ਦੰਦਰਾਲਾ ਢੀਂਡਸਾ
ਸਥਿਤੀ :
ਤਹਿਸੀਲ ਨਾਭਾ ਦਾ ਪਿੰਡ ਦੰਦਰਾਲਾ ਢੀਂਡਸਾ, ਨਾਭਾ-ਦੰਦਰਾਲਾ ਢੀਂਡਸਾ ਸੜਕ ਤੇ ਸਥਿਤ, ਨਾਭਾ ਰੇਲਵੇ ਸਟੇਸ਼ਨ ਤੋਂ 16 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪੁਰਾਣੇ ਸਮੇਂ ਵਿੱਚ ਇਹ ਮਹਾਰਾਜਾ ਦਦਰਸੈਨ ਦੀ ਰਾਜਧਾਨੀ ਸੀ ਜਿਹਨਾਂ ਦੇ ਨਾਂ ਤੇ ਹੀ ਇਸ ਪਿੰਡ ਦਾ ਨਾਂ ਪਹਿਲੇ ‘ਦਦਰਾਲਾ’ ਸੀ ਜਿਹੜਾ ਬਾਅਦ ਵਿੱਚ ਬਦਲ ਕੇ ਦੰਦਰਾਲਾ ਬਣ ਗਿਆ ਤੇ ਜਦੋਂ ਢੀਂਡਸਾ ਗੋਤੀਆਂ ਦੀ ਵੱਧ ਗਿਣਤੀ ਇਸ ਪਿੰਡ ਵਿੱਚ ਆਈ ਤਾਂ ਢੀਂਡਸਾ ਨਾਲ ਜੁੜਨ ਕਾਰਨ ਇਸ ਦਾ ਨਾਂ ਦੰਦਰਾਲਾ ਢੀਂਡਸਾ ਬਣ ਗਿਆ। ਇਹ ਪਿੰਡ ਅਜਕੱਲ ਮਹਾਰਾਜਾ ਦਦਰਸੈਨ ਦੀ ਥੇਹ ਬਣੀ ਰਾਜਧਾਨੀ ਦੇ ਟਿੱਬੇ ਦੇ ਆਸਪਾਸ ਵੱਸਿਆ ਹੋਇਆ ਹੈ। ਪੁਰਾਣੀ ਯਾਦ ਵਜੋਂ ਪਿੰਡ ਵਿੱਚ ਇੱਕ ਦਰਵਾਜਾ ਹੈ ਜਿਸ ਨੂੰ ਪੱਕੇ ਦਰਵਾਜੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ 500 ਸਿੰਘਾਂ ਦੇ ਜੱਥੇ ਨੇ ਇਸ ਪਿੰਡ ਕੋਲ ਸਰਹੰਦ ਦੀ ਮੁਗਲੀਆ ਫੋਜਾਂ ਦਾ ਮੁਕਾਬਲਾ ਕੀਤਾ ਜਿਨ੍ਹਾਂ ਦਾ ਜਰਨੈਲ ਭਾਈ ਮੂਲ ਚੰਦ ਸੀ ਜਿਹੜੇ ਸੁਨਾਮ ਦੇ ਰਹਿਣ ਵਾਲੇ ਸਨ। ਇੱਥੇ ਭਾਈ ਸਾਹਿਬ ਦਾ ਘੋੜਾ ਸ਼ਹੀਦ ਹੋਇਆ। ਉਸੇ ਦੇ ਨਾਂ ‘ਤੇ ਪਿੰਡ ਵਿੱਚ ਇੱਕ ਗੁਰਦੁਆਰਾ ਉਸਾਰਿਆ ਗਿਆ ਹੈ। ਇਸ ਗੁਰਦੁਆਰੇ ਦਾ ਨਾਂ ਘੋੜਾ ਸਾਹਿਬ ਹੈ। ਇਸੇ ਜੱਥੇ ਦੇ ਇੱਕ ਹੋਰ ਸ਼ਹੀਦ ਬਾਬਾ ਸੁੱਖਾ ਸਿੰਘ ਇਸ ਲੜਾਈ ਵਿੱਚ ਇੱਥੇ ਸ਼ਹੀਦੀ ਨੂੰ ਪ੍ਰਾਪਤ ਹੋਏ ਜਿਹਨਾਂ ਦੀ ਸਮਾਧ ਪਿੰਡ ਦੇ ਨੇੜੇ ਹੀ ਬਣੀ ਹੋਈ ਹੈ ਤੇ ਹਰ ਸਾਲ ਇੱਥੇ ਅਖੰਡ ਪਾਠ ਕਰਵਾਇਆ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ