ਧੋਲੇਤਾਂ
ਸਥਿਤੀ :
ਤਹਿਸੀਲ ਫਿਲੌਰ ਦਾ ਪਿੰਡ ਧੋਲੇਤਾਂ, ਗੁਰਾਇਆ – ਮਸਾਨੀ – ਬੰਗਾ ਸੜਕ ‘ਤੇ ਸਥਿਤ, ਰੇਲਵੇ ਸਟੇਸ਼ਨ ਗੁਰਾਇਆ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਵਸਨੀਕਾਂ ਦੇ ਵਡੇਰੇ ਭਰਤਪੁਰ ਤੇ ਧੌਲਪੁਰ ਰਿਆਸਤਾਂ ਤੋਂ ਆਏ। ਸਨ। ਧੌਲਪੁਰ ਦੇ ਇੱਕ ਪਿੰਡ ਸੀਹੋਤਾ ਤੋਂ ਦੋ ਭਰਾ ਕੌਲ ਤੇ ਧੌਲ ਨੌਕਰੀ ਦੀ ਭਾਲ ਵਿੱਚ ਇੱਥੇ ਵਸਦੇ ਮਹਿਤੋਆਂ ਕੋਲ ਨੌਕਰੀ ਕਰਨ ਲੱਗ ਗਏ। ਕੁਝ ਦੇਰ ਬਾਅਦ ਦੋ ਪਹਿਲਵਾਨ ਮੱਲ ਤੇ ਸੋਹਲ ਭਰਤਪੁਰ ਤੋਂ ਆਏ, ਮਹਿਤੋ ਇਹ ਪਿੰਡ ਛੱਡ ਕੇ ਚਲੇ ਗਏ ਕਿਉਂਕਿ ਉਹਨਾਂ ਦੀ ਕੁੜੀ ਨਾਲ ਭਰਤਪੁਰ ਦੇ ਪਹਿਲਵਾਨ ਨੇ ਵਿਆਹ ਕਰਾ ਲਿਆ ਸੀ । ਧੌਲ ਇਸ ਪਿੰਡ ਵਿੱਚ ਕੰਮ ਕਰਦਾ ਸੀ ਤੇ ਕੌਲ ਨਾਲ ਵਾਲੇ ਪਿੰਡ ਵਿਚ। ਮਹਿਤੋਆਂ ਦੇ ਜਾਣ ਤੋਂ ਬਾਅਦ ਧੌਲ ਦੇ ਨਾਂ ਤੇ ਇਹ ਪਿੰਡ ਧੌਲੇਤਾ ਵਸ ਗਿਆ ਤੇ ਕੌਲ ਦੇ ਨਾਂ ਤੇ ਪਿੰਡ ਕੌਲੇਤਾ ਵੱਸ ਗਿਆ ਜਿਸਨੂੰ ਬੜਾ ਪਿੰਡ ਕੌਲੇਤਾ ਕਿਹਾ ਜਾਂਦਾ ਹੈ। ਇਹਨਾਂ ਪਿੰਡਾਂ ਵਿੱਚ ਅਜੇ ਵੀ ਸ਼ੀਹੋਤਾ ਜਾਤੀ ਦੇ ਲੋਕ ਵੱਸਦੇ ਹਨ ਜੋ ਆਪਣੇ ਆਪ ਨੂੰ ਸਹੋਤਾ ਲਿਖਦੇ ਹਨ।
ਇਸ ਪਿੰਡ ਤੇ ਅਜ਼ਾਦੀ ਦੀ ਲਹਿਰ ਦਾ ਬਹੁਤ ਅਸਰ ਹੋਇਆ। ਗਦਰ ਪਾਰਟੀ ਦੇ ਭਾਈ ਰਾਮ ਸਿੰਘ ਵੈਨਕੂਵਰ ਜਾ ਕੇ ਸ਼ਹੀਦ ਹੋਏ ਤੇ ਭਾਈ ਚਰਨ ਸਿੰਘ ਚੀਨ ਵਿਚ ਡਾ. ਗੁਰਬਚਨ ਸਿੰਘ ਨੇ ਕਲਕੱਤੇ ਗਦਰ ਪਾਰਟੀ ਤੇ ਕਿਰਤੀ ਪਾਰਟੀ ਲਈ ਬਹੁਤ ਕੰਮ ਕੀਤਾ ਤੇ ਹੁਣ ਤੱਕ ਲਾਪਤਾ ਹਨ। ਭਾਈ ਕਰਮ ਸਿੰਘ ਅਕਾਲੀ, ਅਕਾਲੀ ਲਹਿਰ ਬਾਰੇ ਪੜ੍ਹ ਕੇ ਮਾਸਕੋ ਤੋਂ ਆ ਕੇ ਗ਼ਦਰ ਪਾਰਟੀ ਦਾ ਮੈਂਬਰ ਬਣ ਗਿਆ। ਸੰਨ 1921 ਦੀ ਅਕਾਲੀ ਲਹਿਰ ਵਿੱਚ ਇਸ ਪਿੰਡ ਦੇ 11 ਆਦਮੀਆਂ ਨੇ ਹਿੱਸਾ ਲਿਆ ਸੀ ਤੇ ਇਹਨਾਂ ਵਿਚੋਂ ਭਗਤ ਸਿੰਘ ਜੈਤੋ ਦੇ ਮੋਰਚੇ ਵਿੱਚ ਸ਼ਹੀਦ ਹੋ ਗਿਆ ਸੀ। ਇੱਥੋਂ ਦੇ ਇੱਕ ਮਰਾਸੀ ਦਿੱਤ ਨੇ ਕੂਕ ਲਹਿਰ ਵਿੱਚ ਕੈਦ ਕੱਟੀ ਸੀ ਇਸ ਪਿੰਡ ਦੇ ਕੂਕਾ ਲਹਿਰ ਵਿੱਚ ਕੈਦ ਕੱਟਣ ਵਾਲੇ ਅਤਰੂ ਤਰਖਾਣ ਤੇ ਮਸੰਦਾਂ ਜੱਟ ਦੇ ਪਰਿਵਾਰ ਅਜੇ ਵੀ ਕੂਕਾ ਖਾਨਦਾਨ ਅਖਵਾਉਂਦੇ ਹਨ। 1948 ਵਿੱਚ ਇਹ ਪਿੰਡ ਲਾਲ ਕਮਿਊਨਿਸਟਾਂ ਦਾ ਗੜ੍ਹ ਰਿਹਾ ਹੈ। ਇੱਥੋਂ ਦੇ ਅਖਬਾਰ ‘ਲਾਲ ਝੰਡਾ’ ਤੇ ਲਾਲ ਢੰਡੋਰਾ ਪੱਥਰਾਂ ਦੇ ਅੱਖਰਾਂ ਵਾਲੀ ਪ੍ਰੈਸ ਨਾਲ ਗੁਪਤ ਤੌਰ ‘ਤੇ ਛਪਦੇ ਰਹੇ ਹਨ। ਖੁਸ਼ ਹੈਸੀਅਤ (1959) ਲਹਿਰ ਵਿੱਚ ਇੱਥੋਂ ਦੇ ਕਾਫੀ ਲੋਕਾਂ ਨੇ ਹਿੱਸਾ ਲਿਆ ਤੇ ਪਿੰਡ ਵਾਲਿਆਂ ਨੂੰ ਇਸ ਕਾਰਨ 7000 ਰੁਪਏ ਦਾ ਜੁਰਮਾਨਾ ਭਰਨਾ ਪਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ