ਦੇਸ਼ ਦੀ ਆਜ਼ਾਦੀ ਲਈ ਬਗ਼ਾਵਤ ਦੀ ਪਹਿਲੀ ਚਿਣਗ : ਖ਼ਾਲਸਾ ਦੀਵਾਨ ਸੁਸਾਇਟੀ ਹਾਂਗਕਾਂਗ

ਸਿੱਖ ਕੌਮ ਇਕ ਮਿਹਨਤ ਕਸ਼ ਸਿਰੜੀ, ਸਿਦਕੀ, ਦੇਸ਼ ਭਗਤੀ ਵਿਚ ਰੰਗੀ, ਪਰਉਪਕਾਰੀ, ਬਹਾਦਰ, ਨਿਰਭੈ ਤੇ ਆਪਣੇ ਦੇਸ਼ ਤੇ ਧਰਮ ਲਈ ਮਰ ਮਿੱਟਣ ਵਾਲੀ ਸੰਸਾਰ ਪ੍ਰਸਿੱਧ ਕੌਮ ਹੈ। ਇਸ ਕੌਮ ਦੇ ਹਿੰਮਤੀ ਤੇ ਮਿਹਨਤੀ ਸੂਰਮੇ ਚੰਗੇ ਰੋਜ਼ਗਾਰ ਦੀ ਤਲਾਸ਼ ਤੇ ਚੰਗੇ ਕਮਾਈ ਦੇ ਸਾਧਨ ਜੁਟਾਨ ਲਈ ਅਠਾਰਵੀਂ ਸਦੀ ਦੇ ਅੰਤ ਵਿਚ ਭਾਰਤ ਦੇ ਨੇੜਲੇ ਦੇਸ਼ਾਂ ਵੱਲ ਰੁਖ ਕਰਨਾ ਸ਼ੁਰੂ ਕੀਤਾ। ਪਹਿਲਾਂ ਪਹਿਲ ਇਨ੍ਹਾਂ ਬਰਮਾ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਹਾਂਗਕਾਂਗ ਤੇ ਸ਼ੰਘਾਈ (ਚੀਨ) ਵੱਲ ਜਾਣਾ ਸ਼ੁਰੂ ਕੀਤਾ। ਇਸ ਤੋਂ ਬਿਨਾ ਫਿੱਜੀ, ਨਿਊਜੀਲੈਂਡ, ਫਿਲਪਾਈਨ ਤੇ ਕਈ ਉਦਮੀ ਆਸਟਰੇਲੀਆ ਤੱਕ ਵੀ ਪੁੱਜੇ। ਉਹ ਅਜਿਹਾ ਸਮਾਂ ਸੀ ਜਦੋਂ ਪੰਜਾਬ ਦੀ ਆਰਥਕ ਹਾਲਤ ਬਹੁਤ ਮੰਦੀ ਤੇ ਲੋਕਾਂ ਦਾ ਜਨ ਜੀਵਨ ਗਰੀਬੀ ਰੇਖਾ ਦੇ ਥੱਲੇ ਰਿਹਾ ਸੀ। ਅਜਿਹੇ ਸਮੇਂ ਕਈ ਉਦਮੀ ਬਾਹਰ ਜਾਣ ਲਈ ਹੱਥ ਪੈਰ ਮਾਰ ਰਹੇ ਸਨ।

ਅੰਗਰੇਜ਼ ਸਿੱਖਾਂ ਦੀ ਬਹਾਦਰੀ ਤੇ ਵਫਾਦਾਰੀ ਦੇ ਕਦਰਦਾਨ ਸਨ । ਉਹ ਭਲੀ ਪ੍ਰਕਾਰ ਜਾਣਦੇ ਸਨ ਕਿ ਸਿੱਖ ਇੱਕ ਬਹਾਦਰ, ਨਿਡਰ, ਨਿਰਛੱਲ ਸੁਭਾਅ ਦੇ ਮਾਲਕ ਹਨ। ਜਦੋਂ ਹਾਂਗਕਾਂਗ ਵਿਚ ਵੱਖ-ਵੱਖ ਵਰਗਾਂ ਦੇ ਬੰਦੇ ਪੁਲੀਸ ਫੋਰਸ ਵਿਚ ਕਾਮਯਾਬ ਨਾ ਹੋਏ ਤਦ 1865-66 ਵਿਚ ਇੱਕ ਅੰਗਰੇਜ਼ ਅਫਸਰ ਜੋ ਸਿੱਖਾਂ ਬਾਰੇ ਚੰਗੀ ਜਾਣਕਾਰੀ ਰਖਦਾ ਸੀ ਤੇ ਸਿੰਧ ਵਿਚ ਅਫਸਰ ਸੀ, ਨੂੰ ਇਥੇ ਪੁਲੀਸ ਅਫਸਰ ਬਣਾ ਕੇ ਮੰਗਵਾਇਆ ਗਿਆ। Mr. C.V. Creagh ਨੇ ਇਥੇ ਦੇ ਵਾਤਾਵਰਨ ਨੂੰ ਚੰਗੀ ਤਰ੍ਹਾਂ ਘੋਖਿਆ ਤੇ ਹਾਂਗਕਾਂਗ ਦੀ ਸਰਕਾਰ ਨੂੰ ਪ੍ਰੇਰਨਾ ਕੀਤੀ ਕਿ ਸਿੱਖ ਪੁਲੀਸ ਬੜੀ ਕਾਮਯਾਬ ਰਹੇਗੀ। ਹਾਂਗਕਾਂਗ ਸਰਕਾਰ ਨੇ ਮਿਸਟਰ ਕਰੀ ਦੀ ਸਲਾਹ ਨੂੰ ਮੰਜ਼ੂਰ ਕਰ ਲਿਆ ਤੇ ਸਿੱਖ ਜੁਆਨਾਂ ਦੀ ਭਰਤੀ ਲਈ ਅਦੇਸ਼ ਦੇ ਦਿੱਤਾ। ਇਹ ਭਰਤੀ ਜ਼ਿਲ੍ਹਾ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਦੇ ਵਸਨੀਕਾਂ ਵਿਚ ਕੀਤੀ ਗਈ ਤੇ ਇਹ ਇਕ ਸੌ ਜੁਆਨਾਂ ਦਾ ਜੱਥਾ ਸੰਨ 1867 ਨੂੰ ਹਾਂਗਕਾਂਗ ਪੁੱਜ ਗਿਆ । ਇਹ ਨੌਜਵਾਨ ਸਿਪਾਹੀ ਇਤਨੇ ਕਾਬਲ ਤੇ ਤਸੱਲੀ ਬਖਸ਼ ਸਾਬਤ ਹੋਏ ਕਿ ਇਹਨਾਂ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਅਗਲੇ ਸਾਲ ਇਕ ਸੌ ਹੋਰ ਜਵਾਨ ਭਰਤੀ ਹੋ ਗਏ।

ਗ਼ਦਰੀਆਂ ਦੀ ਧਰਮ ਆਸਥਾ ਤੇ ਗ਼ਦਰ ਪਾਰਟੀ ਦਾ ਵਿਉਂਤ ਵਿਕਾਸ

ਅੰਗਰੇਜ਼ ਅਫ਼ਸਰ ਦੀ ਚੋਣ ਬੜੀ ਰਾਜਨੀਤਕ ਤੇ ਸਿਆਣਪ ਪੱਖੋਂ ਦੂਰ ਅੰਦੇਸ਼ੀ ਵਾਲੀ ਸੀ। ਉਸਨੇ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਜੁਆਨ ਇਸ ਲਈ ਚੁਣੇ ਕਿ ਇਥੇ ਲੜਾਈ। ਦੇ ਕਾਰਨ ਸਿੱਖਾਂ ਦਾ ਮਾਲੀ ਤੇ ਜਾਨੀ ਨੁਕਸਾਨ ਹੋਇਆ ਸੀ । ਜੁਆਨ ਲੰਮੇ-ਸਲੰਮੇ ਕੰਵਾਰੇ ਤੇ ਚੰਗੇ ਸਰੀਰ ਤੇ ਡੀਲ ਡੋਲ ਵਾਲੇ ਸਨ । ਮਾਪੇ ਵੀ ਇਹਨਾਂ ਨੂੰ ਭੇਜ ਕੇ ਖੁਸ਼ ਸਨ । ਤਨਖਾਹ ਪੰਦਰਾਂ ਡਾਲਰ ਮਹੀਨਾ ਤੇ ਪੰਜ ਸਾਲ ਦਾ ਐਗਰੀਮੈਂਟ ਸੀ । ਜੇਕਰ ਕੋਈ ਦਸ ਸਾਲ ਕਰੇ ਤਾਂ ਪੈਨਸ਼ਨ ਦਾ ਹੱਕਦਾਰ ਤੇ ਵੱਡੇ ਤੋਂ ਵੱਡਾ ਅਹੁਦਾ ਹੌਲਦਾਰ ਤੋਂ ਜਮਾਂਦਾਰ ਤਕ ਸੀ । ਪੁਲੀਸ ਕਾਨੂੰਨ ਜਾਨਣ ਲਈ ਪੜ੍ਹਾਈ ਦਾ ਇੰਤਜਾਮ ਕਰ ਦਿੱਤਾ ਗਿਆ। ਸੈਂਟਰ ਵਿਖੇ ਪੁਲੀਸ ਹੈੱਡਕੁਆਟਰ ਵਿਚ ਗੁਰਦੁਆਰਾ ਵੀ ਬਣਾ ਦਿੱਤਾ ਗਿਆ ਸੀ। ਇਹ ਇਤਿਹਾਸਕ ਸੱਚਾਈ ਹੈ ਕਿ ਹਾਂਗਕਾਂਗ ਦੀ ਪੁਲੀਸ ਵਿਚ ਭਰਤੀ ਪੰਜਾਬ ਦੇ ਗੁਰਸਿੱਖ ਸਿਦਕੀ ਸਿਪਾਹੀਆਂ ਨੇ ਗ਼ਦਰ ਲਹਿਰ ਵਿਚ ਆਪੋ ਆਪਣੇ ਢੰਗ ਨਾਲ ਅਦੁਤੀ ਯੋਗਦਾਨ ਪਾਇਆ।

ਜਦ ਹਾਂਗਕਾਂਗ ਸਰਕਾਰ ਨੇ ਪੁਲੀਸ ਵਿਚ ਪੰਜਾਬੀਆਂ ਦਾ ਰਾਹ ਖੋਲ੍ਹ ਦਿੱਤਾ ਤਾਂ ਹੌਲੀ ਹੌਲੀ ਪੰਜਾਬ ਤੋਂ ਪੰਜਾਬੀਆਂ ਦੀ ਆਮਦ ਹੋਣੀ ਸ਼ੁਰੂ ਹੋਈ ਜੋ ਵਧੇਰੇ ਤੌਰ ਤੇ ਮੇਹਨਤ ਮਜਦੂਰੀ ਤੇ ਚੌਂਕੀਦਾਰੀ ਜਾਗੋ ਦਾ ਕੰਮ ਕਰਦੇ ਸਨ । ਇਥੇ ਦੇ ਲੋਕਾਂ ਇਨ੍ਹਾਂ ਦੀ ਇਮਾਨਦਾਰੀ, ਵਫਾਦਾਰੀ ਤੇ ਬਹਾਦਰੀ ਤੋਂ ਭਲੀਭਾਂਤ ਵਾਕਫ ਸਨ । ਕੁਝ ਅਜਿਹੇ ਵੀ ਸਨ ਜਿਨ੍ਹਾਂ ਥੋੜ੍ਹੀ ਬਹੁਤੀ ਪੂੰਜੀ ਤਜਾਰਤ ਵੱਲ ਲਾਉਣੀ ਸ਼ੁਰੂ ਕੀਤੀ ਤੇ ਛੋਟੇ ਮੋਟੇ ਕਾਰੋਬਾਰ ਦੀ ਸਥਾਪਨਾ ਹੋਣੀ ਸ਼ੁਰੂ ਹੋ ਗਈ । ਕੁਛ ਥੋੜ੍ਹਾ ਪੜ੍ਹੇ ਲਿਖੇ ਵੀ ਆਪਣੀ ਰੋਜੀ ਰੋਟੀ ਦੀ ਭਾਲ ਕਰਨ ਲੱਗੇ । ਇਸੇ ਤਰ੍ਹਾਂ ਕਾਫੀ ਗਿਣਤੀ ਵਿਚ ਸਿੰਧੀ ਵੀ ਆਉਣ ਲੱਗੇ ਜੋ ਨਾਨਕ ਲੇਵਾ ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਚੰਗੀ ਸ਼ਰਧਾ ਰਖਦੇ ਸਨ । ਇਸੇ ਤਰ੍ਹਾਂ ਤਜ਼ਾਰਤ ਵਿਚ ਪਾਰਸੀਆ ਨੇ ਵੀ ਪ੍ਰਵੇਸ਼ ਕਰਨਾ ਸ਼ੁਰੂ ਕੀਤਾ। ·

1900 ਤੋਂ ਅਮਰੀਕਾ ਕੈਨੇਡਾ ਜਾਣ ਵਾਲੇ ਸਿੱਖ ਮਿਹਨਤ ਕੱਸ਼ ਤੇ ਸਿਰੜੀ ਹਾਂਗਕਾਂਗ ਦੇ ਰਸਤੇ ਰਾਹੀਂ ਇਨ੍ਹਾਂ ਮੁਲਕਾਂ ਵਿਚ ਜਾਣੇ ਸ਼ੁਰੂ ਹੋ ਗਏ ਸਨ । ਉਸ ਸਮੇਂ ਜਿੰਨੀ ਵੀ ਸਿੱਖ ਸੰਗਤ ਹਾਂਗਕਾਂਗ ਰਹਿ ਰਹੀ ਸੀ ਜਿਸ ਵਿਚ ਬਹੁਤੀ ਗਿਣਤੀ ਪੁਲੀਸ ਦੇ ਸਿਪਾਹੀਆਂ, ਚੌਕੀਦਾਰ ਤੇ ਹੋਰ ਮੇਹਨਤਕਸ਼ ਪਰਵਾਸੀ ਤੇ ਛੋਟੇ ਨੌਕਰੀ ਪੇਸ਼ਾ ਲੋਕਾਂ ਦੀ ਸੀ । ਇਨ੍ਹਾਂ ਵਲੋਂ ਧਾਰਮਿਕ, ਭਾਈਚਾਰਕ ਤੇ ਸਮਾਜਿਕ ਚੇਤਨਾ ਦੀ ਬੁਲੰਦੀ ਲਈ ਹਾਂਗਕਾਂਗ ਵਿਚ ਗੁਰੂ ਘਰ ਦੀ ਸਥਾਪਨਾ ਕਰਨ ਹਿੱਤ ਹੰਭਲਾ ਮਾਰਿਆ। ਇੰਝ ਵਰਤਮਾਨ ਗੁਰਦੁਆਰਾ ਸਾਹਿਬ ਜੋ 371, ਕੁਈਨਜ਼ ਰੋਡ ਈਸਟ ਤੇ ਅਸਥਿਤ ਹੈ, 1901 ਵਿਚ ਪ੍ਰਕਾਸ਼ਮਾਨ ਹੋਇਆ। ਇਸ ਦਾ ਉਸ ਸਮੇਂ ਦੀ ਪੱਥਰ ਸਿਲ ਤੇ ਉਕਰਿਆ “ਸਿੰਘ ਸਭਾ” ਲਿਖਿਆ ਮਿਲਦਾ ਹੈ। ਸੰਨ 1908 ਵਿਚ ਇਸ ਦਾ ਨਾਉਂ ਤਬਦੀਲ ਕਰਕੇ ਖਾਲਸਾ ਦੀਵਾਨ ਹਾਂਗਕਾਂਗ ਰੱਖਿਆ। ਇਹ ਗੁਰਦੁਆਰਾ ਅਸਲ ਵਿਚ ਜਿਥੇ ਗੁਰਬਾਣੀ ਦਾ ਸੋਮਾ ਸੀ ਉਥੇ ਇਨਕਲਾਬੀਆਂ ਦਾ ਅੱਡਾ ਵੀ ਸੀ । ਏਥੇ ਅਮਰੀਕਾ ਤੋਂ ‘ਗ਼ਦਰ ਦੀ ਗੂੰਜ’ ਕਵਿਤਾਵਾਂ ਪੁੱਜਦੀਆਂ ਜੋ ਸੰਗਤਾਂ ਵਿੱਚ ਵੰਡੀਆਂ ਜਾਂਦੀਆਂ।

ਵਿਦੇਸ਼ਾਂ ਵਿਚ ਸਥਿਤ ਗੁਰਦੁਆਰਿਆਂ ਵਿਚ ਖਾਲਸਾ ਦੀਵਾਨ ਸੁਸਾਇਟੀ ਹਾਂਗਕਾਂਗ ਪਹਿਲਾ ਗੁਰਦੁਆਰਾ ਹੈ ਜਿਥੇ ਦੇਸ਼ ਭਗਤਾਂ ਤੇ ਗ਼ਦਰੀਆਂ ਨੇ ਗੁਲਾਮੀ ਦੇ ਸੰਗਲਾਂ ਨੂੰ ਤੋੜਨ ਲਈ ਹੰਭਲਾ ਮਾਰਿਆ। ਇਹ ਉਹ ਥਾਂ ਹੈ ਜਿਥੇ ਵੱਡੀ ਗਿਣਤੀ ਵਿਚ ਇਨਕਲਾਬੀ ਭਾਸ਼ਨ ਦਿੱਤੇ ਜਾਂਦੇ ਕਵਿਤਾਵਾਂ ਪੜੀਆਂ ਜਾਂਦੀਆਂ, ਸੁਤੀਆਂ ਕਲਾ ਜਗਾਈਆਂ ਜਾਂਦੀਆਂ ਤੇ ਬਗਾਵਤ ਦੀ ਚਿਣਗ ਬਲਦੀ। ਇਥੇ ਗ਼ਦਰ ਅਖ਼ਬਾਰ ਵੱਡੀ ਗਿਣਤੀ ਵਿਚ ਵੰਡਿਆ ਜਾਂਦਾ। ਇਸ ਨਾਲ 26ਵੀਂ ਪੰਜਾਬ ਰੈਜਮੈਂਟ ਇਨ੍ਹਾਂ ਦੇ ਅਸਰ ਹੇਠ ਆਈ। ਬਹੁਤ ਸਾਰੇ ਸਿਪਾਹੀ ਹਾਂਗਕਾਂਗ ਵਿਚੋਂ ਕੱਢੇ ਗਏ ਕਿਉਂਕਿ ਉਹਨਾਂ ਦਾ ਤੁਅੱਲਕ ਗੁਰਦੁਆਰਾ ਤੇ ਉਸ ਦੀਆਂ ਸਰਗਰਮੀਆਂ ਨਾਲ ਸੀ ਇਹ ਹਾਂਗਕਾਂਗ ਦਾ ਗੁਰਦੁਆਰਾ ਗ਼ਦਰ ਲਹਿਰ ਦਾ ਮੁੱਖ ਅੱਡਾ ਸੀ। ਲੋਕ ਅਮਰੀਕਾ, ਕੈਨੇਡਾ, ਫਿਲਪਾਈਨ ਤੇ ਚੀਨ ਨੂੰ ਵੀ ਆਉਂਦੇ ਜਾਂਦੇ ਇਸ ਬੰਦਰਗਾਹ ਬਾਣੀ ਲੰਘਦੇ ਸਨ । ਉਥੇ ਦੇਸ਼ ਭਗਤਾਂ ਤੇ ਗ਼ਦਰੀਆਂ ਦੀ ਲੁਕਣਗਾਹ ਸੀ। ਅਧਿਕਾਰੀਆਂ ਵਲੋਂ ਸਖ਼ਤ ਜਾਬਤੇ ਦੀ ਕਾਰਵਾਈ ਕੀਤੀ ਗਈ । ਇਸ ਗੁਰੂ ਘਰ ਦੇ ਅਨੇਕਾਂ ਗ੍ਰੰਥੀ ਸਿੰਘ ਵੀ ਅਜਿਹੇ ਹੋਏ ਹਨ ਜਿਨ੍ਹਾਂ ਨੇ ਵੱਧ ਚੜ੍ਹ ਕੇ ਗ਼ਦਰ ਲਹਿਰ ਵਿਚ ਆਪਣਾ ਯੋਗਦਾਨ ਦਿੱਤਾ ਹੈ। ਜਿਨ੍ਹਾਂ ਵਿਚ ਭਾਈ ਭਗਵਾਨ ਸਿੰਘ, ਭਾਈ ਹਰਨਾਮ ਸਿੰਘ ਕਹੂਟਾ ਤੇ ਭਾਈ ਅਤਰ ਸਿੰਘ ਢੁੱਡੀਕੇ ਦਾ ਥੋੜ੍ਹਾ ਬਹੁਤ ਜ਼ਿਕਰ ਇਤਿਹਾਸਕ ਹਵਾਲਿਆਂ ਵਿਚ ਮਿਲਦਾ है।

ਹਾਂਗਕਾਂਗ ਤੇ ਖਾਲਸਾ ਦੀਵਾਨ ਸੁਸਾਇਟੀ ਨਾਲ ਜੁੜੇ ਗ਼ਦਰੀ :-

ਭਾਈ ਭਾਗ ਸਿੰਘ ਭਿੱਖੀਵਿੰਡ ਹਾਂਗਕਾਂਗ ਵਿਖੇ 1897 ਤੋਂ 1900 ਤੱਕ ਪੁਲਿਸ ਡਿਪਾਰਟਮੈਂਟ ਵਿਚ ਨੌਕਰੀ ਕਰਦੇ ਰਹੇ। ਬਾਦ ਵਿਚ ਆਪ ਕੈਨੇਡਾ ਚਲੇ ਗਏ ਤੇ ਉਥੇ ਵੈਨਕੁਵਰ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਥਾਪੇ ਗਏ। ਕਾਮਾ ਗਾਟਾ ਮਾਰੂ ਕੇਸ ਵਿਚ ਅਗਵਾਈ ਕੀਤੀ । ਗੁਰੂ ਘਰ ਵਿਚ ਗੱਦਾਰ ਬੇਲਾ ਸਿੰਘ ਦੀ ਗੋਲੀ ਨਾਲ ਸ਼ਹੀਦੀ ਜਾਮ ਪੀ ਕਿ ਅਮਰ ਹੋ ਗਿਆ।

ਭਾਈ ਬਦਨ ਸਿੰਘ ਦਲੇਲ ਸਿੰਘ ਵਾਲਾ ਮਾਨਸਾ, ਇਹ ਵੀ 1902 ਤੋਂ 1907 ਤੱਕ ਜੇਲ੍ਹ ਵਿਭਾਗ ਹਾਂਗਕਾਂਗ ਵਿਚ ਨੌਕਰੀ ਕਰਦੇ ਸਨ ।

ਭਾਈ ਹਰਦਿੱਤ ਸਿੰਘ ਲੰਮੇ ਵੀ 1904 ਤੋਂ 1906 ਤੱਕ ਜੇਲ੍ਹ ਵਿਭਾਗ ਹਾਂਗਕਾਂਗ ਵਿਖੇ ਦੋ ਸਾਲ ਤੱਕ ਨੌਕਰੀ ਕੀਤੀ। ਜੇਲ੍ਹ ਵਿਚ ਹੋ ਰਹੀਆਂ ਵਧੀਕੀਆਂ ਲਈ ਫ਼ੌਜੀਆਂ ਨੂੰ ਜੱਥੇਬੰਦ ਕੀਤਾ। ਫਿਰ ਇਹ ਵੀ ਵੈਨਕੂਵਰ ਚਲੇ ਗਏ ਤੇ ਮੁੜ ਸੰਨ 1915 ਨੂੰ ਹਾਂਗਕਾਂਗ ਪਰਤੇ। ਇਨ੍ਹਾਂ ਨੇ ਫ਼ੌਜੀਆਂ ਨੂੰ ਅੰਗਰੇਜ਼ਾਂ ਖ਼ਿਲਾਫ ਆਜ਼ਾਦੀ ਲਈ ਪਰੇਰਤ ਕੀਤਾ।

ਭਾਈ ਹਰਨਾਮ ਸਿੰਘ ਸਾਹਰੀ ਵੀ 1904 ਤੋਂ 1907 ਤੱਕ ਹਾਂਗਕਾਂਗ “ਟਰਾਮ ਇਲੈਕਟ੍ਰੋਨਿਕ” ਕੰਪਨੀ ਵਿਚ ਡੇਢ ਸਾਲ ਨੌਕਰੀ ਕੀਤੀ ਤੇ ਡੇਢ ਸਾਲ ਕਿਸੇ ਹੋਰ ਡਿਪਾਰਟਮੈਂਟ ਵਿਚ ਕੰਮ ਕੀਤਾ।

ਭਾਈ ਸ਼ੇਰ ਸਿੰਘ ਵੇਈਪੁਈ ਹਾਂਗਕਾਂਗ ਵਿਚ ਕੇਂਦਰੀ ਪ੍ਰਬੰਧਕ ਕਮੇਟੀ ਦਾ ਮੈਂਬਰ ਚੁਣਿਆ ਗਿਆ। ਇਸ ਨੇ ਹਾਂਗਕਾਂਗ ਗੁਰਦੁਆਰੇ ਵਿਚ ਗ਼ਦਰੀ ਕਵਿਤਾਵਾਂ ਪੜ੍ਹੀਆਂ। ਇਸ ਪਾਸ ਗ਼ਦਰ ਪਾਰਟੀ ਦਾ ਵਰਜਿਤ ਸਾਹਿਤ ਸੀ। ਸੰਨ 1906 ਵਿਚ 6 ਮਹੀਨੇ ਨੌਕਰੀ ਕਰ ਸ਼ਿਘਈ (ਚੀਨ) ਵੱਲ ਚਾਲੇ ਪਾ ਗਏ ਤੇ ਸ਼ਿਘਾਈ ਤੋਂ ਕੁਛ ਅਰਸੇ ਬਾਦ ਵੈਨਕੂਵਰ ।

ਭਾਈ ਭਗਵਾਨ ਸਿੰਘ ਪੀਤਮ – ਗ਼ਦਰ ਲਹਿਰ ਵਿਚ ਇਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੈ। ਆਪ ਸੰਨ 1910 ਤੋਂ ਸੰਨ 1913 ਤੱਕ ਖਾਲਸਾ ਦੀਵਾਨ ਹਾਂਗਕਾਂਗ ਦੇ ਗ੍ਰੰਥੀ ਦੀ ਸੇਵਾ ਨਿਭਾਈ ਹੈ।

* ਭਾਈ ਹਰਨਾਮ ਸਿੰਘ ਕਹੂਟਾ (ਰਾਵਲਪਿੰਡੀ) ਇਕ ਕਾਮਾ ਗਾਟਾ ਮਾਰੂ ਜਹਾਜ਼ ਦਾ ਮੁਸਾਫ਼ਰ ਸੀ ਜਿਸ ਨੂੰ ਵੈਨਕੂਵਰ ਉਤਰਨ ਨਾ ਦਿੱਤਾ। ਇਹ ਕਾਮਾ ਗਾਟਾ ਮਾਰੂ ਜਹਾਜ਼ ਦੇ ਵਾਪਸੀ ਯਾਤਰਾ ਸਮੇਂ ਸਿਰਕੱਢ ਪ੍ਰਤੀਨਿੱਧ ਸੀ । ਇਸ ਨੂੰ ਭਾਈ ਭਗਵਾਨ ਸਿੰਘ ਤੋਂ ਬਾਅਦ ਖਾਲਸਾ ਦੀਵਾਨ ਹਾਂਗਕਾਂਗ ਗੁਰਦੁਆਰੇ ਦਾ ਗ੍ਰੰਥੀ ਲਾਇਆ ਗਿਆ। ਇਹ 25-26 ਨੰਬਰ ਪਲਟਨਾਂ ਵਿਚ ਗ਼ਦਰ ਰਸਾਲਾ ਦਿੰਦਾ ਰਿਹਾ। ਇਹ ਬਾਬਾ ਨਿਧਾਨ ਸਿੰਘ ਚੁੱਘਾ ਦੇ ਵਿਸ਼ਵਾਸ਼ਪਾਤਰ ਸਨ । ਲਾਹੌਰ ਸਾਜਿਸ਼ ਕੇਸ ਵਿਚ ਭਗੌੜਾ ਹੋ ਗਿਆ । ਪਰ, ਡਾ. ਮਥਰਾ ਸਿੰਘ ਸਮੇਤ ਕਾਬਲ ਤੋਂ ਗ੍ਰਿਫ਼ਤਾਰ ਕਰ ਲਿਆ।

* ਭਾਈ ਹਰੀ ਸਿੰਘ ਪੁੱਤਰ ਗੁਰਮੁੱਖ ਸਿੰਘ, ਪਿੰਡ ਨਥਾਣਾ ਜ਼ਿਲ੍ਹਾ ਫ਼ਿਰੋਜ਼ਪੁਰ ਸੀ। ਇਹ ਹਾਂਗਕਾਂਗ ਵਿਚ ਚੌਕੀਦਾਰਾ ਕਰਦਾ ਸੀ। ਇਹ ਬਾਬਾ ਨਿਧਾਨ ਸਿੰਘ ਚੁੱਘਾ ਵਾਲੀ ਬੱਦੋਵਾਲੀ ਵਿਚਲੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਅਤੇ ਲੁਧਿਆਣੇ ਦੀਆਂ ਡਕੈਤੀਆਂ ਵਿਚ ਭਾਗ ਲਿਆ । ਲਾਹੌਰ ਟ੍ਰੀਬਿਊਨਲ ਨੇ ਇਸ ਨੂੰ ਦਸ ਸਾਲ ਸਖ਼ਤ ਸਜਾ ਦਿੱਤੀ।

* ਭਾਈ ਇੰਦਰ ਸਿੰਘ ਪਿੰਡ ਮੱਲਾ, ਥਾਣਾ ਜਗਰਾਓਂ ਜ਼ਿਲ੍ਹਾ ਲੁਧਿਆਣਾ ਦਾ ਵਾਸੀ ਸੀ। ਇਹ ਸਟਾਕਟਨ ਦੇ ਸਿੱਖ ਗੁਰਦੁਆਰੇ ਦਾ ਗ੍ਰੰਥੀ ਸੀ । ਇਹ ਕੋਈ 10 ਸਾਲ ਹਾਂਗਕਾਂਗ ਰਿਹਾ ਅਤੇ ਫਿਰ ਕੈਲੀਫੋਰਨੀਆ ਚਲਾ ਗਿਆ । ਇਹ ਸਟਾਕਟਨ ਦੀ 3 ਜਨਵਰੀ 1914 ਦੀ ਗ਼ਦਰ ਪਾਰਟੀ ਦੀ ਅਹਿਮ ਮੀਟਿੰਗ ਦਾ ਮੁਖ ਬੁਲਾਰਾ ਸੀ ।

* ਭਾਈ ਕੇਸਰ ਸਿੰਘ ਠੱਠਗੜ- ਪਿੰਡ ਠੱਠਗੜ ਥਾਣਾ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਸੀ। ਹਾਂਗਕਾਂਗ ਵਿਚ ਹੋਈ ਮੀਟਿੰਗ ਵਿਚ ਇਹ ਕੇਂਦਰੀ ਮੈਨੇਜਿੰਗ ਕਮੇਟੀ ਦਾ ਮੈਂਬਰ ਚੁਣਿਆ ਗਿਆ। ਇਸ ਨੇ ਹਿੰਦ ਵਿਚ ਮੁੜੇ ਆਗੂਆਂ ਨਾਲ ਰਾਬਤਾ ਰੱਖ ਕੇ ਕਾਰਵਾਈਆਂ ਦਾ ਪ੍ਰਬੰਧ ਕਰਨਾ ਸੀ। ਇਹ ਹਾਂਗਕਾਂਗ ਵਿਚ ਰਸਾਲੇ ਵਿਚ ਭਰਤੀ ਹੋਇਆ, 1900 ਵਿਚ ਨੌਕਰੀ ਛੱਡ ਦਿੱਤੀ ਅਤੇ 1902 ਵਿਚ ਸ਼ੰਘਾਈ ਚਲਾ ਗਿਆ। 1909 ਵਿਚ ਅਮਰੀਕਾ ਸਾਨਫਰਾਂਸਿਸਕੋ ਉਤਰ ਕੇ ਅੋਰੋਗਨ ਦੇ ਸ਼ਹਿਰ ਅਸਟੋਰੀਆ ਜਾ ਵਸਿਆ। ਇਸ ਨੇ ਗ਼ਦਰ ਪਾਰਟੀ ਦੀ ਸਥਾਪਨਾ ਵਿਚ ਖਾਸ ਭੂਮਿਕਾ ਅਦਾ ਕੀਤੀ।

ਭਾਈ ਮੰਗਲ ਸਿੰਘ ਪਿੰਡ ਲਾਲਪੁਰਾ, ਥਾਣਾ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਤੋਂ ਸੀ। ਇਹ ਕੁਛ ਸਾਲ ਹਾਂਗਕਾਂਗ ਪੁਲਿਸ ਵਿਚ ਅਸਲਾਖਾਨਾ ਵਿਚ ਨੌਕਰੀ ਕਰਦਾ ਰਿਹਾ। ਬਾਅਦ ਵਿਚ ਇਸ ਨੇ ਸੈਕਰਾਮੈਂਟੋ ਵਿਚ ਇਨਕਲਾਬੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ।

ਭਾਈ ਰੂੜ ਸਿੰਘ, ਪਿੰਡ ਚੂਹੜ ਚੱਕ, ਥਾਣਾ ਮੋਗਾ, ਜ਼ਿਲ੍ਹਾ ਫਿਰੋਜ਼ਪੁਰ । ਇਹ ਗ਼ਦਰ ਪਾਰਟੀ ਦਾ ਉਘਾ ਆਗੂ ਸੀ । ਹਾਂਗਕਾਂਗ ਵਿਚ ਇਹ ਹਿੰਦੁਸਤਾਨ ਵਿਚ ਸੰਘਰਸ਼ ਵਾਸਤੇ ਜਾ ਰਹੀ ਕੇਂਦਰੀ ਕਮੇਟੀ ਲਈ ਚੁਣਿਆ ਗਿਆ। ਅੰਗਰੇਜ਼ੀ ਜਾਨਣ ਕਰਕੇ ਇਸ ਨੂੰ ਜਰਮਨ ਕੌਂਸਲ ਲਈ ਚੁਣ ਲਿਆ ਗਿਆ।

* ਭਾਈ ਫੁੰਮਨ ਸਿੰਘ, ਪਿੰਡ ਕਲੇਰ ਕੰਗਾ ਜਲੰਧਰ ਇਹ 26 ਪੰਜਾਬ ਇਨਫੈਂਟਰੀ ਹਾਂਗਕਾਂਗ ਵਿਚ ਨੌਕਰ ਸਨ । ਫਰਵਰੀ 1915 ਵਿਚ ਬਾਗੀਆਨਾ ਤੇ ਸਾਜਿਸ਼ੀ ਸੈਨਿਕਾਂ ਸਮੇਤ ਪਰਵਾਸੀ ਗ਼ਦਰੀਆਂ ਨਾਲ ਮਿਲ ਕੇ ਕੰਮ ਕਰਦੇ ਸਨ, ਡਿਸਮਿਸ ਕਰ ਦਿੱਤਾ ਗਿਆ ਸੀ।

* ਭਾਈ ਲਾਭ ਸਿੰਘ ਪੁੱਤਰ ਰਾਮ ਸਿੰਘ ਪਿੰਡ ਚੱਕਵਾਲੀਆ, ਕਸੂਰ ਜ਼ਿਲ੍ਹਾ ਲਾਹੌਰ, ਇਸ ਨੇ ਹਾਂਗਕਾਂਗ ਗੁਰੂ-ਘਰ ਵਿਚ ਤਕਰੀਰਾਂ ਕੀਤੀਆਂ ਤੇ ਗ਼ਦਰ ਦਾ ਸਾਹਿਤ ਵੰਡਿਆ । ਇਹ 26 ਪੰਜਾਬ ਇਨਫੈਂਟਰੀ ਹਾਂਗਕਾਂਗ ਨਾਲ ਸੰਬੰਧਤ ਸੀ । 19 ਫਰਵਰੀ ਨੂੰ ਰੈਜਮੈਂਟ ਵਿਚੋਂ ਕੱਢ ਦਿੱਤਾ ਗਿਆ। ਉਥੇ ਹੀ ਅਗਲੇ ਦਿਨ ਗਿਫ਼ਤਾਰ ਕਰ ਲਿਆ ਗਿਆ।

* ਭਾਈ ਹੀਰਾ ਸਿੰਘ ਪਿੰਡ ਚਾਹੜ ਜ਼ਿਲ੍ਹਾ ਲਾਹੌਰ ਇਸ ਨੂੰ ਗ਼ਦਰੀ ਹੋਣ ਕਾਰਨ ਦਸੰਬਰ 1914 ਵਿਚ ਹਾਂਗਕਾਂਗ ਤੋਂ ਦੇਸ਼ ਨਿਕਾਲਾ ਮਿਲ ਗਿਆ । ਇਸ ਨੇ 5ਵੀਂ ਇਨਫੈਂਟਰੀ ਦੇ ਜਵਾਨਾਂ ਨੂੰ ਵੀ ਵਿਗਾੜਨ ਦੇ ਯਤਨ ਕੀਤੇ। 23 ਰਸਾਲਾ ਲਾਹੌਰ ਦੇ ਸਵਾਰਾਂ ‘ਤੇ ਵੀ ਪੱਟੂ ਪਾਇਆ । ਇਸ ਨੇ ਧੁਰ ਪੂਰਬ ਤੇ ਹਿੰਦ ਵਿਚ ਗ਼ਦਰ ਦੇ ਪ੍ਰਚਾਰ ਲਈ ਬਹੁਤ ਪ੍ਰਚਾਰ ਕੀਤੇ।

ਬਾਬਾ ਗੁਰਦਿਤ ਸਿੰਘ ਦੀ ਗ੍ਰਿਫ਼ਤਾਰੀ ਤੇ ਕਾਮਾਗਾਟਾ ਮਾਰੂ ਜਹਾਜ਼

ਖਾਲਸਾ ਦੀਵਾਨ ਹਾਂਗਕਾਂਗ ਵਿਚ ਐਤਵਾਰ ਦੀਵਾਨ ਸਜਿਆ ਤੇ ਬਾਬਾ ਜੀ ਨੇ ਆਪਣੇ ਨਵੇਂ ਉਲੀਕੇ ਯੋਗਦਾਨ ਬਾਰੇ ਸੰਗਤਾਂ ਨੂੰ ਜਾਣਕਾਰੀ ਦਿਤੀ ਕਿ ਜੇਕਰ ਪੰਜ ਸੌ ਯਾਤਰੂ ਮਿਲ ਜਾਣ ਤਾਂ ਅਸੀਂ ਬਿਨਾਂ ਕਿਸੇ ਰੋਕ ਟੇਕ ਅਥਵਾ ਜਹਾਜ਼ ਕਿਰਾਏ ਤੇ ਲੈ ਕੇ ਕੈਨੇਡਾ ਪੁੱਜ ਸਕਦੇ ਹਾਂ। ਸੰਗਤਾਂ ਦੇ ਭਰਵੇਂ ਹੁੰਗਾਰੇ ਤੇ ਉਤਸ਼ਾਹ ਨਾਲ ਬਾਬਾ ਜੀ ਨੇ ਕਰਾਏ ਤੇ ਜਹਾਜ਼ ਲੈਣ ਹਿਤ ਫੈਸਲਾ ਕਰ ਲਿਆ। ਇਸ ਤਰ੍ਹਾਂ ਇਕ ਜਪਾਨੀ ਕੰਪਨੀ ਤੋਂ ਜਹਾਜ਼ ਕਿਰਾਏ ਤੇ ਲੀਤਾ ਗਿਆ ।

ਬਾਬਾ ਜੀ ਦੀ ਗ੍ਰਿਫ਼ਤਾਰੀ

ਇਸ ਦੌਰਾਨ ਹਾਂਗਕਾਂਗ ਸਰਕਾਰ ਨੇ ਬਾਬਾ ਜੀ ਨੂੰ 25.3.1914 ਨੂੰ ਗ੍ਰਿਫਤਾਰ ਕਰ ਲਿਆ। ਪਰ 28 ਮਾਰਚ 1914 ਨੂੰ ਜਮਾਨਤ ਤੇ ਰਿਹਾਅ ਹੋਣ ਮਗਰੋਂ ਆਪ ਅਦਾਲਤ ਵਲੋਂ ਬਰੀ ਹੋ ਗਏ। ਬਾਬਾ ਜੀ ਦਾ ਅਨੁਮਾਨ 500 ਯਾਤਰੀਆਂ ਦਾ ਸੀ ਪਰ ਡਰੇ ਤੇ ਘਬਰਾਏ ਹੋਏ ਲੋਕ ਕਿਸੇ ਜ਼ੋਖਮ ਵਿਚ ਪੈਣਾ ਨਹੀਂ ਸੀ ਚਾਹੁੰਦੇ। ਇਸ ਕਰਕੇ ਜਹਾਜ਼ ਚਲਣ ਸਮੇਂ ਤਕ ਸਿਰਫ਼ 165 ਮੁਸਾਫ਼ਰ ਹੀ ਮਿਲ ਸਕੇ । ਇਹ ਕਾਮਾਗਾਟਾ ਮਾਰੂ ਜਹਾਜ਼ ਬੜੀ ਸਜ ਧੱਜ ਨਾਲ ਖਾਲਸਾਈ ਕੇਸਰੀ ਨਿਸ਼ਾਨ ਸਾਹਿਬ ਨਾਲ ਗੁਰੂ ਮਹਾਰਾਜ ਦੀ ਓਟ ਲੈ ਕੇ 4.4.1914 ਨੂੰ ਸ਼ੰਘਾਈ ਪੁੱਜਾ ਜਿਥੋਂ 111 ਹੋਰ ਮੁਸਾਫਰ ਮਿਲੇ। ਇਸ ਤਰ੍ਹਾਂ ਵੈਨਕੂਵਰ ਪੁਜਣ ਤਕ ਮੁਸਾਫਰਾਂ ਦੀ ਗਿਣਤੀ 376 ਹੋ ਗਈ। ਇਹ ਇਤਿਹਾਸਕ ਤੇ ਦਰਦ ਭਰੀ ਘਟਨਾ ਦੇਸ਼ ਦੀ ਆਜ਼ਾਦੀ ਲਈ ਬਗ਼ਾਵਤ ਦੀ ਪਹਿਲੀ ਚਿਣਗ ਸੀ, ਜੋ ਖਾਲਸਾ ਦੀਵਾਨ ਸੁਸਾਇਟੀ ਹਾਂਗਕਾਂਗ ਵਲੋਂ ਲਾਈ ਗਈ ਸੀ । ਇਹ ਇਤਿਹਾਸ ਦੇ ਪੰਨਿਆਂ ਤੇ ਸਦਾ ਅਮਰ ਰਹੇਗੀ।

 

 

Credit – ਜੈਤੇਗ ਸਿੰਘ ਅਨੰਤ

Leave a Comment

error: Content is protected !!