਹਾਂ ਕਿ ਤੇਰੀ ਹੋਂਦ ਸੰਸਾਰ ਵਿਚ ਲਾਲਸਾ ਪੈਦਾ ਕਰਦੀ ਹੈ ਅਤੇ ਇਹੀ ਲਾਲਸਾ ਇਕ ਪੈਮਾਨਾ ਹੈ ਜਿਸ ਰਾਹੀਂ ਪਰਮਾਤਮਾ ਮਨੁੱਖੀ ਆਤਮਾਵਾਂ ਦੀ ਕੀਮਤ ਦਾ ਅਨੁਮਾਨ ਲਾਉਂਦਾ ਹੈ। ਇਹ ਮਾਪ ਹੈ ਜੋ ਸਰਬ- ਸ਼ਕਤੀਮਾਨ ਪਰਮਾਤਮਾ ਆਤਮਾਵਾਂ ਦਾ ਲੇਖਾ-ਜੋਖਾ ਕਰਨ ਲਈ ਵਰਤਦਾ ਹੈ। ਮੈਨੂੰ ਯਕੀਨ ਹੈ ਕਿ ਜੇ ਤੂੰ ਮਰ ਗਿਆ ਲਾਲਸਾ ਖ਼ਤਮ ਹੋ ਜਾਵੇਗੀ ਅਤੇ ਇਸ ਦੇ ਖ਼ਤਮ ਹੋਣ ਨਾਲ ਮੌਤ ਉਸ ਆਦਰਸ਼ਵਾਦੀ ਤਾਕਤ ਨੂੰ ਤਬਾਹ ਕਰ ਦੇਵੇਗੀ ਜੋ ਮਨੁੱਖਤਾ ਨੂੰ ਚੇਤੰਨ ਰੱਖਦੀ ਅਤੇ ਉੱਚਾ ਚੁੱਕਦੀ ਹੈ।

“ਤੈਨੂੰ ਜ਼ਰੂਰ ਜ਼ਿੰਦਾ ਰਹਿਣਾ ਚਾਹੀਦਾ ਹੈ। ਜੇ ਤੂੰ ਮਰ ਗਿਆ ਅਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਉਨ੍ਹਾਂ ਦਾ ਨਰਕ ਦਾ ਡਰ ਖ਼ਤਮ ਹੋ ਜਾਵੇਗਾ, ਉਹ ਪਾਠ ਪੂਜਾ ਕਰਨੀ ਬੰਦ ਕਰ ਦੇਣਗੇ, ਕਿਉਂਕਿ ਪਾਪ ਦਾ ਬੀਜ ਹੀ ਨਹੀਂ ਰਹੇਗਾ। ਤੈਨੂੰ ਜ਼ਿੰਦਾ ਰਹਿਣਾ ਪਵੇਗਾ। ਕਿਉਂਕਿ ਤੇਰੀ ਹੋਂਦ ਵਿਚ ਹੀ ਪਾਪ ਅਤੇ ਪੁੰਨ ਤੋਂ ਮਨੁੱਖਤਾ ਦੀ ਮੁਕਤੀ ਦਾ ਰਾਹ ਹੈ।

“ਜਿਥੋਂ ਤਕ ਮੇਰਾ ਸੰਬੰਧ ਹੈ, ਮੈਂ ਮਨੁੱਖ ਲਈ ਪਿਆਰ ਦੀ ਬਲੀ ਵੇਦੀ ਉੱਤੇ ਤੇਰੇ ਲਈ ਆਪਣੀ ਨਫ਼ਰਤ ਨੂੰ ਵਾਰ ਦਿਆਂਗਾ।”

ਸ਼ੈਤਾਨ ਉਹ ਹਾਸਾ ਹੱਸਿਆ ਜਿਸ ਨਾਲ ਧਰਤੀ ਕੰਬ ਉੱਠੀ।

ਉਹ ਫਿਰ ਕਹਿਣ ਲੱਗਾ, “ਤੂੰ ਕਿੰਨਾ ਸਿਆਣਾ ਇਨਸਾਨ ਹੈਂ, ਫ਼ਾਦਰ। ਅਤੇ ਧਰਮ-ਸ਼ਾਸਤਰਾਂ ਦੇ ਤੱਥਾਂ ਬਾਰੇ ਤੇਰਾ ਗਿਆਨ ਕਿੰਨਾ ਵਿਸ਼ਾਲ ਹੈ। ਤੂੰ ਆਪਣੀ ਗਿਆਨ ਸ਼ਕਤੀ ਰਾਹੀਂ ਹੀ ਮੇਰੀ ਹੋਂਦ ਤੇ ਮੰਤਵ ਨੂੰ ਸਮਝ ਗਿਆ ਹੈਂ ਜੋ ਗੱਲ ਮੈਨੂੰ ਕਦੇ ਸਮਝ ਨਹੀਂ ਆਈ ਅਤੇ ਹੁਣ ਅਸੀਂ ਇਕ ਦੂਸਰੇ ਦੀ ਲੋੜ ਨੂੰ ਮਹਿਸੂਸ ਕਰਦੇ ਹਾਂ।

“ਮੇਰੇ ਨੇੜੇ ਆ, ਮੇਰੇ ਵੀਰ, ਮੈਦਾਨਾਂ ਵਿਚ ਹਨੇਰਾ ਪਸਰਨਾ ਸ਼ੁਰੂ ਹੋ ਗਿਆ ਹੈ ਅਤੇ ਮੇਰਾ ਅੱਧੇ ਤੋਂ ਵੱਧ ਖੂਨ ਇਸ ਘਾਟੀ ਦੀ ਛਾਤੀ ਉੱਤੇ ਵਹਿ ਗਿਆ ਹੈ ਜਿਵੇਂ ਮੇਰੇ ਵਿਚ ਸਾਹ ਸੱਤ ਬਾਕੀ ਨਾ ਰਿਹਾ ਹੋਵੇ। ਜੇਕਰ ਤੂੰ ਮੈਨੂੰ ਛੇਤੀ ਡਾਕਟਰੀ ਸਹਾਇਤਾ ਨਾ ਦਿੱਤੀ ਤਾਂ ਕੇਵਲ ਮੇਰੇ ਟੁੱਟੇ ਫੁੱਟੇ ਸਰੀਰ ਦੇ ਟੁੱਕੜੇ ਹੀ ਰਹਿ ਜਾਣਗੇ, ਜਿਸਨੂੰ ਮੌਤ ਵਿਹਾਜ ਲਏਗੀ।” ਫ਼ਾਦਰ ਏਸਮਾਨ ਨੇ ਆਪਣੀ ਕਮੀਜ਼ ਦੀਆਂ ਬਾਹਵਾਂ ਟੁੰਗੀਆਂ, ਉਸਦੇ ਨੇੜੇ ਗਿਆ ਅਤੇ ਸ਼ੈਤਾਨ ਨੂੰ ਆਪਣੀ ਪਿੱਠ ਉੱਤੇ ਚੁੱਕ ਕੇ ਆਪਣੇ ਘਰ ਦੇ ਰਾਹੇ ਪੈ ਗਿਆ।

ਉਨ੍ਹਾਂ ਘਾਟੀਆਂ ਵਿੱਚੋਂ ਜਿਥੇ ਚੁੱਪ ਦਾ ਰਾਜ ਸੀ ਅਤੇ ਜੋ ਹਨੇਰੇ ਦੇ ਪਰਦੇ ਹੇਠ ਢੱਕੀਆਂ ਹੋਈਆਂ ਸਨ, ਫ਼ਾਦਰ ਏਸਮਾਨ ਆਪਣੇ ਪਿੰਡ ਵੱਲ ਤੁਰਿਆ ਜਾ ਰਿਹਾ ਸੀ ਅਤੇ ਉਸਦੀ ਕਮਰ ਸ਼ੈਤਾਨ ਦੇ ਭਾਰ ਹੇਠ ਦੱਬੀ ਹੋਈ ਸੀ। ਉਸਦੀ ਕਾਲੀ ਪੁਸ਼ਾਕ ਅਤੇ ਬੱਗੀ ਦਾੜ੍ਹੀ ਖੂਨ ਨਾਲ ਲੱਥ-ਪੱਥ ਹੋ ਰਹੇ ਸਨ, ਜੋ ਉਸਦੀ ਪਿੱਠ ਉੱਤੇ ਚੁੱਕੇ ਸ਼ੈਤਾਨ ਦੇ ਸਰੀਰ ਵਿੱਚੋਂ ਵਹਿ ਰਿਹਾ ਸੀ, ਪਰ ਉਹ ਅੱਗੇ ਵਧਦਾ ਜਾ ਰਿਹਾ ਸੀ। ਉਸਦੇ ਬੁੱਲ੍ਹ ਮਰ ਰਹੇ ਸ਼ੈਤਾਨ ਵਾਸਤੇ ਜੀਵਨ-ਦਾਨ ਲਈ ਨਿਰੰਤਰ ਪ੍ਰਾਰਥਨਾ ਵਜੋਂ ਹਿੱਲ ਰਹੇ ਸਨ।

ਜਲਪਰੀਆਂ

ਆਲੇ-ਦੁਆਲੇ ਟਾਪੂਆਂ ਨਾਲ ਘਿਰੇ ਸਮੁੰਦਰ ਦੀਆਂ ਡੂੰਘਾਈਆਂ ਵਿਚ, ਜਿਥੇ ਸੂਰਜ ਨਿਤ ਚੜ੍ਹਦਾ ਹੈ, ਉਥੇ ਅਥਾਹ ਡੂੰਘਾਈ ਦਾ ਰਾਜ ਹੈ। ਉਹ ਡੂੰਘਾਈ ਜਿਥੇ ਸੁੱਚੇ ਮੋਤੀਆਂ ਦਾ ਅਨਮੋਲ ਭੰਡਾਰ ਹੈ, ਉਥੇ ਇਕ ਨੌਜੁਆਨ ਦੀ ਲਾਸ਼ ਪਈ ਹੈ ਜਿਸਨੂੰ ਲੰਮੇ, ਸੁਨਹਿਰੇ ਵਾਲਾਂ ਵਾਲੀਆਂ ਜਲਪਰੀਆਂ ਨੇ ਘੇਰਿਆ ਹੋਇਆ ਹੈ; ਉਹ ਆਪਣੀ ਸੰਗੀਤਮਈ ਆਵਾਜ਼ ਵਿਚ ਇਕ ਦੂਜੇ ਨਾਲ ਗੱਲਬਾਤ ਕਰਦੀਆਂ ਹੋਈਆਂ, ਆਪਣੀਆਂ ਗਹਿਰੀਆਂ ਨੀਲੀਆਂ ਅੱਖਾਂ ਨਾਲ ਉਸ ਵੱਲ ਇਕ ਟੱਕ ਵੇਖ ਰਹੀਆਂ ਸਨ। ਉਨ੍ਹਾਂ ਵਿਚ ਹੋ ਰਹੀ ਆਪਸੀ ਗੱਲਬਾਤ ਸਾਗਰ ਦੀਆਂ ਡੂੰਘਾਈਆਂ ਨੇ ਸੁਣੀ, ਲਹਿਰਾਂ ਨੇ ਉਸ ਨੂੰ ਕੰਢਿਆਂ ਤਕ ਪਹੁੰਚਾਇਆ ਅਤੇ ਉਥੋਂ ਕਲੋਲ ਕਰਦੀ ਹਵਾ ਨੇ ਮੇਰੇ ਕੰਨਾਂ ਤਕ ਪੁੱਜਦੀ ਕੀਤੀ।

ਉਨ੍ਹਾਂ ਵਿੱਚੋਂ ਇਕ ਜਲਪਰੀ ਕਹਿ ਰਹੀ ਸੀ, “ਇਹ ਕੋਈ ਮਨੁੱਖ ਹੈ ਜਿਸਨੇ ਸਾਡੀ ਦੁਨੀਆ ਵਿਚ, ਕਲ੍ਹ ਉਸ ਵੇਲੇ ਕਦਮ ਰੱਖਿਆ ਹੋਵੇਗਾ ਜਦੋਂ ਸਾਗਰ ਵਿਚ ਤੂਫ਼ਾਨ ਜ਼ੋਰਾਂ ਸ਼ੋਰਾਂ ’ਤੇ ਸੀ।”

ਅਤੇ ਦੂਸਰੀ ਦਾ ਵਿਚਾਰ ਸੀ, “ਸਾਗਰ ਵਿਚ ਤੂਫ਼ਾਨ ਨਹੀਂ ਸੀ ਆਇਆ ਹੋਇਆ। ਇਹ ਮਨੁੱਖ, ਜੋ ਦੇਵਤਿਆਂ ਦਾ ਉਤਰਾਧਿਕਾਰੀ ਹੋਣ ਦਾ ਦਾਅਵਾ ਕਰਦਾ ਹੈ, ਜੰਗ ਵਿਚ ਰੁਝਿਆ ਹੋਇਆ ਸੀ ਅਤੇ ਉਸਦਾ ਵਹਿੰਦਾ ਲਹੂ ਹੀ ਸਾਗਰ ਦੇ ਪਾਣੀ ਨੂੰ ਕਿਰਮਚੀ ਕਰੀ ਜਾ ਰਿਹਾ ਹੈ; ਇਹ ਮਨੁੱਖ ਜੰਗ ਦਾ ਸ਼ਿਕਾਰ ਜਾਪਦਾ ਹੈ।”

ਤੀਸਰੀ ਦਾ ਅੰਦਾਜ਼ਾ ਸੀ, “ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਜੰਗ ਕੀ ਹੁੰਦੀ ਹੈ, ਪਰ ਮੈਂ ਇਹ ਜਾਣਦੀ ਹਾਂ ਕਿ ਮਨੁੱਖ ਜੋ ਧਰਤੀ ਨੂੰ ਜਿੱਤ ਕੇ ਹਮਲਾਵਰ ਬਣ ਗਿਆ, ਨੂੰ ਹੋਰ ਹੱਲਾਸ਼ੇਰੀ ਮਿਲੀ ਅਤੇ ਇਸਨੇ ਸਾਗਰ ਉੱਤੇ ਵੀ ਜਿੱਤ ਹਾਸਲ ਕਰਨ ਦੀ ਠਾਣ ਲਈ। ਉਸਨੇ ਸਾਗਰ ਪਾਰ ਕਰਨ ਲਈ ਅਜੀਬ ਜਿਹੀ ਕਾਢ ਕੱਢੀ, ਜਿਸ ਕਰਕੇ ਸਾਡਾ ਪ੍ਰਚੰਡ ਸਾਗਰ ਦੇਵਤਾ ਉਸਦਾ ਲਾਲਚ ਵੇਖ ਕੇ ਗ਼ੁੱਸੇ ਵਿਚ ਲਾਲ ਪੀਲਾ ਹੋ ਉੱਠਿਆ। ਸਾਗਰ ਦੇਵਤਾ ਨੂੰ ਖ਼ੁਸ਼ ਕਰਨ ਲਈ ਮਨੁੱਖ ਨੇ ਤੋਹਫ਼ੇ ਅਤੇ ਬਲੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਵੇਲੇ ਸਾਡੇ ਸਾਹਮਣੇ ਪਈ ਲਾਸ਼ ਸਾਡੇ ਮਹਾਨ ਅਤੇ ਵਿਕਰਾਲ ਸਾਗਰ ਦੇਵਤਾ ਨੂੰ ਮਨੁੱਖ ਵੱਲੋਂ ਪੇਸ਼ ਕੀਤਾ ਤਾਜ਼ਾ ਜਿਹਾ ਤੋਹਫ਼ਾ ਹੈ।”

ਚੌਥੀ ਨੇ ਜ਼ੋਰਦਾਰ ਲਫ਼ਜ਼ਾਂ ਵਿਚ ਕਿਹਾ, “ਕਿੰਨਾ ਮਹਾਨ ਹੈ ਸਾਗਰ- ਦੇਵਤਾ ਅਤੇ ਕਿੰਨਾ ਪੱਥਰ ਹੈ ਉਸਦਾ ਦਿਲ। ਜੇ ਮੈਂ ਸਾਗਰ ਦੀ ਸੁਲਤਾਨ ਹੁੰਦੀ, ਮੈਂ ਅਜਿਹੇ ਤੋਹਫ਼ੇ ਕਬੂਲ ਕਰਨ ਤੋਂ ਨਾਂਹ ਕਰ ਦੇਂਦੀ..ਆਓ ਹੁਣ ਇਸ ਚੜ੍ਹਾਵੇ ਦੀ ਛਾਣ-ਬੀਣ ਕਰੀਏ ਤਾਂ ਸਹੀ! ਸ਼ਾਇਦ ਸਾਨੂੰ ਮਨੁੱਖ ਜਾਤੀ ਬਾਰੇ ਕੋਈ ਨਵੀਂ ਗੱਲ ਪਤਾ ਲੱਗ ਸਕੇ ।”

ਜਲਪਰੀਆਂ ਨੌਜੁਆਨ ਦੇ ਹੋਰ ਨੇੜੇ ਹੋ ਗਈਆਂ, ਉਨ੍ਹਾਂ ਨੇ ਉਸ ਦੀਆਂ ਜੇਬਾਂ ਫਰੋਲੀਆਂ, ਜਿਸ ਵਿੱਚੋਂ ਉਸ ਨੌਜੁਆਨ ਦੇ ਦਿਲ ਦਾ ਭੇਦ ਖੋਹਲਦਾ ਇਕ ਸੁਨੇਹਾ ਨਿਕਲਿਆ। ਉਨ੍ਹਾਂ ਵਿੱਚੋਂ ਇਕ ਜਲਪਰੀ ਉਹ ਸੁਨੇਹਾ ਉੱਚੀ-ਉੱਚੀ ਪੜ੍ਹ ਕੇ ਸਾਰਿਆਂ ਨੂੰ ਸੁਣਾਉਣ ਲੱਗੀ:

“ਮੇਰੇ ਪ੍ਰੀਤਮ :

“ਫਿਰ ਅੱਧੀ ਰਾਤ ਹੋ ਗਈ ਹੈ ਤੇ ਮੇਰੇ ਕੋਲ ਹੰਝੂ ਕੇਰਨ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਹੈ। ਮੈਨੂੰ ਹੁਣ ਇਹ ਵੀ ਆਸ ਨਹੀਂ ਰਹੀ ਕਿ ਤੂੰ ਜੰਗ ਦੇ ਖ਼ੂਨੀ ਪੰਜਿਆਂ ਵਿੱਚੋਂ ਬਚ ਕੇ ਮੇਰੇ ਤਕ ਪਹੁੰਚ ਜਾਏਂਗਾ। ਵਿਛੜਨ ਵੇਲੇ ਕਹੇ ਤੇਰੇ ਇਹ ਸ਼ਬਦ ਮੈਨੂੰ ਹੁਣ ਤਕ ਨਹੀਂ ਭੁੱਲੇ, ‘ਮਨੁੱਖ ਕੋਲ ਹੰਝੂਆਂ ਦੀ ਅਮਾਨਤ ਹੁੰਦੀ ਹੈ ਜੋ ਕਿਸੇ ਨਾ ਕਿਸੇ ਦਿਨ ਜ਼ਰੂਰ ਮੋੜਨੀ ਪੈਂਦੀ ਹੈ।’

“ਮੈਨੂੰ ਸਮਝ ਨਹੀਂ ਆਉਂਦੀ, ਮੈਂ ਕੀ ਕਹਾਂ, ਮੇਰੇ ਪ੍ਰੀਤਮ ! ਪਰ ਮੈਂ ਆਪਣੀ ਅੰਤਰਾਤਮਾ ਦੀ ਗੱਲ ਤੈਨੂੰ ਕਹਿ ਦਿੱਤੀ ਹੈ…..ਮੇਰੀ ਆਤਮਾ ਜੋ ਵਿਛੋੜੇ ਕਾਰਨ ਦੁਖੀ ਹੈ ਨੂੰ ਪਿਆਰ, ਜੋ ਦੁੱਖ ਤਕਲੀਫ਼ ਨੂੰ ਹੁਲਾਸ ਅਤੇ ਗ਼ਮ ਨੂੰ ਖ਼ੁਸ਼ੀ ਦੇਣ ਦੀ ਸਮਰੱਥਾ ਰੱਖਦਾ ਹੈ, ਰਾਹੀਂ ਧਰਵਾਸ ਮਿਲੀ ਹੈ। ਜਦੋਂ ਪਿਆਰ ਨੇ ਸਾਡੇ ਦੋ ਦਿਲਾਂ ਨੂੰ ਇਕਮਿਕ ਕੀਤਾ ਅਤੇ ਅਸੀਂ ਉਸ ਦਿਨ ਨੂੰ ਉਡੀਕਣ ਲੱਗੇ ਕਿ ਕਦੋਂ ਸਾਡੇ ਦਿਲ ਤੇ ਜਿਸਮ ਪਰਮਾਤਮਾ ਦੀ ਕਿਰਪਾ ਨਾਲ ਇਕ-ਮਿਕ ਹੋਣਗੇ ਪਰ ਉਦੋਂ ਹੀ ਜੰਗ ਦੀ ਭਿਆਨਕ ਵੰਗਾਰ ਪਈ ਅਤੇ ਤੂੰ ਆਪਣੇ ਦੇਸ਼ ਅਤੇ ਨੇਤਾਵਾਂ ਪ੍ਰਤਿ ਆਪਣੇ ਫ਼ਰਜ਼ ਪੂਰੇ ਕਰਨ ਲਈ ਉਨ੍ਹਾਂ ਦੇ ਮਗਰ ਮਗਰ ਹੋ ਤੁਰਿਆ।

“ਇਹ ਕਿਹੋ ਜਿਹਾ ਫ਼ਰਜ਼ ਹੈ ਜੋ ਦੋ ਪ੍ਰੇਮੀਆਂ ਨੂੰ ਵਿਛੋੜਦਾ, ਸੁਹਾਗਣਾਂ ਨੂੰ ਵਿਧਵਾ ਕਰਦਾ ਤੇ ਬੱਚਿਆਂ ਨੂੰ ਯਤੀਮ ਬਣਾਉਂਦਾ ਹੈ ? ਇਹ ਕਿਹੋ ਜਿਹੀ ਦੇਸ਼-ਭਗਤੀ ਹੈ ਜੋ ਜੰਗ ਨੂੰ ਹਵਾ ਦੇਂਦੀ ਅਤੇ ਛੋਟੀਆਂ-ਛੋਟੀਆਂ ਗੱਲਾਂ ਖ਼ਾਤਰ ਸਲਤਨਤਾਂ ਨੂੰ ਫ਼ਨਾਹ ਕਰ ਦੇਂਦੀ ਹੈ ? ਅਤੇ ਇਕ ਜੀਵਨ ਦੇ ਮੁਕਾਬਲੇ ਜੇ ਵੇਖਿਆ ਜਾਏ ਤਾਂ ਇਨ੍ਹਾਂ ਤੁੱਛ ਗੱਲਾਂ ਦਾ ਕੀ ਅਰਥ ਰਹਿ ਜਾਂਦਾ ਹੈ ? ਇਹ ਕਿਹੋ ਜਿਹਾ ਫ਼ਰਜ਼ ਹੈ ਜੋ ਗ਼ਰੀਬ, ਨਿਗੂਣੇ ਤੇ ਦੱਬੇ ਕੁਚਲੇ ਪੇਂਡੂਆਂ ਨੂੰ ਆਪਣੇ ਉੱਤੇ ਹੀ ਜ਼ੁਲਮ ਕਰਨ ਵਾਲੇ ਅਮੀਰਾਂ ਤੇ ਉਨ੍ਹਾਂ ਦੇ ਹੀ ਨਕਾਬਪੋਸ਼ ਪੁੱਤਰਾਂ ਦੀ ਝੂਠੀ ਸ਼ਾਨ ਖ਼ਾਤਰ ਮਰਨ ਵਾਸਤੇ ਪ੍ਰੇਰਿਤ ਕਰਦਾ ਹੈ ? ਜੇ ਫ਼ਰਜ਼ ਕੌਮਾਂ ਵਿਚਲੇ ਅਮਨ ਨੂੰ ਤਬਾਹ ਕਰਦਾ ਹੈ ਅਤੇ ਦੇਸ਼-ਭਗਤੀ ਮਨੁੱਖੀ ਜੀਵਨ ਦਾ ਅਮਨ ਚੈਨ ਭੰਗ ਕਰਦੀ ਹੈ ਤਾਂ ਅਸੀਂ ਕਹਾਂਗੇ ਕਿ ‘ਫ਼ਰਜ਼ ਅਤੇ ਦੇਸ਼-ਭਗਤੀ ਅਮਨ ਤੋਂ ਕੁਰਬਾਨ।’

“ਨਹੀਂ ਨਹੀਂ, ਮੇਰੇ ਪ੍ਰੀਤਮ! ਮੇਰੇ ਕਹੇ ਲਫ਼ਜ਼ਾਂ ’ਤੇ ਨਾ ਜਾ ! ਆਪਣੇ ਦੇਸ਼ ਪ੍ਰਤਿ ਬਹਾਦਰ ਅਤੇ ਵਫ਼ਾਦਾਰ ਰਹੀਂ…..ਇਕ ਪਿਆਰ ਵਿਚ ਅੰਨ੍ਹੀ ਹੋਈ ਅਤੇ ਵਿਛੋੜੇ ਤੇ ਇਕੱਲ ਮਾਰੀ ਮੁਟਿਆਰ ਦੀਆਂ ਗੱਲਾਂ ਵੱਲ ਧਿਆਨ ਨਾ ਦੇਹ…..ਜੇ ਸਾਡਾ ਪਿਆਰ ਇਸ ਜਨਮ ਵਿਚ ਨੇਪਰੇ ਨਹੀਂ ਚੜ੍ਹਦਾ ਤਾਂ ਅਸੀਂ ਅਗਲੇ ਜਨਮ ਵਿਚ ਜ਼ਰੂਰ ਮਿਲਾਂਗੇ।

ਹਮੇਸ਼ਾ ਤੇਰੀ”

ਨਿਯ ਜਲਪਰੀਆਂ ਨੇ ਉਹ ਕਾਗ਼ਜ਼ ਤਹਿ ਕਰ ਕੇ ਉਸ ਨੌਜੁਆਨ ਦੀ ਜੇਬ ਵਿਚ ਰੱਖ ਦਿੱਤਾ ਅਤੇ ਚੁੱਪ-ਚਾਪ ਉਦਾਸ ਜਿਹੀਆਂ ਤੈਰ ਕੇ ਦੂਰ ਚਲੀਆਂ ਗਈਆਂ । ਜਦੋਂ ਉਹ ਸਿਪਾਹੀ ਦੀ ਲਾਸ਼ ਕੋਲੋਂ ਦੂਰ ਪਰ੍ਹੇ ਜਾ ਇਕੱਠੀਆਂ ਹੋਈਆਂ ਤਾਂ ਉਨ੍ਹਾਂ ਵਿੱਚੋਂ ਇਕ ਨੇ ਕਿਹਾ, “ਮਨੁੱਖੀ ਦਿਲ ਸਾਗਰ-ਦੇਵਤਾ ਦੇ ਪੱਥਰ ਦਿਲ ਨਾਲੋਂ ਵੀ ਵਧੇਰੇ ਜ਼ਾਲਮ ਹੈ।”

ਕਵੀ 

ਮੈਂ ਇਸ ਦੁਨੀਆ ਵਿਚ ਅਜਨਬੀ ਹਾਂ ਅਤੇ ਆਪਣੇ ਆਪ ਨੂੰ ਮਿਲੇ ਦੇਸ਼ ਨਿਕਾਲੇ ਦੌਰਾਨ ਮੈਨੂੰ ਬੜੀ ਇਕਾਂਤ ਤੇ ਦੁੱਖਦਾਈ ਇਕੱਲ ਮਹਿਸੂਸ ਹੁੰਦੀ ਹੈ। ਮੈਂ ਬਿਲਕੁਲ ਇਕੱਲਾ ਹਾਂ, ਪਰ ਇਸ ਇਕੱਲਤਾ ਵਿਚ ਮੈਂ ਇਕ ਅਨਜਾਣੇ ਤੇ ਲੁਭਾਵਣੇ ਦੇਸ਼ ਦੀ ਕਲਪਨਾ ਕਰਦਾ ਹਾਂ। ਇਹ ਚਿੰਤਨ ਮੇਰੇ ਸੁਪਨਿਆਂ ਨੂੰ ਅਜਿਹੇ ਮਹਾਨ ਦੂਰ ਦੇਸ਼ ਅਤੇ ਆਉਣ ਵਾਲੀ ਬਿਪਤਾ ਦੇ ਭੈਅ ਨਾਲ ਭਰ ਦਿੰਦਾ ਹੈ ਜਿਸਨੂੰ ਮੈਂ ਚੇਤਨ ਅਵਸਥਾ ਵਿਚ ਕਦੇ ਵੇਖਿਆ ਹੀ ਨਹੀਂ।

ਮੈਂ ਆਪਣੇ ਹੀ ਲੋਕਾਂ ਵਿਚ ਅਜਨਬੀ ਵਾਂਗ ਰਹਿ ਰਿਹਾ ਹਾਂ ਅਤੇ ਮੇਰਾ ਕੋਈ ਦੋਸਤ ਵੀ ਨਹੀਂ। ਕਿਸੇ ਵੀ ਇਨਸਾਨ ਨੂੰ ਵੇਖ ਕੇ ਮੈਂ ਆਪਣੇ ਆਪ ਨੂੰ ਸੁਆਲ ਕਰਦਾ ਹਾਂ, “ਕੌਣ ਹੈ ਉਹ ਅਤੇ ਮੈਂ ਕਿਸ ਤਰ੍ਹਾਂ ਇਸ ਨਾਲ ਜਾਣ- ਪਛਾਣ ਕਰ ਸਕਦਾ ਹਾਂ; ਉਹ ਇਥੇ ਕਿਉਂ ਮੌਜੂਦ ਹੈ ਅਤੇ ਕਿਸ ਕਾਨੂੰਨ ਨੇ ਮੇਰਾ ਉਸ ਨਾਲ ਨਾਤਾ ਜੋੜਿਆ ਹੈ ?”

ਮੈਂ ਆਪਣੇ ਆਪ ਲਈ ਅਜਨਬੀ ਹਾਂ ਅਤੇ ਜਦੋਂ ਮੇਰੀ ਜ਼ੁਬਾਨ ਤੋਂ ਅਲਵਾਜ਼ ਨਿਕਲਦੇ ਹਨ ਤਾਂ ਮੇਰੇ ਕੰਨਾਂ ਨੂੰ ਮੇਰੀ ਆਵਾਜ਼ ਸੁਣ ਕੇ ਹੈਰਾਨੀ ਹੁੰਦੀ ਹੈ: ਮੇਰੀ ਆਪਣੀ ਅੰਤਰ-ਆਤਮਾ ਮੁਸਕਰਾਉਂਦੀ, ਚੀਕਦੀ, ਡਟ ਜਾਂਦੀ, ਲਲਕਾਰਦੀ ਅਤੇ ਡਰਦੀ ਹੈ: ਮੇਰੀ ਹੋਂਦ ਨੂੰ ਮੇਰੇ ਹੱਡ ਮਾਸ ਦੇ ਪੁਤਲੇ ਹੋਣ ਉੱਤੇ ਹੈਰਾਨੀ ਹੁੰਦੀ ਹੈ ਜਦੋਂ ਕਿ ਮੇਰੀ ਆਤਮਾ ਮੇਰੇ ਦਿਲ ਨੂੰ ਸੁਆਲ ਜੁਆਬ ਕਰਦੀ ਹੈ, ਪਰ ਮੈਂ ਅਨਜਾਣ ਅਣਗੌਲਿਆਂ ਜਿਹਾ ਡਰਾਉਣੀ ਚੁੱਪ ਦੇ ਪਰਦੇ. ਹੇਠ ਕੱਜਿਆ ਨਿਪਟਿਆ ਪਿਆ ਰਹਿੰਦਾ ਹਾਂ।

ਮੇਰੇ ਵਿਚਾਰ ਮੇਰੇ ਜਿਸਮ ਲਈ ਅਜਨਬੀ ਹਨ ਅਤੇ ਜਿਉਂ ਹੀ ਮੈਂ ਸ਼ੀਸ਼ੇ ਸਾਹਮਣੇ ਖੜਾ ਹੋ ਕੇ ਆਪਣੇ ਆਪ ਨੂੰ ਨਿਹਾਰਦਾ ਹਾਂ ਮੈਨੂੰ ਆਪਣੇ ਹੀ ਚਿਹਰੇ ਉੱਤੇ ਉਹ ਕੁਝ ਨਜ਼ਰੀਂ ਪੈਂਦਾ ਹੈ ਜੋ ਮੇਰੀ ਆਤਮਾ ਨਹੀਂ ਵੇਖ ਸਕਦੀ ਅਤੇ ਮੈਨੂੰ ਅੱਖਾਂ ਵਿੱਚੋਂ ਉਹ ਕੁਝ ਝਲਕਦਾ ਨਜ਼ਰੀਂ ਪੈਂਦਾ ਹੈ ਜੋ ਮੇਰਾ ਅੰਤਰੀਵ ਨਹੀਂ ਵੇਖ ਸਕਦਾ।

. ਜਦੋਂ ਮੈਂ ਮਾਲੀ ਮਾਲੀ ਅੱਖਾਂ ਨਾਲ ਚਮਕ-ਦਮਕ ਵਾਲੇ ਸ਼ਹਿਰ ਦੀਆਂ ਗਲੀਆਂ ਵਿੱਚੋਂ ਲੰਘਦਾ ਹਾਂ ਤਾਂ ਬੱਚੇ ਚੀਕ-ਚਿਹਾੜਾ ਪਾਉਂਦੇ ਹੋਏ ਮੇਰੇ ਪਿੱਛੇ ਭੱਜਦੇ ਹਨ, ‘ਇਹ ਅੰਨ੍ਹਾ ਹੈ, ਇਹ ਸੂਰਦਾਸ ਹੈ। ਆਉ ਇਸਨੂੰ ਡੰਗੋਰੀ ਦੇਈਏ ਤਾਂ ਕਿ ਇਹ ਆਪਣਾ ਰਾਹ ਲੱਭ ਸਕੇ ।’ ਜਦੋਂ ਮੈਂ ਉਹਨਾਂ ਤੋਂ ਬਚਦਾ ਹੋਇਆ ਛੱਜਦਾ ਹਾਂ ਤਾਂ ਅੱਗੋਂ ਨੌਜੁਆਨ ਲੜਕੀਆਂ ਦੀ ਟੋਲੀ ਆ ਟਕਰਾਉਂਦੀ ਹੈ ਅਤੇ ਇਹ ਕਹਿੰਦੀਆਂ ਹੋਈਆਂ ਮੇਰੇ ਕੱਪੜਿਆਂ ਦੀਆਂ ਕੰਨੀਆਂ ਖਿੱਚਦੀਆਂ ਹਨ, ‘ਉਹ ਪੱਥਰ ਵਾਂਗ ਹੈ, ਉਸ ਨੂੰ ਕੁਝ ਸੁਣਾਈ ਨਹੀਂ ਦੇਂਦਾ, ਆਓ ਉਸਦੇ ਕੰਨਾਂ ਵਿਚ ਪਿਆਰ ਦਾ ਸੰਗੀਤ ਭਰ ਦੇਈਏ’ ਅਤੇ ਜਦੋਂ ਮੈਂ ਉਨ੍ਹਾਂ ਤੋਂ ਬਚ ਕੇ ਭੱਜਦਾ ਹਾਂ ਤਾਂ ਬਜ਼ੁਰਗਾਂ ਦਾ ਇਕ ਟੋਲਾ ਕੰਬਦੀਆਂ ਉਂਗਲਾਂ ਨਾਲ ਮੇਰੇ ਵੱਲ ਇਸ਼ਾਰਾ ਕਰਦੇ ਹੋਏ ਕਹਿੰਦਾ ਹੈ, ‘ਉਹ ਪਾਗਲ ਹੈ ਜੋ ਜੈਨੀ ਅਤੇ ਉਸਦੀ ਹੁਸੀਨ ਦੁਨੀਆ ਵਿਚ ਆਪਣੀ ਯਾਦਾਸ਼ਤ ਗੁਆ ਚੁੱਕਾ ਹੈ।’

X X X X X X

1 ਮੈਂ ਇਸ ਦੁਨੀਆ ਵਿਚ ਅਜਨਬੀ ਹਾਂ; ਮੈਂ ਬ੍ਰਹਿਮੰਡ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਘੁੰਮਿਆ ਹਾਂ ਪਰ ਸੁਖ ਚੈਨ ਨਾਲ ਦੋ ਪਲ ਬਿਤਾਉਣ ਲਈ ਕੋਈ ਥਾਂ ਟਿਕਾਣਾ ਨਹੀਂ ਮਿਲਿਆ; ਨਾ ਤਾਂ ਮੈਨੂੰ ਕੋਈ ਅਜਿਹਾ ਇਨਸਾਨ ਮਿਲਿਆ ਜਿਸ ਨਾਲ ਮਨ ਦੀ ਗੱਲ ਕਰ ਸਕਾਂ, ਨਾ ਹੀ ਅਜਿਹਾ ਮਨੁੱਖ ਜੋ ਮੇਰੇ ਮਨ ਅੰਦਰ ਦੀ ਗੱਲ ਸਮਝ ਸਕੇ ।

ਜਦ ਮੈਂ ਪ੍ਰਭਾਤ ਵੇਲੇ ਆਪਣੀਆਂ ਉਨੀਂਦੀਆਂ ਅੱਖਾਂ ਖੋਹਲਦਾ ਹਾਂ, ਮੈਂ ਆਪਣੇ ਆਪ ਨੂੰ ਹਨੇਰੀ ਗੁਫ਼ਾ ਵਿਚ ਕੈਦ ਮਹਿਸੂਸ ਕਰਦਾ ਹਾਂ, ਜਿਸਦੀ ਛੱਤ ਉੱਤੇ ਕੀੜੇ ਮਕੌੜੇ ਲਟਕਦੇ ਅਤੇ ਫ਼ਰਸ਼ ਉੱਤੇ ਜ਼ਹਿਰੀਲੇ ਸੱਪ ਰੀਂਗਦੇ ਹੋਣ।

ਸਮਿਥ ਜਦ ਮੈਂ ਚਾਨਣ ਦੀ ਝਲਕ ਵੇਖਣ ਲਈ ਬਾਹਰ ਨਿਕਲਦਾ ਹਾਂ ਤਾਂ ਮੇਰਾ ਆਪਣਾ ਪਰਛਾਵਾਂ ਮੇਰਾ ਪਿੱਛਾ ਕਰਦਾ ਹੈ ਪਰ ਆਤਮਾ ਦਾ ਪਰਛਾਵਾਂ ਅੱਗੇ ਨਿਕਲ ਕੇ ਅਜਿਹੀ ਅਨਜਾਣ ਜਗ੍ਹਾ ਵੱਲ ਲੈ ਤੁਰਦਾ ਹੈ ਜਿਥੋਂ ਦਾ ਸਭ ਕੁਝ ਮੇਰੀ ਸਮਝ ਤੋਂ ਬਾਹਰ ਹੈ ਅਤੇ ਹਿਰਸੀ ਤੱਤ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦੇ ।

ਸ਼ਾਮ ਢਲ਼ਣ ‘ਤੇ ਜਦੋਂ ਮੈਂ ਵਾਪਿਸ ਪਰਤ ਕੇ, ਨਰਮ ਖੰਭਾਂ ਤੋਂ ਬਣੇ ਬਿਸਤਰੇ, ਪਰ ਜਿਸ ਦੇ ਆਲੇ-ਦੁਆਲੇ ਕੰਡੇ ਹਨ, ਉੱਤੇ ਲੇਟਦਿਆਂ ਹੀ ਮੈਂ ਧਿਆਨ ਮਗਨ ਹੁੰਦਾ ਹਾਂ ਤਾਂ ਦੁਖਦਾਈ ਤੇ ਖ਼ੁਸ਼ੀ ਭਰੀਆਂ ਇੱਛਾਵਾਂ ਨੂੰ ਮਹਿਸੂਸ ਕਰਦਾ ਅਤੇ ਦਰਦਨਾਕ ਤੇ ਸੁਖਦਾਈ ਉਮੀਦਾਂ ਦਾ ਅਹਿਸਾਸ ਹੁੰਦਾ ਹੈ।

ਅੱਧੀ ਰਾਤ ਵੇਲੇ ਬੀਤੀਆਂ ਸਦੀਆਂ ਦੇ ਭੂਤ ਪ੍ਰੇਤ ਅਤੇ ਭੁੱਲੀ ਵਿਸਰੀ ਸੱਭਿਅਤਾ ਦੀਆਂ ਆਤਮਾਵਾਂ ਗੁਫ਼ਾ ਦੀਆਂ ਝੀਥਾਂ ਵਿੱਚੋਂ ਦਾਖ਼ਲ ਹੋ ਕੇ ਮੇਰੇ ਤਕ ਆ ਪੁੱਜਦੀਆਂ ਹਨ ਮੈਂ ਉਨ੍ਹਾਂ ਵੱਲ ਇਕ ਟੱਕ ਵੇਖਦਾ ਹਾਂ ਅਤੇ ਉਹ ਮੇਰੇ ਵੱਲ; ਮੈਂ ਉਨ੍ਹਾਂ ਨਾਲ ਗੱਲਬਾਤ ਕਰਦਾ ਤੇ ਉਹ ਮੁਸਕਰਾਉਂਦੀਆਂ ਮੈਨੂੰ ਜੁਆਬ ਦੇਂਦੀਆਂ। ਫਿਰ ਮੈਂ ਉਨ੍ਹਾਂ ਨੂੰ ਫੜ ਕੇ ਕੁਚਲ ਦੇਣ ਦਾ ਯਤਨ ਕਰਦਾ ਹਾਂ ਪਰ ਉਹ ਹੌਲੀ ਜਿਹੀ ਮੇਰੀਆਂ ਉਂਗਲਾਂ ਵਿੱਚੋਂ ਫਿਸਲ ਕੇ ਝੀਲ ਉੱਤੇ ਪਈ ਧੁੰਦ ਵਾਂਗ ਗ਼ਾਇਬ ਹੋ ਜਾਂਦੀਆਂ ਹਨ।

X X X X X X

ਮੈਂ ਇਸ ਦੁਨੀਆ ਵਿਚ ਅਜਨਬੀ ਹਾਂ ਅਤੇ ਇਸ ਬ੍ਰਹਿਮੰਡ ਵਿਚ ਕੋਈ ਅਜਿਹਾ ਨਹੀਂ ਜੋ ਮੇਰੀ ਜ਼ੁਬਾਨ ਸਮਝ ਸਕੇ। ਅਨੋਖੀਆਂ ਯਾਦਾਂ ਦੇ ਝਾਉਲੇ ਅਚਾਨਕ ਮੇਰੇ ਮਨ ਵਿਚ ਉੱਭਰ ਆਉਂਦੇ ਹਨ ਅਤੇ ਮੇਰੀਆਂ ਅੱਖਾਂ ਅੱਗੇ ਅਜੀਬ ਜਿਹੇ ਪਰਛਾਵੇਂ ਅਤੇ ਉਦਾਸ ਰੂਹਾਂ ਆ ਖੜੀਆਂ ਹੁੰਦੀਆਂ ਹਨ। ਮੈਂ ਵੀਰਾਨ ਮੈਦਾਨਾਂ ਵਿਚ ਘੁੰਮਦਾ ਨਦੀ ਨਾਲਿਆਂ ਨੂੰ ਤੇਜ਼ੀ ਨਾਲ ਵਹਿੰਦੇ ਹੋਏ ਦੇਖਦਾ ਹਾਂ, ਜੋ ਉਪਰੋਂ ਪਹਾੜ ਦੀ ਚੋਟੀ ਤੋਂ ਗਹਿਰੀ ਘਾਟੀ ਵੱਲ ਅੱਗੇ ਹੀ ਅੱਗੇ ਵਧਦੇ ਜਾਂਦੇ ਹਨ; ਮੈਂ ਰੁੱਖਾਂ ਨੂੰ ਹਰੇ ਹੁੰਦੇ, ਫਲ ਦੇਂਦੇ ਅਤੇ ਫਿਰ ਰੁੰਡ-ਮੁੰਡ ਹੁੰਦੇ ਵੇਖਦਾ ਹਾਂ ਅਤੇ ਫਿਰ ਮੇਰੇ ਵੇਖਦਿਆਂ ਹੀ ਟਾਹਣੀਆਂ ਟੁੱਟ ਕੇ ਕੌਡੀਆਂ ਵਾਲੇ ਸੱਪਾਂ ਦਾ ਰੂਪ ਧਾਰ ਲੈਂਦੀਆਂ ਹਨ । ਮੈਂ ਪੰਛੀਆਂ ਨੂੰ ਆਕਾਸ਼ ਉੱਤੇ ਉੱਡਦੇ, ਗਾਉਂਦੇ ਤੇ ਵਿਰਲਾਪ ਕਰਦੇ ਹੋਏ ਵੇਖਦਾ ਹਾਂ; ਫਿਰ ਉਹ ਰੁਕ ਜਾਂਦੇ, ਖੰਭ ਖਿਲਾਰਦੇ ਅਤੇ ਲੰਮੇ ਵਾਲਾਂ ਵਾਲੀਆਂ ਵਸਤਰਹੀਣ ਲੜਕੀਆਂ ਦਾ ਰੂਪ ਧਾਰ ਕੇ ਸੁਰਮਈ ਤੇ ਮਨਮੋਹਕ ਅੱਖਾਂ ਨਾਲ ਮੇਰੇ ਵੱਲ ਵੇਖਦੇ ਅਤੇ ਜਿਵੇਂ ਸ਼ਹਿਦ ਭਰੇ ਹੋਠਾਂ ਨਾਲ ਮਿੱਠੀ ਜਿਹੀ ਮੁਸਕਾਨ ਖਿਲਾਰਦੇ ਮੇਰੇ ਵੱਲ ਖ਼ੁਸ਼ਬੂ ਭਰੇ ਹੱਥ ਤੇ ਬਾਹਵਾਂ ਫੈਲਾਉਂਦੇ ਹਨ। ਫਿਰ ਉਹ ਅਕਾਸ਼ ਤੋਂ ਹੇਠਾਂ ਉਤਰੇ ਭੂਤਾਂ ਵਾਂਗ ਮੇਰੀਆਂ ਅੱਖਾਂ ਅੱਗੋਂ ਓਝਲ ਹੋ ਜਾਂਦੇ ਅਤੇ ਪਿੱਛੇ ਰਹਿ ਜਾਂਦੀ ਉਨ੍ਹਾਂ ਦੀ ਵਿਅੰਗਮਈ ਆਵਾਜ਼ ਤੇ ਮਜ਼ਾਕ ਭਰੇ ਹਾਸੇ ਦੀ ਗੂੰਜ ।

ਮੈਂ ਇਸ ਦੁਨੀਆ ਵਿਚ ਅਜਨਬੀ ਹਾਂ…..ਮੈਂ ਇਕ ਕਵੀ ਹਾਂ ਜੋ ਅਸਲ ਜੀਵਨ ਵਿਚ ਵਾਪਰਦਾ ਹੈ, ਨੂੰ ਲਿਖਤੀ ਰੂਪ ਦੇਂਦਾ ਤੇ ਜੋ ਜੀਵਨ ਦੀ ਅਸਲੀਅਤ ਹੈ, ਉਸਨੂੰ ਵਿਉਂਤਬੱਧ ਕਰਦਾ ਹਾਂ।

ਇਹੀ ਕਾਰਨ ਹੈ ਕਿ ਮੈਂ ਅਜਨਬੀ ਹਾਂ ਅਤੇ ਉਦੋਂ ਤਕ ਅਜਨਬੀ ਹੀ ਰਹਾਂਗਾ ਜਦੋਂ ਤਕ ਮੌਤ ਦੇ ਚਿੱਟੇ ਦੋਸਤਾਨਾ ਹੱਥ ਮੈਨੂੰ ਖ਼ੂਬਸੂਰਤ ਦੇਸ਼ ਵਿਚ ਆਪਣੇ ਘਰ ਨਹੀਂ ਪਹੁੰਚਾ ਦੇਂਦੇ। ਉਥੇ ਜਿਥੇ ਰੌਸ਼ਨੀ, ਸ਼ਾਂਤੀ ਅਤੇ ਗਿਆਨ ਦਾ ਇਕ ਥਾਂ ਵਾਸਾ ਹੈ; ਮੈਂ ਹੋਰ ਉਨ੍ਹਾਂ ਅਜਨਬੀ ਸਾਥੀਆਂ ਦਾ ਇੰਤਜ਼ਾਰ ਕਰਾਂਗਾ ਜਿਹੜੇ ਇਸ ਛੋਟੀ ਜਿਹੀ ਹਨੇਰੀ ਦੁਨੀਆ ਵਿੱਚੋਂ ਸਮੇਂ ਦੇ ਦੋਸਤਾਨਾ ਹੱਥਾਂ ਦਾ ਸਹਾਰਾ ਲੈ ਕੇ, ਬਚ ਕੇ ਇਥੇ ਆ ਜਾਣਗੇ।

ਯੁੱਗਾਂ ਦੀ ਧੂੜ ਅਤੇ ਸਦੀਵੀ ਅੱਗ

ਭਾਗ ਪਹਿਲਾ

(ਪੱਤਝੜ 116 ਈਸਾ ਪੂਰਵ)

ਚਾਰੇ ਪਾਸੇ ਰਾਤ ਦੀ ਖ਼ਾਮੋਸ਼ੀ ਪਸਰੀ ਹੋਈ ਸੀ ਜਦੋਂ ਕਿ (ਬਾਲਬੈਕ) ਸੂਰਜ – ਨਗਰ ਦੇ ਵਾਸੀ ਨੀਂਦ ਰਾਣੀ ਦੀ ਗੋਦ ਵਿਚ ਮਿੱਠੀ ਨੀਂਦ ਦਾ ਆਨੰਦ ਮਾਣ ਰਹੇ ਸਨ। ਜੈਤੂਨ ਤੇ ਹੋਰ ਸੁੰਦਰ ਰੁੱਖਾਂ ਨਾਲ ਘਿਰੇ ਸ਼ਾਨਦਾਰ ਪੂਜਾਸਥਲਾਂ ਦੇ ਚਾਰੇ ਪਾਸਿਆਂ ਦੀਆਂ ਇਮਾਰਤਾਂ ਤੇ ਇੱਕਾ-ਦੁੱਕਾ ਘਰਾਂ ਵਿਚ ਲੈਂਪਾਂ ਦੀ ਰੌਸ਼ਨੀ ਕਦੋਂ ਦੀ ਬੁੱਝ ਚੁੱਕੀ ਸੀ। ਚਿੱਟੇ ਸੰਗਮਰਮਰੀ ਥੰਮ੍ਹਾਂ ਨੂੰ ਚੰਦਰਮਾ ਦੀਆਂ ਚਾਂਦੀ ਰੰਗੀਆਂ ਰਿਸ਼ਮਾਂ ਰੁਸ਼ਨਾ ਰਹੀਆਂ ਸਨ, ਜੋ ਰਾਤ ਦੀ ਖ਼ਾਮੋਸ਼ੀ ਵਿਚ ਜਿਵੇਂ ਦੇਵਤਿਆਂ ਦੇ ਮੰਦਰਾਂ ਦੁਆਲੇ ਸੰਤਰੀਆਂ ਵਾਂਗ ਖੜੇ ਰਾਖੀ ਕਰ ਰਹੇ ਹੋਣ ਅਤੇ ਲੈਬਨਾਨ ਦੇ ਮੀਨਾਰਾਂ ਵੱਲ ਹੈਰਾਨੀ ਤੇ ਭੈ ਨਾਲ ਵੇਖ ਰਹੇ ਹੋਣ, ਜੋ ਦੂਰ-ਦੁਰਾਡੇ ਪਹਾੜੀਆਂ ਦੀਆਂ ਉਚਾਈਆਂ ਤੇ ਪੱਥਰੀਲੇ ਉੱਚੇ ਨੀਵੇਂ ਸਥਾਨਾਂ ‘ਤੇ ਸਥਿਤ ਹਨ।

ਅਜਿਹੇ ਜਾਦੂਮਈ ਸਮੇਂ, ਜਦੋਂ ਕਿ ਮਨੁੱਖੀ ਰੂਹਾਂ ਨੀਂਦ ਦੀ ਗੋਦ ਵਿਚ ਅਨੰਤ ਦੇ ਸੁਪਨੇ ਲੈਂਦੀਆਂ ਉਂਘਲਾ ਰਹੀਆਂ ਸਨ ਕਿ ਪਾਦਰੀ ਦਾ ਪੁੱਤਰ ਨਾਥਾਨ, ਕੰਬਦੇ ਹੱਥਾਂ ਵਿਚ ਮਸ਼ਾਲ ਫੜੀ ਇਸ਼ਤਰ ਦੇਵੀ ਦੇ ਮੰਦਰ ਵਿਚ ਦਾਖ਼ਲ ਹੋਇਆ ਅਤੇ ਉਹ ਉਦੋਂ ਤਕ ਦੀਵੇ ਬਾਲਦਾ ਤੇ ਧੂਫ਼ ਧੁਖਾਉਂਦਾ ਰਿਹਾ ਜਦੋਂ ਤਕ ਕਿ ਧੂਫ਼ ਤੇ ਅਗਰਬੱਤੀਆਂ ਦੀ ਮਹਿਕ ਸਾਰੇ ਵਾਤਾਵਰਨ ਵਿਚ ਘੁਲ- ਮਿਲ ਨਾ ਗਈ। ਫਿਰ ਉਸਨੇ ਦੰਦ ਖੰਡ ਤੇ ਸੋਨੇ ਜੜੀ ਦੇਵੀ ਦੀ ਮੂਰਤੀ ਸਾਹਮਣੇ ਡੰਡਉਤ ਕੀਤੀ ਅਤੇ ਇਸ਼ਤਰ ਦੇਵੀ ਸਾਹਮਣੇ ਬੇਨਤੀ ਕਰਨ ਦੀ ਮੁਦਰਾ ਵਿਚ ਆਪਣੇ ਹੱਥ ਉਪਰ ਚੁੱਕ ਕੇ ਦਰਦ ਹੇਠ ਦੱਬੀਆਂ ਸਿਸਕੀਆਂ ਭਰੀ ਆਵਾਜ਼ ਵਿਚ ਕੂਕ ਉੱਠਿਆ, “ਓ ਮਹਾਨ ਇਸ਼ਤਰ ਦੇਵੀ, ਪਿਆਰ ਤੇ ਸੁੰਦਰਤਾ ਦੀ ਦੇਵੀ! ਮੇਰੇ ’ਤੇ ਮਿਹਰ ਕਰ, ਤਰਸ ਕਰ ਅਤੇ ਮੇਰੀ ਮਹਿਬੂਬਾ ਨੂੰ ਮੌਤ ਦੇ ਮੂੰਹੋਂ ਬਚਾਅ ਲੈ, ਜਿਸਨੂੰ ਮੇਰੀ ਆਤਮਾ ਨੇ ਤੇਰੀ ਇੱਛਾ ਮੁਤਾਬਿਕ ਜੀਵਨ ਸਾਥੀ ਚੁਣਿਆ ਹੈ…..ਨਾ ਹੀ ਵੈਦਾਂ ਦੀਆਂ ਦਵਾਈਆਂ ਦਾ ਕੋਈ ਅਸਰ ਹੋਇਆ ਹੈ ਤੇ ਨਾ ਹੀ ਜਾਦੂ-ਟੂਣੇ ਤੇ ਪੁਜਾਰੀਆਂ ਦੀਆਂ ਪ੍ਰਾਰਥਨਾਵਾਂ ਉਸਨੂੰ ਜੀਵਨ ਦਾਨ ਦੇ ਸਕੀਆਂ ਹਨ। ਕੋਈ ਕਸਰ ਬਾਕੀ ਨਹੀਂ ਰਹੀ ਸਿਵਾਇ ਤੇਰੀ ਮਿਹਰ ਦੇ ਸਾਏ ਦੇ । ਤੂੰ ਤੇ ਤੇਰਾ ਨਾਂ ਹੀ ਮੇਰੇ ਲਈ ਚਾਨਣ-ਮੁਨਾਰਾ ਤੇ ਮਦਦਗਾਰ ਹੈ। ਮੇਰੇ ‘ਤੇ ਮਿਹਰ ਕਰ ਅਤੇ ਮੇਰੀਆਂ ਅਰਦਾਸਾਂ ਕਬੂਲ ਕਰ ! ਮੇਰੇ ਦਿਲ ਦੇ ਪਛਤਾਵੇ ਅਤੇ ਰੂਹ ਦੀ ਪੀੜ ਵੱਲ ਝਾਤੀ ਮਾਰ ਤਾਂ ਸਹੀ। ਮੇਰੀ ਪਿਆਰੀ ਦਾ ਜੀਵਨ ਬਖ਼ਸ਼ ਦੇਹ ਤਾਂ ਕਿ ਅਸੀਂ ਆਪਣੀ ਜਵਾਨੀ ਦਾ ਆਨੰਦ ਮਾਣਦੇ ਹੋਏ ਤੇਰੀ ਮੁਹੱਬਤ ਤੇ ਸੁਹੱਪਣ ਦੇ ਭੇਦਾਂ ਨੂੰ ਮਾਣ ਸਕੀਏ, ਜੋ ਤੇਰੀ ਮਹਾਨਤਾ ਤੇ ਵਡਿੱਤਣ ਦਾ ਸਬੂਤ ਹਨ। ਇਹ ਮੇਰੇ ਦਿਲ ਦੀ ਗਹਿਰਾਈ ‘ਚੋਂ ਨਿਕਲੀ ਕੂਕ ਪੁਕਾਰ ਹੈ, ਓ ਉੱਚ ਆਤਮਾ ਇਸ਼ਤਰ! ਰਾਤ ਦੇ ਇਸ ਅੰਧਕਾਰ ਵਿਚ ਮੈਂ ਤੇਰੇ ਕੋਲੋਂ ਦਇਆ ਦੀ ਭਿਖਿਆ ਮੰਗਦਾ ਹਾਂ, …..ਮੇਰੀ ਪੁਕਾਰ ਸੁਣ, ਓ ਇਸ਼ਤਰ ! ਮੈਂ ਤੇਰਾ ਸੇਵਕ ਨਾਥਾਨ, ਮੁੱਖ ਪਾਦਰੀ ਹੀਰਮ ਦਾ ਪੁੱਤਰ ਹਾਂ ਅਤੇ ਆਪਣੇ ਕਰਮ ਤੇ ਵਚਨ ਵਜੋਂ ਸਾਰਾ ਜੀਵਨ ਤੇਰੀ ਪੂਜਾ ਦੀ ਬਲੀ ਵੇਦੀ ਉੱਤੇ ਕੁਰਬਾਨ ਕਰਦਾ गं।

“ਮੈਂ ਬਹੁਤ ਸਾਰੀਆਂ ਲੜਕੀਆਂ ਵਿੱਚੋਂ ਇਕ ਮੁਟਿਆਰ ਨੂੰ ਹੀ ਮੁਹੱਬਤ ਕੀਤੀ ਤੇ ਉਸਨੂੰ ਹੀ ਆਪਣੀ ਜੀਵਨ ਸਾਥਣ ਬਣਾ ਲਿਆ, ਪਰ ਜੈਨੀ ਦੁਲਹਨਾਂ ਉਸ ਤੋਂ ਈਰਖਾ ਕਰਦੀਆਂ ਹਨ। ਉਨ੍ਹਾਂ ਉਸ ਦੇ ਸੁਹਣੇ ਸਰੀਰ ਨੂੰ ਆਪਣੇ ਜਾਦੂ ਨਾਲ ਅਜੀਬ ਜਿਹਾ ਰੋਗ ਲਾ ਦਿੱਤਾ ਹੈ ਤੇ ਉਸ ਕੋਲ ਜਮਦੂਤ ਭੇਜਿਆ ਹੋਇਆ ਹੈ ਜੋ ਉਸਦੇ ਸਿਰਹਾਣੇ ਖੜਾ ਭੁੱਖੇ ਦਰਿੰਦੇ ਵਾਂਗ, ਉਸ ਦੁਆਲੇ ਆਪਣੇ ਕਾਲੇ ਸਿਆਹ ਖੰਭ ਖਿਲਾਰੀ, ਤੇਜ਼ ਪੰਜੇ ਫੈਲਾਈ ਉਸ ਉੱਤੇ ਝਪਟ ਪੈਣ ਲਈ ਤਿਆਰ ਖੜਾ ਹੈ। ਮੈਂ ਇਥੇ ਤੇਰੀ ਸ਼ਰਣ ਵਿਚ ਆਇਆ ਹਾਂ ਕਿ ਮੇਰੇ ’ਤੇ ਰਹਿਮ ਕਰ ਤੇ ਉਸ ਮਾਸੂਮ ਫੁੱਲ ਜਿਹੀ ਜਿੰਦੜੀ ਨੂੰ ਬਚਾਅ ਲੈ, ਜਿਸਨੇ ਹਾਲਾਂ ਜੀਵਨ ਦੀ ਬਸੰਤ ਰੁੱਤ ਮਾਣੀ ਹੀ ਨਹੀਂ।

“ਉਸਨੂੰ ਮੌਤ ਦੇ ਸ਼ਿਕੰਜੇ ਵਿੱਚੋਂ ਕੱਢ ਲੈ, ਬਚਾਅ ਲੈ ਉਸਨੂੰ, ਅਸੀਂ ਖ਼ੁਸ਼ੀ ਖ਼ੁਸ਼ੀ ਤੇਰੀ ਉਸਤਤ ਤੇ ਗੁਣ ਗਾਵਾਂਗੇ, ਤੇਰੀ ਸ਼ਾਨ ਵਿਚ ਧੂਫ਼ ਧੁਖਾਵਾਂਗੇ, ਤੇਰੀ ਮੂਰਤੀ ਅੱਗੇ ਅਹੂਤੀ ਦਿਆਂਗੇ, ਹਵਨ ਯੱਗ ਕਰਾਂਗੇ, ਤੇਰੇ ਸਾਹਮਣੇ ਪਏ ਗੁਲਦਾਨ ਨੂੰ ਸੁਗੰਧੀ ਵਾਲੇ ਤੇਲ ਨਾਲ ਭਰ ਦਿਆਂਗੇ। ਤੇਰੇ ਪੂਜਾ ਸਥਾਨ ਸਾਹਮਣੇ ਫੁੱਲ ਪੱਤੀਆਂ ਵਿਛਾ ਦਿਆਂਗੇ, ਤੇਰੇ ਪਵਿੱਤਰ ਯਾਦਗਾਰੀ ਥਾਂ ‘ਤੇ ਖ਼ੁਸ਼ਬੂਦਾਰ ਅਗਰ-ਬੱਤੀਆਂ ਤੇ ਚੰਦਨ ਦੀ ਮਹਿਕ ਖਿਲਾਰ ਦੇਵਾਂਗੇ। ਉਸਦੀ ਰੱਖਿਆ ਕਰ, ਓ ਕਰਾਮਾਤਾਂ ਦੀ ਦੇਵੀ ਇਸ਼ਤਰ ਅਤੇ ਇਸ ਗ਼ਮ ਦੇ ਉਲਟ ਖ਼ੁਸ਼ੀ ਦੀ ਕਸ਼ਮਕਸ਼ ਵਿਚ ਪਿਆਰ ਨੂੰ ਮੌਤ ਉੱਤੇ ਜਿੱਤ ਹਾਸਲ ਕਰਨ ਦੇਹ ਕਿਉਂਕਿ ਤੂੰ ਪਿਆਰ ਤੇ ਮੌਤ ਦੀ ਮਾਲਕਣ ਹੈਂ।”

ਥੋੜ੍ਹੀ ਦੇਰ ਲਈ ਨਾਥਾਨ ਖ਼ਾਮੋਸ਼ ਹੋ ਗਿਆ। ਉਸ ਦੀਆਂ ਅੱਖਾਂ ਹੰਝੂਆਂ ਨਾਲ ਤਰ ਸਨ ਅਤੇ ਦਿਲ ਪੀੜ ਭਰੇ ਹਉਕਿਆਂ ਨਾਲ ਲਬਰੇਜ਼; ਉਹ ਕੁਝ ਦੇਰ ਰੁਕ ਕੇ ਫਿਰ ਕਹਿਣ ਲੱਗਾ, “ਮੇਰੇ ਸੁਪਨੇ ਢਹਿ-ਢੇਰੀ ਹੋ ਰਹੇ ਹਨ, ਓ ਦੇਵੀ ਇਸ਼ਤਰ ਅਤੇ ਮੇਰਾ ਦਿਲ ਕੁਰਲਾ ਰਿਹਾ ਹੈ, ਦਮ ਤੋੜ ਰਿਹਾ ਹੈ, ਅੱਖਾਂ ਤਰਸ ਰਹੀਆਂ ਹਨ, ਆਪਣੀ ਮਿਹਰ ਰਾਹੀਂ ਮੈਨੂੰ ਜੀਵਨ ਦਾਨ ਦੇਹ ਅਤੇ ਮੇਰੀ ਮਹਿਬੂਬਾ ਨੂੰ ਮੇਰੇ ਅੰਗ-ਸੰਗ ਰਹਿਣ ਲਈ ਬਚਾਅ ਲੈ।”

ਸ ਉਸੇ ਵੇਲੇ ਇਕ ਨੌਕਰ ਪੂਜਾਸਥਲ ਅੰਦਰ ਦਾਖ਼ਲ ਹੋਇਆ ਅਤੇ ਨਾਥਾਨ ਕੋਲ ਪਹੁੰਚ ਕੇ ਉਸਨੂੰ ਹੌਲੀ ਜਿਹੀ ਕੰਨ ਵਿਚ ਕਹਿਣ ਲੱਗਾ, “ਮਾਲਕ ! ਉਨ੍ਹਾਂ ਨੇ ਅੱਖਾਂ ਖੋਲ੍ਹੀਆਂ ਹਨ, ਜਦ ਆਪਣੇ ਆਲੇ-ਦੁਆਲੇ ਵੇਖਿਆ ਪਰ ਤੁਸੀਂ ਨਜ਼ਰ ਨਾ ਆਏ, ਉਹ ਤੁਹਾਨੂੰ ਪੁਕਾਰ ਰਹੀ ਹੈ, ਇਸ ਲਈ ਮੈਂ ਕਾਹਲੀ ਕਾਹਲੀ ਤੁਹਾਨੂੰ ਬੁਲਾਉਣ ਲਈ ਹਾਜ਼ਰ ਹੋਇਆ ਹਾਂ।”

ਨਾਥਾਨ ਛੇਤੀ ਨਾਲ ਉਥੋਂ ਉੱਠਿਆ ਤੇ ਘਰ ਵੱਲ ਤੁਰ ਪਿਆ, ਨੌਕਰ ਉਸਦੇ ਪਿੱਛੇ-ਪਿੱਛੇ ਸੀ।

ਮਹਿਲ ਵਿਚ ਪੁੱਜਦਿਆਂ ਹੀ ਉਹ ਬੀਮਾਰ ਪ੍ਰੇਮਿਕਾ ਦੇ ਕਮਰੇ ਵਿਚ ਦਾਖ਼ਲ ਹੋਇਆ ਤੇ ਉਸਦੇ ਮੰਜੇ ਉੱਤੇ ਝੁਕਿਆ, ਉਸਦਾ ਕਮਜ਼ੋਰ ਜਿਹਾ ਹੱਥ ਆਪਣੇ ਹੱਥ ਵਿਚ ਲੈ ਕੇ ਉਸਦੇ ਹੋਠਾਂ ਦੇ ਅਣਗਿਣਤ ਚੁੰਬਣ ਲਏ ਜਿਵੇਂ ਕਿ ਆਪਣੇ ਜੀਵਨ ਵਿੱਚੋਂ ਉਸਦੇ ਸਰੀਰ ਵਿਚ ਨਵੇਂ ਜੀਵਨ ਦਾ ਸੰਚਾਰ ਕਰ ਰਿਹਾ ਹੋਵੇ। ਪ੍ਰੇਮਿਕਾ ਨੇ ਰੇਸ਼ਮੀ ਸਿਰਹਾਣੇ ਉੱਤੋਂ ਆਪਣੇ ਸਿਰ ਨੂੰ ਉੱਚਾ ਚੁੱਕ ਕੇ ਮੂੰਹ ਉਸ ਵੱਲ ਕੀਤਾ ਤੇ ਪਲ ਭਰ ਲਈ ਅੱਖਾਂ ਖੋਹਲੀਆਂ । ਉਸਦੇ ਹੋਠਾਂ ਉੱਤੇ ਮੁਸਕਰਾਹਟ ਦਾ ਪਰਛਾਵਾਂ ਉਭਰਿਆ ਜੋ ਉਸਦੇ ਢਹਿ-ਢੇਰੀ ਹੁੰਦੇ ਜਾ ਰਹੇ ਸਰੀਰ ਵਿਚ ਜੀਵਨ ਦੀ ਹਲਕੀ ਜਿਹੀ ਬਚੀ ਖੁਚੀ ਕਿਰਨ ਸੀ…..ਜੀਵਨ ਦੀਆਂ ਆਖ਼ਰੀ ਘੜੀਆਂ ਗਿਣ ਰਹੀ ਰੂਹ ਦੀ ਅੰਤਮ ਪੁਕਾਰ ਸੀ। ਉਸਦੀ ਉਖੜੀ ਹੋਈ ਆਵਾਜ਼ ਇੰਜ ਸੀ ਜਿਵੇਂ ਕੋਈ ਭੁੱਖਾ ਬੱਚਾ ਮਰ ਰਹੀ ਮਾਂ ਦੀ ਛਾਤੀ ਉੱਤੇ ਪਿਆ ਤਰਲੇ ਲੈ ਰਿਹਾ ਹੋਵੇ । ਉਹ ਧੀਮੀ ਜਿਹੀ ਆਵਾਜ਼ ਵਿਚ ਬੋਲੀ, “ਮੇਰੀ ਰੂਹ ਦੇ ਮੰਗੇਤਰ ! ਮੇਰੀ ਆਤਮਾ ਦੀ ਜੀਵਨ ਦਾਤੀ ‘ਦੇਵੀ’ ਮੈਨੂੰ ਆਪਣੇ ਕੋਲ ਬੁਲਾ ਰਹੀ ਏ, ਅਤੇ ਮੌਤ ਦੇ ਜ਼ਾਲਮ ਪੰਜੇ ਮੈਨੂੰ ਤੇਰੇ ਕੋਲੋਂ ਖੋਹਣ ਲਈ ਤਿਆਰ ਹਨ; ਪਰ ਸੋਗ ਨਹੀਂ ਕਰਨਾ, ਦੇਵੀ ਦੀ ਇੱਛਾ ਸ਼ਕਤੀ ਪਵਿੱਤਰ ਤੇ ਮਹਾਨ ਹੈ ਅਤੇ ਮੌਤ ਅਟਲ ਸਚਾਈ। ਮੈਂ ਹੁਣ ਤੈਥੋਂ ਵਿਛੜ ਰਹੀ ਹਾਂ ਅਤੇ ਮੈਨੂੰ ਮੌਤ ਦੀ ਸਰਸਰਾਹਟ ਸੁਣਾਈ ਦੇ ਰਹੀ ਹੈ। ਪਰ ਪਿਆਰ ਅਤੇ ਜਵਾਨੀ ਦੇ ਦੋ ਪਿਆਲੇ ਅਜੇ ਵੀ ਸਾਡੇ ਹੱਥਾਂ ਵਿਚ ਭਰੇ ਹੋਏ ਹਨ ਅਤੇ ਸਾਡੇ ਸਾਹਮਣੇ ਖ਼ੂਬਸੂਰਤ ਜੀਵਨ ਦੇ ਮਹਿਕਦੇ ਰਾਹ ਹਨ। ਮੇਰੇ ਪਿਆਰੇ ! ਮੈਂ ਜਾ ਰਹੀ ਹਾਂ ਰੂਹਾਂ ਦੇ ਦੇਸ਼। ਪਰ ਮੈਂ ਇਸ ਦੁਨੀਆ ਵਿਚ ਫਿਰ ਵਾਪਿਸ ਆਵਾਂਗੀ ਕਿਉਂਕਿ ਮਹਾਨ ਦੇਵੀ ਇਸ਼ਤਰ ਉਨ੍ਹਾਂ ਪਿਆਰੇ ਮਨੁੱਖਾਂ ਦੀਆਂ ਆਤਮਾਵਾਂ ਨੂੰ ਦੁਬਾਰਾ ਜਨਮ ਦੇਂਦੀ ਹੈ ਜਿਹੜੇ ਪਿਆਰ ਦਾ ਨਿੱਘ ਤੇ ਜਵਾਨੀ ਦੀ ਖ਼ੁਸ਼ੀ ਮਾਨਣ ਤੋਂ ਪਹਿਲਾਂ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ।

“ਅਸੀਂ ਫਿਰ ਮਿਲਾਂਗੇ, ਉਹ ਪਿਆਰੇ ਨਾਥਾਨ ! ਸਵੇਰ ਦੀ ਸ਼ਬਨਮ ਦਾ ਮਧੁਰ ਆਨੰਦ ਨਰਗਿਸ ਦੇ ਪਿਆਲਿਆਂ ਵਿੱਚੋਂ ਮਾਣਾਂਗੇ ਅਤੇ ਸਤਰੰਗੀ ਪੀਂਘ ਉੱਤੇ ਬੈਠ ਖੇਤਾਂ ਵਿਚ ਪੰਛੀਆਂ ਦੇ ਨਾਲ ਚਹਿਚਹਾਵਾਂਗੇ। ਉਸ ਵਕਤ ਤਕ ਮੇਰੀ ਅਲਵਿਦਾ, ਪਿਆਰੇ !”

ਉਸਦੀ ਆਵਾਜ਼ ਮੱਧਮ ਪੈਂਦੀ ਗਈ ਅਤੇ ਹੋਂਠ ਫੁੱਲ ਪੱਤੀ ਦੇ ਹਲਕੇ ਕਾਂਬੇ ਵਾਂਗ ਕੰਬ ਉੱਠੇ ਜੋ ਪ੍ਰਭਾਤ ਦੀ ਮਹਿਕ ਤੋਂ ਪਹਿਲਾਂ ਹੀ ਮੁਰਝਾ ਜਾਏ।

ਨਾਥਾਨ ਨੇ ਵਹਿੰਦੇ ਹੰਝੂਆਂ ਨਾਲ ਉਸ ਨੂੰ ਘੁੱਟ ਕੇ ਜੱਫ਼ੀ ਵਿਚ ਲੈ ਕੇ, ਜਿਉਂ ਹੀ ਆਪਣੇ ਹੋਂਠਾਂ ਨੂੰ ਉਸਦੇ ਹੋਠਾਂ ਨਾਲ ਛੁਹਾਇਆ, ਉਸਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹ ਬਰਫ਼ ਵਰਗੇ ਠੰਡੇ ਯਖ਼ ਹੋਣ। ਇਕਦਮ ਉਸਦੀ ਚੀਕ ਨਿਕਲ ਗਈ ਅਤੇ ਉਸਨੇ ਗ਼ਮ ਦੇ ਇਸ ਝਟਕੇ ਕਾਰਨ ਆਪਣੇ ਕੱਪੜੇ ਪਾੜਨੇ ਸ਼ੁਰੂ ਕਰ ਦਿੱਤੇ, ਉਹ ਉਸਦੀ ਨਿਰਜਿੰਦ ਦੇਹ ਉੱਤੇ ਡਿੱਗ ਪਿਆ ਜਦੋਂ ਕਿ ਉਸਦੀ ਪ੍ਰੇਮਿਕਾ ਦੀ ਕੰਬਦੀ ਹੋਈ ਰੂਹ ਜੀਵਨ ਦੀ ਉਚਾਈ ਤੋਂ ਮੌਤ ਦੀ ਡੂੰਘੀ ਘਾਟੀ ਵਿਚਕਾਰ ਡਗਮਗਾ ਰਹੀ ਸੀ।

ਰਾਤ ਦੀ ਡੂੰਘੀ ਖ਼ਾਮੋਸ਼ੀ ਵਿਚ ਸੁੱਤੇ ਪਏ ਲੋਕਾਂ ਦੀ ਨੀਂਦ ਖੁੱਲ੍ਹ ਗਈ। ਔਰਤਾਂ ਅਤੇ ਮਰਦਾਂ ਨੇ, ਜਦੋਂ ਇਸ਼ਤਰ ਦੇ ਵੱਡੇ ਪਾਦਰੀ ਦੇ ਮਹਿਲ ਦੇ ਇਕ ਪਾਸਿਉਂ ਉੱਚੀ ਸ਼ੋਰ-ਸ਼ਰਾਬੇ, ਦਰਦਨਾਕ ਚੀਕਾਂ ਤੇ ਕੀਰਨਿਆਂ ਦੀਆਂ ਆਵਾਜ਼ਾਂ ਜਿਨ੍ਹਾਂ ਨੇ ਹਨੇਰੇ ਨੂੰ ਚੀਰ ਸੁੱਟਿਆ ਸੀ ਸੁਣੀਆਂ, ਤਾਂ ਉਹ ਇਕਦਮ ਘਬਰਾ ਕੇ ਉੱਠੇ ਤੇ ਵਿਰਲਾਪ ਕਰਨ ਲੱਗੇ।

ਪ੍ਰਭਾਤ ਹੁੰਦਿਆਂ ਹੀ ਜਦ ਲੋਕ ਨਾਥਾਨ ਕੋਲ ਹਮਦਰਦੀ ਜਤਾਉਣ ਤੇ ਅਫ਼ਸੋਸ ਕਰਨ ਗਏ ਤਾਂ ਵੇਖਿਆ ਕਿ ਉਹ ਤਾਂ ਉਥੇ ਹੈ ਨਹੀਂ ਸੀ। ਕਈ ਦਿਨਾਂ ਪਿੱਛੋਂ ਪੂਰਬ ਵੱਲੋਂ ਆਉਂਦੇ ਇਕ ਕਾਫ਼ਲੇ ਦੇ ਸਰਦਾਰ ਨੇ ਦਸਿਆ ਕਿ ਉਸਨੇ ਨਾਥਾਨ ਨੂੰ ਦੂਰ-ਦਰਾਡੇ ਜੰਗਲਾਂ ਤੇ ਮਾਰੂਥਲਾਂ ਵਿਚ ਜ਼ਖ਼ਮੀ ਹੋਏ ਹਿਰਨ ਵਾਂਗ ਭਟਕਦੇ ਵੇਖਿਆ ਹੈ।

X X X X X

ਸਦੀਆਂ ਬੀਤ ਗਈਆਂ। ਸਮੇਂ ਦੇ ਅਦਿੱਖ ਕਦਮਾਂ ਹੇਠ ਸਭਿਅਤਾਵਾਂ ਦੇ ਅਨੇਕਾਂ ਪਹਿਲੂ ਲਿਤਾੜੇ ਤੇ ਖ਼ਤਮ ਹੋ ਗਏ ਸਨ, ਪਿਆਰ ਤੇ ਸੁੰਦਰਤਾ ਦੀ ਦੇਵੀ ਸ਼ਹਿਰ ਛੱਡ ਕੇ ਚਲੀ ਗਈ ਸੀ। ਕ੍ਰੋਧੀ ਤੇ ਚੰਚਲ ਦੇਵੀ ਦੇਵਤਿਆਂ ਨੇ ਉਸਦੀ ਥਾਂ ਲੈ ਲਈ ਸੀ ਜੋ ਤਬਾਹੀ ਕਰਨਾ ਹੀ ਜਾਣਦੇ ਸਨ। ਉਨ੍ਹਾਂ ਨੇ ਸੂਰਜ ਨਗਰ ਦੇ ਸ਼ਾਨਦਾਰ ਮੰਦਰਾਂ ਨੂੰ ਤਬਾਹੀ ਦਾ ਨਿਸ਼ਾਨਾ ਬਣਾਇਆ ਅਤੇ ਸੋਹਣੇ ਮਹਿਲ ਮਾੜੀਆਂ ਨੂੰ ਮਿੱਟੀ ਵਿਚ ਮਿਲਾ ਦਿੱਤਾ। ਖਿੜੇ ਹੋਏ ਬਾਗ਼-ਬਗ਼ੀਚੇ ਤੇ ਉਪਜਾਊ ਖੇਤ ਸੋਕੇ ਕਾਰਨ ਵੀਰਾਨ ਹੋਏ ਪਏ ਸਨ। ਸਿਵਾਇ ਖੰਡਰਾਂ ਤੇ ਬਰਬਾਦੀ ਤੋਂ ਉਥੇ ਕੁਝ ਵੀ ਨਜ਼ਰ ਨਹੀਂ ਸੀ ਆਉਂਦਾ ਜੋ ਭੂਤਾਂ ਵਾਂਗ ਕੇਵਲ ਅਤੀਤ ਦੀਆਂ ਯਾਦਾਂ ਹੀ ਬਣ ਕੇ ਰਹਿ ਗਏ ਸਨ ਅਤੇ ਅਤੀਤ ਦੀਆਂ ਸ਼ਾਨਦਾਰ ਸੁਨਹਿਰੀ ਘੜੀਆਂ ਨੂੰ ਆਵਾਜ਼ਾਂ ਮਾਰ-ਮਾਰ ਕੇ ਦੁਹਰਾ ਰਹੇ ਸਨ।

ਪਰ ਉਹ ਜ਼ਾਲਮ ਸਮਾਂ ਜਿਸਨੇ ਮਨੁੱਖੀ ਸਿਲਪ-ਕਲਾ ਤੇ ਕਿਰਤਾਂ ਨੂੰ ਪੈਰਾਂ ਹੇਠ ਕੁਚਲ ਦਿੱਤਾ ਸੀ, ਮਨੁੱਖ ਦੇ ਸੁਪਨਿਆਂ ਨੂੰ ਖੇਰੂੰ ਖੇਰੂੰ ਨਾ ਕਰ ਸਕੇ, ਨਾ ਹੀ ਉਸਦੀ ਪਿਆਰ ਤਾਂਘ ਘਟਾ ਸਕੇ ਕਿਉਂਕਿ ਉਸਦੇ ਧੁਰ ਅੰਦਰ ਦੀਆਂ ਭਾਵਨਾਵਾਂ ਤੇ ਜਜ਼ਬੇ ਅਮਰ ਆਤਮਾ ਵਾਂਗ ਚਿਰ ਸਥਾਈ ਸਨ। ਇਥੇ ਉਹ ਸ਼ਾਇਦ ਕੁਝ ਸਮੇਂ ਲਈ ਅੱਖੋਂ ਓਹਲੇ ਹੋ ਜਾਣ ਜੋ ਸੰਧਿਆ ਵੇਲੇ ਸੂਰਜ ਅਤੇ ਸਵੇਰ ਹੋਣ ‘ਤੇ ਚੰਦ ਤਾਰਿਆਂ ਦਾ ਪਿੱਛਾ ਕਰਦੀਆਂ ਹਨ, ਪਰ ਖ਼ੁਦਾਈ ਰੌਸ਼ਨੀ ਵਾਂਗ ਉਹ ਹਰ ਹਾਲ ਵਿਚ ਯਕੀਨਨ ਵਾਪਿਸ ਪਰਤਣਗੀਆਂ।

ਭਾਗ ਦੂਜਾ

(ਬਹਾਰ 1890 ਈਸਵੀ ਪੂਰਵ)

ਦਿਨ ਢਲ ਰਿਹਾ ਸੀ, ਕੁਦਰਤ ਨੀਂਦ ਰਾਣੀ ਦੀ ਗੋਦ ਵਿਚ ਸੌਣ ਦੀਆਂ ਤਿਆਰੀਆਂ ਵਿਚ ਸੀ ਅਤੇ ਸੂਰਜ ਨੇ ਸੂਰਜ ਨਗਰ ਦੇ ਮੈਦਾਨਾਂ ਵਿੱਚੋਂ ਆਪਣੀਆਂ ਸੁਨਹਿਰੀ ਕਿਰਨਾਂ ਸਮੇਟ ਲਈਆਂ ਸਨ। ਅਲੀ ਅਲ ਹੁਸੈਨੀ ਨੇ ਆਪਣੇ ਇੱਜੜ ਦੇ ਰੁਖ਼ ਮੰਦਰਾਂ ਦੇ ਖੰਡਰਾਂ ਵੱਲ ਮੋੜ ਲਏ ਅਤੇ ਉਹ ਆਪ ਢੱਠੇ ਹੋਏ ਖੰਡਰਾਤ ਉੱਤੇ ਬਹਿ ਗਿਆ ਜੋ ਜੰਗ ਦੇ ਮੈਦਾਨ ਵਿਚ ਸ਼ਹੀਦ ਹੋਏ ਅਨੇਕਾਂ ਸਿਪਾਹੀਆਂ ਦੀ ਯਾਦਗਾਰ ਵਜੋਂ ਨਿਸ਼ਾਨ ਰੂਪ ਹੀ ਰਹਿ ਗਏ ਸਨ, ਅਰਥਾਤ ਚਿਰਾਂ ਦੇ ਭੁੱਲੇ ਵਿਸਰੇ ਸਿਪਾਹੀਆਂ ਦੀਆਂ ਪਸਲੀਆਂ ਹੋਣ ਜੋ ਯੁੱਧ ਵਿਚ ਟੁੱਟ ਗਈਆਂ ਹੋਣ ਤੇ ਤੱਤਾਂ ਨੇ ਉਨ੍ਹਾਂ ਨੂੰ ਨੰਗਿਆਂ ਕਰ ਦਿੱਤਾ ਹੋਵੇ।

ਭੇਡਾਂ ਦੇ ਇੱਜੜ ਮਧੁਰ ਬੰਸਰੀ ਦੀ ਧੁਨ ਦੇ ਖਿੱਚੇ ਝੂੰਮਦੇ ਹੋਏ ਉਸਦੇ ਆਲੇ- ਦੁਆਲੇ ਇਕੱਠੇ ਹੋ ਕੇ ਘਾਹ-ਫੂਸ ਚਰਨ ਲੱਗ ਗਏ ਸਨ।

ਅੱਧੀ ਰਾਤ ਹੋਣ ਨੂੰ ਆਈ ਸੀ ਅਤੇ ਕੁਦਰਤ ਨੇ ਰਾਤ ਦੇ ਸਿਆਹ ਹਨੇਰੇ ਵਿਚ ਪ੍ਰਭਾਤ ਦੀ ਆਮਦ ਦੇ ਬੀਜ ਬੋਅ ਦਿੱਤੇ ਸਨ। ਅਲੀ ਦੀਆਂ ਅੱਖਾਂ ਉਨੀਂਦਰੇ ਕਾਰਨ ਬੋਝਲ ਹੋ ਗਈਆਂ ਅਤੇ ਡਿੱਗੀਆਂ ਢੱਠੀਆਂ ਕੰਧਾਂ ਵਿਚਲੀ ਅੰਤਾਂ ਦੀ ਖ਼ਾਮੋਸ਼ੀ ਵਿੱਚੋਂ ਉਸਦੀ ਕਲਪਨਾ ਦੇ ਕਾਫ਼ਲੇ ਲੰਘਦੇ ਗਏ ਜਿਨ੍ਹਾਂ ਬਾਰੇ ਸੋਚ ਕੇ ਉਸਦਾ ਦਿਮਾਗ਼ ਥੱਕ ਹਾਰ ਗਿਆ ਸੀ। ਉਹ ਆਪਣੀਆਂ ਕੁਹਣੀਆਂ ਦੇ ਸਹਾਰੇ ਲੇਟ ਗਿਆ ਅਤੇ ਨੀਂਦ ਨੇ ਉਸ ਦੀ ਸੁਰਤ ਉੱਤੇ ਹਲਕਾ ਜਿਹਾ ਗ਼ਲਬਾ ਪਾ ਕੇ ਉਸ ਨੂੰ ਹੌਲੀ ਹੌਲੀ ਆਪਣੀ ਬੁੱਕਲ ਵਿਚ ਲੈ ਲਿਆ ਜਿਵੇਂ ਕਿ ਹਲਕੀ ਜਿਹੀ ਧੁੰਦ ਸ਼ਾਂਤ ਝੀਲ ਦੀ ਸਤਹ ਨੂੰ ਛੁੰਹਦੀ ਹੋਵੇ। ਜਿਉਂ ਹੀ ਉਸ ਦਾ ਆਪਣੇ ਅੰਦਰਲੇ ਆਪੇ ਨਾਲ ਮਿਲਾਪ ਹੋਇਆ, ਉਸਨੂੰ ਆਪਣਾ ਦੁਨਿਆਵੀ ਆਪਾ ਕੁਝ ਚਿਰ ਲਈ ਵਿਸਰ ਗਿਆ ਅਤੇ ਉਹ ਅਦਿੱਖ ਸੰਸਾਰ ਵਿਚ ਵਿਚਰਨ ਲੱਗਾ, ਜੋ ਸੁਪਨਿਆਂ ਤੇ ਕਲਪਨਾ ਭਰਿਆ ਸੀ ਪਰ ਮਨੁੱਖੀ ਅਸੂਲਾਂ ਤੇ ਉਪਦੇਸ਼ਾਂ ਤੋਂ ਬਹੁਰ ਪਰ੍ਹੇ ਸੀ। ਉਸਦੀ ਕਲਪਨਾ ਦਾ ਘੇਰਾ ਵਿਸ਼ਾਲ ਹੁੰਦਾ ਗਿਆ ਅਤੇ ਜੀਵਨ ਦੇ ਲੁਕੇ ਹੋਏ ਭੇਦ ਹੌਲੀ ਹੌਲੀ ਉਸਦੀਆਂ ਅੱਖਾਂ ਅੱਗੇ ਪ੍ਰਗਟ ਹੋਣ ਲੱਗੇ। ਉਸਦੀ ਰੂਹ ਸਮੇਂ ਦੇ ਬੰਧਨ ਨੂੰ ਤੋੜ ਕੇ ਤੇਜ਼ੀ ਨਾਲ ਸੁੰਨਤਾ ਵੱਲ ਵਧਣ ਲੱਗੀ, ਜੋ ਉੱਚੇ ਤੇ ਸੁੱਚੇ ਖ਼ਿਆਲਾਂ ਵਿਚ ਇਕੱਲੀ ਹੀ ਅਣਗਿਣਤ ਵਿਚਾਰਾਂ ਤੇ ਭਾਵਨਾਵਾਂ ਦੇ ਵਾਦ-ਵਿਵਾਦ ਸਾਹਮਣੇ ਖੜੀ ਸੀ। ਆਪਣੇ ਜੀਵਨ ਵਿਚ ਪਹਿਲੀ ਵਾਰ ਅਲੀ ਨੂੰ ਆਤਮਕ ਜਿਗਿਆਸਾ ਦੇ ਕਾਰਨਾਂ ਦਾ ਅਹਿਸਾਸ ਹੋਇਆ…..ਜੋ ਉਸਦੀ ਜਵਾਨੀ ਦੇ ਅੰਗ-ਸੰਗ ਰਹੀ…..ਤੇ ਉਸ ਦੀ ਮਿਠਾਸ ਤੇ ਕੁੜਿੱਤਣ ਵਿਚਲੇ ਖਲਾਅ ਨੂੰ ਭਰਦੀ ਹੈ…..ਉਹ ਤ੍ਰਿਸ਼ਨਾ ਜਿਹੜੀ ਪਿਆਰ ਦੀ ਸਿਸਕਣ ਅਤੇ ਇੱਛਾਵਾਂ ਦੀ ਪੂਰਤੀ ਦੀ ਚੁੱਪ ਨੂੰ ਤ੍ਰਿਪਤੀ ਵਿਚ ਬਦਲਦੀ ਹੈ…..ਅਜਿਹੀ ਤਾਂਘ ਹੈ ਜਿਸ ਉੱਤੇ ਦੁਨੀਆ ਦੀ ਸਾਰੀ ਕੀਰਤੀ ਤੇ ਵਡਿਆਈ ਰਾਹੀਂ ਕਾਬੂ ਨਹੀਂ ਪਾਇਆ ਜਾ ਸਕਦਾ…..ਨਾ ਹੀ ਯੁੱਗ ਬਦਲਣ ਨਾਲ ਬਦਲਦੀ ਹੈ ਤੇ ਨਾ ਹੀ ਜੀਵਨ ਪ੍ਰਵਾਹ ਲੁਕਾ ਸਕਦਾ ਹੈ।

ਅਲੀ ਨੂੰ ਪਹਿਲੀ ਵਾਰ ਆਪਣੇ ਅੰਦਰੋਂ ਅਜੀਬ ਜਿਹੀ ਖਿੱਚ, ਸਨਸਨੀ ਤੇ ਸੁਭਾਵਕ ਕੋਮਲਤਾ ਦਾ ਅਹਿਸਾਸ ਹੋਇਆ ਜੋ ਸ਼ਾਇਦ ਅਮੂਰਤ ਯਾਦਾਂ ਦੀ ਕਸਕ ਸੀ ਜਿਵੇ ਧੂਫ਼ਦਾਨਾਂ ਵਿੱਚੋਂ ਉੱਠਦੀ ਸੁਗੰਧੀ ਉਸ ਲਈ ਕੋਈ ਵਰਦਾਨ ਹੋਵੇ। ਇਹ ਜਾਦੂਈ ਪਿਆਰ ਸੀ…..ਜਿਸ ਦੀਆਂ ਨਰਮ ਉਂਗਲਾਂ ਨੇ ਅਲੀ ਦੇ ਦਿਲ ਨੂੰ ਇੰਜ ਛੁਹਿਆ ਜਿਵੇਂ ਨਾਜ਼ੁਕ ਉਂਗਲਾਂ ਲਰਜਦੀ ਵੀਣਾ ਦੀਆਂ ਤਾਰਾਂ ਨੂੰ ਛੁਹ ਰਹੀਆਂ ਹੋਣ। ਇਹ ਖ਼ਲਾਅ ਵਿੱਚੋਂ ਪੈਦਾ ਹੋਣ ਵਾਲਾ ਨਵਾਂ ਜਿਹਾ ਅਨੁਭਵ ਸੀ ਜੋ ਉਦੋਂ ਤਕ ਤੇਜ਼ੀ ਨਾਲ ਵਧਦਾ ਗਿਆ, ਉਸਦੇ ਆਪੇ ਨੂੰ ਘੇਰੀ ਗਿਆ ਜਦ ਤਕ ਉਸਦੀ ਆਤਮਾ ਨੂੰ ਤੀਬਰ ਪਿਆਰ ਨਾਲ ਕਲਾਵੇ ਵਿਚ ਭਰ ਨਾ ਲਿਆ ਤੇ ਰੂਹ ਨੂੰ ਸ਼ਿੱਦਤ ਨਾਲ ਉਮਾਹ ਨਾਲ ਭਰ ਨਾ ਦਿੱਤਾ ਜਿਸ ਵਿਚ ਦਰਦ ਵੀ ਸੀ ਤੇ ਮਿਠਾਸ ਵੀ। ਇਹ ਇਕ ਅਜਿਹੀ ਭਾਵਨਾ ਸੀ ਜਿਸਦਾ ਜਨਮ ਇਕ ਨਿੰਦਰਾਲੇ ਪਲ ਦੇ ਵਿਸ਼ਾਲ ਲੋਕ ਵਿੱਚੋਂ ਹੋਇਆ ਸੀ। ਅਤੇ ਉਹ ਪਲ ਜਿਸ ਨੇ ਯੁੱਗ ਦੇ ਨਮੂਨੇ ਘੜੇ ਜਿਵੇਂ ਇਕ ਬੀਜ ਵਿੱਚੋਂ ਕੌਮਾਂ ਜਨਮਦੀਆਂ ਹਨ।

ਅਲੀ ਨੇ ਵੀਰਾਨ ਹੋ ਚੁੱਕੇ ਮੰਦਰਾਂ ਤੇ ਮੱਠਾਂ ਵੱਲ ਵੇਖਿਆ ਅਤੇ ਉਸਦੀਆਂ ਨੀਂਦਰ ਵਿਚ ਗੜੂੰਦ ਅੱਖਾਂ ਤੇ ਆਤਮਾ ਇੰਜ ਚੇਤੰਨ ਹੋ ਗਈਆਂ ਜਿਵੇਂ ਉਸਨੂੰ ਉਨ੍ਹਾਂ ਬਰਬਾਦ ਹੋ ਚੁੱਕੇ ਮਕਬਰਿਆਂ ਦੀ ਸ਼ਾਨ ਸ਼ੌਕਤ ਨਜ਼ਰੀਂ ਪਈ ਹੋਵੇ, ਜੋ ਉਥੇ ਬਹੁਤ ਸਮਾਂ ਪਹਿਲਾਂ ਦੇ ਮੱਠਾਂ ਵਾਂਗ ਮਜ਼ਬੂਤੀ ਨਾਲ ਅਜਿੱਤ ਤੇ ਸਦੀਵੀ ਖੜੇ ਹੋਏ ਸਨ। ਉਸ ਦੀਆਂ ਅੱਖਾਂ ਪਥਰਾ ਗਈਆਂ ਤੇ ਦਿਲ ਤੇਜ਼ੀ ਨਾਲ ਧੜਕਣ ਲੱਗਾ। ਅਚਾਨਕ ਉਸ ਦੀਆਂ ਅੱਖਾਂ ‘ਚ ਰੌਸ਼ਨੀ ਦੀ ਚਮਕ ਆ ਗਈ, ਉਹ ਵੇਖਣ, ਸੋਚਣ ਤੇ ਵਿਚਾਰਨ ਲੱਗਾ…..ਉਸਦੇ ਜ਼ਿਹਨ ਵਿਚ ਚਾਂਦੀ ਦੀਆਂ ਲੈਂਪਾਂ, ਧੂਫ਼ਦਾਨੀਆਂ ਦੀਆਂ ਯਾਦਾਂ ਘੁੰਮਣ ਲੱਗੀਆਂ ਜੋ ਪਵਿੱਤਰ, ਪੂਜਣ ਯੋਗ ਦੇਵੀ ਦੀ ਮੂਰਤੀ ਸਾਹਮਣੇ ਪਈਆਂ ਸਨ…..ਉਸਨੂੰ ਪਾਦਰੀ ਰਾਹੀਂ, ਹਾਥੀ ਦੰਦ ਤੇ ਸੋਨੇ ਦੀ ਬਣੀ ਮੂਰਤੀ ਸਾਹਮਣੇ ਰੱਖੀ ਜਾਣ ਵਾਲੀ ਭੇਟਾ ਦੀ ਯਾਦ ਆਈ…..ਉਸਨੂੰ ਨੱਚਦੀਆਂ ਮੁਟਿਆਰਾਂ, ਵੱਜਦੀ ਢੋਲਕੀ ਅਤੇ ਪਿਆਰ ਤੇ ਸੁੰਦਰਤਾ ਦੀ ਦੇਵੀ ਦੀ ਸਿਫ਼ਤ ਵਿਚ ਭਜਨ ਗਾਉਣ ਵਾਲਿਆਂ ਦੀ ਧੁੰਦਲੀ ਜਿਹੀ ਯਾਦ ਆਈ। ਉਸਨੂੰ ਬੀਤਿਆ ਸਭ ਕੁਝ, ਜ਼ਿਹਨ ਵਿਚ ਸਪੱਸ਼ਟ ਘੁੰਮਦਾ ਜਾਪਿਆ ਅਤੇ ਉਸਨੂੰ ਜਾਪਿਆ ਜਿਵੇਂ ਦਿਲ ਦੀਆਂ ਧੁਰ ਅੰਦਰਲੀਆਂ ਡੂੰਘਾਈਆਂ ਵਿਚ, ਅੰਤਾਂ ਦੀ ਖ਼ਾਮੋਸ਼ੀ ਵਿਚ ਉਹ ਧੁੰਦਲੇ ਜਿਹੇ ਸਾਏ ਮੁੜ ਹਰਕਤ ਵਿਚ ਆ ਰਹੇ ਹੋਣ।

ਪਰ ਯਾਦਾਸ਼ਤ ਲੰਮਾ ਸਮਾਂ ਪਹਿਲਾਂ ਦੇ ਕੁਝ ਧੁੰਦਲੇ ਜਿਹੇ ਪਰਛਾਵਿਆਂ ਦੇ ਅਕਾਰਾਂ ਤੋਂ ਬਿਨਾਂ ਹੋਰ ਕੁਝ ਸਪੱਸ਼ਟ ਨਾ ਕਰ ਸਕੀ ਜੋ ਪੂਰਬਲੇ ਜਨਮ ਦੀ ਹੀ ਗਾਥਾ ਕਹੀ ਜਾ ਸਕਦੀ ਹੈ। ਨਾ ਹੀ ਇਕ ਵਾਰ ਸੁਣੀਆਂ ਆਵਾਜ਼ਾਂ ਦੀ ਗੂੰਜ ਤੋਂ ਬਿਨਾਂ ਕੰਨਾਂ ਵਿਚ ਹੋਰ ਕੁਝ ਪਾ ਸਕੀ। ਫਿਰ ਵੀ ਇਹ ਕਿਹੜੀ ਕੜੀ ਸੀ ਜੋ ਇਨ੍ਹਾਂ ਯਾਦਾਂ ਨੂੰ, ਇਕ ਤੰਬੂ ਵਿਚ ਪੈਦਾ ਹੋਏ ਤੇ ਆਪਣੀ ਜਵਾਨੀ ਦੀ ਬਹਾਰ ਦੇ ਦਿਨ ਵਾਦੀ ਵਿਚ ਭੇਡਾਂ ਚਾਰਦੇ ਨੌਜਵਾਨ ਨਾਲ ਜਾ ਜੋੜਦੀ मी ?

ਅਲੀ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਵੀਰਾਨੇ ਵੱਲ ਤੁਰ ਪਿਆ…..ਦੁਖਦਾਈ ਯਾਦਾਂ ਨੇ ਅਚਾਨਕ ਉਸਦੇ ਮਨ ਦੀ ਤਹਿ ਤੋਂ ਵਿਸਰੀ ਯਾਦ ਦਾ ਧੁੰਦਲਾ ਪਰਦਾ ਪਰ੍ਹੇ ਕਰ ਦਿੱਤਾ। ਜਿਉਂ ਹੀ ਉਹ ਮੱਠ ਦੇ ਵੱਡੇ ਸਾਰੇ ਗੁਫ਼ਾ ਵਰਗੇ ਦਰਵਾਜ਼ੇ ਤੋਂ ਮੱਠ ਵਾਲੀ ਥਾਂ ‘ਤੇ ਪੁੱਜਾ, ਉਹ ਠਠੰਬਰ ਕੇ ਇਕ ਦਮ ਰੁੱਕ ਗਿਆ ਜਿਵੇਂ ਕਿਸੇ ਚੁੰਬਕੀ ਤਾਕਤ ਨੇ ਉਸ ਦੇ ਪੈਰਾਂ ਨੂੰ ਜਕੜ ਲਿਆ ਹੋਵੇ। ਜਿਉਂ ਹੀ ਉਸਨੇ ਹੇਠਾਂ ਵੱਲ ਨਜ਼ਰ ਮਾਰੀ ਉਸਦੀ ਨਿਗਾਹ ਜ਼ਮੀਨ ਉੱਤੇ ਇਕ ਟੁੱਟੀ ਹੋਈ ਮੂਰਤੀ ਉੱਤੇ ਪਈ। ਉਹ ਅਦਿੱਖ ਦੀ ਜਕੜ ਵਿੱਚੋਂ ਨਿਕਲਿਆ ਅਤੇ ਇਕਦਮ ਉਸਦੀਆਂ ਭਾਵਨਾਵਾਂ ਦਾ ਹੜ੍ਹ ਵਹਿ ਤੁਰਿਆ ਜਿਵੇਂ ਕਿਸੇ ਨੰਗੇ ਜ਼ਖ਼ਮ ਵਿੱਚੋਂ ਖ਼ੂਨ ਦੇ ਤੁਪਕੇ ਸਿੰਮਦੇ ਹੋਣ; ਉਸਦੇ ਦਿਲ ਦੀ ਧੜਕਣ ਇੰਜ ਤੇਜ਼ ਹੋ ਗਈ ਜਿਵੇਂ ਸਮੁੰਦਰ ਦੀਆਂ ਲਹਿਰਾਂ ਵਿਚ ਜਵਾਰਭਾਟਾ ਉੱਠਿਆ ਹੋਵੇ। ਉਸਨੇ ਲੰਮਾ ਸਾਰਾ ਹਉਕਾ ਭਰਿਆ ਤੇ ਇਕ ਦਮ ਉਸਦੀ ਚੀਕ ਨਿਕਲ ਗਈ। ਉਸਨੂੰ ਅਜਿਹੀ ਵੱਢਖਾਣੀ ਇਕੱਲ ਤੇ ਵਿਨਾਸ਼ਕਾਰੀ ਦੂਰੀ ਮਹਿਸੂਸ ਹੋਈ ਜੋ ਉਸਦੀ ਰੂਹ ਨੂੰ ਸੋਹਣੀ ਰੂਹ ਤੋਂ ਵਿਛੋੜਨ ਵਾਲੀ ਸੀ। ਇਹ ਇਕੱਲ ਉਸ ਸਮੇਂ ਤੋਂ ਪਹਿਲਾਂ ਵੀ ਸੀ ਜਦੋਂ ਉਹ ਹਾਲਾਂ ਇਸ ਜ਼ਿੰਦਗੀ ਵਿਚ ਦਾਖ਼ਲ ਨਹੀਂ ਸੀ ਹੋਇਆ। ਉਸਨੂੰ ਆਪਣੀ ਆਤਮਾ ਬਲਦੀ ਮਸ਼ਾਲ ਦੀ ਇਕ ਲਾਟ ਜਾਪੀ ਜਿਸਨੂੰ ਆਦਿ ਕਾਲ ਤੋਂ ਪਰਮਾਤਮਾ ਨੇ ਆਪਣੇ ਤੋਂ ਅੱਡ ਕਰ ਦਿੱਤਾ ਸੀ। ਉਸਨੂੰ ਆਪਣੇ ਦਿਲ ਦੇ ਬਲਦੇ ਭਾਂਬੜ ਦੁਆਲੇ ਨਰਮ ਜਿਹੇ ਖੰਭਾਂ ਦੀ ਸਰਸਰਾਹਟ ਦੀ ਕੂਲੀ ਜਿਹੀ ਛੁਹ ਮਹਿਸੂਸ ਹੋਈ ਅਤੇ ਤੀਬਰ ਪਿਆਰ ਭਾਵਨਾ ਜਿਵੇਂ ਉਸਦੇ ਦਿਲ ਅਤੇ ਰੂਹ ਉੱਤੇ ਕਾਬਜ਼ ਹੋ ਰਹੀ ਹੋਵੇ, ਪਿਆਰ ਨੇ ਰੂਹ ਨੂੰ ਰੂਹ ਵਿਚਲੀਆਂ ਗੁੱਝੀਆਂ ਰਮਜ਼ਾਂ ਦਾ ਪਤਾ ਦਿੱਤਾ…… ਉਹ ਪਿਆਰ, ਜਿਸਦੀ ਤਾਕਤ ਦਿਲ ਨੂੰ ਪਦਾਰਥ ਦੀ ਦੁਨੀਆ ਤੋਂ ਅੱਡ ਕਰਦੀ ਹੈ…..ਉਹ ਪਿਆਰ ਜੋ ਜੀਵਨ ਜੋਤੀ ਮੁੱਕਣ ਪਿੱਛੋਂ ਵੀ ਅਮਰ ਰਹਿੰਦਾ ਹੈ…..ਉਹ ਪਿਆਰ ਜੋ ਰਾਹ ਵਿਖਾਉਣ ਲਈ ਚਾਨਣ-ਮੁਨਾਰਾ ਹੁੰਦਾ ਹੈ ਭਾਵੇਂ ਜ਼ਾਹਰਾ ਤੌਰ ’ਤੇ ਰੌਸ਼ਨੀ ਨਜ਼ਰ ਨਹੀਂ ਆਉਂਦੀ। ਉਹ ਪਿਆਰ ਇਸ ਘੜੀ ਅਲੀ ਦੇ ਦਿਲ ਵਿਚ, ਰੂਹ ਵਿਚ ਘਰ ਕਰ ਗਿਆ ਜਿਸ ਨੇ ਉਸ ਅੰਦਰ ਕੌੜੇ ਤੇ ਮਿੱਠੇ ਪਿਆਰ ਅਨੁਭਵ ਨੂੰ ਜਾਗ੍ਰਿਤ ਕਰ ਦਿੱਤਾ ਜਿਵੇਂ ਖਿੜੇ ਹੋਏ ਫੁੱਲਾਂ ਦੇ ਨਾਲ ਕੰਡੇ ਵੀ ਹੁੰਦੇ ਹਨ।

ਪਰ ਇਹ ਪਿਆਰ ਹੈ ਕੀ ਅਤੇ ਕਿਥੋਂ ਆ ਜਾਂਦਾ ਹੈ ? ਇਹ ਉਸ ਨੌਜੁਆਨ ਆਜੜੀ ਕੋਲੋਂ ਕੀ ਚਾਹੁੰਦਾ ਹੈ ਜੋ ਵੀਰਾਨੇ ਖੰਡਰਾਂ ਵਿਚ ਇੱਜੜ ਸਮੇਤ ਆਰਾਮ ਕਰ ਰਿਹਾ ਹੈ? ਕੀ ਇਹ ਅਨਜਾਣੇ ਹੀ ਦਿਲ ਦੀ ਕਿਸੇ ਨੁੱਕਰ ਵਿਚ ਇਕ ਖ਼ੂਬਸੂਰਤ ਲੜਕੀ ਰਾਹੀਂ ਬੀਜੇ ਪਿਆਰ ਦੇ ਬੀਜ ਹਨ ? ਜਾਂ ਜੀਵਨ ਨੂੰ ਰੌਸ਼ਨ ਕਰਨ ਲਈ ਕਾਲੇ ਬੱਦਲਾਂ ਪਿੱਛੋਂ ਨਿਕਲੀ ਚਾਨਣ ਦੀ ਇਕ ਕਿਰਨ ਹੈ ਜੋ ਉਸਦੀ ਰੂਹ ਦੇ ਖ਼ਾਲੀ-ਪਣ ਨੂੰ ਭਰਨ ਲੱਗੀ ਹੈ? ਕੀ ਇਹ ਇਕ ਸੁਹਾਵਣਾ ਸੁਪਨਾ ਹੈ ਜੋ ਰਾਤ ਦੀ ਖ਼ਾਮੋਸ਼ੀ ਵਿਚ ਉਸ ਨਾਲ ਮਜ਼ਾਕ ਕਰਨ ਲਈ ਆਇਆ ਹੈ ? ਜਾਂ ਇਹ ਇਕ ਅਜਿਹੀ ਸਚਾਈ ਹੈ ਜੋ ਆਦਿ ਕਾਲ ਵਿਚ ਵੀ ਸੀ ਤੇ ਅੰਤ ਕਾਲ ਤਕ ਵੀ ਰਹੇਗੀ ?

ਅਲੀ ਨੇ ਆਪਣੀਆਂ ਹੰਝੂ ਭਰੀਆਂ ਅੱਖਾਂ ਮੀਚ ਲਈਆਂ ਅਤੇ ਭਿਖਿਆ ਮੰਗ ਰਹੇ ਇਕ ਭਿਖਾਰੀ ਵਾਂਗ ਹੱਥ ਫੈਲਾ ਦਿੱਤੇ, ਉਸਦੀ ਰੂਹ ਉਸ ਅੰਦਰ ਕੰਬਣ ਲੱਗੀ ਤੇ ਇਸ ਕਾਂਬੇ ਨੇ ਟੁੱਟਵੀਆਂ ਸਿਸਕੀਆਂ ਦਾ ਰੂਪ ਧਾਰ ਲਿਆ। ਉਸ ਨੇ ਠੰਡਾ ਸਾਹ ਭਰਿਆ ਤੇ ਕੰਬਦੀ ਆਵਾਜ਼ ਵਿਚ ਕਹਿਣ ਲੱਗਾ, “ਆਪ ਕੌਣ ਹੋ ਜੋ ਮੇਰੇ ਦਿਲ ਦੇ ਨੇੜੇ ਹੁੰਦੇ ਹੋਏ ਵੀ ਅੱਖਾਂ ਤੋਂ ਉਹਲੇ ਹੋ; ਜੋ ਮੈਨੂੰ ਮੈਥੋਂ ਹੀ ਵਿਛੋੜ ਰਹੇ ਹੋ; ਮੇਰੇ ਵਰਤਮਾਨ ਨੂੰ ਦੂਰ-ਦੁਰਾਡੇ ਭੁੱਲੇ ਵਿਸਰੇ ਬੀਤੇ ਯੁੱਗਾਂ ਨਾਲ ਜੋੜ ਰਹੇ ਹੋ ? ਕੀ ਤੁਸੀਂ ਕੋਈ ਪਰੀ ਜਾਂ ਪ੍ਰੇਤ ਹੋ ਜੋ ਰੂਹਾਂ ਦੇ ਦੇਸ਼ ਤੋਂ ਮੈਨੂੰ ਜੀਵਨ ਦੀ ਸਾਰਹੀਣਤਾ ਅਤੇ ਇਨਸਾਨੀ ਕਮਜ਼ੋਰੀਆਂ ਤੋਂ ਜਾਣੂ ਕਰਵਾਉਣ ਲਈ ਆਏ ਹੋ ? ਜਾਂ ਤੁਸੀਂ ਜਿੰਨ ਦੀ ਆਤਮਾ ਹੋ ਜੋ ਪਾਤਾਲ ਵਿੱਚੋਂ ਮੇਰੀ ਚੇਤਨਾ ਨੂੰ ਗ਼ੁਲਾਮ ਬਣਾਉਣ ਅਤੇ ਮੇਰੇ ਕਬੀਲੇ ਦੇ ਜਵਾਨਾਂ ਵਿਚ ਮੇਰਾ ਮੌਜੂ ਉਡਾਉਣ ਲਈ ਪ੍ਰਗਟ ਹੋਏ ਹੋ ? ਆਪ ਕੌਣ ਹੋ ਅਤੇ ਕਿਹੜੀ ਅਜੀਬ ਜਿਹੀ ਤਾਕਤ ਹੈ ਜੋ ਇੱਕੋ ਵੇਲੇ ਮੇਰੇ ਦਿਲ ‘ਤੇ ਕਾਬੂ ਪਾ ਰਹੀ ਤੇ ਮੈਨੂੰ ਫ਼ਨਾਹ ਕਰ ਰਹੀ ਹੈ ? ਮੈਂ ਕੌਣੂ ਹਾਂ ਅਤੇ ਉਹ ਕਿਹੜਾ ਆਪਾ ਹੈ ਜਿਸਨੂੰ ਮੈਂ ‘ਸ੍ਵੈ ਕਹਿੰਦਾ ਹਾਂ ਪਰ ਮੇਰੇ ਲਈ ਬਿਲਕੁਲ ਅਜਨਬੀ ਹੈ ? ਕੀ ਇਹ ਜੀਵਨ ਰੂਪੀ ਅੰਮਿ੍ਤ ਹੈ ਜੋ ਮੈਂ ਪੀ ਗਿਆ ਹਾਂ ਅਤੇ ਦੇਵਤਾ ਬਣ ਕੇ ਸ੍ਰਿਸ਼ਟੀ ਦੇ ਗੁੱਝੇ ਭੇਦਾਂ ਨੂੰ ਵੇਖ ਤੇ ਸੁਣ ਸਕਦਾ ਹਾਂ, ਜਾਂ ਕੀ ਮੈਂ ਘਟੀਆ ਸ਼ੈਤਾਨੀ ਸ਼ਰਾਬ ਪੀ ਲਈ ਹੈ ਜਿਸਨੇ ਮੈਨੂੰ ਨਸ਼ਿਆ ਦਿੱਤਾ ਅਤੇ ਹਕੀਕਤ ਵਿਚ ਚੀਜ਼ਾਂ ਮੈਨੂੰ ਦਿਸਣੋਂ ਹੱਟ ਗਈਆਂ ਹਨ ?”

ਉਹ ਕੁਝ ਚਿਰ ਖ਼ਾਮੋਸ਼ ਹੋ ਗਿਆ ਤੇ ਫਿਰ ਉਸ ਦੀਆਂ ਭਾਵਨਾਵਾਂ ਤੀਬਰ ਹੋ ਗਈਆਂ ਅਤੇ ਆਤਮਾ ਚੜ੍ਹਦੀ ਕਲਾ ਵਿਚ ਆਈ। ਉਹ ਰੁਕ ਕੇ ਫਿਰ ਬੋਲਿਆ, “ਉਹ, ਇਹ ਗੱਲ ਹੈ ਤੁਹਾਨੂੰ ਆਤਮਾ ਪ੍ਰਗਟ ਕਰਦੀ ਤੇ ਆਪਣੇ ਨੇੜੇ ਲਿਆਉਂਦੀ ਹੈ ਅਤੇ ਰਾਤ ਜਿਸ ਨੂੰ ਛੁਪਾ ਲੈਂਦੀ ਤੇ ਦੂਰ-ਦੁਰਾਡੇ ਦੀ ਚੀਜ਼ ਬਣਾ ਦੇਂਦੀ ਹੈ…..ਓ, ਮੇਰੇ ਸੁਪਨਿਆਂ ਦੇ ਅੰਬਰਾਂ ਵਿਚ ਮੰਡਰਾਉਣ ਵਾਲੀ ਸੁੰਦਰ ਆਤਮਾ, ਤੁਸੀਂ ਮੇਰੀ ਹੋਂਦ ਅੰਦਰ ਸੁੱਤੀਆਂ ਭਾਵਨਾਵਾਂ ਦੀ ਮਿਠਾਸ ਨੂੰ ਜਗਾ ਦਿੱਤਾ ਹੈ ਜਿਵੇਂ ਬਰਫ਼ ਦੀ ਤਹਿ ਥੱਲੇ ਦੱਬੇ ਉਪਜਾਊ ਬੀਜਾਂ ਨੂੰ ਹਰਕਤ ਵਿਚ ਲਿਆਂਦਾ ਹੋਵੇ; ਤੂੰ ਮੇਰੇ ਅੰਦਰ ਪ੍ਰਾਣ-ਦਾਤੀ ਸੁਗੰਧ ਸਮੀਰ ਬਣ ਕੇ ਦਾਖ਼ਲ ਹੋਈ ਹੈਂ ਤੇ ਮੇਰੀ ਚੇਤਨਾ ਨੂੰ ਟੁੰਬਿਆ ਤੇ ਵਿਆਕੁਲ ਕੀਤਾ ਹੈ ਜਿਵੇਂ ਹਵਾ ਰੁੱਖਾਂ ਦੇ ਪੱਤਿਆਂ ਨੂੰ ਛੇੜਦੀ ਹੈ। ਤੂੰ ਮੇਰੀ ਪਿਆਸੀ ਆਤਮਾ ਨੂੰ ਤ੍ਰਿਪਤ ਕੀਤਾ, ਤੂੰ ਮੇਰੀ ਨਸ-ਨਸ ਨੂੰ ਛੁਹਿਆ ਹੈ ਅਤੇ ਮੇਰੀ ਆਤਮਾ ਵਿਚ ਉਤੇਜਨਾ ਤੇ ਲਰਜ਼ਸ਼ ਪੈਦਾ ਕੀਤੀ ਹੈ। ਜੇ ਤੁਸੀਂ ਦੈਵੀ ਸ਼ਕਤੀ ਹੋ ਤਾਂ ਮੈਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ; ਜੇ ਇਲਾਹੀ ਵਸਤ ਹੋ ਤਾਂ ਮੇਰੀ ਨੀਂਦ ਨੂੰ ਮੇਰੀਆਂ ਪਲਕਾਂ ਮੁੰਦ ਲੈਣ ਦਾ ਹੁਕਮ ਦਿਓ ਤਾਂ ਕਿ ਮੈਂ ਸੁਪਨੇ ਵਿਚ ਤੁਹਾਡੀ ਵਿਸ਼ਾਲਤਾ ਦੇ ਦਰਸ਼ਨ ਕਰ ਸਕਾਂ। ਠਹਿਰੋ, ਮੈਂ ਤੁਹਾਨੂੰ ਬਹਿ ਕੇ ਵੇਖਾਂ ਤਾਂ ਸਹੀ, ਤੁਹਾਨੂੰ ਛੁਹ ਤਾਂ ਸਕਾਂ, ਮੈਨੂੰ ਆਪਣੀ ਆਵਾਜ਼ ਸੁਣਨ ਦਿਓ; ਇਹ ਪਰਦਾ ਹਟਾ ਦਿਓ ਜਿਸਨੇ ਮੇਰੀ ਅਸਲੀ ਹੋਂਦ ਨੂੰ ਛੁਪਾਇਆ ਹੋਇਆ ਹੈ ਅਤੇ ਇਸ ਪਰਦੇ ਨੂੰ, ਉਹਲੇ ਨੂੰ ਹਟਾ ਦਿਓ ਜਿਸਨੇ ਮੇਰੀ ਰੂਹ ਨੂੰ ਮੇਰੇ ਆਪੇ ਤੋਂ ਦੂਰ ਰੱਖਿਆ ਹੋਇਆ ਹੈ; ਜੇ ਤੁਸੀਂ ਆਕਾਸ਼ ਦੇ ਵਾਸੀ ਹੋ ਤਾਂ ਮੈਨੂੰ ਖੰਭ ਲਾ ਦਿਓ ਤਾਂ ਕਿ ਮੈਂ ਸਰਵ- ਉੱਚ ਅੰਬਰ ਤਕ ਤੁਹਾਡੇ ਪਿੱਛੇ-ਪਿੱਛੇ ਉੱਡ ਕੇ ਆ ਸਕਾਂ। ਜਾਂ ਮੇਰੀਆਂ ਅੱਖਾਂ ਨੂੰ ਜਾਦੂਈ ਛੁਹ ਦਿਓ ਤਾਂ ਕਿ ਮੈਂ ਉਸ ਸ਼ੈਤਾਨ ਜਿੰਨ ਦੀਆਂ ਗੁਪਤ ਥਾਵਾਂ ’ਤੇ ਨਜ਼ਰ ਰੱਖ ਸਕਾਂ ਜੇ ਤੁਸੀਂ ਉਸ ਦੀਆਂ ਲਾੜੀਆਂ ਵਿੱਚੋਂ ਇਕ ਹੋ ਤਾਂ ! ਜੇ ਆਪ ਮੈਨੂੰ ਇਸ ਕਾਬਲ ਸਮਝਦੇ ਹੋ ਤਾਂ ਆਪਣਾ ਅਦਿੱਖ ਹੱਥ ਮੇਰੇ ਦਿਲ ‘ਤੇ ਰੱਖ ਕੇ ਮੈਨੂੰ ਸੰਭਾਲ ਲਵੋ।”

ਅਲੀ ਇਹ ਸਭ ਕੁਝ ਰਾਤ ਦੇ ਗੁੱਝੇ ਹਨੇਰੇ ਵਿਚ ਬੁੜਬੁੜਾ ਰਿਹਾ ਸੀ ਜੋ ਉਸਦੇ ਧੁਰ ਅੰਦਰ ਦਾ ਵਿਰਲਾਪ ਸੀ ਅਤੇ ਉਸਦੀ ਨਜ਼ਰ ਦੇ ਆਲੇ-ਦੁਆਲੇ ਰਾਤ ਦੇ ਭੂਤ ਪ੍ਰੇਤ ਮੰਡਰਾ ਰਹੇ ਸਨ ਜਿਵੇਂ ਉਹ ਉਸਦੇ ਗਰਮ ਹੰਝੂਆਂ ਵਿੱਚੋਂ ਉੱਡਦੇ ਵਾਸ਼ਪਕਣ ਹੋਣ। ਉਸਨੂੰ ਜਾਪਿਆ ਜਿਵੇਂ ਮੰਦਰ ਦੀਆਂ ਕੰਧਾਂ ਉੱਤੇ ਜਾਦੂਈ ਤਸਵੀਰਾਂ ਸਤਰੰਗੀ ਪੀਂਘ ਦੇ ਰੰਗਾਂ ਨਾਲ ਚਿਤਰੀਆਂ ਜਾਣ ਲੱਗੀਆਂ ਹੋਣ।

ਇਸੇ ਤਰ੍ਹਾਂ ਲਗਪਗ ਇਕ ਘੰਟਾ ਬੀਤ ਗਿਆ, ਅਲੀ ਅੱਥਰੂ ਵਹਾਉਂਦਾ ਰਿਹਾ, ਆਪਣੀ ਹਾਲਤ ਉੱਤੇ ਵਿਚਾਰ ਕਰਦਾ ਤੇ ਆਪਣੇ ਦਿਲ ਦੀ ਧੜਕਣ ਸੁਣਦਾ ਰਿਹਾ। ਉਸ ਦੀਆਂ ਨਜ਼ਰਾਂ ਦੁਨਿਆਵੀ ਵਸਤਾਂ ਤੋਂ ਪਰ੍ਹੇ ਦੂਰ ਕਿਸੇ ਨਜ਼ਾਰੇ ਨੂੰ ਵੇਖ ਰਹੀਆਂ ਸਨ ਜਿਵੇਂ ਉਹ ਆਪਣੇ ਜੀਵਨ ਦੇ ਚਿੱਤਰ ਨੂੰ ਹੌਲੀ- ਹੌਲੀ ਮਿਟਦਾ ਵੇਖ ਰਿਹਾ ਅਤੇ ਇਸਦੀ ਥਾਂ ਇਕ ਅਜਿਹਾ ਸੁਪਨਾ ਲੈ ਰਿਹਾ ਸੀ ਜੋ ਅਜੀਬ ਜਿਹਾ ਪਰ ਖ਼ੂਬਸੂਰਤੀ ਕਾਰਨ ਹੈਰਾਨੀਜਨਕ ਤੇ ਕਾਲਪਨਿਕ ਚਿੱਤਰਾਂ ਦੀ ਸਿਰਜਨਾ ਕਰਕੇ ਬਹੁਤ ਡਰਾਉਣਾ ਵੀ ਸੀ। ਉਹ ਇਨ੍ਹਾਂ ਵਿਚਾਰਾਂ ਦੀ ਦੁਨੀਆ ਤੋਂ ਪਰ੍ਹੇ ਦੀ ਤਾਕਤ ਬਾਰੇ ਸੋਚਣ ਲੱਗਾ ਜਿਵੇਂ ਕੋਈ ਪੈਗ਼ੰਬਰ ਦੈਵੀ ਚੇਤਨਾ ਦੀ ਪ੍ਰਾਪਤੀ ਲਈ ਅੰਬਰਾਂ ਵਿਚ, ਨਛੱਤਰਾਂ ਨੂੰ ਨਿਹਾਰ ਰਿਹਾ ਹੋਵੇ। ਉਸਨੂੰ ਆਪਣੀ ਆਤਮਾ ਆਪਣੇ ਸਰੀਰ ਤੋਂ ਅੱਡ ਹੁੰਦੀ ਜਾਪੀ ਜਿਵੇਂ ਉਹ ਵੀਰਾਨੇ ਖੰਡਰਾਂ ਵਿਚ ਆਪਣੀ ਕਿਸੇ ਪਿਆਰੀ ਜਿਹੀ ਗੁਆਚੀ ਯਾਦ ਦਾ ਕੀਮਤੀ ਹਿੱਸਾ ਲੱਭ ਰਹੀ ਹੋਵੇ।

ਪ੍ਰਭਾਤ ਹੋ ਗਈ ਸੀ ਅਤੇ ਧੀਮੀ ਹਵਾ ਦੇ ਚੱਲਣ ਨਾਲ ਖ਼ਾਮੋਸ਼ੀ ਭੰਗ ਹੋ ਰਹੀ ਸੀ, ਰੌਸ਼ਨੀ ਦੀ ਪਹਿਲੀ ਕਿਰਨ ਨੇ ਧਰਤੀ ਨੂੰ ਰੁਸ਼ਨਾ ਦਿੱਤਾ ਅਤੇ ਵਿਸ਼ਾਲ ਵਾਤਾਵਰਨ ਵਿਚ ਅਜਿਹੀ ਮੁਸਕਾਨ ਪਸਰ ਗਈ ਸੀ ਜਿਵੇਂ ਕੋਈ ਪ੍ਰੇਮੀ ਸੁਪਨੇ ਵਿਚ ਪ੍ਰੇਮਿਕਾ ਨੂੰ ਵੇਖ ਕੇ ਮੁਸਕਰਾ ਰਿਹਾ ਹੋਵੇ। ਪੰਛੀ ਧਾਰਮਿਕ ਸਥਾਨਾਂ ਦੀਆਂ ਟੁੱਟੀਆਂ ਫੁੱਟੀਆਂ ਦੀਵਾਰਾਂ ਦੇ ਮਘੋਰਿਆਂ ਵਿੱਚੋਂ ਬਾਹਰ ਨਿਕਲ ਕੇ ਪ੍ਰਭਾਤ ਦਾ ਗੀਤ ਗਾਉਂਦੇ ਹੋਏ ਚਹਿਕਣ ਲੱਗ ਪਏ ਜਿਵੇਂ ਪ੍ਰਭਾਤ ਦੇ ਆਗਮਨ ਦੀ ਖ਼ਬਰ ਦੇ ਰਹੇ ਹੋਣ।

ਅਲੀ ਨੇ ਆਪਣੇ ਜੁੜੇ ਹੋਏ ਹੱਥ ਮੱਥੇ ‘ਤੇ ਰੱਖੇ ਅਤੇ ਚਮਕਦੀਆਂ ਅੱਖਾਂ ਨਾਲ ਹੇਠਾਂ ਧਰਤੀ ਵੱਲ ਨਜ਼ਰ ਮਾਰੀ। ਬਾਬਾ ਆਦਮ ਦੀ ਤਰ੍ਹਾਂ ਜਿਵੇਂ ਪਰਮਾਤਮਾ ਦੇ ਸੁਆਸ ਨਾਲ ਉਸ ਦੀਆਂ ਅੱਖਾਂ ਖੋਹਲੀਆਂ ਗਈਆਂ ਸਨ, ਅਲੀ ਨੂੰ ਨਵੀਂ ਰੌਸ਼ਨੀ ਦਾ ਅਨੁਭਵ ਹੋਇਆ ਜੋ ਅਜੀਬ ਤੇ ਵਿਲੱਖਣ ਸੀ। ਹੈਰਾਨ ਹੋਇਆ ਉਹ ਆਪਣੇ ਭੇਡਾਂ ਦੇ ਇੱਜੜ ਵੱਲ ਮੁੜਿਆ । ਉਨ੍ਹਾਂ ਨੂੰ ਪੁਚਕਾਰਿਆ ਦੁਲਾਰਿਆ ਤੇ ਉਹ ਚੁੱਪ-ਚਾਪ ਉਸਦੇ ਮਗਰ-ਮਗਰ ਹਰੇ ਮੈਦਾਨਾਂ ਵੱਲ ਨੂੰ ਹੋ ਤੁਰੀਆਂ। ਉਹ ਭੇਡਾਂ ਨੂੰ ਹੱਕਦਾ ਹੋਇਆ ਅੱਗੇ ਨੂੰ ਤੁਰ ਪਿਆ ਤੇ ਇਕ ਫ਼ਿਲਾਸਫ਼ਰ ਦੀ ਤਰ੍ਹਾਂ ਬ੍ਰਹਿਮੰਡ ਦੇ ਗੁੱਝੇ ਭੇਦਾਂ ਨੂੰ ਜਾਨਣ ਬਾਰੇ ਸੋਚ ਵਿਚ ਡੁੱਬਿਆ ਧਿਆਨ ਮਗਨ ਹੋ ਤੁਰਦਾ ਰਿਹਾ। ਅੰਤ ਉਹ ਇਕ ਚਸ਼ਮੇ ਕੰਢੇ ਪੁੱਜਾ ਜਿਸਦੀ ਕਲ-ਕਲ ਦੀ ਆਵਾਜ਼ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਦੀ ਸੀ। ਉਹ ਚਸ਼ਮੇ ਕੰਢੇ ਬੈਂਤ ਦੇ ਦਰੱਖ਼ਤ ਹੇਠ ਬਹਿ ਗਿਆ ਜਿਸਦੀਆਂ ਟਾਹਣੀਆਂ ਹੇਠਾਂ ਪਾਣੀ ਨੂੰ ਛੁੰਹਦੀਆਂ ਜਿਵੇਂ ਸ਼ਾਂਤ ਗਹਿਰਾਈਆਂ ਵਿੱਚੋਂ ਅੰਮ੍ਰਿਤ ਦਾ ਆਨੰਦ ਉਸ ਵੇਖਿਆ ਕਿ ਇਕ ਸੁੰਦਰ ਮੁਟਿਆਰ ਮੋਢੇ ‘ਤੇ ਘੜਾ ਚੁੱਕੀ ਦਰੱਖ਼ਤਾਂ ਵੱਲੋਂ ਹੌਲੀ-ਹੌਲੀ ਚਸ਼ਮੇ ਦੇ ਦੂਜੇ ਪਾਸੇ ਵੱਲ ਆ ਰਹੀ ਹੈ। ਜਿਉਂ ਹੀ ਉਹ ਚਸ਼ਮੇ ਦੇ ਕਿਨਾਰੇ ਪੁੱਜ ਕੇ ਘੜਾ ਭਰਨ ਲਈ ਝੁਕੀ ਅਤੇ ਜਦੋਂ ਉਸਨੇ ਕਿਨਾਰੇ ਵੱਲ ਦੇਖਿਆ ਤਾਂ ਉਸਦੀ ਨਜ਼ਰ ਸਾਹਮਣੇ ਅਲੀ ਉੱਤੇ ਪਈ, ਦੋਹਾਂ ਦੀਆਂ ਨਜ਼ਰਾਂ ਟਕਰਾਈਆਂ, ਉਹ ਇਕਦਮ ਘਬਰਾ ਕੇ ਚੀਕ ਪਈ ਤੇ ਘੜਾ ਸੁੱਟ ਕੇ ਤੇਜ਼ੀ ਨਾਲ ਪਿੱਛੇ ਹੱਟ ਗਈ। ਉਹ ਫਿਰ ਮੁੜੀ, ਉਸਨੇ ਅਲੀ ਵੱਲ ਉਤਸੁਕ ਤੇ ਬੇਚੈਨ ਨਜ਼ਰਾਂ ਨਾਲ ਵੇਖਿਆ, ਜਿਵੇਂ ਉਸਨੂੰ ਵਿਸ਼ਵਾਸ ਹੀ ਨਾ ਹੋ ਰਿਹਾ ਹੋਵੇ।

ਇਕ ਪਲ ਗੁਜ਼ਰ ਗਿਆ, ਇਸਦਾ ਇਕ-ਇਕ ਛਿਣ ਉਨ੍ਹਾਂ ਦੇ ਦਿਲਾਂ ਤੇ ਆਤਮਾਵਾਂ ਨੂੰ ਰੁਸ਼ਨਾ ਰਿਹਾ ਸੀ ਅਤੇ ਖ਼ਾਮੋਸ਼ੀ ਜਿਵੇਂ ਧੁਰ ਸੰਗੀਤ ਰਾਹੀਂ ਉਨ੍ਹਾਂ ਦੀ ਧੁੰਦਲੀ ਯਾਦਾਸ਼ਤ ਦੇ ਪਰਛਾਵਿਆਂ ਨੂੰ ਉਭਾਰ ਰਹੀ ਸੀ। ਚਸ਼ਮੇ ਤੇ ਦਰੱਖ਼ਤਾਂ ਤੋਂ ਜਿਵੇਂ ਦੂਰ ਪਰ੍ਹੇ ਪਰਛਾਵੇਂ ਅਤੇ ਨਜ਼ਾਰੇ ਉਨ੍ਹਾਂ ਦੀਆਂ ਅੱਖਾਂ ਅੱਗੇ ਘੁੰਮਣ ਲੱਗੇ। ਉਨ੍ਹਾਂ ਨੇ ਖ਼ਾਮੋਸ਼ੀ ਦੀ ਭਾਸ਼ਾ ਵਿਚ ਇਕ ਦੂਜੇ ਦੀ ਰੂਹ ਦੀ ਆਵਾਜ਼ ਸੁਣੀ, ਇਕ ਦੂਜੇ ਨੂੰ ਪਿਆਰ ਭਿੰਨੀ ਨਜ਼ਰ ਨਾਲ ਵੇਖਿਆ, ਦੋਹਾਂ ਨੇ ਇਕ ਦੂਜੇ ਦੀਆਂ ਆਹਾਂ ਪ੍ਰੇਮ ਕੰਨਾਂ ਨਾਲ ਸੁਣੀਆਂ ਤੇ ਇਕ ਦੂਜੇ ਨੂੰ ਜਾਣਿਆ ਜਦ ਤਕ ਦੋਹਾਂ ਨੂੰ ਰੂਹਾਂ ਦਾ ਪੂਰਨ ਗਿਆਨ ਨਾ ਹੋ ਗਿਆ।

ਅਲੀ ਰੂਹਾਂ ਦੇ ਮਿਲਣ ‘ਤੇ ਕਿਸੇ ਗ਼ੈਬੀ ਸ਼ਕਤੀ ਦਾ ਖਿੱਚਿਆ ਚਸ਼ਮੇ ਦੇ ਦੂਜੇ ਛੋਰ ਵੱਲ ਵਧਿਆ ਅਤੇ ਮੁਟਿਆਰ ਕੋਲ ਜਾ ਪੁੱਜਾ, ਉਸਨੂੰ ਸੀਨੇ ਨਾਲ ਲਾ ਕੇ ਗਲਵਕੜੀ ਪਾ ਲਈ ਤੇ ਬੁੱਲ੍ਹਾਂ ‘ਤੇ ਚੁੰਮਣ ਦਿੱਤਾ। ਜਿਵੇਂ ਅਲੀ ਦੇ ਪਿਆਰ ਨੇ ਉਸਦੀ ਇੱਛਾ ਸ਼ਕਤੀ ਉੱਤੇ ਕਾਬੂ ਪਾ ਲਿਆ ਹੋਵੇ ਅਤੇ ਅਲੀ ਦੀਆਂ ਬਾਹਵਾਂ ਦੀ ਨਰਮ ਛੁਹ ਤੇ ਗਲਵਕੜੀ ਨੇ ਉਸਦਾ ਬਲ ਉਸ ਕੋਲੋਂ ਖੋਹ ਲਿਆ ਹੋਵੇ, ਉਹ ਨਾ ਹਿੱਲੀ ਨਾਂ ਜੁੱਲੀ। ਉਸਨੇ ਆਪਣਾ ਆਪਾ ਅਲੀ ਨੂੰ ਇੰਜ ਸਮਰਪਿਤ ਕਰ ਦਿੱਤਾ ਜਿਵੇਂ ਚੰਬੇਲੀ ਦੀ ਸੁਗੰਧੀ ਹਵਾ ਨੂੰ ਆਪਣਾ ਆਪਾ ਸਮਰਪਿਤ ਕਰਕੇ ਚਾਰੇ ਪਾਸੇ ਦੂਰ ਅੰਬਰਾਂ ਤਕ ਫੈਲ ਜਾਂਦੀ ਹੈ।

H ਮੁਟਿਆਰ ਨੇ ਅਲੀ ਦੀ ਹਿੱਕ ਉੱਤੇ ਆਪਣਾ ਸਿਰ ਇੰਜ ਟਿਕਾ ਦਿੱਤਾ ਜਿਵੇਂ ਥੱਕੇ ਮਾਂਦੇ ਨੂੰ ਰਾਹਤ ਲਈ ਥਾਂ ਮਿਲੀ ਹੋਵੇ । ਉਸਨੇ ਲੰਮਾ ਹਉਕਾ ਭਰਿਆ …..ਇਹ ਹਉਕਾ…..ਜੋ ਵਿਛੜੇ ਦਿਲਾਂ ਲਈ ਖ਼ੁਸ਼ੀ ਦਾ ਸੁਨੇਹਾ ਸੀ, ਇਹ ਧੁਰ ਅੰਦਰ ਦੀ ਤਬਦੀਲੀ ਦਾ ਅਹਿਸਾਸ ਸੀ ਜਿਵੇਂ ਚਿਰਾਂ ਪਿੱਛੋਂ ਵਿਛੜੇ ਪ੍ਰੇਮੀ ਧਰਤੀ ਉੱਤੇ ਫਿਰ ਆ ਮਿਲੇ ਹੋਣ।

ਉਸਨੇ ਆਪਣਾ ਸਿਰ ਉਤਾਂਹ ਚੁੱਕਿਆ, ਆਪਣੀ ਅੰਤਰਾਤਮਾ ਵਿੱਚੋਂ ਅਲੀ ਦੀਆਂ ਅੱਖਾਂ ਵਿਚ ਤੱਕਿਆ…..ਇਹ ਤੱਕਣੀ ਅਜਿਹੇ ਸੱਜਣ ਦੀ ਤੱਕਣੀ ਜਿਹੀ ਸੀ ਜੋ ਮਨੁੱਖੀ ਅੱਖਾਂ ਦੀ ਰਵਾਇਤੀ ਭਾਸ਼ਾ ਨੂੰ ਖ਼ਾਮੋਸ਼ੀ ਸਾਹਮਣੇ ਨਿਗੂਣਾ ਸਮਝਦਾ ਹੈ ਤੇ ਰੂਹ ਦੀ ਭਾਸ਼ਾ ਵਿਚ ਗੱਲ ਕਰਦਾ ਹੈ। ਇਹ ਅਜਿਹੀ ਤੱਕਣੀ ਸੀ ਜੋ ਅਣਕਹੀ ਜ਼ੁਬਾਨ ਵਿਚ ਦਿਲ ਦੇ ਸਾਰੇ ਭੇਦ ਖੋਹਲ ਗਈ। ਉਹ ਅਜਿਹੇ ਵਿਅਕਤੀ ਦੀ ਤੱਕਣੀ ਸੀ ਜੋ ਸ਼ਬਦਾਂ ਦੇ ਜਾਮੇ ਵਿਚ ਪਿਆਰ ਦੀ ਰੂਹ ਨੂੰ ਸਵੀਕਾਰ ਨਹੀਂ ਕਰਦੀ ਸਗੋਂ ਇਹ ਤਾਂ ਧਰਤੀ ਉੱਤੇ ਵਿਛੜੀਆਂ ਤੇ ਪਰਮਾਤਮਾ ਰਾਹੀਂ ਚਿਰਾਂ ਪਿੱਛੋਂ ਮਿਲਾਈਆਂ ਦੋ ਰੂਹਾਂ ਦਾ ਪੁਨਰ-ਮਿਲਨ ਸੀ।

ਪਿਆਰ ਭਿੰਨਾ ਜੋੜਾ ਬੈਂਤ ਦੇ ਦਰੱਖ਼ਤਾਂ ਵਿਚ ਹੌਲੀ ਹੌਲੀ ਤੁਰਦਾ ਰਿਹਾ। ਇਹ ਦੋ ਰੂਹਾਂ ਦਾ ਇਕ ਹੋਣਾ ਉਨ੍ਹਾਂ ਦੇ ਮਿਲਾਪ ਦੀ ਸੁਹਾਵਣੀ ਘੜੀ ਸੀ, ਇਹ ਖ਼ੁਸ਼ੀ ਦੀ ਘੜੀ ਅਤੇ ਨੈਣਾਂ ਦਾ ਮਿਲਨ ਸੀ, ਇਹ ਪਿਆਰ ਦੇ ਤੀਬਰ ਪ੍ਰਗਟਾ ਨੂੰ ਖ਼ਾਮੋਸ਼ੀ ਨਾਲ ਸੁਣਨ ਦੀ ਘੜੀ ਸੀ।

ਭੇਡਾਂ ਚਰਦੀਆਂ ਹੋਈਆਂ ਉਨ੍ਹਾਂ ਦੇ ਮਗਰ-ਮਗਰ ਚੱਲ ਰਹੀਆਂ ਸਨ ਅਤੇ ਆਕਾਸ਼ ਵਿਚ ਉੱਡਦੇ ਪੰਛੀ ਉਨ੍ਹਾਂ ਦੇ ਚਾਰੇ ਪਾਸੇ ਮੰਡਰਾਉਂਦੇ ਹੋਏ ਪ੍ਰਭਾਤ ਦਾ ਗੀਤ ਗਾ ਰਹੇ ਸਨ, ਜੋ ਰਾਤ ਦੇ ਸੱਖਣੇਪਨ ਪਿੱਛੋਂ ਮੁੜ ਆਈ ਸੀ। ਉਹ ਘਾਟੀ ਦੇ ਸਿਰੇ ‘ਤੇ ਪੁੱਜੇ ਹੀ ਸਨ ਕਿ ਉਸ ਵੇਲੇ ਹੀ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ ਤੇ ਆਪਣੀਆਂ ਸੁਨਹਿਰੀ ਰਿਸ਼ਮਾਂ ਟਿੱਬਿਆਂ ਤੇ ਪਹਾੜੀਆਂ ਉੱਤੇ ਖਿਲਾਰ ਦਿੱਤੀਆਂ। ਉਹ ਦੋਵੇਂ ਇਕ ਚੱਟਾਨ ਉੱਤੇ ਬਹਿ ਗਏ ਜਿਥੇ ਬਨਫ਼ਸ਼ੇ ਦੇ ਫੁੱਲ ਖਿੜੇ ਹੋਏ ਸਨ। ਮੁਟਿਆਰ ਨੇ ਕੁਝ ਚਿਰ ਮਗਰੋਂ, ਅਲੀ ਦੀਆਂ ਕਾਲੀਆਂ ਸਿਆਹ ਅੱਖਾਂ ਵਿਚ ਝਾਕਿਆ ਜਦੋਂ ਕਿ ਸੁਗੰਧ ਸਮੀਰ ਦੇ ਮੰਦ ਮੰਦ ਬੁਲ੍ਹੇ ਮੁਟਿਆਰ ਦੇ ਕੇਸਾਂ ਨਾਲ ਖਿਲਵਾੜ ਕਰਨ ਲੱਗੇ ਜਿਵੇਂ ਕਿ ਕੁਦਰਤ ਦੇ ਅਣਦਿਸਦੇ ਹੋਂਠ ਉਸਦੇ ਵਾਲਾਂ ਦੇ ਗੁੱਛਿਆਂ ਨੂੰ ਚੁੰਮਣ ਲਈ ਬੇਚੈਨ ਹੋਣ। ਉਸਨੂੰ ਮਹਿਸੂਸ ਹੋਇਆ ਜਿਵੇਂ ਕੋਈ ਜਾਦੂ ਭਰੀਆਂ ਉਂਗਲਾਂ ਉਸਦੀ ਬੇਵੱਸ ਇੱਛਾ ਦੇ ਬਾਵਜੂਦ, ਹੋਠਾਂ ਨੂੰ ਛੁਹ ਕੇ ਪਿਆਰ ਕਰ ਰਹੀਆਂ ਹੋਣ। ਉਹ ਸ਼ਾਂਤ ਪਰ ਵੀਣਾ ਜਿਹੀ ਮਨਮੋਹਕ ਆਵਾਜ਼ ਵਿਚ ਕਹਿਣ ਲੱਗੀ, ‘ਪਿਆਰੇ ! ਇਸ਼ਤਰ ਦੇਵੀ ਨੇ ਇਸ ਜਨਮ ਵਿਚ ਸਾਡੀਆਂ ਆਤਮਾਵਾਂ ਦਾ ਪੁਨਰ ਮਿਲਨ ਕਰਵਾ ਦਿੱਤਾ ਹੈ ਤਾਂ ਕਿ ਅਸੀਂ ਪਿਆਰ ਦੀ ਖ਼ੁਸ਼ੀ ਤੇ ਜਵਾਨੀ ਦੀ ਬਹਾਰ ਮਾਣਨ ਤੋਂ ਵਾਂਝੇ ਨਾ ਰਹਿ ਜਾਈਏ।’

ਅਲੀ ਨੇ ਅੱਖਾਂ ਮੁੰਦ ਲਈਆਂ ਕਿਉਂਕਿ ਉਸਦੀ ਸੁਰੀਲੀ ਆਵਾਜ਼ ਤੋਂ ਨਿਕਲੇ ਮਧੁਰ ਸ਼ਬਦਾਂ ਨੇ ਉਸ ਰਾਹੀਂ ਸੁਪਨੇ ਵਿਚ ਅਕਸਰ ਵੇਖੀਆਂ ਮੂਰਤਾਂ ਨੂੰ ਸਾਕਾਰ ਕਰ ਦਿੱਤਾ ਸੀ। ਉਸਨੂੰ ਜਾਪਿਆ ਜਿਵੇਂ ਅਦਿੱਖ ਜਿਹੇ ਖੰਭ ਉਸਨੂੰ ਇਸ ਥਾਂ ਤੋਂ ਉਡਾ ਕੇ ਕਿਸੇ ਅਜੀਬ ਜਿਹੇ ਕਮਰੇ ਵਿਚ ਉਸ ਪਲੰਘ ਦੇ ਸਿਰਹਾਣੇ ਲੈ ਗਏ ਹੋਣ ਜਿਥੇ ਉਸ ਮੁਟਿਆਰ ਦੀ ਦੇਹ ਪਈ ਸੀ, ਜਿਸਦੇ ਸੁਹੱਪਣ ਨੂੰ ਮੌਤ ਨੇ ਨਿਗਲ ਲਿਆ ਸੀ। ਇਸ ਡਰਾਉਣੇ ਨਜ਼ਾਰੇ ਨੂੰ ਵੇਖ ਕੇ ਉਸਦੀ ਡਰ ਨਾਲ ਚੀਕ ਨਿਕਲ ਗਈ ਅਤੇ ਜਦੋਂ ਉਸਨੇ ਅੱਖਾਂ ਖੋਹਲ ਕੇ ਵੇਖਿਆ ਤਾਂ ਉਹੀ ਮੁਟਿਆਰ ਉਸ ਕੋਲ ਬੈਠੀ ਸੀ ਜਿਸਦੇ ਹੋਠਾਂ ਉੱਤੇ ਮੁਸਕਾਨ ਸੀ ਤੇ ਉਸਦੀ ਤੱਕਣੀ ਵਿਚ ਜੀਵਨ ਕਿਰਨਾਂ ਦੀ ਝਲਕ ਸੀ। ਅਲੀ ਦਾ ਚਿਹਰਾ ਚਮਕ ਉੱਠਿਆ ਤੇ ਰੂਹ ਵਿਚ ਤਾਜ਼ਗੀ ਦਾ ਅਹਿਸਾਸ ਹੋਇਆ।

ਉਸਦੀ ਨਜ਼ਰ ਅੱਗੋਂ ਧੁੰਦਲਾ ਸਾਇਆ ਹੌਲੀ-ਹੌਲੀ ਹਟਣ ਲੱਗਾ, ਹੁਣ ਉਹ ਭੂਤ ਤੇ ਭਵਿੱਖ ਨੂੰ ਭੁੱਲ ਚੁੱਕਿਆ ਸੀ। ਦੋਵੇਂ ਪ੍ਰੇਮੀਆਂ ਨੇ ਗਲਵੱਕੜੀ ਪਾ ਲਈ ਅਤੇ ਮਦਹੋਸ਼ ਹੋਣ ਤਕ ਪਿਆਰ ਦੇ ਮਿੱਠੇ ਚੁੰਮਣਾਂ ਦੀ ਸ਼ਰਾਬ ਦਾ ਆਨੰਦ ਮਾਣਦੇ ਰਹੇ। ਉਹ ਦੋਵੇਂ ਇਕ ਦੂਜੇ ਦੀਆਂ ਬਾਹਵਾਂ ਵਿਚ ਲਿਪਟੇ ਹੋਏ ਉਦੋਂ ਤਕ ਘੂਕ ਸੁੱਤੇ ਰਹੇ ਜਦੋਂ ਤਕ ਕਿ ਰੁੱਖਾਂ ਦੀ ਛਾਂ ਉਥੋਂ ਪਰ੍ਹੇ ਨਾ ਹਟ ਗਈ ਅਤੇ ਸੂਰਜ ਦੀ ਗਰਮੀ ਨੇ ਉਨ੍ਹਾਂ ਨੂੰ ਜਗਾ ਨਾ ਦਿੱਤਾ।

ਦਿਲ ਦੇ ਭੇਦ

ਆਲੀਸ਼ਾਨ ਹਵੇਲੀ ਖ਼ਾਮੋਸ਼ ਰਾਤ ਦੇ ਖੰਭਾਂ ਦੇ ਸਾਏ ਹੇਠ ਇੰਜ ਜਾਪਦੀ ਸੀ ਜਿਵੇਂ ਜ਼ਿੰਦਗੀ ਮੌਤ ਦੇ ਸਾਏ ਹੇਠ ਖੜੀ ਹੋਵੇ। ਉਸ ਹਵੇਲੀ ਅੰਦਰ ਹਾਥੀ ਦੰਦ ਦੇ ਮੇਜ਼ ਉੱਤੇ ਇਕ ਮੁਟਿਆਰ ਨਾਜ਼ੁਕ ਹੱਥਾਂ ਉੱਤੇ ਖ਼ੂਬਸੂਰਤ ਚਿਹਰਾ ਟਿਕਾਈ ਇੰਜ ਬੈਠੀ ਸੀ ਜਿਵੇਂ ਮੁਰਝਾਣ ਲੱਗਿਆਂ ਲਿੱਲੀ ਫੁੱਲ ਆਪਣਾ ਸਿਰ ਪੱਤੀਆਂ ਉੱਤੇ ਸੁੱਟ ਦਿੰਦਾ ਹੈ। ਉਸਨੇ ਉਸ ਬੇਵੱਸ ਕੈਦਣ ਵਾਂਗ ਆਲੇ-ਦੁਆਲੇ ਤੱਕਿਆ ਜਿਵੇਂ ਕਿ ਉਹ ਅੱਖਾਂ-ਅੱਖਾਂ ਵਿਚ ਹੀ ਹਨੇਰ ਕੋਠੜੀ ਦੀਆਂ ਕੰਧਾਂ ਤੋਂ ਪਾਰ ਵੇਖਣ ਤੇ ਬਾਹਰ ਦੀ ਆਜ਼ਾਦ ਫ਼ਿਜ਼ਾ ਵਿਚ ਜੀਵਨ ਦਾ ਆਨੰਦ ਮਾਣਨ ਲਈ ਤਾਂਘ ਰਹੀ ਹੋਵੇ।

ਰਾਤ ਹੌਲੀ-ਹੌਲੀ ਢਲਦੀ ਰਹੀ। ਪ੍ਰੇਤ ਪਰਛਾਵੇਂ ਜਿਵੇਂ ਉਸ ਦੇ ਦੁੱਖ ਵਿਚ ਵਿਰਲਾਪ ਭਰੇ ਗੀਤ ਗਾਉਂਦੇ ਰਹੇ ਤੇ ਮੁਟਿਆਰ ਉਸ ਵੱਢਖਾਣੀ ਇਕੱਲ ਵਿਚ ਅੱਥਰੂ ਕੇਰ ਕੇਰ ਕੇ ਆਪਣਾ ਦਿਲ ਹੌਲਾ ਕਰਦੀ ਰਹੀ। ਜਦੋਂ ਉਸ ਦੇ ਦੁੱਖਾਂ ਦਾ ਪਿਆਲਾ ਲਬਰੇਜ਼ ਹੋ ਗਿਆ ਤੇ ਉਸਨੂੰ ਮਹਿਸੂਸ ਹੋਇਆ ਕਿ ਦਿਲ ਦੇ ਵੱਡਮੁੱਲੇ ਭੇਦ ਪੂਰੀ ਤਰ੍ਹਾਂ ਉਸ ਉੱਤੇ ਹਾਵੀ ਹੋ ਚੁੱਕੇ ਹਨ ਤਾਂ ਉਸਨੇ ਹੱਥ ਵਿਚ ਕਾਨੀ ਫੜੀ ਤੇ ਆਪਣੇ ਹੰਝੂਆਂ ਨੂੰ ਸਿਆਹੀ ਨਾਲ ਇਕਮਿਕ ਕਰਦੀ ਹੋਈ ਕਾਗ਼ਜ਼ ਉੱਤੇ ਕੁਝ ਇਸ ਤਰ੍ਹਾਂ ਲਿਖਣਾ ਸ਼ੁਰੂ ਕਰ ਦਿੱਤਾ :

“ਮੇਰੀ ਪਿਆਰੀ ਭੈਣ,

“ਜਦੋਂ ਦਿਲ ਲਬਾਲਬ ਭਰਿਆ ਹੋਰ ਭੇਦਾਂ ਨੂੰ ਨਹੀਂ ਸਾਂਭ ਸਕਦਾ ਤੇ ਖ਼ੁਸ਼ਕ ਅੱਥਰੂ ਅੱਖਾਂ ਵਿਚ ਰੜਕਣ ਲੱਗ ਪੈਂਦੇ ਹਨ ਅਤੇ ਕੈਦੀ ਦਿਲ ਪਸਲੀਆਂ ਤੋੜ ਕੇ ਬਾਹਰ ਆਉਣ ਨੂੰ ਕਰਦਾ ਹੈ ਤਾਂ ਅਜਿਹੀ ਮਨੋ-ਸਥਿਤੀ ਤੇ ਮਾਨਸਿਕ ਉਲਝਣ ਦਾ ਪ੍ਰਗਟਾਵਾ ਕੇਵਲ ਹੰਝੂਆਂ ਦੇ ਸਹਾਰੇ ਹੀ ਕੀਤਾ ਜਾ ਸਕਦਾ ਹੈ।

“ਦੁਖੀ ਇਨਸਾਨ ਰੋ ਕੇ ਆਪਣਾ ਦਿਲ ਹੌਲਾ ਕਰ ਲੈਂਦਾ ਹੈ…..ਪ੍ਰੇਮ ਕੁੱਠੀਆਂ ਰੂਹਾਂ ਸੁਪਨਿਆਂ ਰਾਹੀਂ ਹੀ ਸੁੱਖ ਅਤੇ ਸਕੂਨ ਮਹਿਸੂਸ ਕਰਦੀਆਂ ਹਨ ਅਤੇ ਨਿਰਾਸ਼ ਦਿਲਾਂ ਲਈ ਹਮਦਰਦੀ ਖ਼ੁਸ਼ੀ ਦਾ ਸਾਮਾਨ ਸਾਬਤ ਹੁੰਦੀ ਹੈ। ਮੈਂ ਇਹ ਸਭ ਕੁਝ ਇਸ ਕਰਕੇ ਲਿਖ ਰਹੀ ਹਾਂ ਕਿਉਂਕਿ ਮੈਂ ਆਪਣੇ ਆਪ ਨੂੰ ਉਸ ਕਵੀ ਵਾਂਗ ਮਹਿਸੂਸ ਕਰ ਰਹੀ ਹਾਂ ਜੋ ਆਲੇ-ਦੁਆਲੇ ਦੀ ਖ਼ੂਬਸੂਰਤੀ ‘ਤੇ ਮੋਹਿਤ ਹੋ ਕੇ ਮਨੋਭਾਵਾਂ ਨੂੰ ਕਿਸੇ ਦੈਵੀ ਸ਼ਕਤੀ ਦੇ ਪ੍ਰਭਾਵ ਹੇਠ ਕਵਿਤਾ ਦੇ ਰੂਪ ਵਿਚ ਗਟਾਉਂਦਾ ਹੈ। …..ਮੈਂ ਭੁੱਖਮਰੀ ਦੇ ਸ਼ਿਕਾਰ ਉਸ ਗ਼ਰੀਬ ਦੇ ਬੱਚੇ ਵਾਂਗ ਹਾਂ ਜੋ ਭੁੱਖ ਦਾ ਸਤਾਇਆ ਰੋਟੀ ਲਈ ਤਰਲੇ ਲੈਂਦਾ ਹੈ ਪਰ ਆਪਣੀ ਵਿਚਾਰੀ ਗ਼ਰੀਬ ਮਾਂ ਦੀ ਦੁਰਦਸ਼ਾ ਅਤੇ ਜੀਵਨ ਵਿਚ ਚੱਲ ਰਹੇ ਸੰਘਰਸ਼ ਤੇ ਉਸਦੀ ਹਾਰ ਵੱਲ ਧਿਆਨ ਨਹੀਂ ਦਿੰਦਾ।

“ਪਿਆਰੀ ਭੈਣੇ ! ਮੇਰੀ ਦੁੱਖ ਭਰੀ ਕਹਾਣੀ ਸੁਣ ਕੇ ਮੇਰੇ ਦੁੱਖ ਵਿਚ ਸ਼ਰੀਕ ਹੋ, ਕਿਉਂਕਿ ਡੁਸਕਣਾ ਤਾਂ ਪ੍ਰਾਰਥਨਾ ਦੇ ਬਰਾਬਰ ਹੈ ਅਤੇ ਤਰਸ ਵਜੋਂ ਵਹਾਏ ਅੱਥਰੂ ਦਿੱਤੇ ਹੋਏ ਦਾਨ ਦੀ ਨਿਆਈਂ ਹਨ ਕਿਉਂਕਿ ਉਹ ਕਿਸੇ ਜਿਉਂਦੇ ਜਾਗਦੇ ਭਾਵਕ ਅਤੇ ਉੱਚੀ ਆਤਮਾ ਵਾਲੇ ਇਨਸਾਨ ਦੇ ਹੁੰਦੇ ਹਨ ਅਤੇ ਉਹ ਅਜਾਈਂ ਨਹੀਂ ਜਾਂਦੇ। ਮੇਰੇ ਪਿਤਾ ਦੀ ਇਹੀ ਇੱਛਾ ਸੀ ਕਿ ਮੈਂ ਇਕ ਸਾਊ ਤੇ ਅਮੀਰ ਆਦਮੀ ਨਾਲ ਵਿਆਹ ਕਰਵਾਵਾਂ। ਮੇਰਾ ਪਿਤਾ ਵੀ ਉਨ੍ਹਾਂ ਹੋਰ ਅਮੀਰ ਲੋਕਾਂ ਵਰਗਾ ਸੀ ਜਿਨ੍ਹਾਂ ਦੀ ਖ਼ੁਸ਼ੀ ਕੇਵਲ ਇਸ ਗੱਲ ਵਿਚ ਸੀ ਕਿ ਉਹ ਗ਼ਰੀਬੀ ਦੇ ਸਰਾਪ ਤੋਂ ਬਚਣ ਲਈ ਹੋਰ ਵਧੇਰੇ ਧਨ ਨਾਲ ਆਪਣੀਆਂ ਤਿਜੌਰੀਆਂ ਨੂੰ ਭਰਨ ਅਤੇ ਗ਼ਰੀਬ ਹੋ ਜਾਣ ਦੇ ਤੌਖ਼ਲੇ ਨੂੰ ਨਕਾਰਦਿਆਂ ਬੜੀ ਸ਼ਾਨ ਨਾਲ ਸਾਊ ਬਣ ਕੇ ਜ਼ਿੰਦਗੀ ਬਿਤਾਉਣ…..ਅਤੇ ਮੈਂ ਹੁਣ ਆਪਣੇ ਆਪ ਨੂੰ ਤਨੋਂ- ਮਨੋਂ ਕੇਵਲ ਧਨ ਦੌਲਤ ਦੀ ਦੇਵੀ ਸਾਹਮਣੇ ਦਿੱਤੀ ਜਾਣ ਵਾਲੀ ਬਲੀ ਦਾ ਬੱਕਰਾ ਹੀ ਸਮਝਦੀ ਹਾਂ ਜਿਸ ਤੋਂ ਕਿ ਮੈਨੂੰ ਨਫ਼ਰਤ ਹੈ ਅਤੇ ਇਸ ਤੋਂ ਇਲਾਵਾ ਵਿਰਾਸਤ ਵਿਚ ਮਿਲਣ ਵਾਲੀ ਇੱਜ਼ਤ ਤੋਂ ਵੀ ਮੈਨੂੰ ਘਿਰਣਾ ਹੈ।

“ਮੈਂ ਆਪਣੇ ਪਤੀ ਨੂੰ ਦਿਲੋਂ ਇਸ ਲਈ ਸਤਿਕਾਰਦੀ ਹਾਂ ਕਿਉਂਕਿ ਉਹ ਸਾਰਿਆਂ ਪ੍ਰਤੀ ਦਇਆਲੂ ਤੇ ਕਿਰਪਾਲੂ ਹੈ; ਉਹ ਹਰ ਖ਼ੁਸ਼ੀ ਮੇਰੇ ਕਦਮਾਂ ਵਿਚ ਰੱਖਣ ਦਾ ਯਤਨ ਕਰਦਾ ਹੈ, ਮੈਨੂੰ ਖ਼ੁਸ਼ ਕਰਨ ਲਈ ਕਿਸੇ ਔਰਤ ਦੇ ਦਿਲ ਦੀਆਂ ਇੱਛਾਵਾਂ ਤੇ ਵਲਵਲਿਆਂ ਬਾਰੇ ਜਿੰਨਾ ਮੈਂ ਜਾਣਦੀ ਹਾਂ ਉਨਾ ਹੋਰ ਕੋਈ ਨਹੀਂ। ਇਕ ਧੜਕਦਾ ਇਸਤਰੀ ਮਨ ਤਾਂ ਪਿਆਰ ਦੇ ਅਥਾਹ ਸਾਗਰ ਵਿਚ ਤਾਰੀਆਂ ਲਾਉਂਦੇ ਇਕ ਪੰਛੀ ਦੀ ਨਿਆਈਂ ਹੁੰਦਾ ਹੈ…..ਇਹ ਤਾਂ ਯੁੱਗਾਂ ਪੁਰਾਣੀ ਸ਼ਰਾਬ ਨਾਲ ਭਰੇ ਜਾਮ ਵਾਂਗ ਹੈ ਜੋ ਰਸ ਦਾ ਆਨੰਦ ਮਾਣਨ ਵਾਲੀਆਂ ਆਤਮਾਵਾਂ ਲਈ ਬਣਿਆ ਹੋਵੇ…..ਇਹ ਉਸ ਕਿਤਾਬ ਵਾਂਗ ਹੈ ਜਿਸਦੇ ਪੰਨਿਆਂ ਤੋਂ ਖ਼ੁਸ਼ੀ-ਗ਼ਮੀ, ਸੁੱਖ-ਦੁੱਖ, ਹਾਸੇ ਤੇ ਉਦਾਸੀ ਭਰੇ ਬਿਰਤਾਂਤ ਪੜ੍ਹੇ ਜਾ ਸਕਦੇ ਹਨ। ਇਸ ਕਿਤਾਬ ਦੀ ਭਾਸ਼ਾ ਉਸ ਸੱਚੇ ਸਾਥੀ ਤੋਂ ਬਿਨਾਂ ਹੋਰ ਕੋਈ ਨਹੀਂ ਪੜ੍ਹ ਸਕਦਾ, ਜੋ ਔਰਤ ਦਾ ਦੁੱਖ-ਸੁੱਖ ਦਾ ਜੀਵਨ ਸਾਥੀ ਹੈ, ਜਿਸਦੀ ਹਸਤੀ ਪਰਮਾਤਮਾ ਰਾਹੀਂ ਸੰਸਾਰ ਦੇ ਆਰੰਭ ਤੋਂ ਹੀ ਕਾਇਮ ਕੀਤੀ ਗਈ ਹੈ ਜੋ ਉਸਦੇ ਜਨਮ ਜਨਮ ਦਾ ਸਾਥੀ ਹੈ।

. “ਹਾਂ! ਜਿਥੋਂ ਤਕ ਔਰਤ ਦੀ ਆਤਮਾ ਦੇ ਮੰਤਵ ਤੇ ਦਿਲ ਦੇ ਭਾਵਾਂ ਦਾ ਸੁਆਲ ਹੈ, ਮੈਂ ਹੋਰਨਾਂ ਨਾਲੋਂ ਕਿਤੇ ਵਧੇਰੇ ਜਾਣਦੀ ਹਾਂ, ਕਿਉਂਕਿ ਮੈਨੂੰ ਇਸ ਗੱਲ ਦਾ ਅਨੁਭਵ ਹੋ ਗਿਆ ਹੈ ਕਿ ਮੇਰੇ ਸ਼ਾਨਦਾਰ ਘੋੜੇ, ਵਧੀਆ ਗੱਡੀਆਂ, ਸੋਨੇ ਨਾਲ ਭਰੀਆਂ ਤਿਜੌਰੀਆਂ ਅਤੇ ਸਾਊਪੁਣਾ ਇਹ ਸਭ ਕੁਝ ਉਸ ਗ਼ਰੀਬ ਨੌਜੁਆਨ ਦੀ ਇਕ ਤੱਕਣੀ ਦੇ ਸਾਹਮਣੇ ਤੁੱਛ ਹਨ ਜਿਹੜਾ ਬੜੀ ਬੇਸਬਰੀ ਨਾਲ ਉਡੀਕ ਵਿਚ ਬੈਠਾ ਦੁੱਖ ਤੇ ਕੁੜਿੱਤਣ ਦੀਆਂ ਪੀੜਾਂ ਸਹਿਣ ਕਰ ਰਿਹਾ ਹੈ…..ਉਹ ਨੌਜੁਆਨ ਜਿਹੜਾ ਮੇਰੇ ਪਿਤਾ ਦੇ ਜ਼ੁਲਮ ਅਤੇ ਮਰਜ਼ੀ ਦਾ ਸਤਾਇਆ ਹੋਇਆ ਜੀਵਨ ਦੀ ਤੰਗ, ਉਦਾਸ ਤੇ ਗ਼ਮਗੀਨ ਕੋਠੜੀ ਵਿਚ ਕੈਦ ਹੈ ..।

“ਮੇਰੇ ਬਾਰੇ ਬੁਰਾ ਨਾ ਚਿਤਵ, ਕਿਉਂਕਿ ਮੈਂ ਇਕ ਪਤੀਵਰਤਾ ਇਸਤਰੀ ਦੇ ਫ਼ਰਜ਼ ਬਾਖ਼ੂਬੀ ਨਿਭਾ ਰਹੀ ਹਾਂ ਅਤੇ ਪੁਰਸ਼ ਦੇ ਬਣਾਏ ਨਿਯਮਾਂ ਅਤੇ ਕਾਨੂੰਨਾਂ 0ਦੀ ਸ਼ਾਂਤ ਚਿੱਤ ਤੇ ਸਬਰ ਨਾਲ ਪਾਲਨਾ ਕਰ ਰਹੀ ਹਾਂ। ਮੈਂ ਤਨੋਂ ਮਨੋਂ ਤੇ ਰੂਹ ਤੋਂ ਆਪਣੇ ਪਤੀ ਦਾ ਮਾਨ-ਸਤਿਕਾਰ ਕਰਦੀ ਹਾਂ ਪਰ ਇਥੇ ਇਕ ਅੜਿਕਾ ਵੀ ਹੈ ਕਿ ਪਰਮਾਤਮਾ ਨੇ ਮੇਰਾ ਇਕ ਹਿੱਸਾ ਪਤੀ ਨੂੰ ਮਿਲਣ ਤੋਂ ਪਹਿਲਾਂ ਹੀ ਮੇਰੇ ਪ੍ਰੀਤਮ ਦੇ ਨਾਂ ਲਾ ਦਿੱਤਾ ਸੀ।

“ਪਰਮਾਤਮਾ ਦੀ ਇਹੀ ਇੱਛਾ ਸੀ ਕਿ ਮੈਂ ਉਸ ਵਿਅਕਤੀ ਨਾਲ ਜੀਵਨ ਬਤੀਤ ਕਰਾਂ ਜੋ ਮੇਰੇ ਲਈ ਨਹੀਂ ਸੀ ਬਣਿਆ, ਅਤੇ ਮੈਂ ਉਸ ਇੱਛਾ ਅੱਗੇ ਸਿਰ ਝੁਕਾ ਕੇ ਚੁੱਪ-ਚਾਪ ਜੀਵਨ ਦੇ ਦਿਨ ਪੂਰੇ ਕਰ ਰਹੀ ਹਾਂ, ਪਰ ਜੇ ਉਸ ਅਨੰਤਤਾ ਦੇ ਦਰਵਾਜ਼ੇ ਮੇਰੇ ਲਈ ਨਹੀਂ ਖੁਲ੍ਹਦੇ, ਮੈਂ ਆਪਣੀ ਆਤਮਾ ਦੇ ਖ਼ੂਬਸੂਰਤ ਅੱਧ ਦੇ ਸਹਾਰੇ ਜਿਉਂਦੀ ਉਸ ਅਤੀਤ ਵੱਲ ਝਾਕਦੀ ਜੀਵਨ ਬਿਤਾ ਲਵਾਂਗੀ ਜੋ ਕਿ ਮੇਰਾ ਵਰਤਮਾਨ ਹੈ…..ਮੈਂ ਜੀਵਨ ਨੂੰ ਉਸ ਨਜ਼ਰੀਏ ਤੋਂ ਵੇਖਾਂਗੀ ਜਿਵੇਂ ਬਸੰਤ ਬਹਾਰ ਸਰਦ ਰੁੱਤ ਵੱਲ ਅਤੇ ਜੀਵਨ ਦੀਆਂ ਔਕੜਾਂ ਨੂੰ ਉਸ ਇਨਸਾਨ ਵਾਂਗ ਸਹਿ ਜਾਵਾਂਗੀ ਜੋ ਪਹਾੜ ਦੀ ਅਣਸੁਖਾਵੀਂ ਪਗਡੰਡੀ ‘ਤੇ ਚੱਲਦਿਆਂ ਚੋਟੀ ‘ਤੇ ਪਹੁੰਚ ਜਾਂਦਾ ਹੈ।”

X X X X X

ਉਸੇ ਪਲ ਮੁਟਿਆਰ ਨੇ ਕਲਮ ਰੋਕ ਕੇ ਲਿਖਣਾ ਬੰਦ ਕਰ ਦਿੱਤਾ ਅਤੇ ਆਪਣੇ ਦੋਹਾਂ ਹੱਥਾਂ ਵਿਚ ਚਿਹਰਾ ਛੁਪਾ ਕੇ ਰੱਜ ਕੇ ਰੋਈ। ਉਸਦੇ ਦਿਲ ਨੇ ਆਪਣੇ ਸਾਰੇ ਭੇਦ ਕਲਮ ਸਪੁਰਦ ਕਰਨ ਤੋਂ ਨਾਂਹ ਕਰ ਦਿੱਤੀ ਉਸ ਅਜਿਹੇ ਖ਼ੁਸ਼ਕ ਹੰਝੂਆਂ ਦੀ ਛਹਿਬਰ ਲਾ ਦਿੱਤੀ ਜੋ ਤੁਰੰਤ ਹੀ ਉਸ ਆਕਾਸ਼ੀ ਤੱਤ ਵਿਚ ਵਿਲੀਨ ਹੋ ਗਏ ਜੋ ਪ੍ਰੇਮੀ ਅਤੇ ਪੁਸ਼ਪ ਆਤਮਾਵਾਂ ਦਾ ਟਿਕਾਣਾ ਹੁੰਦਾ ਹੈ। ਕੁਝ ਚਿਰ ਪਿੱਛੋਂ ਉਸਨੇ ਕਲਮ ਚੁੱਕੀ ਤੇ ਮੁੜ ਲਿਖਣ ਲੱਗੀ, “ਕੀ ਤੈਨੂੰ ਉਹ ਨੌਜੁਆਨ ਚੇਤੇ ਹੈ? ਕੀ ਤੈਨੂੰ ਉਸਦੀਆਂ ਅੱਖਾਂ ਵਿੱਚੋਂ ਨਿਕਲੀਆਂ ਰਿਸ਼ਮਾਂ ਅਤੇ ਉਸਦੇ ਚਿਹਰੇ ਉੱਤੇ ਉਭਰੇ ਦੁੱਖਾਂ ਦੇ ਹਾਵਾਂ-ਭਾਵਾਂ ਦਾ ਚੇਤਾ ਹੈ ? ਕੀ ਤੈਨੂੰ, ਆਪਣੇ ਇਕਲੌਤੇ ਬੱਚੇ ਤੋਂ ਵਿਛੜੀ ਕਿਸੇ ਮਾਂ ਦੇ ਅੱਥਰੂਆਂ ਵਿੱਚੋਂ ਫੁੱਟਦੇ ਹਾਸੇ ਦੀ ਯਾਦ ਹੈ ? ਕੀ ਤੈਨੂੰ ਦੂਰ ਘਾਟੀ ਵਿਚ ਉਸਦੇ ਸ਼ਾਂਤ ਬੋਲਾਂ ਦੀ ਗੂੰਜ ਸੁਣਾਈ ਦੇਂਦੀ ਹੈ ? ਕੀ ਤੈਨੂੰ ਚੇਤੇ ਹੈ ਉਹ ਨੌਜੁਆਨ ਜੋ ਚੀਜ਼ਾਂ ਵਸਤਾਂ ਵੱਲ ਕਿਵੇਂ ਮਗਨ ਚਿੱਤ ਹੋ ਬੜੀ ਤਾਂਘ ਨਾਲ ਸ਼ਾਂਤ ਚਿੱਤ ਟਿਕਟਿਕੀ ਲਗਾ ਕੇ ਵੇਖਿਆ ਕਰਦਾ ਸੀ ਅਤੇ ਉਨ੍ਹਾਂ ਬਾਰੇ ਅਜੀਬ ਜਿਹੇ ਸ਼ਬਦਾਂ ਦੀ ਵਰਤੋਂ ਕਰਦਾ ਹੁੰਦਾ ਸੀ ਅਤੇ ਫਿਰ ਆਪਣਾ ਸਿਰ ਝੁਕਾ ਕੇ ਡੂੰਘਾ ਠੰਡਾ ਸਾਹ ਭਰਿਆ ਕਰਦਾ ਸੀ ਜਿਵੇਂ ਉਹ ਆਪਣੇ ਵਿਸ਼ਾਲ ਦਿਲ ਦੇ ਭੇਦ ਖੁੱਲ੍ਹ ਜਾਣ ਤੋਂ ਡਰ ਰਿਹਾ ਹੋਵੇ ? ਕੀ ਤੈਨੂੰ ਉਸਦੇ ਸੁਪਨਿਆਂ ਤੇ ਵਿਸ਼ਵਾਸਾਂ ਦਾ ਚੇਤਾ ਹੈ ? ਕੀ ਤੂੰ ਇਹ ਸਾਰੀਆਂ ਗੱਲਾਂ ਇਕ ਅਜਿਹੇ ਨੌਜੁਆਨ ਵਿਚ ਹੋਣ ਬਾਰੇ ਸੋਚ ਸਕਦੀ ਹੈਂ ਜਿਸਨੂੰ ਮਨੁੱਖਤਾ ਆਪਣੇ ਬੱਚਿਆਂ ਵਿੱਚੋਂ ਇਕ ਬੱਚਾ ਹੀ ਸਮਝਦੀ ਹੈ ਅਤੇ ਜਿਸਨੂੰ ਮੇਰੇ ਪਿਤਾ ਨੇ ਗੁਮਾਨ ਭਰੀਆਂ ਨਜ਼ਰਾਂ ਨਾਲ ਇਕ ਅਦਨਾ ਜਿਹਾ ਵਿਅਕਤੀ ਹੀ ਸਮਝ ਛਡਿਆ ਕਿਉਂਕਿ ਉਹ ਦੁਨਿਆਵੀ ਲਾਲਚ ਤੋਂ ਉੱਚਾ ਅਤੇ ਵਿਰਾਸਤ ਵਿਚ ਮਿਲੀ ਸ਼ਾਨ ਸ਼ੌਕਤ ਤੋਂ ਵਧੇਰੇ ਸਾਊ ਹੈ ?

“ਪਿਆਰੀ ਭੈਣੇ, ਤੈਨੂੰ ਪਤਾ ਹੈ ਕਿ ਮੈਂ ਦੂਜਿਆਂ ਨੂੰ ਛੁਟਿਆਉਣ ਵਾਲੇ ਇਸ ਸੰਸਾਰ ਵਿਚ ਇਕ ਬੇਬੱਸ ਔਰਤ ਤੇ ਅਗਿਆਨਤਾ ਦੀ ਸ਼ਿਕਾਰ ਹਾਂ। ਕੀ ਤੂੰ ਇਕ ਭੈਣ ਨਾਲ ਹਮਦਰਦੀ ਪ੍ਰਗਟ ਨਹੀਂ ਕਰੇਂਗੀ ਜੋ ਕਾਲੀ ਬੋਲ਼ੀ ਰਾਤ ਦੀ ਚੁੱਪ ਵਿਚ ਬੈਠੀ ਆਪਣੇ ਦਿਲ ਦਾ ਭਾਰ ਹੌਲਾ ਕਰ ਰਹੀ ਤੇ ਆਪਣੇ ਦਿਲ ਦੇ ਭੇਦ ਤੇਰੇ ਸਾਹਮਣੇ ਖੋਲ੍ਹ ਰਹੀ ਹੈ ? ਮੈਨੂੰ ਯਕੀਨ ਹੈ ਕਿ ਮੈਂ ਤੇਰੀ ਹਮਦਰਦੀ ਦੀ ਪਾਤਰ ਜ਼ਰੂਰ ਬਣਾਂਗੀ ਕਿਉਂਕਿ ਤੇਰਾ ਦਿਲ ਵੀ ਹੁਣ ਪਿਆਰ ਤੋਂ ਸੱਖਣਾ ਨਹੀਂ।”

X X X X X X

ਪ੍ਰਭਾਤ ਹੋਈ ਅਤੇ ਮੁਟਿਆਰ ਇਸ ਆਸ ਨਾਲ ਨੀਂਦ ਰਾਣੀ ਦੀ ਗੋਦ ਵਿਚ ਚਲੀ ਗਈ ਕਿ ਉਹ ਜਾਗਦਿਆਂ ਹੋਇਆਂ ਲਏ ਸੁਪਨਿਆਂ ਨਾਲੋਂ ਵਧੇਰੇ ਮਿੱਠੇ ਤੇ ਪਿਆਰੇ ਜਿਹੇ ਸੁਪਨਿਆਂ ਦੀ ਦੁਨੀਆ ਵਿਚ ਪਹੁੰਚ ਜਾਏਗੀ।

ਪਾਗਲ ਜੋਹਨ

ਗਰਮੀਆਂ ਦੀ ਰੁੱਤੇ ਰੋਜ਼ ਸਵੇਰੇ ਜੋਹਨ ਆਪਣੇ ਬੈਲ ਵੱਛੇ ਹੱਕਦਾ ਹੋਇਆ, ਮੋਢੇ ਉੱਤੇ ਹਲ ਚੁੱਕੀ ਪੰਛੀਆਂ ਦੇ ਸੁਰੀਲੇ ਗੀਤ ਅਤੇ ਰੁੱਖਾਂ ਦੇ ਪੱਤਿਆਂ ‘ ਦਾ ਸੰਗੀਤ ਸੁਣਦਾ ਹੋਇਆ ਆਪਣੇ ਖੇਤਾਂ ਵੱਲ ਚਲਾ ਜਾਂਦਾ।

ਦੁਪਹਿਰ ਵੇਲੇ ਉਹ ਨਿਵਾਣਾਂ ਵਿਚ ਵਗਦੀ ਨਦੀ, ਜੋ ਹਰੇ ਭਰੇ ਖੇਤਾਂ ਵਿੱਚੋਂ ਵਲ ਖਾਂਦੀ ਲੰਘਦੀ ਸੀ, ਕੰਢੇ ਬਹਿ ਕੇ ਰੋਟੀ ਖਾਂਦਾ ਅਤੇ ਰੋਟੀ ਦੇ ਕੁਝ ਬਚੇ ਖੁਚੇ ਟੁੱਕੜੇ ਹਰੇ ਭਰੇ ਘਾਹ ਉੱਤੇ ਪੰਛੀਆਂ ਲਈ ਸੁੱਟ ਦਿੰਦਾ।

ਸ਼ਾਮ ਢਲਣ ‘ਤੇ ਜਦੋਂ ਡੁੱਬਦਾ ਹੋਇਆ ਸੂਰਜ ਦਿਨ ਦੀ ਰੌਸ਼ਨੀ ਵੀ ਆਪਣੇ ਨਾਲ ਲੈ ਜਾਂਦਾ ਤਾਂ ਉਹ ਉੱਤਰੀ ਲੈਬਨਾਨ ਵਿਚ ਬਸਤੀ ਤੇ ਪਿੰਡ ਤੋਂ ਦੂਰ ਪਰ੍ਹੇ ਸਥਿਤ ਆਪਣੀ ਛੋਟੀ ਜਿਹੀ ਝੌਂਪੜੀ ਵਿਚ ਪਰਤ ਆਉਂਦਾ। ਰਾਤ ਦੀ ਰੋਟੀ ਖਾ ਚੁੱਕਣ ਪਿੱਛੋਂ ਉਹ ਆਪਣੇ ਬੁੱਢੇ ਮਾਤਾ ਪਿਤਾ ਕੋਲ ਬਹਿ ਕੇ ਉਨ੍ਹਾਂ ਦੀਆਂ ਗੱਲਾਂ ਬਾਤਾਂ ਗਹੁ ਨਾਲ ਸੁਣਦਾ। ਉਹ ਉਸਨੂੰ ਆਪਣੇ ਜੀਵਨ ਵਿਚ ਵਾਪਰੀਆਂ ਘਟਨਾਵਾਂ ਬਾਰੇ ਉਦੋਂ ਤਕ ਗੱਲਾਂ ਬਾਤਾਂ ਸੁਣਾਉਂਦੇ ਰਹਿੰਦੇ ਜਦੋਂ ਤਕ ਨੀਂਦ ਉਸ ਉੱਤੇ ਹਾਵੀ ਹੋ ਕੇ ਉਸਨੂੰ ਆਪਣੀ ਗੋਦ ਵਿਚ ਲੈ ਨਾ ਲੈਂਦੀ।

ਸਰਦੀਆਂ ਵਿਚ ਉਹ ਧੂਣੀ ਦੁਆਲੇ ਬੈਠਾ ਅੱਗ ਸੇਕਦਾ ਅਤੇ ਮੌਤ ਦਾ ਵਿਰਲਾਪ ਤੇ ਤੱਤਾਂ ਦੀ ਪੁਕਾਰ ਸੁਣਦਾ ਅਤੇ ਰੁੱਤਾਂ ਦੇ ਬਦਲਣ ਬਾਰੇ ਵਿਚਾਰ ਕਰਦਾ ਸੋਚਦਾ ਰਹਿੰਦਾ। ਉਹ ਛੋਟੀ ਜਿਹੀ ਖਿੜਕੀ ਵਿੱਚੋਂ ਬਾਹਰ ਬਰਫ਼ ਨਾਲ ਢੱਕੀਆਂ ਹੋਈਆਂ ਘਾਟੀਆਂ ਤੇ ਨਿਪੱਤੇ ਰੁੱਖਾਂ ਨੂੰ ਵੇਖਦਾ। ਇਹ ਪੱਤਹੀਣ ਰੁੱਖ ਉਸਨੂੰ ਇੰਜ ਜਾਪਦੇ ਜਿਵੇਂ ਭਿਖਾਰੀਆਂ ਤੇ ਗ਼ਰੀਬਾਂ ਦੇ ਝੁੰਡ ਜਿਹੇ ਹੋਣ ਜੋ ਮਾਰੂ ਤੇ ਕੁਰੱਖ਼ਤ ਹਵਾਵਾਂ ਦੇ ਰਹਿਮੋ ਕਰਮ ’ਤੇ ਸਰਦੀ ਦੇ ਬਰਫ਼ੀਲੇ ਜਬਾੜਿਆਂ ਵਿਚ ਫਸੇ ਸਿਸਕ ਰਹੇ ਹੋਣ।

ਸਰਦੀਆਂ ਦੀਆਂ ਲੰਮੀਆਂ ਹਨੇਰੀਆਂ ਰਾਤਾਂ ਵਿਚ ਉਹ ਉਦੋਂ ਤਕ ਜਾਗਦਾ ਰਹਿੰਦਾ ਜਦੋਂ ਤਕ ਉਸਦੇ ਮਾਪੇ ਸੌਂ ਨਾ ਜਾਂਦੇ। ਫਿਰ ਚੋਰੀ-ਚੋਰੀ ਉਹ ਲੱਕੜੀ ਦੀ ਟੁੱਟੀ ਭੱਜੀ ਸੰਦੂਕੜੀ ਵਿੱਚੋਂ ਬਾਈਬਲ ਕੱਢ ਕੇ ਦੀਵੇ ਦੀ ਕੰਬਦੀ ਹੋਈ ਧੀਮੀ ਲੋਅ ਵਿਚ ਪੜ੍ਹਦਾ । ਉਸਦੇ ਮਾਪੇ ਉਸਨੂੰ ਇਹ ਪਵਿੱਤਰ ਪੁਸਤਕ ਪੜ੍ਹਨ ਤੋਂ ਵਰਜਦੇ ਸਨ, ਇਸ ਲਈ ਜੋਹਨ ਬਾਈਬਲ ਪੜ੍ਹਨ ਦੇ ਇਨ੍ਹਾਂ ਖ਼ੂਬਸੂਰਤ ਪਲਾਂ ਦੌਰਾਨ ਬੜਾ ਚੌਕਸ ਰਹਿੰਦਾ। ਪਾਦਰੀਆਂ ਨੇ ਸਿੱਧੇ-ਸਾਦੇ ਲੋਕਾਂ ਨੂੰ ਬਾਈਬਲ ਪੜ੍ਹਨ ਤੋਂ ਵਰਜ ਰੱਖਿਆ ਸੀ ਤਾਂ ਕਿ ਉਹ ਈਸਾ ਦੀਆਂ ਗੁੱਝੀਆਂ ਸਿਖਿਆਵਾਂ ਤੋਂ ਜਾਗਰੂਕ ਨਾ ਹੋ ਜਾਣ। ਇਸ ਲਈ ਉਨ੍ਹਾਂ ਨੇ ਧਮਕੀ ਦਿੱਤੀ ਹੋਈ ਸੀ ਕਿ ਜੇ ਕਿਸੇ ਦੇ ਕਬਜ਼ੇ ਵਿੱਚੋਂ ਬਾਈਬਲ ਮਿਲ ਗਈ ਤਾਂ ਉਸਨੂੰ ਧਰਮ ਵਿੱਚੋਂ ਛੇਕ ਦਿੱਤਾ ਜਾਵੇਗਾ।

ਇਸ ਤਰ੍ਹਾਂ ਜੋਹਨ ਨੇ ਆਪਣੀ ਜਵਾਨੀ ਦੀਆਂ ਕੀਮਤੀ ਘੜੀਆਂ ਪਰਮਾਤਮਾ ਦੀ ਦੇਣ ਖ਼ੂਬਸੂਰਤ ਧਰਤੀ ਤੇ ਖੇਤਾਂ ਵਿਚ ਕੰਮ ਕਰਦਿਆਂ ਅਤੇ ਰੂਹਾਨੀਅਤ ਦੇ ਭੰਡਾਰ ਬਾਈਬਲ ਦਾ ਪਾਠ ਕਰਦਿਆਂ ਹੀ ਗੁਜ਼ਾਰ ਦਿੱਤੀਆਂ ਸਨ। ਜੋਹਨ ਖ਼ਾਮੋਸ਼ ਤੇ ਆਪਣੇ ਵਿਚਾਰਾਂ ਦੀ ਧੁਨ ਵਿਚ ਮਗਨ ਰਹਿਣ ਵਾਲਾ ਨੌਜੁਆਨ ਸੀ। ਉਹ ਆਪਣੇ ਮਾਤਾ-ਪਿਤਾ ਦੀ ਗੱਲਬਾਤ ਧਿਆਨ ਨਾਲ ਸੁਣਦਾ ਰਹਿੰਦਾ, ਪਰ ਮੂੰਹੋਂ ਇਕ ਵੀ ਸ਼ਬਦ ਨਾ ਬੋਲਦਾ ਤੇ ਨਾ ਹੀ ਕੋਈ ਸੁਆਲ ਜੁਆਬ ਕਰਦਾ। ਆਪਣੇ ਸਾਥੀਆਂ ਵਿਚ ਬੈਠਾ ਉਹ ਚੁੱਪ-ਚਾਪ ਦੂਰ ਦੁਮੇਲ ਵੱਲ ਵੇਖਦਾ ਰਹਿੰਦਾ, ਜਿਥੇ ਸੰਝ ਦੀ ਲਾਲੀ ਤੇ ਪ੍ਰਭਾਤ ਦੀ ਚਾਣਨੀ ਆਪਸ ਵਿਚ ਮਿਲਦੀਆਂ ਸਨ। ਉਸਦੇ ਵਿਚਾਰ ਓਨੇ ਹੀ ਉੱਚੇ ਸਨ ਜਿਥੋਂ ਤਕ ਉਸਦੀ ਨਜ਼ਰ ਜਾਂਦੀ ਸੀ। ਉਹ ਜਦੋਂ ਵੀ ਗਿਰਜਾ ਘਰ ਜਾਂਦਾ, ਹਮੇਸ਼ਾ ਗਿਰਜੇ ਤੋਂ ਮਾਯੂਸ ਜਿਹਾ ਹੋ ਕੇ ਘਰ ਪਰਤਦਾ ਕਿਉਂਕਿ ਪਾਦਰੀਆਂ ਦੇ ਉਪਦੇਸ਼ ਬਾਈਬਲ ਵਿਚ ਦੱਸੀਆਂ ਸਿਖਿਆਵਾਂ, ਜੋ ਉਸਨੇ ਪੜ੍ਹੀਆਂ ਸਨ, ਨਾਲ ਮੇਲ ਨਹੀਂ ਸਨ ਖਾਂਦੇ ਅਤੇ ਉਸਨੇ ਵੇਖਿਆ ਕਿ ਧਾਰਮਿਕ ਆਗੂਆਂ ਤੇ ਉਪਦੇਸ਼ਕਾਂ ਦਾ ਅਸਲੀ ਜੀਵਨ ਈਸਾ ਰਾਹੀਂ ਬਾਈਬਲ ਵਿਚ ਦਰਸਾਏ ਉਪਦੇਸ਼ਾਂ ਦੇ ਸੁਚੱਜੇ ਜੀਵਨ ਨਾਲ ਮੇਲ ਨਹੀਂ ਸੀ ਖਾਂਦਾ।

X X X X X X

ਬਸੰਤ ਰੁੱਤ ਦੀ ਆਮਦ ਕਾਰਨ ਖੇਤਾਂ ਤੇ ਘਾਟੀਆਂ ਵਿਚ ਬਰਫ਼ ਪਿਘਲਣ ਲੱਗੀ। ਪਹਾੜਾਂ ਦੀਆਂ ਕੁਝ ਚੋਟੀਆਂ ਉੱਤੇ ਜਿਹੜੀ ਵੀ ਬਰਫ਼ ਰਹਿ ਜਾਂਦੀ ਸੀ ਉਹ ਵੀ ਹੌਲੀ ਹੌਲੀ ਪਿਘਲ ਕੇ ਘਾਟੀਆਂ ਵਿਚ ਨਿਕਲਦੇ ਟੇਢੇ-ਮੇਢੇ ਰਾਹਵਾਂ ਉੱਤੇ ਕਈ ਛੋਟੇ-ਛੋਟੇ ਚਸ਼ਮਿਆਂ ਤੇ ਧਾਰਾਵਾਂ ਦਾ ਰੂਪ ਧਾਰ ਕੇ ਵੱਡੀ ਨਦੀ ਦੇ ਤੇਜ਼ ਪ੍ਰਵਾਹ ਵਿਚ ਮਿਲ ਕੇ ਵਹਿਣ ਲੱਗੀ, ਜਿਸ ਦਾ ਕਲਕਲ ਕਰਦਾ ਸ਼ੋਰ ਕੁਦਰਤ ਦੀ ਅਦਭੁਤ ਹੋਂਦ ਨੂੰ ਦਰਸਾਉਂਦਾ ਅਤੇ ਕੁਦਰਤ ਰਾਣੀ ਦੇ ਨੀਂਦ ਤੋਂ ਜਾਗਣ ਦਾ ਐਲਾਨ ਸੀ। ਬਦਾਮ, ਅਖ਼ਰੋਟ ਤੇ ਸੇਬਾਂ ਦੇ ਦਰੱਖ਼ਤਾਂ ਨੂੰ ਪੂਰੇ ਜੋਬਨ ‘ਤੇ ਫੁੱਲ ਪੈ ਗਏ ਸਨ। ਬੈਂਤ ਅਤੇ ਚਿਨਾਰ ਦੇ ਰੁੱਖਾਂ ਨੂੰ ਨਵੇਂ ਪੱਤੇ ਲੱਗ ਪਏ ਤੇ ਡੋਡੀਆਂ ਫੁੱਟ ਪਈਆਂ ਸਨ। ਇੰਜ ਜਾਪਦਾ ਸੀ ਜਿਵੇਂ ਕੁਦਰਤ ਰਾਣੀ ਨੇ ਸਾਰੇ ਪਾਸੇ ਹਰਾ ਭਰਾ ਤੇ ਰੰਗ ਬਰੰਗਾ ਲਹਿਰੀਆ ਵਿਛਾ ਦਿੱਤਾ ਹੋਵੇ।

8 ਜੋਹਨ ਭੱਖਦੀ ਅੰਗੀਠੀ ਕੋਲ ਬਹਿ ਬਹਿ ਕੇ ਦਿਨ ਬਿਤਾਉਂਦਾ ਆਪਣੀ ਹੋਂਦ ਤੋਂ ਅੱਕ ਗਿਆ ਸੀ ਅਤੇ ਇਹ ਖ਼ਿਆਲ ਆਉਂਦਿਆਂ ਕਿ ਉਸਦੇ ਬੈਲ ਵੱਛੇ ਵੀ ਤੰਗ ਵਾੜਿਆਂ ਵਿਚ ਦੁਖੀ ਹੋਏ ਹਰੇ ਭਰੇ ਚਾਰੇ ਨੂੰ ਤਰਸ ਰਹੇ ਹੋਣਗੇ ਉਸਨੇ ਵਾੜੇ ਵਿੱਚੋਂ ਡੰਗਰਾਂ ਨੂੰ ਖੋਲ੍ਹਿਆ ਤੇ ਖੇਤਾਂ ਵੱਲ ਲੈ ਤੁਰਿਆ। ਉਸਨੇ ਪਵਿੱਤਰ ਬਾਈਬਲ ਨੂੰ ਚੋਗ਼ੇ ਹੇਠ ਲੁਕਾ ਕੇ ਰੱਖ ਲਿਆ ਤਾਂ ਕਿ ਕਿਧਰੇ ਕੋਈ ਵੇਖ ਨਾ ਲਵੇ। ਚੱਲਦਿਆਂ-ਚੱਲਦਿਆਂ ਉਹ ਖ਼ੂਬਸੂਰਤ ਘਾਟੀ ਵਿਚ ਸਥਿਤ ਹਰੇ ਭਰੇ ਘਾਹ ਦੇ ਮੈਦਾਨ ਵਿਚ ਜਾ ਪੁੱਜਾ। ਇਹ ਥਾਂ ਸੇਂਟ ਏਲੀਜਾ ਮੱਠ, ਜੋ ਨੇੜੇ ਦੀ ਪਹਾੜੀ ’ਤੇ ਬੜੀ ਸ਼ਾਨ ਨਾਲ ਖੜਾ ਸੀ, ਦੇ ਖੇਤਾਂ ਦੇ ਨਾਲ ਲੱਗਦੀ ਸੀ। ਬੈਲ, ਵੱਛਿਆਂ ਨੇ ਏਧਰ-ਉਧਰ ਘਾਹ ਚਰਨਾ ਸ਼ੁਰੂ ਕਰ ਦਿੱਤਾ। ਜੋਹਨ ਇਕ ਚੱਟਾਨ ਨਾਲ ਢੋਅ ਲਾ ਕੇ ਬਹਿ ਗਿਆ ਤੇ ਬਾਈਬਲ ਪੜ੍ਹਨ ਵਿਚ ਲੀਨ ਹੋ ਗਿਆ। ਉਹ ਘਾਟੀ ਦੀ ਸੁੰਦਰਤਾ ਵੀ ਨਿਹਾਰਦਾ ਰਿਹਾ ਅਤੇ ਨਾਲ ਨਾਲ ਬਾਈਬਲ ਦੇ ਰੂਹਾਨੀ ਗਿਆਨ ਵਿਚ ਜਿਵੇਂ ਗੁਆਚ ਜਿਹਾ ਗਿਆ।

ਇਹ ਚਾਲੀਹੇ ਦਾ ਆਖ਼ਰੀ ਦਿਨ ਸੀ। ਪਿੰਡ ਨਿਵਾਸੀ ਜਿਨ੍ਹਾਂ ਨੇ ਵਰਤ ਕਾਰਨ ਏਨੇ ਦਿਨਾਂ ਤੋਂ ਮਿਠਿਆਈਆਂ ਤੇ ਮੀਟ ਨਹੀਂ ਸੀ ਖਾਧਾ, ਈਸਟਰ ਵਾਲੇ ਦਿਨ ਦਾ ਬੇਤਾਬੀ ਨਾਲ ਇੰਤਜ਼ਾਰ ਕਰ ਰਹੇ ਸਨ। ਜੋਹਨ ਲਈ, ਬਾਕੀ ਦੇ ਗ਼ਰੀਬ ਕਿਸਾਨ ਸਾਥੀਆਂ ਦੀ ਤਰ੍ਹਾਂ ਸਾਲ ਦਾ ਇਹ ਦਿਨ ਹੋਰ ਦਿਨਾਂ ਨਾਲੋਂ ਵੱਖਰਾ ਨਹੀਂ ਸੀ ਕਿਉਂਕਿ ਉਸ ਲਈ ਸਾਰਾ ਜੀਵਨ ਹੀ ਲੰਮਾ ਵਰਤ ਦਾ ਦਿਨ ਸੀ। ਉਸਦੀ ਖ਼ੁਰਾਕ ਆਪਣੇ ਖ਼ਨ ਪਸੀਨੇ ਨਾਲ ਪੰਛੀ ਉਸਦੇ ਇਰਦ-ਗਿਰਦ ਮੰਡਰਾਉਂਦੇ ਹੋਏ ਚਹਿਚਹਾ ਰਹੇ ਸਨ ਅਤੇ ਘੁੱਗੀਆਂ ਦੇ ਵੱਡੇ ਵੱਡੇ ਝੁੰਡ ਉਸਦੇ ਸਿਰ ਉੱਤੋਂ ਦੀ ਲੰਘਦੇ ਹੋਏ ਅਸਮਾਨ ਵਿਚ ਉੱਡ ਰਹੇ ਸਨ, ਜਦੋਂ ਕਿ ਫੁੱਲ ਰੁਮਕਦੀ ਹਵਾ ਵਿਚ ਇੰਜ ਝੂੰਮ ਰਹੇ ਸਨ ਜਿਵੇਂ ਉਹ ਸੁਨਹਿਰੀ ਚਮਕਦੀ ਧੁੱਪ ਦਾ ਨਿੱਘ ਮਾਣ ਰਹੇ ਹੋਣ।

ਅਜਿਹੇ ਖ਼ੂਬਸੂਰਤ ਆਲੇ-ਦੁਆਲੇ ਵਿਚ ਜੋਹਨ ਫਿਰ ਪਵਿੱਤਰ ਬਾਈਬਲ ਪੜ੍ਹਨ ਵਿਚ ਮਗਨ ਹੋ ਗਿਆ। ਇਨ੍ਹਾਂ ਕੀਮਤੀ ਤੇ ਖ਼ੁਸ਼ਨੁਮਾ ਘੜੀਆਂ ਦੌਰਾਨ ਉਹ ਕਦੇ ਕਦੇ ਨੇੜੇ ਦੇ ਪਿੰਡਾਂ ਵਿਚ ਖੜੇ ਗਿਰਜਿਆਂ ਦੇ ਗੁੰਬਦਾਂ ਵਲ ਨਿਗਾਹ ਮਾਰ ਲੈਂਦਾ ਅਤੇ ਉਨ੍ਹਾਂ ਦੇ ਅੰਦਰੋਂ ਸੁਰਤਾਲ ਵਿਚ ਆਉਂਦੀ ਟੱਲੀਆਂ ਦੀ ਆਵਾਜ਼ ਵੀ ਸੁਣਦਾ। ਕਿਸੇ ਕਿਸੇ ਵੇਲੇ ਉਹ ਅੱਖਾਂ ਮੀਚ ਕੇ ਸੁਪਨਿਆਂ ਦੇ ਖੰਭਾਂ ‘ਤੇ ਸਵਾਰ ਹੋਇਆ ਯੋਰੂਸ਼ਲਮ ਵਿਚ ਪਹੁੰਚ ਕੇ ਈਸਾ ਮਸੀਹ ਦੇ ਕਦਮ ਚਿੰਨ੍ਹਾਂ ‘ਤੇ ਚੱਲਦਾ ਹੋਇਆ ਸ਼ਹਿਰ ਦੇ ਲੋਕਾਂ ਨੂੰ ਉਸ ਮਹਾਂ ਪੁਰਖ ਬਾਰੇ ਪੁੱਛਦਾ। ਉਨ੍ਹਾਂ ਵੱਲੋਂ ਉਸਨੂੰ ਇੰਜ ਦਾ ਜੁਆਬ ਮਿਲਦਾ, “ਇਥੇ ਈਸਾ ਨੇ ਅਧਰੰਗ ਦੇ ਮਰੀਜ਼ਾਂ ਨੂੰ ਨਵਾਂ ਨਰੋਆ ਕੀਤਾ ਅਤੇ ਅੰਨ੍ਹਿਆਂ ਨੂੰ ਅੱਖਾਂ ਦੀ ਜੋਤ ਬਖ਼ਸ਼ੀ ਸੀ। ਉਥੇ ਹੀ ਉਨ੍ਹਾਂ ਲੋਕਾਂ ਨੇ ਉਸ ਲਈ ਕੰਡਿਆਂ ਦਾ ਤਾਜ ਬਣਾਇਆ ਅਤੇ ਉਸਦੇ ਸਿਰ ‘ਤੇ ਸਜਾ ਦਿੱਤਾ। ਜਿਸ ਗਲੀ ਵਿਚ ਖਲੋ ਕੇ ਉਸਨੇ ਲੋਕਾਂ ਨੂੰ ਰੂਹਾਨੀਅਤ ਦਾ ਉਪਦੇਸ਼ ਦਿੱਤਾ ਸੀ, ਉਸੇ ਥਾਂ ਲੋਕਾਂ ਨੇ ਉਸਨੂੰ ਸੰਗਮਰਮਰ ਦੇ ਥੰਮ੍ਹ ਨਾਲ ਬੰਨ੍ਹ ਕੇ ਉਸ ਉੱਤੇ ਜ਼ੁਲਮ ਢਾਹਿਆ ਤੇ ਕੋਰੜੇ ਮਾਰੇ। ਜਿਸ ਗਲੀ ਵਿਚ ਉਸਨੇ ਵੇਸਵਾ ਨੂੰ ਉਸਦੇ ਪਾਪ ਮੁਆਫ਼ ਕੀਤੇ, ਉਸੇ ਜਗ੍ਹਾ ਆਪਣੀ ਸਲੀਬ ਦੇ ਭਾਰ ਹੇਠ ਦੱਬ ਕੇ ਉਹ ਸ਼ਹੀਦ ਹੋ ਗਏ।

X X X X X X

ਇਕ ਘੰਟਾ ਬੀਤ ਗਿਆ, ਜੋਹਨ ਸਰੀਰਕ ਤੌਰ ‘ਤੇ ਦੇਵਤਾ ਰੂਪੀ ਈਸਾ ਦੇ ਨਾਲ ਸਰੀਰਕ ਤਸੀਹੇ ਸਹਿੰਦਾ ਰਿਹਾ ਤੇ ਉਸਦੀ ਆਤਮਕ ਮਹਾਨਤਾ ਉੱਤੇ ਮਾਣ ਮਹਿਸੂਸ ਕਰਦਾ ਰਿਹਾ। ਉਸ ਨੇ ਜਦ ਨਜ਼ਰ ਚੁੱਕ ਕੇ ਵੇਖਿਆ ਤਾਂ ਦਪਹਿਰ ਪਾਈ ਇਕ ਆਦਮੀ ਖੜਾ ਵੇਖਿਆ। ਨੇੜੇ ਪਹੁੰਚ ਕੇ ਉਸ ਨੇ ਵੇਖਿਆ ਕਿ ਉਹ ਆਦਮੀ ਮੱਠ ਦਾ ਇਕ ਪਾਦਰੀ ਸੀ। ਜੋਹਨ ਨੇ ਉਸਨੂੰ ਨਮਸਕਾਰ ਕੀਤੀ ਤੇ ਸਤਿਕਾਰ ਨਾਲ ਪੁੱਛਿਆ ਕਿ ਕੀ ਉਸਨੇ ਕਿਧਰੇ ਇਧਰ ਉਸਦੇ ਡੰਗਰ ਵੇਖੇ ਹਨ ? ਪਾਦਰੀ ਗ਼ੁੱਸੇ ਨੂੰ ਲੁਕਾਉਂਦਾ ਹੋਇਆ ਬੜੇ ਰੁੱਖੇ ਸ਼ਬਦਾਂ ਵਿਚ ਕਹਿਣ ਲੱਗਾ, “ਹਾਂ ਮੈਂ ਵੇਖੇ ਹਨ। ਮੇਰੇ ਪਿੱਛੇ ਪਿੱਛੇ ਆ ਜਾ, ਮੈਂ ਤੈਨੂੰ ਵਿਖਾਉਂਦਾ ਹਾਂ।” ਜੋਹਨ ਪਾਦਰੀ ਦੇ ਪਿੱਛੇ ਪਿੱਛੇ ਚੱਲ ਪਿਆ ਤੇ ਜਿਉਂ ਹੀ ਉਹ ਮੱਠ ਵਿਚ ਪਹੁੰਚੇ, ਜੋਹਨ ਨੇ ਵੇਖਿਆ ਉਸਦੇ ਬਲਦ ਵੱਛੇ ਵਾੜੇ ਵਿਚ ਰੱਸਿਆਂ ਨਾਲ ਬੱਝੇ ਹੋਏ ਸਨ। ਇਕ ਸਾਧ ਉਹਨਾਂ ਦੀ ਨਿਗਰਾਨੀ ਕਰ ਰਿਹਾ ਸੀ ਜਿਸਦੇ ਹੱਥ ਵਿਚ ਮੋਟਾ ਡੰਡਾ ਸੀ ਅਤੇ ਜਦੋਂ ਵੀ ਕੋਈ ਪਸ਼ੂ ਮਾੜਾ ਮੋਟਾ ਹਿਲਦਾ ਜੁਲਦਾ ਉਹ ਇਕ ਮੋਟਾ ਡੰਡਾ ਉਸਦੀ ਪਿੱਠ ‘ਤੇ ਮਾਰ ਦਿੰਦਾ। ਗ਼ੁੱਸੇ ਨਾਲ ਭਰਿਆ ਜੋਹਨ ਬੇਸਹਾਰਾ ਪਸ਼ੂਆਂ ਨੂੰ ਛੁਡਾਉਣ ਦਾ ਯਤਨ ਕਰਨ ਲਈ ਅੱਗੇ ਵਧਿਆ ਤਾਂ ਸਾਧ ਨੇ ਉਸਨੂੰ ਚੋਗ਼ੇ ਤੋਂ ਫੜ ਕੇ ਖਿੱਚਿਆ ਤੇ ਮੱਠ ਵੱਲ ਮੁੜਦਿਆਂ ਉੱਚੀ-ਉੱਚੀ ਕਹਿਣ ਲੱਗਾ, “ਇਹ ਹੈ ਦੋਸ਼ੀ ਆਜੜੀ ! ਮੈਂ ਇਸਨੂੰ ਫੜ ਲਿਆ ਹੈ।” ਇਹ ਸੁਣਦਿਆਂ ਹੀ ਛੋਟੇ ਵੱਡੇ ਪਾਦਰੀ ਤੇ ਸਾਧ, ਮੁੱਖ ਪਾਦਰੀ ਜੋ ਸੋਹਣੇ ਪਹਿਰਾਵੇ ਵਿਚ ਰੋਅਬਦਾਰ ਤੇ ਵਿਲੱਖਣ ਮਨੁੱਖ ਲੱਗਦਾ ਸੀ, ਦੇ ਪਿੱਛੇ-ਪਿੱਛੇ ਤਮਾਸ਼ਾ ਵੇਖਣ ਲਈ ਭੱਜੇ ਆਏ ਅਤੇ ਜੋਹਨ ਨੂੰ ਚਾਰੇ-ਪਾਸੇ ਤੋਂ ਘੇਰ ਲਿਆ, ਜੋ ਬੌਂਦਲਿਆਂ ਹੋਇਆ ਆਪਣੇ ਆਪ ਨੂੰ ਕੈਦੀ ਮਹਿਸੂਸ ਕਰ ਰਿਹਾ ਸੀ। “ਮੈਂ ਅਜਿਹਾ ਕੋਈ ਕਸੂਰ ਨਹੀਂ ਕੀਤਾ ਜੋ ਤੁਸੀਂ ਮੈਨੂੰ ਦੋਸ਼ੀ ਸਮਝ ਕੇ ਘੇਰ ਲਿਆ ਹੈ,” ਜੋਹਨ ਨੇ ਮੁੱਖ ਪਾਦਰੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹੋਏ ਕਿਹਾ। ਉਨ੍ਹਾਂ ਦਾ ਆਗੂ ਪਾਦਰੀ ਗ਼ੁੱਸੇ ਵਿਚ ਭੜਕ ਕੇ ਰੁੱਖੀ ਆਵਾਜ਼ ਵਿਚ ਬੋਲਿਆ, “ਤੇਰੇ ਬਲਦਾਂ ਨੇ ਸਾਡੇ ਬੂਟੇ ਉਜਾੜ ਦਿੱਤੇ ਨੇ ਤੇ ਸਾਡੇ ਅੰਗੂਰਾਂ ਦੀਆਂ ਵੇਲਾਂ ਬਰਬਾਦ ਕਰ ਦਿੱਤੀਆਂ ਹਨ। ਇਹ ਸਭ ਕੁਝ ਲਈ ਤੂੰ ਹੀ ਇਸ ਨੁਕਸਾਨ ਦਾ ਜ਼ਿੰਮੇਵਾਰ ਹੈਂ। ਜਦੋਂ ਤੱਕ ਤੂੰ ਇਹ ਨੁਕਸਾਨ ਨਹੀਂ ਭਰਦਾ, ਅਸੀਂ ਤੈਨੂੰ ਨਹੀਂ ਛੱਡਾਂਗੇ।”

ਜੋਹਨ ਨਿਮਾਣਾ ਜਿਹਾ ਹੋ ਕੇ ਗਿੜਗਿੜਾਇਆ, “ਫ਼ਾਦਰ ! ਇਹ ਬੇਜ਼ਬਾਨ ਜਾਨਵਰ ਹਨ ਮੈਂ ਗ਼ਰੀਬ ਆਦਮੀ ਹਾਂ, ਮੇਰੇ ਕੋਲ ਪੈਸੇ ਨਹੀਂ ਹਨ।

ਮਿਹਰਬਾਨੀ ਕਰਕੇ ਮੇਰੇ ਬਲਦ ਇਕ ਵਾਰ ਛੱਡ ਦਿਓ ਅਤੇ ਮੈਂ ਵਾਅਦਾ ਕਰਦਾ ਹਾਂ ਕਿ ਉਨ੍ਹਾਂ ਨੂੰ ਫਿਰ ਇਸ ਪਾਸੇ ਘਾਹ ਚਰਨ ਵਾਸਤੇ ਕਦੇ ਨਹੀਂ ਲਿਆਵਾਂਗਾ।” ਵੱਡਾ ਪਾਦਰੀ ਇਕ ਕਦਮ ਅੱਗੇ ਵਧਿਆ ਅਤੇ ਆਪਣੇ ਦੋਵੇਂ ਹੱਥ ਅਕਾਸ਼ ਵੱਲ ਫੈਲਾਅ ਦਿੱਤੇ ਤੇ ਕਹਿਣ ਲੱਗਾ, “ਪ੍ਰਭੂ ਨੇ ਸਾਨੂੰ ਸੇਂਟ ਏਲੀਜ਼ਾ ਦੀ ਇਸ ਵਿਸ਼ਾਲ ਧਰਤੀ ਦਾ ਰਖਵਾਲਾ ਬਣਾ ਕੇ ਭੇਜਿਆ ਹੈ ਅਤੇ ਇਹ ਸਾਡਾ ਧਰਮ ਹੈ ਕਿ ਆਪਣੀ ਪੂਰੀ ਵਾਹ ਲਾ ਕੇ ਇਸਦੀ ਰਾਖੀ ਕਰੀਏ, ਕਿਉਂਕਿ ਇਹ ਪਵਿੱਤਰ ਧਰਤੀ ਹੈ। ਜੋ ਇਸਦੀ ਉਲੰਘਣਾ ਕਰੇਗਾ, ਅੱਗ ਵਿਚ ਸੜ ਕੇ ਸੁਆਹ ਹੋ ਜਾਏਗਾ। ਜੇਕਰ ਤੂੰ ਆਪਣੇ ਕੀਤੇ ਗੁਨਾਹ ਮੰਨਣ ਤੋਂ ਇਨਕਾਰੀ ਹੈਂ ਤਾਂ ਜਿਹੜਾ ਘਾਹ ਤੇਰੇ ਬਲਦਾਂ ਦੇ ਸਰੀਰ ਵਿਚ ਗਿਆ ਹੈ, ਯਕੀਕਨ ਜ਼ਹਿਰ ਬਣ ਕੇ ਉਨ੍ਹਾਂ ਨੂੰ ਖ਼ਤਮ ਕਰ ਦੇਵੇਗਾ। ਤੇਰੇ ਬਚਾਅ ਦਾ ਕੋਈ ਰਸਤਾ ਨਹੀਂ। ਤੇਰੇ ਪਸ਼ੂ ਓਨਾ ਚਿਰ ਵਾੜੇ ਵਿਚ ਬੰਦ ਰਹਿਣਗੇ ਜਦ ਤਕ ਤੂੰ ਮੱਠ ਦੀ ਪਾਈ ਪਾਈ ਨਹੀਂ ਚੁਕਾ ਦੇਂਦਾ।”

0$ ਇਹ ਕਹਿ ਕੇ ਮੁੱਖ ਪਾਦਰੀ ਜਾਣ ਲੱਗਾ ਪਰ ਜੋਹਨ ਨੇ ਉਸਦੇ ਚੋਲ਼ੇ ਨੂੰ ਫੜਦਿਆਂ ਸਨਿਮਰ ਬੇਨਤੀ ਕੀਤੀ, “ਮੈਂ ਈਸਾ ਅਤੇ ਸਾਰੇ ਸੰਤਾਂ ਦੇ ਨਾਂ ਉੱਤੇ ਈਸਟਰ ਦੇ ਇਸ ਪਾਵਨ ਦਿਨ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਤੇ ਮੇਰੇ ਪਸ਼ੂਆਂ ਨੂੰ ਆਜ਼ਾਦ ਕਰ ਦਿਓ। ਮੇਰੇ ‘ਤੇ ਕਿਰਪਾ ਕਰੋ, ਮੈਂ ਗ਼ਰੀਬ ਹਾਂ ਅਤੇ ਮੱਠ ਅਮੀਰ ਤੇ ਸ਼ਕਤੀਸ਼ਾਲੀ ਹੈ। ਮੇਰੇ ਗ਼ਰੀਬ ਤੇ ਬੁੱਢੇ ਮਾਪਿਆਂ ਉੱਤੇ ਰਹਿਮ ਕਰੋ, ਜਿਨ੍ਹਾਂ ਦਾ ਮੇਰੇ ਤੋਂ ਸਿਵਾਇ ਹੋਰ ਕੋਈ ਆਸਰਾ ਹੀ ਨਹੀਂ। ਮੈਨੂੰ ਵਿਸ਼ਵਾਸ ਹੈ, ਮਹਾਨ ਈਸਾ ਮੇਰੀ ਗ਼ਲਤੀ ਨੂੰ ਮੁਆਫ਼ ਕਰ ਦੇਵੇਗਾ।” ਮੁਖ ਪਾਦਰੀ ਨੇ ਤਿੱਖੀ ਨਜ਼ਰ ਨਾਲ ਉਸ ਵੱਲ ਵੇਖਿਆ ਤੇ ਕਿਹਾ, “ਤੂੰ ਗ਼ਰੀਬ ਹੈਂ ਜਾਂ ਅਮੀਰ, ਇਸ ਨਾਲ ਸਾਨੂੰ ਕੀ ਲੱਗੇ ? ਅਸੀਂ ਤਾਂ ਇਹ ਜਾਣਦੇ ਹਾਂ ਕਿ ਮੱਠ ਵਾਲੇ ਤੇਰਾ ਕਰਜ਼ਾ ਮੁਆਫ਼ ਨਹੀਂ ਕਰ ਸਕਦੇ। ਤਿੰਨ ਦਿਨਾਰ ਦੇ ਕੇ ਹੀ ਤੂੰ ਆਪਣੇ ਬਲਦ ਆਜ਼ਾਦ ਕਰਵਾ ਕੇ ਲਿਜਾ ਸਕਦਾ ਹੈਂ।”

ਜੋਹਨ ਫਿਰ ਗਿੜਗਿੜਾਇਆ, “ਫ਼ਾਦਰ! ਮੇਰੇ ਕੋਲ ਇਕ ਵੀ ਦਮੜੀ ਨਹੀਂ ਹੈ, ਗ਼ਰੀਬ ਆਜੜੀ ‘ਤੇ ਰਹਿਮ ਕਰੋ।” ਮੁੱਖ ਪਾਦਰੀ ਨੇ ਮੂੰਹ-ਤੋੜਵਾਂ ਜਵਾਬ ਦਿੱਤਾ, “ਫਿਰ ਆਪਣੇ ਖੇਤਾਂ ਦਾ ਇਕ ਹਿੱਸਾ ਵੇਚ ਕੇ ਤਿੰਨ ਦਿਨਾਰ ਲੈ ਆ। ਤੇਰੇ ਲਈ ਚੰਗਾ ਇਹੀ ਹੈ ਕਿ ਸੰਤ ਏਲੀਜ਼ਾ ਦੇ ਗ਼ੁੱਸੇ ਦਾ ਸ਼ਿਕਾਰ ਹੋ ਕੇ ਨਰਕ ਵਿਚ ਜਾਣ ਨਾਲੋਂ ਭੂਮੀ ਹੀਣ ਹੋ ਕੇ ਸਵਰਗ ਵਿਚ ਚਲਾ ਜਾਵੇਂ।” ਬਾਕੀ ਦੇ ਸਾਧਾਂ ਨੇ ਵੀ ਉਸਦੀ ‘ਹਾਂ’ ਵਿਚ ‘ਹਾਂ’ ਮਿਲਾਈ।

ਥੋੜ੍ਹੀ ਦੇਰ ਚੁੱਪ ਰਹਿਣ ਪਿੱਛੋਂ ਜੋਹਨ ਦੀਆਂ ਅੱਖਾਂ ਤੇ ਚਿਹਰਾ ਚਮਕ ਉੱਠਿਆ ਤੇ ਇੰਜ ਜਾਪਿਆ ਜਿਵੇਂ ਉਸਨੇ ਦਿਲ ਵਿੱਚੋਂ ਡਰ ਤੇ ਗ਼ੁਲਾਮੀ ਦੀ ਭਾਵਨਾ ਨੂੰ ਕੱਢ ਸੁੱਟਿਆ ਹੋਵੇ ਅਤੇ ਬੇਨਤੀ ਤੇ ਪ੍ਰਾਰਥਨਾ ਦਾ ਅਮਲ ਦ੍ਰਿੜ੍ਹਤਾ ਤੇ ਸ਼ਕਤੀ ਵਿਚ ਬਦਲ ਗਿਆ ਹੋਵੇ। ਉਸਨੇ ਬੜੇ ਮਾਣ ਨਾਲ ਸਿਰ ਉੱਚਾ ਕਰਕੇ ਮੁੱਖ ਪਾਦਰੀ ਵੱਲ ਵੇਖਿਆ ਤੇ ਦ੍ਰਿੜ੍ਹ ਇਰਾਦੇ ਨਾਲ ਹੌਂਸਲਾ ਕਰਕੇ ਬੋਲਿਆ, “ਕੀ ਵਿਚਾਰੇ ਗ਼ਰੀਬ ਆਪਣੀ ਰੋਜ਼ੀ ਰੋਟੀ ਦਾ ਇੱਕੋ ਇਕ ਵਸੀਲਾ ਖੇਤ ਜਾਇਦਾਦ ਵੀ ਵੇਚ ਦੇਣ ਤਾਂ ਕਿ ਮੱਠਾਂ ਦੀ ਦੌਲਤ ਵਿਚ ਸੋਨੇ ਚਾਂਦੀ ਦਾ ਹੋਰ ਵਾਧਾ ਹੋ ਜਾਏ ? ਕੀ ਇਹੀ ਤੁਹਾਡਾ ਇਨਸਾਫ਼ ਹੈ ਕਿ ਗ਼ਰੀਬਾਂ ਨੂੰ ਹੋਰ ਦਬਾਇਆ ਜਾਏ ਅਤੇ ਇਸ ਲਈ ਕੱਖੋਂ ਹੌਲਾ ਕਰ ਦਿੱਤਾ ਜਾਏ ਕਿ ਸੰਤ ਏਲੀਜ਼ਾ ਭੁੱਖੇ ਬਲਦਾਂ ਨੂੰ ਉਨ੍ਹਾਂ ਦੀਆਂ ਛੋਟੀਆਂ ਜਿਹੀਆਂ ਗ਼ਲਤੀਆਂ ਮੁਆਫ਼ ਕਰ ਦੇਵੇ ?” ਮੁੱਖ ਪਾਦਰੀ ਨੇ ਅੱਖਾਂ ਉਤਾਂਹ ਕੀਤੀਆਂ ਤੇ ਹੰਕਾਰ ਭਰੀ ਸੁਰ ਵਿਚ ਕਹਿਣ ਲੱਗਾ, “ਇਹ ਪਵਿੱਤਰ ਬਾਈਬਲ ਵਿਚ ਲਿਖਿਆ ਹੋਇਆ ਹੈ ਕਿ ਜਿਸ ਕੋਲ ਚੋਖਾ ਧਨ ਹੈ ਉਸ ਵਿਚ ਹੋਰ ਵਾਧਾ ਹੋਣਾ ਚਾਹੀਦਾ ਹੈ ਅਤੇ ਜਿਸ ਕੋਲ ਕੁਝ ਨਹੀਂ ਉਸ ਕੋਲੋਂ ਜੋ ਥੋੜ੍ਹਾ ਬਹੁਤਾ ਹੈ ਉਹ ਵੀ ਖੋਹ ਲਿਆ ਜਾਣਾ ਚਾਹੀਦਾ ਹੈ।”

ਇਹ ਸ਼ਬਦ ਸੁਣਦਿਆਂ ਹੀ ਜੋਹਨ ਇਕਦਮ ਭੜਕ ਉੱਠਿਆ, ਉਸਦੀ ਆਤਮਾ ਵਿਚ ਬਲ ਆ ਗਿਆ, ਉਸ ਦੀਆਂ ਅੱਖਾਂ ਵਿੱਚੋਂ ਲਾਚਾਰੀ ਦੇ ਚਿੰਨ੍ਹ ਗ਼ਾਇਬ ਹੋ ਗਏ। ਉਸਨੇ ਸਿਰ ਉੱਤੇ ਚੁੱਕਿਆ ਅਤੇ ਨਿਡਰਤਾ ਨਾਲ ਬਾਈਬਲ ਆਪਣੀ ਜੇਬ ਵਿੱਚੋਂ ਇੰਜ ਕੱਢੀ ਜਿਵੇਂ ਸਿਪਾਹੀ ਦੁਸ਼ਮਣ ਤੋਂ ਬਚਾਅ ਲਈ ਆਪਣੀ ਤਲਵਾਰ ਮਿਆਨ ਵਿੱਚੋਂ ਖਿੱਚਦਾ ਹੈ ਅਤੇ ਫਿਰ ਉੱਚੀ ਆਵਾਜ਼ ਵਿਚ ਬੋਲਣ ਲੱਗਾ, “ਕੀ ਇਹੀ ਢੰਗ ਹੈ ਤੁਹਾਡਾ ਈਸਾ ਦੇ ਉਪਦੇਸ਼ ਨੂੰ ਮੋੜ ਤਰੋੜ ਕੇ ਪੇਸ਼ ਕਰਨ ਦਾ ! ਓ ਪਾਖੰਡੀਓ, ਇਸ ਤਰ੍ਹਾਂ ਤੁਸੀਂ ਪਵਿੱਤਰ ਗ੍ਰੰਥ ਦੇ ਉਪਦੇਸ਼ ਦਾ ਦੁਰ-ਉਪਯੋਗ ਕਰਦੇ ਤੇ ਮਜ਼ਾਕ ਉਡਾਉਂਦੇ ਹੋ ਤਾਂ ਕਿ ਆਪਣੀਆਂ ਬੁਰਾਈਆਂ ਦਾ ਜਾਲ ਵਿਛਾ ਸਕੋ…..ਜਦੋਂ ਮਨੁੱਖਤਾ ਦਾ ਬੇਟਾ ਈਸਾ ਮੁੜ ਅਵਤਾਰ ਧਾਰ ਕੇ ਤੁਹਾਡੇ ਮੱਠਾਂ ਨੂੰ ਤਬਾਹ ਕਰ ਦੇਵੇਗਾ ਅਤੇ ਮਲਬੇ ਨੂੰ ਘਾਟੀ ਤੋਂ ਪਾਰ ਵਗਾਹ ਮਾਰੇਂਗਾ, ਤੁਹਾਡੇ ਮੱਠਾਂ ਤੇ ਮੂਰਤੀਆਂ ਨੂੰ ਸਾੜ ਕੇ ਸੁਆਹ ਕਰ ਸੁੱਟੇਗਾ, ਮਿੱਟੀ ਵਿਚ ਮਿਲਾ ਕੇ ਤਬਾਹ ਕਰ ਦੇਵੇਗਾ ਤਾਂ ਤੁਹਾਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ…..ਤੁਹਾਨੂੰ ਉਦੋਂ ਪਤਾ ਲੱਗੇਗਾ ਜਦੋਂ ਨਾਜ਼ਰੀਨ ਦਾ ਰੱਬੀ ਕਹਿਰ ਤੁਹਾਡੇ ‘ਤੇ ਢਹੇਗਾ ਅਤੇ ਤੁਹਾਨੂੰ ਨਰਕ ਦੀਆਂ ਡੂੰਘਾਈਆਂ ਵਿਚ ਜਾ ਪਟਕੇਗਾ…..ਤੁਹਾਨੂੰ ਰੱਬ ਦੀ ਮਾਰ, ਲਾਲਚ ਦੇਵਤਾ ਦੇ ਪੁਜਾਰੀਓ!

ਜੋ ਆਪਣੇ ਕਾਲੇ ਚੋਸ਼ਿਆਂ ਪਿੱਛੇ ਕਾਲੀਆਂ ਕਰਤੂਤਾਂ ਛਿਪਾਈ ਬੈਠੇ ਹੋ, ਲਾਹਨਤ ਹੈ ਤੁਹਾਨੂੰ ਈਸਾ ਦੇ ਦੋਖੀਓ, ਜਿਨ੍ਹਾਂ ਦੇ ਹੋਠਾਂ ‘ਤੇ ਪ੍ਰਾਰਥਨਾ ਹੈ ਪਰ ਦਿਲ ਪੱਥਰ ਦੇ ਬਣੇ ਹੋਏ ਹਨ। ਲਾਹਨਤ ਹੈ ਤੁਹਾਨੂੰ ਜਿਹੜੇ ਦੇਵਤਾਵਾਂ ਤੇ ਮੂਰਤੀਆਂ ਅੱਗੇ ਨਿਮਰਤਾ ਸਹਿਤ ਡੰਡਾਉਤਾਂ ਕਰਦੇ ਹੋ ਪਰ ਤੁਹਾਡੀਆਂ ਆਤਮਾਵਾਂ ਉਸ ਪ੍ਰਭੂ ਵਿਰੁੱਧ ਬਗ਼ਾਵਤ ਕਰ ਰਹੀਆਂ ਹਨ। ਮੇਰੀ ਅਤੇ ਮੇਰੇ ਪਿਤਾ ਪੁਰਖਿਆਂ ਦੀ ਜ਼ਮੀਨ ਹਥਿਆਉਣ ਲਈ ਤੇ ਮੈਨੂੰ ਸਜ਼ਾ ਦੇਣ ਲਈ ਤੁਸੀਂ ਆਪਣੇ ਹੀ ਪਾਪਾਂ ਦੇ ਭਾਰ ਹੇਠਾਂ ਦੱਬੇ ਹੋਏ ਹੋ। ਜਦੋਂ ਮੈਂ ਈਸਾ ਦੇ ਨਾਂ ’ਤੇ ਤੁਹਾਡੇ ਕੋਲੋਂ ਦਇਆ ਦੀ ਭੀਖ ਮੰਗ ਰਿਹਾ ਸਾਂ ਤੁਸੀਂ ਮੈਨੂੰ ਅਗਿਆਨੀ ਕਹਿ ਕੇ ਮੇਰਾ ਮਜ਼ਾਕ ਉਡਾਇਆ। ਲਓ, ਫੜੋ ਇਹ ਪਵਿੱਤਰ ਬਾਈਬਲ ਅਤੇ ਆਪਣੇ ਚੇਲਿਆਂ ਚਾਟੜਿਆਂ ਨੂੰ ਵਿਖਾਓ ਤੇ ਦੱਸੋ ਕਿ ਉਸ ਖ਼ੁਦਾ ਦੇ ਪੁੱਤਰ ਨੇ ਮੁਆਫ਼ੀ ਦੇਣ ਦੀ ਕਿਥੇ ਮਨਾਹੀ ਕੀਤੀ ਹੈ ? ਇਸ ਦੈਵੀ ਪੁਸਤਕ ਨੂੰ ਪੜ੍ਹੋ ਤੇ ਦੱਸੋ ਕਿ ਕਿਥੇ ਉਨ੍ਹਾਂ ਦੇ ਉਪਦੇਸ਼ ਹਮਦਰਦੀ ਤੇ ਦਇਆ ਤੋਂ ਸੱਖਣੇ ਸਨ? ਭਾਵੇਂ ਇਹ ਪਹਾੜੀ ‘ਤੇ ਕੀਤਾ ਗਿਆ ਪ੍ਰਵਚਨ ਤੇ ਉਪਦੇਸ਼ ਹੋਣ ਜਾਂ ਧਰਮਸਥਾਨ ਵਿਚ ਕੀਤੀ ਤਕਰੀਰ ਹੋਵੇ। ਕੀ ਉਸਨੇ ਵੇਸਵਾ ਨੂੰ ਉਸਦੇ ਗੁਨਾਹ ਮੁਆਫ਼ ਨਹੀਂ ਸਨ ਕੀਤੇ ? ਕੀ ਉਸਨੇ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਲੈਣ ਲਈ ਆਪਣੀਆਂ ਬਾਹਵਾਂ ਸੂਲੀ ‘ਤੇ ਨਹੀਂ ਸਨ ਫੈਲਾਈਆਂ ? ਪੱਥਰ ਦਿਲ ਇਨਸਾਨੋਂ ਸਾਡੇ ਖ਼ਸਤਾ ਹਾਲਤ ਘਰਾਂ ਵੱਲ ਨਜ਼ਰ ਮਾਰੋ ਜਿਥੇ ਭੁੱਖ ਦੇ ਮਾਰੇ ਗ਼ਰੀਬ ਲੋਕ ਦੁੱਖ ਤੇ ਪੀੜ ਦੇ ਬਿਸਤਰਿਆਂ ’ਤੇ ਪਏ ਜ਼ਿੰਦਗੀ ਦੇ ਦਿਨ ਪੂਰੇ ਕਰ ਰਹੇ ਹਨ…..ਜੇਲ੍ਹ ਦੀਆਂ ਸਲਾਖਾਂ ਪਿੱਛੇ ਵੇਖੋ ਜਿਥੇ ਅਭਾਗੇ ਮਨੁੱਖ ਜ਼ੁਲਮ ਤੇ ਜਬਰ ਦਾ ਸ਼ਿਕਾਰ ਹਨ। ਉਨ੍ਹਾਂ ਭਿਖਾਰੀਆਂ ਵੱਲ ਤੱਕੋ, ਜਿਹੜੇ ਉਦਰ ਪੂਰਤੀ ਲਈ ਦਿਲੋਂ ਬੇਇੱਜ਼ਤ ਅਤੇ ਜਿਸਮਾਨੀ ਤੌਰ ‘ਤੇ ਨਿਰਾਸ ਹੋ ਕੇ ਦੂਜਿਆਂ ਅੱਗੇ ਭੀਖ ਲਈ ਹੱਥ ਫੈਲਾਉਂਦੇ ਹਨ….ਆਪਣੇ ਗ਼ੁਲਾਮ ਚੇਲਿਆਂ ਬਾਰੇ ਸੋਚੋ ਜਿਹੜੇ ਭੁੱਖ ਦੇ ਦੁੱਖੋਂ ਸਤਾਏ ਹੋਏ ਜੀਵਨ ਬਸਰ ਕਰ ਰਹੇ ਹਨ, ਜਦੋਂ ਕਿ ਤੁਸੀਂ ਐਸ਼ੋ-ਇਸ਼ਰਤ ਦਾ ਜੀਵਨ ਬਿਤਾ ਰਹੇ ਹੋ ਅਤੇ ਖੇਤਾਂ ਦੀ ਉਪਜ ਤੇ ਫਲਾਂ ਦੀ ਸ਼ਰਾਬ ਦਾ ਆਨੰਦ ਮਾਣਦੇ ਹੋ। ਤੁਸੀਂ ਕਦੇ ਕਿਸੇ ਬਿਮਾਰ ਤੇ ਦੁਖੀ ਦੇ ਨੇੜੇ ਨਹੀਂ ਨਾ ਹੀ ਕਿਸੇ ਨਿਰਾਸ਼ ਨੂੰ ਹੌਂਸਲਾ ਦਿੱਤਾ ਹੈ, ਨਾ ਹੀ ਦੱਸੇ – ਤੋਂ ਖੋਹ ਖਿੰਜ ਕਰਕੇ ਵੀ ਤਸੱਲੀ ਨਹੀਂ ਹੋਈ ਸਗੋਂ ਤੁਸੀਂ ਇਕ ਸੱਪ ਦੇ ਫ਼ਨ ਵਾਂਗ ਆਪਣੇ ਹੱਥ ਫੈਲਾਉਂਦੇ ਰਹੇ ਹੋ, ਹੱਡ ਤੋੜਵੀਂ ਮਿਹਨਤ ਕਰਦੀ ਵਿਧਵਾ ਦੀ ਕਮਾਈ ਨੂੰ ਜਾਂ ਇਕ ਦੁਖੀ ਕਿਸਾਨ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਜੋ ਕੁਝ ਜਮ੍ਹਾਂ ਕਰਦਾ ਹੈ, ਉਹ ਹੜੱਪ ਕਰ ਲੈਂਦੇ ਹੋ।”

ਜੋਹਨ ਨੇ ਡੂੰਘਾ ਸਾਹ ਭਰਿਆ, ਉਸਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਸੀ ਅਤੇ ਉਹ ਸ਼ਾਂਤ ਆਵਾਜ਼ ਵਿਚ ਮੁੜ ਕਹਿਣ ਲੱਗਾ, “ਤੁਸੀਂ ਅਨੇਕਾਂ ਹੋ ਤੇ ਮੈਂ ਇਕੱਲਾ…..ਤੁਸੀਂ ਮੇਰੇ ਨਾਲ ਜੋ ਚੰਗਾ ਮਾੜਾ ਵਰਤਾਓ ਕਰਨਾ ਹੈ ਕਰ ਲਵੋ। ਰਾਤ ਦੇ ਹਨੇਰੇ ਵਿਚ ਬਘਿਆੜ ਭੇਡ ਦਾ ਸ਼ਿਕਾਰ ਕਰਨ ਲਈ ਉਸ ਉੱਤੇ ਟੁੱਟ ਪੈਂਦੇ ਹਨ, ਪਰ ਸਵੇਰ ਹੋਣ ‘ਤੇ ਉਸਦੇ ਖ਼ੂਨ ਦੇ ਧੱਬੇ ਘਾਟੀ ਦੇ ਪੱਥਰਾਂ ਉੱਤੇ ਲੱਗੇ ਰਹਿਦੇ ਹਨ ਤੇ ਸੂਰਜ ਦੀ ਰੌਸ਼ਨੀ ਉਸ ਪਾਪ ਨੂੰ ਉਜਾਗਰ ਕਰਦੀ ਹੈ।”

ਜੋਹਨ ਦੇ ਬੋਲਾਂ ਵਿਚ ਲੋਹੜੇ ਦਾ ਜਾਦੂ ਸੀ ਜਿਸਨੇ ਪਾਦਰੀਆਂ ਨੂੰ ਪਥਰਾ ਦਿੱਤਾ ਹੋਇਆ ਸੀ ਅਤੇ ਉਨ੍ਹਾਂ ਦੇ ਮਨਾਂ ਅੰਦਰ ਗ਼ੁੱਸੇ ਤੇ ਕਠੋਰਤਾ ਦੀ ਅੱਗ ਭੜਕਾ ਰਹੇ ਸਨ। ਉਹ ਗ਼ੁੱਸੇ ਨਾਲ ਲਾਲ ਪੀਲੇ ਹੋਏ ਦੰਦ ਪੀਹ ਰਹੇ ਸਨ ਤੇ ਮਾਲਕਾਂ ਦੇ ਇਸ਼ਾਰੇ ਦੀ ਉਡੀਕ ਕਰ ਰਹੇ ਸਨ ਕਿ ਹਰੀ ਝੰਡੀ ਮਿਲਣ ‘ਤੇ ਜੋਹਨ ਉੱਤੇ ਟੁੱਟ ਪੈਣ ਤੇ ਉਸਦੀ ਬੋਟੀ-ਬੋਟੀ ਕਰ ਦੇਣ। ਉਸਦੀ ਇਹ ਥੋੜ੍ਹ-ਚਿਰੀ ਖ਼ਾਮੋਸ਼ੀ, ਭਾਰੀ ਤੂਫ਼ਾਨ ਦੇ ਆਉਣ ਦੀ ਸੂਚਨਾ ਵਾਂਗ ਸੀ ਜੋ ਮਜ਼ਬੂਤ ਬੂਟਿਆਂ ਤੇ ਦਰੱਖ਼ਤਾਂ ਦੀਆਂ ਟਹਿਣੀਆਂ ਨੂੰ ਘੜੀ ਪਲ ਵਿਚ ਤਬਾਹ ਕਰ ਸੁੱਟਦਾ ਹੈ। ਮੁੱਖ ਪਾਦਰੀ ਸਾਧਾਂ ਨੂੰ ਹੁਕਮ ਦਿੰਦੇ ਹੋਏ ਚੀਕਿਆ, “ਇਸ ਦੋਸ਼ੀ ਆਜੜੀ ਨੂੰ ਫੜ ਕੇ ਬੰਨ੍ਹ ਦਿਓ ਅਤੇ ਇਸ ਕੋਲੋਂ ਬਾਈਬਲ ਖੋਹ ਕੇ ਇਸਨੂੰ ਕੋਠੜੀ ਵਿਚ ਬੰਦ ਕਰ ਦਿਓ। ਜਿਹੜਾ ਵੀ ਖ਼ੁਦਾ ਦੀ ਪਵਿੱਤਰ ਪੁਸਤਕ ਦੀ ਬੇਅਦਬੀ ਕਰਦਾ ਹੈ ਉਸਨੂੰ ਲੋਕ ਤੇ ਪਰਲੋਕ ਦੋਹਾਂ ਵਿਚ ਮੁਆਫ਼ੀ ਨਹੀਂ ਮਿਲੇਗੀ।” ਸਾਧ ਜੋਹਨ ਉੱਤੇ ਇੰਜ ਟੁੱਟ ਕੇ ਪਏ ਜਿਵੇਂ ਸ਼ੇਰ ਆਪਣੇ ਸ਼ਿਕਾਰ ਉੱਤੇ ਝਪਟਦਾ ਹੈ ਅਤੇ ਉਸਨੂੰ ਹੱਥਕੜੀ ਲਾ ਕੇ ਤੰਗ ਕੋਠੜੀ ਵਿਚ ਸੀਖਾਂ ਪਿੱਛੇ ਬੇਦਰਦੀ ਨਾਲ ਡੱਕ ਦਿੱਤਾ।

ਪੂਰਬ ਵਿਚ, ‘ਸਾਈਰੀਆ ਦੀ ਦੁਲਹਨ’ ਜਾਂ ‘ਸੁਲਤਾਨ ਦੇ ਤਾਜ ਦਾ ਮੋਤੀ,’ ਕਹਾਉਣ ਵਾਲੇ ਗ਼ੁਲਾਮ ਦੇਸ਼ ਲੈਬਨਾਨ ਵਿਚ ਤਾਬੇਦਾਰੀ ਜਾਂ ਧੋਖੇ ਜ਼ੁਲਮ ਵਿਚ ਸ਼ਾਮਲ ਹੋਣ ਵਾਲਿਆਂ ਵਿੱਚੋਂ ਇਕ ਵੀ ਅਜਿਹਾ ਮਾਈ ਦਾ ਲਾਲ ਨਹੀਂ ਸੀ ਜੋ ਜੋਹਨ ਦੇ ਹੌਂਸਲੇ ਤੇ ਬਗ਼ਾਵਤ ਨੂੰ ਸਮਝ ਜਾਂ ਉਸਦਾ ਅੰਦਾਜ਼ਾ ਲਾ ਸਕਿਆ ਹੋਵੇ। ਉਹ ਲੋਕ ਜੋਹਨ ਦੇ ਹੌਂਸਲੇ ਦੀ ਕਲਪਨਾ ਵੀ ਨਹੀਂ ਸਨ ਕਰ ਸਕਦੇ। ਤੰਗ ਕੋਠੜੀ ਵਿਚ ਪਿਆ ਜੋਹਨ ਆਪਣੇ ਦੇਸ਼ਵਾਸੀਆਂ ਉੱਤੇ ਹੁੰਦੇ ਜ਼ੁਲਮਾਂ ਬਾਰੇ ਸੋਚਣ ਲੱਗਾ ਜਿਸਦਾ ਅਨੁਭਵ ਉਸਨੂੰ ਹੁਣੇ ਹੁਣੇ ਹੋਇਆ ਸੀ। ਉਹ ਉਦਾਸ ਪਰ ਹਮਦਰਦੀ ਭਰਿਆ ਹਾਸਾ ਹੱਸਿਆ ਅਤੇ ਇਸ ਮੁਸਕਾਨ ਵਿਚ ਦੁੱਖ ਅਤੇ ਕੁੜਿੱਤਣ ਰਲੀ ਹੋਈ ਸੀ ਜੋ ਦਿਲ ਦੀਆਂ ਗਹਿਰਾਈਆਂ ਨੂੰ ਚੀਰ ਕੇ ਨਿਕਲੀ ਸੀ ਜਾਂ ਉਸ ਤਰ੍ਹਾਂ ਦੀ ਸੀ ਜੋ ਆਤਮਾ ਨੂੰ ਦਮ ਘੋਟੂ ਹਾਲਾਤ ਤਕ ਪਹੁੰਚਾਂਦੀ ਸੀ, ਪਰ ਜੋ ਬੇਸਹਾਰਾ ਰਹਿ ਜਾਣ ‘ਤੇ ਇਹ ਮੁਸਕਾਨ ਅੱਖਾਂ ਵਿੱਚੋਂ ਦੀ ਆਸ ਬਣ ਕੇ ਨਿਕਲਦੀ ਪਰ ਨਿਰਾਸ਼ਾ ਵਿਚ ਜਾ ਖ਼ਤਮ ਹੁੰਦੀ ਹੈ।

ਜੋਹਨ ਇਸ ਹਨੇਰੀ ਤੰਗ ਕੋਠੜੀ ਵਿਚ ਬੜੇ ਮਾਣ ਨਾਲ ਖੜਾ ਹੋ ਕੇ, ਸਾਹਮਣੇ ਖਿੜਕੀ ਦੀਆਂ ਵਿਰਲਾਂ ਵਿੱਚੋਂ ਸੂਰਜ ਦੀ ਰੌਸ਼ਨੀ ਵਿਚ ਚਮਕਦੀ ਘਾਟੀ ਨੂੰ ਨਿਹਾਰ ਰਿਹਾ ਸੀ। ਉਸਦਾ ਚਿਹਰਾ ਚਮਕ ਪਿਆ ਤੇ ਉਸਨੂੰ ਜਾਪਿਆ ਜਿਵੇਂ ਦੈਵੀ ਸ਼ਕਤੀ ਨੇ ਉਸਦੀ ਆਤਮਾ ਨੂੰ ਕਲਾਵੇ ਵਿਚ ਲੈ ਲਿਆ ਹੋਵੇ ਤੇ ਉਸਨੂੰ ਅਜੀਬ ਜਿਹੀ ਸ਼ਾਂਤੀ ਪ੍ਰਾਪਤ ਹੋ ਗਈ ਹੋਵੇ। ਉਨ੍ਹਾਂ ਲੋਕਾਂ ਨੇ ਉਸਦਾ ਸਰੀਰ ਕੈਦ ਕਰ ਲਿਆ ਸੀ ਪਰ ਉਸਦੀ ਆਤਮਾ ਘਾਟੀਆਂ ਮੈਦਾਨਾਂ ਵਿਚ ਖੁੱਲ੍ਹੀ ਹਵਾ ਦਾ ਆਜ਼ਾਦੀ ਨਾਲ ਆਨੰਦ ਮਾਣ ਰਹੀ ਸੀ। ਉਹ ਈਸਾ ਮਸੀਹ ਦੀ ਸ਼ਰਣ ਵਿਚ ਸੁਰੱਖਿਆ ਦਾ ਅਨੁਭਵ ਕਰ ਰਿਹਾ ਸੀ ਭਾਵੇਂ ਪਾਦਰੀਆਂ ਦੇ ਜ਼ਾਲਮ ਹੱਥਾਂ ਨੇ ਉਸਦੇ ਸਰੀਰ ਨੂੰ ਅਨੇਕਾਂ ਹੀ ਤਸੀਹੇ ਦਿੱਤੇ ਸਨ। ਜ਼ੁਲਮ ਅਤੇ ਤਸ਼ੱਦਦ ਕਰਨ ਵਾਲੇ ਸੱਚਾਈ ਦਾ ਪੱਖ ਲੈਣ ਵਾਲੇ ਸੱਚੇ ਮਨੁੱਖ ਦਾ ਕੁਝ ਨਹੀਂ ਵਿਗਾੜ ਸਕਦੇ। ਕੀ ਸੁਕਰਾਤ ਨੇ ਹੱਸਦੇ ਹੱਸਦੇ ਜ਼ਹਿਰ ਦਾ ਪਿਆਲਾ ਨਹੀਂ ਸੀ ਪੀ ਲਿਆ ? ਕੀ ਪਾਲ ਨੂੰ ਸੱਚਾਈ ਦੀ ਖ਼ਾਤਰ ਪੱਥਰਾਂ ਦੀ ਮਾਰ ਨਹੀਂ ਸੀ ਸਹਿਣੀ ਪਈ ? ਇਹ ਸਾਡੀ ਆਪਣੀ ਜ਼ਮੀਰ ਹੈ ਅੰਤਰਾਤਮਾ ਦੀ ਆਵਾਜ਼ ਜਿਸਦਾ ਵਿਰੋਧ ਕਰਨ ‘ਤੇ ਸਾਨੂੰ ਦੁੱਖ ਮਿਲਦਾ ਹੈ ਅਤੇ ਇਸਨੂੰ ਧੋਖਾ ਦੇਣ ’ਤੇ ਸਜ਼ਾ ਸਹਿਣੀ ਪੈਂਦੀ ਹੈ।

X X X X X X

ਜੋਹਨ ਦੇ ਮਾਪਿਆਂ ਨੂੰ ਉਸਦੇ ਕੈਦ ਹੋਣ ਅਤੇ ਪਸ਼ੂਆਂ ਦੇ ਜ਼ਬਤ ਹੋਣ ਦਾ ਪਤਾ ਲੱਗ ਗਿਆ ਸੀ। ਉਸਦੀ ਬੁੱਢੀ ਮਾਂ ਆਪਣੀ ਡੰਗੋਰੀ ਦੇ ਸਹਾਰੇ ਮੱਠ ਤੱਕ ਪੁੱਜੀ ਅਤੇ ਉਸਨੇ ਵੱਡੇ ਪਾਦਰੀ ਨੂੰ ਸਿਜਦਾ ਕੀਤਾ, ਉਸਦੇ ਹੱਥ ਚੁੰਮੇ ਅਤੇ ਪੈਰਾਂ ‘ਤੇ ਡਿੱਗ ਕੇ ਆਪਣੇ ਇਕਲੌਤੇ ਪੁੱਤਰ ਲਈ ਰਹਿਮ ਦੀ ਭੀਖ ਮੰਗੀ।

ਵੱਡੇ ਪਾਦਰੀ ਨੇ ਬੜੀ ਸ਼ਾਨ ਨਾਲ ਮਹਾਂਪੁਰਖਾਂ ਦੀ ਤਰ੍ਹਾਂ ਆਕਾਸ਼ ਵੱਲ ਸਿਰ ਉੱਚਾ ਚੁੱਕਿਆ ਅਤੇ ਬਿਰਧ ਮਾਂ ਨੂੰ ਕਹਿਣ ਲੱਗਾ, “ਅਸੀਂ ਤੇਰੇ ਪੁੱਤਰ ਦੇ ਗੁਨਾਹ ਨੂੰ ਮੁਆਫ਼ ਕਰ ਸਕਦੇ ਹਾਂ ਪਰ ਸੇਂਟ ਏਲੀਜ਼ਾ ਉਸਨੂੰ ਕਦੇ ਮੁਆਫ਼ ਨਹੀਂ ਕਰਦੀ ਜੋ ਉਸਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ।” ਹੰਝੂ ਭਰੀਆਂ ਅੱਖਾਂ ਨਾਲ ਉਸ ਬਜ਼ੁਰਗ ਔਰਤ ਨੇ ਪਾਦਰੀ ਵੱਲ ਵੇਖਿਆ ਅਤੇ ਆਪਣੇ ਗਲੇ ਵਿੱਚੋਂ ਚਾਂਦੀ ਦਾ ਲਾਕਟ ਲਾਹ ਕੇ ਵੱਡੇ ਪਾਦਰੀ ਦੇ ਹਵਾਲੇ ਕਰਦੇ ਹੋਏ ਕਹਿਣ ਲੱਗੀ, “ਮੇਰੇ ਕੋਲ ਇਹੋ ਹੀ ਇੱਕੋ ਇਕ ਕੀਮਤੀ ਜ਼ੇਵਰ ਹੈ ਜੋ ਮੇਰੀ ਮਾਂ ਨੇ ਵਿਆਹ ਵੇਲੇ ਮੈਨੂੰ ਸੁਗਾਤ ਵਜੋਂ ਦਿੱਤਾ ਸੀ..ਕੀ ਤੁਸੀਂ ਇਸਨੂੰ ਮੇਰੇ ਇਕਲੌਤੇ ਪੁੱਤਰ ਦੇ ਕਸੂਰ ਦੇ ਹਰਜਾਨੇ ਵਜੋਂ ਪ੍ਰਵਾਨ ਕਰੋਗੇ ?”

ਵੱਡੇ ਪਾਦਰੀ ਨੇ ਉਸਦੇ ਹੱਥੋਂ ਲਾਕਟ ਫੜ ਕੇ ਜੇਬ ਵਿਚ ਰੱਖ ਲਿਆ ਅਤੇ ਜੋਹਨ ਦੀ ਬੁੱਢੀ ਮਾਂ ਵੱਲ ਝਾਤੀ ਮਾਰੀ ਜੋ ਉਸਦੇ ਹੱਥ ਚੁੰਮ ਕੇ ਉਸ ਲਈ ਆਪਣਾ ਧੰਨਵਾਦ ਤੇ ਅਹਿਸਾਨ ਜ਼ਾਹਿਰ ਕਰ ਰਹੀ ਸੀ। ਪਾਦਰੀ ਉਸਨੂੰ ਕਹਿਣ ਲੱਗਾ, “ਲਾਹਨਤ ਹੈ ਇਸ ਪੀੜ੍ਹੀ ਉੱਤੇ ਜਿਸਨੇ ਪਵਿੱਤਰ ਬਾਈਬਲ ਵਿਚਲੀਆਂ ਸੱਚਾਈਆਂ ਨੂੰ ਤੋੜ ਮਰੋੜ ਕੇ ਸਮਝਿਆ ਹੈ। ਧੱਕਾਰ ਹੈ ਤੁਹਾਡੀ ਇਸ ਉਮਰ ਉੱਤੇ ਜੋ ਬੱਚਿਆਂ ਲਈ ਦੁੱਖ ਭੋਗਣ ਦਾ ਕਾਰਨ ਬਣਦੇ ਹੋ ਅਤੇ ਆਪ ਕਬਰ ਵਿਚ ਲੱਤਾਂ ਲਟਕਾ ਕੇ ਬੈਠੇ ਹੋਏ ਹੋ। ਐ ਚੰਗੀ ਔਰਤ, ਹੁਣ ਜਾਹ! ਅਤੇ ਖ਼ੁਦਾ ਅੱਗੇ ਆਪਣੇ ਪਾਗਲ ਪੁੱਤਰ ਲਈ ਅਰਦਾਸ ਕਰ ਕਿ ਉਹ ਸਹੀ ਰਾਹ ‘ਤੇ ਆ ਜਾਏ।”

ਜੋਹਨ ਕੈਦ ਕੋਠੜੀ ‘ਚੋਂ ਛੁੱਟ ਕੇ ਬਲਦਾਂ ਨੂੰ ਹੱਕਦਾ ਹੋਇਆ ਆਪਣੀ ਬੁੱਢੀ ਮਾਂ ਦੇ ਨਾਲ ਨਾਲ ਚੁੱਪ ਚਾਪ ਤੁਰ ਪਿਆ। ਜਦੋਂ ਉਹ ਆਪਣੀ ਟੁੱਟੀ- ਫੁੱਟੀ ਝੌਂਪੜੀ ਵਿਚ ਪੁੱਜਿਆ, ਉਸਨੇ ਬਲਦਾਂ ਨੂੰ ਵਾੜੇ ਵਿਚ ਡੱਕਿਆ ਅਤੇ ਆਪ ਖਿੜਕੀ ਕੋਲ ਚੁੱਪ ਚਾਪ ਬੈਠ ਕੇ ਸੂਰਜ ਅਸਤ ਹੁੰਦਾ ਵੇਖਦਾ ਹੋਇਆ ਸੋਚਾਂ ਵਿਚ ਡੁੱਬ ਗਿਆ। ਕੁਝ ਚਿਰ ਪਿੱਛੋਂ ਉਸਨੂੰ ਆਪਣੇ ਪਿਤਾ ਦੀ ਧੀਮੀ ਜਿਹੀ ਆਵਾਜ਼ ਸੁਣਾਈ ਦਿੱਤੀ ਜੋ ਉਸਦੀ ਮਾਂ ਨੂੰ ਕਹਿ ਰਿਹਾ ਸੀ, “ਸਾਰਾ, ਮੈਂ ਤੈਨੂੰ ਕਈ ਵਾਰ ਕਿਹਾ ਸੀ ਕਿ ਜੋਹਨ ਪਾਗਲ ਹੈ ਪਰ ਤੂੰ ਮੇਰੀ ਗੱਲ ਨਹੀਂ ਮੰਨੀ, ਪਰ ਹੁਣ ਜੋ ਕੁਝ ਤੂੰ ਵੇਖਿਆ ਹੈ ਤੈਨੂੰ ਯਕੀਨ ਕਰਨਾ ਪਵੇਗਾ। ਵੱਡੇ ਪਾਦਰੀ ਨੇ ਵੀ ਉਹੀ ਕੁਝ ਕਿਹਾ ਹੈ ਜੋ ਮੈਂ ਤੈਨੂੰ ਪਿਛਲੇ ਕਈ ਵਰ੍ਹਿਆਂ ਤੋਂ ਕਹਿੰਦਾ ਆ ਰਿਹਾ ਹਾਂ।” ਜੋਹਨ ਦੂਰ ਦੁਮੇਲ ਵੱਲ ਸੂਰਜ ਢਲਦਾ ਵੇਖਦਾ ਰਿਹਾ।

ਬੜੀ ਉਡੀਕ ਪਿੱਛੋਂ ਈਸਟਰ ਦਾ ਤਿਓਹਾਰ ਆਇਆ। ਬਸ਼ਰੀ ਸ਼ਹਿਰ ਵਿਚ ਨਵੇਂ ਗਿਰਜੇ ਦੀ ਇਮਾਰਤ ਹੁਣੇ ਹੁਣੇ ਮੁਕੰਮਲ ਹੋਈ ਸੀ। ਇਹ ਪੂਜਾ ਸਥਾਨ ਆਲੀਸ਼ਾਨ ਗਿਰਜਾ, ਗ਼ਰੀਬਾਂ ਦੀਆਂ ਝੌਂਪੜੀਆਂ ਵਿਚਕਾਰ ਖੜਾ ਬਾਦਸ਼ਾਹ ਦਾ ਇਕ ਰਾਜ ਮਹਿਲ ਵਰਗਾ ਲੱਗ ਰਿਹਾ ਸੀ। ਸ਼ਹਿਰ ਦੇ ਲੋਕ ਖ਼ੂਬ ਜ਼ੋਰ-ਸ਼ੋਰ ਨਾਲ ਤਿਆਰੀਆਂ ਕਰਕੇ ਵੱਡੇ ਪਾਦਰੀ ਤੇ ਧਰਮ ਪ੍ਰਚਾਰਕ ਦੀ ਆਓ-ਭਗਤ ਲਈ ਨੱਠੇ ਭੱਜੇ ਫਿਰ ਰਹੇ ਸਨ ਜਿਨ੍ਹਾਂ ਨੂੰ ਨਵੇਂ ਬਣੇ ਗਿਰਜੇ ਦੀ ਧਾਰਮਿਕ ਰੀਤੀ ਰਿਵਾਜ ਅਨੁਸਾਰ ਮਹੂਰਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਲੋਕ ਉਸ ਮਹਾਂਪੁਰਸ਼ ਦੇ ਆਉਣ ਦੀ ਇੰਤਜ਼ਾਰ ਕਰਦੇ ਹੋਏ ਸੜਕਾਂ ਦੇ ਕਿਨਾਰੇ ਕਤਾਰਾਂ ਵਿਚ ਜਲੂਸ ਦੀ ਸ਼ਕਲ ਵਿਚ ਖੜੇ ਸਨ। ਪਾਦਰੀ ਅਤੇ ਲੋਕ ਇੱਕੋ ਹੀ ਸੁਰਤਾਲ ਵਿਚ ਘੰਟੀਆਂ ਤੇ ਘੜਿਆਲ ਵਜਾਉਂਦੇ ਉਸਤਤ ਗੀਤ ਗਾ ਰਹੇ ਸਨ ਜਿਸਦੀ ਆਵਾਜ਼ ਨਾਲ ਆਕਾਸ਼ ਗੂੰਜ ਰਿਹਾ ਸੀ।

87 ਅਖ਼ੀਰ ਵੱਡੇ ਪਾਦਰੀ ਨੇ ਨਗਰ ਵਿਚ ਪ੍ਰਵੇਸ਼ ਕੀਤਾ ਜੋ ਵਧੀਆ ਕਿਸਮ ਦੀ ਸ਼ਿੰਗਾਰੀ ਹੋਈ ਕਾਠੀ ਤੇ ਰੂਪਹਿਲੀ ਲਗਾਮ ਨਾਲ ਸਜੇ ਸ਼ਾਨਦਾਰ ਘੋੜੇ ਉੱਤੇ ਸਵਾਰ ਸੀ। ਉਹ ਜਿਉਂ ਹੀ ਘੋੜੇ ਤੋਂ ਹੇਠਾਂ ਉਤਰਿਆ, ਪਾਦਰੀਆਂ ਤੇ ਰਾਜਨੀਤਕ ਆਗੂਆਂ ਨੇ ਅੱਗੇ ਹੋ ਕੇ ਖ਼ੂਬਸੂਰਤ ਸੁਆਗਤੀ ਤੇ ਉਸਤਤ ਗੀਤਾਂ ਨਾਲ ਉਸਨੂੰ ‘ਜੀ ਆਇਆਂ’ ਕਿਹਾ। ਉਸਨੂੰ ਨਵੇਂ ਬਣੇ ਪੂਜਾ ਸਥਾਨ ‘ਤੇ ਲਿਜਾਇਆ ਗਿਆ ਜਿਥੇ ਉਸਨੂੰ ਸੋਨੇ ਦੀਆਂ ਤਾਰਾਂ ਨਾਲ ਕੱਢੇ ਹੋਏ ਕੱਪੜੇ ਪੁਆਏ ਗਏ ਅਤੇ ਚਮਕਦੇ ਹੀਰਿਆਂ ਨਾਲ ਜੁੜਿਆ ਹੋਇਆ ਸੋਨੇ ਦਾ ਮੁਕਟ ਪਹਿਨਾਇਆ ਗਿਆ। ਉਸਨੂੰ ਹੀਰਿਆਂ ਜੜੀ ਤੇ ਵੇਲ ਬੂਟੇ ਕੱਢੀ ਹੋਈ ਲਾਠੀ ਭੇਂਟ ਕੀਤੀ। ਉਹ ਦੂਸਰੇ ਪਾਦਰੀਆਂ ਨਾਲ ਮੰਤਰ ਜਾਪ ਕਰਦਾ ਹੋਇਆ ਧਰਮ ਸਥਾਨ ਦੁਆਲੇ ਜਲੂਸ ਦੇ ਰੂਪ ਵਿਚ ਚੱਲਣ ਲੱਗਾ। ਉਸਦੇ ਪਿੱਛੇ ਪਿੱਛੇ ਬਾਕੀ ਪਾਦਰੀ ਅਤੇ ਸੁਗੰਧਤ ਧੂਫ਼ ਤੇ ਮਸ਼ਾਲਾਂ ਚੁੱਕੀ ਸੇਵਕ ਚੱਲ ਰਹੇ ਸਨ।

ਉਸ ਵੇਲੇ ਜੋਹਨ ਕਿਸਾਨ ਤੇ ਆਜੜੀ ਸਾਥੀਆਂ ਨਾਲ ਉੱਚੇ ਚੌਂਤਰੇ ਉਤੇ ਖੜਾ ਕੁੜਿੱਤਣ ਤੇ ਉਦਾਸੀ ਭਰੀਆਂ ਨਜ਼ਰਾਂ ਨਾਲ ਇਸ ਸਾਰੇ ਡਰਾਮੇ ਨੂੰ ਧਿਆਨ ਨਾਲ ਵੇਖ ਰਿਹਾ ਸੀ ਕਿਉਂਕਿ ਸੁਨਹਿਰੀ ਕੀਮਤੀ ਪੁਸ਼ਾਕ, ਬਹੁਮੁੱਲਾ ਮੁਕਟ ਤੇ ਚਾਂਦੀ ਦੇ ਮਹਿੰਗੇ ਧੂਫ਼ਦਾਨ, ਸ਼ਮਾਦਾਨ ਤੇ ਫ਼ਜ਼ੂਲ ਖ਼ਰਚੀ ਦੀਆਂ ਹੋਰ ਚੀਜ਼ਾਂ ਉਸਨੂੰ ਚੁੱਭ ਰਹੇ ਸਨ, ਜਦੋਂ ਕਿ ਦੂਜੇ ਪਾਸੇ ਵਿਚਾਰੇ ਗ਼ਰੀਬ ਕਿਸਾਨਾਂ ਦੀ ਭੀੜ ਸੀ ਜੋ ਇਸ ਪਾਵਨ ਮੌਕੇ ‘ਤੇ ਦੂਰੋਂ ਨੇੜਿਓਂ ਪਿੰਡਾਂ ਕਸਬਿਆਂ ਤੋਂ ਪਹੁੰਚੇ ਸਨ, ਪਰ ਆਪ ਗ਼ਰੀਬੀ ਦੀ ਚੱਕੀ ਵਿਚ ਪਿਸ ਰਹੇ ਸਨ। ਉਨ੍ਹਾਂ ਦੇ ਚੀਥੜਿਆਂ ਵਿਚ ਲਿਪਟੀ ਗ਼ਰੀਬੀ ਅਤੇ ਮੁਰਝਾਏ ਚਿਹਰੇ ਖ਼ਸਤਾ ਹਾਲਤ ਦਾ ਸਬੂਤ ਸਨ ਜਦੋਂ ਕਿ ਦੂਜੇ ਪਾਸੇ ਸ਼ਾਹੀ ਠਾਠ-ਬਾਠ ਸੀ।

ਇਕ ਪਾਸੇ ਖੜੇ ਧਰਮ ਪੁਜਾਰੀ ਬਣੇ ਅਮੀਰ ਉੱਚ ਅਧਿਕਾਰੀ ਤੇ ਪਾਦਰੀ ਬਿੱਲੇ ਤੇ ਰਿਬਨ ਲਾਈ ਉੱਚੀ-ਉੱਚੀ ਪ੍ਰਾਰਥਨਾ ਭਜਨਾਂ ਤੇ ਮੰਤਰਾਂ ਦਾ ਜਾਪ ਕਰ ਰਹੇ ਸਨ ਜਦੋਂ ਕਿ ਤਸੀਹੇ ਸਹਿੰਦੇ ਗ਼ਰੀਬ ਤੇ ਕਮਜ਼ੋਰ ਲੋਕ ਉਸ ਸ਼ੋਰ- ਸ਼ਰਾਬੇ ਵਿਚ ਸੱਚੇ ਦਿਲੋਂ ਈਸਾ ਮਸੀਹ ਦੇ ਪੁਨਰ ਉੱਥਾਨ ਲਈ ਪ੍ਰਾਰਥਨਾ ਕਰ ਰਹੇ ਸਨ ਅਤੇ ਦੁਖੀ ਦਿਲਾਂ ਵਿੱਚੋਂ ਠੰਡੀਆਂ ਆਹਾਂ ਨਿਕਲ ਰਹੀਆਂ ਸਨ ਜੋ ਉਨ੍ਹਾਂ ਦੀ ਬੇਵੱਸੀ ਦੀ ਗਵਾਹੀ ਭਰਦੀਆਂ ਸਨ।

ਉਨ੍ਹਾਂ ਉੱਚ ਅਧਿਕਾਰੀਆਂ, ਮੁਖੀਆਂ ਅਤੇ ਨੇਤਾਵਾਂ ਦੀ ਹੋਂਦ ਚਿਨਾਰ ਦੇ ਦਰੱਖ਼ਤਾਂ ਦੇ ਸਦਾ ਬਹਾਰ ਪੱਤਿਆਂ ਦੀ ਤਰ੍ਹਾਂ ਸੀ ਜਦੋਂ ਕਿ ਉਨ੍ਹਾਂ ਗ਼ਰੀਬ ਕਿਸਾਨਾਂ ਦਾ ਜੀਵਨ, ਉਸ ਜਹਾਜ਼ ਵਾਂਗ ਸੀ ਜਿਸਦਾ ਮਲਾਹ ਯਮਰਾਜ ਹੋਵੇ ਅਤੇ ਜਿਸਦੀ ਪਤਵਾਰ ਹਵਾਵਾਂ ਰਾਹੀ ਲੀਰੋ-ਲੀਰ ਹੋ ਚੁੱਕੀ ਹੋਵੇ ਅਤੇ ਜਹਾਜ਼ ਹਵਾ ਦੇ ਤੇਜ਼ ਥਪੇੜਿਆਂ ਕਾਰਨ ਭਿਅੰਕਰ ਗਹਿਰਾਈਆਂ ਤੇ ਸਮੁੰਦਰ ਦੇ ਪ੍ਰਚੰਡ ਤੂਫ਼ਾਨ ਦੇ ਰਹਿਮੋ-ਕਰਮ ‘ਤੇ ਹੋਵੇ।

ਇਕ ਪਾਸੇ ਜ਼ੁਲਮ ਤੇ ਦੂਜੇ ਪਾਸੇ ਅੰਧ-ਵਿਸ਼ਵਾਸੀ ਹੋ ਕੇ ਆਗਿਆ ਦੀ ਪਾਲਣਾ ਕਰਨੀ…..ਕਿਸਨੇ ਕਿਸਨੂੰ ਜਨਮ ਦਿੱਤਾ ਹੈ ? ਕੀ ਜ਼ੁਲਮ ਅਜਿਹਾ ਤਕੜਾ ਰੁੱਖ ਹੈ ਜਿਸਦੀਆਂ ਜੜ੍ਹਾਂ ਧਰਤੀ ਦੀਆਂ ਨਿਵਾਣਾਂ ਤੋਂ ਬਿਨਾਂ ਕਿਧਰੇ ਹੁੰਦੀਆਂ ਹੀ ਨਹੀਂ ਜਾਂ ਇਹ ਅਧੀਨਗੀ ਹੈ ਇਕ ਬੰਜਰ ਖੇਤ ਵਾਂਗ ਜਿਥੇ ਕੰਡਿਆਂ ਤੋਂ ਸਿਵਾਇ ਹੋਰ ਕੁਝ ਉੱਗਦਾ ਹੀ ਨਹੀਂ ? ਜਿਥੇ ਇਕ ਪਾਸੇ ਪੂਜਾ ਦੀਆਂ ਰਸਮਾਂ ਪੂਰੀਆਂ ਹੋ ਰਹੀਆਂ ਸਨ ਉਥੇ ਦੂਜੇ ਪਾਸੇ ਜੋਹਨ ਦੇ ਦਿਮਾਗ਼ ਵਿਚ ਉਦਾਸ ਤੇ ਦੁਖਦਾਈ ਵਿਚਾਰ ਤੇ ਭਾਵਨਾਵਾਂ ਹਾਵੀ ਹੋ ਰਹੀਆਂ ਸਨ। ਉਸਨੇ ਆਪਣੀਆਂ ਦੋਵੇਂ ਬਾਹਵਾਂ ਇਕੱਠੀਆਂ ਕਰਕੇ ਇਸ ਡਰ ਕਰਕੇ ਛਾਤੀ ਨਾਲ ਲਾ ਲਈਆਂ ਕਿਧਰੇ ਵਿਰੋਧੀ ਸ਼ਕਤੀਆਂ ਵਿਰੁੱਧ ਇਹ ਭਾਵਨਾਵਾਂ ਹੜ੍ਹ ਬਣ ਕੇ ਵਹਿ ਨਾ ਤੁਰਨ ਅਤੇ ਗ਼ਰੀਬਾਂ ਦੀ ਖ਼ਸਤਾ ਹਾਲਤ ਵੇਖ ਕੇ ਉਸਦਾ ਗੁੱਸਾ ਮੂੰਹ ਨੂੰ ਨਾ ਆ ਜਾਏ।

ਉਸਨੇ ਬੇਸਹਾਰਾ ਮਨੁੱਖਤਾ ਦੇ ਮੁਰਝਾਏ ਚਿਹਰਿਆਂ ਵੱਲ ਵੇਖਿਆ, ਜਿਨ੍ਹਾਂ ਦੇ ਦਿਲ ਬੁਝੇ ਹੋਏ ਸਨ ਅਤੇ ਧਰਤੀ ਦੀ ਛਾਤੀ ਵਿਚ ਆਸਰੇ ਦੀ ਭਾਲ ਵਿਚ ਸਨ ਜਿਵੇਂ ਬੇਸਹਾਰਾ ਯਾਤਰੂ ਨਵੀਂ ਦੁਨੀਆ ਵਿਚ ਨਵੇਂ ਸਫ਼ਰ ਦੀ ਆਸ ਰੱਖਦਾ ਹੋਵੇ।

ਜਦੋਂ ਸਮਾਗਮ ਦੀਆਂ ਰਵਾਇਤੀ ਰਸਮਾਂ ਖ਼ਤਮ ਹੋ ਗਈਆਂ ਅਤੇ ਲੋਕ ਤਿਤਰ-ਬਿਤਰ ਹੋਣੇ ਸ਼ੁਰੂ ਹੋ ਗਏ, ਜੋਹਨ ਨੂੰ ਮਹਿਸੂਸ ਹੋਇਆ ਕਿ ਕੋਈ ਅੰਦਰੂਨੀ ਤਾਕਤ ਉਸਨੂੰ ਦੱਬੇ-ਕੁਚਲੇ ਲੋਕਾਂ ਵੱਲੋਂ ਕੁਝ ਕਹਿਣ ਲਈ ਪ੍ਰੇਰਨਾ ਦੇ ਰਹੀ ਹੈ, ਇਸੇ ਪ੍ਰਭਾਵ ਹੇਠ ਉਹ ਉਸ ਘੇਰੇ ਦੇ ਬਿਲਕੁਲ ਅਖ਼ੀਰ ਵਿਚ ਇਕ ਚੌਂਤਰੇ ਵੱਲ ਤੁਰ ਪਿਆ। ਉਸਨੇ ਆਪਣੀਆਂ ਅੱਖਾਂ ਤੇ ਹੱਥ ਉੱਚੇ ਕਰ ਕੇ ਅਕਾਸ਼ ਵੱਲ ਇਸ਼ਾਰਾ ਕੀਤਾ। ਇਹ ਵੇਖ ਕੇ ਥੋੜ੍ਹੀ ਹੀ ਦੇਰ ਵਿਚ ਲੋਕਾਂ ਦੀਆਂ ਟੋਲੀਆਂ ਉਸ ਦੁਆਲੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ। ਸਭ ਦਾ ਆਪਣੇ ਵਲ ਧਿਆਨ ਖਿੱਚਣ ਲਈ ਮਜਬੂਰੀ ਭਰੀ ਆਵਾਜ਼ ਵਿਚ ਉਹ ਕਹਿਣ ਲੱਗਾ, “ਓ ਪਿਆਰੇ ਈਸਾ ਮਸੀਹ, ਗਿਆਨ ਦਾ ਭੰਡਾਰ ਤੇ ਉੱਚੇ ਮੰਡਲ ਦੇ ਵਾਸੀ, ਧਿਆਨ ਨਾਲ ਸੁਣ ! ਆਪਣੇ ਨੀਲੇ ਆਕਾਸ਼ ਤੋਂ ਹੇਠਾਂ ਇਸ ਧਰਤੀ ‘ਤੇ ਵੀ ਨਿਗਾਹ ਮਾਰ ਅਤੇ ਵੇਖ ਤੇਰੀ ਸੱਚਾਈ ਦੇ ਜਿਹੜੇ ਬੀਜ, ਤੇਰੇ ਖੂਨ-ਪਸੀਨੇ ਨਾਲ ਖਿੜ ਕੇ ਫੁੱਲ ਬਣੇ ਸਨ, ਅੱਜ ਕੰਡੇ ਉਸਦਾ ਗਲਾ ਘੁੱਟ ਰਹੇ ਹਨ।

“ਓ ਚੰਗੇ ਆਜੜੀ! ਭੁੱਖੇ ਭੇੜੀਏ ਉਸ ਕਮਜ਼ੋਰ ਜਿਹੇ ਲੇਲੇ ਉੱਤੇ ਦਰਿੰਦਿਆਂ ਵਾਂਗ ਟੁੱਟ ਕੇ ਪੈ ਗਏ ਹਨ ਜਿਸਨੂੰ ਤੂੰ ਆਪਣੀਆਂ ਬਾਹਵਾਂ ਵਿਚ ਚੁੱਕਿਆ ਹੋਇਆ ਸੀ। ਤੇਰਾ ਪਵਿੱਤਰ ਖੂਨ ਧਰਤੀ ਦੀਆਂ ਗਹਿਰਾਈਆਂ ਨੇ ਚੂਸ ਲਿਆ ਹੈ। ਜਿਹੜੀ ਧਰਤੀ ਤੇਰੇ ਪੈਰਾਂ ਦੀ ਛੋਹ ਨੇ ਪਵਿੱਤਰ ਬਣਾ ਦਿੱਤੀ ਸੀ, ਦੁਸ਼ਮਨਾਂ ਨੇ ਉਸੇ ਮਹਾਨ ਧਰਤੀ ਨੂੰ ਜੰਗ ਦਾ ਅਖਾੜਾ ਬਣਾ ਦਿੱਤਾ ਹੈ। ਜਿਥੇ ਤਾਕਤਵਰਾਂ ਦੇ ਨਿਰਦਈ ਪੈਰਾਂ ਹੇਠ ਕਮਜ਼ੋਰ ਗ਼ਰੀਬ ਲਿਤਾੜੇ ਜਾ ਰਹੇ ਹਨ। ਦੁਖੀਆਂ ਦੀ ਚੀਕ ਪੁਕਾਰ ਅਤੇ ਨਿਆਸਰਿਆਂ ਦਾ ਵਿਰਲਾਪ ਉਨ੍ਹਾਂ ਪਾਦਰੀਆਂ ਦੇ ਕੰਨਾਂ ਤਕ ਨਹੀਂ ਪੁੱਜਦਾ ਜਿਹੜੇ ਗੱਦੀਆਂ ਉੱਤੇ ਬੈਠੇ ਤੇਰੇ ਉਪਦੇਸ਼ਾਂ ਦਾ ਪ੍ਰਚਾਰ ਕਰ ਰਹੇ ਹਨ। ਤੂੰ ਜਿਹੜੇ ਲੇਲਿਆਂ ਨੂੰ ਧਰਤੀ ‘ਤੇ ਜੀਵਨ ਸੰਦੇਸ਼ ਦੇ ਕੇ ਪ੍ਰਚਾਰ ਕਰਨ ਲਈ ਭੇਜਿਆ ਸੀ ਉਹ ਹੁਣ ਭੇੜੀਏ ਦਾ ਰੂਪ ਧਾਰ ਕੇ ਉਸ ਲੇਲੇ ਨੂੰ ਬੋਟੀ ਬੋਟੀ ਕਰ ਰਹੇ ਹਨ ਜਿਸਨੂੰ ਤੂੰ ਬਾਹਵਾਂ ਵਿਚ ਚੁੱਕ ਕੇ ਆਸ਼ੀਰਵਾਦ ਦਿੱਤਾ ਸੀ।

“ਗਿਆਨ ਦਾ ਚਾਨਣ ਜਿਹੜਾ ਤੇਰੇ ਹਿਰਦੇ ਵਿੱਚੋਂ ਫੁੱਟਿਆ ਅਤੇ ਲੋਕਾਂ ਨੂੰ ਦਿੱਤਾ ਸੀ, ਉਹ ਧਰਮ ਗ੍ਰੰਥਾਂ ਦੇ ਪੰਨਿਆਂ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਹੈ, ਉਸਦੀ ਥਾਂ ਡਰਾਉਣੀ ਚੀਕ ਪੁਕਾਰ ਨੇ ਲੈ ਲਈ ਹੈ ਜੋ ਆਤਮਾ ਲਈ ਸਰਾਪ ਬਣ ਰਿਹਾ ਤੇ ਲੋਕਾਂ ਦੇ ਦਿਲਾਂ ਵਿਚ ਦਹਿਸ਼ਤ ਪੈਦਾ ਕਰ ਰਿਹਾ ਹੈ।

“ਓ ਈਸਾ ਮਸੀਹ ! ਇਨ੍ਹਾਂ ਧਰਮ ਦੇ ਠੇਕੇਦਾਰਾਂ ਨੇ ਇਹ ਗਿਰਜੇ ਤੇ ਮੱਠ ਆਪਣੀ ਸ਼ਾਨੋ-ਸ਼ੌਕਤ ਲਈ ਉਸਾਰੇ ਹਨ ਅਤੇ ਇਨ੍ਹਾਂ ਨੂੰ ਰੇਸ਼ਮੀ ਪਰਦਿਆਂ ਤੇ ਸੋਨੇ ਦੇ ਧੂਫ਼ਦਾਨਾਂ ਆਦਿ ਨਾਲ ਸ਼ਿੰਗਾਰਿਆ ਹੈ…..ਉਨ੍ਹਾਂ ਨੇ ਤੇਰੇ ਆਪਣੇ ਗ਼ਰੀਬ ਲੋਕਾਂ ਨੂੰ ਚੀਥੜਿਆਂ ਵਿਚ ਲਿਪਟੇ ਠਰ ਠਰ ਕਰਦੀਆਂ ਠੰਡੀਆਂ ਰਾਤਾਂ ਵਿਚ ਗਲੀਆਂ ਵਿਚ ਧਕੇਲ ਦਿੱਤਾ ਹੈ…..ਉਨ੍ਹਾਂ ਨੇ ਵਾਤਾਵਰਨ ਨੂੰ ਮੋਮਬੱਤੀਆਂ ਦੀ ਰੌਸ਼ਨੀ ਤੇ ਧੂਫ਼ਾਂ ਦੀ ਸੁਗੰਧੀ ਨਾਲ ਭਰ ਦਿੱਤਾ ਹੈ ਅਤੇ ਤੇਰੇ ਹੀ ਪਿਆਰੇ ਭਗਤਾਂ ਦੇ ਮੂੰਹੋਂ ਰੋਟੀ ਵੀ ਖੋਹ ਲਈ ਹੈ…..ਉਨ੍ਹਾਂ ਦੇ ਭਜਨਾਂ ਤੇ ਮੰਤਰਾਂ ਵਾਲੀਆਂ ਆਵਾਜ਼ਾਂ ਚਾਰੇ ਪਾਸੇ ਗੂੰਜਦੀਆਂ ਹਨ ਪਰ ਵਿਧਵਾਵਾਂ ਤੇ ਯਤੀਮਾਂ ਦੀਆਂ ਚੀਕਾਂ ਤੇ ਕੁਰਲਾਹਟ ਦੀਆਂ ਆਵਾਜ਼ਾਂ ਉਨ੍ਹਾਂ ਦੇ ਬੋਲ਼ੇ ਕੰਨਾਂ ਵਿਚ ਨਹੀਂ ਪੈਂਦੀਆਂ।

“ਓ ਅਮਰ ਜੋਤ ਈਸਾ ਮਸੀਹ ! ਦੁਬਾਰਾ ਇਸ ਧਰਤੀ ‘ਤੇ ਅਵਤਾਰ ਧਾਰੋ ਅਤੇ ਆਪਣੇ ਪਵਿੱਤਰ ਧਰਮ ਸਥਾਨਾਂ ਵਿੱਚੋਂ ਇਨ੍ਹਾਂ ਧਰਮ ਦੇ ਠੇਕੇਦਾਰਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ, ਉਨ੍ਹਾਂ ਨੇ ਇਨ੍ਹਾਂ ਸਥਾਨਾਂ ਨੂੰ ਵਪਾਰ ਦਾ ਅੱਡਾ ਬਣਾ ਰੱਖਿਆ ਹੈ ਜਿਥੇ ਪਾਖੰਡ ਤੇ ਝੂਠ ਦੇ ਜ਼ਹਿਰੀਲੇ ਨਾਗ ਕੁਰਬਲ ਕੁਰਬਲ ਕਰਦੇ ਫਿਰਦੇ ਹਨ।”

ਜੋਹਨ ਦੇ ਬੋਲਾਂ ਵਿਚ ਸੱਚਾਈ ਦਾ ਵਜ਼ਨ ਸੀ ਜਿਸ ਕਰਕੇ ਲੋਕਾਂ ਦੀ ਆਵਾਜ਼ ਉਸਦੇ ਹੱਕ ਵਿਚ ਉੱਠ ਰਹੀ ਸੀ ਅਤੇ ਉੱਚ ਅਧਿਕਾਰੀਆਂ ਦੇ ਡਰਾਵੇ ਵੀ ਉਸ ਆਵਾਜ਼ ਨੂੰ ਦਬਾ ਨਹੀਂ ਸੀ ਸਕਦੇ। ਆਪਣੀਆਂ ਮੁੱਢਲੀਆਂ ਯਾਦਾਂ ਤੇ ਅਨੁਭਵਾਂ ਦੇ ਸਹਾਰੇ ਉਸਨੇ ਹੋਰ ਹੌਂਸਲਾ ਕਰਕੇ ਕਹਿਣਾ ਜਾਰੀ ਰੱਖਿਆ, “ਆ ਜਾ ! ਓ ਈਸਾ ਮਸੀਹ ਅਤੇ ਉਨ੍ਹਾਂ ਜ਼ਾਲਮਾਂ ਕੋਲੋਂ ਬਦਲਾ ਲੈ ਜਿਨ੍ਹਾਂ ਨੇ ਗ਼ਰੀਬਾਂ ਦੇ ਹੱਕਾਂ ਨੂੰ ਹੜੱਪ ਲਿਆ ਹੈ ਅਤੇ ਖ਼ੁਦਾ ਦਾ ਜ਼ਰਾ ਵੀ ਖ਼ੌਫ਼ ਨਹੀਂ ਰਿਹਾ। ਉਨ੍ਹਾਂ ਅੰਗੂਰਾਂ ਦੀਆਂ ਵੇਲਾਂ ਵੱਲ ਵੇਖ ਜੋ ਤੂੰ ਆਪਣੇ ਹੱਥੀਂ ਲਾਈਆਂ ਸਨ । ਲਾਲਚ ਦੇ ਕੀੜਿਆਂ ਨੇ ਇਸਦੀਆਂ ਟਾਹਣੀਆਂ ਨੂੰ ਖਾ ਲਿਆ ਹੈ, ਅੰਗੂਰਾਂ ਨੂੰ ਰਾਹਗੀਰਾਂ ਨੇ ਪੈਰਾਂ ਹੇਠ ਲਿਤਾੜ ਦਿੱਤਾ ਹੈ। ਜਿਨ੍ਹਾਂ ਲੋਕਾਂ ਨੂੰ ਤੂੰ ਸ਼ਾਂਤੀ ਦਾ ਉਪਦੇਸ਼ ਦਿੱਤਾ ਸੀ, ਆਪਸ ਵਿਚ ਝਗੜੇ ਤੇ ਵੰਡੀਆਂ ਪਾ ਰਹੇ ਹਨ ਤੇ ਇਸਦਾ ਸ਼ਿਕਾਰ ਹੋ ਰਹੇ ਹਨ, ਗ਼ਰੀਬ ਲੋਕ, ਜੋ ਮਿਹਨਤ ਮਜ਼ਦੂਰੀ ਕਰਦੇ ਵੀ ਭੁੱਖਮਰੀ ਦਾ ਸ਼ਿਕਾਰ ਹਨ। ਇਹ ਤੇਰੀ ਮੂਰਤੀ ਅੱਗੇ ਪ੍ਰਾਰਥਨਾ ਕਰਦੇ ਹੋਏ ਵਿਸ਼ਵ ਸ਼ਾਂਤੀ ਤੇ ਸੁੱਖ ਦੀ ਕਾਮਨਾ ਕਰਦੇ ਆਵਾਜ਼ ਬੁਲੰਦ ਕਰਦੇ ਹਨ। ਕੂਕ-ਕੂਕ ਕੇ ਕਹਿੰਦੇ ਹਨ—ਉਚਾਈਆਂ ‘ਤੇ ਸਥਿਤ ਖ਼ੁਦਾ ਦੀ ਸ਼ਾਨ ਧਰਤੀ ਉੱਤੇ ਸ਼ਾਂਤੀ ਅਤੇ ਮਨੁੱਖਾਂ ਵਿਚ ਸਦਭਾਵਨਾ ਬਣੀ ਰਹੇ। ਕੀ ਸਵਰਗ ਵਿਚ ਬੈਠੇ ਸਾਡੇ ਪਰਮ ਪਿਤਾ ਪਰਮਾਤਮਾ ਦੀ ਸ਼ਾਨ ਬੁਲੰਦ ਹੋਵੇਗੀ ਜਦੋਂ ਉਸਦਾ ਨਾਂ ਬੇਈਮਾਨ ਦਿਲਾਂ, ਪਾਪੀ ਹੋਠਾਂ ਤੇ ਝੂਠੀਆਂ ਜੀਭਾਂ ਤੋਂ ਲਿਆ ਜਾਂਦਾ ਹੋਵੇ ? ਕੀ ਧਰਤੀ ਉੱਤੇ ਉਦੋਂ ਸੁੱਖ ਸ਼ਾਂਤੀ ਹੋਵੇਗੀ ਜਦੋਂ ਤੇਰੇ ਮੁਸੀਬਤ ਦੇ ਮਾਰੇ ਕਿਸਾਨ ਪੁੱਤਰ ਰੱਜੇ ਪੁੱਜੇ ਤਾਕਤਵਰਾਂ ਤੇ ਜ਼ਾਲਮਾਂ ਦਾ ਢਿੱਡ ਭਰਨ ਲਈ ਖੇਤਾਂ ਵਿਚ ਕਰੜੀ ਮਿਹਨਤ ਤੇ ਗ਼ੁਲਾਮੀ ਕਰਦੇ ਹੋਏ ਖੂਨ ਪਸੀਨਾ ਇਕ ਕਰਦੇ ਹਨ ? ਕੀ ਸਚਮੁੱਚ ਦੁਨੀਆ ਵਿਚ ਕਦੇ ਅਮਨ-ਅਮਾਨ ਹੋਵੇਗਾ ਅਤੇ ਉਨ੍ਹਾਂ ਨੂੰ ਮੁਥਾਜੀ ਦੇ ਸ਼ਿਕੰਜੇ ਵਿੱਚੋਂ ਛੁਟਕਾਰਾ ਮਿਲੇਗਾ ?

“ਓ ਪਿਆਰੇ ਈਸਾ! ਕੀ ਇਹ ਅਮਨ ਹੈ? ਕੀ ਇਹ ਉਨ੍ਹਾਂ ਮਾਸੂਮ ਬੱਚਿਆਂ ਦੀਆਂ ਅੱਖਾਂ ਵਿਚ ਹੈ ਜਿਹੜੇ ਤੰਗ ਤੇ ਠੰਡੀਆਂ ਠਾਰ ਝੌਂਪੜੀਆਂ ਵਿਚ ਆਪਣੀਆਂ ਭੁੱਖਣ ਭਾਣੀਆਂ ਮਾਵਾਂ ਦੀਆਂ ਸੁੱਕੀਆਂ ਦੁਧੀਆਂ ਨੂੰ ਚੁੰਘ ਕੇ ਪਲ ਰਹੇ ਹਨ ? ਜਾਂ ਟੁੱਟੀਆਂ-ਫੁੱਟੀਆਂ ਝੌਂਪੜੀਆਂ ਵਿਚ ਰਹਿੰਦੇ ਬਦਨਸੀਬ ਗ਼ਰੀਬਾਂ ਦੇ ਸਰੀਰ ਵਿਚ ਹੈ ਜੋ ਪੱਥਰਾਂ ਉੱਤੇ ਸੌਂਦੇ ਤੇ ਰੋਟੀ ਦੀ ਇਕ ਇਕ ਗਰਾਹੀ ਲਈ ਤਰਸਦੇ ਹਨ ਪਰ ਗਿਰਜੇ ਦੇ ਪਾਦਰੀ ਅਤੇ ਸਾਧ ਉਹੀ ਰੋਟੀਆਂ ਆਪਣੇ ਮੋਟੇ ਤਾਜ਼ੇ ਪਲੇ ਹੋਏ ਸੂਰਾਂ ਨੂੰ ਪਾ ਦਿੰਦੇ ਹਨ ?

“ਹੇ ਈਸਾ ! ਖ਼ੁਸ਼ੀ ਕੀ ਹੈ ? ਓ ਸੋਹਣੇ ਈਸਾ ਮਸੀਹ, ਕੀ ਇਹ ਖ਼ੁਸ਼ੀ ਇਸ ਵਿਚ ਹੈ ਕਿ ਅਮੀਰ ਮੌਤ ਦੀ ਧਮਕੀ ਦੇ ਕੇ ਜਾਂ ਚਾਂਦੀ ਦੇ ਕੁਝ ਟੁਕੜਿਆਂ ਬਦਲੇ ਬੰਦਿਆਂ ਦੀ ਮਿਹਨਤ ਤੇ ਔਰਤ ਦੀ ਪੱਤ ਖ਼ਰੀਦ ਲਵੇ ? ਜਾਂ ਕੀ ਇਹ ਚੁੱਪ-ਚਾਪ ਅਧੀਨਗੀ ਸਹਿੰਦੇ ਉਨ੍ਹਾਂ ਲੋਕਾਂ ਵਿਚ ਹੈ ਜੋ ਆਤਮਾ ਤੇ ਸਰੀਰ ਦੀ ਥਾਂ ਉਨ੍ਹਾਂ ਲੋਕਾਂ ਦੇ ਗ਼ੁਲਾਮ ਹਨ ਜੋ ਉਨ੍ਹਾਂ ਦੀਆਂ ਅੱਖਾਂ ਨੂੰ ਸੋਨੇ ਚਾਂਦੀ ਦੀ ਚਮਕ ਦਮਕ, ਬਹੁਮੁੱਲੇ ਹੀਰਿਆਂ ਦੀ ਕਸ਼ਿਸ਼ ਤੇ ਰੇਸ਼ਮੀ ਕੱਪੜਿਆਂ ਦੀ ਚਮਕ ਨਾਲ ਚੁੰਧਿਆ ਦਿੰਦੇ ਹਨ। ਜਾਂ ਕੀ ਇਹ ਖ਼ੁਸ਼ੀ ਉਨ੍ਹਾਂ ਨਿਮਾਣਿਆਂ ਤੇ ਦੁਖੀਆਂ ਦੀ ਚੀਕ ਪੁਕਾਰ ਵਿਚ ਹੈ ਜਿਨ੍ਹਾਂ ਉੱਤੇ ਉਹ ਅਤਿਆਚਾਰੀ ਲੋਕ ਆਪਣੀਆਂ ਤਲਵਾਰਾਂ ਨਾਲ ਵਾਰ ਕਰਦੇ ਤੇ ਹਥਿਆਰਬੰਦ ਸਿਪਾਹੀਆਂ ਰਾਹੀਂ ਸਾਡੀਆਂ ਔਰਤਾਂ ਤੇ ਬੱਚਿਆਂ ਨੂੰ ਘੋੜਿਆਂ ਦੇ ਸੁੰਮਾਂ ਹੇਠ ਕੁਚਲ ਕੇ ਰੱਖ ਦਿੰਦੇ ਹਨ ਅਤੇ ਸਾਡਾ ਖੂਨ ਚੂਸ ਕੇ ਸਾਨੂੰ ਹੀ ਇਹੋ ਜਿਹਾ ਇਨਾਮ ਦਿੰਦੇ ਹਨ ?

“ਓ ਈਸਾ ਮਸੀਹ, ਤੂੰ ਪਿਆਰ ਤੇ ਦਇਆ ਦਾ ਮਸੀਹਾ ਹੈਂ, ਆਪਣੀਆਂ ਤਾਕਤਵਰ ਬਾਹਵਾਂ ਅੱਗੇ ਵਧਾ ਕੇ ਸਾਨੂੰ ਇਨ੍ਹਾਂ ਅੱਤਿਆਚਾਰੀ ਹੱਥਾਂ ਤੋਂ ਬਚਾਅ ਲੈ ਜਾਂ ਫਿਰ ਸਾਨੂੰ ਮੌਤ ਦੇ ਹਵਾਲੇ ਕਰ ਕੇ ਕਬਰਾਂ ਤਕ ਪਹੁੰਚਾ ਦੇਹ ਜਿਥੇ ਅਸੀਂ ਤੇਰੀ ਸਲੀਬ ਦੀ ਛਾਂ ਹੇਠ ਸੌਂ ਸਕੀਏ ਤੇ ਤੇਰੇ ਵਾਪਿਸ ਆਉਣ ਦੀ ਉਡੀਕ ਕਰੀਏ। ਓ ਗ਼ਰੀਬਾਂ ਦੇ ਮਸੀਹਾ ਈਸਾ ! ਇਹ ਜ਼ਿੰਦਗੀ ਵੀ ਕੋਈ ਜ਼ਿੰਦਗੀ ਹੈ ? ਸਗੋਂ ਗ਼ੁਲਾਮੀ ਦੀ ਹਨੇਰੀ ਕੋਠੜੀ ਹੈ…..ਜਿਥੇ ਭਿਆਨਕ ਭੂਤਾਂ ਪ੍ਰੇਤਾਂ ਦਾ ਵਾਸਾ ਹੈ ਅਤੇ ਮੌਤ ਰੂਪੀ ਘਾਟੀ ਦੀ ਤਰ੍ਹਾਂ ਹੈ ਜਿਥੇ ਦਰਿੰਦੇ ਜਾਨਵਰ ਵੱਸਦੇ ਹਨ। ਸਾਡੇ ਜੀਵਨ ਦੇ ਇਹ ਦਿਨ ਉਸ ਤਿੱਖੀ ਤਲਵਾਰ ਜਿਹੇ ਹਨ ਜਿਸਨੂੰ ਰਾਤ ਦੇ ਭਿਆਨਕ ਹਨੇਰੇ ਵਿਚ ਅਸੀਂ ਆਪਣੇ ਬਿਸਤਰਿਆਂ ਵਿਚ ਛੁਪਾ ਲੈਂਦੇ ਹਾਂ ਅਤੇ ਸਵੇਰ ਹੁੰਦਿਆਂ ਇਹ ਤਲਵਾਰ ਸਾਡੇ ਸਿਰਾਂ ਉੱਤੇ ਲਟਕਦੀ ਨਜ਼ਰ ਆਉਂਦੀ ਹੈ ਪਰ ਜਿਉਣ ਦਾ ਮੋਹ ਤੇ ਪੇਟ ਦੀ ਅੱਗ ਗ਼ੁਲਾਮੀ ਕਰਨ ਲਈ ਸਾਨੂੰ ਖੇਤਾਂ ਵੱਲ ਧਕੇਲ ਦੇਂਦੀ ਹੈ।

“ਓ ਈਸਾ ਮਸੀਹ ! ਮਾਸੂਮ ਗ਼ਰੀਬਾਂ ਉੱਤੇ ਦਇਆ ਕਰ ਜੋ ਤੇਰੇ ਪੁਨਰ ਜਨਮ ਦੇ ਦਿਨ ਅੱਜ ਤੇਰੀ ਯਾਦ ਮਨਾਉਣ ਲਈ ਇਕੱਠੇ ਹੋਏ ਹਨ। ਤੇਰਾ ਪੁਨਰ ਜੀਵਨ…..ਦਇਆ ਕਰ ਉਨ੍ਹਾਂ ਉੱਤੇ। ਉਹ ਦੁਖੀ ਤੇ ਕਮਜ਼ੋਰ ਹਨ।”

ਜੋਹਨ ਈਸਾ ਮਸੀਹ ਨੂੰ ਪੁਕਾਰਦਾ ਦੁਖੀਆਂ ਲਈ ਦੁਆ ਕਰਦਾ ਰਿਹਾ। ਉਸਦੇ ਬੋਲਾਂ ਵਿਚ ਲੋਹੜੇ ਦਾ ਜਾਦੂ ਸੀ ਜਿਸ ਤੋਂ ਕੁਝ ਇਕ ਲੋਕ ਤਾਂ ਬਹੁਤ ਪ੍ਰਭਾਵਿਤ ਤੇ ਪ੍ਰਸੰਨ ਹੋਏ ਜਦੋਂ ਕਿ ਬਾਕੀ ਦੇ ਨਾਰਾਜ਼ ਹੋ ਗਏ। ‘ਉਹ ਠੀਕ ਕਹਿ ਰਿਹਾ ਹੈ ਅਤੇ ਸਾਡੇ ਹੱਕ ਦੀ ਗੱਲ ਕਰ ਰਿਹਾ ਹੈ’ ਇਕ ਨੇ ਉੱਚੀ ਸਾਰੀ ਕਿਹਾ ਅਤੇ ਕਿਸੇ ਦੂਸਰੇ ਮਨੁੱਖ ਨੇ ਕਿਹਾ, ‘ਉਹ ਜਾਦੂਗਰ ਹੈ, ਉਸ ਵਿਚ ਸ਼ੈਤਾਨ ਦੀ ਰੂਹ ਬੋਲ ਰਹੀ ਹੈ’ ਅਤੇ ਕਿਸੇ ਤੀਸਰੇ ਦੀ ਆਵਾਜ਼ ਆਈ, ‘ਅਸੀਂ ਅਜਿਹੀਆਂ ਫ਼ਜ਼ੂਲ ਤੇ ਮੂਰਖਤਾ ਭਰੀਆਂ ਗੱਲਾਂ ਕਦੇ ਨਹੀਂ ਸੁਣੀਆਂ। ਆਪਣੇ ਪਿਤਾ ਪਿਤਾਮਿਆਂ ਕੋਲੋਂ ਵੀ ਨਹੀਂ। ਸਾਨੂੰ ਇਸਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ’ ਅਤੇ ਕਿਸੇ ਚੌਥੇ ਆਦਮੀ ਦੀ ਆਵਾਜ਼ ਸੀ ਜੋ ਦੂਸਰੇ ਦੇ ਕੰਨ ਵਿਚ ਹੌਲੀ ਜਿਹੀ ਕਹਿ ਰਿਹਾ ਸੀ, ‘ਜਦੋਂ ਮੈਂ ਇਸਦੀ ਆਵਾਜ਼ ਸੁਣੀ ਤਾਂ ਮੈਨੂੰ ਜਾਪਿਆ ਜਿਵੇਂ ਮੇਰੇ ਅੰਦਰ ਨਵੀਂ ਆਤਮਾ ਦਾ ਸੰਚਾਰ ਹੋਇਆ ਹੋਵੇ।’ ਪਰ ਦੂਸਰੇ ਦਾ ਜੁਆਬ ਸੀ, ‘ਇਹ ਗੱਲ ਠੀਕ ਹੈ, ਪਰ ਪਾਦਰੀ ਤੇ ਆਗੂ ਸਾਡੀਆਂ ਲੋੜਾਂ ਨੂੰ ਉਸ ਨਾਲੋਂ ਵੱਧ ਜਾਣਦੇ ਹਨ, ਉਨ੍ਹਾਂ ਨੂੰ ਵਧੇਰੇ ਗਿਆਨ ਹੈ, ਉਨ੍ਹਾਂ ਉੱਤੇ ਸ਼ੱਕ ਕਰਨਾ ਪਾਪ ਹੈ ।” ਜਿਉਂ ਹੀ ਚਾਰੇ ਪਾਸਿਆਂ ਤੋਂ ਸਮੁੰਦਰ ਦੀਆਂ ਲਹਿਰਾਂ ਦੇ ਸ਼ੋਰ ਜਿਹੀਆਂ ਆਵਾਜ਼ਾਂ ਆਉਣ ਲੱਗੀਆਂ, ਉਸੇ ਵੇਲੇ ਇਕ ਪਾਦਰੀ ਉੱਠਿਆ ਅਤੇ ਜੋਹਨ ਨੂੰ ਫੜ ਕੇ ਉਸੇ ਵੇਲੇ ਕਾਨੂੰਨ ਦੇ ਹਵਾਲੇ ਕਰ ਦਿੱਤਾ, ਜਿਥੋਂ ਉਸਨੂੰ ਮੁਕੱਦਮੇ ਲਈ ਗਵਰਨਰ ਦੇ ਮਹਿਲ ਵਿਚ ਲਿਜਾਇਆ ਗਿਆ।

ਅਧਿਕਾਰੀ ਵੱਲੋਂ ਪੁੱਛ ਪੜਤਾਲ ਕਰਨ ’ਤੇ ਜੋਹਨ ਇਕ ਸ਼ਬਦ ਵੀ ਮੂੰਹੋਂ ਨਾ ਬੋਲਿਆ ਕਿਉਂਕਿ ਉਹ ਜਾਣਦਾ ਸੀ ਕਿ ਈਸਾ ਮਸੀਹ ਵੀ ਸੂਲੀ ਚੜ੍ਹਨ ਤੋਂ ਪਹਿਲਾਂ ਖ਼ਾਮੋਸ਼ ਰਿਹਾ ਸੀ। ਅਖ਼ੀਰ ਗਵਰਨਰ ਨੇ ਜੋਹਨ ਨੂੰ ਕੈਦ ਦਾ ਹੁਕਮ ਸੁਣਾ ਦਿੱਤਾ ਜਿਥੇ ਉਹ ਹਨੇਰੀ ਕੋਠੜੀ ਦੀ ਚਟਾਨੀ ਦੀਵਾਰ ਉੱਤੇ ਸਿਰ ਰੱਖ ਕੇ ਉਸ ਰਾਤ ਸ਼ਾਂਤੀ ਨਾਲ ਤੇ ਦਿਲੋਂ ਹੌਲਾ ਫੁੱਲ ਹੋ ਕੇ ਸੁੱਤਾ।

ਅਗਲੇ ਦਿਨ ਜੋਹਨ ਦਾ ਪਿਤਾ ਆਇਆ ਅਤੇ ਗਵਰਨਰ ਦੇ ਸਾਹਮਣੇ ਪੇਸ਼ ਹੋ ਕੇ ਉਸ ਨੇ ਇਹ ਮੰਨ ਲਿਆ ਕਿ ਉਸਦਾ ਪੁੱਤਰ ਪਾਗਲ ਹੈ ਅਤੇ ਉਦਾਸ ਜਿਹਾ ਹੋ ਕੇ ਕਹਿਣ ਲੱਗਾ, “ਮਹਾਰਾਜ ਕਈ ਵਾਰੀ ਮੈਂ ਇਸਨੂੰ ਇਕਾਂਤ ਵਿਚ ਆਪਣੇ ਆਪ ਨਾਲ ਅਜੀਬੋ-ਗ਼ਰੀਬ ਜਿਹੀਆਂ ਗੱਲਾਂ ਕਰਦਿਆਂ ਸੁਣਿਆ ਹੈ ਜਿਨ੍ਹਾਂ ਦੀ ਕੋਈ ਹੋਂਦ ਹੀ ਨਹੀਂ। ਕਈ ਵਾਰ ਉਹ ਰਾਤ ਦੀ ਖ਼ਾਮੋਸ਼ੀ ਵਿਚ ਇਕੱਲਾ ਬੈਠਾ ਕੁਝ ਨਾ ਕੁਝ ਬੁੜਬੁੜਾਉਂਦਾ ਰਹਿੰਦਾ ਹੈ। ਮੈਂ ਇਸਨੂੰ ਭਿਆਨਕ ਆਵਾਜ਼ ਵਿਚ ਰਾਤ ਦੇ ਪਰਛਾਵਿਆਂ ਨੂੰ ਬੁਲਾਉਂਦੇ ਸੁਣਿਆ ਹੈ ਜੋ ਜਾਦੂ ਟੂਣੇ ਦੇ ਮੰਤਰਾਂ ਜਿਹੀ ਹੁੰਦੀ ਹੈ। ਤੁਸੀਂ ਗੁਆਂਢੀਆਂ ਤੇ ਇਸਦੇ ਦੋਸਤਾਂ ਨੂੰ ਪੁੱਛ ਸਕਦੇ ਹੋ ਜਿਹੜੇ ਉਸ ਨਾਲ ਗੱਲਬਾਤ ਕਰਦੇ ਤੇ ਉਸਨੂੰ ਜਾਣਦੇ ਹਨ। ਉਸ ਨਾਲ ਜਦੋਂ ਕੋਈ ਗੱਲ ਕਰਦਾ ਹੈ ਤਾਂ ਉਹ ਅੱਵਲ ਤਾਂ ਜੁਆਬ ਹੀ ਨਹੀਂ ਦਿੰਦਾ ਅਤੇ ਜੇ ਬੋਲਦਾ ਹੈ ਤਾਂ ਬੇਹੂਦਾ ਲਫ਼ਜ਼ ਵਰਤਦਾ ਹੈ ਜੋ ਕਿਸੇ ਦੀ ਵੀ ਸਮਝ ਤੋਂ ਬਾਹਰ ਤੇ ਬੇਮਤਲਬ ਹੁੰਦੇ ਹਨ। ਉਸਦੀ ਮਾਂ ਨੂੰ ਪੁੱਛੋ, ਜੋ ਉਸ ਬਾਰੇ ਬੜੀ ਚੰਗੀ ਤਰ੍ਹਾਂ ਜਾਣਦੀ ਹੈ। ਉਸਨੇ ਕਈ ਵਾਰ ਜੋਹਨ ਨੂੰ ਦੂਰ ਦੁਮੇਲ ਵਿਚ ਚਮਕਦੀਆਂ ਅੱਖਾਂ ਨਾਲ ਘੂਰ ਕੇ ਵੇਖਦੇ ਤੇ ਭਾਵੁਕ ਹੋ ਕੇ ਛੋਟੇ ਬੱਚੇ ਵਾਂਗ ਚਸ਼ਮਿਆਂ, ਫੁੱਲਾਂ ਤੇ ਤਾਰਿਆਂ ਬਾਰੇ ਉਤੇਜਨਾ ਨਾਲ ਬੋਲਦੇ ਵੇਖਿਆ ਹੈ। ਗਿਰਜੇ ਦੇ ਉਨ੍ਹਾਂ ਪਾਦਰੀਆਂ ਨੂੰ ਪੁੱਛੋ ਜਿਨ੍ਹਾਂ ਦੇ ਉਪਦੇਸ਼ਾਂ ਤੇ ਪਵਿੱਤਰ ਜੀਵਨ ਦਾ ਉਸਨੇ ਮਜ਼ਾਕ ਉਡਾਇਆ ਹੈ ਅਤੇ ਪਵਿੱਤਰ ਬਾਈਬਲ ਦੀ ਆਲੋਚਨਾ ਕੀਤੀ ਹੈ। ਇਹ ਪਾਗਲ ਹੈ, ਮਹਾਰਾਜ; ਪਰ ਉਹ ਮੇਰੇ ਅਤੇ ਆਪਣੀ ਮਾਂ ਪ੍ਰਤੀ ਬੜਾ ਦਇਆਲੂ ਹੈ।

ਉਹ ਸਾਡੀ ਇਸ ਬੁੱਢੀ ਉਮਰੇ ਸੇਵਾ ਕਰ ਰਿਹਾ ਹੈ ਅਤੇ ਸਾਡੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਕਰੜੀ ਮਿਹਨਤ ਕਰਦਾ ਹੈ। ਸਾਡੇ ਉੱਤੇ ਤਰਸ ਖਾ ਕੇ ਉਸ ਉੱਤੇ ਦਇਆ ਕਰੋ। ਇਸਦੀ ਮੂਰਖਤਾ ਨੂੰ ਬਖ਼ਸ਼ ਦਿਓ।”

ਤਰਸ ਖਾ ਕੇ ਗਵਰਨਰ ਨੇ ਉਸਨੂੰ ਛੱਡ ਦਿੱਤਾ ਅਤੇ ਉਸਦੇ ਪਾਗਲਪਨ ਦੀ ਖ਼ਬਰ ਸਾਰੇ ਪਿੰਡ ਵਿਚ ਅੱਗ ਵਾਂਗ ਫੈਲ ਗਈ। ਲੋਕੀਂ ਜੋਹਨ ਬਾਰੇ ਗੱਲ ਕਰਦੇ ਤਾਂ ਵਿਅੰਗ ਕੱਸਦੇ ਹੋਏ ‘ਪਾਗਲ’ ‘ਪਾਗਲ’ ਕਹਿੰਦੇ ਅਤੇ ਮੁਟਿਆਰਾਂ ਉਸ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਵੇਖ ਕੇ ਕਹਿੰਦੀਆਂ, “ਖ਼ੁਦਾ ਦੀ ਕਰਨੀ ਵੇਖੋ ! ਚੰਗਾ ਭਲਾ ਮਨੁੱਖ ਕਿਹੀ ਅਜੀਬ ਕਿਸਮਤ ਇਹ ਨੌਜਵਾਨ ਕਿੰਨਾ ਖ਼ੂਬਸੂਰਤ ਹੈ ਪਰ ਵਿਚਾਰਾ ਪਾਗਲ ਹੈ। ਇਸਦੀਆਂ ਅੱਖਾਂ ਵੇਖਣ ਨੂੰ ਕਿੰਨੀਆਂ ਸੋਹਣੀਆਂ ਹਨ ਪਰ ਖ਼ੁਦਾ ਨੇ ਉਸ ਤੇਜ ਨੂੰ ਉਸਦੀ ਅਦਿੱਖ ਆਤਮਾ ਦੇ ਹਨੇਰੇ ਨਾਲ ਜੋੜ ਦਿੱਤਾ ਹੈ।

X X X X X X

ਖ਼ੁਦਾ ਦੇ ਖੇਤਾਂ ਤੇ ਬਗ਼ੀਚਿਆਂ ਵਿਚ ਅਤੇ ਛੋਟੀਆਂ ਪਹਾੜੀਆਂ ਦੇ ਨਾਲ- ਨਾਲ ਦਰੀਆਂ ਵਾਂਗ ਵਿਛੇ ਹਰੇ ਭਰੇ ਘਾਹ ਤੇ ਨਦੀ ਨਾਲਿਆਂ ਦੀਆਂ ਖ਼ੂਬਸੂਰਤ ਛੱਲਾਂ ਵਿਚਕਾਰ ਇਕੱਲਾ ਬੈਠਾ ਜੋਹਨ ਅਡੋਲ ਬਲਦਾਂ ਨੂੰ ਚਰਦੇ ਹੋਏ ਵੇਖਦਾ ਰਹਿੰਦਾ। ਉਸਦੀ ਆਤਮਾ ਸੁੱਖ ਚੈਨ ਦਾ ਸਾਹ ਲੈਂਦੀ ਮਨੁੱਖੀ ਜ਼ੁਲਮ ਤੋਂ ਪਰ੍ਹੇ ਆਨੰਦ ਵਿਚ ਸੀ। ਹੰਝੂ ਭਰੀਆਂ ਅੱਖਾਂ ਨਾਲ ਉਸਨੇ ਘਾਟੀ ਦੇ ਨਾਲ ਨਾਲ ਦੋਵੇਂ ਪਾਸੇ ਦੇ ਪਿੰਡਾਂ ਵੱਲ ਦੂਰ ਦੂਰ ਤਕ ਨਿਗਾਹ ਮਾਰੀ ਤੇ ਠੰਡਾ ਸਾਹ ਭਰ ਕੇ ਕਹਿਣ ਲੱਗਾ, “ਤੁਸੀਂ ਅਨੇਕਾਂ ਹੋ ਤੇ ਮੈਂ ਇਕੱਲਾ, ਭੇੜੀਏ ਰਾਤ ਦੇ ਹਨੇਰੇ ਵਿਚ ਲੇਲਿਆਂ ਉੱਤੇ ਟੁੱਟ ਕੇ ਪੈ ਗਏ, ਪਰ ਘਾਟੀ ਵਿਚਲੇ ਪੱਥਰਾਂ ਉੱਤੇ ਖ਼ੂਨ ਦੇ ਦਾਗ਼ ਪ੍ਰਭਾਤ ਹੋਣ ਤਕ ਲੱਗੇ ਰਹਿੰਦੇ ਹਨ ਤੇ ਸੂਰਜ ਦੀ ਰੌਸ਼ਨੀ ਇਸ ਪਾਪ ਤੋਂ ਪਰਦਾ ਚੁੱਕ ਦਿੰਦੀ ਹੈ ਤੇ ਸਾਰੀ ਦੁਨੀਆ ਵਿਚ ਪ੍ਰਗਟ ਕਰ ਦਿੰਦੀ ਹੈ।”

ਪਰਦੇ ਉਹਲੇ

ਅੱਧੀ ਰਾਤ ਵੇਲੇ ਰਾਸ਼ਲ ਦੀ ਅੱਖ ਖੁੱਲ੍ਹੀ ਅਤੇ ਉਸਨੇ ਆਪਣੇ ਕਮਰੇ ਦੀ ਛੱਤ ਵੱਲ ਕਿਸੇ ਅਦਿੱਖ ਚੀਜ਼ ਨੂੰ ਬੜੇ ਮੋਹ ਨਾਲ ਤੱਕਿਆ। ਉਸਨੂੰ ਇੰਜ ਆਵਾਜ਼ ਸੁਣਾਈ ਦਿੱਤੀ ਜੋ ਜ਼ਿੰਦਗੀ ਦੀ ਨਿੰਮੀ ਜਿਹੀ ਆਵਾਜ਼ ਨਾਲੋਂ ਵੀ ਵਧੇਰੇ ਸ਼ਾਂਤ ਤੇ ਹੌਲੀ, ਡੂੰਘੀ ਘਾਟੀ ਦੀ ਸਿਸਕੀਆਂ ਭਰੀ ਆਵਾਜ਼ ਨਾਲੋਂ ਕਿਤੇ ਵਧੇਰੇ ਦੁੱਖ ਵਿਚ ਡੁੱਬੀ ਹੋਈ, ਚਿੱਟੇ ਖੰਭਾਂ ਦੀ ਸਰਸਰਾਹਟ ਨਾਲੋਂ ਵਧੇਰੇ ਮੁਲਾਇਮ ਅਤੇ ਲਹਿਰਾਂ ਦੇ ਟਕਰਾਉਣ ਨਾਲੋਂ ਵਧੇਰੇ ਗਹਿਰੀ ਸੀ…..ਇਹ ਆਵਾਜ਼ ਆਸਾ- ਨਿਰਾਸਾ, ਖ਼ੁਸ਼ੀ-ਗ਼ਮੀ ਅਤੇ ਜੀਵਨ ਲਈ ਪਿਆਰ ਪਰ ਮੌਤ ਦੀ ਇੱਛਾ ਨਾਲ ਗੂੰਜ ਉੱਠੀ। ਉਸੇ ਵੇਲੇ ਰਾਸ਼ਲ ਨੇ ਪਲਕਾਂ ਮੁੰਦ ਲਈਆਂ, ਹਉਕਾ ਭਰਿਆ ਤੇ ਹਟਕੋਰੇ ਲੈਂਦੀ ਹੋਈ ਉਹ ਕਹਿਣ ਲੱਗੀ, “ਘਾਟੀ ਦੇ ਦੂਰ ਸਿਰਿਆਂ ਤਕ ਪ੍ਰਭਾਤ ਨੇ ਆਪਣਾ ਪੱਲੂ ਫੈਲਾ ਦਿੱਤਾ ਹੈ; ਸਾਨੂੰ ਚੜ੍ਹਦੇ ਸੂਰਜ ਨੂੰ ਸਲਾਮ ਕਰਨੀ ਤੇ ਉਸ ਨਾਲ ਜਾ ਮਿਲਣਾ ਚਾਹੀਦਾ ਹੈ।” ਇਹ ਕਹਿੰਦਿਆਂ ਹੀ ਉਸ ਦੇ ਹੋਂਠ ਇੰਜ ਖੁੱਲ੍ਹ ਕੇ ਬੰਦ ਹੋ ਰਹੇ ਸਨ ਜਿਵੇਂ ਉਸਦੀ ਆਤਮਾ ਦੇ ਧੁਰ ਅੰਦਰਲੇ ਡੂੰਘੇ ਜ਼ਖ਼ਮ ਨੂੰ ਕੁਰੇਦ ਰਹੇ ਹੋਣ।

ਉਸੇ ਪਲ ਪਾਦਰੀ ਉਸ ਦੇ ਮੰਜੇ ਵੱਲ ਲਪਕਿਆ, ਉਸ ਦਾ ਹੱਥ ਫੜਿਆ ਜੋ ਬਰਫ਼ ਜਿਹਾ ਠੰਡਾ ਯਖ਼ ਸੀ; ਅਤੇ ਜਦੋਂ ਉਸਨੇ ਕਾਹਲੀ ਨਾਲ ਉਸ ਦੇ ਦਿਲ ਦੀ ਧੜਕਣ ਵੇਖਣ ਲਈ ਛਾਤੀ ‘ਤੇ ਹੱਥ ਰੱਖਿਆ ਤਾਂ ਉਸਨੂੰ ਯਕੀਨ ਹੋ ਗਿਆ ਕਿ ਉਹ ਯੁੱਗਾਂ ਤੋਂ ਅਹਿਲ ਅਤੇ ਉਸ ਦੇ ਦਿਲ ਦੇ ਭੇਦ ਵਾਂਗ ਖ਼ਾਮੋਸ਼ मी।

ਸਤਿਕਾਰਤ ਪਾਦਰੀ ਨੇ ਬਹੁਤ ਹੀ ਮਾਯੂਸੀ ਨਾਲ ਸਿਰ ਝੁਕਾਅ ਦਿੱਤਾ। ਉਸ ਦੇ ਹੋਂਠ ਕੰਬ ਉੱਠੇ ਜਿਵੇਂ ਕੋਈ ਦੈਵੀ ਲਫ਼ਜ਼ ਕਹਿਣਾ ਚਾਹੁੰਦੇ ਹੋਣ ਜੋ ਦੂਰ ਉਜਾੜ ਘਾਟੀਆਂ ਵਿਚ ਰਾਤ ਦੇ ਪਰੇਤਾਂ ਰਾਹੀਂ ਦੁਹਰਾਏ ਗਏ ਹੋਣ।

ਮੁਟਿਆਰ ਦੀ ਛਾਤੀ ਉੱਤੇ ਉਸਦੀਆਂ ਬਾਹਵਾਂ ਟਿਕਾਉਣ ਪਿੱਛੋਂ ਪਾਦਰੀ ਨੇ ਕਮਰੇ ਦੇ ਹਨੇਰੇ ਕੋਨੇ ਵਿਚ ਬੈਠੇ ਵਿਅਕਤੀ ਵੱਲ ਵੇਖਦਿਆਂ ਦਇਆ ਤੇ ਤਰਸ ਭਰੀ ਆਵਾਜ਼ ਵਿਚ ਕਿਹਾ, “ਤੇਰੀ ਪਤਨੀ ਰੌਸ਼ਨੀ ਦੇ ਮਹਾਨ ਦਾਇਰੇ ਵਿਚ ਪੁੱਜ ਗਈ ਹੈ। ਆਉ, ਮੇਰੇ ਵੀਰ ਰਲ ਕੇ ਉਸਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰੀਏ।”

ਸੋਗ ਵਿਚ ਡੁੱਬੇ ਪਤੀ ਨੇ ਆਪਣਾ ਸਿਰ ਉਤਾਂਹ ਚੁੱਕਿਆ; ਉਹ ਟਿਕਟਿਕੀ ਲਾ ਕੇ ਵੇਖਦਾ ਰਿਹਾ, ਉਸ ਦੀਆਂ ਅੱਖਾਂ ਜਿਵੇਂ ਅਦਿੱਖ ਵੱਲ ਵੇਖ ਰਹੀਆਂ ਸਨ ਅਤੇ ਉਸ ਦੇ ਹਾਵ-ਭਾਵ ਬਦਲ ਗਏ ਜਿਵੇਂ ਉਸ ਨੂੰ ਅਣਜਾਣੇ ਖ਼ੁਦਾ ਦੇ ਰੂਪ ਵਿੱਚੋਂ ਬੋਧ ਸ਼ਕਤੀ ਦਾ ਅਹਿਸਾਸ ਹੋਇਆ ਹੋਵੇ । ਉਸ ਨੇ ਆਪਣਾ ਬਚਿਆ ਖੁਚਿਆ ਆਪਾ ਇਕੱਠਾ ਕੀਤਾ ਅਤੇ ਸਨਮਾਨ ਨਾਲ ਆਪਣੀ ਪਤਨੀਂ ਦੇ ਬਿਸਤਰੇ ਵੱਲ ਵਧਿਆ ਤੇ ਪਾਦਰੀ ਦੇ ਨਾਲ ਇਕ ਪਾਸੇ ਬਹਿ ਗਿਆ ਜੋ ਪ੍ਰਾਰਥਨਾ ਤੇ ਵਿਰਲਾਪ ਕਰਦਾ ਹੋਇਆ ਕਰਾਸ ਦਾ ਨਿਸ਼ਾਨ ਬਣਾ ਰਿਹਾ ਸੀ।

ਦੁੱਖ ਤੇ ਸੋਗ ਵਿਚ ਡੁੱਬੇ ਪਤੀ ਦੇ ਮੋਢਿਆਂ ਉੱਤੇ ਹੱਥ ਰੱਖਦੇ ਹੋਏ ਪਾਦਰੀ ਨੇ ਹੌਲੇ ਜਿਹੇ ਕਿਹਾ, “ਤੂੰ ਨਾਲ ਦੇ ਕਮਰੇ ਵਿਚ ਚਲਾ ਜਾਹ, ਮੇਰੇ ਵੀਰ, ਤੈਨੂੰ ਆਰਾਮ ਦੀ ਸਖ਼ਤ ਲੋੜ ਹੈ।”

ਉਹ ਪਾਦਰੀ ਦੀ ਆਗਿਆ ਦਾ ਪਾਲਣ ਕਰਦਾ ਹੋਇਆ ਉੱਠਿਆ, ਕਮਰੇ ਵੱਲ ਗਿਆ ਅਤੇ ਆਪਣੇ ਥੱਕੇ ਟੁੱਟੇ ਜਿਸਮ ਨੂੰ ਬਿਸਤਰੇ ਦੇ ਹਵਾਲੇ ਕਰ ਦਿੱਤਾ ਅਤੇ ਕੁਝ ਹੀ ਪਲਾਂ ਵਿਚ ਉਹ ਨੀਂਦ ਦੇ ਸਮੁੰਦਰ ਵਿਚ ਗੋਤੇ ਖਾ ਰਿਹਾ ਸੀ ਜਿਵੇਂ ਕੋਈ ਛੋਟਾ ਬੱਚਾ ਆਪਣੀ ਪਿਆਰੀ ਮਾਂ ਦੀਆਂ ਦਇਆਲੂ ਬਾਹਵਾਂ ਵਿਚ ਆਸਰਾ ਲੈ ਰਿਹਾ ਹੋਵੇ।

X X X X X X

ਪਾਦਰੀ ਬੁੱਤ ਜਿਹਾ ਬਣਿਆ ਕਮਰੇ ਦੇ ਵਿਚਕਾਰ ਖੜਾ ਰਿਹਾ, ਉਹ ਅਜੀਬ ਜਿਹੀ ਉਲਝਣ ਦਾ ਸ਼ਿਕਾਰ ਸੀ। ਪਹਿਲਾਂ ਉਸ ਨੇ ਹੰਝੂ ਭਰੀਆਂ ਅੱਖਾਂ ਨਾਲ ਨੌਜਵਾਨ ਇਸਤਰੀ ਦੇ ਠੰਡੇ ਯਖ਼ ਸਰੀਰ ਵੱਲ ਵੇਖਿਆ ਅਤੇ ਫਿਰ ਪਰਦੇ ਵਿੱਚੋਂ ਉਸ ਦੇ ਪਤੀ ਵੱਲ, ਜੋ ਨੀਂਦ ਦੀ ਗੋਦ ਵਿਚ ਮਗਨ ਪਿਆ ਸੀ। ਇਕ ਘੰਟਾ, ਜੋ ਇਕ ਯੁੱਗ ਨਾਲੋਂ ਵੀ ਲੰਮਾ ਤੇ ਮੌਤ ਨਾਲੋਂ ਵੀ ਭਿਆਨਕ ਸੀ, ਬੀਤ ਗਿਆ ਪਰ ਪਾਦਰੀ ਹਾਲੇ ਵੀ ਦੋ ਵਿਛੜੀਆਂ ਰੂਹਾਂ ਵਿਚਕਾਰ ਖੜਾ ਸੀ। ਇਕ ਰੂਹ ਸੁਪਨੇ ਲੈ ਰਹੀ ਸੀ ਜਿਵੇਂ ਸਰਦੀਆਂ ਦੇ ਦੁਖਾਂਤ ਪਿੱਛੋਂ ਖੇਤ ਬਸੰਤ ਰੁੱਤ ਦੇ ਆਉਣ ਦੀ ਆਸ ਕਰਦੇ ਹਨ ਤੇ ਦੂਸਰੀ ਰੂਹ ਸਦੀਵਤਾ ਦੀ ਗੋਦ ਵਿਚ ਆਰਾਮ ਕਰ ਰਹੀ ਸੀ।

ਪਾਦਰੀ ਫਿਰ ਉਸ ਨੌਜਵਾਨ ਇਸਤਰੀ ਦੇ ਨੇੜੇ ਆਇਆ ਅਤੇ ਉਸ ਵੱਲ ਇੰਜ ਝੁਕਿਆ ਜਿਵੇਂ ਕਿਸੇ ਦੇਵੀ ਦੀ ਪੂਜਾ ਕਰ ਰਿਹਾ ਹੋਵੇ; ਉਸ ਨੇ ਉਸ ਇਸਤਰੀ ਦਾ ਠੰਡਾ ਯਖ਼ ਹੱਥ ਆਪਣੇ ਹੱਥ ਵਿਚ ਫੜਿਆ ਤੇ ਆਪਣੇ ਕੰਬਦੇ ਹੋਠਾਂ ਨਾਲ ਲਾਇਆ ਅਤੇ ਉਸ ਦੇ ਚਿਹਰੇ ਵੱਲ ਧਿਆਨ ਨਾਲ ਵੇਖਿਆ ਜੋ ਮੌਤ ਦੇ ਪਰਦੇ ਨਾਲ ਢਕਿਆ ਹੋਇਆ ਸੀ। ਉਸ ਦੀ ਆਵਾਜ਼ ਰਾਤ ਵਾਂਗ ਸ਼ਾਂਤ ਹੋਣ ਦੇ ਨਾਲ ਨਾਲ ਗੁਫ਼ਾ ਨਾਲੋਂ ਡੂੰਘੀ ਤੇ ਮਨੁੱਖ ਦੀਆਂ ਆਸਾਂ ਨਾਲੋਂ ਵੱਧ ਥਿੜਕਵੀਂ ਸੀ। ਇਸੇ ਆਵਾਜ਼ ਵਿਚ ਉਹ ਕੁਰਲਾ ਉੱਠਿਆ, “ਉਹ ਰਾਸ਼ਲ ਮੇਰੀ ਆਤਮਾ ਦੀ ਦੁਲਹਨ, ਮੇਰੀ ਗੱਲ ਸੁਣ। ਅਖ਼ੀਰ ਮੈਂ ਦਿਲ ਦੀ ਗੱਲ ਕਹਿਣ ਯੋਗ ਹੋ ਹੀ ਸਕਿਆ ਹਾਂ! ਤੇਰੀ ਮੌਤ ਨੇ ਮੈਨੂੰ ਆਪਣੀ ਜ਼ਬਾਨ ਖੋਲ੍ਹਣ ਲਈ ਮਜਬੂਰ ਕਰ ਦਿੱਤਾ ਹੈ ਤਾਂ ਕਿ ਮੈਂ ਜ਼ਿੰਦਗੀ ਨਾਲੋਂ ਵੀ ਗਹਿਰੇ ਭੇਦ ਨੂੰ ਤੇਰੇ ਸਾਹਮਣੇ ਖੋਲ੍ਹ ਸਕਾਂ। ਦੁੱਖ ਨੇ ਮੇਰੀ ਜ਼ਬਾਨ ਉੱਤੇ ਲੱਗਾ ਤਾਲਾ ਖੋਲ੍ਹਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਮੈਂ ਆਪਣੇ ਦੁੱਖਾਂ ਨੂੰ ਵਧੇਰੇ ਦਰਦ ਭਰੇ ਢੰਗ ਨਾਲ ਦੱਸ ਸਕਦਾ ਹਾਂ ਜੋ ਦਰਦ ਨਾਲੋਂ ਵੀ ਵੱਧ ਦਰਦੀਲਾ ਹੈ। ਮੇਰੀ ਆਤਮਾ ਦੀ ਚੀਕ ਪੁਕਾਰ ਸੁਣ ਓ ਪਵਿੱਤਰ ਆਤਮਾ, ਜੋ ਧਰਤੀ ਤੇ ਆਕਾਸ਼ ਵਿਚਕਾਰ ਮੰਡਰਾ ਰਹੀ ਏ। ਉਸ ਨੌਜੁਆਨ ਦੀ ਹਾਲਤ ਵੱਲ ਧਿਆਨ ਦੇਹ ਜੋ ਤੇਰੀ ਖ਼ੂਬਸੂਰਤੀ ਦਾ ਖਿੱਚਿਆ ਤੈਨੂੰ ਖੇਤਾਂ ‘ਚੋਂ ਆਉਂਦੀ ਹੋਈ ਨੂੰ ਉਡੀਕਦਾ ਤੇ ਦਰੱਖ਼ਤਾਂ ਉਹਲਿਓਂ ਤੈਨੂੰ ਨਿਹਾਰਦਾ ਰਹਿੰਦਾ। ਉਸ ਪਾਦਰੀ ਦੀ ਗੱਲ ਸੁਣ, ਜੋ ਹੁਣ ਪਰਮਾਤਮਾ ਦੀ ਸੇਵਾ ਵਿਚ ਹੈ ਪਰ ਬੜੀ ਬੇਸ਼ਰਮੀ ਨਾਲ ਤੈਨੂੰ ਬੁਲਾ ਰਿਹਾ ਹੈ ਜਦੋਂ ਕਿ ਤੂੰ ਖ਼ੁਦਾ ਦੇ ਦੇਸ਼ ਜਾ ਪੁੱਜੀ ਹੈਂ। ਮੈਂ ਆਪਣੀ ਪਿਆਰ ਭਾਵਨਾ ਨੂੰ ਛੁਪਾ ਕੇ ਆਪਣੇ ਪਿਆਰ ਦੀ ਤਾਕਤ ਨੂੰ ਸਾਬਤ ਕਰ ਦਿੱਤਾ ਹੈ।”

ਇਸ ਤਰ੍ਹਾਂ ਆਪਣੀ ਆਤਮਾ ਦੇ ਅੰਦਰੂਨੀ ਭੇਦ ਖੋਲ੍ਹ ਕੇ ਪਾਦਰੀ ਉਸ ਉੱਤੇ ਝੁਕਿਆ ਅਤੇ ਆਪਣੇ ਦਿਲ ਦੇ ਦੁੱਖ-ਦਰਦ ਤੇ ਪਿਆਰ ਦੇ ਭੇਦ ਅਤੇ ਵਰ੍ਹਿਆਂ ਦੀ ਵੇਦਨਾ ਨੂੰ ਪ੍ਰਗਟ ਕਰਕੇ ਤਿੰਨ ਡੂੰਘੇ, ਨਿੱਘੇ ਤੇ ਖ਼ਾਮੋਸ਼ ਚੁੰਮਣ ਉਸ ਦੇ ਮੱਥੇ, ਅੱਖਾਂ ਤੇ ਗਲੇ ਉੱਤੇ ਲਏ। ਫਿਰ ਉਹ ਇਕਦਮ ਉੱਠਿਆ ਅਤੇ ਹਨੇਰੇ ਕੋਨੇ ਵੱਲ ਦੁਖੀ ਦਿਲ ਲੈ ਕੇ ਢਹਿ-ਢੇਰੀ ਹੋ ਗਿਆ, ਉਹ ਪੱਤਝੜ ਦੇ ਪੱਤੇ ਵਾਂਗ ਕੰਬ ਰਿਹਾ ਸੀ ਜਿਵੇਂ ਰਾਸ਼ਲ ਦੇ ਠੰਡੇ ਯਖ਼ ਚਿਹਰੇ ਦੀ ਛੋਹ ਨੇ ਉਸ ਅੰਦਰ ਪਛਤਾਵੇ ਦੀ ਭਾਵਨਾ ਨੂੰ ਜਗਾ ਦਿੱਤਾ ਹੋਵੇ; ਉਸ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਹੱਥਾਂ ਵਿਚ ਮੂੰਹ ਲੈ ਕੇ ਗੋਡਿਆਂ ਭਾਰ ਬਹਿ ਗਿਆ, ਫਿਰ ਹੌਲੀ ਹੌਲੀ ਬੁੱਲ੍ਹਾਂ ਵਿਚ ਫੁਸਫਸਾਉਣ ਲੱਗਾ, “ਪਰਮਾਤਮਾ…..ਮੇਰਾ ਗੁਨਾਹ ਮੁਆਫ਼ ਕਰੀਂ, ਓ ਮਾਲਕ, ਮੇਰੀ ਕਮਜ਼ੋਰੀ ਲਈ ਮੁਆਫ਼ੀ ਦੇਈਂ। ਮੈਂ ਇਹ ਭੇਦ ਖੋਲ੍ਹੇ ਬਿਨਾਂ ਨਹੀਂ ਰਹਿ ਸਕਿਆ ਜੋ ਤੂੰ ਜਾਣਦਾ ਹੀ ਹੈਂ, ਤੇਰੇ ਕੋਲੋਂ ਕੁਝ ਵੀ ਲੁਕਿਆ ਹੋਇਆ ਨਹੀਂ। ਮੈਂ ਸੱਤ ਸਾਲ ਆਪਣੇ ਦਿਲ ਦੇ ਛੁਪੇ ਗਹਿਰੇ ਭੇਦਾਂ ਨੂੰ ਜ਼ੁਬਾਨ ਤੋਂ ਬੋਲ ਕੇ ਨਹੀਂ ਦੱਸਿਆ, ਦਿਲ ਦੇ ਭੇਦਾਂ ਨੂੰ ਸ਼ਾਬਦਿਕ ਜਾਮਾ ਨਹੀਂ ਪੁਆ ਸਕਿਆ ਪਰ ਮੇਰੇ ਖ਼ੁਦਾ, ਇਸ ਭਿਆਨਕ ਤੇ ਖ਼ੂਬਸੂਰਤ ਯਾਦਾਸ਼ਤ ਨੂੰ ਛੁਪਾ ਕੇ ਰੱਖਣ ਵਿਚ ਮੇਰੀ ਮਦਦ ਕਰ ਜੋ ਜ਼ਿੰਦਗੀ ਵਿਚ ਖ਼ੁਸ਼ੀ ਦਾ ਸੰਚਾਰ ਕਰਦੀ ਹੈ, ਪਰ ਤੇਰੇ ਵੱਲੋਂ ਝੂਠਿਆਂ ਪਾਉਂਦੀ ਹੈ। ਮੁਆਫ਼ ਕਰੀਂ, ਮੇਰੇ ਮਾਲਕ, ਮੇਰੀ ਕਮਜ਼ੋਰੀ ਨੂੰ ਮੁਆਫ਼ ਕਰੀਂ।”

1 ਨੌਜਵਾਨ ਇਸਤਰੀ ਦੀ ਲਾਸ਼ ਵੱਲ ਵੇਖੇ ਬਿਨਾਂ ਹੀ ਉਹ ਉਦੋਂ ਤਕ ਦੁਖੀ ਹੁੰਦਾ ਤੇ ਵਿਰਲਾਪ ਕਰਦਾ ਰਿਹਾ ਜਦੋਂ ਤਕ ਕਿ ਪ੍ਰਭਾਤ ਨੇ ਆਪਣੇ ਚਾਨਣ ਦੀ ਚਾਦਰ ਨਾ ਖਿਲਾਰ ਦਿੱਤੀ ਅਤੇ ਦੋ ਅਹਿਲ ਪਰਛਾਈਆਂ ਉੱਤੇ ਗੁਲਾਬੀ ਪਰਦਾ ਨਾ ਪਾ ਦਿੱਤਾ, ਇਕ ਪਾਸੇ ਇਕ ਇਨਸਾਨ ਦੇ ਪਿਆਰ ਤੇ ਧਰਮ ਵਿਚਲੇ ਸੰਘਰਸ਼ ਨੂੰ ਸਾਹਮਣੇ ਲਿਆਂਦਾ! ਦੂਜੇ ਦੇ ਜੀਵਨ ਤੇ ਮੌਤ ਦੀ ਸ਼ਾਂਤੀ ਨੂੰ।

ਅਭਿਲਾਖੀ ਬਨਫ਼ਸ਼ਾ

ਇਕ ਬਹੁਤ ਹੀ ਖ਼ੂਬਸੂਰਤ ਤੇ ਸੁਗੰਧ ਭਰਿਆ ਬਨਫ਼ਸ਼ੇ ਦਾ ਫੁੱਲ, ਜੋ ਆਪਣੇ ਸਾਥੀ ਫੁੱਲਾਂ ਨਾਲ ਬਗ਼ੀਚੀ ਵਿਚ ਪ੍ਰਸੰਨਚਿਤ ਰਹਿੰਦਾ ਅਤੇ ਇਕਾਂਤ ਬਗ਼ੀਚੇ ਵਿਚ ਹੋਰ ਫੁੱਲਾਂ ਵਿਚਕਾਰ ਖ਼ੁਸ਼ੀ ਨਾਲ ਝੂੰਮਦਾ ਸੀ, ਇਕ ਸਵੇਰ, ਜਦੋਂ ਉਸਦਾ ਤਾਜ ਤ੍ਰੇਲ ਰੂਪੀ ਮੋਤੀਆਂ ਨਾਲ ਸਜਿਆ ਹੋਇਆ ਸੀ, ਉਸਨੇ ਸਿਰ ਉਤਾਂਹ ਚੁੱਕਿਆ ਤੇ ਆਲੇ-ਦੁਆਲੇ ਝਾਤੀ ਮਾਰੀ; ਉਸ ਵੇਖਿਆ ਇਕ ਲੰਮਾ ਉੱਚਾ ਖ਼ੂਬਸੂਰਤ ਗੁਲਾਬ ਦਾ ਫੁੱਲ ਬੜੇ ਹੀ ਮਾਣ ਨਾਲ ਸਿਰ ਉੱਚਾ ਕਰ ਕੇ ਖੜਾ ਉਪਰ ਵੱਲ ਨੂੰ ਉੱਠ ਰਿਹਾ ਸੀ, ਜਿਵੇਂ ਕਿ ਹਰੇ ਰੰਗ ਦੀ ਲੈਂਪ ਉੱਤੇ ਬਲਦੀ ਬੱਤੀ ਹੋਵੇ।

ਬਨਫ਼ਸ਼ੇ ਨੇ ਆਪਣੇ ਕਾਸ਼ਨੀ ਰੰਗ ਦੇ ਹੋਂਠ ਖੋਲ੍ਹੇ ਅਤੇ ਕਿਹਾ, “ਇਨ੍ਹਾਂ ਫੁੱਲਾਂ ਦੇ ਵਿਚਕਾਰ ਮੈਂ ਕਿੰਨਾ ਅਭਾਗਾ ਹਾਂ ਅਤੇ ਇਨ੍ਹਾਂ ਦੇ ਸਾਹਮਣੇ ਮੈਂ ਕਿੰਨਾ ਨਿਮਾਣਾ ਜਿਹਾ ਲੱਗਦਾ ਹਾਂ ! ਕੁਦਰਤ ਨੇ ਮੈਨੂੰ ਕਿੰਨਾ ਛੋਟਾ ਗਰੀਬੜਾ ਜਿਹਾ ਬਣਾਇਆ ਹੈ…..ਮੈਂ ਧਰਤੀ ਦੇ ਕਿੰਨੀ ਨੇੜੇ ਰਹਿੰਦਾ ਹਾਂ, ਪਰ ਮੈਂ ਗੁਲਾਬ ਦੇ ਫੁੱਲਾਂ ਵਾਂਗ ਨਾ ਤਾਂ ਆਪਣਾ ਸਿਰ ਨੀਲੇ ਆਕਾਸ਼ ਵੱਲ ਉੱਚਾ ਚੁੱਕ ਸਕਦਾ ਹਾਂ ਤੇ ਨਾ ਹੀ ਆਪਣਾ ਚਿਹਰਾ ਘੁੰਮਾ ਕੇ ਸੂਰਜ ਵੱਲ ਵੇਖ ਸਕਦਾ ਹਾਂ।”

ਗੁਲਾਬ ਨੇ ਪੜੋਸੀ ਫੁੱਲ ਦੀ ਗੱਲ ਸੁਣੀ, ਉਹ ਹੱਸਿਆ ਤੇ ਕਹਿਣ ਲੱਗਾ, “ਤੇਰੀਆਂ ਗੱਲਾਂ ਕਿੰਨੀਆਂ ਅਜੀਬੋ-ਗ਼ਰੀਬ ਨੇ। ਤੂੰ ਕਿੰਨਾ ਖ਼ੁਸ਼ਕਿਸਮਤ ਏਂ ਪਰ ਆਪਣੀ ਕਿਸਮਤ ਉੱਤੇ ਝੂਰ ਰਿਹਾ ਏਂ। ਕੁਦਰਤ ਨੇ ਤੈਨੂੰ ਉਹ ਸੁਗੰਧੀ ਅਤੇ ਸੁੰਦਰਤਾ ਬਖ਼ਸ਼ੀ ਹੈ ਜੋ ਕਿਸੇ ਹੋਰ ਦੇ ਹਿੱਸੇ ਨਹੀਂ ਆਈ…..ਇਨ੍ਹਾਂ ਵਿਚਾਰਾਂ ਨੂੰ ਛੱਡ ਕੇ ਆਪਣੇ ਆਪ ਵਿਚ ਸੰਤੁਸ਼ਟ ਰਹਿ, ਇਹ ਵੀ ਯਾਦ ਰੱਖ ਕੇ ਨੀਵੇਂ ਦੀ ਸਦਾ ਵਡਿਆਈ ਹੁੰਦੀ ਹੈ ਅਤੇ ਜੋ ਆਪਣੀ ਵਡਿਆਈ ਆਪ ਕਰਦਾ ਹੈ, ਬਰਬਾਦ ਹੋ ਜਾਂਦਾ ਹੈ।”

ਬਨਫ਼ਸ਼ੇ ਨੇ ਉੱਤਰ ਦਿੱਤਾ, “ਤੂੰ ਮੈਨੂੰ ਤਸੱਲੀ ਦੇ ਰਿਹਾ ਏਂ ਕਿਉਂਕਿ ਤੇਰੇ ਕੋਲ ਉਹ ਸਭ ਕੁਝ ਹੈ ਜਿਸ ਵਾਸਤੇ ਮੈਂ ਤਰਸਦਾ ਹਾਂ …..ਤੂੰ ਅਜਿਹਾ ਕਹਿ ਕੇ ਮੇਰਾ ਦਿਲ ਖੱਟਾ ਕਰਦਾ ਹੈਂ ਕਿ ਤੂੰ ਮਹਾਨ ਹੈਂ…ਦੁਖੀ ਹਿਰਦੇ ਨੂੰ ਖ਼ੁਸ਼ਕਿਸਮਤ ਰਾਹੀਂ ਦਿੱਤਾ ਉਪਦੇਸ਼ ਕਿੰਨਾ ਦੁਖਦਾਈ ਲੱਗਦਾ ਹੈ! ਉਹ ਤਾਕਤਵਰ ਕਿੰਨਾ ਆਕੜ ਖ਼ਾਂ ਹੈ ਜੋ ਕਮਜ਼ੋਰਾਂ ਵਿਚ ਖਲੋ ਕੇ ਉਨ੍ਹਾਂ ਨੂੰ ਨਸੀਹਤ ਦੇਂਦਾ ਹੈ!”

X X X X X X

ਕੁਦਰਤ ਨੇ ਬਨਫ਼ਸ਼ੇ ਤੇ ਗੁਲਾਬ ਦੀ ਗੱਲਬਾਤ ਸੁਣੀ; ਉਸਨੇ ਦੋਹਾਂ ਦੇ ਕੋਲ ਆ ਕੇ ਕਿਹਾ, “ਮੇਰੇ ਬੱਚੇ ਬਨਫ਼ਸ਼ੇ, ਤੈਨੂੰ ਕੀ ਹੋਇਆ ਹੈ ? ਤੂੰ ਆਪਣੇ ਕੰਮਾਂ ਅਤੇ ਗੱਲਾਂ ਵਿਚ ਸਦਾ ਨੀਵਾਂ ਤੇ ਪਿਆਰਾ ਹੀ ਰਿਹਾ ਹੈਂ। ਕੀ ਤੇਰੇ ਉੱਤੇ ਲਾਲਚ ਹਾਵੀ ਹੋ ਗਿਆ ਹੈ ਜਿਸਨੇ ਤੇਰੀ ਬੁੱਧੀ ਨੂੰ ਭ੍ਰਿਸ਼ਟ ਕਰ ਦਿੱਤਾ ਹੈ ?” ਤਰਸ ਭਰੀ ਆਵਾਜ਼ ਵਿਚ ਬਨਫ਼ਸ਼ੇ ਨੇ ਜਵਾਬ ਦਿੱਤਾ, “ਓ ਮਹਾਨ ਤੇ ਦਇਆਲੂ ਮਾਂ, ਤੂੰ ਪਿਆਰ ਤੇ ਹਮਦਰਦੀ ਦਾ ਮੁਜੱਸਮਾ ਹੈਂ, ਮੈਂ ਤਨੋਂ ਮਨੋਂ ਤੇਰੇ ਅੱਗੇ ਹੱਥ ਜੋੜਦਾ ਹਾਂ ਕਿ ਮੇਰੀ ਬੇਨਤੀ ਮੰਨ ਤੇ ਮੈਨੂੰ ਇਕ ਦਿਨ ਲਈ ਗੁਲਾਬ ਬਣਾ ਦੇਹ।”

ਕੁਦਰਤ ਨੇ ਜਵਾਬ ਦਿੱਤਾ, ‘ਤੂੰ ਨਹੀਂ ਜਾਣਦਾ ਤੂੰ ਕੀ ਮੰਗ ਰਿਹਾ ਹੈਂ; ਤੇਰੀ ਇਸ ਅੰਨ੍ਹੀ ਅਭਿਲਾਖਾ ਪਿੱਛੇ ਜਿਹੜੀ ਤਬਾਹੀ ਛੁਪੀ ਹੋਈ ਹੈ, ਤੂੰ ਉਸ ਤੋਂ ਜਾਣੂ ਨਹੀਂ । ਜੇ ਤੂੰ ਗੁਲਾਬ ਹੁੰਦਾ ਤਾਂ ਤੈਨੂੰ ਅਫ਼ਸੋਸ ਹੁੰਦਾ ਅਤੇ ਤੈਨੂੰ ਅਜਿਹਾ ਹੋਣ ਲਈ ਪਛਤਾਵਾ ਹੀ ਲੱਗਾ ਰਹਿੰਦਾ।” ਬਨਫ਼ਸ਼ੇ ਨੇ ਜ਼ਿੱਦ ਕੀਤੀ, “ਮੈਨੂੰ ਗੁਲਾਬ ਬਣਾ ਦਿਉ, ਕਿਉਂਕਿ ਮੈਂ ਮਾਣ ਨਾਲ ਆਪਣਾ ਸਿਰ ਉੱਚਾ ਰੱਖਣਾ ਚਾਹੁੰਦਾ ਹਾਂ ਅਤੇ ਕਿਸਮਤ ਦੇ ਅੰਜਾਮ ਤੋਂ ਜਾਣੂ ਹੁੰਦਿਆਂ ਹੋਇਆਂ ਇਹ ਮੇਰੀ ਆਪਣੀ ਜ਼ਿੰਮੇਵਾਰੀ ਹੋਵੇਗੀ।” ਕੁਦਰਤ ਮੰਨ ਗਈ ਤੇ ਕਹਿਣ ਲੱਗੀ, “ਓ ਅਨਜਾਣ ਤੇ ਬਜ਼ਿਦ ਬਨਫ਼ਸ਼ੇ, ਮੈਂ ਤੇਰੀ ਬੇਨਤੀ ਮੰਨ ਲਵਾਂਗੀ। ਪਰ ਜੇ ਕੋਈ ਦੁਰਘਟਨਾ ਹੋ ਗਈ ਤਾਂ ਤੇਰੀ ਕੋਈ ਸ਼ਿਕਾਇਤ ਮੈਂ ਨਹੀਂ ਸੁਣਾਂਗੀ।”

ਕੁਦਰਤ ਨੇ ਆਪਣੀਆਂ ਰਹੱਸਮਈ ਜਾਦੂਈ ਉਂਗਲਾਂ ਫੈਲਾਈਆਂ ਅਤੇ ਬਨਫ਼ਸ਼ੇ ਦੀਆਂ ਜੜ੍ਹਾਂ ਨੂੰ ਛੁਹਿਆ, ਜੋ ਇਕਦਮ ਲੰਮੇ ਉੱਚੇ ਗੁਲਾਬ ਵਿਚ ਬਦਲ ਗਿਆ ਤੇ ਬਾਗ਼ ਵਿਚ ਹੋਰ ਫੁੱਲਾਂ ਵਾਂਗ ਉੱਚਾ ਉੱਠਿਆ ਤੇ ਝੂੰਮਣ ਲੱਗਾ।

ਇਕ ਸ਼ਾਮ ਨੂੰ ਆਕਾਸ਼ ਉੱਤੇ ਗਹਿਰੇ ਕਾਲੇ ਬੱਦਲ ਛਾ ਗਏ ਅਤੇ ਬੱਦਲਾਂ ਦੀ ਗਰਜ ਤੇ ਤੂਫ਼ਾਨੀ ਹਨੇਰੀ ਆਲੇ-ਦੁਆਲੇ ਦੀਆਂ ਸਭ ਮਸਤ ਮਲੰਗ ਚੀਜ਼ਾਂ ਦੀ ਖ਼ਾਮੋਸ਼ੀ ਤੋੜਨ ਲੱਗੀ, ਤੇਜ਼ ਵਰਖਾ ਤੇ ਹਨੇਰੀ ਰਾਹੀਂ ਬਗ਼ੀਚਿਆਂ ਉੱਤੇ ਕ੍ਰੋਪੀ ਉਤਾਰਨ ਲੱਗੀ। ਤੂਫ਼ਾਨ ਨੇ ਟਾਹਣੀਆਂ ਤੋੜ ਸੁੱਟੀਆਂ, ਬੂਟੇ ਪੁੱਟ ਸੁੱਟੇ ਅਤੇ ਲੰਮੇ ਉੱਚੇ ਫੁੱਲਾਂ ਦੀਆਂ ਡੋਡੀਆਂ ਤਕ ਮਰੁੰਡ ਸੁੱਟੀਆਂ, ਕੇਵਲ ਉਹੀ ਬਚੇ ਜਿਹੜੇ ਧਰਤੀ ਦੀ ਹਿੱਕ ਨਾਲ ਲੱਗੇ ਹੋਏ ਸਨ। ਖਿੜੇ ਬਾਗ਼ ਵਿਚ ਵੈਰੀ ਤੂਫ਼ਾਨ ਨੇ ਸੁੰਨਸਾਨ ਫੈਲਾ ਦਿੱਤੀ। ਤੂਫ਼ਾਨ ਥੰਮ੍ਹ ਜਾਣ ਪਿੱਛੋਂ ਜਦੋਂ ਅਸਮਾਨ ਸਾਫ਼ ਹੋ ਗਿਆ ਤਾਂ ਕੀ ਵੇਖਿਆ ਕਿ ਸਾਰੇ ਹੀ ਫੁੱਲ ਬਰਬਾਦ ਹੋਏ ਪਏ ਸਨ ਅਤੇ ਉਨ੍ਹਾਂ ਵਿੱਚੋਂ ਕੋਈ ਵੀ ਕੁਦਰਤ ਦੀ ਕ੍ਰੋਪੀ ਤੋਂ ਬਚ ਨਾ ਸਕਿਆ ਸਿਵਾਇ ਉਨ੍ਹਾਂ ਛੋਟੇ- ਛੋਟੇ ਬਨਫ਼ਸ਼ੇ ਦੇ ਫੁੱਲਾਂ ਤੋਂ, ਜੋ ਬਾਗ਼ ਦੀ ਦੀਵਾਰ ਦੇ ਨਾਲ ਨਾਲ ਛੁਪੇ ਹੋਏ ਸਨ।

X X X X

ਆਪਣਾ ਸਿਰ ਉੱਚਾ ਚੁੱਕੀ ਅਤੇ ਫੁੱਲਾਂ ਤੇ ਦਰੱਖ਼ਤਾਂ ਦੀ ਤਬਾਹੀ ਨੂੰ ਵੇਖਦੇ ਹੋਏ ਬਨਫ਼ਸ਼ੇ ਦਾ ਇਕ ਫੁੱਲ ਹੱਸਿਆ ਤੇ ਆਪਣੇ ਸਾਥੀਆਂ ਨੂੰ ਬੁਲਾ ਕੇ ਕਹਿਣ ਲੱਗਾ, “ਵੇਖੋ ਤੂਫ਼ਾਨ ਨੇ ਘੁਮੰਡੀ ਫੁੱਲਾਂ ਦਾ ਕੀ ਹਾਲ ਕੀਤਾ ਹੈ!” ਦੂਸਰਾ ਕਹਿਣ ਲੱਗਾ, “ਅਸੀਂ ਛੋਟੇ ਹਾਂ ਅਤੇ ਧਰਤੀ ਦੇ ਨੇੜੇ ਰਹਿੰਦੇ ਹਾਂ, ਪਰ ਅਸੀਂ ਆਕਾਸ਼ ਦੀ ਕ੍ਰੋਪੀ ਤੋਂ ਸੁਰੱਖਿਅਤ ਹਾਂ।” ਤੀਸਰੇ ਨੇ ਕਿਹਾ, “ਕਿਉਂਕਿ ਅਸੀਂ ਕੱਦ ਦੇ ਪੱਖੋਂ ਛੋਟੇ ਹਾਂ ਇਸ ਲਈ ਤੂਫ਼ਾਨ ਦਾ ਸਾਡੇ ‘ਤੇ ਵੱਸ ਨਹੀਂ ਚੱਲਦਾ।”

* ਉਸ ਵੇਲੇ ਬਨਫ਼ਸ਼ਿਆਂ ਦੀ ਰਾਣੀ ਨੇ ਆਪਣੇ ਕੋਲ ਹੀ ਗੁਲਾਬ ਵਿਚ ਤਬਦੀਲ ਹੋਏ ਬਨਫ਼ਸ਼ੇ ਦੇ ਫੁੱਲ ਵੱਲ ਵੇਖਿਆ ਜੋ ਤੂਫ਼ਾਨ ਦਾ ਸ਼ਿਕਾਰ ਹੋ ਕੇ ਧਰਤੀ ਉੱਤੇ ਮੂਧਾ ਪਿਆ ਸੀ ਅਤੇ ਗਿੱਲੇ ਘਾਹ ਉੱਤੇ ਟੁੱਟਿਆ ਪਿਆ ਸੀ ਜਿਵੇਂ ਜੰਗ ਦੇ ਮੈਦਾਨ ਵਿਚ ਲੰਗੜਾ ਸਿਪਾਹੀ ਪਿਆ ਹੋਵੇ। ਬਨਫ਼ਸ਼ਿਆਂ ਦੀ ਰਾਣੀ ਨੇ ਆਪਣਾ ਸਿਰ ਉਤਾਂਹ ਚੁੱਕਿਆ ਤੇ ਆਪਣੇ ਪਰਿਵਾਰ ਨੂੰ ਬੁਲਾ ਕੇ ਕਹਿਣ ਲੱਗੀ, “ਵੇਖੋ, ਮੇਰੇ ਬੱਚਿਓ, ਇਸ ਗੱਲ ਵੱਲ ਧਿਆਨ ਦਿਓ, ਲਾਲਚ ਨੇ ਬਨਫ਼ਸ਼ੇ ਦੇ ਫੁੱਲ ਦਾ ਕੀ ਹਾਲ ਕੀਤਾ ਹੈ ਜੋ ਇਕ ਘੰਟੇ ਲਈ ਘੁਮੰਡੀ ਗੁਲਾਬ ਬਣਿਆ ਸੀ। ਇਸ ਹੋਣੀ ਨੂੰ ਸਦਾ ਯਾਦ ਰੱਖੋ ਤੇ ਆਪਣੀ ਕਿਸਮਤ ਲਈ ਇਕ ਤਰ੍ਹਾਂ ਨਾਲ ਚਿਤਾਵਨੀ ਸਮਝੋ।”

ਅੰਤਮ ਸਾਹ ਲੈ ਰਿਹਾ ਗੁਲਾਬ ਹਿੱਲਿਆ, ਉਸਨੇ ਬਚੀ ਖੁਚੀ ਤਾਕਤ ਇਕੱਠੀ ਕੀਤੀ ਤੇ ਹੌਲੀ ਜਿਹੀ ਬੋਲਿਆ, “ਤੁਸੀਂ ਮੂਰਖੋ ਸੰਤੁਸ਼ਟ ਤੇ ਕਮਜ਼ੋਰ ਹੋ, ਮੈਂ ਕਦੇ ਤੂਫ਼ਾਨ ਤੋਂ ਨਹੀਂ ਡਰਿਆ ਹਾਂ। ਕੱਲ ਤਕ ਮੈਂ ਜ਼ਿੰਦਗੀ ਨਾਲ ਸੰਤੁਸ਼ਟ ਸਾਂ ਪਰ ਸੰਤੁਸ਼ਟੀ ਮੇਰੀ ਹੋਂਦ ਅਤੇ ਜ਼ਿੰਦਗੀ ਦੇ ਤੂਫ਼ਾਨ ਵਿਚਕਾਰ ਰੁਕਾਵਟ ਬਣੀ ਰਹੀ ਜਿਸਨੇ ਮੈਨੂੰ ਸਿਥਲ ਤੇ ਅਧੂਰੀ ਜਿਹੀ ਸ਼ਾਂਤੀ ਤੇ ਮਾਨਸਿਕ ਤਸੱਲੀ ਤਕ ਸੀਮਤ ਰੱਖਿਆ। ਮੈਂ ਤੁਹਾਡੇ ਵਾਂਗ ਡਰਦੇ ਮਾਰੇ ਧਰਤੀ ਨਾਲ ਚੰਬੜ ਕੇ ਅਜਿਹੀ ਜ਼ਿੰਦਗੀ ਜੀਅ ਸਕਦਾ ਸਾਂ। ਮੈਂ ਵੀ ਸਰਦੀ ਦੀ ਰੁੱਤ ਦਾ ਇੰਤਜ਼ਾਰ ਕਰ ਸਕਦਾ ਸਾਂ ਤਾਂ ਕਿ ਬਰਫ਼ ਹੇਠ ਲੱਦਿਆਂ ਮੈਂ ਮੌਤ ਦਾ ਸ਼ਿਕਾਰ ਹੋ ਜਾਵਾਂ ਜਿਵੇਂ ਸਾਰੇ ਬਨਫ਼ਸ਼ੇ ਦੇ ਫੁੱਲਾਂ ਨਾਲ ਹੁੰਦਾ ਹੈ. ਮੈਂ ਹੁਣ ਖ਼ੁਸ਼ ਹਾਂ ਕਿਉਂਕਿ ਮੈਂ ਆਪਣੇ ਛੋਟੇ ਜਿਹੇ ਸੰਸਾਰ ਤੋਂ ਪਰ੍ਹੇ ਬ੍ਰਹਿਮੰਡ ਦੇ ਭੇਦ ਵੱਲ ਝਾਤੀ ਪਾਈ ਹੈ…..ਮੈਂ ਉਹੋ ਕੁਝ ਕੀਤਾ ਜੋ ਤੁਸਾਂ ਹਾਲਾਂ ਤਕ ਨਹੀਂ ਸੀ ਕੀਤਾ। ਮੈਂ ਲਾਲਚ ਉੱਤੇ ਕਾਬੂ ਪਾ ਸਕਦਾ ਸਾਂ ਜਿਸਦਾ ਸੁਭਾਅ ਮੇਰੇ ਨਾਲੋਂ ਉਚੇਰਾ ਹੈ, ਪਰ ਜਦੋਂ ਮੈਂ ਰਾਤ ਦੀ ਖ਼ਾਮੋਸ਼ੀ ਵੱਲ ਧਿਆਨ ਦਿੱਤਾ ਤਾਂ ਮੈਂ ਆਕਾਸ਼ੀ ਸੰਸਾਰ ਨੂੰ ਧਰਤੀ ਦੇ ਸੰਸਾਰ ਨਾਲ ਗੱਲਾਂ ਕਰਦੇ ਤੇ ਇਹ ਕਹਿੰਦੇ ਸੁਣਿਆ, ‘ਹੋਂਦ ਤੋਂ ਪਰ੍ਹੇ, ਅਭਿਲਾਖਾ ਸਾਡੇ ਜੀਵਨ ਦਾ ਜ਼ਰੂਰੀ ਮੰਤਵ ਹੈ।’ ਉਸੇ ਪਲ ਮੇਰੀ ਆਤਮਾ ਨੇ ਬਗ਼ਾਵਤ ਕਰ ਦਿੱਤੀ ਅਤੇ ਮੇਰੇ ਦਿਲ ਵਿਚ ਆਪਣੀ ਸੀਮਤ ਹੋਂਦ ਨਾਲੋਂ ਉਚੇਰਾ ਸਥਾਨ ਪ੍ਰਾਪਤ ਕਰਨ ਦੀ ਤਾਂਘ ਪੈਦਾ ਹੋਈ। ਮੈਂ ਮਹਿਸੂਸ ਕੀਤਾ ਕਿ ਸਮੁੰਦਰ ਦੀ ਗਹਿਰਾਈ ਸਿਤਾਰਿਆਂ ਦਾ ਗੀਤ ਨਹੀਂ ਸੁਣ ਸਕਦੀ ਅਤੇ ਉਸ ਘੜੀ ਤੋਂ ਮੈਂ ਆਪਣੇ ਛੋਟੇਪਨ ਵਿਰੁੱਧ ਸੰਘਰਸ਼ ਸ਼ੁਰੂ ਕਰ ਦਿੱਤਾ ਅਤੇ ਮੇਰੇ ਅੰਦਰ ਉਸ ਸਭ ਕੁਝ ਲਈ ਤਾਂਘ ਪੈਦਾ ਹੋਈ। ਇਹ ਮੇਰੇ ਕੋਲੋਂ ਉਦੋਂ ਤਕ ਨਹੀਂ ਸੀ ਹੋ ਸਕਦਾ ਜਦੋਂ ਤਕ ਵਿਦਰੋਹੀ ਭਾਵਨਾ ਵੱਡੀ ਤਾਕਤ ਵਿਚ ਅਤੇ ਚਾਹਤ ਇੱਛਾ ਸ਼ਕਤੀ ਵਿਚ ਨਹੀਂ ਸੀ ਬਦਲ ਜਾਂਦੀਕੁਦਰਤ, ਜਿਸਦੇ ਹੱਥ ਸਾਡੀਆਂ ਇੱਛਾਵਾਂ ਦੀ ਡੋਰੀ ਹੈ, ਨੇ ਮੇਰੀ ਬੇਨਤੀ ਮੰਨ ਕੇ ਆਪਣੀ ਜਾਦੂਈ ਛੁਹ ਨਾਲ ਮੈਨੂੰ ਗੁਲਾਬ ਵਿਚ ਬਦਲ ਦਿੱਤਾ।”

ਗੁਲਾਬ ਦਾ ਫੁੱਲ ਥੋੜ੍ਹੀ ਦੇਰ ਲਈ ਚੁੱਪ ਹੋ ਗਿਆ ਅਤੇ ਕਮਜ਼ੋਰ ਆਵਾਜ਼, ਜਿਸ ਵਿਚ ਮਾਣ ਅਤੇ ਪ੍ਰਾਪਤੀ ਦੀ ਸੰਤੁਸ਼ਟੀ ਰਲੀ ਹੋਈ ਸੀ, ਵਿਚ ਕਿਹਾ, “ਮੈਂ ਇਕ ਘੰਟਾ ਮਾਣ ਨਾਲ ਗੁਲਾਬ ਦੇ ਤੌਰ ‘ਤੇ ਜੀਅ ਲਿਆ ਹੈ, ਇਕ ਵਾਰੀ ਤਾਂ ਮੇਰੀ ਹੋਂਦ ਰਾਣੀ ਦੀ ਤਰ੍ਹਾਂ ਸੀ; ਮੈਂ ਗੁਲਾਬ ਦੀਆਂ ਨਜ਼ਰਾਂ ਤੋਂ ਸ੍ਰਿਸ਼ਟੀ ਵੱਲ ਵੇਖਿਆ ਹੈ; ਮੈਂ ਆਕਾਸ਼ ਦੀ ਫੁਸਫੁਸਾਹਟ ਨੂੰ ਗੁਲਾਬ ਦੇ ਕੰਨਾਂ ਰਾਹੀਂ ਸੁਣਿਆ ਤੇ ਗੁਲਾਬ ਦੀਆਂ ਪੱਤੀਆਂ ਨਾਲ ਰੌਸ਼ਨੀ ਦੇ ਪਰਦੇ ਦੀਆਂ ਤੈਹਾਂ ਨੂੰ ਛੁਹ ਕੇ ਵੇਖਿਆ ਹੈ। ਕੀ ਕੋਈ ਹੋਰ ਹੈ ਜਿਸਨੂੰ ਇਹ ਮਾਣ ਪ੍ਰਾਪਤ ਹੋਇਆ ਹੋਵੇ ?” ਅਜਿਹਾ ਕਹਿੰਦਿਆਂ ਉਸਦਾ ਸਿਰ ਲੁੜਕ ਗਿਆ ਅਤੇ ਹਟਕੋਰੇ ਲੈ ਕੇ ਉਸ ਧੀਮੀ ਆਵਾਜ਼ ਵਿਚ ਕਿਹਾ, “ਮੇਰਾ ਅੰਤਮ ਸਮਾਂ ਨੇੜੇ ਹੈ, ਮੇਰੀ ਆਤਮਾ ਨੇ ਆਪਣਾ ਉਦੇਸ਼ ਪੂਰਾ ਕਰ ਲਿਆ ਹੈ। ਮੈਂ ਅਸਲ ਵਿਚ ਆਪਣੇ ਗਿਆਨ ਨੂੰ ਆਪਣੀ ਹੋਂਦ ਦੀ ਤੰਗ ਗੁਫ਼ਾ ਤੋਂ ਪਰ੍ਹੇ ਤੱਕ ਦੇ ਸੰਸਾਰ ਤਕ ਫੈਲਾਇਆ ਹੈ। ਇਹੀ ਜੀਵਨ ਜਿਉਣ ਦਾ ਢੰਗ ਹੈ…..ਇਹੀ ਹੋਂਦ ਦਾ ਭੇਦ ਹੈ।” ਗੁਲਾਬ ਕੰਬਿਆ, ਹੌਲੀ-ਹੌਲੀ ਆਪਣੀਆਂ ਪੱਤੀਆਂ ਸਮੇਟੀਆਂ ਤੇ ਆਪਣੇ ਹੋਠਾਂ ਉੱਤੇ ਸਵਰਗੀ ਮੁਸਕਾਨ ਲਿਆ ਕੇ ਪ੍ਰਾਣ ਤਿਆਗ ਦਿੱਤੇ…..ਇਹ, ਜੀਵਨ ਵਿਚ ਆਸ ਤੇ ਮੰਤਵ ਦੀ ਪੂਰਤੀ ਦੀ ਮੁਸਕਾਨ ਜਿੱਤ ਦੀ ਮੁਸਕਾਨ….ਖ਼ੁਦਾਈ ਮੁਸਕਾਨ ਸੀ। ਸੂਲੀ ਚੜ੍ਹਿਆ (ਗੁੱਡ ਫਰਾਈਡੇ ਨੂੰ ਲਿਖੀ ਗਈ)

ਅੱਜ ਅਤੇ ਹਰ ਸਾਲ ਇਸੇ ਹੀ ਦਿਨ, ਮਨੁੱਖ ਡੂੰਘੀ ਨੀਂਦ ਤੋਂ ਤ੍ਤਕ ਕੇ ਉੱਠਦਾ ਹੈ ਅਤੇ ਸਦੀਆਂ ਦੇ ਖ਼ਿਆਲੀ ਪਰਛਾਵਿਆਂ ਸਾਹਮਣੇ ਖਲੋ ਕੇ ਹੰਝੂ ਭਰੀਆਂ ਅੱਖਾਂ ਨਾਲ ਕਲਵੇਰੀ ਪਹਾੜ ਵੱਲ ਵੇਖਦਾ ਹੈ ਜੋ ਮੇਖਾਂ ਨਾਲ ਸੂਲੀ ‘ਤੇ ਚੜ੍ਹੇ ਈਸਾ ਨਾਜ਼ਰੀਨ ਦੀ ਸ਼ਹਾਦਤ ਦੀ ਗਵਾਹੀ ਭਰਦਾ ਹੈ…..ਪਰ ਦਿਨ ਢਲਦਿਆਂ, ਸ਼ਾਮ ਨੂੰ ਹਰ ਮਨੁੱਖ ਵਾਪਸ ਪਰਤ ਕੇ, ਹਰ ਪਹਾੜੀ ਦੀ ਚੋਟੀ, ਵੀਰਾਨਿਆਂ ਅਤੇ ਹਰ ਕਣਕ ਦੇ ਖੇਤ ਵਿਚ ਰੱਖੇ ਬੁੱਤਾਂ ਸਾਹਮਣੇ ਗੋਡਿਆਂ ਭਾਰ ਬੈਠ ਪ੍ਰਾਰਥਨਾ ਕਰਦਾ ਹੈ।

ਅੱਜ ਦੇ ਦਿਨ, ਈਸਾਈ ਆਤਮਾਵਾਂ ਯਾਦਾਂ ਦੇ ਖੰਭਾਂ ਉੱਤੇ ਸਵਾਰ ਹੋ ਕੇ ਯੇਰੂਸ਼ਲਮ ਵੱਲ ਉਡਾਰੀ ਮਾਰਦੀਆਂ ਹਨ। ਉਥੇ ਉਹ ਹਜੂਮ ਬਣ ਕੇ ਖੜੇ, ਛਾਤੀਆਂ ਪਿਟਦੇ ਅਤੇ ਉਸ (ਈਸਾ) ਵੱਲ ਵੇਖਦੇ ਹਨ ਜੋ ਕੰਡਿਆਂ ਦਾ ਤਾਜ ਪਹਿਨ ਕੇ, ਆਕਾਸ਼ ਵੱਲ ਆਪਣੀਆਂ ਬਾਹਵਾਂ ਫੈਲਾਈ ਮੌਤ ਦੇ ਪਰਦੇ ਪਿੱਛੋਂ ਜੀਵਨ ਦੀ ਗਹਿਰਾਈ ਵਿਚ ਝਾਕ ਰਿਹਾ ਹੈ…..।

ਪਰ ਜਦੋਂ ਦਿਨ ਦੀ ਸਟੇਜ ਉੱਤੇ ਰਾਤ ਦਾ ਪਰਦਾ ਪੈ ਜਾਂਦਾ ਹੈ ਤੇ ਛੋਟਾ ਜਿਹਾ ਡਰਾਮਾ ਖ਼ਤਮ ਹੋ ਜਾਂਦਾ ਹੈ ਤਾਂ ਈਸਾਈ ਲੋਕ ਝੁੰਡ ਬਣਾ ਕੇ, ਸਾਰੇ ਰਲ ਕੇ ਵਾਪਸ ਪਰਤ ਜਾਂਦੇ ਹਨ ਅਤੇ ਅਗਿਆਨਤਾ ਤੇ ਆਲਸ ਦੇ ਬਿਸਤਰੇ ਉੱਤੇ ਭੁਲੇਖੇ ਦੇ ਪਰਛਾਵੇਂ ਵਿਚ ਲਿਪਟੇ ਲੇਟ ਜਾਂਦੇ ਹਨ।

ਹਰ ਸਾਲ ਦੇ ਇਸੇ ਇਕ ਦਿਨ ਦਰਸ਼ਨਵੇਤਾ ਆਪਣੀਆਂ ਹਨੇਰੀਆਂ ਗੁਫ਼ਾਵਾਂ, ਵਿਚਾਰਵਾਨ ਆਪਣੀਆਂ ਠੰਡੀਆਂ ਕੋਠੜੀਆਂ ਅਤੇ ਕਵੀ ਆਪਣੀ ਖ਼ਿਆਲੀ ਦੁਨੀਆ ਵਿੱਚੋਂ ਬਾਹਰ ਨਿਕਲਦੇ ਹਨ ਅਤੇ ਸਤਿਕਾਰ ਨਾਲ ਸ਼ਾਂਤ ਪਹਾੜ ਉੱਤੇ ਖਲੋ ਕੇ, ਉਸ ਨੌਜੁਆਨ (ਈਸਾ) ਦੀ ਆਵਾਜ਼ ਸੁਣਦੇ ਹਨ ਜੋ ਆਪਣੇ ਕਾਤਲਾਂ ਬਾਰੇ ਕਹਿੰਦਾ ਹੈ, “ਓ ਮੇਰੇ ਪਿਤਾ ਪਰਮਾਤਮਾ ਉਨ੍ਹਾਂ ਨੂੰ ਮੁਆਫ਼ ਕਰ ਦੇਹ ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ।”

ਆ ਪਰ ਜਦੋਂ ਰਾਤ ਦੀ ਡੂੰਘੀ ਖ਼ਾਮੋਸ਼ੀ ਦਿਨ ਦੀ ਰੌਸ਼ਨੀ ਦੀਆਂ ਆਵਾਜ਼ਾਂ ਵਿਚ ਖ਼ਲਲ ਪਾਉਂਦੀ ਹੈ, ਦਾਰਸ਼ਨਿਕ, ਵਿਚਾਰਵਾਨ ਤੇ ਕਵੀ ਆਪਣੀਆਂ ਤੰਗ ਕੋਠੜੀਆਂ ਵਿਚ ਪਰਤ ਆਉਂਦੇ ਹਨ ਅਤੇ ਖ਼ਸਤਾ ਕਾਗ਼ਜ਼ ਦੇ ਅਰਥਹੀਣ ਪੁੰਨਿਆਂ ਨਾਲ ਆਪਣੀਆਂ ਆਤਮਾਵਾਂ ਨੂੰ ਕੱਜ ਲੈਂਦੇ ਹਨ।

ਉਹ ਇਸਤਰੀਆਂ, ਜੋ ਹਮੇਸ਼ਾ ਆਪਣੇ ਜੀਵਨ ਦੀ ਸੱਜ ਧੱਜ ਵਿਚ ਰੁੱਝੀਆਂ ਰਹਿੰਦੀਆਂ ਹਨ, ਉਹ ਵੀ ਆਪਣੇ ਆਰਾਮਦਾਇਕ ਗੱਦਿਆਂ ਵਿੱਚੋਂ ਨਿਕਲ ਕੇ ਦੌੜ ਭੱਜ ਕਰਦੀਆਂ ਹਨ, ਉਸ ਦੁੱਖੀ ਇਸਤਰੀ ਨੂੰ ਵੇਖਣ ਵਾਸਤੇ, ਜੋ ਕਰਾਸ ਸਾਹਮਣੇ ਖੜੀ ਹੈ ਜਿਵੇਂ ਜ਼ਬਰਦਸਤ ਉੱਠਦੇ ਤੂਫ਼ਾਨ ਸਾਹਮਣੇ ਛੋਟੀ ਜਿਹੀ ਇਕ ਕਿਸ਼ਤੀ ਅਤੇ ਜਦੋਂ ਉਹ ਉਸ ਕੋਲ ਅਪੜਦੀਆਂ ਹਨ, ਉਨ੍ਹਾਂ ਨੂੰ ਡੂੰਘੀਆਂ ਸਿਸਕੀਆਂ ਅਤੇ ਦਰਦਨਾਕ ਮਾਨਸਿਕ ਕਸ਼ਟ ਦੀ ਆਵਾਜ਼ ਸੁਣਾਈ ਦੇਂਦੀ ਹੈ।

ਨੌਜੁਆਨ ਮਰਦ ਤੇ ਔਰਤਾਂ ਜੋ ਆਧੁਨਿਕ ਸਭਿਅਤਾ ਦੇ ਵੇਗ ਵਿਚ ਦੌੜ ਲਗਾ ਰਹੇ ਹਨ, ਵੀ ਅੱਜ ਦੇ ਦਿਨ ਇਕ ਪਲ ਲਈ ਰੁੱਕ ਜਾਣਗੇ ਅਤੇ ਉਸ ਨੌਜੁਆਨ ਮੈਗਡੇਲਨ ਇਸਤਰੀ ਨੂੰ ਪਿੱਛੇ ਮੁੜ ਕੇ ਵੇਖਣਗੇ, ਜੋ, ਧਰਤੀ ਤੇ ਆਕਾਸ਼ ਵਿਚਕਾਰ ਲਟਕ ਰਹੇ ਮਹਾਂਪੁਰਸ਼ ਦੇ ਪੈਰਾਂ ਉੱਤੋਂ ਖੂਨ ਦੇ ਧੱਬੇ ਆਪਣੇ ਹੰਝੂਆਂ ਨਾਲ ਧੋਂਦੀ ਹੈ; ਅਤੇ ਜਦੋਂ ਉਨ੍ਹਾਂ ਦੀ ਖੋਖਲੀ ਨਜ਼ਰ ਇਸ ਨਜ਼ਾਰੇ ਨੂੰ ਵੇਖ ਕੇ ਥੱਕ ਜਾਏਗੀ ਤਾਂ ਉਹ ਘਰਾਂ ਨੂੰ ਪਰਤ ਪੈਣਗੇ ਅਤੇ ਉਸੇ ਵੇਲੇ ਹੱਸਣ ਖੇਡਣ ਲੱਗ ਪੈਣਗੇ।

ਹਰ ਸਾਲ ਦੇ ਇਸੇ ਦਿਹਾੜੇ ਮਨੁੱਖਤਾ ਬਸੰਤ ਰੁੱਤ ਦੀ ਆਮਦ ‘ਤੇ ਜਾਤ ਹੋ ਉੱਠਦੀ ਹੈ ਅਤੇ ਦੁੱਖ ਸਹਿੰਦੇ ਈਸਾ ਦੇ ਬੁੱਤ ਕੋਲ ਖੜੀ ਰੋਂਦੀ ਕਲਪਦੀ ਹੈ; ਫਿਰ ਉਹ ਅੱਖਾਂ ਮੀਟ ਕੇ ਆਪਣੇ ਆਪ ਨੂੰ ਡੂੰਘੀ ਨੀਂਦ ਦੇ ਹਵਾਲੇ ਕਰ ਦੇਂਦੀ ਹੈ। ਪਰ ਬਸੰਤ ਰੁੱਤ ਸਦਾ ਜਾਗ੍ਰਿਤ ਮੁਸਕਰਾਉਂਦੀ ਤੇ ਵਿਕਸਤ ਹੁੰਦੀ ਰਹੇਗੀ, ਜਦੋਂ ਤਕ ਕਿ ਖ਼ੁਸ਼ਬੂ ਭਰੇ ਸੁਨਹਿਰੀ ਕੱਪੜਿਆਂ ਵਿਚ ਲਿਪਟੀ ਹੋਈ ਗਰਮੀ ਦੀ ਰੁੱਤ ਆ ਨਹੀਂ ਜਾਂਦੀ। ਮਨੁੱਖਤਾ ਮਾਤਮ ਕਰਨ ਵਾਲੀ ਹੈ ਜੋ ਇਤਿਹਾਸ ਅਤੇ ਯੁੱਗਾਂ ਦੇ ਸ਼ਹੀਦਾਂ ਬਾਰੇ ਸੋਗ ਮਨਾ ਕੇ ਆਨੰਦ ਮਾਣਦੀ ਹੈ…..ਜੇ ਮਨੁੱਖਤਾ ਨੂੰ ਸਮਝ ਹੁੰਦੀ ਤਾਂ ਉਹ ਉਨ੍ਹਾਂ ਦੀ ਸ਼ਾਨ ਵਿਚ ਖ਼ੁਸ਼ੀ ਮਨਾਉਂਦੀ। ਮਨੁੱਖਤਾ, ਜ਼ਖ਼ਮੀ ਜਾਨਵਰ ਕੋਲ ਖੜੇ ਖ਼ੁਸ਼ ਹੋ ਰਹੇ ਬੱਚੇ ਵਾਂਗ ਹੈ। ਮਨੁੱਖਤਾ ਤਾਕਤ ਫੜਦੇ ਪ੍ਰਵਾਹ ਦੇ ਸਾਹਮਣੇ ਹੱਸਦੀ ਹੈ ਜੋ ਦਰੱਖ਼ਤ ਦੀਆਂ ਸੁੱਕੀਆਂ ਟਾਹਣੀਆਂ ਨੂੰ ਭੁਲੇਖੇ ਵਿਚ ਰੱਖਦਾ ਅਤੇ ਨਿਤਾਣੀਆਂ ਚੀਜ਼ਾਂ ਨੂੰ ਪੂਰੇ ਵੇਗ ਨਾਲ ਰੋੜ੍ਹ ਕੇ ਲੈ ਜਾਂਦਾ ਹੈ।

ਮਨੁੱਖਤਾ, ਨਾਜ਼ਰੀਨ ਈਸਾ ਨੂੰ ਗ਼ਰੀਬ ਸਮਝ ਕੇ ਉਸ ਵੱਲ ਵੇਖਦੀ ਹੈ ਜਿਹੜਾ ਕਮਜ਼ੋਰਾਂ ਅਤੇ ਗ਼ਰੀਬਾਂ ਨਾਲ ਦੁੱਖ ਅਤੇ ਬੇਇੱਜ਼ਤੀ ਸਹਿਣ ਕਰਦਾ ਰਿਹਾ। ਉਸ ਉੱਤੇ ਤਰਸ ਕੀਤਾ ਜਾਂਦਾ ਹੈ, ਮਨੁੱਖਤਾ ਸਮਝਦੀ ਹੈ ਉਸਨੂੰ ਦਰਦਨਾਕ ਸੂਲੀ ‘ਤੇ ਚਾੜ੍ਹਿਆ ਗਿਆ ਸੀ…..ਅਤੇ ਮਨੁੱਖਤਾ ਉਸਨੂੰ ਜੋ ਅਰਪਣ ਕਰਦੀ ਹੈ ਉਹ ਹੈ ਚੀਕ ਪੁਕਾਰ, ਸੋਗ ਤੇ ਵਿਰਲਾਪ। ਮਨੁੱਖਤਾ ਸਦੀਆਂ ਤੋਂ ਇਨਸਾਨੀਅਤ ਦੇ ਰਖਵਾਲੇ ਦੇ ਰੂਪ ਵਿਚ ਕਮਜ਼ੋਰੀ ਦੀ ਪੂਜਾ ਕਰਦੀ ਆ ਰਹੀ चै।

ਪਰ ਈਸਾ ਮਹਾਨ ਸੀ, ਕਮਜ਼ੋਰ ਨਹੀਂ ਸੀ। ਉਹ ਤਾਕਤਵਰ ਸੀ ਤੇ ਤਾਕਤਵਰ ਹੈ! ਪਰ ਲੋਕ ਤਾਕਤ ਦੇ ਸਹੀ ਅਰਥਾਂ ਵੱਲ ਧਿਆਨ ਦੇਣ ਤੋਂ ਇਨਕਾਰੀ ਹਨ।

ਈਸਾ ਮਸੀਹ ਨੇ ਡਰ ਕੇ ਜ਼ਿੰਦਗੀ ਨਹੀਂ ਬਿਤਾਈ ਤੇ ਨਾ ਹੀ ਉਹ ਦੁੱਖ ਮਨਾਉਂਦਾ ਜਾਂ ਸ਼ਿਕਾਇਤ ਕਰਦਾ ਸੂਲੀ ਚੜ੍ਹਿਆ…..ਉਹ ਨਾਇਕ ਵਾਂਗ ਜੀਵਿਆ; ਉਹ ਧਰਮ ਯੁੱਧ ਦੇ ਰਖਵਾਲੇ ਵਾਂਗ ਸੂਲੀ ‘ਤੇ ਚੜ੍ਹਿਆ; ਉਹ ਬਹਾਦਰਾਂ ਦੀ ਮੌਤ ਮਰਿਆ, ਉਸਦੀ ਮੌਤ ਨੇ ਉਸਨੂੰ ਮਾਰਨ ਅਤੇ ਦੁੱਖ ਦੇਣ ਵਾਲਿਆਂ ਨੂੰ ਜੜ੍ਹੋਂ ਹਿਲਾ ਕੇ ਰੱਖ ਦਿੱਤਾ।

ਈਸਾ ਟੁੱਟੇ ਖੰਭਾਂ ਵਾਲਾ ਪੰਛੀ ਨਹੀਂ ਸੀ; ਉਹ ਉਮਡਦਾ ਤੂਫ਼ਾਨ ਸੀ ਜਿਸਨੇ ਸਾਰੇ ਵਿੰਗੇ ਟੇਢੇ ਖੰਭਾਂ ਨੂੰ ਤੋੜ ਦਿੱਤਾ । ਉਹ ਨਾ ਤਾਂ ਕਾਤਲਾਂ ਕੋਲੋਂ ਤੇ ਨਾ ਹੀ ਦੁਸ਼ਮਣਾਂ ਕੋਲੋਂ ਡਰਿਆ। ਉਸਨੇ ਆਪਣੇ ਕਾਤਲਾਂ ਅੱਗੇ ਦੁੱਖੜਾ ਨਹੀਂ ਰੋਇਆ। ਆਜ਼ਾਦ, ਬਹਾਦਰ ਤੇ ਹੌਂਸਲੇ ਵਾਲਾ ਸੀ ਉਹ। ਉਸਨੇ ਸਾਰੇ ਜ਼ਾਲਮਾਂ ਤੇ ਜਾਬਰਾਂ ਦੇ ਹੁਕਮ ਦੀ ਕੋਤਾਹੀ ਕੀਤੀ। ਉਸਨੇ ਜ਼ਹਿਰੀਲੇ ਫੋੜੇ ਨੂੰ ਵੇਖਿਆ ਤੇ ਉਸ ਅੰਗ ਨੂੰ ਹੀ ਵੱਢ ਦਿੱਤਾ…..ਉਸਨੇ ਬੁਰਾਈ ਦਾ ਮੂੰਹ ਤੋੜ ਜੁਆਬ ਦਿੱਤਾ, ਝੂਠ ਨੂੰ ਕੁਚਲਿਆ ਅਤੇ ਬੇਈਮਾਨੀ ਨੂੰ ਦਬਾ ਦਿੱਤਾ।

ਈਸਾ ਨੇ ਗਿਆਨ ਤੇ ਰੌਸ਼ਨੀ ਦੇ ਘੇਰੇ ਦੇ ਧੁਰੇ ਵਿੱਚੋਂ ਇਸ ਲਈ ਜਨਮ ਨਹੀਂ ਸੀ ਲਿਆ ਕਿ ਘਰਾਂ ਨੂੰ ਬਰਬਾਦ ਕਰਕੇ ਉਸ ਮਲਬੇ ਦੇ ਢੇਰ ਉੱਤੇ ਕਾਨਵੈਂਟ ਅਤੇ ਮੱਠ ਉਸਾਰੇ ਜਾਣ। ਉਸਨੇ ਕਿਸੇ ਤਾਕਤਵਰ ਨੂੰ ਸਾਧ ਜਾਂ ਪਾਦਰੀ ਬਨਣ ਲਈ ਨਹੀਂ ਪ੍ਰੇਰਿਆ ਸਗੋਂ ਉਹ ਕਿਸੇ ਨਵੀਂ ਆਤਮਾ ਨੂੰ ਧਰਤੀ ਉੱਤੇ ਭੇਜਣ ਲਈ ਆਇਆ ਜਿਹੜਾ ਆਪਣੀ ਤਾਕਤ ਨਾਲ ਮਨੁੱਖੀ ਹੱਡੀਆਂ ਤੇ ਖੋਪੜੀਆਂ ਉੱਤੇ ਉਸਰੀਆਂ ਰਾਜਾਸ਼ਾਹੀ ਦੀਆਂ ਨੀਹਾਂ ਨੂੰ ਟੁਕੜੇ-ਟੁਕੜੇ ਕਰ ਸਕੇ…..ਉਸਨੇ ਕਮਜ਼ੋਰਾਂ ਦੀਆਂ ਕਬਰਾਂ ਉੱਤੇ ਉਸਰੇ ਸ਼ਾਨਦਾਰ ਮਹਿਲਾਂ ਨੂੰ ਤਬਾਹ ਕਰਨ ਅਤੇ ਗ਼ਰੀਬਾਂ ਦੇ ਜਿਸਮਾਂ ਦੀਆਂ ਕਬਰਾਂ ਉੱਤੇ ਰੱਖੇ ਬੁੱਤਾਂ ਨੂੰ ਕੁਚਲਣ ਲਈ ਅਵਤਾਰ ਧਾਰਿਆ। ਈਸਾ ਨੂੰ ਇਸ ਧਰਤੀ ਉੱਤੇ ਇਸ ਲਈ ਨਹੀਂ ਸੀ ਭੇਜਿਆ ਗਿਆ ਕਿ ਉਹ ਖ਼ਸਤਾ ਝੌਂਪੜੀਆਂ ਤੇ ਉਜੜੀਆਂ ਕੁੱਲੀਆਂ ਵਿਚਕਾਰ ਲੋਕਾਂ ਨੂੰ ਸ਼ਾਨਦਾਰ ਚਰਚ ਅਤੇ ਮੰਦਰ ਉਸਾਰਨ ਦਾ ਉਪਦੇਸ਼ ਦੇਵੇ…..ਉਸਨੇ ਮਨੁੱਖੀ ਦਿਲ ਨੂੰ ਮੰਦਰ, ਆਤਮਾ ਨੂੰ ਅਵਤਾਰ ਅਤੇ ਮਨ ਨੂੰ ਪਾਦਰੀ ਬਣਨ ਦਾ ਉਪਦੇਸ਼ ਦਿੱਤਾ ਤੇ ਇਸ ਮੰਤਵ ਨੂੰ ਪੂਰਾ ਕਰਨ ਲਈ ਧਰਤੀ ‘ਤੇ ਆਇਆ।

ਨਾਜ਼ਰੀਨ ਈਸਾ ਦੇ ਉਪਦੇਸ਼ ਤੇ ਉਦੇਸ਼ ਅਤੇ ਇਹੀ ਉਪਦੇਸ਼ ਸਨ ਜਿਨ੍ਹਾਂ ਦੀ ਖ਼ਾਤਰ ਉਸਨੂੰ ਸੂਲੀ ਚੜ੍ਹਾ ਦਿੱਤਾ ਗਿਆ ਸੀ। ਜੇ ਕਿਤੇ ਮਨੁੱਖਤਾ ਸਿਆਣੀ ਤੇ ਸਮਝਦਾਰ ਹੁੰਦੀ ਤਾਂ ਅੱਜ ਉਹ ਇਕ ਮੁੱਠ ਹੋ ਕੇ ਖੜ੍ਹੀ ਜਿੱਤ ਦੇ ਗੀਤ ਤੇ ਜੇਤੂ ਹੋਣ ਦੇ ਭਜਨ ਗਾਉਂਦੀ।

ਵਧੇਰੇ ਆਨੰਦਮਈ ਸਥਿਤੀ ਵਿਚ ਹੈਂ… ।

110

ਆਪਣੀਆਂ ਤਕਲੀਫ਼ਾਂ ਵਿਚ ਵੀ ਤੂੰ ਸਵਰਗ ਦੇ ਚੀਕਦੇ ਚਿਲਾਂਦੇ ਫ਼ਰਿਸ਼ਤਿਆਂ ਨਾਲੋਂ ਵੀ ਵਧੇਰੇ ਬਹਾਦਰੀ ਨਾਲ ਖ਼ਾਮੋਸ਼ ਹੈਂ….. ।

ਕੋੜੇ ਮਾਰਨ ਵਾਲਿਆਂ ਦੇ ਸਾਹਮਣੇ ਤੂੰ ਪਹਾੜੀ ਚੱਟਾਨ ਨਾਲੋਂ ਵੀ ਵਧੇਰੇ ਮਜ਼ਬੂਤ ਹੈਂ…..।

ਤੇਰਾ ਕੰਡਿਆਂ ਦਾ ਤਾਜ, ਬਹਿਰਾਮ ਦੇ ਤਾਜ ਨਾਲੋਂ ਵੀ ਵਧੇਰੇ ਸ਼ਾਨਦਾਰ ਅਤੇ ਮਹਾਨ ਹੈ…..ਤੇਰੇ ਹੱਥਾਂ ਵਿਚ ਠੁੱਕੇ ਹੋਏ ਕਿੱਲ ਜੂਪੀਟਰ ਦੀ ਰਾਜਸੱਤਾ ਨਾਲੋਂ ਵੀ ਵਧੇਰੇ ਖ਼ੂਬਸੂਰਤ ਹਨ…..।

ਤੇਰੇ ਪੈਰਾਂ ਉੱਤੇ ਲੱਗੇ ਖੂਨ ਦੇ ਧੱਬੇ, ਇਸ਼ਤਰ ਦੇ ਗਲੇ ਦੇ ਹਾਰ ਨਾਲੋਂ ਵੀ ਵਧੇਰੇ ਨੂਰਾਨੀ ਹਨ…..।

ਉਨ੍ਹਾਂ ਕਮਜ਼ੋਰ ਲੋਕਾਂ ਨੂੰ ਅੱਜ ਦੇ ਦਿਨ ਮੁਆਫ਼ ਕਰ ਦੇਹ ਜੋ ਤੇਰੇ ਲਈ ਵਿਰਲਾਪ ਕਰ ਰਹੇ ਹਨ। ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਆਪਣੇ ਆਪ ਲਈ ਵਿਰਲਾਪ ਕਿਵੇਂ ਕਰਨਾ ਹੈ….. ।

ਉਨ੍ਹਾਂ ਨੂੰ ਮੁਆਫ਼ ਕਰ ਦੇਹ, ਕਿਉਂਜੁ ਉਹ ਨਹੀਂ ਜਾਣਦੇ ਕਿ ਤੂੰ ਮੌਤ ਨੂੰ ਮੌਤ ਨਾਲ ਜਿੱਤਿਆ ਹੈ ਅਤੇ ਮੋਇਆਂ ਨੂੰ ਜੀਵਨ ਦਾਨ ਦਿੱਤਾ ਹੈ…..।

ਉਨ੍ਹਾਂ ਨੂੰ ਮੁਆਫ਼ ਕਰ ਦੇਹ, ਕਿਉਂਕਿ ਉਹ ਨਹੀਂ ਜਾਣਦੇ ਕਿ ਤੇਰੀ ਸ਼ਕਤੀ ਹਾਲਾਂ ਵੀ ਉਨ੍ਹਾਂ ਦੀ ਇੰਤਜ਼ਾਰ ਵਿਚ ਹੈ….. ।

ਉਨ੍ਹਾਂ ਨੂੰ ਮੁਆਫ਼ ਕਰੀਂ, ਕਿਉਂਕਿ ਉਹ ਨਹੀਂ ਜਾਣਦੇ ਕਿ ਹਰ ਦਿਨ ਤੇਰਾ ਦਿਨ ਹੈ।

ਉਤਸਵ ਦੀ ਇਕ ਸ਼ਾਮ

ਰਾਤ ਦਾ ਹਨੇਰਾ ਪੱਸਰ ਰਿਹਾ ਸੀ ਅਤੇ ਧੁੰਦਲਕੇ ਨੇ ਸ਼ਹਿਰ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਸੀ ਜਦੋਂ ਕਿ ਮਹਿਲਾਂ, ਝੌਂਪੜੀਆਂ ਅਤੇ ਦੁਕਾਨਾਂ ਵਿਚ ਰੌਸ਼ਨੀ ਟਿਮ ਟਿਮਾ ਰਹੀ ਸੀ। ਭਾਰੀ ਗਿਣਤੀ ਵਿਚ ਲੋਕ ਆਪਣੇ ਉਤਸਵ ਵਾਲੇ ਕੱਪੜੇ ਪਹਿਣ ਕੇ ਗਲੀਆਂ ਵਿਚ ਜਮ੍ਹਾਂ ਹੋਏ ਹੋਏ ਸਨ ਅਤੇ ਉਨ੍ਹਾਂ ਦੇ ਚਿਹਰਿਆਂ ਉੱਤੇ ਉਤਸਵ ਮਨਾਉਣ ਅਤੇ ਸੰਤੁਸ਼ਟੀ ਦੇ ਚਿੰਨ੍ਹ ਨਜ਼ਰ ਆ ਰਹੇ मठ।

ਮੈਂ ਉਸ ਭੀੜ-ਭੜੱਕੇ ਤੋਂ ਬਚਦਾ ਹੋਇਆ ਇੱਕਲਵਾਂਜੇ ਆ ਗਿਆ ਤੇ ਉਸ ਮਹਾਨ ਆਤਮਾ ਬਾਰੇ ਸੋਚਣ ਲੱਗਾ ਜਿਸਦੇ ਉਤਸਵ ਨੂੰ ਉਹ ਮਨਾ ਰਹੇ ਸਨ ਅਤੇ ਯੁੱਗਾਂ ਦੀ ਉਸ ਸਰਵ-ਉੱਚ ਆਤਮਾ ਵੱਲ ਧਿਆਨ ਮਗਨ ਹੋ ਗਿਆ ਜਿਸਨੇ ਗ਼ਰੀਬੀ ਵਿਚ ਜਨਮ ਲਿਆ, ਧਰਮਾਤਮਾ ਬਣ ਕੇ ਜੀਵਨ ਬਿਤਾਇਆ ਅਤੇ ਸਲੀਬ ‘ਤੇ ਚੜ੍ਹ ਕੇ ਕੁਰਬਾਨੀ ਦੇ ਦਿੱਤੀ।

ਮੈਂ ਉਸ ਬਲਦੀ ਮਸ਼ਾਲ ਬਾਰੇ ਵਿਚਾਰ ਕਰ ਰਿਹਾ ਸਾਂ ਜੋ ਉਸ ਪਵਿੱਤਰ ਆਤਮਾ ਰਾਹੀਂ ਸਾਇਰੀਆ ਦੇ ਇਕ ਛੋਟੇ ਜਿਹੇ ਪਿੰਡ ਵਿਚ ਜਗਾਈ ਗਈ ਸੀ….ਉਹ ਉੱਚ ਆਤਮਾ, ਜੋ ਯੁੱਗਾਂ-ਯੁੱਗਾਂ ਤੋਂ ਹਰ ਸਦੀ ਵਿਚ ਵਿਚਰਦੀ ਆ ਰਹੀ ਹੈ ਅਤੇ ਆਪਣੀ ਸੱਚਾਈ ਰਾਹੀਂ ਕਦੇ ਇਕ ਸਭਿਅਤਾ ਤੇ ਕਦੇ ਦੂਜੀ ਸਭਿਅਤਾ ਨੂੰ ਪ੍ਰਭਾਵਿਤ ਕਰਦੀ ਆ ਰਹੀ ਹੈ।

ਜਿਉਂ ਹੀ ਮੈਂ ਇਕ ਜਨਤਕ ਬਾਗ਼ ਵਿਚ ਪੁੱਜਾ, ਮੈਂ ਇਕ ਟੁੱਟੇ ਫੁੱਟੇ ਬੈਂਚ ‘ਤੇ ਇਕ ਪਾਸੇ ਹੋ ਕੇ ਬਹਿ ਗਿਆ ਅਤੇ ਸੁੱਕੀਆਂ ਟਾਹਣੀਆਂ ਦੇ ਦਰੱਖ਼ਤਾਂ ਵਿੱਚੋਂ ਦੀ ਭੀੜ-ਭੜੱਕੇ ਵਾਲੀਆਂ ਗਲੀਆਂ ਵੱਲ ਧਿਆਨ ਮਗਨ ਹੋ ਕੇ ਵੇਖਣ ਲੱਗਾ, ਮੈਨੂੰ ਉਤਸਵ ਮਨਾਉਣ ਵਾਲਿਆਂ ਦੇ ਗੀਤ ਤੇ ਧਾਰਮਿਕ ਪ੍ਰਾਰਥਨਾਵਾਂ ਸੁਣਾਈ ਦੇ ਰਹੀਆਂ ਹਨ।

ਡੂੰਘੀ ਸੋਚ ਵਿਚ ਡੁੱਬਿਆਂ ਇਕ ਘੰਟਾ ਬੀਤ ਚੁੱਕਿਆ ਸੀ, ਚੇਤੰਨ ਅਵਸਥਾ ਵਿਚ ਆ ਕੇ ਮੈਂ ਸਿਰ ਚੁੱਕ ਕੇ ਆਪਣੇ ਇਕ ਪਾਸੇ ਵੱਲ ਝਾਤੀ ਮਾਰੀ, ਮੈਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਇਕ ਅਨਜਾਣ ਆਦਮੀ ਮੇਰੇ ਕੋਲ ਬੈਠਾ ਸੀ ਜੋ ਹੱਥ ਵਿਚ ਫੜੀ ਟਾਹਣੀ ਨਾਲ ਜ਼ਮੀਨ ਉੱਤੇ ਲਕੀਰਾਂ ਤੇ ਖਾਕੇ ਜਿਹੇ ਵਾਹ ਰਿਹਾ ਸੀ। ਮੈਨੂੰ ਹੈਰਾਨੀ ਹੋਈ ਕਿ ਉਸਦੇ ਆਉਣ ਦਾ ਮੈਨੂੰ ਪਤਾ ਹੀ ਨਹੀਂ ਸੀ ਲੱਗਾ ਤੇ ਨਾ ਹੀ ਆਵਾਜ਼ ਸੁਣਾਈ ਦਿੱਤੀ ਸੀ ਪਰ ਮਨ ਹੀ ਮਨ . ਮੈਂ ਸੋਚਿਆ, “ਇਹ ਵੀ ਮੇਰੇ ਵਾਂਗ ਇਕੱਲ ਮਾਰਿਆ ਹੈ।” ਉਸ ਵੱਲ ਗ਼ੌਰ ਨਾਲ ਵੇਖਣ ‘ਤੇ ਪਤਾ ਲੱਗਾ ਕਿ ਪੁਰਾਣੇ ਫ਼ੈਸ਼ਨ ਦੇ ਕੱਪੜੇ ਪਾਏ ਹੋਣ ਅਤੇ ਲੰਮੇ ਵਾਲਾਂ ਦੇ ਬਾਵਜੂਦ ਉਹ ਇੱਜ਼ਤਮਾਨ ਵਾਲਾ ਵਿਅਕਤੀ ਜਾਪ ਰਿਹਾ ਸੀ ਜਿਸ ਵੱਲ ਮੇਰਾ ਧਿਆਨ ਖਿਚਿਆ ਗਿਆ। ਮੈਨੂੰ ਇੰਜ ਜਾਪਿਆ ਜਿਵੇਂ ਉਸਨੇ ਮੇਰੇ ਮਨ ਵਿਚਲੇ ਭਾਵਾਂ ਵਿਚਾਰਾਂ ਨੂੰ ਪੜ੍ਹ ਲਿਆ ਹੋਵੇ ਕਿਉਂਕਿ ਉਸਨੇ ਬੜੀ ਗੰਭੀਰ ਤੇ ਸ਼ਾਂਤ ਆਵਾਜ਼ ਵਿਚ ਕਿਹਾ, “ਸ਼ੁਭ ਸ਼ਾਮ, ਮੇਰੇ ਬੇਟੇ ।”

ਦਿੱਤਾ। “ਤੁਹਾਨੂੰ ਵੀ ਸ਼ੁਭ ਸ਼ਾਮ,” ਮੈਂ ਬੜੇ ਸਤਿਕਾਰ ਨਾਲ ਉਸਨੂੰ ਉੱਤਰ

ਉਸਨੇ ਜ਼ਮੀਨ ਉੱਤੇ ਲਕੀਰਾਂ ਵਾਹੁਣੀਆਂ ਜਾਰੀ ਰੱਖੀਆਂ ਜਦੋਂ ਕਿ ਉਸਦੀ ਸ਼ਾਂਤ ਤੇ ਸਹਿਜ ਆਵਾਜ਼ ਮੇਰੇ ਕੰਨਾਂ ਵਿਚ ਹਾਲਾਂ ਵੀ ਗੂੰਜ ਰਹੀ ਸੀ। ਮੈਂ ਉਸਨੂੰ ਫਿਰ ਸੰਬੋਧਨ ਕਰਦੇ ਹੋਏ ਕਿਹਾ, “ਕੀ ਤੁਸੀਂ ਇਸਂ ਸ਼ਹਿਰ ਵਿਚ ਅਜਨਬੀ ਹੋ ?”

“ਹਾਂ, ਮੈਂ ਇਸ ਸ਼ਹਿਰ ਵਿਚ ਅਤੇ ਹਰ ਸ਼ਹਿਰ ਵਿਚ ਅਜਨਬੀ ਹਾਂ,” ਉਸਨੇ ਉੱਤਰ ਦਿੱਤਾ। ਮੈਂ ਉਸਨੂੰ ਦਿਲਾਸਾ ਦੇਂਦਿਆਂ ਕਿਹਾ, “ਇਕ ਅਜਨਬੀ ਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਦਿਨਾਂ ਵਿਚ ਉਹ ਬੇਗਾਨਾ ਹੈ ਕਿਉਂਕਿ ਲੋਕਾਂ ਦੇ ਦਿਲਾਂ ਵਿਚ ਦਇਆ ਭਾਵਨਾ ਤੇ ਹਮਦਰਦੀ ਹੈ। ਉਸਨੇ ਥੱਕੀ ਹਾਰੀ ਆਵਾਜ਼ ਵਿਚ ਉੱਤਰ ਦਿੱਤਾ, “ਮੈਂ ਹੋਰ ਦਿਨਾਂ ਨਾਲੋਂ ਇਨ੍ਹਾਂ ਦਿਨਾਂ ਵਿਚ ਵਧੇਰੇ ਅਜਨਬੀ ਰਹਿੰਦਾ ਹਾਂ।” ਇਹ ਗੱਲ ਕਹਿ ਕੇ ਉਹ ਨਿਰਮਲ ਸ਼ਾਂਤ ਆਕਾਸ਼ ਵੱਲ ਵੇਖਣ ਲੱਗ ਪਿਆ, ਉਸਦੀਆਂ ਅੱਖਾਂ ਸਿਤਾਰਿਆਂ ’ਤੇ ਲੱਗੀਆਂ ਹੋਈਆਂ ਸਨ ਅਤੇ ਹੋਂਠ ਇੰਜ ਕੰਬ ਉੱਠੇ ਜਿਵੇਂ ਉਸਨੂੰ ਦੂਰ ਆਕਾਸ਼ ਵਿਚ ਕਿਸੇ ਹੋਰ ਦੇਸ਼ ਦਾ ਝਾਉਲਾ ਪਿਆ ਹੋਵੇ। ਉਸਦੀਆਂ ਅਜੀਬ ਗੱਲਾਂ ਨੇ ਮੇਰੇ ਅੰਦਰ ਕੁਝ ਹੋਰ ਜਾਣਨ ਲਈ ਉਤਸੁਕਤਾ ਪੈਦਾ ਕਰ ਦਿੱਤੀ ਅਤੇ ਮੈਂ ਕਿਹਾ, “ਸਾਲ ਦੇ ਇਹ ਦਿਨ ਅਜਿਹੇ ਹੁੰਦੇ ਹਨ ਜਦੋਂ ਲੋਕ ਇਕ ਦੂਜੇ ਪ੍ਰਤੀ ਦਇਆਲੂ ਤੇ ਰਹਿਮ ਦਿਲ ਹੁੰਦੇ ਹਨ। ਅਮੀਰ ਗ਼ਰੀਬਾਂ ਉੱਤੇ ਰਹਿਮ ਕਰਦੇ ਤੇ ਉਨ੍ਹਾਂ ਦਾ ਧਿਆਨ ਰੱਖਦੇ ਹਨ ਅਤੇ ਤਾਕਤਵਰ ਕਮਜ਼ੋਰ ਨੂੰ ਪਿਆਰਦੇ ਹਨ, ਹਮਦਰਦ ਬਣਦੇ ਹਨ।”

ਉਸਨੇ ਝਟ ਜਵਾਬ ਦਿੱਤਾ, “ਹਾਂ, ਅਮੀਰਾਂ ਦੀ ਗ਼ਰੀਬਾਂ ਪ੍ਰਤੀ ਇਹ ਪਲ ਭਰ ਦੀ ਦਇਆ ਕੁੜਿੱਤਣ ਭਰਪੂਰ ਹੈ ਅਤੇ ਤਾਕਤਵਰ ਦੀ ਕਮਜ਼ੋਰ ਨਾਲ ਹਮਦਰਦੀ ਕੁਝ ਵੀ ਨਹੀਂ ਸਿਰਫ਼ ਉਸਦੀ ਆਪਣੀ ਵਡਿਆਈ ਦੀ ਪ੍ਰਤੀਕ ਹੈ।” ਮੈਂ ਉਸਦੀ ਹਾਂ ਵਿਚ ਹਾਂ ਮਿਲਾਈ, “ਤੁਹਾਡੇ ਵਿਚਾਰਾਂ ਵਿਚ ਵਜ਼ਨ ਹੈ ਪਰ ਨਿਤਾਣਾ ਗ਼ਰੀਬ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਅਮੀਰ ਦੇ ਦਿਲ ਵਿਚ ਕੀ ਹੈ ਅਤੇ ਭੁੱਖਾ ਮਨੁੱਖ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਜਿਸ ਰੋਟੀ ਲਈ ਉਹ ਤਰਸਦਾ ਹੈ ਉਹ ਕਿਵੇਂ ਬਣਾਈ ਤੇ ਪਕਾਈ ਗਈ चै।”

ਉਸਨੇ ਤੁਰੰਤ ਜਵਾਬ ਦਿੱਤਾ, “ਜੋ ਲੈਂਦਾ ਹੈ ਉਹ ਇਸ ਬਾਰੇ ਚੇਤੰਨ ਨਹੀਂ ਹੁੰਦਾ ਪਰ ਜੋ ਦੇਂਦਾ ਹੈ ਆਪਣੇ ਆਪ ਉੱਤੇ ਇਸ ਅਹਿਸਾਸ ਦਾ ਭਾਰ ਲਈ ਫਿਰਦਾ ਹੈ ਕਿ ਉਸਨੇ ਅਜਿਹਾ, ਭਰਾਤਰੀ ਪਿਆਰ ਤੇ ਦੋਸਤੀ ਵਜੋਂ ਕੀਤਾ ਹੈ ਨਾ ਕਿ ਆਪਣੀ ਸ਼ਾਨ ਖ਼ਾਤਰ।”

ਮੈਂ ਉਸਦੀ ਸਿਆਣਪ ਉੱਤੇ ਹੈਰਾਨ ਸਾਂ ਅਤੇ ਫਿਰ ਉਸਦੀ ਅਜ਼ੀਬ ਜਿਹੀ ਦਿੱਖ ਅਤੇ ਅਜੀਬੋ-ਗ਼ਰੀਬ ਕੱਪੜਿਆਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਮੈਂ ਆਪਣੇ ਆਪ ਵਿਚ ਸੰਭਲਿਆ ਤੇ ਕਿਹਾ, “ਅਜਿਹਾ ਜਾਪਦਾ ਹੈ ਤੁਹਾਨੂੰ ਮੱਦਦ ਦੀ ਲੋੜ ਹੈ, ਕੀ ਤੁਸੀਂ ਮੇਰੇ ਵੱਲੋਂ ਕੁਝ ਸਿੱਕੇ ਕਬੂਲ ਕਰੋਗੇ ?” ਉਦਾਸ ਮੁਸਕਾਨ ਨਾਲ ਉਸਨੇ ਉੱਤਰ ਦੇਂਦਿਆਂ ਕਿਹਾ, “ਹਾਂ ਮੈਨੂੰ ਸਖ਼ਤ ਲੋੜ ਹੈ ਪਰ ਸੋਨੇ ਜਾਂ ਚਾਂਦੀ ਦੀ ਨਹੀਂ।”

ਘਬਰਾਹਟ ਜਿਹੀ ਵਿਚ ਮੈਂ ਪੁੱਛਿਆ, “ਉਹ ਕਿਹੜੀ ਚੀਜ਼ ਹੈ ਜਿਸਦੀ ਤੁਹਾਨੂੰ ਲੋੜ ਹੈ?”

“ਮੈਨੂੰ ਸਹਾਰਾ ਚਾਹੀਦਾ ਹੈ! ਮੈਨੂੰ ਉਸ ਥਾਂ ਦੀ ਲੋੜ ਹੈ ਜਿਥੇ ਮੈਂ ਆਪਣੇ ਸਰੀਰ ਤੇ ਆਪਣੇ ਵਿਚਾਰਾਂ ਨੂੰ ਸਕੂਨ ਦੇ ਸਕਾਂ।” ਜਾਂ “ਮਿਹਰਬਾਨੀ ਕਰਕੇ ਇਹ ਦੋ ਸਿੱਕੇ (ਦਨਾਰ) ਕਬੂਲ ਕਰੋ ਅਤੇ ਕਿਸੇ ਸਰ੍ਹਾਂ ਵਿਚ ਆਸਰਾ ਲੈ ਲਵੋ,” ਮੈਂ ਜ਼ੋਰ ਦੇ ਕੇ ਕਿਹਾ।

ਉਸਨੇ ਬੜੀ ਦੁੱਖ ਭਰੀ ਆਵਾਜ਼ ਵਿਚ ਜਵਾਬ ਦਿੱਤਾ, “ਮੈਂ ਹਰ ਸਰ੍ਹਾਂ ਵਿਚ ਜਾਣ ਦੀ ਕੋਸ਼ਿਸ਼ ਕੀਤੀ ਹੈ ਅਤੇ ਹਰ ਦਰਵਾਜ਼ਾ ਖੜਕਾਇਆ ਹੈ ਪਰ ਫ਼ਜ਼ੂਲ । ਮੈਂ ਹਰ ਭੋਜਨ ਵਾਲੀ ਦੁਕਾਨ ‘ਤੇ ਗਿਆ ਪਰ ਕਿਸੇ ਨੇ ਵੀ ਮੇਰੀ ਮੱਦਦ ਕਰਨ ਦੀ ਪਰਵਾਹ ਨਹੀਂ ਕੀਤੀ। ਮੇਰਾ ਦਿਲ ਦੁਖੀ ਹੈ, ਭੁੱਖਾ ਨਹੀਂ; ਮੈਂ ਨਿਰਾਸ ਹਾਂ ਥੱਕਿਆ ਹੋਇਆ ਨਹੀਂ, ਮੈਨੂੰ ਸਿਰ ਲੁਕਾਉਣ ਲਈ ਛੱਤ ਨਹੀਂ ਚਾਹੀਦੀ ਸਗੋਂ ਇਨਸਾਨੀ ਸਹਾਰਾ ਚਾਹੀਦਾ ਹੈ।”

ਮੈਂ ਮਨ ਹੀ ਮਨ ਸੋਚਿਆ, “ਕਿੰਨਾ ਅਜੀਬ ਆਦਮੀ ਹੈ ਇਹ! ਕਦੇ ਇਹ ਦਾਰਸ਼ਨਿਕਾਂ ਵਾਂਗ ਗੱਲਾਂ ਕਰਦਾ ਹੈ ਤੇ ਕਦੇ ਪਾਗਲਾਂ ਵਾਂਗ।” ਜਿਉਂ ਹੀ ਮੇਰੇ ਆਪਣੇ ਮਨ ਵਿਚ ਇਹ ਵਿਚਾਰ ਪੈਦਾ ਹੋਏ, ਉਸ ਨੇ ਮੇਰੇ ਵੱਲ ਵੇਖਿਆ, ਉਦਾਸ ਤੇ ਧੀਮੀ ਜਿਹੀ ਆਵਾਜ਼ ਵਿਚ ਕਹਿਣ ਲੱਗਾ, “ਹਾਂ, ਮੈਂ ਪਾਗਲ ਹਾਂ, ਪਰ ਇਕ ਪਾਗਲ ਆਦਮੀ ਵੀ ਸਹਾਰੇ ਤੋਂ ਬਿਨਾਂ ਅਜਨਬੀ ਤੇ ਰੋਟੀ ਤੋਂ ਬਿਨਾਂ ਭੁੱਖਾ ਮਹਿਸੂਸ ਕਰੇਗਾ ਪਰ ਮਨੁੱਖ ਦਾ ਮਨ ਸੱਖਣਾ ਹੈ।”

ਮੈਂ ਇਹ ਕਹਿੰਦੇ ਹੋਏ ਉਸ ਤੋਂ ਮੁਆਫ਼ੀ ਮੰਗੀ, “ਮੈਨੂੰ ਆਪਣੇ ਮੂਰਖਤਾ ਵਾਲੇ ਵਿਚਾਰਾਂ ‘ਤੇ ਦੁੱਖ ਹੈ। ਕੀ ਤੁਸੀਂ ਮੇਰੀ ਮਹਿਮਾਨ ਨਿਵਾਜ਼ੀ ਪਸੰਦ ਕਰੋਗੇ ਤੇ ਮੇਰੇ ਘਰ ਨਿਸ਼ਚਿੰਤ ਹੋ ਕੇ ਰਹੋਗੇ ?”

“ਮੈਂ ਤੇਰਾ ਦਰਵਾਜ਼ਾ ਤੇ ਹਰ ਦਰਵਾਜ਼ਾ ਹਜ਼ਾਰਹਾਂ ਵਾਰ ਖੜਕਾਇਆ ਹੈ ਪਰ ਕੋਈ ਜਵਾਬ ਨਹੀਂ ਮਿਲਿਆ,” ਉਸਨੇ ਸਖ਼ਤੀ ਨਾਲ ਉੱਤਰ ਦਿੱਤਾ।

ਹੁਣ ਮੈਨੂੰ ਯਕੀਨ ਹੋ ਗਿਆ ਸੀ ਕਿ ਉਹ ਸਚਮੁੱਚ ਹੀ ਪਾਗਲ ਸੀ ਅਤੇ ਮੈਂ ਸੁਝਾਅ ਦਿੱਤਾ, “ਹੁਣ ਸਾਨੂੰ ਚੱਲਣਾ ਚਾਹੀਦਾ ਹੈ ਅਤੇ ਚਲੋ ਮੇਰੇ ਗ਼ਰੀਬਖ਼ਾਨੇ ਚੱਲੀਏ।”

ਉਸਨੇ ਹੌਲੀ ਜਿਹੀ ਆਪਣਾ ਸਿਰ ਉੱਚਾ ਚੁੱਕਿਆ ਅਤੇ ਕਿਹਾ, “ਜੇ ਤੂੰ ਮੈਨੂੰ ਪਛਾਣਦਾ ਹੁੰਦਾ ਤਾਂ ਆਪਣੇ ਘਰ ਚੱਲਣ ਲਈ ਸੱਦਾ ਨਾ ਦੇਂਦਾ।”

“ਤੁਸੀਂ ਕੌਣ ਹੈ ?” ਮੈਂ ਡਰਦੇ ਹੋਏ ਹੌਲੀ ਜਿਹੀ ਪੁੱਛਿਆ।

ਸਮੁੰਦਰ ਦੀ ਗਰਜਨ ਵਰਗੀ ਉੱਚੀ ਆਵਾਜ਼ ਵਿਚ ਉਹ ਗਰਜ ਉੱਠਿਆ “ਮੈਂ ਇਨਕਲਾਬ ਹਾਂ, ਜੋ ਕੌਮਾਂ ਤਬਾਹ ਕਰਦੀਆਂ ਹਨ ਮੈਂ ਉਸਾਰਦਾ ਹਾਂ…..ਮੈਂ ਤੂਫ਼ਾਨ ਹਾਂ ਜੋ ਯੁੱਗਾਂ ਰਾਹੀਂ ਉਗਾਏ ਬੂਟਿਆਂ ਨੂੰ ਜੜ੍ਹੋਂ ਉਖਾੜਦਾ ਹਾਂ…..। ਮੈਂ ਉਹ ਹਾਂ ਜੋ ਧਰਤੀ ਉੱਤੇ ਜੰਗ ਦੇ ਹਾਲਾਤ ਪੈਦਾ ਕਰਕੇ ਜੰਗ ਦਾ ਐਲਾਨ ਕਰਦਾ ਹਾਂ ਨਾ ਕਿ ਅਮਨ ਦਾ, ਕਿਉਂਕਿ ਮਨੁੱਖ ਦੁੱਖ ਵਿਚ ਹੀ ਸੰਤੁਸ਼ਟ ਹੈ।”

ਅਤੇ ਉਸਦੀਆਂ ਗੱਲ੍ਹਾਂ ਉੱਤੇ ਹੰਝੂ ਵਹਿ ਤੁਰੇ, ਉਹ ਉੱਚਾ ਉੱਠਿਆ ਅਤੇ ਰੌਸ਼ਨੀ ਦਾ ਇਕ ਗੁਬਾਰ ਉਸਦੇ ਦੁਆਲੇ ਫੈਲ ਗਿਆ, ਉਸਨੇ ਆਪਣੀਆਂ ਬਾਹਵਾਂ ਫੈਲਾ ਦਿੱਤੀਆਂ ਅਤੇ ਮੈਂ ਵੇਖਿਆ ਉਸਦੇ ਹੱਥਾਂ ਉੱਤੇ ਕਿੱਲਾਂ ਦੇ ਨਿਸ਼ਾਨ ਸਨ; ਮੈਂ ਆਪਣੇ ਆਪ ਨੂੰ ਝੰਜੋੜਦਾ ਹੋਇਆ ਉਸ ਅੱਗੇ ਚੌਫਾਲ ਡਿੱਗ ਪਿਆ ਅਤੇ ਚੀਕ ਉਠਿਆ, “ਓ ਈਸਾ, ਨਾਜ਼ਰੀਨ।”

ਉਹ ਗ਼ੁੱਸੇ ਵਿਚ ਕਹਿੰਦਾ ਰਿਹਾ, ‘ਲੋਕ ਮੇਰੇ ਨਾਂ ਉੱਤੇ ਸਦੀਆਂ ਤੋਂ ਚਲੀ ਆ ਰਹੀ ਰੀਤ ਅਨੁਸਾਰ, ਮੇਰੀ ਸ਼ਾਨ ਵਿਚ ਉਤਸਵ ਮਨਾ ਰਹੇ ਹਨ ਪਰ ਜਿਥੋਂ ਤਕ ਮੇਰਾ ਵਾਸਤਾ ਹੈ, ਮੈਂ ਇਸ ਧਰਤੀ ਉੱਤੇ ਪੂਰਬ ਤੋਂ ਪੱਛਮ ਤਕ ਅਜਨਬੀਆਂ ਵਾਂਗ ਘੁੰਮ ਰਿਹਾ ਹਾਂ, ਕੋਈ ਮੈਨੂੰ ਜਾਣਦਾ ਪਛਾਣਦਾ ਤਕ ਨਹੀਂ। ਲੂੰਬੜੀਆਂ ਕੋਲ ਆਪਣੇ ਘੁਰਨੇ ਹਨ ਅਤੇ ਆਕਾਸ਼ ਦੇ ਪੰਛੀਆਂ ਕੋਲ ਆਲ੍ਹਣੇ, ਪਰ ਖ਼ੁਦਾ ਦੇ ਪੁੱਤਰ ਕੋਲ ਸਿਰ ਲੁਕਾਉਣ ਲਈ ਕੋਈ ਥਾਂ ਨਹੀਂ ਹੈ।”

ਉਸੇ ਪਲ ਮੈਂ ਆਪਣੀਆਂ ਅੱਖਾਂ ਖੋਹਲੀਆਂ, ਸਿਰ ਉਤਾਂਹ ਚੁੱਕਿਆ, ਆਲੇ-ਦੁਆਲੇ ਵੇਖਿਆ, ਪਰ ਮੇਰੇ ਸਾਹਮਣੇ ਧੂੰਏ ਦੇ ਗੁਬਾਰ ਤੋਂ ਸਿਵਾਇ ਹੋਰ ਕੁਝ ਵੀ ਨਹੀਂ ਸੀ ਅਤੇ ਮੈਨੂੰ ਸਦੀਵਤਾ ਦੀ ਗਹਿਰਾਈ ਵਿੱਚੋਂ ਆਉਂਦੀ ਰਾਤ ਦੀ ਸ਼ਾਂਤ ਕੰਬਦੀ ਆਵਾਜ਼ ਸੁਣਾਈ ਦਿੱਤੀ। ਮੈਂ ਆਪਣੇ ਆਪ ਨੂੰ ਸੰਭਾਲਿਆ ਅਤੇ ਦੂਰੋਂ ਆਉਂਦੀ ਭੀੜ ਵਿੱਚੋਂ ਗੀਤਾਂ ਦੀ ਆਵਾਜ਼ ਸੁਣੀ ਅਤੇ ਮੇਰੇ ਅੰਦਰੋਂ ਉੱਠਦੀ ਆਵਾਜ਼ ਨੇ ਕਿਹਾ, “ਉਹ ਤਾਕਤ ਜੋ ਦਿਲ ਨੂੰ ਜ਼ਖ਼ਮ ਤੋਂ ਬਚਾਉਂਦੀ ਹੈ, ਅਜਿਹੀ ਤਾਕਤ ਹੈ ਜਿਹੜੀ ਆਪਣੇ ਅੰਦਰ ਦਿਲ ਨੂੰ ਇੱਛਿਤ ਮਹਾਨਤਾ ਤਕ ਫੈਲਣ ਤੋਂ ਰੋਕਦੀ ਹੈ। ਆਵਾਜ਼ ਦਾ ਗੀਤ ਮਿੱਠਾ ਹੁੰਦਾ ਹੈ, ਪਰ ਦਿਲ ਦਾ ਗੀਤ ਪਵਿੱਤਰ ਸਵਰਗੀ ਤੇ ਖ਼ੁਦਾਈ ਆਵਾਜ਼ ਹੈ।”

ਕਬਰ ਪੁੱਟ

ਰਾਤ ਦੀ ਡਰਾਉਣੀ ਖ਼ਾਮੋਸ਼ੀ ਵਿਚ, ਜਦੋਂ ਕਿ ਸਾਰੀਆਂ ਖ਼ੁਦਾਈ ਵਸਤਾਂ ਕਾਲੇ ਸੰਘਣੇ ਬੱਦਲਾਂ ਦੇ ਪਰਦੇ ਪਿੱਛੇ ਅਲੋਪ ਹੋ ਚੁੱਕੀਆਂ ਸਨ, ਮੈਂ ਮੌਤ ਦੇ ਖ਼ਿਆਲੀ ਪਰਛਾਵਿਆਂ ਦੀ ਘਾਟੀ ਵਿਚ ਕੱਲ-ਮੁਕੱਲਾ ਤੇ ਡਰਿਆ-ਡਰਿਆ ਤੁਰਿਆ ਜਾ ਰਿਹਾ ਸਾਂ।

ਅੱਧੀ ਰਾਤ ਹੁੰਦਿਆਂ ਹੀ ਪ੍ਰੇਤ ਰੂਹਾਂ ਆਪਣੇ ਡਰਾਉਣੇ ਖੰਭ ਫੈਲਾਈ ਮੇਰੇ ਵੱਲ ਝਪਟੀਆਂ, ਮੈਂ ਵੇਖਿਆ ਇਕ ਵੱਡਾ ਸਾਰਾ ਦੈਂਤ ਮੇਰੇ ਸਾਹਮਣੇ ਖੜਾ ਆਪਣੀਆਂ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਮੈਨੂੰ ਵੱਸ ਵਿਚ ਕਰ ਕੇ ਆਪਣੇ ਵੱਲ ਖਿੱਚ ਰਿਹਾ ਸੀ। ਉੱਚੀ ਗੂੰਜਦੀ ਆਵਾਜ਼ ਵਿਚ ਉਹ ਬੋਲਿਆ, “ਤੇਰਾ ਡਰ ਦੋ-ਪਾਸੜ ਹੈ। ਇਕ. ਤਾਂ ਤੂੰ ਮੇਰੇ ਕੋਲੋਂ ਡਰ ਰਿਹਾ ਹੈਂ। ਇਸ ਡਰ ਨੂੰ ਤੂੰ ਲੁਕਾ ਨਹੀਂ ਸਕਦਾ ਕਿਉਂਕਿ ਤੂੰ ਮਕੜੀ ਦੇ ਜਾਲੇ ਦੇ ਧਾਗੇ ਨਾਲੋਂ ਵੀ ਕਮਜ਼ੋਰ ਹੈਂ। ਤੇਰਾ ਅਸਲ ਨਾਂ ਕੀ ਹੈ ?”

ਮੈਂ ਵੱਡੀ ਸਾਰੀ ਚੱਟਾਨ ’ਤੇ ਝੁਕ ਕੇ ਸਹਾਰਾ ਲਿਆ। ਇਸ ਅਚਾਨਕ ਲੱਗੇ ਧੱਕੇ ਤੋਂ ਆਪਣੇ ਆਪ ਨੂੰ ਸੰਭਾਲਿਆ ਅਤੇ ਕਮਜ਼ੋਰ ਤੇ ਡਰਾਉਣੀ ਕੰਬਦੀ ਜਿਹੀ ਆਵਾਜ਼ ਵਿਚ ਜੁਆਬ ਦਿੱਤਾ, “ਮੇਰਾ ਨਾਂ ਅਬਦੁੱਲ ਹੈ ਜਿਸਦਾ ਭਾਵ ਹੈ ਖ਼ੁਦਾ ਦਾ ਗ਼ੁਲਾਮ।” ਕੁਝ ਮਿੰਟਾਂ ਲਈ ਉਥੇ ਡਰਾਉਣੀ ਚੁੱਪ-ਚਾਂ ਛਾਈ ਰਹੀ ਤੇ ਉਹ ਵੀ ਚੁੱਪ ਸੀ। ਮੈਂ ਉਸਦੀ ਸੂਰਤ ਤੋਂ ਮਾਯੂਸ ਹੋ ਗਿਆ ਪਰ ਉਸਦੇ ਰਹੱਸਮਈ ਵਿਚਾਰਾਂ ਤੇ ਲਫ਼ਜ਼ਾਂ, ਉਸਦੇ ਅਜੀਬੋ-ਗ਼ਰੀਬ ਖ਼ਿਆਲਾਂ ਤੇ ਵਿਚਾਰਾਂ ਤੋਂ ਜਿਵੇਂ ਹਲੂਣਿਆ ਜਿਹਾ ਗਿਆ ਸਾਂ।

ਉਹ ਕੜਕ ਕੇ ਬੋਲਿਆ, “ਖ਼ੁਦਾ ਦੇ ਤਾਂ ਅਨੇਕਾਂ ਗ਼ੁਲਾਮ ਹਨ ਅਤੇ ਉਸਦੇ ਬੰਦਿਆਂ ਨੇ ਉਸਨੂੰ ਵੱਡੇ ਤੋਂ ਵੱਡੇ ਜ਼ਖ਼ਮ ਦਿੱਤੇ ਹਨ। ਤੇਰਾ ਬਾਪ ਤੈਨੂੰ ‘ਸ਼ੈਤਾਨ ਦਾ ਆਕਾ’ ਕਿਉਂ ਨਹੀਂ ਕਹਿੰਦਾ ਬਜਾਏ ਧਰਤੀ ‘ਤੇ ਇਕ ਹੋਰ ਵੱਡੀ ਮੁਸੀਬਤ ਵਿਚ ਵਾਧਾ ਕਰਨ ਦੇ ? ਤੂੰ ਆਪਣੇ ਪਿਤਾ ਪਿਤਾਮਿਆਂ ਵੱਲੋਂ ਬਖ਼ਸ਼ੇ ਛੋਟੇ-ਛੋਟੇ ਤੋਹਫ਼ਿਆਂ ਨਾਲ, ਡਰ ਕਾਰਨ ਹੀ ਚੰਬੜਿਆ ਹੋਇਆ ਹੈਂ; ਇਹ ਬਿਪਤਾ ਤੈਨੂੰ ਤੇਰੇ ਮਾਂ ਬਾਪ ਕੋਲੋਂ ਵਿਰਸੇ ਵਿਚ ਮਿਲੀ ਹੋਈ ਹੈ ਅਤੇ ਤੂੰ ਉਦੋਂ ਤਕ ਜੀਉਂਦਾ ਹੋਇਆ ਵੀ ਮੌਤ ਦਾ ਗ਼ੁਲਾਮ ਬਣਿਆ ਰਹੇਂਗਾ ਜਦੋਂ ਤਕ ਤੂੰ ਸਚਮੁੱਚ ਮਰ ਨਹੀਂ ਜਾਂਦਾ।

“ਤੁਹਾਡੇ ਪੈਸੇ, ਰੁਜ਼ਗਾਰ ਫ਼ਜ਼ੂਲ, ਬੇ-ਮਾਅਨੇ ਹਨ ਅਤੇ ਤੁਹਾਡੇ ਜੀਵਨ ਖੋਖਲੇ। ਅਸਲ ਜੀਵਨ ਦੇ ਤੈਨੂੰ ਕਦੇ ਦਰਸ਼ਨ ਹੀ ਨਹੀਂ ਹੋਏ ਤੇ ਨਾ ਹੀ ਹੋਣਗੇ; ਨਾ ਹੀ ਤੇਰਾ ਛਲੇਡਾ ਆਪਾ ਤੇਰੀ ਜੀਉਂਦੀ ਮੌਤ ਨੂੰ ਮਹਿਸੂਸ ਕਰੇਗਾ। ਤੇਰੀ ਭੁਲੇਖੇ ਵਾਲੀ ਨਜ਼ਰ ਲੋਕਾਂ ਨੂੰ ਜ਼ਿੰਦਗੀ ਦੇ ਤੂਫ਼ਾਨ ਅੱਗੇ ਕੰਬਦਿਆਂ ਵੇਖਦੀ ਹੈ। ਤੁਸੀਂ ਸਮਝਦੇ ਹੋ ਕਿ ਉਹ ਜ਼ਿੰਦਾ ਨੇ, ਜਦੋਂ ਕਿ ਅਸਲ ਵਿਚ ਉਹ ਜਨਮ ਲੈਣ ਸਮੇਂ ਤੋਂ ਹੀ ਮਰੇ ਹੋਏ ਹਨ। ਕੋਈ ਵੀ ਅਜਿਹਾ ਮਨੁੱਖ ਨਹੀਂ ਸੀ ਜੋ ਉਨ੍ਹਾਂ ਨੂੰ ਦਫ਼ਨਾਉਂਦਾ, ਅਤੇ ਤੇਰੇ ਲਈ ਇਹੀ ਪੇਸ਼ਾ ਠੀਕ ਹੈ ਕਿ ਤੂੰ ਕਬਰ ਪੁੱਟਣ ਵਾਲਾ ਬਣ ਜਾਹ, ਅਤੇ ਇਸ ਤਰ੍ਹਾਂ ਘਰਾਂ, ਰਾਹਵਾਂ ਤੇ ਗਿਰਜਿਆਂ ਵਿਚ ਪਈਆਂ ਲਾਸ਼ਾਂ ਦੇ ਲੱਗੇ ਢੇਰ ਨੂੰ ਕਬਰਾਂ ਵਿਚ ਸੁੱਟ ਤੇ ਇਨ੍ਹਾਂ ਨੂੰ ਮੁਕਤੀ ਦੇਹ। ਤੂੰ ਇਨ੍ਹਾਂ ਵਿੱਚੋਂ ਹੀ ਕੁਝ ਜਿਉਂਦੇ ਮਨੁੱਖ ਵੇਖ ਸਕੇਂਗਾ ਸ਼ਾਇਦ।” ਜਮਾ ਦਾ

ਮੈਂ ਵਿਰੋਧ ਕਰਦਿਆਂ ਆਖਿਆ, “ਮੈਂ ਇਹ ਪੇਸ਼ਾ ਨਹੀਂ ਅਪਣਾ ਸਕਦਾ। ਮੇਰੀ ਪਤਨੀ ਤੇ ਬੱਚਿਆਂ ਨੂੰ ਮੇਰੀ ਮੱਦਦ ਤੇ ਸਾਥ ਦੀ ਲੋੜ ਹੈ।”

। ਜਿਵੇਂ ਕਿ ਤਕੜੇ ਬੋਹੜ ਦੇ ਦਰੱਖ਼ਤ ਦੀਆਂ ਟਾਹਣੀਆਂ ਜੀਵਨ ਤੇ ਤਾਕਤ ਨਾਲ ਭਰਪੂਰ ਹੋਣ, ਉਹ ਆਪਣਾ ਤਣੇ ਹੋਏ ਪੱਠਿਆਂ ਵਾਲਾ ਜਿਸਮ ਵਿਖਾਉਂਦਾ ਹੋਇਆ ਮੇਰੇ ਵੱਲ ਝੁਕਿਆ ਅਤੇ ਗ਼ੁੱਸੇ ਵਿਚ ਬਿਫ਼ਰ ਕੇ ਬੋਲਿਆ, “ਤੂੰ ਆਪਣੇ ਹਰ ਇਕ ਬੱਚੇ ਦੇ ਹੱਥ ਵਿਚ ਵੀ ਬੇਲਚਾ ਫੜਾ ਦੇਹ ਤੇ ਕਬਰਾਂ ਪੁੱਟਣੀਆਂ ਸਿਖਾਂ; ਤੇਰੀ ਜ਼ਿੰਦਗੀ ਇਸ ਤੋਂ ਵੱਧ ਕੁਝ ਵੀ ਨਹੀਂ ਸਿਰਫ਼ ਚੂਨੇ ਨਾਲ ਗੱਚ ਕੰਧਾਂ ਪਿੱਛੇ ਲੁਕਿਆ ਦੁੱਖਾਂ ਭਰਿਆ ਜੀਵਨ ਹੈ। ਸਾਡੇ ਨਾਲ ਰਲ ਕੇ ਜ਼ਿੰਦਗੀ ਬਸਰ ਕਰ, ਕਿਉਂਕਿ ਅਸੀਂ ਜੈਨੀ ਜ਼ਿੰਦਗੀ ਦੀ ਹਕੀਕਤ ਤੋਂ ਵਾਕਫ਼ ਹਾਂ। ਕਬਰ ਪੁੱਟਣ ਦਾ ਹੌਲੀ-ਹੌਲੀ ਪਰ ਬੜਾ ਲਾਭ ਹੁੰਦਾ ਹੈ ਜੋ ਉਨ੍ਹਾਂ ਮਰੇ ਜੀਵਾਂ ਨੂੰ ਆਪਣੇ ਵਿਚ ਸਮੇਟ ਲੈਂਦੀ ਹੈ ਜਿਹੜੇ ਤੂਫ਼ਾਨ ਸਾਹਮਣੇ ਕੰਬਦੇ ਹਨ ਅਤੇ ਕਦੇ ਵੀ ਇਸ ਦੇ ਨਾਲ ਨਹੀਂ ਚੱਲਦੇ।” ਉਹ ਖ਼ੁਸ਼ ਹੋਇਆ, ਹੱਸਿਆ ਤੇ ਫਿਰ ਪੁੱਛਣ ਲੱਗਾ, “ਤੇਰਾ ਮਜ਼ਹਬ ਕੀ ਹੈ ?” ਮੈਂ ਬਹਾਦਰੀ ਨਾਲ ਜਵਾਬ ਦਿੱਤਾ, “ਮੈਂ ਖ਼ੁਦਾ ‘ਤੇ ਯਕੀਨ ਰੱਖਦਾ ਹਾਂ ਅਤੇ ਉਸਦੇ ਪੈਗ਼ੰਬਰਾਂ ਦੀ ਇੱਜ਼ਤ ਕਰਦਾ ਹਾਂ, ਮੈਂ ਨੇਕੀ ਨੂੰ ਪਿਆਰਦਾ ਹਾਂ ਤੇ ਅਮਰਤੱਵ ਵਿਚ ਯਕੀਨ ਰੱਖਦਾ ਹਾਂ।”

ਉਸਨੇ ਬੜੀ ਸਿਆਣਪ ਤੇ ਆਤਮ-ਵਿਸ਼ਵਾਸ ਨਾਲ ਜਵਾਬ ਦਿੱਤਾ, “ਇਹ ਖੋਖਲੇ ਅਲਫ਼ਾਜ਼ ਮਨੁੱਖੀ ਜ਼ਬਾਨ ਉੱਤੇ ਬੀਤੀਆਂ ਸਦੀਆਂ ਰਾਹੀਂ ਰੱਖੇ ਗਏ ਹਨ ਨਾ ਕਿ ਗਿਆਨ ਦੇ ਆਧਾਰ ਉੱਤੇ। ਅਤੇ ਤੂੰ ਅਸਲ ਵਿਚ ਆਪਣੇ ਆਪ ਵਿਚ ਹੀ ਯਕੀਨ ਰੱਖਦਾ ਹੈਂ; ਤੂੰ ਕਿਸੇ ਦਾ ਸਤਿਕਾਰ ਨਹੀਂ ਕਰਦਾ ਸਿਰਫ਼ ਆਪਣਾ ਕਰਦਾ ਹੈਂ; ਤੂੰ ਸਿਰਫ਼ ਆਪਣੀਆਂ ਇੱਛਾਵਾਂ ਦੀ ਸਦੀਵਤਾ ਵਿਚ ਹੀ ਯਕੀਨ ਰੱਖਦਾ ਹੈਂ। ਮਨੁੱਖ ਸ਼ੁਰੂ ਤੋਂ ਹੁਣ ਤਕ ਆਪਣੇ ਆਪ ਦੀ ਹੀ ਪੂਜਾ ਕਰਦਾ ਰਿਹਾ ਹੈ ਅਤੇ ਖ਼ੁਦੀ ਨੂੰ ਉਸ ਕਈ ਢੁੱਕਵੇਂ ਨਾਂ ਦਿੱਤੇ, ਹੁਣ ਵੀ ਜਦੋਂ ਉਹ ‘ਖ਼ੁਦਾ’ ਲਫ਼ਜ਼ ਵਰਤਦਾ ਹੈ ਤਾਂ ਉਸਦਾ ਮਤਲਬ ਉਸੇ ‘ਖ਼ੁਦੀ’ ਤੋਂ ਹੈ।” ਉਸ ਦੈਂਤ ਦੇ ਕਹਿਕਹੇ ਤੇ ਡਰਾਉਣੀ ਆਵਾਜ਼ ਨਾਲ ਗੁਫ਼ਾਵਾਂ ਗੂੰਜ ਉਠੀਆਂ ਅਤੇ ਫਿਰ ਉਸ ਨੇ ਵਿਅੰਗ ਨਾਲ ਕਿਹਾ, “ਉਹ ਲੋਕ ਵੀ ਕਿੰਨੇ ਅਜੀਬ ਹਨ ਜੋ ਆਪਣੀ ਖ਼ੁਦੀ ਦੀ ਪੂਜਾ ਕਰਦੇ ਹਨ, ਹਾਲਾਂਕਿ ਉਨ੍ਹਾਂ ਦੀ ਅਸਲੀ ਹੋਂਦ ਕੁਝ ਵੀ ਨਹੀਂ ਸਿਵਾਇ ਇਕ ਦੁਨਿਆਵੀ ਲਾਸ਼ ਤੋਂ!”

ਉਹ ਕੁਝ ਪਲ ਰੁਕਿਆ, ਮੈਂ ਉਸਦੀਆਂ ਗੱਲਾਂ ਨੂੰ ਗਹੁ ਨਾਲ ਸੋਚਿਆ ਅਤੇ ਉਸ ਦੇ ਕਹੇ ਸ਼ਬਦਾਂ ਦੇ ਅਰਥਾਂ ਵੱਲ ਧਿਆਨ ਦਿੱਤਾ । ਉਸਨੂੰ ਜ਼ਿੰਦਗੀ ਨਾਲੋਂ ਵਧੇਰੇ ਡੂੰਘਾ, ਮੌਤ ਨਾਲੋਂ ਵਧੇਰੇ ਡਰਾਉਣਾ ਤੇ ਸਚਾਈ ਨਾਲੋਂ ਡੂੰਘਾ ਸੱਚਾ ਗਿਆਨ ਸੀ। ਮੈਂ ਝਿਜਕਦੇ ਹੋਏ ਪੁੱਛਿਆ, “ਤੁਹਾਡਾ ਕੋਈ ਮਜ਼ਹਬ ਜਾਂ ਖ਼ੁਦਾ ਹੈ ?”

ਉਸਨੇ ਝਟ ਜਵਾਬ ਦਿੱਤਾ, “ਮੇਰਾ ਨਾਂ ਪਾਗਲ ਖ਼ੁਦਾ ਹੈ ਅਤੇ ਮੈਂ ਹਰ ਯੁੱਗ ਵਿਚ ਜਨਮ ਲੈਂਦਾ ਰਿਹਾ ਹਾਂ, ਅਤੇ ਮੈਂ ਆਪਣੀ ਖ਼ੁਦੀ ਦਾ ਖ਼ੁਦਾ ਹਾਂ। ਮੈਂ ਸਮਝਦਾਰ ਨਹੀਂ ਹਾਂ ਕਿਉਂਕਿ ਸਿਆਣਪ ਕਮਜ਼ੋਰਾਂ ਦਾ ਗੁਣ ਹੈ। ਮੈਂ ਤਾਕਤਵਰ ਹਾਂ ਤੇ ਜ਼ਮੀਨ ਮੇਰੇ ਕਦਮਾਂ ਹੇਠ ਹਰਕਤ ਵਿਚ ਆਉਂਦੀ ਹੈ, ਜਦੋਂ ਮੈਂ ਰੁਕ ਜਾਂਦਾ ਹਾਂ ਤਾਂ ਤਾਰਿਆਂ ਦੀ ਗਤੀ ਮੇਰੇ ਨਾਲ ਰੁਕ ਜਾਂਦੀ ਹੈ। ਮੈਂ ਲੋਕਾਂ ਉੱਤੇ ਹੱਸਦਾ ਹਾਂ…..ਮੈਂ ਰਾਤ ਦੇ ਪ੍ਰੇਤਾਂ ਦਾ ਸਾਥ ਦੇਂਦਾ ਹਾਂ…..ਮੈਂ ਜੈਨੀ ਦੇ ਵੱਡੇ-ਵੱਡੇ ਰਾਜਿਆਂ ਨਾਲ ਮਿਲਦਾ ਹਾਂ…..ਮੈਂ ਹੋਂਦ ਤੇ ਅਣਹੋਂਦ ਦੇ ਸਾਰੇ ਭੇਦਾਂ ਤੋਂ ਜਾਣੂ ਹਾਂ।

“ਪ੍ਰਭਾਤ ਵੇਲੇ ਮੈਂ ਸੂਰਜ ਦੀ ਹੋਂਦ ਤੋਂ ਮੁਨਕਰ ਹੁੰਦਾ ਹਾਂ…..ਦੁਪਹਿਰ ਨੂੰ ਮਨੁੱਖਤਾ ਨੂੰ ਬੁਰਾ ਭਲਾ ਕਹਿੰਦਾ ਹਾਂ…..ਸ਼ਾਮ ਵੇਲੇ ਮੈਂ ਕੁਦਰਤ ਦੀ ਪਰਵਾਹ ਨਹੀਂ ਕਰਦਾ…..ਰਾਤ ਨੂੰ ਮੈਂ ਗੋਡਿਆਂ ਭਾਰ ਬਹਿ ਕੇ ਆਪਣੀ ਪੂਜਾ ਆਪ ਕਰਦਾ ਹਾਂ। ਮੈਂ ਕਦੇ ਨਹੀਂ ਸੌਂਦਾ, ਕਿਉਂਕਿ ਮੈਂ ਸਮਾਂ ਹਾਂ, ਸਮੁੰਦਰ ਹਾਂ ਤੇ ‘ਮੈਂ ਖ਼ੁਦ ਮੈਂ’ ਹਾਂ…..ਮੈਂ ਖ਼ੁਰਾਕ ਦੀ ਥਾਂ ਮਨੁੱਖੀ ਮਾਸ ਖਾਂਦਾ ਤੇ ਪਿਆਸ ਬੁਝਾਉਣ ਲਈ ਉਨ੍ਹਾਂ ਦਾ ਖੂਨ ਪੀਂਦਾ ਹਾਂ ਅਤੇ ਆਪ ਸਾਹ ਲੈਣ ਲਈ ਉਨ੍ਹਾਂ ਦੇ ਡੁੱਬਦੇ ਸਾਹਵਾਂ ਨੂੰ ਵਰਤਦਾ ਹਾਂ। ਭਾਵੇਂ ਤੂੰ ਆਪਣੇ ਆਪ ਨੂੰ ਧੋਖਾ ਦੇ ਕੇ ਜ਼ਿੰਦਗੀ ਬਸਰ ਕਰ ਰਿਹਾ ਹੈਂ, ਪਰ ਤੂੰ ਮੇਰਾ ਭਰਾ ਹੈਂ ਅਤੇ ਤੂੰ ਉਸੇ ਤਰ੍ਹਾਂ ਜੀਅ ਰਿਹਾ ਹੈਂ ਜਿਵੇਂ ਕਿ ਮੈਂ। ਦਫ਼ਾ ਹੋ ਜਾ…ਚਾਲਬਾਜ਼! ਧਰਤੀ ਵੱਲ ਪਰਤ ਜਾਹ ਅਤੇ ਜੀਉਂਦੇ ਮੁਰਦਿਆਂ ਵਿਚ ਰਹਿ ਕੇ ਆਪਣੀ ਹੀ ਖ਼ੁਦੀ ਦੀ ਪੂਜਾ ਕਰੀ ਜਾਹ!”

ਮੈਂ ਗੁੰਮ-ਸੁੰਮ ਹੈਰਾਨ ਜਿਹਾ, ਪਹਾੜੀ ਗੁਫ਼ਾਵਾਂ ਵਾਲੀ ਘਾਟੀ ਵੱਲ ਵੇਖਦਾ ਰਿਹਾ, ਮੈਨੂੰ ਯਕੀਨ ਨਹੀਂ ਸੀ ਆਉਂਦਾ ਕਿ ਮੇਰੇ ਕੰਨਾਂ ਨੇ ਕੀ ਸੁਣਿਆ ਤੇ ਅੱਖਾਂ ਨੇ ਕੀ ਵੇਖਿਆ ਸੀ! ਉਸ ਰਾਹੀਂ ਦੱਸੀਆਂ ਸੱਚਾਈਆਂ ਨੂੰ ਸੁਣ ਕੇ ਮੇਰੇ ਰੋਮ-ਰੋਮ ਵਿਚ ਖਲਬਲੀ ਮੱਚ ਗਈ ਅਤੇ ਮੈਂ ਉਦਾਸ ਜਿਹਾ ਧਿਆਨ ਮਗਨ ਹੋ ਕੇ ਸਾਰੀ ਰਾਤ ਖੇਤਾਂ ਵਿਚ ਘੁੰਮਦਾ ਫਿਰਦਾ ਰਿਹਾ।

X X X X X X

ਮੈਂ ਇਕ ਬੇਲਚਾ ਲੈ ਲਿਆ ਅਤੇ ਆਪਣੇ ਆਪ ਨੂੰ ਮਨ ਹੀ ਮਨ ਕਿਹਾ, “ਕਬਰਾਂ ਨੂੰ ਡੂੰਘਾ ਪੁੱਟ…..ਜਾਹ, ਹੁਣੇ, ਜਾਹ ਤੇ ਜਿਥੇ ਵੀ ਤੈਨੂੰ ਕੋਈ ਜ਼ਿੰਦਾ ਲਾਸ਼ ਮਿਲੇ, ਉਸਨੂੰ ਧਰਤੀ ਵਿਚ ਦਫ਼ਨ ਕਰ ਦੇਹ।”

ਉਸੇ ਦਿਨ ਤੋਂ ਮੈਂ ਕਬਰਾਂ ਪੁੱਟਣ ਅਤੇ ਜ਼ਿੰਦਾ ਲਾਸ਼ਾਂ ਦਫ਼ਨਾਉਂਦਾ ਆ ਰਿਹਾ ਹਾਂ। ਪਰ ਜ਼ਿੰਦਾ ਲਾਸ਼ਾਂ ਅਣਗਿਣਤ ਹਨ ਅਤੇ ਮੈਂ ਇਕੱਲਾ, ਕੋਈ ਮੇਰੀ ਮੱਦਦ ਲਈ ਨਹੀਂ………।

ਮਿੱਠਾ ਮਹੁਰਾ

ਉੱਤਰੀ ਲੈਬਨਾਨ ਵਿਚ ਦਿਲ ਨੂੰ ਹਿਲਾ ਦੇਣ ਵਾਲੀ ਹੈਰਾਨਕੁੰਨ ਇਕ ਉਹ ਸਵੇਰ ਸੀ ਜਦੋਂ ਕਿ ਤੁਲਾ ਪਿੰਡ ਦੇ ਲੋਕ, ਰਿਹਾਇਸ਼ੀ ਮਕਾਨਾਂ ਦੇ ਵਿਚਕਾਰ ਬਣੇ ਛੋਟੇ ਜਿਹੇ ਚਰਚ ਦੀ ਡਿਉਢੀ ਦੁਆਲੇ ਇਕੱਠੇ ਹੋਏ ਖੜੇ ਸਨ। ਉਹ ਫ਼ੈਰਿਸ ਰੇਹੇਲ ਦੇ ਅਚਾਨਕ ਬਿਨਾਂ ਦੱਸੇ ਚਲੇ ਜਾਣ ਬਾਰੇ ਬੜੀ ਗਰਮਜੋਸ਼ੀ ਨਾਲ ਬਹਿਸ ਕਰ ਰਹੇ ਸਨ ਜੋ ਛੇ ਕੁ ਮਹੀਨੇ ਪਹਿਲਾਂ ਵਿਆਹੀ ਆਪਣੀ ਪਤਨੀ ਨੂੰ ਛੱਡ ਕੇ ਚਲਾ ਗਿਆ ਸੀ।

ਫ਼ੈਰਿਸ ਰੇਹੇਲ, ਸ਼ੇਖ਼ ਅਤੇ ਪਿੰਡ ਦਾ ਆਗੂ ਸੀ। ਉਸਨੇ ਇਹ ਇੱਜ਼ਤ ਮਾਣ ਵਾਲਾ ਅਹੁਦਾ ਵਿਰਸੇ ਵਿਚ ਆਪਣੇ ਵੱਡ-ਵਡੇਰਿਆਂ ਤੋਂ ਪ੍ਰਾਪਤ ਕੀਤਾ ਜਿਨ੍ਹਾਂ ਨੇ ਕਈ ਸਦੀਆਂ ਤੁਲਾ ਉੱਤੇ ਰਾਜ ਕੀਤਾ ਸੀ। ਭਾਵੇਂ ਉਹ ਹਾਲਾਂ ਸਤਾਈ ਸਾਲਾਂ ਦਾ ਵੀ ਨਹੀਂ ਸੀ, ਪਰ ਉਹ ਅਜਿਹੀ ਉੱਚੀ ਪ੍ਰਤਿਭਾ ਤੇ ਸੁਹਿਰਦਤਾ ਦਾ ਮਾਲਕ ਸੀ ਜਿਸ ਕਰਕੇ ਉਸਨੂੰ ਸਾਰੇ ਪਿੰਡ ਵਾਸੀਆਂ ਵੱਲੋਂ ਇੱਜ਼ਤ ਮਾਨ ਤੇ ਪ੍ਰਸ਼ੰਸਾ ਪ੍ਰਾਪਤ ਸੀ। ਜਦੋਂ ਫੈਰਿਸ ਨੇ ਸੂਸਨ ਨਾਲ ਵਿਆਹ ਕੀਤਾ ਤਾਂ ਲੋਕਾਂ ਦੇ ਉਸ ਬਾਰੇ ਵਿਚਾਰ ਸਨ, ਫ਼ੈਰਿਸ ਰੇਹੇਲ ਕਿੰਨਾ ਖ਼ੁਸ਼ਕਿਸਮਤ ਹੈ! ਉਸਨੂੰ ਜ਼ਿੰਦਗੀ ਵਿਚ ਹਰ ਤਰ੍ਹਾਂ ਦੀ ਖ਼ੁਸ਼ੀ ਹਾਸਲ ਹੈ ਜੋ ਇਕ ਵਿਅਕਤੀ ਦੀ ਇੱਛਾ ਹੁੰਦੀ ਹੈ ਅਤੇ ਹਾਲਾਂ ਉਹ ਨੌਜੁਆਨ ਹੈ, ਹੋਰ ਤਰੱਕੀ ਕਰ ਸਕਦਾ चै।”

ਉਸ ਸਵੇਰ, ਜਦੋਂ ਸਾਰੇ ‘ਤੁਲਾ’ ਨਿਵਾਸੀ ਨੀਂਦ ਤੋਂ ਜਾਗੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸ਼ੇਖ਼ ਸਾਰਾ ਸੋਨਾ ਤੇ ਪੈਸਾ ਇਕੱਠਾ ਕਰਕੇ, ਘੋੜੇ ‘ਤੇ ਸਵਾਰ ਹੋ ਬਿਨਾਂ ਕਿਸੇ ਨੂੰ ਅਲਵਿਦਾ ਕਹੇ ਪਿੰਡ ਛੱਡ ਗਿਆ ਹੈ। ਲੋਕਾਂ ਵਿਚ ਹੈਰਾਨੀ ਤੇ ਉਤਸੁਕਤਾ ਪੈਦਾ ਹੋ ਗਈ ਅਤੇ ਕਈ ਤਰ੍ਹਾਂ ਦੇ ਵਿਚਾਰ ਤੇ ਸ਼ੰਕੇ ਉਨ੍ਹਾਂ ਦੇ ਮਨਾਂ ਵਿਚ ਪੈਦਾ ਹੋਏ; ਉਹ ਉਨ੍ਹਾਂ ਕਾਰਨਾਂ ਬਾਰੇ ਜਾਨਣ ਲਈ ਉਤਸਕ ਹੋਏ ਜਿਨ੍ਹਾਂ ਨੇ ਉਸਨੂੰ ਆਪਣੀ ਪਤਨੀ, ਘਰ, ਜ਼ਮੀਨ ਅਤੇ ਅੰਗੂਰਾਂ ਦੀਆਂ ਬਗ਼ੀਚੀਆਂ ਛੱਡਣ ਲਈ ਮਜਬੂਰ ਕੀਤਾ।

X X X X X X

ਰਵਾਇਤੀ ਅਤੇ ਭੂਗੋਲਿਕ ਤੌਰ ‘ਤੇ ਉੱਤਰੀ ਲੈਬਨਾਨ ਦਾ ਜੀਵਨ ਬੜਾ ਮਿਲਣਸਾਰ ਹੈ। ਲੋਕ ਆਪਣੇ ਦੁੱਖ-ਸੁੱਖ ਸਾਂਝੇ ਕਰਦੇ ਹਨ ਅਤੇ ਉਨ੍ਹਾਂ ਵਿਚ ਵੰਸ਼ ਦਰ ਵੰਸ਼ ਕਬੀਲਾ ਏਕਤਾ ਦੀ ਭਾਵਨਾ ਤੇ ਨਿਮਰਤਾ ਭਰੀ ਹੋਈ ਹੈ। ਕਿਸੇ ਵੀ ਘਟਨਾ ਦੇ ਵਾਪਰਨ ‘ਤੇ ਪਿੰਡ ਦੇ ਸਾਰੇ ਲੋਕ ਘਟਨਾ ਦੀ ਛਾਣਬੀਣ ਕਰਦੇ, ਲੋੜਵੰਦ ਦੀ ਹਰ ਸੰਭਵ ਮੱਦਦ ਕਰਦੇ ਅਤੇ ਕੰਮ ‘ਤੇ ਉਦੋਂ ਹੀ ਪਰਤਦੇ ਜਦੋਂ ਤਕਦੀਰ ਉਨ੍ਹਾਂ ਨੂੰ ਸਮੂਹਕ ਤੌਰ ‘ਤੇ ਦੁਬਾਰਾ ਸਥਾਪਿਤ ਹੋਣ ਦਾ ਮੌਕਾ ਦੇ ਦੇਂਦੀ।

ਅੱਜ ਵੀ ਅਜਿਹੀ ਹੀ ਗੱਲ ਵਾਪਰੀ ਸੀ ਤੇ ਤੁਲਾ ਦੇ ਲੋਕ ਉਸ ਦਿਨ ਕੰਮ ’ਤੇ ਨਾ ਗਏ, ਉਹ ਸਾਰੇ ਤੁਲਾ ਦੇ ਚਰਚ ਦੁਆਲੇ ਇਕੱਠੇ ਹੋ ਕੇ ਸ਼ੇਖ਼ ਦੇ ਜਾਣ ਅਤੇ ਇਸ ਘਟਨਾ ਦੇ ਵਾਪਰ ਜਾਣ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਸਨ।

ਉਸੇ ਵੇਲੇ ਫ਼ਾਦਰ ਏਸਟਫ਼ੇਨ, ਸਥਾਨਕ ਚਰਚ ਦਾ ਮੁਖੀ, ਉਥੇ ਪੁੱਜਿਆ, ਉਸਦੇ ਚਿਹਰੇ ਤੋਂ ਡੂੰਘੇ ਦੁੱਖ ਦੀ ਝਲਕ ਨਜ਼ਰੀਂ ਪੈਂਦੀ ਸੀ, ਇਹ ਚਿੰਨ੍ਹ ਦੁਖਦਾਈ ਤੇ ਜ਼ਖ਼ਮੀ ਆਤਮਾ ਦੇ ਸਨ। ਉਸ ਨੇ ਕੁਝ ਦੇਰ ਉਸ ਵਾਪਰੀ ਘਟਨਾ ਬਾਰੇ ਸੋਚਿਆ ਤੇ ਫਿਰ ਕਹਿਣ ਲੱਗਾ, “ਕੁਝ ਨਾ ਪੁੱਛੋ…..ਮੈਨੂੰ ਕੋਈ ਸਵਾਲ ਨਾ ਕਰੋ । ਪਹੁ ਫੁੱਟਣ ਤੋਂ ਪਹਿਲਾਂ ਸ਼ੇਖ਼ ਫ਼ੈਰਿਸ ਨੇ ਮੇਰਾ ਦਰਵਾਜ਼ਾ ਖੜਕਾਇਆ ਸੀ, ਉਸਦੇ ਹੱਥ ਵਿਚ ਘੋੜੇ ਦੀ ਲਗ਼ਾਮ ਸੀ, ਚਿਹਰੇ ਉੱਤੇ ਗਹਿਰੇ ਦੁੱਖ ਤੇ ਪੀੜ ਦੀ ਝਲਕ ਸੀ। ਕੁਵੇਲੇ ਆਉਣ ਦਾ ਕਾਰਨ ਪੁੱਛਣ ‘ਤੇ ਉਸ ਦੱਸਿਆ, ‘ਫ਼ਾਦਰ, ਮੈਂ ਤੁਹਾਨੂੰ ਅਲਵਿਦਾ ਕਹਿਣ ਆਇਆ ਹਾਂ ਕਿਉਂਕਿ ਮੈਂ ਸਮੁੰਦਰੋਂ ਪਾਰ ਜਾ ਰਿਹਾ ਹਾਂ ਅਤੇ ਮੁੜ ਕਦੇ ਇਸ ਧਰਤੀ ‘ਤੇ ਨਹੀਂ ਪਰਤਾਂਗਾ।’ ਉਸਨੇ ਮੇਰੇ ਹੱਥ ਵਿਚ ਇਕ ਬੰਦ ਲਿਫ਼ਾਫ਼ਾ ਫੜਾ ਦਿਤਾ ਜੋ ਉਸਦੇ ਪਿਆਰੇ ਦੋਸਤ ਨਬੀਹ ਮਲਿਕ ਵਾਸਤੇ ਸੀ ਅਤੇ ਉਸਨੂੰ ਹੀ ਦੇਣ ਵਾਸਤੇ ਕਿਹਾ ਸੀ। ਉਸ ਨੇ ਘੋੜੇ ‘ਤੇ ਪਲਾਕੀ ਮਾਰੀ ਤੇ ਪੂਰਬ ਵੱਲ ਨੂੰ ਨਿਕਲ ਤੁਰਿਆ ਅਤੇ ਮੈਨੂੰ ਇਹ ਪੁੱਛਣ ਦਾ ਮੌਕਾ ਹੀ ਨਾ ਦਿੱਤਾ ਕਿ ਉਸ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਦਾ ਕੀ ਕਾਰਨ ਸੀ।”

ਸਾ ਪਿੰਡ ਵਾਲਿਆਂ ਵਿੱਚੋਂ ਕਿਸੇ ਇਕ ਨੇ ਪੁੱਛਿਆ, “ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਚਿੱਠੀ ਤੋਂ ਉਸਦੇ ਜਾਣ ਦੇ ਕਾਰਨ ਦਾ ਪਤਾ ਲੱਗ ਜਾਏਗਾ ਕਿਉਂਕਿ ਨਬੀਹ ਉਸਦਾ ਪਿਆਰਾ ਤੇ ਨੇੜੇ ਦਾ ਦੋਸਤ ਹੈ।” ਦੂਸਰੇ ਨੇ ਕਿਹਾ, “ਕੀ ਤੁਸੀਂ ਉਸਦੀ ਪਤਨੀ ਨੂੰ ਵੇਖਿਆ ਹੈ, ਫ਼ਾਦਰ ?” ਪਾਦਰੀ ਨੇ ਜਵਾਬ ਦੇਂਦੇ ਕਿਹਾ, “ਮੈਂ ਸਵੇਰ ਵੇਲੇ ਦੀ ਪ੍ਰਾਰਥਨਾ ਪਿੱਛੋਂ ਉਸਦੇ ਘਰ ਗਿਆ ਸਾਂ ਅਤੇ ਉਸਨੂੰ ਖਿੜਕੀ ਕੋਲ ਖੜੇ ਵੇਖਿਆ, ਉਹ ਅੱਧ-ਮੀਚੀਆਂ ਅੱਖਾਂ ਨਾਲ ਦੂਰ ਅਦਿੱਖ ਵੱਲ ਵੇਖ ਰਹੀ ਸੀ ਜਿਵੇਂ ਕੋਈ ਆਪਣੀ ਹੋਸ਼ ਗੁਆ ਬੈਠਾ ਹੋਵੇ ਅਤੇ ਜਦੋਂ ਮੈਂ ਉਸਨੂੰ ਫ਼ੈਰਿਸ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਉਸਨੇ ਸਿਰਫ਼ ਏਨਾ ਹੀ ਕਿਹਾ, ‘ਮੈਨੂੰ ਨਹੀਂ ਪਤਾ ! ਮੈਂ ਨਹੀਂ ਜਾਣਦੀ।’ ਫਿਰ ਉਹ ਅਚਾਨਕ ਯਤੀਮ ਹੋਏ ਬੱਚੇ ਵਾਂਗ ਵਿਲਖ ਵਿਲਖ ਕੇ ਰੋਣ ਲੱਗ ਪਈ।”

ਜਿਉਂ ਹੀ ਪਾਦਰੀ ਨੇ ਘਟਨਾ ਬਾਰੇ ਦੱਸਣਾ ਬੰਦ ਕੀਤਾ, ਸਾਰੀ ਭੀੜ ਪਿੰਡ ਦੇ ਪੂਰਬੀ ਪਾਸੇ ਵੱਲੋਂ ਆਈ ਗੋਲੀ ਦੀ ਆਵਾਜ਼ ਨਾਲ ਕੰਬ ਉਠੀ, ਅਤੇ ਇਸਦੇ ਨਾਲ ਹੀ ਇਕ ਔਰਤ ਦੇ ਵਿਰਲਾਪ ਕਰਨ ਦੀ ਆਵਾਜ਼ ਵੀ ਆਈ। ਉਥੇ ਖੜਾ ਹਜੂਮ ਇਕ ਵਾਰੀ ਤਾਂ ਠਠੰਬਰ ਗਿਆ ਅਤੇ ਫਿਰ ਮਰਦ, ਔਰਤਾਂ ਤੇ ਬੱਚੇ ਉਸ ਪਾਸੇ ਵੱਲ ਦੌੜੇ, ਉਨ੍ਹਾਂ ਦੇ ਚਿਹਰਿਆਂ ਉੱਤੇ ਡਰ ਦੇ ਕਾਲੇ ਬੱਦਲ ਤੇ ਬਦਸ਼ਗਨੀ ਦੇ ਚਿੰਨ੍ਹ ਸਨ। ਉਹ ਜਿਉਂ ਹੀ ਸ਼ੇਖ਼ ਦੇ ਘਰ ਦੇ ਦੁਆਲੇ ਬਣੇ ਬਾਗ਼ ਵਿਚ ਪਹੁੰਚੇ, ਉਨ੍ਹਾਂ ਨੇ ਇਕ ਭਿਆਨਕ ਹੋਣੀ, ਜੋ ਮੌਤ ਦੇ ਪਰਦੇ ਵਿਚ ਲਿਪਟੀ ਹੋਈ ਸੀ, ਦਾ ਸਾਹਮਣਾ ਕੀਤਾ। ਨਬੀਹ ਮਲਿਕ ਜ਼ਮੀਨ ‘ਤੇ ਚੌਫਾਲ ਪਿਆ ਸੀ, ਉਸ ਦੀ ਛਾਤੀ ਵਿੱਚੋਂ ਖ਼ੂਨ ਵੱਗ ਰਿਹਾ ਸੀ ਅਤੇ ਸ਼ੇਖ਼ ਫ਼ੈਰਿਸ ਦੀ ਪਤਨੀ ਸੂਸਨ ਉਸ ਕੋਲ ਖੜੀ ਆਪਣੇ ਵਾਲ ਪੁੱਟਦੀ, ਕੱਪੜੇ ਲੀਰੋ ਲੀਰ ਕਰਦੀ ਅਤੇ ਬਾਹਵਾਂ ਪਟਕਦੀ ਹੋਈ ਉੱਚੀ-ਉੱਚੀ ਚੀਕ ਰਹੀ ਸੀ : “ਨਬੀਹ…..ਨਬੀਹ ਤੂੰ ਅਜਿਹਾ ਕਿਉਂ ਕੀਤਾ !’

ਵੇਖਣ ਵਾਲੇ ਹੈਰਾਨ ਪ੍ਰੇਸ਼ਾਨ ਸਨ ਅਤੇ ਇੰਜ ਜਾਪਦਾ ਸੀ ਜਿਵੇਂ ਤਕਦੀਰ ਦੇ ਅਦਿੱਖ ਹੱਥਾਂ ਨੇ ਠੰਡੀਆਂ ਯਖ਼ ਉਂਗਲਾਂ ਨਾਲ ਉਨ੍ਹਾਂ ਦਾ ਸੀਨਾ ਵਲੂੰਧਰ ਸੁੱਟਿਆ ਹੋਵੇ । ਪਾਦਰੀ ਨੇ ਮਰੇ ਹੋਏ ਨਬੀਹ ਦੇ ਸੱਜੇ ਹੱਥ ਵਿਚ ਸਵੇਰ ਵਾਲੀ ਦਿੱਤੀ ਚਿੱਠੀ ਵੇਖੀ ਤੇ ਉਸਨੇ ਚੁਪਕੇ ਜਿਹੇ ਨਜ਼ਰ ਚੁਰਾ ਕੇ ਬਿਨਾਂ ਕਿਸੇ ਦਾ ਧਿਆਨ ਖਿੱਚੇ ਉਹ ਚਿੱਠੀ ਆਪਣੀ ਜੇਬ ਵਿਚ ਰੱਖ ਲਈ।

ਨਬੀਹ ਨੂੰ ਉਸਦੀ ਬਦਨਸੀਬ ਮਾਂ ਕੋਲ ਲਿਜਾਇਆ ਗਿਆ ਜੋ ਆਪਣੇ ਇੱਕੋ ਇਕ ਪੁੱਤਰ ਦੀ ਬੇਜਾਨ ਲਾਸ਼ ਨੂੰ ਵੇਖ ਕੇ ਗ਼ਮ ਨਾਲ ਪਾਗਲ ਹੋ ਗਈ ਅਤੇ ਉਸਦੇ ਨਾਲ ਹੀ ਅੱਲ੍ਹਾ ਨੂੰ ਪਿਆਰੀ ਹੋ ਗਈ। ਸੂਸਨ ਨੂੰ ਹੌਲੀ ਜਿਹੀ ਆਪਣੇ ਘਰ ਵੱਲ ਲਿਜਾਇਆ ਗਿਆ ਜਿਥੇ ਉਹ ਲੜਖੜਾਂਦੀ ਹੋਈ ਜ਼ਿੰਦਗੀ ਤੇ ਅਚਾਨਕ ਝਪਟੀ ਮੌਤ ਵਿਚਕਾਰ ਲਟਕ ਰਹੀ ਸੀ।

– ਜਿਉਂ ਹੀ ਫ਼ਾਦਰ ਏਸਟਫ਼ੇਨ ਗਰਦਨ ਝੁਕਾਈ ਆਪਣੇ ਘਰ ਪੁੱਜਿਆ, ਉਸਨੇ ਕਮਰੇ ਦੀ ਕੁੰਡੀ ਲਾ ਲਈ, ਪੜ੍ਹਨ ਵਾਲੀ ਐਨਕ ਠੀਕ ਕੀਤੀ ਅਤੇ ਹੌਲੀ-ਹੌਲੀ ਫੁਸਫਸਾਉਂਦੇ ਹੋਏ ਚਿੱਠੀ ਪੜ੍ਹਨੀ ਸ਼ੁਰੂ ਕੀਤੀ ਜਿਹੜੀ ਉਸਨੇ ਵਿਛੜਦੇ ਸਮੇਂ ਨਬੀਹ ਦੇ ਹੱਥੋਂ ਫੜੀ ਸੀ :

ਮੇਰੇ ਬਹੁਤ ਹੀ ਪਿਆਰੇ ਦੋਸਤ ਨਬੀਹ,

“ਮੈਨੂੰ ਹਰ ਹਾਲ ਵਿਚ ਆਪਣੇ ਵੱਡੇ-ਵਡੇਰਿਆਂ ਦਾ ਪਿੰਡ ਛੱਡਣਾ ਹੀ ਪੈਣਾ ਸੀ ਕਿਉਂਕਿ ਮੇਰੀ ਹੋਂਦ ਤੇਰੇ, ਮੇਰੀ ਪਤਨੀ ਤੇ ਮੇਰੇ ਆਪਣੇ ਉੱਤੇ ਮੁਸੀਬਤ ਦਾ ਕਾਰਨ ਬਣ ਰਹੀ ਹੈ। ਤੂੰ ਬੜਾ ਦਇਆਲੂ ਹੈਂ ਅਤੇ ਮਿੱਤਰ ਜਾਂ ਗੁਆਂਢੀ ਨੂੰ ਧੋਖਾ ਦੇਣ ਤੋਂ ਤੈਨੂੰ ਨਫ਼ਰਤ ਹੈ। ਭਾਵੇਂ ਮੈਂ ਜਾਣਦਾ ਹਾਂ ਕਿ ਸੂਸਨ ਭੋਲੀ-ਭਾਲੀ ਤੇ ਨੇਕ ਹੈ, ਮੈਨੂੰ ਇਹ ਵੀ ਪਤਾ ਹੈ ਕਿ ਸੱਚਾ ਪਿਆਰ ਜਿਹੜਾ ਤੁਹਾਡੇ ਦੋਹਾਂ ਦੇ ਦਿਲਾਂ ਨੂੰ ਮਿਲਾ ਸਕਦਾ ਹੈ ਤੁਹਾਡੀ ਸਮਰੱਥਾ ਤੇ ਮੇਰੀਆਂ ਆਸਾਂ ਤੋਂ ਪਰ੍ਹੇ ਦੀ ਗੱਲ ਹੈ। ਮੈਂ ਉਸ ਸਰਬ-ਸ਼ਕਤੀਮਾਨ ਖ਼ੁਦਾ ਦੀ ਮਰਜ਼ੀ ਦੇ ਖ਼ਿਲਾਫ਼ ਹੋਰ ਸੰਘਰਸ਼ ਨਹੀਂ ਕਰ ਸਕਦਾ ਕਿਉਂਕਿ ਮੈਂ ਮਹਾਨ ਕਾਦੀਸ਼ਾ ਦਰਿਆ ਦੇ ਵਹਿਣ ਨੂੰ ਨਹੀਂ ਰੋਕ ਸਕਦਾ।

ਬਚਪਨ ਤੋਂ, ਜਦੋਂ ਕਿ ਅਸੀਂ ਖੇਤਾਂ ਵਿਚ ਇਕੱਠੇ ਖੇਡਦੇ ਰਹੇ ਹਾਂ—ਤੂੰ ਮੇਰਾ ਜਿਗਰੀ ਦੋਸਤ ਰਿਹਾ ਹੈਂ; ਅਤੇ ਖ਼ੁਦਾ ਦੇ ਸਾਹਮਣੇ ਮੇਰਾ ਯਕੀਨ ਕਰ, ਤੂੰ ਮੇਰਾ ਮਿੱਤਰ ਹੀ ਰਹੇਂਗਾ। ਮੈਂ ਬੇਨਤੀ ਕਰਦਾ ਹਾਂ ਕਿ ਤੂੰ ਬੀਤੇ ਸਮੇਂ ਵਾਂਗ ਭਵਿੱਖ ਵਿਚ ਵੀ ਮੇਰੇ ਬਾਰੇ ਚੰਗੀ ਹੀ ਰਾਏ ਰੱਖੀਂ। ਸੂਸਨ ਨੂੰ ਦੱਸ ਦੇਣਾ ਕਿ ਮੈਂ ਉਸਨੂੰ ਪਿਆਰ ਕਰਦਾ ਹਾਂ ਅਤੇ ਮੈਂ ਉਸਨੂੰ ਖੋਖਲੇ ਵਿਆਹ ਦੇ ਬੰਧਨ ਵਿਚ ਬੰਨ੍ਹ ਕੇ ਉਸ ਨਾਲ ਜ਼ਿਆਦਤੀ ਕੀਤੀ ਹੈ। ਉਸਨੂੰ ਦੱਸ ਦੇਵੀਂ ਕਿ ਮੈਂ ਜਦੋਂ ਵੀ ਰਾਤ ਦੀ ਖ਼ਾਮੋਸ਼ੀ ਵਿਚ ਬੇਚੈਨ ਹੋ ਕੇ ਨੀਂਦ ਵਿੱਚੋਂ ਜਾਗਿਆ ਅਤੇ ਉਸਨੂੰ ਈਸਾ ਮਸੀਹ ਦੀ ਮੂਰਤੀ ਅੱਗੇ ਗੋਡਿਆਂ ਭਾਰ ਬੈਠ ਕੇ ਗ਼ੁੱਸੇ ਵਿਚ ਰੋਂਦੇ ਅਤੇ ਛਾਤੀ ਪਿੱਟਦੇ ਵੇਖਿਆ ਤਾਂ ਹਰ ਵਾਰੀ ਮੇਰੇ ਦਿਲ ਨੇ ਖੂਨ ਦੇ ਹੰਝੂ ਵਹਾਏ।

“ਇਸ ਤੋਂ ਸਖ਼ਤ ਕੈਦ ਕਿਸੇ ਦੁਖਿਆਰੀ ਔਰਤ ਲਈ ਕੀ ਹੋ ਸਕਦੀ ਹੈ ਜੋ ਆਪਣੇ ਆਪ ਨੂੰ ਉਸ ਆਦਮੀ, ਜਿਸਨੂੰ ਉਹ ਪਿਆਰ ਕਰਦੀ ਹੈ ਅਤੇ ਦੂਸਰਾ ਆਦਮੀ ਜੋ ਉਸਨੂੰ ਪਿਆਰ ਕਰਦਾ ਹੈ, ਵਿਚਕਾਰ ਕੈਦ ਹੋਈ ਜਾਂ ਬੱਝੀ ਹੋਈ ਮਹਿਸੂਸ ਕਰਦੀ ਹੈ। ਸੂਸਨ ਨਿਰੰਤਰ ਦੁਖੀ ਤੇ ਕਸ਼ਮਕਸ਼ ਦਾ ਸ਼ਿਕਾਰ ਰਹੀ ਹੈ ਪਰ ਇਕ ਪਤਨੀ ਦੇ ਫ਼ਰਜ਼ਾਂ ਨੂੰ ਉਸ ਨੇ ਦੁਖੀ ਮਨ ਪਰ ਸਤਿਕਾਰ ਨਾਲ ਅਤੇ ਖ਼ਾਮੋਸ਼ ਰਹਿ ਕੇ ਪੂਰਾ ਕੀਤਾ ਹੈ। ਉਸਨੇ ਬਥੇਰਾ ਯਤਨ ਕੀਤਾ ਪਰ ਤੇਰੇ ਲਈ ਆਪਣੇ ਸੱਚੇ ਪਿਆਰ ਨੂੰ ਛੁਪਾ ਨਹੀਂ ਸਕੀ।

“ਮੈਂ ਦੂਰ ਦੇਸ਼ ਵੱਲ ਜਾ ਰਿਹਾ ਹਾਂ ਅਤੇ ਕਦੇ ਵਾਪਸ ਨਹੀਂ ਪਰਤਾਂਗਾ, ਕਿਉਂਕਿ ਮੈਂ ਅਸਲੀ ਅਤੇ ਸਦੀਵੀ ਪਿਆਰ, ਜੋ ਖ਼ੁਦਾ ਦਾ ਵਰਦਾਨ ਹੈ, ਵਿਚ ਹੋਰ ਰੁਕਾਵਟ ਨਹੀਂ ਬਣ ਸਕਦਾ, ਖ਼ੁਦਾ ਕਰੇ ਉਹ ਆਪਣੀ ਅੰਦਰੂਨੀ ਸ਼ਕਤੀ ਨਾਲ ਤੁਹਾਡੇ ਦੋਹਾਂ ਦੇ ਪਿਆਰ ਨੂੰ ਸੁਰੱਖਿਅਤ ਰੱਖੇ, ‘ਫ਼ੈਰਿਸ’।”

ਪਾਦਰੀ ਏਸਟਫ਼ੇਨ ਨੇ ਚਿੱਠੀ ਤਹਿ ਕਰਕੇ ਵਾਪਸ ਆਪਣੀ ਜੇਬ ਵਿਚ ਰੱਖ ਲਈ ਅਤੇ ਖਿੜਕੀ ਕੋਲ ਬਹਿ ਗਿਆ ਜੋ ਦੂਰ ਘਾਟੀ ਵੱਲ ਖੁੱਲ੍ਹਦੀ ਸੀ। ਉਹ ਧਿਆਨ ਮਗਨ ਹੋ ਡੂੰਘੀਆਂ ਸੋਚਾਂ ਵਿਚ ਡੁੱਬ ਗਿਆ ਅਤੇ ਤੀਬਰ ਲੀਨਤਾ ਤੇ ਸੋਚ ਪਿੱਛੋਂ ਅਚਾਨਕ ਉਠਿਆ ਜਿਵੇਂ ਕਿ ਉਸਨੂੰ ਉਲਝੇ ਵਿਚਾਰਾਂ ਦੀਆਂ ਤੈਹਿਆਂ ਵਿੱਚੋਂ ਨਾਜ਼ਕ ਪਰ ਭਿਆਨਕ ਭੇਦ ਦਾ ਪਤਾ ਲੱਗਾ ਹੋਵੇ ਜੋ ਡਰਾਉਣੇ ਫ਼ਰੇਬ ਵਿਚ ਛੁਪਿਆ ਅਤੇ ਚਾਲਬਾਜ਼ੀ ਵਿਚ ਲਿਪਟਿਆ ਹੋਵੇ! ਉਹ ਕੁਰਲਾ ਉਠਿਆ, “ਫ਼ੈਰਿਸ, ਤੂੰ ਕਿੰਨਾ ਚਤੁਰ ਹੈਂ। ਤੇਰਾ ਗੁਨਾਹ ਬੜਾ ਭਾਰੀ ਪਰ ਸਾਧਾਰਨ ਹੈ! ਤੂੰ ਉਸ ਲਈ ਤਿੱਖਾ ਜ਼ਹਿਰ ਮਿਲਿਆ ਸ਼ਹਿਦ ਭੇਜਿਆ ਅਤੇ ਲਿਫ਼ਾਫ਼ੇ ਵਿਚ ਬੰਦ ਮੌਤ ! ਅਤੇ ਜਦੋਂ ਨਬੀਹ ਨੇ ਆਪਣੀ ਛਾਤੀ ਨੂੰ ਨਿਸ਼ਾਨਾ ਬਣਾਇਆ ਤਾਂ ਇਹ ਸ਼ਾਇਦ ਤੇਰੀ ਉਂਗਲ ਸੀ ਜਿਸਨੇ ਗੋਲੀ ਚਲਾਈ ਅਤੇ ਇਹ ਤੇਰੀ ਇੱਛਾ ਸੀ ਜਿਸਨੇ ਉਸਦੀ ਇੱਛਾ ਉੱਤੇ ਕਾਬੂ ਪਾ ਲਿਆ…..ਤੂੰ ਕਿੰਨਾ ਚੁਸਤ ਹੈਂ ਫ਼ੈਰਿਸ।”

ਉਹ ਕੰਬਦਾ ਹੋਇਆ ਸਿਰ ਹਿਲਾਉਂਦਾ ਅਤੇ ਦਾੜ੍ਹੀ ਵਿਚ ਉਂਗਲਾਂ ਫੇਰਦਾ ਕੁਰਸੀ ‘ਤੇ ਪਰਤਿਆ, ਉਸਦੇ ਹੋਠਾਂ ਉੱਤੇ ਅਜਿਹੀ ਮੁਸਕਾਨ ਸੀ ਜਿਸ ਦਾ ਅਰਥ ਇਸ ਦੁਖਾਂਤ ਨਾਲੋਂ ਵੀ ਭਿਆਨਕ ਸੀ। ਉਸਨੇ ਆਪਣੀ ਧਾਰਮਿਕ ਪੁਸਤਕ ਖੋਲ੍ਹੀ ਅਤੇ ਪੜ੍ਹਨਾ ਤੇ ਵਿਚਾਰਨਾ ਸ਼ੁਰੂ ਕੀਤਾ ਅਤੇ ਥੋੜ੍ਹੀ-ਥੋੜ੍ਹੀ ਦੇਰ ਬਾਦ ਸਿਰ ਚੁੱਕ ਕੇ ਲੈਬਨਾਨ ਦੇ ਪਵਿੱਤਰ ਚਰਚ ਦੇ ਨੇੜੇ ਤੁਲਾ ਪਿੰਡ ਵੱਲੋਂ ਆਉਂਦੀ ਉਸ ਔਰਤ ਦੀ ਕੁਰਲਾਹਟ ਤੇ ਵਿਰਲਾਪ ਦੀ ਆਵਾਜ਼ ਸੁਣ ਲੈਂਦਾ।

ਉਦਾਸੀ ਵਿਚ ਮਗਨ

ਲੋਕਾਂ ਦੇ ਦੁੱਖ ਇਸ ਤਰ੍ਹਾਂ ਹਨ ਜਿਵੇਂ ਨਿਰੰਤਰ ਦੁਖਦੇ ਦੰਦਾਂ ਦਾ ਦਰਦ ਹੁੰਦਾ ਹੈ ਅਤੇ ਸਮਾਜ ਦੇ ਮੂੰਹ ਵਿਚ ਅਨੇਕਾਂ ਹੀ ਖ਼ਰਾਬ ਤੇ ਦੁਖਦੇ ਦੰਦ ਹਨ। ਪਰ ਸਮਾਜ ਥੋੜ੍ਹੀ ਜਿਹੀ ਸਾਵਧਾਨੀ ਤੇ ਧੀਮੇ ਇਲਾਜ ਅੱਗੇ ਹਥਿਆਰ ਸੁੱਟ ਦੇਂਦਾ ਹੈ ਅਤੇ ਅੰਦਰੋਂ ਉਨ੍ਹਾਂ ਨੂੰ ਪਾਲਸ਼ ਕਰਕੇ ਤੇ ਚਮਕਦੇ ਸੋਨੇ ਨਾਲ ਇਸ ਖੋੜ ਨੂੰ ਭਰਵਾ ਕੇ ਸੰਤੁਸ਼ਟ ਹੋ ਜਾਂਦਾ ਹੈ ਜੋ ਖ਼ਰਾਬ ਦੰਦ ਅਣਗੌਲਿਆ ਕਰਕੇ ਅੱਖਾਂ ਨੂੰ ਦਿੱਤਾ ਜਾਣ ਵਾਲਾ ਧੋਖਾ ਹੈ। ਪਰ ਮਰੀਜ਼ ਆਪਣੇ ਲਗਾਤਾਰ ਹੁੰਦੇ ਦਰਦ ਤੋਂ ਆਪਣੇ ਆਪ ਨੂੰ ਭੁਲੇਖੇ ਵਿਚ ਨਹੀਂ ਰੱਖ ਸਕਦਾ।

ਬਹੁਤ ਸਾਰੇ ਸਮਾਜਕ ਦੰਦਸਾਜ਼ ਜਾਂ ਡਾਕਟਰ ਹਨ ਜੋ ਸੰਸਾਰ ਦੀਆਂ ਬੁਰਾਈਆਂ ਉੱਤੇ ਖ਼ੂਬਸੂਰਤੀ ਦਾ ਮੁਲ੍ਹਮਾ ਚਾੜ੍ਹ ਕੇ ਖੋੜ ਭਰ ਕੇ ਉਨ੍ਹਾਂ ਦਾ ਬੰਦੋਬਸਤ ਕਰਨ ਦਾ ਯਤਨ ਕਰਦੇ ਹਨ ਅਤੇ ਕਈ ਅਜਿਹੇ ਦੁਖੀ ਮਰੀਜ਼ ਵੀ ਹਨ ਜੋ ਆਪਣੇ ਆਪ ਨੂੰ ਸੁਧਾਰਕਾਂ ਦੀ ਮਰਜ਼ੀ ਦੇ ਹਵਾਲੇ ਕਰਕੇ ਆਪਣੇ ਦੁੱਖਾਂ ਵਿਚ ਵਾਧਾ ਕਰ ਲੈਂਦੇ, ਘਟਦੀ ਤਾਕਤ ਨੂੰ ਹੋਰ ਘਟਾ ਲੈਂਦੇ ਅਤੇ ਆਪਣੇ ਆਪ ਨੂੰ ਮੌਤ ਦੀ ਘਾਟੀ ਵਿਚ ਧਕੇਲ ਕੇ ਧੋਖਾ ਦੇਂਦੇ ਹਨ।

ਸਾਇਰੀਆ ਦੇ ਖ਼ਰਾਬ ਦੰਦ ਉਸਦੇ ਸਕੂਲਾਂ ਵਿਚ ਮਿਲਦੇ ਹਨ ਜਿਥੇ ਅੱਜ ਦੇ ਨੌਜੁਆਨ ਨੂੰ ਆਉਣ ਵਾਲੇ ਗ਼ਮਾਂ ਦਾ ਪਾਠ ਪੜ੍ਹਾਇਆ ਜਾਂਦਾ ਹੈ; ਅਤੇ ਉਨ੍ਹਾਂ ਦੀਆਂ ਕਚਹਿਰੀਆਂ ਵਿਚ ਮਿਲਦੇ ਹਨ ਜਿਥੇ ਜੱਜ ਕਾਨੂੰਨ ਨੂੰ ਤੋੜ- ਮਰੋੜ ਕੇ ਇਸ ਨਾਲ ਇੰਜ ਖੇਡਦੇ ਹਨ ਜਿਵੇਂ ਸ਼ੇਰ ਆਪਣੇ ਸ਼ਿਕਾਰ ਨਾਲ ਕਰਦਾ ਹੈ; ਅਤੇ ਮਹਿਲਾਂ ਵਿਚ ਵੀ ਵੇਖਿਆ ਜਾ ਸਕਦਾ ਹੈ ਜਿਥੇ ਝੂਠ ਅਤੇ ਮੱਕਾਰੀ ਦਾ ਵਾਸਾ ਹੈ; ਅਤੇ ਗ਼ਰੀਬਾਂ ਦੀਆਂ ਝੌਂਪੜੀਆਂ ਵਿਚ ਵੀ ਇਨ੍ਹਾਂ ਖ਼ਰਾਬ ਦੰਦਾਂ ਦੀ ਹੋਂਦ ਹੈ ਜਿਥੇ ਡਰ, ਅਗਿਆਨਤਾ ਤੇ ਕਾਇਰਤਾ ਦਾ ਵਾਸਾ ਹੈ।

ਰਾਜਸੀ ਦੰਦਸਾਜ਼ ਨਰਮ-ਨਰਮ ਉਂਗਲਾਂ ਨਾਲ ਲੋਕਾਂ ਦੇ ਕੰਨਾਂ ਵਿਚ ਸ਼ਹਿਦ ਭਰਦੇ ਹੋਏ ਚੀਕ ਚੀਕ ਕੇ ਕਹਿੰਦੇ ਹਨ ਕਿ ਉਹ ਕੌਮ ਦੀਆਂ ਕਮਜ਼ੋਰ ਵਿਰਲਾਂ ਭਰ ਰਹੇ ਹਨ। ਉਨ੍ਹਾਂ ਦੇ ਗੀਤ ਦੀ ਆਵਾਜ਼ ਪੀਸਣ ਚੱਕੀ ਦੀ ਆਵਾਜ਼ ਨਾਲੋਂ ਕਿਤੇ ਵਧੇਰੇ ਉੱਚੀ ਹੁੰਦੀ ਹੈ ਪਰ ਅਸਲ ਵਿਚ ਇਹ ਖੜੇ ਪਾਣੀ ਦੇ ਟੋਭੇ ਵਿਚ ਡੱਡੂਆਂ ਦੀ ਟੈਂ ਟੈਂ ਨਾਲੋਂ ਕਿਸੇ ਤਰ੍ਹਾਂ ਵੀ ਵਧੀਆ ਨਹੀਂ ਹੁੰਦੀ।

ਇਸ ਸੱਖਣੇ ਤੇ ਖੋਖਲੇ ਸੰਸਾਰ ਵਿਚ ਅਨੇਕਾਂ ਹੀ ਚਿੰਤਕ ਅਤੇ ਆਦਰਸ਼ਵਾਦੀ ਮੌਜੂਦ ਹਨ…..ਅਤੇ ਉਨ੍ਹਾਂ ਦੇ ਸੁਪਨੇ ਕਿੰਨੇ ਅਧੂਰੇ ਹਨ।

X X X X X X

ਸੁਹੱਪਣ ਜਵਾਨੀ ਦੀ ਅਮਾਨਤ ਹੈ, ਪਰ ਜਵਾਨੀ ਜਿਸ ਦੀ ਖ਼ਾਤਰ ਇਹ ਧਰਤੀ ਬਣੀ ਸੀ, ਕੁਝ ਵੀ ਨਹੀਂ ਸਿਰਫ਼ ਇਕ ਸੁਪਨਾ ਹੈ ਜਿਸਦੀ ਮਿਠਾਸ ਅੰਨ੍ਹੇਪਣ ਦੀ ਗ਼ੁਲਾਮ ਹੈ ਅਤੇ ਜਿਸਦੀ ਚੇਤਨਾ ਦਾ ਬਹੁਤ ਦੇਰ ਬਾਅਦ ਪਤਾ ਲੱਗਦਾ ਹੈ। ਕੀ ਕਦੇ ਉਹ ਦਿਨ ਆਏਗਾ ਜਦੋਂ ਸਿਆਣਪ ਜਵਾਨੀ ਦੇ ਸੁਨਹਿਰੇ ਸੁਪਨਿਆਂ ਅਤੇ ਗਿਆਨ ਦੀ ਖ਼ੁਸ਼ੀ ਨੂੰ ਆਪਸ ਵਿਚ ਜੋੜੇਗੀ ? ਜਦੋਂ ਸੁੰਨਸਾਨ ਹੋਂਦ ਹੋਵੇ ਤਾਂ ਹਰ ਇਕ ਦੀ ਹੋਂਦ ਕੁਝ ਵੀ ਨਹੀਂ। ਕੀ ਕਦੇ ਉਹ ਦਿਨ ਆਏਗਾ ਜਦੋਂ ਕੁਦਰਤ ਮਨੁੱਖ ਦੀ ਗੁਰੂ, ਇਨਸਾਨੀਅਤ ਉਸਦੀ ਸ਼ਰਧਾ ਪੁਸਤਕ ਅਤੇ ਜ਼ਿੰਦਗੀ ਉਸਦਾ ਰੋਜ਼ਾਨਾ ਸਕੂਲ ਹੋਵੇਗੀ?

ਜਵਾਨੀ ਦੀ ਖ਼ੁਸ਼ੀ ਦਾ ਮਕਸਦ..ਇਸਦੀ ਮਸਤੀ ਵਿਚ ਸਮਰੱਥਾ ਅਤੇ ਆਪਣੀ ਜ਼ਿੰਮੇਵਾਰੀ ਪ੍ਰਤੀ ਨਿਮਰਤਾ…. ਉਦੋਂ ਤਕ ਸੰਪੂਰਨਤਾ ਪ੍ਰਾਪਤ ਨਹੀਂ ਕਰ ਸਕਦੀ ਜਦੋਂ ਤਕ ਗਿਆਨ ਉਸ ਦਿਨ ਦੀ ਪ੍ਰਭਾਤ ਦਾ ਸੁਨੇਹਾ ਨਹੀਂ ਦੇਂਦਾ।

ਅਨੇਕਾਂ ਵਿਅਕਤੀ ਹਨ ਜੋ ਆਪਣੀ ਜਵਾਨੀ ਦੇ ਬੀਤੇ ਦਿਨਾਂ ਦੀ ਕੁੜਿੱਤਣ ਨੂੰ ਬੁਰਾ ਭਲਾ ਕਹਿੰਦੇ ਹਨ; ਅਨੇਕਾਂ ਔਰਤਾਂ ਹਨ ਜੋ ਉਸ ਸ਼ੇਰਨੀ ਦੇ ਗ਼ੁੱਸੇ ਵਾਂਗ, ਜਿਸਦਾ ਬੱਚਾ ਗੁਆਚ ਗਿਆ ਹੋਵੇ, ਫ਼ਜ਼ੂਲ ਗੁਆਏ ਸਾਲਾਂ ਉਤੇ ਝੂਰਦੀਆਂ ਰਹਿੰਦੀਆਂ ਹਨ; ਅਤੇ ਬਹੁਤ ਸਾਰੇ ਜਵਾਨ ਮੁੰਡੇ ਤੇ ਕੁੜੀਆਂ ਹਨ ਜੋ ਭਵਿੱਖ ਦੀਆਂ ਕੌੜੀਆਂ ਯਾਦਾਂ ਦੇ ਜ਼ਖ਼ਮਾਂ ਨੂੰ ਛੁਪਾਉਣ ਲਈ ਦਿਲਾਂ ਦਾ ਸਹਾਰਾ ਲੈਂਦੇ ਹਨ, ਜੋ ਖ਼ੁਸ਼ੀ ਵਿੱਚੋਂ ਇਕਾਂਤ ਦੇ ਤਿੱਖੇ ਤੇ ਜ਼ਹਿਰੀਲੇ ਤੀਰਾਂ . ਨਾਲ ਅਗਿਆਨਤਾ ਸਦਕਾ ਆਪਣੇ ਆਪ ਨੂੰ ਜ਼ਖ਼ਮੀ ਕਰਦੇ ਹਨ।

ਬੁਢਾਪਾ ਧਰਤੀ ਦੀ ਠੰਡਕ ਹੈ, ਸਫ਼ੇਦੀ ਹੈ, ਇਹ ਗਿਆਨ ਅਤੇ ਸਚਾਈ ਰਾਹੀਂ, ਛੋਟੀ ਉਮਰ ਦੀ ਜਵਾਨੀ ਦੇ ਬੀਜਾਂ ਨੂੰ ਗਰਮਾਇਸ਼ ਦੇਂਦੀ, ਉਨ੍ਹਾਂ ਦੀ ਰੱਖਿਆ ਕਰਦੀ ਅਤੇ ਉਦੋਂ ਤਕ ਉਨ੍ਹਾਂ ਦਾ ਮਨਸ਼ਾ ਪੂਰਾ ਕਰਦੀ ਹੈ ਜਦੋਂ ਤਕ ਕਿ ‘ਨਿਸਾਨ’ ਆ ਕੇ ਜਵਾਨੀ ਦੀ ਵੱਧਦੀ ਫੁੱਲਦੀ ਜ਼ਿੰਦਗੀ ਨੂੰ ਨਵੀਂ ਚੇਤੰਨਤਾ ਨਹੀਂ ਬਖ਼ਸ਼ਦੀ।

ਅਸੀਂ ਆਪਣੀ ਆਤਮਕ ਉਚਾਈ ਦੀ ਜਾਗ੍ਰਤੀ ਵੱਲ ਬਹੁਤ ਧੀਮੀ ਚਾਲ ਚੱਲ ਰਹੇ ਹਾਂ ਅਤੇ ਕੇਵਲ ਉਹ ਸਤਹ ਵਿਸ਼ਾਲ ਬ੍ਰਹਿਮੰਡ ਵਾਂਗ ਅਨੰਤ, ਉਸ ਸੁਹੱਪਣ ਲਈ ਸਾਡੇ ਪਿਆਰ ਤੇ ਮੋਹ ਰਾਹੀਂ, ਹੋਂਦ ਦੀ ਖ਼ੂਬਸੂਰਤੀ ਦਾ ਗਿਆਨ वै।

X X X X X X

ਕਿਸਮਤ ਨੇ ਮੈਨੂੰ ਸਾਧਾਰਨ ਤੇ ਤੰਗ ਦਿਲ ਸੱਭਿਅਤਾ ਦੇ ਦਰਦਨਾਕ ਪ੍ਰਵਾਹ ਵਿਚ ਲਿਆ ਸੁੱਟਿਆ, ਮੈਨੂੰ ਕੁਦਰਤ ਦੀ ਠੰਡੀ ਹਰੀ ਭਰੀ ਬਗ਼ੀਚੀ ਦੀਆਂ ਬਾਹਵਾਂ ਵਿੱਚੋਂ ਚੁੱਕ ਕੇ, ਹਜੂਮ ਦੇ ਪੈਰਾਂ ਹੇਠ ਲਿਆ ਕੇ ਪਟਕਿਆ ਜਿਥੇ ਮੈਂ ਸ਼ਹਿਰੀ ਲੋਕਾਂ ਦੇ ਤਸੀਹੇ ਸਹਿਣ ਲਈ ਦੁਖੀ ਸ਼ਿਕਾਰ ਵਾਂਗ ਆ ਡਿੱਗਾ।

ਖ਼ੁਦਾ ਦੇ ਬੱਚੇ ਲਈ ਇਸ ਤੋਂ ਵੱਧ ਸਖ਼ਤ ਸਜ਼ਾ ਹੋਰ ਕੋਈ ਨਹੀਂ ਹੋ ਸਕਦੀ; ਉਸ ਮਨੁੱਖ ਦੀ ਕਿਸਮਤ ਵਿਚ ਹੋਰ ਵਧੇਰੇ ਕਰੜਾ ਬਨਵਾਸ ਨਹੀਂ ਹੋ ਸਕਦਾ, ਜੋ ਧਰਤੀ ਦੇ ਹਰੇ ਘਾਹ ਦੀ ਹਰਿਆਵਲ ਦੇ ਇਕ ਇਕ ਤਿਣਕੇ ਨੂੰ ਪਿਆਰ ਕਰਦਾ ਹੈ, ਜੋ ਉਸਦੀ ਹੋਂਦ ਦੇ ਅੰਗ-ਸੰਗ ਨੂੰ ਕੰਬਾ ਦੇਂਦਾ ਹੈ; ਕਿਸੇ ਦੋਸ਼ੀ ਉੱਤੇ ਲੱਗਿਆ ਦੋਸ਼ ਮੇਰੀ ਕੈਦ ਦੇ ਦੁੱਖਾਂ ਦੇ ਬਰਾਬਰ ਨਹੀਂ ਹੋ ਸਕਦਾ ਕਿਉਂਕਿ ਮੇਰੀ ਕੋਠੜੀ ਦੀਆਂ ਤੰਗ ਦੀਵਾਰਾਂ ਮੇਰੇ ਦਿਲ ਨੂੰ ਜ਼ਖ਼ਮੀ ਕਰ ਰਹੀਆਂ ਹਨ।

ਅਸੀਂ ਸੋਨੇ ਜਾਂ ਧਨ ਮਾਲ ਦੇ ਪੱਖੋਂ ਪੇਂਡੂਆਂ ਨਾਲੋਂ ਕਿੰਨੇ ਵੀ ਅਮੀਰ ਕਿਉਂ ਨਾ ਹੋਈਏ, ਪਰ ਉਹ ਸੱਚੀ ਹੋਂਦ ਦੀ ਸੰਪੂਰਨਤਾ ਦੇ ਪੱਖੋਂ ਹਰ ਤਰ੍ਹਾਂ ਅਮੀਰ ਹਨ। ਅਸੀਂ ਚੋਖਾ ਬੀਜਦੇ ਹਾਂ ਪਰ ਕੱਟਦੇ ਕੁਝ ਵੀ ਨਹੀਂ; ਉਹ ਰੱਬ ਦੇ ਉੱਦਮੀ ਜ਼ਿੰਦਗੀ ਦੇ ਪਿਆਲੇ ਵਿੱਚੋਂ ਕੜਵਾਹਟ, ਨਿਰਾਸ਼ਾ, ਡਰ ਅਤੇ ਥਕਾਵਟ ਪੀਂਦੇ ਹਾਂ, ਉਹ ਖ਼ੁਦਾ ਦੇ ਵਰਦਾਨ ਰੂਪੀ ਸੱਚੇ-ਸੁੱਚੇ ਅੰਮ੍ਰਿਤ ਨੂੰ ਪੀਂਦੇ ਹਨ।

ਓ, ਸ਼ਾਨ ਤੇ ਮਾਣ ਦੇਣ ਵਾਲੇ ਮੇਰੇ ਮਾਲਕ! ਭੀੜ ਦੇ ਇਕੱਠ ਦੇ ਇਨ੍ਹਾਂ ਭਵਨਾਂ ਪਿੱਛੇ ਮੇਰੇ ਤੋਂ ਛੁਪੇ ਹੋਏ, ਜੋ ਕੁਝ ਵੀ ਨਹੀਂ ਸਗੋਂ ਮੂਰਤੀਆਂ ਅਤੇ ਪਰਛਾਵੇਂ ਹਨ…..ਮੇਰੀ ਕੈਦਣ ਆਤਮਾ ਦੀਆਂ ਪੀੜ ਵਿਚ ਗੁੰਨ੍ਹੀਆਂ ਚੀਕਾਂ ਸੁਣੋ! ਮੇਰੇ ਟੁੱਟਦੇ ਦਿਲ ਦੀਆਂ ਪੀੜਾਂ ਦੀ ਆਵਾਜ਼ ਸੁਣੋ! ਮੇਰੇ ‘ਤੇ ਦਇਆ ਕਰੋ ਅਤੇ ਆਪਣੇ ਵਿਗੜੇ ਬੱਚੇ ਨੂੰ ਪਹਾੜਾਂ ਵੱਲ ਵਾਪਸ ਬੁਲਾ ਲਵੋ ਜਿਥੇ ਤੇਰਾ ਨਿਵਾਸ ਸਥਲ ਹੈ।

 

Credit – ਖ਼ਲੀਲ ਜਿਬਰਾਨ

Leave a Comment

error: Content is protected !!