ਧਬਲਾਨ
ਸਥਿਤੀ :
ਤਹਿਸੀਲ ਪਟਿਆਲਾ ਦਾ ਇਹ ਪਿੰਡ ਧਬਲਾਨ ਪਟਿਆਲਾ-ਸੰਗਰੂਰ ਸੜਕ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪੁਰਾਣੇ ਸਮੇਂ ਵਿੱਚ ਪਿੰਡ ਧਬਲਾਨ ਤੋਂ 1 ਕਿਲੋਮੀਟਰ ਪੱਛਮ ਵੱਲ ਇੱਕ ਛੋਟਾ ਜਿਹਾ ਨਗਰ ‘ਧਨੇਸ਼ ਨਗਰ’ ਸੀ ਪਰ ਉੱਥੇ ਹਮੇਸ਼ਾਂ ਪਾਣੀ ਦੀ ਘਾਟ ਰਹਿੰਦੀ ਸੀ। ਕਿਹਾ ਜਾਂਦਾ * ਹੈ ਕਿ ਧਨੇਸ਼ ਨਗਰ ਦਾ ਇੱਕ ਵਾਸੀ ਮੀਟਾ ਸਿੰਘ ਇੱਕ ਵਾਰੀ ਪਾਣੀ ਦੀ ਟੋਹ ਵਿੱਚ ਕਾਫੀ ਦੂਰ ਜੰਗਲ ਵਿੱਚ ਆ ਗਿਆ ਤੇ ਉਸਨੇ ਇੱਕ ਟੋਬਾ ਵੇਖਿਆ ਜਿਸ ਵਿੱਚ ਕਾਫੀ ਪਾਣੀ ਸੀ ਪਰ ਆਸ ਪਾਸ ਬਹੁਤ ਦੱਬ ਘਾਹ ਖੜ੍ਹੀ ਸੀ। ਪਾਣੀ ਵੇਖ ਕੇ ਮੀਟਾ ਸਿੰਘ ਨੇ ਉੱਥੇ ਹੀ ਵੱਸਣ ਦੀ ਸੋਚ ਲਈ। ਨਗਰ ਦੇ ਹੋਰ ਲੋਕੀ ਵੀ ਹੌਲੀ-ਹੌਲੀ ਪਾਣੀ ਕੋਲ ਆਣਾ ਸ਼ੁਰੂ ਹੋ ਗਏ। ਕਿਉਂਕਿ ਦੱਬ ਨੂੰ ਸਾਫ ਕਰਕੇ ਇੱਥੇ ਲੋਕੀ ਵੱਸੇ, ਇਸੇ ਕਰਕੇ ਇਸਦਾ ਨਾਂ ‘ਦੱਬਲਾਨ’ ਪੈ ਗਿਆ ਤੇ ਬਾਅਦ ਵਿੱਚ ‘ਧਬਲਾਨ’ ਹੋ ਗਿਆ।
ਨਾਭੇ ਦੇ ਰਾਜੇ ਮਹਾਰਾਜਾ ਭਰਪੂਰ ਸਿੰਘ ਨੇ ਇੱਥੇ ਇੱਕ ਕਿਲ੍ਹਾ ਬਣਾਇਆ ਸੀ ਜਿਹੜਾ ਅੱਜ ਵੀ ਮੌਜੂਦ ਹੈ। ਮਹਾਰਾਜਾ ਹੀਰਾ ਸਿੰਘ ਨਾਭਾ ਇਸੇ ਕਿਲ੍ਹੇ ਵਿੱਚ ਆਪਣੀ ਕਚਹਿਰੀ ਲਗਾਉਂਦਾ ਸੀ। 1935 ਵਿੱਚ ਇਸ ਕਿਲ੍ਹੇ ਨੂੰ ਪ੍ਰਾਇਮਰੀ ਸਕੂਲ ਦੀ ਇਮਾਰਤ ਕਰਾਰ ਦੇ ਦਿੱਤਾ ਗਿਆ।
ਪਿੰਡ ਵਿੱਚ ਮੁੱਖ ਤੌਰ ਤੇ ਰਠੌਰ ਗੋਤ ਦੇ ਵਾਸੀ ਹਨ। ਪਿੰਡ ਵਿੱਚ ਦੋ ਗੁਰਦੁਆਰੇ ਇੱਕ ਸ਼ਿਵਾਲਾ ਤੇ ਇੱਕ ਮਜਸਿਦ ਹੈ। ਕੁੱਝ ਮੁਸਲਮਾਨ ਘਰ ਵੀ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ