ਧਮੋਟ
ਸਥਿਤੀ :
ਤਹਿਸੀਲ ਪਾਇਲ ਦਾ ਮਸ਼ਹੂਰ ਪਿੰਡ ਧਮੋਟ, ਪਾਇਲ – ਮਲੌਦ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਚਾਵਾ ਪਾਇਲ ਤੋਂ 15 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
12ਵੀਂ ਸਦੀ ਦੇ ਅਰੰਭ ਵਿੱਚ ਬਠਿੰਡੇ ਵਲੋਂ ਆਏ ਡੱਲੀ ਗੋਤ ਦੇ ਜ਼ਿਮੀਦਾਰਾਂ ਨੇ ਪਾਇਲ ਨੂੰ ਕੇਂਦਰ ਬਣਾਕੇ ਉਸ ਦੇ ਆਸ ਪਾਸ ਆਪਣੇ ਪਿੰਡ ਵਸਾਏ ਅਤੇ ਆਪਣੀ ਚੌਧਰ ਕਾਇਮ ਕੀਤੀ। 12ਵੀਂ ਸਦੀ ਦੇ ਅੰਤ ਵਿੱਚ ਰਾਇ ਮੋਖਾ ਦੇ ਛੋਟੇ ਪੁੱਤਰ ਤੇਹਣ ਨੇ ਧਮੋਟ (ਧਰਮ ਵੱਟ) ਪਿੰਡ ਵਸਾਇਆ। ਡੱਲੀ-ਗਿੱਲ ਰਾਜੇ ਵਿਨੈਪਾਲ ਦੀ ਸੰਤਾਨ ਵਿਚੋਂ ਸਨ। ਬਾਅਦ ਵਿੱਚ ਇੱਥੋਂ ਦੇ ਚੌਧਰੀ ਹਮੀਰੇ, ਬਾਘ ਤੇ ਸੁੱਖੇ ਨੇ ਸ਼ਹੀਦ ਹੋ ਕੇ ਸਾਰਾ ਪਿੰਡ ਮੁਸਲਮਾਨ ਹੋਣ ਤੋਂ ਬਚਾ ਲਿਆ।
ਇੱਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਪਿੰਡ ਘੁਡਾਣੀ ਤੋਂ ਹੁੰਦੇ ਹੋਏ ਆਏ। ਇੱਥੇ ਦੇ ਮਲਕਾਂ ਵਾਲੇ ਸੁੱਕੇ ਖੂਹ ਵਿਚੋਂ ਪਾਣੀ ਕੱਢਿਆ ਤੇ ਚੌਧਰੀ ਮੌਹਰੀ ਦਾ ਰੋਗ ਹਟਾਇਆ। ਇੱਥੇ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਸ਼ੁਸ਼ੋਭਿਤ ਹੈ।
ਸਿੰਘਾਂ ਦੇ ਸਮੇਂ ਇੱਥੋਂ ਦੇ ਵਸਨੀਕ ਬਾਬਾ ਸੁੱਖਾ ਸਿੰਘ ਨੇ ਜੈਨ ਖਾਂ ਸੂਬਾ ਸਰਹੰਦ ਪਾਸੋਂ ਪੰਡਤ ਰਾਮ ਕਿਸ਼ਨ ਦੀ ਇਸਤ੍ਰੀ ਸਵਿਤ੍ਰੀ ਨੂੰ ਛੁਡਾਇਆ ਅਤੇ ਸ਼ਹੀਦੀ ਪਾਈ। ਉਸੇ ਦਿਨ ਬਾਬਾ ਮੱਲਾ ਸਿੰਘ ਨੇ ਸਿੰਘਾਂ ਦੇ 80 ਗੱਡੇ, ਜੋ ਸੂਬੇ ਲਾਹੌਰ ਵੱਲੋਂ ਦਿੱਲੀ ਜਾ ਰਹੇ ਸਨ, ਤੁਰਕਾਂ ਤੋਂ ਛੁਡਾਏ ਤੇ ਉਹਨਾਂ ਦਾ ਸੰਸਕਾਰ ਕੀਤਾ ਤੇ ਸ਼ਹੀਦੀ ਪਾਈ। ਇਹਨਾਂ ਦੋਹਾਂ ਸ਼ਹੀਦਾਂ ਦੀਆਂ ਯਾਦਗਰਾਂ ਤੇ ਸੰਤਾਨ ਪਿੰਡ ਵਿੱਚ ਹੈ। ਇਹਨਾਂ ਵਿਚੋਂ ਨਾਮਧਾਰੀ ਲਹਿਰ ਵਿੱਚ ਮਲੇਰਕੋਟਲੇ ਦੇ ਸਾਕੇ ਵਿੱਚ ਭਾਈ ਹਰਨਾਮ ਸਿੰਘ ਤੇ ਨਾਭੇ ਦੇ ਮੋਰਚੇ ਵਿੱਚ ਭਾਈ ਧਰਮ ਸਿੰਘ ਸ਼ਹੀਦ ਹੋਏ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ