ਨਥਾਣਾ
ਸਥਿਤੀ :
ਤਹਿਸੀਲ ਬਠਿੰਡਾ ਤੇ ਬਲਾਕ ਨਥਾਣੇ ਦਾ ਇਹ ਪਿੰਡ ਨਥਾਣਾ, ਭੁੱਚੋ ਨਥਾਣਾ-ਭਗਤਾ ਸੜਕ ਤੇ ਭੁੱਚੋ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕੋਈ ਸਾਢੇ ਚਾਰ ਸੌ ਸਦੀਆਂ ਪੁਰਾਣਾ ਹੈ। ਕਿਹਾ ਜਾਂਦਾ ਹੈ ਕਿ ਇਸ ਪਿੰਡ ਤੋਂ ਥੋੜ੍ਹੀ ਦੂਰੀ ਤੇ ਇੱਕ ਨਾਥਾਂ ਦਾ ਡੇਰਾ ਹੁੰਦਾ ਸੀ ਇਸ ਕਰਕੇ ਹੀ ਇਸ ਪਿੰਡ ਦਾ ਨਾਂ ਨਥਾਣਾ ਪਿਆ ਹੈ। ਇੱਥੋਂ ਕੁੱਝ ਦੂਰੀ ਤੇ ਵੱਸਿਆ ਨਾਥਪੁਰਾ ਵੀ ਇਹਨਾਂ ਨਾਥਾਂ ਦਾ ਨਿਵਾਸ ਸਥਾਨ ਸੀ। ਇੱਥੋਂ ਦੇ ਇੱਕ ਪੀਰ ਕਾਲੂ ਨਾਥ ਨੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਮੁਗਲਾਂ ਦੇ ਖਿਲਾਫ ਲੜੀ ਗਈ ਗੁਰੂ ਸਰ (ਮਹਿਰਾਜ) ਦੀ ਲੜਾਈ ਵਿੱਚ ਗੁਰੂ ਸਾਹਿਬ ਦੀ ਮੱਦਦ ਕੀਤੀ ਸੀ ਤੇ ਸਿੱਖ ਫੌਜ ਨੂੰ ਆਪਣੇ ਡੇਰੇ ਵਿੱਚੋਂ ਲੰਗਰ ਪਾਣੀ ਛਕਾਇਆ ਸੀ। ਕਾਲੂ ਨਾਥ ਦੇ ਭਰਾ ਚੀਖਾ ਜੀ ਦਾ ਲੜਕਾ ਬਾਬਾ ਰਾਜਾ ਰਾਮ ਅਤੇ ਹੁਣ ਵਾਲੇ ਰੋਮਾਣੇ ਉਸ ਦੀ ਹੀ ਔਲਾਦ ਹਨ। ਕਾਲੂ ਨਾਥ ਦੀ ਯਾਦ ਵਿੱਚ ਨਥਾਣੇ ਵਿੱਚ ਇੱਕ ਬਹੁਤ ਪ੍ਰਸਿੱਧ ਮੰਦਰ ਬਣਿਆ ਹੋਇਆ ਹੈ ਜਿੱਥੇ ਚੇਤ ਦੀ ਚੌਦੇ ਨੂੰ ਭਾਰੀ ਮੇਲਾ ਲਗਦਾ ਹੈ ਜਿੱਥੇ ਰੋਮਾਣੇ ਤੇ ਧਾਲੀਵਾਲ ਗੋਤ ਦੇ ਲੋਕ ਦੂਰੋਂ-ਦੂਰੋਂ ਚੱਲ ਕੇ ਆਉਂਦੇ ਹਨ।
ਪਿੰਡ ਵਿੱਚ ਛੇਵੀ ਪਾਤਸ਼ਾਹੀ ਦਾ ਇੱਕ ਇਤਿਹਾਸਕ ਗੁਰਦੁਆਰਾ ਹੈ ਤੇ ਰਤਨ ਸਰ ਦਾ ਸਰੋਵਰ ਹੈ। ਨਥਾਣੇ ਪਿੰਡ ਨੂੰ ਇੱਕ ਪਵਿੱਤਰ ਧਰਤੀ ਮੰਨਿਆ ਜਾਂਦਾ ਹੈ ਜਿੱਥੇ ਪੰਜ ਪੀਰਾਂ ਦੀ ਜਗ੍ਹਾ ਹੈ। ਇਹ ਪੀਰ ਹਨ। ਪੀਰ ਕਾਲੂ ਨਾਥ, ਕਲਿਆਣ ਦਾਸ (ਜਿਸ ਦੇ ਨਾਂ ਤੇ ਕਲਿਆਣ ਪਿੰਡ ਵੱਸਿਆ), ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਸਖੀ ਸੁਲਤਾਨ ਅਤੇ ਰਤਨ ਹਾਜੀ (ਜਿਸ ਦੀ ਯਾਦ ਵਿੱਚ ਬਠਿੰਡੇ ਦਾ ਹਾਜੀ ਰਤਨ ਗੁਰਦੁਆਰਾ ਬਣਿਆ ਹੋਇਆ है।)
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ