ਦੁਗਾਲ ਪਿੰਡ ਦਾ ਇਤਿਹਾਸ | Dugal Kalan Village History

ਦੁਗਾਲ

ਦੁਗਾਲ ਪਿੰਡ ਦਾ ਇਤਿਹਾਸ | Dugal Kalan Village History

ਸਥਿਤੀ :

ਤਹਿਸੀਲ ਪਾਤੜਾਂ ਦਾ ਪਿੰਡ ਦੁਗਲ, ਪਾਤੜਾਂ – ਸੰਗਰੂਰ ਰੋਡ ‘ਤੇ ਪਾਤੜਾਂ ਤੋਂ 4 ਕਿਲੋਮੀਟਰ ਦੂਰ ਸਥਿਤ ਰੇਲਵੇ ਸਟੇਸ਼ਨ ਜਾਖਲ ਤੋਂ 48 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਹਜ਼ਾਰਾਂ ਸਾਲ ਪਹਿਲਾਂ ਸਤਲੁਜ ਦਰਿਆ ਦੀ ਇੱਕ ਸਾਖ ਪਹਾੜਾਂ ਵਿੱਚੋਂ ਨਿਕਲ ਕੇ ਘੱਗਰ ਦਰਿਆ ਵਿੱਚ ਮਿਲਦੀ ਸੀ ਜੋ ਨਾਲੇ ਦੇ ਰੂਪ ਵਿੱਚ ਹੀ ਸੀ। ਇਸ ਚੋਅ ਦੇ ਇੱਕ ਪਾਸੇ ਰਾਜਾ ਦੁੱਗ ਤੇ ਦੂਸਰੇ ਪਾਸੇ ਹੋਰ ਰਾਜੇ ਦਾ ਰਾਜ ਸੀ। ਦੋਵੇਂ ਰਾਜ ਆਪਸ ਵਿੱਚ ਭਿੜ ਕੇ ਬਰਬਾਦ ਹੋ ਗਏ।

ਤਕਰੀਬਨ ਸਵਾ ਤਿੰਨ ਸੌ ਸਾਲ ਪਹਿਲਾ ਪੁਰਾਣੇ ਥੇਹ ਤੇ ਬਾਬਾ ਹਰੀਏ ਨੇ ਇਹ ਪਿੰਡ ਵਸਾਇਆ ਤੇ ‘ਦੁਗਾਲ’ ਨਾਂ ਰਾਜੇ ਦੁੱਗ ਤੋਂ ਰੱਖਿਆ। ਕਾਲੇਕੇ (ਸੰਗਰੂਰ) ਦੇ ਸਰਾਓ ਖਾਨਦਾਨ ਦੇ ਆਗੂਆਂ ਨਾਲ ਬਾਬਾ ਆਲਾ ਸਿੰਘ ਦਾ ਸਮਝੌਤਾ ਹੋਇਆ ਤੇ ਉਸ ਸਮਝੌਤੇ ਵਜੋਂ ਉਨ੍ਹਾਂ ਨੂੰ 12 ਪਿੰਡ ਮਿਲੇ ਜਿਨ੍ਹਾਂ ਵਿੱਚੋਂ ਦੁਗਾਲ ਵੀ ਇੱਕ ਸੀ। ਇਸ ਖਾਨਦਾਨ ਦੀ ਮਾਈ ਫੱਤੋ ਜੋ ਕੇ ਕਾਲੇਕਾ ਦੀ ਰਹਿਣ ਵਾਲੀ ਸੀ ਨੂੰ ਬਾਬੇ ਆਲੇ ਦੀ ਮਹਾਰਾਣੀ ਹੋਣ ਦਾ ‘ਮਾਣ ਪ੍ਰਾਪਤ ਹੋਇਆ। ਇਹ ਖਾਨਦਾਨ ਕੁੱਝ ਸਮਾਂ ਬਾਅਦ ਪਿੰਡ ਦੁਗਾਲ ਵਿੱਚ ਆ ਵਸਿਆ। ਸਰਾਓ ਖਾਨਦਾਨ ਨੇ ਇਸ ਪਿੰਡ ਨੂੰ ਹੋਰ ਸੰਘਣਾ ਵਸਾਉਣ ਲਈ ਹੋਰ ਕੌਮਾਂ ਦੇ ਲੋਕਾਂ ਨੂੰ ਵੀ ਵਸਾਇਆ। ਤਕਰੀਬਨ 100 ਸਾਲ ਪਹਿਲਾਂ ਇਹ ਪਿੰਡ ਬਹੁਤ ਵਿਕਸਿਤ ਸੀ ਤੇ ਸ਼ਹਿਰਾਂ ਵਾਂਗੂ ਹਰ ਸਹੂਲਤ ਪ੍ਰਾਪਤ ਸੀ।

ਇਸ ਪਿੰਡ ਵਿੱਚ ਪੂਜਨੀਕ ਸੰਤਾਂ ਦੀ ਪੀੜ੍ਹੀ ਚਲੀ ਆ ਰਹੀ ਹੈ। ਇਨ੍ਹਾਂ ਤੋਂ ਬਿਨਾਂ ਇੱਕ ਸੰਤ ਬਾਬੂ ਰਾਮ ਜੀ ਮੋਨੀ ਨਗਨ ਸਾਧੂ ਵੀ ਡੇਰੇ ਵਿੱਚ ਰਹਿੰਦੇ ਹਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿੰਡ ਵਿੱਚ ਆਉਣ ਦੀ ਯਾਦਗਾਰ ਵਜੋਂ ਇੱਕ ਗੁਰਦੁਆਰਾ ਸਾਹਿਬ ਹੈ ਜਿਸਦਾ ਉੱਚਾ ਮੀਨਾਰ ਦੂਰੋਂ ਦਿਖਾਈ ਦੇਂਦਾ ਹੈ।

ਦੱਬੇ ਹੋਏ ਥੇਹ ਦੇ ਖੰਡਰਾਂ ਵਿੱਚੋਂ ਇੱਕ ਤਲਾਅ ਜਿਸ ਦੀਆਂ ਸ਼ੀਸ਼ੇ ਦੀਆਂ ਪੌੜੀਆਂ ਸਨ, ਜਮੀਨ ਵਿੱਚ ਦੱਬਿਆ ਹੋਇਆ ਹੈ। ਇਸ ਪਿੰਡ ਦੇ ਆਲੇ-ਦੁਆਲੇ ਦਰਿਆ ਦੇ ਦੋਵੇਂ ਪਾਸੇ ਲਗਭਗ 7 ਥੇਹ ਮੌਜੂਦ ਹਨ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਇੱਥੇ ਇੱਕ ਬਹੁਤ ਵੱਡਾ ਸ਼ਹਿਰ ਸੀ ਜੋ ਦਰਿਆ ਦੇ ਦੋਵੇਂ ਪਾਸੇ ਸੀ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!