ਦੌਲਤਪੁਰ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਦੌਲਤਪੁਰ, ਨਵਾਂ ਸ਼ਹਿਰ – ਚੰਡੀਗੜ੍ਹ ਤੋਂ 1 ਕਿਲੋ ਮੀਟਰ ਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 10 ਕਿਲੋ ਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਚਨਾਂ ਕਰਕੇ ਮਾਓ ਸਾਹਿਬ ਤੋਂ ਉਜੜ ਕੇ ਮੱਤੇਵਾੜੇ ਆ ਕੇ ਵੱਸੇ ਲੋਕਾਂ ਵਿਚੋਂ ਕੁਝ ਚਰਵਾਹੇ ਪਸ਼ੂ ਚਰਾਂਦੇ ਹੋਏ ਇਧਰ ਨਿਕਲ ਆਏ ਤੇ ਹੁਣ ਵਾਲੀ ਥਾਂ ਤੇ ਆ ਕੇ ਖੂਹ ਦੇ ਆਲੇ ਦੁਆਲੇ ਵੱਸ ਗਏ। ਇਹਨਾਂ ਵਿਚੋਂ ਇੱਕ ਆਦਮੀ ਦੌਲਤ ਨਾਂ ਦਾ ਸੀ ਜਿਸ ਦੇ ਨਾਂ ਤੇ ਇਸ ਪਿੰਡ ਦਾ ਨਾਂ ਦੌਲਤਪੁਰ ਪੈ ਗਿਆ।
ਇਸ ਪਿੰਡ ਦਾ ਬੱਬਰ ਕਰਮ ਸਿੰਘ ਬੱਬਰ ਅਕਾਲੀ ਪਾਰਟੀ ਦੇ ਦੋ ਜੱਥਿਆਂ ਵਿਚੋਂ ਇੱਕ ਦਾ ਮੁਖੀ ਸੀ ਅਤੇ ਪਾਰਟੀ ਦੇ ਅਖਬਾਰ ‘ਬੱਬਰ ਅਕਾਲੀ ਦੁਆਬ’ ਦਾ ਐਡੀਟਰ ਸੀ। ਬੱਬਰ ਕਰਮ ਸਿੰਘ 1 ਸਤੰਬਰ 1923 ਵਿੱਚ ਪੁਲਿਸ ਦੇ ਮੁਕਾਬਲੇ ਵਿੱਚ ਲੜਦੇ ਹੋਏ ਸੱਤਵੀਂ ਪਾਤਸ਼ਾਹੀ ਦੇ ਗੁਰਦੁਆਰੇ ਕੋਲ ਚਿੱਟੀ ਬੇਈ ਦੇ ਕੰਢੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਸ਼ਹੀਦ ਹੋ ਗਏ। ਬੱਬਰ ਅਕਾਲੀ ਲਹਿਰ ਸਮੇਂ ਇਸ ਪਿੰਡ ਨੂੰ 8 ਹਜ਼ਾਰ ਰੁਪਏ ਡੰਨ ਕੀਤਾ ਗਿਆ ਤੇ 3 ਸਾਲ ਲਗਾਤਾਰ ਇੱਥੇ ਪੁਲੀਸ ਚੌਂਕੀ ਬਿਠਾਈ ਗਈ।
ਧਾਰਮਿਕ ਅਸਥਾਨਾਂ ਵਿਚੋਂ ਪਿੰਡ ਵਿੱਚ ਇੱਕ ਗੁਰਦੁਆਰਾ ਇੱਕ ਹਰੀਜਨ ਧਰਮਸ਼ਾਲਾ ਅਤੇ ਬਾਬਾ ਸ੍ਰੀ ਚੰਦ ਦਾ ਮੱਟ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ