ਧੁਗੜਾਂ
ਸਥਿਤੀ :
ਤਹਿਸੀਲ ਨਕੌਦਰ ਦਾ ਪਿੰਡ ਧੁਗੜਾਂ ਸ਼ਾਹਕੋਟ- ਮਹਿਤਪੁਰ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਕੋਦਰ ਤੋਂ 19 ਕਿਲੋਮੀਟਰ ਦੂਰੀ ਦੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਇਲਾਕਾ ਸਤਲੁਜ ਦੇ ਨਾਲ ਜੰਗਲੀ ਇਲਾਕਾ ਸੀ। ਪਿੰਡ ਦੀ ਜਗ੍ਹਾ ਤੇ ਘਣਾ ਜੰਗਲ ਸੀ। ਪਿੰਡ ਰਾਮੂਵਾਲ ਤੋਂ ਲੈ ਕੇ ਇਸ ਪਿੰਡ ਤੱਕ ਇਹ ਇਲਾਕਾ ਜੰਗਲੀ ਜਾਨਵਰਾਂ ਦੇ ਅਧੀਨ ਸੀ। ਇਹ ਪਿੰਡ ਇਸ ਭਿਆਨਕ ਜੰਗਲ ਵਿੱਚ ਸੀ ਅਤੇ ਪਿੰਡ ਨੂੰ ਜਾਣ ਲਈ ਜੰਗਲੀ ਜਾਨਵਰਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਜੰਗਲ ਵਿੱਚ ਧੁਗੜ ਖਾਨਦਾਨ ਦੇ ਇੱਕ ਮੁਸਲਮਾਨ ਫ਼ਕੀਰ ਦਾ ਰਾਜ ਸੀ। ਕਿਹਾ ਜਾਂਦਾ ਹੈ ਕਿ ਇਸ ਮੁਸਲਮਾਨ ਦੀਆਂ 52 ਬੇਗਮਾਂ ਸਨ। ਇਹਨਾਂ ਬੇਗਮਾਂ ਦੇ ਰਹਿਣ ਲਈ 12 ਦਰਵਾਜ਼ਿਆਂ ਵਾਲਾ ਮਹਿਲ ਸੀ। ਜਿਹੜਾ ਦਰਿਆ ਨਾਲ ਢਹਿ ਢੇਰੀ ਹੋ ਗਿਆ ਸੀ ਜਿਸ ਦਾ ਕੁਝ ਹਿੱਸਾ ਬਾਕੀ ਮੌਜੂਦ ਸੀ। ਇਸ ਮੁਸਲਮਾਨ ਖਾਨਦਾਨ ਨੇ ਸਤਲੁਜ ਦੇ ਸਾਰੇ ਇਲਾਕੇ ਵਿੱਚ ਰਾਜ ਕੀਤਾ। 1600 ਈਸਵੀ ਵਿੱਚ ਇੱਕ ਭਿਆਨਕ ਤੂਫਾਨ ਨਾਲ ਇਹ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਸ ਪਿੰਡ ਵਿੱਚ ਖਾਨਗਾਹਾਂ ਹੀ ਖਾਨਗਾਹਾਂ ਹਨ। ਮੁਸਲਮਾਨ ਧੁਗੜ ਦੀ ਖਾਨਗਾਹ ਵੀ ਇੱਥੇ ਮੋਜੂਦ ਹੈ। ਧੁਗੜ ਤੋਂ ਹੀ ਇਸ ਪਿੰਡ ਦਾ ਨਾਂ ਧੁਗੜ ਜਾਂ ਧੁਗੜਾਂ ਪਿਆ।
1947 ਵੇਲੇ ਬਾਰ ਤੋਂ ਆਏ ਅਬਾਦਕਾਰ ਜੱਟ ਵੀ ਇੱਥੇ ਆਉਣ ਤੋਂ ਡਰਦੇ ਸਨ। ਕੋਈ ਵੀ ਇੱਥੇ ਜ਼ਮੀਨ ਖਰੀਦਣਾ ਨਹੀਂ ਚਾਹੁੰਦਾ ਸੀ। ਅਖ਼ੀਰ ਵਿੱਚ ਜ਼ਮੀਨਾ ਇੱਥੇ ਅਲਾਟ ਹੋ ਗਈਆ ਤੇ ਲੋਕੀ ਰਹਿਣ ਲੱਗ ਪਏ ਤੇ ਪਿੰਡ ਵੱਸ ਗਿਆ ਅਬਾਦਕਾਰ ਜੱਟਾਂ ਨੇ ਮਸੀਤ ਵਿੱਚ ਹੀ ਆਪਣਾ ਨਿਸ਼ਾਨ ਸਾਹਿਬ ਗੱਡ ਕੇ ਗੁਰਦੁਆਰਾ ਬਣਾ ਲਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ