ਧਰਾਂਗ ਵਾਲਾ
ਸਥਿਤੀ :
ਤਹਿਸੀਲ ਅਬੋਹਰ ਦਾ ਪਿੰਡ ਧਰਾਂਗ ਵਾਲਾ ਅਬੋਹਰ – ਫਾਜ਼ਿਲਕਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਅਬੋਹਰ ਤੋਂ 15 ਕਿਲੋਮੀਟਰ ਦੂਰ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਵੱਸਿਆਂ ਤਕਰੀਬਨ ਪੌਣੇ ਦੋ ਸੌ ਸਾਲ ਹੋ ਗਏ ਹਨ। ਇਹ ਪਿੰਡ ਸ. ਵਰਿਆਮ ਸਿੰਘ ਨੇ ਪਿੰਡ ਬੀਲ੍ਹਾ ਜ਼ਿਲ੍ਹਾ ਸੰਗਰੂਰ ਤੋਂ ਇੱਥੇ ਆ ਕੇ ਅੰਗਰੇਜ਼ਾਂ ਤੋਂ ਸਰਸਾ ਤਹਿਸੀਲ ‘ਚੋਂ ਅਲਾਟ ਕਰਵਾਇਆ ਸੀ । ਬੰਦੋਬਸਤ ਤੋਂ ਪਹਿਲਾਂ ਪਿੰਡ ਦਾ ਨਾਂ ਵਰਿਆਮ ਖੇੜਾ ਸੀ। ਪਿੰਡ ਦੇ ਬਾਹਰ ਇੱਕ ਢਾਬ ਸੀ ਜਿੱਥੇ ਲੋਕ ਪਸ਼ੂਆਂ ਨੂੰ ਪਾਣੀ ਪਿਲਾਉਂਦੇ ਸਨ । ਇੱਕ ਵਾਰੀ ਪਸ਼ੂਆਂ ਦੀ ਬਿਮਾਰੀ ਨਾਲ ਪਸ਼ੂ ਪਾਣੀ ਪੀਣ ਜਾਂਦੇ ਤਾਂ ਉੱਥੇ ਹੀ ਮਰ ਜਾਂਦੇ। ਇਸ ਤਰ੍ਹਾਂ ਢਾਬ ਦੇ ਆਲੇ ਦੁਆਲੇ ਮਰੇ ਹੋਏ ਪਸ਼ੂਆਂ ਦੇ ਪਿੰਜਰ ਕਾਫੀ ਦੇਰ ਪਏ ਰਹੇ। ਪਿੰਜਰ ਹੋਣ ਕਰਕੇ ਮੁਸਲਮਾਨ ‘ਧੁਰੰਗਾਂ ਵਾਲੀ ਛਪੜੀ’ ਕਹਿਣ ਲੱਗ ਪਏ। ਕਿਉਂਕਿ ਪਿੰਜਰ ਨੂੰ ਕੁਰੰਗ ਕਹਿੰਦੇ ਹਨ। ਹੌਲੀ ਹੌਲੀ ਨਾਮ ਵਿਗੜ ਕੇ ਧਰਾਂਗਾ ਵਾਲਾ ਪੈ ਗਿਆ ਅਤੇ ਬੰਦੋਬਸਤ ਵੇਲੇ ‘ਧਰਾਂਗਵਾਲਾ’ ਦਰਜ ਕੀਤਾ ਗਿਆ। ਪਿੰਡ ਵਿੱਚ ਰੰਧਾਵਾ, ਸੇਖੋਂ, ਸਿੱਧੂ ਅਤੇ ਸੰਧੂ ਗੋਤਾਂ ਦੇ ਜੱਟ ਸਿੱਖਾਂ ਤੋਂ ਇਲਾਵਾ ਬਾਗੜੀ ਘੁਮਿਆਰ, ਸਚਦੇਵਾ, ਮਜ਼੍ਹਬੀ ਸਿੱਖ, ਹਰੀਜਨ, ਬਾਜ਼ੀਗਰ, ਨਾਈ ਤੇ ਮਹਾਜਨਾਂ ਦੇ ਘਰ ਹਨ।.
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ