ਦੀਦਾਰੇ ਵਾਲਾ ਪਿੰਡ ਦਾ ਇਤਿਹਾਸ | Didarewala Village History

ਦੀਦਾਰੇ ਵਾਲਾ

ਦੀਦਾਰੇ ਵਾਲਾ ਪਿੰਡ ਦਾ ਇਤਿਹਾਸ | Didarewala Village History

ਸਥਿਤੀ :

ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਦੀਦਾਰੇ ਵਾਲਾ (ਦੀਦਾਰ ਸਿੰਘ ਵਾਲਾ), ਨਿਹਾਲ ਸਿੰਘ ਵਾਲਾ ਤੋਂ 8 ਕਿਲੋਮੀਟਰ, ਮੋਗਾ- ਬਠਿੰਡਾ ਸੜਕ ਤੋਂ 3 ਕਿਲੋਮੀਟਰ ਅਤੇ ਮੋਗਾ ਰੇਲਵੇ ਸਟੇਸ਼ਨ ਤੋਂ 40 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਕੋਈ ਪੌਣੇ ਦੋ ਸੌ ਸਾਲ ਪਹਿਲਾਂ ਪਤੋ ਹੀਰਾ ਸਿੰਘ ਦੀ ਹਮੀਰ ਪੱਤੀ ਵਿਚੋਂ. ਉੱਠ ਕੇ ਬੱਝਾ। ਪਿੰਡ ਬੱਝਣ ਦੀ ਕਹਾਣੀ ਇਸ ਤਰ੍ਹਾਂ ਦੱਸੀ ਜਾਂਦੀ ਹੈ ਕਿ ਪੱਤੋ ਦੀ ਹੱਦ ਕਾਫੀ ਦੂਰ ਦੂਰ ਤੱਕ ਸੀ ਅਤੇ ਆਸ ਪਾਸ ਦੇ ਪਿੰਡਾਂ ਨਾਲ ਹੱਦਬੰਦੀ ਪਿੱਛੇ ਆਮ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਇੱਕ ਲੜਾਈ ਵਿੱਚ ਹਮੀਰ ਪੱਤੀ ਵਿੱਚ ਰਹਿੰਦੇ ਗਾਂਧੀ ਦੇ ਤਿੰਨ ਪੁੱਤਰ ਜੀਤ ਸਿੰਘ, ਅਲਬੇਲ ਸਿੰਘ ਤੇ ਨੱਥਾ ਸਿੰਘ ਮਾਰੇ ਗਏ ਲੇਕਨ ਕਬਜ਼ਾ ਗਾਂਧੀ ਦੀ ਔਲਾਦ ਦੇ ਹੱਥ ਰਿਹਾ। ਦੁਬਾਰਾ ਲੜਾਈ ਦੇ ਡਰ ਤੋਂ ਗਾਂਧੀ ਦੇ ਚੌਥੇ ਪੁੱਤਰ ਦਿਦਾਰ ਸਿੰਘ ਨੇ ਆਪਣੇ ਭਤੀਜੇ ਬਾਨਾ ਸਿੰਘ ਤੇ ਭਗਵਾਨਾ ਸਿੰਘ ਨੂੰ ਨਾਲ ਲੈ ਕੇ ਆਪਣੀ ਜ਼ਮੀਨ ‘ਤੇ ਡੇਰੇ ਲਾ ਲਏ। ਜਦ ਬਾਨੇ ਹੋਰੀਂ ਪਿੰਡ ਬੰਨ੍ਹਣ ਆਏ ਤਾਂ ਇੱਥੇ ਬਹੁਤ ਸਾਰੇ ਸੱਪ ਹੁੰਦੇ ਸਨ। ਉਹ ਡਰਦੇ ਵਾਪਸ ਚਲੇ ਗਏ। ਦੂਸਰੀ ਵਾਰ ਜਦ ਫੇਰ ਇੱਥੇ ਆਏ ਤਾਂ ਕਿਸੇ ਮਹਾਂ ਪੁਰਸ਼ ਨੇ ਵਰ ਦਿੱਤਾ ਕਿ ਇਹਨਾਂ ਸੱਪਾਂ ਤੋਂ ਨਾਂ ਡਰੋ ਇਹ ਤਾਂ ਕਿਰਲੀਆਂ ਵਰਗੇ ਹੀ ਹਨ ਕਿਸੇ ਦਾ ਨੁਕਸਾਨ ਨਹੀਂ ਕਰਨਗੇ। ਬਾਨੇ ਨੇ ਪੱਕਾ ਮਨ ਕਰਕੇ ਉੱਥੇ ਵੱਸਣ ਦਾ ਪੂਰਾ ਮਨ ਬਣਾ ਲਿਆ ਤੇ ਪਿੰਡ ਦੀ ਮੋੜੀ ਗੱਡ ਦਿੱਤੀ ਅਤੇ ਪਿੰਡ ‘ਬਾਨੇ ਕੀਆ ਛੰਨਾ’ ਕਰਕੇ ਜਾਣਿਆ ਜਾਣ ਲੱਗ ਪਿਆ। ਬਾਅਦ ਵਿੱਚ ਜਦੋਂ ਪਿੰਡਾਂ ਦੇ ਨਾਂ ਰੱਖੇ ਗਏ ਤਾਂ ਬਾਨੇ ਨੇ ਆਪਣੇ ਬਜ਼ੁਰਗ (ਚਾਚੇ) ਦੇ ਨਾਂ ‘ਤੇ ਪਿੰਡ ਦਾ ਨਾਂ ‘ਪੱਤੋ ਦੀਦਾਰ ਸਿੰਘ’ ਲਿਖਵਾ ਦਿੱਤਾ ਜੋ ਬਾਅਦ ਵਿੱਚ ‘ਦੀਦਾਰ ਸਿੰਘ ਵਾਲਾ’ ਜਾਂ ‘ਦੀਦਾਰੇ ਵਾਲਾ’ ਜਾਣਿਆ ਜਾਣ ਲੱਗ ਪਿਆ। ਦੀਦਾਰੇ ਵਾਲੇ ਦੀਆਂ ਚਾਰ ਪੱਤੀਆਂ ਸਿੱਧੂ ਬਰਾੜਾਂ ਦੀਆਂ ਹਨ। ਪੰਜਵੀਂ ਪੱਤੀ ਦਰਜ਼ੀ ਸਿੱਖਾਂ ਦੀ ਹੈ ਜੋ ਗੁਰੂ ਸਰ ਤੋਂ ਉੱਠ ਕੇ ਇੱਥੇ ਆਏ ਅਤੇ ਉਹ ਵੀ ਸਿੱਧੂ ਅਖਵਾਉਂਦੇ ਹਨ। ਇਹ ਪਿੰਡ ਪੜ੍ਹਿਆਂ ਲਿਖਿਆਂ ਦਾ ਪਿੰਡ ਹੈ। ਸ. ਅਵਤਾਰ ਸਿੰਘ ਬਰਾੜ, ਇੱਕ ਤਾਰ ਬਾਬੂ ਤੋਂ ਆਈ. ਏ. ਐੱਸ. ਬਣਿਆ ਜੋ ਜ਼ਿਲ੍ਹਾ ਫਰੀਦਕੋਟ ਦਾ ਪਹਿਲਾ ਆਈ. ਏ. ਐੱਸ. ਅਫ਼ਸਰ ਸੀ। ਪਿੰਡ ਦੇ ਦਰਜ਼ੀ ਸਿੱਖਾਂ ਨੇ ਬਹੁਤ ਤਰੱਕੀ ਕੀਤੀ ਹੈ ਕਾਫੀ ਪਰਿਵਾਰ ਬਾਹਰਲੇ ਮੁਲਕਾਂ ਵਿੱਚ ਹਨ।

ਪਿੰਡ ਵਿੱਚ ਕੋਈ ਧਰਮਸ਼ਾਲਾ ਨਹੀਂ, ਇੱਕ ਸਾਂਝਾ ਗੁਰਦੁਆਰਾ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!